ਜੂਨ 04, 2025

writingDetail.created_by
By: ਜਰਨੈਲ ਸਿੰਘ ਕਹਾਣੀਕਾਰ

ਜਰਨੈਲ ਸਿੰਘ ਕਹਾਣੀਕਾਰ - ਭਾਗ ਤੀਜਾ (ਸਵੈ ਜੀਵਨੀ)

ਕਥਾ ਸੰਗ੍ਰਹਿ ‘ਮਨੁੱਖ ਤੇ ਮਨੱਖ’ ਵਿਚ ਦਰਜ ਕਹਾਣੀਆਂ

ਉਨ੍ਹੀਂ ਦਿਨੀਂ ਜਿਹੜੀਆਂ ਕਹਾਣੀਆਂ ਦਾ ਤਾਣਾ-ਬਾਣਾ ਮੇਰੇ ਅੰਦਰ ਚੱਲ ਰਿਹਾ ਸੀ ਉਹ ਕਿਸਾਨੀ ਤੇ ਫੌਜੀ ਜੀਵਨ ਦੇ ਸਮਾਚਾਰਾਂ ਤੇ ਮਸਲਿਆਂ ਬਾਰੇ ਸਨ। ਇਸ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿਚ ਮੈਂ ਅਪਣੇ ਪਰਿਵਾਰ ਦੇ ਮੈਂਬਰਾਂ, ਆਸ-ਪਾਸ ਦੇ ਜਾਣ-ਪਛਾਣ ਵਾਲ਼ਿਆਂ ਅਤੇ ਰਿਸ਼ਤੇਦਾਰ ਨੰ ਪਾਤਰ ਬਣਾਇਆ ਹੈ।

‘ਬੰਨ੍ਹ ਉਠਾਈ ਪੋਟਲੀ’

ਇਸ ਕਹਾਣੀ ਦਾ ਮੁੱਖ ਪਾਤਰ ਚੰਨਣ ਸਿੰਘ ਮੇਰੇ ਮਾਮੇ ਬਿੱਕਰ ਸਿੰਘ ਦਾ ਸਮਰੂਪ ਹੈ। ਸਾਡੇ ਨਾਨਕਾ-ਪਰਿਵਾਰ ਵਿਚ ਮੌਤ ਨੇ ਬੜਾ ਕਹਿਰ ਵਰਤਾਇਆ ਸੀ। ਮਾਮੇ ਦਾ ਦੋ ਵਾਰੀ ਵਿਆਹ ਹੋਇਆ। ਦੋਨਾਂ ਮਾਮੀਆਂ ਦੀ ਵਿਆਹ ਤੋਂ ਛੇਤੀ ਬਾਅਦ ਮੌਤ ਹੋ ਗਈ। ਫਿਰ ਛੋਟੇ ਮਾਮੇ ਪ੍ਰੀਤਮ ਸਿੰਘ ਦੇ ਵਿਆਹ ’ਚ ਥੋੜ੍ਹੇ ਕੁ ਦਿਨ ਹੀ ਬਾਕੀ ਸਨ ਕਿ ਮੌਤ ਉਸਨੂੰ ਵੀ ਖੋਹ ਕੇ ਲੈ ਗਈ। ਕਰਮਾਂ ਨੂੰ ਕੋਸਦੇ ਨਾਨਾ-ਨਾਨੀ ਨੇ ਮਾਮੇ ਬਿੱਕਰ ਸਿੰਘ ਦਾ ਤੀਜੀ ਵਾਰ ਵਿਆਹ ਕੀਤਾ। ਮਾਮੀ ਦੀ ਕੁੱਖੋਂ ਤਿੰਨ ਧੀਆਂ ਤੇ ਦੋ ਪੁੱਤਰ ਜਨਮੇ। ਨਿਆਣੇ ਅਜੇ ਛੋਟੇ-ਛੋਟੇ ਹੀ ਸਨ ਕਿ ਸਾਡੀ ਤੀਜੀ ਮਾਮੀ ਵੀ ਚੱਲ ਵਸੀ। ਨਾਨਾ ਵੱਡੇ ਦਿਲ-ਗੁਰਦੇ ਵਾਲ਼ਾ ਸੀ। ਏਨੀਆਂ ਤ੍ਰਾਸਦੀਆਂ ਵਾਲ਼ੀ ਜ਼ਿੰਦਗੀ ਤੋਂ ਉਹ ਹਾਰਿਆ ਨਹੀਂ ਸੀ। 98 ਸਾਲ ਜੀਵਿਆ। ਮਾਮਾ ਵੀ ਨਾਨੇ ਵਾਂਗ ਹੀ ਸੀ। ਦੁੱਖਾਂ-ਦੁਸ਼ਵਾਰੀਆਂ ਨਾਲ਼ ਭਿੜਦਿਆਂ ਉਸਨੇ ਖੇਤੀ ਵੀ ਕੀਤੀ ਤੇ ਨਿਆਣੇ ਵੀ ਪਾਲ਼ੇ। ਸਾਡਾ ਪਿੰਡ ਨਾਨਕਿਆਂ ਦੇ ਲਾਗੇ ਹੈ। ਸਾਡੀ ਬੀਬੀ ਨੇ ਦਸੀਂ-ਬਾਰੀਂ ਦਿਨੀਂ ਜਾ ਕੇ ਕੱਪੜਾ-ਲੀੜਾ ਧੋ ਆਉਣਾ। ਘਰ ਦੀ ਸਫਾਈ ਤੇ ਰਸੋਈ ਦੇ ਕੰਮਾਂ ਬਾਰੇ ਮਾਮੇ ਦੀ ਵੱਡੀ ਕੁੜੀ ਨੂੰ ਸਮਝਾ ਆਉਣਾ। ਖੈਰ ਸਮਾਂ ਬਦਲਿਆ। ਸਾਡੇ ਵੱਡੇ ਮਮੇਰ ਭਰਾ ਦਾ ਵਿਆਹ ਹੋ ਗਿਆ। ਇਕ ਦਿਨ ਕਿਸੇ ਕਾਰਨ ਮਾਮੇ ਅਤੇ ਨੂੰਹ-ਪੁੱਤ ਦੀ ਲੜਾਈ ਹੋ ਗਈ। ਮਮੇਰ ਭਰਾ ਨੇ ਮਾਮੇ ਨੂੰ ਅਪਮਾਨਜਨਕ ਲਫਜ਼ ਕਹਿ ਦਿੱਤੇ। ਗੁੱਸੇ ’ਚ ਭੁੱਜਦਾ ਮਾਮਾ ਸਾਡੇ ਪਿੰਡ ਨੂੰ ਆ ਗਿਆ। ਵਾਰ-ਵਾਰ ਆਖੀ ਜਾਏ, “ਕੁੱਤੇ ਭਜਨ (ਸਾਡਾ ਮਮੇਰ ਭਰਾ) ਦੇ ਮੈਂ ਕਦੇ ਵੀ ਮੱਥੇ ਨਹੀਂ ਲੱਗਣਾ। ਉਹਨੂੰ ਜ਼ਮੀਨ ਦਾ ਇਕ ਵੀ ਸਿਆੜ ਨਹੀਂ ਦੇਣਾ। ਸਾਲ਼ਾ ਰੁਲਦਾ ਫਿਰੂ।” ਸ਼ਾਮ ਨੂੰ ਭਜਨ ਆ ਕੇ ਮਾਮੇ ਦੇ ਪੈਰਾਂ ’ਚ ਢਹਿ ਪਿਆ। ਮਾਮੇ ਦਾ ਗੁੱਸਾ ਪਤਾ ਨਹੀਂ ਕਿੱਧਰ ਉੱਡ ਗਿਆ। ਮੋਮ ਬਣ ਕੇ ਉਸੇ ਵੇਲੇ ਪੁੱਤ ਦੇ ਨਾਲ਼ ਟੁਰ ਪਿਆ— ਅਖੇ ਮੇਰਾ ਤਾਂ ਝੋਨਾ ਸੁੱਕਦੈ। ਜਾ ਕੇ ਪਾਣੀ ਲਾਉਣੈ। ਘਟਨਾ ਦਾ ਇਹ ਅੰਤ ਹਕੀਕਤ ਹੈ। ਪਰ ਪਰਿਵਾਰਕ ਰਿਸ਼ਤਿਆਂ ਦੀ ਅਟੁੱਟਤਾ ਨੂੰ ਸੰਵੇਦਨੀ ਟੱਚ ਦੇਣ ਲਈ, ਮੈਂ ਕਹਾਣੀ ਦਾ ਅੰਤ ਹੋਰ ਤਰ੍ਹਾਂ ਕੀਤਾ ਹੈ। ਕਹਾਣੀ ਵਿਚ ਚੰਨਣ ਸਿੰਘ ਦੀ ਭੈਣ ਮੇਰੀ ਬੀਬੀ ਹੈ ਤੇ ਉਸਦਾ ਭਾਣਜਾ ਗੁਰਬਖਸ਼ ਮੇਰਾ ਵੱਡਾ ਭਰਾ।

‘ਟੱਟਦੀਆਂ-ਜੁੜਦੀਆਂ ਬਾਹਾਂ’

ਇਸ ਕਹਾਣੀ ਵਿਚ ਮੈਂ ਪਰਿਵਾਰਕ ਤੇ ਸਮਾਜਕ ਰਿਸ਼ਤਿਆਂ ਦੇ ਟਕਰਾਓ ਵਿੱਚੋਂ ਉਪਜਦੇ ਨਵੇਂ ਜੋੜ-ਤੋੜ ਦੀ ਬਾਤ ਪਾਈ ਹੈ। ਦੋ ਭਰਾਵਾਂ ਸਰਵਣ ਤੇ ਦੇਵ ਅਤੇ ਪਿੰਡ ਦੇ ਕੁਰੱਪਟ ਸਰਪੰਚ ਦੀ ਕਹਾਣੀ ਹੈ। ਮੋਹ ਦੀਆਂ ਤੰਦਾ ਵਿਚ ਬੱਝੇ ਦੋਵੇਂ ਭਰਾ ਖੇਤੀ ਕਰਦੇ ਹਨ। ਦੇਵ ਤੇ ਸਰਪੰਚ ਦਾ ਪੁੱਤ ਸ਼ਿੰਗਾਰਾ ਕਬੱਡੀ-ਖਿਡਾਰੀ ਹੋਣ ਦੇ ਨਾਤੇ ਦੋਸਤ ਹਨ। ਸ਼ਿੰਗਾਰੇ ਦੇ ਮਾਮੇ ਦੀ ਕੁੜੀ ਦੇਵ ਦੀ ਵਹੁਟੀ ਹੈ। ਉਹ ਮੂੰਹਜ਼ੋਰ ਹੈ। ਸਰਪੰਚ ਤੇ ਉਸਦੀ ਪਤਨੀ ਦੀ ਚੁੱਕ ’ਚ ਆ ਕੇ ਉਹ ਘਰ ’ਚ ਕਲੇਸ਼ ਪਾ ਦਿੰਦੀ ਹੈ… ਭਰਾ ਅਲੱਗ-ਅਲੱਗ ਹੋ ਜਾਂਦੇ ਹਨ। ਦੇਵ ਤੇ ਉਸਦੀ ਵਹੁਟੀ ਸਰਪੰਚ ਦੇ ਟੱਬਰ ਨਾਲ਼ ਘਿਉ-ਖਿਚੜੀ ਹੋ ਜਾਂਦੇ ਹਨ। ਸਰਵਣ ਆਪਣੇ ਤਾਏ ਦੇ ਪੁੱਤ ਦੇ ਨੇੜੇ ਹੋ ਜਾਂਦਾ ਹੈ। ਦੋਨਾਂ ਧਿਰਾਂ ’ਚ ਚੱਲਦੀਆਂ ਖਹਿਬਾਜ਼ੀਆਂ ਲੜਾਈ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਲੜਾਈ ’ਚ ਚੱਲੀਆਂ ਤਲਵਾਰਾਂ-ਗੰਡਾਸੀਆਂ ਨਾਲ਼ ਭਰਾ ਜ਼ਖਮੀ ਹੋ ਜਾਂਦੇ ਹਨ… ਆਖਰ ਸਰਪੰਚ ਦੀਆਂ ਚਾਲਬਾਜ਼ੀਆਂ ਤੇ ਹੇਰਾਫੇਰੀਆਂ ਦਾ ਭਾਂਡਾ ਫੁੱਟਣ ’ਤੇ ਭਰਾਵਾਂ ਦੀਆਂ ਟੁੱਟੀਆਂ ਬਾਹਾਂ ਮੁੜ ਗਲ਼ੇ ਆ ਲਗਦੀਆਂ ਹਨ। ਸਰਵਣ ਅਤੇ ਦੇਵ ਦਾ ਮੁੱਢਲਾ ਆਪਸੀ ਵਿਵਹਾਰ ਮੈਂ ਆਪਣੇ ਭਰਾਵਾਂ ਦੇ ਸੁਭਾਵਾਂ ਵਿੱਚੋਂ ਚਿੱਤਰਿਆ ਤੇ ਬਾਅਦ ਵਾਲ਼ਾ, ਪਿੰਡ ਦੇ ਉਨ੍ਹਾਂ ਭਰਾਵਾਂ ਦੇ ਸੁਭਾਵਾਂ ਵਿੱਚੋਂ, ਜੋ ਸਾਰੀ ਉਮਰ ਆਪਸ ਵਿਚ ਪੱਗੋਲੱਥੀ ਹੁੰਦੇ ਰਹੇ।

‘ਕਾਣਸੂਤੇ ਵਗਦੇ ਬਲ਼ਦ’

ਹਰੇ ਇਨਕਲਾਬ ਨਾਲ਼ ਲਾਹੇਵੰਦ ਬਣੀ ਖੇਤੀ-ਬਾੜੀ ਘਾਟੇ ਦਾ ਕਿੱਤਾ ਬਣ ਗਈ ਸੀ। ਖਰਚਿਆਂ ਦੇ ਮੁਕਾਬਲੇ ਕਿਸਾਨ ਦੀ ਪੈਦਾਵਾਰ ਦਾ ਭਾਅ ਬਹੁਤ ਥੋੜ੍ਹਾ ਸੀ। ਇਸ ਕਹਾਣੀ ਦੇ ਦ੍ਰਿਸ਼ ਵਿਚ ਇਕ ਕਿਸਾਨ ਪਰਿਵਾਰ ਆਲੂ ਲਾ ਰਿਹੈ। ਨਵੀਂ ਫਸਲ ਬੀਜਣ ਦੇ ਚਾਅ ਨੂੰ ਆਲੂਆਂ ਦੇ ਭਾਅ ਦੀ ਅਨਿਸ਼ਚਿਤਤਾ ਨੇ ਦਬੋਚਿਆ ਹੋਇਆ ਹੈ। ਪਰਿਵਾਰ ਦੇ ਜੀਅ ਆਪਸੀ ਗੱਲਬਾਤ ਰਾਹੀਂ ਕਿਸਾਨ ਦੀ ਜਿਣਸ ਦੀ ਬੇਕਦਰੀ ਲਈ ਜਿੱਥੇ ਹਕੂਮਤਾਂ ਨੂੰ ਕੋਸਦੇ ਹਨ, ਓਥੇ ਕਿਸਾਨਾਂ ਨੂੰ ਵੀ ਦੋਸ਼ ਦਿੰਦੇ ਹਨ, ਜਿਹੜੇ ਸਰਕਾਰਾਂ ਨਾਲ਼ ਲੜਨ ਲਈ ਇਕਜੁੱਟ ਨਹੀਂ ਹੋ ਰਹੇ, ਕਾਣਸੂਤੇ ਵਗਦੇ ਹਨ ਤੇ ਮਾਰ ਖਾਈ ਜਾ ਰਹੇ ਸਨ। ਮੈਨੂੰ ਯਾਦ ਹੈ ਉਦੋਂ ਲਗਾਤਾਰ ਦੋ ਸਾਲ ਆਲੂਆਂ ਨੂੰ ਕਿਸੇ ਨੇ ਕੌਡੀਆਂ ਦੇ ਭਾਅ ਨਹੀਂ ਸੀ ਪੁੱਛਿਆ। ਅਨੇਕ ਕਿਸਾਨਾਂ ਵਾਂਗ ਅਸੀਂ ਵੀ ਆਲੂ ਪੁੱਟਣ ਦੀ ਬਜਾਇ ਜ਼ਮੀਨ ਵਿਚ ਹੀ ਵਾਹ ਦਿੱਤੇ ਸਨ। ਪਰ ਕਹਾਣੀ ਵਿਚਲੇ ਜੀਪ ਵਾਲ਼ੇ ਸਰਦਾਰ ਨੇ ਆਪਣੇ ਆਲੂ ਠੀਕ ਭਾਅ ’ਤੇ ਵੇਚ ਲਏ ਸਨ।

ਰਚਨਾਕਾਰੀ ਦੇ ਸਫਰ ’ਚ ਏਥੇ ਕੁ ਪਹੁੰਚ ਕੇ ਮੇਰੀ ਪਾਤਰ ਉਸਾਰੀ ’ਚ ਤਬਦੀਲੀ ਵਾਪਰਦੀ ਹੈ। ਪਹਿਲਾਂ ਮੇਰੇ ਪਾਤਰ, ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲ਼ਿਆਂ ਨਾਲ਼ ਮਿਲ਼ਦੇ-ਜੁਲ਼ਦੇ ਸਨ ਪਰ ਹੁਣ ਮੈਂ ਜਾਣ-ਪਛਾਣ ਵਾਲ਼ਿਆਂ ਨੂੰ ਪਾਤਰਾਂ ਦੇ ਆਧਾਰ/ ਮੂਲ ਵਜੋਂ ਹੀ ਵਰਤਦਾ ਹਾਂ।

‘ਕੰਡਿਆਲ਼ੀ ਧਰਤੀ’

ਇਸ ਵਿਚ ਮੈਂ ਕਿਸਾਨੀ ਦੀਆਂ ਦੂਜੇ ਵਰਗਾਂ ਨਾਲ਼ ਵਿਰੋਧਤਾਈਆਂ ਦਰਸਾਈਆਂ ਹਨ। ਇਕ ਵਿਰੋਧ ਮੁੱਖ ਪਾਤਰ ਕੁੰਦਨ ਤੇ ਖੇਤ ਮਜ਼ਦੂਰ ਚੇਤੂ ਦਾ ਹੈ। ਕੁੰਦਨ ਛੱਲੀਆਂ ਦੇ ਕਲਾਵੇ ਬਦਲੇ ਚੇਤੂ ਤੋਂ ਕੰਮ ਲੈਣਾ ਚਾਹੁੰਦਾ ਹੈ, ਜਦੋਂ ਕਿ ਚੇਤੂ ਉਸ ਨਾਲ਼ ਪੂਰਾ ਦਿਨ ਮੱਕੀ ਵਢਾ ਕੇ ਭਰੀ ਦੇ ਸਿਰ ਹੋਣਾ ਚਾਹੁੰਦਾ ਹੈ। ਦੂਜਾ ਵਿਰੋਧ ਕੁੰਦਨ ਤੇ ਲੋਕਾਂ ਨੂੰ ਵਿਆਜੂ ਪੈਸੇ ਦੇਣ ਵਾਲ਼ੇ ਤੁਲਸੀ ਰਾਮ ਦਾ ਹੈ। ਕੁੰਦਨ ਨੇ ਬੈਂਕ ਦੇ ਕਰਜੇ ਦਾ ਨਿਪਟਾਰਾ ਕਰਨ ਲਈ ਆਪਣਾ ਚਾਰ ਕਨਾਲ਼ ਦਾ ਖੱਤਾ ਤੁਲਸੀ ਕੋਲ਼ ਗਹਿਣੇ ਰੱਖਿਆ ਹੋਇਐ। ਵਾਹੁੰਦਾ ਉਹ ਆਪ ਹੀ ਹੈ ਅੱਧ ’ਤੇ। ਉਹ ਚੇਤੂ ਨੂੰ ਨਾਲ਼ ਲੈ ਕੇ ਉਸ ਖੱਤੇ ਦੀ ਮੱਕੀ ਵੱਢ ਲੈਂਦਾ ਹੈ ਤੇ ਜਦੋਂ ਉਸ ਖੱਤੇ ਦੀਆਂ ਭਰੀਆਂ ਵਿੱਚੋਂ ਇਕ ਭਰੀ ਚੇਤੂ ਨੂੰ ਦੇ ਰਿਹਾ ਹੈ ਤਾਂ ਤੁਲਸੀ ਆਖਦੈ, “ਇਹਨੂੰ ਤੂੰ ਆਪਣੇ ਖੇਤ ’ਚੋਂ ਦੇ।” ਕੁੰਦਨ ਜਵਾਬ ਦਿੰਦੈ ਕਿ ਇਸ ਭਰੀ ਵਿਚ ਅੱਧ ਮੇਰਾ ਵੀ ਹੈ। ਪਰ ਤੁਲਸੀ ਨੂੰ ਇਹ ਗੱਲ ਪ੍ਰਵਾਨ ਨਹੀਂ। ਬਹਿਸ ਛਿੜ ਪੈਂਦੀ ਹੈ। ਤੁਲਸੀ ਹੁਕਮਰਾਨਾ ਅੰਦਾਜ਼ ’ਚ ਆਖਦੈ, “ਅਗਾਂਹ ਤੋਂ ਮੇਰੇ ਖੱਤੇ ’ਚ ਹਲ਼ ਨਾ ਵਾੜੀ।” ਖੇਤੀ ਦੇ ਧੰਦੇ ਵਿਚ ਆਪਣੀ ਤੇ ਆਪਣੇ ਪਰਿਵਾਰ ਦੀ ਧੱਕੇ-ਧੋੜਿਆਂ ਵਾਲ਼ੀ ਜ਼ਿੰਦਗੀ ਤੋਂ ਅਤਿ ਦੁਖੀ ਹੋਏ ਕੁੰਦਨ ਨੂੰ ਜਾਪਦਾ ਹੈ ਕਿ ਜਿਹੜੀ ਜ਼ਮੀਨ ਕਦੇ ਕਿਸਾਨ ਦੀ ਮਾਂ ਹੁੰਦੀ ਸੀ ਅੱਜ ਉਹੀ ਜ਼ਮੀਨ ਆਪਣੇ ਪੁੱਤਾਂ ਭਾਵ ਕਿਸਾਨਾਂ ਨੂੰ ਖਾਣ ਲੱਗ ਪਈ ਹੈ। ਕੁੰਦਨ ਦੇ ਪਾਤਰ ਦਾ ਮੂਲ ਭਰਾ ਕੁਲਦੀਪ ਹੈ, ਚੇਤੂ ਦਾ ਮੂਲ ਪਾਲ ਸਿੰਘ ਜੁਲਾਹਾ ਤੇ ਤੁਲਸੀ ਦਾ ਮੂਲ ਪੰਡਤ ਰਾਮ ਰੱਖਾ ਹੈ।

‘ਮਨੁੱਖ ਤੇ ਮਨੁੱਖ’

ਕਹਾਣੀਆਂ ਦੀ ਥੀਮਕ ਭਿੰਨਤਾ ਦੇ ਨਾਲ਼-ਨਾਲ਼ ਪਾਤਰਾਂ ਦਾ ਘੇਰਾ ਵੀ ਵਸੀਹ ਹੋ ਰਿਹਾ ਸੀ। ਏਅਰਫੋਰਸ ਵਿਚ ਮੇਰੀ ਦੋਸਤੀ ਗੈਰ ਪੰਜਾਬੀਆਂ ਨਾਲ਼ ਵੀ ਸੀ। ਆਗਰਾ ਵਿਖੇ ਮੇਰੇ ਦੋਸਤਾਂ ਵਿਚ ਦੋ ਬੰਗਾਲੀ ਵੀ ਸਨ— ਸਚਿਨ ਭੱਟਾਚਾਰੀਆ ਤੇ ਸੇਨਗੁਪਤਾ। ਸੇਨਗੁਪਤਾ ਕਮਿਸ਼ਨ ਲੈ ਗਿਆ ਸੀ। ਸਚਿਨ ਤੇ ਮੈਂ ਤਿੰਨ ਸਾਲ ਇੱਕੋ ਸੁਕਆਡਰਨ ’ਚ ਰਹੇ। ਫਿਰ ਮੇਰੀ ਬਦਲੀ ਪੂਨੇ ਦੀ ਹੋ ਗਈ ਤੇ ਉਸਦੀ ਕਲਕੱਤੇ ਲਾਗੇ ਪੈਂਦੇ ਏਅਰ ਫੋਰਸ ਸਟੇਸ਼ਨ ਬੈਰਕਪੁਰ ਦੀ। ਉਹ ਬਹੁਤ ਖੁਸ਼ ਸੀ, ਆਪਣੇ ਘਰ ਦੇ ਲਾਗੇ ਜਾ ਰਿਹਾ ਸੀ। ਪਰ ਕੌਣ ਜਾਣਦਾ ਸੀ ਕਿ ਬੈਰਕਪੁਰ ਵਿਚ ਉਸਨੂੰ ਉਸਦੀ ਮੌਤ ਉਡੀਕ ਰਹੀ ਸੀ। ਉਹ ਤੇ ਕੁਝ ਹੋਰ ਤਕਨੀਸ਼ਨ ਏਅਰ ਫੋਰਸ ਦੇ ਟਰਾਂਸਪੋਰਟ ਜਹਾਜ਼ ਵਿਚ ਕਿਤੇ ਟੈਂਪਰੇਰੀ ਡਿਊਟੀ ’ਤੇ ਜਾ ਰਹੇ ਸਨ ਕਿ ਜਹਾਜ਼ ਕਰੈਸ਼ ਹੋ ਗਿਆ। ਸਚਿਨ ਸਮੇਤ ਸਾਰੇ ਤਕਨੀਸ਼ਨ ਤੇ ਪਾਇਲਟ ਮੌਤ ਨੇ ਹੜਪ ਲਏ।

ਸਚਿਨ ਦੀ ਮੌਤ 1969 ’ਚ ਹੋਈ ਸੀ। 1982 ਵਿਚ ਮੈਂ ਉਸਨੂੰ ‘ਮਨੁੱਖ ਤੇ ਮਨੁੱਖ’ ਕਹਾਣੀ ਵਿਚ ‘ਮੁਕਤੀ ਬਾਹਿਨੀ’ ਦੇ ਕੈਪਟਨ ਜਾਵੇਦ ਹੁਸੈਨ ਦੇ ਪਾਤਰ ਵਜੋਂ ਪੇਸ਼ ਕੀਤਾ। ਸਚਿਨ ਦੇ ਮੂਲ ਵਿੱਚੋਂ ਉਸਰਿਆ ਜਾਵੇਦ ਆਪਣੀ ਵੱਖਰੀ ਹਸਤੀ ਦਾ ਮਾਲਕ ਹੈ। ਜਾਵੇਦ ਨਾਲ਼ ਦੂਜਾ ਮੁੱਖ ਪਾਤਰ ਹੌਲਦਾਰ ਬਲਜੀਤ ਸਿੰਘ ਹੈ। ਬਲਜੀਤ ਦਾ ਪਾਤਰ ਮੈਂ ਆਪਣੇ ਮਿੱਤਰ ਪੈਰਾਸ਼ੂਟ ਇੰਸਟਰਕਟਰ ਚਿਤਰੰਜਨ ਸਿੰਘ ਚੀਮਾ ਵਿੱਚੋਂ ਸਿਰਜਿਆ। ਕਹਾਣੀ, 1971 ਦੀ ਭਾਰਤ-ਪਾਕਿ ਜੰਗ, ਜਿਸਨੂੰ ਬੰਗਲਾ ਦੇਸ਼ ਜੰਗ ਵੀ ਕਿਹਾ ਜਾਂਦੈ, ਨਾਲ਼ ਸੰਬੰਧਿਤ ਹੈ। ਉਸ ਜੰਗ ਦੇ ਵੇਰਵੇ ਮੈਂ ਜੋਧਪੁਰ ਵਾਲ਼ੇ ਕਾਂਡ ਵਿਚ ਬਿਆਨ ਕਰ ਚੁੱਕਾ ਹਾਂ। ਇਸ ਕਹਾਣੀ ਵਿਚ ਹਵਾਈ ਸੈਨਾ ਦੇ ਜਹਾਜ਼ ਰਾਹੀਂ ਪੈਰਾਟਰੁਪਰਜ਼ ਦੀ ਇਕ ਟੁਕੜੀ ਤੰਗੋਲ ਸ਼ਹਿਰ ਲਾਗਲੇ ਜੰਗਲ ’ਚ ਉਤਾਰੀ ਗਈ ਹੈ। ਟੁਕੜੀ ਦਾ ਇੰਚਾਰਜ ਹੌਲਦਾਰ ਬਲਜੀਤ ਸਿੰਘ ਹੈ। ਇਸ ਟੁਕੜੀ ਨੇ ਆਪਣੀ ਬਟਾਲੀਅਨ, ਜੋ ਪਹਿਲਾਂ ਹੀ ਉਤਾਰੀ ਜਾ ਚੁੱਕੀ ਹੈ, ਨਾਲ਼ ਪਾਕਿਸਤਾਨੀ ਫੌਜ ਦੇ ਗੜ੍ਹ, ਢਾਕੇ ਵੱਲ ਨੂੰ ਮਾਰਚ ਕਰਨਾ ਹੈ। ਬਟਾਲੀਅਨ ਨੂੰ ਉਸ ਏਰੀਏ ’ਚ ਪਾਕਿਸਤਾਨੀ ਫੌਜ ਦੇ ਵੇਰਵੇ ਦੱਸਣ ਲਈ ਮੁਕਤੀ ਬਾਹਿਨੀ (ਪੂਰਬੀ ਪਾਕਿਸਤਾਨ ਦੀ ਗੁਰੀਲਾ ਕਿਸਮ ਦੀ ਸੈਨਾ) ਦੇ ਜਵਾਨ ਜੰਗਲ ਵਿਚ ਮੌਜੂਦ ਹਨ। ਉਨ੍ਹਾਂ ਦਾ ਕਮਾਂਡਰ ਕੈਪਟਨ ਜਾਵੇਦ ਹੁਸੈਨ ਹੈ। ਢਾਕਾ ਯੂਨੀਵਰਸਟੀ ਦੇ ਵਿਦਿਆਰਥੀ ਜਾਵੇਦ ਨੂੰ ਕੈਪਟਨ ਦਾ ਰੈਂਕ ਮੁਕਤੀ ਬਾਹਿਨੀ ਦੀ ਕਮਾਂਡ ਵੱਲੋਂ ਦਿੱਤਾ ਹੋਇਐ। ਜਾਵੇਦ ਉਨ੍ਹਾਂ ਹਜ਼ਾਰਾਂ ਪੀੜਤਾਂ ਵਿੱਚੋਂ ਹੈ ਜਿਨ੍ਹਾਂ ਦੇ ਪੂਰੇ ਦੇ ਪੂਰੇ ਪਰਿਵਾਰ ਪਾਕਿਸਤਾਨੀ ਫੌਜ ਨੇ ਕੋਹ-ਕੋਹ ਕੇ ਮਾਰ ਛੱਡੇ ਹਨ। ਜੰਗਲ ਵਿਚ ਜਾਵੇਦ ਦੀ ਮਾਂ ਵੀ ਉਸਦੇ ਨਾਲ਼ ਹੈ। ਪਰਵਿਾਰ ਦੇ ਪੰਜ ਜੀਆਂ ਦੀ ਮੌਤ ਦੇ ਸਦਮੇ ਕਾਰਨ ਉਸ ਵਿਚਾਰੀ ਦਾ ਦਿਮਾਗ ਹਿੱਲ ਗਿਆ ਹੈ। ਟੈਂਕਾਂ, ਤੋਪਾਂ, ਰਾਈਫਲਾਂ ਤੇ ਸਟੇਨਾਂ ਨਾਲ਼ ਹਜਾਰਾਂ ਲੋਕਾਂ ਦੇ ਵਹਿਸ਼ੀਆਨਾ ਕਤਲ, ਹਜ਼ਾਰਾਂ ਔਰਤਾਂ ਦੇ ਬਲਾਤਕਾਰ ਅਤੇ ਚੁਣ-ਚੁਣ ਕੇ ਖਤਮ ਕੀਤੇ ਗਏ ਬੁੱਧੀਜੀਵੀਆਂ ਬਾਬਤ ਜਾਵੇਦ ਵਲੋਂ ਬਿਆਨ ਕੀਤੀ ਵਾਰਤਾ ਰੋਂਗਟੇ ਖੜ੍ਹੇ ਕਰਨ ਵਾਲ਼ੀ ਹੈ।

ਜਾਵੇਦ ਦੀ ਸਲਾਹ ਨਾਲ਼ ਢੁੱਕਵਾਂ ਰੂਟ ਉਲੀਕ ਕੇ ਕਮਾਂਡਰਾਂ ਵੱਲੋਂ ਮਾਰਚ ਦਾ ਆਰਡਰ ਹੋ ਜਾਂਦਾ ਹੈ। ਹੌਲਦਾਰ ਬਲਜੀਤ ਸਿੰਘ, ਮਾਰਚ ਵਿਚ ਸਭ ਤੋਂ ਮੂਹਰੇ ‘ਫਰੰਟ ਗਾਰਡ’ ਦੀ ਟੁਕੜੀ ਵਿਚ ਹੈ। ਦੁਸ਼ਮਣ ਫੌਜ ਦੀ ਨਕਲੋ-ਹਰਕਤ ਘੋਖਣ ਅਤੇ ਉਨ੍ਹਾਂ ਨਾਲ਼ ਸਿਝਣ ਲਈ ਉਹ ਚੌਕਸ ਤੇ ਦ੍ਰਿੜ ਹੈ ਪਰ ਮਨ ਦੇ ਕਿਸੇ ਕੋਨੇ ਵਿਚ ਡਰ ਅਤੇ ਫਿਕਰ ਵੀ ਉੱਭਰ ਰਹੇ ਹਨ ਕਿ ਜੇਕਰ ਉਸਨੂੰ ਕੁਝ ਹੋ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਬਣੇਗਾ। ਘਰ ਦੀ ਜ਼ਮੀਨ ਤਾਂ ਉਸਦੇ ਪਿਉ ਨੇ ਸ਼ਰਾਬ ਤੇ ਅਫੀਮ ਦੇ ਨਸ਼ਿਆਂ ’ਚ ਝੋਕ ਛੱਡੀ ਸੀ, ਤਾਂ ਹੀ ਤਾਂ ਉਸਨੂੰ ਫੌਜ ਵਿਚ ਭਰਤੀ ਹੋਣਾ ਪਿਆ ਸੀ, ਆਪਣੀ ਤੇ ਪਰਿਵਾਰ ਦੀ ਰੋਟੀ ਖਾਤਰ। ਜਦੋਂ ਮਾਰਚ ਕੁਝ ਦੇਰ ਲਈ ਦਮ ਮਾਰਨ ਵਾਸਤੇ ਰੁਕਦੀ ਹੈ ਤਾਂ ਬਲਜੀਤ ਸਿੰਘ ਦੇ ਸਾਥੀ ਸੈਨਿਕਾਂ ਦਰਮਿਆਨ ਸਰਾਸਰ ਚੱਲੀਆਂ ਗੱਲਾਂ, ਉਨ੍ਹਾਂ ਦੇ ਮਨਾਂ-ਦਿਲਾਂ ਦੀ ਦਸ਼ਾ ਤੱਕ ਪਹੁੰਚ ਜਾਂਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲਗਦੈ ਕਿ ਉਹ ਵੀ ਰੋਟੀ-ਰੋਜ਼ੀ ਖਾਤਰ ਹੀ ਫੌਜ ਵਿਚ ਆਏ ਸਨ। ਪਰਿਵਾਰਾਂ ਦੀ ਯਾਦ ਉਨ੍ਹਾਂ ਦੇ ਬੋਲਾਂ ਵਿੱਚੋਂ ਵੀ ਝਲਕਦੀ ਹੈ।

ਮਾਰਚ ਦੌਰਾਨ ਬਟਾਲੀਅਨ ਦੀ, ਇਕ ਪਾਕਿਸਤਾਨੀ ਫੌਜੀ ਟੁਕੜੀ ਨਾਲ਼ ਹੋਈ ਮੁੱਠ-ਭੇੜ ਵਿਚ ਹੌਲਦਾਰ ਬਲਜੀਤ ਸਿੰਘ ਤੇ ਕੁਝ ਹੋਰ ਫੌਜੀ ਜ਼ਖਮੀ ਹੋ ਜਾਂਦੇ ਹਨ। ਡਾਕਟਰ ਉਨ੍ਹਾਂ ਦੀ ਮਲ੍ਹਮ-ਪੱਟੀ ਕਰ ਰਿਹਾ ਹੈ। ਜ਼ਖਮੀਆਂ ਲਾਗੇ ਗੁਆਚਿਆਂ ਵਾਂਗ ਘੁੰਮ ਰਹੀ ਜਾਵੇਦ ਦੀ ਮਾਂ ਵੱਲ ਤੱਕਦਿਆਂ ਬਲਜੀਤ ਅੰਦਰੋਂ ਚੀਸ ਉੱਠਦੀ ਹੈ, ‘ਇਸ ਵਿਚਾਰੀ ਦੀ ਟਹਿਕਦੀ ਫੁਲਵਾੜੀ ਨੂੰ ਮਸਲਣ ਦਾ ਜ਼ਿੰਮੇਵਾਰ ਕੌਣ ਹੈ? ਮਨੁੱਖ ਰਾਕਸ਼-ਰੂਪੀ ਮਨੱਖ।… ਮਨੁੱਖ ਹੀ ਮਨੁੱਖ ਦਾ ਲਹੂ ਪੀਂਦਾ ਹੈ… ਪਰ ਮਨੁੱਖ, ਮਨੁੱਖ ਵਾਸਤੇ ਆਪਣਾ ਲਹੂ ਵੀ ਡੋਲ੍ਹਦਾ ਹੈ।’ ਬਲਜੀਤ ਸਿੰਘ ਦੀ ਇਸ ਮਨਬਚਨੀ ਨੂੰ ਮਹੱਤਵ ਦੇਂਦਿਆਂ ਮੈਂ ਕਿਤਾਬ ਦਾ ਨਾਂ ‘ਮਨੱਖ ਤੇ ਮਨੁੱਖ’ ਰੱਖ ਦਿੱਤਾ।

ਕੰਬਦਾ ਚਾਨਣ’

ਇਸ ਕਹਾਣੀ ਦਾ ਸੂਬੇਦਾਰ ਜਗਮੀਤ ਸਿੰਘ ਵੀ ਮਜ਼ਬੂਰੀ-ਵੱਸ ਭਰਤੀ ਹੋਇਆ ਸੀ। ਗੁੰਡਾ ਕਿਸਮ ਦਾ ਲੰਬੜਦਾਰ ਜੈਮਲ ਸਿੰਘ ਜਗਮੀਤ ਦੇ ਬਾਪੂ ਦਾ ਕਤਲ ਕਰ ਦਿੰਦਾ ਹੈ ਤੇ ਮੁਕੱਦਮੇ ਵਿੱਚੋਂ ਬਰੀ ਹੋ ਜਾਂਦੈ। ਜਗਮੀਤ ਦੀ ਮਾਂ ਨੂੰ ਡਰ ਹੈ ਕਿ ਲੰਬੜਦਾਰ ਉਸਦੇ ਇੱਕਲੌਤੇ ਪੁੱਤਰ ਦਾ ਵੀ ਕਿਤੇ ਕਤਲ ਨਾ ਕਰ ਦੇਵੇ… ਤੇ ਉਹ ਫੌਜ ਵਿਚ ਭਰਤੀ ਹੋ ਜਾਂਦਾ ਹੈ। ਬਾਪੂ ਦੇ ਕਤਲ ਦਾ ਬਦਲਾ ਲੈਣ ਪਹੁੰਚੇ ਜਗਮੀਤ ਤੋਂ ਡਰਦਾ ਲੰਬੜਦਾਰ ਪਿੰਡ ਛੱਡ ਕੇ ਯੂ.ਪੀ ’ਚ ਜਾ ਟਿਕਦੈ। ਪਾਕਿਸਤਾਨ ਨਾਲ਼ ਲੜਾਈ ਲੱਗ ਜਾਂਦੀ ਹੈ। ਉਸ ਜੰਗ ਵਿਚ ਜ਼ਖਮੀ ਹੋਣ ’ਤੇ ਜਗਮੀਤ ਸਿੰਘ ਦੀ ਲੱਤ ਕੱਟੀ ਜਾਂਦੀ ਹੈ। ਅਪੰਗ ਹੋ ਜਾਣਾ ਉਸ ਲਈ ਡਾਢੇ ਦੁੱਖ ਵਾਲ਼ੀ ਗੱਲ ਹੈ। ਫਹੁੜੀਆਂ ਦੇ ਸਹਾਰੇ ਉਹ ਪਿੰਡ ਦੇ ਉਸ ਛੱਪੜ ਕੋਲ਼ੋਂ ਲੰਘ ਰਿਹਾ ਹੈ ਜਿਸ ਵਿਚ ਕਦੀ ਉਹ ਆਪਣੀਆਂ ਲੱਤਾਂ ਤੇ ਬਾਹਾਂ ਦੇ ਬਲ ਤੈਰਦਾ ਹੁੰਦਾ ਸੀ। ਪਰ ਅੱਜ ਉਸਨੂੰ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਛੱਪੜ ਦੇ ਬਾਹਰ ਹੀ ਗੋਤੇ ਖਾ ਰਿਹਾ ਹੋਵੇ। ਜਗਮੀਤ ਸਿੰਘ ਦੇ ਪਾਤਰ ਦਾ ਮੂਲ, ਅਪੰਗ ਹੋਇਆ ਮੇਰਾ ਗਰਾਈਂ ਹੌਲਦਾਰ ਪਰਕਾਸ਼ ਸਿੰਘ ਹੈ।

‘ਕਾਲਾ ਸੂਰਜ’

ਇਸ ਕਹਾਣੀ ਵਿਚ ਮੈਂ ਸਮੁੰਦਰੀ ਜੰਗ ਨੂੰ ਚਿੱਤਰਿਆ ਹੈ। ਇਹ ਕਹਾਣੀ 1971 ਦੀ ਭਾਰਤ-ਪਾਕਿ ਜੰਗ ਦੀ ਉਸ ਭਿਆਨਕ ਤੇ ਘੋਰ ਦੁਖਦਾਈ ਘਟਨਾ ’ਤੇ ਆਧਾਰਿਤ ਹੈ ਜਿਸ ਵਿਚ ਪਾਕਿਸਤਾਨੀ ਨੇਵੀ ਨੇ ਤਾਰਪੀਡੋ ਰਾਹੀਂ ਭਾਰਤੀ ਸਮੁੰਦਰੀ ਜੰਗੀ ਜਹਾਜ਼ ‘ਖੁੱਖਰੀ’ ਨੂੰ ਤਬਾਹ ਕਰ ਦਿੱਤਾ ਸੀ। ਉਸ ਵਿਚ 150 ਤੋਂ ਵੱਧ ਨੌਸੈਨਿਕ ਤਾਇਨਾਤ ਸਨ। ਥੋੜ੍ਹੇ ਹੀ ਸਹੀ ਸਲਾਮਤ ਬਚੇ ਸਨ। ਬਾਕੀ ਸਾਰੇ ਸ਼ਹੀਦੀਆਂ ਪਾ ਗਏ ਜਾਂ ਗੰਭੀਰ ਜ਼ਖਮੀ ਹੋ ਗਏ। ਕਹਾਣੀ ਵਿਚ ਜਹਾਜ਼ ਦਾ ਨਾਂ ‘ਵਿਕਰਮ’ ਰੱਖਿਆ ਹੈ। ਕਹਾਣੀ ਦਾ ਮੁੱਖ ਪਾਤਰ ਇੰਜਣ ਸੈਕਸ਼ਨ ਦਾ ਇੰਚਾਰਜ, ਪੈਟੀ ਅਫਸਰ ਰਣਧੀਰ ਸਿੰਘ ਹੈ। ਤਾਰਪੀਡੋ ਨਾਲ਼ ਹਿੱਟ ਹੋਣ ’ਤੇ ‘ਵਿਕਰਮ ਸ਼ਿੱਪ’ ਦੇ ਫਿਊਲ ਟੈਂਕ ਫਟ ਜਾਂਦੇ ਹਨ ਤੇ ਸ਼ਿੱਪ ਨੂੰ ਅੱਗ ਲੱਗ ਜਾਂਦੀ ਹੈ। ਸ਼ਿੱਪ ਦਾ ਕੈਪਟਨ, ਨੌਸੈਨਿਕਾਂ ਨੂੰ, ਸਮੁੰਦਰ ’ਚ ਧਸਦੇ ਜਾ ਰਹੇ ਸ਼ਿੱਪ ਤੋਂ ਬਾਹਰ ਕੁੱਦਣ ਦਾ ਆਰਡਰ ਦਿੰਦਾ ਹੈ। ਟੈਂਕਾਂ ’ਚੋਂ ਨਿਕਲ਼ ਰਿਹਾ ਫਿਊਲ ਜਿਉਂ-ਜਿਉਂ ਪਾਣੀ ਦੀ ਸਤਹ ’ਤੇ ਫੈਲਦਾ ਹੈ, ਤਿਉਂ-ਤਿਉਂ ਅੱਗ ਪਾਣੀ ’ਤੇ ਫੈਲਦੀ ਜਾ ਰਹੀ ਹੈ। ਸਮੁੰਦਰ ’ਚ ਕੁੱਦੇ ਨੌਸੈਨਿਕ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਮੁੱਖ ਪਾਤਰ ਰਣਧੀਰ ਦੇ ਸਰੀਰ ਦਾ ਇਕ ਪਾਸਾ ਅੱਗ ਨਾਲ਼ ਸੜ ਜਾਂਦਾ ਹੈ। ਨੇਵੀ ਹਸਪਤਾਲ ’ਚ ਉਸਦੀ ਬਾਂਹ ਕੱਟ ਦਿੱਤੀ ਜਾਂਦੀ ਹੈ। ਹਸਪਤਾਲ ਦੇ ਬੈੱਡ ’ਤੇ ਪਿਆ, ਜਖਮਾਂ ਦੀ ਅਸਹਿ ਪੀੜ ਅਤੇ ਕਰੂਪ ਹੋਏ ਸਰੀਰ ਦੇ ਗਮ ਵਿਚ ਗੋਤੇ ਖਾਂਦਾ, ਉਹ ਮਾਂ, ਪਤਨੀ ਤੇ ਧੀਆਂ ਨੂੰ ਯਾਦ ਕਰ ਰਿਹਾ ਹੈ।

ਜੰਗਾਂ ਦਾ ਸਿਲਸਿਲਾ ਮੁੱਢ-ਕਦੀਮ ਤੋਂ ਚੱਲਿਆ ਆ ਰਿਹੈ। ਬਹੁਤੀਆਂ ਜੰਗਾਂ ਸਿਆਸਤ ਵਿਚੋਂ ਉੱਗਦੀਆਂ ਹਨ। ਜੰਗਾਂ ਵਿਚ ਸਭ ਤੋਂ ਵੱਧ ਕਹਿਰ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਢਹਿੰਦਾ ਹੈ। ਜੰਗਾਂ ਦੀ ਭੇਟ ਚੜ੍ਹੇ ਤੇ ਅੰਗਹੀਣ ਹੋਏ ਫੌਜੀਆਂ ਦੇ ਘਰਾਂ ਵਿਚ ਉਮਰਾਂ ਜੇਡੇ ਹਨ੍ਹੇਰੇ ਛਾ ਜਾਂਦੇ ਹਨ।

‘ਲੈਂਟਰ ਹੇਠਲੇ ਫੱਟੇ’

ਜੰਗ ਦੇ ਦਿਨਾਂ ਵਿਚ ਫੌਜੀਆਂ ਦੀ ਬਹਾਦਰੀ ਤੇ ਕੁਰਬਾਨੀ ਦੇ ਪ੍ਰਸ਼ੰਸਕੀ ਗੀਤ ਗਾਏ ਜਾਂਦੇ ਹਨ। ਪਰ ਜੰਗ ਮੁੱਕਦਿਆਂ ਹੀ ਉਨ੍ਹਾਂ ਦੀ ਪੁੱਛ-ਪ੍ਰਤੀਤ ਖਤਮ ਹੋ ਜਾਂਦੀ ਹੈ। ਇਸ ਕਹਾਣੀ ਵਿਚ ਮੈਂ ਫੌਜੀਆਂ ਪ੍ਰਤੀ ਲੋਕਾਂ ਦਾ ਇਹ ਵਿਹਾਰ ਪੇਸ਼ ਕੀਤਾ ਹੈ। ਇਸ ਪ੍ਰਤੀਕ ਰਾਹੀਂ ਮੈਂ ਇਹ ਦਰਸਾਇਆ ਹੈ ਕਿ ਜਿਵੇਂ ਫੱਟਿਆਂ ਦੀ ਕਦਰ ਲੈਂਟਰਾਂ ਦਾ ਅਥਾਹ ਭਾਰ ਚੁੱਕਣ ਸਮੇਂ ਹੀ ਹੁੰਦੀ ਹੈ, ਇਵੇਂ ਹੀ ਫੌਜੀਆਂ ਦੀ ਕਦਰ ਵੀ ਜੰਗ ਸਮੇਂ ਹੀ ਹੁੰਦੀ ਹੈ। ਜੰਗ ਤੋਂ ਬਾਅਦ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਮਹੱਤਵਹੀਣ ਹੋ ਜਾਂਦੇ ਹਨ। ਇਸ ਕਹਾਣੀ ਦੀ ਸ਼ੁਰੂਆਤੀ ਘਟਨਾ ਤੇ ਉਸ ਵਿਚਲਾ ਮੈਂ ਪਾਤਰ ਅਤੇ ਅਨਿਲ ਗੰਗੋਲੀ ਦਾ ਪਾਤਰ ਵਾਸਤਵਿਕ ਹਨ। ਮੈਂ ਪਾਤਰ, ਮੈਂ ਆਪ ਹਾਂ ਤੇ ਅਨਿਲ ਗੰਗੋਲੀ ਮੇਰਾ ਮਿੱਤਰ ਸਚਿਨ ਭਟਾਚਾਰੀਆ। ਪਰ ਬਾਅਦ ਦੀਆਂ ਘਟਨਾਵਾਂ ਤੇ ਉਨ੍ਹਾਂ ਵਿਚ ਦੋਨਾਂ ਪਾਤਰਾਂ ਦੇ ਰੋਲ ਕਾਲਪਨਿਕ ਹਨ।

‘ਮਨੁੱਖ ਤੇ ਮਨੁੱਖ’ ਸੰਗ੍ਰਹਿ 1983 ’ਚ ਛਪਿਆ। ਪ੍ਰਕਾਸ਼ਕ ਪਹਿਲਾਂ ਵਾਲ਼ਾ ਹੀ ਸੀ— ਦੀਪਕ ਪਬਲਿਸ਼ਰਜ਼, ਜਲੰਧਰ। ਸੰਗ੍ਰਹਿ ਦੀਆਂ ਉਪਰੋਕਤ ਅੱਠ ਕਹਾਣੀਆਂ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸਬੰਧਿਤ ਹਨ। ਦੋਨਾਂ ਖੇਤਰਾਂ ਬਾਰੇ ਮੇਰਾ ਨੇੜਲਾ ਅਨੁਭਵ ਕਿਸਾਨਾਂ ਤੇ ਫੌਜੀ ਜਵਾਨਾਂ ਦੇ ਬਹੁਭਾਂਤੀ ਮਸਲਿਆਂ ਨੂੰ ਯਥਾਰਥਕ ਰੂਪ ’ਚ ਪੇਸ਼ ਕਰਨ ਵਿਚ ਸਹਾਈ ਹੋਇਆ। ਦੋ ਕਹਾਣੀਆਂ (ਦਾਤੀ ਤੇ ਰੱਜੇ ਪੁੱਜੇ) ਜ਼ਮੀਨ ਅਤੇ ਪੈਸੇ ਦੇ ਮਾਮਲਿਆਂ ਵਿਚ ਦੂਜਿਆਂ ਦੇ ਹੱਕਾਂ ਤੇ ਛਾਪਾ ਮਾਰਨ ਵਾਲ਼ੇ ਲੋਕਾਂ ਬਾਰੇ ਹਨ। ਗਿਆਰਵੀਂ ਕਹਾਣੀ ‘ਹੱਕ’ ‘ਮੈਨੂੰ ਕੀ’ ਸੰਗ੍ਰਹਿ ’ਚ ਆ ਚੁੱਕੀ ਹੈ।

ਇਸ ਕਿਤਾਬ ’ਤੇ ਹੋਈ ਗੀ ਵਿਚ ਡਾ. ਕਰਮਜੀਤ ਸਿੰਘ ਤੇ ਪ੍ਰੋ. ਪਰਬਿੰਦਰ ਸਿੰਘ (ਸਰਕਾਰੀ ਕਾਲਜ ਹੁਸ਼ਿਆਰਪੁਰ) ਨੇ ਪਰਚੇ ਪੜ੍ਹੇ। ਪ੍ਰੋ. ਪਰਬਿੰਦਰ ਸਿੰਘ ਦਾ ਪਰਚਾ ਮੈਥੋਂ ਗੁੰਮ ਹੋ ਗਿਆ ਹੈ। ਪਰ ਮੈਨੂੰ ਯਾਦ ਹੈ ਕਿ ਉਸਨੇ ਕਹਾਣੀਆਂ ਦੇ ਵਿਸ਼ਾ ਵਸਤੂ ਤੇ ਪੇਸ਼ਕਾਰੀ ਬਾਰੇ ‘ਹਾਂ ਪੱਖੀ’ ਵਿਚਾਰ ਪ੍ਰਗਟਾਏ ਸਨ। ਡਾ. ਕਰਮਜੀਤ ਸਿੰਘ ਦੇ ਪਰਚੇ ਵਿੱਚੋਂ ਕੁਝ ਸਤਰਾਂ: ਜਰਨੈਲ ਸਿੰਘ ਫੌਜੀ ਨੂੰ ਬਾਹਰੀ ਕੱਪੜਿਆਂ ਤੋਂ ਨਹੀਂ ਪਛਾਣਦਾ, ਉਹ ਤਾਂ ਉਸਦੇ ਫੌਜ ਵਿਚ ਭਰਤੀ ਹੋਣ ਦੀਆਂ ਮਜ਼ਬੂਰੀਆਂ ਅਤੇ ਵਰਦੀ ਹੇਠ ਧੜਕਦੇ ਦਿਲ ਦੀਆਂ ਉਮੰਗਾਂ-ਭਾਵਨਾਵਾਂ ਨੂੰ ਸ਼ਾਬਦਿਕ ਰੂਪ ਪਹਿਨਾਉਂਦਾ ਹੈ… ਕਿਸਾਨੀ ਜੀਵਨ ਨਾਲ਼ ਸੰਬੰਧਿਤ ਕਹਾਣੀਆਂ ਵਿਚ ਉਹ ਪ੍ਰਕਿਰਤਕ ਚਿਤਰਣ ਰਾਹੀਂ ਪਾਤਰਾਂ ਦੀ ਮਾਨਸਿਕਤਾ ਨੂੰ ਉਭਾਰਨ ਵਿਚ ਸਫਲ ਹੋਇਆ ਹੈ। ਪ੍ਰੋ. ਨਿਰੰਜਣ ਸਿੰਘ ਢੇਸੀ (ਲਾਇਲਪੁਰ ਖਾਲਸਾ ਕਾਲਜ ਜਲੰਧਰ), ਪ੍ਰੋ. ਪ੍ਰਿਤਪਾਲ ਸਿੰਘ ਮਹਿਰੋਕ ਤੇ ਗੁਰਮੀਤ ਹੇਅਰ ਨੇ ਵੀ ਵਿਚਾਰ ਪੇਸ਼ ਕੀਤੇ।

ਪੰਜਾਬੀ ਟ੍ਰਿਬਿਊਨ (14 ਅਗਸਤ 1983) ’ਚ ਪ੍ਰੀਤਮ ਸਿੰਘ ਪੀ.ਸੀ.ਐੱਸ ਵੱਲੋਂ ਕੀਤੇ ਰੀਵਿਊ ਵਿੱਚੋਂ ਕੁਝ ਸ਼ਬਦ: ‘ਜਰਨੈਲ ਸਿੰਘ ਦੇ ਹਥਲੇ ਕਹਾਣੀ ਸੰਗ੍ਰਹਿ ਨੂੰ ਪੜ੍ਹ ਕੇ ਤਾਜ਼ਾ ਹਵਾ ਦਾ ਬੁਲਾ ਮਾਨਣ ਦਾ ਅਹਿਸਾਸ ਹੋਇਆ ਹੈ… ਉਸਨੇ ਜਿਨ੍ਹਾਂ ਵਿਸ਼ਿਆਂ ਉੱਤੇ ਕਹਾਣੀਆਂ ਲਿਖੀਆਂ ਹਨ, ਉਨ੍ਹਾਂ ਦਾ ਉਸ ਨੂੰ ਡੂੰਘਾ ਗਿਆਨ ਹੈ… ਇਸ ਲੇਖਕ ਤੋਂ ਭੱਵਿਖ ਵਿਚ ਕਥਾਕਾਰੀ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਦੀ ਆਸ ਕੀਤੀ ਜਾ ਸਕਦੀ ਹੈ।’

ਜਲੰਧਰ ਰੇਡੀਓ ਸਟੇਸ਼ਨ ਦੇ ‘ਦਿਹਾਤੀ ਪ੍ਰੋਗਰਾਮ’ ਦਾ ਕੰਪੀਅਰ, ਮਾਸਟਰ ਜੀ ਵਜੋਂ ਪੇਸ਼ ਹੁੰਦਾ, ਅਵਿਨਾਸ਼ ਭਾਖੜੀ, ਆਦਮਪੁਰ ਸਾਡੇ ਘਰ ਦੇ ਸਾਹਮਣੇ ਹੀ ਰਹਿੰਦਾ ਸੀ। ਮੈਂ ਉਸਨੂੰ ‘ਮੈਨੂੰ ਕੀ’ ਸੰਗ੍ਰਹਿ ਭੇਟ ਕੀਤਾ। ਉਦੋਂ ਰੇਡੀਓ ਤੋਂ ਹਫਤੇ ’ਚ ਇਕ ਦਿਨ ‘ਕਥਾ ਲੋਕ’ ਪ੍ਰੋਗਰਾਮ ਪ੍ਰਸਾਰਤ ਹੁੰਦਾ ਸੀ। ਉਸ ਪੋਗਰਾਮ ਵਿਚ ਕਿਸੇ ਲੇਖਕ ਦੀ ਕਹਾਣੀ ਦਾ ਅੱਧਾ ਕੁ ਨਾਟਕੀਕਰਨ ਕੀਤਾ ਹੁੰਦਾ ਸੀ— ਰੇਡੀਓ ਦਾ ਇਕ ਕਲਾਕਾਰ ਕਹਾਣੀ ਨੂੰ ਬੋਲ ਕੇ ਪੜ੍ਹਦਾ ਸੀ। ਜਿੱਥੇ ਡਾਇਲਾਗ ਹੁੰਦੇ, ਓਥੇ ਉਹ ਰੁਕ ਜਾਂਦਾ। ਡਾਇਲਾਗ ਹੋਰ ਕਲਾਕਾਰਾਂ ਵੱਲੋਂ ਪਾਤਰ ਬਣ ਕੇ ਬੋਲੇ ਜਾਂਦੇ ਸਨ। ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਕਹਾਣੀ ਵਿਚਲੀ ਸਥਿਤੀ ਤੇ ਪਾਤਰਾਂ ਦੀ ਟੋਨ ਅਨੁਸਾਰ ਹੁੰਦਾ ਸੀ। ਪ੍ਰੋਗਰਾਮ ਦੀ ਪ੍ਰੋਡਿਊਸਰ ਸੁਖਜਿੰਦਰ ਚੂੜਾਮਨੀ ਸੀ। ਅਵਿਨਾਸ਼ ਨੇ ਕਿਤਾਬ ਵਿਚਲੀ ਕਹਾਣੀ ‘ਸੁਆਹ ਦੀ ਢੇਰੀ’ ਉਸਨੂੰ ਪੜ੍ਹਾਈ। ਚੂੜਾਮਨੀ ਨੇ ਨਾਟਕੀਕਰਨ ਕਰਵਾ ਕੇ ਪ੍ਰਸਾਰਤ ਕਰ ਦਿੱਤੀ। ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਣ ’ਤੇ ‘ਬੰਨ ਉਠਾਈ ਪੋਟਲੀ’ ਅਤੇ ‘ਕੰਡਿਆਲੀ ਧਰਤੀ’ ਵੀ ‘ਕਥਾ ਲੋਕ’ ’ਚ ਪੇਸ਼ ਕੀਤੀਆਂ ਗਈਆਂ। ਤਿੰਨੇ ਕਹਾਣੀਆਂ ਦਾ ਨਾਟਕੀ ਰੂਪ ‘ਕਥਾ ਲੋਕ’ ’ਚ ਕਈ ਵਾਰ ਦੁਹਰਾਇਆ ਗਿਆ। ਕੁਝ ਕਹਾਣੀਆਂ ਮੈਂ ‘ਦਿਹਾਤੀ ਪ੍ਰੋਗਰਾਮ’ ’ਚ ਆਪ ਵੀ ਪੜ੍ਹੀਆਂ। ਦੋਨਾਂ ਪ੍ਰੋਗਰਾਮਾਂ ’ਚ ਪੇਸ਼ ਹੋਈਆਂ ਕਹਾਣੀਆਂ ਦੇ ਚੋਖੇ ਪੈਸੇ ਮਿਲ਼ੇ ਸਨ।

ਕਬੀਲਦਾਰੀ ਕਹਾਣੀਆਂ ਨਾਲ਼ ਨਹੀਂ, ਨੌਕਰੀ ਨਾਲ਼ ਚੱਲਦੀ ਸੀ। ਸੋ ਨੌਕਰੀ ਬਾਰੇ ਵੀ ਗੱਲ ਕਰਨੀ ਬਣਦੀ ਹੈ। ਪੰਜ ਸਾਲ ਤੋਂ ਵੱਧ ਡਿਫਾਲਰ ਸੁਸਾਇਟੀਆਂ ਦੀ ਇਨਵੈਸਟੀਗੇਸ਼ਨ ਦਾ ਕੰਮ ਮੁੱਕਣ ਬਾਅਦ ਅਪੈਕਸ ਬੈਂਕ ਚੰਡੀਗੜ੍ਹ ਨੇ ਫੀਲਡ ਇਕਨਾਮਿਕਸ ਇਨਵੈਸਟੀਗੇਟਰਾਂ ਦੀਆਂ ਪੋਸਟਾਂ ਜੂਨੀਅਰ ਅਕਾਊਂਟੈਂਟਾਂ ’ਚ ਕਨਵਰਟ ਕਰ ਦਿੱਤੀਆਂ। ਜਨਰਲ ਮੈਨੇਜਰ ਅਮਰ ਨੇ ਮੇਰੀ ਊਣੀ ਹੋਈ ਡਿਊਟੀ ਲਿਸਟ ਵਿਚ ਰਿਜ਼ਰਵ ਬੈਂਕ ਦੀ ਇਨਸਪੈਕਸ਼ਨ ਦੀ ਕੰਪਲਾਇੰਸ (Compliance) ਅਤੇ ਔਡੀਟਰ ਰਿਪੋਰਟ ਦੀ ਕੰਪਲਾਇੰਸ ਦੇ ਕੰਮ ਪਾ ਦਿੱਤੇ। ਇਹ ਕੰਮ ਪਹਿਲਾਂ ਅਸਿਸਟੈਂਟ ਮੈਨੇਜਰ ਕਰਦਾ ਸੀ। ਉਸ ਕੋਲ਼ ਵਰਕ ਲੋਡ ਜ਼ਿਆਦਾ ਹੋਣ ਕਾਰਨ ਕੰਪਲਾਇੰਸ ਦਾ ਕਾਰਜ ਠੀਕ ਤਰ੍ਹਾਂ ਨਹੀਂ ਸੀ ਹੋ ਰਿਹਾ। ਰਿਜ਼ਰਵ ਬੈਂਕ ਦੀ ਇਨਸਪੈਕਸ਼ਨ ਹਰ ਦੋ ਸਾਲ ਬਾਅਦ ਹੁੰਦੀ ਸੀ। ਇੰਸਪੈਕਸ਼ਨ ਮੈਂ ਤੇ ਬੰਗਾ ਕਰਵਾਉਂਦੇ ਸਾਂ। ਇਨਸਪੈਕਸ਼ਨ ਟੀਮ ਦੇ ਕਰਮਚਾਰੀ ਢਾਈ-ਤਿੰਨ ਹਫਤੇ ਲਾ ਕੇ ਹੈੱਡ ਆਫਿਸ ਤੇ ਕੁਝ ਬਰਾਂਚਾਂ ਦੇ ਰਿਕਾਰਡਾਂ ਦੀ ਘੋਖਵੀਂ ਪੜਤਾਲ ਕਰਦੇ ਸਨ। ਤੇ ਫਿਰ ਉਨ੍ਹਾਂ ਦੇ ਦਫਤਰ ਚੰਡੀਗੜ੍ਹ ਤੋਂ ਵਿਸਥਾਰਤ ਇੰਨਸਪੈਕਸ਼ਨ ਰਿਪੋਰਟ ਆਉਂਦੀ ਸੀ। ਪੰਜਾਬ ਕੋਆਪ੍ਰੇਟਿਵ ਮਹਿਕਮੇ ਦੇ ਔਡੀਟਰਾਂ ਵੱਲੋਂ ਹੈੱਡ ਆਫਿਸ ਤੇ ਸਾਰੀਆਂ ਬਰਾਂਚਾਂ ਦੀ ਪੜਤਾਲ ਸਾਰਾ ਸਾਲ ਚੱਲਦੀ ਰਹਿੰਦੀ ਤੇ ਸਾਲ ਦੇ ਅਖੀਰ ਵਿਚ ਵਿਸਥਾਰਤ ਔਡਿਟ ਰਿਪੋਰਟ ਜਾਰੀ ਹੁੰਦੀ ਸੀ। ਇਨਸਪੈਕਸ਼ਨ ਰਿਪੋਰਟਾਂ ਅੰਗ੍ਰੇਜ਼ੀ ’ਚ ਹੁੰਦੀਆਂ ਸਨ। ਕੰਪਲਾਇੰਸ ਵੀ ਅੰਗ੍ਰੇਜ਼ੀ ’ਚ ਕੀਤੀ ਜਾਂਦੀ ਸੀ।

ਰਿਪੋਰਟਾਂ ਵਿਚ ਦਰਜ ਛੋਟੇ-ਵੱਡੇ ਇਤਰਾਜ਼ ਜਿਨ੍ਹਾਂ ਬਰਾਂਚਾਂ ਅਤੇ ਹੈੱਡ ਆਫਿਸ ਦੇ ਕਰਮਚਾਰੀਆਂ ਨਾਲ਼ ਸੰਬੰਧਿਤ ਹੁੰਦੇ, ਉਨ੍ਹਾਂ ਨੂੰ ਭੇਜ ਕੇ ਕੰਪਲਾਇੰਸ ਕਰਵਾਉਣੀ ਹੁੰਦੀ ਸੀ। ਜਨਰਲ ਹਦਾਇਤਾਂ ਸਾਰੀਆਂ ਬਰਾਂਚਾਂ ਤੇ ਹੈੱਡ ਆਫਿਸ ਦੇ ਸਬੰਧਿਤ ਸੈਕਸ਼ਨਾਂ ਨੂੰ ਸਰਕੂਲੇਟ ਕਰਨੀਆਂ ਹੁੰਦੀਆਂ ਸਨ ਤੇ ਫਿਰ ਸਮੁੱਚੀ ਕੰਪਲਾਇੰਸ ਸੰਕਲਿਤ (Compile) ਕਰਕੇ ਸੰਬੰਧਿਤ ਦਫਤਰਾਂ ਨੂੰ ਭੇਜਣੀ ਹੁੰਦੀ ਸੀ।

ਕੰਮ ਲੰਮਾ-ਚੌੜਾ ਸੀ। ਦੋਵੇਂ ਕੰਪਲਾਇੰਸਾਂ ਇਕ ਵਾਰ ਕਰਨ ਬਾਅਦ ਤਜ਼ਰਬਾ ਹੋ ਗਿਆ। ਫਿਰ ਮੈਂ ਟਾਈਪਿਸਟ ਨੂੰ ਕੋਲ਼ ਬਿਠਾ ਕੇ ਇਤਰਾਜ਼ਾਂ ਦੀਆਂ ਚਿੱਠੀਆਂ ਡਿਕਟੇਟ ਕਰ ਦੇਂਦਾ ਅਤੇ ਟਾਈਪ ਹੋਣ ਬਾਅਦ ਮੈਨੇਜਰ ਦੇ ਟੇਬਲ ’ਤੇ ਭੇਜ ਦੇਂਦਾ। ਉਸਦੇ ਦਸਤਖਤਾਂ ਬਾਅਦ ਚਿੱਠੀਆਂ ਡਿਸਪੈਚ ਕਲਰਕ ਦੇ ਟੇਬਲ ’ਤੇ ਚਲੀਆਂ ਜਾਂਦੀਆਂ। ਜਦੋਂ ਸਾਰੀਆਂ ਬਰਾਂਚਾਂ ਤੇ ਹੈੱਡ ਆਫਿਸ ਦੇ ਕਰਮਚਾਰੀਆਂ ਦੇ ਜਵਾਬ ਆ ਜਾਂਦੇ ਤਾਂ ਸਾਰੇ ਕੁਝ ਨੂੰ ਪੈਰ੍ਹਾ-ਵਾਈਜ਼ ਤੇ ਪੇਜ਼-ਵਾਈਜ਼ ਕੰਪਾਇਲ ਕਰਨ ਲਈ ਡਿਕਟੇਸ਼ਨ ਦੇਣ ਲੱਗ ਜਾਂਦਾ। ਤੇ ਜਦੋਂ ਸਮੁੱਚੀ ਕੰਪਲਾਇੰਸ ਮੁਕੰਮਲ ਹੋ ਜਾਂਦੀ ਜਨਰਲ ਮੈਨੇਜਰ ਤੋਂ ਦਸਤਖਤ ਕਰਵਾ ਕੇ ਸਬੰਧਿਤ ਦਫਤਰਾਂ ਨੂੰ ਭੇਜ ਦੇਂਦਾ। ਰਿਜ਼ਰਵ ਬੈਂਕ ਤੇ ਆਡੀਟਰਾਂ ਦੀਆਂ ਇਨਸਪੈਕਸ਼ਨਾਂ ਦੀ ਕੰਪਲਾਇੰਸ ਦਾ ਇਹ ਕੰਮ ਦਿਨਾਂ-ਹਫਤਿਆਂ ’ਚ ਨਹੀਂ, ਮਹੀਨਿਆਂ ’ਚ ਮੁੱਕਦਾ ਸੀ।

ਕੰਮ ਦੇ ਨਾਲ਼-ਨਾਲ਼ ਸ਼ੁਗਲ-ਮੇਲਾ ਵੀ ਚਲਦਾ ਰਹਿੰਦਾ। ਮੈਂ, ਬੰਗਾ ਤੇ ਲਾਲਾ ਤਿੰਨੇ ਪੇਂਡੂ ਪਿਛੋਕੜ ਵਾਲ਼ੇ ਸਾਂ। ਲਾਲਾ ਟਿੱਚਰੀ ਸੀ। ਮੇਰੇ ਤੇ ਬੰਗੇ ਦੀਆਂ ਸੀਟਾਂ ਨਾਲ਼ ਸੰਬੰਧਿਤ ਕੰਮਾਂ ਦੇ ਸਿਲਸਿਲੇ ਵਿਚ ਬਰਾਂਚਾਂ ਦੇ ਕਰਮਚਾਰੀ ਆਉਂਦੇ ਰਹਿੰਦੇ ਸਨ। ਜਦੋਂ ਕਦੀ ਬੰਗਾ ਬਾਥਰੂਮ ’ਚ ਹੁੰਦਾ, ਉਸ ਨੂੰ ਮਿਲਣ ਆਇਆ ਕਰਮਚਾਰੀ, ਬੰਗੇ ਦੀ ਖਾਲੀ ਕੁਰਸੀ ਦੇਖ ਕੇ ਪੁੱਛਦਾ, “ਜੀ ! ਬੰਗਾ ਸਾਹਿਬ ਆਏ ਨਹੀਂ?”

ਲਾਲੇ ਦਾ ਤਟਫਟ ਜਵਾਬ ਹੁੰਦਾ, “ਆਇਓ ਆ। ਪਰ ਉਨ੍ਹਾਂ ਦਾ ਪਿਸ਼ਾਬ ਨਿਕਲ਼ ਗਿਆ।”

ਹੈਰਾਨਗੀ ਤੇ ਸਵਾਲੀਆ ਟੋਨ ਵਿਚ ਅਗਲੇ ਦੇ ਮੂੰਹੋਂ, “ਹੈਂਅ ਜੀ।” ਨਿੱਕਲ਼ ਜਾਂਦਾ।

ਲਾਲਾ ਮੁਸਕਰਾ ਕੇ ਆਖਦਾ, “ਉਹ ਪਿਸ਼ਾਬ ਕਰਨ ਗਏ ਆ।”

ਇਸੇ ਤਰ੍ਹਾਂ ਜਦੋਂ ਮੈਂ ਟੂਰ ’ਤੇ ਹੁੰਦਾ, ਮੈਨੂੰ ਮਿਲਣ ਆਇਆ ਬੰਦਾ ਪੁੱਛਦਾ, “ਸ. ਜਰਨੈਲ ਸਿੰਘ ਨੂੰ ਮਿਲਣਾ ਸੀ।”

“ਉਨ੍ਹਾਂ ਨੂੰ ਦੌਰਾ ਪੈ ਗਿਆ।” ਲਾਲਾ ਡੇਅ-ਬੁੱਕ ਤੋਂ ਨਜ਼ਰਾਂ ਉਠਾ ਕੇ ਦੱਸਦਾ। ਝਟਕਾ ਜਿਹਾ ਮਹਿਸੂਸਦਿਆਂ ਅਗਲੇ ਦੇ ਮੂੰਹੋਂ, “ਓ-ਹੋਅ” ਨਿਕਲ਼ ਜਾਂਦਾ।

“ਉਹ ਦੌਰੇ ’ਤੇ ਗਇਓ ਆ ਜੀ।” ਖਚਰੀ ਮੁਸਕਰਾਹਟ ਕੇਰਦਾ ਲਾਲਾ ਅਸਲ ਗੱਲ ਦੱਸਦਾ।

ਲਾਲਾ ਹੁੱਕਾ ਪੀਂਦਾ ਸੀ। ਉਸਨੇ ਲੰਮੀ ਪਾਈਪ ਵਾਲ਼ਾ ਹੁੱਕਾ ਮਾਲੀ ਦੇ ਕੁਆਟਰ ’ਚ ਰੱਖਿਆ ਹੋਇਆ ਸੀ। ਉਹ ਉੱਥੇ ਜਾ ਕੇ ਸੂਟ੍ਹੇ ਲਾਉਂਦਾ ਸੀ। ਅਜਿਹੇ ਮੌਕੇ ਜੇ ਕਿਸੇ ਨੇ ਆ ਕੇ ਪੁੱਛਣਾ, “ਲਾਲਾ ਜੀ ਕਿੱਧਰ ਗਏ?”

“ਉਨ੍ਹਾਂ ਦੇ ਮੂੰਹ ’ਚ ਨਾਲ਼ੀ ਲੱਗੀਓ ਆ।” ਮੇਰਾ ਜਵਾਬ ਹੁੰਦਾ।

“ਉਨ੍ਹਾਂ ਨੂੰ ਕੀ ਹੋ ਗਿਆ, ਚੰਗੇ ਭਲੇ ਸੀ।” ਅਗਲਾ ਹੈਰਾਨੀ ’ਚ ਡੁੱਬ ਜਾਂਦਾ।

“ਜ਼ਬਾਨ ਟਪਲਾ ਖਾ ਗਈ ਜੀ, ਉਹ ਹੁੱਕਾ ਪੀਂਦੇ ਆ।” ਮੈਂ ਮੱਥੇ ’ਤੇ ਹੱਥ ਮਾਰ ਕੇ ਆਖਦਾ।

ਬੈਂਕ ਦਾ ਜਨਰਲ ਮੈਨੇਜਰ ਸ. ਅਮਰ ਸਿੰਘ ਮੁੜ ਲੁਧਿਆਣੇ ਚਲਾ ਗਿਆ। ਉਸਦੀ ਜਗ੍ਹਾ ਲੁਧਿਆਣੇ ਤੋਂ ਸ. ਜਗਤਾਰ ਸਿੰਘ ਸੰਧੂ ਆ ਗਿਆ।

ਮੈਂ ਕੰਪਲਾਇੰਸ ਦੇ ਕੰਮ ਤੋਂ ਇਲਾਵਾ ਰਿਵੀਊ ਕਮੇਟੀ ਦੀਆਂ ਤ੍ਰੈਮਾਸਕ ਮੀਟਿੰਗਾਂ ਅਤੇ ਬਰਾਂਚਾਂ ਦੇ ਟਾਰਗਿਟ ਦੀਆਂ ਡਿਊਟੀਆਂ ਵੀ ਨਿਭਾ ਰਿਹਾ ਸਾਂ।

ਕਹਾਣੀ ਸੰਗ੍ਰਹਿ ‘ਸਮੇਂ ਦੇ ਹਾਣੀ’ ਦਾ ਸਿਜਣਾਤਮਿਕ ਕਾਰਜ

ਪੰਜਾਬ ਸੰਕਟ ਤੇ ਸਿੱਖ ਕਤਲੇਆਮ ਬਾਰੇ ਕਾਫੀ ਸਾਹਿਤ ਰਚਿਆ ਗਿਆ। ਅਖਬਾਰੀ ਰਿਪੋਰਟਾਂ ਵਰਗੀਆਂ ਸਿੱਧੀਆਂ ਸਪਾਟ ਰਚਨਾਵਾਂ ਛੇਤੀ ਹੀ ਸਮੇਂ ਦੀ ਧੂੜ ਵਿਚ ਗੁਆਚ ਗਈਆਂ। ਮਕਬੂਲ ਉਹੀ ਰਚਨਾਵਾਂ ਹੋਈਆਂ ਜਿਨ੍ਹਾਂ ਵਿਚ ਗਹਿਰਾਈ, ਚਿੰਤਨ ਤੇ ਸੁਹਜ ਦੇ ਗੁਣ ਸਨ। ਇਕ ਕਹਾਣੀ ਮੈਂ ਵੀ ਲਿਖੀ ਸੀ ‘ਅਵਿਸ਼ਵਾਸ’ ਇਸ ਕਹਾਣੀ ਦੀ ਮੁੱਖ ਪਾਤਰ ਚਰਨ ਕੌਰ ਫੌਜੀ ਵਿਧਵਾ ਹੈ। ਉਸਦਾ ਪੁੱਤਰ ਰੋਜ਼ੀ–ਰੋਟੀ ਖਾਤਰ ਦੁਬਈ ਗਿਆ ਹੋਇਐ। ਉਸਦੀ ਨੂੰਹ ਤੇ ਛੋਟੇ–ਛੋਟੇ ਪੋਤਾ–ਪੋਤੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ। ਓਥੇ ਹੋਰ ਸ਼ਰਧਾਲੂਆਂ ਸਮੇਤ ਨੀਲਾ ਤਾਰਾ ਫੌਜੀ ਐਕਸ਼ਨ ਦੀ ਲਪੇਟ ’ਚ ਆ ਜਾਂਦੇ ਹਨ। ਜਦੋਂ ਉਹ ਘਰ ਨਹੀਂ ਪਰਤਦੇ, ਚਰਨ ਕੌਰ ਉਨ੍ਹਾਂ ਦੀ ਤਲਾਸ਼ ਵਿਚ ਹਰਿਮੰਦਰ ਸਾਹਿਬ ਜਾਂਦੀ ਹੈ। ਓਥੋਂ ਪਤਾ ਲਗਦੈ ਕਿ ਫੌਜੀ ਐਕਸ਼ਨ ਵਿਚ ਸ਼ਰਧਾਲੂਆਂ ਦੀਆਂ ਜਾਨਾਂ ਵੀ ਗਈਆਂ ਸਨ। ਨਾਲ਼ ਇਹ ਵੀ ਦੱਸ ਪੈਂਦੀ ਹੈ ਕਿ ਕੁਝ ਲੋਕਾਂ ਨੂੰ ਫੌਜ ਨੇ ਹਿਰਾਸਤ ’ਚ ਲਿਆ ਹੋਇਐ। ਉਸਦੇ ਮਨ ਵਿਚ ਆਪਣੇ ਜੀਆਂ ਦੇ ਮਾਰੇ ਜਾਣ ਦਾ ਖਦਸ਼ਾ ਵੀ ਹੈ ਤੇ ਆਸ ਦੀ ਕਿਰਨ ਵੀ ਕਿ ਸ਼ਾਇਦ ਬਚ ਗਏ ਹੋਣ। ਨੀਲਾ ਤਾਰਾ ਐਕਸ਼ਨ ਤੋਂ ਬਾਅਦ ਫੌਜੀ ਯੂਨਿਟਾਂ ਨੇ ਪੰਜਾਬ ਦੇ ਕੁਝ ਥਾਵਾਂ ’ਤੇ ਡੇਰੇ ਲਾਏ ਹੋਏ ਸਨ। ਉਹ ਲੁਕੇ–ਛਿਪੇ ਅਤਿਵਾਦੀਆਂ ਦੀ ਤਲਾਸ਼ ਵਿਚ ‘ਕੰਘੀ ਕਰੋ ਅਪਰੇਸ਼ਨ’ (Combing Operation) ਚਲਾ ਰਹੇ ਸਨ। ਚਰਨ ਕੌਰ ਆਪਣੇ ਜੀਆਂ ਦੀ ਤਲਾਸ਼ ਵਿਚ ਫੌਜੀ ਯੂਨਿਟਾਂ ਅਤੇ ਹੋਰ ਸੰਬੰਧਿਤ ਥਾਵਾਂ ’ਤੇ ਜਿੱਥੇ ਵੀ ਜਾਂਦੀ ਹੈ, ਓਥੋਂ ਦੇ ਅਧਿਕਾਰੀ ਉਸਦੇ ਅਤਿਵਾਦੀਆਂ ਨਾਲ਼ ਸੰਬੰਧਾਂ ਦੀ ਸ਼ੱਕ ਹੇਠ ਪੁੱਛ-ਪੜਤਾਲ ਕਰਨ ਲੱਗ ਪੈਂਦੇ ਹਨ— ਉਸਦੇ ਆਪਣੇ ਤੇ ਨੂੰਹ ਦੇ ਪੇਕਾ ਪਰਿਵਾਰ ਬਾਬਤ ਲੰਮੇ-ਚੌੜੇ ਸਵਾਲ ਪੁਛਣ ਲਗਦੇ ਹਨ… ਅਖੀਰ ਵਿਚ ਚਰਨ ਕੌਰ ਨੂੰ ਉਮਰ ਭਰ ਦੇ ਹੌਕਿਆਂ–ਹਾਵਿਆਂ ਵਾਲ਼ੀ ਘੋਰ ਦੁਖਦਾਈ ਹਕੀਕਤ ਦਾ ਪਤਾ ਲਗਦੈ… ਉਸਦੀ ਨੂੰਹ ਤੇ ਨੰਨ੍ਹੇ ਪੋਤਾ–ਪੋਤੀ ‘ਸਾਕਾ ਨੀਲਾ ਤਾਰਾ’ ਵਿਚ ਮਾਰੇ ਜਾ ਚੁੱਕੇ ਸਨ। ਕਹਾਣੀ ਵਿਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਰਤ ਦੀ ਸਰਕਾਰੀ ਮਸ਼ੀਨਰੀ ਸਿੱਖਾਂ ਨੂੰ ਅਵਿਸ਼ਵਾਸ ਦੀ ਨਿਗ੍ਹਾ ਨਾਲ਼ ਦੇਖ ਰਹੀ ਸੀ। ‘ਲੋਅ’ ਪਰਚੇ ਵਿਚ ਛਪੀ ਸੀ ਇਹ ਕਹਾਣੀ।

ਕਹਾਣੀ ‘ਬੋਹਲ਼ ਦੇ ਰਾਖੇ’

ਇਸ ਕਹਾਣੀ ਦਾ ਮੁੱਖ ਪਾਤਰ, ਨਿਮਨ ਕਿਸਾਨ ਸ਼ਮੀਰ ਮੰਦੀ ਆਰਥਿਕਤਾ ਦਾ ਝੰਬਿਆ ਹੋਇਐ। ਪਰਿਵਾਰ ਦੀਆਂ ਹੋਰ ਤੰਗੀਆਂ ਨਾਲ਼ ਉਸਦੇ ਪੁੱਤਰ ਦੀ ਪੜ੍ਹਾਈ ਵੀ ਖਤਰੇ ’ਚ ਪੈ ਚੁੱਕੀ ਹੈ। ਉਸਨੇ ਕਣਕ ਦੀ ਫਸਲ ’ਤੇ ਆਸਾਂ ਲਾਈਆਂ ਹੋਈਆਂ ਸਨ। ਪਰ ਗੜਿਆਂ ਨੇ, ਪਕੱਣ ਤੇ ਆਈ ਕਣਕ ਫੂਸੜਾ– ਫੂਸੜਾ ਕਰ ਛੱਡੀ ਏ।

ਸਰਕਾਰ ਵੱਲੋਂ ਐਲਾਨਿਆਂ ਨਿਗੂਣਾ ਮੁਆਵਜ਼ਾ ਕਿਸਾਨਾਂ ਨਾਲ਼ ਘੋਰ ਬੇਇਨਸਾਫੀ ਹੈ। ਪੁੱਤਰ ਦੀ ਪੜ੍ਹਾਈ ਤੇ ਘਰ ਦੇ ਹੋਰ ਖਰਚਿਆਂ ਦੀ ਚਿੰਤਾ ਵਿਚ ਸ਼ਮੀਰ ਦੀ ਭੁੱਖ–ਨੀਂਦ ਹਰਾਮ ਹੋ ਜਾਂਦੀ ਹੈ। ਮਾਨਸਿਕ ਛਟਪਟਾਹਟ ’ਚ ਉਹ ਜ਼ਮੀਨ ਵੇਚਣ ਦਾ ਫੈਸਲਾ ਕਰਦਾ ਹੈ। ਪਰ ਵਾਜਬ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰਨ ਵਾਲ਼ੀ ਜਥੇਬੰਦੀ ਦੇ ਆਗੂ ਵੱਲੋਂ ਇਹ ਸਮਝਾਉਣ ’ਤੇ ਕਿ ਮਸਲਾ ਜ਼ਮੀਨਾਂ ਵੇਚਣ ਨਾਲ਼ ਹੱਲ ਨਹੀਂ ਹੋਣਾ, ਸੰਘਰਸ਼ ਰਾਹੀਂ ਹੋਣਾ ਹੈ। ਰੇਸ਼ਮ ਸਿੰਘ ਰਾਹੀਂ ਪ੍ਰੇਰਿਤ ਹੋਇਆ ਸ਼ਮੀਰ ਸਿੰਘ, ਟਰੈਕਟਰਾਂ–ਟਰਾਲੀਆਂ ਅਤੇ ਸਾਈਕਲਾਂ ’ਤੇ ਪ੍ਰਧਾਨ ਮੰਤਰੀ ਅੱਗੇ ਮੁਜ਼ਾਹਰਾ ਕਰਨ ਜਾ ਰਹੇ, ਕਿਸਾਨਾਂ ਦੇ ਜਲੂਸ ਵਿਚ ਸ਼ਾਮਲ ਹੋ ਜਾਂਦਾ ਹੈ। ਕਹਾਣੀ ਵਿਚ ਪੇਸ਼ ਕਿਸਾਨੀ ਸੰਘਰਸ਼ ਨੂੰ, ਕਿਸਾਨਾਂ ਦੇ ਅਜੋਕੇ ਇਤਿਹਾਸਕ ਅੰਦੋਲਨ ਦੇ ਪ੍ਰਸੰਗ ਵਿਚ ਵਾਚਦਿਆਂ, 33 ਸਾਲ ਪਹਿਲਾਂ ਲਿਖੀ ਮੇਰੀ ਇਸ ਕਹਾਣੀ ਵਿਚਲੀ ਭੱਵਿਖਮੁੱਖਤਾ ਜ਼ਾਹਰ ਹੁੰਦੀ ਹੈ।

ਕਹਾਣੀ ‘ਕੰਡੇ ਬੀਜਣ ਵਾਲ਼ੇ’

ਇਸ ਕਹਾਣੀ ਵਿਚ ਮੈਂ ਉਨ੍ਹਾਂ ਕਿਸਾਨਾਂ ਦੀ ਬਾਤ ਪਾਈ ਹੈ ਜੋ ਭ੍ਰਿਸ਼ਟ ਰਾਜਨੀਤਕਾਂ ਨਾਲ਼ ਕੁਨੈਕਸ਼ਨਜ਼ ਬਣਾ ਕੇ ਅਮੀਰ ਹੋ ਰਹੇ ਹਨ, ਆਮ ਲੋਕਾਂ ਦੇ ਰਾਹਾਂ ਵਿਚ ਕੰਡੇ ਬੀਜ ਰਹੇ ਹਨ। ਇਸ ਕਹਾਣੀ ਦਾ ਪਾਤਰ ਤਾਰਾ ਸਿੰਘ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦਾ ਪ੍ਰਧਾਨ ਹੈ। ਕਰਮ ਸਿੰਘ ਖਜਾਨਚੀ ਹੈ। ਤਾਰਾ ਸਿੰਘ ਨੇ ਆਪਣੇ ਹਲਕੇ ਦੇ ਐਮ. ਐਲ. ਏ ਨਾਲ਼ ਨੇੜਤਾ ਬਣਾਈ ਹੋਈ ਏ। ਐਮ. ਐਲ. ਏ ਨੇ ‘ਵਕਫ ਬੋਰਡ’ ਦੀ ਜ਼ਮੀਨ ਸਾਂਭੀ ਹੋਈ ਏ। ਉਸ ਜ਼ਮੀਨ ਵਿਚ ਤਾਰਾ ਸਿੰਘ ਵੀ ਹਿੱਸੇਦਾਰ ਹੈ। ਸੱਤਾ ਦੀ ਨੇੜਤਾ ਰਾਹੀਂ ਤਾਰਾ ਸਿੰਘ ਨੇ ਆਪਣੇ ਅਧਿਆਪਕ ਪੁੱਤਰਾਂ ਤੇ ਨੂੰਹਾਂ ਦੀਆਂ ਬਦਲੀਆਂ ਗਵਾਂਢੀ ਪਿੰਡ ਦੇ ਸਕੂਲ ’ਚ ਕਰਵਾਈਆਂ ਹੋਈਆਂ ਹਨ। ਉਨ੍ਹਾਂ ਦੀ ਦਿਲਚਸਪੀ ਅਧਿਆਪਕੀ ਵਿਚ ਨਹੀਂ ਆਪਣੀ ਵੱਡੇ ਪੱਧਰ ਦੀ ਖੇਤੀ ਵਿਚ ਹੈ। ਬਖਤਾਵਰ ਸਿੰਘ ਨੇ ਐਮ. ਐਲ. ਏ ਦੀ ਚੋਣ ਲੜਨ ਸਮੇਂ, ਤਾਰਾ ਸਿੰਘ ਦੀ ਸਕੀਮ ਅਨੁਸਾਰ, ਕਰਮ ਸਿੰਘ ਨਾਲ਼ ਮਿੱਠਾ-ਪਿਆਰਾ ਹੋ ਕੇ ਉਸ ਤੋਂ ਸੁਸਾਇਟੀ ਦਾ ਪੱਚੀ ਹਜਾਰ ਰੁਪੱਈਆ ਉਧਾਰਾ ਲਿਆ ਹੋਇਆ ਹੈ। ਕਰਮ ਸਿੰਘ ਨੇ ਇਹ ਰਕਮ ਕੋਆਪ੍ਰੇਟਿਵ ਬੈਂਕ ਤੋਂ ਚੁੱਕ ਕੇ ਦਿੱਤੀ ਹੋਈ ਹੈ। ਬਖਤਾਵਰ ਸਿੰਘ ਇਕ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਹੈ। ਕਰਮ ਸਿੰਘ ’ਤੇ ਘਪਲੇਬਾਜ਼ੀ ਦਾ ਕੇਸ ਬਣ ਜਾਂਦਾ ਹੈ। ਬਖਤਾਵਰ ਸਿੰਘ ਦੇ ਕਹਿਣ ’ਤੇ ਕੋਆਪ੍ਰੇਟਿਵ ਮਹਿਕਮੇ ਦੇ ਕਰਮਚਾਰੀ ਕੇਸ ਰੋਕ ਲੈਂਦੇ ਹਨ… ਕੁਝ ਅਰਸੇ ਬਾਅਦ ਪਾਰਟੀ ਹਾਈਕਮਾਂਡ ਦੀ ਨਾਰਾਜ਼ਗੀ ਕਾਰਨ ਉਸਦੀ ਚੇਅਰਮੈਨੀ ਖੁੱਸ ਜਾਂਦੀ ਹੈ। ਉਸਦਾ ਪਹਿਲਾਂ ਵਾਲ਼ਾ ਪ੍ਰਭਾਵ ਨਾ ਰਹਿਣ ਕਰਕੇ ਕੇਸ ਵਿਚ ਤੇਜੀ ਆ ਜਾਂਦੀ ਹੈ। ਕੋਆਪ੍ਰੇਟਿਵ ਬੈਂਕ ਤੋਂ ਚੁੱਕਿਆ ਪੱਚੀ ਹਜਾਰ, ਵਿਆਜ ਤੇ ਖਰਚਾ ਪੈ ਕੇ ਸੈਂਤੀ ਹਜਾਰ ਬਣ ਚੱਕੈ। ਇਹ ਰਕਮ ਵਸੂਲਣ ਲਈ ਬੈਂਕ ਕਰਮ ਸਿੰਘ ਦੀ ਜ਼ਮੀਨ ਦੀ ਨੀਲਾਮੀ ਦਾ ਆਰਡਰ ਹਾਸਲ ਕਰ ਲੈਂਦੀ ਹੈ। ਤਾਰਾ ਸਿੰਘ ਬੋਲੀ ਦੇ ਕੇ ਕਰਮ ਸਿੰਘ ਦੇ ਇਕ ਖੇਤ ਦਾ ਮਾਲਕ ਬਣ ਜਾਂਦਾ ਹੈ। ਤਾਰਾ ਸਿੰਘ ਤੇ ਬਖਤਾਵਰ ਸਿੰਘ ਦੀਆਂ ਭੈੜੀਆਂ ਚਾਲਾਂ ਵਿਰੱਧ ਪਿੰਡ ਦੇ ਅਗਾਂਹਵਧੂ ਸਰਪੰਚ ਜਸਬੀਰ ਸਿੰਘ ਦਾ ਰੋਹ ਜਾਗਦਾ ਹੈ। ਉਹ ਕਰਮ ਸਿੰਘ ਦੇ ਪੁੱਤਰ ਸਵਰਨ ਨਾਲ਼ ਆ ਖੜ੍ਹਦਾ ਹੈ… ਬਖਤਾਵਰ ਸਿੰਘ ਦੂਜੀ ਵਾਰ ਐਮ. ਐਲ. ਏ ਦੀ ਚੋਣ ਲੜ ਰਿਹਾ ਹੈ। ਉਸ ਵਸਤੇ ਵੋਟਾਂ ਮੰਗਣ ਲਈ ਤਾਰਾ ਸਿੰਘ ਪਿੰਡ ’ਚ ਵੱਡੇ ਇਕੱਠ ਦਾ ਪ੍ਰੋਗਰਾਮ ਬਣਾਉਂਦਾ ਹੈ। ਇਕੱਠ ’ਚ ਉਨ੍ਹਾਂ ਦੀਆਂ ਕਰਤੂਤਾਂ ਦਾ ਭਾਂਡਾ ਭੰਨਣ ਲਈ ਜਸਬੀਰ ਸਿੰਘ ਇਲਾਕੇ ਦੇ ਲੋਕਾਂ ਨੁੰ ਲਾਮਬੰਦ ਕਰਦਾ ਹੈ। ਬਖਤਾਵਰ ਸਿੰਘ ਵੱਲੋਂ ਭਾਸ਼ਣ ਸ਼਼ੁਰੂ ਕਰਨ ’ਤੇ ਪਹਿਲਾਂ ਸਵਰਨ ਉਸਨੂੰ ਲਲਕਾਰਦਾ ਹੈ ਤੇ ਫਿਰ ਜਸਬੀਰ ਪੂਰੇ ਗੜ੍ਹਕੇ ਨਾਲ਼ ਬਖਤਾਵਰ ਸਿੰਘ ਅਤੇ ਤਾਰਾ ਸਿੰਘ ਦੀਆਂ ਕਰਤੂਤਾਂ ਦਾ ਭਾਂਡਾ ਭੰਨਦਾ ਹੈ। ਕਾਫੀ ਲੋਕ ਪਹਿਲਾਂ ਹੀ ਉਨ੍ਹਾਂ ਤੋਂ ਦੁਖੀ ਹਨ। ਹੁਣ ਜਸਬੀਰ ਸਿੰਘ ਤੇ ਉਸਦੇ ਸਾਥੀਆਂ ਵੱਲੋਂ ਡੰਕਾ ਵਜਾਉਣ ’ਤੇ ਉਨ੍ਹਾਂ ਵਿਚ ਵਿਦਰੋਹ ਉੱਭਰ ਪੈਂਦਾ ਹੈ। ਬਖਤਾਵਰ ਸਿੰਘ ਤੇ ਤਾਰਾ ਸਿੰਘ ਵਿਰੁੱਧ ਗੁਸੇ ਭਰੇ ਬੋਲਾਂ ਨਾਲ਼ ਉਹ ਸਟੇਜ ਵੱਲ ਵਧਦੇ ਹਨ। ਕਹਾਣੀ ਦੇ ਆਖਰੀ ਸ਼ਬਦ ਇਉਂ ਹਨ— ਗੁਸੇ ਦੀ ਲਹਿਰ ਵੇਖ ਕੇ ਨੇਤਾ-ਲੋਕ ਮੂੰਹ ਦੁਆਲ਼ੇ ਬਾਹਾਂ ਲਪੇਟੀ ਤੇ ਸਿਰ ਲੁਕੋਈ ਇੰਜ ਦੌੜੇ ਜਾ ਰਜੇ ਸਨ ਜਿਵੇਂ ਉੱਭਰ-ਉੱਭਰ ਪੈਂਦੇ ਨਿਉਲ਼ਿਆਂ ਨੁੰ ਵੇਖ ਕੇ ਜ਼ਹਿਰ ਉੱਗਲਦੇ ਸੱਪ ਖੱਲਾਂ-ਖੂੰਜੇ ਲੱਭ ਰਹੇ ਹੋਣ।

ਉਪ੍ਰੋਕਤ ਕਹਾਣੀਆਂ ਵਿਚ ਨਿਮਨ ਕਿਸਾਨੀ ਦੇ ਆਰਥਿਕ ਸੰਕਟਾਂ ਦੇ ਨਾਲ਼– ਨਾਲ਼ ਮੈਂ, ਰਿਸ਼ਤਿਆਂ ਵਿਚ ਮੋਹ–ਪਿਆਰ ਦੀ ਥਾਂ ਲੈ ਰਹੀਆਂ ਗਰਜਾਂ ਅਤੇ ਸੰਯੁਕਤ ਪਰਿਵਾਰਾਂ ਦੀ ਟੁੱਟ– ਭੱਜ ਦਾ ਚਿਤਰਣ ਵੀ ਕੀਤਾ ਹੈ। ‘ਕੰਡੇ ਬੀਜਣ ਵਾਲੇ’ ਅਤੇ ‘ਬੋਹਲ ਦੇ ਰਾਖੇ’ ਵਿਚ ਅਨੈਤਿਕ ਰਿਸ਼ਤਿਆਂ ’ਤੇ ਵੀ ਝਾਤ ਪੁਆਈ ਹੈ।

ਕਹਾਣੀ ‘ਸ਼ਕਤੀ’

ਇਸ ਕਹਾਣੀ ਦਾ ਕੱਚਾ ਮਾਲ ਮੈਨੂੰ ਹੁਸ਼ਿਆਰਪੁਰ ਦੀ ‘ਮਹਾਂਵੀਰ ਸਪਿਨਿੰਗ ਮਿੱਲ’ ਦੀ ਫੇਲ੍ਹ ਹੋਈ ਹੜਤਾਲ ਤੋਂ ਮਿਲ਼ਿਆ ਸੀ। ਵਾਜਬ ਮੰਗਾਂ ਵਾਲ਼ੀ ਉਸ ਹੜਤਾਲ ਨੂੰ ਕੁਝ ਕਾਮਿਆਂ ਨੇ ਹੀ ਤਾਰਪੀਡੋ ਕੀਤਾ ਸੀ। ਇਸ ਯਥਾਰਥਕ ਮਸਲੇ ਨੂੰ ਰਿਸ਼ਤਿਆਂ ਦੇ ਟਕਰਾਓ ਵਿੱਚੀਂ ਪੇਸ਼ ਕਰਨ ਲਈ ਮੈਂ ਆਪਣੇ ਪਿੰਡ ਦੇ ਭੈਣ–ਭਰਾ, ਜੋ ਇਸੇ ਮਿੱਲ ਵਿਚ ਕੰਮ ਕਰਦੇ ਸਨ, ਨੂੰ ਪਾਤਰ ਬਣਾਇਆ। ਕਹਾਣੀ ਵਿਚ ਭੈਣ ਵੱਲੋਂ ਛੋਟੇ ਭਰਾ ਦੀ ਅੱਧਵਾਟੇ ਛੁੱਟੀ ਪੜ੍ਹਾਈ ਨੂੰ ਸਿਰੇ ਲੁਆਉਣ ਤੇ ਫਿਰ ਉਸਨੂੰ ਆਪਣੇ ਨਾਲ਼ ਨੌਕਰੀ ਦਿਵਾਉਣ ਤੱਕ ਹੀ ਉਸ ਭੈਣ–ਭਰਾ ਦੀ ਗੱਲ ਅਸਲ ਹੈ। ਭੈਣ–ਭਰਾ ਦੇ ਟਕਰਾਓ ਵਾਲ਼ੀਆਂ ਸਥਿਤੀਆਂ ਕਾਲਪਨਿਕ ਹਨ।

ਕਹਾਣੀ ‘ਸਮੇਂ ਦੇ ਹਾਣੀ’

ਇਸ ਕਹਾਣੀ ’ਚ ਮੈਂ ਰਿਸ਼ਤਿਆਂ ਵਿਚ ਪੈਸੇ ਤੇ ਰੁਤਬਿਆਂ ਦੇ ਆਧਾਰ ’ਤੇ ਬਣਦੀਆਂ ਨੇੜਤਾਵਾਂ ਅਤੇ ਦੂਰੀਆਂ ਨੂੰ ਪੇਸ਼ ਕੀਤਾ ਹੈ। ਬੈਂਕ ’ਚ ਮੇਰਾ ਦੋਸਤ ਦਰਸ਼ਨ ਮਰਵਾਹਾ ਆਪਣੀ ਪਤਨੀ ਤੇ ਬੱਚਿਆਂ ਸਮੇਤ, ਕਨੇਡਾ ਤੋਂ ਗਏ ਆਪਣੇ ਸਾਲ਼ੇ ਦੇ ਵਿਆਹ ’ਤੇ ਗਿਆ। ਦਰਸ਼ਨ ਦੇ ਸਹੁਰਾ ਸਾਹਿਬ ਨੇ ਰਿਸ਼ਤਿਆਂ ਨਾਲ਼ ਵਰਤਾਓ ਉਨ੍ਹਾਂ ਦੀ ਅਮੀਰੀ ਤੇ ਰੁਤਬਿਆਂ ਮੁਤਾਬਿਕ ਕੀਤਾ।

ਜੰਞ ਚੜ੍ਹਨ ਸਮੇਂ, ਬਦੇਸ਼ੋਂ ਗਏ ਧੀ–ਜੁਆਈ ਅਤੇ ਦੂਰ ਦੀ ਰਿਸ਼ਤੇਦਾਰੀ ਦੇ ਇਕ ਵੱਡੇ ਅਫਸਰ ਨੂੰ ਕਾਰਾਂ ’ਚ ਬਿਠਾਉਣ ਲਈ, ਉਸਨੇ ਵੱਡੀ ਧੀ (ਦਰਸ਼ਨ ਦੀ ਪਤਨੀ) ਤੇ ਉਸਦੇ ਬੱਚਿਆ ਨੂੰ ਕਾਰ ਵਿੱਚੋਂ ਲਾਹ ਕੇ ਬੱਸ ਵੱਲ ਤੋਰ ਦਿੱਤਾ। ਇਸ ਨਿਰਾਦਰ ਨੇ, ਮਾਪਿਆਂ (ਅਤੇ ਭੈਣ ਭਰਾ) ਦੇ ਸਾਹੀਂ ਜੀਣ ਵਾਲ਼ੀ ਉਸ ਧੀ ਦਾ ਦਿਲ ਤੋੜ ਦਿੱਤਾ। ਉਸ ਵਿਚਾਰੀ ਨੂੰ ਕਈ ਮਹੀਨੇ ਟੈਨਸ਼ਨ ਦੀ ਦਵਾਈ ਖਾਣੀ ਪਈ। ਉਨ੍ਹਾਂ ਨਾਲ਼ ਵਾਪਰੀ ਇਸ ਘਟਨਾ ਦੁਆਲ਼ੇ, ਕਲਪਨਾ ਰਾਹੀਂ ਸ਼ਿੱਦਤ ਭਰਪੂਰ ਸਥਿਤੀਆਂ ਗੁੰਦ ਕੇ ਮੈਂ ਇਹ ਕਹਾਣੀ ਸਿਰਜੀ। ‘ਲੋਅ’ ਪਰਚੇ ਵਿਚ ਛਪੀ। ਕਹਾਣੀ ਬਾਰੇ ਦੱਸਦਿਆਂ ਮੈਂ ਪਰਚਾ ਦਰਸ਼ਨ ਨੂੰ ਫੜਾ ਦਿੱਤਾ। ਕੁਝ ਦਿਨਾਂ ਬਾਅਦ ਮੈਂ ਉਨ੍ਹਾਂ ਦੇ ਘਰ ਗਿਆ। ਦਰਸ਼ਨ ਦੀ ਪਤਨੀ ਦੇ ਭਾਵੁਕਤਾ ਭਿੱਜੇ ਬੋਲ ਇਸ ਤਰ੍ਹਾਂ ਸਨ, ‘ਭਾ ਜੀ! ਕਹਾਣੀ ਪੜ੍ਹਦਿਆਂ ਮੈਂ ਕਈ ਵਾਰ ਰੋਈ। ਕਹਾਣੀ ਪੜ੍ਹ ਕੇ ਜਿੰਨਾ ਦਿਲ ਹਲਕਾ ਹੋਇਆ, ਏਨਾ ਦੁਆਈਆਂ ਨਾਲ਼ ਨਹੀਂ ਸੀ ਹੋਇਆ।”

ਕਹਾਣੀ ‘ਜੰਗ ਛਿੜਨ ਤੋਂ ਪਹਿਲਾਂ’

ਇਸ ਕਹਾਣੀ ਦਾ ਕੱਚਾ ਮਾਲ ਵੀ ਮੈਨੂੰ ਬੈਂਕ ਦੀ ਨੌਕਰੀ ’ਚੋਂ ਮਿਲ਼ਿਆ। ਇਸ ਕਹਾਣੀ ਦੇ ਪਾਤਰ ਅਮਰੀਕ ਸਿੰਘ ਦਾ ਆਧਾਰ ਸਾਡੀ ਬੈਂਕ ਦਾ ਡਰਾਈਵਰ ਚੈਨ ਸਿੰਘ ਹੈ। ਸਾਬਕਾ ਫੌਜੀ ਚੈਨ ਸਿੰਘ ਕੰਮ ਨੂੰ ਹਮੇਸ਼ਾ ਸਿੰਨ੍ਹ ਕੇ ਰੱਖਦਾ। ਇਕ ਅੱਖ ਵਿਚ ਖਰਾਬੀ ਪੈ ਜਾਣ ਕਾਰਨ ਉਸਨੂੰ ਲੰਮੀ ਛੁੱਟੀ ਲੈਣੀ ਪੈ ਗਈ। ਅੱਖ ਠੀਕ ਹੋ ਗਈ ਸੀ। ਪਰ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਕਾਬਲ ਸਿੰਘ ਨੇ ਸੀ. ਐਮ. ਓ ਤੇ ਬੈਂਕ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨਾਲ਼ ਗੰਢ–ਤੁਪ ਕਰਕੇ ਚੈਨ ਸਿੰਘ ਨੂੰ ਚਪੜਾਸੀ ਬਣਾ ਦਿੱਤਾ ਤੇ ਟੈਂਪਰੇਰੀ ਡਰਾਈਵਰ– ਜੋ ਉਸਦਾ ਖਾਸ ਬੰਦਾ ਸੀ– ਨੂੰ ਪੱਕਾ ਕਰ ਲਿਆ। ਚੈਨ ਸਿੰਘ ਲਈ ਇਹ ਘਟਨਾ ਡਾਢੀ ਦੁਖਦਾਈ ਸੀ। ਬੇਇਨਸਾਫੀ ਨਾਲ਼ ਜ਼ਖਮੀ ਹੋਈ, ਉਸਦੀ ਮਨੋਦਸ਼ਾ ਦਾ ਮੇਰੇ ’ਤੇ ਗਹਿਰਾ ਅਸਰ ਪਿਆ… ਚੈਨ ਸਿੰਘ ਨੂੰ ਮੈਂ, ਬੈਂਕ ਦੀ ਬਜਾਇ, ਬਿਜਲੀ ਮਹਿਕਮੇ ਦਾ ਡਰਾਈਵਰ ਬਣਾ ਲਿਆ ਤੇ ਉਸ ਨਾਲ਼ ਹੋਏ ਅਨਿਆਂ ਨਾਲ਼ ਕੁਝ ਹੋਰ ਘਟਨਾਵਾਂ ਜੋੜ ਕੇ ਭ੍ਰਿਸ਼ਟਾਚਾਰ ਦੀ ਭਰਵੀਂ ਤਸਵੀਰ ਪੇਸ਼ ਕੀਤੀ।

‘ਸਮੇਂ ਦੇ ਹਾਣੀ’ ਕਥਾ ਸੰਗ੍ਰਹਿ ਦੀਪਕ ਪਬਲਿਸ਼ਰਜ਼ ਜਲੰਧਰ ਨੇ 1987 ’ਚ ਛਾਪਿਆ। ਇਸ ਵਿਚ ਉਪਰੋਕਤ ਪੰਜ ਕਹਾਣੀਆਂ ਨਾਲ਼ ਛੇਵੀਂ ਕਹਾਣੀ ‘ਮਾਵਾਂ ਬਾਝੋਂ’ ਵੀ ਸ਼ਾਮਲ ਹੈ। ਕਹਾਣੀ ‘ਅਵਿਸ਼ਵਾਸ’ ਇਸ ਵਿਚ ਦਰਜ ਨਹੀਂ। ਇਹ ਕਹਾਣੀ ਮੈਂ 1985 ’ਚ ਲਿਖੀ ਸੀ। ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦਾ ਕਤਲ ਤੇ ਸਿੱਖ ਕਤਲੇਆਮ ਦੇ ਘਟਨਾਕ੍ਰਮ ਤੋਂ ਬਾਅਦ ਇੰਜ ਜਾਪਣ ਲੱਗ ਪਿਆ ਸੀ ਜਿਵੇਂ ਦੇਸ਼ ਵਾਸੀਆਂ ਦਾ ਸਿੱਖਾਂ ਤੋਂ ਵਿਸ਼ਵਾਸ ਉੱਠ ਗਿਆ ਹੋਵੇ। ਆਸਿਓਂ-ਪਾਸਿਓਂ ਕੁਝ ਇਸ ਤਰ੍ਹਾਂ ਦੀ ਚਰਚਾ ਵੀ ਸੁਣੀ ਸੀ ਕਿ ਭਵਿੱਖ ਵਿਚ ਸਿੱਖਾਂ ਨੂੰ ਰਾਜਨੀਤੀ ਅਤੇ ਫੌਜ ਦੀਆਂ ਸਿਖਰਲੀਆਂ ਪੋਸਟਾਂ ਨਹੀਂ ਦਿੱਤੀਆਂ ਜਾਣਗੀਆਂ। ਪਰ ਦੋ ਸਾਲ ਬਾਅਦ ਤਲਖੀਆਂ ਮੱਧਮ ਪੈਣ ’ਤੇ ਮੈਂ ਸਮਝ ਗਿਆ ਸਾਂ ਕਿ ਸਿੱਖਾਂ ਪ੍ਰਤੀ ਬੇਯਕੀਨੀ ਵਕਤੀ ਮਾਮਲਾ ਹੈ। ਵਕਤੀ ਗੱਲਾਂ ਵਾਲੀਆਂ ਕਹਾਣੀਆਂ ਸਮੇਂ ਦੀ ਸਕਰੀਨ ’ਤੇ ਟਿਕਣਯੋਗ ਨਹੀਂ ਹੁੰਦੀਆਂ। ਇਸ ਕਰਕੇ ‘ਅਵਿਸ਼ਵਾਸ’ ਕਹਾਣੀ ਮੈਂ ਨਸ਼ਟ ਕਰ ਦਿੱਤੀ ਸੀ।

‘ਸਮੇਂ ਦੇ ਹਾਣੀ’ ਸੰਗ੍ਰਹਿ ’ਤੇ ਹੋਈ ਗੋਸ਼ਟੀ ਵਿਚ ਡਾ. ਕਰਮਜੀਤ ਸਿੰਘ ਨੇ ਪਰਚਾ ਪੜ੍ਹਿਆ। ਪਰਚੇ ਦੀਆਂ ਕੁਝ ਸਤਰਾਂ: ਜਰਨੈਲ ਸਿੰਘ ਬਾਹਰੀ ਯਥਾਰਥ ਦੀ ਜੱਟਿਲਤਾ ਮੁਤਾਬਿਕ ਪਾਤਰਾਂ ਦੀਆਂ ਮਾਨਸਿਕ ਜੱਟਿਲਤਾਵਾਂ ਨੂੰ ਪੇਸ਼ ਕਰਦਾ ਹੈ… ਉਸਦੇ ਪਾਤਰ ਆਪਣੀ ਨਿਰਾਸ਼ਤਾ ਉੱਪਰ ਲੋਕਾਂ ਦੇ ਸੰਘਰਸ਼ ਦਾ ਅੰਗ ਬਣ ਕੇ ਕਾਬੂ ਪਾਉਂਦੇ ਹਨ।’

ਡਾ. ਜਗਜੀਤ ਸਿੰਘ ਜੋ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜਨਲ ਸੈਂਟਰ ਜਲੰਧਰ ’ਚ ਸੀ, ਜਸਵੰਤ ਸਿੰਘ ਵਿਰਦੀ, ਪਿਆਰਾ ਸਿੰਘ ਭੋਗਲ ਤੇ ਡਾ. ਪ੍ਰਿਤਪਾਲ ਸਿੰਘ ਮਹਿਰੋਕ ਨੇ ਵੀ ਵਿਚਾਰ ਪੇਸ਼ ਕੀਤੇ।

ਇਸ ਸੰਗ੍ਰਹਿ ਬਾਰੇ ਦੋ ਰੀਵੀਊ ਛਪੇ। ਪ੍ਰੋ. ਬ੍ਰਹਮਜਗਦੀਸ਼ ਦਾ ਰੀਵੀਊ ‘ਜੱਗ ਬਾਣੀ’ ਅਖਬਾਰ ਵਿਚ ਛਪਿਆ। ਉਸਨੇ ਕਹਾਣੀਆਂ ਦੇ ਗੁਣਾਂ ਨੂੰ ਬਾਖੂਬੀ ਉਭਾਰਿਆ। ਦੂਜਾ ਰਿਵੀਊ ਡਾ. ਜਗਤਾਰ ਦਾ ਸੀ, ਜੋ ਅਜੀਤ ਅਖਬਾਰ ’ਚ ਛਪਿਆ। ਉਸਨੇ ਕਿਤਾਬ ਨੂੰ ਰੱਜ ਕੇ ਭੰਡਿਆ। ਸਮੀਖਿਆ ਦੇ ਨਾਂ ’ਤੇ ਉਸਨੇ ਕਿੜ ਕੱਢੀ ਸੀ— ਡਾ. ਜਗਤਾਰ ਦਾ ਪਬਲਿਸ਼ਰ ਵੀ ਮੇਰੇ ਵਾਲ਼ਾ ਹੀ ਸੀ। ਮੈਨੂੰ ਆਸ ਸੀ ਕਿ ਮੇਰਾ ਇਹ ਤੀਜਾ ਸੰਗ੍ਰਹਿ ਪਬਲਿਸ਼ਰ ਮੁਫਤ ਛਾਪੇਗਾ। ਜਦੋਂ ਉਸਨੇ ਪੈਸੇ ਮੰਗੇ, ਮੇਰੇ ਮੂੰਹੋਂ ਨਿਕਲ਼ ਗਿਆ ਕਿ ਜਦ ਡਾ. ਜਗਤਾਰ ਨੂੰ ਮੁਫਤ ਛਾਪਦੇ ਹੋ ਤਾਂ ਮੈਥੋਂ ਪੈਸੇ ਕਿਉਂ? ਪਰ ਇਹ ਮੇਰੀ ਗਲਤੀ ਸੀ। ਡਾ. ਜਗਤਾਰ ਸਿਖਰਲਿਆਂ ’ਚ ਸੀ। ਮੇਰਾ ਉਸ ਨਾਲ਼ ਕੋਈ ਮੁਕਾਬਲਾ ਨਹੀਂ ਸੀ ਬਣਦਾ। ਪਬਲਿਸ਼ਰ ਨੇ ਪੈਸੇ ਤਾਂ ਕੁਝ ਘਟਾ ਲਏ ਪਰ ਸਾਰੀ ਗੱਲ ਡਾ. ਜਗਤਾਰ ਨੂੰ ਦੱਸ ਦਿੱਤੀ। ਮੈਂ ਉਹ ਗੱਲ ਭੁਲਾ ਦਿੱਤੀ ਸੀ ਪਰ ਡਾ. ਜਗਤਾਰ ਨੇ ਦਿਲ ’ਚ ਰੱਖੀ। ਮੈਨੂੰ ਉਸ ਅੰਦਰ ਜਮ੍ਹਾਂ ਹੋਏ ਗੁਬਾਰ ਦਾ ਉਦੋਂ ਹੀ ਪਤਾ ਲੱਗਾ ਜਦੋਂ ਅਖਬਾਰ ਵਿਚ ਉਸਦਾ ਰਿਵੀਊ ਦੇਖਿਆ।

ਇਸਟੈਬਲਿਸ਼ਮੈਂਟ ਇੰਚਾਰਜ ਦੀ ਪੋਸਟ ’ਤੇ ਰਿਜ਼ਰਵ ਬੈਂਕ ਤੇ ਆਡੀਟਰਾਂ ਦੀਆਂ ਇਨਸਪੈਕਸ਼ਨਾਂ ਦੀ ਕੰਪਲਾਇੰਸ ਦੇ ਮਿਆਰੀ ਕੰਮ ਤੋਂ ਪ੍ਰਭਾਵਿਤ ਹੋਏ ਮੈਨੇਜਰ ਜਗਤਾਰ ਸਿੰਘ ਸੰਧੂ ਨੇ ਮੈਨੂੰ ਇਸਟੈਬਲਿਸ਼ਮੈਂਟ ਇੰਚਾਰਜ ਲਾ ਦਿੱਤਾ। ਬੈਂਕ ਦੇ ਪ੍ਰਬੰਧਕੀ ਢਾਂਚੇ ਵਿਚ ਮੈਨੇਜਰ ਤੋਂ ਬਾਅਦ ਦੂਜੇ ਨੰਬਰ ਦੀ ਪੁਜ਼ੀਸ਼ਨ ਸੀ ਇਹ। ਇਸ ਪੁਜ਼ੀਸ਼ਨ ’ਤੇ ਪਿਛਲੇ ਕਈ ਸਾਲਾਂ ਤੋਂ ਸੀਨੀਅਰ ਅਕਾਊਂਟੈਂਟ ਬਲਬੀਰ ਸਿੰਘ ਗਿੱਲ ਕੰਮ ਕਰ ਰਿਹਾ ਸੀ। ਬੈਂਕ ਦੇ ਬਾਕੀ ਸੀਨੀਅਰ–ਜੂਨੀਅਰ ਅਕਾਊਂਟੈਂਟਾ ਲਈ ਇਹ ਕੰਮ ਮੁਸ਼ਕਲ ਸੀ। ਡਿਪਟੀ ਮੈਨੇਜਰ ਤੇ ਅਸਿਸਟੈਂਟ ਮੈਨੇਜਰ ਇਹ ਕੰਮ ਕਰ ਸਕਦੇ ਸਨ ਪਰ ਉਨ੍ਹਾਂ ਦੋਨਾਂ ਦੀ ਇਸ ਵਿਚ ਦਿਲਚਸਪੀ ਨਹੀਂ ਸੀ। ਦਰਅਸਲ ਬੈਂਕਾਂ ਦੇ ਆਮ ਕਰਮਚਾਰੀਆਂ ਦੀ ਕੁਸ਼ਲਤਾ ਵਧੇਰੇ ਕਰਕੇ ‘ਫਿੱਗਰ ਵਰਕ’ (ਹਿੰਦਸਿਆਂ ਦੇ ਕੰਮ) ਵਿਚ ਹੀ ਹੁੰਦੀ ਹੈ।

ਇਸ ਪੁਜ਼ੀਸ਼ਨ ’ਤੇ ਬਣੇ ਗਿੱਲ ਦੇ ਏਕਾਧਿਕਾਰ ਨੇ ਉਸਨੂੰ ਘਮੰਡੀ ਬਣਾ ਦਿੱਤਾ ਸੀ। ਉਹ ਕਰਮਚਾਰੀਆਂ ਦੀਆਂ ਨਿੱਕੀਆਂ–ਨਿੱਕੀਆਂ ਗਲਤੀਆਂ ’ਤੇ ਉਨ੍ਹਾਂ ਦੀਆਂ ਇਨਕਰੀਮੈਂਟਾ ਰੁਕਵਾ ਦਿੰਦਾ। ਉਨ੍ਹਾਂ ਦੇ ਜਾਇਜ਼ ਟੀ. ਏ, ਡੀ. ਏ ਬਿੱਲਾਂ ’ਤੇ ਇਤਰਾਜ਼ ਲਾ ਕੇ ਵਾਪਸ ਮੋੜ ਦਿੰਦਾ। ਜਦੋਂ ਕਰਮਚਾਰੀ ਆਪਣੀ ਕਿਸੇ ਤਕਲੀਫ ਦੀ ਗੱਲ ਕਰਦੇ, ਉਨ੍ਹਾਂ ਨੂੰ ਸਹਿਜ ਨਾਲ਼ ਸੁਣਨ ਦੀ ਬਜਾਇ, ਵਿੱਚੋਂ ਹੀ ਟੋਕਣ ਲੱਗ ਜਾਂਦਾ। ਉਸ ਵਿਰੁੱਧ ਕਰਮਚਾਰੀਆਂ ਦੀਆਂ ਸ਼ਿਕਾਇਤਾਂ, ਯੂਨੀਅਨ ਰਾਹੀਂ, ਮੈਨੇਜਰ ਕੋਲ਼ ਪਹੁੰਚੀਆਂ। ਗਿੱਲ ਦੀ ਥਾਂ ਲੈਣ ਲਈ ਮੇਰੀ ਸਮਰੱਥਾ ਆਂਕਦਿਆਂ ਮੈਨੇਜਰ ਨੇ ਮੈਨੂੰ ਪੁੱਛਿਆ। ਮੈਂ ‘ਹਾਂ’ ਕਰ ਦਿੱਤੀ। ਮੈਨੇਜਰ ਨੇ ਕੰਪਲਾਇੰਸਾਂ ਦਾ ਕੰਮ ਡਿਪਟੀ ਮੈਨੇਜਰ ਨੂੰ ਦੇ ਦਿੱਤਾ ਤੇ ਗਿੱਲ ਦੀ ਬਦਲੀ ਇਕ ਬਰਾਂਚ ਵਿਚ ਕਰ ਦਿੱਤੀ, ਬਤੌਰ ਬਰਾਂਚ ਮੈਨੇਜਰ। ਇਸਟੈਬਲਿਸ਼ਮੈਂਟ ਸੈਕਸ਼ਨ ਵਿਚ ਮੇਰੇ ਨਾਲ਼ ਚਾਰ ਕਲੱਰਕ ਸਨ। ਕੰਮ ਘਣਾ ਸੀ। ਹੈੱਡ ਆਫਿਸ ਤੇ ਬਰਾਂਚਾ ਦੇ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਬਣਾ ਕੇ ਉਨ੍ਹਾਂ ਦੇ ਖਾਤਿਆਂ ’ਚ ਪਾਉਣੀਆਂ, ਉਨ੍ਹਾਂ ਦੇ ਟੀ. ਏ, ਡੀ. ਏ ਦੇ ਕਲੇਮ ਚੈੱਕ ਕਰਕੇ ਮੈਨੇਜਰ ਤੋਂ ਪਾਸ ਕਰਵਾਉਣੇ, ਕਰਮਚਾਰੀਆਂ ਦੀਆਂ ਇਨਕਰੀਮੈਂਟਾਂ ਤੇ ਛੁੱਟੀਆਂ ਮੈਨੇਜਰ ਤੋਂ ਮਨਜ਼ੂਰ ਕਰਵਾਉਣੀਆਂ ਵਗੈਰਾ–ਵਗੈਰਾ। ਇਹ ਸਾਰੇ ਕੰਮ ਕਲੱਰਕ ਕਰਦੇ ਸਨ। ਮੈਂ ਨਿਗ੍ਹਾ ਮਾਰ ਕੇ ਦਸਤਖਤ ਕਰ ਦੇਂਦਾ।

ਮੇਰੇ ਮੁੱਖ ਕੰਮ ਇਹ ਸਨ: ਮੈਨੇਜਰ ਨਾਲ਼ ਬੈਠ ਕੇ ਬੋਰਡ ਆਫ ਡਾਇਰੈਕਟਰਜ਼ ਤੇ ਐਗਜ਼ੈਕਟਿਵ ਕਮੇਟੀ ਦੀਆਂ ਮੀਟਿੰਗਾਂ ਦੇ ਅਜੰਡੇ ਤਿਆਰ ਕਰਨੇ। ਮੀਟਿੰਗਾਂ ਦੀਆਂ ਪਰੋਸੀਡਿੰਗਜ਼ ਲਿਖਣੀਆਂ ਅਤੇ ਡਾਇਰੈਕਟਰਾਂ ਤੇ ਸੰਬੰਧਿਤ ਦਫਤਰਾਂ ਨੂੰ ਭੇਜਣੀਆਂ। ਰਜਿਸਟਰਾਰ ਤੇ ਅਪੈਕਸ ਬੈਂਕ ਨਾਲ਼ ਖਤੋਖਿਤਾਬਤ ਚਲਦੀ ਰਹਿੰਦੀ ਸੀ। ਚਿੱਠੀਆਂ ਦੇ ਖਰੜੇ ਬਣਾ ਕੇ ਮੈਨੇਜਰ ਦੇ ਟੇਬਲ ’ਤੇ ਭੇਜਣੇ। ਕਰਮਚਾਰੀਆਂ ਦੀਆਂ ਅਣਗਹਿਲੀਆਂ ਤੇ ਕੁਤਾਹੀਆਂ ਬਾਰੇ ਜਵਾਬ–ਤਲਬੀਆਂ ਕਰਨੀਆਂ। ਸੰਬੰਧਿਤ ਕਰਮਚਾਰੀਆਂ ਦੇ ਜਵਾਬਾਂ ਦੀ ਪੁਣ–ਛਾਣ ਅਤੇ ਸਜ਼ਾ ਦੇ ਸੁਝਾਅ ਬਾਰੇ ਸੰਖੇਪ ਨੋਟ ਦੇ ਕੇ ਫਾਈਲ ਮੈਨੇਜਰ ਦੇ ਟੇਬਲ ’ਤੇ ਭੇਜਣੀ। ਆਮ ਤੌਰ ’ਤੇ ਮੇਰਾ ਸੁਝਾਅ ਕਰਮਚਾਰੀਆਂ ਨੂੰ ਵਾਰਨਿੰਗ ਦੇਣ ਦਾ ਹੀ ਹੁੰਦਾ ਸੀ। ਗੰਭੀਰ ਕੁਤਾਹੀਆਂ ਜਾਂ ਵਾਰ–ਵਾਰ ਗਲਤੀਆਂ ਕਰਨ ਵਾਲਿਆਂ ਵਿਰੁੱਧ ਹੀ ਇੰਨਕਰੀਮੈਂਟਾਂ ਰੋਕਣ ਜਾਂ ਮੁਅੱਤਲੀ ਦਾ ਸੁਝਾਅ ਦੇਂਦਾ ਸਾਂ। ਮੈਨੇਜਰ ਨੂੰ ਮੇਰੇ ਕੰਮ ’ਤੇ ਤਸੱਲੀ ਸੀ, ਵਿਸ਼ਵਾਸ ਸੀ। ਇਕ–ਦੋ ਕਸੂਰਵਾਰਾਂ ਨੇ ਨਰਮ ਸਜ਼ਾ ਤਜਵੀਜ਼ ਕਰਵਾਉਣ ਲਈ ਮੈਨੂੰ ‘ਸਪੈਸ਼ਲ ਪਾਰਟੀ’ ਦਾ ਚੋਗਾ ਪਾਇਆ ਸੀ। ਪਰ ਮੇਰੇ ਆਚਰਣ ਤੋਂ ਨੀਵੀਆਂ ਸਨ ਇਸ ਤਰ੍ਹਾਂ ਦੀਆਂ ਹਰਕਤਾਂ।

ਕੰਮ ਸੀ ਤਾਂ ਜ਼ਿਆਦਾ ਪਰ ਮੇਰੀ ਰੁਚੀ ਦੇ ਅਨੁਕੂਲ ਸੀ। ਜਿਹੜਾ ਕੰਮ ਸਾਡੀ ਰੁਚੀ ਦੇ ਅਨੁਕੂਲ ਹੋਵੇ ਉਹ ਵਾਧੂ ਹੁੰਦਾ ਹੋਇਆ ਵੀ ਅਕਾਊ ਨਹੀਂ ਹੁੰਦਾ। ਰੁਜ਼ਗਾਰ ਅਤੇ ਮਨ–ਇੱਛਤ ਰੁਜ਼ਗਾਰ ਵਿਚ ਢੇਰ ਅੰਤਰ ਹੁੰਦਾ ਹੈ। ਏਅਰ ਫੋਰਸ ਵਿਚ ਮੈਂ ਤਕਨੀਕੀ ਕੰਮ ਕਰਦਾ ਤਾਂ ਰਿਹਾ ਸਾਂ ਪਰ ਕੰਮ ਕਰਦਿਆਂ ਖੁਸ਼ੀ ਮਹਿਸੂਸ ਨਹੀਂ ਸੀ ਹੁੰਦੀ। ਡਿਫਾਲਟਰ ਸੁਸਾਇਟੀਆਂ ਦੀ ਪੜਤਾਲ, ਰਿਜ਼ਰਵ ਬੈਂਕ ਤੇ ਆਡੀਟਰਾਂ ਦੀਆਂ ਇਨਸਪੈਕਸ਼ਨ ਰਿਪੋਰਟਾਂ ਦੀ ਕੰਪਲਾਇੰਸ ਤੇ ਹੁਣ ਇਸਟੈਬਲ਼ਿਸ਼ਮੈਂਟ ਇੰਚਾਰਜੀ— ਇਹ ਸਾਰੇ ਕੰਮ ਮੇਰੀ ਰੁਚੀ ਦੇ ਅਨੁਕੂਲ ਸਨ। ਇਨ੍ਹਾਂ ਕੰਮਾਂ ’ਚ ਰੁੱਝਿਆਂ ਦਿਨ ਕਦੋਂ ਬੀਤ ਜਾਂਦਾ, ਪਤਾ ਹੀ ਨਾ ਲਗਦਾ। ਜਦੋਂ ਮੈਂ ਬੈਂਕ ਵਿਚ ਆਇਆ ਉਦੋਂ ਕਰਮਚਾਰੀਆਂ ਲਈ ਉੱਪਰੋਂ ਠੋਸਿਆ ਬੰਦਾ ਸਾਂ। ਪਰ ਹੁਣ ਮੈਂ ਉਨ੍ਹਾਂ ਦਾ ਸੰਗੀ–ਸਾਥੀ ਸਾਂ। ਉਹ, ਮੇਰੇ ਇਸਟੈਬਲ਼ਿਸ਼ਮੈਂਟ ਸੈਕਸ਼ਨ– ਇੰਚਾਰਜ ਦੇ ਕਾਜ–ਵਿਹਾਰ ਤੋਂ ਖੁਸ਼ ਸਨ। ਉਨ੍ਹਾਂ ਦੀ ਖੁਸ਼ੀ ਮੇਰੀ ਰੂਹ ਦਾ ਸਕੂਨ ਸੀ।

ਕੋਆਪ੍ਰੇਟਿਵ ਬੈਂਕਾਂ ਉੱਤੇ ਪੈ ਰਹੇ ਪੰਜਾਬ ਸਰਕਾਰ ਦੇ ਕੋਆਪ੍ਰੇਟਿਵ ਵਿਭਾਗ ਦੇ ਬੋਝ ਬਾਰੇ ਮੈਨੂੰ ਇਲਮ ਤਾਂ ਸੀ ਪਰ ਨੇੜਲੀ ਜਾਣਕਾਰੀ ਇਸਟੈਬਲਿਸ਼ਮੈਂਟ ਸੈਕਸ਼ਨ ’ਚ ਕੰਮ ਕਰਦਿਆਂ ਹਾਸਲ ਹੋਈ। ਬੈਂਕ ਵਿਚ ਚੀਫ ਐਗਜ਼ੈਕਟਿਵ ਆਫਿਸਰ (C.E.O) ਦੀ ਪੋਸਟ ਬਣਾਈ ਹੋਈ ਸੀ। ਉਹ ਸੀ. ਈ. ਓ ਕੋਆਪ੍ਰੇਟਿਵ ਵਿਭਾਗ ਦਾ ਅਸਿਸਟੈਂਟ ਰਜਿਸਟਰਾਰ ਸੀ। ਉਸ ਨਾਲ਼ ਵਿਭਾਗ ਦੇ ਚਾਰ ਇਨਸਪੈਕਟਰ ਸਨ। ਉਹ ਐਗਜ਼ੈਕਟਿਵ ਆਫਿਸਰ ਅਖਵਾਉਂਦੇ ਸਨ। ਉਨ੍ਹਾਂ ਦਾ ਕੰਮ ਸਖਤ ਐਕਸ਼ਨਾਂ ਰਾਹੀਂ ਪੁਰਾਣੇ ਕਰਜੇ ਵਸੂਲਣਾ ਸੀ। ਵਸੂਲੀ ਤਾਂ ਐਵੇਂ ਨਾਂ ਮਾਤਰ ਸੀ ਪਰ ਉਨ੍ਹਾਂ ਦੀਆਂ ਤਨਖਾਹਾਂ ਤੇ ਟੀ. ਏ, ਡੀ. ਏ ਦੇ ਬਿੱਲਾਂ ਦੀ ਰਕਮ ਚੋਖੀ ਬਣ ਜਾਂਦੀ ਸੀ। ਬੈਂਕ ’ਤੇ ਪੈ ਰਹੇ ਉਸ ਤਰਕਹੀਣ ਆਰਥਿਕ ਬੋਝ ਨੂੰ ਰੋਕਣ ਲਈ ਬੈਂਕ ਕੋਲ਼ ਕੋਈ ਪਾਵਰ ਨਹੀਂ ਸੀ। ਸਖਤ ਐਕਸ਼ਨਾਂ ਦਾ ਜਿਹੜਾ ਕੰਮ ਉਹ ਪੰਜ ਅਫਸਰ ਕਰ ਰਹੇ ਸਨ, ਉਹੀ ਕੰਮ ਬੈਂਕ ਦੇ ਦੋ ਕਲਰਕ ਆਸਾਨੀ ਨਾਲ਼ ਕਰ ਸਕਦੇ ਸਨ। ਵਿਭਾਗ ਦਾ ਇਸ ਤਰ੍ਹਾਂ ਦਾ ਤਰਕਹੀਣ ਬੋਝ ਸਾਰੀਆਂ ਕੋਆਪ੍ਰੇਟਿਵ ਬੈਂਕਾਂ ਤੇ ਪੈ ਰਿਹਾ ਸੀ। ਮਸਲੇ ਨੂੰ ਜੜ੍ਹ ਤੋਂ ਫਰੋਲਣ ’ਤੇ ਸਿੱਟਾ ਇਹ ਨਿਕਲਦਾ ਹੈ ਕਿ ਕੋਆਪ੍ਰੇਟਿਵ ਬੈਂਕਾਂ ਦੇ ਕਰਜਿਆਂ ਦੀ ਵਸੂਲੀ ਦਾ ਸਿਸਟਮ ਬੁਨਿਆਦੀ ਤੌਰ ’ਤੇ ਹੀ ਗਲਤ ਹੈ। ਕੋਆਪ੍ਰੇਟਿਵ ਸੁਸਾਇਟੀਆਂ ਰਾਹੀਂ ਲੋਕਾਂ ਨੂੰ ਕਰਜਾ ਸਰਕਾਰ ਨਹੀਂ, ਬੈਂਕਾਂ ਦਿੰਦੀਆਂ ਹਨ। ਵਸੂਲੀ ਵੀ ਬੈਂਕਾਂ ਕੋਲ਼ ਹੀ ਹੋਣੀ ਚਾਹੀਦੀ ਹੈ। ਆਪਣੇ ਪੈਸੇ ਦਾ ਜੋ ਫਿਕਰ ਬੈਂਕਾਂ ਨੂੰ ਹੁੰਦਾ ਹੈ, ਉਹ ਵਿਭਾਗ ਦੇ ਇਨਸਪੈਕਟਰਾਂ ਨੂੰ ਨਹੀਂ ਹੋ ਸਕਦਾ। ਹਾੜ੍ਹੀ–ਸਾਉਣੀ ਦੀਆਂ ਫਸਲਾਂ ਦੀ ਵਾਢੀ–ਗਹਾਈ ਤੋਂ ਬਾਅਦ ਵਸੂਲੀ ਦੀਆਂ ਜਿਹੜੀਆਂ ਮੁਹਿੰਮਾਂ ਵਿਭਾਗ ਦੇ ਇਨਸਪੈਕਟਰ ਚਲਾਉਂਦੇ ਹਨ, ਉਹੀ ਮੁਹਿੰਮਾਂ ਬੈਂਕਾਂ ਦੇ ਕਰਮਚਾਰੀ ਵਧੀਆ ਢੰਗ ਨਾਲ਼ ਚਲਾ ਸਕਦੇ ਹਨ।

ਵਿਭਾਗ ਦੇ ਵੱਡੇ ਅਫਸਰਾਂ ਦੇ ਦੌਰਿਆਂ ਸਮੇਂ ਉਨ੍ਹਾਂ ਦੇ ਖਾਣ–ਪੀਣ ਦੇ ਖਰਚੇ ਵੀ ਬੈਂਕਾਂ ਦੇ ਸਿਰ ਪੈਂਦੇ ਹਨ।

ਪਿੰਡ ਗੇੜਾ ਵੱਜਦਾ ਰਹਿੰਦਾ ਸੀ। ਪਰ ਪਿੰਡ ਹੁਣ ਪਹਿਲਾਂ ਵਾਲ਼ਾ ਨਹੀਂ ਸੀ ਰਹਿ ਗਿਆ।। ਤਰਖਾਣ, ਲੁਹਾਰ, ਬ੍ਰਾਹਮਣ, ਆਧਰਮੀ, ਝਿਉਰ, ਨਾਈ, ਛੀਂਬੇ ਸੁਨਿਆਰੇ ਆਦਿ ਜਾਤਾਂ ਦੇ ਬਹੁਤੇ ਪਰਿਵਾਰ ਸ਼ਹਿਰਾਂ ’ਚ ਜਾ ਵਸੇ ਸਨ। ਕਈ ਜੱਟਾਂ ਨੇ ਬਾਹਰ ਫਿਰਨੀ ’ਤੇ ਘਰ ਬਣਾ ਲਏ ਸਨ। ਪਿੰਡ ਵਿਚ ਖੋਲ਼ੇ ਪੈ ਗਏ ਸਨ। ਲੋਕਾਂ ਵਿਚ ਪਹਿਲਾਂ ਵਾਲ਼ਾ ਸਨੇਹ ਵੀ ਨਹੀਂ ਸੀ ਰਿਹਾ। ਗਰਜਾਂ ਪ੍ਰਧਾਨ ਹੋ ਗਈਆਂ ਸਨ। ਖੈਰ ਸਾਡੇ ਪਰਿਵਾਰ ਦਾ ਮਾਹੌਲ ਠੀਕ ਸੀ।

ਮੇਰੇ ਭਰਾਵਾਂ ਦਾ ਇਕੱਠ ਠੀਕ ਨਿਭ ਰਿਹਾ ਸੀ। ਮੈਂ ਉਨ੍ਹਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਦਾ ਠੇਕਾ ਨਹੀਂ ਸੀ ਲੈਂਦਾ। ਦਲਜੀਤ ਸਿੰਘ ਹੁਣ ਪਿੰਡ ਹੀ ਸੀ। ਉਹ 23 ਸਾਲ ਬਾਬਾ ਨਿਹਾਲ ਸਿੰਘ, ਹਰੀਆਂ ਵੇਲਾਂ ਦਾ ਡਰਾਈਵਰ ਰਿਹਾ ਸੀ। ਉਸਦੀ ਇਹ ਨਿਸ਼ਕਾਮ ਸੇਵਾ ਛੋਟੇ ਭਰਾ ਸੁਹੇਲ ਸਿੰਘ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕੀ ਸੀ। ਜੇ ਉਹ ਖੇਤੀ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਤੋਂ ਇਨਕਾਰੀ ਹੋ ਜਾਂਦਾ ਤਾਂ ਦਲਜੀਤ ਸਿੰਘ ਲਈ ਜਥੇਬੰਦੀ ਵਾਸਤੇ ਏਨਾ ਟਾਈਮ ਕੱਢਣਾ ਮੁਸ਼ਕਲ ਹੋ ਜਾਣਾ ਸੀ।

ਦਲਜੀਤ ਸਿੰਘ ਆਪਣੀ ਰਹਿਤ-ਮਰਿਆਦਾ ’ਚ ਤਾਂ ਪੱਕਾ ਸੀ ਪਰ ਲੋਕਾਂ ਪ੍ਰਤੀ ਉਹ ਉਦਾਰਵਾਦੀ ਸੀ। ਉਸਦੇ ਇਸ ਗੁਣ ਕਰਕੇ ਹੀ ਪਿੰਡ ਵਾਲਿਆਂ ਨੇ ਉਸਨੂੰ ਮੈਂਬਰ ਪੰਚਾਇਤ ਚੁਣ ਲਿਆ। ਦੂਜੀ ਵਾਰ ਦੀ ਚੋਣ ਵਿਚ ਉਸਨੂੰ ਸਾਰੇ ਮੈਂਬਰਾਂ ਤੋਂ ਵੱਧ ਵੋਟਾਂ ਪਈਆਂ ਸਨ।

ਆਦਮਪੁਰ–ਹਰੀਪੁਰ ਰੋਡ ’ਤੇ ਨਵੀਂ ਕਲੋਨੀ ਬਣ ਰਹੀ ਸੀ। ਉਸ ਕਲੋਨੀ ’ਚ ਮੈਂ ਇਕ ਖੁੱਲ੍ਹਾ ਪਲਾਟ ਖਰੀਦ ਲਿਆ ਸੀ। ਘਰ ਬਣਾਉਣ ਲਈ ਆਪਣੀ ਬੈਂਕ ਤੋਂ ਲੋਨ ਮਿਲ਼ ਜਾਣਾ ਸੀ। ਸੀਨੀਅਰ ਅਕਾਂਊਂਟੈਂਟ ਦੀ ਪਰਮੋਸ਼ਨ ਵਾਸਤੇ ਮੇਰਾ ਨੰਬਰ ਲਾਗੇ ਹੀ ਸੀ।

ਭੈਣ ਜੀ ਅਮਰ ਕੌਰ ਦੇ ਪਰਿਵਾਰ ਨਾਲ਼ ਬਣਿਆਂ ਮੋਹ–ਤੇਹ ਹੋਰ ਗੂੜ੍ਹਾ ਹੋ ਗਿਆ ਸੀ। ਹੁਣ ਅਮਰ ਕੌਰ ਮੇਰੇ ਲਈ ਤੀਜੀ ਸਕੀ ਭੈਣ ਸੀ ਤੇ ਮੈਂ ਭੈਣ ਜੀ ਲਈ ਉਸਦਾ ਸਕਾ ਭਰਾ। ਬਲਵਿੰਦਰ ਦਾ ਰਿਸ਼ਤਾ ਇੰਗਲੈਂਡ ਵਿਚ ਹੀ ਹੋ ਗਿਆ ਸੀ। ਉਸਨੇ ਮੈਨੂੰ ਵਿਆਹ ’ਤੇ ਸੱਦਿਆ ਪਰ ਮੈਂ ਘੌਲ਼ ਕਰ ਗਿਆ। ਇੰਗਲੈਂਡ ਦੀ ਜੰਮ–ਪਲ਼ ਉਸਦੀ ਬਹੂ ਕੁਲਵਿੰਦਰ ਰਲ਼ਮਿਲ਼ੇ ਸੁਭਾਅ ਦੀ ਮੁਟਿਆਰ ਹੈ। ਭਾ ਜੀ ਲਾਲ ਸਿੰਘ ਰਿਟਾਇਰ ਹੋ ਚੁੱਕੇ ਸਨ। ਹਰ ਤੀਜੇ–ਚੌਥੇ ਸਾਲ ਕਦੀ ਉਹ ਇਕੱਲੇ ਤੇ ਕਦੀ ਭੈਣ ਜੀ ਨਾਲ਼ ਆ ਕੇ ਕੁਝ ਸਮਾਂ ਸਾਡੇ ਵਿਚ ਰਹਿ ਜਾਂਦੇ। ਕਦੀ–ਕਦੀ ਸਾਰੇ ਬੈਂਸ ਪਰਿਵਾਰ ਦਾ ਗੇੜਾ ਲੱਗ ਜਾਂਦਾ। ਜਿਵੇਂ ਮੈਂ ਪਹਿਲਾਂ ਦੱਸਿਐ, ਉਨ੍ਹਾਂ ਦਾ ਰੋਟੀ–ਪਾਣੀ ਵੱਖਰਾ ਨਹੀਂ ਸਾਡੇ ਨਾਲ਼ ਹੀ ਹੁੰਦਾ ਸੀ। ਉਨ੍ਹਾਂ ਨੂੰ ਮਿਲਣ ਆਉਂਦੇ ਰਿਸ਼ਤੇਦਾਰਾਂ ਦੀ ਆਓ–ਭਗਤ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਵਾਂਗ ਕਰਦੇ ਸਾਂ। ਜਦੋਂ ਬੈਂਸ ਪਰਿਵਾਰ ਇੰਗਲੈਂਡ ਹੁੰਦਾ, ਉਦੋਂ ਵੀ ਮੈਂ ਤੇ ਕੁਲਵੰਤ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਜਾਂਦੇ–ਆਉਂਦੇ ਰਹਿੰਦੇ ਸਾਂ। ਗੁਆਂਢ ਵਿਚ ਰਹਿੰਦੇ ਭਾ ਜੀ ਲਾਲ ਸਿੰਘ ਦੇ ਭਰਾ ਸੂਬੇਦਾਰ ਜੋਗਿੰਦਰ ਸਿੰਘ ਤੇ ਇਕ ਵਿਧਵਾ ਭਰਜਾਈ ਕਰਤਾਰ ਕੌਰ ਨਾਲ਼ ਵੀ ਸਾਡੀ ਅਪਣਤ ਬਣੀ ਹੋਈ ਸੀ।

ਦੂਸਰੇ ਗੁਆਢੀਆਂ ਦੀ ਕੁੜੀ ਸਰੋਜ, ਜੋ ਨਰਸ ਦੀ ਜੌਬ ਕਰਦੀ ਸੀ, ਸਾਡੇ ਪਰਿਵਾਰ ਦਾ ਅੰਗ ਬਣ ਗਈ ਸੀ। ਮੇਰੇ ਲਈ ਉਹ ਧੀਆਂ ਬਰਾਬਰ ਸੀ ਤੇ ਬੱਚਿਆਂ ਲਈ ਵੱਡੀ ਭੈਣ। ਉਸਦੀ ਲਿਖਾਈ ਬਹੁਤ ਵਧੀਆ ਸੀ। ਜਦੋਂ ਮੈਂ ਆਪਣੀ ਨਵੀਂ ਕਹਾਣੀ ਕਿਸੇ ਪਰਚੇ ਨੂੰ ਭੇਜਣੀ ਹੁੰਦੀ, ਉਹ ਸ਼ੌਕ ਨਾਲ਼ ਕਾਪੀ ਕਰ ਦੇਂਦੀ।

ਬਦੇਸ਼ ਦੀ ਤਿਆਰੀ

1988 ’ਚ ਬਲਵਿੰਦਰ ਨੇ ਆਪਣੇ ਵਿਆਹ ਦੀ ਪੰਜਵੀਂ ਵਰ੍ਹੇ–ਗੰਢ ਅਤੇ ਪੁੱਤਰ ਦਾ ਦੂਜਾ ਜਨਮ ਦਿਨ ਮਨਾਉਣ ਲਈ ਇੰਗਲੈਂਡ ’ਚ ਪਾਰਟੀ ਦਾ ਪ੍ਰੋਗਰਾਮ ਬਣਾ ਲਿਆ। ਪਾਰਟੀ ਦਾ ਕਾਰਡ ਤੇ ਰਾਹਦਾਰੀ ਭੇਜ ਕੇ ਉਸਨੇ ਮੈਨੂੰ ਵੀ ਤਾਕੀਦ ਕੀਤੀ ਕਿ ਜ਼ਰੂਰ ਆਓ। ਮੈਂ ਬੈਂਕ ਤੋਂ ਚਾਰ ਮਹੀਨੇ ਦੀ ਐਕਸ–ਇੰਡੀਆ ਛੁੱਟੀ ਮਨਜ਼ੂਰ ਕਰਵਾ ਲਈ… ਤੇ ਦਿੱਲੀ ਜਾ ਪੁੱਜਾ। ਰਾਤ ਰਘਬੀਰ ਸਿੰਘ ਦੇ ਘਰ ਕੱਟੀ ਤੇ ਸਵੇਰੇ ਇੰਗਲੈਂਡ ਐਂਬੈਸੀ ’ਚ ਪੇਪਰ ਭਰ ਦਿੱਤੇ। ਗੋਰੀ ਵੀਜ਼ਾ ਅਫਸਰ ਨੇ ਕਿੰਤੂ ਕੀਤਾ, “ਬਲਵਿੰਦਰ ਤੁਹਾਡਾ ਸਕਾ ਭਾਣਜਾ ਨਹੀਂ।” ਭੈਣ ਜੀ ਅਮਰ ਕੌਰ ਦੇ ਪਰਿਵਾਰ ਨਾਲ਼ ਨਿਭ ਰਹੇ ਮੋਹ–ਪਿਆਰ ਦੇ ਰਿਸ਼ਤੇ ਬਾਰੇ ਸੰਖੇਪ ’ਚ ਗੱਲ ਕਰਦਿਆਂ ਮੈਂ ਕਿਹਾ, “ਮੋਹ-ਪਿਆਰ ਦੇ ਨਾਤੇ ਅਮਰ ਕੌਰ ਮੇਰੀ ਤੀਜੀ ਸਕੀ ਭੈਣ ਹੈ।” ਵੀਜ਼ਾ ਅਫਸਰ ਨੇ ਛੇ ਮਹੀਨੇ ਦਾ ਵੀਜ਼ਾ ਲਾ ਦਿੱਤਾ। ਮੇਰੀ ਇੱਛਾ ਅਮਰੀਕਾ, ਕਨੇਡਾ ਦੇਖਣ ਦੀ ਵੀ ਸੀ।

ਸਾਲੀ–ਸਾਂਢੂ ਟਰਾਂਟੋ ’ਚ ਸਨ। ਮੈਂ ਫੋਨ ਕੀਤਾ। ਉਨ੍ਹਾਂ ਰਾਹਦਾਰੀ ਭੇਜ ਦਿੱਤੀ। ਦੂਜੇ ਗੇੜੇ ਦਿੱਲੀ ਜਾ ਕੇ ਕਨੇਡਾ ਦੇ ਵੀਜ਼ੇ ਲਈ ਪੇਪਰ ਭਰ ਦਿੱਤੇ। “ਕਨੇਡਾ ਕਿਉਂ ਜਾਣੈ?” ਵੀਜ਼ਾ ਅਫਸਰ ਦਾ ਪ੍ਰਸ਼ਨ ਸੀ। ਮੈਂ ਆਖਿਆ ਕਿ ਮੈਂ ਲੇਖਕ ਹਾਂ। ਰਿਸ਼ਤੇਦਾਰਾਂ ਨੂੰ ਵੀ ਮਿਲਣੈ ਤੇ ਕਨੇਡੀਅਨ ਲੋਕਾਂ ਦੇ ‘ਲਾਈਫ ਸਟਾਈਲ’ ’ਤੇ ਵੀ ਝਾਤ ਮਾਰਨੀ ਹੈ। ਉਸਨੇ ਛੇ ਮਹੀਨੇ ਦਾ ਵੀਜ਼ਾ ਦੇ ਦਿੱਤਾ। ਅਗਲੇ ਦਿਨ ਅਮਰੀਕਾ ਦੀ ਐਂਬੈਸੀ ’ਚ ਜਾ ਵੜਿਆ। ਵੀਜ਼ਾ ਅਫਸਰ ਦੇ ਪੁੱਛਣ ’ਤੇ ਮੈਂ ਕਿਹਾ ਕਿ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਨੂੰ ਦੇਖਣਾ ਚਾਹੁੰਨਾ। ਮੇਰੇ ਕੋਲ਼ ਰਾਹਦਾਰੀ ਹੈ ਨ੍ਹੀਂ ਸੀ ਪਰ ਉਸਨੇ ਇੰਗਲੈਂਡ ਤੇ ਕਨੇਡਾ ਦੇ ਵੀਜ਼ੇ ਦੇਖ ਕੇ ਇਕ ਸਾਲ ਦਾ ਵੀਜ਼ਾ ਦੇ ਦਿੱਤਾ।

ਮੇਰੇ ਭਰਾ ਤੇ ਬੀਬੀ ਮੈਨੂੰ ਕਨੇਡਾ ਜਾਂ ਅਮਰੀਕਾ ’ਚ ਟਿਕਣ ਦੀਆਂ ਸਲਾਹਾਂ ਦੇਣ ਲੱਗ ਪਏ। ਪਰ ਮੇਰੀ ਚਾਹਤ ਰਿਸ਼ਤੇਦਾਰਾਂ ਨਾਲ਼ ਮੇਲਾ-ਗੇਲਾ ਤੇ ਸੈਰ-ਸਪਾਟੇ ਕਰਨ ਦੀ ਹੀ ਸੀ। ਮੇਰੀ ਨੌਕਰੀ ਠੀਕ ਸੀ। ਬਾਹਰਲੇ ਮੁਲਕ ’ਚ ਸੈੱਟ ਹੋਣ ਬਾਰੇ ਕਦੀ ਸੋਚਿਆ ਹੀ ਨਹੀਂ ਸੀ। ਮੇਰਾ ਜਵਾਬ ਘਰਦਿਆਂ ਨੂੰ ਇਹ ਸੀ ਕਿ ਓਥੋਂ ਦੇ ਹਾਲਾਤ ਦੇਖਣ– ਸਮਝਣ ਤੋਂ ਬਾਅਦ ਹੀ ਟਿਕਣ ਬਾਰੇ ਸੋਚਾਂਗਾ।

ਮੇਰੀ ਹਵਾਈ ਟਿਕਟ ਦਿੱਲੀ ਤੋਂ ਲੰਡਨ, ਲੰਡਨ ਤੋਂ ਨਿਊਯਾਰਕ ਤੇ ਨਿਊਯਾਰਕ ਤੋਂ ਟਰਾਂਟੋ ਦੀ ਸੀ। ਵਾਪਸੀ ਦਾ ਵੀ ਏਹੀ ਰੂਟ ਸੀ। ਨਿਊਯਾਰਕ ਤੇ ਟਰਾਂਟੋ ਲਈ ਏਅਰ ਕਨੇਡਾ ਦੀਆਂ ਫਲਾਈਟਾਂ ਦੀਆਂ ਤਰੀਖਾਂ ਮੈਂ ਆਪਣੀ ਸੁਵਿਧਾ ਅਨੁਸਾਰ ਬਦਲਵਾ ਸਕਦਾ ਸਾਂ।

3 ਅਗਸਤ 1988 ਨੂੰ ਮੈਂ ਦਿੱਲੀ ਏਅਰਪੋਰਟ ਤੋਂ ਕੁਵੇਤ ਏਅਰਵੇਜ਼ ਦੀ ਫਲਾਈਟ ਫੜੀ। ਅੱਜ-ਕੱਲ੍ਹ ਤਾਂ ਪੰਜਾਬ ਦੇ ਲੋਕਾਂ ਦਾ ਬਦੇਸ਼ਾਂ ਨੂੰ ਜਾਣਾ-ਆਉਣਾ ਆਮ ਜਿਹਾ ਵਰਤਾਰਾ ਬਣ ਗਿਆ ਹੈ ਪਰ 33 ਸਾਲ ਪਹਿਲਾਂ ਇੰਗਲੈਂਡ, ਅਮਰੀਕਾ ਤੇ ਕਨੇਡਾ ਦੀ ਸੈਰ ਲਈ ਵੀਜ਼ੇ ਬਹੁਤ ਘੱਟ ਮਿਲਦੇ ਸਨ। ਜਹਾਜ਼ ’ਚ ਬੈਠਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਸਾਂ… ਐਮ.ਏ ਅੰਗ੍ਰੇਜ਼ੀ ਦੇ ਸਿਲੇਬਸ ਤੇ ਸਿਲੇਬਸ ਤੋਂ ਬਾਹਰੇ ਲੇਖਕਾਂ ਜਿਵੇਂ ਜਾਰਜ ਇਲੀਅਟ, ਚਾਰਲਸ ਡਿਕਨਜ਼, ਡੀ. ਐਚ ਲਾਰੈਂਸ, ਵਰਜੀਨੀਆ ਵੂਲਫ, ਵਿਲੀਅਮ ਸ਼ੈਕਸਪੀਅਰ, ਬਰਨਾਰਡ ਸ਼ਾਅ, ਵਿਲੀਅਮ ਵਰਡਜ਼ਵਰਥ, ਪੀ. ਬੀ ਸ਼ੈਲੇ, ਜੌਹਨ ਕੀਟਸ ਆਦਿ ਦੇ ਨਾਵਲ, ਨਾਟਕ ਤੇ ਕਵਿਤਾਵਾਂ ਪੜ੍ਹਦਿਆਂ ਇਨ੍ਹਾਂ ਲੇਖਕਾਂ ਦੀਆਂ ਯਾਦਗਾਰਾਂ ਤੇ ਇੰਗਲੈਂਡ ਦੇ ਗੋਰੇ ਸਮਾਜ ਨੂੰ ਦੇਖਣ ਲਈ ਕਦੀ-ਕਦੀ ਮੇਰੀ ਸੋਚ ਨੂੰ ਪਰ ਲੱਗ ਜਾਂਦੇ ਸਨ… ਤੇ ਹੁਣ ਸੱਚੀਂ-ਮੁੱਚੀਂ ਪਰਾਂ ਵਾਲ਼ੀ ਮਸ਼ੀਨ ’ਤੇ ਸਵਾਰ ਸਾਂ। ਉਸ ਉੱਨਤ ਦੇਸ਼ ’ਚ ਵਸਦੇ ‘ਆਪਣਿਆਂ’ ਨੂੰ ਮਿਲਣ ਜਾ ਰਿਹਾ ਸਾਂ। ਮਾਂ ਬੋਲੀ ਪੰਜਾਬੀ ਦੇ ਲੇਖਕਾਂ ਨੂੰ ਮਿਲਣ ਦੀ ਚਾਹਤ ਵੀ ਸੀ।

ਇੰਗਲੈਂਡ ਵਿਚ ਖੁਸ਼ੀਆਂ ਭਰੇ 20 ਦਿਨ

ਲੰਡਨ ਏਅਰਪੋਰਟ ’ਤੇ ਬਲਵਿੰਦਰ ਮੈਨੂੰ ਲੈਣ ਆਇਆ ਹੋਇਆ ਸੀ। ਉਨ੍ਹਾਂ ਦਾ ਘਰ ਏਅਰਪੋਰਟ ਲਾਗਲੇ ਸ਼ਹਿਰ ‘ਸਲਾਉ’ ’ਚ ਸੀ। ਬੈਂਸ ਪਰਿਵਾਰ ਦੇ ਸਾਰੇ ਜੀਆਂ ਨੇ ਮੇਰਾ ਬਹੁਤ ਚਾਅ ਕੀਤਾ।

ਇੰਗਲੈਂਡ ਮੇਰੀਆਂ ਅੱਖਾਂ ਤੇ ਮਨ ਨੂੰ ਸੁਹਣਾ ਲੱਗ ਰਿਹਾ ਸੀ। ਘਰਾਂ-ਸੜਕਾਂ ਦੁਆਲੇ ਘਾਹ ਤੇ ਦਰਖਤਾਂ ਦੀ ਹਰਿਆਵਲ, ਹਵਾਈ-ਪਟੜੀਆਂ ਵਰਗੀਆਂ ਸੜਕਾਂ, ਵਾਹਨਾਂ ਦਾ ਨਿਯਮਤ ਟਰੈਫਿਕ, ਹਰ ਪਾਸੇ ਸਫਾਈ, ਨਾ ਧੂੜ-ਧੱਪਾ, ਨਾ ਮੱਛਰ-ਮੱਖੀਆਂ, ਸਾਫ ਸੁਥਰੇ ਘਰਾਂ ਵਿਚ ਬਿਨਾਂ ਸਲੰਡਰ ਤੋਂ ਚਲਦੇ ਚੁੱਲ੍ਹੇ, ਕੱਪੜੇ ਧੋਣ ਲਈ ਲਾਂਡਰੀ ਮਸ਼ੀਨਾਂ, ਨਹਾਉਣ-ਧੋਣ ਲਈ ਟੂਟੀਆਂ ’ਚੋਂ ਨਿਕਲ਼ਦਾ ਗਰਮ ਪਾਣੀ— ਇਹ ਸਾਰਾ ਕੁਝ ਮੈਨੂੰ ਵਧੀਆ ਲੱਗ ਰਿਹਾ ਸੀ।

5 ਅਗਸਤ ਦੀ ਸ਼ਾਮ ਬੈਂਕੁਇਟ ਹਾਲ ’ਚ ਪਾਰਟੀ ਸੀ। ਬੈਂਸ ਪਰਿਵਾਰ ਦੇ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਸਾਂਝ ਵਾਲੇ, ਪਰਿਵਾਰਾਂ ਸਮੇਤ ਸਜ-ਧਜ ਕੇ ਆਏ ਸਨ। ਕੋਲਡ ਡਰਿੰਕਾਂ, ਬੀਅਰਾਂ, ਵਿਸਕੀਆਂ ਤੇ ਸਨੈਕਸ ਦੇ ਦੌਰ ਤੋਂ ਬਾਅਦ ਗਾਇਕਾਂ ਦੇ ਗਰੁੱਪ ਨੇ ਗੀਤ-ਸੰਗੀਤ ਆਰੰਭ ਕਰ ਦਿੱਤਾ। ਮੁੰਡੇ, ਕੁੜੀਆਂ, ਔਰਤਾਂ ਤੇ ਮਰਦ ਨੱਚਣ ਡਹਿ ਪਏ। ਗਾਉਣ-ਨੱਚਣ ਕਾਫੀ ਦੇਰ ਚਲਦਾ ਰਿਹਾ। ਫਿਰ ਦੋ ਕੇਕ ਕੱਟੇ ਗਏ। ਇਕ ਬਲਵਿੰਦਰ-ਕੁਲਵਿੰਦਰ ਦੇ ਵਿਆਹ ਦੀ ਵਰ੍ਹੇ-ਗੰਢ ਦਾ ਤੇ ਦੂਜਾ ਉਨ੍ਹਾਂ ਦੇ ਕਾਕੇ ਏਕਰੀਤ ਦੇ ਜਨਮ ਦਿਨ ਦਾ। ਕੇਕ ਦੀ ਰਸਮ ਤੋਂ ਬਾਅਦ ਗੀਤ-ਸੰਗੀਤ ਮੁੜ ਸ਼ੁਰੂ ਹੋ ਗਿਆ। ਵੰਨ-ਸੁਵੰਨੇ ਪਕਵਾਨਾਂ ਵਾਲ਼ਾ ਡਿਨਰ ਲਾ ਦਿੱਤਾ ਗਿਆ। ਨਾਲ਼ ‘ਸ਼ਰਾਬ ਵੀ ਚੱਲਦੀ ਰਹੀ। ਅੱਧੀ ਰਾਤ ਤੱਕ ਚੱਲੀ ਉਸ ਪਾਰਟੀ ਦਾ ਸਾਰਿਆਂ ਨੇ ਰੱਜ ਕੇ ਅਨੰਦ ਮਾਣਿਆਂ।

ਪਾਰਟੀ ਤੋਂ ਆ ਕੇ ਮੈਨੂੰ ਇਕਦਮ ਨੀਂਦ ਨਾ ਆਈ। ਆਮ ਤੌਰ ’ਤੇ ਮੈਂ ਬੈੱਡ ’ਤੇ ਪੈਂਦਾ ਹੀ ਸੌਂ ਜਾਂਦਾ ਹਾਂ। ਕਿਸੇ ਵੱਡੀ ਪ੍ਰੇਸ਼ਾਨੀ ਜਾਂ ਖੁਸ਼ੀ ਦੇ ਮੌਕੇ ਹੀ ਨੀਂਦ ਦੇਰ ਨਾਲ਼ ਆਉਂਦੀ ਹੈ। ਉਸ ਰਾਤ ਮੇਰੇ ਅੰਦਰ ਖੁਸ਼ੀ ਦਾ ਵੇਗ ਸੀ। ਪਾਰਟੀ ਵਿਚ ਮਿਲ਼ੇ ਆਦਰ-ਮਾਣ ਨਾਲ਼ ਰੂਹ ਸਰਸ਼ਾਰ ਹੋਈ ਪਈ ਸੀ। ਪਰ ਆਦਰ-ਮਾਣ ਮਿਲਣ ਦੀ ਸਥਿਤੀ ਚਾਣਚੱਕ ਨਹੀਂ ਸੀ ਵਾਪਰੀ। ਇਸਦਾ ਸੰਬੰਧ ਬੀਤੇ 11 ਸਾਲ ਦੇ ਸਮੇਂ ਨਾਲ਼ ਸੀ। 1977 ਵਿਚ ਭੈਣ ਜੀ ਅਮਰ ਕੌਰ ਦੇ ਕਹਿਣ ’ਤੇ ਅਸੀਂ ਆਦਮਪੁਰ ਉਨ੍ਹਾਂ ਦੇ ਮਕਾਨ ’ਚ ਰਹਿਣਾ ਸ਼ੁਰੂ ਕੀਤਾ ਸੀ। ਭੈਣ ਜੀ ਨੇ ਮੈਨੂੰ ਘਰ, ਜ਼ਮੀਨ ਤੇ ਦੁਕਾਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਪੀ ਸੀ। ਉਸ ਜ਼ਿੰਮੇਵਾਰੀ ਲਈ ਉਹ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਵੀ ਕਹਿ ਸਕਦੇ ਸਨ। ਪਰ ਉਨ੍ਹਾਂ ਦਾ ਵਿਸ਼ਵਾਸ ਮੇਰੇ ’ਤੇ ਹੀ ਟਿਕਿਆ ਸੀ, ਚੰਗਿਆਈ ਦੇ ਤੱਤ ਉਨ੍ਹਾਂ ਨੇ ਮੇਰੇ ਮਾਪਿਆਂ ’ਚ ਦੇਖੇ ਹੋਏ ਸਨ। ਮੈਂ ਤੇ ਕੁਲਵੰਤ ਨੇ ਉਹ ਜ਼ਿੰਮੇਵਾਰੀ ਸਾਫ ਨੀਅਤ ਤੇ ਈਮਾਨਦਾਰੀ ਨਾਲ਼ ਨਿਭਾਈ ਸੀ… ਤੇ ਸਾਡੇ ਵਿਹਾਰ ਤੋਂ ਪ੍ਰਭਾਵਿਤ ਹੋਏ ਬੈਂਸ ਪਰਿਵਾਰ ਨੇ ਸਾਨੂੰ ਘਰ ਦੇ ਜੀਅ ਬਣਾ ਲਿਆ ਸੀ। ਉਨ੍ਹਾਂ ਦਾ ਇਹ ਵਿਹਾਰ ਸਾਬਤ ਕਰਦਾ ਹੈ ਕਿ ਉਹ ਸਾਥੋਂ ਵੱਧ ਚੰਗੇ ਨਿਕਲ਼ੇ। ਸਾਡੀ ਚੰਗਿਆਈ ਦੀ ਉਨ੍ਹਾਂ ਨੇ ਪੂਰੀ ਕਦਰ ਪਾਈ। ਜਿੰਨਾ ਪਿਆਰ-ਸਤਿਕਾਰ ਅਸੀਂ ਉਨ੍ਹਾਂ ਦਾ ਕਰਦੇ ਸਾਂ, ਉਸ ਤੋਂ ਕਿਤੇ ਵੱਧ ਉਹ ਸਾਡਾ ਕਰਦੇ ਰਹੇ… ਤੇ ਫਿਰ ਮੇਰੇ ਕਹਿਣ ਤੋਂ ਬਿਨਾਂ ਹੀ ਮੈਨੂੰ ਪਾਰਟੀ ਲਈ ਸੱਦਿਆ। ਪਾਰਟੀ ’ਚ ਪਰਿਵਾਰ ਦੇ ਜੀਆਂ ਵਾਂਗ ਮੇਰਾ ਆਦਰ-ਮਾਣ ਕੀਤਾ।

ਪਾਠਕਾਂ ਨੂੰ ਸ਼ਾਇਦ ਇੰਜ ਜਾਪੇ ਕਿ ਉਪਰੋਕਤ ਸਤਰਾਂ ਵਿਚ ਮੈਂ ਆਪਣੀ ਵਡਿਆਈ ਕੀਤੀ ਹੈ। ਦਰਅਸਲ ਮੈਂ ਇਹ ਕਹਿਣਾ ਚਾਹਿਆ ਹੈ ਕਿ ਈਮਾਨਦਾਰੀ ਤੇ ਸਾਫ ਨੀਅਤ ਵਰਗੇ ਗੁਣ ਸਮਾਜਕ ਕਦਰਾਂ-ਕੀਮਤਾਂ ਨੂੰ ਪੱਕੀਆਂ ਕਰਦੇ ਹਨ। ਅਜੋਕੇ ਸਮੇਂ ਵਿਚ ਨਿੱਜੀ ਲਾਭਾਂ ਲਈ ਵਰਤੀਆਂ ਜਾ ਰਹੀਆਂ ਚੁਸਤੀਆਂ-ਚਲਾਕੀਆਂ ਸਾਡੀਆਂ ਕਦਰਾਂ-ਕੀਮਤਾਂ ਨੂੰ ਵੱਡੀ ਢਾਹ ਲਾ ਰਹੀਆਂ ਹਨ।

ਪਾਰਟੀ ਦੀ ਖੁਸ਼ੀ ਦਾ ਹੁਲਾਰਾ ਮਾਣਦਿਆਂ ਚਾਰ ਕੁ ਘੰਟੇ ਹੀ ਸੁੱਤਾ ਸਾਂ ਕਿ ਫੋਨ ਖੜਕ ਗਿਆ… ਸ਼ਰੀਕੇ ’ਚੋਂ ਲਗਦਾ ਸਾਡਾ ਕਜ਼ਨ ਪਰੀਤਮ ਸਿੰਘ ਇੰਗਲੈਂਡ ਦੇ ਕਸਬੇ ‘ਟੈਲਫੋਰਡ’ ਰਹਿੰਦਾ ਹੈ। ਪਾਰਟੀ ਤੋਂ ਅਗਲੇ ਦਿਨ ਉਨ੍ਹਾਂ ਦੀ ਲੜਕੀ ਬਲਬੀਰ ਦਾ ਵਿਆਹ ਸੀ। ਵਿਆਹ ’ਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਮੈਨੂੰ ਪਹਿਲਾਂ ਹੀ ਤਾਕੀਦ ਕੀਤੀ ਹੋਈ ਸੀ। ਇਸ ਬਾਬਤ ਮੈਂ ਬਲਵਿੰਦਰ ਨੂੰ ਵੀ ਦੱਸਿਆ ਹੋਇਆ ਸੀ। ਫੋਨ ਪ੍ਰੀਤਮ ਦੇ ‘ਸਲਾਉ’ ’ਚ ਰਹਿੰਦੇ ਰਿਸ਼ਤੇਦਾਰ ਦਾ ਸੀ, ਜਿਸਦੀ ਕਾਰ ਵਿਚ ਮੈਂ ਵਿਆਹ ’ਤੇ ਜਾਣਾ ਸੀ। ਸੋ ਸਾਝਰੇ ਹੀ ਉਹ ਤੇ ਉਸਦਾ ਪਰਿਵਾਰ ਮੈਨੂੰ ‘ਟੈਲਫੋਰਡ’ ਲੈ ਤੁਰੇ। ਪ੍ਰੀਤਮ ਸਿੰਘ ਤੇ ਭਾਬੀ ਸਤਨਾਮ ਕੌਰ ਨੇ ਬਹੁਤ ਹੀ ਮੋਹ ਨਾਲ਼ ਮੈਨੂੰ “ਜੀ ਆਇਆਂ” ਕਿਹਾ। ਗੁਰਦਵਾਰੇ ’ਚ ਆਨੰਦ ਕਾਰਜ ਤੋਂ ਬਾਅਦ ਬੈਂਕੁਇਟ ਹਾਲ ’ਚ ਪਾਰਟੀ ਸੀ। ਬਲਵਿੰਦਰ ਹੁਰਾਂ ਦੀ ਪਾਰਟੀ ਵਾਂਗ ਉਸ ਵਿਚ ਵੀ ਕਈ ਤਰ੍ਹਾਂ ਦੀਆਂ ਬੀਅਰਾਂ-ਵਿਸਕੀਆਂ ਤੇ ਭਾਂਤ-ਸੁਭਾਂਤੇ ਖਾਣਿਆਂ ਦਾ ਪ੍ਰਬੰਧ ਸੀ। ਗਾਇਕਾਂ ਦੇ ਇਕ ਗਰੁੱਪ ਦੇ ਗੀਤ-ਸੰਗੀਤ ਨਾਲ਼ ਉਤੇਜਿਤ ਹੋਏ ਲੋਕ ਘੰਟਿਆਂ-ਬੱਧੀ ਨੱਚਦੇ ਰਹੇ। ਖਾਣ-ਪੀਣ ਵੀ ਚਲਦਾ ਰਿਹਾ। ਸਾਡੇ ਸ਼ਰੀਕੇ ’ਚੋਂ ਚਾਚੀ ਈਸ਼ਰ ਕੌਰ ਤੇ ਭੈਣ ਬਖਸ਼ੀਸ਼ ਕੌਰ ਦੀ ਨਣਾਨ ਤੇਜ ਕੌਰ ਹੁਰਾਂ ਦੇ ਪਰਿਵਾਰ ਵੀ ਵਿਆਹ ’ਚ ਆਏ ਹੋਏ ਸਨ। ਦੋਵੇਂ ਪਰਿਵਾਰ ਲਾਗਲੇ ਸ਼ਹਿਰ ‘ਕਵੈਂਟਰੀ’ ਰਹਿੰਦੇ ਸਨ। ਦੋ ਦਿਨ ਪ੍ਰੀਤਮ ਸਿੰਘ ਦੇ ਘਰ ਰਹਿ ਕੇ ਮੈਂ ਕੁਵੈਂਟਰੀ ਚਲਾ ਗਿਆ। ਚਾਚੀ ਈਸ਼ਰ ਕੌਰ ਬੀਬੀ ਦੀ ਸਹੇਲੀ ਸੀ। ਉਸ ਤੋਂ ਮਾਵਾਂ ਵਰਗਾ ਪਿਆਰ ਮਿਲ਼ਿਆ। ਤੇਜ ਕੌਰ ਤੇ ਉਸਦੇ ਪਤੀ ਦਿਲਾਵਰ ਸਿੰਘ ਨੇ ਵੀ ਆਉ-ਭਗਤ ਕੀਤੀ। ਸਾਡੇ ਬਾਪੂ ਜੀ ਦਾ ਜੈਤੋ ਦੇ ਮੋਰਚੇ ਦਾ ਸਹਿਭਾਗੀ ਗੰਡਾ ਸਿੰਘ ਅਫਰੀਕਾ ਤੋਂ ਇੰਗਲੈਂਡ (ਕੁਵੈਂਟਰੀ) ਆ ਵਸਿਆ ਸੀ। ਉਹ ਸੁਰਗਵਾਸ ਹੋ ਚੁੱਕਾ ਸੀ। ਉਸਦੀ ਪਤਨੀ ਤੇ ਬੱਚੇ ਮੈਨੂੰ ਜਾਣਦੇ ਤਾਂ ਨਹੀਂ ਸਨ ਪਰ ਬਜ਼ੁਰਗਾਂ ਦੀ ਸਾਂਝ ਤਾਜ਼ੀ ਕਰਨ ਲਈ ਉਨ੍ਹਾਂ ਮੈਨੂੰ ਚਾਹ ’ਤੇ ਸੱਦਿਆ। ਉਸ ਪਰਿਵਾਰ ਨੂੰ ਮਿਲ਼ ਕੇ ਚੰਗਾ ਲੱਗਾ।

ਇੰਗਲੈਂਡ ਮੈਂ 40 ਦਿਨ ਰਹਿਣਾ ਸੀ। ਰਿਸ਼ਤੇਦਾਰਾਂ ਤੇ ਆਪਣੇ ਪੇਂਡੂਆਂ ਵੱਲੋਂ ਮਿਲ਼ ਰਹੇ ਮੋਹ-ਪਿਆਰ ਸਦਕਾ ਦਿਲ ਵੀ ਲੱਗ ਗਿਆ ਸੀ। ਅੰਗ੍ਰੇਜ਼ ਲੇਖਕਾਂ ਦੀਆਂ ਯਾਦਗਾਰਾਂ ਦੇਖਣੀਆਂ ਸਨ। ਆਪਣੇ ਸਾਹਿਤਕਾਰਾਂ ਨੂੰ ਵੀ ਮਿਲਣਾ ਸੀ। ਪਰ ਉਹ ਸਕੀਮ ਬਦਲਣੀ ਪੈ ਗਈ। ਟਰਾਂਟੋ ਤੋਂ ਮੇਰੇ ਸਾਂਢੂ ਰਣਜੀਤ ਸਿੰਘ ਅਠਵਾਲ ਨੇ ਮੈਨੂੰ ‘ਟੈਲਫੋਰਡ’ ਤੇ ‘ਕਵੈਂਟਰੀ’ ’ਚ ਉਪਰੋਥਲੀ ਤਿੰਨ ਵਾਰ ਫੋਨ ਕੀਤਾ। ਉਸ ਅਨੁਸਾਰ ਕਨੇਡਾ ’ਚ ਕੱਚੇ ਤੌਰ ’ਤੇ ਰਹਿ ਰਹੇ ਲੋਕਾਂ ਨੂੰ ਪੱਕੇ ਕਰਨ ਲਈ ਕਨੇਡਾ ਸਰਕਾਰ ਵੱਲੋਂ ਐਮਨਿਸਟੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਸੀ। ਅਜਿਹਾ ਐਲਾਨ ਹੋਣ ਤੋਂ ਪਹਿਲਾਂ ਕਨੇਡਾ ’ਚ ਦਾਖਲ ਹੋਣਾ ਮੇਰੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਸੀ।

ਚਾਚੀ ਈਸ਼ਰ ਕੌਰ ਤੇ ਪ੍ਰੀਤਮ ਸਿੰਘ ਮੈਨੂੰ ਹੋਰ ਰਹਿਣ ਲਈ ਕਹਿ ਰਹੇ ਸਨ। ਪਰ ਮੈਂ ਚੌਥੇ ਦਿਨ ਹੀ ਕੋਚ (ਬੱਸ) ਰਾਹੀਂ ਸਲਾਉ ਪਰਤ ਆਇਆ। ਬੈਂਸ ਪਰਿਵਾਰ ਨਾਲ਼ ਸਲਾਹ ਕੀਤੀ। ਉਨ੍ਹਾਂ ਰਣਜੀਤ ਦੀ ਤਜਵੀਜ਼ ’ਤੇ ਅਮਲ ਕਰਨ ਲਈ ਕਿਹਾ। ਮੈਂ ਲੰਡਨ ਤੋਂ ਸਿੱਧਾ ਵੀ ਟਰਾਂਟੋ ਆ ਸਕਦਾ ਸਾਂ। ਪਰ ਟਰਾਂਟੋ ਆਉਣ ਤੋਂ ਪਹਿਲਾਂ ਮੈਂ ਦੁਨੀਆਂ ਦਾ ਮਸ਼ਹੂਰ ਮੈਗਾਸਿਟੀ ਨਿਊਯਾਰਕ ਵੀ ਦੇਖਣਾ ਚਾਹੁੰਦਾ ਸਾਂ। ਘਰਦਿਆਂ ਦੀ ਇਛਾ ਅਨੁਸਾਰ ਅਮਰੀਕਾ ’ਚ ਪੱਕੇ ਹੋਣ ਬਾਰੇ ਵੀ ਪਤਾ ਕਰਨਾ ਸੀ।

ਏਅਰ ਕਨੇਡਾ ਨੂੰ ਫੋਨ ਕੀਤਾ। 23 ਅਗਸਤ ਦੀ ਬੁਕਿੰਗ ਮਿਲ਼ੀ। ਇੰਗਲੈਂਡ ’ਚ ਮੇਲਾ-ਗੇਲਾ ਕਰਨ ਲਈ 10 ਕੁ ਦਿਨ ਬਾਕੀ ਸਨ। ਰਘਬੀਰ ਸਿੰਘ ਦੇ ਬੇਟਾ-ਬੇਟੀ (ਕੁਲਵੰਤ ਦੇ ਭਤੀਜਾ-ਭਤੀਜੀ) ਦੀਪਕ ਤੇ ਹਰਦੀਪ ਵੀ ਇੰਗਲੈਂਡ ’ਚ ਸਨ। ਦੋ ਦਿਨ ਉਨ੍ਹਾਂ ਸੰਗ ਬਿਤਾਏ। ਉਨ੍ਹਾਂ ਬੜਾ ਆਦਰ-ਮਾਣ ਕੀਤਾ। ਮੈਨੂੰ ਇੰਗਲੈਂਡ ਦੀ ਰਾਣੀ ਦੀ ਰਿਹਾਇਸ਼ ਤੇ ਰੌਇਲ ਫੈਮਿਲੀ ਦਾ ਪ੍ਰਬੰਧਕੀ ਹੈਡਕੁਆਟਰ ‘ਬਕਿੰਗਮ ਪੈਲੇਸ’ ਦਿਖਾਇਆ ਤੇ ਇੰਗਲੈਂਡ ਦੀ ਜ਼ਮੀਨਦੋਜ਼ ਰੇਲ ‘ਟਿਊਬ’ ਵਿਚ ਸਫਰ ਵੀ ਕਰਵਾਇਆ। ਸਾਡੀ ਬੀਬੀ ਦੇ ਦੋ ਚਾਚੇ ਸਨ। ਇਕ ਚਾਚੇ ਦਾ ਪੁੱਤਰ, ਸਾਡਾ ਮਾਮਾ ਬਚਿੱਤਰ ਸਿੰਘ ਪੰਨੂ ਗਰੇਵਸਂਡ ਰਹਿੰਦਾ ਸੀ। ਪਹਿਲੀ ਪਲਾਨ ਅਨੁਸਾਰ ਉਸ ਕੋਲ਼ ਦੋ ਕ ਹਫਤਿਆਂ ਬਾਅਦ ਜਾਣਾ ਸੀ। ਉਸਨੂੰ ਫੋਨ ਕਰਕੇ 23 ਅਗਸਤ ਨੂੰ ਚਲੇ ਜਾਣ ਬਾਰੇ ਦੱਸਿਆ। ਉਸਦੇ ਪੁੱਤਰ ਅਜੀਤ ਤੇ ਪਾਲ ਉਸੇ ਸ਼ਾਮ ਮੈਨੂੰ ਲੈਣ ਆ ਗਏ। ਮਾਮਾ-ਮਾਮੀ ਨਿੱਘ ਨਾਲ਼ ਮਿਲ਼ੇ। ਉਹ ਦੋਵੇਂ ਰਿਟਾਇਰਮੈਂਟ ਦਾ ਸੱਖ ਮਾਣ ਰਹੇ ਸਨ। ਪੁੱਤਰ ਤੇ ਨੰਹਾਂ ਜੌਬਾਂ ਕਰਦੇ ਸਨ। ਵਧੀਆ ਗੁਜ਼ਾਰਾ ਸੀ ਮਾਮੇ ਦੇ ਪਰਿਵਾਰ ਦਾ। ਮੈਂ ਓਥੋਂ ਦੂਜੇ ਦਿਨ ਮੁੜਨਾ ਚਾਹੁੰਦਾ ਸੀ ਪਰ ਉਨ੍ਹਾਂ ਦੋ ਦਿਨ ਹੋਰ ਅਟਕਾ ਲਿਆ। ਦੋਵੇਂ ਦਿਨ ਸ਼ਾਮ ਵੇਲੇ ਮਾਮਾ ਤੇ ਮਮੇਰ ਭਰਾ ਪੱਬ ਅਤੇ ਘਰ ਵਿਚ ਮੇਰੇ ਨਾਲ਼ ਗਲਾਸੀਆਂ ਖੜਕਾਉਂਦੇ ਰਹੇ। ਮਾਮਾ ਇੰਗਲੈਂਡ ਵਸਦੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਵਿੱਚੋਂ ਸੀ। ਉਸਨੇ ਆਪਣੀ ਤੇ ਉਸ ਸਮੇਂ ਦੇ ਪੰਜਾਬੀਆਂ ਦੀ ਹੱਡ-ਤੋੜਵੀਂ ਮਿਹਨਤ ਦੀਆਂ ਗੱਲਾਂ ਸੁਣਾਈਆਂ। ਭੱਠੀਆਂ ਦੀ ਗਰਮੀ ਨਾਲ਼ ਤਪਦੀਆਂ ਫਾਊਂਡਰੀਆਂ ਵਿਚ ਲੋਹੇ ਦੀ ਢਲਾਈ ਨਾਲ਼ ਸੰਬੰਧਿਤ ਜੌਬਾਂ ਕਰਨੀਆਂ ਸਰੀਰਾਂ ਨੂੰ ਅੱਗ ਵਿਚ ਝੋਕਣ ਦੇ ਤੁਲ ਸੀ। ਪਰ ਉਹ ਹਾਰੇ ਨਹੀਂ। ਡਟੇ ਰਹੇ। ਕਰੜੇ-ਕਠਿਨ ਕੰਮਾਂ ਨਾਲ਼ ਜੂਝ ਕੇ ਉਨ੍ਹਾਂ ਪਰਾਈ ਧਰਤੀ ’ਤੇ ਪੈਰ ਜਮਾਏ ਤੇ ਨਾਲ਼ ਦੀ ਨਾਲ਼ ਪਿਛਲੇ ਪਰਿਵਾਰਾਂ ਦੀ ਆਰਥਿਕਤਾ ਵੀ ਬਿਹਤਰ ਬਣਾਈ।

ਮਾਮੇ ਦੇ ਪਰਿਵਾਰ ਨਾਲ਼ ਸੋਹਣਾ ਸਮਾਂ ਬਿਤਾ ਕੇ ਮੈਂ ਸਲਾਉ ਪਰਤ ਆਇਆ। ਕਿਸੇ ਕੋਲੋਂ ਪਤਾ ਲੱਗਾ ਕਿ ਸਵਰਨ ਚੰਦਨ ਇਕ ਲਾਇਬਰੇਰੀ ’ਚ ਜੌਬ ਕਰਦਾ ਹੈ। ਬਲਵਿੰਦਰ ਮੈਨੂੰ ਉਸ ਲਾਇਬਰੇਰੀ ’ਚ ਲੈ ਗਿਆ। ਪਰ ਸਵਰਨ ਚੰਦਨ ਉਸ ਦਿਨ ‘ਔਫ’ ’ਤੇ ਸੀ। ਲਾਇਬਰੇਰੀ ਇੰਚਾਰਜ ਕੋਲ਼ੋਂ ਉਸਦੇ ਘਰ ਦਾ ਫੋਨ ਨੰਬਰ ਮੰਗਿਆ। ਇੰਚਾਰਜ ਕਹਿਣ ਲੱਗੀ ਕਿ ਨਿਯਮਾਂ ਮੁਤਾਬਿਕ ਉਹ ਉਸਦਾ ਫੋਨ ਨੰਬਰ ਨਹੀਂ ਦੇ ਸਕਦੀ।

ਇਕ ਦਿਨ ਮੈਂ ਆਪਣੇ ਪਿੰਡ ਦੇ ਪਰਸ਼ਣ ਸਿੰਘ ਕੋਲ ਰਿਹਾ ਤੇ ਬਾਕੀ ਦੇ ਤਿੰਨ-ਚਾਰ ਦਿਨ ਬੈਂਸ ਪਰਿਵਾਰ ਨਾਲ਼ ਬਿਤਾਏ। ਬਲਵਿੰਦਰ ਤੇ ਉਸਦੇ ਸਹੁਰਾ ਸਾਹਿਬ ਸੁੱਚਾ ਸਿੰਘ ਧਾਮੀ, ਮੈਨੂੰ ਰੋਜ਼ ਪੱਬ ’ਚ ਲੈ ਜਾਂਦੇ। ਲੱਕੜ ਦੀਆਂ ਬੈਰਲਾਂ ਵਾਲ਼ੀ ਬੀਅਰ ਦਾ ਸਵਾਦ ਵੱਖਰਾ ਹੀ ਸੀ। ਘਰ ਆ ਕੇ ਵਿਸਕੀ ਤੇ ਫਿਰ ਡਿਨਰ। ਭਾ ਜੀ ਲਾਲ ਸਿੰਘ ਸ਼ਰਾਬ ਘੱਟ ਹੀ ਪੀਂਦੇ ਸਨ।

ਅਗਲੇ ਸਫਰ ਲਈ ਟੁਰਨ ਲੱਗਿਆਂ ਭੈਣ ਜੀ ਕਹਿਣ ਲੱਗੇ, “ਤੈਨੂੰ ਏਨੀ ਛੇਤੀ ਤੋਰਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਕਨੇਡਾ ਆਲ਼ੀ ਸਕੀਮ ਲੜਾਉਣੀ ਵੀ ਜ਼ਰੂਰੀ ਆ।”

“ਮੌਕਾ ਹੀ ਹੁੰਦੈ, ਪਿਛਾਂਹ ਨੂੰ ਨਾ ਦੌੜੀਂ, ਓਥੇ ਪੈਰ ਜਮਾਉਣ ਦੀ ਕੋਸ਼ਿਸ਼ ਕਰੀਂ।” ਭਾ ਜੀ ਲਾਲ ਸਿੰਘ ਨੇ ਕਿਹਾ ਸੀ।

ਬਲਵਿੰਦਰ ਤੇ ਕੁਲਵਿੰਦਰ ਵੀ ਕੋਲ਼ ਖਲੋਤੇ ਸਨ। ਮੇਰੇ ਅੰਦਰ ਅਹਿਸਾਨਮੰਦੀ ਦਾ ਅਹਿਸਾਸ ਸੀ। ਸਾਰਿਆਂ ਨਾਲ਼ ਨਜ਼ਰਾਂ ਮਿਲਾਉਂਦਿਆਂ ਮੈਂ ਆਖਿਆ, “ਤੁਸੀਂ ਮੈਨੂੰ ਏਥੇ ਸੱਦਿਆ। ਮੇਰਾ ਆਦਰ-ਮਾਣ ਕੀਤਾ। ਸਬੱਬ ਨਾਲ਼ ਮੈਂ ਆਪਣੇ ਰਿਸ਼ਤੇਦਾਰਾਂ ਤੇ ਪੇਂਡੂਆਂ ਨੂੰ ਵੀ ਮਿਲ਼ ਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।”

“ਧੰਨਵਾਦ ਆਲ਼ੀ ਕੋਈ ਗੱਲ ਨਹੀਂ। ਭੈਣ-ਭਰਾ ਕਾਹਦੇ ਜੇ ਇਕ-ਦੂਜੇ ਦੇ ਕੰਮ ਨਾ ਆ ਸਕੇ… ਤੂੰ ਤੇ ਕੁਲਵੰਤ ਨੇ ਵੀ ਸਾਡੇ ਲਈ ਬਹੁਤ ਕੁਸ਼ ਕੀਤਾ ਆ।” ਭੈਣ ਜੀ ਦੇ ਚਿਹਰੇ ’ਤੇ ਸਨੇਹ ਝਲਕ ਰਿਹਾ ਸੀ।

ਭੈਣ ਜੀ ਤੇ ਭਾ ਜੀ ਨੂੰ ਗਲਵਕੜੀ ਪਾਉਣ ਬਾਅਦ ਮੈਂ ਕੁਲਵਿੰਦਰ ਤੇ ਕਾਕੇ ਏਕਰੀਤ ਨੂੰ ਪਿਆਰ ਦਿੱਤਾ। ਬਲਵਿੰਦਰ ਏਅਰਪੋਰਟ ’ਤੇ ਛੱਡਣ ਆਇਆ। ਉਦੋਂ ਏਅਰਪੋਰਟਾਂ ’ਤੇ ਅੱਜ ਵਾਂਗ ਸਖਤੀ ਨਹੀਂ ਸੀ ਹੁੰਦੀ। ਚੈੱਕ-ਇਨ ਕਰਵਾ ਕੇ ਮੇਰੇ ਨਾਲ਼ ਅਗਾਂਹ ਤੱਕ ਆਉਂਦਿਆਂ ਉਸਨੇ ਕਿਹਾ, “ਭਾ ਜੀ! ਜੇ ਪੈਸਿਆਂ ਦੀ ਲੋੜ ਪਈ ਤਾਂ ਦੱਸ ਦਿਉ, ਭੇਜ ਦਿਆਂਗੇ… ਤੁਹਾਡੇ ਅਗਲੇ ਸਫਰ ਲਈ ਬੈਸਟ ਵਿਸ਼ਜ਼।”ਉਸਨੂੰ ਜੱਫੀ ਪਾਉਂਦਿਆਂ ਮੇਰੇ ਮੂੰਹੋਂ ਆਪ-ਮੁਹਾਰੇ ਹੀ ਦੋ ਤਿੰਨ ਵਾਰ “ਬਹੁਤ ਸ਼ੁਕਰੀਆ” ਨਿਕਲ਼ ਗਿਆ।

ਐਟਲਾਂਟਿਕ ਮਹਾਂਸਾਗਰ ਕਿਨਾਰੇ ਫੈਲਿਆ ਮੈਗਾਸਿਟੀ ਨਿਊਯਾਰਕ

ਨਿਊਯਾਰਕ ਮੈਂ ਆਪਣੇ, ਦੂਰੋਂ ਲਗਦੇ ਭਾਣਜੇ, ਅਵਤਾਰ ਕੋਲ਼ ਰਿਹਾ। ਬੀਬੀ ਨੇ ਆਪਣੇ ਦੂਜੇ ਚਾਚੇ ਦੀ ਪੋਤਰੀ ਗੁਰਮੀਤ ਕੌਰ ਦਾ ਰਿਸ਼ਤਾ ਸਾਡੇ ਪਿੰਡ ਕਰਵਾਇਆ ਹੋਇਆ ਏ। ਅਵਤਾਰ ਗੁਰਮੀਤ ਕੌਰ ਦਾ ਪੁੱਤਰ ਹੈ। ਉਹ ਤੇ ਉਸਦੇ ਤਿੰਨ ਦੋਸਤ ‘ਬਰੌਂਕਸ’ ਕਾਊਂਟੀ ਵਿਚ ਇਕ ਅਪਾਰਟਮੈਂਟ ’ਚ ਰਹਿੰਦੇ ਸਨ। ਉਨ੍ਹਾਂ ਨੂੰ ‘ਗਰੀਨ ਕਾਰਡ’ ਤਾਂ ਨਹੀਂ ਵਰਕ ਪਰਮਿਟ ਮਿਲ਼ੇ ਹੋਏ ਸਨ। ਅਵਤਾਰ ਸਮੇਤ ਤਿੰਨ ਜਣੇ ਰੈਸਟੋਰੈਂਟਾਂ ’ਚ ਕੰਮ ਕਰਦੇ ਸਨ। ਉਹ ਸ਼ਾਮ ਪੰਜ ਵਜੇ ਚਲੇ ਜਾਂਦੇ ’ਤੇ ਰਾਤ ਨੂੰ ਦੋ-ਢਾਈ ਵਜੇ ਮੁੜਦੇ। ਸਵੇਰੇ ਉਹ ਕਾਫੀ ਦੇਰ ਨਾਲ਼ ਉਠਦੇ ਸਨ। ਉਨ੍ਹਾਂ ਦਾ ਚੌਥਾ ਸਾਥੀ ਕਿਸੇ ਸਟੋਰ ਵਿਚ ਜੌਬ ’ਤੇ ਚਲਾ ਜਾਂਦਾ। ਅਪਾਰਟਮੈਂਟ ’ਚ ਇਕੱਲੇ ਬੈਠਣਾ ਮੇਰੇ ਲਈ ਬੋਰੀਅਤ ਸੀ। ਅਵਤਾਰ ਨੇ ਮੈਨੂੰ ‘ਹੈਨਰੀ ਹਡਸਨ ਪਾਰਕ’ ਦਿਖਾ ਦਿੱਤਾ ਸੀ। ਮੈਂ ਨਾਸ਼ਤਾ ਕਰਕੇ ਓਥੇ ਚਲਾ ਜਾਂਦਾ। ਅਪਾਰਟਮੈਂਟ ਤੋਂ ਸਬਵੇਅ (ਜ਼ਮੀਨਦੋਜ ਰੇਲ) ਰਾਹੀਂ 20 ਕੁ ਮਿੰਟ ਲਗਦੇ ਸਨ। ਉਹ ਪਾਰਕ ਨਵੀਆਂ ਥਾਵਾਂ ਦੇ ਖੋਜੀ ਹੈਨਰੀ ਹਡਸਨ ਦੀ ਯਾਦ ਵਿਚ ਬਣਾਇਆ ਹੋਇਆ ਹੈ। ਪਾਰਕ ਦੇ ਲਾਗੇ ਵਗਦਾ ‘ਹਡਸਨ ਦਰਿਆ’ ਵੀ ਉਹਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ। ਭਾਂਤ-ਸੁਭਾਂਤੇ ਦ੍ਰਖਤਾਂ ਅਤੇ ਘਾਹ ਦੀ ਘਣੀ ਹਰਿਅਵਲ, ਸਜਾਵਟੀ ਬੂਟਿਆਂ ਦੇ ਚਿਤਕਬਰੇ ਪੱਤਿਆਂ ਅਤੇ ਰੰਗ-ਬਰੰਗੇ ਫੁੱਲਾਂ ਵਾਲ਼ੇ ਉਸ ਪਾਰਕ ਵਿਚ ਘੁੰਮਦਿਆਂ ਵਕਤ ਸੋਹਣਾ ਬੀਤ ਜਾਂਦਾ। ਨਿਊਯਾਰਕ ਵਿਸ਼ੇਸ਼ ਕਰਕੇ ਬਰੌਂਕਸ ਵਿਚ ਵਾਪਰਦੀਆਂ ਛੁਰੇਬਾਜ਼ੀ, ਖੋਹ-ਖੁਹਾਈ ਤੇ ਚੋਰੀ ਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਸਬਵੇਅ ਅਤੇ ਪਾਰਕ ਬਲਕਿ ਹਰ ਥਾਂ ’ਤੇ ਚੁਕੰਨੇ ਰਹਿਣਾ ਪੈਂਦਾ ਸੀ।

ਦੁਨੀਆਂ ਭਰ ਦੀਆਂ ਸੱਭਿਆਚਾਰਕ, ਆਰਥਿਕ ਤੇ ਮੀਡੀਆ ਦੀਆਂ ਸਰਗਰਮੀਆਂ ਦੇ ਵੱਡੇ ਕੇਂਦਰ ਨਿਊਯਾਰਕ ਦਾ ਰੇਲਵੇ ਸਿਸਟਮ ਵੀ ਬਹੁਤ ਵਿਸ਼ਾਲ ਹੈ। ਮੈਗਾਸਿਟੀ ਦੇ ਸਾਰੇ ਪਾਸਿਆਂ ਨੂੰ ਰੇਲਾਂ ਦਾ ਜਾਲ਼ ਵਿਛਿਆ ਹੋਇਆ ਹੈ। ਜ਼ਮੀਨ ਦੇ ਹੇਠਾਂ ਅਤੇ ਉੱਤੇ ਵੀ ਲੋਕਲ ਤੇ ਐਕਸਪਰੈੱਸ ਰੇਲਾਂ ਚਲਦੀਆਂ ਹਨ। 400 ਤੋਂ ਵੱਧ ਰੇਲਵੇ ਸਟੇਸ਼ਨ ਹਨ। ਹਰ ਪਾਸੇ ਜਾਣ ਲਈ ਸਟੇਸ਼ਨਾਂ ’ਤੇ ਰੂਟ ਦਰਸਾਏ ਹੁੰਦੇ ਹਨ। ਮੈਂ ਕੁਝ ਕੁ ਵਾਰ ਉਨ੍ਹਾਂ ਰੇਲਾਂ ’ਤੇ ਲੰਮੀਆਂ ਸੈਰਾਂ ਵੀ ਕੀਤੀਆਂ। ਕਿਸੇ ਇਕ ਸਟੇਸ਼ਨ ’ਤੇ ਉੱਤਰ ਕੇ ਦੂਜੇ ਪਾਸੇ ਨੂੰ ਜਾਣ ਵਾਲ਼ੀ ਰੇਲ ਫੜ ਲੈਣੀ। ਫਿਰ ਅਗਾਂਹ ਜਾ ਕੇ ਕਿਸੇ ਸਟੇਸ਼ਨ ਤੋਂ ਤੀਜੇ ਪਾਸੇ ਨੂੰ ਚਲੇ ਜਾਣਾ। ਟਿਕਟ ਇਕ ਹੀ ਚੱਲਦਾ ਸੀ।

ਨਿਊਯਾਰਕ ’ਚ ਪਿੰਡ ਦੌਲਤਪੁਰ (ਜਲੰਧਰ) ਦਾ ਅਵਤਾਰ ਵੀ ਸੀ। ਉਹ ਸਾਡੇ ਜੀਜੇ ਫੂਲਾ ਸਿੰਘ (ਸੰਘਵਾਲ਼) ਦੇ ਦੋਸਤ ਸਵਰਨ ਸਿੰਘ ਦਾ ਪੁੱਤਰ ਸੀ। ਅਮਰੀਕਾ ਦੀ ਇੰਮੀਗਰੇਸ਼ਨ ਸਬੰਧੀ ਜਾਣਕਾਰੀ ਲੈਣ ਲਈ ਉਹ ਮੈਨੂੰ ਇਕ ਇੰਮੀਗਰੇਸ਼ਨ ਕੰਸਲਟੈਂਟ ਕੋਲ਼ ਲੈ ਗਿਆ। ਕੰਸਲਟੈਂਟ ਅਨੁਸਾਰ ਦੋ ਤਰੀਕੇ ਸਨ। ਇਕ ਤਰੀਕਾ ਇਹ ਸੀ ਕਿ ਕਿਸੇ ਫਾਰਮ ਦੇ ਮਾਲਕ ਨੂੰ ਰਕਮ ਤਾਰ ਕੇ ਹਲਫਨਾਮਾ ਲਵੋ। ਉਹ ਹਲਫਨਾਮੇ ’ਚ ਲਿਖ ਦੇਂਦਾ ਸੀ ਕਿ ਇਸ ਵਿਅਕਤੀ ਨੇ ਮੇਰੇ ਫਾਰਮ ਵਿਚ 5 ਸਾਲ ਕੰਮ ਕੀਤਾ ਹੈ। ਉਸ ਹਲਫਨਾਮੇ ਦੇ ਆਧਾਰ ’ਤੇ ਇੰਮੀਗਰੇਸ਼ਨ ਲਈ ਅਪਲਾਈ ਕੀਤਾ ਜਾ ਸਕਦਾ ਸੀ। ਪਰ ਇਹ ਤਰੀਕਾ ਉਹੀ ਵਿਅਕਤੀ ਵਰਤ ਸਕਦਾ ਸੀ ਜੋ ਅਮਰੀਕਾ ਵਿਚ ਲੁਕ–ਛਿਪ ਕੇ ਦਾਖਲ ਹੋਇਆ ਹੋਵੇ। ਮੈਂ ਤਾਂ ਕਾਨੂੰਨੀ ਢੰਗ ਨਾ ਨਿਊਯਾਰਕ ਏਅਰਪੋਰਟ ’ਤੇ ਲੈਂਡ ਕੀਤਾ ਸੀ। ਦੂਜਾ ਤਰੀਕਾ ‘ਸਿਆਸੀ ਸ਼ਰਨ’ ਦਾ ਸੀ। ਉਸ ਤਰੀਕੇ ਵਾਸਤੇ ਮੇਰਾ ਮਨ ਨਾ ਮੰਨਿਆਂ।

ਕੰਸਲਟੈਂਟ ਦੇ ਦਫਤਰੋਂ ਨਿਕਲ਼ਦਿਆਂ ਮੇਰੀ ਨਿਗ੍ਹਾ, ਕੁਝ ਕੁ ਸਟਰੀਟਾਂ ਤੋਂ ਪਰੇ, ਆਸਮਾਨ ਛੁੰਹਦੇ ਟਾਵਰਾਂ ਵੱਲ ਚਲੀ ਗਈ। ਅਵਤਾਰ ਨੂੰ ਪੁੱਛਣ ਤੇ ਪਤਾ ਲੱਗਾ ਕਿ ਉਹ ‘ਵਰਲਡ ਟਰੇਡ ਸੈਂਟਰ ਦੇ ‘ਟਵਿਨ (ਜੌੜੇ) ਟਾਵਰ’ ਸਨ। ਮੈਂ ਦੇਖਣ ਦੀ ਇਛਾ ਪ੍ਰਗਟਾਈ। ਅਵਤਾਰ ਨੇ ਅਗਲੇ ਅੱਧੇ ਦਿਨ ਦੀ ਛੁੱਟੀ ਲੈ ਲਈ। ਅਗਲੀ ਸਵੇਰ ਅਸੀਂ ਟਾਵਰਾਂ ’ਚ ਦਾਖਲ ਹੋ ਗਏ। ਟਾਵਰਾਂ ਨੂੰ ਦੇਖਣ ਵਾਲੇ ਹੋਰ ਵੀ ਬਹੁਤ ਲੋਕ ਸਨ। ਵਿਜ਼ਿਟਰਾਂ ਨੂੰ ਅੱਟੈਂਡ ਕਰਨ ਵਾਲ਼ੇ ਕਰਮਚਾਰੀਆਂ ਵਿੱਚੋਂ ਇਕ ਨੇ ਸਾਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਤੇ ਦੋ ਕੁ ਪੰਨਿਆਂ ਦਾ ਪੈਂਫਲਿਟ ਫੜਾ ਦਿੱਤਾ। ਪੈਂਫਲਿਟ ’ਚ ਦਿੱਤੀ ਜਾਣਕਾਰੀ ਅਨੁਸਾਰ ਟਾਵਰਾਂ ਦੀ ਉਸਾਰੀ 1972-73 ਵਿਚ ਮੁਕੰਮਲ ਹੋਈ ਸੀ। ਉਸਾਰੀ ਲਈ ਵਰਤਿਆ ਗਿਆ ਮੈਟੀਰੀਅਲ ਮੁੱਖ ਤੌਰ ’ਤੇ ਸਟੀਲ ਅਤੇ ਕੰਕਰੀਟ ਸੀ। ਉੱਤਰੀ ਟਾਵਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਸੀ (1730 ਫੁੱਟ) ਤੇ ਦੱਖਣੀ ਟਾਵਰ ਦੀ ਉਚਾਈ (1362 ਫੁੱਟ) ਦੁਨੀਆਂ ਵਿਚ ਨੰਬਰ ਦੋ ’ਤੇ ਸੀ। (ਟਾਵਰਾਂ ਦੀ ਉਚਾਈ ਦਾ ਇਹ ਰਿਕਾਰਡ ਉਦੋਂ ਸੀ, ਹੁਣ ਨਹੀਂ ਰਿਹਾ) ਦੋਵੇਂ ਟਾਵਰ 110 ਮੰਜਲੇ ਸਨ। ਟਾਵਰਾਂ ’ਚ 430 ਵਪਾਰਕ ਕੰਪਨੀਆਂ ਦੀਆਂ ਗਤੀਵਿਧੀਆਂ ਚਲਦੀਆਂ ਸਨ। ਜੌਬਾਂ ਕਰਨ ਵਾਲਿਆਂ ਦੀ ਗਿਣਤੀ 50,000 ਦੇ ਕਰੀਬ ਸੀ।

ਸਾਰੀਆਂ ਮੰਜਲਾਂ ਤੇ ਜਾਣਾ ਸੰਭਵ ਨਹੀਂ ਸੀ। ਅਸੀਂ ਹਦਾਇਤਾਂ ਅਨੁਸਾਰ ਚੋਣਵੀਆਂ ਮੰਜਲਾ ’ਤੇ ਹੀ ਗਏ। ਹਰ ਮੰਜਲ ’ਤੇ ਬਣੇ ਦਫਤਰਾਂ ਅਤੇ ਉਨ੍ਹਾਂ ਦੇ ਸਾਜ਼ੋ–ਸਾਮਾਨ ਵਿੱਚੋਂ ਆਧੁਨਿਕਤਾ ਤੇ ਖੂਬਸੂਰਤੀ ਝਲਕਦੀ ਸੀ। ਟਾਵਰਾਂ ਦੇ ਸਿਖਰ ਤੋਂ ਸੈਂਕੜੇ ਮੀਲਾਂ ਤਕ ਪਸਰੇ ਨਿਊਯਾਰਕ ਦੇ ਘਰ ਨਿੱਕੇ–ਨਿੱਕੇ ਨਜ਼ਰ ਆ ਰਹੇ ਸਨ। ਦੋਵੇਂ ਟਾਵਰ ਦੇਖਣ ਲਈ ਢਾਈ ਘੰਟੇ ਲੱਗੇ।

ਟਾਵਰ ਸਮਾਰਕ ਜਾਂ ਭਵਨ ਨਹੀਂ, ਕਾਰੋਬਾਰਾਂ ਤੇ ਕੰਮਾਂ ਨਾਲ਼ ਸੰਬੰਧਿਤ ਇਮਾਰਤਾਂ ਸਨ। ਟਾਵਰਾਂ ਦੀ ਸਮੁੱਚੀ ਬਣਤਰ–ਸ਼ੈਲੀ ਵਿੱਚੋਂ ਅਤਿ–ਆਧੁਨਿਕ ਤਕਨਾਲੋਜੀ ਦ੍ਰਿਸ਼ਟਮਾਨ ਹੋ ਰਹੀ ਸੀ। ਪਰ ਉਹ ਕੋਰੀ–ਕਠੋਰ ਤਕਨਾਲੋਜੀ ਨਹੀਂ ਸੀ। ਉਸ ਵਿਚ ਇਮਾਰਤਸਾਜ਼ੀ ਦੀ ਕਲਾ ਵੀ ਮਿਸ਼੍ਰਿਤ ਸੀ। ਮੈਂ ਤੇ ਅਵਤਾਰ ਨੇ ਤਕਨਾਲੋਜੀ ਤੇ ਕਲਾ ਦੇ ਸੁਮੇਲ ਵਾਲ਼ੇ ਟਾਵਰਾਂ ਨੂੰ ਅਮਰੀਕਾ ਦੀ ਮਾਅਰਕੇਬਾਜ਼ੀ ਕਰਾਰ ਦਿੱਤਾ ਸੀ। ਪਰ ਉਨ੍ਹਾਂ ਟਾਵਰਾਂ ਵਿੱਚੋਂ ਸਾਨੂੰ ਅਮਰੀਕਾ ਦੇ ਘੁਮੰਡ ਦੀ ਝਲਕ ਵੀ ਪਈ ਸੀ— ਦੁਨੀਆਂ ਵਿਚ ਸਭ ਤੋਂ ਉੱਚੇ ਕੱਦ ਵਾਲ਼ਾ ਦੇਸ਼ ਹੋਣ ਦਾ ਘੁਮੰਡ।

ਨਿਊਯਾਰਕ ਵਿਚ ਦੇਖਣ ਵਾਲ਼ਾ ਤਾਂ ਕਈ ਕੁਝ ਸੀ ਪਰ ਦੋਵੇਂ ਅਵਤਾਰ ਜੌਬਾਂ ’ਚ ਖੁੱਭੇ ਹੋਏ ਸਨ। ਦੋਵੇਂ ਪਰਵਾਸ ਦੇ ਮੁੱਢਲੇ ਪੜਾਅ ’ਤੇ ਸਨ। ਕੁਝ ਥਾਵਾਂ ਮੈਂ ਆਪਣੇ ਆਪ ਹੀ ਰੇਲ ਰਾਹੀਂ ਦੇਖ ਤਾਂ ਸਕਦਾ ਸਾਂ ਪਰ ਆਲ਼ੇ–ਦੁਆਲ਼ੇ ਵਾਪਰਦੀਆਂ ਘਟਨਾਵਾਂ ਕਰਕੇ ਨਵੀਆਂ ਥਾਵਾਂ ਤੇ ਨਵੇਂ ਲੋਕਾਂ ਵਿਚ ਇਕੱਲੇ ਜਾਣਾ ਸੁਰੱਖਿਅਤ ਨਹੀਂ ਸੀ।

ਸੋ ਨਿਊਯਾਰਕ ’ਚ ਐਵੇਂ ਬੈਠੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਕਨੇਡਾ ’ਚ ਇੰਮੀਗਰੇਸ਼ਨ ਮਿਲਣ ਦੀ ਸੰਭਾਵਨਾ ਵੀ ਮੇਰੇ ਮਨ ’ਤੇ ਸਵਾਰ ਸੀ। ਟਿਕਟ ਮੁਤਾਬਿਕ ਮੇਰੀ ਟਰਾਂਟੋ ਵਾਸਤੇ ਫਲਾਈਟ ਅਕਤੂਬਰ ਦੇ ਪਹਿਲੇ ਹਫਤੇ ਦੀ ਸੀ। ਅਗਾਊਂ ਜਾਣ ਲਈ ਏਅਰ ਕਨੇਡਾ ਨੂੰ ਫੋਨ ਕੀਤਾ। ਅੱਠ ਸਤੰਬਰ ਦੀ ਫਲਾਈਟ ਮਿਲ਼ੀ। ਨਿਊਯਾਰਕ ’ਚ ਤਿੰਨ ਕੁ ਦਿਨ ਹੋਰ ਸਾਂ। ਐਟਲਾਂਟਕ ਮਹਾਂਸਾਗਰ ਨੂੰ ਦੇਖਣ ਦੀ ਰੀਝ ਮੈਂ ਆਪਣੇ ਪਿੰਡ ਵਾਲ਼ੇ ਅਵਤਾਰ ਨੂੰ ਦੱਸੀ ਹੋਈ ਸੀ। ਇਕ ਦਿਨ ਟਾਈਮ ਕੱਢ ਕੇ ਉਹ ਤੇ ਉਸਦੇ ਸਾਥੀ ਮੈਨੂੰ ਲੈ ਗਏ। ਉਹ ਬੀਚ ਨਹੀਂ, ਸ਼ਾਂਤ ਜਿਹਾ ਕਿਨਾਰਾ ਸੀ। ਸਮੁੰਦਰ ਕੰਢਲੀ ਰੇਤ ਉੱਤੇ ਨੰਗੇ ਪੈਰੀਂ ਤੁਰਨਾ ਸੌਖਾ ਹੁੰਦਾ ਹੈ। ਅਸੀਂ ਜੁੱਤੀਆਂ ਲਾਹ ਕੇ ਕਾਰ ’ਚ ਰੱਖ ਦਿੱਤੀਆਂ। ਮੇਰੇ ਲਈ ਉਹ ਵਿਸ਼ੇਸ਼ ਦਿਨ ਸੀ। ਸਮੁੰਦਰ ਮੇਰੀ ਰੂਹ ਨੂੰ ਭਾਉਂਦਾ ਹੈ। ਚੇਨਈ ’ਚ ਸਮੁੰਦਰ ਦੇ ਨਜ਼ਾਰਿਆਂ ਨੂੰ ਮਾਣਨ ਤੋਂ 23 ਸਾਲ ਬਾਅਦ ਮਹਾਂਸਾਗਰ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਅਵਤਾਰ ਹੁਰੀਂ ਘੁੰਮਣ–ਫਿਰਨ ਲੱਗ ਪਏ। ਮੈਂ ਇਕ ਪਾਸੇ ਬੈਠ ਮਹਾਂਸਾਗਰ ਦੇ ਵਿਰਾਟ ਪਾਣੀ ਨਾਲ਼ ਸਾਂਝ ਪਾ ਲਈ ਤੇ ਉੱਚੀਆਂ–ਨੀਵੀਆਂ ਛੱਲਾਂ ਨਾਲ਼ ਖਹਿਸਰਵਾਂ ਸਫਰ ਕਰਦੇ ਜਹਾਜ਼ਾਂ ਵੱਲ ਤੱਕਦਿਆਂ ਆਪਣੇ ਅਗਲੇ ਸਫਰ ਦੇ ਨਕਸ਼ ਉਲੀਕਣ ਲੱਗ ਪਿਆ। ਦੋ ਕੁ ਘੰਟੇ ਬਾਅਦ ਅਸੀਂ ਵਾਪਸ ਤੁਰ ਪਏ। ਪਾਰਕਿੰਗ ਲੌਟ ’ਚ ਪਹੁੰਚ ਕੇ ਅਵਤਾਰ ਨੇ ਜਦੋਂ ਕਾਰ ਦੇ ਦਰਵਾਜ਼ੇ ਖੋਲ੍ਹੇ ਤਾਂ ਮੈਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ਼ ਨਾ ਆਇਆ। ਪੰਜੇ ਜੁੱਤੀਆਂ ਚੋਰੀ ਹੋ ਗਈਆਂ ਸਨ। ਹੈਰਾਨ ਤਾਂ ਅਵਤਾਰ ਤੇ ਉਸਦੇ ਸਾਥੀ ਵੀ ਹੋਏ ਪਰ ਮੇਰੇ ਜਿੰਨੇ ਨਹੀਂ।

ਉਨ੍ਹਾਂ ਲਈ ਇਹੋ ਜਿਹੀਆਂ ਘਟਨਾਵਾਂ ਨਵੀਆਂ ਨਹੀਂ ਸਨ। ਮੈਂ ਇੰਡੀਆ ਤੋਂ ਬਾਟਾ ਦੇ ਨਵੇਂ ਬੂਟ ਲੈ ਕੇ ਆਇਆ ਸਾਂ। ਦੁੱਖ ਤਾਂ ਲੱਗਾ ਪਰ ਐਟਲਾਂਟਕ ਤੋਂ ਮਿਲ਼ੇ ਉਮਾਹ ਨੇ ਜ਼ਿਆਦਾ ਮਹਿਸੂਸ ਨਾ ਹੋਣ ਦਿੱਤਾ। ਉਨ੍ਹਾਂ ਕੋਲ਼ ਤਾਂ ਅਪਾਰਟਮੈਂਟ ’ਚ ਹੋਰ ਜੁੱਤੀਆਂ ਹੈਗੀਆਂ ਸਨ ਪਰ ਮੇਰੇ ਕੋਲ਼ ਉਹੀ ਬੂਟ ਸਨ। ਓਥੋਂ ਸਿੱਧੇ ਸਟੋਰ ਨੂੰ ਗਏ ਤੇ ਅਵਤਾਰ ਨੇ ਬੂਟ ਖਰੀਦ ਦਿੱਤੇ।

ਇੰਮੀਗਰਾਂਟਾਂ ਦੇ ਦੇਸ਼ ਕਨੇਡਾ ਵਿਚ

8 ਸਤੰਬਰ ਨੂੰ ਮੈਂ ਟਰਾਂਟੋ ਪਹੁੰਚ ਗਿਆ। ਸਾਂਢੂ-ਸਾਲ਼ੀ ਗਰੇਟਰ ਟਰਾਂਟੋ ਦੇ ਸ਼ਹਿਰ ਵੌਨ (Vaughan) ’ਚ ਰਹਿੰਦੇ ਸਨ। ਰਣਜੀਤ ਸਿੰਘ ਕਰੇਨ ਓਪਰੇਟਰ ਸੀ ਤੇ ਗੁਰਸ਼ਰਨ ਕੌਰ ਫਰਨੀਚਰ ਫੈਕਟਰੀ ’ਚ ਜੌਬ ਕਰਦੀ ਸੀ। ਉਨ੍ਹਾਂ ਦਾ ਵੱਡਾ ਲੜਕਾ ਯੂਨੀਵਰਸਟੀ ’ਚ ਪੜ੍ਹਦਾ ਸੀ ਤੇ ਛੋਟਾ ਹਾਈ ਸਕੂਲ ’ਚ। ਪਰਿਵਾਰ ਚੰਗਾ ਜੀਵਨ ਬਤੀਤ ਕਰ ਰਿਹਾ ਸੀ।

ਗਰੇਟਰ ਟਰਾਂਟੋ ’ਚ ਹੋਰ ਵੀ ਰਿਸ਼ਤੇਦਾਰ ਸਨ। ਕੁਲਵੰਤ ਦੀ ਭੂਆ ਦਾ ਪੁੱਤ ਸੁਖਜੀਤ ਸਿੰਘ ਨਰਵਾਲ (ਐਕਸ ਏਅਰ ਫੋਰਸ), ਤਾਏ ਦਾ ਪੁੱਤ ਕਰਨਲ ਜੋਗਿੰਦਰ ਸਿੰਘ ਖਹਿਰਾ ਅਤੇ ਸਾਡੀ ਬੀਬੀ ਦੇ ਚਚੇਰੇ ਭਰਾ ਦਾ ਪੁੱਤ (ਨਿਊਯਾਰਕ ਵਾਲ਼ੇ ਅਵਤਾਰ ਦਾ ਸਕਾ ਮਾਮਾ) ਸੁਰਿੰਦਰਪਾਲ ਸਿੰਘ ਪੰਨੂੰ।

ਮੈਂ ਐਮਨਿਸਟੀ ਬਾਰੇ ਜਾਣਨ ਲਈ ਉਤਸਕ ਸਾਂ। ਰਣਜੀਤ ਨਾਲ਼ ਗੱਲ ਛੇੜੀ। ਉਹ ਦੱਸਣ ਲੱਗ ਪਿਆ “ਕਨੇਡਾ ਸਰਕਾਰ ਪਹਿਲੀ ਜਨਵਰੀ 1989 ਤੋਂ ਇੰਮੀਗਰੇਸ਼ਨ ਕਾਨੂੰਨਾਂ ਵਿਚ ਕੁਝ ਤਬਦੀਲੀਆਂ ਕਰਨ ਜਾ ਰਹੀ ਆ। ਸੋਧਿਆ ਹੋਇਆ ਕਾਨੂੰਨ ਕਨੇਡਾ ’ਚ ਪਹਿਲਾਂ ਰਹਿੰਦੇ ਕੱਚੇ ਲੋਕਾਂ ’ਤੇ ਲਾਗੂ ਨਹੀਂ ਹੋ ਸਕਦਾ। ਸੋ ਅੰਦਾਜ਼ਾ ਇਹ ਆ ਕਿ ਸੋਧੇ ਹੋਏ ਕਾਨੂੰਨ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ, ਸਰਕਾਰ ਕੱਚੇ ਲੋਕਾਂ ਵਾਲ਼ਾ ਖਾਤਾ ਪੱਧਰਾ ਕਰਨ ਲਈ ਐਮਨਿਸਟੀ ਦਾ ਐਲਾਨ ਕਰੇਗੀ। ਤੁਸੀਂ ਰਫਿਊਜੀ ਸਟੈਟਸ ਲਈ ਅਪਲਾਈ ਕਰ ਦਿਓ।”

“ਰਣਜੀਤ ਜੀ! ਐਮਨਿਸਟੀ ਤਾਂ ਕਿਆਸਅਰਾਈਆਂ ਵਾਲ਼ੀ ਗੱਲ ਲਗਦੀ ਆ। ਜੇ ਇਹ ਨਾ ਹੋਈ ਤਾਂ ਮੇਰੀ ਪੁਜ਼ੀਸ਼ਨ ਡਾਵਾਂਡੋਲ ਹੋ ਜਾਣੀ ਆਂ। ਜਦ ਮੇਰੀ ਪੁਲਿਟੀਕਲ ਪਰੌਬਲਮ ਹੈ ਈ ਨਹੀਂ, ਰਫਿਊਜੀ ਕੇਸ ਮੈਂ ਕਿਵੇਂ ਲੜਾਂਗਾ।” ਮੈਂ ਖਦਸ਼ਾ ਜ਼ਹਿਰ ਕੀਤਾ।

“ਕਨੇਡਾ ਦਾ ਐਟਿਚਿਊਡ ਨਰਮੀ ਵਾਲ਼ਾ ਹੁੰਦਾ ਆ। ਏਥੇ ਬਹੁਤੇ ਇੰਮੀਗਰਾਂਟ ਰਫਿਊਜੀ ਕੇਸਾਂ ਰਾਹੀਂ ਪੱਕੇ ਹੋਇਓ ਆ। ਤੁਹਾਡੇ ਹੱਕ ’ਚ ਇਹ ਗੱਲ ਵੀ ਜਾਂਦੀ ਆ ਕਿ ਇਸ ਵਕਤ ਕਨੇਡਾ ਦੀ ਇਕਾਨਮੀ ਹੌਟ ਆ। ਜੌਬਾਂ ਬਹੁਤ ਆ। ਇਨ੍ਹਾਂ ਨੂੰ ਬੰਦੇ ਚਾਹੀਦੇ ਆ। ਔਲਰੈੱਡੀ ਈਸਟ ਯੌਰਪ ਤੇ ਹੋਰ ਕਈ ਮੁਲਕਾਂ ਦੇ ਲੋਕਾਂ ਨੇ ਆ ਕੇ ਅਪਲਾਈ ਕਰ ਦਿੱਤੈ ਤੇ ਹੋਰ ਵੀ ਆਈ ਜਾਂਦੇ ਆ।” ਰਣਜੀਤ ਨੇ ਸਥਿਤੀ ਬਿਆਨ ਕੀਤੀ।

ਮੈਂ ਫੋਨ ’ਤੇ ਸੁਖਜੀਤ ਨੂੰ ਪੁੱਛਿਆ। ਰਣਜੀਤ ਦੀ ਗੱਲ ਪੁਸ਼ਟ ਕਰਦਿਆਂ ਉਹ ਬੋਲਿਆ, “ਤੁਸੀਂ ਦੇਰ ਨਾ ਕਰੋ। ਜਿੰਨੀ ਛੇਤੀ ਅਪਲਾਈ ਕਰੋਗੇ, ਉਨੀ ਛੇਤੀ ਤੁਹਾਡੀ ਫਾਈਲ ਖੁੱਲ੍ਹੇਗੀ।”

ਸੁਰਿੰਦਰਪਾਲ ਵੀ ਇਵੇਂ ਹੀ ਕਹਿ ਰਿਹਾ ਸੀ।

ਸਾਫ-ਸੁਥਰਾ, ਸ਼ਾਂਤਮਈ ਤੇ ਮਲਟੀਕਲਚਰਲ ਕਨੇਡਾ ਮੈਨੂੰ ਠੀਕ ਲਗ ਰਿਹਾ ਸੀ।

ਇੰਡੀਆ ’ਚ ਮੇਰੀ ਨੌਕਰੀ ਤਾਂ ਹੈਗੀ ਸੀ ਪਰ ਓਥੇ ਬੱਚਿਆਂ ਦਾ ਭਵਿੱਖ ਠੀਕ ਨਹੀਂ ਸੀ ਲੱਗ ਰਿਹਾ। ਮੇਰੀ ਪਤਨੀ ਤੇ ਭਰਾਵਾਂ ਦੇ ਮਨਾਂ ’ਚ ਵੀ ਇਹੀ ਸੀ ਕਿ ਚੰਗੇਰੇ ਭਵਿੱਖ ਲਈ ਕਨੇਡਾ ਜਾਂ ਅਮਰੀਕਾ ’ਚ ਜੜ੍ਹਾਂ ਲਾਈਆਂ ਜਾਣ। ਸੋ ਮੈਂ ਅਪਲਾਈ ਕਰ ਦਿੱਤਾ।

ਕਨੇਡਾ ਨਾਲ਼ ਵਾਕਫੀਅਤ

ਜਿਸ ਦੇਸ਼ ’ਚ ਰਹਿਣ ਲਈ ਕਦਮ ਚੁੱਕਿਆ, ਉਸ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਲਈ ਮੈਂ ਰਣਜੀਤ ਤੋਂ ਕਿਤਾਬਾਂ ਮੰਗਵਾ ਲਈਆਂ।

ਤਸੱਲੀ ਨਾਲ਼ ਪੜ੍ਹੀਆਂ। ਕਨੇਡਾ ਦਾ ਢਾਂਚਾ ਮੈਨੂੰ ਵਧੀਆ ਲੱਗਾ। ਮੋਟੇ ਤੌਰ ’ਤੇ ਕੁਝ ਜਾਣਕਾਰੀ ਪਾਠਕਾਂ ਨਾਲ਼ ਸਾਂਝੀ ਕਰ ਰਿਹਾਂ:

ਕਨੇਡਾ ਖੇਤਰਫਲ ਦੇ ਹਿਸਾਬ ਨਾਲ਼ ਦੁਨੀਆਂ ਦਾ ਸਭ ਤੋਂ ਵੱਡਾ ਦੂਜਾ ਦੇਸ਼ ਹੈ। ਦੱਖਣ ਵਿਚ ਕਨੇਡਾ ਦਾ ਅਮਰੀਕਾ ਨਾਲ਼ ਲਗਦਾ ਬਾਰਡਰ ਦੁਨੀਆਂ ਦਾ ਸਭ ਤੋਂ ਲੰਮਾ ਬਾਰਡਰ ਹੈ। ਦਿਲਚਸਪ ਗੱਲ ਇਹ ਹੈ ਕਿ 8891 ਲੰਮੇ ਇਸ ਬਾਰਡਰ ’ਤੇ ਫੌਜੀਆਂ ਦਾ ਕੋਈ ਪਹਿਰਾ ਨਹੀਂ।

ਕਨੇਡਾ ਦੇ 10 ਸੂਬੇ (ਪਰੋਵਿੰਸ) ਤੇ ਤਿੰਨ ਟੈਰਿਟਰੀ ਹਨ। ਰਾਜਧਾਨੀ ਓਟਵਾ ਹੈ। ਓਨਟੇਰੀਓ, ਬ੍ਰਿਟਿਸ਼ ਕੋਲੰਬੀਆ ਤੇ ਕਿਉਬੈਕ ਵੱਡੀ ਵਸੋਂ ਵਾਲ਼ੇ ਸੂਬੇ ਹਨ। ਟਰਾਂਟੋ, ਮਾਂਟਰੀਆਲ ਤੇ ਵੈਨਕੂਵਰ ਮਹਾਂਨਗਰ ਹਨ।

ਕਨੇਡਾ ਦੇ ਮੁਢਲੇ ਵਸਨੀਕ

ਕਨੇਡਾ ਅਸਲ ਵਿਚ ਨੇਟਿਵ ਲੋਕਾਂ ਦਾ ਦੇਸ਼ ਹੈ। ਨੇਟਿਵ ਅਮਰੀਕਾ ਵਿਚ ਵੀ ਹਨ। ਉੱਤਰੀ ਅਮਰੀਕਾ ਦੇ ਮੁਢਲੇ ਬਾਸ਼ਿੰਦੇ ਹੋਣ ਕਰਕੇ ਇਨ੍ਹਾਂ ਬਾਰੇ ਜਾਣਨ ਲਈ ਮੇਰੀ ਵਿਸ਼ੇਸ਼ ਜਿਗਿਆਸਾ ਸੀ। ਨੇਟਿਵਾਂ ਲਈ ਵਰਤੇ ਜਾਂਦੇ ਹੋਰ ਨਾਂ ਇਹ ਹਨ: ਇੰਡੀਅਨ, ਰੈੱਡ ਇੰਡੀਅਨ, ਐਬਉਰਿਜਨਲ (Aboriginal) ਫਸਟ ਨੇਸ਼ਨਜ਼ (First Nations) ਤੇ ਇੰਡੀਜੀਨਸ (Indigenous) ਇਨ੍ਹਾਂ ਨਾਵਾਂ ਨਾਲ਼ ਸੰਬੰਧਿਤ ਹਵਾਲੇ:

ਇੰਡੀਅਨ: ਸੰਨ 1472 ਵਿਚ ਨਵੇਂ ਦੇਸ਼ਾਂ ਨੂੰ ਲੱਭਣ ਵਾਲ਼ਾ ਇਟਾਲੀਅਨ ਖੋਜੀ ਕਰਿਸਟੋਫਰ ਕੋਲੰਬਸ ਆਪਣੇ ਨਾਲ਼ ਕੁਝ ਹੋਰ ਮਲਾਹ ਲੈ ਕੇ, ਤਿਜਾਰਤੀ ਮੰਤਵ ਲਈ, ਭਾਰਤ ਨੂੰ ਲੱਭਣ ਨਿਕਲ਼ਿਆ ਸੀ ਪਰ ਭੁਲੇਖੇ ਨਾਲ਼ ਅਮਰੀਕਾ ਪਹੁੰਚ ਗਿਆ। ਆਪਣੇ ਆਪ ਨੂੰ ਭਾਰਤ ’ਚ ਸਮਝਦਿਆਂ, ਉਸਨੇ ਅਮਰੀਕਨ ਨੇਟਿਵਾਂ ਨੂੰ ‘ਇੰਡੀਅਨ’ ਨਾਂ ਨਾਲ਼ ਸੰਬੋਧਨ ਕੀਤਾ। ਉਦੋਂ ਤੋਂ ਅਮਰੀਕਾ ਤੇ ਕਨੇਡਾ ਦੇ ਨੇਟਿਵਾਂ ਨਾਲ਼ ‘ਇੰਡੀਅਨ’ ਨਾਂ ਜੁੜ ਗਿਆ।

ਰੈੱਡ ਇੰਡੀਅਨ: ਭਾਰਤ ਤੇ ਉੱਤਰੀ ਅਮਰੀਕਾ ਅੰਗ੍ਰੇਜ਼ਾਂ ਦੀਆਂ ਕਾਲੋਨੀਆਂ ਸਨ। ਬਸਤੀਵਾਦੀ ਅੰਗ੍ਰੇਜ਼ ਭਾਰਤੀਆਂ ਨੂੰ ਬਲੈਕ (ਕਾਲ਼ੇ) ਇੰਡੀਅਨ ਤੇ ਨੇਟਿਵਾਂ ਦਾ ਰੰਗ ਲਾਲਗੀ ’ਚ ਹੋਣ ਕਰਕੇ ਉਨ੍ਹਾਂ ਨੂੰ ਰੈੱਡ ਇੰਡੀਅਨ ਆਖਦੇ ਸਨ। ਇਹ ਨਾਂ ਨੇਟਿਵਾਂ ਨੂੰ ਭਾਰਤੀਆਂ ਨਾਲੋਂ ਵੱਖਰਿਆਉਣ ਲਈ ਹੀ ਵਰਤਿਆ ਜਾਂਦਾ ਸੀ। ਸੋ ਇਸ ਨਾਂ ਦੀ ਪ੍ਰਸੰਗਿਕਤਾ ਬਸਤੀਵਾਦੀ ਕਾਲ ਤੱਕ ਹੀ ਸੀ।

ਐਬਉਰਿਜਨਲ: ਇਹ ਸ਼ਬਦ ਭਾਵੇਂ ਵਰਤਿਆ ਤਾਂ ਜਾਂਦੈ ਪਰ ਨੇਟਿਵ ਇਸਨੂੰ ਪ੍ਰਵਾਨ ਨਹੀਂ ਕਰਦੇ। ਲਾਤੀਨੀ ਸ਼ਬਦ Ab (ਐਬ) ਦਾ ਅਰਥ ਹੈ Not ਯਾਨਿ ਨਹੀਂ। ਐਬ ਦਾ ਅਰਥ ਨੇਟਿਵਾਂ ਨੂੰ ਉਨ੍ਹਾਂ ਦੇ ਮੁੱਢਲੇ (Original) ਹੋਣ ਦੇ ਹੱਕ ਤੋਂ ਵਾਂਝਿਆਂ ਕਰਦਾ ਹੈ।

ਫਸਟ ਨੇਸ਼ਨਜ਼: ਭਾਵ ‘ਪਹਿਲੀਆਂ ਕੌਮਾਂ’ ਨਾਂ ਸਹੀ ਤੇ ਢੁੱਕਵਾਂ ਹੈ।

ਇੰਡੀਜੀਨਸ: ਯਾਨਿ ‘ਦੇਸੀ’ ਨਾਂ ਵੀ ਸਹੀ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਨੇਟਿਵ ਕਿੱਥੋਂ ਤੇ ਕਦੋਂ ਆਏ? ਇਸ ਬਾਰੇ ਇਤਿਹਾਸਕ ਜਾਣਕਾਰੀ ਉਪਲਬਧ ਨਹੀਂ। ਇਕ ਨਵੀਂ ਖੋਜ ਅਨਸਾਰ ਤਕਰੀਬਨ 16000 ਸਾਲ ਪਹਿਲਾਂ ਉਹ ਸਾਇਬੇਰੀਆ ਤੇ ਪੂਰਬੀ ਏਸ਼ੀਆ (ਚੀਨ, ਜਾਪਾਨ, ਮੰਗੋਲੀਆ ਆਦਿ) ਤੋਂ ਆਏ ਸਨ। ਦੋਨਾਂ ਵਰਗਾਂ ਦੇ ਆਪਸੀ ਸੰਬੰਧਾਂ ਰਾਹੀਂ ਉਨ੍ਹਾਂ ਦਾ ਵਿਸਥਾਰ ਹੁੰਦਾ ਰਿਹਾ।

ਨਵੀਆਂ ਧਰਤੀਆਂ ਦੇ ਯੌਰਪੀਨ ਖੋਜੀ ਤੇ ਵਪਾਰੀ ਪੰਦਰਵੀਂ ਤੇ ਸੋਲ਼ਵੀਂ ਸਦੀ ਦੌਰਾਨ ਕਨੇਡਾ ਆਏ। ਪਹਿਲਾਂ ਨਰਮ ਵਾਲ਼ਾਂ ਵਾਲ਼ੇ ਚਮੜੇ (FUR), ਮੱਛੀ ਤੇ ਕੁਝ ਹੋਰ ਵਸਤਾਂ ਦੀ ਖਰੀਦ ਸ਼ੁਰੂ ਹੋਈ ਤੇ ਫਿਰ ਅੰਗ੍ਰੇਜ਼ਾਂ ਤੇ ਫਰਾਂਸੀਸੀਆਂ ਦੀ ਬਸਤੀਵਾਦੀ ਬਿਰਤੀ ਹਾਵੀ ਹੋ ਗਈ। ਉਹ ਇਲਾਕੇ ਮੱਲਣ ਲੱਗ ਪਏ। ਵੱਧ ਤੋਂ ਵੱਧ ਇਲਾਕੇ ਮੱਲਣ ਦੀ ਹੋੜ ਵਿਚ ਦੋਨਾਂ ਬਸਤੀਵਾਦਾਂ ’ਚ ਟਕਰਾਅ ਸ਼ੁਰੂ ਹੋ ਗਿਆ। ਲੜਾਈਆਂ ਹੋਈਆਂ। ਅੰਗ੍ਰੇਜ਼ ਬਾਜ਼ੀ ਮਾਰ ਗਏ।

ਸਾਰੇ ਇਲਾਕਿਆਂ ਨੂੰ ਸੰਗਠਿਤ ਕਰਨ ਲਈ ਇੰਗਲੈਂਡ ਦੀ ਸਰਕਾਰ ਨੇ ਪਹਿਲੀ ਜੁਲਾਈ 1867 ਨੂੰ ਚਾਰ ਸੂਬਿਆਂ— ਉਨਟੇਰੀਓ, ਕਿਊਬੈੱਕ, ਨੋਵਾ ਸਕੌਸ਼ਿਆ ਤੇ ਨਿਊਬਰਨਜ਼ਵਿਕ ਦੀ ਕਾਨਫੈਡਰੇਸ਼ਨ ਬਣਾ ਦਿਤੀ। ਇਹ ਤਾਰੀਖ ਕਨੇਡਾ ਦਾ ਜਨਮ ਦਿਨ ਮੰਨੀ ਗਈ ਹੈ। ਅਗਲੇ ਸਾਲਾਂ ਵਿਚ ਬਾਕੀ ਸੂਬੇ ਵੀ ਕਾਨਫੈਡਰੇਸ਼ਨ ਵਿਚ ਸ਼ਾਮਲ ਹੋ ਗਏ ਤੇ ਕਨੇਡਾ ਦਾ ਸਮੁੱਚਾ ਰੂਪ ਹੋਂਦ ਵਿਚ ਆ ਗਿਆ।

1931 ਵਿਚ ਕਨੇਡਾ ਆਜ਼ਾਦ ਹੋ ਗਿਆ।

ਕਨੇਡਾ ਪਾਰਲੀਮੈਂਟਰੀ ਲੋਕਤੰਤਰ ਹੈ। ਪਾਰਲੀਮੈਂਟ ਦੇ ਦੋ ਹਾਊਸ ਹਨ। ਹੇਠਲੇ ਹਾਊਸ ਨੂੰ ‘ਹਾਊਸ ਆਫ ਕੌਮਨਜ਼’ ਕਿਹਾ ਜਾਂਦਾ ਹੈ ਤੇ ਉੱਪਰਲੇ ਨੂੰ ਸੈਨੇਟ। ਹੇਠਲੇ ਹਾਊਸ ਦੇ ਮੈਂਬਰ ਲੋਕਾਂ ਵੱਲੋਂ ਚੁਣੇ ਜਾਂਦੇ ਹਨ ਤੇ ਸੈਨੇਟ ਦੇ, ਜਿਨ੍ਹਾਂ ਨੂੰ ਸੈਨੇਟਰ ਕਿਹਾ ਜਾਂਦਾ ਹੈ, ਨਿਯੁਕਤ ਕੀਤੇ ਜਾਂਦੇ ਹਨ। ‘ਹਾਊਸ ਆਫ ਕੌਮਨਜ਼’ ਦੀ ਬਹੁਮਤ ਪਾਰਟੀ ਦਾ ਲੀਡਰ ਪ੍ਰਧਾਨ ਮੰਤਰੀ ਹੁੰਦਾ ਹੈ। ਇੰਗਲੈਂਡ ਦੀ ਰਾਣੀ ਕਨੇਡਾ ਦੀ ਬਾਦਸ਼ਾਹ ਹੈ। ਪਰ ਇਹ ਉਪਾਧੀ ਸਿਰਫ ਸੰਵਿਧਾਨਕ ਹੈ। ਕਨੇਡਾ ਦੇ ਸਰਕਾਰੀ ਕਾਰਜਾਂ ਵਿਚ ਉਸਦੀ ਕੋਈ ਸਰਗਰਮ ਭੂਮਿਕਾ ਨਹੀਂ। ਕਨੇਡਾ ਦਾ ਗਵਰਨਰ ਜਨਰਲ ਰਾਣੀ ਦਾ ਪ੍ਰਤੀਨਿਧ ਹੈ। ਰਾਣੀ ਦੇ ਕਾਰਜ ਉਹ ਨਿਭਾਉਂਦਾ ਹੈ।

ਕਨੇਡਾ ਦੇ ਸੂਬਿਆਂ ਤੇ ਟੈਰਿਟਰੀਜ਼ ਦੀਆਂ ਆਪਣੀਆਂ ਲੈਜਿਸਲੇਟਿਵ ਅਸੈਂਬਲੀਆਂ ਹਨ। ਇਨ੍ਹਾਂ ਨੂੰ ‘ਪਰੋਵਿੰਸ਼ਿਅਲ ਪਾਰਲੀਮੈਂਟ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਮੈਂਬਰਾਂ ਦੀ ਚੋਣ, ਹਲਕਿਆਂ ਦੇ ਵੋਟਰਾਂ ਵਲੋਂ ਹੁੰਦੀ ਹੈ। ਬਹੁਮਤ ਵਾਲ਼ੀ ਪਾਰਟੀ ਦਾ ਲੀਡਰ ਸੂਬੇ ਦਾ ‘ਪ੍ਰੀਮੀਅਰ’ (ਮੁੱਖ ਮੰਤਰੀ) ਹੁੰਦਾ ਹੈ।

ਸੂਬਿਆਂ ਵਿਚ ਰਾਣੀ/ ਗਵਰਨਰ ਜਨਰਲ ਦਾ ਪ੍ਰਤੀਨਿਧ ਲੈਫਟੀਨੈਂਟ ਗਵਰਨਰ ਹੁੰਦਾ ਹੈ।

ਕਨੇਡਾ ਦੀਆਂ ਰਾਜਨੀਤਕ ਪਾਰਟੀਆਂ: ਲਿਬਰਲ ਪਾਰਟੀ, ਪ੍ਰੌਗਰੈਸਿਵ ਕੰਜ਼ਰਵੇਟਿਵ ਪਾਰਟੀ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਗਰੀਨ ਪਾਰਟੀ, ਬਲੌਕ ਕਿਊਬੈੱਕਵਾ, ਪਾਰਟੀ ਕਿਊਬੈੱਕਵਾ, (ਇਹ ਦੋ ਪਾਰਟੀਆਂ ਕਿਊਬੈੱਕ ਸੂਬੇ ਦੇ ਰਾਜਨੀਤਕਾਂ ਦੀਆਂ ਹਨ। ਇਸ ਸੂਬੇ ਵਿਚ ਬਹੁਗਿਣਤੀ ਫਰਾਂਸੀਸੀ ਮੂਲ ਦੇ ਕਨੇਡੀਅਨਾਂ ਦੀ ਹੈ)।

ਕਨੇਡਾ ਦੀਆਂ ਰਾਸ਼ਟਰੀ ਭਾਸ਼ਾਵਾਂ ਦੋ ਹਨ— ਅੰਗ੍ਰਜ਼ੀ ਤੇ ਫਰੈਂਚ।

ਕਨੇਡਾ ਮਲਟੀਕਲਚਰਲ ਯਾਨਿ ਬਹੁਸਭਿਆਚਾਰੀ ਦੇਸ਼ ਹੈ। ਮਲਟੀਕਲਚਰਿਜ਼ਮ ਕਨੇਡਾ ਦੇ ਵਿਧਾਨ ਦੇ ‘ਚਾਰਟਰ ਆਫ ਰਾਈਟਸ ਐਂਡ ਫਰੀਡਮ’ ਵਿਚ ਦਰਜ ਹੈ। ਦੁਨੀਆਂ ਦੇ 158 ਦੇਸ਼ਾਂ ਵਿੱਚੋਂ ਆਏ ਲੋਕ ਏਥੇ ਵਸਦੇ ਹਨ। Unity in Diversity ਯਾਨਿ ‘ਵੰਨ-ਸੁਵੰਨਤਾ ਵਿਚ ਏਕਤਾ’ ਦੇ ਸਿਧਾਂਤ ਅਨੁਸਾਰ ਇੰਮੀਗਰਾਂਟਾਂ ਦੀਆਂ ਚੀਨੀ, ਭਾਰਤੀ, ਇਟਾਲੀਅਨ, ਜਰਮਨ, ਫਿਲਪੀਨੀ, ਪਾਕਿਸਤਾਨੀ, ਪੁਰਤਗਾਲੀ, ਸ਼੍ਰੀ ਲੰਕਨ, ਈਰਾਨੀ, ਗੱਲ ਕੀ ਹਰ ਕਮਿਊਨਿਟੀ ਨੂੰ ਆਪਣੀ ਭਾਸ਼ਾ, ਕਲਚਰ ਤੇ ਧਰਮ ਨੂੰ ਬਰਕਰਾਰ ਰੱਖਣ ਦਾ ਹੱਕ ਹਾਸਲ ਹੈ।

ਕਨੇਡਾ ਦੁਨੀਆਂ ਦਾ 10ਵਾਂ ਵੱਡਾ ਅਰਥਚਾਰਾ ਹੈ। ਇਹ ਅਰਥਚਾਰਾ ਕੁਦਰਤੀ ਸ੍ਰੋਤਾਂ ਅਤੇ ਅੰਤਰਰਾਸ਼ਟਰੀ ਵਪਾਰ ਦੇ ਨੈੱਟਵਰਕ ’ਤੇ ਆਧਾਰਿਤ ਹੈ। ਕੁੱਲ ਜ਼ਮੀਨ ਦੇ 42% ਹਿੱਸੇ ਵਿਚ ਝੂਮਦੇ ਜੰਗਲ ਕਨੇਡਾ ਦੀ ਇਕਾਨਮੀ ਦਾ ਸ੍ਰੋਤ ਤਾਂ ਹਨ ਹੀ, ਇਹ ਵਾਤਾਵਰਣ ਨੂੰ ਵੀ ਸਾਫ ਰੱਖਦੇ ਹਨ।

ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ, ਕਨੇਡਾ ਦੀਆਂ ਸਿਹਤ ਤੇ ਵਿਦਿਅਕ ਪ੍ਰਣਾਲੀਆਂ, ਸਰਕਾਰਾਂ ਦੀਆਂ ਗਤੀਵਿਧੀਆਂ ਦੀ ਪਾਰਦਰਸ਼ਤਾ, ਇਸਦੇ ਨਾਗਰਿਕਾਂ ਦੇ ਜੀਵਨ-ਪੱਧਰ, ਉਨ੍ਹਾਂ ਦੀ ਸਿਵਲ ਤੇ ਆਰਥਿਕ ਆਜ਼ਾਦੀ ਅਤੇ ਕੁਝ ਹੋਰ ਮਹੱਤਵਪੂਰਨ ਪੱਖਾਂ ਤੋਂ ਇਹ ਦੇਸ਼ ਦੁਨੀਆਂ ਦੇ ਉੱਚ–ਕੋਟੀ ਦੇਸ਼ਾਂ ਵਿਚ ਗਿਣਿਆਂ ਜਾਂਦਾ ਹੈ।

ਕਨੇਡਾ ਦੇ ਮੌਸਮ

ਕਨੇਡਾ ਵਿਚ ਚਾਰ ਮੌਸਮ ਹਨ— ਸਰਦੀ, ਬਹਾਰ, ਗਰਮੀ ਤੇ ਪਤਝੜ। ਵੱਡੇ ਖੇਤਰਫਲ ਵਾਲ਼ਾ ਦੇਸ਼ ਹੋਣ ਕਰਕੇ ਸਾਰੇ ਸੂਬਿਆਂ ਵਿਚ ਮੌਸਮਾਂ ਦਾ ਸਮਾਂ ਇਕਸਾਰ ਨਹੀਂ।

ਓਨਟਾਰੀਓ ਸੂਬੇ ਵਿਚ ਸਰਦੀਆਂ ਅਤਿ ਠੰਢੀਆਂ ਹੁੰਦੀਆ ਨੇ। ਆਮ ਤੌਰ ਤੇ ਤਾਪਮਾਨ ਮਨਫੀ 15-20 ਸੈਲਸਿਅਸ ਅਤੇ ਕਈ ਵਾਰ ਮਨਫੀ 30-32 ਤੱਕ ਡਿਗ ਪੈਂਦਾ ਹੈ। ਬਰਫਬਾਰੀ ਵੀ ਹੁੰਦੀ ਰਹਿੰਦੀ ਹੈ। ਔਸਤਨ ਬਰਫ 10-15 ਸੈਂਟੀਮੀਟਰ ਤੇ ਬਰਫੀਲੇ ਤੂਫਾਨਾਂ ਦੌਰਾਨ 15-20 ਸੈਂਟੀਮੀਟਰ। ਗਰਮੀਆਂ ਵਿਚ ਆਮ ਤੌਰ ’ਤੇ ਤਾਪਮਾਨ 25-30 ਸੈਲਸਿਅਸ ਤੇ ਕਦੀ-ਕਦੀ 40 ਸੈਲਸਿਅਸ ਤੋਂ ਵੀ ਉੱਤੇ ਚਲਾ ਜਾਂਦਾ ਹੈ। ਮੌਸਮਾਂ ਵਿਚ ਉਤਰਾਅ-ਚੜ੍ਹਾਅ ਅਕਸਰ ਵਾਪਰ ਜਾਂਦੇ ਹਨ।

ਗਰਮੀਆਂ ਦਾ ਮੌਸਮ ਲੋਕਾਂ ਦਾ ਮਨਭਾਉਂਦਾ ਮੌਸਮ ਹੈ। ਸਰਦ ਰੁੱਤ ਲੰਮੀ ਹੋਣ ਕਰਕੇ ਅੰਦਰੀਂ ਡੱਕੇ ਹੋਏ ਲੋਕ ਅੱਕੇ ਪਏ ਹੁੰਦੇ ਹਨ। ਗਰਮੀ ਸ਼ੁਰੂ ਹੋਣ ’ਤੇ ਉਨ੍ਹਾਂ ਨੂੰ ਘੁੰਮਣ-ਫਿਰਨ ਦਾ ਝੱਲ ਚੜ੍ਹ ਜਾਂਦਾ ਹੈ। ਉਹ ਇਸ ਨੂੰ ਰੱਜ ਕੇ ਮਾਣਦੇ ਹਨ। ਪਰਿਵਾਰਾਂ ਨੂੰ ਲੈ ਕੇ ਹੌਲੀਡੇਜ਼ ’ਤੇ ਜਾਂਦੇ ਹਨ। ਬੀਚਾਂ ’ਤੇ ਜਾ ਕੇ ਤੈਰਦੇ ਅਤੇ ਧੁੱਪ ਇਸ਼ਨਾਨ ਕਰਦੇ ਹਨ। ਭਾਰਤੀ ਮੂਲ ਦੇ ਕਨੇਡੀਅਨ, ਹਰਿਆਵਲ ਤੇ ਰੰਗ-ਬਰੰਗੇ ਫੁੱਲਾਂ ਨਾਲ਼ ਲੱਦੇ ਪਾਰਕਾਂ ਵਿਚ , ਰਿਸ਼ਤੇਦਾਰਾਂ ਤੇ ਦੋਸਤਾਂ ਸੰਗ ਪਿਕਨਿਕਾਂ ਕਰਦੇ ਹਨ। ਦਿਨ ਤਕਰੀਬਨ 15 ਘੰਟੇ ਲੰਮੇ ਹੁੰਦੇ ਹਨ, ਸੂਰਜ ਨੌਂ ਵਜ ਦੇ ਕਰੀਬ ਮਿਟਦਾ ਹੈ।

ਕਨੇਡਾ ’ਚ ਪਾਣੀ ਦੇ ਅਥਾਹ ਭੰਡਾਰ ਬਾਰੇ ਪੜ੍ਹਦਿਆਂ ਮੈਨੂੰ ਢੇਰ ਖੁਸ਼ੀ ਹੋਈ ਸੀ। ਵਿਸ਼ਾਲ ਪਾਣੀਆਂ ਦੇ ਨਜ਼ਾਰੇ ਮੈਂ ਰੱਜ ਕੇ ਮਾਣ ਸਕਦਾ ਸਾਂ। ਸਮੁੰਦਰ ਤੇ ਦਰਿਆਵਾਂ ਤੋਂ ਇਲਾਵਾ ਇਸ ਦੇਸ਼ ਵਿਚ ਹਜ਼ਾਰਾਂ ਝੀਲਾਂ ਹਨ। 100 ਵਰਗ ਕਿਲੋਮੀਟਰ ਤੋਂ ਵੱਧ ਏਰੀਏ ਵਾਲ਼ੀਆਂ ਝੀਲਾਂ ਦੀ ਗਿਣਤੀ 561 ਹੈ।

ਕਨੇਡਾ-ਅਮਰੀਕਾ ਵਿਚ ਫੈਲੀਆਂ ਵਿਸ਼ਾਲ ਝੀਲਾਂ ‘ਗਰੇਟ ਲੇਕਸ’ ਦੇ ਨਾਂ ਨਾਲ਼ ਜਾਣੀਆਂ ਜਾਂਦੀਆਂ ਹਨ। ਚਾਰ ‘ਗਰੇਟ ਲੇਕਸ’ ਇਹ ਹਨ: ਲੇਕ ਸੁਪੀਰੀਅਰ (82100 ਵਰਗ ਕਿਲੋਮੀਟਰ), ਲੇਕ ਹਿਉਰੋਨ (60000 ਵਰਗ ਕਿਲੋਮੀਟਰ), ਲੇਕ ਇਰੀ (25740 ਵਰਗ ਕਿਲੋਮੀਟਰ) ਤੇ ਲੇਕ ਓਨਟੇਰੀਓ (18960 ਵਰਗ ਕਿਲੋਮੀਟਰ)।

ਪੰਜਵੀਂ ‘ਗਰੇਟ ਲੇਕ’ ਲੇਕ ਮਿਸ਼ੀਗਨ (58000 ਵਰਗ ਕਿਲੋਮੀਟਰ) ਸਿਰਫ ਅਮਰੀਕਾ ਵਿਚ ਹੀ ਵਗਦੀ ਹੈ।

ਨਿਆਗਰਾ ਫਾਲਜ਼

‘ਗਰੇਟ ਲੇਕਸ’ ਬਾਰੇ ਪੜ੍ਹਦਿਆਂ ‘ਨਿਆਗਰਾ ਫਾਲਜ਼’ ਬਾਬਤ ਵੀ ਜਾਣਕਾਰੀ ਹਾਸਲ ਹੋਈ। ਨਿਆਗਰਾ ਫਾਲਜ਼ (ਝਰਨਿਆਂ) ਦਾ ਸ੍ਰੋਤ ‘ਇਰੀ ਝੀਲ’ ਹੈ। ਇਸ ਝੀਲ ਵਿੱਚੋਂ ਨਿਕਲ਼ਦਾ ਦਰਿਆ ਨਿਆਗਰਾ 23 ਕਿਲੋਮੀਟਰ ਦਾ ਸਫਰ ਕਰਕੇ ‘ਨਿਆਗਰਾ ਫਾਲਜ਼’ ਤੇ ਪਹੁੰਚਦਾ ਹੈ। ਇਸੇ ਦਰਿਆ ਵਿੱਚੋਂ ਨਿਕਲ਼ੇ ਦੋ ਛੋਟੇ–ਛੋਟੇ ਫਾਲਜ਼ ਅਮਰੀਕਾ ਸਾਈਡ ’ਤੇ ਵੀ ਹਨ। ਟਰਾਂਟੋ ਤੋਂ 130 ਕਿਲੋਮੀਟਰ ਦੂਰ ਤਿੰਨੇ ਫਾਲਜ਼ ਕਨੇਡਾ–ਅਮਰੀਕਾ ਦੇ ਬਾਰਡਰ ’ਤੇ ਸਥਿਤ ਹਨ। ਕਨੇਡਾ ਵੱਲ ਦੇ ਪਾਸੇ ਸੂਬਾ ਓਨਟੇਰੀਓ ਤੇ ਅਮਰੀਕਾ ਵੱਲ ਦੇ ਪਾਸੇ ਨਿਊਯਾਰਕ ਸਟੇਟ ਹੈ। ਵਿਚਾਲੇ ਨਿਆਗਰਾ ਦਰਿਆ ਵਗਦਾ ਹੈ। ਦਰਿਆ ’ਤੇ ਬਣਿਆ ਪੁਲ਼ ਦੋਨਾਂ ਦੇਸ਼ਾ ਨੂੰ ਜੋੜਦਾ ਹੈ।

ਅਮਰੀਕਾ ਦੇ ਫਾਲਜ਼ ਬਹੁਤ ਛੋਟੇ ਹੋਣ ਕਰਕੇ, ਪ੍ਰਸਿੱਧੀ ਕਨੇਡਾ ਦੇ ਫਾਲ ਨੂੰ ਹੀ ਹਾਸਲ ਹੈ। ਮੈਂ ਇੱਥੇ ਗੱਲ ਵੀ ਇਸੇ ਫਾਲ ਦੀ ਕਰ ਰਿਹਾਂ। ਨਿਆਗਰਾ ਦਰਿਆ ਦੇ ਵਹਾਅ ਦੀ ਚੌੜਾਈ 8500 ਫੁੱਟ ਅਤੇ ਫਾਲ ਦੀ ਚੌੜਾਈ 2590 ਫੁੱਟ ਹੈ। ਇਸ ਫਾਲ ਦੀ ਉਚਾਈ ਤੇ ਪਾਣੀ ਦੀ ਵਿਸ਼ਾਲਤਾ ਦੇ ਪੱਖਾਂ ਤੋਂ ਇਹ ਦੁਨੀਆਂ ਦਾ ਦੂਜਾ ਵੱਡਾ ਫਾਲ ਹੈ। ਸਾਢੇ ਪੰਜ ਲੱਖ ਲਿਟਰ ਪਾਣੀ ਪ੍ਰਤੀ ਸੈਕਿੰਡ 167 ਫੁੱਟ ਦੀ ਉਚਾਈ ਤੋਂ ਹੇਠਾਂ ਡਿਗਦਾ ਹੈ। ਹਰ ਸਾਲ ਤਕਰੀਬਨ 12 ਲੱਖ ਸੈਲਾਨੀ ਇਸਨੂੰ ਦੇਖਣ ਆਉਂਦੇ ਹਨ।

ਕੁਦਰਤ ਦੇ ਇਸ ਉੱਘੇ ਕ੍ਰਿਸ਼ਮੇ ਨੂੰ ਦੇਖਣ ਲਈ ਮਨ ਉਤਾਵਲਾ ਹੋ ਗਿਆ। ਰਣਜੀਤ–ਗੁਰਸ਼ਰਨ ਵੀ ਆਊਟਿੰਗ ਦੇ ਮੂਡ ’ਚ ਸਨ। ਇਕ ਵੀਕ–ਐਂਡ ’ਤੇ ਅਸੀਂ ਤਿੰਨੇ ਫਾਲ ’ਤੇ ਜਾ ਪਹੁੰਚੇ। ਦਰਸ਼ਕਾਂ ਦੀ ਸੁੱਰਖਿਆ ਵਾਸਤੇ ਬਣੀ ਮਜ਼ਬੂਤ ਰੇਲਿੰਗ ਦੇ ਨਾਲ਼–ਨਾਲ਼ ਖਲੋਤੇ ਸੈਂਕੜੇ ਲੋਕ ਫਾਲ ਦਾ ਨਜ਼ਾਰਾ ਮਾਣ ਰਹੇ ਸਨ। ਢੁੱਕਵੀਂ ਥਾਂ ਵੇਖ ਕੇ ਅਸੀਂ ਵੀ ਰੇਲਿੰਗ ਨਾਲ਼ ਖੜ੍ਹ ਗਏ। ਫਾਲਜ਼ ਨੂੰ ਨਿਹਾਰਨ ਤੋਂ ਪਹਿਲਾਂ ਮੈਂ ਨਿਆਗਰਾ ਦਰਿਆ ’ਤੇ ਭਰਵੀਂ ਨਜ਼ਰ ਸੁੱਟੀ। ਦਰਿਆ ਹੇਠਲੀ ਧਰਤੀ ਪਥਰੀਲੀ ਹੋਣ ਕਰਕੇ ਪਾਣੀ ਐਨ੍ਹ ਸਾਫ ਸੀ। ਦਰਿਆ ਦਾ ਵਹਿਣ ਧੀਮਾ ਨਹੀਂ ਤੇਜ਼ ਸੀ। ਮੈਨੂੰ ਇੰਜ ਜਾਪਿਆ ਜਿਵੇਂ ਫਾਲਜ਼ ’ਤੇ ਆਪਣਾ ਜਲੌਅ ਦਿਖਾਉਣ ਲਈ ਦਰਿਆ ਦੌੜਾ ਆ ਰਿਹਾ ਹੋਵੇ। ਫਿਰ ਮੇਰੀ ਨਿਗ੍ਹਾ ਫਾਲ ’ਤੇ ਟਿਕ ਗਈ। 167 ਫੁੱਟ ਦੀ ਉਚਾਈ ਤੋਂ ਲਗਾਤਾਰ ਡਿਗਦੇ ਅਤੇ ਉਤਾਂਹ ਨੂੰ ਉੱਛਲਦੇ ਬੇਸ਼ੁਮਾਰ ਪਾਣੀ ਦੀ ਖੜਕਾਰ ਸੋਚਾਂ–ਫਿਕਰਾਂ ’ਚ ਡੁੱਬੇ ਮਨਾਂ ਨੂੰ ਉਮਾਹ–ਹੁਲਾਰਾ ਪ੍ਰਦਾਨ ਕਰ ਰਹੀ ਸੀ। ਖੌਲ਼ਦੇ ਪਾਣੀ ਵਿੱਚੋਂ ਉੱਭਰਦੀ ਭੂਰ ਆਸੇ–ਪਾਸੇ ਦੂਰ ਤੱਕ ਝਰ ਰਹੀ ਸੀ। ਨਿੱਖਰੇ ਆਸਮਾਨ ਤੇ ਨਿੱਘੀ ਧੁੱਪ ਵਿਚ ਵਰ੍ਹਦੇ ਫੁਹਾਰ–ਨੁਮਾ ਮੀਂਹ ਨੂੰ ਕੁਦਰਤ ਦਾ ਕੌਤਕ ਆਖਿਆ ਜਾ ਸਕਦਾ ਹੈ… ਉਤਾਂਹ ਨੂੰ ਉੱਠ ਰਹੀ ਭੂਰ ਵਿੱਚੋਂ ਉਪਜੀ ਵਿਸ਼ਾਲ ਸਤਰੰਗੀ ਪੀਂਘ, ਫਾਲ ਦੇ ਸਮੁੱਚੇ ਦ੍ਰਿਸ਼ ਉੱਪਰ ਖੂਬਸੂਰਤ ਤਾਜ ਵਾਂਗ ਰੂਪਮਾਨ ਹੋ ਰਹੀ ਸੀ।

ਚੋਖਾ ਸਮਾਂ ਫਾਲ ਦਾ ਨਜ਼ਾਰਾ ਮਾਣ ਕੇ ਰਣਜੀਤ ਤੇ ਗੁਰਸ਼ਰਨ ਪਿਛਾਂਹ ਬੈਂਚ ’ਤੇ ਜਾ ਬੈਠੇ। ਪਰ ਮੇਰਾ ਓਥੋਂ ਹਿੱਲਣ ਨੂੰ ਜੀਅ ਨਹੀਂ ਸੀ ਕਰ ਰਿਹਾ। ਰਣਜੀਤ ਦਾ ਇਸ਼ਾਰਾ ਦੇਖ ਕੇ ਮੈਂ ਉਨ੍ਹਾਂ ਕੋਲ਼ ਆ ਗਿਆ। ਕੁਝ ਕੁ ਦੇਰ ਅਸੀਂ ਅਮਰੀਕਾ ਦੇ ਨਿੱਕ–ਆਕਾਰੀ ਫਾਲਜ਼ ਦੇਖੇ ਤੇ ਫਿਰ ਪਹਿਲਾਂ ਬਣਾਈ ਸਕੀਮ ਅਨੁਸਾਰ ਕਾਰ ’ਚ ਸਵਾਰ ਹੋ, ਨਿਆਗਰਾ ਦਰਿਆ ਦਾ ਫਾਲਜ਼ ਤੋਂ ਅਗਲਾ ਸਫਰ ਦੇਖਣ ਚਲ ਪਏ। ਡੂੰਘਾਈ ’ਚ ਵਗਦੇ ਇਸ ਦਰਿਆ ਦੇ ਨਾਲ਼–ਨਾਲ਼ ਬਣੀ ਸੜਕ ’ਤੇ ਜਾ ਕੇ ਰਣਜੀਤ ਨੇ ਕਾਰ ਇਕ ਛੋਟੇ ਜਿਹੇ ਪਾਰਕਿੰਗ–ਲੌਟ ’ਚ ਲਾ ਦਿੱਤੀ। ਕਾਰ ਤੋਂ ਉੱਤਰ ਕੇ ਅਸੀਂ ਦਰਿਆ ਦੇ ਕਿਨਾਰੇ ਜਾ ਖਲੋਏ। ਨਿਆਗਰਾ ਦਰਿਆ ਦਾ ਬਿਲਕੁਲ ਹੀ ਵੱਖਰਾ ਰੂਪ ਨਜ਼ਰ ਆਇਆ— ਸਾਧਾਰਨ ਜਿਹੀ ਚਾਲ ਤੇ ਖਾਮੋਸ਼ ਵਹਾਅ। ਫਾਲ ’ਤੇ ਆਪਣਾ ਜਲੌਅ ਦਿਖਾਉਣ ਬਾਅਦ ਨਿਆਗਰਾ ਸੁਖਦ–ਸੰਤੁਸ਼ਟ ਰਉਂ ਵਿਚ ਵਗਦਾ ਜਾਪਿਆ।

ਕਾਰ ਵਿਚ ਮੁੜ ਸਵਾਰ ਹੋ ਅਸੀਂ ਓਨਟੇਰੀਓ ਝੀਲ ’ਤੇ ਪਹੁੰਚ ਗਏ। ਨਿਆਗਰਾ ਦਰਿਆ ਇਸ ਝੀਲ ਵਿਚ ਸ਼ਾਮਲ ਹੋ ਰਿਹਾ ਸੀ। ਇਸੇ ਝੀਲ ਦੇ ਕਿਸੇ ਹੋਰ ਪਾਸਿਓਂ ‘ਸੇਂਟ ਲਾਰੈਂਸ ਦਰਿਆ’ ਆਪਣੀ ਹੋਂਦ ਗ੍ਰਹਿਣ ਕਰ ਰਿਹਾ ਸੀ।

ਇਰੀ ਝੀਲ—ਨਿਆਗਰਾ ਦਰਿਆ—ਓਨਟੇਰੀਓ ਝੀਲ—ਸੇਂਟ ਲਾਰੈਂਸ ਦਰਿਆ… ਜਲਧਾਰਾ ਦੇ ਨਿਰੰਤਰ ਸਫਰ ਦੀ ਵਡਮੁੱਲੀ ਤੇ ਰੌਚਿਕਤਾ ਭਰਪੂਰ ਝਾਕੀ ਹੈ ਇਹ।

ਨਿਆਗਰਾ ਦਰਿਆ ਤੇ ਓਨਟੇਰੀਓ ਝੀਲ ਦੇ ਮਿਲਣ–ਸਥਾਨ ਤੋਂ ਅਸੀਂ ਫਾਲ ’ਤੇ ਪਰਤ ਆਏ। ਸ਼ਾਮ ਪੈ ਗਈ ਸੀ। ਫਾਲਜ਼ ਦੇ ਇਸ ਪਾਸੇ ਤੇ ਪਰਲੇ ਪਾਸੇ ਦੀਆਂ ਲਾਈਟਾਂ ਜਗ ਪਈਆਂ। ਇਨ੍ਹਾਂ ਲਾਈਟਾਂ ਦਾ ਸ੍ਰੋਤ ਨਿਆਗਰਾ ਦਰਿਆ ਹੈ। ਕਨੇਡਾ–ਅਮਰੀਕਾ ਨੇ ਆਪੋ ਆਪਣੇ ਪਾਸੇ ਪਣ–ਬਿਜਲੀ ਦੇ ਪਲਾਂਟ ਲਾਏ ਹੋਏ ਹਨ। ਇਨ੍ਹਾਂ ਪਲਾਂਟਾਂ ਵਾਸਤੇ ਦੋਵੇਂ ਦੇਸ਼ ਪਣ–ਸੁਰੰਗਾਂ ਰਾਹੀਂ ਨਿਆਗਰਾ ਦਾ ਪਾਣੀ ਵਰਤਦੇ ਹਨ। ਬਿਜਲੀ ਉਤਪਾਦਨ ਤੋਂ ਬਾਅਦ ਪਾਣੀ ਮੁੜ ਦਰਿਆ ਵਿਚ ਪਾ ਦਿੱਤਾ ਜਾਂਦਾ ਹੈ। ਦਿਨ ਵੇਲੇ ਪਾਣੀ ਦੀ ਘਟੀ ਮਿਕਦਾਰ ਸੈਲਾਨੀਆਂ ਦੀ ਦਿਲਚਸਪੀ ’ਤੇ ਅਸਰ ਪਾ ਸਕਦੀ ਹੈ, ਇਸ ਕਰਕੇ ਪਣ–ਸੁਰੰਗਾਂ ਰਾਤ ਸਮੇਂ ਹੀ ਖੋਲ੍ਹੀਆਂ ਜਾਂਦੀਆਂ ਹਨ। ਰਾਤ ਨੂੰ ਸੈਲਾਨੀ ਥੋੜ੍ਹੇ ਹੁੰਦੇ ਹਨ।

ਰਾਤ ਦੇ 9 ਵਜੇ ਫਾਲ ਤੇ ਲਾਈਟਾਂ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀ। ਉਹ ਦੇਖਣ ਤੋਂ ਬਾਅਦ ਹੀ ਅਸੀਂ ਘਰ ਨੂੰ ਮੁੜਨਾ ਸੀ। ਡਿਨਰ ਵਾਸਤੇ ਅਸੀਂ ਮੈਕਡੋਨਲ ’ਚ ਜਾ ਵੜੇ। ਮੈਕਡੋਨਲ ’ਚੋਂ ਨਿਕਲ਼ ਕੇ ਢੁੱਕਵੀਂ ਥਾਂ ’ਤੇ ਬੈਠੇ ਹੀ ਸਾਂ ਕਿ ਲਾਈਟਾਂ ਦਾ ਕ੍ਰਿਸ਼ਮਾ ਸ਼ੁਰੂ ਹੋ ਗਿਆ। ਫਾਲ ਉੱਪਰ ਤਿੰਨ ਥਾਵਾਂ ਤੋਂ ਲਾਈਟਾਂ ਬਿਖੇਰੀਆਂ ਜਾ ਰਹੀਆਂ ਸਨ। ਮਨੁੱਖ ਦੀ ਕਾਰੀਗਰੀ ਨੇ ਫਾਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ ਸੀ। ਇਸੇ ਪਾਣੀ ਵਿੱਚੋਂ ਉਪਜੀ ਬਿਜਲੀ ਲਾਲ, ਹਰੇ, ਨੀਲੇ, ਕਾਸ਼ਣੀ, ਗੁਲਾਬੀ ਆਦਿ ਰੰਗਾਂ ਵਿਚ ਸਜ–ਧਜ ਕੇ ਆਪਣੇ ਮੂਲ ਨੂੰ ਮਿਲ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮਿਲਾਪ ਦੀ ਖੁਸ਼ੀ ਵਿਚ ਲਾਈਟਾਂ ਅਤੇ ਪਾਣੀ ਨ੍ਰਿਤ ਕਰ ਰਹੇ ਹੋਣ—ਡਾਢਾ ਹੀ ਅਨੂਠਾ ਨ੍ਰਿਤ… ਰੰਗਾਂ ਦੀਆਂ ਬਹੁਪਰਤੀ ਸ਼ੇਡਾਂ ਵਾਲ਼ੀਆਂ ਲਾਈਟਾਂ ਨਾਲ਼ ਰੌਸ਼ਨ ਹੋ ਰਹੇ ਨਿਆਗਰਾ ਫਾਲ ਦਾ ਰਮਣੀਕ ਨਜ਼ਾਰਾ ਮਾਣਦਿਆਂ ਮੇਰੀ ਰੂਹ ਖਿੜ ਗਈ। ਆਨੰਦਿਤ ਹੋਏ ਅਸੀਂ ਵਾਪਸ ਚੱਲ ਪਏ।

ਕਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਵੀਕਐਂਡਾਂ ’ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀਆਂ ਪਰਿਵਾਰਕ ਮਿਲਣੀਆਂ ਦੀ ਰੀਤ ਬਣੀ ਹੋਈ ਏ। ਇੰਡੀਆ, ਇੰਗਲੈਂਡ, ਅਮਰੀਕਾ ਆਦਿ ਦੇਸ਼ਾਂ ਅਤੇ ਕਨੇਡਾ ਦੇ ਦੂਜੇ ਸੂਬਿਆਂ ਤੋਂ ਆਉਂਦੇ ਸਕੇ–ਸੰਬੰਧੀਆਂ ਦੇ ਆਦਰ ਵਿਚ ਮਿਲਣੀਆਂ ਦੇ ਪ੍ਰੋਗਰਾਮ ਉਚੇਚੇ ਤੌਰ ’ਤੇ ਬਣਾਏ ਜਾਂਦੇ ਹਨ ਰਿਸ਼ਤੇਦਾਰਾਂ ਵੱਲੋਂ ਇਹ ਆਦਰ ਮੈਨੂੰ ਵੀ ਨਸੀਬ ਹੋਇਆ ਨਵੰਬਰ ’ਚ ਸੰਘਵਾਲ ਤੋਂ ਮੇਰਾ ਸਕਾ ਭਾਣਜਾ ਜਸਪਾਲ ਵੀ ਕਨੇਡਾ ਆ ਗਿਆ। ਉਸਦੀ ਮੰਗੇਤਰ ਨਰਿੰਦਰ ਨੇ ਉਸਨੂੰ ਸਪਾਂਸਰ ਕੀਤਾ ਹੋਇਆ ਸੀ। ਉਦੋਂ ਮੰਗੇਤਰ ਨੂੰ ਸਪਾਂਸਰ ਕਰਨ ਦਾ ਕਾਨੂੰਨ ਹੈਗਾ ਸੀ। 3 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਹੋ ਗਿਆ। ਸਵੇਰੇ ਗੁਰਦਵਾਰੇ ਆਨੰਦ ਕਾਰਜ ਸੀ ਤੇ ਸ਼ਾਮ ਨੂੰ ਬੈਂਕੁਇਟ ਹਾਲ ’ਚ ਰਿਸੈਪਸ਼ਨ ਪਾਰਟੀ।

ਦਸੰਬਰ ਦਾ ਆਖਰੀ ਹਫਤਾ ਸ਼ੁਰੂ ਹੋ ਗਿਆ ਸੀ। ਐਮਨਿਸਟੀ ਦੀ ਝਾਕ ਲਾਈ ਬੈਠੇ ਮੇਰੇ ਵਰਗੇ ਅਨੇਕ ਲੋਕ, ਤੀਬਰਤਾ ਨਾਲ਼, ਸਰਕਾਰੀ ਐਲਾਨ ਦੀ ਉਡੀਕ ਕਰ ਰਹੇ ਸਨ। ਉਦੋਂ (1988 ’ਚ) ਦੇਸ਼ ਦਾ ਪ੍ਰਧਾਨ ਮੰਤਰੀ ਬਰਾਇਨ ਮੁਲਰੋਨੀ ਸੀ। ਉਸਦੀ ਕੰਜ਼ਰਵਟਿਵ ਪਾਰਟੀ ਚਾਰ ਸਾਲ ਦੀ ਟਰਮ ਪੂਰੀ ਕਰਕੇ ਦੂਜੀ ਵਾਰ ਪਾਵਰ ’ਚ ਆ ਚੁੱਕੀ ਸੀ। 31 ਦਸੰਬਰ ਨੂੰ ਤਤਕਾਲੀ ਇੰਮੀਗ੍ਰੇਸ਼ਨ ਮਨਿਸਟਰ ਨੇ ਜੋ ਭਾਸ਼ਣ ਦਿੱਤਾ, ਉਸ ਵਿਚ ਐਮਨਿਸਟੀ ਹੈ ਨ੍ਹੀਂ ਸੀ। ਮਨਿਸਟਰ ਅਨੁਸਾਰ ’ਕੱਲੇ- ’ਕੱਲੇ ਕੇਸ ਦੀ ਸੁਣਵਾਈ ਹੋਣੀ ਸੀ। ਸੁਣਵਾਈ ਦੀਆਂ ਦੋ ਸਟੇਜਾਂ ਰੱਖੀਆਂ ਗਈਆਂ ਸਨ। ਪਹਿਲੀ ਸਟੇਜ ‘ਹਿਉਮੈਨੀਟੇਰੀਅਨ ਗਰਾਊਂਡਜ਼’ ਯਾਨਿ ਮਾਨਵਵਾਦੀ ਹਿਤਾਂ ’ਤੇ ਆਧਾਰਿਤ ਸੀ। ਇਸ ਸਟੇਜ ’ਤੇ ਇੰਮੀਗ੍ਰੇਸ਼ਨ ਅਫਸਰਾਂ ਵੱਲੋਂ ਹਰ ਬਿਨੈਕਾਰ ਨੂੰ ਇੰਟਰਵਿਊ ਕੀਤਾ ਜਾਣਾ ਸੀ। ਅੰਗ੍ਰੇਜ਼ੀ ਦੀ ਮੁਹਾਰਤ, ਸਥਿਰ ਜੌਬ ਤੇ ਠੀਕ ਆਚਰਣ ਵਾਲੇ ਬਿਨੈਕਾਰ ਨੂੰ ਇਸੇ ਸਟੇਜ ’ਤੇ ਪੀ. ਆਰ (Permanent Residency) ਲਈ ‘ਹਾਂ’ ਹੋ ਜਾਣੀ ਸੀ। ਇਨ੍ਹਾਂ ਪੱਖਾਂ ਤੋਂ ਊਣੇ ਬਿਨੈਕਾਰਾਂ ਦੀ ਫਾਈਲ, ਇੰਮੀਗ੍ਰੇਸ਼ਨ ਅਫਸਰ ਨੇ ਰਫਿਊਜੀ ਬੋਰਡ ’ਚ ਸੁਣਵਾਈ ਵਾਸਤੇ ਭੇਜ ਦੇਣੀ ਸੀ। ਬੋਰਡ ’ਚ ਰਿਜੈਕਟ ਹੋਏ ਬਿਨੈਕਾਰ ਨੂੰ ਡਿਪੋਰਟ ਕੀਤਾ ਜਾ ਸਕਦਾ ਸੀ। ਮਨਿਸਟਰ ਅਨੁਸਾਰ ਬਿਨੈਕਾਰਾਂ ਦੀ ਗਿਣਤੀ ਪੌਣੇ ਦੋ ਲੱਖ ਦੇ ਕਰੀਬ ਪਹੁੰਚ ਚੁੱਕੀ ਸੀ। ਸਾਰੇ ਬਿਨੈਕਾਰਾਂ ਨੂੰ ਦੋ ਮਹੀਨੇ ਦੇ ਵਿਚ–ਵਿਚ ਵਰਕ ਪਰਮਿਟ ਤੇ ਸੋਸ਼ਲ ਇੰਸ਼ੋਰੈਂਸ ਕਾਰਡ ਮਿਲ਼ ਜਾਣੇ ਸਨ।

ਸਰਕਾਰ ਦੇ ਇਸ ਫੈਸਲੇ ਨੇ ਮੈਨੂੰ ਸੋਚਾਂ ਵਿਚ ਪਾ ਦਿੱਤਾ। ਮੈਨੂੰ ਪਹਿਲੀ ਸਟੇਜ ’ਤੇ ਹੀ ਕਾਮਯਾਬੀ ਦਾ ਭਰੋਸਾ ਤਾਂ ਸੀ ਪਰ ਚੱਕਰ ਲੰਮਾ ਸੀ। ਅਖਬਾਰਾਂ ’ਚ ਛਪੇ ਵੇਰਵਿਆਂ ਤੋਂ ਮੈਂ ਜੋ ਹਿਸਾਬ ਲਾਇਆ ਉਸ ਅਨੁਸਾਰ ਸੁਣਵਾਈ ਵਾਸਤੇ ਮੇਰੀ ਵਾਰੀ ਦੋ ਸਾਲ ਬਾਅਦ ਆਉਣੀ ਸੀ। ਉਸ ਤੋਂ ਬਾਅਦ ਪੀ. ਆਰ. ਮਿਲਣ ਅਤੇ ਮੇਰੇ ਪਰਿਵਾਰ ਨੂੰ ਕਨੇਡਾ ਪਹੁੰਚਣ ਤਕ ਸਾਲ-ਡੇਢ ਸਾਲ ਹੋਰ ਲੱਗ ਜਾਣਾ ਸੀ। ਸਾਢੇ ਤਿੰਨ ਸਾਲ ਪਰਿਵਾਰ ਤੋਂ ਦੂਰ ਰਹਿਣਾ ਕੱਠਿਨ ਜਾਪ ਰਿਹਾ ਸੀ। ਮਸਲਾ ਸਿਰਫ ਪਰਿਵਾਰ ਤੋਂ ਦੂਰੀ ਦਾ ਹੀ ਨਹੀਂ, ਰੋਟੀ ਬਣਾਉਣ ਦਾ ਵੀ ਸੀ। ਏਨਾ ਲੰਮਾ ਸਮਾਂ ਰਣਜੀਤ-ਗੁਰਸ਼ਰਨ ’ਤੇ ਬੋਝ ਬਣਨਾ ਮੇਰੀ ਰੂਹ ਨੂੰ ਪ੍ਰਵਾਨ ਨਹੀਂ ਸੀ। ਤੇ ਆਪ ਰੋਟੀ ਬਣਾਉਣ ਦੇ ਮਾਮਲੇ ਵਿਚ ਮੈਂ ਬਿਲਕੁਲ ਹੀ ਅਨਾੜੀ ਸਾਂ। ਕਨੇਡਾ ਦਾ ਬਰਫਾਂ-ਲੱਦਿਆ ਅਤਿ ਠੰਢਾ ਮੌਸਮ ਵੀ ਡਰਾ ਰਿਹਾ ਸੀ।

ਕਠਿਨਾਈਆ ਬਾਰੇ ਸੋਚਦਿਆਂ ਮਨ ਇੰਡੀਆ ਵੱਲ ਨੂੰ ਅਹੁਲ਼ ਪਿਆ। ਓਥੇ ਨੌਕਰੀ ਅਜੇ ਹੈਗੀ ਸੀ। ਸਾਡੀ ਬੈਂਕ ਦੇ ਨਿਯਮਾਂ ਅਨੁਸਾਰ ‘ਐਕਸ ਇੰਡੀਆ ਲੀਵ’ ਛੇ ਮਹੀਨੇ ਦੀ ਸੀ। ਚਾਰ ਮਹੀਨੇ ਲੈ ਕੇ ਆਇਆ ਸਾਂ। ਚਿੱਠੀ ਪਾ ਕੇ ਦੋ ਮਹੀਨੇ ਹੋਰ ਵਧਾ ਲਈ ਸੀ।

ਇੰਡੀਆ ਮੁੜਨ ਦੀ ਗੱਲ ਮੈਂ ਰਣਜੀਤ ਨਾਲ਼ ਕੀਤੀ। ਉਹ ਕਹਿਣ ਲੱਗਾ, “ਜਿਹੜਾ ਟੱਬਰ ’ਚੋਂ ਪਹਿਲਾ ਬੰਦਾ ਆਉਂਦੈ, ਉਹਨੂੰ ਸਟਰਗਲ ਤਾਂ ਕਰਨੀ ਹੀ ਪੈਂਦੀ ਆ। ਮੇਰੇ ਖਿਆਲ ’ਚ ਤੁਹਾਨੂੰ ਵਾਪਸ ਨਹੀਂ ਜਾਣਾ ਚਾਹੀਦਾ।

ਮੈਂ ਜੀਵਨ ਦੇ ਪਹਿਲੇ ਪੜਾਵਾਂ ’ਤੇ ਵੀ ਸੰਘਰਸ਼ ਕੀਤਾ ਸੀ। ਹੁਣ ਨਵਾਂ ਸੰਘਰਸ਼ ਵਿੱਢਣ ਦੀ ਲੋੜ ਪੈ ਗਈ ਸੀ… ਭਾਰਤ ਦੀ ਰਾਜਨੀਤੀ ਅਤੇ ਪ੍ਰਬੰਧਕੀ ਢਾਂਚੇ ਵਿਚ ਫੈਲੇ ਭ੍ਰਿਸ਼ਟਾਚਾਰ ਕਾਰਨ ਓਥੇ ਬੱਚਿਆਂ ਦਾ ਭਵਿੱਖ ਠੀਕ ਨਹੀਂ ਸੀ ਨਜ਼ਰ ਆ ਰਿਹਾ। ਉਸਦੇ ਮੁਕਾਬਲੇ ਕਨੇਡਾ ਦੇ ਲੋਕ-ਪੱਖੀ ਰਾਜਨੀਤਕ ਤੇ ਪ੍ਰਬੰਧਕੀ ਸਿਸਟਮ ਬਿਹਤਰ ਜੀਵਨ ਦੀ ਆਸ ਬੰਨ੍ਹਾ ਰਹੇ ਸਨ। ਕਨੇਡਾ ’ਚ ਮੇਰੇ ਪਰਿਵਾਰ ਦੇ ਸੈੱਟ ਹੋਣ ਬਾਅਦ ਭੈਣਾਂ–ਭਰਾਵਾਂ ਦੇ ਬੱਚਿਆਂ ਦੇ ਵੀ ਏਧਰ ਆਉਣ ਦੇ ਚਾਨਸ ਬਣ ਸਕਦੇ ਸਨ।

ਭਾਰਤ ਜਿਸ ਤਰ੍ਹਾਂ ਦਾ ਵੀ ਹੋਵੇ, ਮੇਰੀ ਜਨਮ-ਭੋਇੰ ਹੈ। ਨਵੀਂ ਧਰਤੀ ’ਤੇ ਵਸਣ ਦਾ ਫੈਸਲਾ ਕਰਨ ਸਮੇਂ, ਭਾਰਤ ਨਾਲ਼ ਨਾਤਾ ਬਣਾਈ ਰੱਖਣ ਦਾ ਪ੍ਰਣ ਵੀ ਕੀਤਾ ਸੀ।

ਫਰਵਰੀ ’ਚ ਮੈਨੂੰ ਵਰਕ ਪਰਮਿਟ ਤੇ ਸੋਸ਼ਲ ਇੰਸ਼ੋਰੈਂਸ ਕਾਰਡ ਮਿਲ਼ ਗਏ। ਨਵੇਂ ਟਿਕਾਣੇ ਵਾਸਤੇ ਮੈਂ ਜਸਪਾਲ ਦੇ ਚਾਚੇ ਦੇ ਪੁੱਤ ਪਿਆਰੇ ਨਾਲ਼ ਗੱਲ ਕੀਤੀ ਹੋਈ ਸੀ। ਉਹ ਰਫਿਊਜੀ ਸਾਥੀਆਂ ਨਾਲ਼ ਇਕ ਅਪਾਰਟਮੈਂਟ ’ਚ ਰਹਿੰਦਾ ਸੀ।

ਰਣਜੀਤ–ਗੁਰਸ਼ਰਨ ਦਾ ਧੰਨਵਾਦ ਕਰਕੇ ਮੈਂ ਪਿਆਰੇ ਹੁਰਾਂ ਕੋਲ਼ ਚਲਾ ਗਿਆ। ਉਸ ਅਪਾਰਟਮੈਂਟ ’ਚ ਚਾਰ ਜਣੇ ਰਹਿੰਦੇ ਸਨ— ਪਿਆਰਾ, ਸੁਰਜੀਤ, ਸਤਨਾਮ ਤੇ ਰੁਲੀਆ ਰਾਮ। ਪਿਆਰਾ ਤੇ ਸੁਰਜੀਤ ਛੜੇ ਸਨ ਤੇ ਦੂਜੇ ਦੋਵੇਂ ਬਾਲ–ਬੱਚੇਦਾਰ। ਆਪਰਟਮੈਂਟ ’ਚ ਲਿਵਿੰਗ ਰੂਮ, ਰਸੋਈ ਅਤੇ ਤਿੰਨ ਬੈੱਡਰੂਮ ਸਨ। ਦੋ ਵੱਡੇ ਬੈੱਡਰੂਮਾਂ ’ਚ ਦੋ–ਦੋ ਬੈੱਡ ਲਾਏ ਹੋਏ ਸਨ ਅਤੇ ਤੀਜੇ ਛੋਟੇ ਬੈੱਡਰੂਮ ’ਚ ਕੁਝ ਸਾਮਾਨ ਹੋਇਆ ਰੱਖਿਆ ਸੀ। ਸਾਮਾਨ ਉਨ੍ਹਾਂ ਨੇ ਲਿਵਿੰਗ ਰੂਮ ਅਤੇ ਆਪਣੇ ਬੈੱਡਰੂਮਾਂ ’ਚ ਰੱਖ ਲਿਆ ਤੇ ਉਹ ਬੈੱਡਰੂਮ ਮੈਨੂੰ ਦੇ ਦਿੱਤਾ। ਰੁਲ਼ੀਆ ਰਾਮ ਇਕ ਫਰਨੀਚਰ ਫੈਕਟਰੀ ’ਚ ਕੰਮ ਕਰਦਾ ਸੀ। ਮੈਨੂੰ ਵੀ ਓਥੇ ਹੀ ਜੌਬ ਮਿਲ਼ ਗਈ। ਜਾਣ–ਆਉਣ ਦਾ ਸਾਧਨ ਬੱਸਾਂ ਸਨ।

ਰੋਟੀ ਇੱਕੋ ਥਾਂ ਬਣਦੀ ਸੀ। ਚਾਰੇ ਜਣੇ ਰਲ਼ ਕੇ ਬਣਾ ਲੈਂਦੇ। ਮੈਨੂੰ ਪੱਕੀ–ਪਕਾਈ ਮਿਲ਼ ਜਾਂਦੀ। ਪਰ ਵੀਕ ਐਂਡਾਂ ’ਤੇ ਪਰਾਬਲਮ ਹੋ ਜਾਂਦੀ। ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਈ ਉਨ੍ਹਾਂ ਦੀ ਸ਼ਰਾਬ ਦੀ ਮਹਿਫਲ ਐਤਵਾਰ ਤੱਕ ਚਲਦੀ ਸੀ। ਰਾਤ ਦੀ ਰੋਟੀ ਬਹੁਤ ਦੇਰ ਨਾਲ਼ ਬਣਦੀ। ਮੈਂ ਟਾਈਮ ਨਾਲ਼ ਸੌਣ ਤੇ ਉੱਠਣ ਦਾ ਆਦੀ ਹਾਂ। ਫੁਲਕੇ ਲਾਹੁਣ ਦਾ ਮੈਨੂੰ ਪਤਾ ਨਹੀਂ ਸੀ। ਬਰੈੱਡ ਤੇ ਡੱਬੇ ਦੀ ਸਬਜ਼ੀ ਨਾਲ਼ ਬੁੱਤਾ ਸਾਰ ਲੈਂਦਾ।

ਮੈਂ ਸ਼ਰਾਬ ਛੱਡ ਦਿੱਤੀ ਸੀ। ਅਪਾਰਟਮੈਂਟ ’ਚ ਆਉਣ ਤੋਂ ਪਹਿਲਾਂ ਸੰਜਮੀ ਜੀਵਨ–ਸ਼ੈਲੀ ਦਾ ਸੰਕਲਪ ਧਾਰ ਲਿਆ ਸੀ। ਵੈਸੇ ਵੀ ਜੀਵਨ ਪ੍ਰਤੀ ਮੇਰੀ ਤੇ ਉਨ੍ਹਾਂ ਦੀ ਸੂਝ–ਬੂਝ ਵਿਚ ਅੰਤਰ ਹੋਣ ਕਰਕੇ ਉਨ੍ਹਾਂ ਨਾਲ਼ ਸ਼ਰਾਬ ਦਾ ਰੁਟੀਨ ਮੈਨੂੰ ਰਾਸ ਨਹੀਂ ਸੀ ਆਉਣਾ। ਪਰ ਮੈਂ ਉਨ੍ਹਾਂ ਵਿਚ ਉਨ੍ਹਾਂ ਤੋਂ ਉੱਚਾ ਹੋ ਕੇ ਨਹੀਂ ਸੀ ਵਿਚਰਦਾ। ਸ਼ਰਾਬ ਵਾਲ਼ੇ ਮੌਕਿਆਂ ਤੋਂ ਇਲਾਵਾ ਉਨ੍ਹਾਂ ਵਿਚ ਬਹਿੰਦਾ ਸਾਂ। ਇੰਡੀਆ ’ਚ ਉਨ੍ਹਾਂ ਦੇ ਪਰਿਵਾਰਾਂ ਦੀ ਸੁਖ-ਸਾਂਦ ਪੱਛਦਾ ਅਤੇ ਆਪਣੇ ਪਰਿਵਾਰ ਦੀ ਦੱਸਦਾ ਸਾਂ। ਸਾਂਝੇ ਖਰਚਿਆਂ ਦਾ ਆਪਣਾ ਹਿੱਸਾ ਹਰ ਮਹੀਨੇ ਦੀ ਪਹਿਲੀ ਤਾਰੀਖ ’ਤੇ ਉਨ੍ਹਾਂ ਨੂੰ ਫੜਾ ਦੇਂਦਾ। ਉਹ ਗੁਜ਼ਾਰੇ ਜੋਗੀ ਅੰਗ੍ਰੇਜ਼ੀ ਬੋਲ ਤਾਂ ਲੈਂਦੇ ਸਨ ਪਰ ਪੜ੍ਹਨ-ਲਿਖਣ ਪੱਖੋਂ ਊਣੇ ਸਨ। ਆਪਣੇ ਰਫਿਊਜ਼ੀ ਕੇਸਾਂ ਦੀਆਂ ਚਿਠੀਆਂ ਉਹ ਮੈਥੋਂ ਪੜ੍ਹਵਾ ਲੈਂਦੇ। ਰਲ਼-ਮਿਲ਼ ਕੇ ਟਾਈਮ ਠੀਕ ਲੰਘ ਰਿਹਾ ਸੀ।

ਕੈਨੇਡੀਅਨ ਕੋਰ ਆਫ ਕਮਿਸ਼ਨੇਅਰਜ਼ ਵਿਚ ਜੌਬ

ਫਰਨੀਚਰ ਫੈਕਟਰੀ ਦੀ ਜੌਬ ਦੇ ਦੋ ਕੁ ਮਹੀਨੇ ਬਾਅਦ ਮੈਂ ਕਨੇਡਾ ਦੀ ਨਾਮਵਰ ਸਕਿਉਰਟੀ ਕੰਪਨੀ ‘ਕੈਨੇਡੀਅਨ ਕੋਰ ਆਫ ਕਮਿਸ਼ਨੇਅਰਜ਼’ (Canadian Corps of Commissionaires) ’ਚ ਅਪਲਾਈ ਕਰ ਦਿੱਤਾ। ਉਨ੍ਹਾਂ ਟਰੇਨਿੰਗ ਲਈ ਸੱਦ ਲਿਆ। 31 ਜਣਿਆਂ ਦੀ ਕਲਾਸ ਵਿਚ ਮੈਂ ਤੇ ਚਰਨਜੀਤ ਸਿੰਘ ਚੀਮਾ (ਏਅਰ ਫੋਰਸ ਦਾ ਸਾਬਕਾ ਫਲਾਈਟ ਲੈਫਟੀਨੈਂਟ) ਭਾਰਤੀ ਸਾਂ ਬਾਕੀ ਸਭ ਗੋਰੇ। 8 ਦਿਨਾਂ ਦੀ ਟਰੇਨਿੰਗ ਬਾਅਦ ਟੈਸਟ ਹੋਏ। ਮੈਂ ਅੱਵਲ ਰਿਹਾ।

ਕੰਪਨੀ ਦਾ ਛੋਟਾ ਨਾਂ ‘ਕਮਿਸ਼ਨੇਅਰਜ਼ ਗਰੇਟ ਲੇਕਸ’ ਹੈ। ਕਨੇਡਾ ਦੇ ਸਾਬਕਾ ਫੌਜੀਆਂ ਦੀ ਇਹ ਕੰਪਨੀ ਸਾਰੇ ਕਨੇਡਾ ਵਿਚ ਫੈਲੀ ਹੋਈ ਏ। ਨੈਸ਼ਨਲ ਪੱਧਰ ਦਾ ਪ੍ਰਬੰਧ ਕਨੇਡਾ ਦੇ ਰਿਟਾਇਰਡ ਫੌਜੀ ਤੇ ਬਿਜ਼ਨਿਸ ਮਾਹਿਰਾਂ ਦਾ ‘ਬੋਰਡ ਆਫ ਡਾਇਰੈਕਟਰਜ਼’ ਚਲਾਉਂਦਾ ਹੈ। ਸੂਬਿਆਂ ਵਿਚ ਡਿਮਾਂਡ ਤੇ ਨਫਰੀ ਦੇ ਆਧਾਰ ’ਤੇ ਡਵੀਜ਼ਨਾਂ ਬਣੀਆਂ ਹੋਈਆਂ ਨੇ। ਹੁਣ ਦਾ ਤਾਂ ਪਤਾ ਨਹੀਂ ਉਦੋਂ ਡਵੀਜਨਾਂ ਦਾ ਢਾਂਚਾ ਫੌਜੀ ਪਲਟਣਾਂ ਵਾਲ਼ਾ ਹੁੰਦਾ ਸੀ। ਡਵੀਜ਼ਨ ਦੇ ਹੈੱਡ ਨੂੰ ‘ਕਮਾਂਡੈਂਟ’ ਆਖਿਆ ਜਾਂਦਾ ਸੀ। ਸਾਡੀ ਡਵੀਜ਼ਨ ਦੇ ਕਮਾਂਡੈਂਟ ਦਾ ਨਾਂ ਐਮ. ਈ. ਰਿਚ ਤੇ ਰੈਂਕ ਕਰਨਲ ਸੀ। ਓਪਰੇਸ਼ਨਜ਼ ਅਫਸਰ ਦਾ ਰੈਂਕ ਲੈਫਟੀਨੈਂਟ ਕਰਨਲ ਸੀ। ਉਨ੍ਹਾਂ ਤੋਂ ਹੇਠਲੇ ਪ੍ਰਬੰਧਕੀ ਅਫਸਰਾਂ ਦੇ ਰੈਂਕ ਮੇਜਰ, ਕੈਪਟਨ, ਲੈਫਟੀਨੈਂਟ ਸਨ। ਸੁਪਰਵਾਈਜ਼ਰਾਂ ਦੇ ਰੈਂਕ ਮਾਸਟਰ ਵਾਰੰਟ ਅਫਸਰ, ਵਾਰੰਟ ਅਫਸਰ, ਸਾਰਜੈਂਟ ਤੇ ਕਾਰਪੋਰਲ ਸਨ। ਟਰਾਂਟੋ ਸਥਿਤ ਡਵੀਜ਼ਨ ਦੇ ਦਫਤਰ ਨੂੰ ‘ਕੋਰ ਹੈਡਕੁਆਟਰ’ ਕਿਹਾ ਜਾਂਦਾ ਸੀ। ਕੰਪਨੀ ਦਾ ਮਾਟੋ ਮੁਨਾਫਾਖੋਰੀ ਨਹੀਂ, ਸਾਬਕਾ ਫੌਜੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸੀ। ਉਸ ਵਿਚ ਕਾਮਨਵੈਲਥ ਦੇਸ਼ਾਂ ਦੇ ਸਾਬਕਾ ਫੌਜੀ ਇੰਮੀਗਰਾਂਟ ਵੀ ਜੌਬ ਕਰ ਸਕਦੇ ਸਨ। ਕੰਪਨੀ ਵਿਚ 85% ਗੋਰੇ ਸਨ ਤੇ 15% ਭਾਰਤ, ਪਾਕਿਸਤਾਨ, ਸ਼੍ਰੀ ਲੰਕਾ ਆਦਿ ਕਾਮਨਵੈਲਥ ਦੇਸ਼ਾਂ ਤੋਂ ਗਏ ਹੋਏ ਸਾਬਕਾ ਫੌਜੀ। ਕੰਪਨੀ ਦੇ ਉੱਚੇ ਸਟੈਂਡਰਡ ਮੁਤਾਬਿਕ ਅੰਗ੍ਰੇਜ਼ੀ ਬੋਲਣ–ਲਿਖਣ ਦਾ ਗਿਆਨ ਲਾਜ਼ਮੀ ਸੀ।

ਕੰਪਨੀ ਦੇ ਉੱਚ–ਮਿਆਰੀ ਇਮੇਜ ਸਦਕਾ ਕਨੇਡਾ ਦੀਆਂ ਏਅਰਪੋਰਟਾਂ, ਸਰਕਾਰੀ ਮਹਿਕਮਿਆਂ ਜਿਵੇਂ ਪਾਸਪੋਰਟ ਦਫਤਰਾਂ, ਇੰਮੀਗਰੇਸ਼ਨ ਦਫਤਰਾਂ, ਰੈਵਿਨਿਊ ਕਨੇਡਾ ਆਦਿ ਅਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਸਕਿਉਰਟੀ ਕਾਂਟਰੈਕਟ, ਇਸੇ ਕੰਪਨੀ ਨੂੰ ਦਿੱਤੇ ਜਾਂਦੇ ਸਨ। ਸਕਿਉਰਟੀ ਤੋਂ ਇਲਾਵਾ ਇਹ ਕੰਪਨੀ ਡਿਜੀਟਲ ‘ਫਿੰਗਰ ਪਰਿੰਟਿੰਗ’ ਦਾ ਕਾਰਜ ਵੀ ਕਰਦੀ ਸੀ।

ਸਾਡੀ ਡਵੀਜ਼ਨ ਦੀਆਂ ਸਾਲ ਵਿਚ ਦੋ ਪਾਰਟੀਆਂ ਹੁੰਦੀਆਂ ਸਨ। ਇਕ ਕਰਿਸਮਸ ਲਾਗੇ, ਵੱਡੇ ਹਾਲ ਵਿਚ ਡਿਨਰ–ਪਾਰਟੀ ਅਤੇ ਦੂਜੀ, ਇਕ ਫੌਜੀ ਯੂਨਿਟ ਦੇ ਲਾਉਂਜ ਵਿਚ, ਦਿਨ ਵੇਲੇ ਦੀ ਗਾਰਡਨ–ਪਾਰਟੀ।

ਮੇਰੀ ਪਹਿਲੀ ਪੋਸਟਿੰਗ ਸੀ. ਬੀ. ਸੀ ਯਾਨਿ ‘ਕਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਦੀ ਇਕ ਲੋਕੇਸ਼ਨ ’ਤੇ ਸੀ। ਉਦੋਂ (1989 ‘ਚ) ਸੀ. ਬੀ. ਸੀ ਦੀ ਆਪਣੀ ਬਿਲਡਿੰਗ ਨਹੀਂ ਸੀ। ਇਸਨੇ ਡਾਊਨਟਾਊਨ ਟਰਾਂਟੋ ਵਿਚ ਚਾਰ ਬਿਲਡਿੰਗਾਂ ਕਰਾਏ ’ਤੇ ਲਈਆਂ ਹੋਈਆਂ ਸਨ। ਚੌਹਾਂ ’ਤੇ 21 ਕਮਿਸ਼ਨੇਅਰਜ਼ ਤਾਇਨਾਤ ਸਨ। ਫੌਜੀ ਪੈਟਰਨ ਅਨੁਸਾਰ ਸਾਡੀ ਨਫਰੀ ਨੂੰ ‘ਸੀ. ਬੀ. ਸੀ ਡਿਟੈਚਮੈਂਟ’ ਕਿਹਾ ਜਾਂਦਾ ਸੀ। ਡਿਟੈਚਮੈਂਟ ਕਮਾਂਡਰ ਵਾਰੰਟ ਅਫਸਰ ਲੈਰੀ ਹਾਈਨ ਸੀ। ਉਸਦਾ ਟੂ. ਆਈ. ਸੀ ਯਾਨਿ ‘ਸੈਕੰਡ–ਇਨ–ਕਮਾਂਡ ਇਕ ਸਾਰਜੈਂਟ ਸੀ।

ਚੌਵੀ ਘੰਟੇ ਦੀਆਂ ਇਨ੍ਹਾਂ ਪੋਸਟਾਂ ’ਤੇ ਤਿੰਨ ਸ਼ਿਫਟਾਂ ਸਨ—ਸਵੇਰੇ 7 ਤੋਂ ਬਾਅਦ ਦੁਪਹਿਰ 3 ਵਜੇ ਤੱਕ, 3 ਤੋਂ ਰਾਤ ਦੇ 11 ਵਜੇ ਤੱਕ ਅਤੇ 11 ਤੋਂ ਸਵੇਰ ਦੇ 7 ਵਜੇ ਤੱਕ। ਹਰ ਪੋਸਟ ਤੇ ਚਾਰ ਕਮਿਸ਼ਨੇਅਰ ‘ਫੁੱਲ ਟਾਈਮਰ’ ਤੇ ਇਕ ‘ਪਾਰਟ ਟਾਈਮਰ’ ਸੀ। ਹਰ ਪੋਸਟ ਦਾ ਇਕ ‘ਇੰਚਾਰਜ ਕਮਿਸ਼ਨੇਅਰ’ ਹੁੰਦਾ ਸੀ। ਉਸਦੀ ਡਿਉਟੀ ਸੋਮਵਾਰ ਤੋਂ ਸ਼ੁਕਰਵਾਰ ਤੱਕ 7 ਤੋਂ 3 ਵਜੇ ਤੱਕ ਹੁੰਦੀ ਸੀ। ਉਸਦੀਆਂ ‘ਵੀਕ-ਐਂਡ ਸ਼ਿਫਟਾਂ’ ਪਾਰਟ-ਟਾਈਮਰ ਕਰਦਾ ਸੀ। ਬਾਕੀ ਦੇ ਤਿੰਨ ਕਮਿਸ਼ਨੇਅਰਜ਼ ਵਾਰੀ ਸਿਰ ਬਾਅਦ ਦੁਪਹਿਰ ਤੇ ਰਾਤ ਦੀਆਂ ਸ਼ਿਫਟਾਂ ਕਰਦੇ ਸਨ। ਪੰਜ ਦਿਨ ਕੰਮ ਤੇ ਦੋ ਦਿਨ ਆਫ।

ਮੈਂ, 100 ਕਾਰਲਟਨ ਸਟਰੀਟ ਵਾਲ਼ੀ ਲੋਕੇਸ਼ਨ ’ਤੇ ਇੰਚਾਰਜ ਸਾਂ। ਤਿੰਨ ਮੰਜਲੀ ਬਿਲਡਿੰਗ ਸੀ ਉਹ। ਮੇਰੇ ਨਾਲ਼ ਤਿੰਨ ਗੋਰੇ ਸਨ ਤੇ ਇਕ ਪਾਕਿਸਤਾਨੀ ਰਿਟਾਇਰਡ ਸੂਬੇਦਾਰ ਅਨਾਇਤ ਉਲਾ। ਵਧੀਆ ਬੰਦਾ ਸੀ ਉਹ। ਬਿਲਡਿੰਗ ਦੇ ਪ੍ਰਵੇਸ਼-ਲਾਂਘੇ ਵਿਚ ਸਾਡਾ ਟੇਬਲ ਸੀ। ਕਰਮਚਾਰੀਆਂ ਦੇ ਟੇਬਲ ’ਤੇ ਪਹੁੰਚਣ ’ਤੇ ਕਮਿਸ਼ਨੇਅਰ ਉਨ੍ਹਾਂ ਨੂੰ ਹਾਇ, ਹੈਲੋ ਜਾਂ ਗੁੱਡ ਮਾਰਨਿੰਗ ਆਖਦਾ। ‘ਹਾਇ-ਹੈਲੋ’ ਦਾ ਜਵਾਬ ਦੇ ਕੇ ਕਰਮਚਾਰੀ ਆਪਣਾ ਪਾਸ ਕਮਿਸ਼ਨੇਅਰ ਵੱਲ ਵਧਾ ਦੇਂਦਾ। ਪਾਸ ’ਤੇ ਚਾਰ ਚੀਜ਼ਾਂ ਗਹੁ ਨਾਲ਼ ਵੇਖਣੀਆਂ ਹੁੰਦੀਆਂ ਸਨ— ਸੀ. ਬੀ. ਸੀ ਦਾ ਲੋਗੋ, ਕਰਮਚਾਰੀ ਦਾ ਨਾਂ, ਉਸਦੀ ਫੋਟੋ ਅਤੇ ਪਾਸ ਦੀ ਮਿਆਦ-ਤਾਰੀਖ। ਜਿਸ ਪਾਸ ਦੀ ਮਿਆਦ ਖਤਮ ਹੋ ਚੁੱਕੀ ਹੁੰਦੀ ਉਹ ਵਾਪਸ ਲੈ ਕੇ ਕਰਮਚਾਰੀ ਨੂੰ ਟੈਂਪਰੇਰੀ ਪਾਸ ਦੇ ਦਿੱਤਾ ਜਾਂਦਾ।

ਕਰਮਚਾਰੀਆਂ ਤੋਂ ਬਿਨਾਂ ਰੇਡੀਓ–ਟੀ. ਵੀ ’ਤੇ ਮੁਲਾਕਾਤਾਂ ਜਾਂ ਹੋਰ ਪ੍ਰੋਗਰਾਮ ਰਿਕਾਰਡ ਕਰਵਾਉਣ ਵਾਲ਼ੇ ਅਤੇ ਡਾਕ ਲਿਆਉਣ-ਲਿਜਾਣ ਵਾਲ਼ੇ ਕੋਰੀਅਰ ਵੀ ਆਇਆ ਕਰਦੇ ਸਨ। ਉਨ੍ਹਾਂ ਨੂੰ ‘ਵਿਜ਼ਿਟਰ ਪਾਸ’ ਦੇਣੇ ਹੁੰਦੇ ਸਨ। ਉਸ ਪਾਸ ਤੇ ਵਿਜ਼ਿਟਰ ਦਾ ਸੰਖੇਪ ਬਿਉਰਾ ਲਿਖਿਆ ਜਾਂਦਾ ਸੀ। ਰਿਕਾਰਡ ਵਜੋਂ ਪਾਸ ਦੇ ਹੇਠਲੇ ਕਾਗਜ਼ ’ਤੇ ਬਿਉਰੇ ਦੀ ਡੁਪਲੀਕੇਸ਼ਨ (ਨਕਲ) ਵੀ ਬਣ ਜਾਂਦੀ ਸੀ। ਵਿਜ਼ਿਟਰ ਨੇ ਸੱਟਿਕਰ-ਰੂਪੀ ਪਾਸ ਆਪਣੀ ਛਾਤੀ ’ਤੇ ਚਿਪਕਾਉਣਾ ਹੁੰਦਾ ਸੀ। ਕਮੀਜ਼, ਕੋਟ ਆਦਿ ਤੇ ਚਿਪਕਾਇਆ ਉਹ ਪਾਸ ਸਭ ਨੂੰ ਦਿਸਣਾ ਚਾਹੀਦਾ ਸੀ। ਵਿਜ਼ਿਟਰ ਬਿਲਡਿੰਗ ਛੱਡਣ ਤੋਂ ਪਹਿਲਾਂ ਉਹ ਪਾਸ ਕਮਿਸ਼ਨੇਅਰ ਨੂੰ ਮੋੜ ਦੇਂਦਾ।

ਸਾਡਾ ਅਪਾਰਟਮੈਂਟ ‘ਕਿਪਲਿੰਗ–ਫਿੰਚ’ ਚੁਰਸਤੇ ਲਾਗੇ ਸੀ। ਮੈਂ ਕੰਮ ’ਤੇ ਪਹੁੰਚਣ ਲਈ ਬੱਸ ਰਾਹੀਂ ਕਿਪਲਿੰਗ ਸਟੇਸ਼ਨ ’ਤੇ ਪਹੁੰਚ ਕੇ ਓਥੋਂ ਸਬਵੇਅ (ਜ਼ਮੀਨਦੋਜ਼ ਰੇਲ) ’ਚ ਬੈਠ ਕੁਈਨ ਸਟੇਸ਼ਨ ’ਤੇ ਜਾ ਉੱਤਰਦਾ। ਸਵਾ ਘੰਟਾ ਲੱਗ ਜਾਂਦਾ ਸੀ। ਸਫਰ ਸੀ ਤਾਂ ਲੰਮਾ ਪਰ ਕੰਮ ਸੌਖਾ ਸੀ। ਤਨਖਾਹ ਵੀ ਫੈਕਟਰੀਆਂ ਨਾਲ਼ੋਂ ਜ਼ਿਆਦਾ ਸੀ।

ਬਿਲਡਿੰਗ ਦੇ ਆਮ ਕਰਮਚਾਰੀ ਚੰਗੇ ਸਨ। ਮਰਦਾਂ ਨਾਲੋਂ ਔਰਤਾਂ ਜ਼ਿਆਦਾ ਸਨ। ਕਈਆਂ ਦੇ ਨਾਂ ਮੈਨੂੰ ਯਾਦ ਹੋ ਗਏ ਸਨ। ਗੋਰੇ ਗੋਰੀਆਂ ਨੂੰ ਜੇਕਰ ਉਨ੍ਹਾਂ ਦਾ ਪਹਿਲਾ ਨਾਂ ਲੈ ਕੇ ਬੁਲਾਈਏ ਤਾਂ ਉਹ ਖੁਸ਼ ਹੁੰਦੇ ਹਨ। (ਜਿਮ ਕਾਰਟਰ ਨਾਂ ਵਾਲ਼ੇ ਬੰਦੇ ਦਾ ਪਹਿਲਾ ਨਾਂ ਜਿਮ ਤੇ ਅਖੀਰਲਾ ਨਾਂ ਕਾਰਟਰ ਹੈ) ਸੋ ਜਦੋਂ ਮੈਂ ਹਾਇ/ ਹੈਲੋ ‘ਗੁੱਡ ਮਾਰਨਿੰਗ’ ਨਾਲ਼ ਉਨ੍ਹਾਂ ਦਾ ਪਹਿਲਾਂ ਨਾਂ ਬੋਲਦਾ ਉਹ ਖੁਸ਼ ਹੋ ਜਾਂਦੇ। ਉਹ ਵੀ ਮੈਨੂੰ ‘ਹਾਇ ਜਰਨੈਲ’ ਆਖਦੇ। ਕੁਝ ਹਾਲ ਚਾਲ ਵੀ ਪੁੱਛ ਲੈਂਦੇ।

ਆਪਣੇ ਰੰਗ–ਰੂਪ ਤੇ ਪਹਿਰਾਵੇ ਦੀ ਪ੍ਰਸ਼ੰਸਾ ਸੁਣਨ ਦੀ ਭੁੱਖ ਔਰਤਾਂ ਵਿਚ ਮਰਦਾਂ ਨਾਲ਼ੋਂ ਜ਼ਿਆਦਾ ਹੁੰਦੀ ਹੈ। ਸ਼ਿਸ਼ਟਾਚਾਰ ਵਜੋਂ ਮੈਂ ਗੋਰੀਆਂ ਦੇ ਰੰਗ–ਰੂਪ ਦੀ ਤਾਂ ਨਹੀਂ, ਉਨ੍ਹਾਂ ਦੇ ਪਹਿਰਾਵੇ ਦੀ ਪ੍ਰਸ਼ੰਸਾ ਕਰ ਦੇਂਦਾ ਸਾਂ। ਜਦੋਂ ਮੈਂ ਕਿਸੇ ਦੀ ਟੋਪੀ ਨੂੰ ‘ਨਾਈਸ ਹੈਟ’ ਕਹਿੰਦਾ, ਕਿਸੇ ਦੇ ਬਹੁ-ਸ਼ੇਡਾਂ ਵਾਲੇ ਸਕਾਰਫ ਨੂੰ ‘ਕੁਆਈਟ ਡਿਫਰੈਂਟ’ (ਅਸਲੋਂ ਵੱਖਰਾ) ਆਖਦਾ, ਕਿਸੇ ਦੇ ਪਰਸ ਦੇ ਡਿਜ਼ਾਇਨ ਦੀ ਸਿਫਤ ਕਰਦਾ, ਕਿਸੇ ਦੀ ਡਰੈੱਸ ਦੇ ਰੰਗ ਨੂੰ ‘ਇਮਪਰੈੱਸਿਵ (ਪ੍ਰਭਾਵਸ਼ਾਲੀ) ਆਖਦਾ ਤਾਂ ਉਹ ਖੁਸ਼ ਹੋ ਕੇ ‘ਥੈਂਕ ਯੂ’ ਆਖਦੀਆਂ। ਫਬਦੇ ਮਰਦ ਕਰਮਚਾਰੀਆਂ ’ਤੇ ‘ਲੁਕਿੰਗ ਗਰੇਟ’ ਅਤੇ ਚੁਸਤ ਕਰਮਚਾਰੀਆਂ ‘ਲੁਕਿੰਗ ਸਮਾਰਟ’ ਵਰਗੀਆਂ ਟਿੱਪਣੀਆਂ ਕਰਦਾ ਤਾਂ ਉਹ ਵੀ ਖੁਸ਼ ਹੋ ਕੇ ‘ਥੈਂਕ ਯੂ’ ਆਖਦੇ।

ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਵਾਜਬੀਅਤ ਦੇਖ ਕੇ ਹੀ ਕਰਦਾ ਸਾਂ, ਐਵੇਂ ਨਹੀਂ। ਤਿੰਨ ਕਰਮਚਾਰੀ ਨਸਲਵਾਦੀ ਸਨ। ਨਸਲਵਾਦ ਦਾ ਪ੍ਰਗਟਾਅ ਉਹ ਬੋਲ ਕੇ ਨਹੀਂ ਸਰੀਰਕ ਭਾਸ਼ਾ ਰਾਹੀਂ ਕਰਦੇ ਸਨ ਜਿਵੇਂ ਪਾਸ ਦਿਖਾਉਣ ਲੱਗਿਆਂ ਮੂਹ ਕੱਸ ਲੈਣਾ, ਹਾਇ–ਹੈਲੋ ਦਾ ਜਵਾਬ ਬੁੱਲ੍ਹ ਮੀਚ ਕੇ ਮਾੜਾ ਜਿਹਾ ਸਿਰ ਹਿਲਾ ਕੇ ਦੇਣਾ।

ਕਨੇਡਾ ਵਿਚ ਕੋਈ ਵੀ ਕੰਮ ਘਟੀਆ ਨਹੀਂ ਸਮਝਿਆ ਜਾਂਦਾ। ਆਮ ਤੌਰ ’ਤੇ ਉੱਚੀਆਂ ਜੌਬਾਂ ਵਾਲ਼ੇ ਨੀਵੀਆਂ ਜੌਬਾਂ ਵਾਲ਼ਿਆ ਨੂੰ ਗਰੂਰ ਜਾਂ ਰੋਹਬ ਨਹੀਂ ਦਿਖਾਉਂਦੇ। ਸੀ. ਬੀ. ਸੀ ਦੇ ਕਰਮਚਾਰੀਆਂ ਦੀਆਂ ਜੌਬਾਂ ਕਮਿਸ਼ਨੇਅਰਾਂ ਨਾਲ਼ੋਂ ਉੱਚੀਆਂ ਸਨ। ਪਰ ਉਹ ਸਾਡੇ ਨਾਲ਼ ਸਾਥੀਆਂ ਵਾਂਗ ਵਰਤਦੇ ਸਨ।

ਕਨੇਡਾ ਦੇ ਰਾਜਨੀਤਕਾਂ ਦੀ ਸਾਦਗੀ

ਇਕ ਦਿਨ ਮੈਨੂੰ ਦੂਜੀ ਮੰਜ਼ਲ ਤੋਂ ‘ਨਿਊਜ਼ ਡਿਪਾਰਟਮੈਂਟ’ ਦੇ ਇਕ ਪ੍ਰੋਡਿਊਸਰ ਦਾ ਫੋਨ ਆਇਆ, “ਗਿਆਰਾਂ ਵਜੇ ਆਪਣੇ ਪਰੋਵਿੰਸ ਦਾ ਪ੍ਰੀਮੀਅਰ ਆਏਗਾ। ਉਸਦੇ ਆਉਣ ’ਤੇ ਮੈਨੂੰ ਫੋਨ ਕਰ ਦੇਣਾ। ਮੈਂ ਉਸਨੂੰ ਲੈਣ ਲਈ ਹੇਠਾਂ ਆ ਜਾਵਾਂਗਾ।” ਸਾਡੇ ਓਨਟੇਰੀਓ ਸੂਬੇ ’ਚ ਉਦੋਂ ਸਰਕਾਰ ਲਿਬਰਲ ਪਾਰਟੀ ਦੀ ਸੀ। ਪ੍ਰੀਮੀਅਰ (ਮੁੱਖ ਮੰਤਰੀ) ਪੀਟਰ ਰੌਬਰਟਸਨ ਨੂੰ ਮੈਂ ਟੀ. ਵੀ ’ਤੇ ਦੇਖਿਆ ਹੋਇਆ ਸੀ।

ਆਮ ਦਿਨਾਂ ਵਿਚ ਵਿਜ਼ਿਟਰ ਆਉਂਦੇ ਰਹਿੰਦੇ ਸਨ। ਸਹਿਜ ਢੰਗ ਨਾਲ਼ ਉਨ੍ਹਾਂ ਨੂੰ ਡੀਲ ਕਰ ਲਈਦਾ ਸੀ। ਪਰ ਉਸ ਦਿਨ ਪ੍ਰੀਮੀਅਰ ਦੀ ਆਮਦ ਸੁਣ ਕੇ ਮੈਂ ਕੁਝ ਚੌਕਸ ਹੋ ਗਿਆ… ਮੇਰੇ ਦਿਮਾਗ ਵਿਚ ਭਾਰਤ ਦੇ ਰਾਜਨੀਤਕਾਂ ਦੀ ਤਸਵੀਰ ਸੀ। ਮੈਂ ਅੰਦਾਜ਼ਾ ਲਾਇਆ ਕਿ ਪ੍ਰੀਮੀਅਰ ਨਾਲ਼ ਪੰਜ-ਸੱਤ ਬੰਦਿਆਂ ਦਾ ਅਮਲਾ ਤਾਂ ਹੋਵੇਗਾ ਹੀ। ਏਨੇ ਪਾਸ ਬਣਾਉਣ ਨੂੰ ਟਾਈਮ ਲੱਗ ਜਾਣਾ ਸੀ। ਟਾਈਮ ਘੱਟ ਕਰਨ ਦੇ ਖਿਆਲ ਨਾਲ਼ ਮੈਂ ਛੇ ਪਾਸਾਂ ਦੇ ਕੁਝ ਖਾਨੇ ਜਿਵੇਂ ਉਸ ਦਿਨ ਦੀ ਤਾਰੀਖ, ਟਾਈਮ, ਉਨ੍ਹਾਂ ਦੇ ਬਿਲਡਿੰਗ ’ਚ ਆਉਣ ਦਾ ਮਕਸਦ ਪਹਿਲਾਂ ਹੀ ਭਰ ਲਏ।

ਪੂਰੇ ਗਿਆਰਾਂ ਵਜੇ ਪ੍ਰੀਮੀਅਰ ਨੂੰ ਮੁੱਖ ਦਰਵਾਜ਼ੇ ’ਤੇ ਦੇਖ ਕੇ ਮੈਂ ਹੈਰਾਨ ਰਹਿ ਗਿਆ। ਹੈਰਾਨਗੀ ਇਸ ਕਰਕੇ ਨਹੀਂ ਕਿ ਉਹ ਵਕਤ ਸਿਰ ਆਇਆ ਸੀ। ਕਨੇਡਾ ’ਚ ਸਮੇਂ ਦੀ ਪਾਬੰਦੀ ਬਾਰੇ ਮੈਂ ਜਾਣੂ ਸਾਂ। ਹੈਰਾਨਗੀ ਇਸ ਕਰਕੇ ਸੀ ਕਿ ਉਸ ਨਾਲ਼ ਸਿਰਫ ਇਕ ਬੰਦਾ ਸੀ, (ਸ਼ਾਇਦ ਉਸਦਾ ਸੈਕਟਰੀ)। ਨਾ ਪੁਲਸੀਏ ਤੇ ਨਾ ਹੀ ਹੋਰ ਅਧਿਕਾਰੀ।

ਪਾਰਕਿੰਗ ਲੌਟ ਬਿਲਡਿੰਗ ਤੋਂ 300 ਮੀਟਰ ਦੀ ਵਿੱਥ ’ਤੇ ਸੀ। ਓਥੇ ਕਾਰਾਂ ਪਾਰਕ ਕਰਕੇ ਉਹ ਟੁਰ ਕੇ ਆਏ ਸਨ। ਕੁਰਸੀ ਤੋਂ ਉੱਠ ਕੇ ਮੈਂ ਉਨ੍ਹਾਂ ਨੂੰ ‘ਗੁੱਡ ਮਾਰਨਿੰਗ’ ਆਖੀ। ਜਵਾਬ ’ਚ ‘ਗੁੱਡ ਮਾਰਨਿੰਗ’ ਆਖਦਿਆਂ ਉਨ੍ਹਾਂ ਆਪਣੇ ਡਰਾਈਵਿੰਗ ਲਾਇਸੈਂਸ ਮੈਨੂੰ ਫੜਾ ਦਿੱਤੇ। ਉਨ੍ਹਾਂ ਮੇਰਾ ਪਾਸ ਬਣਾਉਣ ਦਾ ਕੰਮ ਸੌਖਾ ਕਰ ਦਿੱਤਾ। ਡਰਾਈਵਿੰਗ ਲਾਈਸੈਂਸ ’ਤੇ ਨਾਂ ਅਤੇ ਕੁਝ ਹੋਰ ਜਾਣਕਾਰੀ ਹੁੰਦੀ ਹੈ। ਮੈਂ ਪ੍ਰੋਡਿਊਸਰ ਨੂੰ ਫੋਨ ਕਰ ਦਿੱਤਾ। ਉਸਨੇ ਆ ਕੇ ਉਨ੍ਹਾਂ ਨੂੰ ‘ਵੈਲਕਮ’ ਆਖੀ। ਮੈਂ ਪਾਸ ਅਤੇ ਡਰਾਈਵਿੰਗ ਲਾਇਸੈਂਸ ਉਨ੍ਹਾਂ ਨੂੰ ਫੜਾ ਦਿੱਤੇ। ਨਾਲ਼ ‘ਥੈਂਕ ਯੂ’ ਵੀ ਕਿਹਾ। ਪ੍ਰੋਡਿਊਸਰ ਉਨ੍ਹਾਂ ਨੂੰ ਆਪਣੇ ਕਮਰੇ ’ਚ ਲੈ ਗਿਆ।

ਵਾਪਸੀ ਤੇ ਉਨ੍ਹਾਂ ਪਾਸ ਮੋੜ ਦਿੱਤੇ ਅਤੇ ‘ਥੈਂਕ ਯੂ’ ਆਖ ਕੇ ਚਲੇ ਗਏ।

ਕਿੰਨਾ ਅੰਤਰ ਹੈ ਭਾਰਤ ਅਤੇ ਕਨੇਡਾ ਦੇ ਰਾਜਨੀਤਕਾਂ ਦੇ ਵਿਵਹਾਰ ਵਿਚ। ਕਨੇਡਾ ਦੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਸਮੇਤ ਸਾਰੇ ਰਾਜਨੀਤਕ ਲੋਕਾਂ ਵਿਚ ਸਾਧਾਰਨ ਬੰਦਿਆਂ ਵਾਂਗ ਮੂਵ ਕਰਦੇ ਹਨ। ਗੱਲ ਸਿਰਫ ਸਾਦਗੀ–ਸਾਧਾਰਨਤਾ ਨਾਲ਼ ਮੂਵ ਕਰਨ ਦੀ ਨਹੀਂ, ਇਹ ਲੋਕਾਂ ਦਾ ਖਿਆਲ ਵੀ ਰੱਖਦੇ ਹਨ। ਲੋਕਾਂ ਪ੍ਰਤੀ ਆਪਣੇ ਫਰਜ ਨਿਭਾਉਣ ਲਈ ਯਤਨਸ਼ੀਲ ਰਹਿੰਦੇ ਹਨ।

ਇਸਦੇ ਮੁਕਾਬਲੇ ਇੰਡਿਆ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਉਨ੍ਹਾਂ ਦੇ ਕੈਬਨਿਟ ਮੰਤਰੀ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਲਾਮ–ਲਸ਼ਕਰ ਤੇ ਸਕਿਉਰਟੀ ਅਮਲਾ, ਰੈਲੀਆਂ ਵਾਲ਼ੀਆਂ ਥਾਵਾਂ ਨਾਲ਼ ਜੁੜਦੀਆਂ ਦੂਰ-ਨੇੜੇ ਦੀਆਂ ਸੜਕਾਂ ਦੀ ਨਾਕਾਬੰਦੀ ਅਤੇ ਕਈ-ਕਈ ਕਿਲੋਮੀਟਰ ਤੱਕ ਤਾਇਨਾਤ ਕੀਤੀ ਪੁਲਿਸ ਬਾਰੇ ਮੈਨੂੰ ਵਿਸਥਾਰ ’ਚ ਜਾਣ ਦੀ ਲੋੜ ਨਹੀਂ। ਸਭ ਜਾਣਦੇ ਹਨ।

ਇਸ ਘਟਨਾ ਦਾ ਇਕ ਪੱਖ ਹੋਰ ਵੀ ਹੈ। ਕਨੇਡਾ ਵਿਚ ਨਿਯਮਾਂ (ਜਿਵੇਂ ਪਾਸ ਲੈਣ ਜਾਂ ਦਿਖਾਉਣ) ਦੇ ਮਾਮਲੇ ਵਿਚ ਕੋਈ ਵੱਡਾ, ਛੋਟਾ ਨਹੀਂ। ਨਿਯਮਾਂ–ਕਾਨੂਨਾਂ ਦੀ ਪਾਲਣਾ ਸਿਰਫ ਆਮ ਲੋਕਾਂ ਲਈ ਹੀ ਨਹੀਂ, ਰਾਜਨੀਤਕ ਲੀਡਰ, ਉੱਚ ਅਧਿਕਾਰੀ ਅਤੇ ਧਨਾਡ ਵੀ ਇਨ੍ਹਾਂ ਦੀ ਪਾਲਣਾ ਕਰਦੇ ਹਨ। ਪਰ ਭਾਰਤ ਵਿਚ ਰਾਜਨੀਤਕਾਂ, ਉੱਚ ਅਧਿਕਾਰੀਆਂ ਤੇ ਧਨਾਢਾਂ ਸਾਹਵੇਂ ਨਿਯਮ–ਕਾਨੂੰਨ ਬੇਮਾਅਨਾ ਹੋ ਜਾਂਦੇ ਹਨ।

ਕੰਮ ਤੋਂ ਮੁੜਦਿਆਂ ਸ਼ਾਮ ਪੈ ਜਾਂਦੀ ਸੀ। ਕੁਝ ਦੇਰ ਟੀ. ਵੀ. ਦੇਖਣ ਬਾਅਦ ਖਾਣਾ ਖਾ ਕੇ ਮੈਂ ਸੌਂ ਜਾਂਦਾ। ਸਵੇਰੇ ਸਾਢੇ ਚਾਰ ਉੱਠਣਾ ਹੁੰਦਾ ਸੀ। ਨਹਾਉਣ–ਧੋਣ, ਨਾਸ਼ਤਾ ਕਰਨ ਤੇ ਲੰਚ ਵਾਸਤੇ ਸੈਂਡਵਿਚ ਬਣਾਉਣ ਦਾ ਰੁਟੀਨ ਨਿਪਟਾ ਕੇ, ਕੰਮ ’ਤੇ ਜਾਣ ਲਈ ਸਾਢੇ ਪੰਜ ਵਜੇ ਬੱਸ ਫੜਦਾ ਸਾਂ।

ਵੀਕਐਂਡਾਂ ’ਤੇ ਜਦੋਂ ਸਾਥੀ ਬੀਅਰਾਂ-ਵਿਸਕੀਆਂ ’ਚ ਮਸਤ ਹੁੰਦੇ ਮੈਂ ਆਪਣੇ ਜੋਗੀ ਰੋਟੀ ਬਣਾ ਲੈਂਦਾ। ਆਟਾ ਗੁੰਨ੍ਹਣ ਤੇ ਫੁਲਕੇ ਬਣਾਉਣ ਦੀ ਜਾਚ ਹੁਣ ਆ ਗਈ ਸੀ। ਵੈਸੇ ਖਾਣ ਲਈ ਹੋਰ ਚੀਜ਼ਾਂ ਵੀ ਹੁੰਦੀਆਂ ਹਨ ਜਿਵੇਂ ਲੰਚ ਲਈ ਪੀਜ਼ਾ, ਬਰਗਰ, ਨਾਸ਼ਤੇ ਲਈ ਸੀਰੀਅਲ, ਮਫਿਨ ਆਦਿ।

ਪੰਜ ਦਿਨਾਂ ਦੀ ਦੌੜ-ਭੱਜ ਬਾਅਦ ਵੀਕਐਂਡਾਂ ’ਤੇ ਰੈਸਟ ਮਿਲ ਜਾਂਦੀ ਸੀ ਪਰ ਕੁਝ ਕੰਮ ਵੀ ਹੁੰਦੇ ਸਨ— ਅਪਾਰਟਮੈਂਟ ਦੀ ਸਫਾਈ, ਲਾਂਡਰੀ ਮਸ਼ੀਨ ’ਚ ਕੱਪੜੇ ਧੋਣ ਤੇ ਪਰੈੱਸ ਕਰਨ ਦੇ ਕੰਮ।

ਚਿੱਠੀਆਂ ਲਿਖਣ ਲਈ ਵੀ ਟਾਈਮ ਵੀਕਐਂਡਾਂ ’ਤੇ ਹੀ ਮਿਲ਼ਦਾ ਸੀ। ਆਦਮਪੁਰੋਂ ਆਉਂਦੇ ਲਿਫਾਫੇ ਵਿਚ ਤਿੰਨ ਚਿੱਠੀਆਂ ਹੁੰਦੀਆਂ ਸਨ, ਪਤਨੀ ਤੇ ਦੋਨਾਂ ਬੱਚਿਆਂ ਦੀਆਂ। ਮੈਂ ਵੀ ਤਿੰਨਾਂ ਨੂੰ ਲਿਖਦਾ ਸਾਂ। ਛੋਟਾ ਬੇਟਾ ਅਮਰਪ੍ਰੀਤ ਵੀ ਬਾਰਾਂ ਗਰੇਡ ਕਰ ਕੇ ਸਰਕਾਰੀ ਕਾਲਜ ਹੁਸ਼ਿਆਰਪੁਰ ’ਚ ਦਾਖਲ ਹੋ ਚੁੱਕਾ ਸੀ। ਦੋਨਾਂ ਨੂੰ ਦਿਲ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਦਾ ਸਾਂ। ਬੀਬੀ ਅਤੇ ਭਰਾਵਾਂ ਨੂੰ ਵੀ ਚਿੱਠੀ ਲਿਖਦਾ ਸਾਂ।

ਕਿਸੇ–ਕਿਸੇ ਵੀਕਐਂਡ ’ਤੇ ਰਣਜੀਤ, ਜਸਪਾਲ ਜਾਂ ਸੁਰਿੰਦਰਪਾਲ ਵੱਲ ਚਲਾ ਜਾਂਦਾ।

ਚੰਗੇਰੇ ਭਵਿੱਖ ਦੀ ਆਸ ਵਿਚ ਜ਼ਿੰਦਗੀ ਚੱਲੀ ਜਾ ਰਹੀ ਸੀ ਪਰ ਪਰਿਵਾਰਕ ਦੂਰੀ ਕਦੀ–ਕਦੀ ਉਦਾਸ ਕਰ ਦੇਂਦੀ। ਪਰਿਵਾਰ ਨੂੰ ਤਾਂ ਮਿੱਸ ਕਰਦਾ ਸਾਂ ਪਰ ਭੂਹੇਰਵਾ ਨਹੀਂ ਸੀ। ਮੇਰੀ ਜਾਚੇ ਭੂਹੇਰਵੇ ਦਾ ਸ਼ਿਕਾਰ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੀ ਭਾਰਤ ਵਿਚਲੀ ਜ਼ਿੰਦਗੀ ਆਪਣੇ ਸੂਬੇ ਤੱਕ ਹੀ ਸੀਮਤ ਹੁੰਦੀ ਹੈ। ਮੈਂ ਏਅਰਫੋਰਸ ਦੀ ਸਰਵਿਸ ਦੌਰਾਨ ਭਾਰਤ ਦੇ ਅਨੇਕਾਂ ਸਥਾਨ ਗਾਹੇ ਹੋਏ ਸਨ। ਅੰਗ੍ਰੇਜ਼ੀ ਸਾਹਿਤ ਪੜ੍ਹਿਆ ਹੋਣ ਕਰਕੇ ਗੋਰਿਆਂ ਬਾਰੇ ਕੁਝ ਪਤਾ ਵੀ ਸੀ। ਸੋ ਮੇਰੇ ਅੰਦਰ ਅਜ਼ਨਬੀਅਤ ਦਾ ਅਹਿਸਾਸ ਨਹੀਂ ਸੀ। ਮੈਂ ਤਾਂ ਸਗੋਂ ਕਨੇਡੀਅਨ ਸਿਸਟਮਾਂ ਤੇ ਜੀਵਨ–ਵਰਤਾਰਿਆਂ ਨੂੰ ਗਹੁ ਨਾਲ਼ ਵੇਖ ਰਿਹਾ ਸਾਂ, ਘੋਖ ਰਿਹਾ ਸਾਂ। ਮੁਖਧਾਰਾ ਦੇ ਲੋਕਾਂ ਨਾਲ਼ ਗੱਲ–ਬਾਤ ਕਰਨ ਲਈ ਭਾਸ਼ਾ ਦੀ ਕੋਈ ਪ੍ਰਾਬਲਮ ਨਹੀਂ ਸੀ। ਅਮਰੀਕਨ ਅੰਗ੍ਰੇਜ਼ੀ ਦੇ ਪ੍ਰਭਾਵ ਵਾਲ਼ੀ ਕਨੇਡੀਅਨ ਅੰਗ੍ਰੇਜ਼ੀ ਦੇ ਸ਼ਬਦ ਸ਼ੁਰੂ ’ਚ ਅਜ਼ੀਬ ਲਗੇ ਸਨ ਪਰ ਛੇਤੀ ਜ਼ਬਾਨ ’ਤੇ ਚੜ੍ਹ ਗਏ ਸਨ। ਪਾਠਕਾਂ ਦੀ ਜਾਣਕਾਰੀ ਲਈ ਕੁਝ ਸ਼ਬਦ— ਬਿਜਲੀ: ਹਾਈਡਰੋ, ਟਾਰਚ: ਫਲੈਸ਼ਲਾਈਟ, ਸੈੱਲ: ਬੈਟਰੀ, ਨੌਕਰੀ ਦੇਣੀ: ਹਾਇਰ ਕਰਨਾ, ਨੌਕਰੀ ਤੋਂ ਬਰਖਾਸਤ: ਫਾਇਰ ਕਰਨਾ, ਬਿਸਕੁਟ: ਕੁੱਕੀ, ਟੌਫੀ: ਕੈਂਡੀ, ਕੱਪੜੇ ਧੋਣਾ: ਲਾਂਡਰੀ ਕਰਨਾ, ਨਾਰਾਜ਼ ਹੋਣਾ: ਮੈਡ ਹੋਣਾ, ਆਦਿ।

ਕੁਝ ਸ਼ਬਦਾਂ ਦੇ ਉਚਾਰਣ ਵਿਚ ਵੀ ਫਰਕ ਹੈ ਜਿਵੇਂ ਸ਼ਡਿਊਲ: ਸ਼ਕੈਜੁਅਲ, ਇਨਵੈਂਟਰੀ: ਇਨਵੈਂਟੋਰੀ, ਕਨਿੰਘਮ—ਕਨਿੰਗਹੈਮ

ਬਿਲਡਿੰਗ ਵਿਚ ਚੋਰੀ

ਇਕ ਵੀਕਐਂਡ ’ਤੇ ਬਿਲਡਿੰਗ ਵਿਚ ਚੋਰੀ ਦੀ ਘਟਨਾ ਵਾਪਰ ਗਈ। ਮੈਂ ‘ਆਫ’ ਤੇ ਸਾਂ। ਮੇਰੀ ਸ਼ਿਫਟ ਪਾਰਟ ਟਾਈਮਰ ਕਮਿਸ਼ਨੇਅਰ ਕਰ ਰਿਹਾ ਸੀ। ਇਕ ਵਿਅਕਤੀ ਸਕਿਉਰਟੀ–ਟੇਬਲ ’ਤੇ ਆ ਕੇ ਉਸਨੂੰ ਕਹਿਣ ਲੱਗਾ ਕਿ ਉਸਨੇ ਸਟੂਡੀਓ ’ਚ ਕੁਝ ਕੁਰਸੀਆਂ ਸਪਲਾਈ ਕੀਤੀਆਂ ਸਨ। ਉਨ੍ਹਾਂ ਦੀ ਕੀਮਤ ਦਾ ਚੈੱਕ ‘ਪਿਕ–ਅੱਪ’ ਕਰਨ ਲਈ ਉਹ ਤੀਜੀ ਮੰਜਲ ’ਤੇ ਜਾ ਰਿਹਾ ਏ।

ਜਦੋਂ ਕਮਿਸ਼ਨੇਅਰ ਪਾਸ ਬਣਾਉਣ ਲੱਗਾ ਤਾਂ ਉਸਨੇ ਕਿਹਾ, “ਪਾਸ ਦੀ ਕੀ ਲੋੜ ਏ ਮੈਂ ਬੱਸ ਗਿਆ ਤੇ ਆਇਆ। ਕਮਿਸ਼ਨੇਅਰ ਨੇ ਉਸ ’ਤੇ ਯਕੀਨ ਕਰ ਲਿਆ। ਪਰ ਇਹ ਉਸਦੀ ਕੁਤਾਹੀ ਸੀ। ਨਿਯਮਾਂ ਮੁਤਾਬਿਕ ਪਾਸ ਹਰ ਇਕ ਦਾ ਬਣਾਉਣਾ ਹੁੰਦਾ ਸੀ, ਭਾਵੇਂ ਕੋਈ ਪੰਜ ਮਿੰਟ ਲਈ ਆਵੇ।

ਵੀਕਐਂਡ ਹੋਣ ਕਰਕੇ ਕਰਮਚਾਰੀ ਘੱਟ ਸਨ। ਉਨ੍ਹਾਂ ਵਿੱਚੋਂ ਵੀ ਕਈ ਲੰਚ ਵਾਸਤੇ ਬਾਹਰ ਗਏ ਹੋਏ ਸਨ। ਕੋਨੇ ਦੀ ਕੈਬਿਨ ਵਾਲ਼ੀ ਅਸਿਸਟੈਂਟ ਪ੍ਰੋਡਿਊਸਰ ਸਿੰਡੀ ਵਾਕਰ ਵੀ ਲੰਚ ’ਤੇ ਸੀ। ਉਸਦਾ ਪਰਸ ਟੇਬਲ ’ਤੇ ਪਿਆ ਸੀ। ਚੋਰ ਨੇ ਆਸੇ–ਪਾਸੇ ਦੇਖ ਕੇ ਪਰਸ ਚੁੱਕ ਕੇ ਓਵਰਕੋਟ ਥੱਲੇ ਲੁਕਾ ਲਿਆ ਤੇ ਕਾਹਲੇ ਕਦਮੀਂ ਬਾਹਰ ਨਿਕਲ਼ ਗਿਆ।

ਲੰਚ ਤੋਂ ਮੁੜ ਕੇ ਸਿੰਡੀ ਨੇ ਦੇਖਿਆ, ਉਸਦਾ ਪਰਸ ਗਾਇਬ ਸੀ। ਚੰਗੀ ਗੱਲ ਇਹ ਹੋਈ ਕਿ ਪਰਸ ਵਿਚ ਕੁਝ ਡਾਲਰ ਤੇ ਮੇਕ–ਅੱਪ ਦਾ ਸਾਮਾਨ ਹੀ ਸੀ। ਆਈ. ਡੀ, ਵੀਜ਼ਾ ਕਾਰਡ, ਬੈਂਕ ਕਾਰਡ ਉਸਦੇ ਕੋਲ਼ ਸਨ। ਪਰ ਬਿਲਡਿੰਗ ਵਿੱਚੋਂ ਪਰਸ ਗੁੰਮ ਹੋਣਾ ਗੰਭੀਰ ਘਟਨਾ ਸੀ। ਸਾਥੀ ਕਰਮਚਾਰੀਆਂ ’ਤੇ ਕੋਈ ਸ਼ੱਕ–ਸੰਦੇਹ ਨਹੀਂ ਸੀ। ਵਿਜ਼ਿਟਰਾਂ ਬਾਰੇ ਜਾਣਨ ਲਈ ਪਾਸ ਚੈੱਕ ਕੀਤੇ ਗਏ। ਉਸ ਟਾਈਮ ਦੌਰਾਨ ਬਿਲਡਿੰਗ ਵਿਚ ਕੋਈ ਵਿਜ਼ਿਟਰ ਨਹੀਂ ਸੀ। ਕਮਿਸ਼ਨੇਅਰ ਸ਼ਾਇਦ ਲੁਕੋਅ ਰੱਖ ਜਾਂਦਾ ਪਰ ਇਕ ਕਰਮਚਾਰੀ ਨੇ ਬਿਨਾਂ-ਪਾਸ ਅਜ਼ਨਬੀ ਬੰਦੇ ਨੂੰ ਪੌੜੀਆਂ ਉੱਤਰਦੇ ਦੇਖ ਲਿਆ ਹੋਇਆ ਸੀ… ਕਮਿਸ਼ਨੇਅਰ ਨੇ ਕੁਤਾਹੀ ਸਵੀਕਾਰ ਕਰ ਲਈ ਤੇ ‘ਇਨਸੀਡੈਂਟ ਰਿਪੋਰਟ’ ਲਿਖ ਕੇ ਡਿਟੈਚਮੈਂਟ ਕਮਾਂਡਰ ਨੂੰ ਭੇਜ ਦਿੱਤੀ। ਉਸਨੇ ਅਗਾਂਹ ਕੋਰ ਹੈਡਕੁਆਟਰ ਨੂੰ ਤੋਰ ਦਿੱਤੀ, ਨਾਲ਼ ਲਿਖ ਦਿੱਤਾ ਕਿ ਸਖਤ ਐਕਸ਼ਨ ਲਿਆ ਜਾਵੇ। ਕੋਰ ਨੇ ਪਾਰਟ ਟਾਈਮਰ ਕਮਿਸ਼ਨੇਅਰ ਨੂੰ ਫਾਇਰ ਕਰ ਦਿੱਤਾ।

ਸੋਮਵਾਰ ਮੈਂ ਜਿਸ ਕਮਿਸ਼ਨੇਅਰ ਤੋਂ ਡਿਊਟੀ ਸਾਂਭੀ ਉਸ ਤੋਂ ਘਟਨਾ ਬਾਰੇ ਸੰਖੇਪ ਜਾਣਕਾਰੀ ਮਿਲ਼ੀ। ਪਾਰਟ ਟਾਈਮਰ ਕਮਿਸ਼ਨੇਅਰ ਨੇ ਘਟਨਾ ‘ਲਾਗ ਬੁੱਕ’ ’ਚ ਦਰਜ ਕੀਤੀ ਹੋਈ ਸੀ। ਉਸ ਵਿਚ ਉਸਨੇ ਚੋਰ ਦਾ ਹੁਲੀਆ ਜਿਵੇਂ ਉਸਦੇ ਰੰਗ, ਅੰਦਾਜ਼ਨ ਕੱਦ, ਭਾਰ ਤੇ ਓਵਰਕੋਟ ਦੇ ਰੰਗ ਬਾਰੇ ਲਿਖਿਆ ਹੋਇਆ ਸੀ।

ਪਹਿਲੇ ਨਿਯਮਾਂ ਅਨੁਸਾਰ ਕਮਿਸ਼ਨੇਅਰਾਂ ਨੂੰ ਖਾਸ ਵਿਜ਼ਿਟਰਾਂ ਬਾਰੇ ਹੀ ਅਗਾਊਂ ਸੂਚਿਤ ਕੀਤਾ ਜਾਂਦਾ ਸੀ ਪਰ ਉਪ੍ਰੋਕਤ ਘਟਨਾ ਤੋਂ ਬਾਅਦ ਹਰ ਵਿਜ਼ਿਟਰ ਬਾਰੇ ਅਗਾਊਂ ਸੂਚਨਾ ਦਿੱਤੀ ਜਾਣ ਲੱਗੀ।

ਪਹਿਲੀ ਘਟਨਾ ਤੋਂ ਮਹੀਨਾ ਕੁ ਬਾਅਦ ਮੇਰੀ ਡਿਊਟੀ ਦੌਰਾਨ ਇਕ ਵਿਅਕਤੀ ਨੇ ਆ ਕੇ ਕਿਹਾ ਕਿ ਕੁਝ ਦਿਨਾਂ ਬਾਅਦ ਉਸਦੀ ਇੰਟਰਵਿਊ ਰਿਕਾਰਡ ਹੋਣੀ ਏਂ। ਉਸ ਸੰਬੰਧੀ ਉਹ ਕੁਝ ਮੈਟਰ ਨਿਊਜ਼ ਡਿਪਾਰਟਮੈਂਟ ’ਚ ਫੜਾਉਣ ਜਾ ਰਿਹਾ ਏ। ਅਗਲੇ ਦਿਨਾਂ ਵਿਚ ਇੰਟਰਵਿਊ ਲਈ ਆਉਣ ਵਾਲ਼ੇ ਵਿਜ਼ਿਟਰਾਂ ਦੀ ਸੂਚੀ ਵਾਲ਼ਾ ਕਾਗਜ਼ ਉਠਾਉਂਦਿਆਂ ਮੈਂ ਉਸਦਾ ਨਾਮ ਪੁੱਛਿਆ। ਨਾਮ ਦੱਸਣ ਦੀ ਬਜਾਏ ਉਹ ਜੈਕਟ ਦੀਆਂ ਜ਼ੇਬਾਂ ਵਿਚ ਹੱਥ ਮਾਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਟਰ ਵਾਲ਼ੇ ਪੇਪਰ ਤਾਂ ਉਹ ਘਰ ਹੀ ਭੁੱਲ ਆਇਆ ਸੀ। ਨਾਮ, ਨਾ ਦੱਸਣ ਅਤੇ ਉਸਦੇ ਚਿਹਰੇ ’ਤੇ ਘਬਰਾਹਟ ਦੇ ਚਿੰਨ੍ਹ ਦੇਖ ਕੇ ਮੈਨੂੰ ਸ਼ੱਕ ਪਈ। ਸ਼ਕਲ-ਸੂਰਤ ਤੋਂ ਉਹ ਟੀ. ਵੀ. ’ਤੇ ਪੇਸ਼ ਹੁੰਦੇ ਬੰਦਿਆਂ ਵਰਗਾ ਨਹੀਂ ਸੀ ਜਾਪਦਾ। ਮੇਰੇ ਦਿਮਾਗ ਵਿਚ ਚੋਰ ਦਾ ਹੁਲੀਆ ਉੱਭਰ ਪਿਆ। ਉਸਨੇ ਓਵਰਕੋਟ ਨਹੀਂ ਜੈਕਟ ਪਾਈ ਹੋਈ ਸੀ। ਪਰ ਰੰਗ ਅਤੇ ਕਦ-ਬੁੱਤ ਚੋਰ ਨਾਲ਼ ਮੇਲ਼ ਖਾਂਦੇ ਸਨ। ਉਹ ਕਹਿਣ ਲੱਗਾ ਕਿ ਉਹ ਕੱਲ੍ਹ ਆਏਗਾ। ਮੈਂ ਹੱਥ ਦੇ ਇਸ਼ਾਰੇ ਨਾਲ਼ ਉਸਨੂੰ ਰੋਕ ਲਿਆ। ਮੇਰਾ ਮੰਤਵ ਉਸਨੂੰ ਅਟਕਾਉਣਾ ਸੀ। ਕਿਸੇ ਨੂੰ ਹਿਰਾਸਤ ’ਚ ਲੈਣ ਦਾ ਸਾਨੂੰ ਅਧਿਕਾਰ ਨਹੀਂ ਸੀ। ਹਮਦਰਦੀ ਦੇ ਰਉਂ ’ਚ ਮੈਂ ਆਖਿਆ, “ਬੇਕਾਰ ਗੇੜੇ ਕਾਰਨ ਤੇਰਾ ਮੂਡ ਖਰਾਬ ਹੋ ਗਿਐ। ਦੋ ਕੁ ਮਿੰਟ ਅਟਕ। ਮੈਂ ਬਾਹਰ ਕੌਫੀ ਪੀਣ ਜਾ ਰਿਹਾਂ, ਆਪਾਂ ’ਕੱਠੇ ਬਹਿ ਕੇ ਪੀਵਾਂਗੇ। ਏਥੇ ਕੰਮ ਕਰਨ ਲਈ ਮੈਂ ਇਕ ਹੋਰ ਕਮਿਸ਼ਨੇਅਰ ਨੂੰ ਫੋਨ ਕਰ ਰਿਹਾਂ।” ਫੋਨ ਉਠਾ ਕੇ ਮੈਂ ਸਹਿਜ ਨਾਲ਼ ਕੋਡ ਨੰਬਰ ਦਬਾ ਦਿੱਤਾ। ਕੋਡ ਰਾਹੀਂ ਮੈਂ ਲਾਗਲੀ ਬਿਲਡਿੰਗ ’ਚ ਸਥਿਤ ‘ਸਕਿਉਰਟੀ ਕੰਟਰੋਲ ਰੂਮ’ ਨੂੰ ਦੱਸਿਆ ਸੀ ਕਿ ਮੇਰੀ ਪੋਸਟ ’ਤੇ ਕੋਈ ਗੜਬੜ ਹੈ। ਸ਼ੱਕੀ ਬੰਦੇ ਨੂੰ ਮੈਂ ਬਾਹਰ ਪੈ ਰਹੀ ਬਰਫ ਬਾਰੇ ਗੱਲੀਂ ਲਾ ਲਿਆ। ‘ਸਕਿਉਰਟੀ ਕੰਟਰੋਲ ਰੂਮ’ ਦੇ ਦੋ ਅਧਿਕਾਰੀ ਤੁਰੰਤ ਆ ਗਏ। “ਸ਼ੱਕੀ ਬੰਦਾ ਹੈ, ਪੜਤਾਲ ਕਰੋ।” ਮੈਂ ਆਖਿਆ। ਉਹ ਉਸਨੂੰ ਲੈ ਗਏ। ਮੈਂ ਇਨਸੀਡੈਂਟ ਰਿਪੋਰਟ ਲਿਖ ਕੇ ਡਿਟੈਚਮੈਂਟ ਕਮਾਂਡਰ ਨੂੰ ਭੇਜ ਦਿੱਤੀ। ਉਸਨੇ ਮੇਰੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।

ਅਗਲੇ ਦਿਨ ਪਤਾ ਲੱਗਾ ਕਿ ਉਹ ਡਰੱਗੀ ਕਿਸਮ ਦਾ ਚੋਰ ਸੀ। ਸੈਂਡੀ ਦਾ ਪਰਸ ਉਸਨੇ ਹੀ ਚੁਰਾਇਆ ਸੀ। ਕੁਝ ਹੋਰ ਬਿਲਡਿੰਗਾਂ ਵਿਚ ਵੀ ਉਸਨੇ ਚੋਰੀਆਂ ਕੀਤੀਆਂ ਸਨ। ਡਿਟੈਚਮੈਂਟ ਕਮਾਂਡਰ ਨੇ ਮੇਰੀ ਇਨਸੀਡੈਂਟ ਰਿਪੋਰਟ ਨਾਲ਼ ਚੋਰ ਬਾਰੇ ਇਹ ਤੱਥ ਵੀ ਕੰਪਨੀ ਹੈਡਕੁਆਟਰ ਪੁਚਾ ਦਿੱਤੇ।

ਐਗਜ਼ੈਂਪਲਰੀ ਪਰਫੌਰਮੈਂਸ ਐਵਾਰਡ

ਕੁਝ ਦਿਨਾਂ ਬਾਅਦ ਡਿਟੈਚਮੈਂਟ ਕਮਾਂਡਰ ਨੇ ਫੋਨ ’ਤੇ ਮੈਨੂੰ ਮੁਬਾਰਕਾਂ ਦਿੱਤੀਆਂ। ਮੈਂ ਪੁੱਛਿਆ “ਕਾਹਦੀਆਂ?” ਕਹਿੰਦਾ, “ਕੋਰ ਹੈੱਡਕੁਆਟਰ ਨੇ ਤੈਨੂੰ Exemplary Performance Award (ਮਿਸਾਲੀ ਕੰਮ ਲਈ ਇਨਾਮ) ਦੇਣ ਦਾ ਫੈਸਲਾ ਕੀਤਾ ਹੈ।”

ਮੇਰੇ ਕੰਮ ਦੀ ਕਦਰ ਪਈ ਸੀ। ਮਨ ਨੂੰ ਖੁਸ਼ੀ ਹੋਈ। ਪਰ ਮੈਂ ਇਹ ਵੀ ਸਮਝਦਾ ਸਾਂ ਕਿ ਮੈਂ ਕੋਈ ਮਾਅਰਕਾ ਨਹੀਂ ਸੀ ਮਾਰਿਆ। ਆਪਣੀ ਡਿਊਟੀ ਨਿਭਾਈ ਸੀ। ਬਿਲਡਿੰਗ ਨੂੰ ਸੁਰੱਖਿਅਤ ਰੱਖਣਾ ਮੇਰੀ ਡਿਊਟੀ ਸੀ, ਜ਼ਿੰਮੇਵਾਰੀ ਸੀ।

ਏਅਰਫੋਰਸ ਤੇ ਬੈਂਕ ਵਿਚ ਵੀ ਜੋ ਕੰਮ ਮੈਨੂੰ ਦਿੱਤੇ ਗਏ, ਉਹ ਮੈਂ ਮਿਹਨਤ ਅਤੇ ਲਗਨ ਨਾਲ਼ ਕੀਤੇ। ਸੁਭਾਅ ਕਹਿ ਲਓ, ਅਸੂਲ ਕਹਿ ਲਓ, ਨੌਕਰੀ ਤੋਂ ਇਲਾਵਾ ਮੈਂ ਸਿਰਜਣਾਤਮਿਕ ਅਤੇ ਘਰ–ਬਾਰ ਦੇ ਕੰਮਾਂ ਸਮੇਤ ਹਰ ਕੰਮ ਨਿੱਠ ਕੇ ਕਰਦਾ ਹਾਂ। ਚਲਾਵੇਂ ਤੇ ਡੰਗ-ਟਪਾਊ ਕੰਮ ਮੇਰੀ ਰੂਹ ਨੂੰ ਪਰਵਾਨ ਨਹੀਂ। ਸੰਪੂਰਨਤਾ (Perfection) ਮੇਰੇ ਸੁਭਾਅ ’ਚ ਸਮਾਈ ਹੋਈ ਏ।

ਕੋਰ ਹੈਡਕੁਆਟਰ ਤੋਂ ਹਰ ਮਹੀਨੇ ਛਪਦੇ ‘ਕੋਰ ਆਰਡਰਜ਼’ ਵਿਚ ਵੀ ਐਵਾਰਡ ਦੀ ਖਬਰ ਛਪ ਗਈ ਸੀ। ਕੋਰ ਅਤੇ ਸੀ. ਬੀ. ਸੀ ਦੇ ਕਰਮਚਾਰੀ ਮੇਰੇ ਕੰਮ ਨੂੰ ਪਹਿਲਾਂ ਹੀ ਪਸੰਦ ਕਰਦੇ ਸਨ। ਉਨ੍ਹਾਂ ਦੀ ਪਸੰਦ ਹੁਣ ਹੋਰ ਗੂੜ੍ਹੀ ਹੋ ਗਈ ਸੀ।

ਕੋਰ ਦੀ ਸਲਾਨਾ ਪਾਰਟੀ ’ਚ ਕਮਾਂਡੈਂਟ ਅਤੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਨੇ ਮੈਨੂੰ ਅਤੇ ਇਕ ਹੋਰ ਡਿਟੈਚਮੈਂਟ ਦੇ ਕਮਿਸ਼ਨੇਅਰ ਨੂੰ ਐਵਾਰਡ ਪ੍ਰਦਾਨ ਕੀਤੇ। ਉਸ ਪਾਰਟੀ ਵਿਚ ਦੂਜੀਆਂ ਡਿਟੈਚਮੈਂਟਾਂ ਦੇ ਭਾਰਤੀ ਮੂਲ ਦੇ ਕਮਿਸ਼ਨੇਅਰਾਂ ਨਾਲ਼ ਵੀ ਮੁਲਾਕਾਤ ਹੋਈ। ਉਨ੍ਹਾਂ ਵਿਚ ਬਹੁਤੇ ਉਚ ਅਹੁਦਿਆਂ ਦੇ ਸਾਬਕਾ ਅਫਸਰ ਸਨ— ਕਰਨਲ ਰਾਣਾ, ਕਰਨਲ ਖਹਿਰਾ, ਕੋਰ ’ਚ ਇੰਸਪੈਕਟਰ ਦੇ ਰੈਂਕ ਵਾਲ਼ਾ ਕਰਨਲ ਹਰਬੰਸ ਗਿੱਲ, ਕਰਨਲ ਗਰੇਵਾਲ ਜੋ ਵਾਰੰਟ ਅਫਸਰ ਦੇ ਰੈਂਕ ਨਾਲ਼ ਏਅਰਪੋਰਟ ਦੀ ਵੱਡੀ ਡਿਟੈਚਮੈਂਟ ਦੀ ਸੁਪਰਵਾਇਜ਼ਰੀ ਟੀਮ ’ਚ ਸੀ, ਮੇਜਰ ਭਿੰਡਰ, ਮੇਜਰ ਅਮਰਜੀਤ ਸਾਥੀ ਟਿਵਾਣਾ (ਸਾਹਿਤਕਾਰ) ਮੇਜਰ ਬਲਦੇਵ ਸਿੰਘ ਗਿੱਲ, ਕੈਪਟਨ ਨਰੰਜਣ ਸਿੰਘ ਗਿੱਲ, ਪੈਟੀ ਅਫਸਰ (ਨੇਵੀ) ਹਰਦੀਪ ਸਿੰਘ ਦਿਓਲ, ਸੂਬੇਦਾਰ ਗੁਰਦੇਵ ਸਿੰਘ ਡੇਲ, ਸੂਬੇਦਾਰ ਰੰਧਾਵਾ… । ਹੋਰ ਵੀ ਕਈ ਸਨ ਪਰ ਸਾਰਿਆਂ ਦੇ ਨਾਂ ਯਾਦ ਨਹੀਂ। ਪਾਕਿਸਤਾਨ ਦੇ ਸਾਬਕਾ ਫੌਜੀ ਅਫਸਰ ਵੀ ਸਨ— ਵਿੰਗ ਕਮਾਂਡਰ (ਏਅਰ ਫੋਰਸ) ਖਾਨ, ਸੂਬੇਦਾਰ ਅਨਾਇਤ ਉਲਾ, ਕੈਪਟਨ ਅਹਿਮਦ, ਏਨੇ ਕੁ ਹੀ ਯਾਦ ਹਨ।

ਸਾਡੀ ਡਿਟੈਚਮੈਂਟ ਦੇ, ਡਿਟੈਚਮੈਂਟ ਕਮਾਂਡਰ ਤੋਂ ਦੂਜੇ ਨੰਬਰ ਵਾਲ਼ਾ, ਸਾਰਜੈਂਟ ਡੌਨ ਕਿਸੇ ਹੋਰ ਡਿਟੈਚਮੈਂਟ ਵਿਚ ਚਲਾ ਗਿਆ। ਉਸ ਪੋਸਟ ਵਾਸਤੇ ਡਿਟੈਚਮੈਂਟ ਕਮਾਂਡਰ ਲੈਰੀ ਹਾਈਨ ਨੇ ਕੋਰ ਹੈਡਕੁਆਟਰ ਨੂੰ ਦੋ ਨਾਂ ਭੇਜੇ, ਗੋਰੇ ਟੈਰੀ ਕੌਚਿੰਗ ਦਾ ਤੇ ਮੇਰਾ। ਟੈਰੀ ਮੈਥੋਂ ਸੀਨੀਅਰ ਸੀ। ਉਸਦੀ ਸਰਵਿਸ 4 ਸਾਲ ਤੋਂ ਉੱਪਰ ਸੀ ਜਦੋਂ ਕਿ ਮੇਰੀ ਸਿਰਫ ਡੇਢ ਸਾਲ। ਕੁਝ ਕਮਿਸ਼ਨੇਅਰਜ਼ ਟੈਰੀ ਤੋਂ ਵੀ ਸੀਨੀਅਰ ਸਨ ਪਰ ਪ੍ਰਮੋਸ਼ਨ ਵਾਸਤੇ ਸੀਨਿਓਰਟੀ ਨਹੀਂ, ਸਮਰੱਥਾ ਦੇਖੀ ਜਾਂਦੀ ਸੀ। ਟੈਰੀ ਦੀ ਸਰਵਿਸ–ਬੁਕ ਵਿਚ ਇਕ ‘ਨੈਗੇਟਿਵ’ ਐਂਟਰੀ’ ਸੀ। ਉਹ ਰਾਤ ਦੀ ਸ਼ਿਫਟ ਦੌਰਾਨ ਸੁੱਤਾ ਹੋਇਆ ਫੜਿਆ ਗਿਆ ਸੀ। ਕਮਾਂਡੈਂਟ ਨੇ ਮੈਨੂੰ ਸਾਰਜੈਂਟ ਦੀ ਪ੍ਰਮੋਸ਼ਨ ਦੇ ਦਿੱਤੀ। ਖੁਸ਼ੀ ਦੇ ਨਾਲ਼ ਮੈਨੂੰ ਹੈਰਾਨੀ ਵੀ ਹੋਈ। ਏਨੀ ਛੇਤੀ ਸਾਰਜੈਂਟ ਬਣਨ ਦੀ ਗੱਲ ਮੇਰੇ ਚਿੱਤ-ਖਿਆਲ ਵੀ ਨਹੀਂ ਸੀ। ਲੈਰੀ ਨੂੰ ਆਖੀ “ਥੈਂਕ ਯੂ” ਮੇਰੇ ਧੁਰ ਅੰਦਰੋਂ ਨਿਕਲ਼ੀ ਸੀ। ਟੈਰੀ ਨੂੰ ਤਕਲੀਫ ਹੋਈ ਸੀ ਪਰ ਕਰ ਕੁਝ ਨਹੀਂ ਸੀ ਸਕਦਾ। ਲੈਰੀ ਵੱਲੋਂ ਘੂਰਨ ’ਤੇ ਠੀਕ ਹੋ ਗਿਆ ਸੀ।

ਮੇਰੀ ਪੋਸਟ ਲੈਰੀ ਨਾਲ਼ 90 ਸੁਮੈਕ ਸਟਰੀਟ ’ਤੇ ਸੀ। ਉਸਦੀ ਸ਼ਿਫਟ ਸਵੇਰੇ 7 ਤੋਂ 3 ਵਜੇ ਤੱਕ ਸੀ। ਮੇਰੀ 3 ਤੋਂ ਰਾਤ ਦੇ 11 ਵਜੇ ਤੱਕ। 11 ਤੋਂ ਸਵੇਰੇ 7 ਤੱਕ ਦੀ ਸ਼ਿਫਟ ਕਿਸੇ ਹੋਰ ਦੀ ਸੀ। ਪੰਜ ਮੰਜਲੀ ਬਿਲਡਿੰਗ ਦਾ ਮੁੱਖ ਦਵਾਰ ਲੌਬੀ ’ਚ ਖੁੱਲ੍ਹਦਾ ਸੀ। ਲੌਬੀ ਦੇ ਸੱਜੇ ਪਾਸੇ ਪੌੜੀਆਂ ਤੇ ਖੱਬੇ ਪਾਸੇ ‘ਕਮਿਸ਼ਨੇਅਰ–ਰੂਮ’ ਸੀ। ਵਿਚਾਲੇ ਦੋ ਐਲੀਵੇਟਰ ਸਨ। ਸਾਡੇ ਰੂਮ ਦੀ ਇਕ ਖਿੜਕੀ ਲੌਬੀ ’ਚ ਖੁਲ੍ਹਦੀ ਸੀ। ਅਸੀਂ ਕਰਮਚਾਰੀਆਂ ਦੇ ਪਾਸ ਲੌਬੀ ’ਚ ਖੜ੍ਹ ਕੇ ਚੈੱਕ ਕਰਦੇ ਸਾਂ। ਪਾਸ ਦਿਖਾ ਕੇ ਉਪਰਲੀਆਂ ਮੰਜਲਾਂ ’ਤੇ ਜਾਣ ਵਾਲ਼ੇ ਐਲੀਵੇਟਰ ਫੜ ਲੈਂਦੇ ਤੇ ਜ਼ਮੀਨੀ ਮੰਜ਼ਲ ਤੇ ਕੰਮ ਕਰਨ ਵਾਲ਼ੇ ਲੌਬੀ ਵਿਚੀਂ ਆਪਣੇ ਡਿਪਾਰਮੈਂਟਾਂ ਨੂੰ ਚਲੇ ਜਾਂਦੇ। ਜਦੋਂ ਅਸੀਂ ਬਿਜ਼ੀ ਹੁੰਦੇ ਤਾਂ ਕਰਮਚਾਰੀ ਖਿੜਕੀ ਰਾਹੀਂ ਪਾਸ ਚੈੱਕ ਕਰਵਾ ਲੈਂਦੇ। ਮਰਦ ਕਰਮਚਾਰੀ ਜ਼ਿਆਦਾ ਸਨ, ਔਰਤਾਂ ਘੱਟ। ਦੂਜਾ ਦਰਵਾਜ਼ਾ ਬਿਲਡਿੰਗ ਦੀ ਸਾਈਡ ’ਤੇ ਸੀ ਜੋ ਬੰਦ ਰਹਿੰਦਾ ਸੀ। ਸਿਰਫ ਇਲੈਕਟ੍ਰਾਨਿਕ ਕਾਰਡ ਨਾਲ਼ ਹੀ ਖੁੱਲਦਾ ਸੀ। ਉਹ ਕਾਰਡ ਕੁਝ ਖਾਸ ਕਰਮਚਾਰੀਆਂ ਕੋਲ਼ ਹੀ ਸਨ। ਵਿਜ਼ਿਟਰ ਏਥੇ ਵੀ ਆਉਂਦੇ ਸਨ ਪਰ ਘੱਟ। ਪਾਸ ਸਿਸਟਮ ਕਾਰਲਟਨ ਬਿਲਡਿੰਗ ਵਾਲ਼ਾ ਹੀ ਸੀ।

ਇਸ ਲੋਕੇਸ਼ਨ ਨੂੰ ਸੀ. ਬੀ. ਸੀ ਦੀ ਡਿਜ਼ਾਈਨ ਬਿਲਡਿੰਗ ਕਿਹਾ ਜਾਂਦਾ ਸੀ। ਇਸ ਵਿਚ ਸੈਟ ਡਿਜ਼ਾਈਨ, ਸੈਟ ਡੈਕੋਰੇਸ਼ਨ, ਕਾਸਟਯੂਮ ਡਿਜ਼ਾਈਨ, ਸਪੈਸ਼ਲ ਇਫੈਕਟਸ ਦੇ ਡਿਪਾਰਟਮੈਂਟਾਂ ਤੋਂ ਇਲਾਵਾ ਟਰਾਂਸਪੋਰਟ ਡਿਪਾਰਟਮੈਂਟ ਵੀ ਸੀ, ਜਿਸ ਵਿਚ ਕਾਰਾਂ, ਵੈਨਾਂ, ਛੋਟੇ–ਵੱਡੇ ਟਰੱਕ ਤੇ ਮੁਬਾਇਲ ਜਨਰੇਟਰ ਸਨ। ਸਾਰੀਆਂ ਵਾਹਨਾਂ ਦੀਆਂ ਚਾਬੀਆਂ ਸਾਡੇ ਰੂਮ ’ਚ ਹੁੰਦੀਆਂ ਸਨ। ਚਾਬੀ ਲੈਣ ਵਾਲ਼ੇ ਕਰਮਚਾਰੀ ਨੂੰ ‘ਵਹੀਕਲ ਲਾਗ ਬੁੱਕ’ ਵਿਚ ਆਪਣਾ ਨਾਂ ਤੇ ਮਕਸਦ ਵਗੈਰਾ ਦਰਜ ਕਰਨਾ ਹੁੰਦਾ ਸੀ। ਸੀ. ਬੀ. ਸੀ ਤੇ ਕਰਮਚਾਰੀਆਂ ਦੀਆਂ ਵਾਹਨਾਂ ਵਾਸਤੇ ਬਿਲਡਿੰਗ ਦੇ ਮੂਹਰੇ, ਪਿਛਵਾੜੇ ਅਤੇ ਸੱਜੇ-ਖੱਬੇ ਪਾਰਕਿੰਗ ਲੌਟ ਸਨ। ਚਾਰੇ ਲੌਟਾਂ ’ਚ ਕੈਮਰੇ ਫਿਟ ਕੀਤੇ ਹੋਏ ਸਨ। ਲੌਟਾਂ ’ਚ ਆ, ਜਾ ਰਹੀਆਂ ਵਾਹਨਾਂ ਦੀਆਂ, ਪਲ-ਪਲ ਦੀਆਂ ਤਸਵੀਰਾਂ ਟੇਪ ’ਤੇ ਰਿਕਾਰਡ ਹੋਣ ਦੇ ਨਾਲ਼-ਨਾਲ਼ ਮੌਨੀਟਰ ’ਤੇ ਵੀ ਪ੍ਰਤੀਬਿੰਬਤ ਹੁੰਦੀਆਂ ਸਨ। ਵੱਡੀ ਸਕਰੀਨ ਵਾਲ਼ਾ ਮੌਨੀਟਰ ਸਾਡੇ ਟੇਬਲ ਦੇ ਸਾਹਮਣੇ ਸੀ।

ਕਾਸਟਯੂਮ ਡਿਪਾਰਟਮੈਂਟ ਸਭ ਤੋਂ ਵੱਡਾ ਸੀ। ਚੌਥੀ ਮੰਜਲ ’ਤੇ ਵੱਡੇ ਹਾਲ ਵਿਚ ਸੋਲ਼ਵੀ ਸਦੀ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੇ ਕਈ ਵਰਗਾਂ ਦੇ ਮਰਦਾਂ–ਔਰਤਾਂ ਦੀਆਂ ਪੁਸ਼ਾਕਾਂ, ਲਾਈਨਾਂ ਬਣਾ ਕੇ ਹੈਂਗਰਾਂ ’ਤੇ ਟੰਗੀਆਂ ਹੋਈਆਂ ਸਨ। ਬਿਲਡਿੰਗ ਵਿਚ ਸੀ. ਬੀ. ਸੀ ਦੇ ਪ੍ਰੋਗਰਾਮਾਂ ਜਿਵੇਂ ਡਰਾਮੇ, ਡਾਕੂਮੈਂਟਰੀਆਂ, ਕਾਮੇਡੀ ਸੀਰੀਜ਼, ਆਈਸ ਹਾਕੀ, ਬਾਸਕਿਟਬਾਲ, ਬੇਸਬਾਲ ਆਦਿ ਖੇਡਾਂ, ਕਨੇਡਾ ਦੇ ਦਿਨਾਂ–ਤਿਉਹਾਰਾਂ ਅਤੇ ਸਪੈਸ਼ਲ ਈਵੈਂਟਸ ਦੀ ਸ਼ੂਟਿੰਗ ਵਾਸਤੇ ਸੈੱਟ ਬਣਾਉਣ, ਸਜਾਉਣ ਤੇ ਕਲਾਕਾਰਾਂ/ ਪੇਸ਼ਕਾਰਾਂ ਦੀਆਂ ਪੁਸ਼ਾਕਾਂ ਤਿਆਰ ਕਰਨ ਦੇ ਕੰਮ ਕੀਤੇ ਜਾਂਦੇ ਸਨ। ਸੈੱਟ ਬਣਾ ਕੇ ਉਸਦੇ ਛੋਟੇ–ਵੱਡੇ ਪਾਰਟ ਸ਼ੂਟਿੰਗ-ਲੋਕੇਸ਼ਨ ’ਤੇ ਲੈ ਜਾਂਦੇ ਸਨ, ਜੋੜਨ–ਬੀੜਨ ਦਾ ਕੰਮ ਓਥੇ ਕੀਤਾ ਜਾਂਦਾ ਸੀ।

ਉਨ੍ਹਾਂ ਦਿਨਾਂ ਵਿਚ ਸੀ. ਬੀ. ਸੀ ਦੇ ਚਰਚਿਤ ਡਰਾਮੇ, ‘Conspiracy of Silence’ (ਚੁੱਪ ਦੀ ਸਾਜ਼ਸ) ਦੀ ਆਊਟਡੋਰ ਸ਼ੂਟਿੰਗ ਚਲ ਰਹੀ ਸੀ। ‘ਟਰਾਂਟੋ ਸਟਾਰ’ ਅਖਬਾਰ ਦੀ ਪੱਤਰਕਾਰ ਲੀਜ਼ਾ ਪਰੀਸਟ ਦੀ ਇਸੇ ਨਾਂ ਦੀ ਪੁਸਤਕ ’ਤੇ ਆਧਾਰਿਤ ਇਹ ਡਰਾਮਾ ਇਕ ਨੇਟਿਵ ਮੁਟਿਆਰ ਹੈਲਨ ਬੈਟੀ ਓਸਬੋਰਨ ਨਾਂ ਦੀ ਕੁਟਮਾਰ ਤੇ ਕਤਲ ਦੀ ਵਾਸਤਵਿਕ ਕਹਾਣੀ ਹੈ। ਇਹ ਘਟਨਾ 1971 ’ਚ ਮੈਨੀਟੋਬਾ ਸੂਬੇ ਦੇ ਕਸਬੇ ਪੈਸ ਵਿਚ ਵਾਪਰੀ ਸੀ। ਕਾਤਲ ਚਾਰ ਗੋਰੇ ਸਨ। ਕਸਬੇ ਦੇ ਕੁਝ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਸੀ ਪਰ ਨਸਲਵਾਦੀ ਸੋਚ ਕਾਰਨ ਉਨ੍ਹਾਂ ਚੁੱਪ ਧਾਰ ਲਈ। ਪੁਲਿਸ ਨੂੰ ਸਹਿਯੋਗ ਨਾ ਦਿੱਤਾ। ਆਖਰ 16 ਸਾਲ ਬਾਅਦ ਪੁਲਿਸ ਨੇ ਸੂਹ ਕੱਢ ਲਈ ਤੇ ਦੋਸ਼ੀਆਂ ਨੂੰ ਨੱਪ ਲਿਆ। ਨਸਲਵਾਦ ਦੀ ਅਤਿ ਘਿਨਾਉਣੀ ਵਾਰਦਾਤ ਸੀ ਇਹ ਡਰਾਮੇ ਵਿਚ ਦਿਖਾਇਆ ਘਰ ਅਤੇ ਹੋਰ ਦ੍ਰਿਸ਼ ਮੈਂ ਆਪਣੀ ਬਿਲਡਿੰਗ ਦੇ ਕਾਰਪੈਂਟਰ’ ਸੈਕਸ਼ਨ `ਚ ਬਣਦੇ ਦੇਖੇ ਸਨ।

ਲੈਰੀ ਦੀਆਂ ਤੇ ਮੇਰੀਆਂ ਡਿਊਟੀਆਂ ਵਿਚ ਕਰਮਚਾਰੀਆਂ, ਵਿਜ਼ਿਟਰਾਂ ਤੇ ਵਾਹਨਾਂ ਦੀ ਆਵਾਜਾਈ ਨੂੰ ਵਾਚਣ ਤੋਂ ਇਲਾਵਾ ਹੋਰ ਕੰਮ ਵੀ ਸਨ। ਮੈਂ ਡਿਟੈਚਮੈਂਟ ਦੇ ਕਮਿਸ਼ਨੇਅਰਾਂ ਦੀਆਂ ਹਰ ਹਫਤੇ ਸ਼ਕੈਜੁਅਲ ਬਣਾਉਂਦਾ ਸਾਂ ਤੇ ਲੈਰੀ ਉਨ੍ਹਾਂ ਦੀ ਪੇਅ-ਰੋਲ (ਤਨਖਾਹ ਸੰਬੰਧੀ ਲਿਸਟ) ਬਣਾੳਂਦਾ ਸੀ। ਨਾਲ਼ ਦੀ ਨਾਲ਼ ਅਸੀਂ ਦੋਵੇਂ ਹੋਰ ਸੁਪਰਵਾਈਜ਼ਰੀ ਕਾਰਜ ਵੀ ਨਿਭਾਉਂਦੇ ਸਾਂ, ਜਿਵੇਂ ਕੰਮ ਸੰਬੰਧੀ ਕਮਿਸ਼ਨੇਅਰਾਂ ਦੀਆਂ ਸਮਸਿਆਵਾਂ ਨੂੰ ਸੁਲਝਾਉਣਾ, ਬਿਮਾਰੀ ਜਾਂ ਜਰੂਰੀ ਕੰਮ ਲਈ ਉਨ੍ਹਾਂ ਨੂੰ ‘ਆਫ’ ਦੇ ਕੇ ਉਨ੍ਹਾਂ ਦੀ ਥਾਂ ਹੋਰ ਕਮਿਸ਼ਨੇਅਰਾਂ ਦੀਆਂ ਡਿਊਟੀਆਂ ਲਾਉਣੀਆਂ, ਮਾਮੂਲੀ ਕੁਤਾਹੀਆਂ ਲਈ ਵਾਰਨਿੰਗ ਦੇਣੀਆਂ, ਗੰਭੀਰ ਕੁਤਾਹੀਆਂ ਦੀਆਂ ਰਿਪੋਰਟਾਂ ਅਗਲੇ ਐਕਸ਼ਨ ਲਈ ਕੋਰ ਹੈਡਕੁਆਟਰ ਨੂੰ ਭੇਜਣੀਆਂ ਆਦਿ। ਹਰ ਸ਼ੁਕਰਵਾਰ ਲੈਰੀ ਤੇ ਮੈਂ, ਵਾਰੀ ਸਿਰ, ਪੋਸਟਾਂ ਦੀ ਚੈਕਿੰਗ ਕਰਦੇ ਸਾਂ।

ਲੈਰੀ ਦਾ ਅਪਾਰਟਮੈਂਟ ਕੰਮ ਤੋਂ ਲਾਗੇ ਹੀ ਸੀ। ਉਸਨੇ ਘਰ ਨਹੀਂ ਸੀ ਖਰੀਦਿਆ। ਘਰ ਵਾਸਤੇ ਕਰਜੇ ਦੀ ਵੱਡੀ ਪੰਡ ਚੁੱਕਣੀ ਉਸਦੇ ਅਤੇ ਪਤਨੀ ਨੋਵਾ ਦੀ ਸੋਚ ਦੇ ਅਨੁਕੂਲ ਨਹੀਂ ਸੀ। ਉਹ ਅਪਾਰਟਮੈਂਟ ਵਿਚ ਹੀ ਸੰਤੁਸ਼ਟ ਸਨ। ਅਨੇਕਾਂ ਗੋਰੇ ਅਪਾਰਟਮੈਂਟਾਂ ਵਿਚ ਹੀ ਰਹਿਣਾ ਪਸੰਦ ਕਰਦੇ ਹਨ।

ਲੈਰੀ ਤੇ ਨੋਵਾ ਦਾ ਦੂਜਾ ਵਿਆਹ ਸੀ। ਲੈਰੀ ਦੇ ਪਹਿਲੇ ਵਿਆਹ ਦੀਆਂ ਦੋ ਧੀਆਂ ਸਨ। ਦੋਵੇਂ ਵਿਆਹੀਆਂ ਹੋਈਆਂ। ਨੋਵਾ ਦੇ ਤਿੰਨ ਪੁੱਤ ਸਨ। ਵੱਡੇ ਦੋ ਆਪੋ ਆਪਣੇ ਟਿਕਾਣਿਆਂ ’ਤੇ ਸਨ। ਤੀਜਾ ਛੋਟਾ ਸੀ। ਉਹ ਲੈਰੀ-ਨੋਵਾ ਨਾਲ਼ ਰਹਿੰਦਾ ਸੀ।

ਮੈਂ ਕਦੀ-ਕਦੀ ਉਨ੍ਹਾਂ ਦੇ ਅਪਾਰਟਮੈਂਟ ’ਚ ਚਲਾ ਜਾਂਦਾ। ਦੋ ਬੈਡ ਰੂਮ ਦਾ ਉਹ ਅਪਾਰਟਮੈਂਟ ਸੀ ਤਾਂ ਛੋਟਾ ਪਰ ਉਨ੍ਹਾਂ ਨੇ ਰੈਕ, ਸ਼ੈਲਫਾਂ ਤੇ ਕਲੌਜ਼ਿਟ ਬਣਾ ਕੇ ਘਰ ਦੀ ਹਰ ਚੀਜ ਸੁਹਣੇ ਢੰਗ ਨਾਲ਼ ਟਿਕਾਈ ਹੋਈ ਸੀ। ਲੈਰੀ ਦੇ ਹੱਥਾਂ ਵਿਚ ਕਾਰੀਗਰੀ ਸੀ। ਪਾਣੀ ਦੀਆਂ ਟੂਟੀਆਂ ਵਗੈਰਾ ਦੀ ਤੇ ਕਾਰ ਦੀ ਛੋਟੀ–ਮੋਟੀ ਰਿਪੇਅਰ ਉਹ ਆਪ ਹੀ ਕਰ ਲੈਂਦਾ ਸੀ। ਇਸ ਤਰ੍ਹਾਂ ਦੀ ਕਾਰੀਗਰੀ ਮੈਂ ਹੋਰ ਗੋਰਿਆਂ ਵਿਚ ਵੀ ਦੇਖ ਰਿਹਾ ਸਾਂ। ਲੈਰੀ ਨਿੱਘੇ ਦਿਲ ਵਾਲ਼ਾ ਬੰਦਾ ਸੀ।

ਪਰ ਘੋਖ ਪੂਰੀ ਰੱਖਦਾ ਸੀ। ਕਮਿਸ਼ਨੇਅਰਾਂ ਦੀਆਂ ਛੋਟੀਆਂ ਗਲਤੀਆਂ ਨਜ਼ਰ ਅੰਦਾਜ਼ ਕਰ ਦੇਂਦਾ ਪਰ ਲਾਪਰਵਾਹੀ ਤੇ ਵੱਡੀ ਗਲਤੀ ਪ੍ਰਵਾਨ ਨਹੀਂ ਸੀ ਕਰਦਾ। ਡਿਟੈਚਮੈਂਟ ਵਿਚ ਮੈਥੋਂ ਸਿਵਾ ਇਕ ਪੰਜਾਬੀ ਹੋਰ ਵੀ ਸੀ। ਸਾਡੇ ਦੋਨਾਂ ਦੇ ਕੰਮ ਤੋਂ ਖੁਸ਼ ਹੋਣ ਕਰਕੇ, ਡਿਟੈਚਮੈਂਟ ਵਿਚ ਖਾਲੀ ਜਗ੍ਹਾ ਹੋਣ ’ਤੇ ਕੋਰ ਹੈਡਕੁਆਟਰ ਤੋਂ ਬੰਦਾ ਮੰਗਣ ਸਮੇਂ ਉਸਦੀ ਤਰਜੀਹ ਪੰਜਾਬੀ ਕਮਿਸ਼ਨੇਅਰ ਵਾਸਤੇ ਹੁੰਦੀ ਸੀ। ਸਿੱਟੇ ਵਜੋਂ ਦੋ ਹੋਰ ਪੰਜਾਬੀ ਭਰਾ ਸਾਡੇ ਵਿਚ ਸ਼ਾਮਲ ਹੋ ਗਏ ਸਨ।

ਲੈਰੀ ਨਾਲ਼ ਮੇਰੀ ਖੂਬ ਨੇੜਤਾ ਬਣ ਗਈ ਸੀ। ਉਹ ਮੈਨੂੰ ਸਮਾਲ ਬਰੱਦਰ (ਛੋਟਾ ਭਰਾ) ਆਖਦਾ ਸੀ ਤੇ ਮੈਂ ਉਸਨੂੰ ਬਿੱਗ ਬਰੱਦਰ (ਵੱਡਾ ਭਰਾ)। ਉਸਦਾ ਕੱਦ ਸਾਢੇ ਪੰਜ ਫੁੱਟ ਤੇ ਨੋਵਾ ਦਾ ਛੇ ਫੁੱਟ ਤੋਂ ਉਤੇ ਸੀ। ਉਨ੍ਹਾਂ ਦੇ ਕੱਦ ਵਿਚ ਤਾਂ ਫਰਕ ਸੀ ਪਰ ਸੁਭਾਅ ਮਿਲ਼ਦੇ-ਜੁਲ਼ਦੇ ਸਨ। ਇਕ–ਦੂਜੇ ਦੇ ਅੰਗ-ਸੰਗ ਉਹ ਜ਼ਿੰਦਗੀ ਨੂੰ ਮਾਣ ਰਹੇ ਸਨ।

ਨੋਵਾ ਨੂੰ ਇਹ ਦੱਸਣ ’ਤੇ ਕਿ ਮੇਰਾ ਪਰਿਵਾਰ ਇੰਡੀਆ ’ਚ ਹੈ, ਉਹ ਹੈਰਾਨ ਹੋਈ ਸੀ। ਮੇਰਾ ਪਰਿਵਾਰ ਤੋਂ ਦੂਰ ਤੇ ਪਰਿਵਾਰ ਦਾ ਮੈਥੋਂ ਦੂਰ ਰਹਿਣਾ ਉਸਨੂੰ ਅਜ਼ੀਬ ਲੱਗਾ ਸੀ। ਫਿਰ ਜਦੋਂ ਵੀ ਮੁਲਾਕਾਤ ਹੁੰਦੀ ਉਹ ਮੇਰੇ ਪਰਿਵਾਰ ਦੇ ਚਿੱਠੀ-ਪੱਤਰ ਤੇ ਉਨ੍ਹਾਂ ਦੀ ਰਾਜ਼ੀ-ਖੁਸ਼ੀ ਬਾਰੇ ਜ਼ਰੂਰ ਪੁੱਛਦੀ।

ਉਹ ਦੋਵੇਂ ਮੈਥੋਂ ਸਿੱਖ ਕਮਿਊਨਿਟੀ ਬਾਰੇ ਪੁੱਛਦੇ ਰਹਿੰਦੇ। ਸਿੱਖਾਂ ਦੀ ਅਰਦਾਸ ਵਿਚ ‘ਸਰਬਤ ਦੇ ਭਲੇ’ ਦਾ ਕਥਨ ਉਨ੍ਹਾਂ ਨੂੰ ਚੰਗਾ ਲੱਗਾ ਸੀ। ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਅੰਗ੍ਰੇਜ਼ੀ ਅਨੁਵਾਦ ਉਨ੍ਹਾਂ ਨੂੰ ਈਸਾਈ ਮੱਤ ਦੇ ‘ਲਵ ਇਜ਼ ਗੌਡ’ ਦਾ ਸਮਾਨ–ਅਰਥਕ ਜਾਪਿਆ ਸੀ। ਗੁਰਦਵਾਰਿਆਂ ਵਿਚ ਲੰਗਰ ਅਤੇ ਪੰਜਾਬੀਆਂ ਦੀਆਂ ਵਿਆਹ-ਪਾਰਟੀਆਂ ਵਿਚ ਮਹਿਮਾਨਾਂ ਲਈ ਮੁਫਤ ਸ਼ਰਾਬ ਤੇ ਭੋਜਨਾਂ ਦੀਆਂ ਗੱਲਾਂ ਸੁਣਦਿਆਂ,ਹੈਰਾਨੀ ਜਿਹੀ ’ਚ ਉਨ੍ਹਾਂ ਦੇ ਮੂਹੋਂ ‘ਓ-ਵਾਓ, ਓ-ਵਾਓ’ ਦੇ ਸ਼ਬਦ ਨਿਕਲ਼ ਜਾਂਦੇ।

‘ਕੋਰ ਆਫ ਕਮਿਸ਼ਨੇਅਰਜ਼’ ਵਿਚ ਸੁਪਰਵਾਈਜ਼ਰਾਂ ਨੂੰ ‘ਐਡਵਾਂਸਡ ਟਰੇਨਿੰਗ ਕੋਰਸ’ ਕਰਵਾਇਆ ਜਾਂਦਾ ਸੀ। ਮੇਰਾ ਨੰਬਰ ਸਤੰਬਰ, 1990 ’ਚ ਲੱਗਾ। ਦੋ ਹਫਤੇ ਦਾ ਉਹ ਕੋਰਸ ਟਰਾਂਟੋ ਤੋਂ 190 ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਲੰਡਨ ਸ਼ਹਿਰ ਦੇ ‘ਕਨੇਡੀਅਨ ਫੋਰਸਜ਼ ਬੇਸ’ (ਛਾਉਣੀ) ’ਚ ਆਯੋਜਿਤ ਕੀਤਾ ਗਿਆ।

‘ਕਮਿਸ਼ਨੇਅਰਜ਼’ ਦੀਆਂ ਤਿੰਨ ਡਵੀਜ਼ਨਾਂ— ਉਨਟੇਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ 60 ਕਮਿਸ਼ਨੇਅਰ ‘ਸੁਪਰਵਾਈਜ਼ਰ ਕੋਰਸ’ ਵਿਚ ਸ਼ਾਮਲ ਹੋਏ। ਕੁਝ ਲੇਡੀ ਕਮਿਸ਼ਨੇਅਰ ਵੀ ਸਨ। ਇਕ ਕਰੇਬੀਅਨ ਤੇ ਮੈਥੋਂ ਸਿਵਾ ਸਭ ਗੋਰੇ-ਗੋਰੀਆਂ। ਤੀਹਾਂ-ਤੀਹਾਂ ਦੀਆਂ ਦੋ ਕਲਾਸਾਂ ਬਣਾਈਆਂ ਗਈਆਂ। ਇੰਸਟਰਕਟਰਾਂ ਤੋਂ ਇਲਾਵਾ ਸਕਿਉਰਟੀ ਖੇਤਰ ਦੇ ਮਾਹਿਰਾਂ ਦੇ ਲੈਕਚਰ ਵੀ ਕਰਵਾਏ ਗਏ।

ਸਾਡੀ ਰਿਹਾਇਸ਼ ਐਸ. ਐਨ. ਸੀ. ਓਜ਼ (Senior Non Commissioned Officers) ਦੀਆਂ ਬੈਰਕਾਂ ’ਚ ਸੀ। ਚਾਰ–ਚਾਰ ਬੈੱਡਾਂ ਦੇ ਬਲਾਕ ਬਣਾਏ ਹੋਏ ਸਨ। ਹਰੇਕ ਦੋ ਬਲਾਕਾਂ ਵਿਚਕਾਰ ਸਾਂਝੇ ਵਾਸ਼ਰੂਮ ਸਨ। ਸਵੇਰਸਾਰ ਗੋਰੇ ਬੈੱਡਾਂ ਤੋਂ ਉੱਠ ਕੇ, ਵਾਸ਼ਰੂਮਾਂ ਨੂੰ ਅਲਫ ਨੰਗੇ ਹੀ ਚਲ ਪੈਂਦੇ। ਮੈਨੂੰ ਬੜਾ ਅਜ਼ੀਬ ਲੱਗਾ। ਪਤਾ ਲੱਗਣ ’ਤੇ ਕਿ ਇਹ ਉਨ੍ਹਾਂ ਦਾ ਲਾਈਫ–ਸਟਾਈਲ ਸੀ, ਉਹ ਮਾਮਲਾ ਮੇਰੇ ਲਈ ਆਮ ਜਿਹਾ ਬਣ ਗਿਆ।

ਸਾਡਾ ਖਾਣ–ਪੀਣ ਵੀ ਉਪ੍ਰੋਕਤ ਫੌਜੀਆਂ ਦੀ ਮੈੱਸ ਵਿਚ ਸੀ। ਖਾਣ-ਪੀਣ ਲਈ ਬਹੁਤ ਕੁਝ ਸੀ। ਨਾਸ਼ਤੇ ਵਿਚ ਕਈ ਤਰ੍ਹਾਂ ਦੇ ਜੂਸ, ਸੀਰੀਅਲ, ਦੁੱਧ, ਡੋਨੱਟ, ਬਰੈੱਡ, ਜੈਮ, ਬਟਰ, ਉੱਬਲੇ ਹੋਏ ਆਂਡੇ। ਲੰਚ ਡਿਨਰ ਵਿਚ ਚਿਕਨ, ਲੇਲੇ ਦਾ ਮੀਟ, ਉੱਬਲੀਆਂ ਸਬਜ਼ੀਆਂ, ਸਲਾਦ, ਚੌਲ਼, ਬਰੈੱਡ, ਫਰੂਟ ਆਦਿ। ਇਕ ਦਿਨ ਉਸ ਮੈੱਸ ਵਿਚ ਕੋਈ ਫੰਕਸ਼ਨ ਸੀ। ਸਾਡੇ ਖਾਣੇ ਦਾ ਪ੍ਰਬੰਧ ਹੇਠਲੇ ਰੈਂਕਾਂ ਦੀ ਮੈੱਸ ਵਿਚ ਕੀਤਾ ਗਿਆ। ਉਸ ਮੈੱਸ ਦੇ ਖਾਣੇ ਦਾ ਸਟੈਂਡਰਡ ਵੀ ਐਸ. ਐਨ. ਸੀ. ਓਜ਼ ਦੀ ਮੈੱਸ ਵਾਲ਼ਾ ਹੀ ਸੀ। ਖਾਣੇ ਦੀ ਉਹ ਬਰਾਬਰਤਾ ਮੈਨੂੰ ਬਹੁਤ ਚੰਗੀ ਲੱਗੀ। ਭਾਰਤੀ ਹਵਾਈ ਸੈਨਾਂ ਦੀਆਂ ਮੈੱਸਾਂ ਦੀ ਕੁਆਲਿਟੀ ਵਿਚ ਫਰਕ ਰੱਖਿਆ ਜਾਂਦਾ ਹੈ।

ਕੋਰਸ ਦੌਰਾਨ ਮੈਂ ਦੇਖ ਰਿਹਾ ਸਾਂ ਕਿ ਗੋਰਿਆਂ ਵਿਚ ਕਾਬਲ ਵੀ ਸਨ ਤੇ ਸਾਧਾਰਨ ਜਿਹੇ ਵੀ। ਕੁੱਲ ਮਿਲ਼ਾ ਕੇ ਉਨ੍ਹਾਂ ਦੀ ਕਾਬਲੀਅਤ ਦਾ ਪੱਧਰ ਭਾਰਤੀਆਂ ਨਾਲ਼ੋਂ ਉੱਚਾ ਨਹੀਂ ਸੀ। ਮੇਰੀ ਸਾਰਿਆਂ ਨਾਲ਼ ਠੀਕ ਨਿਭ ਰਹੀ ਸੀ। ਆਪਣੇ ਬਲਾਕ ਵਾਲ਼ਿਆਂ ਨਾਲ਼ ਸ਼ਾਮ ਨੂੰ ਸੈਰ ਲਈ ਜਾਂਦਾ ਸਾਂ।

ਕੋਰਸ ਦੇ ਅਖ਼ੀਰ ਵਿਚ ਦੋ ਟੈਸਟ ਹੋਏ। ਪਹਿਲੇ ਵਿਚ ਇਕ ਗੁੰਝਲਦਾਰ ਘਟਨਾ ’ਤੇ ਇਨਸੀਡੈਂਟ ਰਿਪੋਰਟ ਲਿਖਵਾਈ ਗਈ।

ਦੂਜੇ ਟੈਸਟ ਵਾਸਤੇ ਛੇ–ਛੇ ਕਮਿਸ਼ਨੇਅਰਾਂ ਦੇ 10 ਗਰੁੱਪ ਬਣਾਏ ਗਏ। ਹਰ ਗਰੁੱਪ ਦੇ ਹਰੇਕ ਕਮਿਸ਼ਨੇਅਰ ਨੂੰ ਇੰਚਾਰਜ ਬਣਾ ਕੇ, ਉਸ ਅੱਗੇ ਇਕ ਸੰਕਟਮਈ ਸਥਿਤੀ ਰੱਖੀ ਗਈ। ਉਸ ਸਥਿਤੀ ਨੂੰ ਨਜਿੱਠਣ ਲਈ ਇੰਚਾਰਜ ਨੇ ਮਿੱਥੇ ਸਮੇਂ ਵਿਚ ਪਲਾਨ ਬਣਾਉਣੀ ਸੀ। ਉਹ ਆਪਣੇ ਗਰੁਪ ਵਾਲ਼ਿਆਂ ਦੀ ਸਲਾਹ–ਸਹਾਇਤਾ ਲੈ ਸਕਦਾ ਸੀ। ਇਸ ਟੈਸਟ ਦਾ ਮਕਸਦ ਸੰਕਟਮਈ ਸਥਿਤੀਆਂ ਸਮੇਂ ਹਰ ਸੁਪਰਵਾਇਜ਼ਰ ਦੇ ਠਰ੍ਹੰਮੇ, ਹੌਸਲੇ ਤੇ ਉਸਦੀ ਪਲਾਨਿੰਗ–ਯੋਗਤਾ ਨੂੰ ਪਰਖਣਾ ਸੀ। ਸਥਿਤੀਆਂ ਕੋਰਸ ਵਿਚ ਪੜ੍ਹਾਏ ਗਏ ਵਿਸ਼ਿਆਂ ਨਾਲ਼ ਸੰਬੰਧਿਤ ਸਨ। ਯਾਨਿ ਜੋ ਸਾਨੂੰ ਪੜ੍ਹਾਇਆ ਗਿਆ, ਉਸਦੀ ਪ੍ਰੈਕਟੀਕਲ ਤੌਰ ’ਤੇ ਵਰਤੋਂ ਕਰਨੀ ਸੀ। ਗਰੁੱਪ ਤੋਂ ਪਾਸੇ ਬੈਠਾ ਇਕ ਇੰਸਟਰਕਟਰ, ਇੰਚਾਰਜ ਦੀ ਕਾਰਗੁਜ਼ਾਰੀ ਨਾਲ਼ ਦੀ ਨਾਲ਼ ਨੋਟ ਕਰੀ ਜਾਂਦਾ। ਅਖੀਰ ਵਿਚ ਸਾਰਿਆਂ ਨੇ ਆਪੋ ਆਪਣੀ ਪਲਾਨ ਹਾਲ ਵਿਚ ਪੇਸ਼ ਕਰਨੀ ਸੀ। ਹਾਲ ਵਿਚ ਸਾਰੇ ਕਮਿਸ਼ਨੇਅਰਾਂ, ਇੰਸਟਰਕਟਰਾਂ ਤੋਂ ਸਿਵਾ ਤਿੰਨਾਂ ਡਵੀਜ਼ਨਾਂ ਦੇ ਓਪਰੇਸ਼ਨਜ਼ ਆਫਿਸਰ ਵੀ ਸਨ ਜੋ ਉਸ ਦਿਨ ਉਚੇਰੇ ਤੌਰ ’ਤੇ ਪਹੁੰਚੇ ਸਨ।

ਮੈਨੂੰ ਦਿੱਤੀ ਗਈ ਸਥਿਤੀ ਇਹ ਸੀ: ‘ਇਕ ਚਾਰ ਮੰਜ਼ਲੀ ਬਿਲਡਿੰਗ ਵਿਚ ਦੋ ਕਮਿਸ਼ਨੇਅਰਜ਼ ਡਿਊਟੀ ’ਤੇ ਹਨ, ਇਨਚਾਰਜ ਵਜੋਂ ਮੈਂ ਤੇ ਮੇਰਾ ਸਹਾਇਕ। ਸਾਡੇ ਦੋਨਾਂ ਕੋਲ ‘ਵਾਕੀ-ਟਾਕੀ’ ਹਨ। ਬਿਲਡਿੰਗ ਵਿਚ ਅੱਗ ਲੱਗ ਗਈ ਹੈ। ਉਸ ਵਿਚ ਕੰਮ ਕਰਦੇ 200 ਬੰਦਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ 10 ਮਿੰਟਾਂ ਵਿਚ ਪਲਾਨ ਬਣਾਉਣੀ ਹੈ।’ ਬਿਲਡਿੰਗ ਦਾ ਨਕਸ਼ਾ ਮੇਰੇ ਟੇਬਲ ’ਤੇ ਸੀ।

ਮੈਂ ਸਭ ਤੋਂ ਪਹਿਲਾਂ ਫੌਰੀ ਐਕਸ਼ਨ ਲਈ ਐਮਰਜੈਂਸੀ ਨੰਬਰ 911 ’ਤੇ ਫੋਨ ਕਰਕੇ ਬਿਲਡਿੰਗ ਦਾ ਐਡਰੈੱਸ ਦੱਸ ਦਿੱਤਾ। ਫਿਰ ਪੰਜਾਂ ਸਾਥੀਆਂ ਵਿਚੋਂ ਇਕ ਨੂੰ ਆਪਣਾ ਸਹਾਇਕ ਬਣਾ ਲਿਆ। ਬਾਕੀ ਚਾਰ, ਬਿਲਡਿੰਗ ’ਚ ਜਿਹੜਾ ਮਹਿਕਮਾ ਕੰਮ ਕਰਦਾ ਸੀ, ਉਸ ਮਹਿਕਮੇ ਦੇ ਮੁੱਖ ਅਧਿਕਾਰੀ ਮਿਥ ਲਏ— ਇਕ ਮੈਨੇਜਰ ਤੇ ਤਿੰਨ ਅਸਿਸਟੈਂਟ ਮੈਨੇਜਰ। ਅਸਿਸਟੈਂਟ ਮੈਨੇਜਰ ਉੱਪਰਲੀਆਂ ਤਿੰਨ ਮੰਜ਼ਲਾਂ ਦੇ ਨਿਗਰਾਨ ਬਣਾ ਦਿੱਤੇ। ਉਨ੍ਹਾਂ ਨੂੰ ਸਮਝਾਇਆ ਕਿ ਆਪੋ-ਆਪਣੀ ਮੰਜ਼ਲ ’ਤੇ ਜਾ ਕੇ ਉਹ ਪਹਿਲਾਂ ਖਿੜਕੀਆਂ ਬੰਦ ਕਰਨ ਤਾਂ ਕਿ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਬਿਨਾਂ ਕਿਸੇ ਹਫੜਾ–ਦਫੜੀ ਦੇ ਬੰਦਿਆਂ ਨੂੰ ਸੰਕਟ–ਦਰਵਾਜਿਆਂ ਰਾਹੀਂ ਪੌੜੀਆਂ ਵੱਲ ਤੋਰਨ। ਬਿਲਡਿੰਗ ਦੇ ਉੱਤਰੀ ਹਿੱਸੇ ਦੇ ਬੰਦੇ ਉੱਤਰ ਵੱਲ ਦੀਆਂ ਪੌੜੀਆਂ ਤੇ ਦੱਖਣੀ ਹਿੱਸੇ ਦੇ ਦੱਖਣ ਵੱਲ ਦੀਆਂ ਪੌੜੀਆਂ ਵਰਤਣ। ਅਪਾਹਜਾਂ ਦੀ ਸਹਾਇਤਾ ਲਈ ਮੰਜ਼ਲ ਦਾ ਨਿਗਰਾਨ ਕਿਸੇ ਯੋਗ ਬੰਦੇ ਨੂੰ ਜ਼ਿੰਮੇਵਾਰ ਬਣਾਵੇ। ਐਲੀਵੇਟਰ ਬਿਲਕੁਲ ਨਾ ਵਰਤੇ ਜਾਣ। ਅੱਗ ਨਾਲ਼ ਐਲੀਵੇਟਰਾਂ ਦੇ ਕੁਨੈਕਸ਼ਨਜ਼ ਸੜਨ ਕਾਰਨ ਐਲੀਵੇਟਰ ਵਿਚਲੇ ਬੰਦੇ ਵਿਚ–ਵਿਚਾਲੇ ਫਸ ਸਕਦੇ ਸਨ। ਜ਼ਮੀਨੀ ਮੰਜਲ ਦੀ ਦੇਖਭਾਲ ਮੈਂ ਆਪਣੇ ਜ਼ਿੰਮੇ ਲੈ ਲਈ। ਮੈਨੇਜਰ ਨੂੰ ਆਖਿਆ ਕਿ ਖੜੇ ਪੈਰ ਕੋਈ ਫੈਸਲਾ ਲੈਣ ਲਈ ਉਹ ਮੇਰੇ ਨਾਲ਼ ਰਹੇ। ਆਪਣੇ ਸਹਾਇਕ ਨੂੰ ਹਦਾਇਤ ਕੀਤੀ ਕਿ ਉਹ ਹਰ ਮੰਜਲ ’ਤੇ ਗੇੜਾ ਰੱਖੇ। ਅੱਗ ਨਾਲ਼ ਗੰਭੀਰ ਜ਼ਖਮੀ ਹੋਏ ਕਿਸੇ ਬੰਦੇ ਨੂੰ ਜੇ ਸਹਾਇਤਾ ਨਾ ਮਿਲ਼ੀ ਹੋਵੇ, ਮੈਨੂੰ ਵਾਕੀ–ਟਾਕੀ ’ਤੇ ਦੱਸੇ। ਮੈਂ ਅੱਗ ਬੁਝਾਉਣ ’ਚ ਜੁਟੇ ਕਰਮਚਾਰੀਆਂ ਅਤੇ ਐਬੂਲੈਂਸਾਂ ਵਾਲ਼ਿਆਂ ਨੂੰ ਸੂਚਿਤ ਕਰ ਸਕਦਾ ਸਾਂ। ਇਸ ਪਲਾਨ ਬਾਰੇ ਮੈਂ ਪੰਜਾਂ ਸਾਥੀਆਂ ਦੀ ਰਾਇ ਪੁੱਛੀ। ਇਕ–ਦੋ ਨੁਕਤਿਆਂ ’ਤੇ ਵਿਚਾਰ ਕਰਨ ਬਾਅਦ ਉਨ੍ਹਾਂ ਪਲਾਨ ਓ. ਕੇ ਕਰ ਦਿੱਤੀ। ਪਲਾਨ ਅੱਠ ਮਿੰਟਾਂ ਵਿਚ ਤਿਆਰ ਹੋ ਗਈ।

ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ ਪਲਾਨ ਦੇ ਸਾਰੇ ਪੁਆਇੰਟ ਨਾਲ਼ ਦੀ ਨਾਲ਼ ਨੋਟ ਕਰੀ ਗਿਆ। ਉਨ੍ਹਾਂ ਪੁਆਂਇਟਾਂ ਨੂੰ ਜ਼ਰਾ ਕੁ ਵਿਸਥਾਰ ਦੇ ਕੇ ਮੈਂ ਪਲਾਨ, ਪੇਸ਼ਕਾਰੀ ਵਾਸਤੇ ਤਿਆਰ ਕਰ ਲਈ।

ਪਲਾਨਾਂ ਦਾ ਸਿਲਸਿਲਾ ਮੁੱਕਣ ਬਾਅਦ ਸਾਰੇ ਜਣੇ ਹਾਲ ਵਿਚ ਪਹੁੰਚ ਗਏ। ਸੁਪਰਵਾਈਜ਼ਰ ਆਪੋ-ਆਪਣੀ ਪਲਾਨ ਪੇਸ਼ ਕਰਨ ਲੱਗ ਪਏ। ਜਿਵੇਂ ਪੜ੍ਹਾਇਆ ਗਿਆ ਸੀ, ਪੇਸ਼ਕਾਰੀ ਦੌਰਾਨ ਅਸੀਂ ਸਾਰਿਆਂ ਨੇ ਆਪਣੇ ਪੇਪਰ ’ਤੇ ਝਾਤ ਮਾਰਨ ਦੇ ਨਾਲ਼-ਨਾਲ਼ ਸਰੋਤਿਆਂ ਨਾਲ਼ ਵੀ ਅੱਖਾਂ ਮਿਲ਼ਾਈਆਂ।

ਦੋ ਕੋ ਹਫਤੇ ਬਾਅਦ ਟੈਸਟਾਂ ਦੀ ਰਿਪੋਰਟ ਕੋਰ ਹੈਡਕੁਆਟਰ ਤੋਂ ਹੁੰਦੀ ਹੋਈ ਲੈਰੀ ਅਤੇ ਮੇਰੇ ਤੱਕ ਪਹੁੰਚ ਗਈ। ਪੜ੍ਹ ਕੇ ਮਨ ਖੁਸ਼ ਹੋ ਗਿਆ। ਮੇਰੀ ਇਨਸੀਡੈਂਟ ਰਿਪੋਰਟ ਨੂੰ, ਸਾਰੇ ਨੁਕਤੇ ਛੁੰਹਦੀ ਸਪੱਸ਼ਟ ਤੇ ਗੁੰਦਵੀ ਰਿਪੋਰਟ ਆਖਿਆ ਗਿਆ ਸੀ।

ਪਲਾਨ ਬਣਾਉਣ ਸਮੇਂ ਦਰਸਾਏ ਠਰ੍ਹੰਮੇ, ਹੌਸਲੇ, ਸੂਝ-ਬੂਝ, ਡਿਊਟੀਆਂ ਦੀ ਢੁੱਕਵੀਂ ਵੰਡ ਦੇ ਮੇਰੇ ਗੁਣਾਂ ਬਾਰੇ ਪ੍ਰਸ਼ੰਸਕੀ ਸ਼ਬਦ ਲਿਖੇ ਹੋਏ ਸਨ। ਟੈਸਟਾਂ ਦੀ ਵਧੀਆ ਰਿਪੋਰਟ ਦੀ, ਲੈਰੀ ਨੂੰ ਮੇਰੇ ਨਾਲ਼ੋ ਵੀ ਵੱਧ ਖੁਸ਼ੀ ਹੋਈ। “ਵੈੱਲ ਡਨ, ਸਮਾਲ ਬਰੱਦਰ” ਆਖਦਿਆਂ ਉਸਨੇ ਮੈਨੂੰ ਜੱਫੀ ਪਾ ਲਈ।

ਸਾਡੇ ਅਪਾਰਟਮੈਂਟ ਵਿੱਚੋਂ ਸੁਰਜੀਤ ਅਮਰੀਕਾ ਚਲਾ ਗਿਆ। ਪਿਆਰੇ ਦਾ, ਏਥੋਂ ਦੇ ਇਕ ਪੰਜਾਬੀ ਪਰਿਵਾਰ ਦੀ ਲੜਕੀ ਨਾਲ਼, ਵਿਆਹ ਦਾ ਸਬੱਬ ਬਣ ਗਿਆ। ਰਹਿ ਗਏ ਅਸੀਂ ਤਿੰਨ ਜਣੇ। ਸਾਡੇ ਲਈ ਕਰਾਇਆ ਜ਼ਿਆਦਾ ਸੀ। ਸਤਨਾਮ ਨੇ ਆਪਣਾ ਬੰਦੋਬਸਤ ਲਾਗਲੀ ਬਿਲਡਿੰਗ ’ਚ ਕਰ ਲਿਆ। ਮੇਰੀ ਮੁਢਲੀ ਟਰੇਨਿੰਗ ਦਾ ਸਾਥੀ ਚਰਨਜੀਤ ਸਿੰਘ ਚੀਮਾ ਜਿਸ ਅਪਾਰਟਮੈਂਟ ’ਚ ਰਹਿੰਦਾ ਸੀ ਓਥੇ ਖੁਸ਼ ਨਹੀਂ ਸੀ। ਮੈਂ ਉਸ ਨਾਲ਼ ਗੱਲ ਕੀਤੀ। ਉਸਨੇ ਵੱਖਰਾ ਅਪਾਰਟਮੈਂਟ ਕਿਰਾਏ ’ਤੇ ਲੈ ਲਿਆ। ਮੈਂ ਤੇ ਰੁਲ਼ੀਆ ਰਾਮ ਉਸ ਨਾਲ਼ ਜਾ ਰਲ਼ੇ। ਰੁਲ਼ੀਆ ਰਾਮ ਵਾਲ਼ੀ ਫੈਕਟਰੀ ’ਚ ਕੰਮ ਕਰਦਾ ਭਜਨ ਸਿੰਘ ਸੈਣੀ ਵੀ ਸਾਡੇ ਵਿਚ ਸ਼ਾਮਲ ਹੋ ਗਿਆ। ਚਾਰੇ ਬਾਲ-ਬੱਚੇਦਾਰ ਸਾਂ। ਚੀਮਾ ਸਾਥੋਂ ਉਮਰ ਵਿਚ ਕਾਫੀ ਵੱਡਾ ਸੀ। ਦੋ ਬੈੱਡਰੂਮ ਦਾ ਉਹ ਅਪਾਰਟਮੈਂਟ ਸਟੀਲਜ਼ ਤੇ ਜੇਨ ਸੜਕਾਂ ਦੇ ਇੰਟਰਸੈਕਸ਼ਨ ’ਤੇ ਸੀ। ਭਜਨ ਦਾਲਾਂ-ਸਬਜ਼ੀਆਂ ਬਣਾਉਣ ਦਾ ਕਾਰੀਗਰ ਸੀ ਤੇ ਰੁਲ਼ੀਆ ਰਾਮ ਫੁਲਕੇ ਲਾਹੁਣ ਦਾ। ਸਲਾਦ ਅਤੇ ਤੁੜਕੇ ਛਿਲਣ-ਚੀਰਨ ਦੀ ਡਿਊਟੀ ਮੇਰੀ ਸੀ। ਚੀਮੇ ਕੋਲ ਕਾਰ ਸੀ। ਗਰੌਸਰੀ ਲਿਆਉਣ ਦੀ ਜ਼ਿੰਮੇਵਾਰੀ ਉਸਦੀ ਸੀ। ਭਜਨ ਸਿੰਘ ਤੇ ਰੁਲ਼ੀਆ ਰਾਮ ਕਦੀ-ਕਦੀ ਪੈੱਗ ਲਾ ਲੈਂਦੇ ਪਰ ਹਿਸਾਬ ਨਾਲ਼।

ਕੰਮ ’ਤੇ ਪਹੁੰਚਣ ਲਈ ਏਥੋਂ ਵੀ ਡੇਢ ਘੰਟਾ ਲਗਦਾ ਸੀ। ਸਵੇਰੇ ਉੱਠ ਕੇ ਨਹਾਉਣ-ਧੋਣ, ਬਰੇਕਫਾਸਟ ਤੇ ਲੰਚ ਬਣਾਉਣ, ਅੱਠ ਘੰਟੇ ਜੌਬ ’ਤੇ, ਤਿੰਨ ਘੰਟੇ ਜਾਣ-ਆਉਣ ਦੇ, ਚੱਲ–ਸੋ–ਚੱਲ ਵਾਲ਼ੇ ਉਸ ਰੁਟੀਨ ਵਿਚ ਅਕੇਵਾਂ ਮਹਿਸੂਸ ਕਰਦਿਆਂ ਕਦੀ-ਕਦੀ ਮਨ ਉਦਾਸ ਹੋ ਜਾਂਦਾ। ਇਕ ਵੀਕ ਐਂਡ ’ਤੇ ਉਦਾਸੀ ਤੋਂ ਰਾਹਤ ਲੱਭਦੇ ਮਨ ਵਿਚ ਉਨਟਾਰੀਓ ਝੀਲ ਉੱਭਰ ਪਈ। ਸਾਥੀਆਂ ਨੂੰ ਪੁੱਛਿਆ। ਉਨ੍ਹਾਂ ਨੂੰ ਝੀਲ ਨਾਲ਼ ਕੋਈ ਦਿਲਚਸਪੀ ਨਹੀਂ ਸੀ।

ਮੈਂ ਬੱਸ ਫੜੀ ਤੇ ਪਹੁੰਚ ਗਿਆ। ਸਮੁੰਦਰ ਵਰਗੀ ਝੀਲ ਦੇ ਕਿਨਾਰੇ ਬੈਠਿਆਂ ਮੈਂ ਮਹਿਸੂਸ ਕੀਤਾ ਕਿ ਉਨਟਾਰੀਓ ਝੀਲ ਦੇ ਪਾਣੀ ਦਾ ਨਾਤਾ ਮੇਰੇ ਮਨ ਤੋਂ ਵੀ ਅਗਾਂਹ ਮੇਰੀ ਹੋਂਦ, ਮੇਰੇ ਜੀਵਨ ਨਾਲ਼ ਹੈ, ਮੇਰੇ ਹੀ ਨਹੀਂ ਅਨੇਕ ਲੋਕਾਂ ਦੇ ਜੀਵਨ ਨਾਲ਼…ਗਰੇਟਰ ਟਰਾਂਟੋ ਦੇ ਲੱਖਾਂ ਲੋਕ ਆਪਣੇ ਖਾਣ–ਪੀਣ, ਨਹਾਉਣ–ਧੋਣ ਅਤੇ ਘਰਾਂ ਨੂੰ ਸਾਫ-ਸੁਥਰੇ ਰੱਖਣ ਲਈ ਇਸ ਝੀਲ ਦੇ ਸ਼ੁੱਧ ਕੀਤੇ ਪਾਣੀ ’ਤੇ ਨਿਰਭਰ ਹਨ। ਇਸ ਵਿਸ਼ੇਸ਼ ਨਾਤੇ ਕਰਕੇ ਹੀ, ਉਸ ਦਿਨ ਕਿਨਾਰੇ ’ਤੇ ਬੈਠਿਆਂ ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਕਿਹੜੇ ਪਲ ਝੀਲ ਨਾਲ਼ ਇਕਮਿੱਕ ਹੋ ਗਿਆ।

ਫਿਰ ਜਦੋਂ ਵੀ ਮਨ ਉਦਾਸ ਹੁੰਦਾ ਮੈਂ ਉਨਟੇਰੀਓ ਝੀਲ ਨੂੰ ਮਿਲਣ ਚਲਾ ਜਾਂਦਾ। ਪਰ ਸਰਦੀਆਂ ਦੇ ਠੰਢੇ ਮੌਸਮ ਵਿਚ ਬਾਹਰ ਘੁੰਮਣਾ–ਫਿਰਨਾ ਸੰਭਵ ਨਹੀਂ ਸੀ। ਠਰਿਆ–ਸੁੰਨਾ ਵਾਤਾਵਰਣ ਵੀ ਚੰਗਾ ਨਹੀਂ ਸੀ ਲਗਦਾ। ਚਾਰੇ ਪਾਸੇ ਬਰਫ ਕੱਜੀ ਧਰਤ, ਬਿਲਡਿੰਗਾਂ, ਘਰਾਂ, ਸੜਕਾਂ ਦੇ ਆਲ਼ੇ-ਦੁਆਲ਼ੇ ਜਮ੍ਹਾਂ ਹੋਈ ਬਰਫ ਦੇ ਟਿੱਬੇ, ਬਰਫਬਾਰੀ ਦੇ ਬੱਦਲਾਂ ਨਾਲ਼ ਸੁੰਗੜਿਆ–ਘੁੱਟਿਆ ਆਕਾਸ਼— ਇਹ ਸਾਰੇ ਦ੍ਰਿਸ਼ ਉਦਾਸੀ ਪੈਦਾ ਕਰਦੇ ਸਨ। ਮਨਫੀ 25-30 ਸੈਲਸਿਅਸ ਵਾਲ਼ੇ ਬਰਫੀਲੇ ਦਿਨਾਂ ਵਿਚ ਗੋਡੇ–ਗੋਡੇ ਬਰਫ ’ਚ ਤੁਰਦਿਆਂ ਅਤੇ ਹੱਡ–ਚੀਰਵੀਂ ਠੰਢ ’ਚ ਬੱਸ ਉਡੀਕਦਿਆਂ ਸਰੀਰ ਸੁੰਨ ਹੋ ਜਾਂਦਾ। ਇਹ ਸਾਰੀਆਂ ਕਠਿਨਾਈਆਂ–ਦੁਸ਼ਵਾਰੀਆਂ ਮੈਨੂੰ ਪ੍ਰੇਸ਼ਾਨ ਤਾਂ ਕਰਦੀਆਂ ਸਨ ਪਰ ਇਨ੍ਹਾਂ ਨੂੰ ਮੈਂ ਮਨ ’ਤੇ ਸਵਾਰ ਨਹੀਂ ਸੀ ਹੋਣ ਦੇਂਦਾ… ਕਨੇਡਾ ਦਾ ਇੰਮੀਗਰਾਂਟ ਬਣਨ ਲਈ ਕੰਮ ਕਰਨਾ ਜ਼ਰੂਰੀ ਹੀ ਨਹੀਂ ਅਤੀ ਜ਼ਰੂਰੀ ਸੀ।

ਦਸੰਬਰ 1991 ਵਿਚ ਮੈਨੂੰ ਇੰਮੀਗਰੇਸ਼ਨ ਮਹਿਕਮੇ ਦੀ ਚਿੱਠੀ ਆ ਗਈ, ਇੰਟਰਵਿਊ ਵਾਸਤੇ। ਚਿੱਠੀ ਲੈ ਕੇ ਮੈਂ ਇਕ ਇੰਮੀਗਰੇਸ਼ਨ ਕੰਸਲਟੈਂਟ ਨੂੰ ਮਿਲ਼ਿਆ। ਉਸਨੇ ਮੇਰੀ ਪੜ੍ਹਾਈ, ਇੰਡੀਆ ਤੇ ਏਥੋਂ ਦੀਆਂ ਜੌਬਾਂ ਅਤੇ ਸਾਹਿਤਕ ਕਾਰਜਾਂ ਬਾਬਤ ਕੇਸ ਤਿਆਰ ਕਰ ਲਿਆ। ਦਿੱਤੀ ਹੋਈ ਤਾਰੀਖ ’ਤੇ ਅਸੀਂ ਹਾਜ਼ਰ ਹੋ ਗਏ। ਲੇਡੀ ਇੰਮੀਗਰੇਸ਼ਨ ਅਫਸਰ ਨੇ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਇੰਟਰਵਿਊ ਦਾ ਮਕਸਦ ਮੇਰੇ ਕੇਸ ਨੂੰ ਮਾਨਵਵਾਦੀ ਹਿਤਾਂ ਦੇ ਆਧਾਰ ’ਤੇ ਪਰਖਣਾ ਸੀ। ਕੇਸ ਪੜ੍ਹ ਕੇ ਉਸਨੇ ਮੇਰੇ ਵੱਲ ਤੱਕਿਆ ਅਤੇ ਤਸੱਲੀ ਦੇ ਰਉਂ ’ਚ ਬੋਲੀ, “ਸੋ ਯੂ ਆਰ ਕਮਿਸ਼ਨੇਅਰ।” “ਯੈਸ ਆਈ ਐਮ।” ਆਖਦਿਆਂ ਮੈਂ ਹੁੰਗਾਰਾ ਭਰਿਆ। “ਹੀ ਇਜ਼ ਆਊਟਸਟੈਂਡਿੰਗ ਕਮਿਸ਼ਨੇਅਰ।” ਕੰਸਲਟੈਂਟ ਨੇ ਆਖਿਆ। ਇੰਮੀਗਰੇਸ਼ਨ ਅਫਸਰ ਨੇ ਸਿਰ ਹਿਲਾ ਕੇ ਪੁਸ਼ਟੀ ਕੀਤੀ। “ਇੰਡੀਅਨ ਏਅਰ ਫੋਰਸ ਦੀ ਸਰਵਿਸ ਦਾ ਕੋਈ ਡੌਕੂਮੈਂਟ ਹੈ?” ਉਸਨੇ ਪੁੱਛਿਆ। ਮੈਂ ਡਿਸਚਾਰਜ–ਬੁੱਕ ਫੜਾ ਦਿੱਤੀ। ਉਸ ਵਿਚ ਮੇਰਾ ਕਰੈਕਟਰ ਤੇ ਜਨਰਲ ਬਿਹੇਵੀਅਰ ਐਗਜੈਂਪਲਰੀ (ਮਿਸਾਲੀ) ਲਿਖਿਆ ਹੋਇਆ ਏ। ਅਗਾਂਹ ਉਸਨੇ ਕੋਈ ਸਵਾਲ ਨਾ ਕੀਤਾ। ਕਹਿਣ ਲੱਗੀ, “ਮੈਂ ਤੁਹਾਡਾ ਕੇਸ ਪ੍ਰਵਾਨ ਕਰ ਲਿਆ ਹੈ। ਅਸੀਂ ਇੰਡੀਆ ਤੋਂ ਤੁਹਾਡੀ ਸਕਿਉਰਟੀ ਚੈੱਕ ਕਰਵਾਉਣੀ ਹੈ। ਜਦੋਂ ਉਸਦੀ ਰਿਪੋਰਟ ਠੀਕ–ਠੀਕ ਆ ਗਈ ਤੁਹਾਨੂੰ ਲੈਂਡਿਡ–ਪੇਪਰ ਮਿਲ਼ ਜਾਏਗਾ।” (ਅੱਜ ਕੱਲ੍ਹ ਪੀ. ਆਰ ਕਾਰਡ ਹੈ, ਉਦੋਂ ਲੈਂਡਿਡ ਪੇਪਰ ਹੁੰਦਾ ਸੀ) “ਥੈਂਕ ਯੂ।” ਆਖ ਅਸੀਂ ਬਾਹਰ ਆ ਗਏ। ਬਾਹਰ ਬਰਫ ਪੈ ਰਹੀ ਸੀ। ਉਹ ਬਰਫ ਮੈਨੂੰ ਚੰਗੀ ਲੱਗੀ ਸੀ। ਮਨ ਜੁ ਖੁਸ਼ ਸੀ। ਉਸ ਖੁਸ਼ੀ ਵਿੱਚੋਂ ਭਵਿੱਖ ਦੀਆਂ ਹੋਰ ਖੁਸ਼ੀਆਂ ਦੇ ਸੰਕੇਤ ਵੀ ਨਜ਼ਰ ਆ ਰਹੇ ਸਨ।

ਜੌਬ ਠੀਕ ਚੱਲ ਰਹੀ ਸੀ। ਕਾਰਲਟਨ ਸਟਰੀਟ ਵਾਲ਼ੀ ਬਿਲਡਿੰਗ ਦੇ ਕਰਮਚਾਰੀਆਂ ਨਾਲ਼ ਹਾਇ–ਹੈਲੋ ਉਨ੍ਹਾਂ ਦੇ ਕੰਮ ’ਤੇ ਆਉਣ ਸਮੇਂ ਹੀ ਹੁੰਦੀ ਸੀ। ਬਿਲਡਿੰਗ ਦੇ ਅੰਦਰ ਜਾਣ ਦੀ ਲੋੜ ਨਹੀਂ ਸੀ ਪੈਂਦੀ। ਪਰ ਸੁਮੈਕ ਸਟਰੀਟ ਵਾਲ਼ੀ ਬਿਲਡਿੰਗ ਵਿਚ ਆਪਣੀ ਸ਼ਿਫਟ ਦੌਰਾਨ ਮੈਂ ਦੋ ਵਾਰ ਪੈਟਰੋਲਿੰਗ ਕਰਦਾ ਸਾਂ। ਪੈਟਰੋਲਿੰਗ ਸਮੇਂ ਕਰਮਚਾਰੀਆਂ ਦੇ ਸੈਕਸ਼ਨਾਂ–ਕੈਬਿਨਾਂ ਕੋਲੋਂ ਲੰਘਦਿਆਂ ਵੀ ਹਾਇ–ਹੈਲੋ ਜਾਂ ਹਾਲ ਪੁੱਛਣ–ਦੱਸਣ ਦੇ ਮੌਕੇ ਬਣ ਜਾਂਦੇ। ਮੈਥੋਂ ਵਾਹਨਾਂ ਦੀਆਂ ਚਾਬੀਆਂ ਲੈਣ–ਮੋੜਨ ਸਮੇਂ ਵੀ ਉਨ੍ਹਾਂ ਨਾਲ਼ ਗੱਲ–ਬਾਤ ਹੋ ਜਾਂਦੀ। ਟਰਾਂਸਪੋਰਟ ਇੰਚਾਰਜ ਐਨਥਨੀ ਕਦੀ–ਕਦੀ ਮੇਰੇ ਲਈ ਵੀ ਕੌਫੀ ਦਾ ਕੱਪ ਲੈ ਆਉਂਦਾ ਤੇ ਅਸੀਂ ਇਕੱਠੇ ਬਹਿ ਕੇ ਪੀਂਦੇ। ਡਿਜ਼ਾਈਨ ਦੇ ਸਮੁੱਚੇ ਡਿਪਾਰਮੈਂਟ ਦੀ ਡਾਇਰੈਕਟਰ ਜੇਨ ਫੇਅਰਲੇ ਬਹੁਤ ਚੰਗੀ ਸੀ। ਉਸ ਨਾਲ਼ ਸਾਂਝੇ ਹੁੰਦੇ ਬੋਲ ਸਿਰਫ “ਗੁੱਡ ਡੇਅ” “ਗੁੱਡ ਨਾਈਟ” ਤੱਕ ਹੀ ਸੀਮਤ ਨਹੀਂ ਸਨ। ਉਹ ਮੇਰਾ ਹਾਲ ਵੀ ਪੁੱਛਦੀ ਸੀ। ਸੋ ਵਕਤ ਸੁਹਣਾ ਬੀਤ ਰਿਹਾ ਸੀ। ਪਰ ਲੈਰੀ ਦੇ ਜੌਬ ਛੱਡਣ ਦੇ ਮਾਮਲੇ ਨੇ ਮੈਨੂੰ ਉਦਾਸ ਕਰ ਦਿੱਤਾ। ਉਸਦੀ, ਡਾਇਨਾਸੋਰ ਬਾਰੇ ਕਿਤਾਬ ਲਿਖਣ ਦੀ ਸਕੀਮ ਸੀ। ਉਸਨੇ ਖੋਜ ਕਰਕੇ ਕਾਫੀ ਮੈਟਰ ਤਿਆਰ ਕੀਤਾ ਹੋਇਆ ਸੀ। ਮੇਰੀ ਸੋਚ ਅਨੁਸਾਰ ਕਿਤਾਬ ਜੌਬ ਕਰਦਿਆਂ ਵੀ ਲਿਖੀ ਜਾ ਸਕਦੀ ਸੀ। ਪਰ ਲੈਰੀ ਮਹਾਂਨਗਰ ਦੀ ਹਫੜਾ–ਦਫੜੀ ਤੋਂ ਦੂਰ, ਕਿਸੇ ਸ਼ਾਂਤ ਟਿਕਾਣੇ ’ਤੇ ਜਾ ਕੇ ਲਿਖਣਾ ਚਾਹੁੰਦਾ ਸੀ। ਉਸਦੇ ਧੀ–ਜੁਆਈ ਟਰਾਂਟੋ ਤੋਂ ਪੂਰਬ ਵੱਲ ਕਾਫੀ ਦੂਰ ਇਕ ਪਿੰਡ ’ਚ ਰਹਿੰਦੇ ਸਨ। ਉਹ ਸ਼ਾਂਤ ਜਗ੍ਹਾ ਮੈਂ ਲੈਰੀ ਨਾਲ਼ ਦੇਖੀ ਹੋਈ ਸੀ। ਲੈਰੀ, ਨੋਰਾ ਤੇ ਉਨ੍ਹਾਂ ਦਾ ਛੋਟਾ ਪੁੱਤਰ ਓਥੇ ਚਲੇ ਗਏ। ਆਪਣਾ ਅਪਾਰਟਮੈਂਟ ਉਨ੍ਹਾਂ ਵੇਚ ਦਿੱਤਾ।

ਕੋਰ ਹੈੱਡਕੁਆਟਰ ਨੇ ਮੈਨੂੰ ਵਾਰੰਟ ਅਫਸਰ ਦੀ ਤਰੱਕੀ ਦੇ ਕੇ ਡਿਟੈਚਮਂਟ ਕਮਾਂਡਰ ਬਣਾ ਦਿੱਤਾ। ਮੇਰੇ ਕਹਿਣ ’ਤੇ ਸਾਡੀ ਡਿਟੈਚਮੈਂਟ ਦਾ ਜੌਹਨ ਬੇਕਰ ਸਾਰਜੈਂਟ ਬਣਾ ਦਿੱਤਾ ਗਿਆ। ਮੇਰੀ ਸ਼ਿਫਟ ਸਵੇਰ ਦੀ ਹੋ ਗਈ, ਸਵੇਰੇ 7 ਤੋਂ 3 ਵਜੇ ਤੱਕ ਤੇ ਮੈਥੋਂ ਅਗਲੀ ਸ਼ਿਫਟ ਜੌਹਨ ਕਰਨ ਲੱਗ ਪਿਆ। ਲੈਰੀ ਨਾਲ਼ ਫੋਨ ’ਤੇ ਗੱਲ–ਬਾਤ ਹੁੰਦੀ ਰਹਿੰਦੀ, ਪਰ ਮੈਂ ਉਸਨੂੰ ਮਿੱਸ ਕਰ ਰਿਹਾ ਸਾਂ।

22 ਮਈ 1992 ਮੇਰੀ ਜ਼ਿੰਦਗੀ ਦਾ ਵਿਸ਼ੇਸ਼ ਦਿਨ ਹੈ। ਇੰਮੀਗਰੇਸ਼ਨ ਮਹਿਕਮੇ ਦੇ ਸੱਦਾ–ਪੱਤਰ ਮੁਤਾਬਿਕ ਮੈਂ ਉਨ੍ਹਾਂ ਦੇ ਦਫਤਰ ਪਹੁੰਚ ਗਿਆ। ਸੰਬੰਧਿਤ ਇੰਮੀਗਰੇਸ਼ਨ ਅਫਸਰ ਨੇ ਮੈਨੂੰ ਆਪਣੇ ਸਾਹਮਣੇ ਬਿਠਾ ਲਿਆ। ਦੋ ਕੁ ਥਾਈਂ ਮੇਰੇ ਦਸਤਖਤ ਕਰਵਾਏ ਅਤੇ ਲੈਂਡਿਡ ਪੇਪਰ ਫੜਾਉਂਦਿਆਂ ਹੱਥ ਮਿਲ਼ਾ ਕੇ, ਕਨੇਡਾ ਦਾ ਇੰਮੀਗਰਾਂਟ ਬਣਨ ਦੀ ਵਧਾਈ ਦਿੱਤੀ। ਪਰਿਵਾਰ ਨੂੰ ਸਪਾਂਸਰ ਕਰਨ ਵਾਲ਼ੇ ਫਾਰਮ ਵੀ ਉਸਨੇ ਲਿਫਾਫੇ ਵਿਚ ਪਾ ਦਿੱਤੇ। ਉਸਨੂੰ “ਥੈਂਕ ਯੂ” ਆਖ, ਖੁਸ਼ੀ ’ਚ ਖਿੜਿਆ ਮੈਂ ਉੱਠ ਪਿਆ।

ਲੈਂਡਿਡ ਪੇਪਰ ਮੈਨੂੰ ਪੌਣੇ ਚਾਰ ਸਾਲ ਦੀ ਮਿਹਨਤ ਬਾਅਦ ਮਿਲ਼ਿਆ ਸੀ। ਮਿਹਨਤ ਨਾਲ਼ ਮਿਲੀ ਸਫਲਤਾ ਜਿੱਥੇ ਸਾਡੇ ਸਵੈ–ਵਿਸ਼ਵਾਸ ਨੂੰ ਪਕੇਰਾ ਕਰਦੀ ਹੈ, ਓਥੇ ਸਾਡੇ ਸੁਪਨਿਆਂ ਨੂੰ ਵੀ ਜੀਵੰਤ ਰੱਖਦੀ ਹੈ। ਆਦਮਪੁਰ ਸਾਡੇ ਗਵਾਂਢੀ ਅਵਿਨਾਸ਼ ਭਾਖੜੀ ਦੇ ਘਰ ਟੈਲੀਫੋਨ ਸੀ। ਪਤਨੀ ਤੇ ਬੱਚਿਆਂ ਨੂੰ ਓਥੇ ਸੱਦ ਕੇ, ਖੁਸ਼ਖਬਰੀ ਦਿੱਤੀ। ਉਹ ਬਹੁਤ ਖੁਸ਼ ਹੋਏ। ਉਨ੍ਹਾਂ ਅਗਾਂਹ, ਪਿੰਡ ਮੇਰੀ ਬੀਬੀ ਤੇ ਭਰਾਵਾਂ ਨੂੰ ਵੀ ਖਬਰ ਪਹੁੰਚਾ ਦਿੱਤੀ।

ਅਗਲੇ ਦਿਨ ਮੈਂ ਸਪਾਂਸਰਸ਼ਿਪ ਫਾਰਮ ਭਰੇ ਤੇ ਡਾਕ ’ਚ ਪਾ ਦਿੱਤੇ।

ਸੀ. ਬੀ. ਸੀ ਨੇ ਆਪਣੀ ਬਿਲਡਿੰਗ ਬਣਾ ਲਈ ਸੀ। ਕਿਰਾਏ ਦੀਆਂ ਬਿਲਡਿੰਗਾਂ ਵਿੱਚੋਂ ਆਪਣੀ ਬਿਲਡਿੰਗ ਵਿਚ ਸ਼ਿਫਟ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਭ ਤੋਂ ਜ਼ਿਆਦਾ ਸਾਮਾਨ ਤੇ ਨਫਰੀ ਸਾਡੀ ਬਿਲਡਿੰਗ ’ਚ ਸੀ। ਢੋਅ–ਢੁਆਈ ਮਹੀਨੇ ਤੋਂ ਵੱਧ ਚੱਲਦੀ ਰਹੀ।

ਬਿਲਡਿੰਗ ਛਡਣ ਸਮੇਂ ਸਾਰੇ ਕਰਮਚਾਰੀ ਤਾਂ ਨਹੀਂ ਪਰ ਐਨਥਨੀ ਵਰਗੇ ਕਈ ਹੱਥ ਮਿਲ਼ਾ ਕੇ ਵਿਦਾ ਹੋਏ। ਉਨ੍ਹਾਂ ਮੈਨੂੰ ਤੇ ਮੈਂ ਉਨ੍ਹਾਂ ਨੂੰ ਚੰਗੇਰੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ।

ਡਾਇਰੈਕਟਰ ਜੇਨ ਫੇਅਰਲੇ ਨੇ ਨਵੀਂ ਬਿਲਡਿੰਗ ਤੋਂ ਵਿਸ਼ੇਸ਼ ਚਿੱਠੀ ਭੇਜੀ ਸੀ, ਜਿਸ ਵਿਚ ਉਸਨੇ ਮੇਰੇ ਕੰਮ ਤੇ ਵਿਹਾਰ ਬਾਰੇ ਪ੍ਰਸ਼ੰਸ਼ਕੀ ਸ਼ਬਦ ਲਿਖੇ ਸਨ ਤੇ ਡਿਜ਼ਾਈਨ–ਬਿਲਡਿੰਗ ਵਿਚ ਵਧੀਆ ਸਕਿਉਰਟੀ ਸੇਵਾਵਾਂ ਦੇਣ ਲਈ ਮੇਰਾ ਹਾਰਦਿਕ ਧੰਨਵਾਦ ਕੀਤਾ ਸੀ। ਮੇਰੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਭੇਜੀਆਂ ਸਨ।

ਬਿਲਡਿੰਗਾਂ ਖਾਲ਼ੀ ਤਾਂ ਹੋ ਚੁੱਕੀਆਂ ਸਨ ਪਰ ਸੀ. ਬੀ. ਸੀ ਵੱਲੋਂ ਅਜੇ ਮਾਲਕਾਂ ਨੂੰ ਸੌਂਪੀਆਂ ਨਹੀਂ ਸਨ ਗਈਆਂ। ਸਕਿਉਰਟੀ ਦਾ ਕੰਮ ਚੱਲ ਰਿਹਾ ਸੀ। ਕਾਂਟਰੈਕਟ ਖਤਮ ਹੋਣ ਤੱਕ, ਕੋਰ ਹੈੱਡਕੁਆਟਰ ਨੇ ਸਾਰਜੈਂਟ ਜੌਹਨ ਬੇਕਰ ਨੂੰ ਡਿਟੈਚਮੈਂਟ ਕਮਾਂਡਰ ਬਣਾ ਦਿਤਾ ਤੇ ਮੇਰੀ ਬਦਲੀ ‘ਕਨੇਡੀਅਨ ਫੋਰਸਜ਼ ਬੇਸ’ ਯਾਨਿ ਫੌਜੀ ਛਾਉਣੀ ਵਿਚ ਕਰ ਦਿੱਤੀ।

ਕਨੇਡੀਅਨ ਫੋਰਸਜ਼ ਬੇਸ ’ਚ

‘ਕਨੇਡੀਅਨ ਫੋਰਸਜ਼ ਬੇਸ’ ਕੀਲ–ਸ਼ੈਪਰਡ, ਸੜਕਾਂ ਦੇ ਇੰਟਰਸੈਕਸ਼ਨ ਦੇ ਲਾਗੇ ਸੀ। ਸਾਡੇ ਅਪਾਰਟਮੈਂਟ ਤੋਂ ਬੱਸ ਦਾ 15 ਮਿੰਟ ਦਾ ਸਫਰ।

ਉਸ ਡਿਟੈਚਮੈਂਟ ਵਿਚ 10 ਪੋਸਟਾਂ ਸਨ, 5 ਬੇਸ ਵਿਚ ਤੇ 5 ਦੂਰ–ਨੇੜੇ ਦੀਆਂ ਲੋਕੇਸ਼ਨਾਂ ’ਤੇ। ਕਮਿਸ਼ਨੇਅਰਾਂ ਦੀ ਗਿਣਤੀ 43 ਦੇ ਕਰੀਬ ਸੀ। ਮਾਸਟਰ ਵਾਰੰਟ ਅਫਸਰ ਫਰੈੱਡ ਕਰਨੇਗੀ ਡਿਟੈਚਮੈਂਟ ਕਮਾਂਡਰ ਸੀ। ਤੇ ਮੈਂ, ਬਤੌਰ ਵਾਰੰਟ ਅਫਸਰ, ‘ਸੈਕਿੰਡ ਇਨ ਕਮਾਂਡ’ ਸਾਂ। ਡਿਟੈਚਮੈਂਟ ਦਾ ਕੰਮ–ਕਾਜ ਅਸੀਂ ਮਿਲਟਰੀ ਪੁਲਿਸ ਵਲੋਂ ਬਣਾਈਆਂ ਹੋਈਆਂ ਗਾਈਡਲਾਈਨਜ਼ ਮੁਤਾਬਿਕ ਚਲਾਉਂਦੇ ਸਾਂ।

ਸਾਰੀਆਂ ਪੋਸਟਾਂ ਦੇ ਕਮਿਸ਼ਨੇਅਰਾਂ ਦੀਆਂ ਡਿਊਟੀਆਂ ਦੀਆਂ ਸ਼ਕੈਜੁਅਲ ਮੈਂ ਬਣਾਉਂਦਾ ਸਾਂ। ਉਨ੍ਹਾਂ ਦੀ ਪੇਅ–ਰੋਲ ਫਰੈੱਡ ਬਣਾਉਂਦਾ ਸੀ। ਸਾਡਾ ਦਫਤਰ ਸਪਲਾਈ ਡਿੱਪੋ ਦੇ ਲਾਗੇ ਸੀ। ਹਰ ਰੋਜ਼ 10–15 ਟਰੱਕ ਡਿਪੋ ਵਾਸਤੇ ਸਾਮਾਨ ਲੈ ਕੇ ਆਉਂਦੇ ਸਨ। ਉਨ੍ਹਾਂ ਟਰੱਕਾਂ ਨੂੰ ਰਜਿਸਟਰ ਵਿਚ ਲੌਗ ਕਰਨ ਦੀ ਡਿਊਟੀ ਮੇਰੀ ਸੀ। ਬਾਕੀ ਸੁਪਰਵਾਇਜ਼ਰੀ ਡਿਊਟੀਆਂ ਸੀ. ਬੀ. ਸੀ ਡਿਟੈਚਮੈਂਟ ਵਾਲੀਆਂ ਹੀ ਸਨ।

ਕੋਰ ਵੱਲੋਂ ਸਾਨੂੰ ਕਾਰ ਮਿਲ਼ੀ ਹੋਈ ਸੀ। ਹਰ ਸ਼ੁਕਰਵਾਰ ਫਰੈੱਡ ਤੇ ਮੈਂ ਵਾਰੀ ਸਿਰ ਪੋਸਟਾਂ ਦੀ ਚੈਕਿੰਗ ਕਰਦੇ ਸਾਂ। ਉਂਜ ਵੀ ਹਰ ਦੂਜੇ–ਚੌਥੇ ਦਿਨ ਕਿਸੇ ਨਾ ਕਿਸੇ ਪੋਸਟ ’ਤੇ ਜਾਣ ਦੀ ਲੋੜ ਪੈ ਜਾਂਦੀ ਸੀ। ਵੀਕ–ਐਂਡ ’ਤੇ ਅਸੀਂ ਦੋਵੇਂ ‘ਆਫ’ ਹੁੰਦੇ ਸਾਂ।

ਫਰੈੱਡ ਆਦਰਸ਼ਵਾਦੀ ਸੀ, ਇੱਕੋ ਪਤਨੀ ਸੰਗ ਜ਼ਿੰਦਗੀ ਬਿਤਾਉਣ ਵਾਲ਼ਾ ਗੋਰਾ। ਉਹ ਤੇ ਉਸਦੀ ਪਤਨੀ ਕੈਰਲ ਆਪਣੀ 36 ਸਾਲ ਲੰਮੀ ਵਿਆਹੁਤਾ–ਜ਼ਿੰਦਗੀ ’ਤੇ ਮਾਣ ਮਹਿਸੂਸ ਕਰਦੇ ਸਨ। ਮੌਤ ਤੋਂ ਬਾਅਦ ਵੀ ਉਨ੍ਹਾਂ ਇੱਕੋ ਕਬਰ ’ਚ ਦਫਨ ਹੋਣਾ ਸੀ। ਪਹਿਲਾਂ ਰੁਖਸਤ ਹੋਣ ਵਾਲ਼ੇ ਨੇ ਕਬਰ ਦੇ ਹੇਠਲੇ ਹਿੱਸੇ ਵਿਚ ਤੇ ਬਾਅਦ ਵਾਲ਼ੇ ਨੇ ਉੱਪਰਲੇ ਹਿੱਸੇ ’ਚ। ਕਬਰਸਤਾਨ ਵਿਚ ਉਨ੍ਹਾਂ ਕਬਰ ਦੀ ਥਾਂ ਮੁੱਲ ਲੈ ਰੱਖੀ ਸੀ। ਉਨ੍ਹਾਂ ਦੀਆਂ ਦੋ ਧੀਆਂ ਸਨ। ਵੱਡੀ ਧੀ ਪਤੀ ਨਾਲ਼ ਇਕਸੁਰ ਹੋ ਕੇ ਬੱਚੇ ਪਾਲ਼ ਰਹੀ ਸੀ। ਫਰੈੱਡ ਉਸਦੀ ਸਿਫਤ ਕਰਦਾ ਸੀ। ਛੋਟੀ ਪਤੀ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ਼ ਰਹਿੰਦੀ ਸੀ। ਫਰੈੱਡ ਉਸ ਧੀ ਨੂੰ ਗਲਤ ਆਖਦਾ ਸੀ। ਉਸਨੇ ਧੀ ਨਾਲ਼ੋਂ ਨਾਤਾ ਤੋੜ ਲਿਆ ਸੀ ਪਰ ਜੁਆਈ ਨਾਲ਼ ਮੇਲ–ਮਿਲਾਪ ਰੱਖਿਆ ਹੋਇਆ ਸੀ।

ਹੁਣ ਤਕ ਮੈਂ ਆਪਣੀ ਜੌਬ ਅਤੇ ਹੋਰ ਰੁਝੇਵਿਆਂ ਬਾਰੇ ਹੀ ਗੱਲਾਂ ਕੀਤੀਆਂ ਹਨ, ਸਿਰਜਣਾਤਮਿਕਤਾ ਬਾਰੇ ਕੋਈ ਗੱਲ ਨਹੀਂ ਛੋਹੀ। ਦਰਅਸਲ ਸਿਰਜਣਾਤਮਿਕ ਸਰਗਰਮੀ ਕੋਈ ਹੈ ਹੀ ਨਹੀਂ ਸੀ। ਕਨੇਡਾ ’ਚ ਵਿਚਰਦਿਆਂ ਸਾਹਿਤ ਜਿਵੇਂ ਮੇਰੀ ਸੋਚ ਵਿੱਚੋਂ ਹੀ ਵਿਸਰ ਗਿਆ ਸੀ। ਨਾ ਕੁਝ ਲਿਖਿਆ ਨਾ ਪੜ੍ਹਿਆ। ਪੜ੍ਹਨ–ਲਿਖਣ ਦੇ ਮੂਡ ਹੀ ਖਤਮ ਹੋ ਗਏ ਸਨ। ਇੰਡੀਆ ਦੇ ਸਾਹਿਤਕ ਦੋਸਤਾਂ ਨਾਲ਼ ਵੀ ਕੋਈ ਨਾਤਾ ਨਹੀਂ ਸੀ ਰਿਹਾ। ਨਾ ਕਿਸੇ ਨੂੰ ਫੋਨ ਨਾ ਚਿੱਠੀ।

ਸਿਰਜਣਾਤਮਿਕਤਾ ਲਈ ਮਨ ਵਿਚ ਚੈਨ ਹੋਣੀ ਜ਼ਰੂਰੀ ਹੈ। ਮਨ ’ਤੇ ਕਿਸੇ ਮਸਲੇ ਦਾ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਮੇਰੇ ਮਨ ’ਤੇ ਹੈਗਾ ਸੀ, ਇੰਮੀਗਰੇਸ਼ਨ ਦੇ ਮਸਲੇ ਦਾ। ਕਾਮਯਾਬੀ ਬਾਰੇ ਮੈਨੂੰ ਯਕੀਨ ਤਾਂ ਸੀ ਪਰ ਕਾਮਯਾਬੀ ਬੈਠੇ–ਬੈਠਾਏ ਨਹੀਂ ਸੀ ਮਿਲਣੀ। ਮੇਰਾ ਤਨ–ਮਨ ਸੰਘਰਸ਼ ’ਚ ਜੁੱਟਿਆ ਹੋਇਆ ਸੀ।

ਮਨ ਵਿੱਚੋਂ ਸਾਹਿਤ ਭਾਵੇਂ ਵਿਸਰ ਗਿਆ ਸੀ ਪਰ ਮੇਰੀ ਆਲ਼ੇ–ਦੁਆਲ਼ੇ ਨੂੰ ਵੇਖਣ–ਘੋਖਣ ਦੀ ਆਲੋਚਨਾਤਮਿਕ ਦਿਸ਼੍ਰਟੀ ਕਾਰਜਸ਼ੀਲ ਸੀ। ਮੈਂ ਕਨੇਡਾ ਦੀ ਵਿਕਸਤ ਪੂੰਜੀਵਾਦੀ ਵਿਵਸਥਾ ਨੂੰ ਘੋਖ ਰਿਹਾ ਸਾਂ— ਘਰ ਅਤੇ ਬਿਲਡਿੰਗਾਂ ਬਣਾਉਣ ਦਾ ਕਾਰੋਬਾਰ ਅਰਬਾਂ–ਖਰਬਾਂ ਦੇ ਸਰਮਾਏ ਵਾਲ਼ੀਆਂ ਕੰਪਨੀਆਂ ਦੇ ਹੱਥਾਂ ਵਿਚ ਹੈ। ਗਰੌਸਰੀ ਤੇ ਕੱਪੜੇ–ਲੀੜੇ ਦੇ ਛੋਟੇ ਸਟੋਰ ਇੰਡੋ–ਕਨੇਡੀਅਨ ਤੇ ਕੁਝ ਹੋਰ ਘੱਟ ਗਿਣਤੀ ਕਮਿਊਨਿਟੀਆਂ ਦੇ ਹਨ। ਮੁੱਖ ਧਾਰਾ ਦੀ ਗਰੌਸਰੀ, ਕੱਪੜਾ–ਲੀੜਾ ਤੇ ਘਰਾਂ ਦੇ ਹੋਰ ਸਾਮਾਨ ਦਾ ਵਪਾਰ ਵੱਡੇ–ਵੱਡੇ ਸਟੋਰਾਂ ਨੇ ਸਾਂਭਿਆ ਹੋਇਆ ਹੈ। ਉਨ੍ਹਾਂ ਸਟੋਰਾਂ ਦੇ ਧਨਾਢ ਮਾਲਕਾਂ ਦੇ ਇਕ–ਇਕ ਸਟੋਰ ਨਹੀਂ, ਸਟੋਰਾਂ ਦੀਆਂ ਚੇਨਾਂ ਹਨ। ਇਵੇਂ ਹੀ ਫਾਸਟ–ਫੂਡ, ਸ਼ਰਾਬ, ਬੀਅਰ ਤੇ ਕੌਫੀ ਦੀਆਂ ਚੇਨਾਂ ਦੂਰ–ਦੂਰ ਤੱਕ ਪਸਰੀਆਂ ਹੋਈਆਂ ਹਨ।

ਪਰ ਮੈਂ ਇਹ ਵੀ ਵੇਖ ਰਿਹਾ ਸਾਂ ਕਿ ਲੋਕ ਪੂੰਜੀਵਾਦ ਦੇ ਰਹਿਮੋ–ਕਰਮ ’ਤੇ ਨਹੀਂ ਸਨ। ਕਨੇਡਾ ਦਾ ਸਿਸਟਮ ਲੋਕਾਂ ਦਾ ਮੱਦਦਗਾਰ ਸੀ। ਬੇਰੁਜ਼ਗਾਰੀ, ਕੰਮ ’ਤੇ ਸੱਟ ਲੱਗਣ, ਅਪਾਹਜ ਹੋ ਜਾਣ ਦੀਆਂ ਹਾਲਤਾਂ ਵਿਚ ਕਾਮਿਆਂ ਲਈ ਆਰਥਿਕ ਸਹਾਇਤਾ ਉਪਲਬਧ ਸੀ। ਸਿਹਤ ਤੇ ਸਿੱਖਿਆ ਦੀਆਂ ਮੁਫਤ ਸੇਵਾਵਾਂ, ਬੁਢਾਪਾ ਪੈਨਸ਼ਨ ਤੇ ਹੋਰ ਸਹੂਲਤਾਂ ਸਦਕਾ ਲੋਕਾਂ ਦੀ ਜ਼ਿੰਦਗੀ ਸੌਖੀ ਸੀ।

ਮੈਂ ਗੱਲ ਕਰ ਰਿਹਾ ਸੀ, ਸਾਹਿਤ ਨਾਲ਼ੋਂ ਨਾਤਾ ਟੁੱਟਣ ਦੀ। ਇੰਮੀਗਰੇਸ਼ਨ ਮਿਲਣ ਤੋਂ ਬਾਅਦ ਮੈਨੂੰ ਸਾਹਿਤਕ ਖਿਆਲ ਫੁਰਨ ਲੱਗ ਪਏ। ਕਿਸੇ ਕੋਲੋਂ ਇਕਬਾਲ ਰਾਮੂਵਾਲੀਆ ਦਾ ਫੋਨ ਨੰਬਰ ਲੈ ਕੇ ਮੈਂ ਉਸਨੂੰ ਕਾਲ ਕੀਤਾ। ਕਨੇਡਾ ’ਚ ਪਹਿਲੀ ਵਾਰ ਕਿਸੇ ਸਾਹਿਤਕਾਰ ਨਾਲ਼ ਸੰਪਰਕ ਕਰ ਰਿਹਾ ਸਾਂ। ਅਸੀਂ ਕ–ਦੂਜੇ ਨੂੰ ਨਾਵਾਂ ਤੋਂ ਤਾਂ ਜਾਣਦੇ ਸਾਂ ਪਰ ਕਦੀ ਮਿਲ਼ੇ ਨਹੀਂ ਸੀ। ਉਸਨੇ ਸਨੇਹ ਨਾਲ਼ ਗੱਲ ਕੀਤੀ। ਫਿਰ ਕਦੀ ਉਹ ਫੋਨ ਕਰ ਲੈਂਦਾ ਕਦੀ ਮੈਂ।

ਇਕ ਦਿਨ ਉਸਨੇ ਫੋਨ ’ਤੇ ਇਕ ਸਾਹਿਤਕ ਪ੍ਰੋਗਰਾਮ ਬਾਰੇ ਦੱਸਿਆ। ਵੈਨਕੂਵਰ ਤੋਂ ਸਾਡੇ ਕੁਝ ਲੇਖਕ ਆਏ ਹੋਏ ਸਨ। ਐਲਬੀਅਨ ਲਾਇਬਰੇਰੀ ਵਿਚ ਉਨ੍ਹਾਂ ਨਾਲ਼ ਮਿਲਣੀ ਦਾ ਪ੍ਰੋਗਰਾਮ ਸੀ। ਜਿਸ ਬੱਸ ਵਿਚ ਮੈਂ ਗਿਆ, ਕੁਦਰਤੀ ਓਂਕਾਰਪ੍ਰੀਤ ਵੀ ਉਸੇ ਬੱਸ ’ਚ ਸੀ। ਅਸੀਂ ਇਕ ਦੂਜੇ ਨੂੰ ਜਾਣਦੇ ਨਹੀਂ ਸਾਂ। ਬੱਸ ’ਚੋਂ ਇਕੱਠੇ ਹੀ ਉੱਤਰੇ। ਮੇਰੇ ਕਦਮਾਂ ਦਾ ਰੁਖ ਭਾਂਪਦਿਆਂ ਉਸਨੇ ਪ੍ਰਸ਼ਨ ਕੀਤਾ, “ਲਾਇਬਰੇਰੀ ਜਾ ਰਹੇ ਓ?”

“ਹਾਂ ਜੀ ਓਥੇ ਇਕ ਸਾਹਿਤਕ ਪ੍ਰੋਗਰਾਮ ਹੈ।” ਮੈਂ ਦੱਸਿਆ।

ਫਿਰ ਉਸਨੇ ਮੇਰਾ ਨਾਂ ਪੁੱਛਿਆ। ਨਾਂ ਸੁਣ ਕੇ ਹਿਸਾਬ ਜਿਹਾ ਲਾਉਂਦਾ ਬੋਲਿਆ, “ਇੰਡੀਆ ’ਚ ਆਦਮਪੁਰ ਤੋਂ।”

“ਹਾਂ ਪਰ ਤੁਹਾਨੂੰ ਕਿਵੇਂ ਪਤਾ?” ਮੈਨੂੰ ਹੈਰਾਨੀ ਹੋਈ।

“ਮੈਂ ਇਕ ਵਾਰ ਤੁਹਾਨੂੰ ਆਦਮਪੁਰ ਮਿਲਣ ਗਿਆ ਸੀ। ਪਰ ਮੈਨੂੰ ਤੁਹਾਡਾ ਘਰ ਨਹੀਂ ਸੀ ਲੱਭਾ।” ਫਿਰ ਉਸਨੇ ਦੱਸਿਆ ਕਿ ਗਜ਼ਲਾਂ ਲਿਖਣ ਦੇ ਨਾਲ਼–ਨਾਲ਼ ਉਸਨੇ ਕਹਾਣੀਆਂ ਵੀ ਲਿਖੀਆਂ ਸਨ। ਕਹਾਣੀਆਂ ਬਾਰੇ ਰਾਇ ਲੈਣ ਲਈ ਉਹ ਜਸਵੰਤ ਸਿੰਘ ਵਿਰਦੀ ਕੋਲ ਜਾਂਦਾ ਹੁੰਦਾ ਸੀ। ਵਿਰਦੀ ਨੇ ਉਸਨੂੰ ਮੇਰੇ ਬਾਰੇ ਦੱਸਿਆ ਤੇ ਮਿਲਣ ਲਈ ਕਿਹਾ। ਪਰ ਜਿਹੜਾ ਐਡਰੈੱਸ ਉਸਨੇ ਓਂਕਾਰਪ੍ਰੀਤ ਨੂੰ ਦਿੱਤਾ ਉਹ ਚਿੱਠੀ–ਪੱਤਰ ਵਾਲ਼ਾ ਸੀ। ਉਸ ਵਿਚ ਘਰ ਦਾ ਨੰਬਰ ਹੀ ਸੀ, ਮੁਹੱਲੇ ਦਾ ਨਾਂ ਨਹੀਂ ਸੀ। ਆਦਮਪੁਰ ਬਹੁਤ ਵੱਡਾ ਕਸਬਾ ਹੈ। ਘਰਾਂ ਦੇ ਨੰਬਰ ਵੀ ਉਘੜ–ਦੁਗੜੇ ਹਨ, ਜਿਸ ਕਰਕੇ ਉਸਨੂੰ ਮੇਰਾ ਘਰ ਨਾ ਲੱਭਾ।

“ਓਥੇ ਤਾਂ ਮੁਲਾਕਾਤ ਹੋਈ ਨਹੀਂ ਪਰ ਏਥੇ ਆਪਾਂ ਮਿਲਦੇ ਰਹਾਂਗੇ।” ਮੈਂ ਆਖਿਆ।

ਵੈਨਕੂਵਰ ਦੇ ਲੇਖਕਾਂ ਗੁਰਚਰਨ ਰਾਮਪੁਰੀ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਅਜਮੇਰ ਰੋਡੇ ਤੇ ਸੁਰਜੀਤ ਕਲਸੀ ਨਾਲ਼ ਜਾਣ–ਪਛਾਣ ਤਾਂ ਨਹੀਂ ਸੀ ਪਰ ਉਨ੍ਹਾਂ ਨੂੰ ਮਿਲ਼ ਕੇ ਚੰਗਾ ਲੱਗਾ।

ਕੁਝ ਮਹੀਨਿਆਂ ਬਾਅਦ ਕੈਮਲੂਪਸ ਵਾਸੀ ਪ੍ਰਗਤੀਵਾਦੀ ਸ਼ਾਇਰ ਸੁਰਿੰਦਰ ਧੰਜਲ ਏਥੇ ਆਇਆ। ਇਕਬਾਲ ਨੇ ਉਸ ਨਾਲ਼ ਮੁਲਾਕਾਤ ਰੱਖ ਲਈ। ਮੈਂ, ਓਂਕਾਰਪ੍ਰੀਤ ਤੇ ਉਸਦਾ ਦੋਸਤ ਸੁਰਜੀਤ ਫਲੋਰਾ ਇਕੱਠੇ ਗਏ। ਉਸ ਪ੍ਰੋਗਰਾਮ ਵਿਚ ਮੇਜਰ ਮਾਂਗਟ ਨਾਲ਼ ਮੁਲਾਕਾਤ ਹੋਈ। ਮੇਜਰ ਰਾਹੀਂ ਉਸਦੇ ਬੇਲੀਆਂ ਕੁਲਵਿੰਦਰ ਖਹਿਰਾ ਤੇ ਬਲਤੇਜ ਪੰਨੂੰ ਨਾਲ਼ ਸੰਪਰਕ ਹੋ ਗਿਆ। ਉਦੋਂ ਏਥੇ ਕੋਈ ਸਾਹਿਤ ਸਭਾ ਨਹੀਂ ਸੀ। ਸਾਡੇ ਛੇਆਂ ਵਿਚ ਸਾਹਿਤ ਸਭਾ ਦੀ ਗੱਲ ਚਲ ਪਈ। ਇਸ ਬਾਬਤ ਪਹਿਲੀ ਮੀਟਿੰਗ ਮੇਜਰ ਦੇ ਘਰ ਹੋਈ। ਦੋ–ਤਿੰਨ ਮੀਟਿੰਗਾਂ ਹੋਰ ਹੋਈਆਂ। ਵਿਚਾਰ–ਵਟਾਂਦਰੇ ਤੋਂ ਬਾਅਦ ਅਸੀਂ ਸਭਾ ਬਣਾਉਣ ਦਾ ਫੈਸਲਾ ਕਰ ਲਿਆ।

ਪੰਜਾਬੀ ਕਲਮਾਂ ਦਾ ਕਾਫਲਾ ਦੀ ਸਥਾਪਨਾ

ਫਰਵਰੀ 1993 ’ਚ ਏਥੋਂ ਦੇ ਸਾਹਿਤਕਾਰਾਂ ਤੇ ਸਾਹਿਤ–ਪ੍ਰੇਮੀਆਂ ਦੀ ਮੀਟਿੰਗ ਵਿਚ ਪ੍ਰਸਤਾਵਿਤ ਸਭਾ ਦੀ ਲੋੜ ਅਤੇ ਉਦੇਸ਼ ਪੇਸ਼ ਕਰਨ ਤੋਂ ਬਾਅਦ ਸਭਾ ਦੇ ਨਾਂ ਬਾਰੇ ਸੁਝਾਅ ਮੰਗੇ ਗਏ। ਮਿਲ਼ੇ ਸੁਝਾਵਾਂ ਵਿਚੋਂ ਮੇਰਾ ਸੁਝਾਅ ਪ੍ਰਵਾਨ ਹੋਇਆ— ਸਭਾ ਦਾ ਨਾਂ ‘ਪੰਜਾਬੀ ਕਲਮਾਂ ਦਾ ਕਾਫਲਾ’ ਰੱਖਿਆ ਗਿਆ। ਸਰਬਸੰਮਤੀ ਨਾਲ਼ ਹੇਠ ਲਿਖੇ ਅਹੁਦੇਦਾਰ ਚੁਣੇ ਗਏ।

ਪ੍ਰਧਾਨ– ਜਰਨੈਲ ਸਿੰਘ, ਮੀਤ–ਪ੍ਰਧਾਨ— ਮੇਜਰ ਮਾਂਗਟ, ਜਨਰਲ ਸਕੱਤਰ— ਓਂਕਾਰਪ੍ਰੀਤ, ਸਕੱਤਰ— ਕੁਲਵਿੰਦਰ ਖਹਿਰਾ ਤੇ ਬਲਤੇਜ ਪੰਨੂੰ, ਖਜਾਨਚੀ— ਸੁਰਜੀਤ ਫਲੋਰਾ।

ਕਾਫਲੇ ਨੇ ਏਥੋਂ ਦੇ ਲੇਖਕਾਂ ਲਈ ਮਾਹੌਲ ਪੈਦਾ ਕੀਤਾ। ਕਵਿਤਾਵਾਂ, ਕਹਾਣੀਆਂ ਤੇ ਗਜ਼ਲਾਂਦੀ ਰਚਨਾ ਆਰੰਭ ਹੋ ਗਈ। ਮਾਸਿਕ ਮੀਟਿੰਗਾਂ ਵਿਚ ਰਚਨਾਵਾਂ ਪੜ੍ਹਨ-ਵਿਚਾਰਨ ਦਾ ਸਿਲਸਿਲਾ ਚਲ ਪਿਆ। ਇੰਡੀਆ, ਅਮਰੀਕਾ, ਇੰਗਲੈਂਡ ਤੇ ਕਨੇਡਾ ਦੇ ਦੂਜੇ ਸ਼ਹਿਰਾਂ ਤੋਂ ਆਉਂਦੇ ਲੇਖਕਾਂ ਨਾਲ਼ ਮੁਲਾਕਾਤਾਂ ਸ਼ੁਰੂ ਹੋ ਗਈਆਂ। ਨਵ-ਪ੍ਰਕਾਸ਼ਤ ਪੁਸਤਕਾਂ ’ਤੇ ਗੋਸ਼ਟੀਆਂ ਹੋਣ ਲੱਗ ਪਈਆਂ।

ਤਿੰਨ ਕੁ ਸਾਲ ਬਾਅਦ ਪ੍ਰਧਾਨ ਵਗੈਰਾ ਦੀਆਂ ਅਹੁਦੇਦਾਰੀਆਂ ਦੀ ਥਾਂ ਤਿੰਨ ਸੰਚਾਲਕਾਂ ਦੀ ਪ੍ਰਥਾ ਸ਼ੁਰੂ ਹੋ ਗਈ ਸੀ। ਹਰ ਦੋ ਸਾਲ ਬਾਅਦ ਸੰਚਾਲਕਾਂ ਦੀ ਚੋਣ ਸਰਬਸੰਮਤੀ ਹੁੰਦੀ ਹੈ। ਸਮੇਂ-ਸਮੇਂ ਕਾਫਲੇ ਦੇ ਹੋਰ ਮੈਂਬਰ ਵੀ ਸੰਚਾਲਕ ਬਣੇ ਹਨ ਪਰ ਓਂਕਾਰਪ੍ਰੀਤ ਤੇ ਕੁਲਵਿੰਦਰ ਖਹਿਰਾ ਦੀ ਵਧੀਆ ਕਾਰਗੁਜ਼ਾਰੀ ਦੇ ਆਧਾਰ ’ਤੇ ਬਹੁਤੀ ਵਾਰ ਇਨ੍ਹਾਂ ਨੂੰ ਹੀ ਮੁੱਖ ਸੰਚਾਲਕ ਚੁਣਿਆਂ ਜਾਂਦਾ ਹੈ।

ਕਾਫਲੇ ਦੀਆਂ ਮਾਸਿਕ ਮੀਟਿੰਗਾਂ ਦਾ ਅਜੰਡਾ ਭਾਰੀ ਹੋਣ ਕਰਕੇ ਕਹਾਣੀਆਂ ਪੜ੍ਹਨ–ਵਿਚਾਰਨ ਲਈ ਢੁਕਵਾਂ ਸਮਾਂ ਨਹੀਂ ਮਿਲ਼ਦਾ ਸੀ। ਕਹਾਣੀਕਾਰਾਂ ਨੇ ਕਾਫਲੇ ਦੀ ਸ਼ਾਖਾ ਵਜੋਂ ‘ਕਹਾਣੀ ਮੰਚ ਟਰਾਂਟੋ’ ਦੀ ਸਥਾਪਨਾ ਕਰ ਲਈ। ਮੰਚ ਦੀਆਂ ਤ੍ਰੈਮਾਸਕ ਮੀਟਿੰਗਾਂ ਵਿਚ ਨਵੀਆਂ ਕਹਾਣੀਆਂ ’ਤੇ ਵਧੀਆ ਢੰਗ ਨਾਲ਼ ਵਿਚਾਰ–ਵਟਾਂਦਰਾ ਹੋਣ ਲੱਗ ਪਿਆ।

ਕਾਫਲੇ ਨਾਲ਼ ਬਣੇ ਸਾਹਿਤਕ ਮਾਹੌਲ ਦਾ ਅਸਰ ਹੋਇਆ… ਮੈਂ ਕਹਾਣੀ ਲਿਖੀ ‘ਜੰਗ ਬਨਾਮ ਜੰਗ’।

ਸਹੀ ਅਰਥਾਂ ਵਿਚ ਇਹ ਨਵੀਂ ਕਹਾਣੀ ਨਹੀਂ ਸੀ। 12 ਸਾਲ ਪਹਿਲਾਂ ਲਿਖੀ ਕਹਾਣੀ ‘ਸੁਆਹ ਦੀ ਢੇਰੀ’ ਨਾਲ਼ ਨਵਾਂ ਪਸਾਰ ਜੋੜਿਆ ਸੀ। ਉਸ ਕਹਾਣੀ ਦਾ ਮੁੱਖ ਪਾਤਰ ਹਵਾਈ ਸੈਨਿਕ ਹੈ ਜੋ ਭਾਰਤ-ਪਾਕਿ ਜੰਗ ਦੌਰਾਨ ਹਵਾਈ ਹਮਲੇ ’ਚ ਮਾਰਿਆ ਜਾਂਦਾ ਹੈ। ਇਸ ਕਹਾਣੀ ਵਿਚ ਵੀ ਕੇਂਦਰੀ ਘਟਨਾ ਉਹੀ ਹੈ। ਫਰਕ ਇਹ ਹੈ ਕਿ ਉਸ ਕਹਾਣੀ ਦਾ ਮੁੱਖ ਪਾਤਰ ਅਣਵਿਆਹਿਆ ਹੈ ਤੇ ਇਸ (ਜੰਗ ਬਨਾਮ ਜੰਗ) ਕਹਾਣੀ ਦਾ ਮੁੱਖ ਪਾਤਰ ਵਿਆਹਿਆ ਹੋਇਆ। ਇਸ ਕਹਾਣੀ ਵਿਚ ਮੈਂ ਮੁੱਖ ਪਾਤਰ ਦੀ ਮੌਤ ਦੀ ਤ੍ਰਾਸਦੀ ਤੋਂ ਇਲਾਵਾ ਉਸਦੀ ਵਿਧਵਾ, ਯਾਨਿ ਜੰਗੀ–ਵਿਧਵਾ ਦੇ ਦੁੱਖਾਂ–ਕਸ਼ਟਾਂ ਦੀ ਗਾਥਾ ਵੀ ਪੇਸ਼ ਕੀਤੀ ਹੈ।

ਇਹ ਕਹਾਣੀ ‘ਵਤਨ’ ਪਰਚੇ ਵਿਚ ਛਪੀ। ਸਾਧੂ ਬਿਨਿੰਗ; ਸੁਖਵੰਤ ਹੁੰਦਲ ਤੇ ਅਮਨਪਾਲ ਸਾਰਾ ਦੇ ਸਹਿਯੋਗ ਨਾਲ਼ ਇਹ ਪਰਚਾ ਕੱਢਦਾ ਸੀ।

ਵਿਸ਼ੇਸ਼ ਤੇ ਸੁਭਾਗਾ ਦਿਨ

ਮੇਰੇ ਪਰਿਵਾਰ ਨੂੰ ਵੀਜ਼ੇ ਮਿਲ਼ ਗਏ ਸਨ। ਮੈਂ ਆਪਣਾ ਵੱਖਰਾ ਅਪਾਰਟਮੈਂਟ ਕਿਰਾਏ ’ਤੇ ਲੈ ਲਿਆ। ਫਰਨੀਚਰ ਤੇ ਹੋਰ ਸਾਮਾਨ ਖਰੀਦ ਲਿਆ। ਕਾਰ ਪਹਿਲਾਂ ਹੀ ਖਰੀਦ ਲਈ ਸੀ।

19 ਅਪ੍ਰੈਲ 1993 ਨੂੰ ਤਿੰਨੇ ਜੀਅ ਏਥੇ ਪਹੁੰਚ ਗਏ। ਪੌਣੇ ਪੰਜ ਸਾਲ ਬਾਅਦ ਮਿਲਾਪ ਦਾ ਉਹ ਦਿਨ ਸਾਡੇ ਜੀਵਨ ਦਾ ਵਿਸ਼ੇਸ਼ ਤੇ ਸੁਭਾਗਾ ਦਿਨ ਹੈ। ਦਿਲਾਂ ਵਿਚ ਉਛਾਲੇ ਮਾਰਦੀ ਖੁਸ਼ੀ ਨੇ ਸਾਨੂੰ ਚੌਹਾਂ ਨੂੰ ਭਾਵੁਕ ਕਰ ਦਿੱਤਾ। ਏਅਰਪੋਰਟ ’ਤੇ ਪਤਨੀ ਤੇ ਪੁੱਤਾਂ ਨੂੰ ਬਾਹਾਂ ’ਚ ਭਰਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ। ਕੁਲਵੰਤ ਦੀਆਂ ਅੱਖਾਂ ਵਿੱਚੋਂ ਤਾਂ ਹੰਝੂ ਵਹਿ ਤੁਰੇ। ਖੁਸ਼ੀ ਤੇ ਮੋਹ ਦੇ ਵੇਗ ਵਿਚ ਮੈਂ ਹਰਪ੍ਰੀਤ ਤੇ ਅਮਰਪ੍ਰੀਤ ਨੂੰ ਕਈ ਚਿਰ ਛਾਤੀ ਨਾਲ਼ ਲਾ ਰੱਖਿਆ। ਏਅਰਪੋਰਟ ਤੋਂ ਸਿੱਧੇ ਗੁਰਦਵਾਰੇ ਜਾ ਕੇ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਪੂਰਾ ਹਫਤਾ ਅਸੀਂ ਬਹੁਤ ਗੱਲਾਂ ਕੀਤੀਆਂ। ਗੱਲਾਂ ਜਮ੍ਹਾਂ ਹੋਈਆਂ ਪਈਆਂ ਸਨ। ਉਦੋਂ ਅੱਜ ਵਾਂਗ ਟੈਲੀਫੋਨਾਂ ਦੀ ਸੁਵਿਧਾ ਨਹੀਂ ਸੀ।

ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ ਗਈਆਂ। ਜਿਸ ਵੀਕ ਐਂਡ ’ਤੇ ਕੋਈ ਪਾਰਟੀ ਨਾ ਹੁੰਦੀ ਅਸੀਂ ਕਨੇਡਾ ਦੀਆਂ ਵਿਸ਼ੇਸ਼ ਥਾਵਾਂ ਦੇਖਣ ਚਲੇ ਜਾਂਦੇ। ਸਭ ਤੋਂ ਪਹਿਲਾਂ ਅਸੀਂ ਸੀ. ਐਨ. ਟਾਵਰ ਗਏ। ਇਸ ਟਾਵਰ ਬਾਰੇ ਮੈਨੂੰ ਜਾਣਕਾਰੀ ਤਾਂ ਸੀ, ਟਿਕਟਾਂ ਲੈਣ ਸਮੇਂ ਓਥੇ ਪਏ ਕਿਤਾਬਚੇ ’ਤੇ ਫਿਰ ਨਜ਼ਰ ਮਾਰ ਲਈ। ਇਹ ਟਾਵਰ ਕਨੇਡੀਅਨ ਨੈਸ਼ਨਲ ਰੇਲਵੇ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ। ਇਸੇ ਕਰਕੇ ਇਸਨੂੰ ਸੀ. ਐਨ ਟਾਵਰ ਕਿਹਾ ਜਾਂਦਾ ਹੈ। ਇਸਨੂੰ ਬਣਾਉਣ ਦੇ ਦੋ ਉਦੇਸ਼ ਸਨ। ਟਰਾਂਟੋ ਲਈ ਟੀ. ਵੀ ਤੇ ਰੇਡੀਓ ਦੇ ਸੰਚਾਰ–ਸਾਧਨ ਦਾ ਨਿਰਮਾਣ ਅਤੇ ਕਨੇਡਾ ਦੀ ਉਦਯੋਗਿਕ ਸ਼ਕਤੀ ਦੀ ਪ੍ਰਦਰਸ਼ਨੀ। ਇਸਦੀ ਉਸਾਰੀ ਫਰਵਰੀ 1973 ’ਚ ਸ਼ੁਰੂ ਹੋਈ ਤੇ ਜੂਨ 1976 ’ਚ ਲੋਕਾਂ ਵਾਸਤੇ ਖੋਲ੍ਹਿਆ ਗਿਆ।

15 ਫੁੱਟ ਡੂੰਘੀਆਂ ਮਜ਼ਬੂਤ ਨੀਹਾਂ ਤੇ ਉਸਰੇ ਇਸ ਟਾਵਰ ਦੀ ਉਚਾਈ 1815 ਫੁੱਟ ਹੈ। 1465 ਫੁੱਟ ਇਮਾਰਤ ਕੰਕਰੀਟ ਦੀ ਬਣੀ ਹੋਈ ਹੈ ਤੇ ਉਸ ਉੱਪਰ 335 ਫੁੱਟ ਉੱਚਾ ਐਨਟੇਨਾ ਧਾਤ ਦਾ ਬਣਿਆ ਹੋਇਆ ਹੈ। ਐਨਟੇਨਾ ਕਈ ਹਿੱਸਿਆਂ ਵਿਚ ਪਹਿਲਾਂ ਜ਼ਮੀਨ ’ਤੇ ਤਿਆਰ ਕੀਤਾ ਗਿਆ ਸੀ ਤੇ ਫਿਰ ਹੈਲੀਕਾਪਟਰ ਰਾਹੀਂ ਤਰਤੀਬਵਾਰ ਸਾਰੇ ਹਿੱਸੇ ਕੰਕਰੀਟ ਬਿਲਡਿੰਗ ’ਤੇ ਟਿਕਾਏ ਗਏ ਸਨ। ਉਦੋਂ ਇਹ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਸੀ।

ਟਾਵਰ ’ਤੇ ਚੜ੍ਹਨ ਲਈ ਐਲੀਵੇਟਰ ਹਨ। ਉੱਪਰਲੀਆਂ ਤਿੰਨ ਮੰਜ਼ਲਾਂ ਅਸੀਂ ਪੌੜੀਆਂ ਰਾਹੀਂ ਚੜ੍ਹੇ। ਸਿਖਰ ਤੋਂ ਸਾਰਾ ਟਰਾਂਟੋ ਤੇ ਆਸੇ–ਪਾਸੇ ਦੇ ਸਾਰੇ ਸ਼ਹਿਰ ਦਿਸ ਰਹੇ ਸਨ। ਬਹੁਤ ਜ਼ਿਆਦਾ ਉਚਾਈ ਅਤੇ ਉਨਟਾਰੀਓ ਲੇਕ ਦੀ ਨੇੜਤਾ ਕਾਰਨ ਹਵਾ ਵਿਚ ਠੰਡਕ ਸੀ। ਅਸੀਂ, ਦੂਰ–ਦੂਰ ਤੱਕ ਨਜ਼ਰ ਆਉਂਦੇ ਘਰਾਂ, ਬਿਲਡਿੰਗਾਂ ਤੇ ਸੜਕਾਂ ਦੇ ਨਿਕਚੂ ਆਕਾਰ ਦੇਖਦੇ ਰਹੇ। ਸਾਰੇ ਪਾਸਿਆਂ ਦੇ ਬਾਹਰਲੇ ਦ੍ਰਿਸ਼ ਦੇਖਣ ਬਾਅਦ ਟਾਵਰ ਅੰਦਰਲੀ ਬਣਤਰ ਦੇਖੀ ਤੇ ਫਿਰ ਇਕ ਬੈਂਚ ’ਤੇ ਬੈਠ ਗਏ। ਮੇਰੀ ਨਿਗ੍ਹਾ ਲੋਕਾਂ ਵੱਲ ਚਲੀ ਗਈ। ਉਨ੍ਹਾਂ ਦੇ ਰੰਗਾਂ–ਨਸਲਾਂ ਵਿਚ ਭਿੰਨਤਾ ਸੀ, ਪਰ ਵਿਹਾਰ ਵਿਚ ਸਹਿਣਸ਼ੀਲਤਾ ਹੋਣ ਕਰਕੇ ਇਕ ਇਕਾਈ ਵਾਂਗ ਨਜ਼ਰ ਆ ਰਹੇ ਸਨ। ਬੈਂਚਾਂ ’ਤੇ ਬੈਠੇ, ਤੁਰਦੇ, ਫਿਰਦੇ ਅਤੇ ਬਾਹਰ ਦੇ ਦ੍ਰਿਸ਼ ਮਾਣਦੇ ਲੋਕ ਦੂਜਿਆਂ ਨੂੰ ਵੀ ਸਪੇਸ ਦੇ ਰਹੇ ਸਨ। ਲੋਕਾਂ ਦੀ ਭਿੰਨਤਾ ਵੱਲ ਇਸ਼ਾਰਾ ਕਰਦਿਆਂ ਮੈਂ ਪਤਨੀ ਤੇ ਬੱਚਿਆਂ ਨੂੰ ਆਖਿਆ ਸੀ, “ਇਹ ਹੈ ਕਨੇਡਾ ਦੇ ਬਹੁਸਭਿਆਚਾਰਵਾਦ ਦੀ ਮਿੰਨੀ ਤਸਵੀਰ।”

ਫਿਰ ਇਕ ਵੀਕ ਐਂਡ ’ਤੇ ਮੈਂ ਪਰਿਵਾਰ ਨੂੰ ਵੰਡਰਲੈਂਡ ਲੈ ਗਿਆ। 250 ਏਕੜ ’ਚ ਫੈਲੇ ਵੰਡਰਲੈਂਡ ਵਿਚ 50 ਮੀਟਰ ਤੋਂ ਵੱਧ ਉੱਚੀਆਂ, ਉੱਪਰ–ਹੇਠਾਂ, ਲੰਮੇ–ਦਾਅ ਅਤੇ ਗੁਲਾਈ ’ਚ ਗੇੜੇ ਖਾਂਦੀਆਂ ਛੋਟੀਆਂ–ਵੱਡੀਆਂ ਅਨੇਕ ਰਾਈਡਾਂ ਹਨ। ਰਾਈਡਾਂ ਤੋਂ ਸਿਵਾ ਪਾਣੀ ਦੀਆਂ ਖੇਡਾਂ ਅਤੇ ਘਾਹ ਦੇ ਹਰੇ–ਭਰੇ ਲਾਅਨ ਵੀ ਹਨ। ਮੈਂ ਤੇ ਕੁਲਵੰਤ ਨੇ ਤਾਂ ਸਾਧਾਰਣ ਜਿਹੀਆਂ ਰਾਈਡਾਂ ’ਤੇ ਹੀ ਝੂਟੇ ਲਏ ਪਰ ਹਰਪ੍ਰੀਤ–ਅਮਰਪ੍ਰੀਤ ਨੇ ਹੇਠੋਂ–ਉੱਪਰ, ਉੱਪਰੋਂ-ਹੇਠਾਂ ਘੁੰਮਦੀਆਂ ਤੇ ਵਲ਼–ਵਲੇਵੇਂ ਖਾਂਦੀਆਂ ਤੇਜ਼ ਰਫਤਾਰ ਰਾਈਡਾਂ ਦੀਆਂ ਥੱਰਿਲਾਂ ਵੀ ਮਾਣੀਆਂ।

ਅਗਲੇ ਪ੍ਰੋਗਰਾਮ ਵਿਚ ਅਸੀਂ ਰਿਸ਼ਤੇਦਾਰਾਂ ਨਾਲ਼ ਰਲ਼ ਕੇ ਨਿਆਗਰਾ ਫਾਲਜ਼ ’ਤੇ ਪਿਕਨਿਕ ਮਨਾਈ।

ਸਤੰਬਰ ਵਿਚ ਸਕੂਲਾਂ–ਕਾਲਜਾਂ ਦੇ ਸੈਸ਼ਨ ਸ਼ੁਰੂ ਹੋ ਗਏ। ਹਰਪ੍ਰੀਤ ਇੰਡੀਆ ਤੋਂ ਐਮ. ਏ ਭਾਗ ਪਹਿਲਾ ਕਰਕੇ ਆਇਆ ਸੀ ਤੇ ਅਮਰਪ੍ਰੀਤ ਬੀ. ਏ ਭਾਗ ਪਹਿਲਾ। ਦੋਨਾਂ ਨੇ ਸਕੂਲ–ਕਾਲਜ ਦੀ ਪੜ੍ਹਾਈ ਅੰਗ੍ਰੇਜ਼ੀ ਮੀਡੀਅਮ ’ਚ ਕੀਤੀ ਹੋਈ ਸੀ ਜਿਸ ਕਰਕੇ ਉਨ੍ਹਾਂ ਦਾ ਅੰਗ੍ਰੇਜ਼ੀ ਦਾ ਪੱਧਰ ਬਿਹਤਰ ਸੀ। ਕਨੇਡਾ ਦੀ ਸਿੱਖਿਆ ਪ੍ਰਣਾਲੀ ਅਨੁਸਾਰ ਅਮਰਪ੍ਰੀਤ ਨੂੰ ਬਾਰਵੇਂ ਗਰੇਡ ’ਚ ਦਾਖਲਾ ਮਿਲ ਗਿਆ ਤੇ ਹਰਪ੍ਰੀਤ ਨੇ ਐਮ. ਏ ਦਾ ਖਿਆਲ ਛੱਡ ਕੇ ਕੰਪਿਊਟਰ ਪ੍ਰੋਗਰੈਮਿੰਗ ਦੇ ਡਿਪਲੋਮੇ ਦੀ ਪੜ੍ਹਾਈ ਸ਼ੁਰੂ ਕਰ ਲਈ। ਦੋਵੇਂ ਪੜ੍ਹਾਈ ਦੇ ਨਾਲ਼–ਨਾਲ਼ ਪਾਰਟ–ਟਾਈਮ ਜੌਬਾਂ ਕਰਨੀਆਂ ਚਾਹੁੰਦੇ ਸਨ ਪਰ ਕਨੇਡਾ ’ਚ ਸ਼ੁਰੂ ਹੋਏ ਆਰਥਿਕ ਮੰਦਵਾੜੇ ਕਾਰਨ ਜੌਬਾਂ ਦਾ ਮੰਦ ਪਿਆ ਹੋਇਆ ਸੀ।

ਮੇਰੇ ਭੈਣ–ਭਣੋਈਆ ਗੁਰਦੀਸ਼ ਕੌਰ ਤੇ ਫੂਲਾ ਸਿੰਘ ਆਪਣੀਆਂ ਦੋ ਧੀਆਂ ਜਸਵਿੰਦਰ ਤੇ ਰਾਜਵਿੰਦਰ ਸਮੇਤ ਕਨੇਡਾ ਆ ਗਏ। ਜਸਪਾਲ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਹੋਇਆ ਸੀ। ਮਾਂ–ਜਾਈ ਭੈਣ ਤੇ ਉਸਦੇ ਪਰਿਵਾਰ ਦੀ ਆਮਦ ਸਾਡੇ ਲਈ ਸੁਖਾਵੀਂ ਘਟਨਾ ਸੀ।

ਬੇਟੇ ਅਮਰਪ੍ਰੀਤ ਨੂੰ ਬਾਰਾਂ ਗਰੇਡ ਤੋਂ ਬਾਅਦ ਪੜ੍ਹਾਉਣਾ ਮੁਸ਼ਕਲ ਹੋ ਗਿਆ। ਆਰਥਿਕ ਮੰਦਵਾੜੇ ਕਾਰਨ ਜੌਬਾਂ ਦਾ ਹਾਲ ਡਾਢਾ ਮਾੜਾ ਸੀ। ਕੁਲਵੰਤ ਨੂੰ ਪਾਰਟ–ਟਾਈਮ ਜੌਬ ਮਿਲੀ ਸੀ ਪਰ ਕੁਝ ਮਹੀਨਿਆਂ ਬਾਅਦ ਖਤਮ ਹੋ ਗਈ। ਖੈਰ ਘਰ ਦਾ ਗੁਜ਼ਾਰਾ ਠੀਕ ਚੱਲ ਰਿਹਾ ਸੀ। ਮੈਂ ਪੈਸੇ ਜੋੜੇ ਹੋਏ ਸਨ। ਹਰਪ੍ਰੀਤ ਦੀ ਵਿਆਹ ਦੀ ਉਮਰ ਹੋ ਗਈ ਸੀ। ਵਿਆਹ ਇੰਡੀਆ ’ਚ ਕਰਨਾ ਚਾਹੁੰਦੇ ਸਾਂ। ਹਵਾਈ ਟਿਕਟਾਂ ਤੇ ਵਿਆਹ–ਕਾਰਜਾਂ ਵਾਸਤੇ ਚੋਖੀ ਰਕਮ ਚਾਹੀਦੀ ਸੀ। ਹਾਲਾਤ ਨੂੰ ਸਮਝਦਿਆਂ ਅਮਰਪ੍ਰੀਤ ਜੌਬ ਲੱਭਣ ਲੱਗ ਪਿਆ। ਟਰਾਂਟੋ ਏਅਰਪੋਰਟ ’ਤੇ ਕਮਿਸ਼ਨੇਅਰਜ਼ ਤੋਂ ਇਲਾਵਾ ‘ਗਰੁੱਪ-4’ ਨਾਂ ਦੀ ਸਕਿਉਰਟੀ ਕੰਪਨੀ ਵੀ ਸੀ। ਉਸ ਵਿਚ ਕੁਝ ਖਾਲੀ ਥਾਵਾਂ ਬਾਰੇ ਪਤਾ ਲੱਗਣ ਤੇ ਅਮਰਪ੍ਰੀਤ ਨੇ ਰੈਜ਼ਮੇ ਭੇਜ ਦਿੱਤਾ। ਟੈਸਟ ਪਾਸ ਕਰਨ ’ਤੇ ਉਸਨੂੰ ਮੁਸਾਫਰਾਂ ਦੀ ਸਕਰੀਨਿੰਗ ਕਰਨ ਦੀ ਜੌਬ ਮਿਲ਼ ਗਈ।

ਇੰਡੀਆ ਫੇਰੀ

ਨਵੰਬਰ 1995 ’ਚ ਅਸੀਂ ਹਰਪ੍ਰੀਤ ਦਾ ਵਿਆਹ ਕਰਨ ਲਈ ਇੰਡੀਆ ਚਲੇ ਗਏ। ਮੇਰੇ ’ਤੇ ਕਨੇਡਾ ਦਾ ਪ੍ਰਭਾਵ ਸੀ। ਏਥੋਂ ਦੇ ਸਾਫ-ਸੁਥਰੇ ਵਾਤਾਵਰਣ ਦੇ ਮੁਕਾਬਲੇ ਇੰਡੀਆ ਦਾ ਵਾਤਾਵਰਣ ਬਹੁਤ ਗੰਧਲ਼ਾ ਜਿਹਾ ਲੱਗਾ। ਦਿੱਲੀ ਏਅਰਪੋਰਟ ਤੋਂ ਬਾਹਰ ਆ ਕੇ ਜਦੋਂ ਕੰਨਾਂ ਵਿਚ ਕਾਰਾਂ–ਟਰੱਕਾਂ ਦੇ ਹੌਰਨ ਪਏ ਤਾਂ ਇੰਜ ਲੱਗਾ ਜਿਵੇਂ ਵਾਤਾਵਰਣ ਵਿਚ ਅਚਾਨਕ ਹੀ ਖਲਲ ਮਚ ਗਿਆ ਹੋਵੇ। ਕਨੇਡਾ ’ਚ ਲੋਕ ਵਾਹਨਾਂ ਨਿਯਮਾਂ ਨਾਲ਼ ਚਲਾਉਂਦੇ ਹਨ। ਪਰ ਇੰਡੀਆ ’ਚ ਨਿਯਮ ਨਾਂ ਦੀ ਕੋਈ ਚੀਜ਼ ਨਹੀਂ ਸੀ।

ਘਰ ਪਹੁੰਚਣ ’ਤੇ ਮੋਹ ਭਰੇ ਸਵਾਗਤ ਨੇ ਲੰਮੇ ਸਫਰ ਦੀ ਥਕਾਵਟ ਦਾ ਚੇਤਾ ਹੀ ਭੁਲਾ ਦਿੱਤਾ। ਬੀਬੀ ਨੇ ਛਾਤੀ ਨਾਲ਼ ਲਾਉਂਦਿਆਂ ਆਖਿਆ ਸੀ, “ਮਾਂ ਸਦਕੇ ਮੇਰਾ ਪੁੱਤ 7 ਸਾਲ ਬਾਅਦ ਪਰਦੇਸੋਂ ਆਇਐ। ਜੁੱਗ- ਜੁੱਗ ਜੀਵੇ ਮੇਰਾ ਲਾਲ।” ਉਸਨੇ ਕੁਲਵੰਤ ਤੇ ਬੱਚਿਆਂ ਨੂੰ ਵੀ ਛਾਤੀ ਨਾਲ਼ ਲਾ ਕੇ ਅਸੀਸਾਂ ਦਿੱਤੀਆਂ। ਪਰਿਵਾਰ ਦੇ ਸਾਰੇ ਜੀਆਂ ਦੇ ਚਿਹਰਿਆਂ ’ਤੇ ਪ੍ਰਸੰਨਤਾ ਝਲਕ ਰਹੀ ਸੀ। ਭੈਣ, ਭਰਾਵਾਂ ਤੇ ਭਰਜਾਈਆਂ ਨੂੰ ਗਲਵੱਕੜੀਆਂ ਪਾਉਂਦਿਆਂ ਅਤੇ ਉਨ੍ਹਾਂ ਦੇ ਨਿਆਣਿਆਂ ਨੂੰ ਬਾਹਾਂ ’ਚ ਭਰਦਿਆਂ ਮੈਨੂੰ ਇੰਜ ਲੱਗਾ ਸੀ ਜਿਵੇਂ ਘਰ ਵਿਚ ਪਿਆਰ ਤੇ ਖੁਸ਼ੀ ਦਾ ਹੜ੍ਹ ਆ ਗਿਆ ਹੋਵੇ।

ਪਿੰਡ ਵਾਲ਼ਾ ਘਰ ਚੰਗੀ ਹਾਲਤ ’ਚ ਸੀ ਪਰ ਭਰਾਵਾਂ ਨੇ ਖੇਤਾਂ ਵਿਚ ਨਵਾਂ ਘਰ ਬਣਾ ਲਿਆ ਸੀ। ਪਹਿਲਾਂ ਵਾਂਗ ਦੋਨਾਂ ਦੇ ਪਰਿਵਾਰ ਇੱਕੋ ਘਰ ’ਚ ਸਨ। ਦੋਨਾਂ ਭਰਾਵਾਂ ਦੀਆਂ ਧੀਆਂ ਰਸ਼ਪਾਲ ਤੇ ਕੁਲਬੀਰ ਦੇ ਵਿਆਹ ਹੋ ਚੁੱਕੇ ਸਨ। ਦਲਜੀਤ ਸਿੰਘ ਦਾ ਪੁੱਤਰ ਗੁਰਦੇਵ ਤੇ ਸੁਹੇਲ ਸਿੰਘ ਦਾ ਵੱਡਾ ਪੁੱਤਰ ਹਰਜੀਤ ਖੇਤੀ ਦੇ ਕੰਮ ’ਚ ਪੈ ਗਏ ਸਨ। ਹਰਜੀਤ ਤੋਂ ਛੋਟਾ ਮਨਜੀਤ ਕਾਲਜ ’ਚ ਪੜ੍ਹਦਾ ਸੀ। ਭੈਣ ਬਖਸ਼ੀਸ਼ ਕੌਰ ਨੂੰ ਅਸੀਂ ਨਵੇਂ ਘਰ ਦੇ ਨਾਲ਼ ਥਾਂ ਦਿੱਤਾ ਹੋਇਆ ਸੀ। ਉਹ ਉੱਥੇ ਘਰ ਬਣਾ ਰਹੇ ਸਨ। ਉਸਦਾ ਵੱਡਾ ਪੁੱਤਰ ਤੀਰਥ ਆਪਣੇ ਭਾਪੇ ਜੋਗਿੰਦਰ ਸਿੰਘ ਨਾਲ਼ ਖੇਤੀ ਕਰਵਾਉਂਦਾ ਸੀ ਤੇ ਛੋਟੇ ਤਜਿੰਦਰ ਨੇ ਟੈਕਸੀ ਪਾਈ ਹੋਈ ਸੀ। ਭੈਣ ਤੇ ਭਰਾਵਾਂ ਦੇ ਨਿਆਣਿਆਂ ਦਾ ਆਪਸ ਵਿਚ ਮੋਹ-ਤੇਹ ਬਣਿਆਂ ਹੋਇਆ ਸੀ। ਮੇਰੇ ਬੱਚੇ ਵੀ ਕਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਵਿਚ ਘੁਲ਼ੇ-ਮਿਲ਼ੇ ਹੋਏ ਸਨ। ਹੁਣ ਸਾਰੇ ਨਿਆਣਿਆਂ ਨੂੰ ਇਕੱਠੇ ਖਾਂਦਿਆਂ–ਪੀਂਦਿਆਂ ਤੇ ਗੱਲਾਂ–ਬਾਤਾਂ ਕਰਦਿਆਂ ਦੇਖ ਕੇ ਚੰਗਾ ਲੱਗਾ ਸੀ।

ਘਰ ਖੇਤਾਂ ਵਿਚ ਹੋਣ ਕਾਰਨ ਪਿੰਡ ਤੋਂ ਥੋੜ੍ਹਾ ਦੂਰ ਹੋ ਗਏ ਸਾਂ। ਮੈਂ ਦੋ ਕੁ ਵਾਰ ਪਿੰਡ ਵਾਲ਼ਿਆਂ ਨੂੰ ਉਚੇਚੇ ਤੌਰ ’ਤੇ ਮਿਲਣ ਗਿਆ। ਪਿੰਡ ਦੀ ਵਸੋਂ ਵਿਚ ਤਾਂ ਪਹਿਲਾਂ ਹੀ ਖੋਲ਼ੇ ਪੈ ਗਏ ਸਨ, ਹੁਣ ਲੋਕਾਂ ਦੇ ਦਿਲ ਵੀ ਖੋਲ਼ਿਆਂ ਵਰਗੇ ਹੋ ਗਏ ਸਨ… ਭਾਈਚਾਰਕ ਸਾਂਝ ਤੋਂ ਸੱਖਣੇ ਦਿਲ।

ਹਰਪ੍ਰੀਤ ਨੂੰ ਰਿਸ਼ਤਾ ਕਰਨ ਲਈ ਕਈ ਲੋਕ ਪੁੱਛ–ਗਿੱਛ ਕਰ ਰਹੇ ਸਨ। ਦਹੇਜ ਵਿਚ ਕਾਰ ਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਸੁਣਾ ਰਹੇ ਸਨ। ਪਰ ਸਾਨੂੰ ਇਹੋ ਜਿਹਾ ਕੋਈ ਲਾਲਚ ਨਹੀਂ ਸੀ। 12 ਕਿੱਲੋਮੀਟਰ ਦੀ ਦੂਰੀ ’ਤੇ ਪਿੰਡ ਖਨੌੜਾ ਦੇ ਰਘਬੀਰ ਸਿੰਘ ਦੀ ਲੜਕੀ ਰਿਕਬਾਲ ਨਾਲ਼ ਰਿਸ਼ਤੇ ਦੀ ਗੱਲ ਪੱਕੀ ਹੋ ਗਈ। 15 ਦਸੰਬਰ ਦਾ ਵਿਆਹ ਮੁਕੱਰਰ ਹੋ ਗਿਆ।

ਅਸੀਂ ਸ਼ਾਪਿੰਗ ’ਚ ਰੁਝ ਗਏ। ਹਰ ਕੰਮ ਬੀਬੀ ਤੇ ਭਰਾਵਾਂ ਦੀ ਸਲਾਹ ਨਾਲ਼ ਕੀਤਾ। ਕਪੜਾ–ਲੀੜਾ, ਗਹਿਣਾ–ਗੱਟਾ ਜੋ ਕੁਝ ਵੀ ਅਸੀਂ ਖਰੀਦਦੇ, ਆਦਰ–ਮਾਣ ਵਜੋਂ, ਕੁਲਵੰਤ ਹਰ ਚੀਜ਼ ਬੀਬੀ ਨੂੰ ਦਿਖਾਉਂਦੀ। ਬੀਬੀ ਖੁਸ਼ ਹੋ ਜਾਂਦੀ।

ਰਘਬੀਰ ਸਿੰਘ ਨੇ ਆਪਣੇ ਖੇਤਾਂ ਵਿਚ ਕਨਾਤਾਂ ਲੁਆ ਕੇ ਅਨੰਦ ਕਾਰਜ ਅਤੇ ਰੋਟੀ–ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਅਸੀਂ ਜਨੇਤ ਵਾਸਤੇ ਮੀਟ–ਸ਼ਰਾਬ ਦੀ ਮਨਾਹੀ ਕੀਤੀ ਹੋਈ ਸੀ। ਵਿਆਹ ਦਾ ਕਾਰਜ ਵਧੀਆ ਰਿਹਾ।

ਅਮਰਪ੍ਰੀਤ ਦੀ ਛੁੱਟੀ ਥੋੜ੍ਹੀ ਸੀ। ਉਹ ਵਿਆਹ ਤੋਂ ਬਾਅਦ ਛੇਤੀ ਮੁੜ ਆਇਆ। ਮੇਰੀ ਛੁੱਟੀ ਦੋ ਮਹੀਨੇ ਦੀ ਸੀ। ਕੁਝ ਸਾਹਿਤਕਾਰਾਂ ਨੂੰ ਮਿਲਣਾ ਚਾਹੁੰਦਾ ਸਾਂ ਪਰ ਰਿਸ਼ਤੇਦਾਰਾਂ ਨਾਲ਼ ਮੇਲਾ–ਗੇਲਾ ਕਰਦਿਆਂ ਹੀ ਦਿਨ ਬੀਤ ਗਏ।

ਹਰਪ੍ਰੀਤ ਡਿਪਲੋਮਾ ਕੋਰਸ ਮੁਕਾ ਕੇ ਵਿਆਹ ਕਰਵਾਉਣ ਗਿਆ ਸੀ। ਵਾਪਸ ਆ ਕੇ ਉਸਨੇ ਜੌਬ ਲਈ ਯਤਨ ਕੀਤੇ। ਪਰ ਕੰਪਨੀਆਂ ਵਾਲ਼ੇ ਤਜਰਬਾ ਮੰਗ ਰਹੇ ਸਨ। ਹਰਪ੍ਰੀਤ ਦਾ ਜਵਾਬ ਸੀ ਕਿ ਤਜਰਬਾ ਤਾਂ ਜੌਬ ਨਾਲ਼ ਹੀ ਬਣੇਗਾ, ਜੌਬ ਦਿਓ। ਦਰਅਸਲ ਸਮੱਸਿਆ ਆਰਥਿਕ ਮੰਦਵਾੜੇ ਦੀ ਸੀ। ਕੰਪਨੀਆਂ ਨੂੰ ਲੋੜ ਪੈਣ ’ਤੇ ਬੇਰੁਜ਼ਗਾਰ ਹੋਏ ਤਜਰਬੇਕਾਰ ਕੰਪਿਊਟਰ ਪ੍ਰੋਗਰਾਮਰ ਮਿਲ ਰਹੇ ਸਨ।

ਹਰਪ੍ਰੀਤ ਤੇ ਅਮਰਪ੍ਰੀਤ ਹਿੰਮਤੀ ਹਨ। ਬੇਕਾਰ ਬੈਠਣ ਦੀ ਬਜਾਇ ਹਰਪ੍ਰੀਤ ਨੇ ਟਰੱਕ ਡਰਾਈਵਰ ਦੀ ਜੌਬ ਕਰ ਲਈ। ਢਾਈ ਕੁ ਸਾਲ ਬਾਅਦ ਇਕ ਟਰੱਕਿੰਗ ਕੰਪਨੀ ’ਚ ਡਿਸਪੈਚਰ ਬਣ ਗਿਆ ਮੇਰੇ ਇੰਡੀਆਂ ਤੋਂ ਪਰਤਣ ਦੇ ਡੇਢ ਮਹੀਨੇ ਬਾਅਦ ਫਰੈੱਡ ਕਰਨੇਗੀ ਨੇ ਰਿਟਾਇਰਮੈਂਟ ਲੈ ਲਈ। ਉਹ ਅਜੇ 65 ਸਾਲ ਦਾ ਤਾਂ ਨਹੀਂ ਸੀ ਹੋਇਆ ਪਰ ਗੋਡੇ ਦੀ ਖਰਾਬੀ ਕਾਰਨ ਤੁਰਨਾ–ਫਿਰਨਾ ਕੁਝ ਮੁਸ਼ਕਲ ਹੋ ਗਿਆ ਸੀ। ਕੋਰ ਹੈੱਡਕੁਆਟਰ ਦੇ ਆਰਡਰਾਂ ਅਨੁਸਾਰ ਉਸਦੀ ਥਾਂ ’ਤੇ ਮਾਸਟਰ ਵਾਰੰਟ ਅਫਸਰ ਸ਼ੈਰੀ ਮਾਈਲਜ਼ ਆ ਗਈ। 40 ਕੁ ਸਾਲ ਦੀ, ਗੁੰਦਵੇਂ ਸਰੀਰ ਵਾਲ਼ੀ ਸ਼ੈਰੀ ਸਮਾਰਟ ਔਰਤ ਸੀ। ਉਸ ਵਿਚ ਟੌਪ ਬਰਾਂਡ ਦੀਆਂ ਪੁਸ਼ਾਕਾਂ ਤੇ ਹੋਰ ਚੀਜ਼ਾਂ ਖਰੀਦਣ ਦੀ ਕਰੇਜ਼ ਸੀ। ਫੌਜ ਦੀ ਸਰਵਿਸ ਦੌਰਾਨ ਉਸਨੇ ਇਕ ਫੌਜੀ ਨਾਲ਼ ਵਿਆਹ ਕਰਵਾਇਆ ਸੀ। ਪਰ ਕੁਝ ਕੁ ਸਾਲਾਂ ਬਾਅਦ ਹੀ ਤਲਾਕ ਹੋ ਗਿਆ। ਹੁਣ ਉਹ ‘ਕਾਮਨ ਲਾਅ ਮੈਰਿਜ’ ਅਨੁਸਾਰ ਸ਼ੌਨ ਇਰਵਿੰਗ ਨਾਲ਼ ਰਹਿੰਦੀ ਸੀ। ‘ਕਾਮਨ ਲਾਅ ਮੈਰਿਜ’ ਸਰਕਾਰੀ ਕਾਗਜ਼ਾਂ ਵਿਚ ਰਜਿਸਟਰਡ ਨਹੀਂ ਹੁੰਦੀ। ਇਸਦੀ ਕੋਈ ਧਾਰਮਿਕ ਰਸਮ ਵੀ ਨਹੀਂ ਕੀਤੀ ਜਾਂਦੀ।

ਸ਼ੈਰੀ ਦੀ ਕੋਈ ਔਲਾਦ ਨਹੀਂ ਸੀ। ਉਹ ਕਹਿੰਦੀ ਹੁੰਦੀ ਸੀ ਕਿ ਉਸ ਵਿਚ ਬੱਚੇ ਜੰਮਣ ਤੇ ਪਾਲਣ ਲਈ ਲੋੜੀਂਦਾ ਧੀਰਜ ਨਹੀਂ ਹੈ। ਉਸਦਾ ਸਾਥੀ ਸ਼ੌਨ ਮਜ਼ਾਕੀਆ ਸੁਭਾਅ ਵਾਲ਼ਾ ਹਾਜ਼ਰ–ਜਵਾਬ ਬੰਦਾ ਸੀ। ਆਰਥਿਕ ਮੰਦਵਾੜੇ ਕਾਰਨ ਉਸਦੀ ਜੌਬ ਖੁਸ ਗਈ ਸੀ। ਵਿਹਲਾ ਸੀ। ਕਦੀ–ਕਦੀ ਸਾਡੇ ਦਫਤਰ ਆ ਜਾਂਦਾ। ਉਹ ਟਿਕਾ–ਟਿਕਾ ਕੇ ਗੱਲ ਕਰਦਾ ਸੀ ਜਿਸ ਕਰਕੇ ਉਸਦੀ ਅੰਗ੍ਰੇਜ਼ੀ ਬਹੁਤ ਸਪੱਸ਼ਟ ਸੀ। ਉਹ ਦੋਵੇਂ ਭਾਰਤੀ ਖਾਣਿਆਂ ਦੇ ਸ਼ੋਕੀਨ ਸਨ। ਮੈਂ ਉਨ੍ਹਾਂ ਨੂੰ ਆਪਣੇ ਘਰ ਸੱਦ ਕੇ ਪੰਜਾਬੀ ਸਟਾਈਲ ਡਿਨਰ ਕਰਵਾਇਆ। ਖਾਣੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕੁਲਵੰਤ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।

ਸ਼ੈਰੀ ਨੂੰ ਕਦੀ–ਕਦੀ ਇੰਸਟਰਕਟਰ ਦੀ ਜੌਬ ਵੀ ਕਰਨੀ ਪੈਂਦੀ ਸੀ। ਮੁੱਖ ਇੰਸਟਰਕਟਰ ਕੈਪਟਨ ਗਰਿਫਥ ਨੂੰ ਜਦੋਂ ਲੋੜ ਹੁੰਦੀ ਉਹ ਉਸਨੂੰ ਸੱਦ ਲੈਂਦਾ। ਅਜਿਹੇ ਮੌਕਿਆ ’ਤੇ ਡਿਟੈਚਮੈਂਟ ਨੂੰ ਠੀਕ ਤਰ੍ਹਾਂ ਚਲਾਈ ਰੱਖਣ ਦੀ ਮੇਰੀ ਯੋਗਤਾ ਤੋਂ ਸ਼ੈਰੀ ਵੀ ਖੁਸ਼ ਸੀ ਤੇ ਕੋਰ ਹੈਡਕੁਆਟਰ ਵੀ।

ਇਕ ਵੇਰਾਂ ਕੈਲਗਰੀ ’ਚ ‘ਐਡਵਾਂਸਡ ਟ੍ਰੇਨਿੰਗ ਕੋਰਸ’ ਸੀ। ਗ੍ਰਿਫਥ ਤੇ ਸ਼ੈਰੀ ਦੋਨੋਂ ਗਏ। ਓਥੋਂ ਪਰਤ ਕੇ ਸ਼ੈਰੀ ਨੇ ਮੈਨੂੰ ਜੋ ਤਸਵੀਰਾਂ ਦਿਖਾਈਆਂ ਉਨ੍ਹਾਂ ਵਿਚ ਉਹ ਤੇ ਗਰਿਫਥ ਸਵਿਮਿੰਗ ਪੂਲ ’ਤੇ ਸਨ। ਸ਼ੈਰੀ ਬਿਕਨੀ ’ਚ ਸੀ। ਕੁਝ ਤਸਵੀਰਾਂ ਗਰਿਫਥ ਨਾਲ਼ ਤੇ ਕੁਝ ਉਸਦੀਆਂ ਇਕੱਲੀ ਦੀਆਂ। ਸ਼ੈਰੀ ਲਈ ਉਹ ਤਸਵੀਰਾਂ ਆਮ ਜਿਹੀਆਂ ਸਨ ਪਰ ਮੇਰੇ ਲਈ ਵਿਸ਼ੇਸ਼। ਸ਼ੈਰੀ ਦੇ ਗੋਰੇ–ਗੁਲਾਬੀ ਗੁੰਦਵੇਂ ਜਿਸਮ ਦੀ ਖੂਬਸੂਰਤੀ ਡੁੱਲ੍ਹ–ਡੁੱਲ੍ਹ ਪੈ ਰਹੀ ਸੀ। ਮੇਰਾ ਦਿਲ ਕਰਦਾ ਸੀ ਕਿ ਉਸਦੇ ਹੁਸਨ ਦੀ ਪ੍ਰਸ਼ੰਸਾ ਕਰਾਂ ਪਰ ਝਿਜਕ ਗਿਆ। ਸਿਰਫ “ਨਾਈਸ ਪਿਕਚਰਜ਼” ਹੀ ਆਖ ਸਕਿਆ। ਪਰ ਬਾਅਦ ਵਿਚ ਪਛਤਾਵਾ ਲੱਗ ਗਿਆ ਕਿ ਮੈਨੂੰ ਝਿਜਕਣਾ ਨਹੀਂ ਸੀ ਚਾਹੀਦਾ। ਮੇਰੀ ਪ੍ਰਸ਼ੰਸਾ ਸੁਣ ਕੇ ਸ਼ੈਰੀ ਨੇ ਖੁਸ਼ ਹੋਣਾ ਸੀ। ਉਹ ਪਛਤਾਵਾ ਸਿਰਫ ਸ਼ੈਰੀ ਨੂੰ ਖੁਸ਼ੀ ਨਾ ਦੇ ਸਕਣ ਦਾ ਹੀ ਨਹੀਂ, ਮੇਰਾ ਉਸ ਸੁਆਦ ਤੋਂ ਵਾਂਝਾ ਰਹਿ ਜਾਣ ਦਾ ਵੀ ਸੀ ਜੋ ਪ੍ਰਸ਼ੰਸਾ ਕਰਦਿਆਂ ਮੈਨੂੰ ਮਿਲਣਾ ਸੀ। ਮਰਦਾਂ ਦੀ ਫਿਤਰਤ ਹੈ ਇਹ, ਸਿਰਫ ਭਾਰਤੀ ਮਰਦਾਂ ਦੀ ਹੀ ਨਹੀਂ ਗੋਰੇ ਮਰਦਾਂ ਦੀ ਵੀ।

ਆਪਣੀ ਡਿਟੈਚਮੈਂਟ ਦੇ ਕਮਿਸ਼ਨੇਅਰਾਂ ਦੀਆਂ ਪੇਅ–ਰੋਲ ‘ਕੋਰ ਹੈੱਡਕੁਆਟਰ’ ਨੂੰ ਭੇਜਣ ਤੋਂ ਪਹਿਲਾਂ ਮਿਲਟਰੀ ਪੁਲਿਸ ਦੇ ਵਾਰੰਟ ਅਫਸਰ ਸਕਾਟ ਦੇ ਦਸਤਖਤ ਕਰਵਾਉਣੇ ਹੁੰਦੇ ਸਨ। ਇਕ ਦਿਨ ਜਦੋਂ ਮੈਂ ਉਸ ਕੋਲ਼ ਬੈਠਾ ਦਸਤਖਤ ਕਰਵਾ ਰਿਹਾ ਸਾਂ ਤਾਂ ਉਸਨੇ ਚਸਕਾ ਜਿਹਾ ਲੈਂਦਿਆਂ, ਵਰਦੀ ਵਿਚ ਸ਼ਬਾਬੀ ਨੁਹਾਰ ਭਰਦੀ ਸ਼ੈਰੀ ਦੀ ਛਾਤੀ ਦੀ, ਪ੍ਰਸ਼ੰਸਾ ਕੀਤੀ ਸੀ।

ਬੇਸ ਵਿਚ ਸਭ ਤੋਂ ਵੱਡੀ ਯੂਨਿਟ ਸਪਲਾਈ ਡਿੱਪੋ ਸੀ। ਡਿੱਪੋ ਵਿਚ ਮਿਲਟਰੀ, ਏਅਰਫੋਰਸ ਤੇ ਨੇਵੀ ਤਿੰਨਾਂ ਸੈਨਾਵਾਂ ਦੇ ਸੈਨਿਕ ਸਨ। ਤਿੰਨਾ ਸੈਨਾਵਾਂ ਵਿਚ ਕਾਫੀ ਔਰਤਾਂ ਵੀ ਸਨ।

ਡਿੱਪੋ ਨੂੰ ਸਾਮਾਨ ਲੈ ਕੇ ਆਉਂਦੇ ਟੱਰਕਾਂ ਦੀ ‘ਲਾਗ ਬੁੱਕ’ ਦੀ ਇਕ ਕਾਪੀ ਮੈਂ ਲੈਫਟੀਨੈਂਟ ਡੱਮਿਟਰੀ ਆਰਟਿਨੋ ਨੂੰ ਦੇਣ ਜਾਂਦਾ ਹੁੰਦਾ ਸੀ। ਉਹ ਗਰੀਕੀ ਮੂਲ ਦਾ ਕਨੇਡੀਅਨ ਸੀ। ਉਸਦੇ ਸੈਕਸ਼ਨ ਦੇ ਸੈਨਿਕ ਕਦੀ–ਕਦੀ ਭਾਰਤੀ ਰੈਸਟੋਰੈਂਟ ਤੋਂ ਸਮੋਸੇ ਲਿਆ ਕੇ ਖਾਂਦੇ ਸਨ। ਡੱਮਿਟਰੀ ਨੇ ਸਮੋਸਿਆਂ ਦੀ ਸਿਫਤ ਕਰਦਿਆਂ ਮੈਨੂੰ ਭਾਰਤੀ ਖਾਣਿਆਂ ਬਾਰੇ ਪੁੱਛਿਆ। ਉਹ ਸ਼ੈਰੀ ਦਾ ਪੁਰਾਣਾ ਜਾਣੂ ਸੀ। ਕਿਸੇ ਹੋਰ ਬੇਸ ਵਿਚ ਉਹ ਇੱਕੋ ਯੂਨਿਟ ’ਚ ਹੁੰਦੇ ਸਨ।

ਇਕ ਵੀਕ ਐਂਡ ’ਤੇ ਮੈਂ ਦੋਨਾਂ ਨੂੰ ਭਾਰਤੀ ਰੈਸਟੋਰੈਂਟ ’ਚ ਲੰਚ ਕਰਵਾਇਆ। ਦੋਵੇਂ ਬਹੁਤ ਖੁਸ਼ ਹੋਏ।

ਫਿਰ ਡਮਿਟਰੀ ਨੇ ਮੈਨੂੰ ਤੇ ਸ਼ੈਰੀ ਨੂੰ ਆਫਿਸਰਜ਼ ਮੈੱਸ ਵਿਚ ਡਿਨਰ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ। ਉਸ ਮੈੱਸ ਵਿਚ ਅਫਸਰੀ–ਅੰਦਾਜ਼ ਤਾਂ ਸੀ ਪਰ ਖਾਣਾ ਦੂਜੀਆਂ ਮੈੱਸਾਂ ਵਰਗਾ ਹੀ ਸੀ। ‘ਐਡਵਾਂਸਡ ਟਰੇਨਿੰਗ ਕੋਰਸ’ ਦੌਰਾਨ ਮੈਂ ਲੰਡਨ ਦੇ ‘ਕਨੇਡੀਅਨ ਫੋਰਸਜ਼ ਬੇਸ’ ਵਿਚ ਸੀਨੀਅਰ ਨਾਨ ਕਮਿਸ਼ੰਡ ਆਫਿਸਰਜ਼ ਤੇ ਹੇਠਲੇ ਰੈਂਕਾਂ ਦੀਆਂ ਮੈੱਸਾਂ ਵਿਚ ਖਾਣਾ ਖਾਧਾ ਹੋਇਆ ਸੀ। ਹੁਣ ਆਫਿਸਰਜ਼ ਮੈੱਸ ਦਾ ਖਾਣਾ ਵੀ ਮੈਨੂੰ ਉਨ੍ਹਾਂ ਮੈੱਸਾਂ ਵਰਗਾ ਹੀ ਲੱਗਾ ਸੀ।

ਬੇਸ ਵਿਚ ਮੈਂ ਦੇਖ ਰਿਹਾ ਸਾਂ ਕਿ ਕਨੇਡੀਅਨ ਫੌਜੀਆਂ ਵਿਚ ਭਾਰਤੀ ਫੌਜ ਵਾਲ਼ਾ ਬੇਲੋੜਾ ਡਸਿਪਲਿਨ ਨਹੀਂ ਸੀ। ਹੇਠਲੇ ਰੈਂਕਾਂ ਵਾਲ਼ੇ, ਅਫਸਰਾਂ ਨੂੰ ਦਿਨ ਵਿਚ, ਵਾਰ–ਵਾਰ ਨਹੀਂ, ਇਕ ਵਾਰ ਹੀ ਸੈਲਿਊਟ ਕਰਦੇ ਸਨ। ਜੂਨੀਅਰ ਆਪਣੇ ਸੀਨੀਅਰਾਂ ਨੂੰ ‘ਸਰ’ ਕਹਿ ਕੇ ਨਹੀਂ ਉਸਦਾ ਪਹਿਲਾ ਨਾਂ (ਜਿਵੇਂ ਜੌਹਨ, ਫਰੈੱਡ ਆਦਿ) ਲੈ ਕੇ ਗੱਲ ਕਰਦੇ ਸਨ।

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਕਹਾਣੀ ‘ਦੋ ਟਾਪੂ’

ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ ਪਈ। ਕਨੇਡਾ ’ਚ ਪਹਿਲੀ ਮੌਲਿਕ ਕਹਾਣੀ ‘ਦੋ ਟਾਪੂ’ ਲਿਖੀ। ਇਸਦੀ ਰਚਨਾ ਇੰਡੀਆ ਫੇਰੀ ਤੋਂ ਪਹਿਲਾਂ ਕਰ ਚੁੱਕਾ ਸਾਂ। ਇੰਜ ਸੁਝੀ ਸੀ ਮੈਨੂੰ ਇਹ ਕਹਾਣੀ… ਮੇਰੀ ਸੋਚ ਵਿਚ ਇਕ ਅਜਿਹੀ ਮੁਟਿਆਰ ਦਾ ਅਕਸ ਉੱਭਰਿਆ ਜੋ ਇੰਡੀਆ ਤੋਂ ਕਨੇਡਾ ਆ ਕੇ ਬਦਲਦੀ ਹੈ। ਬਦਲਾਵ ਦੇ ਕਾਰਨ ਹਨ ਆਰਥਿਕ ਤੇ ਵਿਅਕਤੀਗਤ ਸੁਤੰਤਰਤਾ। ਪਤੀ ਨਾਲ਼ ਅਣਬਣ ਤੇ ਫਿਰ ਤਲਾਕ ਤੋਂ ਬਾਅਦ ਵੀ ਉਹ ਮੁਟਿਆਰ ਮੈਨੂੰ ਛੱਬ ਨਾਲ਼ ਜ਼ਿੰਦਗੀ ਜਿਉਂਦੀ ਦਿਸਦੀ ਸੀ।

ਕੁਲਵੰਤ ਦੇ ਤਾਏ ਦੀ ਪੋਤੀ ਪਿੱਕੂ ਮੁਲਤਾਨੀ ਕਾਂਊਂਸਲਰ ਦੀ ਜੌਬ ਕਰਦੀ ਸੀ। ਮੈਂ ਉਸ ਵੱਲੋਂ ਡੀਲ ਕੀਤੇ ਕਿਸੇ ਤਲਾਕ ਦੇ ਕੇਸ ਬਾਰੇ ਪੁੱਛਿਆ। ਉਸਨੇ ਮੈਨੂੰ ਇਕ ਕੇਸ ਦੇ ਵੇਰਵੇ ਦੱਸੇ ਤੇ ਸੰਬੰਧਿਤ ਮੁਟਿਆਰ ਨਾਲ਼ ਮਿਲ਼ਾਇਆ। ਉਸਦੇ ਤਲਾਕ ਦੇ ਕਾਰਨ ਕੁਝ ਹੋਰ ਸਨ। ਪਰ ਮੈਂ ਕਾਰਨ ਬਣਾਉਣਾ ਸੀ ਰਿਸ਼ਤਿਆਂ ਨਾਲ਼ ਜੁੜੀ ਇੰਮੀਗਰੇਸ਼ਨ ਨੂੰ। ਇੰਮੀਗਰੇਸ਼ਨ ਦੀ ਲਾਲਸਾ ਰਿਸ਼ਤਿਆਂ ਨੂੰ ਪਿਛਾਂਹ ਹੀ ਨਹੀਂ ਸੁੱਟਦੀ, ਤੋੜਦੀ ਵੀ ਹੈ। ਉਸ ਤਲਾਕ–ਸ਼ੁਦਾ ਮੁਟਿਆਰ ਰਾਹੀਂ ‘ਦੋ ਟਾਪੂ’ ਦੀ ਮੁੱਖ ਪਾਤਰ ਪਾਸ਼ੀ ਦਾ ਢੁਕਵਾਂ ਕਿਰਦਾਰ ਉਸਰ ਨਹੀਂ ਸੀ ਰਿਹਾ। ਇਕ ਦਿਨ ਅਸੀਂ ਘਰ ’ਚ ਬੈਠੇ ਪੰਜਾਬ ਦੀਆਂ ਗੱਲਾਂ ਕਰ ਰਹੇ ਸਾਂ ਕਿ ਕੁਲਵੰਤ ਨੇ ਨੌਂ ਸਾਲ ਪਹਿਲਾਂ ਸਾਡੇ ਲਾਗੇ ਰਹਿੰਦੀ ਰਹੀ ਨੀਲਮ ਦਾ ਜ਼ਿਕਰ ਛੇੜਿਆ। ਚੇਤਾ ਆਉਂਦਿਆਂ ਹੀ ਮੈਨੂੰ ਢੁਕਵੀਂ ਪਾਤਰ ਮਿਲ਼ ਗਈ।

ਆਦਮਪੁਰ ਅਸੀਂ ਭੈਣ ਜੀ ਅਮਰ ਕੌਰ ਦੇ ਜਿਸ ਮਕਾਨ ’ਚ ਰਹਿੰਦੇ ਸਾਂ ਉਹ ਕਾਫੀ ਵੱਡਾ ਸੀ। ਉਸਦੇ ਇਕ ਹਿੱਸੇ ਵਿਚ ਨੀਲਮ ਕੁਝ ਚਿਰ ਕਿਰਾਏ ’ਤੇ ਰਹੀ ਸੀ। ਉਹ ਤਲਾਕ-ਸ਼ੁਦਾ ਸੀ। ਉਸਦੇ ਦੋ ਬੱਚੇ ਸਨ। ਉਹ ਸੈਂਟਰਲ ਸਕੂਲ ’ਚ ਅਧਿਆਪਕਾ ਸੀ। ਸੁਨੱਖੀ ਤੇ ਜ਼ਹੀਨ ਨੀਲਮ ਅੰਦਰ ਪਤੀ ਨਾਲ਼ੋਂ ਟੁੱਟਣ ਦਾ ਦਰਦ ਤਾਂ ਸੀ ਪਰ ਜਿਸ ਮਾਣ ਅਤੇ ਵਿਸ਼ਵਾਸ ਨਾਲ਼ ਉਹ ਜ਼ਿੰਦਗੀ ਜਿਉ ਰਹੀ ਸੀ, ਛੋਟੇ-ਛੋਟੇ ਬੱਚੇ ਪਾਲ਼ ਰਹੀ ਸੀ, ਉਸ ਵਿੱਚੋਂ ਅੱਜ ਦੀ ਔਰਤ ਦੇ ਸਵੈਮਾਣ ਦੀ ਛੱਬ ਸਾਫ ਝਲਕਦੀ ਸੀ। ਅਸਲ ’ਚ ‘ਦੋ ਟਾਪੂ’ ਕਹਾਣੀ ਦਾ ਬੀਜ–ਰੂਪ ਮੇਰੇ ਅਵਚੇਤਨ ’ਚ ਪਿਆ ਨੀਲਮ ਦਾ ਹੀ ਅਕਸ ਸੀ। ਕਹਾਣੀ ਵਿਚ ਮੈਂ ਸਿਰਫ ਉਸਦੇ ਅਕਸ ਨੂੰ ਹੀ ਵਰਤਿਆ ਹੈ। ਕਹਿਣ ਦਾ ਭਾਵ ਇਹ ਕਿ ‘ਦੋ ਟਾਪੂ’ ਦੀ ਮੁੱਖ ਪਾਤਰ ਪਾਸ਼ੀ (ਪੁਸ਼ਪਿੰਦਰ) ਨੀਲਮ ਨਹੀਂ। ਪਾਸ਼ੀ ਦੀ ਆਪਣੀ ਵੱਖਰੀ ਪਰਸਨੈਲਿਟੀ ਹੈ। ਉਹ ਪਰਸੈਨਲਿਟੀ ਮੈਂ ਆਪਣੀ ਕਲਪਨਾ ਰਾਹੀਂ ਉਸਾਰੀ ਹੈ।

ਕਹਾਣੀ ਵਿਚ ਦੋ ਮੁਖ ਪਾਤਰ ਹਨ ਪਾਸ਼ੀ ਤੇ ਬਲਰਾਜ। ਕਨੇਡਾ ਵਾਸੀ ਬਲਰਾਜ ਦਸ ਜਮਾਤਾਂ ਪੜ੍ਹਿਆ ਹੋਇਆ ਹੈ। ਉਸਦਾ ਵਿਆਹ ਪੰਜਾਬ ’ਚ ਐਮ. ਐਸ. ਸੀ ਕਰਦੀ ਪਾਸ਼ੀ ਨਾਲ਼ ਹੋ ਜਾਂਦਾ ਹੈ। ਪਾਸ਼ੀ ਕਨੇਡਾ ਆ ਜਾਂਦੀ ਹੈ। ਏਥੇ ਪੜ੍ਹਾਈ ਕਰਕੇ ਉਹ ਕੰਪਿਊਟਰ ਦੀ ਚੰਗੀ ਜੌਬ ਹਾਸਲ ਕਰ ਲੈਂਦੀ ਹੈ। ਪਤੀ ਨਾਲ਼ੋਂ ਵਧੀਆ ਜੌਬ ਕਰਕੇ ਕਦੀ-ਕਦੀ ਅਚੇਤ ਹੀ ਪਾਸ਼ੀ ਨੂੰ ਆਪਣਾ ਮੋਢਾ ਪਤੀ ਨਾਲੋਂ ਉੱਚਾ ਮਹਿਸੂਸ ਹੋਣ ਲੱਗ ਪੈਂਦਾ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਪਾਸ਼ੀ ਆਪਣੇ ਮੰਮੀ-ਡੈਡੀ ਤੇ ਭੈਣ-ਭਰਾ ਨੂੰ ਵੀ ਕਨੇਡਾ ਸੱਦ ਲੈਂਦੀ ਹੈ।

ਬਲਰਾਜ ਪਾਸ਼ੀ ਦੀ ਭੈਣ ਦਾ ਰਿਸ਼ਤਾ ਆਪਣੇ ਭਤੀਜੇ ਲਈ ਮੰਗਦਾ ਹੈ। ਪਾਸ਼ੀ ਦਾ ਡੈਡੀ ਤੇ ਭਰਾ ਆਖਦੇ ਹਨ ਕਿ ਉਸਦਾ ਭਤੀਜਾ ਘੱਟ ਪੜ੍ਹਿਆ ਹੋਇਐ।

ਬਲਰਾਜ ਨੂੰ ਗੁੱਸਾ ਚੜ੍ਹ ਜਾਂਦਾ ਹੈ। ਉਹ ਆਖਦਾ ਹੈ, “ਜਦੋਂ ਮੇਰਾ ਰਿਸ਼ਤਾ ਹੋਇਆ ਉਦੋਂ ਤੁਸੀਂ ਕਿੱਥੇ ਗਇਓ ਸੀ ਬੜੇ ਪੜ੍ਹਾਕੂ। ਮੈਂ ਤੁਹਾਥੋਂ ਕੋਈ ਲੁਕੋਅ ਨਹੀਂ ਸੀ ਰੱਖਿਆ।”

ਪਾਸ਼ੀ ਵੀ ਮਾਪਿਆਂ ਦਾ ਪੱਖ ਪੂਰਦੀ ਹੈ। ਇਹ ਮਸਲਾ ਪਤੀ-ਪਤਨੀ ਵਿਚ ਤਣਾਓ-ਟਕਰਾਓ ਦਾ ਰੂਪ ਧਾਰ ਲੈਂਦਾ ਹੈ… ਆਖਰ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ। ਕਹਾਣੀ ਤਲਾਕ ’ਤੇ ਹੀ ਨਹੀਂ ਮੁੱਕਦੀ, ਤਲਾਕ ਤੋਂ ਬਾਅਦ ਦੋਨਾਂ ਪਾਤਰਾਂ ਦੇ ਮਨੋਕਲ਼ੇਸ਼ਾਂ ਨੂੰ ਵਧਾਉਣ–ਘਟਾਉਣ ਵਾਲ਼ੀਆਂ ਸੱਥਿਤੀਆਂ ਕਹਾਣੀ ਦੀ ਵਿਸ਼ੇਸ਼ਤਾ ਬਣਦੀਆਂ ਹਨ।

ਪਾਸ਼ੀ ’ਤੇ ਪੱਛਮ ਦੀ ਔਰਤ ਦੀ ਵਿਅਕਤੀਗਤ ਆਜ਼ਾਦੀ ਤੇ ਆਰਥਿਕ ਆਜ਼ਾਦੀ ਦਾ ਵੀ ਪ੍ਰਭਾਵ ਹੈ। ਉਹ ਅੱਜ ਦੀ ਨਾਰੀ ਦੇ ਸਵੈਮਾਣ ਤੇ ਗਰੇਸ (ਛੱਬ) ਦੀ ਪ੍ਰਤਿਨਿਧ ਹੈ।

ਬਲਰਾਜ ਪੂਰਬ ਦੀ ਮਰਦਵਾਦੀ ਹਉਂ ਦਾ ਪ੍ਰਤਿਨਿਧ ਹੈ। ਪਰ ਆਪਣੇ ਬੱਚਿਆਂ ਨਾਲ਼ ਉਸਦਾ ਬਹੁਤ ਮੋਹ ਹੈ। ਉਸਨੇ ਕੋਰਟ ਤੋਂ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਲਈ ਹੋਈ ਏ। ਹਰ ਤੀਜੇ ਵੀਕ ਐਂਡ ਬੱਚੇ ਉਸ ਕੋਲ਼ ਹੁੰਦੇ ਹਨ।

ਕਹਾਣੀ ਵਿਚ ਮਨੋਕਲ਼ੇਸ਼ ਹਨ, ਮਨੋਸੰਕਟ ਹਨ, ਤਣਾਓ ਹੈ, ਟਕਰਾਓ ਹੈ—ਪ੍ਰੰਪਰਿਕ ਸੰਸਕ੍ਰਿਤੀ ਅਤੇ ਅਤਿ–ਆਧੁਨਿਕ ਸੰਸਕ੍ਰਿਤੀ ਦਾ ਟਕਰਾਓ। ਦੋਨਾਂ ਧਿਰਾਂ ਦਾ ਆਪੋ ਆਪਣਾ ਸੱਚ ਹੈ। ਮੈਂ ਫਾਸਲੇ ’ਤੇ ਖੜ੍ਹ ਕੇ ਦੋਨਾਂ ਧਿਰਾਂ ਦੇ ਸੱਚ ਨੂੰ ਪੇਸ਼ ਕਰਦਾ ਹਾਂ। ਉਨ੍ਹਾਂ ਦੋਨਾਂ ਦੇ ਸੱਚ ਪਿੱਛੇ ਕਾਰਜਸ਼ੀਲ ਸਮਾਜਕ, ਆਰਥਿਕ ਤੇ ਸਭਿਆਚਾਰਕ ਸੰਦਰਭਾਂ ਨੂੰ ਉਸਾਰਦਾ ਹਾਂ। ਕਹਾਣੀ ਦਾ ਖੁੱਲ੍ਹਾ ਅੰਤ ਅਤੇ ਇਸਦੀ ਵੱਥ ਅਤੇ ਕੱਥ ਵਿਚਲੀ ਇਕਸੁਰਤਾ, ਇਸਨੂੰ ਪੁਖਤਾ ਰਚਨਾ ਬਣਾਉਣ ਵਿਚ ਸਹਾਈ ਹੁੰਦੇ ਹਨ।

ਪ੍ਰਤੀਕ-ਚਿਹਨ ਮੇਰੀ ਸਿਰਜਣਾਤਮਿਕਤਾ ਦਾ ਅਹਿਮ ਅੰਗ ਹਨ। ਪ੍ਰਤੀਕੀਕਰਨ ਦੀ ਜੁਗਤ ਕਹਾਣੀ ਦੇ ਵਿਸ਼ਾ ਵਸਤੂ ਅਤੇ ਪਾਤਰਾਂ ਦੇ ਕਿਰਦਾਰ ਨੂੰ ਗਹਿਰੇ ਤੇ ਵਡੇਰੇ ਅਰਥ ਪ੍ਰਦਾਨ ਕਰਦੀ ਹੈ। ਮੈਂ ਸ਼ੁਰੂ ਤੋਂ ਹੀ ਇਸ ਜੁਗਤ ਨੂੰ ਸਫਲਤਾ ਨਾਲ਼ ਵਰਤਦਾ ਆ ਰਿਹਾਂ। ਮੇਰੀਆਂ ਪਹਿਲੀਆਂ ਕੁਝ ਕਹਾਣੀਆਂ, ਜਿਵੇਂ ਬੁਰਜ ਦੀ ਇੱਟ, ਕਾਣਸੂਤੇ ਵਗਦੇ ਬਲਦ, ਕੰਬਦਾ ਚਾਨਣ, ਲੈਂਟਰ ਹੇਠਲੇ ਫੱਟੇ ਆਦਿ ਦੇ ਨਾਂ ਪ੍ਰਤੀਕਮਈ ਹਨ। ‘ਦੋ ਟਾਪੂ’ ਕਹਾਣੀ ਵਿਚ ਵਰਤੇ ਪ੍ਰਤੀਕ ਹੇਠ ਲਿਖੇ ਅਨੁਸਾਰ ਹਨ:

ਦੋ ਟਾਪੂ: ਮੋਢੇ ਨਾਲ਼ ਮੋਢਾ ਡਾਹ ਕੇ ਜੀਵਨ–ਗਾਡੀ ਚਲਾਉਣ ਵਾਲ਼ੇ ਬਲਰਾਜ ਤੇ ਪਾਸ਼ੀ ਜਦੋਂ ਇਕ–ਦੂਜੇ ਨਾਲ਼ੋਂ ਟੁੱਟਦੇ ਹਨ ਤਾਂ ਉਨ੍ਹਾਂ ਦੀ ਸਥਿਤੀ ਦੋ ਵੱਖੋ-ਵੱਖਰੇ ਟਾਪੂਆਂ ਵਰਗੀ ਹੋ ਜਾਂਦੀ ਹੈ। ਉਨ੍ਹਾਂ ਦੀ ਸਾਂਝ, ਉਨ੍ਹਾਂ ਦਾ ਪਿਆਰ ਆਪੋ–ਆਪਣੀ ਹਸਤੀ ਦੀ ਵੱਖਰਤਾ ਵਿਚ ਤਬਦੀਲ ਹੋ ਜਾਂਦਾ ਹੈ। ਦੋ ਟਾਪੂ ਦੇ ਸ਼ਬਦ, ਦੋ ਸੰਸਕ੍ਰਿਤੀਆਂ ਦੇ ਪ੍ਰਤਿਨਿਧ ਪਾਤਰਾਂ ਨੂੰ ਵੀ ਚਿਹਨਤ ਕਰਦੇ ਹਨ।

ਮੇਲੇ ਨੂੰ ਜਾ ਰਹੀ ਬਸ: ਇਸ ਚਿਹਨ ਰਾਹੀਂ ਮੈਂ ਇਹ ਕਹਿਣਾ ਚਾਹਿਆ ਹੈ ਕਿ ਮੇਲੇ, ਜਿੰਦਗੀ ਦੀਆਂ ਖੁਸ਼ੀਆਂ ਤੇ ਰੌਣਕਾਂ ਅੱਧੇ–ਅਧੂਰੇ ਪਰਿਵਾਰ ਵੀ ਮਾਣ ਤਾਂ ਲੈਂਦੇ ਹਨ ਪਰ ਭਰਪੂਰਤਾ ਵਿਚ ਉਦੋਂ ਹੀ ਮਾਣੇ ਜਾਂਦੇ ਹਨ, ਜਦੋਂ ਪਰਿਵਾਰ ਦੇ ਸਾਰੇ ਜੀਅ ਅੰਗ–ਸੰਗ ਹੋਣ, ਨਾਲ਼-ਨਾਲ਼ ਹੋਣ।

ਅੰਸਰਿੰਗ ਮਸ਼ੀਨ: ਇਸ ਪ੍ਰਤੀਕ ਰਾਹੀਂ ਮੈਂ ਰਿਸ਼ਤਿਆਂ ਵਿੱਚੋਂ ਖਾਰਜ ਹੋ ਰਹੇ ਮੋਹ–ਤੇਹ ਵੱਲ ਇਸ਼ਾਰਾ ਕੀਤਾ ਹੈ।

ਕਹਾਣੀ ਦਾ ਕਾਲ–ਕ੍ਰਮ ਬਾਰਾਂ ਕੁ ਸਾਲ ਬਣਦਾ ਹੈ। ਬਾਰਾਂ ਸਾਲ ਦੇ ਸਮੇਂ ਨੂੰ ਮੈਂ ਫਲੈਸ਼–ਬੈਕ ਰਾਹੀਂ ਤਕਰੀਬਨ 24 ਘੰਟਿਆਂ ਵਿਚ ਪੇਸ਼ ਕੀਤਾ ਹੈ। ਸ਼ਨੀਵਾਰ ਸਵੇਰੇ ਬਲਰਾਜ ਬੱਚਿਆਂ ਨੂੰ ਲੈਣ ਆਉਂਦਾ ਹੈ, ਕਹਾਣੀ ਸ਼ੁਰੂ ਹੁੰਦੀ ਹੈ। ਐਤਵਾਰ ਸਵਰੇ ਜਦੋਂ ਉਹ ਬੱਚਿਆਂ ਨੂੰ ਛੱਡਣ ਆਉਂਦਾ ਹੈ ਤਾਂ ਕਹਾਣੀ ਮੁੱਕ ਜਾਂਦੀ ਹੈ।

ਇਹ ਕਹਾਣੀ ਪੰਜਾਬੀ ਦੇ ਨਾਮਵਰ ਪਰਚੇ ‘ਸਿਰਜਣਾ’ (ਜਨਵਰੀ–ਮਾਰਚ 1995) ਵਿਚ ਛਪੀ। ਮੁੱਖ ਪੰਨੇ ਉੱਤੇ ਡਾ. ਰਘਬੀਰ ਸਿੰਘ ਨੇ ਇਹ ਸ਼ਬਦ ਅੰਕਿਤ ਕੀਤੇ ਸਨ ‘ਪਰਵਾਸੀ ਜੀਵਨ–ਅਨੁਭਵ ਬਾਰੇ ਇਕ ਸ਼ਕਤੀਸ਼ਾਲੀ ਰਚਨਾ: ਜਰਨੈਲ ਸਿੰਘ ਦੀ ਕਹਾਣੀ— ਦੋ ਟਾਪੂ’। ਇਸ ਕਹਾਣੀ ਦੀ ਏਨੀ ਚਰਚਾ ਹੋਈ ਕਿ ਇਹ ਮੇਰੇ ਨਾਂ ਨਾਲ਼ ਜੁੜ ਗਈ— ਜਰਨੈਲ ਸਿੰਘ ‘ਦੋ ਟਾਪੂ’ ਵਾਲ਼ਾ। ਪੰਜਾਬੀ ਸਾਹਿਤ ਦੇ ਪ੍ਰਮੁੱਖ ਵਿਦਵਾਨਾਂ ਨੇ ਇਸਨੂੰ ‘ਕਲਾਸਿਕ ਕਹਾਣੀ’ ਦਾ ਦਰਜਾ ਦਿੱਤਾ ਹੈ।

ਕਹਾਣੀ ‘ਜੜ੍ਹਾਂ’

ਮੈਂ ਪੰਜਾਬੀ ਕਨੇਡੀਅਨ ਭਾਈਚਾਰੇ ਦੇ ਉਨ੍ਹਾਂ ਲੋਕਾਂ ਬਾਰੇ ਲਿਖਣਾ ਚਾਹੁੰਦਾ ਸਾਂ ਜੋ ਕਨੇਡਾ ਦੀ ਧਰਤੀ ਵਿਚ ਜੜ੍ਹਾਂ ਲਾਉਣ ਦੀ ਬਜਾਇ ਪੰਜਾਬ/ ਭਾਰਤ ਦੀ ਧਰਤੀ ਆਪਣੇ ਨਾਲ਼ ਚੁੱਕੀ ਫਿਰਦੇ ਹਨ ਤੇ ਵਾਪਸ ਮੁੜਨ ਦੀਆਂ ਗੱਲਾਂ ਕਰਦੇ ਹਨ। ਕਾਰਨ ਨਸਲਵਾਦ ਸੀ। ਇੰਗਲੈਂਡ, ਅਮਰੀਕਾ ਦੇ ਮੁਕਾਬਲੇ ਕਨੇਡਾ ਵਿਚ ਨਸਲਵਾਦ ਬਹੁਤ ਘੱਟ ਹੈ ਪਰ ਇਸ ਅਣਮਨੁੱਖੀ ਵਰਤਾਰੇ ਬਾਰੇ ਗੱਲ ਕਰਨੀ ਬਣਦੀ ਸੀ।

ਇਕਬਾਲ ਰਾਮੂਵਾਲੀਆ ਨਾਲ਼ ਨਸਲਵਾਦ ਦੀ ਇਕ ਘਟਨਾ ਵਾਪਰੀ ਸੀ। ਉਹ ਹਾਈ ਸਕੂਲ ’ਚ ਟੀਚਰ ਸੀ। ਜੌਬ ’ਤੇ ਉਸਦੇ ਮੇਲ–ਬਾਕਸ ਵਿਚ ਕੋਈ ਨਸਲਵਾਦੀ ਗੋਰਾ ਸਾਬਣ ਦੀ ਟਿੱਕੀ ਰੱਖ ਗਿਆ। ‘ਜੜ੍ਹਾਂ’ ਕਹਾਣੀ ਦੇ ਮੁੱਖ ਪਾਤਰ ਪ੍ਰੋਫੈਸਰ ਕੁਲਵਰਨ ਨੂੰ ਮੈਂ ਆਪਣੀ ਕਲਪਨਾ ਰਾਹੀਂ ਇਕਬਾਲ ਵਿੱਚੋਂ ਸਿਰਜਿਆ। ਇਕਬਾਲ ਨਸਲਵਾਦ ਤੋਂ ਘਬਰਾ ਕੇ ਇੰਡੀਆ ਨੂੰ ਨਹੀਂ ਸੀ ਮੁੜਿਆ। ਇੱਥੇ ਹੀ ਆਪਣੀਆਂ ‘ਜੜ੍ਹਾਂ’ ਪੱਕੀਆਂ ਕੀਤੀਆਂ। ਪਰ ਕੁਲਵਰਨ ਨਸਲਵਾਦ ਮੂਹਰੇ ਹਾਰ ਮੰਨ ਕੇ ਇੰਡੀਆ ਮੁੜ ਜਾਂਦੈ। ਪੰਜਾਬ ਦੇ ਇਕ ਕਾਨਵੈਂਟ ਸਕੂਲ ਵਿਚ ਪ੍ਰਿੰਸੀਪਲ ਦੀ ਜੌਬ ਕਰਦਾ ਉਹ ਖੁਸ਼ ਹੈ। ਕਨੇਡਾ ’ਚ ਗ੍ਰਹਿਣ ਕੀਤੀ ਈਮਾਨਦਾਰੀ ਤੇ ਮਿਹਨਤ ਦੇ ਗੁਣਾਂ ਸਦਕਾ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਉਸਦਾ ਆਦਰ ਕਰਦੇ ਹਨ। ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਪੜ੍ਹਦੇ ਉਸਦੇ ਇਕਲੌਤੇ ਪੁੱਤ ਨੂੰ, ਅੱਤਵਾਦੀਆਂ ਨਾਲ਼ ਸੰਬੰਧਾਂ ਦੇ ਝੂਠੇ ਮੁਕੱਦਮੇ ਵਿਚ ਫਸਾ ਲਿਆ ਜਾਂਦਾ ਹੈ… ਇੰਡੀਆ ਦੇ ਭ੍ਰਿਸ਼ਟਚਾਰ ਤੇ ਧੱਕੇਸ਼ਾਹੀ ਦਾ ਦਰੜਿਆ ਕੁਲਵਰਨ, ਆਪਣਾ ਘਰ ਤੇ ਸਾਰਾ ਧੰਨ ਗੁਆ ਕੇ, ਆਪਣੀ ਜਨਮ-ਭੋਇੰ ਤੋਂ ਤ੍ਰਾਹ–ਤ੍ਰਾਹ ਕਰਦਾ, ਪਤਨੀ ਤੇ ਪੁੱਤ ਨੂੰ ਲੈ ਕੇ ਕਨੇਡਾ ਪਰਤ ਆਉਂਦਾ ਹੈ। ਇਹ ਸੱਚ ਹੈ ਕਿ ਬੰਦੇ ਦੀ ਜੜ੍ਹ ਨੂੰ ਵਧੀਆ ਧਰਤ ਦੀ ਤਲਾਸ਼ ਹਮੇਸ਼ਾ ਰਹਿੰਦੀ ਹੈ। ਪਰ ਨਵੀਆਂ ਧਰਤੀਆਂ ’ਤੇ ਜੜ੍ਹਾਂ ਪੱਕੀਆਂ ਕਰਨ ਲਈ ਲੋੜੀਂਦਾ ਐਟੀਚਿਊਡ ਬਹੁਤ ਜ਼ਰੂਰੀ ਹੈ।

ਕਹਾਣੀ ‘ਪਛਾਣ’

ਮੈਂ ਕਹਾਣੀ ਵਾਸਤੇ ਕੋਈ ਵਿਸ਼ਾ ਲੱਭ ਰਿਹਾ ਸਾਂ… ਕੋਰ ਦੀ ਗਾਰਡਨ ਪਾਰਟੀ ਵਿਚ ਮੈਂ ਤੇ ਜੋਗਿੰਦਰ ਸਿੰਘ ਖਹਿਰਾ ਗੱਲਾਂ ਕਰ ਰਹੇ ਸੀ ਕਿ ਭਾਰਤੀ ਫੌਜ ਦਾ ਇਕ ਹੋਰ ਸਾਬਕਾ ਅਫਸਰ ਸਾਡੇ ਕੋਲ਼ ਆ ਗਿਆ। ਜੋਗਿੰਦਰ ਸਿੰਘ ਨੇ ਉਸਦਾ ਹਾਲ ਪੁੱਛਿਆ। ਉਹ ਬੋਲਿਆ, “ਨੂੰਹ–ਪੁੱਤ ਨੇ ਦੁਖੀ ਕੀਤਾ ਹੋਇਐ। ਮੈਂ ਜੌਬ ਉਨ੍ਹਾਂ ਦੀ ਮੱਦਦ ਕਰਨ ਲਈ ਕਰਦਾਂ। ਵਾਈਫ ਨੂੰਹ ਨਾਲ਼ ਘਰ ਦਾ ਕੰਮ ਕਰਵਾਉਂਦੀ ਹੈ ਪਰ ਇਨ੍ਹਾਂ ਨੂੰ ਭੋਰਾ ਕਦਰ ਨਹੀਂ… ।” ਅੰਦਰੋਂ ਤਪਿਆ ਉਹ ਜੋਗਿੰਦਰ ਸਿੰਘ ਕੋਲ਼ ਹੋਰ ਗੱਲਾਂ ਫੋਲਣਾ ਚਾਹੁੰਦਾ ਸੀ ਪਰ ਮੇਰੇ ਕਰਕੇ ਝਿਜਕ ਮਹਿਸੂਸ ਕਰ ਰਿਹਾ ਸੀ। ਮੈਂ ਉੱਠ ਕੇ ਹੋਰ ਸਾਥੀਆਂ ਵੱਲ ਚਲਾ ਗਿਆ। ਖੈਰ ਮੈਨੂੰ, ਸਮੇਤ ਪਾਤਰ ਕਹਾਣੀ ਦਾ ਵਿਸ਼ਾ ਮਿਲ਼ ਗਿਆ ਸੀ। ਬਜ਼ੁਰਗਾਂ ਦੀ ਬੇਕਦਰੀ ਬਾਰੇ ਮੈਨੂੰ ਪਤਾ ਤਾਂ ਸੀ ਪਰ ਹੁਣ ਇਸ ਸਮੱਸਿਆ ਨੂੰ ਭੋਗ ਰਹੇ ਭਾਰਤੀ ਫੌਜ ਦੇ ਸਾਬਕਾ ਅਫਸਰ ਦੇ ਚਿਹਰੇ ’ਤੇ ਰੇਖਾਂਕਿਤ ਹੋ ਰਹੀਆਂ ਦੁਖਦ ਭਾਵਨਾਵਾਂ ਤੇ ਬੋਲ, ਵੇਖ–ਸੁਣ ਕੇ ਸਮੱਸਿਆ ਨੂੰ ਕਹਾਣੀ ’ਚ ਢਾਲਣਾ ਸੌਖਾ ਹੋ ਗਿਆ।

ਇਸ ਸਮੱਸਿਆ ਨਾਲ਼, ਵਿਅਕਤੀਗਤ ਆਜ਼ਾਦੀ ’ਚ ਉਲਾਰ ਹੋਏ ਟੀਨਏਜਰਾਂ ਤੇ ਉਨ੍ਹਾਂ ਦੇ ਮਾਪਿਆਂ ਦੀ ਡਾਲਰਾਂ ਪਿੱਛੇ ਦੌੜ ਦੇ ਕਥਾਨਕ ਬੀੜ ਕੇ ਮੈਂ ‘ਪਛਾਣ’ ਕਹਾਣੀ ਲਿਖੀ। ਇਹ ਤਿੰਨੇ ਪਹਿਲੂ ਇਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਸੰਸਕ੍ਰਿਤਕ ਪਾੜੇ ਰਾਹੀਂ ਪੇਸ਼ ਕੀਤੇ। ਪਹਿਲੀ ਪੀੜ੍ਹੀ ਦਾ ਪਾਤਰ ਸੁਲੱਖਣ ਸਿੰਘ ਭਾਰਤੀ ਫੌਜ ਦਾ ਰਿਟਾਇਰਡ ਕਰਨਲ ਹੈ। ਉਹ ਤੇ ਉਸਦੀ ਪਤਨੀ ਸੁਰਜੀਤ ਕੌਰ ਕਨੇਡਾ ’ਚ ਆਪਣੇ ਨੂੰਹ–ਪੁੱਤ ਹਰਿੰਦਰ ਤੇ ਹਰਚਰਨ (ਦੂਜੀ ਪੀੜ੍ਹੀ) ਕੋਲ਼ ਆ ਕੇ ਰਹਿਣ ਲਗਦੇ ਹਨ। ਹਰਿੰਦਰ ‘ਲੇਡੀਜ਼ ਗਾਰਮੈਂਟਸ ਸਟੋਰ’ ਚਲਾ ਰਹੀ ਹੈ। ਹਰਚਰਨ ਵੀ ਅੱਠ ਘੰਟੇ ਜੌਬ ’ਤੇ ਲਾ ਕੇ ਸਟੋਰ ’ਚ ਪਹੁੰਚ ਜਾਂਦਾ ਹੈ।

ਨੂੰਹ–ਪੁੱਤ ਦੀਆਂ ਖਰਚਿਆਂ ਬਾਰੇ ਗੱਲਾਂ ਸੁਣ ਕੇ ਸੁਲੱਖਣ ਸਿੰਘ ਜੌਬ ਕਰਨ ਲੱਗ ਜਾਂਦਾ ਹੈ। ਸੁਰਜੀਤ ਕੌਰ ਪੋਤੀ–ਪੋਤੇ ਪੈਮ ਤੇ ਡੈਨੀ (ਤੀਜੀ ਪੀੜ੍ਹੀ) ਦੀ ਦੇਖ–ਭਾਲ਼ ਕਰਦੀ ਹੈ। ਉਸਦੀ ਕੈਂਸਰ ਨਾਲ਼ ਮੌਤ ਹੋ ਜਾਂਦੀ ਹੈ। ਪਤਨੀ ਦਾ ਵਿਗੋਚਾ ਝੱਲ ਰਿਹਾ ਸੁਲੱਖਣ ਸਿੰਘ ਜ਼ਿੰਦਗੀ ਨੂੰ ਤੋਰੀ ਰੱਖਦਾ ਹੈ। ਪਰ ਘਰ ਦਾ ਮਾਹੌਲ ਸੁਖਾਵਾਂ ਨਹੀ ਰਹਿੰਦਾ। ਪੋਤੀ–ਪੋਤਾ ਆਪ ਹੁਦਰੇ ਹੋ ਜਾਂਦੇ ਹਨ। ਉਹ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਹੇ। ਡਾਲਰਾਂ ਦੀ ਦੌੜ ’ਚ ਪਏ ਨੂੰਹ–ਪੁੱਤ ਕੋਲ਼ ਬੱਚਿਆਂ ਨਾਲ਼ ਬਹਿਣ ਅਤੇ ਕਮਿਊਨੀਕੇਟ ਕਰਨ ਦਾ ਟਾਈਮ ਨਹੀਂ।

ਇਕ ਦਿਨ ਸੁਲੱਖਣ ਸਿੰਘ ਪੈਮ ਨੂੰ ਗੋਰੇ ਮੁੰਡੇ ਡੇਵ ਦੀਆਂ ਬਾਹਾਂ ’ਚ ਲਿਪਟੀ ਦੇਖਦਾ ਹੈ। ਉਹ ਡੇਵ ਨੂੰ ਪੈਮ ਨੂੰ ਮਿਲਣ ਤੋਂ ਵਰਜਦਾ ਹੈ ਤੇ ਪੋਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦੀ ਉਮਰ ਪੜ੍ਹਨ–ਲਿਖਣ ਦੀ ਏ… ਉਸਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦੈ… ।

ਪਰ ਉਹ ਬਾਬੇ ਦੀ ਗੱਲ ਸੁਣਨ ਦੀ ਬਜਾਇ ਉਸਨੂੰ ਉੱਖੜੀ ਕੁਹਾੜੀ ਵਾਂਗ ਪੈਂਦੀ ਹੈ, “ਹੂ ਦਾ ਹੈੱਲ ਆਰ ਯੂ ਟੁ ਸਟੌਪ ਅੱਸ… ਮੇਰੀ ਆਪਣੀ ਇੰਡਿਵਿਯੁਅਲ ਲਾਈਫ ਏ… ।” “ਪੈਮ ਤੇਰੇ ਇੰਡਿਵਿਯੁਅਲਿਜ਼ਮ ਨੇ ਮੂੰਹ ਉੱਤੇ ਨੂੰ ਚੁੱਕਿਆ ਹੋਇਐ, ਇਹਨੂੰ ਪੈਰ ਨਹੀਂ ਦੀਂਹਦੇ… ।” ਸੁਲੱਖਣ ਸਿੰਘ ਚਿਤਾਵਨੀ ਸੁਰ ’ਚ ਆਖਦਾ ਹੈ।

ਉਹ ਨੂੰਹ–ਪੁੱਤ ਨਾਲ਼ ਗੱਲ ਕਰਦਾ ਹੈ। ਪਰ ਉਹ ਬੱਚਿਆਂ ਨੂੰ ਮਿਲਦੀ ਕਾਨੂੰਨੀ ਸੁਰੱਖਿਆ ਕਾਰਨ ਧੀ ਦਾ ਪੱਖ ਪੂਰਦੇ ਹਨ। ਸੁਲੱਖਣ ਸਿੰਘ ਪੋਤੀ ਨਾਲ਼ੋਂ ਨੂੰਹ–ਪੁੱਤ ਨੂੰ ਵੱਧ ਕਸੂਰਵਾਰ ਠਹਿਰਾਉਂਦਾ ਹੈ, ਜਿਨ੍ਹਾਂ ਨੇ ਬੱਚਿਆਂ ’ਚ ਬਹਿ ਕੇ ਉਨ੍ਹਾਂ ਨੂੰ ਪੂਰਬੀ ਤੇ ਪੱਛਮੀ ਸੰਸਕ੍ਰਿਤੀਆਂ ’ਚ ਸੰਤੁਲਨ ਬਣਾਉਣ ਲਈ ਕੋਈ ਸਿੱਖਿਆ ਨਹੀਂ ਦਿੱਤੀ। ਉਹ ਉਨ੍ਹਾਂ ਨੂੰ ਆਡੰਬਰਬਾਜ਼ੀ ਤਿਆਗ ਕੇ ਸੰਜਮ ਨਾਲ਼ ਗੁਜ਼ਾਰਾ ਕਰਨ ਲਈ ਆਖਦਾ ਹੈ। ਪਰ ਨੂੰਹ–ਪੁੱਤ ਉਸਨੂੰ ਅਣਗੌਲਿਆ ਕਰ ਰਹੇ ਹਨ।

ਬੇਕਦਰੀ ਤੋਂ ਦੁਖੀ ਹੋਇਆ ਸੁਲੱਖਣ ਸਿੰਘ ਘਰ ਛੱਡ ਕੇ ਆਪਣੇ ਦੋਸਤ ਨਾਲ਼ ਰਹਿਣ ਲੱਗ ਜਾਂਦਾ ਹੈ।

ਹਰਿੰਦਰ ਤੇ ਹਰਚਰਨ ਦੇ ਪਾਤਰ, ਕਨੇਡਾ ’ਚ ਕੱਪੜੇ–ਲੀੜੇ ਦੇ ਛੋਟੇ–ਛੋਟੇ ਸਟੋਰ ਚਲਾ ਰਹੇ ਪੰਜਾਬੀ ਔਰਤਾਂ–ਮਰਦਾਂ ਨਾਲ਼ ਮਿਲ਼ਦੇ–ਜੁਲਦੇ ਹਨ।

ਇਵੇਂ ਹੀ ਪੈਮ ਵਰਗੇ ਬੱਚੇ ਵੀ ਆਪਣੇ ਭਾਈਚਾਰੇ ਵਿਚ ਵੇਖੇ–ਸੁਣੇ ਹੋਏ ਸਨ।

ਏਥੇ ਇਹ ਦੱਸਣਾ ਬਣਦਾ ਹੈ ਕਿ ਕਨੇਡੀਅਨ ਪੰਜਾਬੀ ਪਰਿਵਾਰਾਂ ਵਿਚ ਪੈਮ ਵਰਗੇ ਬੱਚੇ ਬਹੁਤ ਥੋੜ੍ਹੇ ਹਨ। ਬਹੁਗਿਣਤੀ ਉਨ੍ਹਾਂ ਬੱਚਿਆਂ ਦੀ ਹੈ ਜੋ ਵਾਜਬ ਆਜ਼ਾਦੀ ਮਾਣਦੇ ਹੋਏ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਕੇ ਕਨੇਡਾ ਦੇ ਹਰ ਖੇਤਰ ਵਿਚ ਚੰਗੀਆਂ ਜੌਬਾਂ ਹਾਸਲ ਕਰਦੇ ਹਨ।

20ਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਪੰਜਾਬੀ ਕਮਿਊਨਿਟੀ ਦੇ ਕੁਝ ਸਕੂਲੀ ਮੁੰਡਿਆਂ ਨੇ ਗੈਂਗ ਬਣਾ ਲਏ ਸਨ। ਸ਼ੁਰੂ ਵਿਚ ਤਾਂ, ਪੜ੍ਹਾਈ ’ਚ ਨਿਕੰਮੇ ਤੇ ਅਵਾਰਾ ਕਿਸਮ ਦੇ ਬੱਚੇ ਹੀ ਗੈਂਗਾਂ ਵਿਚ ਸਰਗਰਮ ਸਨ। ਪਰ ਬਾਅਦ ਵਿਚ ਉਹ ਚੰਗੇ ਬੱਚਿਆਂ ਨੂੰ ਵੀ ਵਰਗਲਾਉਣ ਲੱਗ ਪਏ। ਗੈਂਗਾਂ ਦੀਆਂ ਆਪਸ ਵਿਚ ਲੜਾਈਆਂ–ਭਿੜਾਈਆਂ ਸ਼ੁਰੂ ਹੋ ਗਈਆਂ। ਇਸ ਗੰਭੀਰ ਸਮੱਸਿਆ ਨੂੰ ਵਿਚਾਰਨ ਲਈ ਪ੍ਰਭਾਵਿਤ ਸਕੂਲਾਂ ਦੇ ਪੰਜਾਬੀ ਅਧਿਆਪਕਾਂ, ਪੁਲਿਸ ਵਾਲ਼ਿਆਂ ਤੇ ਕਮਿਊਨਿਟੀ ਦੇ ਬੰਦਿਆਂ ਨੇ ਮੀਟਿੰਗਾਂ ਕੀਤੀਆਂ। ਉਨ੍ਹਾਂ ਮੀਟਿੰਗਾਂ ਵਿਚ ਮੈਂ ਵੀ ਸ਼ਾਮਲ ਸਾਂ। ਬੁਲਾਰਿਆਂ ਅਨੁਸਾਰ ਸਮੱਸਿਆ ਦਾ ਮੁੱਖ ਕਾਰਨ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਲਾਈਫ ਸਟਾਈਲ ਵਿਚਲਾ ਪਾੜਾ ਸੀ। ਇਸ ਪਾੜੇ ਨੇ ਘਰਾਂ ਦੇ ਮਾਹੌਲ ਨੂੰ ਨੀਰਸ ਬਣਾਇਆ ਹੋਇਆ ਸੀ।

ਫੈਸਲਾ ਇਹ ਹੋਇਆ ਕਿ ਮਾਪਿਆਂ ਤੇ ਉਨ੍ਹਾਂ ਦੇ ਪੁੱਤਾਂ–ਧੀਆਂ ਦੇ ਸੈਮੀਨਾਰ ਕਰਵਾਏ ਜਾਣ। ਸੈਮੀਨਾਰਾਂ ਵਿਚ ਦੋਨਾਂ ਧਿਰਾਂ ਦੇ ਵਿਚਾਰ ਸੁਣੇ ਜਾਣ ਤੇ ਸੰਤੁਲਿਨ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਇਕਬਾਲ ਰਾਮੂਵਾਲੀਆ ਤੇ ਉਸਦੇ ਸਾਥੀ ਅਧਿਆਪਕਾਂ ਨੇ ਸੈਮੀਨਾਰਾਂ ਦੀ ਰੂਪ–ਰੇਖਾ ਤਿਆਰ ਕੀਤੀ। ਸੈਮੀਨਾਰਾਂ ਦਾ ਪ੍ਰਬੰਧ ਵੀਕ ਐਂਡਾਂ ’ਤੇ ਸਕੂਲਾਂ ਵਿਚ ਕੀਤਾ ਗਿਆ। ਹਰ ਸੈਮੀਨਾਰ ਤੋਂ ਪਹਿਲਾਂ ਅਸੀਂ ਫੋਨਾਂ ਰਾਹੀਂ ਮਾਪਿਆਂ ’ਤੇ ਉਨ੍ਹਾਂ ਦੇ ਬੱਚਿਆਂ ਨੂੰ ਸ਼ਾਮਲ ਹੋਣ ਲਈ ਤਾਕੀਦ ਕਰਦੇ ਸਾਂ।

ਸੱਦੇ ਹੋਏ ਪਰਿਵਾਰ ਜਦੋਂ ਮੁਕੱਰਰ ਕੀਤੇ ਸਕੂਲ ’ਚ ਪਹੁੰਚਦੇ ਤਾਂ ਉਨ੍ਹਾਂ ਨੂੰ ਗਰੁੱਪਾਂ ਵਿਚ ਵੰਡ ਕੇ ਵੱਖ–ਵੱਖ ਕਮਰਿਆਂ ਵਿਚ ਬਿਠਾ ਦਿੱਤਾ ਜਾਂਦਾ। ਗਰੁੱਪ ਇਸ ਤਰੀਕੇ ਨਾਲ਼ ਬਣਾਏ ਜਾਂਦੇ ਕਿ ਇੱਕੋ ਪਰਿਵਾਰ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ‘ਕਠੇ ਨਹੀਂ ਸੀ ਰੱਖਿਆ ਜਾਂਦਾ। ਅੱਡ–ਅੱਡ ਕਰ ਦਿੱਤਾ ਜਾਂਦਾ ਸੀ। ਇਸਦਾ ਫਾਇਦਾ ਇਹ ਹੋਇਆ ਕਿ ਬੱਚੇ ਬੇਝਿਜਕ ਹੋ ਕੇ ਆਪਣੀ ਗੱਲ ਦੱਸਦੇ। ਮਾਪੇ ਵੀ ਖੱਲ੍ਹ ਕੇ ਬੋਲਦੇ। ਦੋਨਾਂ ਧਿਰਾਂ ਦੀਆਂ ਇਕ–ਦੂਜੇ ਪ੍ਰਤੀ ਸ਼ਿਕਾਇਤਾਂ ਉੱਠਦੀਆਂ। ਵਾਸਤਵਿਕ ਉਲਝਣਾਂ ਤੇ ਮਸਲੇ ਵੀ ਉੱਭਰਦੇ। ਗਹਿਗਚ ਸੰਵਾਦ ਰਚਦਾ। ਅਖੀਰ ਵਿਚ ਸਾਰੇ ਗਰੁੱਪਾਂ ਨੂੰ ਇਕ ਹਾਲ ਵਿਚ ਬਿਠਾ ਕੇ ਪਹਿਲਾਂ ਦੋਨਾਂ ਧਿਰਾਂ ਦੀਆਂ ਸ਼ਕਾਇਤਾਂ ਦਾ ਸਾਰ–ਤੱਤ ਪੇਸ਼ ਕੀਤਾ ਜਾਂਦਾ ਤੇ ਫਿਰ ਉਹ ਨੁਕਤੇ ਉਭਾਰੇ ਜਾਂਦੇ ਜਿਨ੍ਹਾਂ ’ਤੇ ਅਮਲ ਕਰਕੇ ਬੱਚੇ ਤੇ ਉਨ੍ਹਾਂ ਦੇ ਮਾਪੇ ਲੋੜੀਂਦੀ ਐਡਜਸਟਮੈਂਟ ਕਰ ਸਕਦੇ ਸਨ।

ਮੈਂ ਕਈ ਗਰੁੱਪਾਂ ਦੇ ਸੰਵਾਦ ਕੰਡਕਟ ਕੀਤੇ। ਉਨ੍ਹਾਂ ਸੰਵਾਦਾਂ ਵਿੱਚੋਂ ਮੈਨੂੰ ‘ਪੰਧ ਕਥਾ’ ਤੇ ‘ਭਵਿੱਖ’ ਕਹਾਣੀਆਂ ਦੇ ਮਾਪਿਆਂ ਤੇ ਉਨ੍ਹਾਂ ਦੇ ਜਵਾਨ ਹੋ ਰਹੇ ਬੱਚਿਆਂ ਦੇ ਪਾਤਰ ਮਿਲ਼ ਗਏ। ਬੱਚਿਆਂ ਦੇ ਮਨਾਂ ਦੀਆਂ ਉਲਝਣਾਂ ਤੇ ਉਨ੍ਹਾਂ ਦੇ ਮਾਪਿਆਂ ਨਾਲ਼ ਟਕਰਾਅ ਦੀਆਂ ਸਥਿਤੀਆਂ ਬਾਰੇ ਵੀ ਪਤਾ ਲੱਗ ਗਿਆ।

ਕਹਾਣੀ ‘ਪੰਧ ਕਥਾ’

ਇਸ ਕਹਾਣੀ ਦੇ ਦੋ ਮੁੱਖ ਪਾਤਰ ਹਨ, ਲਖਬੀਰ ਸਿੰਘ ਤੇ ਉਸਦਾ ਛੋਟਾ ਪੁੱਤਰ ਰਵੀ। ਲਖਬੀਰ ਸਿੰਘ ਇਕੱਲਾ ਕਨੇਡਾ ਆਉਂਦਾ ਹੈ। ਏਥੇ ਸੰਘਰਸ਼ ਕਰਕੇ ਇੰਮੀਗਰਾਂਟ ਬਣਦਾ ਹੈ। ਪਰਿਵਾਰ ਦੇ ਆਉਣ ਨਾਲ਼ ਚਾਵਾਂ–ਉਮੰਗਾਂ ਵਾਲ਼ੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਪਰ ਪਤਨੀ ਦੀ, ਹਾਈਵੇਅ ਹਾਦਸੇ ’ਚ ਹੋਈ ਮੌਤ ਨਾਲ਼ ਹਸੱਦੇ–ਵਸਦੇ ਘਰ ਵਿਚ ਉਜਾੜ ਪੈ ਜਾਂਦੀ ਹੈ। ਲਖਬੀਰ ਸਿੰਘ ਸਦਮੇ ’ਚੋਂ ਉੱਭਰ ਕੇ ਦੋਨਾਂ ਪੁੱਤਾਂ ਨੂੰ ਪਾਲ਼ਦਾ ਹੈ… ਵੱਡਾ ਪੁੱਤ ਨਿੰਦ ਵਿਆਹ ਕਰਵਾ ਕੇ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਊਣ ਲਈ ਵੱਖ ਹੋ ਜਾਂਦਾ ਹੈ।

ਲਖਬੀਰ ਸਿੰਘ ਜੌਬ ’ਤੇ ਬਿਜ਼ੀ ਰਹਿੰਦਾ ਹੈ। ਇਕੱਲਤਾ ਵਿਚ ਬੋਰੀਅਤ ਮਹਿਸੂਸ ਕਰਦੇ ਰਵੀ ਨੂੰ ਸੈਕਸ ਤੇ ਮਾਰਧਾੜ ਦੀਆਂ ਫਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ। ਤੇ ਉਹ ਆਪਣੇ ਹਿਸਾਬ ਨਾਲ਼ ਜਿਊਣ ਦੀਆਂ ਗੱਲਾਂ ਕਰਨ ਲਗਦਾ ਹੈ। ਡੈਡ ਦੀ ਸਿੱਖ-ਮੱਤ ਉਸਨੂੰ ਚੰਗੀ ਨਹੀਂ ਲਗਦੀ।

ਪੜ੍ਹਿਆ–ਲਿਖਿਆ ਲਖਬੀਰ ਸਿੰਘ ਹਾਲਾਤ ਦਾ ਵਿਸ਼ਲੇਸ਼ਣ ਕਰਦਾ ਹੋਇਆ ਆਖਦਾ ਹੈ, “ਰਵੀ! ਆਪਣੇ ਹਿਸਾਬ ਨਾਲ਼ ਜਿਊਣ ਵਾਲ਼ੀ ਗੱਲ ਏਨੀ ਸਿੱਧੀ ਨਹੀਂ… ਮੈਂ ਮੰਨਦਾਂ ਪਈ ਇਸ ਨਾਲ਼ ਬੰਦੇ ਦਾ ਸਵੈਮਾਣ ਵਧਿਐ ਪਰ ਹੁਣ ਇਹ ਗੱਲ ਏਨੀ ਓੜਕ ’ਤੇ ਪਹੁੰਚ ਗਈ ਐ ਕਿ ਇਸਨੇ ਬੰਦੇ ਨੂੰ ਬੰਦੇ ਨਾਲ਼ੋ ਤੋੜ ਦਿੱਤੈ।”

ਪਰ ਰਵੀ ’ਤੇ ਨਿੱਜੀ ਆਜ਼ਾਦੀ ਭਾਰੂ ਹੈ… ਉਸਦੇ ਸਕੂਲ ਦੇ ਗੈਂਗ ਵਾਲ਼ੇ ਉਸਨੂੰ ਆਪਣੇ ਵਿਚ ਰਲ਼ਾ ਲੈਂਦੇ ਹਨ। ਗੈਂਗ ਦੇ ਮੁੰਡੇ ਐਸ਼ ਕਰਨ ਲਈ ਚੋਰੀਆਂ ਕਰਦੇ ਹਨ। ਉਨ੍ਹਾਂ ਲਈ ਚੋਰੀਆਂ ਅਪਰਾਧ ਨਹੀਂ ਥੱਰਿਲਾਂ ਹਨ। ਚੋਰੀਆਂ ’ਚ ਦਲੇਰ ਹੋਇਆ ਰਵੀ ਗੈਂਗ ਦਾ ਵਿਸ਼ੇਸ਼ ਮੈਂਬਰ ਬਣ ਜਾਂਦਾ ਹੈ। ਦੋ ਗੈਂਗਾਂ ਦੀ ਲੜਾਈ ਵਿਚ ਕਮਰ ’ਚ ਲੱਗੀ ਗੋਲੀ ਨਾਲ਼ ਉਸਦੀਆਂ ਲੱਤਾਂ ਨਕਾਰਾ ਹੋ ਜਾਂਦੀਆਂ ਹਨ। ਜ਼ਿੰਦਗੀ ਵੀਲ੍ਹ ਚੇਅਰ ਨਾਲ਼ ਜੁੜ ਜਾਂਦੀ ਹੈ। ਘੋਰ ਨਿਰਾਸ਼ਤਾ ’ਚ ਡੁੱਬਿਆ ਉਹ ਰਿਹੈਬ ਡਾਕਟਰ ਦੀਆਂ ਚੈੱਕ–ਅੱਪ ਜਾਂ ਫਿਜ਼ੀਓਥੈਰਪੀ ਲਈ ਤਾਂ ਜਾ ਆਉਂਦਾ ਹੈ, ਬਾਕੀ ਸਮਾਂ ਘਰ ਅੰਦਰ ਹੀ ਪਿਆ ਰਹਿੰਦਾ ਹੈ।

ਇਕ ਦਿਨ ਲਖਬੀਰ ਸਿੰਘ ਪੁੱਤਰ ਨੂੰ ਧੱਕੇ ਨਾਲ਼ ਕਾਰ ’ਚ ਬਿਠਾ ਨਿਆਗਰਾ ਫਾਲਜ਼ ਲੈ ਜਾਂਦਾ ਹੈ। ਫਾਲਜ਼ ’ਤੇ ਕੁਝ ਸਮਾਂ ਗੁਜ਼ਾਰ ਕੇ ਉਹ ਉਸ ਨੂੰ ਨਿਆਗਰਾ ਦਰਿਆ ਦਾ ਫਾਲਜ਼ ਤੋਂ ਅਗਲਾ ਸਫਰ ਦਿਖਾਉਂਦਾ ਹੋਇਆ ਆਖਦਾ ਹੈ, “ਦੇਖ ਬੇਟੇ! ਇਹ ਚੁੱਪ–ਚਾਪ ਤੇ ਅਣਗੌਲ਼ਿਆ ਜਿਹਾ ਵਗ ਰਿਹਾ, ਦੁਨੀਆਂ ਦਾ ਅਜੂਬਾ ਕਹਾਉਂਦੇ ਉਸੇ ਨਿਆਗਰਾ ਫਾਲਜ਼ ਦਾ ਜਲੌਅ–ਭਰਪੂਰ ਪਾਣੀ ਏ ਜਿਸਨੂੰ ਦੁਨੀਆਂ ਭਰ ਦੇ ਲੋਕ ਦੇਖਣ ਆਉਂਦੇ ਨੇ। ਪਰ ਏਥੇ ਇਹ ਕਿਸੇ ਗਿਣਤੀ ’ਚ ਨਹੀਂ। ਕੋਈ ਇਸਨੂੰ ਦੇਖਣ ਨਹੀਂ ਆਉਂਦਾ। ਪਰ ਇਸਨੂੰ ਆਪਣੀ ਇਹ ਹੋਣੀ ਵੀ ਪ੍ਰਵਾਨ ਏ… ਇਹਦੀ ਚਾਲ ’ਚ ਉਦਾਸੀ ਤਾਂ ਹੈ ਪਰ ਇਹ ਵਗਦਾ ਪਿਐ।”

ਲਖਬੀਰ ਸਿੰਘ ਨੂੰ ਜਦੋਂ ਵੀ ਟਾਈਮ ਮਿਲ਼ਦਾ ਉਹ ਰਵੀ ਨੂੰ ਝੀਲਾਂ ਤੇ ਪਾਰਕਾਂ ਵਿਚ ਘੁਮਾਉਣ ਲੈ ਜਾਂਦਾ। ਰਵੀ ਨੂੰ ਆਪਣੀ ਬੁਝੀ ਹੋਈ ਰੂਹ ਵਿਚ ਚਹਿਕ ਮਹਿਸੂਸ ਹੋਣ ਲਗਦੀ ਹੈ। ਉਹ ਪੜ੍ਹਾਈ ਸ਼ੁਰੂ ਕਰ ਲੈਂਦਾ ਹੈ। ਯੂਨੀਵਰਸਿਟੀ ਦੀਆਂ ਅਪੰਗ ਵਿਦਿਆਰਥੀਆਂ ਦੀਆਂ ਖੇਡਾਂ ਵਿਚ ਹਿੱਸਾ ਲੈਣ ਲਗਦਾ ਹੈ। ਡਾਨਸ ਟੀਮ ਦੀ ਡਾਇਰੈਕਟਰ ਐਨ ਉਸਨੂੰ ਵੀਲ੍ਹ ਚੇਅਰ ਡਾਨਸ–ਟੀਮ ’ਚ ਸ਼ਾਮਲ ਕਰ ਲੈਂਦੀ ਹੈ। ਫਿਜ਼ੀਓਥੈਰਪੀ ਤੇ ਡਾਨਸ ਨਾਲ਼ ਉਸਦੀ ਡੈਮੇਜ ਹੋਈ ਨਾੜੀ ’ਚ ਸੁਧਾਰ ਦੀ ਸੰਭਾਵਨਾ ਬਣ ਜਾਂਦੀ ਹੈ।

ਕਹਾਣੀ ‘ਭਵਿੱਖ’

ਸੈਮੀਨਾਰਾਂ ਵਿਚ ਕੁਝ ਵਿਦਿਆਰਥਣਾਂ ਨੇ ਆਪਣੇ ਡੈਡੀਆਂ ਦੇ ਕਟੱੜ ਵਤੀਰੇ ਬਾਰੇ ਦੱਸਿਆ ਸੀ। ਉਹ ਆਪਣੀਆਂ ਗੱਲਾਂ ਹੀ ਮੰਨਵਾਉਂਦੇ ਸਨ ਧੀਆਂ ਦੀਆਂ ਨਹੀਂ ਸੁਣਦੇ ਸਨ। ਉਨ੍ਹਾਂ ’ਤੇ ਵਿਸ਼ਵਾਸ ਨਹੀਂ ਸਨ ਕਰਦੇ… ਭਾਰਤੀ ਰਸਮਾਂ–ਰਿਵਾਜ਼ਾਂ ਦੀ ਰਟ ਲਾਈ ਰੱਖਦੇ। ਉਨ੍ਹਾਂ ਗਰੁੱਪਾਂ ਵਿਚ ਸ਼ਿਕਾਇਤਾਂ ਕਰਨ ਵਾਲੀਆਂ ਕੁੜੀਆਂ ਦੇ ਡੈਡੀ ਤਾਂ ਹੋਰ ਕਮਰਿਆਂ ਵਿਚ ਸਨ, ਦੂਜੇ ਬੱਚਿਆਂ ਦੇ ਕੁਝ ਡੈਡੀ ਕੁੜੀਆਂ ਦੀਆਂ ਸ਼ਿਕਾਇਤਾਂ ’ਤੇ ਕੌੜ ਖਾ ਗਏ। ਕਹਿਣ ਲੱਗੇ, “ਸਾਨੂੰ ਗੋਰਿਆਂ ਦੀਆਂ ਰੀਸਾਂ ਨਹੀਂ ਕਰਨੀਆਂ ਚਾਹੀਦੀਆਂ। ਸਾਡਾ ਆਪਣਾ ਸਭਿਆਚਾਰ ਵਧੀਆ ਹੈ… ਕੁੜੀਆਂ ਨੂੰ ਘਰਾਂ ਦੀ ਇਜ਼ਤ ਦਾ ਖਿਆਲ ਰੱਖਣਾ ਚਾਹੀਦੈ।”

ਹਾਲ ਵਿਚ ਜਦੋਂ ਸਾਰੇ ਗਰੁੱਪ ਇਕੱਠੇ ਹੋ ਕੇ ਬੈਠਦੇ ਤਾਂ ਅਸੀਂ ਹੋਰ ਮੁੱਦਿਆਂ ਨਾਲ਼ ਕੁੜੀਆਂ ਦੀਆਂ ਸ਼ਿਕਾਇਤਾਂ ਵੀ ਉਭਾਰਦੇ ਤੇ ਮਾਪਿਆਂ ਨੂੰ ਸਮਝਾਉਂਦੇ ਕਿ ਧੀਆਂ ’ਤੇ ਇਸ ਤਰ੍ਹਾਂ ਦੀ ਸਖਤੀ ਵਾਜਬ ਨਹੀਂ। ਸਾਡੇ ਬੱਚਿਆਂ ’ਤੇ ਗੋਰੇ ਸਮਾਜ ਦਾ ਪ੍ਰਭਾਵ ਪੈਣਾ ਸੁਭਾਵਕ ਹੈ। ਕਨੇਡਾ ਦੇ ਕਾਨੂੰਨ ਹਰ ਵਿਅਕਤੀ ਨੂੰ ਆਜ਼ਾਦੀ ਨਾਲ਼ ਰਹਿਣ ਦਾ ਹੱਕ ਦੇਂਦੇ ਹਨ। ਬੇਲੋੜੇ ਸਖਤ ਵਤੀਰੇ ਤੋਂ ਅੱਕ ਕੇ ਬੱਚੇ ਬਾਗੀ ਹੋ ਸਕਦੇ ਹਨ। ਸਿਰਫ ਆਪਣੀਆਂ ਹੀ ਨਾ ਕਹੋ, ਉਨ੍ਹਾਂ ਦੀਆਂ ਵੀ ਸੁਣੋ। ਉਨ੍ਹਾਂ ’ਤੇ ਵਿਸ਼ਵਾਸ ਕਰੋ। ਫਿਰ ਬੱਚਿਆਂ ਨੂੰ ਵੀ ਸਮਝਾਉਂਦੇ ਕਿ ਬੇਲਗਾਮ ਆਜ਼ਾਦੀ ਠੀਕ ਨਹੀਂ। ਆਜ਼ਾਦੀ ਦੇ ਨਾਲ਼ ਜ਼ਿੰਮੇਵਾਰੀ ਦਾ ਅਹਿਸਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਮਾਪਿਆਂ ਦਾ ਵਿਸ਼ਵਾਸ ਤੋੜਨਾ ਨਹੀਂ ਚਾਹੀਦਾ। ਮਾਪੇ ਸਖਤ ਕਮਾਈਆਂ ਕਰਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਉਨ੍ਹਾਂ ਨੂੰ ਮਾਪਿਆਂ ਦਾ ਆਦਰ ਕਰਨਾ ਚਾਹੀਦੈ।

ਧੀਆਂ ’ਤੇ ਲੱਗੀਆਂ ਰੋਕਾਂ–ਟੋਕਾਂ ਅਤੇ ਕੁਝ ਡੈਡੀਆਂ ਦੀਆਂ ਰੋਕਾਂ–ਟੋਕਾਂ ਨੂੰ ਜਾਇਜ਼ ਠਹਿਰਾਉਂਦੀਆਂ ਗੱਲਾਂ ਤੋਂ ਮੈਨੂੰ ‘ਭਵਿੱਖ’ ਕਹਾਣੀ ਦਾ ਕੱਚਾ ਮਾਲ ਮਿਲ਼ ਗਿਆ। ਇਸ ਕਹਾਣੀ ਦੀ ਮੁੱਖ ਪਾਤਰ ਨਵਜੋਤ ਦਾ ਡੈਡੀ ਦਿਲਬਾਗ ਸਿੰਘ ਜਗੀਰੂ ਸੁਭਾਅ ਦਾ ਮਾਲਕ ਹੈ। ਉਹ ਪਤਨੀ ਤੇ ਦੋਨਾਂ ਧੀਆਂ ’ਤੇ ਦਾਬਾ ਪਾ ਕੇ ਰੱਖਦਾ ਹੈ। ਹਰਜੋਤ ਅਜੇ ਛੋਟੀ ਹੈ, ਨਵਜੋਤ ਜਵਾਨ ਹੋ ਰਹੀ ਹੈ। ਦਿਲਬਾਗ ਸਿੰਘ ਨੇ ਨਵਜੋਤ ਨੂੰ ਸਕੂਲ ਜਾਣ–ਆਉਣ ਲਈ ਸਿਰਫ ਦੱਸੇ ਹੋਏ ਰੂਟ ’ਤੇ ਹੀ ਪੈਰ ਧਰਨ ਅਤੇ ਅੱਖਾਂ ਨੀਵੀਆਂ ਕਰਕੇ ਤੁਰਨ ਦੀ ਸਖਤ ਹਦਾਇਤ ਕੀਤੀ ਹੋਈ ਏ। ਨਵਜੋਤ ਬਾਕੀ ਬੱਚਿਆਂ ਨਾਲ਼ ਸਕੂਲ ਕੈਂਪ ’ਤੇ ਜਾਣਾ ਚਾਹੁੰਦੀ ਹੈ ਪਰ ਉਹ ਇਜਾਜ਼ਤ ਨਹੀਂ ਦੇਂਦਾ।

ਨਵਜੋਤ ਦੀ ਪੜ੍ਹਾਈ ਤੇ ਕਨੇਡੀਅਨ ਜੀਵਨ–ਪ੍ਰਣਾਲੀ ਵਿਅਕਤੀ ਨੂੰ ਉਚਤਮ ਮੰਨਦੀ ਤੇ ਦ੍ਰਿੜਾਉਂਦੀ ਹੈ। ਪੰਛੀਆਂ ਵਾਂਗ ਖੁਲ੍ਹਾ ਉਡਣ ਦਾ ਹੱਕ ਦੇਂਦੀ ਹੈ। ਡੈਡੀ ਦੀ ਸਖਤੀ ਕਾਰਨ ਉਹ ਆਪਣੇ ਆਪ ਨੂੰ ਪਿੰਜਰੇ ’ਚ ਕੈਦ ਹੋਈ ਸਮਝਦੀ ਹੈ। ਉਹ ਇਹ ਸੋਚ ਕੇ ਹੈਰਾਨ ਹੋ ਰਹੀ ਹੈ ਕਿ ਉਸਨੂੰ ਜ਼ਿੰਦਗੀ ਦੀ ਭਰਪੂਰਤਾ ਨੂੰ ਵੇਖਣ–ਸਮਝਣ ਦੇ ਮੌਕਿਆਂ ਤੋਂ ਵਾਂਝਿਆ ਕਿਉਂ ਰੱਖਿਆ ਜਾ ਰਿਹਾ ਹੈ। ਡੈਡ ਦੀਆਂ ਕਨੇਡਾ ਆ ਕੇ ਆਪਣੀ ਕਰੜੀ ਮਿਹਨਤ ਦੀਆਂ ਮੁੜ–ਮੁੜ ਦੁਹਰਾਈਆਂ ਗੱਲਾਂ ਉਸਨੂੰ ਬੋਰ ਕਰਨ ਲੱਗ ਜਾਂਦੀਆਂ ਹਨ। ਉਸਦਾ ਜੀਅ ਕਰਦਾ ਹੈ ਕਿ ਡੈਡ ਨੂੰ ਪੁੱਛੇ ਕਿ ਉਸਦੀ ਜੱਦੋ–ਜਹਿਦ ਦਾ ਮਨੋਰਥ ਕੀ ਇਹ ਸੀ ਕਿ ਉਹ ਆਪਣੀ ਔਲਾਦ ਨੂੰ ਡੱਬੀ ’ਚ ਬੰਦ ਕਰਕੇ ਰੱਖੇ।

ਇਕ ਵੇਰਾਂ ‘ਮਦਰਜ਼ ਡੇਅ’ ’ਤੇ ਉਹ ਤੇ ਹਰਜੋਤ ਮੌਮ ਨੂੰ ਚਾਅ ਤੇ ਮੋਹ ਨਾਲ਼ ਕਾਰਡ ਦੇਂਦੀਆਂ ਹਨ। ਦੋਨਾਂ ਧੀਆਂ ਨੂੰ ਜੱਫੀ ’ਚ ਲੈ ਕੇ ਮੌਮ ਅਸੀਸ ਦੇਂਦੀ ਹੈ, “ਜਿਉਂਦੀਆਂ ਰਵ੍ਹੋ, ਖੂਬ ਪੜ੍ਹੋ ਤਾਂ ਕਿ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕੋ।” ਜਵਾਬ ਵਿਚ ਨਵਜੋਤ ਅੰਦਰਲੀ ਝੁੰਜਲਾਹਟ ਫੁੱਟ ਨਿਕਲ਼ਦੀ ਹੈ, “ਓ ਨੋ ਮੌਮ, ਕਿੱਦਾਂ ਖੜ੍ਹ ਹੋ ਜੇ ਗਾ। ਸਾਡੇ ਪੈਰ ਤਾਂ ਡੈਡ ਨੇ ਆਪਣੇ ਪੈਰਾਂ ਨਾਲ਼ ਬੰਨ੍ਹੇ ਹੋਏ ਆ।” ਉਸਨੂੰ ਮੌਮ ਦੇ ਅਤਿ ਸਹਿੰਦੜ ਵਿਹਾਰ ’ਤੇ ਹੈਰਾਨੀ ਹੋਣ ਲਗਦੀ ਹੈ ਜੋ ਘਰ ਦੀ ਇਜ਼ਤ ਬਣਾਈ ਰੱਖਣ ਲਈ ਡੈਡ ਦੀਆਂ ਵਧੀਕੀਆਂ ਸਹਾਰੀ ਜਾ ਰਹੀ ਹੈ।

ਘਰ ਦੇ ਅਤਿ ਸਖਤੀ ਵਾਲ਼ੇ ਮਾਹੌਲ ਵਿਚ ਘੁਟਣ ਮਹਿਸੂਸਦੀ ਨਵਜੋਤ ਮਾਨਸਿਕ ਦਵੰਦ ਦਾ ਸ਼ਿਕਾਰ ਹੋ ਜਾਂਦੀ ਹੈ। ਆਪਣੇ ਬੁਆਇ–ਫਰੈਂਡਾਂ ਨਾਲ਼ ਡੇਟਿੰਗ ਕਰਦੀਆਂ ਗੋਰੀਆਂ ਕੁੜੀਆਂ ਤੇ ਮੌਜ–ਮਸਤੀ ਕਰਦੀਆਂ ਕੁਝ ਪੰਜਾਬੀ ਮੂਲ ਦੀਆਂ ਜਮਾਤਣਾਂ ਦੇ ਅਸਰ ਹੇਠ ਉਹ ਰਣਬੀਰ ਨਾਂ ਦੇ ਨੌਜਵਾਨ ਨਾਲ਼ ਸਰੀਰਕ ਸੰਬੰਧ ਬਣਾ ਲੈਂਦੀ ਹੈ। ਇਹ ਪਤਾ ਲੱਗਣ ’ਤੇ ਕਿ ਰਨਬੀਰ ਡਰੱਗੀ ਕਿਸਮ ਦਾ ਵਿਗੜਿਆ ਹੋਇਆ ਮੁੰਡਾ ਹੈ ਉਹ ਉਸਨੂੰ ਲਾਹਨਤਾਂ ਪਾਉਂਦੀ ਹੋਈ ਸੰਬੰਧ ਤੋੜ ਲੈਂਦੀ ਹੈ। ਖੁਦ ਨੂੰ ਕੋਸਦੀ ਹੈ ਕਿ ਉਸਨੇ ਰਨਬੀਰ ਦੀਆਂ ਝੂਠੀਆਂ ਗੱਲਾਂ ’ਤੇ ਵਿਸ਼ਵਾਸ ਕਿਵੇਂ ਕਰ ਲਿਆ। ਰਨਬੀਰ ਸੰਬੰਧਾਂ ਦੀ ਗਲ ਨਵਜੋਤ ਦੇ ਡੈਡੀ ਨੂੰ ਦੱਸ ਦੇਂਦਾ ਹੈ। ਦਿਲਬਾਗ ਸਿੰਘ ਲਈ ਇਹ ਖਾਨਦਾਨ ਨੂੰ ਕਲੰਕਿਤ ਕਰਨ ਵਾਲ਼ੀ ਗੱਲ ਹੈ। ਉਹ ਨਵਜੋਤ ਦੀ ਕੁੱਟ–ਮਾਰ ਕਰਦਾ ਹੈ… ਨਵਜੋਤ ਸ਼ੈਲਟਰ ਹੋਮ ਵਿਚ ਚਲੀ ਜਾਂਦੀ ਹੈ… ਤੇ ਘਰ ਪਰਤਣ ਤੋਂ ਨਾਂਹ ਕਰ ਦੇਂਦੀ ਹੈ। ਧੀ ਨੂੰ ਕੁੱਟਣ ਦੇ ਦੋਸ਼ ਵਿਚ ਦਿਲਬਾਗ ਸਿੰਘ ਨੂੰ ਦੋ ਹਫਤੇ ਦੀ ਸਜ਼ਾ ਹੁੰਦੀ ਹੈ।

ਪੰਜਾਬੀ ਕਾਂਊਂਸਲਰ ਸਿੰਮੀ ਦੀ ਕਾਂਊਂਸਲਿੰਗ ਰਾਹੀਂ ਨਵਜੋਤ ਸੰਭਲਦੀ ਹੈ। ਪੜ੍ਹਾਈ ਨਾਲ਼ ਜੁੜਦੀ ਹੈ। ਤੇ ਹੈਮਿਲਟਨ ਸੱਥਿਤ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਦੀ ਡਿਗਰੀ ਹਾਸਲ ਕਰਦੀ ਹੈ। ਪੜ੍ਹਾਈ ਦੌਰਾਨ ਉਹ, ਸਿੰਮੀ ਦੀ ਗੋਰੀ ਦੋਸਤ, ਡੋਰਥੀ ਦੇ ਘਰ ਕਿਰਾਏ ’ਤੇ ਰਹਿੰਦੀ ਹੈ। ਡੋਰਥੀ ਨੂੰ ਨਵਜੋਤ ਨਾਲ਼ ਹੋਈ–ਬੀਤੀ ਦਾ ਪਤਾ ਹੈ। ਇਸ ਸੰਦਰਭ ਵਿਚ ਉਹ ਆਪਣਾ ਵਿਚਾਰ ਪੇਸ਼ ਕਰਦੀ ਹੈ, “ਨਵ! ਤੁਹਾਡੀ ਕਮਿਊਨਿਟੀ ’ਚ ਟੀਨਏਜਰਾਂ ਦੀ ਵੱਡੀ ਸਮੱਸਿਆ ਤਾਂ ਸਭਿਆਚਾਰਕ ਦਵੰਦ ਹੀ ਜਾਪਦੀ ਏ।”

“ਹਾਂ, ਪਰ ਇਹਦੇ ਨਾਲ਼ ਕੁਝ ਗੱਲਾਂ ਹੋਰ ਵੀ ਨੇ… ਸਾਡੇ ਮਾਪੇ ਸਾਡੇ ’ਤੇ ਵਿਸ਼ਵਾਸ ਨਹੀਂ ਕਰਦੇ, ਜਿਸ ਕਰਕੇ ਸਾਡੇ ਅੰਦਰ ਸਵੈਮਾਣ ਨਹੀਂ ਬਣਦਾ… ਸਾਡੀਆਂ ਈਮੋਸ਼ਨਲ ਲੋੜਾਂ ਸਾਨੂੰ ਬਾਹਰ ਝਾਕਣ ਲਾ ਦੇਂਦੀਆਂ ਨੇ। ਅਸੀਂ ਘਰਦਿਆਂ ਤੋਂ ਚੋਰੀਆਂ ਕਰਨ ਲੱਗ ਪੈਨੇ ਆਂ… ।” ਨਵਜੋਤ ਦੱਸਦੀ ਹੈ।

ਪਰ ਨਵਜੋਤ ਕਨੇਡਾ ਦੀ ਬੇਮੁਹਾਰ ਵਿਅਕਤੀਗਤ ਆਜ਼ਾਦੀ ਦੀ ਅਸਲੀਅਤ ਨੂੰ ਵੀ ਸਮਝਦੀ ਹੈ। ਇਸ ਸੰਬੰਧ ਵਿਚ ਉਹ ਡੋਰਥੀ ਨੂੰ ਕਹਿੰਦੀ ਹੈ, “ਡੋਰਥੀ! ਤੁਹਾਡੇ ਲੋਕਾਂ ਵਿਚ ਆਜ਼ਾਦੀ ਸਾਂਝ ਨੂੰ ਪਿਛਾਂਹ ਛੱਡਦੀ ਜਾ ਰਹੀ ਏ।”

“ਹਾਂ ਨਵ! ਏਸੇ ਕਰਕੇ ਹੀ ਤਾਂ ਸਾਡੇ ਰਿਸ਼ਤਿਆਂ ਦਾ ਹਾਲ ਏਨਾ ਮਾੜਾ ਆ।” ਡੋਰਥੀ ਸਵੀਕਾਰ ਕਰਦੀ ਹੈ।

ਇਸ ਕਹਾਣੀ ਸਮੇਤ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਮੈਂ ਇਹ ਦਰਸਾਇਆ ਹੈ ਕਿ ਸਿਹਤਵੰਦ ਸਮਾਜ ਦੀ ਸਿਰਜਣਾ ਵਾਸਤੇ ਨਾ ਤਾਂ ਪੂਰਬ ਦਾ ਵਿਅਕਤੀਵਾਦ ਵਿਰੋਧੀ ਕੱਟੜ ਰਵੱਈਆ ਸਹੀ ਹੈ ਤੇ ਨਾ ਹੀ ਪੱਛਮ ਦਾ ਬੇਮੁਹਾਰੀਆਂ ਖੁੱਲ੍ਹਾਂ ਵਾਲ਼ਾ ਵਿਅਕਤੀਵਾਦੀ ਰਵੱਈਆ। ਲੋੜ ਹਾਂ–ਮੁਖੀ ਸੰਤੁਲਨ ਲੱਭਣ ਦੀ ਹੈ।

ਸੈਮੀਨਾਰਾਂ ਵਿੱਚੋਂ ਮੈਨੂੰ ਉਪਰੋਕਤ ਕਹਾਣੀਆਂ ਦਾ ਕੱਚਾ ਮਾਲ ਤਾਂ ਮਿਲ਼ ਗਿਆ ਸੀ ਪਰ ਕਹਾਣੀਆਂ ਵਿਚਲੇ ਕਨੇਡਾ ਦੇ ਜੰਮਪਲ਼ ਟੀਨਏਜਰਾਂ ਦੀ ਗੱਲ–ਬਾਤ ਦੇ ਅੰਦਾਜ਼ ਬਾਰੇ ਭਰਵੀਂ ਜਾਣਕਾਰੀ ਨਹੀਂ ਸੀ। ਇਹ ਮੈਂ ਕਾਂਊਂਸਲਰ (ਹੁਣ ਵੱਡਾ ਅਫਸਰ) ਬਲਦੇਵ ਮੁੱਟਾ ਤੋਂ ਹਾਸਲ ਕੀਤੀ।

ਅਸੀਂ ਇਹ ਜਾਣਦੇ ਸਾਂ ਕਿ ਸੈਮੀਨਾਰਾਂ ਦੇ ਅਸਰ ਹੇਠ ਸਾਰੇ ਪਰਿਵਾਰਾਂ ਦੇ ਘਰਾਂ ਦਾ ਮਾਹੌਲ ਠੀਕ ਹੋ ਜਾਣਾ ਸੰਭਵ ਨਹੀਂ। ਸਾਡੀ ਕੋਸ਼ਿਸ਼ ਇਸ ਸਮੱਸਿਆ ਪ੍ਰਤੀ ਚੇਤਨਾ ਪੈਦਾ ਕਰਨ ਦੀ ਸੀ। ਕੋਸ਼ਿਸ਼ ਸਫਲ ਰਹੀ। ਕਾਫੀ ਪਰਿਵਾਰਾਂ ’ਚ ਮਾਪਿਆਂ ਤੇ ਬੱਚਿਆਂ ਵਿਚ ਤਾਲਮੇਲ ਸ਼ੁਰੂ ਹੋ ਗਿਆ ਸੀ। ਬੱਚਿਆਂ ਦੀ ਪੜ੍ਹਾਈ ਤੇ ਵਿਹਾਰ ਬਾਰੇ ਜਾਣਨ ਲਈ ਮਾਪਿਆਂ ਨੇ ਸਕੂਲਾਂ ਨਾਲ਼ ਰਾਬਤਾ ਬਣਾ ਲਿਆ ਸੀ। ਪੰਜਾਬੀ ਟੀਚਰਾਂ ਨੇ ਦੱਸਿਆ ਸੀ ਕਿ ਅਧਿਆਪਕਾਂ ਤੇ ਮਾਪਿਆਂ ਦੀਆਂ ਮੀਟਿੰਗਾਂ ਵਿਚ ਪੰਜਾਬੀ ਮਾਪਿਆਂ ਦੀ ਹਾਜ਼ਰੀ ਵਧੀ ਸੀ। ਆਮ ਬੱਚੇ ਗੈਂਗ ਵਾਲ਼ੇ ਮੁੰਡਿਆਂ ਪ੍ਰਤੀ ਸਾਵਧਾਨ ਹੋ ਗਏ ਸਨ। ਸਕੂਲਾਂ ਦੇ ਪ੍ਰਿਸੀਪਲਾਂ ਤੇ ਪੁਲਿਸ ਵਾਲਿਆਂ ਨੇ ਗੈਂਗ ਲੀਡਰਾਂ ਵਿਰੁਧ ਕਾਰਵਾਈ ਤੇਜ਼ ਕਰ ਦਿਤੀ ਸੀ। ਸਮਾਂ ਤਾਂ ਲੱਗਾ ਸੀ ਪਰ ਗੈਂਗ ਖਤਮ ਹੋ ਗਏ ਸਨ।

ਕਹਾਣੀ ‘ਪਰਛਾਵੇਂ’

ਇਹ ਕਹਾਣੀ ਇਕ ਅਜਿਹੇ ਪੰਜਾਬੀ ਮਰਦ ਦੀ ਗਾਥਾ ਹੈ ਜੋ ਵਿਆਹ–ਬਾਹਰੇ ਸੰਬੰਧਾਂ ਦਾ ਮਜ਼ਾ ਵੀ ਲੈ ਰਿਹਾ ਹੈ ਤੇ ਇਹ ਤਵੱਕੋ ਵੀ ਰੱਖਦਾ ਹੈ ਕਿ ਉਸਦੀ ਪਤਨੀ ਉਸ ਨਾਲ਼ ਜੁੜੀ ਰਹੇ। ਉਸਦਾ ਇਹ ਵਿਵਹਾਰ ਉਸਨੂੰ ਬਹੁਤ ਮਹਿੰਗਾ ਪੈਂਦਾ ਹੈ।

ਕਹਾਣੀ ਦਾ ਮੁੱਖ ਪਾਤਰ ਜਨਮੀਤ ਆਧੁਨਿਕ ਚੇਤਨਾ ਵਾਲ਼ਾ ਸਮਰੱਥ ਸ਼ਾਇਰ ਹੈ। ਪਰ ਮਰਦਾਵੀਂ ਹਉਮੈ ਕਾਰਨ ਉਹ ਆਪਣੀ ਚੇਤਨਾ ਦੇ ਹਾਣ ਦਾ ਨਹੀਂ ਬਣ ਸਕਿਆ। ਉਸਦੀ ਪਤਨੀ ਬਲਬੀਰ ਦ੍ਰਿੜ ਇਰਾਦੇ ਵਾਲ਼ੀ ਮਿਹਨਤੀ ਤੇ ਸੁਚੱਜੀ ਔਰਤ ਹੈ। ਉਹ ਸਹੁਰੇ–ਘਰ ਵਿੱਚੋਂ ਆਲਸ ਕੱਢਦੀ ਹੈ। ਤੇ ਫਿਰ ਪਰਿਵਾਰ ਦੀ ਬਿਹਤਰੀ ਵਾਸਤੇ ਗਹਿਣੇ ਵੇਚ ਕੇ ਪਤੀ ਨੂੰ ਕਨੇਡਾ ਭੇਜਦੀ ਹੈ।

ਜਨਮੀਤ ਕਨੇਡਾ ’ਚ ਜੌਬ ਦੇ ਨਾਲ਼–ਨਾਲ਼ ਅੰਗ੍ਰਜ਼ੀ ਦੀ ਪੜ੍ਹਾਈ ਵੀ ਕਰਦਾ ਹੈ। ਉਸਨੂੰ ਡਾਕਖਾਨੇ ਦੀ ਚੰਗੀ ਜੌਬ ਜਾਂਦੀ ਹੈ। ਪਰਵਾਸੀ ਜੀਵਨ ਨੂੰ ਨਵੇਂ ਬਿੰਬਾਂ ’ਚ ਢਾਲ਼ਦੀਆਂ ਉਸਦੀਆਂ ਕਵਿਤਾਵਾਂ ਦੀ ਸ਼ਲਾਘਾ ਹੋਣ ਲਗਦੀ ਹੈ। ਬੱਚਿਆਂ ਸਮੇਤ ਕਨੇਡਾ ਪਹੁੰਚ ਕੇ ਬਲਬੀਰ ਵੀ ਜੌਬ ਤੇ ਘਰ ਦੇ ਕੰਮਾਂ ਵਿਚ ਰੁਝ ਜਾਂਦੀ ਹੈ।

ਟਰਾਂਟੋ ਦੀ ਇਕ ਸਾਹਿਤ ਸਭਾ ਵਿਚ ਜਨਮੀਤ ਦੀ ਮੁਲਾਕਾਤ, ਸ਼ਰਬਤੀ ਅੱਖਾਂ ਵਾਲੀ ਮੁਟਿਆਰ ਨੀਲੂ ਨਾਲ਼ ਹੁੰਦੀ ਹੈ। ਸਾਹਿਤਕ ਰੁਚੀਆਂ ਵਾਲ਼ੀ ਨੀਲੂ ਤਲਾਕ–ਸ਼ੁਦਾ ਹੈ। ਉਹ ਜਨਮੀਤ ਦੀਆਂ ਕਵਿਤਾਵਾਂ ਦੀ ਪ੍ਰਸ਼ੰਸਕ ਵੀ ਹੈ ਤੇ ਅਲੋਚਕ ਵੀ। ਜਨਮੀਤ ਉਸ ਨਾਲ਼ ਸੰਬੰਧ ਬਣਾ ਲੈਂਦਾ ਹੈ।

ਉਨ੍ਹਾਂ ਦੇ ਸੰਬੰਧਾਂ ਬਾਰੇ ਪਤਾ ਲੱਗਣ ’ਤੇ ਬਲਬੀਰ ਦੇ ਦਿਲ ’ਤੇ ਸੱਟ ਵੱਜਦੀ ਹੈ। ਰੋਹ ਨਾਲ਼ ਭਰੀ ਉਹ ਪਤੀ ਨੂੰ ਪੁੱਛਦੀ ਹੈ ਕਿ ਉਸਨੇ ਇਹ ਕਾਰਾ ਕਿਉਂ ਕੀਤਾ?

“ਤੂੰ ਮੇਰੇ ’ਤੇ ਕੋਈ ਜੱਜ ਬਣ ਕੇ ਬੈਠੀ ਆਂ ਕਿ ਤੇਰੇ ਮੂਹਰੇ ਮੈਂ ਬਿਆਨ ਦੇਵਾਂ।” ਜਨਮੀਤ ਦਾ ਜਵਾਬ ਹੈ।

“ਮੈਂ ਜੱਜ ਤਾਂ ਨਹੀਂ ਪਰ ਮੈਨੂੰ ਆਪਣੀ ਗੋਲੀ ਵੀ ਨਾ ਸਮਝ ਰੱਖਿਓ। ਤੁਹਾਡੇ ਬਰਾਬਰ ਦਾ ਦਰਜਾ ਰੱਖਦੀ ਹਾਂ। ਤੇ ਤੁਹਾਨੂੰ ਪੁੱਛਣ ਦਾ ਹੱਕ ਵੀ… ।” ਬਲਬੀਰ ’ਤੇ ਕਨੇਡੀਅਨ ਔਰਤ ਦੀ ਸੁਤੰਤਰ ਹੋਂਦ ਦਾ ਪ੍ਰਭਾਵ ਹੈ।

ਪਤੀ ਦੇ ਵਿਵਹਾਰ ’ਚ ਕੋਈ ਫਰਕ ਨਾ ਦੇਖਦੀ ਹੋਈ ਬਲਬੀਰ ਆਖਦੀ ਹੈ, “ਏਦਾਂ ਨਹੀਂ ਘਰ ਵਸਦੇ ਹੁੰਦੇ।”

“ਨਹੀਂ ਵਸਦੇ ਨਾ ਵਸਣ, ਮੈਂ ਕੋਈ ਠੇਕਾ ਨਹੀਂ ਲਿਆ ਹੋਇਆ।” ਜਨਮੀਤ ਦੀ ਹਉਂ ਜਿਉਂ ਦੀ ਤਿਉਂ ਹੈ।

“ਘਰਾਂ–ਪਰਿਵਾਰਾਂ ਦੇ ਸਿਲਸਿਲੇ ਠੇਕੇ ’ਤੇ ਨਹੀਂ ਅਸੂਲਾਂ ’ਤੇ ਚਲਦੇ ਆ। ਉਹ ਅਸੂਲ ਜੇ ਤੁਹਾਨੂੰ ਨਹੀਂ ਮਨਜ਼ੂਰ ਤਾਂ ਪਾਸੇ ਹੋਵੋ।” ਬਲਬੀਰ ਆਪਣੇ ਸਟੈਂਡ ’ਤੇ ਦ੍ਰਿੜ ਹੈ… ਆਖਰ ਤਲਾਕ ਹੋ ਜਾਂਦਾ ਹੈ।

ਜਨਮੀਤ ਨੀਲੂ ਨਾਲ਼ ਪ੍ਰੇਮਿਕਾ ਦਾ ਰਿਸ਼ਤਾ ਹੀ ਰੱਖਣਾ ਚਾਹੁੰਦਾ ਹੈ। ਪਰ ਨੀਲੂ ਨੂੰ ਉਸਦੀ ਫਾਲਤੂ ਔਰਤ ਬਣਨਾ ਪ੍ਰਵਾਨ ਨਹੀਂ। ਉਹ ਨੌਜਵਾਨ ਸ਼ਾਇਰ ਹਰਪਾਲ ਵੱਲ ਝੁਕ ਜਾਂਦੀ ਹੈ।

ਬਲਬੀਰ ਤੇ ਨੀਲੂ ਕਨੇਡੀਅਨ ਔਰਤ ਦੇ ਮਰਦ ਨਾਲ਼ ਬਰਾਬਰੀ ਦੇ ਹੱਕਾਂ ਬਾਰੇ ਜਾਗਰੂਕ ਹਨ। ਪਰ ਉਨ੍ਹਾਂ ਦੇ ਜ਼ਿੰਦਗੀ ਜਿਊਣ ਦੇ ਢੰਗਾਂ ਵਿਚ ਅੰਤਰ ਹੈ। ਨੀਲੂ ਮਰਦਾਂ ਨਾਲ਼ ਰਿਸ਼ਤਿਆਂ ਦੇ ਜੋੜ–ਤੋੜ ਵਿਚ ਖੁੱਲ੍ਹ ਵਰਤਦੀ ਹੈ। ਪਰ ਬਲਬੀਰ ਤਲਾਕ ਤੋਂ ਬਾਅਦ ਆਪਣੇ ਸੁਪਨੇ ਧੀ–ਪੁੱਤ ਨਾਲ਼ ਜੋੜ ਲੈਂਦੀ ਹੈ। ਉਨ੍ਹਾਂ ਨੂੰ ਪੜ੍ਹਾਉਂਦੀ ਹੈ, ਧੀ ਦਾ ਵਿਆਹ ਕਰਦੀ ਹੈ। ਉਹ ਤਾਂ ਆਪਣੀ ਬਜ਼ੁਰਗ ਸੱਸ ਨਾਲ਼ ਵੀ ਜੁੜੀ ਰਹਿੰਦੀ ਹੈ।

‘ਦੋ ਟਾਪੂ’ ਤੋਂ ‘ਪਰਛਾਵੇਂ’ ਤੱਕ ਦੀਆਂ 6 ਕਹਣੀਆਂ ਨੂੰ ਮੈਂ ਵਾਰ–ਵਾਰ ਸੋਧਿਆ। ਇਹ ਕਹਾਣੀਆਂ ਸਿਰਜਣਾ, ਸਮਦਰਸ਼ੀ ਤੇ ਕਹਾਣੀ ਪੰਜਾਬ ਪਰਚਿਆਂ ਵਿਚ ਛਪੀਆਂ ਸਨ। ਪਰਚਿਆਂ ਵਿਚ ਛਪਣ ਤੋਂ ਬਾਅਦ ਵੀ ਮੈਂ ਸੋਧਾਂ ਕਰਦਾ ਰਿਹਾ।

ਇਨ੍ਹਾਂ ਕਹਾਣੀਆਂ ਬਾਰੇ ਮੈਂ ਆਪਣੇ ਦੋਸਤ ਕਿਰਪਾਲ ਸਿੰਘ ਪੰਨੂੰ ਦੀ ਰਾਇ ਲਈ। ਉਸਦੇ ਜਿਹੜੇ ਸੁਝਾਉ ਠੀਕ ਲੱਗੇ, ਉਹ ਮੈਂ ਪ੍ਰਵਾਨ ਕੀਤੇ। ਕਹਾਣੀਆਂ ਨੂੰ ਨੀਝ ਨਾਲ਼ ਟਾਈਪ ਕਰਕੇ ਕਿਤਾਬ ‘ਦੋ ਟਾਪੂ’ ਦਾ ਢਾਂਚਾ ਵੀ ਕੰਪਿਊਟਰ ਦੇ ਵਿਸ਼ੇਸ਼ਗ ਪੰਨੂੰ ਹੁਰਾਂ ਨੇ ਹੀ ਤਿਆਰ ਕੀਤਾ ਸੀ।

ਕਿਤਾਬ 1999 ’ਚ ਛਪੀ। ਛਪਦਿਆਂ ਸਾਰ ਹੀ ਚਰਚਾ ਸ਼ੁਰੂ ਹੋ ਗਈ… । ਕਈ ਪਰਚਿਆਂ ਤੇ ਅਖਬਾਰਾਂ ਵਿਚ ਪਾਜ਼ਿਟਿਵ ਰੀਵੀਊ ਛਪੇ।

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ ਵਿਚ 14 ਨਾਮਵਰ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਮੁੱਖ ਵਿਚਾਰ ਅੰਕਿਤ ਕਰ ਰਿਹਾਂ:

ਡਾ. ਕਰਮਜੀਤ ਸਿੰਘ ਨੇ ਮੇਰੇ ਪਹਿਲੇ ਤਿੰਨ ਕਹਾਣੀ ਸੰਗ੍ਰਿਹਾਂ ’ਤੇ ਵੀ ਪਰਚੇ ਲਿਖੇ ਸਨ। ਆਪਣੇ ਲੇਖ ਵਿਚ ਉਸਨੇ ਪਹਿਲਾਂ ਉਨ੍ਹਾਂ ਸੰਗ੍ਰਿਹਾਂ ’ਤੇ ਝਾਤ ਪੁਆਈ ਹੈ ਤੇ ਫਿਰ ‘ਦੋ ਟਾਪੂ’ ਦੀਆਂ ਕਹਾਣੀਆਂ ਦੇ ਵਿਸ਼ਾ ਵਸਤੂ, ਪੇਸ਼ਕਾਰੀ ਤੇ ਸ਼ਿਲਪ ਨੂੰ ਪੜਚੋਲਣ ਬਾਅਦ ਆਖਿਆ ਹੈ, ‘ਜਰਨੈਲ ਸਿੰਘ ਨੇ ‘ਦੋ ਟਾਪੂ’ ਕਹਾਣੀ ਸੰਗ੍ਰਿਹ ਰਾਹੀਂ ਇਕ ਵੱਡੀ ਪੁਲਾਂਘ ਪੁੱਟੀ ਹੈ ਤੇ ਉਸਨੇ ਪੰਜਾਬੀ ਕਹਾਣੀ ਸਾਹਿਤ ਵਿਚ ਆਪਣਾ ਥਾਂ ਸੁਰੱਖਿਅਤ ਕਰ ਲਿਆ ਹੈ।’

ਡਾ. ਧਨਵੰਤ ਕੌਰ ਅਨੁਸਾਰ, ‘ਪੱਛਮ ਦੇ ਵਿਅਕਤੀਵਾਦ ਵੱਲੋਂ ਐਲਾਨੀ ਆਜ਼ਾਦੀ ਸਾਹਵੇਂ ਰਿਸ਼ਤਿਆਂ ਦੀ ਤਿੜਕ ਰਹੀ ਸਾਂਝ ਦਾ ਪ੍ਰਤੱਖਣ ਜਰਨੈਲ ਸਿੰਘ ਦੀ ਕਹਾਣੀ ਚੇਤਨਾ ਨੂੰ ਕੁਝ ਅਹਿਮ ਮੁੱਦਿਆਂ ’ਤੇ ਕੇਂਦ੍ਰਿਤ ਕਰਦਾ ਹੈ:’

(1)ਸਾਂਝ ਤੇ ਸੁਤੰਤਰਤਾ ਦਾ ਕਿਹੜਾ ਅੰਦਾਜ਼, ਕਿਹੜਾ ਅਨੁਪਾਤ ਸਾਵੇਂ ਸੰਤੁਲਿਤ ਰਿਸ਼ਤਿਆਂ ਦਾ ਜਨਮਦਾਤਾ ਹੋ ਸਕਦਾ ਹੈ?

(2)ਬੰਦੇ ਦਾ ਸਵੈਮਾਣ ਕਿਸ ਓੜਕ ’ਤੇ ਪਹੁੰਚ ਕੇ ਬੰਦੇ ਨੂੰ ਬੰਦੇ ਨਾਲ਼ੋ ਤੋੜ ਦਿੰਦਾ ਹੈ?

(3)ਇਕ ਸੰਤੁਲਿਤ ਸ਼ਖਸੀਅਤ ਦੀ ਉਸਾਰੀ ਲਈ ਕਿੰਨਾ ਕੁ ਵਿਸ਼ਵਾਸ, ਕਿੰਨਾ ਕੁ ਮਾਣ, ਕਿੰਨੀ ਕੁ ਖੁੱਲ੍ਹ ਜਾਂ ਕਿੰਨੀ ਕੁ ਈਮੋਸ਼ਨਲ ਟੇਕ ਲੋੜੀਂਦੀ ਹੈ?

ਇਹ ਪ੍ਰਸ਼ਨ ਉਸਦੇ ਕਾਲਪਨਿਕ ਵੇਰਵਿਆਂ ਦੇ ਆਰਪਾਰ ਫੈਲੇ ਵਿਖਾਈ ਦਿੰਦੇ ਹਨ।

ਡਾ. ਬਲਦੇਵ ਸਿੰਘ ਧਾਲੀਵਾਲ ਕਹਾਣੀਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦਿਆਂ ਆਖਦਾ ਹੈ, ‘ਜਰਨੈਲ ਸਿੰਘ ਦੀਆਂ ਕਹਾਣੀਆਂ ਸਮੁੱਚੇ ਰੂਪ ਵਿਚ ਇਹ ਰਚਨਾ–ਵਿਵੇਕ ਸਿਰਜਦੀਆਂ ਹਨ ਕਿ ਵੱਡਾ ਮਸਲਾ ਪੂਰਬੀ ਜਾਂ ਪੱਛਮੀ ਸੰਸਕ੍ਰਿਤੀ ਦੇ ਸਰਵੋਤਮ ਜਾਂ ਤੁੱਛ ਹੋਣ ਦਾ ਨਹੀਂ ਬਲਕਿ ਅਤੀ ਵਿਕਸਿਤ ਪੂੰਜੀਵਾਦੀ ਪ੍ਰਬੰਧ ਵਿਚ ਮਨੁੱਖ ਦੇ ਕਿਸੇ ਵੀ ਤਰ੍ਹਾਂ ਦੇ ਸਭਿਆਚਾਰ ਨਾਲ਼ੋ ਟੁੱਟ ਕੇ ਵਸਤੂ ਰੂਪ ਵਿਚ ਪਰਿਵਰਤਤ ਹੋ ਜਾਣ ਦਾ ਹੈ।’

ਡਾ. ਸਰਬਜੀਤ ਸਿੰਘ ਨੇ ਕਹਾਣੀਆਂ ਦੀ ਬਾਰੀਕੀ ਨਾਲ਼ ਪੁਣ–ਛਾਣ ਕੀਤੀ ਹੈ। ਉਸਦਾ ਕਥਨ ਹੈ, ‘ਵਿਕਸਿਤ ਪੂੰਜੀਵਾਦ ਦੀ ਜਿਸ ਆਜ਼ਾਦੀ ਦਾ ਵਿਸ਼ਵ ਭਰ ਵਿਚ ਰਾਮ ਰੌਲ਼ਾ ਖੜਾ ਕੀਤਾ ਗਿਆ ਹੈ, ਉਸ ਨੂੰ ਜਰਨੈਲ ਸਿੰਘ ਨੇ ਪਰਿਸਥਿਤੀਆਂ ਦੇ ਸੰਦਰਭ ਵਿਚ ਸਮਝਣ ਲਈ ਸੰਵਾਦ ਉਤਪੰਨ ਕੀਤਾ ਹੈ… ਭਾਸ਼ਾ ਦੇ ਪ੍ਰਤੀਕੀਕਰਨ ਰਾਹੀਂ ਉਸਨੇ ਜੀਵਨ ਦੀ ਸੂਝ ਤੇ ਸੁਹਜ ਨੂੰ ਸਹਿਜ ਤੇ ਸੂਖਮ ਬਣਾ ਦਿੱਤਾ ਹੈ। ਭਾਸ਼ਾ ਦੇ ਪੱਖੋਂ ਸੁਚੇਚਤਾ ਤੇ ਉਸਦੀ ਗੰਭੀਰ ਤੇ ਸੰਜੀਦਗੀ ਨਾਲ਼ ਵਰਤੋਂ, ਬਦੇਸ਼ੀ ਪੰਜਾਬੀ ਕਹਾਣੀ ਦੇ ਸੁੱਘੜ ਹੋ ਜਾਣ ਦੀ ਗਵਾਹੀ ਭਰਦੀ ਹੈ।

ਡਾ. ਸੁਖਪਾਲ ਸਿੰਘ ਥਿੰਦ: ‘ਕਹਾਣੀ ‘ਦੋ ਟਾਪੂ’ ਦੀ ਕਥਾ–ਚੇਤਨਾ ਸਮੁੱਚੀਆਂ ਜੁਗਤਾਂ ਦੇ ਸੰਦਰਭ ਵਿਚ ਸਮੂਹਮੁਖੀ ਬੰਧੇਜੀ ਬਣਤਰਾਂ ਅਤੇ ਨਿਰੋਲ ਨਿੱਜਮੁਖਤਾ ਦੇ ਆਪਸੀ ਟਕਰਾਉ ਅਤੇ ਤਣਾਉ ਵਿਚ ਆਪਣਾ ਸੰਤੁਲਨ ਤਲਾਸ਼ਦੀ ਜਾਪਦੀ ਹੈ।’

ਡਾ. ਜਗਬੀਰ ਸਿੰਘ ਅਨੁਸਾਰ ‘ਦੋ ਟਾਪੂ’ ਪਰਵਾਸੀ ਸਾਹਿਤ ਦੀ ਪ੍ਰਮਾਣਿਕ ਟੈਕਸਟ ਹੋਣ ਦੇ ਨਾਲ਼–ਨਾਲ਼ ਵਿਸ਼ਵ ਪੰਜਾਬੀ ਸਹਿਤ ਦੀ ਵੀ ਮੁੱਲਵਾਨ ਪ੍ਰਾਪਤੀ ਹੈ।’

ਪਾਕਿਸਤਾਨ ਦੇ ਨਾਮਵਰ ਕਹਾਣੀਕਾਰ ਇਲਿਆਸ ਘੁੰਮਣ ਨੇ ‘ਦੋ ਟਾਪੂ’ ਕਿਤਾਬ ਸ਼ਾਹਮੁਖੀ ’ਚ ਲਿਪੀਆਂਤਰ ਕਰਕੇ ‘ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵਿਭਾਗ, ਲਾਹੌਰ’ ਰਾਹੀਂ ਛਪਵਾਈ।

ਹਿੰਦੀ ’ਚ ਅਨੁਵਾਦ ਸਾਹਿਤਕਾਰ ਸੋਮਾ ਸਬਲੋਕ ਨੇ ਕੀਤਾ। ਕਿਤਾਬ ਛਾਪੀ ਸੀ ‘ਚੇਤਨਾ ਪ੍ਰਕਾਸ਼ਨ, ਲੁਧਿਆਣਾ’ ਨੇ।

ਟੁਰ ਗਿਆ ਮਿੱਤਰ ਪਿਆਰਾ ਲੈਰੀ ਹਾਈਨ ਲੈਰੀ ਹਾਈਨ ਨਾਲ਼ ਸੰਪਰਕ ਟੁੱਟ ਚੁੱਕਾ ਸੀ। ਤਕਰੀਬਨ ਸਾਲ ਬਾਅਦ ਇਕ ਦਿਨ ਉਸਦੀ ਪਤਨੀ ਨੋਵਾ ਦਾ ਫੋਨ ਆਇਆ। ਉਸਨੇ ਦੱਸਿਆ ਕਿ ਉਨ੍ਹਾਂ ਨੇ ਰਿਹਾਇਸ਼ ਬਦਲ ਲਈ ਸੀ। “ਪਰ ਤੁਸੀਂ ਏਨਾ ਚਿਰ ਫੋਨ ਕਿਉਂ ਨਾ ਕੀਤਾ?” ਮੇਰੇ ਪ੍ਰਸ਼ਨ ਦੇ ਉਤਰ ਵਿਚ ਨੋਵਾ ਨੇ ਜੋ ਦੱਸਿਆ, ਸੁਣ ਕੇ ਮੇਰਾ ਸਾਹ ਸੂਤਿਆ ਗਿਆ। ਲੈਰੀ ਨੂੰ ਕੈਂਸਰ ਸੀ। ਉਹ ਬਿਮਾਰੀ ਨਾਲ਼ ਜੂਝਿਆ ਸੀ ਪਰ ਹਾਰ ਗਿਆ। ਹੁਣ ਉਹ ਕੁਝ ਦਿਨਾਂ ਦਾ ਮਹਿਮਾਨ ਸੀ। ਮੇਰੇ ਕਹਿਣ ’ਤੇ ਨੋਵਾ ਨੇ ਫੋਨ ਲੈਰੀ ਨੂੰ ਫੜਾ ਦਿੱਤਾ। ਕਮਜ਼ੋਰੀ ਕਾਰਨ ਉਸਨੂੰ ਬੋਲਣ ਵਿਚ ਤਕਲੀਫ ਹੋ ਰਹੀ ਸੀ। ਉਸ ਵੱਲੋਂ ਆਖੇ ‘ਹਾਇ ਸਮਾਲ ਬਰੱਦਰ’ ਦੇ ਸ਼ਬਦਾਂ ਵਿਚਲੇ ਸਨੇਹ ਨੂੰ ਮਹਿਸੂਸਦਿਆਂ ਮੈਂ ਭਾਵੁਕ ਹੋ ਗਿਆ… ਉਸਦਾ ਦੁੱਖ ਮਹਿਸੂਸ ਕਰਦਿਆਂ ਮੈਂ ਹਮਦਰਦੀ ਦੇ ਸ਼ਬਦ ਆਖੇ। ਕੁਝ ਕੁ ਦਿਨਾਂ ਬਾਅਦ ਦੁਖਦਾਈ ਖਬਰ ਆ ਗਈ। ਨੋਵਾ ਨੇ ਮੈਨੂੰ ਫਿਊਨਰਲ (ਸਸਕਾਰ) ਦਾ ਪ੍ਰੋਗਰਾਮ ਨੋਟ ਕਰਵਾ ਦਿੱਤਾ। ਫਲੂ ਹੋਣ ਕਰਕੇ ਮੇਰੀ ਸਿਹਤ ਠੀਕ ਨਹੀਂ ਸੀ। ਪਰ ਮੈਂ ਜਾਣ ਦਾ ਇਰਾਦਾ ਬਣਾ ਲਿਆ ਤੇ ਆਖ ਦਿੱਤਾ, “ਜ਼ਰੂਰ ਆਵਾਂਗਾ।”

ਪਰ ਤੀਜੇ ਦਿਨ ਸਵੇਰੇ ਜਦੋਂ ਫਿਊਨਰਲ ’ਤੇ ਜਾਣ ਲਈ ਤਿਆਰ ਹੋਣਾ ਸੀ, ਮਨ ਨੇ ਹੋਰ ਹੀ ਦਲੀਲ ਘੜ ਲਈ, ‘ਦੋ ਘੰਟੇ ਜਾਣ, ਦੋ ਘੰਟੇ ਆਉਣ, ਢਾਈ–ਤਿੰਨ ਘੰਟੇ ਦਾ ਫਿਊਨਰਲ ਪ੍ਰੋਗਰਾਮ, ਮੇਰਾ ਫਲੂ ਵਧ ਜਾਏਗਾ… ।’ ਮੈਂ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਮਨ ਵਿਚ ਲੈਰੀ ਨਾਲ਼ ਜੁੜੀਆਂ ਯਾਦਾਂ ਘੁੰਮਦੀਆਂ ਰਹੀਆਂ… ਕੁਝ ਘੰਟਿਆਂ ਬਾਅਦ ਮੇਰੀ ਆਤਮਾ ਮੈਨੂੰ ਕੋਸ ਰਹੀ ਸੀ, ‘ਬੰਦਿਆ! ਫਲੂ ਦੀ ਤੂੰ ਦਵਾਈ ਲੈ ਰਿਹਾਂ। ਇਹ ਕੰਟਰੋਲ ’ਚ ਐ। ਤੇਰੀ ਸਿਹਤ ਨੂੰ ਕੁਝ ਨਹੀਂ ਸੀ ਹੋਣਾ। ਅੱਜ ਜਦੋਂ ਉਸ ਪਿਆਰੇ ਇਨਸਾਨ ਦੀ ਆਤਮਾ ਦੀ ਸ਼ਾਂਤੀ ਬਾਬਤ ਅਰਦਾਸ ਵਿਚ ਸ਼ਾਮਲ ਹੋਣਾ ਸੀ, ਉਸ ਨਾਲ਼ ਗੂੜ੍ਹੀ ਦੋਸਤੀ ਦੀਆਂ ਯਾਦਾਂ, ਉਸਦੇ ਰਿਸ਼ਤੇਦਾਰਾਂ ਤੇ ਦੋਸਤਾਂ–ਮਿੱਤਰਾਂ ਨਾਲ਼ ਸਾਂਝੀਆਂ ਕਰਨੀਆਂ ਸਨ, ਤੂੰ ਘੇਸਲ ਵੱਟ ਗਿਐਂ। ਤੂੰ ਬਹੁਤ ਵੱਡੀ ਗਲਤੀ ਕੀਤੀ ਐ।’

ਅਗਲੇ ਦਿਨ ਮੈਂ ਫੋਨ ’ਤੇ ਨੋਵਾ ਤੋਂ ਮੁਆਫੀ ਮੰਗੀ। “ਪਰ ਤੂੰ ਤਾਂ ਕਿਹਾ ਸੀ ਜ਼ਰੂਰ ਆਵਾਂਗਾ।” ਨੋਵਾ ਦੀ ਟੋਨ ਉਲਾਭਾਂ ਦੇਣ ਵਰਗੀ ਸੀ।

“ਫਲੂ ਕਾਰਨ ਮੇਰੀ ਸਿਹਤ ਡਾਊਨ ਹੈ।” ਮੈਂ ਸਫਾਈ ਦਿੱਤੀ।

“ਇਜ਼ ਦੈਟ ਰਾਈਟ?”

ਨੋਵਾ ਦੀ ਆਖੀ ਇਸ ਗੱਲ ਦੇ ਦੋ ਭਾਵ-ਅਰਥ ਹਨ: ਦੂਜੇ ਬੰਦੇ ਦੀ ਗੱਲ ਨੂੰ ‘ਓ ਅੱਛਾ’ ਕਹਿਣ ਵਾਂਗ ਪੁਸ਼ਟ ਕਰਨਾ ਜਾਂ ਉਸਦੀ ਗੱਲ ’ਤੇ ਸ਼ੱਕ ਜ਼ਾਹਰ ਕਰਨਾ।

ਹੋ ਸਕਦੈ ਈਵਾ ਦਾ ਭਾਵ ਮੇਰੀ ਗੱਲ ਨੂੰ ਪੁਸ਼ਟ ਕਰਨਾ ਹੀ ਹੋਵੇ। ਪਰ ਜੋ ਭਾਵ ਮੇਰੀ ਆਤਮਾ ਨੇ ਸਮਝਿਆ ਉਹ ਸ਼ੱਕ ਵਾਲ਼ਾ ਸੀ। ਮੈਂ ਗਲਤ ਜੁ ਸਾਂ।

ਮੇਰੀਆਂ ਕੁਝ ਗਲਤੀਆਂ ਚੇਤਿਆਂ ਵਿੱਚੋਂ ਵਿਸਰ ਗਈਆਂ ਹਨ। ਪਰ ਕੁਝ ਗਲਤੀਆਂ ਮਨ ਦੀਆਂ ਡੂੰਘਾਈਆਂ ’ਚ ਉੱਤਰੀਆਂ ਹੋਈਆਂ ਹਨ। ਉਨ੍ਹਾਂ ਦਾ ਚੇਤਾ ਆਉਣ ’ਤੇ ਮੇਰੀ ਆਤਮਾ ਮੈਨੂੰ ਕੋਸਣ ਲੱਗ ਜਾਂਦੀ ਹੈ। ਲੈਰੀ ਹਾਈਨ ਦੀ ਫਿਊਨਰਲ ’ਤੇ ਨਾ ਜਾਣ ਦੀ ਗਲਤੀ ਇਸ ਕਿਸਮ ਦੀ ਹੈ।

ਕਨੇਡਾ ਦੇ ਲੰਮੇਰੇ ਆਰਥਿਕ ਮੰਦਵਾੜੇ ਕਾਰਨ ਦੇਸ਼ ਦਾ ਬੱਜਟ ਬਹੁਤ ਘਾਟੇ ਵਿਚ ਚਲਾ ਗਿਆ ਸੀ। 1993 ਦੀਆਂ ਫੈਡਰਲ ਚੋਣਾਂ ਵਿਚ ਬਹੁਮਤ ਲਿਬਰਲ ਪਾਰਟੀ ਨੂੰ ਮਿਲ਼ਿਆ। ਜੌਂ ਕਰੇਚੀਅਨ ਪ੍ਰਧਾਨ ਮੰਤਰੀ ਬਣਿਆਂ। ਅਰਥਚਾਰੇ ਦੀ ਘਾਟਾ–ਪੂਰਤੀ ਲਈ ਸਰਕਾਰੀ ਮਹਿਕਮਿਆਂ ਦੇ ਖਰਚਿਆਂ ’ਤੇ ਕਟੌਤੀਆਂ ਲੱਗ ਗਈਆਂ। ਬਾਕੀ ਮਹਿਕਮਿਆਂ ’ਤੇ ਤਾਂ ਥੋੜ੍ਹੀਆਂ ਹੀ ਸਨ ਪਰ ਫੌਜ ਦੇ ਮਹਿਕਮੇ ’ਤੇ ਵੱਡੀਆਂ ਕਟੌਤੀਆਂ ਲੱਗੀਆਂ। ਫੌਜ ਦੀ ਨਫਰੀ ਘਟਾਉਣ ਦੀ ਕਾਰਵਾਈ ਵੀ ਸ਼ੁਰੂ ਹੋ ਗਈ। ਕਨੇਡਾ ਦੀ ਭਾਸ਼ਾ ਵਿਚ ਇਸਨੂੰ ‘ਡਾਊਨਸਾਈਜ਼ਿੰਗ’ ਕਿਹਾ ਜਾਂਦਾ ਹੈ। ਜਿਹੜੇ ਫੌਜੀ ਰਿਟਾਇਰਮੈਂਟ ਦੇ ਲਾਗੇ ਸਨ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਗਿਆ। ਸੈਂਕੜੇ ਫੌਜੀ ਇਕੱਠੀ ਰਕਮ ਜਾਂ ਥੋੜ੍ਹੀ ਰਕਮ ਦੇ ਕੇ ਫਾਰਗ ਕਰ ਦਿਤੇ ਗਏ।

ਸਾਡੀ ਡਿਟੈਚਮੈਂਟ ’ਤੇ ਜੋ ਅਸਰ ਪਿਆ, ਉਹ ਬਾਅਦ ’ਚ ਦੱਸਾਂਗਾ। ਪਹਿਲਾਂ ਪੜ੍ਹੋ ਪ੍ਰਧਾਨ ਮੰਤਰੀ ਕਰੇਚੀਅਨ ਦੇ ਕਾਰਜ–ਕਾਲ ਦੌਰਾਨ ਕਨੇਡਾ ਦੀ ਸਿਆਸਤ ਵਿਚ ਵਾਪਰੀ ਵਿਕੋਲਿਤਰੀ ਘਟਨਾ:

ਕਨੇਡਾ ਦੇ ਸੂਬੇ ਕਿਉਬੈੱਕ ਵਿਚ ਵੱਡੀ ਗਿਣਤੀ ਫਰਾਂਸੀਸੀ ਮੂਲ ਦੇ ਕਨੇਡੀਅਨਾਂ ਦੀ ਹੈ। ਸੂਬੇ ਦੀ ਸਰਕਾਰੀ ਭਾਸ਼ਾ ਫਰੈਂਚ ਹੈ। ਤਕਰੀਬਨ 85% ਲੋਕ ਫਰੈਂਚ ਬੋਲਦੇ ਹਨ। ਸਰਕਾਰੀ ਭਾਸ਼ਾ ਹੋਣ ਕਰਕੇ ਗੈਰ–ਫਰਾਂਸੀਸੀ ਮੂਲ ਦੇ ਲੋਕਾਂ ਨੂੰ ਵੀ ਫਰੈਂਚ ਸਿਖਣੀ ਪੈਂਦੀ ਹੈ। ਫਰਾਂਸੀਸੀ ਮੂਲ ਦੇ ਸਿਆਸਤਾਨਦਾਨ ਚਿਰਾਂ ਤੋਂ ਕਿਉਬੈੱਕ ਵਾਸਤੇ ‘ਡਿਸਟਿੰਕਟ ਸੋਸਾਇਟੀ’ ਯਾਨਿ ਨਿਵੇਕਲਾ ਸਮਾਜ ਦੀ ਮੰਗ ਕਰ ਰਹੇ ਸਨ।

ਪਿਛਲੇ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ (ਕੰਜ਼ਰਵੇਟਿਵ ਪਾਰਟੀ) ਨੇ ਕਿਊਬੈੱਕ ਸਰਕਾਰ ਨਾਲ਼ ਸਮਝੌਤਾ ਕੀਤਾ ਸੀ। ਇਸਨੂੰ ‘ਮੀਚ ਲੇਕ ਅਕਾਰਡ’ ਕਿਹਾ ਜਾਂਦਾ ਹੈ। ਇਸ ਸਮਝੌਤੇ ਵਿਚ ਕਨੇਡਾ ਦੀ ਫੈਡਰਲ ਸਰਕਾਰ ਨੇ ਕਿਉਬੈੱਕ ਸੂਬੇ ਦੀ ‘ਡਿਸਟਿੰਕਟ ਸੁਸਾਇਟੀ’ ਦੀ ਮੰਗ ਪ੍ਰਵਾਨ ਕਰ ਲਈ ਸੀ। ਸਮਝੌਤੇ ਅਨੁਸਾਰ ਫਰੈਂਚ ਭਾਸ਼ਾ ਤੇ ਕਲਚਰ ਨੂੰ ਮਹੱਤਵ ਦੇਣ ਤੋਂ ਇਲਾਵਾ ਕਿਉਬੈੱਕ ਸੂਬੇ ਨੂੰ ਕੁਝ ਵੱਧ ਅਧਿਕਾਰ ਵੀ ਮਿਲ਼ ਜਾਣੇ ਸਨ।

ਉਸ ਸਮੇਂ ਪਾਰਲੀਮੈਂਟ ਵਿਚ ਲਿਬਰਲ ਪਾਰਟੀ ‘ਵਿਰੋਧੀ ਪਾਰਟੀ’ ਸੀ। ਇਸ ਪਾਰਟੀ ਦੇ ਨੇਤਾਵਾਂ ਵਿਸ਼ੇਸ਼ ਕਰਕੇ ਜੌਂ ਕਰੇਚੀਅਨ ਤੇ ਲੰਮਾ ਸਮਾਂ ਕਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਟਰੂਡੋ (ਅਜੋਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ) ਅਤੇ ਕੁਝ ਸੂਬਿਆਂ ਦੇ ਨੇਤਾਵਾਂ ਨੇ ‘ਮੀਚ ਲੇਕ ਅਕਾਰਡ’ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਤਰਕ ਇਹ ਸੀ ਕਿ ਕਨੇਡਾ ਬਹੁਸਭਿਆਚਾਰੀ ਦੇਸ਼ ਹੈ, ਇਸ ਕਰਕੇ ਫਰਾਂਸੀਸੀਆਂ ਨੂੰ ਨਿਵੇਕਲੀ/ ਵਿਸ਼ੇਸ਼ ਸੁਸਾਇਟੀ ਦਾ ਦਰਜਾ ਦੇਣਾ ਵਾਜਬ ਨਹੀਂ। ਅਕਾਰਡ ਸਾਰੇ ਸੂਬਿਆਂ ਦੀਆਂ ਅਸੈਂਬਲੀਆਂ ਵਿਚ ਪਾਸ ਹੋ ਕੇ ਹੀ ਸਿਰੇ ਚੜ੍ਹਨਾ ਸੀ। ਪਰ ਕੁਝ ਪ੍ਰੀਮੀਅਰ (ਮੁੱਖ ਮੰਤਰੀ) ਇਸ ਦੇ ਹੱਕ ਵਿਚ ਨਹੀਂ ਸਨ। ਸਮਝੌਤਾ ਫਿਹਲ ਹੋ ਗਿਆ।

ਕਿਊਬੈੱਕ ਦੇ ਚਿੜੇ ਹੋਏ ਨੇਤਾਵਾਂ ਨੇ ‘ਆਜ਼ਾਦ ਕਿਉਬੈੱਕ’ ਦੀ ਮੰਗ ਉਭਾਰ ਦਿੱਤੀ। ਕਿਉਬੈੱਕ ਵਿਚ ਸਰਕਾਰ ‘ਪਾਰਟੀ ਕਿਉਬੈੱਕਵਾ’ ਦੀ ਸੀ। ਪ੍ਰੀਮੀਅਰ ਯਾਕ ਪਰਿਸੋ ਨੇ ਆਜ਼ਾਦ ਕਿਉਬੈੱਕ ਦੀ ਮੰਗ ਬਾਰੇ ਰੈਫਰੈਂਡਮ ਯਾਨਿ ਰਾਇ ਸ਼ੁਮਾਰੀ ਕਰਵਾਉਣ ਦਾ ਐਲਾਨ ਕਰ ਦਿੱਤਾ। ਅਤੇ ਇਸ ਮੰਗ ਦੇ ਹੱਕ ਵਿਚ ਲੋਕਾਂ ਤੋਂ ‘YES’ (ਹਾਂ) ਵੋਟ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਮੁਹਿੰਮ ਦੀ ਅਗਵਾਈ ਕਿਊਬੈੱਕ ਦੀ ਫੈਡਰਲ ਪਾਰਟੀ ‘ਬਲਾਕ ਕਿਊਬੈਕਵਾ’ ਦੇ ਪ੍ਰਭਾਵਸ਼ਾਲੀ ਬੁਲਾਰੇ ਲੂਸੀਓ ਬੁਸ਼ਆਰਡ ਨੇ ਸਾਂਭ ਲਈ। ਉਸਦੇ ਚੁੰਬਕੀ ਭਾਸ਼ਣਾਂ ਤੋਂ ਪ੍ਰਭਾਵਿਤ ਹੋਏ ਆਮ ਲੋਕ ਆਜ਼ਾਦ ਕਿਉਬੈੱਕ ਦੇ ਹੱਕ ਵਿਚ ਭੁਗਤਣ ਲਈ ਤਿਆਰ ਹੋ ਗਏ।

ਇਸੇ ਤਰ੍ਹਾਂ ਦੀ ਰਾਇ ਸ਼ੁਮਾਰੀ 1980 ’ਚ ਵੀ ਹੋਈ ਸੀ। ਉਦੋਂ ‘ਨਾਂਹ (No) ਵੋਟ ਦੀ ਵੱਡੇ ਫਰਕ ਨਾਲ਼ ਜਿੱਤ ਹੋਈ ਸੀ। ਪ੍ਰਧਾਨ ਮੰਤਰੀ ਜੌਂ ਕਰੇਚੀਅਨ ਐਤਕੀਂ ਵੀ ‘ਨੋ’ ਵੋਟ ਦੀ ਜਿੱਤ ਦੀ ਆਸ ਲਾਈ ਬੈਠਾ ਸੀ। ਪਰ ਉਲਟੇ ਰੁੱਖ ਦੀ ਹਵਾ ਨੇ ਉਸਦੇ ਤੇ ਉਸਦੀ ਸਰਕਾਰ ਦੇ ਹੋਸ਼ ਉਡਾ ਦਿੱਤੇ। ਫੈਡਰਲ ਸਰਕਾਰ ਵੱਲੋਂ ਕਿਉਬੈੱਕ ਦੇ ਸ਼ਹਿਰ ਮਾਂਟਰੀਆਲ ਵਿਖੇ ਵੱਡੀ ਰੈਲੀ ਕੀਤੀ ਗਈ। ਪਰ ਕੋਈ ਖਾਸ ਫਰਕ ਨਾ ਪਿਆ। ਉਦੋਂ ਸਥਿਤੀ ਹੋਰ ਵੀ ਡਾਵਾਂਡੋਲ ਹੋ ਗਈ ਜਦੋਂ ਫਰਾਂਸ ਨੇ ਐਲਾਨ ਕਰ ਦਿੱਤਾ ਕਿ ਜੇ ਕਿਉਬੈੱਕ ਵੱਖਰਾ ਦੇਸ਼ ਬਣ ਗਿਆ, ਫਰਾਂਸ ਮਾਨਤਾ ਦੇਵੇਗਾ ਤੇ ਯੌਰਪ ਦੇ ਹੋਰ ਦੇਸ਼ਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰੇਗਾ। ਕਰੇਚੀਅਨ ਨੇ ਅੰਦਰਖਾਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਸੰਯੁਕਤ ਕਨੇਡਾ ਦੇ ਹੱਕ ਵਿਚ ਸਟੇਟਮੈਂਟ ਦੇਣ ਲਈ ਗੁਜ਼ਾਰਿਸ਼ ਕੀਤੀ। ਬਿੱਲ ਕਲਿੰਟਨ ਨੇ ਇਕ ਟੀ. ਵੀ ਇੰਟਰਵਿਊ ਵਿਚ ਕਨੇਡਾ ਦੀ ਫੈਡਰਲ ਸਰਕਾਰ ਦਾ ਪੱਖ ਪੂਰਦਿਆਂ ਇਹ ਵੀ ਆਖ ਦਿੱਤਾ ਕਿ ਆਜ਼ਾਦ ਕਿਉਬੈੱਕ ਨੂੰ ਅਮਰੀਕਾ, ਕਨੇਡਾ ਤੇ ਮੈਕਸੀਕੋ ਦੇ ‘ਫਰੀ ਟਰੇਡ ਐਗਰੀਮੈਂਟ’ ਦਾ ਮੈਂਬਰ ਨਹੀਂ ਮੰਨਿਆਂ ਜਾਵੇਗਾ।

ਪਰ ਕਿਉਬੈੱਕ ਦੇ ਲੋਕ ਆਪਣੀ ਮੰਗ ’ਤੇ ਤੁਲੇ ਹੋਏ ਸਨ। 30 ਅਕਤੂਬਰ, 1995 ਨੂੰ ਰਾਇ ਸ਼ੁਮਾਰੀ ਦੀਆਂ ਵੋਟਾਂ ਪਈਆਂ। 49. 42% ਵੋਟਰ ਆਜ਼ਾਦ ਕਿਉਬੈੱਕ ਦੇ ਹੱਕ ਵਿਚ ਭੁਗਤੇ ਅਤੇ 50. 58% ਵੋਟਰ ਵਿਰੋਧ ਵਿਚ। ਟੁੱਟਣ ਕਿਨਾਰੇ ਪਹੁੰਚਿਆ ਕਨੇਡਾ ਮਾਮੂਲੀ ਜਿਹੇ ਫਰਕ ਨਾਲ਼ ਬਚ ਗਿਆ।

ਪਾਰਟੀ ਕਿਉਬੈੱਕਵਾ ਦੇ ਨੇਤਾ ਮੁੜ ਰਾਇਸ਼ੁਮਾਰੀ ਕਰਵਾਉਣ ਦੀਆਂ ਗੱਲਾਂ ਕਰਨ ਲੱਗ ਪਏ। ਫੈਡਰਲ ਸਰਕਾਰ ਨੇ, ਰੈਫਰੈਂਡਮ ਬਾਰੇ ਕਾਨੂੰਨੀ ਉੱਚਿਤਤਾ ਪੜਤਾਲਣ ਲਈ, ਮਾਮਲਾ ਕਨੇਡਾ ਦੀ ਸੁਪਰੀਮ ਕੋਰਟ ਦੇ ਹਵਾਲੇ ਕਰ ਦਿੱਤਾ। ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਕਿ ਕਿਉਬੈੱਕ ਨੂੰ ਕਨੇਡਾ ਨਾਲ਼ੋਂ ਇਕਤਰਫਾ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ।

ਫੌਜ ਦੇ ਮਹਿਕਮੇ ’ਤੇ ਲੱਗੀਆਂ ਕਟੌਤੀਆਂ ਦਾ ਅਸਰ ਸਾਡੇ ਵਾਲ਼ੇ ਬੇਸ ’ਤੇ ਵੀ ਪਿਆ। ਸਪਲਾਈ ਡਿੱਪੋ ਨੂੰ ਮਾਂਟਰੀਆਲ ਸ਼ਿਫਟ ਕਰਨ ਦੇ ਆਰਡਰ ਹੋ ਗਏ। ਬੇਸ ਤੋਂ ਬਾਹਰਲੀਆਂ ਯੁਨਿਟਾਂ ਦਾ ਆਸੇ ਪਾਸੇ ਰਲੇਵਾਂ ਸ਼ੁਰੂ ਹੋ ਗਿਆ। ਫਲਸਰੂਪ ਕਮਿਸ਼ਨੇਅਰਜ਼ ਦੀਆਂ ਪੋਸਟਾਂ ਘਟ ਗਈਆਂ ਤੇ ਡਿਟੈਚਮੈਂਟ ਛੋਟੀ ਹੋ ਗਈ। ਸ਼ੈਰੀ ਦੀ ਬਦਲੀ ਕਿਸੇ ਹੋਰ ਡਿਟੈਚਮੈਂਟ ’ਚ ਹੋ ਗਈ। ਵਿਹਲੇ ਹੋਏ ਕਮਿਸ਼ਨੇਅਰਜ਼ ਕਿਤੇ ਨਾ ਕਿਤੇ ਐਡਜਸਟ ਹੋ ਜਾਣੇ ਸਨ।

ਏਅਰਪੋਰਟ ’ਤੇ ਪੋਸਟਿੰਗ

ਅਸੀਂ ਬਰੈਂਪਟਨ ਵਿਚ ਘਰ ਖਰੀਦ ਲਿਆ ਸੀ। ਉੱਥੋਂ ਏਅਰਪੋਰਟ ਲਾਗੇ ਸੀ। ਸੋ ਮੇਰੀ ਦਿਲਚਸਪੀ ਏਅਰਪੋਰਟ ਦੀ ਡਿਟੈਚਮੈਂਟ ’ਚ ਸੀ। ਅਪਰੇਸ਼ਨਜ਼ ਅਫਸਰ ਕਹਿਣ ਲੱਗਾ ਕਿ ੳੱਥੇ ਵਾਰੰਟ ਅਫਸਰ ਦੀ ਖਾਲੀ ਜਗ੍ਹਾ ਹੈ ਨ੍ਹੀਂ। ਮੈਂ ਆਖ ਦਿੱਤਾ ਕਿ ਜਦੋਂ ਖਾਲੀ ਹੋਈ ਉਦੋਂ ਬਣਾ ਦਿਓ ਵਾਰੰਟ ਅਫਸਰ। ਮੇਰੀ ਦਿਲਚਸਪੀ ਇਸ ਕਰਕੇ ਵੀ ਸੀ ਕਿ ਏਅਰਪੋਰਟ ’ਤੇ ਕਮਿਸ਼ਨੇਅਰਾਂ ਦੀ ਤਨਖਾਹ ਦਾ ਰੇਟ ਜ਼ਿਆਦਾ ਸੀ। ਸ਼ਿਫਟਾਂ ਬਾਰਾਂ–ਬਾਰਾਂ ਘੰਟਿਆਂ ਦੀਆਂ ਸਨ। ਚਾਰ ਦਿਨ ਕੰਮ ਤੇ ਤਿੰਨ ਦਿਨ ਆਫ। ਮੈਨੂੰ ਲਿਖਣ–ਪੜ੍ਹਨ ਵਾਸਤੇ ਜ਼ਿਆਦਾ ਸਮਾਂ ਮਿਲ਼ ਸਕਦਾ ਸੀ। ਏਅਰਪੋਰਟ ’ਤੇ ਸਾਡੀ ਵੱਡੀ ਡਿਟੈਚਮੈਂਟ ਸੀ। ਲੈਫਟੀਨੈਂਟ ਗੌਰਡਨ ਡਿਟੈਚਮੈਂਟ ਕਮਾਂਡਰ ਸੀ। ਚਾਰ ਵਾਰੰਟ ਅਫਸਰ ਸੁਪਰਵਾਇਜ਼ਰੀ ਡਿਊਟੀਆਂ ਨਿਭਾਉਂਦੇ ਸਨ।

ਟਰਾਂਟੋ ਇੰਟਰਨੈਸ਼ਨਲ ਏਅਰਪੋਰਟ ਕਨੇਡਾ ਦੀ ਸਭ ਤੋਂ ਵੱਡੀ ਤੇ ਬਿਜ਼ੀ ਏਅਰਪੋਰਟ ਹੈ। ਪ੍ਰਬੰਧ ਗਰੇਟਰ ਟਰਾਂਟੋ ਏਅਰਪੋਰਟ ਅਥਾਰਿਟੀ ਦੇ ਹੱਥਾਂ ਵਿਚ ਹੈ।

ਏਅਰਪੋਰਟ ’ਤੇ ਦੋ ਤਰ੍ਹਾਂ ਦੇ ਏਰੀਏ ਸਨ— ਆਮ ਏਰੀਆ ਤੇ ਬੰਦਸ਼ੀ ਏਰੀਆ (Restricted Area)। ਮੁਸਾਫਰਾਂ ਦੀ ਸਕਰੀਨਿੰਗ ‘ਗਰੁੱਪ 4’ ਨਾਂ ਦੀ ਸਕਿਉਰਟੀ ਕੰਪਨੀ ਕਰਦੀ ਸੀ। ਕਮਿਸ਼ਨੇਅਰਜ਼ ਬੰਦਸ਼ੀ ਏਰੀਏ ਨੂੰ ਜਾਂਦੇ ਰਾਹਾਂ ’ਤੇ ਬਣੀਆਂ ਪੋਸਟਾਂ ’ਤੇ ਤਾਇਨਾਤ ਸਨ। ਹਰ ਪੋਸਟ ਤੇ ਮੇਜ਼, ਕੁਰਸੀ ਅਤੇ ਟੈਲੀਫੋਨ ਹੁੰਦਾ ਸੀ। ਬੰਦਸ਼ੀ ਏਰੀਏ ਵਿਚ ਸਿਰਫ ਪਾਸ ਵਾਲੇ ਹੀ ਜਾ ਸਕਦੇ ਸਨ। ਛੋਟੇ ਤੋਂ ਵੱਡੇ ਹਰ ਕਰਮਚਾਰੀ ਨੂੰ ਪਾਸ ਦਿਖਾਉਣ ਤੇ ਕਮਿਸ਼ਨੇਅਰਾਂ ਵੱਲੋਂ ਚੰਗੀ ਤਰ੍ਹਾਂ ਚੈੱਕ ਕਰਨ ਦੀਆਂ ਸਖਤ ਹਦਾਇਤਾਂ ਸਨ। ਏਅਰਪੋਰਟ ਦੀ ਮੈਨੇਜਮੈਂਟ ਦੇ ਵੱਡੇ ਅਧਿਕਾਰੀ ਵੀ ਪਾਸ ਦਿਖਾਉਣਾ ਆਪਣਾ ਫਰਜ ਸਮਝਦੇ ਸਨ। ਕਮਿਸ਼ਨੇਅਰਾਂ ਵੱਲੋਂ ਪਾਸ ਚੈੱਕ ਕਰਨ ’ਚ ਕੀਤੀ ਅਣਗਹਿਲੀ ਵੱਡੀ ਕੁਤਾਹੀ ਮੰਨੀ ਜਾਂਦੀ ਸੀ।

ਮੈਨੂੰ ਟਰਮੀਨਲਾਂ ਅੰਦਰ ਪੈਟਰੋਲਿੰਗ ਦੀ ਡਿਊਟੀ ਦਿੱਤੀ ਗਈ। ਮੇਰੇ ਨਾਲ਼ ਇਕ ਹੋਰ ਕਮਿਸ਼ਨੇਅਰ ਵੀ ਪੈਟਰੋਲਿੰਗ ਕਰਦਾ ਸੀ। ਪਰ ਸਾਡੇ ਪੈਟਰੋਲਿੰਗ–ਰੂਟ ਵੱਖ–ਵੱਖ ਹੁੰਦੇ ਸਨ। ਦੋਨਾਂ ਕੋਲ਼ ਵਾਕੀ–ਟਾਕੀ ਸਨ। ਪੈਟਰੋਲਿੰਗ ਦੌਰਾਨ, ਹਮੇਸ਼ਾ ਬੰਦ ਰੱਖੇ ਜਾਂਦੇ, ਦਰਵਾਜ਼ਿਆਂ ਨੂੰ ਚੈੱਕ ਕਰਨਾ, ਸ਼ੱਕੀ ਬੰਦਿਆਂ ’ਤੇ ਨਿਗ੍ਹਾ ਰੱਖਣਾ ਅਤੇ ਕਿਸੇ ਕਮਿਸ਼ਨੇਅਰ ਦੇ ਕੰਮ ਵਿਚ ਨਜ਼ਰ ਆਉਂਦੀ ਢਿੱਲ-ਮੱਠ ਬਾਰੇ ਡਿਟੈਚਮੈਂਟ ਕਮਾਂਡਰ ਨੂੰ ਦੱਸਣਾ, ਸਾਡੇ ਮੁੱਖ ਕੰਮ ਸਨ। ਏਅਰਪੋਰਟ ਅਥਾਰਿਟੀ ਦੇ ਕਰਮਚਾਰੀ ਵੀ ਸਕਿਓਰਟੀ ਕੰਟਰੋਲ ਸੈਂਟਰ ’ਚ ਲੱਗੇ ਵੱਡੀਆਂ ਸਕਰੀਨਾਂ ਵਾਲ਼ੇ ਮੌਨੀਟਰਾਂ ਰਾਹੀਂ ਏਅਰਪੋਰਟ ਦੇ ਹਰ ਕੋਨੇ ’ਤੇ ਨਿਗ੍ਹਾ ਰੱਖਦੇ ਸਨ। ਕਿਸੇ ਵਿਅਕਤੀ ਵੱਲੋਂ ਜਾਣੇ-ਅਣਜਾਣੇ ਹਮੇਸ਼ਾ ਬੰਦ ਰੱਖੇ ਜਾਣ ਵਾਲ਼ਾ ਕੋਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਜਾਂ ਕਿਸੇ ਪਾਸੇ ਕੋਈ ਸ਼ੱਕੀ ਹਰਕਤ ਦੇਖ ਕੇ ਉਹ ਸਾਨੂੰ ਵਾਕੀ-ਟਾਕੀ ’ਤੇ ਸੂਚਿਤ ਕਰ ਦੇਂਦੇਂ। ਮੈਂ ਜਾਂ ਦੂਜਾ ਪੈਟਰੋਲਮੈਨ ਸਥਿਤੀ ਨੂੰ ਪੜਤਾਲਣ ਲਈ ਦੱਸੀ ਹੋਈ ਲੋਕੇਸ਼ਨ ’ਤੇ ਪਹੁੰਚ ਜਾਂਦੇ।

ਸ਼ੁਰੂ ਦੇ ਦਿਨਾਂ ’ਚ ਇਕ ਅਮਰੀਕਨ ਮੁਸਾਫਰ ਨੇ ਮੈਨੂੰ ਪੁੱਛਿਆ ਕਿ ‘ਰੈਸਟ ਰੂਮ’ ਕਿੱਥੇ ਹਨ। ਟਰਮੀਨਲਾਂ ਵਿਚਲੀਆਂ ਥਾਵਾਂ ਬਾਰੇ ਮੈਨੂੰ ਜਾਣਕਾਰੀ ਤਾਂ ਸੀ ਪਰ ‘ਰੈਸਟ ਰੂਮ’ ਪਹਿਲੀ ਵਾਰ ਸੁਣਿਆਂ। ਮੈਂ ਦੂਜੇ ਪੈਟਰੋਲਮੈਨ ਨੂੰ ਰੇਡੀਓ’ ਤੇ ਪੁੱਛਿਆ। ਉਸ ਤੋਂ ਪਤਾ ਲੱਗਾ ਕਿ ਅਮਰੀਕਨ ਵਾਸ਼ਰੂਮ ਨੂੰ ‘ਰੈਸਟ ਰੂਮ’ ਆਖਦੇ ਹਨ। ਮੈਂ ਮੁਸਾਫਰ ਨੂੰ ਫਾਸਲੇ ’ਤੇ ਸਥਿਤ ਵਾਸ਼ਰੂਮ ਵੱਲ ਤੋਰ ਦਿੱਤਾ। ਵਾਸ਼ਰੂਮ ਨੂੰ ‘ਰੈਸਟ ਰੂਮ’ ਆਖਣਾ ਸਾਰਥਕ ਨਹੀਂ ਜਾਪਦਾ। ਲਗਦਾ ਹੈ ਕਿ ਅਮਰੀਕਨਾਂ ਨੇ ਆਪਣੇ–ਆਪ ਨੂੰ ਵੱਖਰਾ–ਵਿਸ਼ੇਸ਼ ਬਣਾਉਣ ਲਈ ਅਜਿਹਾ ਕੀਤਾ ਹੈ।

ਕਨੇਡਾ, ਅਮਰੀਕਾ ਤੇ ਯੌਰਪ ਦੇ ਲੋਕ ਹਵਾਈ ਸਫਰ ਜ਼ਿਆਦਾ ਕਰਦੇ ਹਨ। ਏਅਰਪੋਰਟ ’ਤੇ ਮੇਲੇ ਵਰਗਾ ਮਾਹੌਲ ਹੁੰਦਾ ਸੀ। ਮੈਨੂੰ ਆਪਣੀ ਡਿਊਟੀ ਪਸੰਦ ਸੀ। ਇਕ ਪੋਸਟ ’ਤੇ ਬੱਝੇ ਰਹਿਣ ਦੀ ਬਜਾਇ ਤੁਰ ਫਿਰ ਕੇ ਮੇਲਾ ਦੇਖਣਾ ਚੰਗਾ ਲਗਦਾ ਸੀ। ਅਨੇਕਾਂ ਦੇਸ਼ਾਂ ਦੇ ਕਈ ਤਰ੍ਹਾਂ ਦੇ ਰੰਗਾਂ, ਨਸਲਾਂ ਤੇ ਅਕੀਦਿਆਂ ਵਾਲ਼ੇ ਲੋਕਾਂ ਨੂੰ ਵੇਖਣ–ਗੌਲਣ ਦੇ ਮੌਕੇ ਮਿਲ਼ ਰਹੇ ਸਨ।

ਇਕ ਦਿਨ ਪੈਟਰੋਲਿੰਗ ਕਰਦਿਆਂ ਮੈਂ ਦੇਖਿਆ ਕਿ ਕਮਿਸ਼ਨੇਅਰ ਬੌਬ ਸਮਿੱਥ ਆਪਣੀ ਪੋਸਟ ’ਤੇ ਨਹੀਂ ਸੀ। ਉਹ ਪੋਸਟ ਇਕ ਦਰਵਾਜ਼ੇ ’ਤੇ ਸੀ ਜਿਸਦੇ ਅੰਦਰਲੇ ਪਾਸੇ ਏਅਰ ਕਨੇਡਾ ਦੇ ਜਹਾਜ਼ ਆ-ਜਾ ਰਹੇ ਸਨ। ਦਰਵਾਜ਼ੇ ਰਾਹੀਂ ਜ਼ਿਆਦਾ ਆਵਾਜਾਈ ਜਹਾਜ਼ਾਂ ਦੇ ਤਕਨੀਸ਼ਨਾਂ ਦੀ ਸੀ। ਟਰਮੀਨਲ ਦੇ ਆਮ ਏਰੀਏ ਤੋਂ ਪੋਸਟ ਤੱਕ ਆਉਂਦੀ ਗਲ਼ੀ ਦੇ ਇਕ ਪਾਸੇ ਕੈਫੇਟੇਰੀਆ (ਭੋਜਨਸ਼ਾਲਾ) ਸੀ। ਆਮ ਏਰੀਏ ਤੋਂ ਪੋਸਟ ਤੱਕ ਦਾ ਫਾਸਲਾ 150 ਮੀਟਰ ਤੇ ਕੈਫੇਟੇਰੀਆ ਤੋਂ 80 ਮੀਟਰ ਸੀ। ਬੌਬ ਗਲ਼ੀ ਦੇ ਆਮ ਏਰੀਏ ਵੱਲ ਖਲੋਤਾ, ਆਉਂਦੇ-ਜਾਂਦੇ ਲੋਕਾਂ ਵੱਲ ਦੇਖ ਰਿਹਾ ਸੀ। ਮੈਨੂੰ ਦੇਖ ਕੇ ਉਹ ਪੋਸਟ ’ਤੇ ਆ ਗਿਆ।

ਉਸਨੂੰ ਏਅਰਪੋਰਟ ਡਿਟੈਚਮੈਂਟ ’ਚ ਆਇਆਂ ਕੁਝ ਕੁ ਦਿਨ ਹੀ ਹੋਏ ਸਨ। “ਬੌਬ! ਤੈਨੂੰ ਇਸ ਤਰ੍ਹਾਂ ਪੋਸਟ ਨਹੀਂ ਛੱਡਣੀ ਚਾਹੀਦੀ। ਕੋਈ ਗਲਤ ਬੰਦਾ ਏਅਰਸਾਈਡ ’ਚ ਜਾ ਸਕਦੈ।” ਮੈਂ ਸਮਝਾਉਣ ਦੇ ਰਉਂ ’ਚ ਆਖਿਆ।

“ਏਧਰ ਨੂੰ ਹਰ ਬੰਦੇ ਨੇ ਆੳਣਾ ਤਾਂ ਓਥੋਂ ਦੀ ਹੈ ਜਿੱਥੇ ਮੈਂ ਖਲੋਤਾ ਸੀ।” ਉਹ ਬੋਲਿਆ।

“ਕੋਈ ਬੰਦਾ ਕੈਫੇਟੇਰੀਆ ਵਿੱਚੋਂ ਵੀ ਆ ਸਕਦੈ। ਸਭ ਤੋਂ ਵੱਡੀ ਗੱਲ, ਪੋਸਟ- ਆਰਡਰਜ਼ ਮੁਤਾਬਿਕ ਤੂੰ ਪੋਸਟ ਨਹੀਂ ਛੱਡ ਸਕਦਾ।”

“ਮੈਨੂੰ ਆਪਣੇ ਕੰਮ ਦਾ ਪਤੈ, ਤੇਰੀ ਸਿਖਿਆ ਦੀ ਲੋੜ ਨਹੀਂ।” ਗਲਤੀ ਮੰਨਣ ਦੀ ਬਜਾਇ ਉਸਨੇ ਆਕੜ ਦਿਖਾਈ।

ਜ਼ਿਆਦਾ ਗੱਲ ਕਰਨੀ ਠੀਕ ਨਹੀਂ ਸੀ। ਅਗਾਂਹ ਆ ਕੇ ਮੈਂ ਫੋਨ ’ਤੇ ਸਾਰੀ ਗੱਲ ਡਿਟੈਚਮੈਂਟ ਕਮਾਂਡਰ ਲੈਫਟੀਨੈਂਟ ਹੈਨਰੀ ਗੌਰਡਨ ਨੂੰ ਦੱਸ ਦਿੱਤੀ।

“ਜਰਨੈਲ ਕੀਪ ਏ ਸਪੈਸ਼ਲ ਆਈ ਔਨ ਹਿਮ (ਇਹਦੇ ’ਤੇ ਉਚੇਚੀ ਨਿਗ੍ਹਾ ਰੱਖ) ਜੇਕਰ ਇਹ ਫਿਰ ਏਹੀ ਗਲਤੀ ਕਰਦਾ ਦਿਸਿਆ ਮੈਨੂੰ ਉਸੇ ਪਲ ਫੋਨ ਕਰੀਂ।” ਹੈਨਰੀ ਨੇ ਆਖਿਆ।

ਮੈਂ ਬੌਬ ਦੀ ਪੋਸਟ ’ਤੇ ਜਾਣ ਦੀ ਬਜਾਇ ਉਸਨੂੰ ਫਾਸਲੇ ਤੋਂ ਹੀ ਵਾਚਣਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਉਹ ਫਿਰ ਗਲ਼ੀ ਦੇ ਆਮ ਏਰੀਏ ਵੱਲ ਖਲੋਤਾ ਦਿਸ ਪਿਆ। ਫਾਸਲੇ ’ਤੇ ਹੋਣ ਕਰਕੇ ਮੈਂ ਉਸਦੀ ਨਿਗ੍ਹਾ ਨਹੀਂ ਸੀ ਪਿਆ। ਮੈਂ ਹੈਨਰੀ ਨੂੰ ਫੋਨ ਕਰ ਦਿੱਤਾ। ਉਹ ਡੇਢ ਮਿੰਟ ’ਚ ਹੀ ਪਹੁੰਚ ਗਿਆ। ਉਸਨੇ ਬੌਬ ਨੂੰ ਇਕ ਸੁੰਨੀ ਜਿਹੀ ਪੋਸਟ ’ਤੇ ਸ਼ਿਫਟ ਕਰ ਦਿੱਤਾ। ਮੁੜ ਗਲਤੀ ਕਰਨ ’ਤੇ ਜੌਬ ਖਤਮ ਹੋਣ ਦੀ ਵਾਰਨਿੰਗ ਵੀ ਦੇ ਦਿੱਤੀ।

ਬੌਬ ਹੁਣ ਪੋਸਟ ਤੋਂ ਨਹੀਂ ਸੀ ਹਿਲਦਾ। ਮੈਂ ਉਸਦੇ ਰਵੱਈਏ ਵਿਚ ਬਦਲਾਵ ਦੇਖਣਾ ਚਾਹੁੰਦਾ ਸਾਂ। ਇਕ ਦਿਨ ਹਾਲ-ਚਾਲ ਪੁੱਛਣ ਬਆਦ ਮੈਂ ਕਿਹਾ, “ਬੌਬ! ਜੇ ਤੂੰ ਮੇਰੀ ਗੱਲ ’ਤੇ ਅਮਲ ਕਰ ਲੈਂਦਾ ਤੇਰੀ ਪੋਸਟ ਬਦਲੀ ਨਹੀਂ ਸੀ ਜਾਣੀ।”

“ਆਈ ਡੋਂਟ ਲਿਸਨ ਟੂ ਦਾ ਆਊਟਸਾਈਡਰ।” ਪੋਸਟ ਤੋਂ ਪਰੇ ਹੋਣ ਵਾਲ਼ੇ ਦਿਨ ਵੀ ਮੈਨੂੰ ਉਸ ਵਿਚ ਨਸਲਵਾਦ ਦੀ ਝਲਕ ਤਾਂ ਪਈ ਸੀ ਪਰ ਹੁਣ ਤਾਂ ਕੋਈ ਸ਼ੰਕਾ ਹੀ ਨਹੀਂ ਸੀ ਰਹਿ ਗਈ।

“ਮੈਂ ਆਊਟਸਾਈਡਰ (ਬਾਹਰਲਾ ਵਿਅਕਤੀ) ਨਹੀਂ, ਤੇਰੇ ਵਾਂਗ ਕਨੇਡਾ ਦਾ ਸਿਟੀਜ਼ਨ ਹਾਂ”

“ਮੇਰੇ ਵਾਂਗ ਕਿਵੇਂ?”

“ਕਨੇਡਾ ਦੇ ਸੰਵਿਧਾਨ ਦੇ ਚਾਰਟਰ ਔਫ ਰਾਈਟਸ ਐਂਡ ਫਰੀਡਮ ਅਨੁਸਾਰ ਹਰ ਰੰਗ-ਨਸਲ ਦੇ ਕਨੇਡੀਅਨ ਬਰਾਬਰ ਹਨ।”

ਸੰਵਿਧਾਨ ਦੀ ਗੱਲ ਸੁਣ ਕੇ ਬੌਬ ਅੰਦਰੋਂ ਕੁਝ ਢੈਲ਼ਾ ਪੈਂਦਾ ਜਾਪਿਆ ਪਰ ਉਸਦੀ ਬਾਹਰਲੀ ਆਕੜ ਬਰਕਰਾਰ ਸੀ। ਕਹਿਣ ਲੱਗਾ, “ਜਦ ਮੇਰਾ ਦਿਲ ਹੀ ਨਹੀਂ ਮੰਨਦਾ, ਤੈਨੂੰ ਮੈਂ ਆਪਣੇ ਬਰਾਬਰ ਕਿਵੇਂ ਸਮਝ ਲਵਾਂ।”

“ਸਮਝਣਾ ਪਏਗਾ।” ਆਖਦਿਆਂ ਮੈਂ ਟੁਰ ਪਿਆ।

ਅਗਾਂਹ ਜਾ ਕੇ ਉਸਨੂੰ ਫੋਨ ਕਰਦਿਆਂ ਮੈਂ ਕਿਹਾ, “ਬੌਬ! ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲਈਆਂ ਹਨ। ਮੈਂ ਤੇਰੇ ’ਤੇ ਨਸਲਵਾਦ ਦਾ ਕੇਸ ਕਰਾਂਗਾਂ।”

“ਓ ਨੋ, ਫਾਰ ਗੌਡ ਸੇਕ, ਪਲੀਜ਼ ਫੌਰਗਿਵ ਮੀ ਜਰਨੈਲ।”

“ਮੁਆਫੀ ਦਿਲੋਂ ਮੰਗ ਰਿਹਾਂ।” ਉਸ ਵਾਂਗ ਆਕੜ ਦਿਖਾਉਂਦਿਆਂ ਮੈਂ ਪੁੱਛਿਆ।

“ਧੁਰ ਅੰਦਰੋਂ ਜਰਨੈਲ, ਮੇਰੇ ’ਤੇ ਵਿਸ਼ਵਾਸ ਕਰ।” ਬੌਬ ਦੀ ਟੋਨ ਵਿਚ ਨਿਰਮਾਣਤਾ ਸੀ।

“ ਤੈਨੂੰ ਮੁਆਫ ਕੀਤਾ ਬੌਬ ਪਰ ਇਹ ਨਾ ਸਮਝੀਂ ਕਿ ਗੱਲ ਮੁੱਕ ਗਈ ਏ। ਜੇ ਤੂੰ ਕਿਸੇ ਨਾਲ਼ ਵੀ ਨਸਲਵਾਦ ਕੀਤਾ, ਤੇਰਾ ਨਸਲਵਾਦੀ ਐਟੀਚਿਊਡ ਸਾਬਤ ਕਰਨ ਲਈ ਇਹ ਰਿਕਾਰਡਿੰਗ ਵਰਤੀ ਜਾਏਗੀ… ਕਨੇਡੀਅਨ ਸਮਾਜ ਦੀ ਖੁਸ਼ਹਾਲੀ ਨਫਰਤ ’ਚ ਨਹੀਂ ਆਪਸੀ ਪਿਆਰ ਵਿਚ ਹੈ।”

“ਆਈ ਐਗਰੀ ਜਰਨੈਲ।”

ਰਿਕਾਰਡਿੰਗ ਦੀ ਗੱਲ ਸੱਚੀ ਨਹੀਂ ਸੀ, ਮੈਂ ਬੌਬ ਨੂੰ ਡਰਾਉਣ ਵਾਸਤੇ ਘੜੀ ਸੀ। ਰਿਕਾਰਡਿੰਗ ਹੋਣ ਦੀ ਸੂਰਤ ਵਿਚ ਬੌਬ ’ਤੇ ਨਸਲਵਾਦ ਦਾ ਦੋਸ਼ ਸਿੱਧਾ ਸਾਬਤ ਹੋ ਸਕਦਾ ਸੀ ਕਿਸੇ ਗਵਾਹ ਦੀ ਲੋੜ ਨਹੀਂ ਸੀ। ਡਰ ਨੇ ਹੀ ਉਸ ਅੰਦਰ ਬਦਲਾਵ ਪੈਦਾ ਕੀਤਾ ਸੀ।

ਕਨੇਡਾ ਦੀਆਂ ਸਾਰੀਆਂ ਕਮਿਊਨਿਟੀਆਂ ਨੂੰ ਭਰਵੇਂ ਰੂਪ ’ਚ ਵੇਖਣ-ਜਾਚਣ ਦੇ ਜ਼ਿਆਦਾ ਮੌਕੇ ਗਰਮੀਆਂ ਵਿਚ ਹੀ ਮਿਲ਼ਦੇ ਹਨ। ਆਮ ਕਨੇਡੀਅਨਾਂ ਵਾਂਗ ਅਸੀਂ ਵੀ ਵੀਕ ਐਂਡਾਂ ’ਤੇ ਬਾਹਰ ਘੁੰਮਣ–ਫਿਰਨ ਜਾਂਦੇ ਸਾਂ। ਭੈਣ ਗੁਰਦੀਸ਼ ਕੌਰ ਦੇ ਪਰਿਵਾਰ ਤੇ ਹੋਰ ਰਿਸ਼ਤੇਦਾਰਾਂ ਨਾਲ਼ ਕਦੀ ਉਨਟੇਰੀਓ ਲੇਕ, ਕਦੀ ਸੈਂਟਰ ਆਈਲੈਂਡ ਅਤੇ ਕਦੀ ਨਿਆਗਰਾ ਫਾਲਜ਼ ’ਤੇ ਪਿਕਨਿਕਾਂ ਦੇ ਪ੍ਰੋਗਰਾਮ ਬਣ ਜਾਂਦੇ ਸਨ। ਇਨ੍ਹਾਂ ਥਾਵਾਂ ਦੇ ਹਰੇ-ਭਰੇ ਘਾਹ, ਨਵੇਂ-ਪੁਰਾਣੇ ਦ੍ਰਖਤਾਂ, ਅਨੇਕ ਭਾਂਤਾਂ ਦੇ ਰੰਗ-ਬਰੰਗੇ ਫੱਲਾਂ ਦੀਆਂ ਬਗੀਚੀਆਂ ਅਤੇ ਵਿਸ਼ਾਲ ਪਾਣੀਆਂ ਦੇ ਦ੍ਰਿਸ਼ ਮਾਣਦਿਆਂ ਮਨ ’ਚ ਚਲ ਰਹੀ ਕਹਾਣੀ ਬਾਰੇ ਵੀ ਸੋਚ ਲੈਂਦਾ ਸਾਂ।