ਅਗਸਤ 07, 2026

writingDetail.created_by
By: ਗੁਰਜੀਤ ਗਿੱਲ

ਕਵਿਤਾਵਾਂ- ਭਾਗ ਤੀਜਾ

ਫ਼ਾਸਲੇ

April 2022

ਫ਼ਾਸਲੇ ਵਧਦੇ ਰਹੇ ਇਓਂ ਦਰਮਿਆਨ

ਦੋਸ਼ ਕਿਸਦਾ ਹੈ ਕਿਸੇ ਨੂੰ ਕੀ ਕਹਾਂ

ਆਪ ਹੀ ਵਿੱਛੜੇ ਅਸੀਂ ਛੱਡ ਕਾਰਵਾਂ

ਇੱਕੋ ਹੀ ਅਹਿਸਾਸ ਵੱਖ ਹੋ ਗਈ ਜ਼ਬਾਨ

ਧਰਤ ਜੋਬਨ ਆਇਆ ਭਰ ਗਏ ਸਭ ਗਰਾਂ

ਪੱਤਾ ਪੱਤਾ ਕਰ ਹੋਏ ਸਭ ਫਿਰ ਰਵਾਨ

ਜ਼ਿੰਦਗੀ ਦੇ ਸਾਰ ਵਿੱਚ ਮੈਂ ਕੀ ਲਿਖਾਂ

ਕੁਝ ਪਲਾਂ ਦੀ ਹੈ ਏਹਿ ਵੀ ਦਾਸਤਾਨ

ਕਿੰਨੀ ਸ਼ਿੱਦਤ ਨਾਲ਼ ਉੱਸਰੇ ਸੀ ਮਕਾਨ

ਰੁੱਤ ਬਦਲੀ ਕਦ ਲੈ ਕਰਵਟ ਮੌਸਮਾਂ

ਭੋਰਾ ਵੀ ਬੇਥਾਹ ਜੇ ਚਾਹ ਵਿੱਚ ਸੀਮਤਾਂ

ਤੂੰ ਤੂੰ ਮੈਂ ਮੈਂ ਕਰਦੇ ਮਿਟ ਜੇ ਨਾਂ ਨਿਸ਼ਾਨ

ਜ਼ਿੰਦਗੀ ਦੇ ਅਰਥ ਲੱਭੇ ਕੁੱਲ ਜਹਾਨ

ਮੈਂ ਨਿੱਕੇ ਜਿਹੇ ਦਵੰਧ ਵਿੱਚ ਫਸਿਆ ਫਿਰਾਂ

ਬਾਲ ਜੋ ਕੱਠੇ ਹੋਏ ਸੀ ਨੌਜਵਾਨ

ਕਦ ਗਏ ਵੰਡੇ ਦੋ ਧਾੜਾਂ ਦਰਮਿਆਨ

ਫ਼ਾਸਲੇ ਵਧਦੇ ਰਹੇ ਇਓਂ ਦਰਮਿਆਨ

ਦੋਸ਼ ਕਿਸਦਾ ਹੈ ਕਿਸੇ ਨੂੰ ਕੀ ਕਹਾਂ

ਆਪ ਹੀ ਵਿੱਛੜੇ ਅਸੀਂ ਛੱਡ ਕਾਰਵਾਂ

ਇੱਕੋ ਹੀ ਅਹਿਸਾਸ ਵੱਖ ਹੋ ਗਈ ਜ਼ਬਾਨ

**************************

ਇਨਕਲਾਬ

April 2022

 

ਸਿਰ ਚੁੱਕ ਕਿਰਤੀਆ ਲਾ ਨਾਅਰਾ

ਸੁਲਘੇਗਾ ਕਦ ਤੱਕ ਅੰਗਿਆਰਾ

ਅੰਬਰ ਚੜ੍ਹਿਆ ਸੁਰਖਾ ਤਾਰਾ

ਲਾ ਇਨਕਲਾਬ ਦਾ ਜੈਕਾਰਾ

ਦਲ ਬਦਲੂ ਨੇਤਾ ਆਖੇ ਸੁਣ

ਹਰ ਮੁਕਤੀ ਦਾ ਹਾਂ ਮੈਂ ਸਰਗੁਣ

ਤੂੰ ਬੁਧੀ ਹੀਣ ਤੇ ਮੈਂ ਸੁਰਜਣ

ਹੈ ਇਨਕਲਾਬ ਦੀਵਾਨਾਪਣ

ਪਰ ਸੁਣ ਤੂੰ ਮੇਰੀ ਵੀ ਗੱਲ ਨੂੰ

ਹੈਂ ਇਨਕਲਾਬ ਦਾ ਦਰਪਣ ਤੂੰ

ਹੈ ਇਨਕਲਾਬ ਹੈ ਇਨਕਲਾਬ ਹੈ ਇਨਕਲਾਬ ਬੱਸ ਤੂੰ ਹੀ ਤੂੰ

ਕਰ ਦੇ ਬੁਲੰਦ ਤੂੰ ਅਪਣਾ ਪਣ

ਪੂਰਬ ਪੱਛਮ ਉੱਤਰ ਦੱਖਣ

ਕਹਿ ਦੇ ਮੈਂ ਹੁਣ ਕੁਝ ਸੁਨਣਾ ਨਹੀਂ

ਇਹ ਛਲ਼ ਫ਼ਰੇਬ ਵਿੱਚ ਰਹਿਣਾ ਨਹੀਂ

ਮੈਨੂੰ ਹੈ ਪਤਾ ਹੇਰਾ ਫੇਰੀ

ਹੈ ਯਾਰ ਕਿਹੜਾ ਕਿਹੜਾ ਵੈਰੀ

ਇਹ ਸਮਾਂ ਹੈ ਹੁਣ ਬੱਸ ਨਿਖੜਨ ਦਾ

ਖਿੱਚ ਕੇ ਲੀਕਾਂ ਬੱਸ ਵਿੱਛੜਨ ਦਾ

ਹੁਣ ਹੋਰ ਊਂਘਦੇ ਰਹਿਣਾ ਨਹੀਂ

ਬਿਨ ਇਨਕਲਾਬ ਕੁਝ ਕਹਿਣਾ ਨਹੀਂ

ਸਰਮਾਇਆ ਹੈ ਸਭ ਚੋਰਾਂ ਦਾ

ਸੰਸਦ ਕੋਠਾ ਬਦਖੋਰਾਂ ਦਾ

ਖ਼ਬਰੀ ਝੋਲ਼ੀ ਚੁੱਕ ਦੋਵਾਂ ਦਾ

ਥਾਣਾ ਹੈ ਵਲੇਵਾਂ ਜੋਰਾਂ ਦਾ

ਫਰਿਆਦ ਕਰੇ ਕੋਈ ਕਿਸ ਤਾਈਂ

ਕਾਜ਼ੀ ਹੈ ਗਵਾਹ ਖੁਦ ਹੋਰਾਂ ਦਾ

ਹਰ ਰੋਜ ਹੈ ਰੋਜ਼ੀ ਦਾ ਮਸਲਾ

ਇਹ ਢਿੱਡ ਹੈ ਰੋਟੀ ਦਾ ਪਗਲਾ

ਇਸ ਅਰਥਚਾਰੇ ਦਾ ਹੀ ਬਦਲਾ

ਹੈ ਇਨਕਲਾਬ ਸਰਬੱਤ ਦਾ ਭਲਾ

ਦੱਸ ਦੇ ਤੈਨੂੰ ਕੀ ਚਾਹੀਦਾ

ਉਸ ਮੰਜ਼ਿਲ ਦਾ ਹੈ ਕੀ ਰਸਤਾ

ਬਸ ਇਨਕਲਾਬ ਬਸ ਇਨਕਲਾਬ ਬਸ ਇਨਕਲਾਬ ਹੀ ਹੈ ਉਹ ਦਵਾ

ਦੱਸ ਦੇ ਤੈਨੂੰ ਕੀ ਚਾਹੀਦਾ

ਤੇਰੀ ਕਿਸਮਤ ਦਾ ਹੈ ਕੀ ਬਦਲਾਅ

ਬਸ ਇਨਕਲਾਬ ਬਸ ਇਨਕਲਾਬ ਬਸ ਇਨਕਲਾਬ ਹੀ ਹੈ ਬਦਲਾਅ

ਦੱਸ ਦੇ ਤੈਨੂੰ ਕੀ ਚਾਹੀਦਾ

ਕੀ ਆਖਰੀ ਹੱਲ ਹਰ ਮਸਲੇ ਦਾ

ਬਸ ਇਨਕਲਾਬ ਬਸ ਇਨਕਲਾਬ ਬਸ ਇਨਕਲਾਬ ਦੁਹਰਾਈ ਜਾ

*****************************************

ਸੁੰਦਰ ਮੁੰਦਰੀਏ

April 2022

 

ਸੁੰਦਰ ਮੁੰਦਰੀਏ ਹੋ!

ਤੇਰਾ ਕੌਣ ਵਿਚਾਰਾ ਹੋ!

ਦਾਤੀ ਥੌੜੇ ਵਾਲ਼ਾ ਹੋ!

ਹਾਲ਼ੀ ਫ਼ਸਲ ਉਗਾਈ ਹੋ!

ਸੀਰੀ ਮਿਹਨਤ ਪਾਈ ਹੋ!

ਹਾਲ਼ੀ ਨੂੰ ਘਾਟਾ ਹੀ ਘਾਟਾ ਹੋ!

ਸੀਰੀ ਦਾ ਝੱਗਾ ਪਾਟਾ ਹੋ!

ਨਿਗਮਾਂ ਨੂੰ ਵਾਧਾ ਈ ਵਾਧਾ!

ਕਿਰਤੀ ਨੇ ਚੂਰੀ ਕੁੱਟੀ! ਨਿਗਮਾਂ ਨੇ ਉਹ ਵੀ ਲੁੱਟੀ!

ਕਿਰਤੀ ਤੇ ਹਾਲੀ ਆਏ!

ਨੇਤੇ ਨੇ ਘੇਰੇ ਪਾਏ!

ਲੋਕੀ ਭੋਲ਼ੇ ਹਾਏ!

ਮੀਡੀਏ ਉਂਗਲ਼ ਲਾਏ!

ਲੈਣੀ ਹੱਕਾਂ ਦੀ ਲੋਹੜੀ, ਡੁੱਬੇ ਨਿਗਮਾਂ ਦੀ ਜੋੜੀ!

ਸਾਡਾ ਏਕਾ ਏ ਅਮਿਟ, ਭਾਵੇਂ ਰੋ ਤੇ ਭਾਵੇਂ ਪਿੱਟ!

****************************

ਪ੍ਰਤੀਰੋਧ

April 2022

 

ਕਾਲ਼ੇ ਬੱਦਲ ਸੂਰਜ ਕੱਜਿਆ

ਹਵਾ ਸਰਦ ਕਿੰਝ ਝੱਲੀਏ

ਬਾਗੀ ਟੋਲਾ ਮਾਰੇ ਹਾਕਾਂ

ਚੱਲ ਦਿੱਲੀ ਨੂੰ ਚੱਲੀਏ ਨੀ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਚੋਰ ਉਚੱਕੇ ਬਹਿ ਗਏ ਆ ਦਰ

ਆਖਣ ਘਰ ਤੇਰਾ ਮੱਲੀਏ

ਤਰਕ ਗਿਆਨੀ ਪਏ ਸਮਝਾਵਣ

ਹਿੱਤ ਇਹ ਸਭ ਮੇਰੇ ਵੱਲੀਏ ਨੀ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਆਖਣ ਸਾਨੂੰ ਸਾਰੇ ਨਾਬਰ

ਜਦ ਵੀ ਹੱਕ ਲਈ ਲੜੀਏ

ਅਪਣੀ ਭੌਂ ਤੇ ਬਣਨ ਤੋਂ ਨੌਕਰ

ਪਹਿਲਾਂ ਹੀ ਲੜ ਮਰੀਏ ਨੀ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਜਿਸ ਥਾਂ ਤੇ ਅਸੀ ਲੜੀਏ ਮਰੀਏ

ਪਾਕ ਪਵਿੱਤਰ ਕਰੀਏ

ਇੱਕ ਇੱਕ ਕਰ ਅਸੀਂ ਲੱਖ ਹਜ਼ਾਰਾਂ

ਫੁੱਲ ਰੋਹ ਦੇ ਬਣ ਖਿੜੀਏ ਨੀ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਆਉਂਦੀਆਂ ਨਸਲਾਂ ਕਰਨ ਸਲਾਮਾਂ

ਆਖਣ ਅਸੀਂ ਵੀ ਅੜੀਏ

ਕੰਡਿਆਲੀ ਕਿਸੇ ਥੋਹਰ ਦਾ ਬਣਕੇ

ਫੁੱਲ ਰਾਜੇ ਰਾਹ ਖਿੜੀਏ ਨੀ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਬੱਲਿਆ ਵੇ ਵੇ ਬੱਲਿਆ

ਆਪਾਂ ਦੋਵੇਂ ਮਿਲ਼ ਕੇ ਚੱਲੀਏ

ਬੱਲੀਏ ਨੀ ਨੀ ਬੱਲੀਏ

ਕਰ ਵਿਦਾ ਕਬੂਲ ਤੂੰ ਬੱਲੀਏ

ਬੱਲਿਆ ਵੇ ਵੇ ਬੱਲਿਆ

ਆਪਾਂ ਦੋਵੇਂ ਮਿਲ਼ ਕੇ ਚੱਲੀਏ

***********************

ਕਾਲ਼

April 2022

 

ਤੁਹਾਡਾ ਕਾਲ਼ ਓਦੋਂ ਨਿਸ਼ਚਿਤ ਨਹੀਂ ਹੁੰਦਾ

ਜਦ ਤੁਹਾਡੇ ਨਾਮ ਤੇ ਕੋਈ ਅਤਿਆਚਾਰ ਕਰੇ

ਤੇ ਤੁਸੀਂ ਕੁਝ ਨਾ ਕਹੋ

ਤੁਹਾਡਾ ਕਾਲ਼ ਓਦੋਂ ਵੀ ਨਿਸ਼ਚਿਤ ਨਹੀਂ ਹੁੰਦਾ

ਜਦ ਤੁਹਾਡੇ ਰਾਜ ਵਿਚ

ਮਾਸੂਮ ਤੇ ਲਾਚਾਰ ਦਾ ਕਤਲ ਆਮ ਹੋ ਜਾਵੇ

ਤੁਹਾਡਾ ਕਾਲ਼ ਓਦੋਂ ਵੀ ਨਿਸ਼ਚਿਤ ਨਹੀਂ ਹੁੰਦਾ

ਜਦ ਤੁਹਾਡੀ ਪਰਜਾ ਭੁੱਖੀ ਨੰਗੀ ਸੜਕ ਤੇ ਹੋਵੇ

ਤੇ ਤੁਸੀਂ ਨਿਤ ਨਵੀਂ ਪੌਸ਼ਾਕ ਪਾ ਆਸਮਾਨ ਵਿੱਚ ਉਡੋਂ

ਤੁਹਾਡਾ ਕਾਲ਼ ਓਦੋਂ ਵੀ ਨਿਸ਼ਚਿਤ ਨਹੀਂ ਹੁੰਦਾ

ਜਦ ਭੁੱਖੇ ਵਿਲਕਦੇ ਬੱਚੇ ਦੇ ਮੂੰਹ ਦੀ ਬੁਰਕੀ

ਕਿਸੇ ਧਨਾਢ ਦੀ ਤਿਜੌਰੀ ਵਿੱਚ ਕੈਦ ਹੋ ਜਾਵੇ

ਤੁਹਾਡਾ ਕਾਲ਼ ਓਦੋਂ ਨਿਸ਼ਚਿਤ ਹੈ

ਜਦ ਹਰ ਵਿਰੋਧੀ ਆਵਾਜ

ਕਾਲ਼ ਕੋਠੜੀ ਵਿੱਚ ਬੰਦ ਹੋ ਜਾਵੇ

ਜਦ ਹਰ ਸਵਾਲ ਖੁਦ ਜਵਾਬ ਬਣ ਜਾਵੇ

ਜਦ ਹਰ ਲਫ਼ਜ਼ ਆਤਮ ਸੰਵਾਦ ਬਣ ਜਾਵੇ

ਤੁਹਾਡਾ ਕਾਲ਼ ਓਦੋਂ ਨਿਸ਼ਚਿਤ ਹੈ

ਜਦ ਤੁਹਾਡਾ ਆਪਣਾ ਹੀ ਭਾਈਵਾਲ

ਤੁਹਾਡਾ ਨੰਗੇਜ ਢੱਕਣ ਤੋਂ ਖੌਫ਼ ਖਾਵੇ

ਜਦ ਤੁਸੀਂ ਅਵਾਜ ਲਗਾਓ

ਤੁਹਾਨੂੰ ਆਪਣੀ ਹੀ ਆਵਾਜ ਦੀ ਗੂੰਜ ਸੁਣਾਈ ਦੇਵੇ

********************************

ਦੋਸਤੀ

December 2020

 

ਪਾ ਕੇ ਪੈਮਾਨੇ ਫ਼ਰਜ਼ਾਂ ਦੇ ਦੁਨੀਆਂ ਲਈ

ਨਾਮ ਰੱਖਦੇ ਮੁਹੱਬਤ ਦੇ ਲੋਕੀ ਕਈ

ਦੋਸਤੀ ਤੋਂ ਬਿਨਾਂ ਪਿਆਰ ਕੁਝ ਵੀ ਨਹੀ

ਨਾਮ ਰੱਖਦੇ ਮੁਹੱਬਤ ਦੇ ਲੋਕੀ ਕਈ

ਪਿਆਰ ਮਾਸ਼ੂਕ ਦਾ ਪਿਆਰ ਧੀ ਦਾ ਹੈ ਕੀ

ਦੋਵੇਂ ਦਸਤੂਰ ਨੇ ਇਹ ਬਿਨਾਂ ਦੋਸਤੀ

ਕਿਹੜੀ ਕੁੱਖੋਂ ਜਣੇ ਓਹਦੇ ਰਿਸ਼ਤੇ ਬਣੇ

ਦੋਸਤੀ ਨਾ ਜਣੇ ਕੋਈ ਕੁੱਖ ਵੀ

ਨਾਮ ਰੱਖਦੇ ਮੁਹੱਬਤ ਦੇ ਲੋਕੀ ਕਈ

ਦਿਲ ਦਾ ਮਾਲਿਕ ਬਣੇ ਕੋਈ ਇੱਕੋ ਘੜੀ

ਕੋਈ ਯਾਦ ਵੀ ਨਾ ਆਵੇ ਪੂਰੀ ਜ਼ਿੰਦਗੀ

ਪਿਆਰ ਦਾ ਅਰਥ ਕੀ ਇਸਦਾ ਪਰਵਰ ਹੈ ਕੀ

ਇਹ ਬੁਝਾਰਤ ਨਾ ਸੁਲ਼ਝੇ ਬਿਨਾਂ ਦੋਸਤੀ

ਨਾਮ ਰੱਖਦੇ ਮੁਹੱਬਤ ਦੇ ਲੋਕੀ ਕਈ

ਹਰ ਘੜੀ ਜਿਸਦੀ ਆਮਦ ਹੋਵੇ ਸ਼ਗਨ ਦੀ

ਜਦ ਮਿਲ਼ੇ ਇੰਜ ਲੱਗੇ ਜ਼ਿੰਦਗੀ ਮਿਲ਼ ਗਈ

ਨਾਮ ਰਿਸ਼ਤੇ ਦਾ ਇਸਨੂੰ ਨਾ ਦੇਵੋ ਕੋਈ

ਦੋਸਤੀ ਨੂੰ ਕਹੋ ਬਸ ਸਿਰਫ਼ ਦੋਸਤੀ

ਨਾਮ ਰੱਖਦੇ ਮੁਹੱਬਤ ਦੇ ਲੋਕੀ ਕਈ

ਕਿਸਦੀ ਹਸਤੀ ਹੈ ਕੀ ਕੌਣ ਹੈ ਕੀਮਤੀ

ਇਹ ਹਿਸਾਬਾਂ ਕਿਤਾਬਾਂ ਕਰੇ ਮਤਲਬੀ

ਪਿਆਰ ਦੀ ਕਿਸਮ ਕੀ ਪਿਆਰ ਦੀ ਜ਼ਾਤ ਕੀ

ਦੋਸਤੀ ਤੋਂ ਬਿਨਾਂ ਪਿਆਰ ਕੁਝ ਵੀ ਨਹੀ

ਨਾਮ ਰੱਖਦੇ ਮੁਹੱਬਤ ਦੇ ਲੋਕੀ ਕਈ

ਦੋਸਤੀ ਤੋਂ ਬਿਨਾਂ ਪਿਆਰ ਕੁਝ ਵੀ ਨਹੀ

***************************

ਕਾਹਤੋਂ

October 2020

ਜਦ ਹੋਣ ਸੱਧਰਾਂ ਸਭੇ ਪੂਰੀਆਂ

ਕਦੇ ਹੋਣ ਹੀ ਨਾ ਸੱਜਣਾਂ ਤੋਂ ਦੂਰੀਆਂ

ਫਿਰ ਤਾਂਘ ਤੇ ਦਿਲਾਂ ਦੀ ਮਜਬੂਰੀਆਂ

ਜ਼ਿਕਰ ਅਸੀਂ ਕਿੰਜ ਕਰੀਏ

ਚੜ੍ਹ ਪਿਆਰ ਤੇ ਮੋਹੱਬਤਾਂ ਦੀ ਪੌੜੀਆਂ

ਜਿੰਦਾਂ ਇਸ਼ਕੇ 'ਚ ਗੰਢ ਗਈਆਂ ਗੂੜ੍ਹੀਆਂ

ਫਿਰ ਰੱਬ ਦੀਆਂ ਕਰ ਕੇ ਇਬਾਦਤਾਂ

ਦੁਆਵਾਂ ਅਸੀਂ ਕੀ ਮੰਗੀਏ

ਲੱਗ ਉਮਰਾਂ ਦੇ ਚਰਖੇ ਦੀ ਗੇੜੀਆਂਤੰਦਾਂ ਉਲਝੀਆਂ ਜਾਣ ਨਾ ਉਧੇੜੀਆਂ

ਤੇਰੇ ਮੇਰੇ ਦੀਆਂ ਹੋਈਆਂ ਜੋ ਨਬੇੜੀਆਂ

ਕਿੰਨਾ ਕੁ ਕੀਹਦਾ ਕੀ ਗਿਣੀਏ

ਰੱਜ ਮਾਣ ਕੇ ਅਉਧ ਦੀਆਂ ਰਹਿਮਤਾਂ

ਲੱਗਾ ਖ਼ਿਜ਼ਾਂ 'ਚ ਵੀ ਹੋਵੇ ਜਦ ਕਹਿਕਸ਼ਾਂ

ਵੇਖ ਲੰਘ ਜਾਂਦਾ ਜੋਬਨਾਂ ਦਾ ਕਾਰਵਾਂ

ਗਿਲਾ ਅਸੀਂ ਕੀ ਕਰੀਏ

*********************

ਅੰਮੜੀ

May 2020

 

ਕੋਈ ਮੈਨੂੰ ਪਿਆਰ ਦੇ ਨਾਲ਼ ਗੋਦ ਆਪਣੀ ਵਿਚ ਬਿਠਾਏ

ਲੋਰੀਆਂ ਗਾਏ

ਮੈਨੂੰ ਪੁਚਕਾਰ ਕੇ ਘੁੱਟ ਗਲ਼ ਨੂੰ ਲਾਏ

ਵਕਤ ਰੁਕ ਜਾਏ

ਬਹੁਤ ਸਮਿਆਂ ਪੁਰਾਣੀ ਯਾਦ ਹੈ ਪਰ ਕੱਲ੍ਹ ਦੀ ਲਗਦੀ ਹੈ

ਕਿਸੇ ਅਣਭੋਲ ਨਾਜ਼ੁਕ ਬਾਲ ਦੀ ਜ਼ਿੱਦ ਮਾਂ ਨੂੰ ਠੱਗਦੀ ਹੈ

ਸਭੇ ਕੰਮ ਕਾਰ ਛੱਡ ਕੇ ਆਟੇ ਦੀ ਇੱਕ ਚਿੜੀ ਬਣਾਏ

ਵਕਤ ਰੁਕ ਜਾਏ

ਦਿਨਾਂ ਦੇ ਸਾਲ ਸਾਲਾਂ ਦੇ ਦਹਾਕੇ ਉਮਰ ਬਣਦੇ ਨੇ

ਜਿਨ੍ਹਾਂ ਦੀ ਯਾਦ ਦੇ ਵਿੱਚ ਆਹ ਨਿਕਲੇ ਦਿਨ ਉਹ ਬਚਪਨ ਦੇ

ਕਦੇ ਕੋਈ ਕੱਜ ਲਵੇ ਅੱਖੀਆਂ ਕਦੇ ਫੇਰ ਝਾਤ ਪਾਏ

ਵਕਤ ਰੁਕ ਜਾਏ

ਕਹਾਣੀ ਏਸ ਜੀਵਨ ਦੀ ਕਿੰਨੀ ਗੁੰਝਲ਼ ਕਿੰਨੀ ਲੰਮੀਂ

ਤੇਰੀ ਸਾਖੀ ਕਿਓਂ ਸਿਮਟੀ ਦੋ ਪਲਾਂ ਦੇ ਵਿੱਚ ਮੇਰੀ ਅੰਮੀ

ਕੱਟੇ ਵੱਛਿਆਂ ਦੀ ਕੋਈ ਬਾਤ ਪਾ ਕੇ ਗੁਦਗੁਦਾਏ

ਵਕਤ ਰੁਕ ਜਾਏ

ਜਦੋਂ ਮੈਂ ਡਿੱਗ ਪਵਾਂ ਤਾਂ ਕਿਓਂ ਉਠਾਵੇਂ ਨਾਂ ਨੀ ਮਾਂ ਅੜੀਏ

ਨੀਂ ਲਾਰਾ ਲਾ ਕੋਈ ਆ ਕੇ ਵੰਡਾ ਇਹ ਦਰਦ ਘੱਟ ਕਰੀਏ

ਕੀੜੀ ਦਾ ਆਟਾ ਡੁੱਲ੍ਹਿਆ ਕਹਿ ਕੇ ਕੋਈ ਫਿਰ ਵਰਾਏ

ਵਕਤ ਰੁਕ ਜਾਏ

ਮਿਟੇ ਨਾ ਬੇਕਰਾਰੀ ਵੇਖ ਕੇ ਤੇਰੀ ਜੜੀ ਮੂਰਤ

ਨਾ ਇਸ ਵਿੱਚ ਮੁਸਕਰਾਹਟ ਤੇਰੀ ਨਾ ਘੂਰੀ ਵੱਟੇ ਸੂਰਤ

ਮੈਨੂੰ ਤੇਰੇ ਪਿਆਰ ਵਾਲ਼ਾ ਨਾਮ ਲੈ ਕੋਈ ਬੁਲਾਏ

ਵਕਤ ਰੁਕ ਜਾਏ

ਤੇਰੀ ਸੂਰਤ ਜੜੀ ਮੂਰਤ ਹਕੀਕੀ ਮੁਸਕਰਾਏ

ਵਕਤ ਰੁਕ ਜਾਏ

ਕੋਈ ਮੈਨੂੰ ਪਿਆਰ ਦੇ ਨਾਲ਼ ਗੋਦ ਆਪਣੀ ਵਿਚ ਬਿਠਾਏ

ਲੋਰੀਆ ਗਾਏ

*******************************

 

ਤੇਰੇ ਬਿਨ

May 2020

 

ਤੇਰੇ ਬਿਨ ਹੁਣ ਦਿਲ ਨਹੀਓਂ ਲੱਗਦਾ ਨੀ ਅੰਬਰਾਂ ਚੋਂ ਮੀਂਹ ਵਰ੍ਹਦਾ

ਬੂਟੇਆਂ ਦੇ ਉੱਤੇ ਅਜੇ ਪੱਤਾ ਕੋਈ ਕੋਈ ਏ

ਰੁੱਤ ਇਹ ਬਸੰਤ ਅਜੇ ਸੋਲ੍ਹਵੇਂ ਦੀ ਹੋਈ ਏ

ਪੀਲ਼ੇ ਫ਼ੁੱਲ ਦਿੰਦੇ ਮੈਨੂੰ ਤੇਰਾ ਝਲਕਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਤੇਰੇ ਬਿਨ ਹੁਣ ਦਿਲ ਨਹੀਓਂ ਲੱਗਦਾ ਨੀ ਅੰਬਰਾਂ ਚੋਂ ਮੀਂਹ ਵਰ੍ਹਦਾ

ਟਾਹਣੀਆਂ ਤੇ ਨੱਚੇ ਇੱਕ ਚਿੜੀਆਂ ਦਾ ਜੋੜਾ ਨੀਂ

ਮੌਸਮੀ ਖ਼ੁਮਾਰ ਵੇਖ਼ ਚੜ੍ਹੇ ਥੋੜ੍ਹਾ ਥੋੜ੍ਹਾ ਨੀਂ

ਮੈਨੂੰ ਹਿਜਰਾਂ ਦਾ ਨਾਗ ਪਿਆ ਡੱਸਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਤੇਰੇ ਬਿਨ ਹੁਣ ਦਿਲ ਨਹੀਓਂ ਲੱਗਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਗਾਲ੍ਹੜਾਂ ਨੇ ਖੇਡ ਛੂਹਣ ਛੂਹਣ ਵਾਲ਼ੀ ਪਾਈ ਏ

ਕੋਇਲਾਂ ਜੁਦਾਈ ਵਾਲ਼ੀ ਹੂਕ ਕੁਰਲਾਈ ਏ

ਵੇਖ ਵੇਖ ਮੈਨੂੰ ਜੱਗ ਪਿਆ ਹੱਸਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਤੇਰੇ ਬਿਨ ਹੁਣ ਦਿਲ ਨਹੀਓਂ ਲੱਗਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਦਿਨ ਰਾਤ ਤੂੰ ਹੀ ਮੇਰੇ ਸਿਰ ਤੇ ਸਵਾਰ ਨੀਂ

ਰੋਕਿਆਂ ਵੀ ਰੁਕਦੀ ਨਹੀਂ ਚੰਦਰੀ ਫੁਹਾਰ ਨੀਂ

ਇਹ ਉਡੀਕਣਾ ਨਾ ਰਿਹਾ ਮੇਰੇ ਵੱਸ ਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਤੇਰੇ ਬਿਨ ਹੁਣ ਦਿਲ ਨਹੀਓਂ ਲੱਗਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਪੌਣ ਮੈਨੂੰ ਲੱਗਦਾ ਪੁਆਧ ਹੋ ਕੇ ਆਈ ਏ

ਮ੍ਹਾਰਾ ਥਾਰਾ ਕਰਦੀ ਨੇ ਸੀਨੇ ਅੱਗ ਲਾਈ ਏ

ਜਿੱਥੇ ਵੇਖਾਂ ਦਿਖੇ ਮੁਖ ਤੇਰਾ ਹੱਸਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

ਤੇਰੇ ਬਿਨ ਹੁਣ ਦਿਲ ਨਹੀਓਂ ਲੱਗਦਾ ਨੀਂ ਅੰਬਰਾਂ ਚੋਂ ਮੀਂਹ ਵਰ੍ਹਦਾ

*************************************

ਨਜ਼ਾਰਾ

April 2020

 

ਤੇਰੀ ਜ਼ੁਲਫਾਂ ਦੇ ਵਿਚੋਂ ਦੀ ਨਜ਼ਾਰਾ ਝਾਤੀਆਂ ਮਾਰੇ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਜ਼ਰਾ ਪਲਕਾਂ ਨੂੰ ਉੱਠਣ ਦੇ ਤਬਾਹੀ ਹੋਣ ਦੇ ਦਿਲ ਦੀ

ਪਪੀਹਾ ਬੂੰਦ ਦਾ ਪਿਆਸਾ ਕਿਨਾਰੇ ਹੀ ਨਾ ਮਰ ਜਾਏ

ਮਟਕ ਕੇ ਜ਼ੁਲਫ ਨਾ ਸਾਂਭੀ ਧੌਣ ਕਿਤੇ ਮੋਚ ਨਾ ਖਾ ਜਾਏ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਤੇਰੀ ਜ਼ੁਲਫਾਂ ਦੇ ਵਿਚੋਂ ਦੀ ਨਜ਼ਾਰਾ ਝਾਤੀਆਂ ਮਾਰੇ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਬੇਸ਼ਰਮ ਬੁੱਲੇ ਜ਼ੁਲਫਾਂ ਨਾਲ ਰਹਿਣ ਅਠਖੇਲੀਆਂ ਕਰਦੇ

ਕਦੇ ਸਰਸ਼ਾਰ ਅੱਖੀਆਂ ਦੇ ਕਦੇ ਰੁਖ਼ਸਾਰ ਦੇ ਝਲਕੇ

ਰੂਬਰੂ ਜਲਵਾ ਹੁਸਨ ਦਾ ਬਖਸ਼ ਦੇ ਸਾਨੂੰ ਆਏ ਹਾਏ ਹਾਏ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਤੇਰੀ ਜ਼ੁਲਫਾਂ ਦੇ ਵਿਚੋਂ ਦੀ ਨਜ਼ਾਰਾ ਝਾਤੀਆਂ ਮਾਰੇ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਉਜਾਲ਼ਾ ਜ਼ੁਲਫ ਚੋਂ ਕਿਰਦਾ ਵਾਕ ਜਿਓਂ' ਪਹੁ ਫੂਟੇਰੇ ਦਾ

ਕਦੇ ਇਕਰਾਰ ਦੇ ਝਲਕੇ ਕਦੇ ਇਨਕਾਰ ਦੇ ਝਲਕੇ

ਨਜ਼ਰ ਇੱਕ ਵੇਖ ਲੈ ਭਰ ਕੇ ਸਿਦਕ ਮੇਰਾ ਨਾ ਉੱਠ ਜਾਏ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਤੇਰੀ ਜ਼ੁਲਫਾਂ ਦੇ ਵਿਚੋਂ ਦੀ ਨਜ਼ਾਰਾ ਝਾਤੀਆਂ ਮਾਰੇ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਇਜਾਜ਼ਤ ਹੋ ਜਾਵੇ ਜੇ ਤੇਰੀ ਜ਼ੁਲਫਾਂ ਨੂੰ ਸਵਾਰਨ ਦੀ

ਮੇਰੀ ਵੀ ਭਾਲ਼ ਮੁੱਕ ਜਾਵੇ ਮੇਰੇ ਜੀਵਨ ਦੇ ਕਾਰਨ ਦੀ

ਦੀਵਾਨਾ ਗੌਲ਼ੇ ਅਣਗੌਲ਼ੇ ਤੇਰੀ ਖੇਡ ‘ਚ ਹੀ ਨਾ ਮਰ ਜਾਏ

ਤੇਰੀ ਜ਼ੁਲਫਾਂ ਦੇ ਵਿਚੋਂ ਦੀ

ਤੇਰੀ ਜ਼ੁਲਫਾਂ ਦੇ ਵਿਚੋਂ ਦੀ ਨਜ਼ਾਰਾ ਝਾਤੀਆਂ ਮਾਰੇ

ਤੇਰੀ ਜ਼ੁਲਫਾਂ ਦੇ ਵਿਚੋਂ