ਅਗਸਤ 15, 2026

writingDetail.created_by
By: ਗੁਰਜੀਤ ਗਿੱਲ

ਕਵਿਤਾਵਾਂ-ਭਾਗ ਪੰਜਵਾਂ

ਨਾਦਿਰ

April 2017

 

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

ਦਿਲ ਜਲੇ ਨੂੰ ਮੇਰੇ ਨਾ ਸਹਾਰਾ ਦਵੋ

ਵੇਖ ਕੇ ਮੈਨੂੰ ਲਾਹਨਤ ਕੋਈ ਦੇ ਦਓ

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

ਮੈਨੂੰ ਗਮ ਦੀ ਖੁਸ਼ੀ ਵਿੱਚ ਤੜਪ ਲੈਣ ਦਓ

ਪੋਟੇ ਪੋਟੇ ਨੂੰ ਕੱਟ ਕੇ ਤਸੀਹੇ ਦਵੋ

ਅੱਧ ਮਰੇ ਨੂੰ ਸਦੀਵੀ ਭਟਕ ਲੈਣ ਦਓ

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

ਇਹ ਘੜੀ ਦਰਦ ਦੀ ਦਰ ਖੜੀ ਰਹਿਣ ਦਓ

ਦਿਲ ਦੀਆਂ ਧੜਕਨਾਂ ਨੂੰ ਰੁਕਣ ਨਾ ਦਵੋ

ਇਹ ਨੂੰ ਯਾਦਾਂ ਦੇ ਗਲ਼ ਲੱਗ ਸਿਸਕ ਲੈਣ ਦਓ

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

ਮੇਰੇ ਅਪਣੇ ਨੂੰ ਬੇਗਾਨਾ ਕਹਿ ਲੈਣ ਦਓ

ਰਿਸ਼ਤਿਆਂ ਨੂੰ ਬਦਲ ਨਾਮ ਕੋਈ ਦਵੋ

ਬੇ-ਗਰਜ਼ ਬੇ-ਦਿਲਾ ਬੇ-ਵਫ਼ਾ ਕਹਿਣ ਦਓ

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

ਮੇਰੇ ਵੇਹੜੇ 'ਚ ਨ੍ਹੇਰੇ ਨੂੰ ਰਹਿ ਲੈਣ ਦਓ

ਖੁਸ਼ਕ ਦੀਵੇ ਦੀ ਬੱਤੀ ਨੂੰ ਲੋ ਨਾ ਦਵੋ

ਬਲ਼ ਸਕੇ ਨਾ ਕਦੇ ਇਹ ਸੁਲਗ ਲੈਣ ਦਓ

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

ਮੇਰੀਆਂ ਹਸਰਤਾਂ ਨੂੰ ਨਾ ਫੁੱਲ ਪੈਣ ਦਓ

ਕੱਟ ਦਵੋ ਟਾਹਣੀਆਂ ਛਾਂਗ ਮੁੱਢ ਤੋਂ ਦਵੋ

ਫੇਰ ਮੁੜ ਕੇ ਨਾ ਮੇਰਾ ਕਦੇ ਨਾ ਲਓ

ਮੈਨੂੰ ਬਿਰਹੌ ਦੀ ਅੱਗ ਵਿੱਚ ਝੁਲ਼ਸ ਲੈਣ ਦਓ

**********************************

ਮਾਹੀ

April 2017

 

ਚਿੜੀਆਂ ਨੇ ਚਹਿਕ ਲਾਈ, ਤੇਰੀ ਹਾਸੀ ਹੱਸ ਕੇ

ਭੌਰਿਆਂ ਨੇ ਗੁਣ ਗੁਣਾਏ, ਤੇਰੇ ਗੁਣ ਰੱਟ ਕੇ

ਟਾਹਣੀਆਂ ਨੇ ਸਿਰ ਨਿਵਾਏ, ਤੇਰੇ ਵੱਲ ਝੁੱਕ ਕੇ

ਫੁੱਲ ਗੁਲਾਬ ਸਾੜ ਖਾਏ, ਤੇਰੇ ਵੱਲ ਤੱਕ ਕੇ

ਘੁੱਗੀਆਂ ਨੇ ਬਾਤ ਪਾਈ, ਤੇਰੀ ਗੱਲ ਦੱਸ ਕੇ

ਟੋਟਰੂ ਨੇ ਹੂੰਗ ਲਾਈ, ਦਿਲ ਤੇ ਹੱਥ ਰੱਖ ਕੇ

ਕਾਟੋਆਂ ਨੇ ਖੇਢ ਪਾਈ, ਕੰਧ ਕੋਠੇ ਟੱਪ ਕੇ

ਸੇਹੜ੍ਹੀਆਂ ਨੇ ਬੁੜ ਬੁੜਾਈ, ਦੱਸ ਤੇਰੇ ਨੱਖਰੇ

ਬਣ ਪੰਜੇਬ ਨੱਚਾਂ ਮਸਤ, ਪੈਰ ਤੇਰੇ ਲੱਗ ਕੇ

ਇੱਕ ਵਾਰੀ ਕਹਿ ਕੇ ਮਾਹੀ, ਸਾਨੂੰ ਜ਼ਰਾ ਸੱਦ ਦੇ

ਬੀਂਡਿਆਂ ਨੇ ਹੇਕ ਲਾਈ, ਕੰਨ ਹੱਥ ਰੱਖ ਕੇ

ਗੌਣ ਤੇਰੀ ਹੀ ਰੁਬਾਈ, ਵਿੱਚ ਬਹਿ ਕੇ ਸੱਥ ਦੇ

ਫੁੱਲ ਰਸ ਲੈ ਕੇ ਮੱਖ, ਆਓਂਦੇ ਤੇਰੇ ਦਰ ਤੇ

ਸ਼ਹਿਦ ਬਣਾਓਂਦੇ, ਲੈ ਕੇ ਜਾਂਦੇ ਤੇਰੇ ਝਲਕੇ

ਫੁੱਲ ਬਹਿਣ ਰਾਹੀਂ ਤੇਰੇ, ਸਜ ਸਜ ਫੱਬ ਕੇ

ਮਹਿਕ ਉਧਾਰੀ ਲੈਣੀ, ਦੇਵੇਂ ਜੇ ਤੂੰ ਕੱਢ ਕੇ

ਤਿਤਲੀਆਂ ਡੌਰ ਭੌਰ, ਹੋਈਆਂ ਉੱਡ ਉੱਡ ਕੇ

ਮੰਗਦੀਆਂ ਰਸ ਤੇਰਾ, ਤੈਨੂੰ ਲੱਭ ਲੱਭ ਕੇ

ਬਣ ਪੰਜੇਬ ਨੱਚਾਂ ਮਸਤ, ਪੈਰ ਤੇਰੇ ਲੱਗ ਕੇ

ਇੱਕ ਵਾਰੀ ਕਹਿ ਕੇ ਮਾਹੀ, ਸਾਨੂੰ ਜ਼ਰਾ ਸੱਦ ਦੇ

ਬੱਦਲਾਂ ਨੇ ਨੀਵੀਂ ਪਾਈ, ਸੂਰਜਾਂ ਨੂੰ ਢੱਕ ਕੇ

ਕਿਰਨਾਂ ਨੇ ਝਾਤ ਪਾਈ, ਇੱਕ ਅੱਖ ਦੱਬ ਕੇ

ਕਣੀਆਂ ਨੇ ਗੀਤ ਗਾਏ, ਬੁੱਲ੍ਹ ਚੱਬ ਚੱਬ ਕੇ

ਪੌਣ ਫਿਰੇ ਗੇੜੇ ਖਾਈ, ਸਵਾਦ ਤੇਰਾ ਚੱਖ ਕੇ

ਢਲ਼ ਸੂਰਜਾਂ ਦੇ, ਪਰਛਾਵੇਂ ਵੀ ਨੇ ਲੱਥ ਗੇ

ਵੱਜ ਵੱਜ ਟੱਲ, ਬੌਲਦਾਂ ਦੇ ਗਲ਼ ਥੱਕ ਗੇ

ਲਾਰਿਆਂ ਨੇ ਲਾਰਿਆਂ ਨੂੰ, ਲਾਰੇ ਲਾਏ ਲੱਪ ਕੇ

ਆਜੜੀ ਵੀ ਘਰ ਨੂੰ ਆਏ, ਸਾਰਾ ਦਿਣ ਖੱਪ ਕੇ

ਬਣ ਪੰਜੇਬ ਨੱਚਾਂ ਮਸਤ, ਪੈਰ ਤੇਰੇ ਲੱਗ ਕੇ

ਇੱਕ ਵਾਰੀ ਕਹਿ ਕੇ ਮਾਹੀ, ਸਾਨੂੰ ਜ਼ਰਾ ਸੱਦ ਦੇ

ਨ੍ਹੇਰਿਆਂ ਨੇ ਰਾਤ ਪਾਈ, ਰਾਹ ਤੇਰੇ ਥੱਕ ਗੇ

ਤਾਰਿਆਂ ਨੂੰ ਤੌਣੀ ਆਈ, ਰਾਤ ਗਲ਼ ਲੱਗ ਕੇ

ਜੁਗਨੂਆਂ ਨੇ ਟਿਮ ਟਿਮਾਈ, ਚੇਤੇ ਤੇਰੇ ਲੱਗ ਕੇ

ਚੰਨ ਫਿਰੇ ਰੌਸ਼ਨਾਈ, ਧੁੱਪ ਚੁੰਮ ਚੱਟ ਕੇ

ਭੋਰ ਹੋਣ ਨੂੰ ਹੈ ਆਈ, ਤਾਰੇ ਸਾਰੇ ਭੱਜ ਗੇ

ਯਾਦ ਤੇਰੀ ਸਾਨੂੰ ਆਈ, ਅੱਖ ਕਿਵੇਂ ਲੱਗ ਜੇ

ਪਾਠ ਤੇਰੇ ਪਾਠ ਵਾਂਗੂ, ਪੜ੍ਹ ਪੜ੍ਹ ਪੜ੍ਹ ਤੇ

ਮੰਗ ਲੈਣਾ ਨਾਮ ਤੇਰਾ, ਰੱਬ ਕੋਲ਼ੋਂ ਲੜ ਕੇ

ਬਣ ਪੰਜੇਬ ਨੱਚਾਂ ਮਸਤ, ਪੈਰ ਤੇਰੇ ਲੱਗ ਕੇ

ਇੱਕ ਵਾਰੀ ਕਹਿ ਕੇ ਮਾਹੀ, ਸਾਨੂੰ ਜ਼ਰਾ ਸੱਦ ਦੇ

ਸੁਣ ਕੇ ਆਸ਼ਿਕਾਂ ਦੀ ਗੱਲ, ਦੰਦ ਕਾਹ ਤੋਂ ਕੱਢ ਤੇ

ਹੋਲ਼ੀ ਹੌਲ਼ੀ ਮਾਰਦੀ ਐਂ, ਇੱਕੋ ਵਾਰੀ ਵੱਢ ਦੇ

ਲੋਕ ਮੈਨੂੰ ਆਖਦੇ ਨੇ, ਇਹ ਦਾ ਖਹਿੜਾ ਛੱਡ ਦੇ

ਨਾਮ ਲਿਖ ਲਾ ਤੂੰ ਮੈਨੂੰ, ਮੇਰਾ ਫਾਹਾ ਵੱਢ ਦੇ

ਇੱਕ ਵਾਰੀ ਗੱਲ ਮੇਰੀ, ਸੁਣ ਜ਼ਰਾ ਗੌਰ ਕੇ

ਤੇਰੀ ਕਰਾਂ ਮੈਂ ਚਕਾਰੀ, ਹੱਥ ਮੇਰੇ ਹੱਥ ਦੇ

ਬਣ ਮਹਿਬੂਬ ਸਾਡੀ, ਖ਼ਾਬ ਸੱਚ ਕਰ ਦੇ

ਨਹੀਂ ਹੱਥ ਆਪਣੇ ਤੂੰ, ਜਿੰਦ ਸਾਡੀ ਕੱਢ ਦੇ

ਬਣ ਪੰਜੇਬ ਨੱਚਾਂ ਮਸਤ, ਪੈਰ ਤੇਰੇ ਲੱਗ ਕੇ

ਇੱਕ ਵਾਰੀ ਕਹਿ ਕੇ ਮਾਹੀ, ਸਾਨੂੰ ਜ਼ਰਾ ਸੱਦ ਦੇ

************************************

ਬਹਾਰ

April 2017

 

ਆਈ ਰੁੱਤ ਏ ਬਹਾਰ

ਮੀਂਹ ਵਰ੍ਹੇ ਬੰਨ੍ਹ ਧਾਰ

ਤੇਰਾ ਇਸ਼ਕ ਖੁਮਾਰ

ਹੋਇਆ ਮਨ ਤੇ ਸਵਾਰ

ਕਦੇ ਬਣ ਕੇ ਪੁਰਾ ਵਗ ਜਾ ਸੱਜਣਾ

ਮੋਰ ਨੱਚੇ ਪੱਬ ਭਾਰ

ਉੱਡੇ ਚਿੜੀਆਂ ਦੀ ਡਾਰ

ਕਰੇ ਦਿਲ ਬੇਕਰਾਰ

ਮੈਨੂੰ ਤੇਰਾ ਇੰਤਜ਼ਾਰ

ਕਦੇ ਬਣ ਕੇ ਘਟਾ ਚੜ੍ਹ ਜਾ ਸੱਜਣਾ

ਵੱਜੇ ਰਾਗ ਮਲਹਾਰ

ਛੇੜੇ ਮਨ ਦੀ ਸਿਤਾਰ

ਲੱਗ ਗਲ਼ ਮੇਰੇ ਯਾਰ

ਤਪੇ ਦੇਹ ਜਿਓਂ ਬੁਖਾਰ

ਕਦੇ ਬਣ ਕੇ ਬੱਦਲ ਵਰ੍ਹ ਜਾ ਸੱਜਣਾ

ਦਿਨ ਜ਼ਿੰਦਗੀ ਦੇ ਚਾਰ

ਚੱਲ ਬੱਦਲਾਂ ਦੇ ਪਾਰ

ਕਰਾਂ ਰੱਜ ਮੈਂ ਪਿਆਰ

ਲਾਹਾਂ ਤੇਰੇ ਮੈਂ ਉਧਾਰ

ਕਦੇ ਬਣ ਕੇ ਕਣੀ ਛੂਹ ਜਾ ਸੱਜਣਾ

ਮੈਨੂੰ ਆਵੇ ਨਾ ਕਰਾਰ

ਤੇਰਾ ਹੋਇਆ ਨਾ ਦੀਦਾਰ

ਅੱਗ ਲੱਗਣੀ ਫੁਹਾਰ

ਚੁੰਮੇ ਮੇਰੇ ਰੁਖ਼ਸਾਰ

ਮੇਰਾ ਮਦਨ ਮੋਹਨ ਬਣ ਜਾ ਸੱਜਣਾ

***************************

 

ਪੁਕਾਰ

March 2017

 

 

ਐ ਮਾਂ

ਮੈਂ ਗੁੱਡੀ ਕਿੰਜ ਚਾੜ੍ਹਾਂ

ਅੰਬਰ ਕਿਹੜੇ ਦੇ ਵਿੱਚ ਤਾਰਾਂ

ਹੁਣ ਕੀਹਦੇ ਪਿਆਰ ਦਾ ਮੈਂ ਮਾਂਜਾ

ਡੋਰ ਤੇ ਮਾਰਾਂ

ਐ ਮਾਂ

ਲੇਟੀ

ਚੇਤਾ ਤੇਰਾ ਮੈਂ ਪਾ ਕੇ ਘੋਲ਼ਦਾ

ਤੀਲ੍ਹੇ

ਬਾਂਸ ਦੇ ਝਾੜੂਆਂ ਦੇ ਟੋਲ਼ਦਾ

ਤੇਰੀ ਯਾਦਾਂ ਦਾ ਬੁੱਲਾ ਫਿਰੇ ਝੋਲਦਾ

ਕੰਨੀ ਦੇ ਦੇ ਨੀ ਮਾਏ ਬੋਲਦਾ

ਗੁੱਡੀ ਲੁੱਟੀ ਤੇ ਜੇ ਰੋਵਾਂ ਤਾਂ

ਕੋਈ ਨਹੀਂ ਗੌਲ਼ਦਾ

ਐ ਮਾਂ

ਸੁਨੇਹਾ

ਦਿਲਾਂ ਦਾ ਡੋਰਾਂ ਨਾਲ਼ ਵਲ਼ਦਾ

ਤੈਨੂੰ

ਰਹਾਂ ਮੈਂ ਰੋਜ ਘੱਲਦਾ

ਕਾਟਾ ਪਿਆ ਇਹਾ ਅਜਲ ਦਾ

ਹੁੰਗਾਰਾ ਆਵੇ ਨਾ ਤੇਰੇ ਵੱਲ ਦਾ

ਕੁੰਗੜ ਕੀਹਦੀ ਪੈਂਦ ਪੈ ਜਾਵਾਂ

ਵੇਲਾ ਆਵੇ ਜਦ ਸੌਣ ਦਾ

ਐ ਮਾਂ

ਮੂਰਤ

ਬਣ ਕੇ ਤੂੰ ਬਹਿ ਗਈ ਕਿਓਂ ਦੀਵਾਰ ਤੇ

ਹੰਝੂ

ਵੀ ਰੁਕ ਗਏ ਮੇਰੇ ਹਾਰ ਕੇ

ਹੌਂਕੇ ਦਸਤਕ ਦਿੰਦੇ ਮੇਰੇ ਦੁਆਰ ਤੇ

ਗੁੱਡੇ ਲੁਟ ਗਏ ਨੇ ਸਾਰੇ ਪਿਆਰ ਦੇ

ਮੁੜ ਕੇ ਨਾ ਆਵੀਂ ਬੁਲਾ ਜਾ ਇੱਕ ਵਾਰ

ਵਾਜਾਂ ਮਾਰ ਕੇ

ਐ ਮਾਂ

ਐ ਮਾਂ

ਮੈਂ ਗੁੱਡੀ ਕਿੰਜ ਚਾੜ੍ਹਾਂ

ਅੰਬਰ

ਕਿਹੜੇ ਦੇ ਵਿੱਚ ਤਾਰਾਂ

ਹੁਣ ਕੀਹਦੇ ਪਿਆਰ ਦਾ ਮੈਂ ਮਾਂਜਾ

ਡੋਰ ਤੇ ਮਾਰਾਂ

ਐ ਮਾਂ

***********************

ਹਾਲਾਤ

February 2017

 

 

ਔੜਾਂ ਭਰਿਆ ਮਨ ਦਰਿਆ

ਵਿੱਚ ਵਗਦਾ ਸੁੱਕਾ ਪਾਣੀ

ਬਿਨ ਮਤਲਬ ਦੇ ਉਲ਼ਝੇ ਫਿਰਦੇ

ਮਾਅਨੇ ਸਭ ਬੇਮਾਨ੍ਹੀ

ਪਰਛਾਵੇਂ ਜਿਹੇ ਬੰਦਿਆਂ ਮੂਰ੍ਹੇ

ਹਉਮੈਂ ਹੈ ਜਿਸਮਾਨੀ

ਪੜ੍ਹ ਲਿਖ ਕੇ ਵੀ ਅਨਪੜ੍ਹ ਐਥੇ

ਅਨਪੜ੍ਹ ਬ੍ਰਹਮ ਗਿਆਨੀ

ਨਿਰਮਲਤਾ ਤੇ ਕੋਮਲਤਾ

ਉਪਦੇਸ਼ ਦਵੇ ਅਭਿਮਾਨੀ

ਮਕਰੇ ਬੈਠੇ ਗੁਰ ਘਰ ਸਾਂਭੀ

ਦੁਨੀਆਂ ਹੋਈ ਦਿਵਾਨੀ

ਹਰ ਮਨ ਦੇ ਦਰਵਾਜ਼ੇ ਹੁੰਦੀ

ਝੂਠਾਂ ਦੀ ਅਗਵਾਨੀ

ਸੱਚ ਬੋਲੇ ਤਾਂ ਕੀਕਣ ਬੋਲੇ

ਚੜ੍ਹਿਆ ਝੂਠ ਜ਼ੁਬਾਨੀਂ

ਤਰਕ ਤਾਂ ਤੋਲੇ ਸਾਵਾਂ ਸਾਵਾਂ

ਕੁਤਰਕ ਬੇ ਰੋਕ ਬਿਆਨੀ

ਸਿੰਘਾਸਣ ਤੇ ਸਜ ਸਜ ਬੈਠੇ

ਪੱਲੇ ਅਕਲ ਦੁਆਨੀ

ਧਰਤੀ ਉੱਤੇ ਲੀਕਾਂ ਵਾਹ ਕੇ

ਬਣ ਗਏ ਦੁਸ਼ਮਣ ਜਾਨੀ

ਪਰਲੇ ਪਾਸੇ ਰਾਕਸ਼ ਵੱਸਦੇ

ਉਰਲੇ ਦਿਲਬਰ ਜਾਨੀ

ਧਰਤੀ ਵੰਡੀ ਪਾਣੀ ਵੰਡਿਆ

ਹਵਾ ਨੀ ਵੰਡੀ ਜਾਣੀ

ਆਹ ਵੀ ਮੇਰਾ ਔਹ ਵੀ ਮੇਰਾ

ਦੋ ਦਿਨ ਦੇ ਸੈਲਾਨੀ

ਧਰੀ ਧਰਾਈ ਰਹਿ ਜਾਣੀ ਹੈ

ਸਾਰੀ ਬੁੱਧੀਮਾਨੀ

ਆਦਮ ਜਾਤ ਨੂੰ ਲੈ ਕੇ ਡੁੱਬੂ

ਆਪਣੀ ਹੀ ਸ਼ੈਤਾਨੀ

***************************

ਬਿਰਥੇ

February 2017

 

 

ਦਿਲ ਬੇਕਰਾਰ ਮੇਰਾ

ਕਦੋਂ ਦਾ ਬੀਮਾਰ ਤੇਰਾ

ਤੇਰੀਆਂ ਨੇ ਯਾਦਾਂ ਆਓਂਦੀਆਂ

ਰਵੇ ਇੰਤਜ਼ਾਰ ਤੇਰਾ

ਹੋਵੇ ਨਾ ਦੀਦਾਰ ਤੇਰਾ

ਥੱਕ ਗਈ ਪਓਂਦੀ ਔਂਸੀਆਂ

ਝਾਕ ਦੀਆਂ ਰਾਹਾਂ ਉੱਤੇ

ਬਿਰਥਾ ਦਾ ਪਹਿਰਾ ਲੱਗੇ

ਪੀੜਾਂ ਨੰਗੇ ਹੋ ਕੇ ਨ੍ਹਾਓਂਦੀਆਂ

ਘੁੱਪ ਮੱਸਿਆ ਦਾ ਨ੍ਹੇਰਾ

ਹੋਵੇ ਨਾ ਕਦੇ ਸਵੇਰਾ

ਤਾਂਘਾਂ ਮੈਨੂੰ ਲਾਰੇ ਲਾਓਂਦੀਆਂ

ਆਈ ਨਾ ਘਟਾ ਚੜ੍ਹ

ਉਮਰਾਂ ਵੀ ਗਈਆਂ ਹੜ੍ਹ

ਹਿਜਰਾਂ ਨੇ ਪੈਲਾਂ ਪਾਓਂਦੀਆਂ

ਆਸਾਂ ਦੇ ਬਨੇਰੇ ਮੇਰੇ

ਕਾਵਾਂ ਨੇ ਲਾਏ ਨਾ ਫੇਰੇ

ਗੂੰਗੀਆਂ ਨੇ ਕੋਇਲਾਂ ਗਾਓਂਦੀਆਂ

ਦਿਲ ਵੀ ਨਾ ਧੜਕੇ ਇਹ

ਅੱਖ ਵੀ ਨਾ ਫੜਕੇ ਇਹ

ਬਿੜਕਾਂ ਵੀ ਨਹੀਓਂ ਆਓਂਦੀਆਂ

ਬਣ ਕੇ ਭੁਲੇਖੇ ਜਿਹੇ

ਅਣਹੋਣੀਆਂ ਦੇ ਟੋਲੇ

ਬੂਹਾ ਮੇਰਾ ਖੜਕਾਓਂਦੀਆਂ

ਵੰਗਾਂ ਦੇ ਪਏ ਟੋਟੇ

ਟੁੱਟਦੇ ਨਾ ਮੈਥੋਂ ਛੋਟੇ

ਤਾਕ ਤੇਰੀ ਮਾਰੇ ਝੱਲੀਆਂ

ਪੱਤੀਆਂ ਵੀ ਫੁੱਲ ਦੀਆਂ

ਵੈਰਨਾ ਨੇ ਬਣ ਗਈਆਂ

ਨਾਂਹ ਤੇ ਆ ਕੇ ਮੁੱਕ ਜਾਂਦੀਆਂ

ਬਿਰਹੌ ਵੀ ਅੜ ਅੜ

ਬਹਿੰਦੀ ਡਟ ਮੇਰੇ ਦਰ

ਪੱਕੀਆਂ ਬਰੂਹਾਂ ਮੱਲੀਆਂ

ਭਰਮਾ ਨੇ ਆਓਣਾ ਛੱਡ

ਸੁਪਨੇ ਬਣਾਓਣਾ ਛੱਡ

ਮੁੱਕਣ ਨਾ ਰਾਤਾਂ ਲਮੀਆਂ

ਦਿਲ ਬੇਕਰਾਰ ਮੇਰਾ

ਕਦੋਂ ਦਾ ਬੀਮਾਰ ਤੇਰਾ

ਤੇਰੀਆਂ ਨੇ ਯਾਦਾਂ ਆਓਂਦੀਆਂ

ਰਵੇ ਇੰਤਜ਼ਾਰ ਤੇਰਾ

ਹੋਵੇ ਨਾ ਦੀਦਾਰ ਤੇਰਾ

ਥੱਕ ਗਈ ਪਓਂਦੀ ਔਂਸੀਆਂ

*********************

ਚਿੱਬ

February 2017

 

 

ਵੇਖ ਕਦੇ ਤਾਂ ਚੁੱਕ ਕੇ ਸਿਰ ਨੂੰ

ਮਾਰ ਕੇ ਵੇਖ ਕਦੇ ਲਲਕਾਰ

ਪੈਰ ਕੱਢ ਕੇ ਵੇਖ ਕਦੇ ਤਾਂ

ਕਾਇਦੇ ਦੇ ਦਾਇਰੇ ਤੋਂ ਬਾਹਰ

ਦੁਨੀਆਂ ਦੇ ਕਾਨੂਨਾਂ ਥੱਲੇ

ਦੱਬੇ ਕੁਚਲੇ ਮਣ ਮਣ ਭਾਰ

ਕਿਸ ਨੇ ਇਹ ਕਾਨੂਨ ਬਣਾਏ

ਪੁੱਛ ਕੇ ਵੇਖ ਕਦੇ ਤਾਂ ਯਾਰ

ਰਾਜੇ ਮਾਹਰਾਜੇ ਸਭ ਤੁਰ ਗਏ

ਝੁਕਣਾ ਛੱਡ ਹੁਣ ਬਰਖੁਰਦਾਰ

ਸਾਂਭੀ ਬੈਠੇ ਸੰਸਦ ਤੇਰੀ

ਚੋਰ ਉਚੱਕੇ ਸਰਮਾਏਦਾਰ

ਕੁਝ ਵੀ ਆਖਣ ਸਿਰ ਮੱਥੇ ਤੇ

ਕਦੇ ਤਾਂ ਕਰ ਕੁਝ ਸੋਚ ਵਿਚਾਰ

ਭੇਡਾਂ ਦਾ ਇਹ ਇੱਜੜ ਛੱਡ ਕੇ

ਕੱਲਾ ਵੇਖ ਦੜੰਗੇ ਮਾਰ

ਗੁੰਡੇ ਨੇਤਾ ਪੁਲਿਸ ਰਾਜ ਦਾ

ਬੱਸ ਕਰ ਸਹਿਣਾ ਅਤਿਆਚਾਰ

ਖੋਹ ਕੇ ਵੇਖ ਇਨ੍ਹਾ ਦੇ ਹੱਥੋਂ

ਕਦੇ ਤਾਂ ਇਨ੍ਹਾ ਦੇ ਹਥਿਆਰ

ਹੰਭਿਆ ਵਕਤ ਤੇਰੇ ਵੱਲ ਝਾਕੇ

ਵਾਜੋਂ ਤੇਰੇ ਹੈ ਲਾਚਾਰ

ਰੰਗ ਲਾ ਫੇਰ ਬਸੰਤੀ ਚੋਲੇ

ਇਨਕਲਾਬ ਲਈ ਹੋ ਤਿਆਰ

ਬ੍ਰਹਿਮੰਡਾਂ ਦੇ ਸਾਹਵੇਂ ਭਾਵੇਂ

ਕੁਝ ਵੀ ਨਾ ਤੇਰਾ ਆਕਾਰ

ਪਾ ਜਾ ਫਿਰ ਵੀ ਇਸ ਤੇ ਅਪਣੇ

ਨਿੱਕੇ ਨਿੱਕੇ ਚਿੱਬ ਹਜ਼ਾਰ

*********************

ਤਦ ਤਕ

February 2017

 

 

ਬੀਤ ਜਾਵਾਂਗਾ ਮੈਂ ਵੀ ਇੱਕ ਦਿਣ

ਢਲ ਜਾਵੇਗਾ ਸੂਰਜ ਤੇਰਾ

ਪਰ ਜਦ ਸੀਤ ਹਵਾ ਉਮਰਾਂ ਨੇ

ਠੰਡਾ ਕੀਤਾ ਪਿੰਡਾ ਤੇਰਾ

ਕੱਜ ਕਲੇਵਰ ਗਰਮਾਵੇਗਾ

ਨਿੱਘਾ ਜਿਹਾ ਅਲਿੰਗਨ ਮੇਰਾ

ਚਾਨਣ ਜਦ ਧੁੰਦਲ਼ਾ ਜਾਵੇਗਾ

ਲੋ ਤੜਫੇਗੀ ਭੋਰਾ ਭੋਰਾ

ਉੱਖੜੇ ਉੱਖੜੇ ਸਾਹਾਂ ਦੇ ਵਿੱਚ

ਦਿਲ ਧੜਕੇਗਾ ਥੋੜ੍ਹਾ ਥੋੜ੍ਹਾ

ਮਨ ਤੇਰੇ ਨੂੰ ਸਹਲਾਵੇਗਾ

ਅਣਥੱਕ ਸਾਥ ਭਰੋਸਾ ਮੇਰਾ

ਨਰਮ ਰੁਪਹਿਲੇ ਕੇਸਾਂ ਦੇ ਵਿੱਚ

ਵਾਲ਼ ਕੋਈ ਕੱਲਮ ਕੱਲਾ ਕਾਲਾ

ਸੱਜਰੇ ਵਾਹਣ ਦੇ ਵਾਂਗਰ ਖਿੜਿਆ

ਸੋਹਣਾ ਰਹਿਮਤ ਮੁਖੜਾ ਤੇਰਾ

ਖੁਸ਼ਕ ਲਬਾਂ ਨੂੰ ਨਰਮਾਵੇਗਾ

ਨਾਜ਼ੁਕ ਸਿੱਲ੍ਹਾ ਚੁੰਮਣ ਮੇਰਾ

ਯਾਦ ਵੀ ਇੱਕ ਦਿਨ ਬਹਿਕਾਵੇਗੀ

ਬੋਝੇ ਚਾਬੀ ਗੁੰਮ ਜਾਵੇਗੀ

ਕਿਸ ਸੂਰਤ ਦਾ ਨਾਮ ਹੈ ਕਿਹੜਾ

ਭੁੱਲਿਆ ਕੰਮ ਸੀ ਕਰਨਾ ਜਿਹੜਾ

ਤਦ ਵੀ ਪੂਰਨ ਚੰਦਰਮਾ ਬਣ

ਰੋਸ਼ਨਾਵਾਂਗਾ ਵਿਹੜਾ ਤੇਰਾ

ਜਦ ਤੱਕ ਸਾਹ ਵਿੱਚ ਸਾਹ ਹੈ ਬਾਕੀ

ਤਾਕਤ ਇੱਕ ਵੀ ਕਦਮ ਚੁੱਕਣ ਦੀ

ਸੌਣ ਤੋਂ ਪਹਿਲਾਂ ਹੱਥ ਫੜਨ ਦੀ

ਸੁਬ੍ਹਾ ਨੂੰ ਫਿਰ ਤੋਂ ਤਾਂਘ ਮਿਲਨ ਦੀ

ਤਦ ਤਕ ਹਰ ਇਕ ਸੰਝ ਸਵੇਰਾ

ਪਾਵਾਂਗਾ ਮੈਂ ਤੈਨੂੰ ਘੇਰਾ

***************

ਖੜੋਤ

January 2017

 

 

ਜਦ ਬਹੇ ਉਲਟੀ ਗੰਗਾ, ਭਰ ਜੇ ਪਾਪਾਂ ਦਾ ਘੜਾ

ਫੇਰ ਸੋਧਾਂ ਦੀ ਦਵਾ, ਰਾਸ ਨਾ ਆਏ

ਗੂੰਗੀ ਜਦ ਹੋ ਜੇ ਅਵਾਜ, ਬੇ-ਇਮਾਨ ਦਾ ਹੋ ਜੇ ਤਾਜ

ਝੂਠ ਦਾ ਆ ਜੇ ਰਿਵਾਜ, ਡਾਂਗ ਬਣ ਜਾਵੇ ਸਮਾਜ

ਨ੍ਹੇਰਾ ਸੂਰਜ ਖਾ ਲਵੇ, ਤਰਕ ਫਾਹਾ ਲਾ ਲਵੇ

ਸਬਰ ਦਾ ਬੰਨ੍ਹ ਟੁੱਟ ਜੇ, ਆਸ ਦਾ ਦਮ ਘੁੱਟ ਜੇ

ਗਰਕ ਜਾਵੇ ਜਦ ਸਮਾਜ, ਰੋਗ ਬਣ ਜੇ ਲਾ-ਇਲਾਜ

ਫੇਰ ਸੋਧਾਂ ਦੀ ਦਵਾ, ਰਾਸ ਨਾ ਆਏ

ਚੋਰ ਦਾ ਹੋ ਜੇ ਨਿਜ਼ਾਮ, ਰਾਜ ਗੁੰਡਾ ਬੇਲਗਾਮ

ਭੀੜ ਦੇ ਹੱਥ ਹੋ ਨਿਆਂ, ਲੁਕਣ ਨੂੰ ਲੱਭੇ ਨਾ ਥਾਂ

ਹੱਕ ਨੂੰ ਲੁੱਟ ਲਏ ਵਿਧਾਨ, ਭੁੱਖਾ ਮਰ ਜਾਵੇ ਕਿਸਾਨ

ਜ਼ਿੰਦਗੀ ਦੇ ਬੋਝ ਨੂੰ, ਚੁੱਕਦਾ ਥੱਕ ਜੇ ਜੁਆਨ

ਕਦਰ ਆਪੋ ਧਾਪ ਦੀ, ਲੋਕ ਸੇਵਾ ਗਾਲ਼ ਜਿਹੀ

ਫੇਰ ਸੋਧਾਂ ਦੀ ਦਵਾ, ਰਾਸ ਨਾ ਆਏ

ਵੇਖ ਸੱਚ ਸੁੱਤਾ ਪਿਆ, ਹਰ ਸਮੇਂ ਦਾ ਬਾਦਸ਼ਾਹ

ਭੇਸ ਵੱਟ ਦਰਵੇਸ਼ ਦਾ, ਨਾਅਰਾ ਲਾਵੇ ਦੇਸ਼ ਦਾ

ਭੁੱਖ ਮੰਗੇ ਰੋਜ਼ੀਆਂ, ਰੁੱਝੇ ਵਿੱਚ ਇਹ ਸਿਆਸਤਾਂ

ਵਾਦ ਤੇ ਵਿਵਾਦ ਕੀ, ਜੁਮਲਾ ਘੜਦੇ ਨਿੱਤ ਨਵਾਂ

ਆਮ ਜਦ ਕੋਈ ਆਤਮਾ, ਬਣ ਬਹੇ ਪਰਮਾਤਮਾ

ਫੇਰ ਸੋਧਾਂ ਦੀ ਦਵਾ, ਰਾਸ ਨਾ ਆਏ

ਧੀਆਂ ਭੈਣਾ ਔਰਤਾਂ, ਵੇਖ ਰਾਹ ਵਿੱਚ ਕੱਲੀਆਂ

ਹਰ ਕੋਈ ਬਣ ਜੇ ਹੈਵਾਨ, ਖਾਣ ਨੂੰ ਪੈ ਜੇ ਸ਼ੈਤਾਨ

ਕਿਹੜੇ ਵੇਲ਼ੇ ਆਣ ਇਹ, ਕਿਹੜੇ ਵੇਲ਼ੇ ਜਾਣ ਇਹ

ਕਿਹੜੇ ਕੱਪੜੇ ਪਾਣ ਇਹ, ਜਿਓਣ ਜਾਂ ਮਰ ਜਾਣ ਇਹ

ਪਾਕ ਪਾਵਨ ਖਸਲਤਾਂ, ਸਨਦ ਦੇਵਣ ਵਹਿਸ਼ਤਾਂ

ਫੇਰ ਸੋਧਾਂ ਦੀ ਦਵਾ, ਰਾਸ ਨਾ ਆਏ

ਦੁਨੀਆਂ ਦੇ ਇਸ ਇੰਤਜ਼ਾਮ, ਬੰਦਾ ਬਣ ਜਾਵੇ ਗੁਲਾਮ

ਕੁਝ ਕੁ ਇੱਕ ਦੀ ਐਸ਼ ਲਈ, ਵਿਅਸਤ ਹੋ ਸਾਰਾ ਜਹਾਨ

ਗੁਰਬਤਾਂ ਹੋ ਕਾਰੋਬਾਰ, ਲੁੱਟ ਖੋਹ ਬਣ ਜੇ ਵਪਾਰ

ਮਾਰ ਕੇ ਆਪਣੀ ਜ਼ਮੀਰ, ਵਿਕ ਜੇ ਹਰ ਕੋਈ ਬਜ਼ਾਰ

ਵੇਖ ਜੇ ਕੋਈ ਇਹ ਕਹੇ, ਇਹ ਸਦਾ ਹੀ ਇਓਂ ਰਹੇ

ਫੇਰ ਸੋਧਾਂ ਦੀ ਦਵਾ, ਰਾਸ ਨਾ ਆਏ

***************************

ਪੰਜਾਬਣ

January 2017

 

 

ਕਾਲ਼ੀ ਬੋਲ਼ੀ ਰਾਤ ਤਿਲਕਵੇਂ ਵਾਲ਼

ਧੁੱਪ ਚ ਰੜ੍ਹਿਆ ਮੁਖੜਾ ਭੂਰਾ ਲਾਲ

ਬੁੱਲ੍ਹੀਆਂ ਅੱਲ੍ਹੜ ਪੱਤੀਆਂ ਰੰਗ ਗੁਲਾਲ

ਜਲਵਾ ਹਰ ਇੱਕ ਨਦਰੀ ਨਦਰ ਨਿਹਾਲ

ਲਟਕੀ ਵੱਟੋ ਵੱਟ ਚੱਲ ਕੇ ਚਾਲ

ਥਿਰਕੇ ਅੰਗ ਅੰਗ ਮਸਤ ਮੌਜ ਦੇ ਨਾਲ਼

ਲੱਕ ਹੁਲਾਰੇ ਖਾਵੇ ਵਾਂਗ ਭੁਚਾਲ਼

ਥਪਕੇ ਪਿੱਛਾ ਸਹਿਜ ਪਰਾਂਦਾ ਲਾਲ

ਨੱਕ ਕੰਨ ਵਿੰਨਿਆ ਸੂਲ਼ ਕਿੱਕਰ ਦੀ ਨਾਲ਼

ਕੋਕਾ ਘੜ ਕੇ ਪਾਇਆ ਨਿੱਮ ਦੀ ਡਾਲ਼

ਗੁੰਦਿਆ ਛੱਲਾ ਘਾਹ ਦਾ ਸਧਰਾਂ ਨਾਲ਼

ਨਜ਼ਰਾਂਵੱਟੂ ਗੱਲ੍ਹ ਤੇ ਕਰੇ ਕਮਾਲ

ਤੁੰਨ ਤੁੰਨ ਭਰਿਆ ਨੱਕੋ ਨੱਕ ਜਮਾਲ

ਛੱਲ ਛੱਲ ਡੁੱਲ੍ਹਦਾ ਰੂਪ ਹਰੇਕ ਉੱਛਾਲ਼

ਲੰਘ ਜੇ ਜਿੱਥੋਂ ਪੈਂਦਾ ਰਹੇ ਧਮਾਲ

ਸੁੱਧ ਬੁੱਧ ਖੋ ਜੇ ਉੱਡ ਜੇ ਹੋਸ਼ ਹਵਾਲ

ਸੋਹਣੀ ਸੂਰਤ ਫੱਬਤ ਬੋਲ ਤੇ ਚਾਲ

ਅਕਲ ਸ਼ਕਲ ਦਾ ਦੁਰਲਭ ਮੇਲ ਮਿਸਾਲ

ਸੂਰਜ ਫਿੱਕਾ ਪੈਦਾ ਵੇਖ ਜਲਾਲ

ਕੁੜੀ ਪੰਜਾਬਣ ਪਰਤੱਖ ਇੰਦਰ ਜਾਲ

***********************

ਛੁੱਟੀ

January 2017

 

 

ਆ ਅੱਜ ਆਪਾਂ ਦੋਵੇਂ ਮਿਲ਼ ਕੇ

ਐਤਵਾਰ ਦੀ ਛੁੱਟੀ ਮਨਾਈਏ

ਦੇਰ ਸਵੇਰ ਤੱਕ ਤਾਣ ਕੇ ਲਮੀਆਂ

ਘੇਸਲ਼ ਵੱਟੀਏ ਤੇ ਸੁਸਤਾਈਏ

ਗੋਡੇ ਗੋਡੇ ਸੂਰਜ ਚੜ੍ਹ ਜੇ

ਫਿਰ ਰਲ਼ ਦੋ ਕੱਪ ਚਾਹ ਬਣਾਈਏ

ਵਿਚ ਵਰਾਂਡੇ ਬਹਿ ਕੇ ਦੋਨੇ

ਲੰਮੇ ਲੰਮੇ ਸੁੜ੍ਹਕੇ ਲਾਈਏ

ਲੰਘਦਾ ਵੇਖ ਕੇ ਸਬਜ਼ੀ ਵਾਲਾ

ਰੁਕ ਜਾ ਭਾਈ ਵਾਜ ਲਗਾਈਏ

ਕਿੱਲੋ ਗਾਜਰ ਤੇ ਕਿੱਲੋ ਮਟਰ ਦਾ

ਠੀਕ ਠੀਕ ਜਿਹਾ ਭਾਅ ਲਗਵਾਈਏ

ਧੁੱਪ ਚ ਡਾਹ ਕੇ ਵਾਣ ਦਾ ਮੰਜਾ

ਤੇਲ ਸਰ੍ਹੋਂ ਦਾ ਕੌਲ ਚ ਪਾਈਏ

ਇੱਕ ਦੂਜੇ ਦੇ ਕੱਢ ਚੀਰਮੀ

ਧੌਲ਼ੇ ਪੱਟੀਏ ਝਾਸੇ ਲਾਈਏ

ਬੰਨ੍ਹ ਕੇ ਸਿਰ ਫਿਰ ਦੋਨੋ ਜੂੜੇ

ਕੌਫੀ ਦੀ ਫੁਰਮਾਇਸ਼ ਲਗਾਈਏ

ਚਾੜ੍ਹ ਪਤੀਲਾ ਪਾਣੀ ਚੂਲ੍ਹੇ

ਗਾਣੇ ਇਸ਼ਕ ਮੁਹੱਬਤ ਗਾਈਏ

ਪੰਝੱਤਰ ਮਾਡਲ ਦਾ ਲਮਬਰੇਟਾ

ਧੋ ਕੇ ਪਾਲਸ਼ ਲਾ ਚਮਕਾਈਏ

ਨਵਾ ਧਵਾ ਰਾਂਝੇ ਦੀ ਸਵਾਰੀ

ਲੂਨਾ ਤੇਰੀ ਨਾਲ਼ ਖੜ੍ਹਾਈਏ

ਕੋਸੇ ਕੋਸੇ ਪਾਣੀ ਦੇ ਨਾਲ

ਵਾਰੀ ਵਾਰੀ ਦੋਨੇ ਨ੍ਹਾਈਏ

ਗੰਦੇ ਮੰਦੇ ਕਪੜੇ ਧੋ ਕੇ

ਚੂੰਢੀ ਲਾ ਲਾ ਸੁੱਕਣੇ ਪਾਈਏ

ਖੁੱਲ੍ਹੇ ਛੱਡ ਫਿਰ ਵਾਲ਼ ਪਿਛਾਂਹ ਨੂੰ

ਸਬਜ਼ੀ ਗਾਜਰ ਮਟਰ ਬਣਾਈਏ

ਗਰਮਾ ਗਰਮ ਤਾਜ਼ੀ ਮੱਕੀ ਦੀ

ਦੇਸੀ ਘੇ ਪਾ ਰੋਟੀ ਖਾਈਏ

ਤਿੰਨ ਤੋਂ ਛੇ ਸਿਨਮਾ ਵੇਖਣ ਦਾ

ਝੱਟ ਪੱਟ ਜਹੇ ਪ੍ਰੋਗ੍ਰਾਮ ਬਣਾਈਏ

ਕਾਹਲ਼ੀ ਕਾਹਲ਼ੀ ਕੰਮ ਮੁਕਾ ਕੇ

ਕੱਪੜੇ ਸੋਹਣੇ ਸੋਹਣੇ ਪਾਈਏ

ਮਾਰ ਪਲਾਕੀ ਬਹਿ ਲਮਬਰੇਟੇ

ਸਿਨਮਾ ਘਰ ਨੂੰ ਸਰਪਟ ਜਾਈਏ

ਕੋਨੇ ਦੀਆਂ ਦੋ ਸੀਟਾਂ ਲੈ ਕੇ

ਹੱਥ ਚ ਪਾ ਹੱਥ ਇਸ਼ਕ ਲੜਾਈਏ

ਇੰਟਰਵਲ ਵਿੱਚ ਜਾ ਕੇ ਬਾਹਰ

ਲਿਮਕੇ ਦੇ ਨਾਲ਼ ਟਿੱਕੀਆਂ ਖਾਈਏ

ਇੱਕ ਦੂਜੇ ਨੂੰ ਭਰ ਭਰ ਅੱਖੀਆਂ

ਫਿਲਮੀ ਰੌਂ ਵਿੱਚ ਡੁੱਬਦੇ ਜਾਈਏ

ਡੁੱਬਿਆ ਸੂਰਜ ਦੇਖ ਕੇ ਬਾਹਰ

ਛੇਤੀ ਛੇਤੀ ਘਰ ਨੂੰ ਜਾਈਏ

ਫਿਲਮ ਦੇ ਨਿਰਦੇਸ਼ਕ ਨੂੰ ਭੰਡੀਏ

ਨਾਇਕ ਤੇ ਨਾਇਕਾ ਵਡਿਆਈਏ

ਤਾਰ ਤੋਂ ਸਿੱਲ੍ਹੇ ਕਪੜੇ ਲਾਹ ਕੇ

ਗਰਮ ਪ੍ਰੈੱਸ ਦੇ ਨਾਲ਼ ਸੁਕਾਈਏ

ਅਗਲੇ ਐਤਵਾਰ ਤੋਂ ਪਹਿਲਾਂ

ਕੰਮ ਮੁਕਾਓਣ ਦੀ ਵਿਓਂਤ ਬਣਾਈਏ

ਛੇ ਦਿਣ ਹਰ ਹਫਤੇ ਦੇ ਵਿੱਚੋਂ

ਵਾਂਗ ਭਮੀਰੀ ਘੁਮੀ ਜਾਈਏ

ਹਰ ਦਿਣ ਐਤਵਾਰ ਬਣ ਜਾਵੇ

ਛੇ ਦਿਣ ਬਹਿ ਇਹ ਆਸਾਂ ਲਾਈਏ

*********************

ਅਪਵਾਦ

December 2016

 

 

ਕਿ ਕੀਤਾ ਭੌਰ ਫੁੱਲਾਂ ਨੇ ਸ਼ੁਦਾਈ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

ਵਿਚਾਰਾ ਭੌਰ ਤਾਂ ਲੱਭਦਾ ਸੀ ਮਨ ਦਾ ਮੇਲ ਦੂਨੀਆਂ ਚੋਂ

ਵਟਾ ਕੇ ਭੇਸ ਮਹਿਬੂਬਾ ਦਾ ਫੁੱਲਾਂ ਮੋਹ ਲਿਆ ਉਸ ਨੂੰ

ਝਲਕ ਰੰਗਾਂ ਦੀ ਫੁੱਲਾਂ ਐਸੀ ਪਾਈ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

ਇਹ ਕਾਲ਼ਾ ਭੌਰ ਹੀ ਹੋਣਾ ਜੋ ਕਲੀਆਂ ਵਰਗਲਾਓਂਦਾ ਏ

ਕਿ ਪੀ ਕੇ ਰਸ ਇਹ ਰੂਪਾਂ ਦਾ ਉਜਾੜੇ ਬਾਗ ਪਾਓਂਦਾ ਏ

ਜੇ ਦੂਨੀਆਂ ਵੇਖ ਕੇ ਰੰਗ ਮਨ ਬਣਾਏ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

ਕਲਮ ਇੱਕ ਪਾਸੜੀ ਫੁੱਲਾਂ ਦੇ ਦਿਲ ਦੀ ਗੱਲ ਦੱਸਦੀ ਏ

ਇਹ ਹਰ ਇੱਕ ਭੌਰ ਨੂੰ ਸੰਗ ਦਿਲ ਫਰੇਬੀ ਕਹਿ ਕੇ ਸੱਦਦੀ ਏ

ਜੇ ਦੂਨੀਆਂ ਦੋਸ਼ ਮਰਜ਼ੀ ਦੇ ਲਗਾਏ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

ਬਣਾ ਕੇ ਭੌਰ ਨੂੰ ਕਮਲ਼ਾ ਇਹ ਫੁੱਲ ਜਦ ਖਿੜ ਖਿੜਾਓਂਦੇ ਨੇ

ਤੋੜ ਕੇ ਪਿਆਰ ਦੇ ਰਿਸ਼ਤੇ ਇਹ ਜਦ ਇਲਜ਼ਾਮ ਲਾਓਂਦੇ ਨੇ

ਦਰਦ ਰੂਹਾਂ ਤੇ ਕਿੰਨੇ ਨੇ ਹੰਢਾਏ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

ਇਹ ਦੁਨੀਆਂ ਭੌਰ ਦੀ ਗੂੰਜਣ ਕਦੇ ਨਾ ਸਮਝ ਸਕਦੀ ਏ

ਹਵਸ ਦੇ ਸ਼ੀਸ਼ਿਆਂ ਚੋਂ ਹੀ ਮੁਹੱਬਤ ਨੂੰ ਇਹ ਤੱਕਦੀ ਏ

ਕਿਸੇ ਨੇ ਕੌਲ ਕਿੰਨੇ ਨੇ ਨਿਭਾਏ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

ਜੇ ਦੁਨੀਆਂ ਦੋਸ਼ ਭੌਰਾਂ ਤੇ ਹੀ ਲਾਏ

ਭੌਰ ਕੀ ਆਖੇ

ਬਾਗ ਵੀ ਫੁੱਲ ਦੀ ਦੇਵੇ ਗਵਾਹੀ

ਭੌਰ ਕੀ ਆਖੇ

***********************

ਖ਼ਾਹਸ਼

October 2016

 

 

ਜਦ ਮਿਲ਼ੇ ਤਦ ਮਿਲੇ, ਜਦ ਮਿਲ਼ੇ ਤਦ ਮਿਲ਼ੇ

ਜਦ ਮਿਲ਼ੇ ਮੈਨੂੰ ਤੇਰਾ ਸਹਾਰਾ ਮਿਲ਼ੇ

ਜਦ ਮਿਲ਼ੇ ਤਦ ਮਿਲ਼ੇ … … …

ਤੇਰੀਆਂ ਅੱਖੀਆਂ ਸਾਡੇ ਦਿਲ ਦੀ ਜ਼ੁਬਾਨ

ਤੇਰੇ ਹੀ ਮੈਂ ਖਿਆਲਾਂ ਚ ਰੁੱਝਿਆ ਰਹਾਂ

ਜਦ ਮਿਲ਼ੇ ਮੈਨੂੰ ਤੇਰਾ ਨਜ਼ਾਰਾ ਮਿਲ਼ੇ

ਜਦ ਮਿਲ਼ੇ ਤਦ ਮਿਲੇ … … …

ਤੇਰੀਆਂ ਆਹਟਾਂ ਦਿਲ ਦੀਆਂ ਧੜਕਨਾਂ

ਤੇਰੇ ਵਾਜੋਂ ਨਾ ਕੋਈ ਮੇਰਾ ਮਿਹਰਬਾਨ

ਜਦ ਮਿਲ਼ੇ ਮੈਨੂੰ ਤੇਰਾ ਹੁੰਗਾਰਾ ਮਿਲ਼ੇ

ਜਦ ਮਿਲ਼ੇ ਤਦ ਮਿਲੇ … … …

ਤੇਰੀਆਂ ਖ਼ਾਹਸ਼ਾਂ ਸਾਡੀਆਂ ਨੀਅਤਾਂ

ਤੇਰੀਆਂ ਕਲਪਨਾ ਵਿੱਚ ਮੈਂ ਡੁੱਬਿਆ ਰਹਾਂ

ਫੇਰ ਮੁੜ ਕੇ ਨਾ ਮੈਨੂੰ ਕਿਨਾਰਾ ਮਿਲ਼ੇ

ਜਦ ਮਿਲ਼ੇ ਤਦ ਮਿਲੇ … … …

ਚੰਚਲ ਇਹ ਅਦਾ ਤੇਰੀਆਂ ਸ਼ੋਖ਼ੀਆਂ

ਤੇਰੇ ਜ਼ੁਲਫਾਂ ਦੇ ਪੇਚਾਂ ਚ ਗੁਮਿਆ ਰਹਾਂ

ਪਿਆਰ ਮੈਨੂੰ ਹੀ ਤੇਰਾ ਇਹ ਸਾਰਾ ਮਿਲ਼ੇ

ਜਦ ਮਿਲ਼ੇ ਤਦ ਮਿਲੇ … … …

ਮੇਰੀਆਂ ਹਸਰਤਾਂ ਤੇਰੀਆਂ ਚਾਹਤਾਂ

ਤੇਰਾ ਹੋਣ ਤੇ ਟਿਕਿਆ ਮੇਰਾ ਇਹ ਜਹਾਨ

ਬਿਨ ਤੇਰੇ ਨਾ ਮੇਰਾ ਹੁਣ ਗੁਜ਼ਾਰਾ ਹੋਵੇ

ਜਦ ਮਿਲ਼ੇ ਤਦ ਮਿਲੇ … … …

ਜਦ ਮਿਲ਼ੇ ਤਦ ਮਿਲੇ, ਜਦ ਮਿਲ਼ੇ ਤਦ ਮਿਲ਼ੇ

ਜਦ ਮਿਲ਼ੇ ਮੈਨੂੰ ਤੇਰਾ ਸਹਾਰਾ ਮਿਲ਼ੇ

ਜਦ ਮਿਲ਼ੇ ਤਦ ਮਿਲ਼ੇ … … …

****************

ਦਾਸਤਾਨ

 

 

ਪਾਪ ਦਿਨ ਪਰ ਦਿਨ ਵਧੇ

ਭੋਲ਼ੇ ਕਲ਼ਯੁਗ ਆਖਦੇ

ਕੁਝ ਕੂ ਦੁਸ਼ਮਣ ਆਸ ਦੇ

ਮਿਹਨਤਾਂ ਨੂੰ ਹੜਪ ਦੇ

ਭੁੱਖ ਦੀ ਅਪਣੀ ਹੀ ਹੋਣੀ ਏ ਕੋਈ ਤਾਂ ਦਾਸਤਾਨ

ਐਵੇਂ ਕੋਈ ਚੋਰੀ ਨਹੀ ਕਰਦਾ ਰੋਟੀਆਂ ਇਨਸਾਨ

ਸਰਹੱਦਾਂ ਤੇ ਕੁਝ ਖੜ੍ਹੇ

ਰੋਜ਼ੀਆਂ ਦੇ ਵਾਸਤੇ

ਅਫਸਰਾਂ ਦੇ ਅਰਦਲੀ

ਬਣ ਗਏ ਅਣਖ ਬਾਪ ਦੇ

ਗੁਰਬਤਾਂ ਦੀ ਵੀ ਤਾਂ ਹੋਣੀ ਏ ਕੋਈ ਤਾਂ ਦਾਸਤਾਨ

ਐਵੇਂ ਕੋਈ ਮੌਤ ਨਹੀਂ ਮੰਗਦਾ ਗੁਆਂਢ ਦੀ ਇਨਸਾਨ

ਥੱਕ ਗਏ ਰਾਖੀਆਂ ਖੜ੍ਹੇ

ਕਰਜ਼ ਦੀ ਫਸਲ ਪਾਲ਼ਦੇ

ਪਿੰਡ ਦੀ ਜੂਹ ਬਿਰਖ ਤੇ

ਲਾਸ਼ ਬਣ ਕੇ ਲਟਕਦੇ

ਬੇਵੱਸੀ ਦੀ ਵੀ ਤਾਂ ਹੋਣੀ ਏ ਕੋਈ ਤਾਂ ਦਾਸਤਾਨ

ਐਵੇਂ ਕੋਈ ਆਪ ਨਹੀਂ ਮਰਦਾ ਸ਼ੁਗਲ ਨੂੰ ਇਨਸਾਨ

ਕੁਝ ਕਤਾਰਾਂ ਵਿੱਚ ਖੜ੍ਹੇ

ਨੌਕਰੀ ਦੀ ਆਸ ਤੇ

ਬਾਕੀ ਨਸ਼ਿਆਂ ਦੀ ਬਲੀ

ਚੜ੍ਹ ਗਏ ਨੇ ਭਟਕਦੇ

ਨਾਉਮੀਦੀ ਦੀ ਵੀ ਹੋਣੀ ਏ ਕੋਈ ਤਾਂ ਦਾਸਤਾਨ

ਭਰ ਜਵਾਨੀ ਦੇ ਵਿੱਚ ਨਾ ਲੱਗੇ ਬੇਵਜ੍ਹਾ ਦੂਨੀਆਂ

ਠੇਕਿਆਂ ਤੋਂ ਧਰਮ ਦੇ

ਨਫਰਤਾਂ ਨੇ ਵਰਤਦੇ

ਗਾਵਾਂ ਨੂੰ ਮਾਂ ਆਖਦੇ

ਖਾਣ ਮਾਂਵਾਂ ਚੂੰਡ ਕੇ

ਸਹਿਮ ਤੇ ਡਰ ਦੀ ਵੀ ਹੋਣੀ ਏ ਕੋਈ ਤਾਂ ਦਾਸਤਾਨ

ਐਵੇਂ ਕੋਈ ਅਪਣੇ ਹੀ ਘਰ ਬੈਠਾ ਨਾ ਡਰੇ ਇਨਸਾਨ

ਵਕਤ ਜੇ ਇਓਂ ਹੀ ਰਹੇ

ਤੁਰ ਪੈਣੇ ਬਣ ਕਾਫਲੇ

ਝੁੱਲ ਜਾਣੇ ਜਬਰ ਤੇ

ਬਣ ਕੇ ਨ੍ਹੇਰੀ ਇਹ ਕਦੇ

ਜ਼ੁਲਮ ਦਾ ਲੱਭਣਾ ਨਹੀਂ ਮੁੜ ਕੇ ਫੇਰ ਨਾਮੋ ਨਿਸ਼ਾਨ

ਐਵੇਂ ਨਿੱਤ ਸੁੱਤਾ ਨਹੀਂ ਰਹਿੰਦਾ ਦੱਬਿਆ ਇਨਸਾਨ

*********************************

ਖੇੜੇ

 

October 2016

 

 

ਸਾਡੇ ਵਿਹੜੇ ਫੁੱਲ ਖਿੜਿਆ, ਫੁੱਲ ਖਿੜਿਆ ਉਮੰਗਾਂ ਦਾ

ਨਿੱਕੇ ਨਿੱਕੇ ਅੰਗ ਇਹ ਦੇ, ਭੋਲ਼ੇ ਭੋਲ਼ੇ ਢੰਗ ਇਹ ਦੇ

ਚਾਹਤ ਦੇ ਰੰਗ ਰੰਗਿਆ

ਸਾਡੇ ਵਿਹੜੇ ਫੁੱਲ ਖਿੜਿਆ, ਫੁੱਲ ਖਿੜਿਆ ਉਮੰਗਾਂ ਦਾ

... … …

ਸਾਡੇ ਦਿਲਾਂ ਦੀ ਹੈ ਜਾਨ ਇਹ, ਪੂਰਾ ਹੋਇਆ ਸਾਡਾ ਅਰਮਾਨ ਹੈ

ਗੋਡੇ ਗੋਡੇ ਚਾ ਚੜ੍ਹਿਆ, ਸਾਡੇ ਦਰ ਇਹ ਜਦ ਵੜਿਆ

ਧੁੱਪ ਵਾਲ਼ਾ ਰੰਗ ਲੈ ਕੇ, ਇਤਰ ਸੁਗੰਧ ਲੈ ਕੇ

ਸਿਰ ਸਾਡੇ ਨੂੰ ਚੜ੍ਹਿਆ

ਸਾਡੇ ਵਿਹੜੇ ਫੁੱਲ ਖਿੜਿਆ, ਫੁੱਲ ਖਿੜਿਆ ਉਮੰਗਾਂ ਦਾ

... … …

ਕੁਦਰਤ ਦਾ ਹੋਇਆ ਅਹਿਸਾਨ ਇਹ, ਦੁਨੀਆਂ ਦਾਰੀ ਤੋਂ ਨਾਦਾਨ ਇਹ

ਚਾਉ ਨੂੰ ਝੱਲ ਚੜ੍ਹਿਆ, ਖੁਸ਼ੀਆਂ ਸਾਡਾ ਪੱਲਾ ਫੜਿਆ

ਤੇਰੇ ਮੇਰੇ ਪਿਆਰ ਦਾ ਇਹ, ਗੁਲ ਇਤਬਾਰ ਦਾ ਇਹ

ਮੱਸਿਆ ਨੂੰ ਚੰਨ ਚੜ੍ਹਿਆ

ਸਾਡੇ ਵਿਹੜੇ ਫੁੱਲ ਖਿੜਿਆ, ਫੁੱਲ ਖਿੜਿਆ ਉਮੰਗਾਂ ਦਾ

... … …

ਆਓਂਦੇ ਸਮੇਂ ਦੀ ਪਹਿਚਾਣ ਇਹ, ਜਾਂਦੇ ਵੇਲ਼ੇ ਦੀ ਮੁਸਕਾਨ ਇਹ

ਜਦ ਦਾ ਸਾਨੂੰ ਮਿਲ਼ਿਆ, ਦਿਨ ਰਹਿੰਦਾ ਜਿਵੇਂ ਚੜ੍ਹਿਆ

ਪੁਨਰ ਜਨਮ ਸਾਡਾ, ਹੋਇਆ ਜਿਵੇਂ ਪੂਰਾ ਵਾਅਦਾ

ਸੁਪਨੇ ਨੂੰ ਬਾਂਹੋਂ ਫੜਿਆ

ਸਾਡੇ ਵਿਹੜੇ ਫੁੱਲ ਖਿੜਿਆ, ਫੁੱਲ ਖਿੜਿਆ ਉਮੰਗਾਂ ਦਾ

... … …

**********************************

ਵਕਤ

 

May 2016

 

 

 

ਉਂਜਲ਼ਾਂ ਭਰਿਆਂ ਵਕਤ ਨੀ ਰੁਕਦਾ

ਵਗ ਜੇ ਉਂਗਲ਼ਾਂ ਥਾਣੀ

ਪਲ ਪਲ ਕਰ ਕੇ ਵਗ ਜਾਂਦਾ

ਫੜਿਆ ਨਾ ਜਾਵੇ ਪਾਣੀ

ਔਹ ਜੋ ਲੰਘ ਗਿਆ

ਉਹਦਾ ਇੱਕੋ ਹੀ ਮਤਲਬ ਹੈ

ਆਹ ਜੋ ਲੰਘ ਰਿਹੈ

ਜੀਵਨ ਦਾ ਇਹੋ ਸੱਚ ਹੈ

ਜਨਮ ਤੋਂ ਪਹਿਲਾਂ ਵੀ ਕੱਲ੍ਹ ਸੀ

ਤੇ ਮੌਤ ਤੋਂ ਬਾਅਦ ਵੀ ਕੱਲ੍ਹ ਹੈ

ਅੱਜ ਦੇ ਵਿੱਚ ਹੀ ਜੀਵਨ ਹੈਂ

ਵਿੱਚ ਕੱਲ੍ਹ ਦੇ ਮੌਤ ਜੀਵਤ ਹੈ

ਕੱਲ੍ਹ ਨੇ ਤੇਰੇ ਆਓਣਾ ਨਾਹੀਂ

ਜਦ ਹੋਣਾ ਹੁਣ ਹੋਣਾ

ਹੁਣ ਹੀ ਕੱਲ੍ਹ ਸੀ ਹੁਣ ਹੀ ਅੱਜ ਹੈ

ਹੁਣ ਹੀ ਕੱਲ੍ਹ ਬਣ ਜਾਣਾ

ਜਨਮ ਤੋਂ ਪਹਿਲਾਂ ਵੀ ਕੁਝ ਨਾਹੀਂ

ਮੌਤ ਤੋਂ ਬਾਅਦ ਵੀ ਨਾਹੀਂ

ਜੀਵਨ ਦਾ ਮਤਲਬ ਹੀ ਅੱਜ ਹੈ

ਕੱਲ੍ਹ ਦਾ ਮਤਲਬ ਨਾਹੀਂ

ਵਕਤ ਹੈ ਜੀਵਤ ਇਸ ਦਮ ਹੀ

ਸਭ ਅੱਗੇ ਪਿੱਛੇ ਮਰਿਆ

ਕਿਸ ਲਮਹੇ ਦੀਆਂ ਕਰੇਂ ਉਡੀਕਾਂ

ਆ ਗਿਆ

ਆਹ ਗਿਆ

ਔਹ ਗਿਆ

*****************

ਤਨਹਾਈ

 

May 2016

 

ਪਲ ਦੋ ਪਲ ਦੀ ਖੇਡ ਹੈ ਸਾਰੀ

ਏਨੀ ਗੂੜ੍ਹੀ ਲਾਈ ਕਿਓਂ ਯਾਰੀ

ਮੌਤ ਨੇ ਕੀਤੀ ਹੈ ਦਿਲਦਾਰੀ

ਆਈ ਸਾਨੂੰ ਵਾਰੋ ਵਾਰੀ

ਪਲ ਦੋ ਪਲ ਦੀ...

ਦੁਨੀਆਂ ਦੌੜੀ ਫਿਰਦੀ ਸਾਰੀ

ਜਾਵੇ ਲੰਘਦੀ ਮਾਰੋ ਮਾਰੀ

ਜੀਵਨ ਕੁਝ ਪਲ ਵਾਂਗ ਉਧਾਰੀ

ਮੁੜ ਨਾ ਆਵੇ ਵਾਰੀ ਵਾਰੀ

ਪਲ ਦੋ ਪਲ ਦੀ...

ਲੱਭਦੀ ਫਿਰਦੀ ਚੀਜ਼ ਪਿਆਰੀ

ਖੋਲ ਨਾ ਦੇਖੇ ਆਪਣੀ ਪਟਾਰੀ

ਵਕਤ ਨੇ ਕਰਨੀ ਹੈ ਹੁਸ਼ਿਆਰੀ

ਧੂਆਂ ਆਰੀ ਧੂਆਂ ਪਾਰੀ

ਪਲ ਦੋ ਪਲ ਦੀ...

ਨਿੱਕੀ ਨਿੱਕੀ ਪਿਆਰੀ ਪਿਆਰੀ

ਗੱਲ ਹੁਣ ਤੇਰੀ ਜਾਵੇ ਨਾ ਮਾਰੀ

ਦੁਨੀਆਂ ਦੀ ਇਹ ਖੇਡ ਨਿਆਰੀ

ਯਾਦਾਂ ਮਾਰਨ ਚੋਭ ਕਟਾਰੀ

ਪਲ ਦੋ ਪਲ ਦੀ...

ਜਿੰਦ ਤੇਰੀ ਮੇਰੀ ਅੱਡ ਅੱਡੇਰੀ

ਵੰਡੀ ਨਾ ਜਾਵੇ ਅੱਧ ਅੱਧਾਰੀ

ਤੇਰੇ ਸਾਹਾਂ ਪਹਿਲਾਂ ਮਾਰੀ

ਮੇਰੇ ਸਾਹਾਂ ਹੁਣ ਮੈਂ ਮਾਰੀ

ਪਲ ਦੋ ਪਲ ਦੀ...

ਲੰਘ ਗਈ ਕਿੰਜ ਇਹ ਸਾਰੇ ਦੀ ਸਾਰੀ

ਇਕ ਵੀ ਅਸਾਂ ਅਜੇ ਪਲਕ ਨੀ ਮਾਰੀ

ਰਾਹ ਤੇਰਾ ਦੇਖਾਂ ਥੱਕੀ ਹਾਰੀ

ਮਾਰ ਗਿਓਂ ਕਿਓਂ ਕੱਲਾ ਉਡਾਰੀ

ਲ ਦੋ ਪਲ ਦੀ...

ਜਦ ਵੀ ਉੱਠਾਂ ਤੜਕੇ ਸਾਰੀ

ਦੋ ਕੱਪ ਚਾਹ ਦੇ ਕਰਨ ਤਿਆਰੀ

ਕੱਲ੍ਹ ਦੋ ਪੀਤੇ ਅੱਜ ਇੱਕ ਵੀ ਨਹੀਂ

ਕਿਓਂਕੇ ਅੱਜ ਸੀ ਤੇਰੀ ਵਾਰੀ

ਪਲ ਦੋ ਪਲ ਦੀ...

ਮਘ ਜਾਂ ਕਿੰਜ ਵਿੱਚ ਦੁਨੀਆਂ ਦਾਰੀ

ਮੇਰੀ ਦੁਨੀਆਂ ਤੂੰ ਸੀ ਸਾਰੀ

ਹਾੜ੍ਹ ਮਹੀਨੇ ਸਿਖਰ ਦੁਪਹਰੀ

ਤੇਰੇ ਹਓਂਕੇ ਨੇ ਮੈਂ ਠਾਰੀ

ਪਲ ਦੋ ਪਲ ਦੀ...

ਪਲ ਦੋ ਪਲ ਦੀ ਖੇਡ ਹੈ ਸਾਰੀ

ਏਨੀ ਗੂੜ੍ਹੀ ਲਾਈ ਕਿਓਂ ਯਾਰੀ

ਮੌਤ ਨੇ ਕੀਤੀ ਹੈ ਦਿਲਦਾਰੀ

ਆਈ ਸਾਨੂੰ ਵਾਰੋ ਵਾਰੀ

ਪਲ ਦੋ ਪਲ ਦੀ…

**********************

ਅਸਮਰਥ

April 2016

 

 

ਔੜਾਂ ਦੇ ਸੈਲਾਬ ਨੇ ਮੇਰਾ

ਤਨ ਮਨ ਜਲ ਥਲ ਕਰਿਆ

ਤੇਰਾ ਪਾਸਾ ਹਰਿਆ ਭਰਿਆ

ਮੇਰਾ ਕਣ ਕਣ ਸੜਿਆ

ਕਿੰਜ ਲਿਖਾਂ ਤੇ ਕੀਕਣ ਗਾਵਾਂ

ਮਿੱਠੜੀ ਬਾਤ ਸੁਣਾਵਾਂ

ਬਾਤ ਮੇਰੀ ਦੇ ਵਿੱਚੋਂ ਛਲਕੇ

ਬਿਹਬਲ ਮਨ ਅੱਧ ਭਰਿਆ

ਸੋਚਾਂ ਦੀਆਂ ਕਲਮਾਂ ਨੂੰ ਮੇਰੇ

ਸਵਾਦ ਦਾ ਪਿਓਂਦ ਨੀ ਚੜ੍ਹਿਆ

ਪੁੱਠਾ ਸਿੱਧਾ ਤਿੱਖਾ ਖੁੰਢਾ

ਹਰ ਜੀ ਲਾ ਇਸ ਘੜਿਆ

ਦਵੋ ਦਲੀਲਾਂ ਪਿਓ ਮੇਰੇ ਨੂੰ

ਵਿਆਹ ਦੂਜਾ ਜਿਸ ਕਰਿਆ

ਛੋਟੀ ਉਮਰੇ ਮਾਂ ਮਤੇਈ

ਕੁੱਛੜ ਮੈਨੂੰ ਧਰਿਆ

ਮਨ ਮੇਰੇ ਚੋਂ ਇੱਕ ਇੱਕ ਕਰਕੇ

ਹਰਫ਼ ਦਾ ਰੌਲ਼ਾ ਕਿਰਿਆ

ਕਈ ਘੰਟੇ ਦੀਆਂ ਮਸ਼ਕਾਂ ਪਿੱਛੋਂ

ਛੰਦ ਇੱਕ ਵੀ ਨਾ ਸਰਿਆ

ਚੇਤਨਤਾ ਦਾ ਇਸ ਤੇ ਮੈਥੋਂ

ਸੁਘੜ ਪਾਣ ਨਾ ਚੜ੍ਹਿਆ

ਰੂਹਾਂ ਰੱਬਾਂ ਵਾਲ਼ਾ ਸੂਫ਼ਈ

ਵਰਕ ਨਾ ਜਾਵੇ ਮੜ੍ਹਿਆ

ਕਿਸ ਜਜ਼ਬੇ ਤੇ ਤੁਹਮਤ ਲਾਵਾਂ

ਕਿਸ ਨੂੰ ਲਾਹਨਤ ਪਾਵਾਂ

ਜਿਸ ਨੇ ਹਾਲ ਨਾ ਪੁੱਛਿਆ ਮੇਰਾ

ਜਾਂ ਆਪਣਾ ਨਾ ਦੱਸਿਆ

ਖੁਸ਼ੀਆਂ ਖੇੜੇ ਮਨ ਦੀ ਗੱਠੜੀ

ਰੋਜ਼ੀ ਰੋਟੀ ਹਰਿਆ

ਰਹਿੰਦ ਖੂੰਦ ਨੁਮਾਇਸ਼ਾਂ ਲਾ ਕੇ

ਦਿਲ ਨੂੰ ਹਲਕਾ ਕਰਿਆ

ਮੈਲ਼ੇ ਮਨ ਨੂੰ ਚਾਦਰ ਪਾ ਕੇ

ਸਾਹਵੇਂ ਸਭ ਦੇ ਧਰਿਆ

ਪਰ ਜਿਸ ਨੇ ਵੀ ਪੱਲਾ ਫੜਿਆ

ਖਿਚ ਕੇ ਨੰਗਾ ਕਰਿਆ

ਵਾਕ ਮੇਰੇ ਦਾ ਅੱਖਰ ਅੱਖਰ

ਜੂਠਾ ਕਰ ਕਰ ਧਰਿਆ

ਆਪਣੀ ਹੀ ਤਹਿਜ਼ੀਬ ਸਜਾ ਕੇ

ਮਨ ਦਾ ਮਾਅਨਾ ਘੜਿਆ

ਭਿੱਟੇ ਮਨ ਫਿਰ ਨਵ੍ਹਾ ਧੁਆ ਕੇ

ਦਾਨਸ਼ ਟਿੱਲੇ ਖੜਿਆ

ਕੋਤਰ ਸੌ ਚੋਂ ਸਵਾ ਲੱਖ ਨੇ

ਹੀ ਹੈ ਰਮਜ਼ ਨੂੰ ਫੜਿਆ

ਹਵਨ ਕਰੋ ਕੋਈ ਮੱਤ ਮੇਰੀ ਲਈ

ਅਕਲ ਦਾਨ ਵਰਤਾਵੋ

ਪਿਆਰ ਮੁਹੱਬਤ ਸੂਝ ਸਮਝ ਦਾ

ਇਸ ਨੂੰ ਭੋਗ ਲਗਾਵੋ

ਮੇਰੇ ਮਨ ਦੀ ਤਹਿ ਵਿੱਚ ਛੁੱਪੇ

ਸ਼ਬਦਕੋਸ਼ ਵਰਜਾਵੋ

ਆਪਣੀਆਂ ਸੋਚਾਂ ਇਸ ਨੂੰ ਲਾ ਕੇ

ਡੂੰਘੀ ਗੱਲ ਅਖਵਾਵੋ

ਪੁਤਨਾ ਦੇ ਇਸ ਜਿਹਨੀਂ ਵੱਸੇ

ਜ਼ਹਿਰ ਨੂੰ ਮਣੀਆਂ ਲਾਵੋ

ਮਾਂ ਮੇਰੀ ਦਾ ਫਿਰ ਤੋਂ ਮੇਰੇ

ਅਮ੍ਰਿਤ ਮੂੰਹ ਵਿੱਚ ਪਾਵੋ