ਅਗਸਤ 19, 2026

writingDetail.created_by
By: ਗੁਰਜੀਤ ਗਿੱਲ

ਕਵਿਤਾਵਾਂ-ਭਾਗ ਛੇਵਾਂ

ਖ਼ਤ

April 2016

 

 

ਤੇਰੀ ਯਾਦ ਨੂੰ ਸੀਨੇ ਲਾ ਕੇ

ਤੇਰੀ ਫੋਟੋ ਦੇਖ ਰਿਹਾ ਹਾਂ

ਰੀਝਾਂ ਦੇ ਨਾਲ ਚਾਹਤ ਦੀ

ਖੂਹੀ ਦਾ ਪਾਣੀ ਗੇੜ ਰਿਹਾ ਹਾਂ

ਮੰਨਤ ਦੇ ਰੁਖਸਾਰਾਂ ਤੇ

ਹਸਰਤ ਦਾ ਵੱਟਣਾ ਫੇਰ ਰਿਹਾ ਹਾਂ

ਕਸਕ ਦੇ ਧੁਖਦੇ ਅਰਮਾਨਾ ਤੇ

ਆਸ ਦੀ ਸ਼ਬਨਮ ਕੇਰ ਰਿਹਾ ਹਾਂ

ਤੈਨੂੰ ਖ਼ਤ ਲਿਖਦਾ ਹਾਂ

ਨਾਲ਼ੇ ਤੇਰੇ ਬਾਰੇ ਸੋਚ ਰਿਹਾ ਹਾਂ

ਨਿੱਘੀ ਜਿਹੀ ਜੱਫੀ ਵਿਚ ਭਰ ਕੇ

ਥੱਬਾ ਚੁੰਮਣ ਭੇਜ ਰਿਹਾ ਹਾਂ

ਤੇਰੇ ਨਰਮ ਲਬਾਂ ਦੀ ਸੁਰਖੀ

ਸਿਆਹੀ ਦੇ ਵਿੱਚ ਡੋਲ੍ਹ ਰਿਹਾ ਹਾਂ

ਹਰ ਡੋਬੇ ਵਿੱਚ ਰੂਹ ਦਾ

ਕਤਰਾ ਕਤਰਾ ਪਾ ਕੇ ਘੋਲ਼ ਰਿਹਾ ਹਾਂ

ਹਰ ਇੱਕ ਅੱਖਰ ਲਿਖਣ ਤੋਂ ਪਹਿਲਾਂ

ਅਹਿਸਾਸਾਂ ਨਾਲ਼ ਤੋਲ ਰਿਹਾ ਹਾਂ

ਕਾਗਜ਼ ਤੇ ਪਏ ਅੱਖਰਾਂ ਦੇ ਵਿੱਚ

ਤੇਰੀ ਸੂਰਤ ਟੋਲ਼ ਰਿਹਾ ਹਾਂ

ਤੈਨੂੰ ਖ਼ਤ ਲਿਖਦਾ ਹਾਂ

ਨਾਲ਼ੇ ਤੇਰੇ ਬਾਰੇ ਸੋਚ ਰਿਹਾ ਹਾਂ

ਨਿੱਘੀ ਜਿਹੀ ਜੱਫੀ ਵਿਚ ਭਰ ਕੇ

ਥੱਬਾ ਚੁੰਮਣ ਭੇਜ ਰਿਹਾ ਹਾਂ

ਤੇਰੀ ਮਸਤ ਖੁਮਾਰੀ ਦੇ ਵਿੱਚ

ਬੇਖੂਦ ਹੋ ਕੇ ਡੋਲ ਰਿਹਾ ਹਾਂ

ਹਰ ਪਲ ਹਰ ਛਿਣ ਤੇਰਾ ਹੀ ਨਾ

ਵਾਰੀ ਵਾਰੀ ਬੋਲ ਰਿਹਾ ਹਾਂ

ਤੇਰੇ ਹੀ ਰਾਹਾਂ ਵਿਚ ਬੈਠਾ

ਜਿੰਦੜੀ ਅਪਣੀ ਰੋਲ਼ ਰਿਹਾ ਹਾਂ

ਸੱਜਰੇ ਫੁੱਲ ਦੀ ਮਹਿਕਾਂ ਭਿੱਜੇ

ਦਿਲ ਦੇ ਵਰਕੇ ਫੋਲ ਰਿਹਾ ਹਾਂ

ਤੈਨੂੰ ਖ਼ਤ ਲਿਖਦਾ ਹਾਂ ਨਾਲ਼ੇ

ਤੇਰੇ ਬਾਰੇ ਸੋਚ ਰਿਹਾ ਹਾਂ

ਨਿੱਘੀ ਜਿਹੀ ਜੱਫੀ ਵਿਚ ਭਰ ਕੇ

ਥੱਬਾ ਚੁੰਮਣ ਭੇਜ ਰਿਹਾ ਹਾਂ

ਤੇਰੀ ਸੋਹਣੀ ਯਾਦ ਚ ਉੱਕਰੇ

ਸੁਪਨੇ ਬੈਠਾ ਦੇਖ ਰਿਹਾ ਹਾਂ

ਸਧਰਾਂ ਦੇ ਵਾਲਾਂ ਦੇ ਵਿੱਚ ਦੀਂ

ਖਾਹਸ਼ ਦੀਆਂ ਉਂਗਲਾਂ ਫੇਰ ਰਿਹਾ ਹਾਂ

ਹਰ ਇੱਕ ਠੰਡੇ ਹਓਂਕੇ ਨੂੰ

ਤਾਂਘਾਂ ਦੇ ਤਾਅ ਨਾਲ਼ ਸੇਕ ਰਿਹਾ ਹਾਂ

ਅਹਿਸਾਸਾਂ ਦਾ ਹਰ ਇੱਕ ਜਲਵਾ

ਸ਼ਬਦਾਂ ਨਾਲ਼ ਉੱਲੇਖ ਰਿਹਾ ਹਾਂ

ਤੈਨੂੰ ਖ਼ਤ ਲਿਖਦਾ ਹਾਂ

ਨਾਲ਼ੇ ਤੇਰੇ ਬਾਰੇ ਸੋਚ ਰਿਹਾ ਹਾਂ

ਨਿੱਘੀ ਜਿਹੀ ਜੱਫੀ ਵਿਚ ਭਰ ਕੇ

ਥੱਬਾ ਚੁੰਮਣ ਭੇਜ ਰਿਹਾ ਹਾਂ

*****************************

ਸਾਹਿਬਾਂ

April 2016

 

ਨਾਮ ਮੇਰਾ ਹੈ ਸਾਹਿਬਾਂ

ਮੈਂ ਜੰਮੀਂ ਸਿਆਲ ਗਰਾਂ

ਜੱਗ ਅਸ਼ਕੇ ਜਾਵੇ ਹੁਸਨ ਤੋਂ

ਨਾ ਕਦਰ ਪਾਵੇ ਅਕਲਾਂ

ਜਦ ਮਿਰਜ਼ਾ ਹੱਕੇ ਬੱਕੀਆਂ

ਮੈਂ ਪੜ੍ਹ ਲਾਂ ਸੀ ਕੁਰਾਨ

ਸਿਰ ਮੇਰੇ ਲਾਹਨਤ ਇਸ਼ਕ ਦੀ

ਤੇ ਮਿਰਜ਼ਾ ਜੱਟ ਮਹਾਨ

ਹਨ ਮਰਦ ਹੀ ਕਿੱਸਿਆਂ ਵਾਲੜੇ

ਮਰਦਾਂ ਦੇ ਕਿੱਸੇ ਗਾਣ

ਔਰਤ ਤਾਂ ਬੱਸ ਇੱਕ ਭਰਮ ਹੈ

ਇਹ ਦੁਨੀਆਂ ਨੂੰ ਸਮਝਾਣ

ਤੇਰੇ ਨਾਂ ਦੀਆਂ ਛਮਕਾਂ ਖਾਧੀਆਂ

ਹੁਣ ਹੱਸਦਾ ਕੁੱਲ ਜਹਾਨ

ਲਾਈਆਂ ਤੂੰ ਲਾ ਕੇ ਟੁਰ

ਗਿਆ ਗੋਡੇ ਲੱਗ ਬੈਠਾ ਮਾਂ

ਤੂੰ ਦੂਜੀ ਕੀਤੀ ਇਸਤਰੀ

ਮੈਨੂੰ ਲੋਕੀ ਬਹਿ ਸਮਝਾਣ

ਮੈਂ ਅੰਨ੍ਹੀ ਤੇਰੇ ਇਸ਼ਕ ਦੀ

ਸੌਕਣ ਚਾਹੇ ਅਖਵਾਣ

ਜੋ ਸੁਨਣ ਨਾ ਧੀਆਂ ਭੈਣ ਦੀ

ਉਹ ਕਿੰਜ ਅਪਣਾ ਅਖਵਾਣ

ਬਣ ਦੁਸ਼ਮਣ ਮੇਰੇ ਆਪਣੇ

ਹੁਣ ਕਾਜ ਮੇਰੇ ਰਚਵਾਣ

ਇੱਕੋ ਕੁੱਖ ਜੰਮਿਆ ਬਾਪ ਨੇ

ਅਸੀਂ ਛੀਏ ਭੈਣ ਭਰਾ

ਇੱਕ ਮਿਰਜ਼ਾ ਮੰਗਿਆ ਬਾਬਲਾ

ਤੈਥੋਂ ਦਿੱਤਾ ਨਾ ਗਿਆ

ਮਰਦਾਂ ਦੀ ਹਓਮੇ ਨੱਚਦੀ

ਇੱਜਤ ਕੁੜੀਆਂ ਗਲ਼ ਪਾ

ਧੀਆਂ ਦੀ ਤੋੜਨ ਦੋਸਤੀ

ਬਣ ਬੈਠਣ ਆਪ ਖੁਦਾ

ਰੱਜ ਲਾਵੇ ਭੂਆ ਲੁੱਤੀਆਂ

ਖੁਦ ਜੰਮੀਂ ਸਿਆਲ ਗਰਾਂ

ਔਰਤ ਦੀਆਂ ਦੁਸ਼ਮਣ ਔਰਤਾਂ

ਜਾਦੂ ਕੀਤਾ ਮਰਦਾਂ

ਮੈਂ ਆਪ ਸੁਨੇਹਾ ਘੱਲਿਆ

ਸੀ ਇਸ਼ਕ ਵਾਸਤਾ ਪਾ

ਪਰ ਮਿਰਜ਼ਾ ਪੁੱਤ ਸੀ ਜੱਟ ਦਾ

ਗਿਆ ਹਓਮੇ ਨਾਲ ਵਿਆਹ

ਆਸ਼ਿਕ ਨਾ ਆਇਆ ਯਾਰ ਨੂੰ

ਆਇਆ ਵੰਝਲ ਦੀ ਪੱਤ

ਕੀ ਜਾਣੇ ਰੰਨ ਦੀ ਦੋਸਤੀ

ਗਿੱਟਿਆਂ ਵਿੱਚ ਜੱਟ ਦੀ ਮੱਤ

ਨੀਵੀਂ ਮਰਦਾਂ ਦੀ ਦੋਸਤੀ

ਉੱਚੀ ਉਹਨਾ ਦੀ ਪੱਤ 0

ਭੁੱਲ ਜਾਵਣ ਕੌਲ ਕਰਾਰ ਨੂੰ

ਰੰਘੜ ਬਣ ਜਾਵਣ ਝੱਟ

ਤੂੰ ਸੁਣੀ ਮੇਰੀ ਨਾ ਇੱਕ ਵੀ

ਤੈਨੂੰ ਬਦਲੇ ਲੈਣ ਦਾ ਚਾਅ

ਮੈਂ ਜਾਣਾ ਵੀਰ ਸ਼ਮੀਰ ਨੂੰ

ਤੂੰ ਸੁੱਤਾ ਜੰਡ ਪਿਆ

ਤੇਰੀ ਸੌਂ ਗਈ ਕਿਸਮਤ ਜਾਗਦੀ

ਮਿਨਤਾਂ ਹੱਥ ਜੋੜ ਕਰਾਂ

ਇੱਕ ਘੜੀ ਦਾ ਪੈਂਡਾ ਹੋਰ ਸੀ

ਤੇਰੇ ਸਿਰ ਚੜ੍ਹਿਆ ਸੀ ਗੁਮਾਂ

ਚੰਗੀ ਨਾ ਕੀਤੀ ਮਿਰਜ਼ਿਆ

ਨਾ ਮੰਨੀ ਮੇਰੀ ਸਲਾਹ

ਪਿਆਰੀ ਤੈਨੂੰ ਮਰਦਾਨਗੀ

ਕੀ ਸਾਹਿਬਾਂ ਵਿੱਚ ਪਿਆ

ਤੇਰੀ ਅਕਲ ਕਿਸੇ ਨਾ ਪੁੱਛਿਆ

ਦਿੱਤਾ ਸਾਹਿਬਾਂ ਨਾਮ ਲਗਾ

ਜਦ ਘੋੜੇ ਖੀਵੇ ਖਾਨ ਦੇ

ਪਿਆ ਸੁੱਤਾ ਦੱਬ ਲਿਆ

ਤੂੰ ਵੀਰ ਸ਼ਮੀਰ ਨੂੰ ਮਾਰਿਆ

ਗਈ ਮਾਰ ਤੈਨੂੰ ਤਕ਼ਦੀਰ

ਤੈਨੂੰ ਫੱਟੜ ਪਏ ਸੀ ਕੱਜਿਆ

ਡਾਹ ਕੇ ਆਪਣਾ ਮੈਂ ਸ਼ਰੀਰ

ਲਾ ਨਾਲ ਤੇਰੇ ਮੈਂ ਦੋਸਤੀ

ਲਿਆ ਆਪਣਾ ਆਪ ਗਵਾ

ਬੇ ਮੱਤਾ ਬਣ ਗਿਆ ਸੂਰਮਾ

ਮੈਨੂੰ ਧੋਖੇਬਾਜ਼ ਕਿਹਾ

ਤੂੰ ਮਰਿਆ ਮੌਤ ਸੁਖਾਲੜੀ

ਤੈਨੂੰ ਖਰਲ ਗਏ ਦਫ਼ਨਾਣ

ਤੇਰੀ ਭੈਣਾ ਪਾਏ ਕੀਰਨੇ

ਨਾ ਲੋ ਦੀਵਟ ਨੂੰ ਲਾਣ

ਹੁਣ ਜਾਗ ਤੂੰ ਸੁੱਤਿਆ ਮਿਰਜ਼ਿਆ

ਸੁਣ ਪੈਂਦਾ ਇਹ ਘਸਮਾਣ

ਤੇਰੀ ਸਾਹਿਬਾਂ ਇਨ੍ਹਾ ਗੱਡਿਆ

ਗੱਭੇ ਵਿੱਚ ਰੜੇ ਮੈਦਾਨ

ਦੁੱਖ ਪਹਿਲੇ ਵੱਟੇ ਲੱਗਿਆ

ਜਿਹੜਾ ਬਾਪ ਨੇ ਦਿੱਤਾ

ਤਾਣ ਮੇਰੇ ਆਪਣੇ ਵੀਰ ਸਿਆਲੜੇ

ਮੇਰੇ ਢੀਮਾਂ ਪਏ ਵਰ੍ਹਾਣ

ਤੇਰੇ ਤੈਨੂੰ ਆਖਣ ਸੂਰਮਾ

ਮੇਰੇ ਮੈਨੂੰ ਲਾਹਨਤ ਪਾਣ

ਤੇਰੇ ਲਿਖ ਲਿਖ ਕਿੱਸੇ ਗਾਂਵਦੇ

ਮੇਰੇ ਮਰੀ ਦਾ ਜਸ਼ਨ ਮਨਾਣ

ਜੋ ਆਖੇ ਮੰਦਾ ਸਾਹਿਬਾਂ

ਉਹ ਅਕਲ ਨੂੰ ਗੇੜਾ

ਲਾਣ ਜਦ ਧੀਆਂ ਛੁੱਟਣ ਆਸਰੇ

ਤਦ ਕਿਹੜੇ ਦਰ ਤੇ ਜਾਣ

**************************

ਗੈਰਤ

April 2016

ਨਾਮ ਨਾ ਦੇ ਇਹ ਨੂੰ ਫ਼ਰਜ਼ਾਂ ਦਾ

ਕਰ ਨਾ ਇਸ ਨੂੰ ਬਦਨਾਮ ਐਵੇਂਈ

ਏਨਾ ਤਾਂ ਤੂੰ ਮੈਨੂੰ ਦੱਸ ਸਕਦਾਂ

ਜੇ ਕਰਦੈਂ ਮੈਨੂੰ ਪਿਆਰ ਨਹੀਂ

ਤੂੰ ਕਿੰਨਾ ਸਾਨੂੰ ਪਿਆਰ ਕਰੇਂ

ਇਸ ਤੇ ਮੇਰਾ ਕੋਈ ਜ਼ੋਰ ਨਹੀਂ

ਪਰ ਮੈਂ ਤੈਨੂੰ ਜਿੰਨਾ ਕਰਦੀ ਹਾਂ

ਕਰ ਸਕਦਾ ਕੋਈ ਹੋਰ ਨਹੀਂ

ਤੂੰ ਬਣ ਮਹਿਰਮ ਤੇ ਇਸ ਦਿਲ ਦਾ

ਜਦ ਜੀ ਕਰਦੈ ਭਾਂਵੇ ਰੁੱਗ ਭਰ ਲਾ

ਪਰ ਸਾਥੋਂ ਕਦੇ ਨਹੀਂ ਹੋਣਾ

ਬੇਕਦਰੇ ਯਾਰ ਦਾ ਕਰ ਤਰਲਾ

ਤੈਨੂੰ ਪਿਆਰ ਕਰਾਂ ਮੈਂ ਇਸ ਹੱਦ ਤੱਕ

ਕੇ ਮੈਂ ਟੋਟੇ ਟੋਟੇ ਹੋਵਾਂ

ਪਰ ਕਿਸੇ ਫਰੇਬੀ ਦੇ ਦਰ ਤੇ

ਮੈਂ ਕਿਸਮਤ ਨੂੰ ਕਿਓਂ ਬਹਿ ਰੋਵਾਂ

ਤੂੰ ਦਿਲ ਵਿਚ ਦਰਜਾ ਦੇ ਆਪਣੇ

ਭਾਵੇਂ ਫਿਰ ਸਾਡੀ ਜਿੰਦ ਕੱਢ ਲਈਂ

ਪਰ ਕਿਸੇ ਬੇਗਾਨੇ ਨੂੰ ਦਿਲ ਦੇ

ਨਾ ਸਾਡਾ ਕਦੇ ਅਪਮਾਨ ਕਰੀਂ

ਜੇ ਦਿਲ ਛੋਟਾ ਹੈ ਤੇਰਾ ਤਾਂ

ਸਾਨੂੰ ਭਾਵੇਂ ਥੋੜਾ ਪਿਆਰ ਕਰੀਂ

ਜਦ ਜੀ ਭਰ ਜੇ ਸਾਨੂੰ ਦੱਸ ਦੇਵੀਂ

ਐਵੇਂ ਨਾ ਕੋਈ ਇਹਸਾਨ ਕਰੀਂ

ਤੂੰ ਬਣ ਸਾਡੇ ਮੋਹ ਦਾ ਪਿਆਸਾ

ਮੈਂ ਪਿਆਰ ਦੇ ਨੱਕੇ ਨੂੰ ਖੋਲ੍ਹਾਂ

ਪਰ ਕਿਸੇ ਨਮੋਹੇ ਜ਼ਾਲਮ ਨਾਲ਼

ਨਾ ਰਹਿੰਦੀ ਉਮਰੇ ਮੈਂ ਬੋਲਾਂ

ਜਦ ਛੱਡ ਕੇ ਜਾਣਾ ਦੱਸ ਦੇਵੀਂ

ਅਸੀਂ ਮਗਰੇ ਤੇਰੇ ਆਓਣਾ ਨਹੀਂ

ਸੱਚਾਈ ਸੁਣ ਮਰ ਜਾਵਾਂਗੀ

ਏਨੀ ਵੀ ਮੈਂ ਕਮਜ਼ੋਰ ਨਹੀਂ

ਤੂੰ ਵੀ ਬਣ ਸਾਡਾ ਪਰਵਾਨਾ

ਤੇਰੇ ਨਾਲ਼ ਅਸੀਂ ਵੀ ਬਲ਼ ਜਾਈਏ

ਪਰ ਬਲ਼ੇਂ ਯਾਦ ਕਿਸੇ ਹੋਰ ਦੀ ਵਿੱਚ

ਨਾ ਮੁੜ ਤੇਰੇ ਦਰ ਤੇ ਆਈਏ

ਸਾਡਾ ਕੀ ਬਣੂ ਤੂੰ ਇਸ ਗੱਲ ਦਾ

ਭੋਰਾ ਵੀ ਕਦੇ ਨਾ ਫਿਕਰ ਕਰੀਂ

ਅਸੀਂ ਕੀ ਕੁਝ ਖੋਇਆ ਤੇਰੇ ਲਈ

ਇਸ ਦਾ ਵੀ ਨਾ ਕੋਈ ਜ਼ਿਕਰ ਕਰੀਂ

ਤੂੰ ਬਣ ਸਾਡੇ ਕਾਬਿਲ-ਏ ਇਤਬਾਰ

ਅਸੀਂ ਤੇਰੇ ਸਹੀਏ ਜ਼ੁਲਮ ਹਜ਼ਾਰ

ਪਰ ਕੱਚੇ ਲਾਰੇ ਨਾ ਬਹਿ ਜਾਈਏ

ਅਸੀਂ ਝਨਾ ਦੇ ਪਾਰ

ਦੋ ਚਿੱਤਾ ਮਨ ਤੇਰਾ ਭਟਕੇ

ਇਹ ਸਮਝ ਨਾ ਸਾਨੂੰ ਜਾਚ ਨਹੀਂ

ਤੂੰ ਹੀ ਭੁੱਲਿਆ ਆਪਣੇ ਵਾਦੇ

ਸਾਨੂੰ ਕੋਈ ਇਲਜ਼ਾਮ ਨਾ ਦਈਂ

ਤੂੰ ਸਾਥੋਂ ਮੰਗ ਜਾਨ ਬਣ ਯਾਰ

ਮੈਂ ਵਾਰਾਂ ਤੈਥੋਂ ਜਨਮ ਹਜ਼ਾਰ

ਪਰ ਕਿਸੇ ਕਨ੍ਹੱਈਏ ਦੇ ਦਰ ਬਹਿ

ਨਹੀਂ ਕਰ ਹੋਣਾ ਸਾਥੋਂ ਇੰਤਜ਼ਾਰ

ਤੂੰ ਖੁਸ਼ੀਆਂ ਸਾਡੀਆਂ ਸਭ ਲੈ ਜਾ

ਸਾਰੇ ਦੁੱਖ ਆਪਣੇ ਬਦਲੇ ਦੇ ਜਾ

ਅਸੀਂ ਕਮੀਆਂ ਕਿਹੜੀਆਂ ਛੱਡੀਆਂ ਨੇ

ਇਹ ਤਾਂ ਸਾਡੇ ਮੂੰਹ ਤੇ ਕਹਿ ਜਾ

ਜੋ ਕਹਿਣਾ ਸੀ ਉਹ ਕਹਿ ਦਿੱਤਾ

ਕੁਝ ਹੋਰ ਅਸੀਂ ਹੁਣ ਕਹਿਣਾ ਨਹੀਂ

ਇੱਕ ਪਾਸਾ ਆਪਣਾ ਕਰ ਲਾ ਤੂੰ

ਮੰਝਧਾਰ ਦੇ ਵਿਚ ਅਸੀਂ ਬਹਿਣਾ ਨਹੀਂ

ਜਦ ਵੀ ਗਲਤੀ ਮਹਿਸੂਸ ਕਰੇਂ

ਆਪਣੀ ਕੀਤੀ ਅਫਸੋਸ ਕਰੇਂ

ਜਿਸ ਦੋ ਰਾਹੇ ਛੱਡ ਚੱਲਿਆ ਏਂ

ਓਥੇ ਆ ਕੇ ਸਾਡਾ ਹੱਥ ਫੜ ਲਈਂ

*************************

ਬੇਸੋਝ

April 2016

ਦੋ ਦੋ ਰਖੜੇ

ਮੂੰਹ ਦੁਵੱਲੇ

ਗੱਲ੍ਹ ਤੇ ਲਾਸ਼ਾਂ

ਦੱਲੇ ਮੱਲੇ

ਬੂਥਾ ਬੂਕੇ

ਅੱਥਰੂ ਚੱਲੇ

ਪਾਇਆ ਪੇ ਨੇ

ਕੁਝ ਨਾ ਪੱਲੇ

ਸਮਝ ਨਾ ਆਵੇ

ਚਿੱਤ ਨਿਆਣਾ

ਬਿੰਦ ਚ ਗੁੱਲ ਤੋਂ

ਧੇੜ ਕੇ ਰੱਖ ਤਾ

ਕਾਹ ਤੋਂ ਪੇ

ਨੇ ਦਾਣਾ ਦਾਣਾ

ਛੋਟਾ ਵੀ ਤਾਂ ਨਾਲ਼ ਗਿਆ ਸੀ

ਉਸਨੇ ਖੇਡਣ ਲਈ ਕਿਹਾ ਸੀ

ਹੁਣ ਲੁਕ ਮਾਂ ਦੀ ਸੁੱਥਣ ਪਿੱਛੇ

ਨਿੱਕਰ ਦੇ ਵਿੱਚ

ਭੋਰਾ ਭੋਰਾ

ਮੂਤ ਰਿਹਾ ਸੀ

ਰਗੜੇ ਲੱਗੇ

ਸਾਨੂੰ ਕੱਲੇ

ਉਹਦੀ ਹਜੇ ਵੀ

ਬੱਲੇ ਬੱਲੇ

ਮੈਂ ਤਾਂ ਸਿਰਫ

ਇਹੀ ਕਿਹਾ ਸੀ

ਕਾਕਾ ਕੱਲਾ ਪਲੰਘ ਚ ਪਾ ਕੇ

ਚਾਚਾ ਚਾਚੀ ਨਾਲ਼ ਪਿਆ ਸੀ

ਜਦ ਦਾ ਚਾਚਾ ਚਾਚੀ ਲਿਆਇਆ

ਮੈਨੂੰ ਮੁੜ ਕੇ ਨਾਲ ਨੀ ਪਾਇਆ

ਜੇ ਕਰ ਕਾਕੇ ਨਾਲ ਨੀ ਪੈਣਾ

ਹਸਪਤਾਲ ਤੋਂ ਜਾ ਕੇ ਚਾਚੀ

ਕਾਕਾ ਨਹੀਂ ਸੀ ਲੈ ਕੇ ਆਓਣਾ

ਮੇਰੇ ਖਮਨੀ

ਗੱਲ ਮੇਰੀ ਵਿੱਚ ਵਜ਼ਨ ਬੜਾ ਸੀ

ਪਰ ਪੇ ਵੀ ਤਾਂ

ਚਾਚੇ ਦਾ ਹੀ ਸਕਾ ਭਰਾ ਸੀ

ਚਾਚੇ ਨੂੰ ਤਾਂ ਕੀ ਕਹਿਣਾ ਸੀ

ਹਰਖਿਆ ਸੀਗਾ ਪਤਾ ਨੀ ਕਾਹ ਤੀ

ਮੇਰੀ ਢੋਲਕੀ ਉਈਂ ਖੜਕਾ ਤੀ

ਅਖੇ

ਸਾਲ਼ਿਆ

ਪੜ੍ਹਾਈ ਲਿਖਾਈ ਚ ਜ਼ੀਰੋ

ਬਣਦਾ ਫਿਰਦਾ ਹੀਰੋ

ਸਿਖਰ ਦੁਪਹਿਰੇ ਟਿਕ ਨੀ ਹੁੰਦਾ

ਐਵੇਂ ਲੋਕਾਂ ਦੇ ਦਰਵਾਜੇ

ਜਾ ਜਾ ਸਾਲ਼ਾ ਪਹਿਰੇ ਦਿੰਦਾ

ਮਾਂ ਨੂੰ ਆਖੇ

ਤੂੰ ਹੀ ਇਹ ਨੂੰ ਵੱਧ ਝਮਲਾਇਆ

ਅਕਲ ਤਾਂ ਹੈਂ ਨੀ ਨਾਢੂ ਖਾਂ ਨੂੰ

ਪੁੱਠਾ ਸਿੱਧਾ ਬੋਲਣ ਲਾਇਆ

ਇਹ ਤੋਂ ਮਗਰੋਂ ਕੋਟਾ ਉਹਦਾ

ਬੋਲਣ ਦਾ ਸੀ ਮੁੱਕ ਗਿਆ

ਹੱਥ ਓਹਦੇ ਸੀ ਅਕਲ ਵੇਦੈਂਤੀ

ਮੇਰੇ ਮਗ਼ਜ਼ ਚ ਪਾਵਣ ਦੇ ਲਈ

ਜੰਮ ਕੇ ਕੀਤੀ ਸੀ ਖੜਕੈਂਤੀ

ਪੇ ਮੇਰੇ ਨੂੰ ਕੋਈ ਸਮਝਾਵੇ

ਇਸ ਗੱਲ ਦੇ ਨਾਲ

ਪੜ੍ਹਨ ਲਿਖਣ ਦਾ ਮਤਲਬ ਕੀ ਏ

ਗਲਤੀ ਚਾਚਾ ਚਾਚੀ ਕਰਦੇ

ਸਾਡੇ ਐਵੇਂ ਬੈਂਡ ਬਜਾ ਤੇ

ਬੇਸ਼ੱਕ ਚਾਚੇ ਨਾ ਸਮਝਾਵੇ

ਐਧਰ ਓਧਰ ਦੀਆਂ ਮਾਰ ਕੇ

ਸਾਡੀ ਚੰਮ ਨਾ ਲਾਹੀ ਜਾਵੇ

ਥੱਕ ਗੇ ਵੱਡਿਆਂ ਨੂੰ ਸਮਝਾ ਕੇ

ਹਰ ਇੱਕ ਗੱਲ ਦਾ ਪੁੱਠਾ ਮਤਲਬ

ਸਾਡੇ ਕੰਨੀਂ ਹੱਥ ਲਵਾ ਤੇ

ਬਾਕੀ

ਭਾਪਾ ਵੀ ਤਾਂ ਵੀਰ ਚਾਚੇ ਦਾ

ਡਾਢਾ ਹੈਗਾ ਪਿਆਰ ਇਨ੍ਹਾ ਦਾ

ਮੇਰੇ ਕੋਲ਼ੇ ਵੀ ਕੋਈ ਆ ਕੇ

ਜੇ ਛੋਟੇ ਦੀ ਚੁਗਲੀ ਲਾਵੇ

ਮੈਂ ਵੀ ਤਾਂ ਧਰ ਦੇਣੇ ਸੀਗੇ

ਬਿਨ ਦੱਸੇ ਹੀ ਛਿੱਤਰ ਲਾਹ ਕੇ

**********************

ਪਰੀ

March 2016

 

ਏਸ ਪਰੀ ਨਾ ਲੋੜ ਪਰਾਂ ਦੀ

ਉੱਡਦੀ ਜਦ ਉਹ ਟੁਰਦੀ

ਧੁੱਧਲ਼ ਉੱਡ ਉੱਡ ਦਵੇ ਅਸੀਸਾਂ

ਧਰਤੀ ਜਦ ਪੱਬ ਧਰਦੀ

ਵਗਦੀ ਜਦ ਕੇਸਾਂ ਦੇ ਵਿੱਚੋਂ

ਪੌਣ ਕਲੋਲਾਂ ਕਰਦੀ

ਗਾਵੇ ਗੀਤ ਸੁਹਾਗਾਂ ਵਾਲੇ

ਖੁਸ਼ਬੋ ਮਹਿਫਿਲ ਲੱਗਦੀ

ਵੇਖ ਨਜ਼ਾਰਾ ਰੂਪ ਦੇ ਓਹਦਾ

ਭੁੱਖ ਚਾਹਤ ਨੂੰ ਲੱਗਦੀ

ਲੰਘਦੀ ਜਾਵੇ ਪੈਲਾਂ ਪਾਓਂਦੀ

ਫੁੱਲਾਂ ਵਿਚ ਰੰਗ ਭਰਦੀ

ਲੱਕ ਹੁਲਾਰੇ ਖਾਵੇ ਜਦ ਉਹ

ਡਿੰਘ ਮਸਤੀ ਨਾਲ਼ ਭਰਦੀ

ਅੰਗ ਅੰਗ ਜਾਵੇ ਟੱਪਦਾ ਉਸਦਾ

ਧੜਕਣ ਦਿਲ ਨੂੰ ਛੱਡਦੀ

ਛੋਹ ਕੇ ਉਹਦੀ ਨਿਰਮਲ ਦੇਹ ਨੂੰ

ਅੱਗ ਪਾਣੀਆਂ ਲੱਗਦੀ

ਬੁਝਦੀ ਪਿਆਸ ਥਲਾਂ ਘੁੱਟ ਪੀ ਕੇ

ਕਾਇਆ ਤੋਂ ਸ਼ਬਨਮ ਦੀ

ਰੋਹੀਆਂ ਦੇ ਵਿੱਚ ਪਵੇ ਫੁਟਾਰਾ

ਅੰਗੜਾਈ ਜਦ ਭਰਦੀ

ਕਲੀਆਂ ਨੂੰ ਚਟਕਾਰੇ ਪੈਂਦੇ

ਖਿੜ ਖਿੜ ਕੇ ਜਦ ਹੱਸਦੀ ਜੁੱ

ਸਾ ਸੁਲਘੇ ਮੱਘਦਾ ਕੋਲਾ

ਮਿਟਦੀ ਮਾਘ ਦੀ ਸਰਦੀ

ਚੁੰਮਣ ਭਰਿਆ ਮਧ ਦਾ ਪਿਆਲਾ

ਮੁੜ ਕੇ ਪਿਆਸ ਨੀ ਲੱਗਦੀ

ਕਦੇ ਕਦੇ ਤਾਂ ਉਹ ਵੀ ਅੱਕ ਕੇ

ਭੇਸ ਚੁੜੇਲ ਦਾ ਧਰਦੀ

ਲੈ ਕੇ ਕਾਲੀ ਵਾਲ਼ੀ ਤਲਖੀ

ਦੁਰਗਾ ਦੀ ਹਮਦਰਦੀ

ਤਿੱਖੇ ਬੋਲ ਗੁਲੇਲੀ ਵਰਗੇ

ਗਾਲ਼ ਜੀਭ ਤੇ ਰੱਖਦੀ

ਲੁੱਚੇ ਲੰਘਣ ਕੰਨੀ ਵੱਟ ਕੇ

ਛੇੜ ਛਾੜ ਨਾ ਜਰਦੀ

ਨਜ਼ਰ ਕਟੀਲੀ ਮਾਰੇ ਚੋਭਾਂ

ਲੁਕਣ ਨੂੰ ਥੌਂ ਨੀ ਲੱਭਦੀ

ਗੁੱਸਾ ਬਲ਼ਦਾ ਭਾਂਬੜ ਅੱਗ ਦਾ

ਸੱਤੀਂ ਕੱਪੜੀਂ ਮੱਚਦੀ

ਸੋਚ ਲਵੇ ਜੇ ਨਾ ਬੋਲਣ ਦੀ

ਮੌਨ ਵਰਤ ਜਿਵੇਂ ਰੱਖਦੀ

ਚੁੱਪੀ ਬੁੱਲਾ ਸੀਤ ਹਵਾ ਦਾ

ਮੱਘਰ ਨੂੰ ਠੰਡ ਲੱਗਦੀ

ਪਰ ਫਿਰਦੀ ਸਾਡੇ ਅੱਗੇ ਪਿੱਛੇ

ਚੋਗਾ ਸਾਡਾ ਚੁਗਦੀ

ਥੋਨੂੰ ਕੀ ਮਰਜ਼ੀ ਹੈ

ਉਸਦੀ ਸੋਹਣਾ ਕਹਿ ਸਾਨੂੰ ਸੱਦਦੀ

****************************

ਬੇਗਾਨਾ ਰਿਸ਼ਤਾ

March 2016

ਕਿਹੋ ਜਿਹਾ ਤੇਰਾ ਮੇਰਾ ਇਹਿ

ਬੇਗਾਨਾ ਜਿਹਾ ਰਿਸ਼ਤਾ

ਕੱਲਰ ਦੇ ਵਿੱਚ ਉਗਿਆ ਜਿਕਣ

ਅਧਨਾ ਬੀਜ ਕਿਸੇ ਰੁੱਖ ਦਾ

ਕਦੇ ਵੀ ਨਾ ਜੋ ਪੂਰਾ ਹੋਵੇ

ਅੱਧ ਅਧੂਰਾ ਸੁਪਨਾ

ਹਉਕਾ ਬਣ ਬਣ ਜੰਮਦਾ ਰਾਤੀਂ

ਬਾਲ ਬਾਂਝ ਕਿਸੇ ਕੁੱਖ ਦਾ

ਫੁੱਲਾਂ ਉੱਤੇ ਸੁੱਕਦਾ ਜਿਕਣ

ਕਤਰਾ ਹੈ ਸ਼ਬਨਮ ਦਾ

ਚੜ੍ਹਨ ਤੋਂ ਪਹਿਲਾਂ ਹੀ ਲੱਥ ਜਾਂਦਾ

ਤਾਰਾ ਇਹ ਆਥਣ ਦਾ

ਦਿਲ ਨੂੰ ਦਿਲ ਦਾ ਪੱਕਾ ਵਾਅਦਾ

ਬੇਈਮਾਨ ਸੱਜਣ ਦਾ

ਤਪਦੀ ਭੱਠੀ ਵਿੱਚੋਂ ਉੱਠਦਾ

ਚੰਗਿਆੜਾ ਅਗਨ ਦਾ

ਉੱਮੀਦ ਕੋਈ ਜੀਹ ਤੇ ਟਿਕਿਆ ਹੋਵੇ

ਮਿਲਣ ਧਰਤੀ ਸੂਰਜ ਦਾ

ਮਾਰੂਥਲ ਦੇ ਵਿੱਚ ਪਾਣੀ ਦਾ

ਦਰਿਆ ਕੋਈ ਵਗਦਾ

ਫਿਰ ਮਿਲਣੇ ਦਾ ਪੂਰਾ ਹੋਇਆ

ਕੌਲ ਕਿਸੇ ਰੁਖ਼ਸਤ ਦਾ

ਗਰਭ ਦੇ ਵਿੱਚ ਇਹ ਪਲ਼ਦਾ ਬਾਲਕ

ਕਾਲ਼ ਵੱਸ ਔਰਤ ਦਾ

ਸਜ ਵਿਆਹੀ ਵਿਧਵਾ ਦੇ ਬਾਂਹੀ

ਚੂੜਾ ਪਿਆ ਸ਼ਗਨਾਂ ਦਾ

ਮਰਦਾਂ ਦੇ ਬਾਜ਼ਾਰ ਚ ਬੈਠੀ

ਸ਼ੌਕ ਲਗਨ ਕੰਜਰੀ ਦਾ

ਦੀਵਾ ਕਿਸੇ ਸਮਾਧੀ ਉੱਤੇ

ਨ੍ਹੇਰੀ ਦੇ ਵਿੱਚ ਬਲ਼ਦਾ

ਪੱਤਾ ਆਖਰੀ ਇਸ਼ਕ ਦੇ ਬੂਟੇ

ਝੱਖੜ ਦੇ ਵਿਚ ਝੁੱਲਦਾ

ਝੁਲ਼ਸੀ ਨਰਮ ਪਨੀਰੀ ਜਿਸ ਤੇ

ਕੋਰਾ ਹੋਵੇ ਜੰਮਿਆ

ਵਿੱਚ ਅਕਾਸ਼ੀਂ ਉਗਿਆ ਕੋਈ

ਚੰਨ ਕਿਸੇ ਮੱਸਿਆ ਦਾ

ਫੁੱਲ ਕੋਈ ਜਿਹੜਾ ਖਿੜਨ ਤੋਂ ਪਹਿਲਾਂ

ਮੰਦਰਾਂ ਦੇ ਦਰ ਚੜ੍ਹਿਆ

ਖੁਸ਼ੀਆਂ ਵਾਲਾ ਜਿਵੇਂ ਦਿਹਾੜਾ

ਮਾਤਮ ਦੇ ਘਰ ਵੜਿਆ

ਇਹ ਬੇਗਾਨਾ ਰਿਸ਼ਤਾ ਅਪਣਾ

ਕਿਓਂ ਬਣਿਆ ਹੈ ਦਿਲ ਦਾ

ਹਰ ਵੇਲ਼ੇ ਹੀ ਖੌਫ ਹੈ ਰਹਿੰਦਾ

ਇਸ ਨੂੰ ਹਰ ਮਹਫਿਲ ਦਾ

ਜਿਸ ਰਿਸ਼ਤੇ ਵਿੱਚ ਦਮ ਨਾ ਹੋਵੇ

ਦੁਨੀਆਂ ਨੂੰ ਵੇਖਣ ਦਾ

ਚੰਗਾ ਹੁੰਦਾ ਢਕਣਾ ਉਸਨੂੰ

ਚਾਦਰ ਪਾ ਕਫਨ ਦਾ

********************

ਵਿਚਾਰ

March 2016

 

ਮੈਂ ਸੱਚ ਮੁੱਚ ਰੋਗ ਹਾਂ ਲਾਗੇ ਦਾ

ਇਸ ਵਿੱਚ ਕੋਈ ਮੱਤ ਭੇਦ ਨਹੀਂ

ਮੇਰੀ ਹੱਦ ਕੋਈ ਜੋ ਬੰਨ੍ਹ ਦੇਵੇ

ਇਹੋ ਜਿਹਾ ਲਿਖਿਆ ਕੋਈ ਵੇਦ ਨਹੀਂ

ਮੈਂ ਵਗਦਾ ਹਾਂ ਤਾਂ ਦਰਿਆ ਹਾਂ

ਬੰਨ੍ਹ ਦੇਵੋ ਟੋਭਾ ਸੜਿਆ ਹਾਂ

ਮੈਂ ਵਕਤ ਦੀਆਂ ਲਾ ਕੇ ਸੰਨ੍ਹਾਂ

ਬੇ ਰੋਕ ਸਮੁੰਦਰ ਬਣਿਆ ਹਾਂ

ਆਦਿ ਤੋਂ ਲੈ ਕੇ ਅੰਤ ਤੱਕ

ਹਰ ਇੱਕ ਜੁਗਾਦਿ ਨਵ ਜੰਮਿਆ ਹਾਂ

ਜਿੰਨਾ ਹੀ ਵੱਡਾ ਜ਼ੁਲਮ ਹੋਵੇ

ਓਨਾ ਹੀ ਡੱਟ ਕੇ ਖੜ੍ਹਿਆ ਹਾਂ

ਮੈਂ ਕੂਲੀ ਲੈਰੀ ਟਾਹਣੀਆਂ ਤੇ

ਹਰ ਪੀੜ੍ਹੀ ਫਲ਼ ਬਣ ਲੱਗਿਆ ਹਾਂ

ਜਦ ਤੱਕ ਨਾ ਪੁਰਾਣੇ ਛਾਂਟ ਪਵੇ

ਉਸ ਬਿਰਖ ਨਾ ਤਦ ਤੱਕ ਮੁੜਿਆ ਹਾਂ

ਇਹ ਨਹੀਂ ਕਿ ਮੈਂ ਹਾਂ ਮਰ ਜਾਂਦਾ

ਜ਼ਾਲਿਮ ਦੇ ਕੋਲੋਂ ਡਰ ਜਾਂਦਾ

ਜੇ ਨਾ ਰੁੱਖ ਕੋਈ ਛਾਂਗਣ ਦੇਵੇ

ਬਣ ਨਵੀਂ ਪਨੀਰੀ ਉੱਗ ਜਾਨਾ

ਮੇਰਾ ਰੂਪ ਨਹੀਂ ਕੋਈ ਰੰਗ ਨਹੀਂ

ਕੋਈ ਜਾਤ ਨਹੀਂ ਕੋਈ ਪਾਤ ਨਹੀਂ

ਮੈਨੂੰ ਉੱਗਣੋਂ ਕੋਈ ਰੋਕ ਦਵੇ

ਕਿਸੇ ਰਾਜ ਦੀ ਇਹ ਔਕਾਤ ਨਹੀਂ

ਮੇਰੀ ਜੜ ਡੂੰਘੀ ਘਾਹ ਮੋਥੇ ਦੀ

ਜਿੰਨਾ ਮਰਜ਼ੀ ਇਹ ਨੂੰ ਗੁੱਡ ਦੇਵੋ

ਰਾਤਾਂ ਤੋਂ ਪੀ ਸ਼ਬਨਮ ਕਤਰੇ

ਸੂਰਜ ਤੋਂ ਪਹਿਲਾਂ ਉੱਗ ਆਓਨਾ

ਮੇਰਾ ਤਨ ਖੱਬਲ ਦੇ ਘਾਹ ਵਰਗਾ

ਜਿੰਨਾ ਮਰਜ਼ੀ ਇਹ ਨੂੰ ਟੁੱਕ ਦੇਵੋ

ਹਰ ਇੱਕ ਟੋਟਾ ਟੋਟਾ ਮੇਰਾ

ਬਣ ਨਵਾਂ ਵਿਚਾਰ ਪੁੰਘਰ ਪੈਂਦਾ

ਹਰ ਜ਼ੁਲਮ ਦੇ ਨਾਲ ਮੇਰਾ ਰਿਸ਼ਤਾ

ਡਰ ਖ਼ੌਫ ਤੇ ਨਾਲ ਹਿੰਮਤ ਭਰਿਆ

ਜਿਸ ਤੋਂ ਹੀ ਜਿਆਦਾ ਡਰ ਲੱਗਦਾ

ਉਸ ਦਾ ਹੀ ਮੈਂ ਹੈ ਸਿਰ ਵੱਢਿਆ

ਜਦ ਵੀ ਮੈਂ ਆਪਣਾ ਸਿਰ ਚੁੱਕਿਆ

ਤੂੰ ਖੁੱਲ੍ਹ ਨੂੰ ਕਿਸ਼ਤਾਂ ਵਿੱਚ ਵੰਡਿਆ

ਫੇਰ ਦੇਖ ਕੇ ਮੈਨੂੰ ਤੂੰ ਥੱਕਿਆ

ਵਾਪਸ ਮੈਨੂੰ ਜੇਲ ਅੰਦਰ ਘੱਲਿਆ

ਇੱਕ ਵੇਰ ਲੋਕਾਈ ਕਰਮ ਕਰੇ

ਇੱਕ ਨਾਰਾ ਇਹਾ ਬੁਲੰਦ ਕਰੇ

ਸੰਪੂਰਨ ਆਜ਼ਾਦੀ ਮੰਗ ਲਵੇ

ਤੈਨੂੰ ਕੱਢ ਜੜ ਤੋਂ ਹੀ ਵੱਢ ਦਵੇ

ਮੰਗ ਲਵੇ ਵਿਚਾਰ ਦੀ ਆਜ਼ਾਦੀ

ਬਿਨ ਰੋਕ ਆਵਾਜ਼ ਦੀ ਆਜ਼ਾਦੀ

ਖੁੱਲੇ ਸੰਵਾਦ ਦੀ ਆਜ਼ਾਦੀ

ਅਣ-ਸੋਧ ਲਿਖਤ ਦੀ ਆਜ਼ਾਦੀ

ਮਨੂਵਾਦ ਤੋਂ ਆਜ਼ਾਦੀ

ਜਾਤੀਵਾਦ ਤੋਂ ਆਜ਼ਾਦੀ

ਸਾਮੰਤਵਾਦ ਤੋਂ ਆਜ਼ਾਦੀ

ਪੂੰਜੀਵਾਦ ਤੋਂ ਆਜ਼ਾਦੀ

ਕੀ ਪਹਿਨਾ ਉਸ ਦੀ ਆਜ਼ਾਦੀ

ਕੀ ਖਾਵਾਂ ਉਸ ਦੀ ਆਜ਼ਾਦੀ

ਕਿਸ ਵਿਆਹਵਾਂ ਉਸ ਦੀ ਆਜ਼ਾਦੀ

ਕਿਤ ਜਾਵਾਂ ਉਸ ਦੀ ਆਜ਼ਾਦੀ

ਭਰ ਪੇਟ ਖਾਣ ਦੀ ਆਜ਼ਾਦੀ

ਸੇਹਤ ਸੰਭਾਲ਼ ਦੀ ਆਜ਼ਾਦੀ

ਪੜ੍ਹਨ ਲਿਖਣ ਦੀ ਆਜ਼ਾਦੀ

ਪੂਰਣ ਰੁਜ਼ਗਾਰ ਦੀ ਆਜ਼ਾਦੀ

ਇਤਿਹਾਸ ਗਵਾਹ ਹੈ ਇਸ ਗੱਲ ਦਾ

ਤੇਰਾ ਵਕਤ ਕਦੋਂ ਦਾ ਲੰਘ ਚੱਲਿਆ

ਮੈਂ ਤੇਰੇ ਗਰਭ ਚ ਸਾਂ ਜੰਮਿਆ

ਤੈਨੂੰ ਤੇਰੀ ਕਮੀਆਂ ਨੇ ਹਰਿਆ

ਇਹ ਸਮਝੀਂ ਨਾ ਮੈਂ ਥੱਕ ਜਾਣਾ

ਇਹ ਦਰਿਆ ਲੋਕਾਂ ਦਾ ਭਰਿਆ

ਜਦ ਤੱਕ ਲਾਚਾਰ ਫਿਰੇ ਡਰਿਆ

ਤਦ ਤੱਕ ਮੈਂ ਛੂਤ ਰਹਾਂ ਬਣਿਆ

**************************