ਅਕਤੂਬਰ 15, 2009

writingDetail.created_by
By: ਪ੍ਰਿੰਸੀਪਲ ਸਰਵਣ ਸਿੰਘ

03 - ਮੁੱਕੇਬਾਜ਼ ਮੁਹੰਮਦ ਅਲੀ ਦੀ ਗੱਲ ਕਰਦਿਆਂ

ਮੁੱਕੇਬਾਜ਼ ਮੁਹੰਮਦ ਅਲੀ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਹੈ। ਉਸ ਬਾਰੇ ਵਿਸਥਾਰ ਨਾਲ ਦੱਸਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ ਤੇ ਉਹਦੀ ਖੇਡ ਕਮਾਈ ਕਰੋੜਾਂ ਡਾਲਰਾਂ ਤਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਬਣਿਆਂ। ਉਸ ਦੀ ਇੱਕ ਧੀ ਲੈਲਾ ਨੇ ਮੁੱਕੇਬਾਜ਼ੀ ਵਿੱਚ ਵਿਸ਼ਵ ਪੱਧਰ `ਤੇ ਨਾਮਣਾ ਖੱਟਿਆ। ਚੁਤਾਲੀ ਸਾਲਾਂ ਦੀ ਉਮਰ ਵਿੱਚ ਉਹਨੇ ਅਠਾਈ ਸਾਲਾਂ ਦੀ ਯੋਲੰਡਾ ਨਾਲ ਚੌਥਾ ਵਿਆਹ ਕਰਵਾਇਆ ਸੀ। ਪਿਛਲੇ ਕਈ ਸਾਲਾਂ ਤੋਂ ਉਹ ਪਾਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ ਤੇ ਇਸ ਬਿਮਾਰੀ ਨਾਲ ਉਹਦੀ ਮੁੱਕੇਬਾਜ਼ੀ ਜਾਰੀ ਹੈ।

ਮੁਹੰਮਦ ਅਲੀ ਵਰਗੇ ਵਰਲਡ ਚੈਂਪੀਅਨ ਦੀਆਂ ਗੱਲਾਂ ਤਾਂ ਮੁੱਕਣ ਵਾਲੀਆਂ ਨਹੀਂ ਫਿਰ ਵੀ ਕੁੱਝ ਗੱਲਾਂ ਅਜਿਹੀਆਂ ਹਨ ਜੋ ਵਾਰ ਵਾਰ ਕਰਨ ਨੂੰ ਦਿਲ ਕਰਦਾ ਹੈ। ਕੁੱਝ ਸਾਲ ਪਹਿਲਾਂ ਉਹ ਭਾਰਤ ਵੀ ਗਿਆ ਸੀ ਤੇ ਭਾਰਤੀ ਲੋਕਾਂ ਨੇ ਉਹਦਾ ਵਿਸ਼ਾਲ ਪੱਧਰ `ਤੇ ਸਵਾਗਤ ਕੀਤਾ ਸੀ। ਉਸ ਸਮੇਂ ਉਹਦੇ ਨਾਲ ਉਹਦੀ ਤੀਜੀ ਪਤਨੀ ਵੈਰੋਨਿਕਾ ਵੀ ਗਈ ਸੀ ਜੋ ਸਾੜ੍ਹੀ ਲਾ ਕੇ ਦਿੱਲੀ ਵਿੱਚ ਘੁੰਮੀ ਸੀ। ਮੈਂ ਮੁਹੰਮਦ ਅਲੀ ਬਾਰੇ ਲਿਖਿਆ ਸੀ:

-ਮੁਹੰਮਦ ਅਲੀ ਬਾਰੇ ਲਿਖਣਾ ਲਫਜ਼ਾਂ ਨਾਲ ਘੁਲਣਾ ਹੈ। ਉਹ ਵਰ੍ਹਿਆਂ ਬੱਧੀ ਦੁਨੀਆਂ ਦਾ ਸਭ ਤੋਂ ਤਕੜਾ ਮੁੱਕੇਬਾਜ਼ ਕਿਹਾ ਜਾਂਦਾ ਰਿਹਾ। ਕਿੰਗ ਮਾਰਟਨ ਲੂਥਰ ਨੇ ਉਸ ਨੂੰ ਕਾਲੇ ਲੋਕਾਂ ਦਾ ਮਸੀਹਾ ਤੇ ਮਹਾਨ ਘੁਲਾਟੀਆ ਕਹਿ ਕੇ ਵਡਿਆਇਆ ਸੀ। ਕਈ ਸਾਲ ਉਹ ਕਾਲਾ ਕਸਿੰਗਰ ਬਣਨ ਦੇ ਸੁਫਨੇ ਲੈਂਦਾ ਰਿਹਾ। ਉਹਦੇ ਇੱਕ ਇਕ ਭੇੜ ਦੀ ਕੀਮਤ ਕਰੋੜਾਂ ਰੁਪਿਆਂ ਤਕ ਪੁੱਜਦੀ ਰਹੀ। ਉਹਦੇ ਬਾਰੇ ਸੈਂਕੜੇ ਕਲਮਾਂ ਨੇ ਲੱਖਾਂ ਲਫ਼ਜ਼ ਲਿਖੇ ਤੇ ਮੁਹੰਮਦ ਅਲੀ ਦੇ ਨਾਂ ਦੀਆਂ ਹਜ਼ਾਰਾਂ ਸੁਰਖ਼ੀਆਂ ਲੱਗੀਆਂ। ਜਦੋਂ ਉਹਦਾ ਮੁੱਕੇਬਾਜ਼ੀ ਦਾ ਮੁਕਾਬਲਾ ਹੁੰਦਾ ਸੀ ਤਾਂ ਇੱਕ ਅਰਬ ਤੋਂ ਵੱਧ ਅੱਖਾਂ ਟੀ.ਵੀ.ਦੇ ਪਰਦਿਆਂ `ਤੇ ਉਹਦਾ ਮੁਕਾਬਲਾ ਵੇਖਦੀਆਂ ਸਨ। ਸਾਰੀ ਦੁਨੀਆਂ `ਚ ਮੁਹੰਮਦ ਅਲੀ-ਮੁਹੰਮਦ ਅਲੀ ਹੋਈ ਪਈ ਸੀ।

ਕੁਝ ਸਾਲ ਪਹਿਲਾਂ ਖ਼ਬਰਾਂ ਨਿਕਲੀਆਂ ਸਨ ਕਿ ਮੁਹੰਮਦ ਅਲੀ ਨੂੰ ਕੋਈ ਗੁੱਝੀ ਬਿਮਾਰੀ ਵਿਚੇ ਵਿੱਚ ਖਾ ਰਹੀ ਹੈ। ਉਹਦੇ ਹੱਥ ਕੰਬਦੇ ਹਨ ਤੇ ਆਵਾਜ਼ ਬਹਿ ਗਈ ਹੈ। ਲੋਕ ਸਮਝਦੇ ਸਨ ਕਿ ਸਿਰ `ਚ ਖਾਧੇ ਸੈਂਕੜੇ ਹਜ਼ਾਰਾਂ ਮੁੱਕਿਆਂ ਦਾ ਸ਼ਾਇਦ ਕੋਈ ਵਿਗਾੜ ਹੋਵੇ। ਡਾਕਟਰਾਂ ਨੇ ਉਸ ਦੀ ਬਿਮਾਰੀ ਦਾ ਨਾਂ ਪਾਰਕਿਨਸਨ ਸਾਈਨਡਰੋਮ ਦੱਸਿਆ। ਪਰ ਡਾ.ਰਾਜਕੋ ਮੈਡਨੀਕਾ ਨੇ ਬਿਮਾਰੀ ਲੱਭੀ ਕਿ ਕਿਸੇ ਜ਼ਹਿਰੀਲੀ ਦਵਾਈ ਦਾ ਲਹੂ `ਚ ਰਚਿਆ ਭੈੜਾ ਪ੍ਰਭਾਵ ਸੀ। ਛੇ ਅੱਠ ਹਫ਼ਤਿਆਂ ਬਾਅਦ ਉਸ ਦੇ ਲਹੂ ਦੀ ਸਫਾਈ ਕੀਤੀ ਜਾਣ ਲੱਗੀ ਜਿਸ ਉਤੇ ਪੰਜ ਛੇ ਘੰਟਿਆਂ ਦਾ ਵਕਤ ਲੱਗਣ ਲੱਗਾ।

ਮੁਹੰਮਦ ਅਲੀ ਨੂੰ ਇੱਕ ਹੋਰ ਭੈੜੀ ਆਦਤ ਸੀ ਆਈਸ ਕਰੀਮ ਖਾਣ ਦੀ। ਇਹ ਵੀ ਇੱਕ ਤਰ੍ਹਾਂ ਬਿਮਾਰੀ ਹੀ ਸੀ। ਇਸ ਚੰਦਰੀ ਬਾਣ ਨਾਲ ਸਰੀਰਕ ਭਾਰ ਬੁਰੀ ਤਰ੍ਹਾਂ ਵੱਧਦਾ ਸੀ। ਪਰ ਉਸ ਦੀ ਚੌਥੀ ਪਤਨੀ ਨੇ ਬੜੀ ਸੂਝ ਬੂਝ ਨਾਲ ਉਹਦੀ ਖੁਰਾਕ ਬੰਧੇਜ ਵਿੱਚ ਲਿਆਂਦੀ ਤੇ ਉਸ ਨੇ ਆਪਣਾ ਭਾਰ 245 ਪੌਂਡ `ਤੇ ਟਿਕਾਅ ਲਿਆ। ਪਹਿਲਾਂ ਤਾਂ ਉਹ ਤਿੰਨ ਸੌ ਪੌਂਡ ਦੇ ਨੇੜੇ ਪਹੁੰਚ ਗਿਆ ਸੀ। ਜਦੋਂ ਉਹ ਸਰਗਰਮ ਮੁੱਕੇਬਾਜ਼ ਸੀ ਤਾਂ ਉਹਦਾ ਭਾਰ 220 ਪੌਂਡ ਹੁੰਦਾ ਸੀ। ਉਹਦੀ ਅਜੋਕੀ ਪਤਨੀ ਜਿਸ ਦਾ ਨਿੱਕਾ ਨਾਂ ਲੋਨੀ ਹੈ ਮਨੋਵਿਗਿਆਨ ਦੀ ਗਰੈਜੂਏਟ ਤੇ ਐੱਮ.ਬੀ.ਏ.ਦਾ ਡਿਪਲੋਮਾ ਪਾਸ ਹੈ। ਉਹ ਮੁਹੰਮਦ ਅਲੀ ਦੇ ਨਗਰ ਲੂਈਸਵਿਲੇ ਦੀ ਹੀ ਜੰਮਪਲ ਹੈ ਤੇ ਬਚਪਨ ਤੋਂ ਮੁਹੰਮਦ ਅਲੀ ਨੂੰ ਪਿਆਰ ਕਰਦੀ ਸੀ। ਪਰ ਸੰਗਾਊ ਹੋਣ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਨਾ ਕਰ ਸਕੀ। ਜਦੋਂ ਉਸ ਨੂੰ ਪਤਾ ਲੱਗਾ ਕਿ ਮੁਹੰਮਦ ਅਲੀ ਦਾ ਆਪਣੀ ਤੀਜੀ ਪਤਨੀ ਵੇਰੋਨਿਕਾ ਨਾਲ ਤਲਾਕ ਹੋ ਗਿਆ ਤਾਂ ਉਸ ਨੇ ਸ਼ਾਦੀ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਲੋਕਾਂ ਨੇ ਕਿਹਾ ਕਿ ਨਿਭਣੀ ਇਹਨਾਂ ਦੀ ਵੀ ਨਹੀਂ ਪਰ ਉਹ ਨਿਭਦੀ ਗਈ ਤੇ ਨਿਭ ਰਹੀ ਹੈ।

ਮੁਹੰਮਦ ਅਲੀ ਦਾ ਜਮਾਂਦਰੂ ਨਾਂ ਕੈਸੀਅਸ ਕਲੇ ਸੀ। ਉਹਦਾ ਜਨਮ ਅਮਰੀਕਾ ਵਿੱਚ ਲੂਈਸਵਿਲੇ ਦੇ ਹਸਪਤਾਲ `ਚ 17 ਜਨਵਰੀ 1942 ਨੂੰ ਸ਼ਾਮ ਦੇ 6.35 ਵਜੇ ਹੋਇਆ ਸੀ। ਲੂਈਸਵਿਲੇ ਦੀ ਸ਼ਰਾਬ, ਤੰਬਾਕੂ ਤੇ ਘੋੜੇ ਮਸ਼ਹੂਰ ਹਨ। ਕੈਸੀਅਸ ਕਲੇ ਮਾਪਿਆਂ ਦਾ ਪਹਿਲਾ ਬੱਚਾ ਸੀ ਤੇ ਉਹਦੇ ਮਾਪਿਆਂ ਵਿੱਚ ਦੋਗਲੀਆਂ ਨਸਲਾਂ ਦਾ ਲਹੂ ਸੀ। ਤਿੰਨ ਸਾਲ ਦੀ ਉਮਰ ਵਿੱਚ ਉਹ ਪੰਜਾਂ ਸਾਲਾਂ ਦਾ ਲੱਗਦਾ ਸੀ ਜਿਸ ਕਰਕੇ ਉਹਦੀ ਮਾਂ ਨੂੰ ਬੱਸ ਗੱਡੀ `ਚ ਉਹਦੀ ਟਿਕਟ ਕਟਾਉਣੀ ਪੈਂਦੀ ਸੀ। ਉਹ ਤਿੰਨਾਂ ਚਹੁੰ ਬੱਚਿਆਂ ਜਿੰਨੀ ਖੁਰਾਕ ਖਾਂਦਾ ਸੀ। ਇੱਕ ਵਾਰ ਮਾਂ ਦੀ ਗੋਦ ਵਿੱਚ ਦੁੱਧ ਚੁੰਘਦੇ ਨੇ ਮਾਂ ਦੇ ਅਜਿਹਾ ਘਸੁੰਨ ਮਾਰਿਆ ਕਿ ਉਹਦਾ ਦੰਦ ਹਿਲਾ ਦਿੱਤਾ ਜੋ ਬਾਅਦ ਵਿੱਚ ਕਢਾਉਣਾ ਪਿਆ। ਗੀ ਗੀ ਉਹਦੇ ਪਹਿਲੇ ਬੋਲ ਸਨ ਜਿਨ੍ਹਾਂ ਦੇ ਅਰਥ ਬਾਅਦ ਵਿੱਚ ਕਿਸੇ ਨੇ ਗੋਲਡਨ ਗਲੱਵਜ਼ ਕੱਢੇ ਤੇ ਕਿਸੇ ਨੇ ਗਿਫਟ ਆਫ਼ ਗਾਡ।

ਉਹ ਦਰਮਿਆਨੇ ਪੱਧਰ ਦਾ ਵਿਦਿਆਰਥੀ ਸੀ। ਪਰ ਆਮ ਕਿਹਾ ਕਰਦਾ ਸੀ, “ਮੈਂ ਇੱਕ ਦਿਨ ਮਹਾਨ ਬਣਾਂਗਾ!” ਚੜ੍ਹਦੀ ਉਮਰੇ ਹੀ ਉਹ ਆਪਣਾ ਨਾਂ ਰੇਡੀਓ ਤੋਂ ਸੁਣਨਾ ਚਾਹੁੰਦਾ ਸੀ। ਛਪਿਆ ਵੇਖਣਾ ਚਾਹੁੰਦਾ ਸੀ, ਉਘੜਵਾਂ ਤੇ ਲਿਸ਼ਕਵਾਂ-ਕੈਸੀਅਸ ਕਲੇ। ਰੋਮ ਦੀਆਂ ਓਲੰਪਿਕ ਖੇਡਾਂ ਦੇ ਟਰਇਲਾਂ ਲਈ ਉਹਨੂੰ ਸਾਨਫਰਾਂਸਿਸਕੋ ਸੱਦਿਆ ਗਿਆ ਪਰ ਉਹ ਹਵਾਈ ਜਹਾਜ਼ `ਤੇ ਚੜ੍ਹਨੋਂ ਡਰਦਾ ਸੀ। ਉਹਦੇ ਕੋਚ ਜੋਅ ਮਾਰਟਿਨ ਨੇ ਉਸ ਨੂੰ ਜਹਾਜ਼ ਉਤੇ ਚੜ੍ਹਨ ਲਈ ਮਸੀਂ ਮਨਾਇਆ। ਸਾਨਫਰਾਂਸਿਸਕੋ ਵਿੱਚ ਉਹ ਟਰਾਇਲਾਂ `ਚ ਸਫਲ ਰਿਹਾ ਤਾਂ ਉਸ ਨੇ ਹਵਾਈ ਟਿਕਟ ਹਵਾ `ਚ ਚਲਾ ਮਾਰੀ ਤੇ ਰੇਲ ਗੱਡੀ ਉਤੇ ਚੜ੍ਹ ਕੇ ਲੂਈਸਵਿਲੇ ਮੁੜਿਆ। ਸਤਾਰਾਂ ਸਾਲ ਦੀ ਉਮਰ `ਚ ਰੋਮ ਦੀਆਂ ਓਲੰਪਿਕ ਖੇਡਾਂ `ਚੋਂ ਉਸ ਨੇ ਸੋਨੇ ਦਾ ਤਮਗ਼ਾ ਜਿੱਤਿਆ ਤਾਂ ਉਹਦੀ ਧੰਨ ਧੰਨ ਹੋ ਗਈ। ਯੂਰਪ ਦੀਆਂ ਗੋਰੀਆਂ ਕੁੜੀਆਂ ਨੇ ਸਾਂਵਲੇ ਕਲੇ ਦੇ ਚੁੰਮਣ ਲਏ ਤੇ ਉਹਦਾ ਨਾਂ ਮੁੱਕੇਬਾਜ਼ੀ ਦੇ ਚੜ੍ਹਦੇ ਸੂਰਜ ਵਜੋਂ ਧੁੰਮ ਗਿਆ।

ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਉਸ ਨੇ ਕੁੱਝ ਥੋੜ੍ਹ ਚਿਰੀਆਂ ਨੌਕਰੀਆਂ ਵੀ ਕੀਤੀਆਂ ਸਨ। ਇੱਕ ਲਾਇਬ੍ਰੇਰੀ ਵਿੱਚ ਫਰਨੀਚਰ ਸਾਫ਼ ਕਰਦਿਆਂ ਉਸ ਨੂੰ ਇੱਕ ਮੇਜ਼ ਉਤੇ ਹੀ ਨੀਂਦ ਆ ਗਈ ਸੀ। ਅਦਾਰੇ ਦੀ ਇੱਕ ਸੇਵਕਾ ਆ ਕੇ ਜਗਾਇਆ ਸੀ। ਹੁਣ ਉਸ ਮੇਜ਼ ਉਤੇ ਪਲੇਟ ਲੱਗੀ ਹੋਈ ਹੈ-ਇਥੇ ਕੈਸੀਅਸ ਕਲੇ ਸੁੱਤਾ ਸੀ!

ਮੁਹੰਮਦ ਅਲੀ ਦੇ ਪੈਰਾਂ ਵਿੱਚ ਤੇਜ਼ੀ ਸੀ ਤੇ ਮੁੱਕੇ ਵਿੱਚ ਵਦਾਨ ਦੀ ਸੱਟ। ਉਹ ਤਿਤਲੀ ਵਾਂਗ ਮੰਡਰਾਉਂਦਾ ਤੇ ਮੱਖੀ ਵਾਂਗ ਡੰਗ ਮਾਰਦਾ ਸੀ। ਉਹ ਬੜਬੋਲਾ ਵੀ ਬਹੁਤ ਸੀ ਜਿਸ ਕਰਕੇ ਉਸ ਨੂੰ ਲੂਈਸਵਿਲੇ ਦਾ “ਲਿੱਪ” ਕਿਹਾ ਜਾਂਦਾ ਸੀ। ਉਹਦਾ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਇੰਗਲੈਂਡ ਦੇ ਹੈਨਰੀ ਕੂਪਰ ਨਾਲ ਹੋਇਆ ਸੀ। ਕੂਪਰ ਨੂੰ ਹਰਾ ਕੇ ਉਹ ਵਿਸ਼ਵ ਚੈਂਪੀਅਨ ਸੋਨੀ ਲਿਸਟਨ ਨਾਲ ਲੜਨ ਲਈ ਚੈਲੰਜ ਕਰਨ ਲੱਗਾ। ਸੋਨੀ ਲਿਸਟਨ ਪੱਚੀ ਭੈਣ ਭਾਈਆਂ `ਚ ਸਭ ਤੋਂ ਛੋਟਾ ਸੀ ਜਿਵੇਂ ਉਡਣ ਪਰੀ ਵਿਲਮਾ ਰੁਡੋਲਫ ਉੱਨੀ ਭੈਣ ਭਰਾਵਾਂ `ਚ ਨਿੱਕੀ ਸੀ। ਬਚਪਨ ਵਿੱਚ ਉਸ ਨੂੰ ਪੋਲੀਓ ਦਾ ਰੋਗ ਲੱਗ ਗਿਆ ਸੀ। ਹੈਰਾਨੀ ਹੈ ਕਿ ਏਡੇ ਵੱਡੇ ਟੱਬਰਾਂ ਵਿੱਚ ਇਹ ਬੱਚੇ ਕਿਵੇਂ ਪਲਦੇ ਰਹੇ ਤੇ ਵਰਲਡ ਚੈਂਪੀਅਨ ਬਣਦੇ ਰਹੇ।

ਸੋਨੀ ਲਿਸਟਨ ਨਿੱਕਾ ਹੁੰਦਾ ਈ ਮਾੜ ਧਾੜ ਕਰਨ ਲੱਗ ਪਿਆ ਸੀ ਤੇ ਜੇਲ੍ਹ ਚਲਾ ਗਿਆ ਸੀ। ਜੇਲ੍ਹ ਵਿੱਚ ਹੀ ਉਸ ਨੇ ਮੁੱਕੇਬਾਜ਼ੀ ਸਿੱਖੀ ਸੀ। 25 ਫਰਵਰੀ 1964 ਨੂੰ ਕੈਸੀਅਸ ਕਲੇ ਨੇ ਸੋਨੀ ਲਿਸਟਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ ਤੇ ਮਹਾਨ ਮੁੱਕੇਬਾਜ਼ ਅਖਵਾਇਆ। ਉਸ ਤੋਂ ਦੋ ਹਫ਼ਤੇ ਪਿੱਛੋਂ ਉਹ ਇਸਲਾਮ ਧਰਮ ਦੇ ਪ੍ਰਭਾਵ ਹੇਠ ਆ ਗਿਆ ਤੇ ਮੁਸਲਮਾਨ ਸਜ ਗਿਆ। ਉਸ ਦਾ ਨਵਾਂ ਨਾਂ ਮੁਹੰਮਦ ਅਲੀ ਰੱਖਿਆ ਗਿਆ। ਇਸਲਾਮ ਜਗਤ ਨੇ ਫਿਰ ਉਸ ਦਾ ਰੱਜ ਕੇ ਪ੍ਰਚਾਰ ਕੀਤਾ। ਮਿਸਰ ਦੇ ਰਾਸ਼ਟਰਪਤੀ ਨਾਸਰ ਵਰਗੇ ਕੈਰੋ ਦੇ ਹਵਾਈ ਅੱਡੇ ਉਤੇ ਉਹਦੀ ਉਡੀਕ ਕਰਦੇ ਰਹੇ। ਮੁਸਲਮ ਭਾਈਚਾਰਾ ਹੁੱਬ ਕੇ ਕਹਿੰਦਾ ਕਿ ਅਲੀ ਸਾਡਾ ਅੰਗ ਸਾਕ ਹੈ।

ਮੁਸਲਮਾਨ ਬਣ ਕੇ ਮੁਹੰਮਦ ਅਲੀ ਨੇ ਸੋਂਜੀ ਨਾਲ ਸ਼ਾਦੀ ਕਰ ਲਈ। ਸੋਂਜੀ ਨੂੰ ਮੁਸਲਮਾਨੀ ਰਹੁ ਰੀਤਾਂ ਪਸੰਦ ਨਹੀਂ ਸਨ। ਉਹ ਲੰਡੇ ਕਪੜੇ ਪਹਿਨਦੀ, ਅੱਧਨੰਗੀ ਵਿਚਰਦੀ ਤੇ ਨੱਚਣ ਗਾਉਣ `ਚ ਦਿਲਚਸਪੀ ਰੱਖਦੀ ਸੀ। ਕੁੱਝ ਮਹੀਨਿਆਂ ਪਿੱਛੋਂ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਮੁਹੰਮਦ ਅਲੀ ਨੇ ਅਦਾਲਤ ਵਿੱਚ ਕਿਹਾ, “ਜੱਜ ਸਾਹਬ, ਇਹਦੇ ਕਪੜੇ ਵੇਖੋ। ਇਨ੍ਹਾਂ `ਚ ਇਹਦਾ ਨੰਗੇਜ ਦੀਂਹਦੈ। ਇਹ ਮੇਰੇ ਧਰਮ ਦੇ ਅਨੁਕੂਲ ਨਹੀਂ। ਮੇਰਾ ਇਹਤੋਂ ਖਹਿੜਾ ਛੁਡਾਓ।”

ਜੱਜ ਨੇ ਤਲਾਕ ਮਨਜ਼ੂਰ ਕਰ ਦਿੱਤਾ ਤੇ ਸੋਂਜੀ ਲਈ ਦਸ ਸਾਲ ਤਕ ਦਾ ਖਰਚਾ ਬੰਨ੍ਹ ਦਿੱਤਾ। ਸੋਂਜੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ, “ਅਲੀ ਅੰਤ ਵੇਲੇ ਯਾਦ ਕਰੇਗਾ ਕਿ ਉਹਦਾ ਸਭ ਤੋਂ ਤਕੜਾ ਮੁਕਾਬਲਾ ਉਹਦੀ ਪਹਿਲੀ ਪਤਨੀ ਨਾਲ ਸੀ। ਉਹਨੂੰ ਹੋਰ ਕੋਈ ਢਾਹ ਸਕੇ ਜਾਂ ਨਾ ਪਰ ਮੈਂ ਉਸ ਨੂੰ ਢਾਹ ਲਿਆ ਹੈ। ਉਹ ਵੀ ਕੀ ਯਾਦ ਰੱਖੇਗਾ ਕਿ ਕਿਸੇ ਨਾਲ ਵਾਹ ਪਿਆ ਸੀ।” ਖਰਚਾ ਬੰਨ੍ਹਵਾ ਕੇ ਉਹ ਕਲੱਬ ਵਿੱਚ ਚਲੀ ਗਈ ਤੇ ਮਨਚਾਹੇ ਮੁੰਡਿਆਂ ਨਾਲ ਨੱਚਣ ਗਾਉਣ ਲੱਗੀ।

ਉਧਰ ਵੀਤਨਾਮ ਦੀ ਜੰਗ ਛਿੜੀ ਹੋਈ ਸੀ। ਅਮਰੀਕਾ ਦੇ ਕਾਨੂੰਨ ਅਨੁਸਾਰ ਮੁਹੰਮਦ ਅਲੀ ਨੂੰ ਵੀ ਕੁੱਝ ਸਮੇਂ ਲਈ ਜੰਗ `ਚ ਭੇਜਣ ਦਾ ਹੁਕਮ ਹੋਇਆ ਤਾਂ ਉਹਨੇ ਜੰਗ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, “ਮੈਂ ਬੰਦੂਕ ਨਹੀਂ ਫੜਨੀ।” ਬਹੁਤ ਸਾਰੇ ਲੋਕਾਂ ਨੇ ਉਹਦੇ ਇਨਕਾਰ ਦੀ ਹਮਾਇਤ ਕੀਤੀ। ਕਈਆਂ ਨੇ ਉਹਨੂੰ ਕਾਨੂੰਨ ਤੋੜਨ ਵਾਲਾ ਕਿਹਾ। ਉਹਦੇ ਵਿਰੁੱਧ ਮੁਕੱਦਮਾ ਚੱਲਿਆ ਤੇ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਕੈਦ ਸੁਣਾਈ ਤੇ ਦਸ ਹਜ਼ਾਰ ਡਾਲਰ ਜੁਰਮਾਨਾ ਕੀਤਾ। ਇਸ ਸਜ਼ਾ ਨੇ ਸਿਖਰ ਦੀ ਜੁਆਨੀ ਵਿੱਚ ਅਲੀ ਨੂੰ ਪੰਜ ਸਾਲ ਬਾਕਸਿੰਗ ਦੇ ਰਿੰਗ ਤੋਂ ਮਹਿਰੂਮ ਰੱਖਿਆ।

ਉਹ ਰਿਹਾਅ ਹੋਇਆ ਤਾਂ ਉਸ ਨੇ ਫਿਰ ਮੁੱਕੇਬਾਜ਼ੀ ਸ਼ੁਰੂ ਕਰ ਲਈ। ਉਸ ਨੇ ਆਲਮੀ ਚੈਂਪੀਅਨ ਜੋਅ ਫਰੇਜ਼ੀਅਰ ਨੂੰ ਹਰਾ ਕੇ ਦੁਬਾਰਾ ਵਿਸ਼ਵ ਤਾਜ ਜਿੱਤ ਲਿਆ। ਤੀਜੀ ਵਾਰ ਉਹਨੇ ਜਾਰਜ ਫੋਰਮੈਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ। ਉਦੋਂ ਤਕ ਉਹੀ ਇਕੋ ਇੱਕ ਮੁੱਕੇਬਾਜ਼ ਸੀ ਜਿਸ ਨੇ ਤਿੰਨ ਵਾਰ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਵਿਸ਼ੇਸ਼ ਗੱਲ ਇਹ ਸੀ ਕਿ ਉਹ ਤਿੰਨੇ ਵਾਰ ਵਿਸ਼ਵ ਗੁਰਜ ਖੁਹਾਉਣ ਪਿੱਛੋਂ ਜਿੱਤਦਾ ਰਿਹਾ ਸੀ। ਆਖ਼ਰ ਲਿਓਨ ਸਪਿੰਕਸ ਨੇ ਜੂਨ 1977 ਵਿੱਚ ਉਹਨੂੰ ਹਰਾ ਕੇ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਲਈ ਮਜਬੂਰ ਕੀਤਾ।

ਮੁਹੰਮਦ ਅਲੀ ਨੇ ਮੁੱਕੇਬਾਜ਼ੀ ਦੇ ਨਾਲੋ ਨਾਲ ਮਾੜੀ ਮੋਟੀ ਸ਼ਾਇਰੀ ਵੀ ਕੀਤੀ ਤੇ ਇਸਲਾਮ ਬਾਰੇ ਲੈਕਚਰ ਵੀ ਕੀਤੇ। 1980 ਵਿੱਚ ਮਾਸਕੋ ਦੀਆਂ ਓਲੰਪਿਕ ਖੇਡਾਂ ਦੇ ਬਾਈਕਾਟ ਲਈ ਅਮਰੀਕਾ ਸਰਕਾਰ ਨੇ ਉਹਨੂੰ ਆਪਣਾ ਬੁਲਾਰਾ ਬਣਾ ਕੇ ਅਫਰੀਕਾ ਦੇ ਮੁਸਲਮਾਨੀ ਮੁਲਕਾਂ ਵਿੱਚ ਭੇਜਿਆ ਪਰ ਉਹ ਆਪਣੇ ਮਿਸ਼ਨ ਵਿੱਚ ਫੇਲ੍ਹ ਹੋਇਆ। ਉਹ ਇਸਲਾਮ ਦੇ ਪ੍ਰਚਾਰ ਲਈ ਪੜ੍ਹਨ ਸਮੱਗਰੀ ਉਤੇ ਆਪਣੇ ਦਸਖ਼ਤ ਕਰ ਕੇ ਲੋਕਾਂ `ਚ ਵੰਡਦਾ ਰਿਹਾ। ਉਸ ਨੇ ਆਪਣੇ ਚਾਹੁਣ ਵਾਲਿਆਂ ਵਿੱਚ ਇਸਲਾਮਿਕ ਨਿਸ਼ਾਨੀਆਂ ਵੀ ਵੰਡੀਆਂ। ਉਹ ਆਪਣੇ ਗੋਲ ਭਰਵੇਂ ਚਿਹਰੇ, ਗੰਭੀਰ ਮੁਦਰਾ ਤੇ ਧੀਮੀ ਆਵਾਜ਼ ਵਿੱਚ ਅੱਲਾ ਨੂੰ ਯਾਦ ਕਰਦਾ ਰਿਹਾ।

ਸਰਗਰਮ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਪਿੱਛੋਂ ਉਸ ਨੂੰ ਇੱਕ ਵਾਰ ਮੁੜ ਮੁੱਕੇਬਾਜ਼ੀ ਦਾ ਫਤੂਰ ਕੁੱਦ ਪਿਆ ਸੀ। ਉਸ ਨੇ ਮਸ਼ਹੂਰ ਮੁੱਕੇਬਾਜ਼ ਲੈਰੀ ਹੋਮਜ਼ ਨੂੰ ਲਲਕਾਰ ਦਿੱਤਾ ਸੀ। ਦੋ ਅਕਤੂਬਰ 1980 ਦੀ ਰਾਤ ਨੂੰ ਵਿਸ਼ਵ ਚੈਂਪੀਅਨ ਲੈਰੀ ਹੋਮਜ਼ ਨੇ ਮੁਹੰਮਦ ਅਲੀ ਉਤੇ ਉਹ ਮੁੱਕਿਆਂ ਦੀ ਬੁਛਾੜ ਕੀਤੀ ਕਿ ਅਲੀ ਤੇ ਅਸਲੋਂ ਆਉਸਾਨ ਮਾਰੇ ਗਏ। ਉਹਦੇ ਤੌਰ ਉੱਡੇ ਰਹੇ। ਕੇਵਲ ਸੱਤਵੇਂ ਗੇੜ `ਚ ਅਲੀ ਨੇ ਕੁੱਝ ਜੌਹਰ ਵਿਖਾਏ ਪਰ ਪਹਿਲਾਂ ਵਾਲੀ ਗੱਲ ਨਾ ਬਣੀ। ਅਗਲੇ ਤਿੰਨ ਗੇੜਾਂ `ਚ ਲੈਰੀ ਹੋਮਜ਼ ਨੇ ਮੁਹੰਮਦ ਅਲੀ ਦਾ ਮਲੀਆਮੇਟ ਕਰ ਦਿੱਤਾ। ਦਸਵੇਂ ਗੇੜ ਪਿੱਛੋਂ ਉਹ ਦਮ ਲੈਣ ਬੈਠਾ ਤੇ ਗਿਆਰਵੇਂ ਗੇੜ ਲਈ ਉੱਠ ਨਾ ਸਕਿਆ। ਇੰਜ ਇਤਿਹਾਸ ਦੇ ਸਭ ਤੋਂ ਤਕੜੇ ਮੁੱਕੇਬਾਜ਼ ਦੀ ਹਾਰ ਨਾਕ ਆਊਟ ਦੀ ਨਮੋਸ਼ੀ ਨਾਲ ਹੋਈ ਜੋ ਕਿਸੇ ਦੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ।

ਵੇਖਣ ਵਾਲੇ ਦੱਸਦੇ ਸਨ ਕਿ ਹਾਰ ਜਾਣ ਪਿੱਛੋਂ ਉਹ ਕਈ ਮਿੰਟ ਸਟੂਲ ਤੋਂ ਉੱਠ ਨਹੀਂ ਸੀ ਸਕਿਆ। ਉਹਦਾ ਚਿਹਰਾ ਲੱਥ ਗਿਆ ਸੀ ਤੇ ਭਵੰਤਰੀਆਂ ਨਜ਼ਰਾਂ ਇੰਜ ਸਨ ਜਿਵੇਂ ਕਿਸੇ ਡਰਾਉਣੇ ਸੁਫਨੇ `ਚੋਂ ਜਾਗਿਆ ਹੋਵੇ। ਪਰ ਅਗਲੇ ਦਿਨ ਉਹਨੇ ਫਿਰ ਬੜ੍ਹਕ ਮਾਰੀ ਜਿਵੇਂ ਕਿ ਉਹ ਹਾਰਨ ਪਿੱਛੋਂ ਹਮੇਸ਼ਾਂ ਮਾਰਿਆ ਕਰਦਾ ਸੀ, “ਮੁਹੰਮਦ ਅਲੀ ਨੂੰ ਮੁੱਕ ਗਿਆ ਨਾ ਸਮਝੋ। ਮੈਂ ਇੱਕ ਵਾਰ ਫਿਰ ਅਖਾੜੇ `ਚ ਉੱਤਰਾਂਗਾ ਤੇ ਸਾਬਤ ਕਰ ਦਿਆਂਗਾ ਕਿ ਅਲੀ ਸੱਚਮੁੱਚ ਮਹਾਨ ਹੈ!”

ਪਰ ਇਹ ਸਿਰਫ਼ ਬੜ੍ਹਕ ਹੀ ਸੀ। ਉਹਦੀ ਮੁੱਕੇਬਾਜ਼ੀ ਦੇ ਦਿਨ ਮੁੱਕ ਚੁੱਕੇ ਸਨ ਪਰ ਬੜ੍ਹਕਾਂ ਨਹੀਂ ਸਨ ਮੁੱਕੀਆਂ। ਉਹ ਪਾਰਕਿਨਸਨ ਦਾ ਮਰੀਜ਼ ਬਣ ਗਿਆ ਸੀ ਤੇ ਹਰ ਵੇਲੇ ਕੰਬਦੇ ਰਹਿਣਾ ਉਹਦੇ ਭਾਗ ਬਣ ਗਏ ਸਨ। 1996 ਵਿੱਚ ਅਟਲਾਂਟਾ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ ਕੰਬਦੇ ਹੱਥਾਂ ਨਾਲ ਖੇਡਾਂ ਦੀ ਜੋਤ ਜਗਾਈ ਸੀ ਤੇ ਉਹਦੇ ਦਰਸ਼ਨ ਕੁਲ ਦੁਨੀਆਂ ਨੇ ਇੱਕ ਵਾਰ ਫਿਰ ਕੀਤੇ ਸਨ। ਪਰ ਉਹ ਪਹਿਲਾਂ ਵਾਲਾ ਮੁਹੰਮਦ ਅਲੀ ਨਹੀਂ ਸੀ ਲੱਗਦਾ। ਹੁਣ ਵੀ ਉਹ ਪਾਰਕਿਨਸਨ ਦੀ ਬਿਮਾਰੀ ਨਾਲ ਜੂਝ ਰਿਹੈ ਤੇ ਕੋਈ ਪਤਾ ਨਹੀਂ ਉਮਰ ਦੀ ਡੋਰ ਕਦੋਂ ਟੁੱਟ ਜਾਵੇ। ਸਾਧੂ ਦਿਆ ਸਿੰਘ ਨੇ ਆਪਣੇ ਚਿੱਠੇ ਜ਼ਿੰਦਗੀ ਬਿਲਾਸ ਵਿੱਚ ਸੱਚ ਹੀ ਕਿਹਾ ਹੈ-ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਜੱਗ `ਤੇ ਸਦਾ ਨਾ ਚੜ੍ਹੀ ਰਹਿਣੀ।