
ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਨ੍ਹਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰਕੇ ਹੀ ਸਵੇਰ ਵੇਲੇ ਸੂਰਜ ਚੜ੍ਹਦਾ ਹੈ ਅਤੇ ਗਰਮੀਆਂ ਦੇ ਅੰਤ `ਤੇ ਨੀਲ ਦਰਿਆ ਵਿੱਚ ਹੜ ਆਉਂਦਾ ਹੈ।