ਅਗਸਤ 25, 2025

writingDetail.created_by
By: ਇੰਜ. ਜਸਵੰਤ ਸਿੰਘ ਜ਼ਫਰ

ਪੰਜਾਬੀ ਕਵਿਤਾਵਾਂ -ਭਾਗ ਛੇਵਾਂ

51. ਦਵੰਦ

ਮੈਂ ਵਿਦਰੋਹੀ ਵੀ ਅਖਵਾਉਣਾ ਚਾਹੁੰਦਾ

ਤੇ

ਸਨਮਾਨਤ ਹੋਣਾ ਵੀ

ਇਸ ਲਈ ਜਦ ਹੱਸਦਾ ਹਾਂ

ਰੋਂਦੂ ਲੱਗਦਾ ਹਾਂ

ਜਦ ਰੋਂਦਾ ਹਾਂ

ਲੋਕ ਹੱਸਦੇ ਨੇ

52. ਡਰ

ਜਦ ਨਹੀਂ ਹੋਰ ਕਿਸੇ ਤੋਂ ਡਰਦਾ

ਡਰ ਤੋਂ ਤਦ ਮੈਂ ਡਰਦਾ ਹਾਂ

ਜਦ ਨਹੀਂ ਕਿਸੇ ਵੀ ਤਾਈਂ ਡਰਾਉਂਦਾ

ਡਰ ਨੂੰ ਓਦੋ ਡਰਾਉਂਦਾ ਹਾਂ

ਏਸ ਤਰ੍ਹਾਂ ਮੈਂ ਹਰ ਵੇਲ਼ੇ ਹੀ

ਡਰਦਾ ਅਤੇ ਡਰਾਉਂਦਾ ਰਹਿੰਦਾ

ਡਰ ਦੇ ਨਾਲ ਹੈ ਮੇਰਾ ਰਿਸ਼ਤਾ

ਜਿੱਦਾਂ ਮੇਰਾ ਮੈਂ ਦੇ ਨਾਲ

‘ਮੈਂ’ ਤੇ ‘ਡਰ’ ਹਨ ‘ਕੱਠੇ ਜੰਮਦੇ

‘ਕੱਠੇ ਮਰਦੇ

53. ਧਰਤੀ ਖੜ੍ਹੀ ਹੈ

ਗੱਡੀ ‘ਚ ਇਕੱਲੇ ਸਫ਼ਰ ਕਰਦਿਆਂ

ਮੈਂ ਚੰਗਾ ਹੁੰਨਾਂ

ਘਰ ਦਫਤਰ ਜਾਂ ਬਾਜ਼ਾਰ ਵਿਚ ਹੋਣ ਨਾਲੋਂ

ਸਾਥੀ ਸਵਾਰੀਆਂ ਨਾਲ਼ ਈਰਖਾ ਨਹੀਂ

ਗੱਲ਼ਾਂ ਕਰਦਾ ਹਾਂ ਏਧਰਲੀਆਂ ਓਧਰਲੀਆਂ

ਗੱਲਾਂ ਓਹਲੇ ਲੁਕਣ ਦਾ ਤਨਾਅ ਨਹੀਂ

ਖੁਲ੍ਹਣ ਦਾ ਚਾਅ ਹੁੰਦਾ

ਕਦੇ ਬਿਸਕੁਟ ਪੇਸ਼ ਕਰਦਾ ਹਾਂ

ਮੁਸਕਰਾਉਂਦਾ ਹਾਂ

ਕਦੇ ਆਪਣੇ ਬੱਚਿਆਂ ਦੀ ਤਸਵੀਰ ਦਿਖਾਉਂਦਾ ਹਾਂ

ਸਰੋਕਾਰ ਵਧਾਉਂਦਾ ਹਾਂ

ਸੀਟ ਹੇਠੋਂ ਚੱਪਲ ਕੱਢ ਕੇ ਦਿੰਦਾ ਹਾਂ

ਬਾਥ ਰੂਮ ਜਾਣ ਲਈ ਰਾਹ ਦਿੰਦਾ ਹਾਂ

ਆਰਾਮ ਨਾਲ ਲੇਟਣ ਦੀ ਸਲਾਹ ਦਿੰਦਾ ਹਾਂ

ਦੂਜੇ ਦੀ ਰੀਸ ਤੇ ਆਪਣੀ ਤਾਰੀਫ਼ ਨਹੀਂ ਕਰਦਾ

ਜਿੰਨਾ ਚੰਗਾ ਹੁੰਨਾ

ਓਸ ਤੋਂ ਵੱਧ ਚੰਗਾ ਹੋਣ ਦੀ ਕੋਸ਼ਿਸ਼ ਕਰਦਾਂ

ਕਿਸੇ ਦਾ ਖੋਹਣ ਤੇ ਆਪਣਾ ਬਚਾਉਣ ਦੀ ਉਚੇਚ ਨਹੀਂ ਹੁੰਦੀ

ਇਸ ਤਰ੍ਹਾਂ ਦਾ ਮੈਂ ਸਿਰਫ ਚੱਲਦੀ ਗੱਡੀ ਹੀ ਹੁੰਦਾ ਹਾਂ

ਧਰਤੀ ਤੇ ਨਹੀਂ ਹੁੰਦਾ

ਧਰਤੀ ਤੇ ਹੋਣ ਵੇਲੇ ਵੀ ਭਾਵੇਂ

ਹੁੰਦਾ ਤਾਂ ਸਫ਼ਰ ‘ਚ ਹਾਂ

ਧਰਤੀ ਦਾ ਤਲ ਹਜ਼ਾਰ ਮੀਲ ਦੀ ਰਫ਼ਤਾਰ ਤੇ ਘੁੰਮਦਾ

ਹਜ਼ਾਰਾਂ ਮੀਲ ਦੀ ਰਫ਼ਤਾਰ ਨਾਲ ਗ੍ਰਹਿਪੰਧ ਤੇ ਦੌੜਦੀ ਧਰਤੀ

ਪਰ ਮੇਰਾ ਚਿੱਤ ਨਹੀਂ ਮੰਨਦਾ

ਮੇਰੇ ਮਨ ਵਿਚ ਤਾਂ ਖੜ੍ਹੀ ਹੈ ਧਰਤੀ

ਚੜ੍ਹਦੇ ਛਿਪਦੇ ਸੂਰਜ ਚੰਨ ਤਾਰੇ

ਘੁੰਮਦੇ ਲਗਦੇ ਖੜ੍ਹੀ ਧਰਤੀ ਦੁਆਲੇ

ਕਿਤਾਬਾਂ ਵਿਚ ਲਿਖੇ ਵਾਂਗ ਧਰਤੀ

ਘੁੰਮਦੀ ਤੁਰਦੀ ਉਡਦੀ ਨਾ ਲੱਗਦੀ

ਤਦੇ ਕਿਤਾਬਾਂ ਵਿਚ ਲਿਖੇ ਵਰਗੀ

ਜਾਂ ਗੱਡੀ ਵਾਲੀ ਜ਼ਿੰਦਗੀ

ਮੇਰੀ ਨਹੀਂ ਬਣਦੀ

ਜਦੋਂ ਮੈਂ ਧਰਤੀ ਤੇ ਹੁੰਨਾਂ

54. ਹਾਜ਼ਰ ਗੈਰਹਾਜ਼ਰ

ਮਨੁੱਖ ਸਿਰਫ ਪੁਲਿੰਗ

ਪਰ

ਮਨੁੱਖਤਾ ਇਸਤਰੀਲਿੰਗ

ਇਨਸਾਨ ਸਿਰਫ ਪੁਲਿੰਗ

ਪਰ

ਇਨਸਾਨੀਅਤ ਇਸਤਰੀਲਿੰਗ

ਬੰਦਾ ਸਿਰਫ ਪੁਲਿੰਗ

ਪਰ

ਬੰਦਗੀ ਇਸਤਰੀਲਿੰਗ

ਹੈਰਾਨ ਹਾਂ ਮੈਂ

ਦਾਸੀ ਹੱਥੋਂ ਖਲਾਸੀ ?

55. ਚੰਗਾ ਮੰਦਾ

ਹਰ ਵਿਸ਼ਵਾਸ ਅੰਧਵਿਸ਼ਵਾਸ ਹੁੰਦਾ

ਸੁਜਾਖਾ ਵਿਸ਼ਵਾਸ

ਵਿਸ਼ਵਾਸ ਨਹੀਂ ਕੁਛ ਹੋਰ ਹੁੰਦਾ

ਹਰ ਲਾਰਾ ਝੂਠਾ ਲਾਰਾ ਹੁੰਦਾ

ਸੱਚਾ ਲਾਰਾ

ਲਾਰਾ ਨਹੀਂ ਕੁਛ ਹੋਰ ਹੁੰਦਾ

ਹਰ ਸ਼ਰਧਾ ਸੱਚੀ ਸ਼ਰਧਾ ਹੁੰਦੀ

ਝੂਠੀ ਸ਼ਰਧਾ ਕੋਈ ਚੀਜ਼ ਨਹੀਂ ਹੁੰਦੀ

ਆਸਰਾ ਤਾਂ ਆਸਰਾ ਹੁੰਦਾ

ਸੱਚਾ ਜਾਂ ਝੂਠਾ ਨਹੀਂ ਹੁੰਦਾ

ਆਦਮੀ ਤਾਂ ਬੱਸ ਆਦਮੀ ਹੁੰਦਾ

56. ਅੰਬਰ ਗੀਤ

ਸੂਰਜਾ ਨਾ ਦੂਰ ਜਾ

ਵੇ ਲੈ ਕੇ ਸਾਰੀ ਊਰਜਾ

ਧੁੱਪਾਂ ਬਿਨਾਂ ਖਿੜਦੇ ਨਾ ਫੁੱਲ ਵੇ

ਰੰਗ ’ਤੇ ਸੁਗੰਧ ਬਿਨ ਦੱਸ ਕਾਹਦੀ ਜ਼ਿੰਦਗੀ ਏ

ਜਿਊਂਦਿਆਂ ਨੂੰ ਜੀਣਾ ਜਾਵੇ ਭੁੱਲ ਵੇ

ਚੰਨਿਆਂ ਵੇ ਚੰਨਿਆਂ

ਤੈਨੂੰ ਸੋਹਣਾ ਮੰਨਿਆਂ

ਚਾਨਣੀ ਤੇਰੀ ਨੇ ਸਾਨੂੰ ਦੱਸਿਆ

ਵਾਧ ਘਾਟ ਮੇਲ ਤੇ ਵਿਛੋੜਾ ਗੱਲਾਂ ਸੱਚੀਆਂ ਵੇ

ਪੁੰਨਿਆਂ ਰਹੇ ਨਾ ਸਦਾ ਮੱਸਿਆ

ਤਾਰਿਆ ਵਿਚਾਰਿਆ

ਇਕੱਲਤਾ ਦੇ ਮਾਰਿਆ ਵੇ

ਧਰਤੀ ’ਤੇ ਆ ਜਾ ਸਾਡੇ ਕੋਲ

ਚਮਕਾਂ ਵੀ ਚੰਗੀਆਂ, ਚਮਕਾਂ ਤੋਂ ਚੰਗੇ ਪਰ

ਆਪਣੇ ਪਿਆਰਿਆਂ ਦੇ ਬੋਲ

ਬੱਦਲਾ ਵੇ ਬੱਦਲਾ

ਆਪੇ ਨੂੰ ਉਲੱਦ ’ਲਾ

ਡੁੱਲ੍ਹ ਕੇ ਵੇ ਹੋ ਜਾ ਮੋਹਲੇਧਾਰ

ਭਰੇ ਪੀਤੇ ਰਹਿਣ ਨਾਲੋਂ, ਡੁੱਲ੍ਹ ਜਾਣਾ ਕਿਤੇ ਚੰਗਾ

ਡੁੱਲ੍ਹਣ ਨੂੰ ਕਹੀਦਾ ਪਿਆਰ

ਅੰਬਰਾ ਵੇ ਅੰਬਰਾ

ਓ ਨੀਲਿਆ ਪੈਗੰਬਰਾ

ਸਿਰਾਂ ’ਤੇ ਅਸੀਸ ਬਣ ਤਣਿਆਂ

ਆਸਾਂ ਧਰਵਾਸਾਂ ਰਲ਼ ਤੇਰੀ ਛਾਵੇਂ ਖੇਡਦੀਆਂ

ਦਿਲਾਂ ’ਚ ਭਰੋਸਾ ਰਹੇ ਬਣਿਆਂ।