ਅਗਸਤ 11, 2026

writingDetail.created_by
By: ਗੁਰਜੀਤ ਗਿੱਲ

ਕਵਿਤਾਵਾਂ-ਭਾਗ ਚੌਥਾ

ਟੁੱਟ ਪੈਣਾ

March 2020

 

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਮੈਨੂੰ ਨਾ ਬੁਲਾਈਂ ਬਹਿ ਕੇ ਕੱਲਾ ਟੁੱਕ ਖਾਈਂ ਵੇ

ਮੈਨੂੰ ਨਾ ਬੁਲਾਈਂ ਵੇ ਮੈਨੂੰ ਨਾ ਬੁਲਾਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਬੇਬੇ ਰੋਜ਼ ਲਾ ਕੇ ਤੈਨੂੰ ਲੁੱਤੀਆਂ ਸੁਣਾਉਂਦੀ ਏ

ਲਾਹ ਕੇ ਖੱਲ ਵਾਲ਼ ਦੀ ਉਹ ਜੁੱਤੀਆਂ ਬਣਾਉਂਦੀ ਏ

ਤੂੰ ਵੀ ਲਾਈ ਲੱਗ ਰੀਣ ਮੱਤ ਤੈਨੂੰ ਨਾਹੀਂ ਵੇ

ਆਪੇ ਤੂੰ ਪਕਾਈਂ ਲੱਗ ਮਾਂ ਦੇ ਗੋਡੇ ਖਾਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਮੈਨੂੰ ਨਾ ਬੁਲਾਈਂ ਬਹਿ ਕੇ ਕੱਲਾ ਟੁੱਕ ਖਾਈਂ ਵੇ

ਭੈਣ ਤੇਰੀ ਡੈਣ ਮੈਨੂੰ ਚੰਢੀ ਕਹਿ ਕੇ ਸੱਦ ਦੀ ਏ

ਹਰ ਵੇਲ਼ੇ ਫ਼ੋਨ ਚੜ੍ਹੀ ਜਣਾ ਖਣਾ ਠੱਗਦੀ ਏ

ਤਾਂਹੀਓਂ ਲੈਣ ਰੋਜ਼ ਗਲ਼ੀ ਆਸ਼ਕਾਂ ਦੀ ਲਗਦੀ ਏ

ਮੱਚਦਾ ਕਲੇਜਾ ਮੇਰਾ ਹੱਥ ਨਾ ਤੂੰ ਲਾਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਮੈਨੂੰ ਨਾ ਬੁਲਾਈਂ ਬਹਿ ਕੇ ਕੱਲਾ ਟੁੱਕ ਖਾਈਂ ਵੇ

ਬਾਪੂ ਤੇਰਾ ਖ਼ਰਚੀਲੀ ਆਖ ਮੈਨੂੰ ਭੰਡਦਾ ਏ

ਨੌਕਰੀ ਕਰਾਂ ਤੇ ਨਾਲ਼ੇ ਦਾਸ ਮੈਂ ਕੁਟੰਬ ਵੇ

ਆਪ ਮੈਂ ਕਮਾਵਾਂ ਕਿਹੜਾ ਹੱਥ ਅੱਡ ਮੰਗਦਾ ਏ

ਭੁੱਲ ਕੇ ਵੀ ਪੇਕਿਆਂ ਨੂੰ ਵਿੱਚ ਨਾ ਲਿਆਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਮੈਨੂੰ ਨਾ ਬੁਲਾਈਂ ਬਹਿ ਕੇ ਕੱਲਾ ਟੁੱਕ ਖਾਈਂ ਵੇ

ਯਾਰ ਬੇਲੀ ਕਹਿਨਾ ਜੀਹ ਨੂੰ ਜੁੰਡਲੀ ਮੈਂ ਵੇਖੀ ਆ

ਭੈਣ ਮੇਰੀ ਹਰ ਘਰ ਯਾਰ ਤੇਰੇ ਔਖੀ ਆ

ਅਵੀਆਂ ਤੇ ਤਵੀਆਂ ਜਾਹ ਯਾਰਾਂ ਨੂੰ ਸੁਣਾਈਂ ਵੇ

ਜਾਹ ਕੇ ਖਾ ਕੇ ਪੀ ਕੇ ਓਥੇ ਹੀ ਤੂੰ ਲੰਮੀਂ ਲਾਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਮੈਨੂੰ ਨਾ ਬੁਲਾਈਂ ਬਹਿ ਕੇ ਕੱਲਾ ਟੁੱਕ ਖਾਈਂ ਵੇ

ਅੱਜ ਬੱਸ ਕਿਸੇ ਨੇ ਵੀ ਕਿਸੇ ਨੂੰ ਮਨਾਉਣਾ ਨਹੀਂ

ਛੇ ਫੁੱਟ ਦਾਇਰੇ ਚ ਪੈਰ ਨੂੰ ਵੀ ਪਾਉਣਾ ਨਹੀਂ

ਤੇਰੇਆਂ ਚਲਿੱਤਰਾਂ ਨੇ ਕੰਮ ਤੇਰੇ ਆਉਣਾ ਨਹੀਂ

ਪਿਆਰ ਨਾ ਜਤਾਈਂ ਆਪੇ ਆਪ ਨੂੰ ਲੁਭਾਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

ਮੈਨੂੰ ਨਾ ਬੁਲਾਈਂ ਬਹਿ ਕੇ ਕੱਲਾ ਟੁੱਕ ਖਾਈਂ ਵੇ

ਮੈਨੂੰ ਨਾ ਬੁਲਾਈਂ ਵੇ ਮੈਨੂੰ ਨਾ ਬੁਲਾਈਂ ਵੇ

ਟੁੱਟ ਪੈਣੇ ਵੈਰੀਆ ਵੇ ਮੈਂਨੂੰ ਨਾ ਬੁਲਾਈਂ ਵੇ

**************************

ਬੇਵਜ੍ਹਾ

March 2020

 

ਬੇਵਜ੍ਹਾ ਬੇਵਾਸਤਾ ਨਾ ਮਿਲਦੀਆਂ ਨਜ਼ਰਾਂ

ਤੇਰੀਆਂ ਬਦਮਾਸ਼ੀਆਂ ਨੂੰ ਪਿਆਰ ਕਹਾਂ ਕਿ ਨਾ

ਵੇ ਦੱਸ ਤੂੰ ਪਿਆਰ ਕਹਾਂ ਕਿ ਨਾ

ਖੌਰੇ ਕੀਕਣ ਜਾਣ ਗਈਆਂ ਦਿਲ ਦੀਆਂ ਰਮਜ਼ਾਂ

ਨਾਮ ਤੇਰੇ ਨਾਲ਼ ਮੇਰਾ ਜੋੜਤਾ ਸਖੀਆਂ

ਬੇਤੁਕੀ ਅਫ਼ਵਾਹ ਕਹਿ ਕੇ ਏਸ ਤੇ ਹੱਸ ਦਾਂ

ਜਾਂ ਮੈਂ ਹੱਸ ਕੇ ਦੱਸ ਦੇਵਾਂ ਦਿਲ ਦੀਆਂ ਸੱਧਰਾਂ

ਵੇ ਦੱਸ ਤੂੰ ਦੱਸ ਦਿਆਂ ਕਿ ਨਾ

ਭਿੱਜੀਆਂ ਜਜ਼ਬਾਤ ਦੇ ਵਿੱਚ ਉਲਝੀਆਂ ਸੋਚਾਂ

ਅੱਧੀ ਅੱਧੀ ਰਾਤੀ ਮੈਨੂੰ ਆਵੇ ਨੀਂਦ ਨਾ

ਮੰਨਦਾ ਨਹੀ ਦਿਲ ਮੇਰਾ ਚਾਹੇ ਜੋ ਕਹਾਂ

ਕਹਿੰਦਾ ਗਲ਼ੀ ਜਾ ਕੇ ਤੇਰੀ ਗੁੰਮ ਜਾਨੇ ਆਂ

ਵੇ ਦੱਸ ਤੂੰ ਆ ਜਾਵਾਂ ਕਿ ਨਾ

ਰੋਜ਼ ਮੇਰਾ ਦਿਲ ਕਹੇ ਜੇ ਮਿਲ ਗਈਆਂ ਅੱਖੀਆਂ

ਆਖ ਦੇਣਾ ਹਾਕ ਲਾ ਕੇ ਤੈਨੂੰ ਮੈਂ ਸੱਜਣਾਂ

ਮਨ ਮਲੰਗ ਹੋਇਆ ਕਦ ਦਾ ਤੇਰੀ ਚਾਹਤਾਂ

ਵੇਖ ਤੈਨੂੰ ਭੁੱਲ ਜਾਂਦੀ ਬੋਲਣਾ ਜ਼ੁਬਾਨ

ਵੇ ਦੱਸ ਤੂੰ ਆਖ ਦਵਾਂ ਕਿ ਨਾ

ਬੇਵਜ੍ਹਾ ਬੇਵਾਸਤਾ ਨਾ ਮਿਲਦੀਆਂ ਨਜ਼ਰਾਂ

ਤੇਰੀਆਂ ਬਦਮਾਸ਼ੀਆਂ ਨੂੰ ਪਿਆਰ ਕਹਾਂ ਕਿ ਨਾ

ਵੇ ਦੱਸ ਤੂੰ ਪਿਆਰ ਕਹਾਂ ਕਿ ਨਾ

*********************

ਕਾਫ਼ਰ

May 2019

 

ਮੁੱਕ ਜਾਣੇ ਨੇ ਸਾਹ ਵੀ

ਨਾ ਹੀ ਆਤਮਾ ਅਮਰ ਹੈ

ਤੇਰਾ ਸਾਥ ਮੈਨੂੰ ਜਦ ਤੁੱਕ

ਕਿੰਨਾ ਹਸੀਨ ਸਫਰ ਹੈ

ਮੰਜ਼ਿਲ ਹੈਂ ਜੇ ਤੂੰ ਰਾਹ ਦੀ

ਮਨ ਭਾਉਂਦੀ ਹਰ ਡਗਰ ਹੈ

ਧੜਕਾਂ ਜੇ ਤੇਰੇ ਦਿਲ ਵਿੱਚ

ਫਿਰ ਮੈਨੂੰ ਕਿਸ ਦਾ ਡਰ ਹੈ

ਪਤਝੜ ਵੀ ਹੈ ਬਸੂੰਤੀ

ਮਨ ਮੇਰਾ ਬੇਖ਼ਬਰ ਹੈ

ਬੇਮੁੱਖ ਮੈਂ ਹੋਇਆ ਸਭ ਤੋਂ

ਤੇਰੇ ਪਿਆਰ ਦਾ ਅਸਰ ਹੈ

ਤਪਿਆ ਮੈਂ ਇਸ਼ਕ ਤੇਰੇ

ਕੁੰਦਨ ਮੈਂ ਹੋਇਆ ਬਲ਼ ਕੇ

ਕਿਹਾ ਰੰਗ ਅੰਗ ਚੜ੍ਹਿਆ

ਖੁਸ਼ਬੂ ਤੇਰੀ ਚ ਰਲ਼ ਕੇ

ਰਹਿਬਰ ਤੋਂ ਮੈਂ ਕੀ ਲੈਣਾ

ਦਿਲਦਾਰ ਹਮਸਫ਼ਰ ਹੈ

ਰਹਾਂ ਜ਼ਿਹਨ ਤੇਰੇ ਵੁੱਸਦਾ

ਖਣ ਖਣ ਚੜੀ ‘ਚ ਹੁੱਸਦਾ

ਝਣ ਝਣ ਕੇ ਪੈਰੀਂ ਵੱਜਦਾ

ਉੁੱਡ ਉੁੱਡ ਕੇ ਗਲ਼ ਨੂੰ ਲੁੱਗਦਾ

ਮੈਨੂੰ ਹੋਸ਼ ਹੀ ਰਹੇ ਨਾ

ਕਿ ਮੈਂ ਆਪ ਹਾਂ ਯਾ ਦਿਲਬਰ ਹਾਂ

***********************

ਮੁਰਾਦ

March 2019

 

ਮੇਰੇ ਮਨ ਦੀ ਮੁਰਾਦ ਸੀ ਕਿ ਤੇਰਾ ਪਿਆਰ ਮਿਲ਼ੇ

ਤੇਰੇ ਹਰ ਗ਼ਮ ਨੂੰ ਮੈਂ ਸਹਾਂ ਤੈਨੂੰ ਕਰਾਰ ਮਿਲ਼ੇ

ਬਹਾਰ ਆਵੇ ਨਾ ਆਵੇ ਤੇਰਾ ਦੀਦਾਰ ਮਿਲ਼ੇ

ਤੂੰ ਪਹਿਲੀ ਬਾਰ ਜਦ ਤੱਕਿਆ ਸੀ ਮੈਨੂੰ ਜੀ ਭਰ ਕੇ

ਕਿਸੇ ਬੇਗਾਨੇ ਦਾ ਇੱਕ ਦਮ ਚ ਅਪਣਾ ਹੋ ਜਾਣਾ

ਭਰੇ ਬਾਜ਼ਾਰ ਦੇ ਵਿੱਚ ਦੋ ਦਿਲਾਂ ਦਾ ਖੋ ਜਾਣਾ

ਮੇਰੇ ਮਨ ਦੀ ਮੁਰਾਦ ਸੀ ਕਿ ਤੇਰਾ ਪਿਆਰ ਮਿਲ਼ੇ

ਮੈਂ ਇੰਤਜ਼ਾਰ ਚ ਬੈਠਾਂ ਤੇਰਾ ਦੀਦਾਰ ਮਿਲ਼ੇ

ਮੈਨੂੰ ਅਹਿਸਾਸ ਅੱਜ ਵੀ ਹੈ ਤੇਰੀ ਪਹਿਲੀ ਛੋਹ ਦਾ

ਤੇਰਾ ਵਜੂਦ ਹਰ ਉਲਝਣ ਦਾ ਸਾਰ ਬਣ ਜਾਣਾ

ਲੜਖੜਾਓਂਦੇ ਹੋਏ ਲਫਜ਼ਾਂ ਦਾ ਗੀਤ ਬਣ ਜਾਣਾ

ਮੇਰੇ ਮਨ ਦੀ ਮੁਰਾਦ ਸੀ ਕਿ ਤੇਰਾ ਪਿਆਰ ਮਿਲ਼ੇ

ਹਰ ਤਸੱਵਰ ਨੂੰ ਮਿਲ਼ੇ ਜਦ ਤੇਰੀ ਨੁਹਾਰ ਮਿਲ਼ੇ

ਅਜੇ ਵੀ ਯਾਦ ਹੈ ਬੇਬਾਕ ਤੇਰੀ ਮਸਤ ਅਦਾ

ਬੇਧੜਕ ਹੋ ਕੇ ਤੇਰਾ ਨਾਲ਼ ਮੇਰੇ ਵਹਿ ਜਾਣਾ

ਹੋ ਕੇ ਬੇਕਾਬੂ ਧੜਕਣਾਂ ਦਾ ਵੇਗ ਫੜ ਜਾਣਾ

ਮੇਰੇ ਮਨ ਦੀ ਮੁਰਾਦ ਸੀ ਕਿ ਤੇਰਾ ਪਿਆਰ ਮਿਲ਼ੇ

ਹਰ ਕਿਸੇ ਸਾਜ਼ ਚ ਵੱਜਦੀ ਤੇਰੀ ਝਣਕਾਰ ਮਿਲ਼ੇ ਅ

ਜੇ ਵੀ ਯਾਦ ਤੇਰੀ ਖ਼ਾਬ ਬਣ ਕੇ ਆਓਂਦੀ ਏ

ਮੇਰੀ ਜ਼ੁਬਾਨ ਤੇਰਾ ਨਾਮ ਥਰਥਰਾਓਂਦੀ ਏ

ਨਾਮੁਕੰਮਲ ਹੋਏ ਅਹਿਸਾਸ ਨੂੰ ਜਗਾਉਂਦੀ ਏ

ਮੇਰੇ ਮਨ ਦੀ ਮੁਰਾਦ ਸੀ ਕਿ ਤੇਰਾ ਪਿਆਰ ਮਿਲ਼ੇ

ਤੇਰੇ ਹਰ ਗ਼ਮ ਨੂੰ ਮੈਂ ਸਹਾਂ ਤੈਨੂੰ ਕਰਾਰ ਮਿਲ਼ੇ

ਬਹਾਰ ਆਵੇ ਨਾ ਆਵੇ ਤੇਰਾ ਦੀਦਾਰ ਮਿਲ਼ੇ

*****************************

ਚੰਨ ਦੇ ਟੁਕੜੇ

 

March 2019

 

ਇੰਜ ਸਦਾ ਨਾ ਸੀ ਅਸੀਂ ਉੱਖੜੇ

ਅਸੀਂ ਵੀ ਸੀ ਕਦੇ ਚੰਨ ਦੇ ਟੁਕੜੇ

ਜੱਗ ਤੋਂ ਡਰਦੀ ਲਾਓਂਦੀ ਸੀ ਮਾਂ

ਸਾਡੀ ਗੱਲ੍ਹ ਵੀ ਨਜ਼ਰਾਂ ਪੁੱਟੜੇ

ਨੰਨ੍ਹੇ ਮੁੰਨੇ ਭੋਲ਼ੇ ਭਾਲ਼ੇ

ਬੋਲ ਸੀ ਸਾਡੇ ਤੋਤੜੇ ਤੋਤੜੇ

ਰੀਝਾਂ ਚਾਵਾਂ ਦੇ ਨਾਲ਼ ਭੈਣਾ

ਚੁੱਕੀ ਰੱਖਣ ਸਾਨੂੰ ਕੁੱਛੜੇ

ਥਾਲ਼ੀ ਭਾਂਵੇ ਮੰਨ ਸੀ ਰੁੱਖੜੇ

ਨਾ ਕੋਈ ਫਿਕਰ ਤੇ ਨਾ ਕੋਈ ਦੁੱਖੜੇ

ਪੈਰੀਂ ਖੋਸੇ ਖੱਦਰ ਕੱਪੜੇ

ਵਿੱਚ ਸਾਦੇ ਅੰਤਾਂ ਦੇ ਸੁੱਖੜੇ

ਮੇਲੇ ਜਾਣਾ ਮਾਰ ਛੜੁੱਪੜੇ

ਵੇਂਹਦਾ ਸੀ ਹਰ ਕੋਈ ਮੁੜ ਕੇ

ਬੋਝੇ ਨਾ ਸੀ ਹੁੰਦੇ ਦਮੜੇ

ਪਰ ਪੈਂਦੇ ਸੀ ਹਰ ਦਮ ਭੰਗੜੇ

ਚੜ੍ਹੀ ਜੁਆਨੀ ਮਾਰ ਦੁੜਕੜੇ

ਕਣਕਾਂ ਭਿੰਨੇ ਨਕਸ਼ ਸੁਨੱਖੜੇ

ਅੱਖ ਨਸ਼ੀਲੀ ਚਾਲ ਮਟਕੜੇ

ਜੋਬਨ ਠਾਠਾਂ ਮਾਰ ਡਲਕੜੇ

ਲੰਘ ਜਾਦੇ ਵਿਚ ਰਾਹ ਦੇ ਜੇਹੜੇ

ਬੰਨ੍ਹ ਚਾਦਰੇ ਧਰਤ ਸੰਭਰਦੇ

ਛੱਡ ਕੇ ਤੁਰਲੇ ਲਾਲ ਸੁਰਖੜੇ

ਕਰਦੀਆਂ ਹੂਰਾਂ ਅੱਖ ਮਟੱਕੜੇ

ਵਕਤ ਦੇ ਪਏ ਫੇਰ ਸਾਨੂੰ ਰਖੜੇ

ਵੇਖੇ ਹਰ ਕੋਈ ਆਖੇ ਬੁੱਢੜੇ

ਮਨ ਬੱਚਾ ਪਰ ਜਿਸਮੋਂ ਉੱਧੜੇ

ਡੁੱਬ ਗਿਆ ਚੰਨ ਤੇ ਰਹਿ ਗਏ ਟੁਕੜੇ

***********************

ਇਬਾਦਤਾਂ

December 2018

 

ਕੌਣ ਕਹਿੰਦਾ ਮੈਂ ਕਦੇ ਵੀ ਨਾ ਕਰਾਂ ਇਬਾਦਤਾਂ

ਨੂਰ ਇੱਕਨੂਰ ਦਾ ਨਾ ਲਫ਼ਜ਼ 'ਚ ਹੋਵੇ ਬਿਆਨ

ਥੌਹ ਮਿਲ਼ੇ ਤਾਂ ਬੁੱਝ ਲਵਾਂ ਮੈਂ ਸਾਰੀਆਂ ਬੁਝਾਰਤਾਂ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਕੌਣ ਕਹਿੰਦਾ ਮੈਂ ਕਦੇ ਵੀ ਨਾ ਕਰਾਂ ਇਬਾਦਤਾਂ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਮਸਤ ਹੋ ਕੇ ਨੱਚਦੀਆਂ ਨੇ ਜਦ ਘਟਾਵਾਂ ਕਾਲ਼ੀਆਂ

ਹੌਲ਼ੀ ਹੌਲ਼ੀ ਉੱਠਦੀਆਂ ਨਸ਼ੇ ਦੀਆਂ ਪਿਆਲੀਆਂ

ਲੋਚਦਾ ਹੈ ਮਨ ਜਦੋਂ ਸੂਹੇ ਬੁੱਲ੍ਹਾਂ ਦੀ ਲਾਲੀਆਂ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਕੌਣ ਕਹਿੰਦਾ ਮੈਂ ਕਦੇ ਵੀ ਨਾ ਕਰਾਂ ਇਬਾਦਤਾਂ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਬਿਹਾਗ ਦੀ ਤਰੰਗ ਛੇੜੇ ਬਣ ਉਮੰਗ ਰਾਗਣੀ

ਥਿਰਕਦੀ ਮਗਰੂਰ ਹੋ ਕੇ ਲਹਿਰ ਉੱਤੇ ਚਾਨਣੀ

ਰੁਣਕ ਝੁਣਕ ਪਾਇਲਾਂ ਕਰਨ ਮਨਾਂ ਦੀ ਮਾਨੀਆਂ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਕੌਣ ਕਹਿੰਦਾ ਮੈਂ ਕਦੇ ਵੀ ਨਾ ਕਰਾਂ ਇਬਾਦਤਾਂ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਰੁਖ਼ ਤੇ ਸ਼ਬਾਬ ਮਾਹਤਾਬ ਹੁਸਨ ਤੇ ਜਵਾਨੀਆਂ

ਤੇਰੇਆਂ ਜਲੌ ਦੀਆਂ ਨੇ ਸਾਨੂੰ ਮਿਹਰਬਾਨੀਆਂ

ਨਾਮ ਤੇਰਾ ਬੰਦਗੀ ਤੇ ਤੇਰਾ ਹੀ ਉਪਾਸਨਾ

ਹਸਰਤਾਂ ਇਹ ਦਿਲ ਦੀਆਂ ਇਬਾਦਤਾਂ ਨੇ ਮੇਰੀਆਂ

ਕੌਣ ਕਹਿੰਦਾ ਮੈਂ ਕਦੇ ਵੀ ਨਾ ਕਰਾਂ ਇਬਾਦਤਾਂ

ਨੂਰ ਇੱਕਨੂਰ ਦਾ ਨਾ ਲਫ਼ਜ਼ 'ਚ ਹੋਵੇ ਬਿਆਨ

ਹਸਰਤਾਂ ਮੈਂ ਦਿਲ ਦੀਆਂ ਨੂੰ ਕੀ ਕਹਾਂ ਕੀ ਨਾਂ ਦਵਾਂ

ਮੇਰੀਆਂ ਇਬਾਦਤਾਂ ਦੀਆਂ ਨੇ ਇਹ ਕਹਾਣੀਆਂ

***************************

ਮੁੰਤਜ਼ਰ

December 2018

 

ਮੇਰੀ ਪਲਕਾਂ ਨੂੰ ਖੁੱਲਿਆਂ ਰਹਿਣ ਦਓ

ਘੜੀ ਇੱਕ ਹੋਰ ਤਾਂ ਠੈਹਰੋ

ਘੜੀ ਇੱਕ ਹੋਰ ਇਹ ਰਾਹ ਤੱਕ ਲੈਣ ਦਓ

ਕਿਸੇ ਦਾ ਕਰਾਰ ਬਾਕੀ ਹੈ

ਮੇਰਾ ਇੰਤਜ਼ਾਰ ਬਾਕੀ ਹੈ

ਮੇਰੀ ਪਲਕਾਂ ਨੂੰ ਖੁੱਲਿਆਂ ਰਹਿਣ ਦਓ

ਜ਼ਰਦ ਪੱਤਿਆਂ ਨੂੰ ਰੁੱਖ ਤੇ ਰਹਿਣ ਦਓ

ਮੇਰਾ ਦਾਮਨ ਸਮੇਟੋ ਨਾ

ਮੇਰਾ ਦਾਮਨ ਖ਼ਿਜ਼ਾਂ ਨੂੰ ਰੰਗ ਲੈਣ ਦਓ

ਕਿਸੇ ਦੀ ਬਹਾਰ ਬਾਕੀ ਹੈ

ਰੰਗ ਬੇਸ਼ੁਮਾਰ ਬਾਕੀ ਹੈ

ਮੇਰੀ ਪਲਕਾਂ ਨੂੰ ਖੁੱਲਿਆਂ ਰਹਿਣ ਦਓ

ਬਦ ਗੁਮਾਨ ਆਸ ਨੂੰ ਅੱਕ ਲੈਣ ਦਓ

ਅਜੇ ਬੇ-ਈਮਾਨ ਆਖੋ ਨਾ

ਮੇਰਾ ਈਮਾਨ ਤਾਂ ਟੁੱਟ ਲੈਣ ਦਓ

ਕਿਸੇ ਦਾ ਇਨਕਾਰ ਬਾਕੀ ਹੈ

ਮੇਰਾ ਐਤਬਾਰ ਬਾਕੀ ਹੈ

ਮੇਰੀ ਪਲਕਾਂ ਨੂੰ ਖੁੱਲਿਆਂ ਰਹਿਣ ਦਓ

ਸਰਦ ਸੂਰਜ ਨੂੰ ਤਾਂ ਡੁੱਬ ਲੈਣ ਦਓ

ਘੜੀ ਇੱਕ ਹੋਰ ਤਾਂ ਠੈਹਰੋ

ਘੜੀ ਇੱਕ ਹੋਰ ਇਹ ਰਾਹ ਤੱਕ ਲੈਣ ਦਓ

ਕਿਸੇ ਦਾ ਇਜ਼ਹਾਰ ਬਾਕੀ ਹੈ

ਆਖਰੀ ਦਿਦਾਰ ਬਾਕੀ ਹੈ

ਮੇਰੀ ਪਲਕਾਂ ਨੂੰ ਖੁੱਲਿਆਂ ਰਹਿਣ ਦਓ

**************************

ਬੇਲੀ

November 2018

ਬੀਤ ਗਿਆ ਦਿਣ ਉਤਰ ਗਿਆ ਸੂਰਜ ਚੜ੍ਹ ਕੇ

ਆਹ ਦਿਲਾਂ ਦੇ ਵਿੱਚ ਇੱਕ ਰੜਕੇ

ਯਾਰਾਂ ਦੀ ਇੱਕ ਡਾਰ ਵਿੱਛੜ ਗਈ ਜੋ ਤੜਕੇ

ਵਕਤ ਨਾ ਰੱਖਿਆਂ ਰੱਖ ਹੋਵੇ ਪਿੰਜਰੇ ਫੜ ਕੇ

ਉਮਰ ਨਿਮਾਣੀ ਲੱਥ ਗਈ ਚੜ੍ਹ ਕੇ

ਚਿੱਤ ਵਿੱਚ ਮਿੱਸੀਆਂ ਲੂਣੀਆਂ ਯਾਦਾਂ ਨੂੰ ਜੜ ਕੇ

ਦੱਸਿਓ ਨਾ ਇਹ ਬਾਤ ਕਿਸੇ ਨੂੰ ਵੀ ਪੜ੍ਹ ਕੇ

ਬਹਿ ਜਾਣਾ ਓਨ੍ਹਾ ਦਿਲ ਨੂੰ ਫੜ ਕੇ

ਖੁਸ਼ੀਆਂ ਦੇ ਵਿੱਚ ਰਹਿਣ ਸਦਾ ਵੱਸਦੇ

ਪਿਆਸ ਦਾ ਜਜ਼ਬਾ ਪਿਆਸੇ ਨੂੰ ਹੋਵੇ

ਦਰਿਆ ਸਾਰੇ ਖਾਰੇ ਵਗਦੇ

ਉਂਜਲ ਇੱਕ ਯਾਰਾਂ ਦੀ ਜੀ ਸਦਕੇ

ਘੜੀ ਘੜੀ ਬੂਹਾ ਲੱਗਦਾ ਖੜਕੇ

ਹਰ ਥਾਂ ਦੇਖਾਂ ਮੈਂ ਮੁੜ ਮੁੜ ਕੇ

ਯਾਰਾਂ ਦੀ ਇੱਕ ਡਾਰ ਵਿੱਛੜ ਗਈ ਜੋ ਤੜਕੇ

**************************

ਮੋਹ

November 2018

 

ਚਾਣ ਚੱਕ ਚੜ੍ਹ ਗਿਆ

ਚਾਣ ਚੱਕ ਚੜ੍ਹ ਗਿਆ, ਇਸ਼ਕ ਦਾ ਇਹ ਖੁਮਾਰ

ਫਿਰ ਰਿਹਾ ਨਾ ਮੇਰਾ

ਫਿਰ ਰਿਹਾ ਨਾ ਮੇਰਾ, ਮੇਰੇ ਤੇ ਇਖਿਤਿਆਰ

ਚਾਣ ਚੱਕ ਚੜ੍ਹ ਗਿਆ

ਤੇਰੀ ਮਹਿਕਾਂ ਦਾ ਬੁੱਲਾ ਕਿਤੋਂ ਆ ਗਿਆ

ਮੇਰੇ ਵਾਹੇ ਹੋਏ ਵਾਲ਼ ਉਲ਼ਝਾ ਗਿਆ

ਪਿਆਰ ਦੀ ਗੁੰਝਲ਼ਾਂ 'ਚ ਇਹਿ ਪਾ ਗਿਆ

ਨਿੱਘਾ ਇਹਸਾਸ ਕਾਇਆਂ ਨੂੰ ਤੜਪਾ ਗਿਆ

ਖੌਰੇ ਕਹਿੰਦਾ ਏ ਕੀ

ਖੌਰੇ ਕਹਿੰਦਾ ਏ ਕੀ, ਕੰਨ ਵਿੱਚ ਵਾਰ ਵਾਰ

ਫਿਰ ਰਹੇ ਨਾ ਮੇਰਾ

ਫਿਰ ਰਹੇ ਨਾ ਮੇਰਾ, ਮੇਰੇ ਤੇ ਇਖਿਤਿਆਰ

ਚਾਣ ਚੱਕ ਚੜ੍ਹ ਗਿਆ

ਗੱਲੀਂ ਗੱਲੀਂ ਖਿਆਲਾਂ 'ਚ ਤੂੰ ਆ ਗਿਆ

ਰੰਗ ਤਰਬੂਜੀ ਰੁਖ਼ ਦੇ ਉੱਤੇ ਛਾ ਗਿਆ

ਅੱਖਾਂ ਅੱਖਾਂ ਦੇ ਵਿੱਚ ਹੀ ਇਹ ਕੀ ਹੋ ਗਿਆ

ਮੇਰਾ ਆਪਣਾ ਹੀ ਦਿਲ ਬੇਗਾਨਾ ਹੋ ਗਿਆ

ਨਿੰਮ੍ਹਾ ਨਿੰਮ੍ਹਾ ਚੜ੍ਹੇ

ਨਿੰਮ੍ਹਾ ਨਿੰਮ੍ਹਾ ਚੜ੍ਹੇ, ਮੈਨੂੰ ਜਦ ਇਹ ਬੁਖ਼ਾਰ

ਫਿਰ ਰਹੇ ਨਾ ਮੇਰਾ

ਫਿਰ ਰਹੇ ਨਾ ਮੇਰਾ, ਮੇਰੇ ਤੇ ਇਖਿਤਿਆਰ

ਚਾਣ ਚੱਕ ਚੜ੍ਹ ਗਿਆ

ਮੈਨੂੰ ਲਗਦਾ ਭੁਲੇਖਾ ਜਿਹਾ ਹੋ ਗਿਆ

ਮੈਨੂੰ ਇੱਕ ਪਾਸੇ ਦਾ ਪਿਆਰ ਕਿਓਂ ਹੋ ਗਿਆ

ਮੇਰਾ ਅਲ੍ਹੜਪੁਣਾ ਮੈਥੋਂ ਕਦ ਖੋ ਗਿਆ

ਦਿਲ ਇਸ਼ਕ ਮਿਜਾਜ਼ੀ ਦੇ ਵਿੱਚ ਖੋ ਗਿਆ

ਤੈਨੂੰ ਵੇਖਾਂ ਨਾ ਤਾਂ

ਤੈਨੂੰ ਵੇਖਾਂ ਨਾ ਤਾਂ, ਦਿਲ ਰਹੇ ਬੇਕਰਾਰ

ਤੇ ਰਹੇ ਨਾ ਮੇਰਾ

ਤੇ ਰਹੇ ਨਾ ਮੇਰਾ, ਮੇਰੇ ਤੇ ਇਖਿਤਿਆਰ

ਚਾਣ ਚੱਕ ਚੜ੍ਹ ਗਿਆ

ਚਾਣ ਚੱਕ ਚੜ੍ਹ ਗਿਆ, ਇਸ਼ਕ ਦਾ ਇਹ ਖੁਮਾਰ

ਫਿਰ ਰਿਹਾ ਨਾ ਮੇਰਾ, ਮੇਰੇ ਤੇ ਇਖਿਤਿਆਰ

************************

ਦਰਦ ਪਰਾਏ

August 2018

 

ਯਾਦ ਵੀ ਨਾ ਜਾਏ ਮੌਤ ਵੀ ਨਾ ਆਏ

ਵਫਾ ਨਾਲ ਰਿਸ਼ਤੇ ਗਮਾਂ ਨੇ ਨਿਭਾਏ

ਯਾਦ ਵੀ ਨਾ ਜਾਏ ਮੌਤ ਵੀ ਨਾ ਆਏ

ਜ਼ਿਕਰ ਤੇਰਾ ਹੋਇਆ ਮੇਰਾ ਗੀਤ ਰੋਇਆ

ਮਹਿਫ਼ਲ ਸਵਾਲੀ ਪੁੱਛੇ ਕੀ ਕੁਝ ਹੋਇਆ

ਲਫ਼ਜ਼ ਕਿਤੇ ਕੋਈ ਡਗਮਗਾ ਨਾ ਜਾਏ

ਦਿਲਾਂ ਚ ਦੁਖਾਂ ਨੂੰ ਰਹੇ ਗੁਦਗੁਦਾਓਂਦੇ

ਦੁਨੀਆਂ ਦੀ ਨਜ਼ਰ ਨੂੰ ਰਹੇ ਮੁਸਕੁਰਾਓਂਦੇ

ਬੇਵਫਾ ਨਾ ਤੈਨੂੰ ਕੋਈ ਆਖ ਜਾਏ

ਜੂਨ ਕੰਡਿਆਂ ਦੀ ਕਿਸੇ ਨੂੰ ਨਾ ਆਏ

ਕੇਡੇ ਕੇਡੇ ਗੂੰਗਿਆਂ ਨੇ ਦਰਦ ਹੰਢਾਏ

ਬੈਠੇ ਰਹੇ ਰਾਖੀ ਫੁੱਲ ਸੀ ਪਰਾਏ

ਯਾਦ ਵੀ ਨਾ ਜਾਏ ਮੌਤ ਵੀ ਨਾ ਆਏ

ਹੰਢੇ ਨਾ ਹੰਢਾਏ ਕਦੇ ਦਰਦ ਪਰਾਏ

ਯਾਦ ਵੀ ਨਾ ਜਾਏ ਮੌਤ ਵੀ ਨਾ ਆਏ

**************************

ਸਿਰਫ਼ ਤੂੰ

May 2018

 

ਭੋਰਾ ਤੂੰ ਕਰੇਂ ਮੈਨੂੰ ਵਧ ਹੋਵੇ

ਤੇਰੇ ਪਿਆਰ ਦਾ ਮੈਨੂੰ ਚੱਜ ਹੋਵੇ

ਨਿੱਕੀਆਂ ਨਿੱਕੀਆਂ ਗੱਲਾਂ ਤੂੰ ਕਰੇਂ

ਮੇਰੇ ਸਬਰ ਦੀ ਨਾ ਕੋਈ ਹੱਦ ਹੋਵੇ

ਤੇਰੀ ਕਮੀ ਤੋਂ ਨਾ ਕੋਈ ਵਧ ਹੋਵੇ

ਤੂੰ ਨਾ ਹੋਵੇਂ ਤਾਂ ਨਾ ਜੱਗ ਹੋਵੇ

ਬਿਨ ਤੇਰੇ ਮੇਰੀਆਂ ਸੱਧਰਾਂ ਤੋਂ

ਇਲਜ਼ਾਮ ਨਾ ਕੋਈ ਲੱਗ

ਹੋਵੇ ਮੈਂ ਸੋਚਾਂ ਤੇ ਤੂੰ ਕਿਆਸ ਹੋਵੇਂ

ਹਰ ਪਿਆਸ ਨੂੰ ਤੂੰ ਧਰਵਾਸ ਹੋਵੇਂ

ਜੇ ਤੂੰ ਹੋਵੇਂ ਤਾਂ ਮੈਂ ਹੋਵਾਂ

ਨਹੀਓ ਤਾਂ ਨਾ ਕੋਈ ਸ੍ਵਾਸ ਹੋਵੇ

ਮੇਰੀ ਆਸ ਦਾ ਤੂੰ ਵਿਸ਼ਵਾਸ ਹੋਵੇਂ

ਮੈਂ ਵਿਚਰਾਂ ਤੂੰ ਰਹਿਰਾਸ ਹੋਵੇਂ

ਫਰਿਆਦ ਕਰਾਂ ਮੈਂ ਜਦ ਕੋਈ

ਤੂੰਹੀਓ ਮੇਰੀ ਅਰਦਾਸ ਹੋਵੇਂ

ਜਦ ਹਾਕਾਂ ਮੈਂ ਤੂੰ ਸੱਦ ਹੋਵੇਂ

ਮੇਰੀ ਦੁਨੀਆਂ ਵਿੱਚ ਤੂੰ ਸਭ ਹੋਵੇਂ

ਭਟਕਾਂ ਜੰਗਲ ਤੇ ਤੂੰ ਲੱਭ ਹੋਵੇਂ

ਮੈਂ ਦੀਨ ਹੋਵਾਂ ਤੂੰ ਰੱਬ ਹੋਵੇਂ

***********************

ਦੁਰਲਭ

January 2018

 

ਇੰਦਰ ਧਨੁਸ਼ ਜਿਹੀ ਕਾਇਆਂ ਤੇਰੀ

ਪੈਰੋਂ ਸਿਰ ਤੱਕ ਲਹਿਰਾਈ

ਇਤਰਾਵੇ ਜਦ ਵਲ਼ ਖਾਵੇ

ਖਸਮਾਂ ਨੂੰ ਖਾਣੀ ਅੰਗੜਾਈ

ਨਾਪੀ ਜਾਵੇ ਨਾ ਤੇਰੀ ਅੱਖ ਦੀ

ਕੋਹਾਂ ਜੇਡੀ ਗਹਿਰਾਈ

ਵੀਰਾਨੇ ਨੂੰ ਇੱਕ ਪਲ ਤੱਕ ਲੈ

ਨਿਬੜੇ ਓਹਦੀ ਤਨਹਾਈ

ਕਤਰਾ ਕਤਰਾ ਦਮਕਣ ਮੱਥੀਂ

ਲਾਜ਼ਾਂ ਬਣ ਕੇ ਗਰਮਾਈ

ਮਹਿਕੇ ਪੌਣ ਵਗੇ ਜਿੱਥ ਜਾਵੇਂ

ਸਿੱਲ੍ਹੀ ਸਿੱਲ੍ਹੀ ਪੁਰਵਾਈ

ਚੰਚਲਤਾ ਤੇਰੀ ਠਾਠਾਂ ਮਾਰੇ

ਹਰੇਕ ਅਦਾ ਹਰਜਾਈ

ਹੋਇਆ ਮਸਤ ਦੀਵਾਨਾ ਪਾਗਲ

ਕਰਤਾ ਜਪ ਤਪ ਸੌਦਾਈ

ਨਿਹਚਲ ਹੋਵੇ ਛੋਹ ਨਾਲ਼ ਤੇਰੀ

ਫ਼ਾਨੀ ਜੀਵਨ ਅਸਥਾਈ

ਸਦਕਾ ਤੇਰੇ ਹਾਲ ਮੁਰੀਦਾਂ

ਜਿੰਦੜੀ ਘੋਲ਼ ਘੁਮਾਈ

ਇੰਦਰ ਧਨੁਸ਼ ਜਿਹੀ ਕਾਇਆਂ ਤੇਰੀ

ਪੈਰੋਂ ਸਿਰ ਤੱਕ ਲਹਿਰਾਈ

ਇਤਰਾਵੇ ਜਦ ਵਲ਼ ਖਾਵੇ

ਖਸਮਾਂ ਨੂੰ ਖਾਣੀ ਅੰਗੜਾਈ

*************************

ਤਮੰਨਾ

November 2017

 

ਮੈਂ ਦੁਨੀਆਂ ਨੂੰ ਗਾਹਾਂ

ਤੂੰ ਹੋਵੇਂ ਦਿਸ਼ਾਵਾਂ

ਮੇਰੇ ਰਾਹ ਦੀਆਂ

ਜਦੋਂ ਗੀਤ ਗਾਵਾਂ

ਤਾਂ ਹੋਵੇ ਤਰਾਨਾ

ਤੇਰੀ ਸ਼ੋਖੀਆਂ

ਤੇਰੀ ਪਿਆਸ ਹੀ ਮੇਰੇ ਹੋਠਾਂ ਨੂੰ ਹੋਵੇ

ਮੇਰਾ ਆਪਾ ਤੇਰੇ ਖਿਆਲਾਂ ਚ ਖੋਵੇ

ਮੇਰੇ ਦਿਲ ਦੀਆਂ ਧੜਕਣਾ ਨੂੰ ਦਵੇ ਥਾਪ ਤੇਰੀ ਅਦਾ

ਮੈਂ ਦੁਨੀਆਂ ਨੂੰ ਗਾਹਾਂ

ਤੂੰ ਹੋਵੇਂ ਦਿਸ਼ਾਵਾਂ

ਮੇਰੇ ਰਾਹ ਦੀਆਂ

ਬਣਾ ਮੈਂ ਕਿਨਾਰਾ

ਤੂੰ ਲੈ ਕੇ ਸਹਾਰਾ

ਬਹੇਂ ਦਰਮਿਆਨ

ਤੇਰੀ ਆਸ ਹੀ ਮੇਰੇ ਹਰ ਪਲ ਨੂੰ ਹੋਵੇ

ਮਿਲਣ ਤੇਰਾ ਮੇਰਾ ਸੁਹਾਗਾਂ ਨੂੰ ਸੋਹੇ

ਤੇਰੀ ਬਾਂਹ ਹੋਵੇ ਮੇਰੀ ਬਾਂਹ ਵਿੱਚ ਜਦ ਮੈਂ ਹੋਵਾਂ ਫ਼ਨਾਹ

ਮੈਂ ਦੁਨੀਆਂ ਨੂੰ ਗਾਹਾਂ

ਤੂੰ ਹੋਵੇਂ ਦਿਸ਼ਾਵਾਂ

ਮੇਰੇ ਰਾਹ ਦੀਆਂ

ਹਰ ਇੱਕ ਰਾਹ ਤੇਰਾ

ਜਦੋਂ ਹੋ ਹਨੇਰਾ

ਬਣਾ ਮੰਜ਼ਿਲਾ

ਤੇਰੀ ਆਰਜ਼ੂ ਹੀ ਹਰ ਇੱਕ ਚਾਹ ਨੂੰ ਹੋਵੇ

ਮੇਰੇ ਹੁੰਦੇ ਤੇਰੀ ਕਦੇ ਅੱਖ ਨਾ ਰੋਵੇ

ਰਜ਼ਾ ਹੋਵੇ ਤੇਰੀ ਤਾਂ ਹੋਵਾਂ ਮੈਂ ਤੇਰੀ ਰਜ਼ਾ 'ਚ ਤਬਾਹ

ਮੈਂ ਦੁਨੀਆਂ ਨੂੰ ਗਾਹਾਂ

ਤੂੰ ਹੋਵੇਂ ਦਿਸ਼ਾਵਾਂ

ਮੇਰੇ ਰਾਹ ਦੀਆਂ

ਜਦੋਂ ਗੀਤ ਗਾਵਾਂ

ਤਾਂ ਹੋਵੇ ਤਰਾਨਾ

ਤੇਰੀ ਸ਼ੋਖੀਆਂ

*********************

ਆਰਜ਼ੂ

May 2017

ਆਜਾ ਵਟਾ ਕੇ ਭੇਸ ਤੂੰ, ਫੁੱਲਾਂ ਦਾ ਵੇ ਕਦੇ

ਅਪਣੇ ਡੰਗਾਂ ਦੀ ਚੋਭ ਤੇ, ਮੱਲ੍ਹਮ ਤਾਂ ਲਾ ਕਦੇ

ਦਿੱਤੇ ਨੇ ਜ਼ਖਮ ਦਿਲ ਤੇ ਜੋ, ਰਿਸਦੇ ਨੇ ਜਦ ਕਦੇ

ਤਾਂਘਾਂ ਦੀ ਵਾਦੀਆਂ ਚੋਂ ਉਹ, ਅੱਥਰੂ ਨੇ ਬਣ ਵਗੇ

ਆਜਾ ਵਟਾ ਕੇ ਭੇਸ ਤੂੰ…

ਚੰਦਰੇ ਇਹ ਬੂਟੇ ਇਸ਼ਕ ਦੇ, ਦਰਦਾਂ ਨੂੰ ਟੋਲ਼ਦੇ

ਡਾਹ ਜਾ ਤੂੰ ਸੇਜ ਸੂਲ਼ ਦੀ, ਥੱਕੇ ਅਸੀਂ ਖੜ੍ਹੇ

ਤੇਰੇ ਮਿਲਨ ਦੀ ਆਸ ਚ, ਪੱਲਰੀ ਇਹ ਜਾਂਦੇ ਨੇ

ਪੁੱਟ ਕੇ ਏਨ੍ਹਾ ਨੂੰ ਆਪ ਹੀ, ਮਾਰੂ ਚ ਲਾ ਜਾ ਵੇ

ਆਜਾ ਵਟਾ ਕੇ ਭੇਸ ਤੂੰ…

ਆਤਿਸ਼ ਦੇ ਵਾਂਗ ਆ ਕੇ ਤੂੰ, ਸਾਡੇ ਬਾਗ ਸਾੜ ਦੇ

ਸੱਖਣੀ ਸਾਡੀ ਇਹ ਟਾਹਣ ਤੇ, ਫੁੱਲ ਨਾ ਖਿੜੇ ਕਦੇ

ਇਸ ਤੋਂ ਪਹਿਲਾਂ ਕਿ ਖਾਰ ਇਹ, ਦੀਦਾਂ ਚ ਜੰਮ ਜੇ

ਮਾਯੂਸੀਆਂ ਦੇ ਬੂਹਿਆਂ, ਨੂੰ ਆ ਕੇ ਢੋ ਜਾ ਵੇ

ਆਜਾ ਵਟਾ ਕੇ ਭੇਸ ਤੂੰ…

ਬਣ ਕੇ ਹਨੇਰੀ ਝੁੱਲ ਜਾ, ਰਸਤੇ ਉਜਾੜ ਦੇ

ਫਿਰ ਤੋਂ ਕਿਤੇ ਕੋਈ ਪਤਾ, ਮੇਰਾ ਨਾ ਪੁੱਛ ਲਵੇ

ਕਾਲ਼ੀ ਸਿਆਹ ਰਾਤ ਮੈਂ, ਰੰਗ ਹੋਰ ਨਾ ਚੜ੍ਹੇ

ਚੰਨ ਤਾਂ ਕੀ ਚਾਨਣੀ ਵੀ ਨਾ, ਵਿਹੜੇ ਸਾਡੇ ਵੜੇ

ਆਜਾ ਵਟਾ ਕੇ ਭੇਸ ਤੂੰ…

ਮਨ ਦਾ ਪਪੀਹਾ ਸਹਿਕਦਾ, ਬਣ ਬੂੰਦ ਡਿੱਗ ਕਦੇ

ਸੁੱਕੇ ਸਾਡੇ ਵੀ ਪੱਤਣੀਂ, ਪਾਣੀ ਕਦੇ ਚੜ੍ਹੇ

ਅਟਕੀ ਬਰੇਤੇ ਕਿਸ਼ਤੀਆਂ, ਸਾਹਿਲ ਕਦੇ ਮਿਲ਼ੇ

ਸਾਡੀ ਵੀ ਖੁਸ਼ਕ ਵਾਦੀਆਂ, ਦਰਿਆ ਕਦੇ ਵਗੇ

ਆਜਾ ਵਟਾ ਕੇ ਭੇਸ ਤੂੰ…

ਠੰਡੇ ਥਲਾਂ ਨੂੰ ਸੇਕ ਜਾ, ਇੱਕ ਵਾਰ ਆਣ ਕੇ

ਸਾਡੇ ਪੈਰਾਂ ਦਾ ਸਾਥ ਹੁਣ, ਛਾਲੇ ਵੀ ਛੱਡ ਗਏ

ਇਸ ਤੋਂ ਪਹਿਲਾਂ ਕਿ ਸਾਹ ਮੇਰਾ, ਮੁੜੇ ਨਾ ਆਣ ਕੇ

ਲੈ ਜਾ ਤੂੰ ਦਿਲ ਇਹ ਆਪਣਾ, ਸਾਥੋਂ ਪਛਾਣ ਕੇ

ਆਜਾ ਵਟਾ ਕੇ ਭੇਸ ਤੂੰ…

ਲੈ ਜਾ ਸੌਗਾਤ ਆਖਰੀ, ਸਾਹਾਂ ਦੀ ਆ ਕੇ ਵੇ

ਦੁਨੀਆਂ ਕਿਤੇ ਮੇਰੇ ਪਿਆਰ ਨੂੰ, ਇਲਜ਼ਾਮ ਨਾ ਦਵੇ

ਆ ਜਾ ਤੂੰ ਦੇ ਜਾ ਦਾਗ਼ ਜੋ, ਰੂਹਾਂ ਤੋਂ ਨਾ ਮਿਟੇ

ਤੇਰੇ ਬਗੈਰ ਨਾ ਕੋਈ, ਮੇਰਾ ਨਾਮ ਵੀ ਲਵੇ

ਆਜਾ ਵਟਾ ਕੇ ਭੇਸ ਤੂੰ…