ਅਗਸਤ 23, 2026

writingDetail.created_by
By: ਇੰਜ. ਈਸ਼ਰ ਸਿੰਘ

ਬੁੱਧੀ, ਸਿਆਣਪ ਅਤੇ ਏ.ਆਈ

ਬੁੱਧੀ ਅਤੇ ਇਸਦਾ ਕਾਰਜ-ਖੇਤਰ

ਆਪਾਂ ਮਨੁੱਖ ਆਪਣੇ-ਆਪ ਨੂੰ ਬੁੱਧੀਮਾਨ ਸਮਝਦੇ ਹਾਂ ਅਤੇ ਬੁੱਧੀਮਾਨ (Homo sapiens) ਕਹਾਉਂਦੇ ਹਾਂ। ਮਾਣ ਕਰਦੇ ਹਾਂ ਕਿ ਬੁੱਧੀ ਰਾਹੀਂਆਪਾਂ, ਵਿਗਿਆਨ, ਤਕਨਾਲੋਜੀ, ਅਰਥ-ਵਿਵਸਥਾ, ਸਾਰੇ ਖੇਤਰਾਂ ’ਚ ਚਮਤਕਾਰੀ ਤਰੱਕੀ ਅਤੇ ਸਮੁੱਚੀ ਖੁਸ਼ਹਾਲੀ ਪ੍ਰਾਪਤ ਕਰ ਸਕੇ ਹਾਂ। ਪਰ ਮਹਾਂਪੁਰਖ ਸਾਨੂੰ ਮੂਰਖ ਵੀ ਕਹਿੰਦੇ ਹਨ ਅਤੇ ਸਬੂਤ ਵਜੋਂ, ਸਾਡੀ ਮੂਰਖਤਾ ਕਾਰਨ ਵਾਪਰੀਆਂ ਭਿਆਨਕ ਇਤਿਹਾਸਕ ਵਾਰਦਾਤਾਂ ਸਾਡੇ ਸਾਹਮਣੇ ਰਖਦੇ ਹਨ। ਆਪਾਂ ਖੁਦ ਵੀ ਇਤਿਹਾਸ ਵਿੱਚ ਹੋਏ ਜ਼ੁਲਮ ਅਤੇ ਬਰਬਾਦੀਆਂ ਤੋਂ ਸ਼ਰਮਿੰਦਾ ਹਾਂ ਅਤੇ ਸੰਸਾਰ ਦੇ ਮੌਜੂਦਾ ਮੰਦੇ ਹਾਲਾਤਾਂ ਨੂੰ ਤਾਂ ਦੇਖ ਹੀ ਰਹੇ ਹਾਂ। ਨਾਲ਼ ਹੀ, ਆਪਣੀਆਂ ਮਾਣ-ਮੱਤੀਆਂ ਪਦਾਰਥਕ ਪ੍ਰਾਪਤੀਆਂ ਦੇ ਬਾਵਜੂਦ ਅੰਦਰੂਨੀ ਖੁਸ਼ੀਆਂ ਅਤੇ ਸਬਰ-ਸੰਤੋਖ ਤੋਂ ਵਿਰਵੇ ਮਹਿਸੂਸ ਕਰਦੇ ਹਾਂ। ਜਦ ਇਨ੍ਹਾਂ ਵਿਰੋਧਾਭਾਸਾਂ ਸੰਬੰਧੀ ਵਿਵੇਕ ਨਾਲ਼ ਵਿਚਾਰ ਕਰਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਮਹਾਂਪੁਰਖ ਠੀਕ ਹੀ ਸਾਨੂੰ ਮੂਰਖ ਗਰਦਾਨਦੇ ਹਨ। ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਬੁੱਧੀਮਾਨ ਹੋ ਕੇ ਵੀ ਆਪਾਂ ਮੂਰਖ ਰਹਿ ਸਕਦੇ ਹਾਂ। ਇਹ ਅਹਿਸਾਸ ਸਾਡੇ ਅੱਗੇ ਇਹ ਸਵਾਲ ਖੜ੍ਹਾ ਕਰਦਾ ਹੈ ਕਿ: ਜੇ ਅੱਜ ਬੁੱਧੀਮਾਨ ਹੁੰਦੇ ਹੋਏ ਅਸੀਂ ਮੂਰਖ ਹਾਂ, ਤਾਂ ਕੀ ਬੁੱਧੀ ਦਾ ਵਾਧਾ ਭਵਿੱਖ ’ਚ ਸਾਨੂੰ ਮੂਰਖਤਾ ਤੋਂ ਛੁਟਕਾਰਾ ਦਿਵਾ ਸਕੇਗਾ? ਕੀ ਕ੍ਰਿਤਮ ਬੁੱਧੀ ਸਾਡੀ ਸੁਭਾਵਿਕ ਮੂਰਖਤਾ ਨੂੰ ਘਟਾ ਸਕੇਗੀ?

ਮਨੁੱਖ ਸ਼ੁਰੂ ਤੋਂ ਹੀ ਇਸ ਵਿਸ਼ਵਾਸ ਦਾ ਧਾਰਨੀ ਰਿਹਾ ਹੈ ਕਿ ਬੁੱਧੀ ਨਾਲ਼ ਉਹ ਬਹੁਤ ਕੁਛ ਕਰ ਸਕਦਾ ਹੈ ਪਰ ਸਮੇਂ ਨਾਲ਼ ਉਸ ਨੂੰ, ਇਸ ਦੀਆਂ ਸੀਮਾਵਾਂ ਅਤੇ ਘਾਟਾਂ ਦਾ ਵੀ ਪਤਾ ਲਗਦਾ ਰਿਹਾ। ਜਿਵੇਂ ਕਿ ਯਾਦ-ਸ਼ਕਤੀ ਦਾ ਸੀਮਤ ਹੋਣਾ, ਹਿਸਾਬ-ਕਿਤਾਬ ਲਾਉਣ ਦੀ ਗਤੀ ਦਾ ਸੀਮਤ ਹੋਣਾ, ਧਿਆਨ ਦਾ ਭਟਕਣਾ ਅਤੇ ਥੱਕ-ਅੱਕ ਜਾਣਾ ਆਦਿ। ਇਸ ਤੋਂ ਇਲਾਵਾ ਇਹ, ਮਨੁੱਖੀ ਕਮਜ਼ੋਰੀਆਂ, ਪੱਖ-ਪਾਤਾਂ, ਖੁੰਦਕਾਂ ਅਤੇ ਸਾਡੇ ਵਿਕਾਰਾਂ ਦਾ ਅਸਰ ਬਹੁਤ ਛੇਤੀ ਕਬੂਲਦੀ ਹੈ। ਇਸ ਦੀਆਂ ਇਨ੍ਹਾਂ ਘਾਟਾਂ ਨੂੰ ਦੂਰ ਕਰਨ ਅਤੇ ਇਸ ਦੀ ਕਾਰਜ-ਕੁਸ਼ਲਤਾ (Efficiency) ਵਧਾਉਣ ਲਈ ਮਨੁੱਖ ਨੇ ਸਮੇਂ-ਸਮੇਂ ਸਿਰ ਲੋੜੀਂਦੇ ਸਾਧਨ ਵਿਕਸਿਤ ਕੀਤੇ। ਉਦਾਹਰਨ ਵਜੋਂ: ਲਿਖਣ ਦੀ ਕਲਾ, ਕਿਤਾਬਾਂ, ਲਾਇਬ੍ਰੇਰੀਆਂ, ਗਣਿਤ, ਵਿਗਿਆਨ, ਕੈਲਕੂਲੇਟਰ, ਕੰਪਿਊਟਰ ਅਤੇ ਇੰਟਰਨੈੱਟ ਆਦਿ। ਇਨ੍ਹਾਂ ਸਾਰਿਆਂ ਦਾ ਉਦੇਸ਼ ਮਨੁੱਖੀ ਬੁੱਧੀ ਦੀ ਮੂਲ ਪ੍ਰਵਿਰਤੀ ਨੂੰ ਬਰਕਰਾਰ ਰਖਦਿਆਂ ਹੋਇਆਂ, ਇਸ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣਾ ਸੀ। ਪਰ ਮਨੁੱਖ ਦੀ ਪਦਾਰਥ ਦੀ ਭੁੱਖ ਅਸੀਮ ਅਤੇ ਬਹੁ-ਰੰਗੀ ਹੈ, ਇਸ ਲਈ ਪੂਰੀ ਤਰ੍ਹਾਂ ਕਾਰਜ-ਕੁਸ਼ਲ ਬੁੱਧੀ ਵੀ ਉਸ ਨੂੰ ਘੱਟ ਲੱਗਣ ਲੱਗੀ। ਢਾਈ ਕੁ ਸੌ ਸਾਲ ਪਹਿਲਾਂ, ਮਸ਼ੀਨਰੀ ਰਾਹੀਂ ਸਰੀਰਕ-ਬਲ ਨੂੰ ਅਨੇਕਾਂ ਗੁਣਾ ਵਧਾ ਸਕਣ ਦੀਆਂ ਸਫਲ ਕੋਸ਼ਿਸਾਂ ਦਾ ਤਾਜਾ ਇਤਿਹਾਸ ਉਸ ਦੇ ਸਾਹਮਣੇ ਸੀ। ਸੋ, ਉਸ ਨੇ ਬੁੱਧੀ ਦੇ ਕੁਝ ਗੁਣਾਂ ਨੂੰ ਵੀ ਮਸ਼ੀਨਾਂ ਰਾਹੀਂ ਹੋਰ ਵਿਕਸਿਤ ਕਰਨ ਲਈ ਖੋਜਾਂ ਸ਼ੁਰੂ ਕੀਤੀਆਂ ਅਤੇ ਇਸ ਵਿੱਚ ਉਸ ਨੂੰ ਸਫਲਤਾ ਵੀ ਮਿਲਣ ਲੱਗੀ। ਇਸ ਤਕਨਾਲੋਜੀ ਨੂੰ ਕ੍ਰਿਤਮ ਬੁੱਧੀ (Artificial Intelligence) ਕਿਹਾ ਗਿਆ ਅਤੇ ਪਿਛਲੇ ਸੱਤ-ਅੱਠ ਦਹਾਕਿਆਂ ਵਿੱਚ ਇਹ ਅਮਰ-ਵੇਲ੍ਹ ਵਾਂਗ ਫੈਲੀ ਹੈ। ਇਕੱਲਾ ਇਸ ਕਰਕੇ ਹੀ ਨਹੀਂ, ਸਗੋਂ ਹੋਰ ਤਕਨਾਲੋਜੀਆਂ ਅਤੇ ਜੀਵਨ ਦੇ ਅਨੇਕਾਂ ਖੇਤਰਾਂ ਵਿੱਚ ਖਾਹ-ਮਖਾਹ ਆਪਣੀ ਭੂਮਿਕਾ ਵਧਾਉਣ ਦੀ ਹੋੜ ਕਰਕੇ ਵੀ ਇਸ ਨੂੰ ਅਮਰ-ਵੇਲ੍ਹ ਕਹਿ ਸਕਦੇ ਹਾਂ। ਪਰ ਦੋਵੇਂ ਬੁਧੀਆਂ (ਕੁਦਰਤੀ ਅਤੇ ਕ੍ਰਿਤਮ) ਰਲ਼ ਕੇ ਵੀ ਆਪਾਂ ਨੂੰ ਮੂਰਖਤਾ ਤੋਂ ਛੁਟਕਾਰਾ ਨਹੀਂ ਦਿਵਾ ਸਕੀਆਂ। ਅਜੇ ਵੀ ਆਪਾਂ ਜੰਗਾਂ-ਯੁਧਾਂ, ਵਾਤਾਵਰਣਕ ਸੰਕਟਾਂ, ਨਾ-ਬਰਾਬਰੀਆਂ, ਪ੍ਰੇਸ਼ਾਨੀਆਂ, ਨਫ਼ਰਤ, ਸਾਧਨਾਂ ਦੀ ਬਰਬਾਦੀ ਆਦਿ ਨੂੰ ਠੱਲ ਪਾਉਣ ਵਿੱਚ ਅਸਮਰੱਥ ਹਾਂ।

ਮੂਰਖਤਾ ਸਦੀਵੀ ਅਤੇ ਸਰਬ-ਵਿਆਪੀ ਹੈ

ਸਪਸ਼ਟ ਹੈ ਕਿ ਮੂਰਖਤਾ ਤੋਂ ਭਾਵ ਬੁੱਧੀ ਦੀ ਘਾਟ ਨਹੀਂ। ਮੂਰਖਤਾ ਤਾਂ, ਬੁੱਧੀ, ਗਿਆਨ ਅਤੇ ਸਾਧਨਾਂ ਦੇ ਬਾਵਜੂਦ ਅਜਿਹੇ ਕੰਮ ਕਰਨਾ ਹੈ ਜੋ ਵਿਅਕਤੀ, ਸਮਾਜ ਅਤੇ ਮਨੁੱਖਤਾ ਦੇ ਹਿਤਾਂ ਅਤੇ ਮਾਨਤਾ-ਪ੍ਰਾਪਤ ਕਦਰਾਂ-ਕੀਮਤਾਂ ਦੇ ਵਿਰੁੱਧ ਜਾਂ ਨੁਕਸਾਨਦਾਇਕ ਹੋਣ। ਹਰ ਦੇਸ਼ ਅਤੇ ਕਾਲ ਦੇ ਮਹਾਂਪੁਰਖ, ਮੂਰਖਤਾ ਅਤੇ ਇਸ ਦਾ ਆਧਾਰ ਬਣੇ ਹੋਏ ਵਿਕਾਰਾਂ-ਔਗੁਣਾਂ ਬਾਰੇ ਸਪਸ਼ਟ ਸ਼ਬਦਾਂ ’ਚ ਸਮਝਾਉਂਦੇ ਆ ਰਹੇ ਹਨ। ਭਾਰਤ ਦੇ ਉਪਨਿਸ਼ਦਾਂ, ਭਾਗਵਤ ਗੀਤਾ ਅਤੇ ਧਾਰਮਿਕ ਗ੍ਰੰਥਾਂ ’ਚ ਇਨ੍ਹਾਂ ਬਾਰੇ ਬਹੁਤ ਚਰਚਾ ਹੈ। ਹਜਰਤ ਮੂਸਾ ਨਾਲ ਸੰਬੰਧਿਤ ‘ਦਸ ਹੁਕਮ’ (ਦਸ ਕਮਾਂਡਮੈਂਟਾਂ) ਉਸ ਸਮੇਂ ਅਤੇ ਖੇਤਰ ਦੇ ਮਨੁੱਖਾਂ ਦੀਆਂ ਮੰਦੀਆਂ ਪ੍ਰਵਿਰਤੀਆਂ ਦਾ ਸਬੂਤ ਹਨ। ਇਹੀ ਗੱਲ ਮਹਾਤਮਾ ਬੁੱਧ ਦੇ ਅਸ਼ਟ-ਮਾਰਗ ’ਤੋਂ ਸਮਝ ਆਉਂਦੀ ਹੈ। ਹਜ਼ਰਤ ਈਸਾ ਨੇ ਮਨੁੱਖ ਦੇ ਅੰਦਰਲੇ ਵਿਕਾਰਾਂ, ਪਖੰਡ, ਲੋਭ, ਹੰਕਾਰ ਅਤੇ ਨਫਰਤ ਦੀ ਤਿੱਖੀ ਆਲੋਚਨਾ ਕਰਦਿਆਂ ਪ੍ਰੇਮ, ਦਇਆ ਅਤੇ ਖਿਮਾ ਦਾ ਉਪਦੇਸ਼ ਦਿੱਤਾ। ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਵਿੱਚ ਵੀ ਨੇਕ-ਪਾਕ ਜੀਵਨ, ਇਨਸਾਫ਼, ਦਇਆ ਅਤੇ ਮਨੁੱਖੀ ਜ਼ਿੰਮੇਵਾਰੀ ਉੱਤੇ ਜ਼ੋਰ ਦਿੱਤਾ ਗਿਆ ਹੈ। ਸਿੱਖ ਧਰਮ ਦੇ ਸੇਵਕਾਂ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਮੁੱਖ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੋਂ ਇਲਾਵਾ ਅਨੇਕਾਂ ਹੋਰ ਔਗੁਣਾਂ ਨੂੰ ਤਿਆਗਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਹਰ ਮਹਾਂਪੁਰਖ ਨੇ ਇਨ੍ਹਾਂ ਨੂੰ ਆਪਣੀ-ਆਪਣੀ ਭਾਸ਼ਾ, ਦੇਸ਼ ਅਤੇ ਯੁਗ ਦੇ ਪਰਿਪੇਖ ਵਿੱਚ ਸਮਝਾਇਆ ਹੈ ਅਤੇ ਹਾਲਾਤਾਂ ਅਨੁਸਾਰ ਇਨ੍ਹਾਂ ਨੂੰ ਨਿਯੰਤਰਿਤ ਕਰਨ ਲਈ ਅਸੂਲ-ਨਿਯਮ ਵੀ ਬਣਾਏ ਹਨ। ਹਰ ਧਰਮ ਦਾ ਅਨੁਯਾਈ ਆਪੋ-ਆਪਣੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰ ਕੇ, ਇਨ੍ਹਾਂ ਔਗੁਣਾਂ-ਵਿਕਾਰ ਨੂੰ ਤਿਆਗ ਕੇ ਸਿਆਣਪ ਦੇ ਰਸਤੇ ’ਤੇ ਚੱਲ ਸਕਦਾ ਹੈ।

ਮੂਰਖਤਾ ਕੇਵਲ ਵਿਅਕਤੀਆਂ ਤੱਕ ਸੀਮਿਤ ਨਹੀਂ ਰਹਿੰਦੀ; ਇਹ ਸਰਕਾਰਾਂ, ਸੰਸਥਾਵਾਂ ਅਤੇ ਸਭਿਅਤਾਵਾਂ ਦੇ ਫ਼ੈਸਲਿਆਂ ਵਿੱਚ ਵੀ ਪਰਗਟ ਹੁੰਦੀ ਹੈ। ਬਰਬਾਰਾ ਟੱਕਮੈਨ ਦੀ ਕਿਤਾਬ ‘Th e March of Folly’ ਅਨੁਸਾਰ ਮੂਰਖਤਾ (Folly) ਦੇਸ਼ ਅਤੇ ਕਾਲ ਤੋਂ ਅਜ਼ਾਦ ਹੁੰਦੀ ਹੈ। ਇਹ ਸਦੀਵੀ ਅਤੇ ਸਰਬ-ਵਿਆਪੀ ਹੈ ਭਾਵੇਂ ਕਿ ਵਕਤ ਅਤੇ ਸਥਾਨ ਦੀਆਂ ਮਾਨਤਾਵਾਂ ਅਤੇ ਰਹੁ-ਰੀਤਾਂ ਅਨੁਸਾਰ, ਇਸ ਦਾ ਰੂਪ ਬਦਲਦਾ ਰਹਿੰਦਾ ਹੈ। ਇਸ ਦਾ ਹਕੂਮਤ ਦੀ ਕਿਸਮ ਨਾਲ਼ ਕੋਈ ਸਬੰਧ ਨਹੀਂ ਅਤੇ ਨਾਂ ਹੀ ਇਸ ਦਾ ਕਿਸੇ ਕੌਮ ਜਾਂ ਵਰਗ ਨਾਲ਼ ਕੋਈ ਸਬੰਧ ਹੈ। ਇਹ ਰਾਜਤੰਤਰ, ਅਲਪਤੰਤਰ ਅਤੇ ਗਣਤੰਤਰ ਸਭ ਵਿੱਚ ਦਿਖਦੀ ਹੈ। ਇਸੇ ਤਰ੍ਹਾਂ ਆਧੁਨਿਕ ਫਿਲਾਸਫਰ-ਇਤਿਹਾਸਕਾਰ ਯੁਵਾਲ ਹਰਾਰੀ ਆਪਣੀ ਕਿਤਾਬ ‘21 Lessons for the 21st Century’ ’ਚ ਮਨੁੱਖੀ ਮੂਰਖਤਾ ਨੂੰ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਵਿਨਾਸ਼ਕਾਰੀ ਤਾਕਤਾਂ ਵਿੱਚੋਂ ਇੱਕ ਮੰਨਿਆ ਹੈ। ਕਹਿੰਦਾ ਹੈ ਕਿ ਸਾਨੂੰ ਮਨੁੱਖੀ ਮੂਰਖਤਾ (Human Stupidity) ਨੂੰ ਕਦੇ ਵੀ ਘੱਟ ਕਰਕੇ ਨਹੀਂ ਸਮਝਣਾ ਚਾਹੀਂਦਾ – ਇਹ ਭਾਵੇਂ ਵਿਅਕਤੀਗਤ ਪੱਧਰ ਦੀ ਹੋਵੇ ਭਾਵੇਂ ਸਮੂਹਕ ਪੱਧਰ ਦੀ। ਮਨੁੱਖ ਵਿੱਚ ਆਪਣੀ ਤਬਾਹੀ ਆਪ ਕਰਨ ਦੀ ਪ੍ਰਵਿਰਤੀ ਕੰਮ ਕਰਦੀ ਹੈ ਅਤੇ ਬੁੱਧੀਮਾਨ ਆਗੂ ਵੀ ਵੱਡੀਆਂ ਮੂਰਖਤਾਵਾਂ ਕਰ ਸਕਦੇ ਹਨ। ਵੱਧ-ਘੱਟ ਦੇ ਫ਼ਰਕ ਨਾਲ ਇਹ ਸਾਡੇ ਸਭ ਵਿੱਚ ਮੌਜੂਦ ਹੈ। ਇਸ ਲਈ ਪਛਤਾਵਾ ਕਰਨ ਦੀ ਬਜਾਇ, ਇਸ ਨੂੰ ਪਛਾਣ ਕੇ ਘਟਾਉਣ ਦੀ ਲੋੜ ਹੈ। ਇਸ ਤੋਂ ਬਚਣਾ ਜ਼ਰੂਰੀ ਵੀ ਹੈ ਅਤੇ ਸੰਭਵ ਵੀ—ਪੂਰੀ ਤਰ੍ਹਾਂ ਭਾਵੇਂ ਨਹੀਂ। ਚੰਗੀ ਗੱਲ ਇਹ ਹੈ ਕਿ ਇਸ ਤੋਂ ਬਚਣ ਅਤੇ ਇਸ ਨੂੰ ਘਟਾਉਣ ਲਈ ਸਿਆਣਿਆਂ ਨੇ ਪੁਰਾਣੇ ਸਮਿਆਂ ਤੋਂ ਹੀ ਵੱਖ-ਵੱਖ ਢੰਗ-ਤਰੀਕੇ ਅਪਣਾਏ ਹਨ, ਜਿਨ੍ਹਾਂ ਦੇ ਮੂਲ-ਆਧਾਰ ਸਾਰੀਆਂ ਧਾਰਮਿਕ ਪਰੰਪਰਾਵਾਂ ਵਿੱਚ ਸਾਂਝੇ ਹਨ। ਅੱਜ ਦੀ ਮਨੋਵਿਗਿਆਨਕ ਖੋਜ ਇਨ੍ਹਾਂ ਨੂੰ ਨਵੇਂ ਸੰਦਰਭ ਵਿੱਚ ਸਮਝਣ ਵਿੱਚ ਸਹਾਇਤਾ ਕਰਦੀ ਹੈ।

ਕੁਝ ਮਾਡਰਨ ਖੋਜਾਂ

ਮੂਰਖਤਾ ਦਾ ਕਾਰਨ ਬਣੀਆਂ ਕੁਝ ਪ੍ਰਵਿਰਤੀਆਂ ਨੂੰ ਅੱਜ ਦੇ ਸੰਦਰਭ ’ਚ ਸਮਝਾਉਂਣ ਵਾਲ਼ੀਆਂ ਕੁਝ ਖੋਜਾਂ,ਇਹ ਹਨ:

o ਅੱਜ ਦਾ ਮਨੋਵਿਗਿਆਨ, ਗਿਆਨੀ ਹੋਣ ਦੇ ਭੁਲੇਖੇ ( “Knowledge Illusion”) ਦੀ ਗੱਲ ਕਰਦਾ ਹੈ। ਮਨੁੱਖ ਨੂੰ ਲੱਗਦਾ ਹੈ ਕਿ ਉਹ ਬਹੁਤ ਕੁਝ ਜਾਣਦਾ ਹੈ, ਜਦਕਿ ਉਸ ਦਾ ਗਿਆਨ ਅਕਸਰ ਸਤਹੀ ਹੁੰਦਾ ਹੈ। ਇਹ ਹਉਮੈ ਹੈ ਅਤੇ ਇਸ ਦੇ ਇਸ ਅਧੀਨ ਹੋ ਕੇ ਮਨੁੱਖ ਆਪਣੇ ਅਗਿਆਨ ਨੂੰ ਵੀ ਗਿਆਨ ਸਮਝਣ ਲੱਗ ਪੈਂਦਾ ਹੈ। ਇਸ ਲਈ ਸਿਆਣਪ ਕੇਵਲ ਜਾਣਕਾਰੀ ਇਕੱਠੀ ਕਰਨ ਵਿੱਚ ਨਹੀਂ, ਸਗੋਂ ਆਪਣੀ ਸਮਝ ਅਤੇ ਮੂਰਖਤਾ ਦੀਆਂ ਹੱਦਾਂ ਪਛਾਣਨ ਵਿੱਚ ਹੈ।

o ਇਸੇ ਤਰ੍ਹਾਂ ਪਹਿਲੇ ਗਿਆਨ ’ਤੇ ਭਰੋਸੇ ਦਾ ਭੁਲੇਖਾ ( Confirmation Bias ) ਦਸਦਾ ਹੈ ਕਿ ਅਸੀਂ ਉਹੀ ਗੱਲਾਂ ਸਵੀਕਾਰ ਕਰਦੇ ਹਾਂ ਜੋ ਸਾਡੇ ਪਹਿਲਾਂ ਤੋਂ ਬਣੇ ਵਿਚਾਰਾਂ ਨਾਲ ਮਿਲਦੀਆਂ ਹੋਣ।ਮਨੁੱਖ ਸੱਚ ਦੀ ਥਾਂ ਆਪਣੇ ਮਨੋ-ਵੇਗਾਂ ਅਧੀਨ ਹੋ ਕੇ ਚਲਦਾ ਹੈ ਅਤੇ ਅੱਜ ਦਾ ਸੋਸ਼ਲ ਮੀਡੀਆ ਇਸੇ ਛਲਾਵੇ ਨੂੰ ਵਰਤ ਕੇ ਕਮਾਈ ਕਰ ਰਿਹਾ ਹੈ।

o ਸਮੂਹਿਕ ਸੋਚ (Groupthink) ਦਸਦਾ ਹੈ ਕਿ ਕਈ ਵਾਰ ਪੂਰਾ ਸਮਾਜ ਗਲਤ ਦਿਸ਼ਾ ਵਿੱਚ ਚੱਲ ਪੈਂਦਾ ਹੈ, ਕਿਉਂਕਿ ਕੋਈ ਵੀ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦਾ। ਸਿਆਣਪ ਨੂੰ ਹਮੇਸ਼ਾਂ ਬਹੁਮਤ ਦੀ ਜੱਦੀ ਵਿਰਾਸਤ ਨਹੀਂ ਮੰਨਿਆ ਜਾ ਸਕਦਾ।

o “Dunning–Kruger Effect” ਅਨੁਸਾਰ ਘੱਟ ਯੋਗਤਾ ਵਾਲਾ ਮਨੁੱਖ ਵੀ ਆਪਣੇ ਆਪ ਨੂੰ ਵੱਧ ਯੋਗ ਸਮਝਣ ਦਾ ਅਕਸਰ ਭੁਲੇਖਾ ਖਾਂਦਾ ਹੈ। ਮੂਰਖ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਫਿਰਦਾ ਹੈ ਜਦ ਕਿ ਅਸਲ ਸਿਆਣਪ ਨਿਮਰਤਾ ਤੋਂ ਸ਼ੁਰੂ ਹੁੰਦੀ ਹੈ।

ਮੂਰਖਤਾ ਬਾਰੇ ਮੁਢਲੀ ਜਾਣਕਾਰੀ ਪ੍ਰਾਪਤ ਕਰ ਕੇ ਆਪਾਂ ਸਿਆਣਪ ਦੀ ਲੋੜ ਅਤੇ ਇਸ ਦੇ ਮੁਢਲੇ ਕੁਝ ਗੁਣਾਂ ਬਾਰੇ ਵਿਚਾਰ ਕਰ ਸਕਦੇ ਹਾਂ ਅਤੇ ਪ੍ਰਾਪਤ ਸਿੱਟਿਆਂ ’ਤੇ ਅਮਲ ਕਰਕੇ ਇਸ ਦਾ ਲਾਹਾ ਲੈ ਸਕਦੇ ਹਾਂ।

ਪਰਖੀਆਂ-ਅਜਮਾਈਆਂ ਸਿਆਣਪਾਂ

ਸਿਆਣਪ ਮੂਰਖਤਾ ਦਾ ਤੋੜ (Antidote) ਹੈ। ਇਹ ਉਹ ਕਲਾ ਹੈ ਜਿਸ ਰਾਹੀਂ ਮਨੁੱਖ ਆਪਣੀ ਬੁੱਧੀ, ਗਿਆਨ ਅਤੇ ਪ੍ਰਾਪਤੀਆਂ ਨੂੰ ਨਿਮਰਤਾ ਸਹਿਤ ਸਰਬ-ਸਾਂਝੇ ਹਿਤਾਂ ਲਈ ਵਰਤਦਾ ਹੈ। ਇਸ ਨਾਲ਼, ਮਨੁੱਖ ਕੀਤੇ ਜਾਣ ਵਾਲ਼ੇ ਕੰਮਾਂ ਦੇ ਫੌਰੀ ਲਾਭਾਂ ਨੂੰ ਦੇਖਣ ਦੀ ਬਜਾਇ ਉਨ੍ਹਾਂ ਨੂੰ ਨੈਤਿਕ, ਸਮਾਜਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਅਨੁਸਾਰ ਕਰਨ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ। ਸਿਆਣਪ ਦਾ ਮੂਲ ਸੁਭਾਅ ਹੀ ਵਿਵੇਕ-ਬੁੱਧ ਨਾਲ਼ ਮੰਦੇ-ਚੰਗੇ ਦੀ ਪਰਖ ਕਰਨਾ ਹੈ। ਇਹ ਕਲਾ ਹੈ, ਸੋ ਇਹ ਸਿਰੜ ਅਤੇ ਅਭਿਆਸ ਨਾਲ ਸਿੱਖਣੀ ਅਤੇ ਵਿਕਸਤ ਕਰਨੀ ਪੈਂਦੀ ਹੈ, ਜਦ ਕਿ ਬੁੱਧੀ ਬਹੁਤਾ ਕਰ ਕੇ ਸੁਭਾਵਿਕ ਹੁੰਦੀ ਹੈ ਭਾਵੇਂ ਕਿ ਇਸ ਨੂੰ ਵੀ ਸਿਧਾਇਆ ਜਾ ਸਕਦਾ ਹੈ। ਸਿਆਣਪ ਔਗੁਣਾਂ-ਵਿਕਾਰਾਂ ਤੋਂ ਨਿਰਲੇਪ ਕਰਦੀ ਹੈ ਜਦ ਕਿ ਬੁੱਧੀ ਅਕਸਰ ਇਨ੍ਹਾਂ ਦੇ ਅਧੀਨ ਹੋ ਕੇ ਕੰਮ ਕਰਦੀ ਹੈ। ਸਿਆਣਪ ਦੱਸਦੀ ਹੈ ਕਿ ਕੀ ਕਰਨਾ ਚਾਹੀਦਾ ਹੈ ਅਤੇ ਬੁੱਧੀ ਦੱਸਦੀ ਹੈ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ। ਬੁੱਧੀ ਅਕਸਰ ਕੁ-ਬੁੱਧ ਜਾਂ ਕੁ-ਮੱਤ ਬਣ ਜਾਂਦੀ ਹੈ ਪਰ ਸਿਆਣਪ ਮਨੁੱਖ ਦੀ ਇਸ ਕਮਜ਼ੋਰੀ ਨੂੰ ਘਟਾ ਸਕਦੀ ਹੈ। ਮਹਾਂਪੁਰਖਾਂ ਦੀਆਂ ਪਰਖੀਆਂ ਸਿਆਣਪਾਂ ਅੱਜ ਦੇ ਯੁਗ ’ਚ ਵੀ ਪ੍ਰਾਸੰਗਿਕ ਹਨ।

ਮੂਰਖਤਾ ਅਤੇ ਵਿਕਾਰਾਂ ਤੋਂ ਉਪਾਅ ਦੇ ਉਪਰਾਲੇ ਵੀ ਆਦਿ-ਕਾਲ ਤੋਂ ਹੀ ਹੋ ਰਹੇ ਹਨ ਪਰ ਮਨੁੱਖ ਅੱਜ ਤੱਕ ਇਨ੍ਹਾਂ ਦੇ ਚੁੰਗਲ਼ ਤੋਂ ਮੁਕਤ ਨਹੀਂ ਹੋ ਸਕਿਆ। ਸਪਸ਼ਟ ਹੈ ਕਿ ਮੂਰਖਤਾ ਅਤੇ ਵਿਕਾਰਾਂ ਦੇ ਸਮਾਧਾਨ ਲਈ ਜੋ ਉਪਾਅ ਮਨੁੱਖ ਕਰਦਾ ਰਿਹਾ ਹੈ ਉਹ ਕਾਰਗਰ ਨਹੀਂ। ਸਾਇੰਸ ਅਤੇ ਤਕਨਾਲੋਜੀ ਮਨੁੱਖੀ ਸਮਰੱਥਾ ਨੂੰ ਵਧਾ ਸਕਦੀਆਂ ਹਨ, ਪਰ ਇਹ ਫੈਸਲਾ ਨਹੀਂ ਕਰਦੀਆਂ ਕਿ ਉਸ ਸਮਰੱਥਾ ਨੂੰ ਵਰਤਣਾ ਕਿਸ ਮੰਤਵ ਲਈ ਹੈ। ਮਹਾਂਪੁਰਖ ਸਾਡੇ ਸਾਹਮਣੇ ਇਹ ਆਦਰਸ਼ ਰਖਦੇ ਹਨ ਕਿ ਅਸੀਂ ਦੋਵੇਂ ਕਿਸਮ ਦੇ ਲਾਭ ਪ੍ਰਾਪਤ ਕਰੀਏ – ਬੁੱਧੀ ਦੇ ਵੀ ਅਤੇ ਸਿਆਣਪ ਦੇ ਵੀ। ਅੱਜ ਦੇ ਤਕਨਾਲੋਜੀ-ਮੁਖੀ (Technocratic Paradigm) ਮਾਹੌਲ ਵਿੱਚ ਇਸ ਆਦਰਸ਼ ਦੀ ਪ੍ਰਾਪਤੀ ਕਿਵੇਂ ਸੰਭਵ ਹੈ? ਇਸ ਲਈ ਗੁਰਬਾਣੀ (ਭਾਵ ਹਰ ਇਨਸਾਨ ਲਈ ਉਸ ਦੇ ਮੋਢੀ ਪਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼) ਅਨੁਸਾਰ ਸਮਾਜਿਕ ਬਦਲਾਅ ਦਾ ਇੱਕ ਮਹੱਤਵਪੂਰਨ ਰਸਤਾ ਵਿਅਕਤੀ ਦੇ ਅੰਦਰੋਂ ਹੋ ਕੇ ਜਾਂਦਾ ਹੈ, ਜਦਕਿ ਆਧੁਨਿਕ ਪ੍ਰਬੰਧ ਅਕਸਰ ਸੰਸਥਾਗਤ ਅਤੇ ਨੀਤੀਗਤ ਬਦਲਾਅ ਰਾਹੀਂ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਦੋਵੇਂ ਦ੍ਰਿਸ਼ਟੀਕੋਣ ਇੱਕ-ਦੂਜੇ ਦੇ ਪੂਰਕ ਹਨ, ਪਰ ਗੁਰਬਾਣੀ ਇਹ ਯਾਦ ਕਰਵਾਉਂਦੀ ਹੈ ਕਿ ਚੰਗੇ ਸਮਾਜਿਕ ਬਦਲਾਅ ਦਾ ਮੁੱਖ ਆਧਾਰ ਸਵੈ-ਵਿਕਾਸ ਹੁੰਦਾ ਹੈ।

ਅੱਜ ਗੁਰਬਾਣੀ ਦਾ ਸੰਦੇਸ਼ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੈ, ਕਿਉਂਕਿ ਇਹ ਮਨੁੱਖ ਨੂੰ ਬੁੱਧੀਮਾਨ ਹੋਣ ਦੇ ਨਾਲ਼ ਸਿਆਣਾ ਅਤੇ ਵਿਵੇਕੀ ਬਣਨ ਲਈ ਪ੍ਰੇਰਦਾ ਹੈ। ਗੁਰਬਾਣੀ ਸਮਾਜ ਨੂੰ ਬਦਲਣ ਤੋਂ ਪਹਿਲਾਂ ਮਨੁੱਖ ਨੂੰ ਬਦਲਣ ਦੀ ਗੱਲ ਕਰਦੀ ਹੈ। ‘ਆਪਾ-ਪਛਾਣ’ ਦੀ ਹਜ਼ਾਰਾਂ ਸਾਲ ਪੁਰਾਣੀ ਸਿਆਣਪ ਇਸ ਵਿਧੀ ਦਾ ਪੱਕਾ ਸਬੂਤ ਹੈ। ਇਨ੍ਹਾਂ ਗੁਣਾਂ ਨੂੰ ਆਧੁਨਿਕ ਮਨੋਵਿਗਿਆਨੀ ਵੀ ਸਿਆਣਪ ਗ੍ਰਹਿਣ ਕਰਨ ਲਈ ਜ਼ਰੂਰੀ ਸਮਝਣ ਲੱਗ ਪਏ ਹਨ। ਸਮਾਜ ਵਿਅਕਤੀਆਂ ਦਾ ਸਮੂਹ ਹੈ, ਜੇ ਹਰ ਵਿਅਕਤੀ ਹਉਮੈ, ਲੋਭ ਅਤੇ ਮੋਹ ਦੇ ਅਧੀਨ ਹੈ, ਤਾਂ ਉਹੀ ਗੁਣ ਸਰਕਾਰਾਂ, ਸੰਸਥਾਵਾਂ ਅਤੇ ਸਮਾਜਕ ਪ੍ਰਬੰਧਾਂ ਵਿੱਚ ਵੀ ਪਰਗਟ ਹੋਣਗੇ। ਕੇਵਲ ਸੰਸਥਾਵਾਂ ਬਦਲਣ ਨਾਲ ਸਮਾਜ ’ਚ ਸਾਰਥਿਕ ਬਦਲਾਅ ਨਹੀਂ ਆਉਂਦਾ; ਚੰਗੀਆਂ ਸੰਸਥਾਵਾਂ ਲਈ ਸਿਆਣੇ ਮਨੁੱਖ ਦੀ ਵੀ ਲੋੜ ਹੈ।

ਸਾਡੇ ਸ਼ੁਰੂ ਦੇ ਸਵਾਲਾਂ,

o ‘ਜੇ ਅੱਜ ਬੁੱਧੀਮਾਨ ਹੁੰਦੇ ਹੋਏ ਅਸੀਂ ਮੂਰਖ ਹਾਂ, ਤਾਂ ਕੀ ਬੁੱਧੀ ਦਾ ਵਾਧਾ ਭਵਿੱਖ ’ਚ ਸਾਨੂੰ ਮੂਰਖਤਾ ਤੋਂ ਛੁਟਕਾਰਾ ਦਿਵਾ ਸਕੇਗਾ?’

o ‘ਕੀ ਨਕਲੀ ਬੁੱਧੀ ਸਾਡੀ ਅਸਲੀ ਮੂਰਖਤਾ ਨੂੰ ਘਟਾ ਸਕੇਗੀ?’

ਦਾ ਜਵਾਬ ਨਹੀਂ ਵਿੱਚ ਹੈ। ਆਪਾਂ ਦੇਖ ਹੀ ਰਹੇ ਹਾਂ ਕਿ ਬੁੱਧੀ ਦੀ ਭਰਮਾਰ ਦੇ ਬਾਵਜੂਦ, ਅੱਜ ਦੇ ਵੱਡੇ ਲੀਡਰਾਂ ਦੀ ਮੂਰਖਤਾ ਦਾ ਖਮਿਆਜਾ ਸਾਰਾ ਸੰਸਾਰ ਭੁਗਤ ਰਿਹਾ ਹੈ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਵੀ ਭੁਗਤਣਗੀਆਂ। ਸਮੁੱਚੀ ਭਲਾਈ ਦਾ ਰਾਜ ਬੁੱਧੀ ਦੇ ਬਹੁਤੇ ਵਾਧੇ-ਵਿਕਾਸ ’ਚ ਨਹੀਂ ਸਗੋਂ ਇਸ ਦੇ ਮਨੁੱਖ, ਸਮਾਜ ਅਤੇ ਧਰਤੀ ਦੀਆਂ ਪ੍ਰਣਾਲ਼ੀਆਂ ਦੇ ਬਹੁ-ਪੱਖੀ ਭਲੇ ਹਿਤ ਕੰਮ ਕਰਨ ’ਚ ਹੈ। ਮਨੁੱਖ ਦਾ ਭਵਿੱਖ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਉਸ ਕੋਲ ਕਿੰਨੀ ਬੁੱਧੀ ਹੈ ਸਗੋਂ ਇਸ ਗੱਲ 'ਤੇ ਕਰਦਾ ਹੈ ਕਿ ਉਹ ਦੋਵੇਂ ਬੁੱਧੀਆਂ ਦੇ ਸੁਮੇਲ ਨੂੰ ਕਿੰਨੀ ਸਿਆਣਪ ਨਾਲ਼ ਵਰਤਦਾ ਹੈ।

---0---