ਜੁਲਾਈ 27, 2026

writingDetail.created_by
By: ਸੁਰਜੀਤ ਪਾਤਰ

ਇਹ ਜੋ ਚੰਨ ਦੀ ਚਾਨਣੀ ਹੈ

ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਪੜ੍ਹੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸੋਅ ਹੈ

ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ

ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾਂ ਦੀਵਿਆਂ ਦੀ ਲੋਅ ਹੈ

ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲਹੂ ਵਿੱਚ, ਤੇਰਾ ਰਾਗ ਹੈ ਰਗਾਂ ਵਿੱਚ

ਐ ਗਜ਼ਲ ਵਸੇਂ ਤੂੰ ਸਾਹੀਂ, ਤੇਰੇ ਤੋਂ ਕੀ ਲੁਕੋ ਹੈ

ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ

ਇਹ ਬਹਾਰ ਦਾ ਸੁਨੇਹਾ, ਤੇ ਸਵੇਰਿਆਂ ਦੀ ਸੋਅ ਹੈ

ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ

ਤੇ ਇਹ ਧੁੱਪ ਵੀ ਓੜਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ

ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ, ਐਪਰ ਨਾ ਮੈਨੂੰ ਖਲਦੇ

ਮੇਰੀ ਆਤਮਾ ਦੁਆਲੇ, ਤੇਰੇ ਪਿਆਰ ਦੀ ਸੰਜੋ ਹੈ

ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ