ਆਜ਼ਾਦੀ ਸਾਨੂੰ ਨਹੀਂ,
ਉਨ੍ਹਾਂ ਨੂੰ ਮਿਲ਼ੀ ਸੀ,
ਲੁੱਟਾਂ ਖੋਹਾਂ ਕਰਨ ਲਈ,
ਘਪਲੇ ਘੁਟਾਲੇ,
ਬਲਾਤਕਾਰ,
ਤੇ ਕਤਲ ਕਰਨ ਲਈ।
ਗਣਤੰਤਰ ਦਿਵਸ ਵੀ,
ਉਨ੍ਹਾਂ ਦੇ ਲੇਖੇ ਹੈ।
ਉਸ ਪੋਥੀ ਦੇ ਕਾਇਦੇ ਕਾਨੂੰਨ,
ਸਾਡੇ ਲਈ ਹਨ।
ਸਜਾਵਾਂ ਸਾਡੇ ਲਈ,
ਜਰਮਾਨੇ ਸਾਡੇ ਲਈ,
ਫਾਹੇ ਸਾਡੇ ਲਈ।
ਉਹ ਸਭ ਕੁੱਝ ਕਰਕੇ ਵੀ,
ਉਸ ਪੋਥੀ ਦੀ,
ਕਿਸੇ ਧਾਰਾ ਦੀ ਓਟ ਵਿੱਚ,
ਛੁੱਤ ਜਾਂਦੇ ਹਨ।
ਦੇਸ ਦੇ ਹਰ ਪਰਾਂਤ ਦੀ,
ਅਸੈੰਬਲੀ ਵਿੱਚ,
ਦੇਸ ਦੀ ਪਾਰਲੀਮੈੰਟ ਵਿੱਚ,
ਇੱਕ ਤਿਹਾਈ,
ਲੁੱਟਾਂ ਖੋਹਾਂ,
ਘਪਲੇ ਘੁਟਾਲੇ ਕਰਨ ਵਾਲ਼ੇ,
ਬਲਾਤਕਾਰੀ ਤੇ ਕਾਤਲ ਬੈਠੇ ਹਨ।
ਉਹ ਸਾਡੀ ਲੁੱਟ ਲਈ,
ਨਵੇਂ ਕਾਨੂੰਨ ਬਣਾ ਕੇ,
ਉਸ ਪੋਥੀ `ਚ ਜੋੜਦੇ ਰਹਿੰਦੇ ਹਨ।
ਜਿਸ ਦੇ ਕਾਇਦੇ ਕਾਨੂੰਨ,
ਸਾਡੀ ਲੁੱਟ ਲਈ,
ਉਨ੍ਹਾਂ ਲਈ ਨਾਕਾਫੀ ਹਨ।
ਅਸੀਂ ਮੂਰਖ,
15 ਅਗਸਤ ਨੂੰ,
ਆਜ਼ਾਦੀ ਲਈ,
ਨਾਹਰੇ ਮਾਰਦੇ ਮਾਰਦੇ,
26 ਜਨਵਰੀ ਨੂੰ,
ਗਣਤੰਤਰ ਦੇ,
ਨਾਹਰੇ ਮਾਰਦੇ ਮਾਰਦੇ,
ਘਘਿਆ ਜਾਂਦੇ ਹਾਂ।
ਕਦੋਂ ਸਮਝਾਂਗੇ,
ਉਨ੍ਹਾਂ ਦੇ ਇਸ,
ਕੋਝੇ ਵਿਅੰਗ ਨੂੰ ਅਸੀਂ।

