ਸਤੰਬਰ 09, 2026

writingDetail.created_by
By: ਸੁਰਜੀਤ ਪਾਤਰ

ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ

ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ

ਦਰਮਿਆਨ ਓਦੋਂ ਵੀ ਫਾਸਿਲੇ ਹੋਣਗੇ

ਕੋਈ ਦੱਬੇ ਦਿਲਾਂ ਵਿਚ ਗਿਲੇ ਹੋਣਗੇ

ਇਹ ਪੁਰਾਣੇ ਕੋਈ ਸਿਲਸਿਲੇ ਹੋਣਗੇ

ਮੈਨੂੰ ਦਿੱਤੇ ਜੇ ਉਸ ਨੇ ਤਾਂ ਐਵੇਂ ਨਹੀਂ

ਜ਼ਖਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ

ਢਕ ਲਏ ਹੋਣਗੇ ਵਕਤ ਦੀ ਧੂੜ ਨੇ

ਜ਼ਖਮ ਕੌਮਾਂ ਦੇ ਕਿੱਥੇ ਸਿਲੇ ਹੋਣਗੇ

ਜਿੱਦਾਂ ਪਾਣੀ ਨੂੰ ਮਿਲਦਾ ਏ ਪਾਣੀ ਅਜੇ

ਆਦਮੀ ਬਹੁਤ ਪਹਿਲਾਂ ਮਿਲੇ ਹੋਣਗੇ

ਇਕ ਮੁੱਦਤ ਲਹੂ ਧਰਤ ਨੇ ਜੀਰਿਆ

ਫੇਰ ਜਾ ਕੇ ਕਿਤੇ ਫੁੱਲ ਖਿਲੇ ਹੋਣਗੇ

ਸੱਚ ਦੇ ਇਕ ਸੁਖਨ ਸੰਗ ਜੋ ਢਹਿ ਗਏ

ਉਹ ਕਿਸੇ ਕੁਫਰ ਦੇ ਹੀ ਕਿਲੇ ਹੋਣਗੇ

ਜਾਲ 'ਚੋਂ ਮਛਲੀਆਂ ਜਲ 'ਚ ਫਿਰ ਸੁੱਟ ਗਏ

ਮੇਰੇ ਵਰਗੇ ਕੋਈ ਕਮ-ਦਿਲੇ ਹੋਣਗੇ

ਚੱਲ ਅਸੀਂ ਨ ਸਹੀ, ਸਾਡੀ ਉੱਮਤ ਸਹੀ

ਸੱਚੇ ਰਾਹੀਂ ਸਦਾ ਕਾਫਿਲੇ ਹੋਣਗੇ