ਅਕਤੂਬਰ 10, 2009

writingDetail.created_by
By: ਸੰਦੀਪ ਧਨੋਆ

ਖੁੱਲ੍ਹੀਆਂ ਚਿੱਠੀਆਂ

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ
ਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ।

ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂ
ਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ।

ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈ
ਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ।

ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈ
ਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ।

ਨਿੱਤ ਨੈਣਾਂ `ਚ ਭਰਕੇ‎,‎ ਤੇ ਪਲਕਾਂ `ਤੇ ਧਰਕੇ
ਰੰਗ ਰਿਸਦੇ ਦੇ ਰਾਹੀਂ ਨੇ ਰੀਝਾਂ ਵਹਾਈਆਂ।

ਬੈਠਾ ਅੰਬਰ ਦੇ ਕਦਮਾਂ ਚ ਝੋਲੀ ਵਿਛਾਈ
ਮੁਸੱਵਰ ਦੇ ਹਿੱਸੇ ਤਸਵੀਰਾਂ ਹੀ ਆਈਆਂ।

ਉਮਰਾਂ ਦੇ ਲਾਰੇ ਤੋਂ ਲੰਮੀਆਂ ਸੀ ਲੋੜਾਂ
ਲੇਖਾਂ ਦੇ ਕੋਲੋਂ ਨਾ ਗਈਆਂ ਪੁਗਾਈਆਂ।

ਖਾਰੇ ਪਾਣੀ ਨੇ ਖਲਕਤ ਦੀ ਖੂਹੀ ਦੇ ਖਾਤੇ
ਲੂਣ-ਪਾਣੀ `ਚ ਭਿੱਜੀਆਂ ਨੇ ਅੱਖਾਂ ਤ੍ਰਿਹਾਈਆਂ।

ਕਰਕੇ ਪਰਦੇ ਹਨ੍ਹੇਰੇ `ਚ ਹੱਸੀਆਂ ਤੇ ਰੋਈਆਂ
ਚਿੱਟੇ ਚਾਨਣ `ਚ ਝੱਲੀਆਂ‎,‎ ਗਈਆਂ ਚੁੰਧਿਆਈਆਂ।

ਸਭ ਪਰਦੇ ਨੇ ਭਰਮਾਂ ਦੇ‎,‎ ਭੇਦਾਂ ਦੀ ਦੁਨੀਆਂ
ਨਾ ਖੁੱਲ੍ਹੀਆਂ ਨੇ ਗੱਲਾਂ‎,‎ ਨਾ ਲੁੱਕੀਆਂ ਲੁਕਾਈਆਂ।

ਚਾੜ੍ਹ ਖੱਡੀ `ਤੇ ਸੋਚਾਂ ਦੀ ਤਾਣੀ ਤੇ ਬਾਣੀ
ਗੱਲਾਂ ਸਿੱਧੀਆਂ ਵੀ ਗਈਆਂ ਸਗੋਂ ਉਲਝਾਈਆਂ।

ਉਹ ਜੋ ਖੁਆਬਾਂ `ਚ ਨੇੜੇ‎,‎ ਪਰ ਅਸਲੋਂ ਪਰੇ ਹੈ
ਕੀ ਕਹਿਣਾ ਹੈ ਉਸਨੂੰ ਜੇ ਯਾਦਾਂ ਨਾ ਆਈਆਂ।

ਸ਼ਾਲਾ! ਤੰਦਾਂ ਤੇ ਤਾਰਾਂ ਦੀ ਬੋਲੀ ਨਾ ਟੁੱਟੇ
ਗਿਲੇ-ਸ਼ਿਕਵੇ ਨਾ ਹੋਵਣ ਨਾ ਹੋਣ ਰੁਸਵਾਈਆਂ।