‘ਦੋ ਟਾਪੂ’ ਤੋਂ ਅਗਾਂਹ
‘ਦੋ ਟਾਪੂ’ ਦੀਆਂ ਕਹਾਣੀਆਂ ਵਿਚ ਮੈਂ ਪੰਜਾਬੀ ਕਨੇਡੀਅਨਾਂ ਦੇ ਘਰਾਂ–ਪਰਿਵਾਰਾਂ ਦੇ ਮਸਲਿਆਂ ਤੇ ਸਮੱਸਿਆਵਾਂ ਨੂੰ ਵਿਸ਼ਾ–ਵਸਤੂ ਬਣਾਇਆ ਸੀ। ਉਨ੍ਹਾਂ ਕਹਾਣੀਆਂ ਵਿਚ ਗੋਰੇ ਪਾਤਰਾਂ ਦੀ ਭੂਮਿਕਾ ਵੀ ਸੀ ਪਰ ਸੀਮਤ ਰੂਪ ਵਿਚ। ਅਗਲੀਆਂ ਕਹਾਣੀਆਂ ਵਿਚ ਮੈਂ ਪੰਜਾਬੀਆਂ ਤੇ ਗੋਰਿਆਂ ਦੇ ਬਣ ਰਹੇ ਆਪਸੀ ਸੰਬੰਧਾਂ ਦੀ ਬਾਤ ਪਾਈ ਹੈ। ਇਨ੍ਹਾਂ ਵਿਚ ਦੋ ਸਭਿਆਚਾਰਾਂ ਦਾ ਟਕਰਾਓ ਵੀ ਹੈ ਤੇ ਰਲੇਵਾਂ ਵੀ। ਇਨ੍ਹਾਂ ਵਿਚ ਗੋਰੇ ਪਾਤਰ ਭਰਵੇਂ ਰੂਪ ’ਚ ਪੇਸ਼ ਹੋਏ ਹਨ।
ਕਹਾਣੀ ‘ਪਾਣੀ’
ਇਸ ਕਹਾਣੀ ਵਿਚ ਮੈਂ ਨੂੰਹ–ਸੱਸ ਦੇ ਪਾਤਰਾਂ ਰਾਹੀਂ ਇੱਕੋ ਘਰ ਵਿਚ ਦੋ ਜੀਵਨ–ਸ਼ੈਲੀਆਂ ਨੂੰ ਪੇਸ਼ ਕੀਤਾ ਹੈ। ਨੂੰਹ ਗੋਰੀ ਹੈ ਤੇ ਸੱਸ ਪੰਜਾਬਣ।
ਇਸ ਕਹਾਣੀ ਦੇ ਪਾਤਰਾਂ ਦਾ ਆਧਾਰ ਸਾਡੇ ਇਕ ਰਿਸ਼ਤੇਦਾਰ ਦਾ ਪਰਿਵਾਰ ਹੈ। ਉਨ੍ਹਾਂ ਦੇ ਲੜਕੇ ਨੇ ਗੋਰੀ ਨਾਲ਼ ਵਿਆਹ ਕਰਵਾਇਆ ਹੋਇਐ। ਉਹ ਲੜਕਾ ਤੇ ਉਸਦੀ ਗੋਰੀ ਪਤਨੀ ਕਹਾਣੀ ਦੇ ਪਾਤਰਾਂ ਰਾਜੂ ਤੇ ਸ਼ੈਰਨ ਦਾ ਆਧਾਰ ਹਨ। ਰਾਜੂ ਦੇ ਮੌਮ–ਡੈਡ ਸੁਖਜੀਤ ਕੌਰ ਤੇ ਬਲਦੇਵ ਸਿੰਘ ਦੇ ਪਾਤਰਾਂ ਦਾ ਆਧਾਰ ਰਿਸ਼ਤੇਦਾਰ ਲੜਕੇ ਦੇ ਮੌਮ–ਡੈਡ ਹਨ। ਪੰਜਾਬ ਸਿੰਘ ਦਾ ਪਾਤਰ ਮੇਰੇ ਬਾਪੂ ਜੀ ਨਾਲ਼ ਮਿਲ਼ਦਾ–ਜੁਲ਼ਦਾ ਹੈ। ਸੁਖਜੀਤ ਕੌਰ ਦੇ ਬਾਪੂ ਨਿਸ਼ਾਨ ਸਿੰਘ ਦਾ ਆਧਾਰ ਮੇਰੇ ਸਹੁਰਾ ਸਾਹਿਬ ਹਨ ਜੋ ਲੰਮਾ ਸਮਾਂ ਸਿੰਘਾਪੁਰ ਰਹੇ।
ਉਪ੍ਰੋਕਤ ਪਰਿਵਾਰ ਵਿਚ ਦੋ ਸਭਿਆਚਾਰਾਂ ਦੇ ਟਕਰਾਓ ਤੇ ਰਲੇਵੇਂ ਨੂੰ ਮੈਂ ਗਹੁ ਨਾਲ਼ ਵੇਖਦਾ–ਘੋਖਦਾ ਰਿਹਾ। ਉਨ੍ਹਾਂ ਦਾ ਇਕ–ਦੂਜੇ ਪ੍ਰਤੀ ਨਾਂਹ–ਪੱਖੀ ਤੇ ਹਾਂ–ਪੱਖੀ ਵਿਹਾਰ ਨੋਟ ਕਰਦਾ ਰਿਹਾ। ਮੈਨੂੰ ਸਿਰਫ ਆਧਾਰ ਹੀ ਚਾਹੀਦਾ ਹੁੰਦੈ। ਕਹਾਣੀ ਦਾ ਉਸਾਰ, ਸਮਾਂ ਪਾ ਕੇ, ਕਲਪਨਾ ਰਾਹੀਂ ਹੋ ਜਾਂਦਾ ਹੈ।
ਪਾਣੀ ਦਾ ਪ੍ਰਤੀਕ ਕਹਾਣੀ ਦੇ ਆਰ–ਪਾਰ ਫੈਲਿਆ ਹੋਇਆ ਹੈ। ਇਹ ਪ੍ਰਤੀਕ ਤਣਾਓ–ਟਕਰਾਓ ਦੀਆਂ ਸਥਿਤੀਆਂ ਨੂੰ ਗਹਿਰਾਈ ਪ੍ਰਦਾਨ ਕਰਦਾ ਹੈ।
ਸੁਖਜੀਤ ਕੌਰ ਦੇ ਪੰਜਾਬ ਰਹਿੰਦੇ ਮਾਤਾ–ਪਿਤਾ ਦੀ ਮੌਤ ਹੋ ਚੁੱਕੀ ਹੈ। ਇਕਲੌਤੀ ਔਲਾਦ ਹੋਣ ਦੇ ਨਾਤੇ ਸੁਖਜੀਤ ਕੌਰ ਉਨ੍ਹਾਂ ਦੀ ਜ਼ਮੀਨ ਦੀ ਮਾਲਕ ਹੈ। ਜ਼ਮੀਨ ਉਸਦਾ ਚਾਚਾ ਪੰਜਾਬ ਸਿੰਘ ਵਾਹੁੰਦਾ ਹੈ। ਸੰਯੁਕਤ ਪਰਿਵਾਰਾਂ ਵਾਲ਼ੇ ਮੋਹ ਤੇ ਈਮਾਨ ਦਾ ਬਿੰਬ ਪੰਜਾਬ ਸਿੰਘ ਉਸ ਜ਼ਮੀਨ ਦਾ ਠੇਕਾ ਸੁਖਜੀਤ ਕੌਰ ਦੇ ਬੈਂਕ–ਖਾਤੇ ਵਿਚ ਬਾਕਾਇਦਾ ਜਮ੍ਹਾਂ ਕਰਵਾ ਰਿਹਾ ਹੈ।
ਕਨੇਡੀਅਨ ਜੀਵਨ–ਸ਼ੈਲੀ ਵਾਲ਼ੇ ਸ਼ੈਰਨ ਤੇ ਰਾਜੂ ਗਰਮੀਆਂ ਦੀ ਰੁੱਤ ਦਾ ਲੁਤਫ ਮਾਣਨ ਲਈ ਘਰ ਦੇ ਖੁੱਲ੍ਹੇ ਬੈਕਯਾਰਡ ਵਿਚ ਸਵਿਮਿੰਗ ਪੂਲ ਬਣਾਉਣਾ ਚਾਹੁੰਦੇ ਹਨ। ਇਸ ’ਤੇ ਹੋਣ ਵਾਲ਼ੇ ਖਰਚੇ ਲਈ ਰਾਜੂ ਮੌਮ ਨੂੰ ਪੰਜਾਬ ਵਾਲ਼ੀ ਜ਼ਮੀਨ ਵੇਚਣ ਲਈ ਆਖਦਾ ਹੈ। ਪੁੱਤ ਦੀ ਇਹ ਗੱਲ ਸੁਖਜੀਤ ਕੌਰ ਦੇ ਸਿਰ ’ਤੇ ਬੰਬ ਵਾਂਗ ਫਟਦੀ ਹੈ। ਉਹ ਤਣਾਅਗ੍ਰਸਤ ਹੋ ਜਾਂਦੀ ਹੈ। ਉਸ ਜ਼ਮੀਨ ਨਾਲ਼ ਸੁਖਜੀਤ ਕੌਰ ਦੇ ਮੋਹਖੋਰੇ ਮਾਪਿਆਂ ਤੇ ਚਾਚੇ ਦੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਹ ਜ਼ਮੀਨ ਉਸਦੀ ਪਛਾਣ ਹੈ, ਉਸਦੀ ਜੜ੍ਹ ਹੈ। ਬਲਦੇਵ ਸਿੰਘ ਦੀ ਮਾਨਸਿਕਤਾ ਪਤਨੀ ਨਾਲੋਂ ਭਿੰਨ ਹੈ। ਲੰਮੇ ਅਰਸੇ ਤੋਂ ਕਨੇਡਾ ਰਹਿੰਦਾ ਹੋਣ ਕਰਕੇ ਉਸਨੂੰ ਬੱਚਿਆਂ ਦੀ ਸਵਿਮਿੰਗ ਪੂਲ ਦੀ ਇਛਾ ਠੀਕ ਜਾਪਦੀ ਹੈ।
ਕਹਾਣੀ ਦਾ ਪਾਸਾਰ ਸੁਖਜੀਤ ਕੌਰ ਦੇ ਤਣਾਅਗ੍ਰਸਤ ਮਨ ਵਿਚ ਉੱਭਰਦੀਆਂ ਯਾਦਾਂ–ਸੋਚਾਂ ਰਾਹੀਂ ਹੁੰਦਾ ਹੈ। ਸਵਿਮਿੰਗ ਪੂਲ ਦਾ ਬਖੇੜਾ ਖੜ੍ਹਾ ਕਰਨ ਲਈ ਉਹ ਸ਼ੈਰਨ ਨੂੰ ਦੋਸ਼ ਦਿੰਦੀ ਹੈ, “ਨਾ ਇਹ ਇਸ ਘਰ ’ਚ ਆਉਂਦੀ, ਨਾ ਸਵਿਮਿੰਗ ਪੂਲ ਦਾ ਸਿਆਪਾ ਖੜ੍ਹਾ ਹੁੰਦਾ।”
ਜਦੋਂ ਸ਼ੈਰਨ ਕਨੇਡਾ ਵਿਚ ਪਾਣੀ ਦੇ ਅਮੁੱਕ ਖਜਾਨੇ ਬਾਰੇ ਦੱਸਦੀ ਹੈ ਤਾਂ ਉਸ ਨੂੰ ਟੋਕਦਿਆਂ ਸੁਖਜੀਤ ਕੌਰ ਆਖਦੀ ਹੈ, “ਮੰਨਦੇ ਆਂ ਪਈ ਏਥੋਂ ਦੇ ਸਮੁੰਦਰਾਂ, ਝੀਲਾਂ ਤੇ ਦਰਿਆਵਾਂ ਵਿਚ ਅਥਾਹ ਪਾਣੀ ਏ ਪਰ ਏਥੋਂ ਦੇ ਲੋਕਾਂ ਦੀਆਂ ਰੂਹਾਂ ਵਿਚ ਤਾਂ ਭੋਰਾ ਵੀ ਪਾਣੀ ਨਹੀਂ ਦੀਂਹਦਾ… ਬੱਸ ਖੁਸ਼ਕੀ ਹੀ ਖੁਸ਼ਕੀ ਏ।”
ਸੁਖਜੀਤ ਕੌਰ ਨੂੰ ਨੂੰਹ ਦੀਆਂ ਖੂਬੀਆਂ ਵੀ ਯਾਦ ਆਉਂਦੀਆਂ ਹਨ। ਨੂੰਹ ਵੱਲੋਂ ਘਰ ਦੇ ਕਮਰਿਆਂ ਦੀ ਕੀਤੀ ਰੀਸੈਟਿੰਗ, ਬੈਕਯਾਰਡ ’ਚ ਕਲਾਮਈ ਢੰਗ ਨਾਲ਼ ਲਾਈਆਂ ਭਿੰਨ–ਭਿੰਨ ਰੰਗਾਂ ਵਾਲ਼ੇ ਫੁੱਲਾਂ ਦੀਆਂ ਕਿਆਰੀਆਂ ਤੇ ਦੋਨਾਂ ਬੱਚਿਆਂ ਦੇ ਵਧੀਆ ਢੰਗ ਨਾਲ਼ ਹੋ ਰਹੇ ਪਾਲਣ–ਪੋਸਣ ਦੀਆਂ ਉਹ ਸਿਫਤਾਂ ਵੀ ਕਰਦੀ ਹੈ।
ਕਹਾਣੀ ਵਿਚ ਦੋ ਲੋਕੇਲ ਹਨ, ਪਹਿਲਾਂ ਘਰ ਤੇ ਫਿਰ ਉਨਟੇਰੀਓ ਝੀਲ ਦੀ ਬੀਚ। ਝੀਲ ਵਿਚ ਤਾਰੀਆਂ ਲਾਉਂਦੇ ਸ਼ੈਰਨ ਤੇ ਰਾਜੂ ਮਜ਼ੇ ਮਾਰ ਰਹੇ ਹਨ। ਸੁਖਜੀਤ ਕੌਰ ਤੇ ਬਲਦੇਵ ਸਿੰਘ ਕਿਨਾਰੇ ’ਤੇ ਬੈਠੇ ਹਨ। ਬਲਦੇਵ ਸਿੰਘ ਦੂਰ ਦੁਮੇਲ ਤੱਕ ਪਸਰੇ ਪਾਣੀ ਦੇ ਦ੍ਰਿਸ਼ ਨੂੰ ਮਾਣ ਰਿਹਾ ਹੈ। ਉਹ ਪਤਨੀ ਨੂੰ ਆਖਦਾ ਹੈ, “ਐਹ ਸਾਹਮਣੇ ਦੇਖ, ਖੁੱਲ੍ਹੇ ਅਸਮਾਨ ਥੱਲੇ, ਪਾਣੀ ਵਿਚ ਲੋਕੀਂ ਕਿਦਾਂ ਇੰਜ਼ੁਆਇ ਕਰ ਰਹੇ ਆ।”
ਪਰ ਸੁਖਜੀਤ ਕੌਰ ਪ੍ਰੇਸ਼ਾਨ ਹੈ। ਪੁੱਤ ਦੀ ਆਖੀ ਜ਼ਮੀਨ ਵੇਚਣ ਵਾਲ਼ੀ ਗੱਲ ਨੂੰ ਮੁੜ–ਮੁੜ ਸੋਚਦਿਆਂ ਉਸਦਾ ਮਾਨਸਿਕ ਤਣਾਓ ਸੰਘਣਾ ਹੋਈ ਜਾ ਰਿਹੈ। ਰਾਜੂ ਤੇ ਸ਼ੈਰਨ ਤੈਰਨ ਬਾਅਦ ਕਿਨਾਰੇ ਬੈਠੇ ਮੌਮ–ਡੈਡ ਕੋਲ ਆਉਂਦੇ ਹਨ। ਸੱਸ ਦੇ ਚਿਹਰੇ ’ਤੇ ਪ੍ਰੇਸ਼ਾਨੀ ਭਾਂਪਦੀ ਸ਼ੈਰਨ ਆਖਦੀ ਹੈ, “ਲਗਦਾ ਏ, ਮਾਮ ਅਜ ਠੀਕ ਤਰ੍ਹਾ ਇੰਜੁਆਇ ਨਹੀਂ ਕਰ ਸਕੀ… ਮਾਮ! ਸ਼ਾਇਦ ਆਪਣੀ ਪਹਿਲਾਂ ਵੀ ਗੱਲ ਹੋਈ ਸੀ… ਹੁਣ ਫਿਰ ਕਹਿ ਰਹੀ ਹਾਂ ਕਿ ਜ਼ਿੰਦਗੀ ਕਿਨਾਰਿਆਂ ’ਤੇ ਬੈਠ ਕੇ ਜੀਣ ਵਾਲ਼ੀ ਚੀਜ਼ ਨਹੀਂ… ਸੋ ਜੋ ਮਜ਼ਾ ਪਾਣੀ ਵਿਚ ਕੁੱਦਣ, ਪਾਣੀ ਨਾਲ਼ ਖਹਿਣ–ਖੇਡਣ ਅਤੇ ਪਾਣੀ ’ਤੇ ਸਵਾਰ ਹੋਣ ’ਚ ਆਉਂਦਾ ਏ, ਉਹ ਕਿਨਾਰੇ ’ਤੇ ਬੈਠ ਕੇ ਨਹੀਂ ਆ ਸਕਦਾ।” ਸ਼ੈਰਨ ਦੇ ਇਸ ਸੰਵਾਦ ਰਾਹੀਂ ਮੈਂ ਗੋਰੇ ਲੋਕਾਂ ਦਾ ਜ਼ਿੰਦਗੀ ਨੂੰ ਭਰਪੂਰਤਾ ਨਾਲ਼ ਮਾਣਨ ਦਾ ਵਿਹਾਰ ਪੇਸ਼ ਕੀਤਾ ਹੈ।
ਸੁਖਜੀਤ ਕੌਰ ਦਾ ਤਣਾਓ ਉਦੋਂ ਸਿਖਰ ਤੇ ਪਹੁੰਚਦਾ ਹੈ ਜਦੋਂ ਉਸਦੇ ਚਚੇਰੇ ਭਰਾ ਭੁਪੀ (ਪੰਜਾਬ ਸਿੰਘ ਦੇ ਪੁੱਤਰ) ਦਾ ਪੰਜਾਬ ਤੋਂ ਫੋਨ ਆਉਂਦਾ ਹੈ, “ਭੈਣ ਜੀ! ਤੁਹਾਡੀ ਜ਼ਮੀਨ ਦਾ ਮੁਖਤਿਆਰਨਾਮਾ ਚਾਹੀਦੈ।” ਭੁਪੀ ਪੰਜਾਬ ਦੀ ਸਿਆਸਤ ਨਾਲ਼ ਜੁੜਿਆ ਹੋਇਆ ਹੈ।
“ਮੁਖਤਿਆਰਨਾਮਾ? ਕਾਹਦੇ ਲਈ?” ਹੈਰਾਨ ਹੋਈ ਸੁਖਜੀਤ ਕੌਰ ਪੁੱਛਦੀ ਹੈ।
“ਗੱਲ ਏਦਾਂ ਆਂ… ਪਈ ਪੰਜਾਬ ਦੀ ਜ਼ਮੀਨ ਥੱਲਿਓਂ ਪਾਣੀ ਮੁੱਕ ਗਿਐ। ਜ਼ਮੀਨ ਵੇਚ ਕੇ ਮੈਂ ਕੋਈ ਹੋਰ ਜੁਗਾੜ ਫਿੱਟ ਕਰਨਾ ਚਾਹੁੰਨਾ।”
“ਚਾਚਾ ਜੀ ਨਾਲ਼ ਗੱਲ ਕਰਾ ਤਾਂ।”
“ਉਹ ਬਿਮਾਰ ਨੇ।” ਭੁਪੀ ਦਾ ਉੱਤਰ ਹੈ।
ਸੁਖਜੀਤ ਕੌਰ ਦਾ ਤਣਾਓ ਸੰਕਟ ਦਾ ਰੂਪ ਧਾਰ ਲੈਂਦਾ ਹੈ। ਜਿਸ ਜ਼ਮੀਨ ਨਾਲ਼ ਉਸਦਾ ਏਨਾ ਸਨੇਹ ਹੈ, ਉਹ ਜ਼ਮੀਨ ਹੁਣ ਸੁਰੱਖਿਅਤ ਨਹੀਂ। ਨਾਲ਼ ਹੀ ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਮੋਹ ਭਰਿਆ ਰਿਸ਼ਤਾ ਚਾਚੇ ਤੋਂ ਬਾਅਦ ਖਤਮ ਹੋ ਜਾਏਗਾ।
ਏਥੇ ਪਾਣੀ ਦਾ ਪ੍ਰਤੀਕ ਦੋ ਅਰਥੀ ਹੈ। ਪਹਿਲਾ ਅਰਥ ਹੈ ਪੰਜਾਬ ਦੀ ਜ਼ਮੀਨ ਥੱਲਿਓਂ ਪਾਣੀ ਦਾ ਮੁੱਕਣਾ ਤੇ ਦੂਜਾ ਅਰਥ ਹੈ ਰਿਸ਼ਤਿਆਂ ਵਿਚਲੇ ਮੋਹ–ਪਿਆਰ ਦੇ ਪਾਣੀ ਦਾ ਖਤਮ ਹੋਣਾ। ਜ਼ਮੀਨ ਥੱਲਿਓਂ ਪਾਣੀ ਮੁੱਕਣ ਦਾ ਸੰਕਟ ਤਾਂ ਸਿਰਫ ਪੰਜਾਬ ਦਾ ਹੀ ਹੈ ਪਰ ਰਿਸ਼ਤਿਆਂ ਵਿੱਚੋਂ ਮੋਹ ਪਿਆਰ ਦੇ ਪਾਣੀ ਦਾ ਖਤਮ ਹੋਣਾ ਭਾਰਤ ਤੇ ਕਨੇਡਾ ਸਮੇਤ ਸਾਰੇ ਵਿਸ਼ਵ ਦਾ ਸੰਕਟ ਹੈ।
ਕਹਾਣੀ ‘ਸੜਕਾਂ
ਇਹ ਦੋ ਸਭਿਆਚਾਰਾਂ ਦੀ ਨੇੜਤਾ ਦੀ ਅਗਲੀ ਕਹਾਣੀ ਹੈ। ਇਸ ਕਹਾਣੀ ਵਿਚ ਮੈਂ ਪੰਜਾਬੀ ਕਨੇਡੀਅਨਾਂ ਦੇ ਕਰੜੇ ਸੰਘਰਸ਼ ਦੀ ਬਾਤ ਵੀ ਪਾਈ ਹੈ।
ਕਹਾਣੀ ਲਿਖਣ ਦਾ ਵੇਗ ਨੌਜਵਾਨ ਗੋਲਡੀ ਢਿੱਲੋਂ ਦੀ ਅਤਿ ਦੁਖਦਾਈ ਮੌਤ ਤੋਂ ਬਣਿਆਂ। ਗੋਲਡੀ ਮੇਰੇ ਬੇਟੇ ਅਮਰਪ੍ਰੀਤ ਦਾ ਦੋਸਤ ਸੀ। ਉਸਦੇ ਡੈਡ ਦਾ ਟਰੱਕਾਂ ਦਾ ਛੋਟਾ ਜਿਹਾ ਬਿਜ਼ਨਿਸ ਸੀ। ਅਮਰਪ੍ਰੀਤ ਏਅਰਪੋਰਟ ਦੀ ਸਕਿਉਰਟੀ ਦੀ ਜੌਬ ਛੱਡ ਕੇ ਟਰੱਕ ਚਲਾਉਣ ਲੱਗ ਪਿਆ ਸੀ। ਇਕੱਠੇ ਕੰਮ–ਕਾਜ ਕਰਦਿਆਂ ਉਸਦੀ ਗੋਲਡੀ ਨਾਲ਼ ਦੋਸਤੀ ਪੈ ਗਈ… ਬਾਈ ਕੁ ਸਾਲ ਦਾ ਉੱਚੇ ਕੱਦ ਵਾਲ਼ਾ ਗੋਲਡੀ ਹਿੰਮਤੀ ਨੌਜਵਾਨ ਸੀ। ਹਾਈਵੇਅ ’ਤੇ ਹੋਏ ਟਰੱਕਾਂ ਦੇ ਬਹੁਤ ਹੀ ਭਿਆਨਕ ਐਕਸੀਡੈਂਟ ’ਚ ਦੂਜਿਆਂ ਦੀਆਂ ਜਾਨਾਂ ਬਚਾਉਣ ਦੇ ਪਰਉਪਕਾਰ ਵਿਚ ਉਸਦੀ ਬੇਵਕਤ ਮੌਤ ਹੋ ਗਈ। ਹੋਣਹਾਰ ਜਵਾਨ ਪੁੱਤ ਦੀ ਮੌਤ ਮਾਪਿਆਂ ਲਈ ਬਹੁਤ ਵੱਡਾ ਸਦਮਾ ਸੀ। ਘਟਨਾ–ਸਥੱਲ ’ਤੇ ਹਾਈਵੇਅ ਦੇ ਨਾਲ਼–ਨਾਲ਼ ਦੂਰ ਤੱਕ ਅਨੇਕ ਲੋਕਾਂ ਨੇ ਗੋਲਡੀ ਦੀ ਯਾਦ ਵਿਚ ਫੁੱਲ ਸਜਾਏ ਸਨ। ਫੁੱਲਾਂ ਨਾਲ਼ ਟੁੰਗੀਆਂ ਪਰਚੀਆਂ ’ਤੇ ਲੋਕਾਂ ਨੇ ਜਿੱਥੇ ਗੋਲਡੀ ਦੇ ਭਰ–ਜੁਆਨੀ ’ਚ ਟੁਰ ਜਾਣ ਦਾ ਸੋਗ ਮਨਾਇਆ, ਉੱਥੇ ਉਸਦੇ ਗੌਰਵਮਈ ਕਰਤਵ ਨੂੰ ਸਿਜਦਾ ਵੀ ਕੀਤਾ ਸੀ।
ਕਨੇਡਾ ਸਰਕਾਰ ਵੱਲੋਂ ਉਸਨੂੰ ਮਰਨ–ਉਪਰੰਤ ‘ਮੈਡਲ ਆਫ ਬਰੇਵਰੀ’ ਨਾਲ਼ ਸਨਮਾਨਿਤ ਕੀਤਾ ਗਿਆ। ਗੋਲਡੀ ਦੀ ਬਹਾਦਰੀ ਦੀ ਘਟਨਾ ਨੂੰ ਮੈਂ ਕਹਾਣੀ ਵਿਚ ਇੰਨ–ਬਿੰਨ ਬਿਆਨ ਕੀਤਾ ਹੈ। ਪਰ ਉਸ ਨਾਲ਼ ਜੁੜੀਆਂ ਹੋਰ ਘਟਨਾਵਾਂ ਤੇ ਵੇਰਵੇ ਕਲਪਿਤ ਹਨ।
ਕਹਾਣੀ ਵਿਚ ਗੋਲਡੀ ਨੂੰ ਕਰਨ ਦੇ ਪਾਤਰ ਰਾਹੀਂ ਪੇਸ਼ ਕੀਤਾ ਹੈ।
ਇਸ ਕਹਾਣੀ ਦੇ ਮੁੱਖ ਪਾਤਰ ਅਜੀਤ ਸਿੰਘ ਦਾ ਸੜਕਾਂ ਨਾਲ਼ ਨਾਤਾ ਇੰਡੀਆ ’ਚ ਹੀ ਬਣਿਆਂ ਹੋਇਆ ਸੀ। ਆਪਣੇ ਵੱਡੇ ਭਰਾ ਨੂੰ ਟਰੱਕਾਂ ਦੇ ਕਾਰੋਬਾਰ ਵਿਚ ਕਾਮਯਾਬ ਕਰਨ ਲਈ ਉਹ ਦਿਨ–ਰਾਤ ਉਸਦੇ ਟਰੱਕ ਚਲਾਉਂਦਾ ਰਿਹਾ। ਉਸਨੂੰ ਆਸ ਸੀ ਕਿ ਭਰਾ ਆਪਣੇ ਕਾਰੋਬਾਰ ਵਿਚ ਉਸਦਾ ਕੁਝ ਹਿੱਸਾ ਰੱਖ ਲਏਗਾ। ਪਰ ਭਰਾ ਨੇ ਉਸਦੀ ਸਖਤ ਮਿਹਨਤ ਦੀ ਕਦਰ ਨਾ ਪਾਈ।
ਹਰਖਿਆ ਹੋਇਆ ਅਜੀਤ ਸਿੰਘ ਜ਼ਮੀਨ ਗਹਿਣੇ ਰੱਖ ਕੇ ਕਨੇਡਾ ਆ ਜਾਂਦਾ ਹੈ। ਉਸਦੀ ਪਤਨੀ ਸੁਰਿੰਦਰ ਕੌਰ ਤੇ ਦੋਵੇਂ ਪੁੱਤਰ ਲੱਖੀ ਤੇ ਕਰਨ ਵੀ ਕਨੇਡਾ ਪਹੁੰਚ ਜਾਂਦੇ ਹਨ। ਉਹ ਜੈਕ ਨਾਂ ਦੇ ਗੋਰੇ ਦਾ ਟਰੱਕ ਚਲਾਉਂਦਾ ਹੈ। ਕੰਮ ਵਿਚ ਉਸਦੀ ਲਗਨ ਦੇਖ ਕੇ ਜੈਕ ਆਖਦਾ ਹੈ, “ਐਜੀਤ! ਮੈਨੂੰ ਤੇਰੇ ’ਚ ਅਮੈਰਿਕਨ ਡਰੀਮ ਨਜ਼ਰ ਆਉਂਦਾ ਹੈ। ਅਮੈਰਿਕਨ ਡਰੀਮ ਬਾਰੇ ਜਾਣਦਾ ਏਂ ਨਾ? ਯਾਨਿ ਕੋਈ ਵੀ ਬੰਦਾ ਅਮੀਰ ਬਣ ਸਕਦੈ, ਬਿਜ਼ਨਿਸ ’ਚ ਆਪਣੀ ਧਾਂਕ ਜਮਾ ਸਕਦੈ… ।”
ਜੈਕ ਦਾ ਕਥਨ ਠੀਕ ਸਾਬਤ ਹੁੰਦਾ ਹੈ। ਮਿਹਨਤ ਨਾਲ਼ ਕੁਝ ਰਕਮ ਜੋੜ ਕੇ ਤੇ ਬੈਂਕ ਤੋਂ ਕਰਜਾ ਲੈ ਕੇ ਅਜੀਤ ਸਿੰਘ ਪਹਿਲਾਂ ਇਕ ਟਰੱਕ ਤੇ ਸਮਾਂ ਪਾ ਕੇ ਤਿੰਨ ਟਰੱਕਾਂ ਦਾ ਮਾਲਕ ਬਣ ਜਾਂਦਾ ਹੈ। ਜੈਕ ਦੇ ਵੀ ਏਨੇ ਹੀ ਹਨ। ਉਨ੍ਹਾਂ ਦੇ ਵਿਹਾਰ ਵਿਚਲੀ ਸਫਾਈ ਰਾਹੀਂ ਨੇੜਤਾ ਬਣਦੀ ਹੈ ਤੇ ਉਹ ‘ਹੁੰਦਲ ਐਂਡ ਹੈਰੀਸਨ ਟਰੱਕਿੰਗ ਕੰਪਨੀ’ ਬਣਾ ਲੈਂਦੇ ਹਨ। ਕਾਰੋਬਾਰੀ ਸਾਂਝ ਰਾਹੀਂ ਉਨ੍ਹਾਂ ਵਿਚ ਪਰਿਵਾਰਕ ਸਾਂਝ ਵੀ ਬਣ ਜਾਂਦੀ ਹੈ।
ਸਿਖ ਧਰਮ ਤੇ ਈਸਾਈ ਧਰਮ ਵਿਚ ਕੁਝ ਸਾਂਝੇ ਸੰਕਲਪ ਦਰਸਾ ਕੇ ਮੈਂ ਅਜੀਤ ਤੇ ਜੈਕ ਦੀ ਸਾਂਝ ਨੂੰ ਵਡੇਰੇ ਅਰਥ ਦੇਣ ਦੀ ਕੋਸ਼ਿਸ਼ ਕੀਤੀ ਹੈ:
ਅਜੀਤ ਸਿੰਘ ਦੇ ਵੱਡੇ ਪੁੱਤਰ ਲੱਖੀ ਦੇ ਵਿਆਹ ਵਿਚ ਜੈਕ ਪਤਨੀ ਕੈਥੀ ਤੇ ਬੱਚਿਆਂ ਸਮੇਤ ਸ਼ਾਮਲ ਹੁੰਦਾ ਹੈ। ਆਨੰਦ ਕਾਰਜ ਤੋਂ ਬਾਅਦ ਉਹ ਤੇ ਕੈਥੀ ਗੁਰਦਵਾਰੇ ਦੀ ਦੀਵਾਰ ’ਤੇ ਲਿਖੇ ਗੁਰਵਾਕ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਅਰਥ ਪੁੱਛਦੇ ਹਨ। ਅਜੀਤ ਸਿੰਘ ਵੱਲੋਂ ਅੰਗ੍ਰੇਜ਼ੀ ਅਨੁਵਾਦ ਦੱਸਣ ’ਤੇ ਉਨ੍ਹਾਂ ਦੇ ਬੋਲ ਹਨ, “ਇਹ ਗੱਲ ਈਸਾਈ ਮੱਤ ’ਚ ਵੀ ਹੈਗੀ ਏ— ਲਵ ਇਜ਼ ਗੌਡ।”
ਵੰਡ ਛਕੋ ਦਾ ਅਨੁਵਾਦ ਸੁਣ ਕੇ ਉਹ ਆਖਦੇ ਹਨ, “ਸਾਡੀਆਂ ਫੂਡ ਬੈਂਕ ਦਾ ਵੀ ਇਹੀ ਮਨੋਰਥ ਹੈ।”
ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਸਿੱਖ ਧਰਮ ਵਿਚ ‘ਸੇਵਾ’ ਤੇ ਈਸਾਈ ਧਰਮ ’ਚ ‘ਚੈਰਿਟੀ’ ਦੇ ਸਿਧਾਂਤਾਂ ਵਿਚ ਵੀ ਸਮਾਨਤਾ ਨਜ਼ਰ ਆਉਂਦੀ ਹੈ।
ਉਨ੍ਹਾਂ ਦੇ ਸਾਂਝੇ ਕਾਰੋਬਾਰ ਦੀ ਪੂਰੀ ਚੜ੍ਹਤ ਹੈ… ਦੋਵੇਂ ਅਠਾਰਾਂ–ਅਠਾਰਾਂ ਟਰੱਕਾਂ ਦੇ ਮਾਲਕ ਬਣ ਜਾਂਦੇ ਹਨ। ਅਜੀਤ ਸਿੰਘ ਨੂੰ ਜਾਪਦਾ ਹੈ ਕਿ ਉਸਦਾ ਨਾਮਵਰ ਟਰੱਕਰ ਬਣਨ ਦਾ ਸੁਪਨਾ ਹੁਣ ਬਹੁਤਾ ਦੂਰ ਨਹੀਂ। ਉਸਨੂੰ ਸੜਕਾਂ ਵੀ ਇਸ ਗੱਲ ਦੀ ਸ਼ਾਹਦੀ ਭਰਦੀਆਂ ਲਗਦੀਆਂ ਹਨ ਜਿਵੇਂ ਕਹਿ ਰਹੀਆਂ ਹੋਣ, ‘ਤੂੰ ਹਿੰਮਤ ਕਰ, ਅਸੀਂ ਤੇਰੇ ਨਾਲ਼ ਹਾਂ।’
ਪਰ ਉਸਦਾ ਸੁਪਨਾ ਉਦੋਂ ਤਿੜਕਦਾ ਹੈ ਜਦੋਂ ਨੂੰਹ–ਪੁੱਤ ਮੀਨੂੰ ਤੇ ਲੱਖੀ ਘਰ ਵਿਚ ਟਕਰਾਓ ਖੜ੍ਹਾ ਕਰਦੇ ਹਨ। ਅਜੀਤ ਸਿੰਘ ਨੂੰਹ ਨੂੰ ਨਵੀਆਂ ਡਰੈਸਾਂ, ਕਨੇਡੀਅਨ ਖਾਣਿਆਂ ਅਤੇ ਹੌਲੀਡੇਅਜ਼ ਦੇ ਖਰਚੇ ਘਟਾਉਣ ਲਈ ਕਹਿੰਦਾ ਹੈ।
“ਤੁਹਾਡਾ ਲਾਈਫ–ਸਟਾਈਲ ਆਪਣਾ ਏ ਤੇ ਮੇਰਾ ਆਪਣਾ।” ਨੂੰਹ ਦਾ ਜਵਾਬ ਹੈ।
“ਮੀਨੂੰ! ਤੂੰ ਸ਼ਾਇਦ ਬੇਹਿਸਾਬੇ ਖਰਚ ਨੂੰ ਹੀ ਲਾਈਫ–ਸਟਾਈਲ ਸਮਝ ਰਹੀ ਏਂ। ਲਾਈਫ–ਸਟਾਈਲ ’ਚ ਤਾਂ ਬੜਾ ਕੁਝ ਹੁੰਦਾ ਏ… ਇਸ ਵਿਚ ਬੰਦੇ ਦੇ ਆਪਣੇ ਤੇ ਪਰਿਵਾਰ ਦੇ ਗੋਲ਼ ਵੀ ਹੁੰਦੇ ਨੇ, ਜਿਨ੍ਹਾਂ ਨੂੰ ਅਚੀਵ ਕਰਨਾ ਹੁੰਦੈ”। ਅਜੀਤ ਸਿੰਘ ਆਖਦਾ ਹੈ।
“ਮੈਂ ਤੁਹਾਡੇ ਗੋਲ਼ਾਂ ਨਾਲ਼ ਐਗਰੀ ਨਹੀਂ ਕਰਦੀ। ਜ਼ਿੰਦਗੀ ਦੀ ਕੁਐਲਿਟੀ ਵੀ ਕੋਈ ਚੀਜ਼ ਹੁੰਦੀ ਏ… ਫਾਰ ਯੂ ਦਾ ਲਾਈਫ ਇਜ਼ ਈਟ, ਸਲੀਪ ਐਂਡ ਗੋ ਟੂ ਵਰਕ। ਬਟ ਫਾਰ ਮੀ ਦੇਅਰ ਇਜ਼ ਮੋਰ ਟੂ ਲਾਈਫ।”
ਲੱਖੀ ਵੀ ਪਤਨੀ ਦੀ ਹਾਂ ਵਿਚ ਹਾਂ ਮਿਲ਼ਾਉਂਦਾ ਹੈ।
ਨੂੰਹ–ਪੁੱਤ ਦਾ ਵੱਖਰੇ ਹੋਣ ਦਾ ਰੁਖ–ਢੰਗ ਦੇਖ ਕੇ ਅਜੀਤ ਸਿੰਘ, ਜੈਕ ਦੀ ਸਲਾਹ ਨਾਲ਼ ਲੱਖੀ ਨੂੰ ਤਿੰਨ ਟਰੱਕ ਦੇ ਕੇ ਅਲੱਗ ਕਰ ਦਿੰਦਾ ਹੈ। ‘ਓਵਰਡਿਊ ਕਰਜਾ’ ਲਾਹੁਣ ਲਈ ਉਸਨੂੰ ਦੋ ਟਰੱਕ ਵੇਚਣੇ ਪੈ ਜਾਂਦੇ ਹਨ। ਅਠਾਰਾਂ ਵਿਚੋਂ ਤੇਰਾਂ ਰਹਿ ਜਾਂਦੇ ਹਨ। ਉਹ ਨਿਰਸ਼ਤਾ ਵਿਚ ਗੋਤੇ ਖਾਣ ਲਗਦਾ ਹੈ। ਪਤੀ ਦੀ ਹਾਲਤ ਤੋਂ ਚਿੰਤਤ ਹੋਈ ਸੁਰਿੰਦਰ ਕੌਰ ਛੋਟੇ ਪੁੱਤਰ ਕਰਨ ਨਾਲ਼ ਸਲਾਹ ਕਰਦੀ ਹੈ। ‘ਆਟੋਮੁਬੀਲ ਇੰਜਨੀਅਰਿੰਗ’ ਦੀ ਪੜ੍ਹਾਈ ਕਰਦਾ ਕਰਨ ਪੜ੍ਹਾਈ ਤੋਂ ਇਕ ਸਾਲ ਦੀ ਛੁੱਟੀ ਲੈ ਲੈਂਦਾ ਹੈ।
ਕਰਨ ਘੰਟਿਆਂ–ਬੱਧੀ ਕੰਪਿਊਟਰ ’ਤੇ ਕੰਮ ਕਰਦਾ ਹੈ। ੳਹ ਟਰੱਕਾਂ ਦੀ ਰੋਜ਼ਾਨਾ ਕਾਰਗੁਜ਼ਾਰੀ ਤੇ ਸਰਵਿਸਾਂ ਦੇ ਵੇਰਵੇ ਕੰਪਿਊਟਰ ’ਚ ਪਾ ਲੈਂਦਾ ਹੈ। ਟਰੱਕਾਂ ਵਾਸਤੇ ਬਰੋਕਰਜ਼ ਤੇ ਵਪਾਰਕ ਅਦਾਰਿਆਂ ਵੱਲੋਂ ਲੋਡ ਦੀ ਸਪਲਾਈ ਘਟ ਜਾਣ ’ਤੇ ਓਪਨ ਮਾਰਕਿਟ ਵਿੱਚੋਂ ਲੱਭ ਲੈਂਦਾ ਹੈ। ਕਾਰੋਬਾਰ ’ਚ ਹੋਈ ਬਿਹਤਰੀ ਨਾਲ਼ ਅਜੀਤ ਸਿੰਘ ਨੂੰ ਹੌਸਲਾ ਹੋ ਜਾਂਦਾ ਹੈ।
ਨਵੀਆਂ–ਨਵੀਆਂ ਸਕੀਮਾਂ ਸੋਚਦੇ ਕਰਨ ਤੇ ਜੈਕ ਇਕ ਚੋਖੇ ਮੁਨਾਫੇ ਵਾਲ਼ਾ ਕਾਂਟਰੈਕਟ ਹਾਸਲ ਕਰ ਲੈਂਦੇ ਹਨ— ਅਮਰੀਕਾ ਦੇ ਕਨੇਡਾ ’ਚ ਖੁੱਲ੍ਹ ਰਹੇ ‘ਡੌਲਰ ਐਂਡ ਡੌਲਰ’ ਸਟੋਰਾਂ ਲਈ ਅਮਰੀਕਾ ਦੇ ਵੇਅਰਹਾਊਸਾਂ ’ਤੋਂ ਸਾਮਾਨ ਢੋਣ ਦਾ ਕਾਂਟਰੈਕਟ। ਕਾਂਟਰੈਕਟ ਦੀਆਂ ਸ਼ਰਤਾਂ ਅਨੁਸਾਰ ਢੋਅ–ਢੁਆਈ ਮਿੱਥੇ ਸਮੇਂ ਤੱਕ ਮੁੱਕਣੀ ਚਾਹੀਦੀ ਹੈ… ਥਕਾਵਟ ਮਹਿਸੂਸਦੇ ਡਰਾਈਵਰਾਂ ਨੂੰ ਰੈਸਟ ਦੇਣ ਲਈ ਅਜੀਤ, ਜੈਕ ਤੇ ਕਰਨ ਵੀ ਟਰੱਕਾਂ ’ਤੇ ਜਾਣ ਲਗਦੇ ਹਨ।
ਇਸ ਸਿਲਸਿਲੇ ਦੌਰਾਨ ਟਰੱਕਾਂ ਦੇ ਇਕ ਅਤਿ ਭਿਆਨਕ ਹਾਈਵੇਅ–ਹਾਦਸੇ ਵਿਚ ਕਰਨ ਆਪਣੀ ਜਾਨ ਖਤਰੇ ’ਚ ਪਾ ਕੇ ਤਿੰਨ ਜਾਨਾਂ ਬਚਾਉਂਦਾ ਹੈ ਪਰ ਆਪ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਐਕਸੀਡੈਂਟ ਦੀ ਘਟਨਾ ਦੇ ਵੇਰਵੇ ਗੋਲਡੀ ਵਾਲ਼ੇ ਹਨ।
ਦੁਖਾਂਤ ਦੇ ਝੰਬੇ ਅਜੀਤ ਸਿੰਘ ਦੀ ਸੜਕਾਂ ਬਾਰੇ ਸੋਚ ਬਦਲਦੀ ਹੈ, ‘ਸੜਕਾਂ ਦਾ ਕਿਸੇ ਨਾਲ਼ ਕੋਈ ਹਿਤ ਨਹੀਂ ਹੁੰਦਾ… ਇਹ ਲੋਕਾਂ ਨੂੰ ਦੁੜਾਈ ਰੱਖਣਾ ਚਾਹੁੰਦੀਆਂ ਹਨ… ਇਕ–ਦੂਜੇ ਤੋਂ ਮੂਹਰੇ ਨਿਕਲ਼ ਜਾਣ ਨੂੰ ਹੀ ਜ਼ਿੰਦਗੀ ਦਾ ਮਨੋਰਥ ਬਣਾ ਦੇਂਦੀਆਂ ਨੇ।’
ਸਦਮੇਂ ’ਚ ਡੁੱਬੇ ਅਜੀਤ ਸਿੰਘ ਨੂੰ ਜੈਕ ਦਿਲੀ ਅਪਣੱਤ ਨਾਲ਼ ਢਾਰਸ ਦੇਂਦਾ ਹੈ। ਆਪਣੇ ਹੱਥ ਅਜੀਤ ਵੱਲ ਵਧਾਉਂਦਾ ਉਹ ਆਖਦਾ ਹੈ, “ਐਜੀਤ! ਮੇਰੇ ਇਨ੍ਹਾਂ ਹੱਥਾਂ ਨੂੰ ਤੂੰ ਕਰਨ ਦੇ ਹੱਥ ਸਮਝੀਂ… ਆਪਾਂ ਕੰਪਨੀ ਚਲਦੀ ਰੱਖਾਂਗੇ।”
ਕਰਨ ਨੂੰ ਮਰਨ–ਉਪ੍ਰੰਤ ‘ਐਵਾਰਡ ਆਫ ਬਰੇਵਰੀ’ ਦੇਣ ਬਾਬਤ ਕਨੇਡਾ ਸਰਕਾਰ ਦੀ ਚਿੱਠੀ ਪੜ੍ਹ ਕੇ ਜੈਕ ਆਖਦਾ ਹੈ, “ਐਜੀਤ! ਸੁਰੇਂਦਰ! ਆਪਾਂ ਨੂੰ ਮਾਣ ਹੈ ਕਿ ਆਪਣਾ ਕਰਨ ਕਨੇਡਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਚਲਾ ਗਿਐ।”
“ਪਰ ਸਾਡੇ ਇਤਿਹਾਸ ’ਚ ਤਾਂ ਹੁਣ ਹਨ੍ਹੇਰਾ ਹੀ ਹਨ੍ਹੇਰਾ ਏ।” ਸੁਰਿੰਦਰ ਕੌਰ ਦੀ ਆਵਾਜ਼ ਦਰਦ ਨਾਲ਼ ਭਰੀ ਹੋਈ ਏ।
“ਹਨ੍ਹੇਰੇ ਵਿਚ ਵੀ ਲੋਅ ਹੁੰਦੀ ਏ… ਤਾਰਿਆਂ ਦੀ ਲੋਅ।” ਜੈਕ ਉਮਾਹ ਭਰੀ ਆਵਾਜ਼ ’ਚ ਆਖਦਾ ਹੈ।
ਜੈਕ ਹੈਰੀਸਨ ਦੇ ਪਾਤਰ ਦਾ ਮੂਲ ਮੇਰਾ ਗੋਰਾ ਮਿੱਤਰ ਲੈਰੀ ਹਾਈਨ ਹੈ।
ਕਹਾਣੀ ਵਿਚ ਸੜਕਾਂ ਦੇ ਪ੍ਰਤੀਕ ਰਾਹੀਂ ਮੈਂ ਪਾਤਰਾਂ ਦੇ ਮਨਾਂ ਵਿਚ ਡੂੰਘੀ ਝਾਤ ਪੁਆਈ ਹੈ। ਸੜਕਾਂ ਲੋਕਾਂ ਦੇ ਮੇਲ–ਮਿਲਾਪ ਦਾ ਸਾਧਨ ਵੀ ਹਨ। ਉਂਜ ਸੜਕਾਂ ਦਾ ਵਧੇਰੇ ਲਾਹਾ ਵਪਾਰੀ ਲੈਂਦੇ ਹਨ। ਵਪਾਰ ਦੇ ਹਾਂ–ਪੱਖ ਵੀ ਹਨ।
ਕਹਾਣੀ ਵਿਚਲਾ ਹਾਂ–ਪੱਖ: ਵਪਾਰ ਰੰਗਾਂ–ਨਸਲਾਂ ਦੀਆਂ ਦੂਰੀਆਂ ਮਿਟਾਉਂਦਾ ਹੈ।
ਕਹਾਣੀ ‘ਗੁਆਚੇ ਲੋਕ’
ਪਛਮ ਦੀ ਪੂੰਜੀਵਾਦੀ ਵਿਵਸਥਾ ਨੇ ਪਰਿਵਾਰਕ, ਨੈਤਿਕ ਤੇ ਮਾਨਵੀ ਕਦਰਾਂ–ਕੀਮਤਾਂ ਨੂੰ ਜੋ ਢਾਹ ਲਾਈ ਹੈ, ਉਸਦਾ ਗਲਪੀ ਰੂਪ ਹੈ ਇਹ ਕਹਾਣੀ।
ਕਹਾਣੀ ਦਾ ਮੁੱਖ ਪਾਤਰ ਸ਼ਮਸ਼ੇਰ ਸਿੰਘ ਪ੍ਰਗਤੀਸ਼ੀਲ ਵਿਚਾਰਾਂ ਦਾ ਧਾਰਨੀ ਹੈ। ਆਪਣੇ ਪਿੰਡ ਵਿਚ ‘ਨੌਜਵਾਨ ਸਭਾ’ ਬਣਾ ਕੇ ਉਹ ਪਿੰਡ ਦੀ ਬਿਹਤਰੀ ਦੇ ਕਾਰਜ ਆਰੰਭਦਾ ਹੈ। ਪਰ ਸਾਥੀਆਂ ਦੀ ਮੌਕਾਪ੍ਰਸਤੀ ਤੋਂ ਦੁਖੀ ਹੋ ਕੇ ਕਨੇਡਾ ਆ ਜਾਂਦਾ ਹੈ।
ਕਨੇਡਾ ’ਚ ਉਸਦਾ ਰਫਿਊਜੀ ਕੇਸ ਉਲਝ ਜਾਂਦਾ ਹੈ। 10 ਸਾਲ ਦੀ ਖੱਜਲ–ਖੁਆਰੀ ਤੋਂ ਬਾਅਦ ਇੰਮੀਗ੍ਰੇਸ਼ਨ ਮਿਲਦੀ ਹੈ। ਪਤਨੀ ਜਸਬੀਰ ਕੌਰ ਤੇ ਪੁੱਤਾਂ ਨੂੰ ਕਨੇਡਾ ਪਹੁੰਚਣ ’ਚ ਇਕ ਸਾਲ ਹੋਰ ਲੱਗ ਜਾਂਦਾ ਹੈ। ਕੇਸ ਦੀਆਂ ਪਰੇਸ਼ਾਨੀਆਂ ਤੇ ਪਰਿਵਾਰ ਦੇ ਲੰਮੇ ਵਿਛੋੜੇ ਦੇ ਫਿਕਰਾਂ–ਹਉਕਿਆਂ ਵਾਲ਼ੇ ਸਮੇਂ ਨੂੰ ਉਹ ‘ਬਨਵਾਸ’ ਆਖਦਾ ਹੈ।
ਪਰਿਵਾਰਕ ਜੀਵਨ ਨਸੀਬ ਹੋਣ ’ਤੇ ਉਸਨੂੰ ਸੁੱਖ ਦਾ ਸਾਹ ਆਉਂਦਾ ਹੈ। ਉਹ ਦੋਨਾਂ ਪੁੱਤਾਂ ਸੁਹਿੰਦਰ ਤੇ ਮਨਜਿੰਦਰ ਨੂੰ ਚੰਗੀ ਪੜ੍ਹਾਈ ਕਰਵਾਉਂਦਾ ਹੈ। ਜੌਬਾਂ ’ਤੇ ਲੱਗਣ ਉਪ੍ਰੰਤ ਦੋਵੇਂ ਵਿਆਹੇ ਜਾਂਦੇ ਹਨ।
ਵੱਡੇ ਪੁੱਤ–ਨੂੰਹ ਸੁਹਿੰਦਰ ਤੇ ਰਛਪਾਲ ਜੌਬਾਂ ਕਰਦੇ ਹਨ। ਛੋਟਾ ਮਨਿੰਦਰ ਤੇ ਉਸਦੀ ਪਤਨੀ ਸੰਦੀਪ ‘ਯੁਨੀਕ ਮਲਟੀਪਲ ਫਾਇਨੈਂਸ਼ੀਅਲ ਸਰਵਿਸਜ਼’ ਨਾਂ ਦੀ ਕੰਪਨੀ ਖੋਲ੍ਹ ਲੈਂਦੇ ਹਨ। ਉਹ ਬਿਜ਼ਨਸ ਵਧਾਉਣ ਲਈ ਵੀਕਐਂਡਾਂ ’ਤੇ ਬਿਜ਼ਨਿਸੀ–ਦੋਸਤਾਂ ਨਾਲ਼ ਪਾਰਟੀਆਂ, ਸੱਭਿਆਚਾਰਕ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਅਤੇ ਮੀਡੀਆ ਵਾਲ਼ਿਆਂ ਨੂੰ ਮਿਲਣ ਦੇ ਰੁਝੇਵਿਆਂ ਵਿਚ ਬਿਜ਼ੀ ਹੋ ਜਾਂਦੇ ਹਨ… ਤੇ ਫਿਰ ਵੱਖਰਾ ਘਰ ਖਰੀਦ ਲੈਂਦੇ ਹਨ। ਸ਼ਮਸ਼ੇਰ ਸਿੰਘ ਨੂੰਹ–ਪੁੱਤ ਨਾਲ਼ ਰੋਸਾ ਕਰਦਾ ਹੈ, “ਤੁਸੀਂ ਤਾਂ ਮੇਰੇ ਚਾਅ ਵੀ ਨਾ ਪੂਰੇ ਹੋਣ ਦਿੱਤੇ। ਮੈਂ ਗਿਆਰਾਂ ਸਾਲ ਟੱਬਰ ’ਚ ਬਹਿਣ ਨੂੰ ਤਰਸਦਾ ਰਿਹਾ… ।”
ਬਿਜ਼ਨਿਸ ਵਿਚ ਉਨ੍ਹਾਂ ਦੀ ਅਜਿਹੀ ਦੌੜ ਲਗਦੀ ਹੈ ਕਿ ਮੌਮ–ਡੈਡ ਤੇ ਭਰਾ ਨੂੰ ਮਿਲਣ ਕਦੀ–ਕਦੀ ਹੀ ਆਉਂਦੇ ਹਨ। ਸ਼ਮਸ਼ੇਰ ਸਿੰਘ ਨੂੰ ਆਪਣੇ ਰਫਿਊਜ਼ੀਪੁਣੇ ਦੇ ਸਾਥੀ ਯਾਦ ਆਉਂਦੇ ਹਨ। ਉਨ੍ਹਾਂ ਦੇ ਪਰਿਵਾਰ ਵੀ ਇਸੇ ਤਰ੍ਹਾਂ ਦੀ ਦੌੜ ’ਚ ਪਏ ਹੋਏ ਹਨ।
ਸ਼ਮਸ਼ੇਰ ਸਿੰਘ ਨਾਲ਼ ਕੰਮ ਕਰਦਾ ਜੇਮਜ਼ ਬੈਂਜਾਮਿਨ ਬੁੱਧੀਜੀਵੀ ਹੈ। ਉਹ ਫੈਕਟਰੀ ਵਿਚ ਹਫਤੇ ਦੇ ਤਿੰਨ ਦਿਨ ਹੀ ਕੰਮ ਕਰਦਾ ਹੈ। ਬਾਕੀ ਚਾਰ ਦਿਨ ਮਾਨਸਿਕ ਬਿਮਾਰੀਆਂ ਵਾਲ਼ੇ ਬੱਚਿਆਂ ਦੇ ‘ਚਿਲਡਰਨ ਕੇਅਰ ਸੈਂਟਰ’ ਦੇ ਲੇਖੇ ਲਾਉਂਦਾ ਹੈ। ਉਹ ਪੂਜੀਵਾਦ ਦੀਆਂ ਅਲਾਮਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਮਸ਼ੇਰ ਸਿੰਘ ਨੂੰ ਉਸਦੀਆਂ ਗੱਲਾਂ ਠੀਕ ਲਗਦੀਆਂ ਹਨ। ਇਕ ਦਿਨ ਉਹ ਜੇਮਜ਼ ਨੂੰ ਕਹਿੰਦਾ ਹੈ, “ਜੇਮਜ਼ ਮੈਂ ਹੈਰਾਨ ਆਂ ਕਿ ਇਹ ਦੌੜ ਬੰਦੇ ਦਾ ਏਨਾ ਨੁਕਸਾਨ ਕਰੀ ਜਾ ਰਹੇ ਏ ਤੇ ਬੰਦਾ ਇਸ ਬਾਰੇ ਸੋਚ ਹੀ ਨਹੀਂ ਰਿਹਾ।”
“ਸੋਚੇ ਤਾਂ, ਤਾਂ ਜੇ ਉਹ ਆਪਣੇ ਆਪ ਵਿਚ ਹੋਵੇ, ਉਹ ਤਾਂ ਗੁਆਚ ਚੁੱਕੈ… ਆਪਣੇ ਕੇਂਦਰੀ ਧੁਰੇ ਨਾਲ਼ੋਂ ਟੁੱਟ ਚੁਕੈ।” ਜੇਮਜ਼ ਦੱਸਦਾ ਹੈ।
“ਕਿਹੜਾ ਕੇਂਦਰੀ ਧੁਰਾ?” ਸ਼ਮਸ਼ੇਰ ਸਿੰਘ ਪੁੱਛਦਾ ਹੈ।
“ਪ੍ਰੇਮ–ਪਿਆਰ ਦਾ।” ਜੇਮਜ਼ ਦਾ ਉੱਤਰ ਹੈ।
ਜੇਮਜ਼ ਆਪਣੀ ਦੋਸਤ ਜੁਲੀ ਨਾਲ਼ ਰਹਿੰਦਾ ਹੈ। ਜੁਲੀ ਪਦਾਰਥਕ ਰੁਚੀਆਂ ਵਾਲ਼ੀ ਔਰਤ ਹੈ।
ਜੇਮਜ਼ ਤੇ ਉਸਦੀ ਸੰਸਥਾ ਬਾਰੇ ‘ਟਰਾਂਟੋ ਸਟਾਰ’ ਅਖਬਾਰ ਵਿਚ ਛਪੀ ਆਰਟੀਕਲ ਦੇ ਸੰਬੰਧ ਵਿਚ ਸ਼ਮਸ਼ੇਰ ਸਿੰਘ ਜੇਮਜ਼ ਨੂੰ ਆਖਦਾ ਹੈ, “ਜੇਮਜ਼! ਤੇਰੀ ਵਾਹਵਾ ਪਛਾਣ ਬਣੀ ਹੋਈ ਏ।”
ਜੇਮਜ਼ ਦੇ ਸ਼ਬਦ ਇਹ ਹਨ, “ਸੈਮ! ਲੋਕਾਂ ਲਈ ਏਦਾਂ ਦੀ ਪਛਾਣ ਦਾ ਕੋਈ ਮਤਲਬ ਨਹੀਂ। ਅੱਜ ਲੋਕੀਂ ਤੁਹਾਡੀ ਪਛਾਣ ਤਾਂ ਹੀ ਕਬੂਲਦੇ ਐ ਜੇ ਸ਼ੁਹਰਤ ਦੇ ਨਾਲ਼ ਤੁਹਾਡੇ ਕੋਲ਼ ਢੇਰ ਸਾਰੇ ਡਾਲਰ ਵੀ ਹੋਣ… ਜੁਲੀ ਮੈਥੋਂ ਦੁਖੀ ਏ ਅਖੇ— ਤੇਰੀ ਏਨੀ ਤਾਲੀਮ, ਏਨੀ ਅਕਲ ਕਿਸ ਕੰਮ? ਆਪਣਾ ਨਿੱਕਾ ਜਿਹਾ ਅਪਾਰਟਮੈਂਟ, ਉਹ ਵੀ ਚੀਜ਼ਾਂ ਖੁਣੋਂ ਸੱਖਣਾ… ਨਾ ਮਨਭਾਉਂਦੀਆਂ ਡਰੈਸਾਂ ਨਾ ਕੋਈ ਫੰਨ। ਮੈਂ ਉਹਨੂੰ ਕਹਿਨਾਂ ਪਈ ਜਿੰਨੀਆਂ ਮਰਜ਼ੀ ਡਰੈਸਾਂ ਲੈ ਲਾ, ਜਿੰਨੀਆਂ ਮਰਜ਼ੀ ਚੀਜ਼ਾਂ ਇਕੱਠੀਆਂ ਕਰ ਲੈ, ਤੇਰੀ ਤ੍ਰਿਪਤੀ ਨਹੀਂ ਹੋਣੀ ਕਿਉਂਕਿ ਤੂੰ ਅੰਦਰੋਂ ਖਾਲੀ ਐਂ, ਖੋਖਲੀ ਐਂ… ।”
ਸ਼ਮਸ਼ੇਰ ਸਿੰਘ ਦਾ ਵੱਡਾ ਪੁੱਤਰ ਸੁਹਿੰਦਰ ਧਾਰਮਿਕ ਰੁਚੀਆਂ ਵਾਲ਼ਾ ਹੈ। ਗੁਰਦੁਆਰੇ ਦੇ (ਅਧਰਮੀ) ਪ੍ਰਧਾਨ ਸੁੱਚਾ ਸਿੰਘ ਢੀਂਡਸਾ ਦੇ ਪ੍ਰਭਾਵ ਹੇਠ ਆ ਕੇ ਉਹ ਪ੍ਰਧਾਨ ਦੇ ਭਰਾ ਨਾਲ਼ ਸਾਂਝਾ ‘ਆਟੋਮੁਬੀਲ ਗਰਾਜ’ (ਵਰਕਸ਼ਾਪ) ਦਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ। ਪੁੱਤ ਦੀ ਭ੍ਰਿਸ਼ਟ ਬੰਦਿਆਂ ਨਾਲ਼ ਸਾਂਝ–ਭਿਆਲੀ ਨੂੰ ਕੋਸਦਾ ਸ਼ਮਸ਼ੇਰ ਸਿੰਘ ਉਸ ਨਾਲ਼ ਦੂਰੀ ਬਣਾ ਲੈਂਦਾ ਹੈ। ਲੋਕਾਂ ਦੀਆਂ ਮੌਰਟਗੇਜਾਂ ਮਨਜ਼ੂਰ ਕਰਵਾਉਣ ਤੇ ਫਿਰ ਕਈਆਂ ਦੇ ਬੈਂਕਰਪਸੀ ਕੇਸ ਤਿਆਰ ਕਰਨ ਲਈ ਲੋਕਾਂ ਤੋਂ ਭਾਰੀਆਂ ਫੀਸਾਂ ਵਸੂਲਦੇ ਮਨਜਿੰਦਰ ਤੇ ਸੈਂਡੀ ਪਹਿਲਾਂ ਹੀ ਉਸਦੇ ਮਨੋਂ ਲੱਥ ਚੁੱਕੇ ਹਨ।
ਵੱਡਿਆਂ ’ਚ ਪੈਰ ਰੱਖਦੇ ਦੋਵੇਂ ਪੁੱਤ ਸ਼ਾਨਦਾਰ ਘਰਾਂ ’ਚ ਰਹਿੰਦੇ ਹਨ। ਉਹ ਮੰਮੀ–ਡੈਡੀ ਨੂੰ ਆਪਣੇ ਨਾਲ਼ ਰਹਿਣ ਲਈ ਕਹਿੰਦੇ ਹਨ। ਜਸਬੀਰ ਕੌਰ ਤਾਂ ਚਾਹੁੰਦੀ ਹੈ ਪਰ ਸ਼ਮਸ਼ੇਰ ਸਿੰਘ ਉਨ੍ਹਾਂ ਨਾਲ਼ ਲਕੀਰ ਪਾ ਚੁੱਕਾ ਹੈ। ਉਹ ਬੇਸਮੈਂਟ ’ਚ ਰਹਿਣਾ ਹੀ ਠੀਕ ਸਮਝਦਾ ਹੈ।
ਇਕ–ਦੂਜੇ ’ਤੇ ਬੇਵਫਾਈ ਦੇ ਦੋਸ਼ ਲਾਉਂਦੇ ਮਨਜਿੰਦਰ ਤੇ ਸੈਂਡੀ ਦੀ ਅਣਬਣ ਹੋ ਜਾਂਦੀ ਹੈ।
ਦੋਵੇਂ ਪੁੱਤ ਆਪਣੇ ਬੱਚਿਆਂ ਦੀ ਬੇਬੀ–ਸਿਟਿੰਗ ਜਸਬੀਰ ਕੌਰ ਦੇ ਜਿੰਮੇਂ ਪਾ ਦੇਂਦੇ ਹਨ।
ਉਨ੍ਹਾਂ ਦੇ ਘਰਾਂ ਤੋਂ ਮੁੜਦਿਆਂ ਜਸਬੀਰ ਕੌਰ ਨੂੰ ਰਾਤ ਪੈ ਜਾਂਦੀ ਹੈ। ਸ਼ਮਸ਼ੇਰ ਸਿੰਘ ਨੂੰ ਮੁੜ ਇਕੱਲਤਾ ਭੋਗਣੀ ਪੈ ਜਾਂਦੀ ਹੈ। ਰੋਟੀ ਵੀ ਵਕਤ ਸਿਰ ਨਹੀਂ ਮਿਲ਼ਦੀ। ਪਰਿਵਾਰ ਤੋਂ ਸਤਿਆ ਹੋਇਆ ਉਹ ਸ਼ਰਾਬ ਪੀਣ ਬੈਠ ਜਾਂਦਾ ਹੈ। ਡਾਕਟਰ ਦੀ ਸ਼ਰਾਬ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ ’ਤੇ ਉਹ ਠੀਕ ਤਰ੍ਹਾਂ ਅਮਲ ਨਹੀਂ ਕਰਦਾ। ਉਸਦੀ ਭੁੱਖ–ਨੀਂਦ ਘਟ ਜਾਂਦੀ ਹੈ। ਸੜਦਾ–ਭੁੱਜਦਾ ਉਹ ਇੰਜ ਮਹਿਸੂਸ ਕਰਦਾ ਹੈ ਜਿਵੇਂ ਸੁੱਖ ਦੀ ਤਲਾਸ਼ ਵਿਚ ਉਹ ਸਮੇਂ ਕੋਲ਼ੋਂ ਠਗਿਆ ਗਿਆ ਹੋਵੇ। ਪਰ ਫਿਰ ਉਹ ਸੋਚਦਾ ਕਿ ਉਹ ਸਮੇਂ ਤੋਂ ਨਹੀਂ, ਕਿਸੇ ਬਿਗਾਨੇ ਤੋਂ ਨਹੀਂ, ਖਾਸ ਆਪਣਿਆਂ ਤੋਂ ਹੀ ਠਗਿਆ ਗਿਆ ਹੈ। ਇਸੇ ਦੌਰਾਨ ਜੇਮਜ਼ ਤੇ ਜੁਲੀ ਵਿਚ ਦੂਰੀ ਪੈ ਜਾਂਦੀ ਹੈ। ਜੇਮਜ਼ ਕਨੇਡਾ ਦੇ ਇਕ ਹੋਰ ਸ਼ਹਿਰ ਹੈਲੀਫੈਕਸ ਚਲਾ ਜਾਂਦਾ ਹੈ।
ਇਕਲੱਤਾ ਦਾ ਝੰਬਿਆ ਸ਼ਮਸ਼ੇਰ ਸਿੰਘ ਜੁਲੀ ਨਾਲ਼ ਸੰਬੰਧ ਬਣਾ ਲੈਂਦਾ ਹੈ। ਜੂਲੀ ਦੇ ਕਹਿਣ ’ਤੇ ਉਹ ਸ਼ਰਾਬ ਛੱਡ ਦੇਂਦਾ ਹੈ… ਪਰ ਕੁਝ ਚਿਰ ਲਈ ਹੀ। ਆਖਰ ਸ਼ਰਾਬਨੋਸ਼ੀ ਕਾਰਨ ਉਸਦਾ ਲਿਵਰ ਜਵਾਬ ਦੇ ਜਾਂਦਾ ਹੈ।
ਕਹਾਣੀ ਦੀ ਅਤਿ ਦੁਖਦਾਈ ਘਟਨਾ ਜੇਮਜ਼ ਬੈਂਜਾਮਿਨ ਦੀ ਮੌਤ ਹੈ। ਇਕ ਮਨੋਰੋਗੀ ਲੜਕਾ ਉਸਦੀ, ਸੁੱਤੇ ਪਏ ਦੀ ਹੱਤਿਆ ਕਰ ਦੇਂਦਾ ਹੈ। ਪਤਾ ਲੱਗਣ ’ਤੇ ਜੁਲੀ ਹੈਲੀਫੈਕਸ ਪਹੁੰਚਦੀ ਹੈ। ਜੇਮਜ਼ ਦੇ ਸੰਗੀ ਸਾਥੀ ਅਤੇ ‘ਚਿਲਡਰਨ ਕੇਅਰ ਸੈਂਟਰਾਂ’ ਦੇ ਬੱਚੇ ਉਸਨੂੰ ਯਾਦ ਕਰ–ਕਰ ਹੰਝੂ ਵਹਾ ਰਹੇ ਹਨ। ਉਨ੍ਹਾਂ ਦੇ ਹੰਝੂਆਂ ਅਤੇ ਅੰਗ–ਦਾਨ ਕਰਨ ਲਈ ਜੇਮਜ਼ ਦੇ ਹਲਫਨਾਮੇ ਦਾ ਜੁਲੀ ਦੇ ਮਨ ’ਤੇ ਗਹਿਰਾ ਅਸਰ ਪੈਂਦਾ ਹੈ। ਲੋਕ ਹਿਤਾਂ ਨੂੰ ਅਰਪਿਤ ਜੇਮਜ਼, ਉਸਦੀ ਸੋਚ ਵਿਚ ਹੋਰ ਉੱਚਾ ਉੱਠ ਜਾਂਦਾ ਹੈ। ਜੇਮਜ਼ ਦੇ ਵਡੇਰੇ ਮਾਨਵੀ ਸਰੋਕਾਰਾਂ ਦੀ ਰੌਸ਼ਨੀ ਵਿਚ ਉਹ ਆਪਣੇ ਪਿਛਲੇ ਪੈਂਡਿਆਂ ਦਾ ਲੇਖਾ–ਜੋਖਾ ਕਰਨ ਲਗਦੀ ਹੈ।
ਸ਼ਮਸ਼ੇਰ ਸਿੰਘ ਨੂੰ ਡੋਨੇਟ ਕੀਤਾ ਲਿਵਰ ਮਿਲ਼ ਜਾਂਦਾ ਹੈ।
ਜੁਲੀ ਦੇ ਸ਼ਮਸ਼ੇਰ ਸਿੰਘ ਨਾਲ਼ ਨਿਖੇੜੇ ਦੀ ਗੱਲ ਮੈਂ ਕਹਾਣੀ ਵਿਚ ਲਿਖ ਦਿੱਤੀ ਹੈ। ਜੁਲੀ ਦੇ ਮਨ ਵਿਚਲੀ ਜਿਹੜੀ ਗੱਲ ਮੈਂ ਪਾਠਕਾਂ ਦੇ ਸਮਝਣ ਵਾਸਤੇ ਛੱਡੀ ਉਹ ਇਹ ਹੈ: ਜੁਲੀ ਜੇਮਜ਼ ਬੈਂਜਾਮਿਨ ਦੀ ਸੰਸਥਾ ਨਾਲ਼ ਜੁੜ ਕੇ ਉਸਦੇ ਉਚ–ਆਦਰਸ਼ਾਂ ’ਤੇ ਪਹਿਰਾ ਦੇਣਾ ਚਾਹੁੰਦੀ ਹੈ।
ਸ਼ਮਸ਼ੇਰ ਸਿੰਘ ਦੇ ਪਾਤਰ ਦਾ ਆਧਾਰ ਹੈ ਸਿਰੜੀ ਤੇ ਸੰਘਰਸ਼ਸ਼ੀਲ ਹਰਨੇਕ ਸਿੰਘ। ਉਹ ਮੇਰੇ ਭਾਣਜੇ ਜਸਪਾਲ ਨਾਲ਼ ਕੰਮ ਕਰਦਾ ਸੀ। ਮੈਂ ਕਈ ਵਾਰ ਉਸਨੂੰ ਮਿਲਿਆ ਸਾਂ। ਕਨੇਡਾ ਆ ਕੇ ਹਰਨੇਕ ਦੇ ਗੁਰਦੇ ਖਰਾਬ ਹੋ ਗਏ ਸਨ। ਡਾਇਐਲਿਸਿਸ ਕਰਵਾਉਂਦੇ ਮਰੀਜਾਂ ’ਚ ਕੰਮ ਕਰਨ ਦੀ ਹਿੰਮਤ ਨਹੀ ਹੁੰਦੀ। ਪਰ ਹਰਨੇਕ ਨੇ ਕੰਮ ਨਹੀਂ ਸੀ ਛੱਡਿਆ। ਦਾਨ ਕੀਤਾ ਗੁਰਦਾ ਮਿਲਣ ’ਤੇ ਉਹ ਮੁੜ ਤੰਦਰੁਸਤ ਹੋ ਗਿਆ। ਪਰਿਵਾਰ ਵੀ ਕਨੇਡਾ ਆ ਗਿਆ। ਪਰ ਉਸਦੇ ਪੁੱਤਰ ਕੰਮਚੋਰ ਤੇ ਲਾਪਰਵਾਹ ਨਿਕਲ਼ੇ। ਘਰ ਦੀ ਆਰਥਿਕਤਾ ਨਿੱਘਰ ਗਈ। ਸੁੱਖਾਂ ਦੀ ਉਡੀਕ ਵਿਚ ਅਤਿ ਔਖੇ–ਕਰੜੇ ਵਕਤਾਂ ਨਾਲ਼ ਜੂਝਣ ਵਾਲੇ ਹਰਨੇਕ ਸਿੰਘ ਨੂੰ ਝੋਰਾ ਲਗ ਗਿਆ… ਦੁੱਖ ਮੁੜ ਹਾਵੀ ਹੋ ਗਏ ।
ਜੇਮਜ਼ ਦੇ ਪਾਤਰ ਦਾ ਮੂਲ ਕਮਿਸ਼ਨੇਅਰ ਰੇਅ ਕਾਰਟਰ ਹੈ। ਉਹ ਸਾਡੇ ਨਾਲ਼ ਏਅਰਪੋਰਟ ’ਤੇ ਜੌਬ ਕਰਦਾ ਸੀ। ਉਸਨੇ ਫੌਜ ਦੋ ਕੁ ਸਾਲ ਬਾਅਦ ਹੀ ਛੱਡ ਦਿੱਤੀ ਸੀ। ਫਿਰ ਯੂਨੀਵਰਸਿਟੀ ਦੀ ਪੜ੍ਹਾਈ ਕੀਤੀ। ਉਹ ਕਾਰਾਂ ਦੀ ਫੈਕਟਰੀ ’ਚ ਕਿਸੇ ਚੰਗੀ ਪੋਸਟ ’ਤੇ ਸੀ। ਫੈਕਟਰੀ ਦੇ ਕਾਮਿਆਂ ਨਾਲ਼ ਕਾਂਟਰੈਕਟ ਨਵਿਆਉਣ ਸਮੇਂ ਉਸਨੇ ਕਾਮਿਆਂ ਦੇ ਹੱਕ ਵਿਚ ਠੋਕ ਕੇ ਗੱਲ ਕੀਤੀ ਸੀ। ਫੈਕਟਰੀ ਦੇ ਸਿਖਰਲੇ ਅਧਿਕਾਰੀਆਂ ਨੂੰ ਉਹ ਚੁੱਭਣ ਲਗ ਪਿਆ। ਅਧਿਕਾਰੀਆਂ ਨੂੰ ਖਰੀਆਂ–ਖਰੀਆਂ ਸੁਣਾ ਕੇ ਉਸਨੇ ਅਸਤੀਫਾ ਦੇ ਦਿੱਤਾ। ਤੇ ‘ਕੋਰ ਆਫ ਕਮਿਸ਼ਨੇਅਰਜ਼’ ਵਿਚ ਆ ਗਿਆ। ਆਪਣੇ ਔਫ ਵਾਲੇ ਦਿਨੀਂ ਉਹ ਮਨੋਰੋਗੀ ਬੱਚਿਆਂ ਦੇ ਇਕ ਸੈਂਟਰ ਵਿਚ ਵਲੰਟੀਅਰ ਦੇ ਤੌਰ ’ਤੇ ਕੰਮ ਕਰਦਾ ਸੀ। ਉਹ ਪੜ੍ਹਦਾ ਬਹੁਤ ਸੀ। ਉਸਦੇ ਬੈਗ ਵਿਚ ਹਮੇਸ਼ਾ ਕੋਈ ਨਾ ਕੋਈ ਕਿਤਾਬ ਹੁੰਦੀ। ਸਾਰੇ ਕਮਿਸ਼ਨੇਅਰਜ਼ ਉਸਨੂੰ ‘ਫਿਲਾਸਫਰ ਰੇਅ’ ਸੱਦਦੇ ਸਨ।
ਹੁਣ ਤੱਕ ਦੀਆਂ ਨੌਂ ਕਹਾਣੀਆਂ ਵਿਚ ਮੈਂ ਕਨੇਡਾ ’ਚ ਪੰਜਾਬੀਆਂ ਦੇ ਸੰਘਰਸ਼, ਪੀੜ੍ਹੀ–ਪਾੜਾ, ਟੀਨ ਏਜਰਾਂ ਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ, ਰਿਸ਼ਤਿਆ ਦੀ ਟੁੱਟ–ਭੱਜ, ਸਭਿਆਚਾਰ ਤਣਾਓ, ਟਕਰਾਓ ਤੇ ਰਲੇਵਾਂ, ਅੰਤਰ ਸਭਿਆਚਾਰਕ ਸਰੋਕਾਰਾਂ ਤੇ ਪੂੰਜੀਵਾਦੀ ਵਰਤਾਰੇ ਨੂੰ ਗਲਪੀ ਬਿੰਬ ਵਿਚ ਢਾਲ ਚੁੱਕਾ ਸਾਂ। ਕਨੇਡਾ ਵਸਦੀ ਪੰਜਾਬੀ ਕਮਿਊਨਿਟੀ ਬਾਰੇ ਅਤੇ ਪੰਜਾਬੀ ਕਮਿਊਨਿਟੀ ਦੇ ਗੋਰਾ ਸਮਾਜ ਨਾਲ਼ ਸੰਬੰਧਾਂ–ਸਰੋਕਾਰਾਂ ਬਾਰੇ ਕਹਾਣੀਆਂ ਰਚਣ ਉਪ੍ਰੰਤ ਮੇਰਾ ਧਿਆਨ ਅੰਤਰਰਾਸ਼ਟਰੀ ਮਸਲਿਆਂ ਵੱਲ ਚਲਾ ਗਿਆ।
ਕਹਾਣੀ ‘ਟਾਵਰਜ਼’
ਇਹ ਕਹਾਣੀ ਵਿਸ਼ਵ–ਵਿਆਪੀ ਘਟਨਾ 9/ 11 ਦੀ ਤ੍ਰਾਸਦੀ ’ਤੇ ਆਧਾਰਿਤ ਹੈ। 11 ਸਤੰਬਰ 2001 ਨੂੰ ਅਤਿਵਾਦੀਆਂ ਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ‘ਵਰਲਡ ਟਰੇਡ ਸੈਂਟਰ’ ਦੇ ਗਗਨ ਚੁੰਮਦੇ ਜੌੜੇ ਟਾਵਰ ਢਹਿ-ਢੇਰੀ ਕਰ ਦਿੱਤੇ। 110 ਮੰਜ਼ਲੇ ਉਹ ਟਾਵਰ ਮੈਂ ਦੇਖੇ ਹੋਏ ਸਨ। ਟਾਵਰਾਂ ’ਚ ਮਾਰੇ ਗਏ ਹਜ਼ਾਰਾਂ ਲੋਕ ਓਥੇ ਆਪੋ ਆਪਣੇ ਕੰਮਾਂ ’ਤੇ ਗਏ ਹੋਏ ਸਨ, ਰੋਟੀ ਕਮਾਉਣ। ਹੁਣ ਉਨ੍ਹਾਂ ਨੇ ਕਦੀ ਵੀ ਘਰੀਂ ਨਹੀਂ ਸੀ ਪਰਤਣਾਂ। ਇਸ ਤ੍ਰਾਸਦੀ ਨੇ ਮੇਰੇ ਮਨ ’ਤੇ ਗਹਿਰਾ ਅਸਰ ਕੀਤਾ। ਫਿਰ ਜਦੋਂ ਅਮਰੀਕਾ ਅਫਗਾਨਿਸਤਾਨ ਤੋਂ ਬਾਅਦ ਇਰਾਕ ’ਚ ਜਾ ਵੜਿਆ ਤਾਂ ਇਹ ਵਿਸ਼ਵ ਵਿਆਪੀ ਘਟਨਾਵਾਂ ਦੁਨੀਆਂ ਦੇ ਸਿਆਣੇ ਲੋਕਾਂ ਦੀ ਚਿੰਤਾ ਬਣ ਗਈ। ਸਮੁੱਚੇ ਘਟਨਾਕ੍ਰਮ ਵਿੱਚੋਂ ਦੋ ਅਹਿਮ ਪਹਿਲੂ ਨਜ਼ਰ ਆ ਰਹੇ ਸਨ:
(1) ਅਮਰੀਕਾ ਦੀ ਸਾਮਰਾਜੀ ਧੌਂਸ ਤੇ ਨਵਬਸਤੀਵਾਦੀ ਮਨਸੂਬੇ।
(2) ਧਾਰਮਿਕ ਮੂਲਵਾਦ ਦਾ ਜਨੂੰਨੀ ਕਿਰਦਾਰ।
ਟਾਵਰਾਂ ਦੀ ਤਬਾਹੀ ਅਤੇ ਤਬਾਹੀ ਤੋਂ ਬਾਅਦ ਅਮਰੀਕਾ ਦੀਆਂ ਬਾਰੂਦੀ ਹਨ੍ਹੇਰੀਆਂ ਬਾਬਤ ਮੈਂ ਨੋਮ ਚੌਮਸਕੀ ਤੇ ਕੁਝ ਹੋਰ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ… ਤੇ ਮੇਰੀ ਸੋਚ ਵਿਚ ਕਹਾਣੀ ਦਾ ਸਿਰਜਣਾਤਮਿਕ ਅਮਲ ਸ਼ੁਰੂ ਹੋ ਗਿਆ।
ਕਹਾਣੀ ਦਾ ਮੁੱਖ ਪਾਤਰ ਵਿਲੀਅਮ ਥੌਂਪਸਨ ਨਿਊਯਾਰਕ ਬੰਦਰਗਾਹ ’ਤੇ ਜੌਬ ਕਰਦਾ ਹੈ। ਉਸਦਾ ਦਫਤਰ ਐਟਲਾਂਟਿਕ ਮਹਾਂਸਾਗਰ ਦੇ ਕਿਨਾਰੇ ਹੈ। ਐਟਲਾਂਟਿਕ ਦੇ ਦੂਰ–ਦੂਰ ਤਕ ਪਸਰੇ ਨੀਲੇ ਪਾਣੀ ਨੂੰ ਨਿਹਾਰਦਿਆਂ ਤੇ ਉਸ ਵਿਚ ਤੈਰਦਿਆਂ, ਉਸਦਾ ਐਟਲਾਂਟਿਕ ਨਾਲ਼ ਗੂੜ੍ਹਾ ਮੋਹ ਪੈ ਜਾਂਦਾ ਹੈ। ਐਟਲਾਂਟਿਕ ਉਸਦੀ ਰੂਹ ’ਚ ਉੱਤਰ ਜਾਂਦਾ ਹੈ। ਐਟਲਾਂਟਿਕ ਦੀ ਬੀਚ ’ਤੇ ਹੀ ਉਸਦੀ ਐਂਜਲਾ ਨਾਲ਼ ਪਹਿਲੀ ਮੁਲਾਕਾਤ ਹੁੰਦੀ ਹੈ। ਉਹ ਪਤੀ–ਪਤਨੀ ਦੇ ਰਿਸ਼ਤੇ ’ਚ ਬੱਝ ਜਾਂਦੇ ਹਨ।
ਉਹ ਐਟਲਾਂਟਿਕ ਨੇੜੇ ਇਕ ਕੰਡੋਮਿਨੀਅਮ (ਅਪਾਰਟਮੈਂਟ) ’ਚ ਰਹਿਣ ਲਗਦੇ ਹਨ। ਉਨ੍ਹਾਂ ਦੇ ਦੋ ਬੱਚੇ ਹਨ ਧੀ ਸਟੇਸੀ ਤੇ ਪੁੱਤਰ ਡੈਨਿਸ। ਸਟੇਸੀ ਪੜ੍ਹਾਈ ’ਚ ਹੁਸ਼ਿਆਰ ਹੈ। ਉਹ ਇਕ ਕੰਪਨੀ ’ਚ ਮਾਰਕੀਟਿੰਗ ਐਨਾਲਿਸਟ ਬਣ ਜਾਂਦੀ ਹੈ। ਉਸਦਾ ਦਫਤਰ ਵਰਲਡ ਟਰੇਡ ਸੈਂਟਰ ਦੇ ਦੱਖਣੀ ਟਾਵਰ ’ਚ ਹੈ। ਡੈਨਿਸ ਅੰਦਰ ਐਡਵੈਂਚਰ ਦਾ ਝੱਲ ਹੈ। ਉਹ ਅਮਰੀਕਾ ਦੀ ਫੌਜ ਵਿਚ ਕਮਾਂਡੋ ਬਣ ਜਾਂਦਾ ਹੈ। ਸਟੇਸੀ 9/11 ਦੇ ਭਿਆਨਕ ਹਾਦਸੇ ਵਿਚ ਖਤਮ ਹੋ ਜਾਂਦੀ ਹੈ। ਡੈਨਿਸ ਦੀ ਪਲਟਣ ਅਫਗਾਨਿਸਤਾਨ ’ਚ ਜਾਂਦੀ ਹੈ। ਓਥੋਂ ਤਾਂ ਉਹ ਸਹੀ ਸਲਾਮਤ ਪਰਤ ਆਉਂਦਾ ਹੈ ਪਰ ਇਰਾਕ ਦੀ ਜੰਗ ’ਚ ਉਸਦੀ ਮੌਤ ਹੋ ਜਾਂਦੀ ਹੈ। ਦੋਨਾਂ ਬੱਚਿਆਂ ਦੀ ਮੌਤ ਵਿਲੀਅਮ ਅਤੇ ਐਂਜਲਾ ਵਾਸਤੇ ਘੋਰ ਸਦਮਾ ਹੈ, ਖੌਫਨਾਕ ਤ੍ਰਾਸਦੀ ਹੈ।
ਵਿਲੀਅਮ ਤੇ ਐਂਜਲਾ ਦੇ ਪਾਤਰਾਂ ਦਾ ਮੂਲ ਕਮਿਸ਼ਨੇਅਰ ਟੌਮ ਵੈਲਜ਼ ਤੇ ਮੇਰੀਅਨ ਵੈਲਜ਼ ਹਨ। ਟਰਾਂਟੋ ਇੰਟਰਨੈਸ਼ਨਲ ਏਅਰਪੋਰਟ ’ਤੇ ਟੌਮ ਮੇਰੇ ਨਾਲ਼ ਟਰਮੀਨਲਾਂ ਅੰਦਰ ਪੈਟਰੋਲਿੰਗ ਕਰਦਾ ਸੀ। ਉਸਦੀ ਪਤਨੀ ਮੇਰੀਅਨ ‘ਗਰੁਪ-4 ਸਕਿਉਰਟੀ ਕੰਪਨੀ’ ’ਚ ਮੁਸਾਫਰਾਂ ਦੀ ਸਕਰੀਨਿੰਗ ਕਰਦੀ ਸੀ।
ਬਰੇਕਾਂ ਦੌਰਾਨ ਅਸੀਂ ਇਕੱਠੇ ਬੈਠ ਕੌਫੀ ਪੀਂਦੇ। ਕਦੀ–ਕਦੀ ਲੰਚ ਵੀ ਇਕੱਠੇ ਕਰਦੇ। ਖਾਂਦਿਆਂ–ਪੀਂਦਿਆਂ ਨਵੀਆਂ–ਤਾਜ਼ੀਆਂ ਵੀ ਸਾਂਝੀਆਂ ਕਰ ਲੈਂਦੇ।
ਵੈਲਜ਼ ਜੋੜਾ ਉਨ੍ਹਾਂ ਗੋਰਿਆਂ ਵਿੱਚੋਂ ਸੀ, ਜਿਹੜੇ ਪਰਿਵਾਰਕ ਮੁੱਲਾਂ ਨੂੰ ਮਹੱਤਤਾ ਦਿੰਦੇ ਹੋਏ ਅਖੀਰ ਤੱਕ ਨਿਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਤਿੰਨ ਪੁੱਤਰ ਸਨ। ਪੁੱਤਰਾਂ ਦੀਆਂ ਗੱਲਾਂ ਉਹ ਬੜੇ ਚਾਅ ਤੇ ਮਾਣ ਨਾਲ਼ ਕਰਿਆ ਕਰਦੇ ਸਨ। ਇਕ ਦਿਨ ਅਚਾਨਕ ਹੀ ਉਨ੍ਹਾਂ ਦੇ ਪਰਵਿਾਰ ਵਿਚ ਤ੍ਰਾਸਦੀ ਵਾਪਰ ਗਈ। ਯੂਨੀਵਰਸਿਟੀ ’ਚ ਪੜ੍ਹਦੇ ਪੁੱਤਰ ਸੈਮ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਵਾਸਤੇ ਬਹੁਤ ਵੱਡਾ ਸਦਮਾ ਸੀ ਇਹ। ਮੇਰੀਅਨ ਦੀਆਂ ਹੰਝੂਆਂ–ਹਨ੍ਹੇਰਿਆਂ ’ਚ ਗੁਆਚੀਆਂ ਨੀਲੀਆਂ ਅੱਖਾਂ ਮੈਨੂੰ ਅੱਜ ਵੀ ਯਾਦ ਹਨ। ਸਮਾਂ ਪਾ ਕੇ ਮੈਂ ਉਨ੍ਹਾਂ ਨੂੰ ਗਮਗੀਨ ਮੁਸਕਰਾਹਟਾਂ ਵਿੱਚੀਂ ਸੰਭਲਦੇ ਵੀ ਦੇਖਿਆ।
ਕਹਾਣੀ ਦੀ ਲੋੜ ਅਨੁਸਾਰ ਟੌਮ ਅਤੇ ਮੇਰੀਅਨ ਵਿੱਚੋਂ ਕਹਾਣੀ ਦੇ ਵਿਲੀਅਮ ਤੇ ਉਸਦੀ ਪਤਨੀ ਐਂਜਲਾ ਰੁਪਾਂਤਰਿਤ ਹੋ ਗਏ। ਟੌਮ ਦੇ ਮ੍ਰਿਤਕ ਪੁੱਤਰ ਸੈਮ ਦੇ ਮੂਲ ਰਾਹੀਂ ਡੈਨਿਸ ਦਾ ਪਾਤਰ ਉਸਾਰ ਲਿਆ। ਵਿਲੀਅਮ ਦੀ ਧੀ ਸਟੇਸੀ ਦਾ ਪਾਤਰ ਕਿਤਾਬਾਂ ’ਚੋਂ ਪੜ੍ਹੇ, ਟਾਵਰਾਂ ’ਚ ਮਾਰੇ ਗਏ ਲੋਕਾਂ ਵਿੱਚੋਂ ਉੱਘੜ ਪਿਆ।
ਕਹਾਣੀ ਦੇ ਸਾਰੇ ਪਾਤਰ, ਪੰਜਾਬੀ ਮੂਲ ਦੇ ਬਰਜਿੰਦਰ ਤੋਂ ਸਿਵਾ, ਗੋਰੇ ਹਨ। ਵਿਲੀਅਮ ਅੰਦਰ ਅਮਰੀਕਾ ਦੀ ਸੁਪਰਮੇਸੀ ਦੀ ਹੈਂਕੜ ਹੈ। ਉਸਦੀ ਹੈਂਕੜ ਟੁੱਟਣ ਦੇ ਅਮਲ ਨੂੰ ਸੁਭਾਵਕ ਬਣਾਉਣ ਲਈ ਮੈਂ ਕਹਾਣੀ ਪ੍ਰਥਮ ਪੁਰਖ ਸ਼ੈਲੀ ਵਿਚ ਪੇਸ਼ ਕੀਤੀ ਹੈ। ਵਿਲੀਅਮ ਮੈਂ ਪਾਤਰ ਦੇ ਤੌਰ ’ਤੇ ਕਹਾਣੀ ਨੂੰ ਨੈਰੇਟ ਕਰਦਾ ਹੈ। ਮੇਰੀ ਵਿਉਂਤ ਅਨੁਸਾਰ ਵਿਲੀਅਮ ਠੀਕ ਨਿਭਿਆ। ਪਰ ਅਮਰੀਕਾ ਬਾਰੇ ਕੁਝ ਤਿੱਖੀਆਂ ਤੇ ਕੋਰੀਆਂ–ਕਰਾਰੀਆਂ ਗੱਲਾਂ ਜੇ ਵਿਲੀਅਮ ਆਖਦਾ ਤਾਂ ਇੰਜ ਲੱਗਣਾ ਸੀ ਜਿਵੇਂ ਉਹ ਗੱਲਾਂ ਮੈਂ (ਲੇਖਕ ਵਜੋਂ) ਉਸਦੇ ਮੂੰਹ ਵਿਚ ਪਾਈਆਂ ਹਨ। ਸੋਚ–ਸੋਚ ਕੇ ਮੈਂ ਮਾਨਵੀਕਰਨ ਦੀ ਜੁਗਤ ਰਾਹੀਂ ਐਟਲਾਂਟਿਕ ਮਹਾਂਸਾਗਰ ਨੂੰ ਪਾਤਰ ਬਣਾ ਲਿਆ। ਐਟਲਾਂਟਿਕ ਮੈਂ ਦੇਖਿਆ ਹੋਇਆ ਸੀ।
ਕਹਾਣੀ ਵਿਚ ਵਿਲੀਅਮ ਤੇ ਐਟਲਾਂਟਿਕ ਇਕਮਿਕ ਹਨ। ਐਟਲਾਂਟਿਕ ਵਿਲੀਅਮ ਦੇ ਸੁਪਨੇ ਜਗਾਉਂਦਾ ਹੈ। ਉਸਦਾ ਜੀਵਨ–ਪ੍ਰੇਰਕ ਹੈ। ਐਟਲਾਂਟਿਕ ਉਸਦੀ ਰੂਹ ’ਚ ਉੱਤਰਿਆ ਹੋਇਐ। ਜਦੋਂ ਵਿਲੀਅਮ ਪ੍ਰਸੰਨ ਹੁੰਦਾ ਹੈ ਤਾਂ ਐਟਲਾਂਟਿਕ ਦਾ ਪਾਣੀ ਉਸਦੀਆਂ ਅੱਖਾਂ ਨੂੰ ਕੂਲ਼ਾ–ਕੂਲਾ ਲਗਦਾ ਹੈ। ਉਸਦੀ ਦੁਖਦਾਈ ਮਾਨਸਿਕ ਅਵਸਥਾ ’ਚ ਐਟਲਾਂਟਿਕ ਉਪਰਾਮ–ਉਦਾਸ ਨਜ਼ਰ ਆਉਂਦਾ ਹੈ। ਪੁੱਤਰ ਡੈਨਿਸ ਦੀ ਮੌਤ ਦੀ ਖਬਰ ਸੁਣ ਕੇ ਵਿਲੀਅਮ ਜਦੋਂ ਘੋਰ ਸਦਮੇਂ ’ਚ ਹੈ ਤਾਂ ਐਟਲਾਂਟਿਕ ਦੀਆਂ ਛੱਲਾਂ, ਉਸਨੂੰ ਉੱਛਲਦੀਆਂ ਨਹੀਂ ਗੋਤੇ ਖਾਂਦੀਆਂ ਪ੍ਰਤੀਤ ਹੁੰਦੀਆਂ ਹਨ। ਐਟਲਾਂਟਿਕ ਵਿਲੀਅਮ ਦੇ ਪੁੱਤਰ ਡੈਨਿਸ ਨਾਲ਼ ਵੀ ਜੁੜਿਆ ਹੋਇਆ ਏ। ਡੈਨਿਸ ਨੇ ਵਾਟਰ–ਸਕੀਇੰਗ ਐਟਲਾਂਟਿਕ ’ਚ ਹੀ ਸਿੱਖੀ ਸੀ। ਐਟਲਾਂਟਿਕ ਦੀਆਂ ਛੱਲਾਂ ਨਾਲ਼ ਖੇਡਦਾ ਹੀ ਉਹ ਜਵਾਨ ਹੋਇਆ ਸੀ। ਵਿਲੀਅਮ ਦੀ ਧੀ ਸਟੇਸੀ ਜਦੋਂ ਜੌਬ–ਸਟਰੈੱਸ ਮਹਿਸੂਸ ਕਰਦੀ ਹੈ ਤਾਂ ਐਟਲਾਂਟਿਕ ਦੀਆਂ ਛੱਲਾਂ ਦੇ ਨਜ਼ਾਰਿਆਂ ਨੂੰ ਦੇਖ ਕੇ ਤਾਜ਼ਾ–ਦਮ ਹੋ ਜਾਂਦੀ ਹੈ। ਇਸ ਤਰ੍ਹਾਂ ਐਟਲਾਂਟਿਕ ਦਾ ਵਿਲੀਅਮ ਤੇ ਉਸਦੇ ਪਰਿਵਾਰ ਨਾਲ਼ ਬਹੁਤ ਹੀ ਕਰੀਬੀ ਰਿਸ਼ਤਾ ਹੈ। ਐਟਲਾਂਟਿਕ ਨੂੰ ਵਿਲੀਅਮ ਦਾ ਅਵਚੇਤਨ ਵੀ ਕਿਹਾ ਜਾ ਸਕਦਾ ਹੈ। ਐਟਲਾਂਟਿਕ ਨੂੰ ਮੈਂ ਆਪਣੀ ਰਚਨਾ ਦ੍ਰਿਸ਼ਟੀ ਦੇ ਪ੍ਰਗਟਾਅ–ਮਾਧਿਅਮ ਵਜੋਂ ਵੀ ਵਰਤਿਆ ਹੈ।
ਐਟਲਾਂਟਿਕ ਦੇ ਮੂਕ ਬੋਲਾਂ ਰਾਹੀਂ ਪ੍ਰਗਟ ਹੁੰਦੀਆਂ ਕੋਰੀਆਂ–ਕਰਾਰੀਆਂ ਇਉਂ ਹਨ, ‘ਟਾਵਰਾਂ ਦਾ ਕੀ ਸੀ, ਬੰਦੇ ਨਾ ਜਾਂਦੇ। ਟਾਵਰਾਂ ਬਾਰੇ ਮੈਨੂੰ ਮੁਢ ਤੋਂ ਹੀ ਖਦਸ਼ਾ ਸੀ… ਇਨ੍ਹਾਂ ਦੀ ਬੁਲੰਦੀ ਵਿਚਲੇ ਬੌਣੇਪਨ ਨੂੰ ਮੈਂ ਜਾਣਦਾ ਸਾਂ… ਜਿੰਨਾ ਚਿਰ ਸੋਚਾਂ ਉੱਚੀਆਂ ਨਹੀਂ ਹੁੰਦੀਆਂ, ਉੱਚਤਾ ਦੀਆਂ ਇਹ ਕਲਗੀਆਂ ਇੰਜ ਹੀ ਕਿਰਦੀਆਂ ਰਹਿਣਗੀਆਂ… ਲਪੇਟ ’ਚ ਆ ਜਾਂਦੇ ਨੇ ਬੈਠੈ–ਸੁੱਤੇ ਆਮ ਲੋਕ… ਅਜਿਹੇ ਟਾਵਰਾਂ ਨਾਲ਼ੋਂ ਕਿਤੇ ਵੱਧ ਉੱਚੇ–ਸੁੱਚੇ ਲੋਕ। ਸਟੇਸੀ ਤੇ ਉਸ ਵਰਗੇ ਜ਼ਹੀਨ, ਮੇਰੇ ਹਜ਼ਾਰਾਂ ਧੀਆਂ–ਪੁੱਤਰ ਮੌਤ ਦੇ ਨਹੀਂ, ਜ਼ਿੰਦਗੀ ਦੇ ਹੱਕਦਾਰ ਸਨ।
ਬਿਰਤਾਂਤ ਵਿਚ ਗੱਲ ਨਾਲ਼ ਗੱਲ ਜੋੜਨ ਲਈ ਮੈਂ ਹੋਰ ਜੁਗਤਾਂ ਦੇ ਨਾਲ਼ ਟੀ. ਵੀ ਤੇ ਫੋਨ ਨੂੰ ਵੀ ਜੁਗਤ ਵਜੋਂ ਵਰਤਿਆ ਹੈ।
ਕਹਾਣੀ ਵਿਚ ਟਾਵਰਾਂ ਦਾ ਪ੍ਰਤੀਕ ਬਹੁਅਰਥੀ ਹੈ:
ਇਕ ਟਾਵਰ ਤਾਂ ਵਰਲਡ ਟਰੇਡ ਸੈਂਟਰ ਦੇ ਹਨ ਜੋ ਢਹਿ-ਢੇਰੀ ਕਰ ਦਿੱਤੇ ਗਏ।
ਦੂਜੇ ਟਾਵਰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਤੇ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਜਾਂ ਉਨ੍ਹਾਂ ਵਰਗੇ ਹੋਰ ਹਾਕਮ ਪਰ ਇਹ ਟਾਵਰ ਬੌਣੇ ਹਨ।
ਤੀਜੇ ਟਾਵਰ ਓਸਾਮਾ ਬਿਨ ਲਾਦੇਨ ਜਾਂ ਉਸ ਵਰਗੇ ਧਾਰਮਿਕ ਆਗੂ ਹਨ। ਇਹ ਆਗੂ ਵੀ ਲੋਕਾਂ ਵਿਚ ਟਾਵਰਾਂ ਵਾਂਗ ਪੇਸ਼ ਹੁੰਦੇ ਹਨ। ਪਰ ਇਹ ਟਾਵਰ ਵੀ ਬੌਣੇ ਹਨ।
ਮੇਰੀ ਦ੍ਰਿਸ਼ਟੀ ਅਨੁਸਾਰ ਅਸਲ ਟਾਵਰ ਵਿਲੀਅਮ ਥੌਂਪਸਨ ਵਰਗੇ ਆਮ ਬੰਦੇ ਹੁੰਦੇ ਹਨ ਜੋ ਸਿਆਸੀ ਤੇ ਧਾਰਮਿਕ ਨੇਤਾਵਾਂ ਦੀਆਂ ਕਰਤੂਤਾਂ ਦੀ ਲਪੇਟ ’ਚ ਆ ਕੇ ਸੰਕਟ ਭੋਗਦੇ ਹਨ, ਡਿਗਦੇ ਹਨ, ਟੁੱਟਦੇ ਹਨ ਪਰ ਜ਼ਿੰਦਗੀ ਨੂੰ ਚਲਦੀ ਰੱਖਣ ਲਈ ਮੁੜ ਟੁਰ ਪੈਂਦੇ ਹਨ।
ਟਾਵਰਾਂ ਦੇ ਪ੍ਰਤੀਕੀਕਰਨ ਬਾਰੇ ਇਹ ਗੱਲਾਂ ਮੈਂ ਕਹਾਣੀ ਵਿਚ ਸੰਕੇਤਕ ਤੌਰ ’ਤੇ ਹੀ ਦਰਸਾਈਆਂ ਹਨ। ਪੂਰੀ ਗੱਲ ਪਾਠਕਾਂ ਦੇ ਸੋਚਣ ਲਈ ਛੱਡ ਦਿੱਤੀ ਹੈ।
9/11 ਦੇ ਘਟਨਾਕ੍ਰਮ ਅਤੇ ਅਫਗਾਨਿਸਤਾਨ–ਇਰਾਕ ਦੀਆਂ ਜੰਗਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਰਾਜਨੀਤਕ, ਧਾਰਮਿਕ ਤੇ ਆਰਥਿਕ ਨੀਤੀਆਂ ਦਾ ਵਿਸ਼ਲੇਸ਼ਣ, ਮੈਂ ਪਾਤਰਾਂ ਦੇ ਸੰਵਾਦਾਂ ਤੇ ਕਾਰਜਾਂ ਰਾਹੀਂ ਕੀਤਾ ਹੈ।
ਭਾਰਤੀ ਸਾਹਿਤਯ ਅਕਾਦਮੀ ਦਿੱਲੀ ਨੇ ਇਸ ਕਹਾਣੀ ਨੂੰ ਅੰਗ੍ਰੇਜ਼ੀ ਵਿਚ ਅਨੁਵਾਦ ਕਰਵਾ ਕੇ ਆਪਣੇ ਪਰਚੇ ‘ਇੰਡੀਅਨ ਲਿਟਰੇਚਰ (Indian Literature) ਵਿਚ ਛਾਪਿਆ ਸੀ।
ਕਹਾਣੀ ‘ਬਰਫ ਤੇ ਦਰਿਆ’
ਵਿਸ਼ਵ ਵਿਆਪੀ ਮਸਲੇ ਨਾਲ਼ ਸੰਬੰਧਿਤ, ਇਸ ਕਹਾਣੀ ਵਿਚ ਮੈਂ ਵਾਤਾਵਰਣ ਤੇ ਅਜੋਕੇ ਮਨੁੱਖੀ ਆਚਰਣ ਵਿਚ ਫੈਲੇ ਪ੍ਰਦੂਸ਼ਣ ਦੀ ਬਾਤ ਪਾਈ ਹੈ। ਇਹ ਕਹਾਣੀ ਮੈਨੂੰ ਉਨਟੇਰੀਓ ਸੂਬੇ ਦੇ ਸ਼ਹਿਰ ਥੰਡਰਵੇਅ ਅਤੇ ਉਸਦਾ ਆਲ਼ਾ–ਦੁਆਲ਼ਾ ਦੇਖਣ ਸਮੇਂ ਸੁੱਝੀ। ਸਾਡੇ ਸੂਬੇ ਦਾ ਵੱਡਾ ਹਿੱਸਾ ਉੱਤਰ ਵਿਚ ਪੈਂਦਾ ਹੈ। ਪ੍ਰਕਿਰਤਕ ਸੁੰਦਰਤਾ ਇਸ ਇਲਾਕੇ ਦੀ ਵਿਸ਼ੇਸ਼ ਪਛਾਣ ਹੈ। ਜਿਉਂ–ਜਿਉਂ ਉੱਤਰ ਵੱਲ ਨੂੰ ਵਧਦੇ ਹਾਂ, ਆਬਾਦੀ ਘਟਦੀ ਜਾਂਦੀ ਹੈ ਤੇ ਪ੍ਰਕਿਰਤਕ ਖੁਬਸੂਰਤੀ ਗੂੜ੍ਹੀ ਹੁੰਦੀ ਜਾਂਦੀ ਹੈ।
ਹਰਿਆਵਲੀ ਧਰਤ, ਕਿਤੇ ਹਰੀਆਂ–ਭਰੀਆਂ ਕਿਤੇ ਪਥਰੀਲੀਆਂ ਪਹਾੜੀਆਂ, ਨਿੱਖਰਿਆ ਅੰਬਰ, ਸਵੱਛ ਝੀਲਾਂ ਤੇ ਦਰਿਆਵਾਂ ਦੇ ਅਨੂਠੇ ਦ੍ਰਿਸ਼ ਕੁਦਰਤ–ਪ੍ਰੇਮੀਆਂ ਨੂੰ ਮੋਹ ਲੈਂਦੇ ਹਨ।
ਪਰ ਕਨੇਡਾ ਦੇ ਵਿਕਸਿਤ ਪੂੰਜੀਵਾਦ ਨੇ ਵਿਕਾਸ ਦੇ ਨਾਂ ’ਤੇ ਇਸ ਇਲਾਕੇ ਦੀ ਕੁਦਰਤੀ ਸੁੰਦਰਤਾ ਨੂੰ ਪ੍ਰਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦੂਸ਼ਣ ਸਿਰਫ ਪ੍ਰਕਿਰਤੀ ਦਾ ਹੀ ਨਹੀਂ, ਓਥੋਂ ਦੇ ਲੋਕਾਂ ਦੇ ਸਾਫ–ਸੁਥਰੇ ਜੀਵਨ–ਵਰਤਾਰੇ ਤੇ ਸਭਿਆਚਾਰ ਦਾ ਵੀ ਹੋ ਰਿਹਾ ਹੈ।
ਵਿਕਸਤ ਪੂੰਜੀਵਾਦ ਨੇ ਜਿੱਥੇ ਰਾਜਨੀਤਕ, ਆਰਥਿਕ ਤੇ ਸਮਾਜਕ ਖੇਤਰਾਂ ਵਿਚ ਇਖਲਾਕ ਨੂੰ ਖੋਰਾ ਲਾਇਆ ਹੈ, ਉੱਥੇ ਪਰਿਵਾਰਾਂ ਵਿਚ ਤੋੜ–ਵਿਛੋੜੇ ਵੀ ਪਾਏ ਹਨ। ਤੋੜ–ਵਿਛੋੜਿਆਂ ਦਾ ਇਕ ਕਾਰਨ ਕਾਮੁਕ–ਸੰਬੰਧ ਹਨ।
ਇਸ ਕਹਾਣੀ ਦੀ ਮੁੱਖ ਪਾਤਰ ਖੂਬਸੂਰਤ ਸੋਫੀਆ ਟਰਾਂਟੋ ਮਹਾਂਨਗਰ ਦੀ ਜੰਮਪਲ਼ ਹੈ। ਉਸਦੀ ਮੌਮ ਪਤੀ ਤੋਂ ਕਿਨਾਰਾ ਕਰ ਕੇ ਆਪਣੇ ਆਸ਼ਕ ਦੀ ਹੋ ਗਈ ਹੈ। ਸੋਫੀਆ ਦੇ ਮਤਰੇਏ ਪਿਓ ਨੇ ਉਸਨੂੰ ਪਰਿਵਾਰ ਵਿਚ ਅਣਗੌਲਿਆ ਕੀਤਾ ਹੋਇਆ ਏ। ਇਸੇ ਕਾਰਨ ਹੀ ਸੋਫੀਆ ਆਪਣੀ ਹਸਤੀ ਦੇ ਗੁਮਾਨ ਤੋਂ ਸੱਖਣੀ ਹੈ।
ਕਹਾਣੀ ਦਾ ਦੂਜਾ ਪਾਤਰ ਸ਼ੌਨ ਡਗਲਸ ਵੀ ਹੈ ਤਾਂ ਟੁੱਟੇ ਪਰਿਵਾਰ ਵਿੱਚੋਂ ਪਰ ਕੁਦਰਤ ਪ੍ਰੇਮੀ ਤੇ ਨੇਟਿਵ ਪਿਛੋਕੜ ਕਰਕੇ ਉਸ ਵਿਚ ਠਰ੍ਹੰਮਾ ਹੈ। ਉਸਦੇ ਡੈਡ ਵੱਲੋਂ ਕਿਸੇ ਹੋਰ ਔਰਤ ਨਾਲ਼ ਸੰਬੰਧ ਬਣਾ ਲੈਣ ਅਤੇ ਮੌਮ ਦੀ ਮੌਤ ਤੋਂ ਬਾਅਦ ਉਸਦੀ ਸਾਂਭ–ਸੰਭਾਲ ਦਾਦੀ ਕਰ ਰਹੀ ਹੈ। ਸ਼ੌਨ ਦਾਦੀ ਦਾ ਕਹਿਣੇਕਾਰ ਪੋਤਰਾ ਹੈ। ਉਸਨੂੰ ਦੌੜਾਕੀ ਦਾ ਸ਼ੌਕ ਹੈ। ਖੇਡਾਂ ਦੇ ਖੇਤਰ ਵਿਚ ਵਧੇਰੇ ਮੌਕੇ ਦੇਣ ਲਈ ਦਾਦੀ ਉਸਨੂੰ ਲੈ ਕੇ ਥੰਡਰਬੇਅ ਦੇ ਲਾਗਲੇ ਪਿੰਡ ਐਲਗਿਨ ਤੋਂ ਟਰਾਂਟੋ ਆ ਜਾਂਦੀ ਹੈ। ਉਹ ਇਕ ਸਕੂਲ ਵਿਚ ਦਾਖਲ ਹੋ ਜਾਂਦਾ। ਸੋਫੀਆ ਉਸਦੀ ਜਮਾਤਣ ਹੈ।
ਟਰਾਂਟੋ ਸਕੂਲ ਬੋਰਡ ਦੀਆਂ ਸਲਾਨਾ ਖੇਡਾਂ ਵਿਚ ਸ਼ੌਨ ਦੌੜਾਂ ਵਿਚ ਅੱਵਲ ਪੁਜ਼ੀਸ਼ਨ ਹਾਸਲ ਕਰਦਾ ਹੈ। ਸਿਰਕੱਢ ਖਿਡਾਰੀ ਤੇ ਨਿਛਰਲ ਮੁਸਕਰਾਹਟ ਵਾਲ਼ੇ ਸ਼ੌਨ ਨਾਲ਼, ਸੋਫੀਆ ਪਿਆਰ ਦੀ ਗੰਢ ਪਾ ਲੈਂਦੀ ਹੈ।
ਇਕ ਦਿਨ ਬਰਫਬਾਰੀ ’ਚ ਨੱਚਦਿਆਂ–ਟੱਪਦਿਆਂ, ਸੋਫੀਆਂ ਹੱਥਾਂ–ਬਾਹਾਂ ਨੂੰ ਪਰਾਂ ਵਾਂਗ ਹਿਲਾਉਂਦਿਆਂ ਆਖਦੀ ਹੈ, “ਸ਼ੌਨ! ਦਿਲ ਕਰਦਾ ਏ ਕਿ ਬਰਫ ਦੇ ਇਨ੍ਹਾਂ ਫੰਬਿਆਂ ਵਾਂਗ ਮੈਂ ਵੀ ਹਵਾ ਵਿਚ ਉਡਾਂ, ਕੀ ਤੂੰ ਨਹੀਂ ਉੱਡੇਗਾਂ?”
ਸ਼ੌਨ ਦਾ ਜਵਾਬ ਹੈ, “ਮੈਂ ਉੱਡਣਾ ਨਹੀਂ ਵਗਣਾ ਚਾਹੁੰਦਾ ਹਾਂ ਦਰਿਆ ਵਾਂਗ।”
ਇਸ ਸੰਵਾਦ ਵਿਚ ਮੈਂ ਬਰਫ ਤੇ ਦਰਿਆ ਦੇ ਪ੍ਰਤੀਕਾਂ ਰਾਹੀਂ ਸੋਫੀਆ ਦੀ ਚੰਚਲਤਾ ਤੇ ਸ਼ੌਨ ਦੀ ਸਹਿਜਤਾ ਨੂੰ ਪ੍ਰਗਟਾਇਆ ਹੈ।
ਮੌਜ–ਮੇਲੇ ਮਾਣਨ ਦੀਆਂ ਖਾਹਿਸ਼ਾਂ ਵਾਲ਼ੀ ਸੋਫੀਆ ਨੂੰ ਸ਼ੌਨ ਆਪਣੇ ਕੰਢਿਆਂ ’ਚ ਬੱਝ ਕੇ ਵਗਣ ਵਾਲ਼ਾ ਦਰਿਆ ਜਾਪਣ ਲਗਦਾ ਹੈ… ।
ਉਹ ਕਲਾਸ ਵਿਚ ਨਵੇਂ ਆਏ ਅਮੀਰੀ ਠਾਠ ਵਾਲ਼ੇ ਡੀਨ ਸੌਂਡਰਜ਼ ਵੱਲ ਖਿੱਚੀ ਜਾਂਦੀ ਹੈ। ਉਸਦੀ ਸੋਚ ਅਨੁਸਾਰ ਜ਼ਿੰਦਗੀ ਦੇ ਜਿਹੜੇ ਫੰਨ ਤੇ ਸੁੱਖ ਉਸਨੂੰ ਡੀਨ ਤੋਂ ਮਿਲ਼ ਸਕਦੇ ਹਨ, ਉਹ ਸ਼ੌਨ ਤੋਂ ਨਹੀਂ। ਸ਼ੌਨ ਨੂੰ ਤਿਆਗ ਕੇ ਉਹ ਡੀਨ ਨਾਲ਼ ਜਿਨਸੀ ਸੰਬੰਧ ਬਣਾ ਲੈਂਦੀ ਹੈ… ਤੇ ਉਸਦੀ ਜੀਵਨ–ਸਾਥਣ ਬਣਨ ਦੇ ਸੁਪਨੇ ਲੈਣ ਲਗਦੀ ਹੈ।
ਪਰ ਅਮੀਰ ਬਿਲਡਰ ਦੇ ਪੁੱਤਰ ਡੀਨ ਦਾ ਮਕਸਦ ਸੋਫੀਆ ਨੂੰ ਕਿਸੇ ਵਸਤੂ ਵਾਂਗ ਭੋਗਣਾ ਹੈ। ਉਹ ਵਿਆਹ ਕਰਨ ਤੋਂ ਨਾਂਹ ਕਰ ਦੇਂਦਾ ਹੈ। ਗਰਭਵਤੀ ਸੋਫੀਆ ਡੀਨ ’ਤੇ ਧੋਖੇਬਾਜ਼ੀ ਦਾ ਮੁਕੱਦਮਾ ਕਰਨਾ ਚਾਹੁੰਦੀ ਹੈ ਪਰ ਸਾਰੀ ਜਾਇਦਾਦ ਉਸਦੇ ਡੈਡ ਦੇ ਨਾਂ ਹੈ। ਉਹ ਡੀਨ ਤੋਂ ਕੁਝ ਨਹੀਂ ਲੈ ਸਕਦੀ।
ਉਹ ਧੀ ਲੀਜ਼ਾ ਨੂੰ ਜਨਮ ਦਿੰਦੀ ਹੈ… ਪ੍ਰੇਸ਼ਾਨੀਆਂ ਦੇ ਬੋਝ ਹੇਠ ਉਸਨੂੰ ਡਿਪਰੈਸ਼ਨ ਹੋ ਜਾਂਦੀ ਹੈ, ਡਿਪਰੈਸ਼ਨ ਤੋਂ ਰਾਹਤ ਲੱਭਦੀ ਉਹ ਡਰੱਗ ਲੈਣ ਲੱਗ ਜਾਂਦੀ ਹੈ। ਤੇ ਫਿਰ ਡਰੱਗ ਦਾ ਧੰਦਾ ਵੀ ਸ਼ੁਰੂ ਕਰ ਲੈਂਦੀ ਹੈ… ।
ਸੋਫੀਆ ਦੀ ਬੇਵਫਾਈ ਕਾਰਨ ਸ਼ੌਨ ਦਾ ਦਿਲ ਟੁੱਟ ਜਾਂਦਾ ਹੈ। ਦੌੜਾਕੀ ਵਿਚ ਆਪਣੀ ਪੁਜ਼ੀਸ਼ਨ ਬਰਕਰਾਰ ਰੱਖਣ ਲਈ ਉਹ ਡਰੱਗ ਦਾ ਸਹਾਰਾ ਲੈਂਦਾ ਹੈ। ਯੂਨੀਵਰਸਿਟੀ ਦੀਆਂ ਖੇਡਾਂ ਵਿਚ ਡਰੱਗ ਦੀ ਵਰਤੋਂ ਦਾ ਪਤਾ ਲੱਗਣ ’ਤੇ ਉਸਨੂੰ ਖੇਡਾਂ ਵਿੱਚੋਂ ਪੰਜ ਸਾਲ ਲਈ ਬੈਨ ਕਰ ਦਿੱਤਾ ਜਾਂਦਾ ਹੈ। ਉਸਦੀ ਦਾਦੀ ਨੂੰ ਹਾਰਟ–ਅਟੈਕ ਹੋ ਜਾਂਦਾ ਹੈ। ਮੌਤ ਦੇ ਨੇੜਿਓਂ ਹੋ ਕੇ ਮੁੜਦੀ ਹੈ ਉਹ। ਮਹਾਂਨਗਰ ਵਿਚ ਬੁਰੀ ਤਰ੍ਹਾਂ ਉੱਖੜੇ ਹੋਏ ਦਾਦੀ–ਪੋਤਾ ਆਪਣੇ ਪਿੰਡ ਐਲਗਿਨ ਪਰਤ ਜਾਂਦੇ ਹਨ।
ਇਕ ‘ਡਰੱਗ ਟਰੀਟਮੈਂਟ ਸੈਂਟਰ’ ਵਿਚ ਸ਼ੌਂਨ ਤੇ ਸੋਫੀਆ ਸਬੱਬੀਂ ਮਿਲ਼ ਪੈਂਦੇ ਹਨ… ਸ਼ੌਨ ਸੋਫੀਆ ਤੇ ਲੀਜ਼ਾ ਨੂੰ ਸਵੀਕਾਰ ਕਰ ਲੈਂਦਾ ਹੈ। ਉੱਤਰਵਾਸੀਆਂ ਦੇ ਮੋਹ–ਪਿਆਰ ਤੇ ਪ੍ਰਕਿਰਤਕ ਸੁੰਦਰਤਾ ਦੇ ਅਸਰ ਹੇਠ ਉਨ੍ਹਾਂ ਨੂੰ ਡਰੱਗ ਤੋਂ ਬਦਬੂ ਆਉਣ ਲੱਗ ਜਾਂਦੀ ਹੈ। ਉਨ੍ਹਾਂ ਦਾ ਨਵਾਂ ਜੀਵਨ ਆਰੰਭ ਹੁੰਦਾ ਹੈ।
ਸ਼ੌਨ ਆਪਣੇ ਇਲਾਕੇ ਦੀ ‘ਪ੍ਰਦੂਸ਼ਣ ਰੋਕੋ ਸੰਸਥਾ’ ਦਾ ਚੇਅਰਪਰਸਨ ਹੈ। ਸੋਫੀਆ ਵੀ ਇਸ ਸੰਸਥਾ ਨਾਲ਼ ਜੁੜ ਚੁੱਕੀ ਹੈ। ‘ਇਮਪੀਰੀਅਲ ਇੰਟਰਪ੍ਰਾਈਜ’ ਨਾਂ ਦੀ ਕੰਪਨੀ, ਐਸਟਰੋ ਦਰਿਆ ਤੇ ਨਿਪਸਨ ਪਹਾੜੀਆਂ ਉੱਤੇ ਪਾਣੀ ਅਤੇ ਬਰਫ ਦੀਆਂ ਖੇਡਾਂ ਦਾ ਪ੍ਰੋਜੈਕਟ ਲੈ ਕੇ ਆਉਂਦੀ ਹੈ। ਹਕੀਕਤ ਵਿਚ ਇਸ ਕੰਪਨੀ ਦਾ ਮਨੋਰਥ, ਅਮੀਰਾਂ ਦੇ ਹੌਲੀਡੇਇੰਗ ਲਈ ਅਯਾਸ਼ੀ ਦੇ ਅੱਡੇ ਬਣਾ ਕੇ, ਡਾਲਰ ਕੁੱਟਣਾ ਹੈ।
‘ਪ੍ਰਦੂਸ਼ਣ ਰੋਕੇ ਸੰਸਥਾ’ ਦੀ ਨਜ਼ਰ ਵਿਚ ਇਹ ਪ੍ਰੋਜੈਕਟ ਉੱਤਰ ਦੇ ਸਾਫ–ਸੁਥਰੇ ਵਾਤਾਵਰਣ ਤੇ ਸਭਿਆਚਾਰ ਦਾ ਪ੍ਰਦੂਸ਼ਣ ਹੈ। ਸੰਸਥਾ ਦੇ ਕਾਰਕੁੰਨ ਇਸ ਨੂੰ ਰੋਕਣ ਦੀ ਪਲਾਨ ਬਣਾ ਰਹੇ ਹਨ।
ਇਹ ਪਤਾ ਲੱਗਣ ’ਤੇ ਕਿ ‘ਇਮਪੀਰੀਅਲ ਇੰਟਰਪ੍ਰਾਈਜ’ ਦਾ ਮਾਲਕ ਡੀਨ ਸੌਂਡਰਜ ਹੈ ਸੋਫੀਆ ਉਸ ’ਤੇ ਮੁਕੱਦਮਾ ਕਰਨ ਲਈ ਕਾਹਲ਼ੀ ਪੈ ਜਾਂਦੀ ਹੈ। ਪਰ ਸ਼ੌਨ ਪ੍ਰੋਜੈਕਟ ਨੂੰ ਰੱਦ ਕਰਵਾਉਣ ਦੀ ਕਾਰਵਾਈ ਨੂੰ ਪਹਿਲ ਦੇਣੀ ਚਾਹੁੰਦਾ ਹੈ। ਉਹ ਸੋਫੀਆ ਨੂੰ ਇੰਤਜ਼ਾਰ ਕਰਨ ਲਈ ਆਖਦਾ ਹੈ ਪਰ ਉਹ ਬੇਸਬਰ ਹੋਈ ਪਈ ਹੈ। ਉਸਦੀ ਬੇਸਬਰੀ ਤੋਂ ਹਰਖਿਆ ਸ਼ੌਨ ਆਖਦਾ ਹੈ, “ਆਖਰ ਹਵਾ ’ਚ ਉਡਣ ਵਾਲ਼ੀ ਬਰਫ ਹੀ ਹੋ ਨਿਕਲ਼ੀ।”
ਰੋਹ ’ਚ ਭਬਕਦੀ ਸੋਫੀਆ ਆਖਦੀ ਹੈ, “ਹਾਂ ਮੈਂ ਬਰਫ ਹਾਂ… ਬਰਫ ਦਾ ਤੂਫਾਨ। ਮੈਂ ਕਮੀਨੇ ਡੀਨ ਦੀਆਂ ਅੱਖਾਂ ’ਚ ਪੈ ਕੇ ਉਸਨੂੰ ਅੰਨ੍ਹਾਂ ਕਰ ਦਿਆਂਗੀ…
ਉਸਨੂੰ ਰਾਹਾਂ ਤੋਂ ਉਖੇੜ ਦਿਆਂਗੀ… ।” ਪਰ ਉਸਦੇ ਮਨ ਦਾ ਕੋਈ ਕੋਨਾ ਸ਼ੌਨ ਨਾਲ਼ ਸਹਿਮਤੀ ਦਾ ਸੰਕੇਤ ਵੀ ਦੇ ਰਿਹਾ ਹੈ।
ਉਸਦੀ ਮਨਬਚਨੀ— ‘ਕੀ ਹੋ ਗਿਆ ਏ ਮੈਨੂੰ? ਕਦੀ ਹਵਾ ’ਚ ਫਰਾਟੇ ਮਾਰਦੀ, ਮੈਂ ਪਹਾੜੀਆਂ ਅਤੇ ਪਹਾੜੀਆਂ ’ਚ ਵਗਦੇ ਦਰਿਆ ਤੋਂ ਦੂਰ ਉਡਦੀ ਜਾ ਰਹੀ ਹਾਂ… ਤੇ ਕਦੀ ਦਰਿਆ ਵੱਲ ਨੂੰ ਖਿੱਚੀਂਦੀ… ’- ਵਿੱਚੋਂ ਦੁਬਿਧਾ ਜ਼ਾਹਰ ਹੋ ਰਹੀ ਹੈ।
ਕਹਾਣੀ ਵਿਚ ਮਨਬਚਨੀ ਦੇ ਅਖੀਰਲੇ ਸ਼ਬਦਾਂ ‘ਦਰਿਆ ਵੱਲ ਨੂੰ ਖਿੱਚੀਂਦੀ’ ਰਾਹੀਂ ਮੈਂ ਇਹ ਸੰਕੇਤ ਦਿੱਤਾ ਹੈ ਕਿ ਸੋਫੀਆ ਦੁਬਿਧਾ ’ਚੋਂ ਨਿਕਲ਼ ਸ਼ੌਨ ਨਾਲ਼ ਸਹਿਮਤ ਹੋ ਜਾਏਗੀ।
ਕਹਾਣੀ ਵਿਚ ਬਰਫ ਤੇ ਦਰਿਆ, ਸਿਰਫ ਪ੍ਰਤੀਕਾਂ ਵਜੋਂ ਹੀ ਨਹੀਂ, ਕਹਾਣੀ ਦੇ ਦ੍ਰਿਸ਼ਾਂ ਵਿਚ ਵੀ ਸ਼ਾਮਲ ਹਨ। ਇਹ ਜੁਗਤ ਕਹਾਣੀ ਵਿਚਲੇ ਸਰੋਕਾਰਾਂ ਅਤੇ ਪਾਤਰਾਂ ਦੇ ਸੁਭਾਵਾਂ ਨੂੰ ਗਹਿਨਤਾ ਪ੍ਰਦਾਨ ਕਰਦੀ ਹੈ।
ਬੀਬੀ ਦਾ ਸਦੀਵੀ ਵਿਛੋੜਾ
‘ਕੋਰ ਆਫ ਕਮਿਸ਼ਨੇਅਰਜ਼’ ਵਿਚ, ਇੰਡੀਆ ਜਾਣ ਲਈ ਦੋ ਮਹੀਨੇ ਦੀ ਛੁੱਟੀ ਮਿਲ਼ ਜਾਂਦੀ ਸੀ। ਦੋ ਹਫਤੇ ਦੀ ਤਨਖਾਹ ਨਾਲ਼ ਤੇ ਡੇਢ ਮਹੀਨਾ ਤਨਖਾਹ ਤੋਂ ਬਿਨਾਂ। 2002 ਵਿਚ ਮੈਂ ਤੇ ਕੁਲਵੰਤ ਇੰਡੀਆ ਰਹਿ ਕੇ ਆਏ ਸਾਂ।
ਨਵੰਬਰ, 2003 ਵਿਚ ਫਿਰ ਜਾਣਾ ਪੈ ਗਿਆ। ਬੀਬੀ ਨੂੰ ਢਾਈ ਕੁ ਮਹੀਨੇ ਪਹਿਲਾਂ ਅਧਰੰਗ ਦਾ ਦੌਰਾ ਪਿਆ ਸੀ। ਉਸਦਾ ਸਰੀਰ ’ਤੇ ਕੰਟਰੋਲ ਨਹੀਂ ਸੀ ਰਿਹਾ। ਸੁਰਤੀ ਕੁਝ ਠੀਕ ਸੀ ਪਰ ਬੋਲ ਨਹੀਂ ਸੀ ਸਕਦੀ। ਇਲਾਜ ਨਾਲ਼ ਕੋਈ ਫਰਕ ਨਾ ਪਿਆ। ਹਸਪਤਾਲ ਤੋਂ ਘਰ ਲੈ ਆਏ।
ਹਾਲਤ ਜ਼ਿਆਦਾ ਖਰਾਬ ਹੋਣ ’ਤੇ ਦਲਜੀਤ ਸਿੰਘ ਦਾ ਫੋਨ ਆਇਆ। ਮੈਂ ਅਗਲੇ ਦਿਨ ਹੀ ਫਲਾਈਟ ਫੜ ਲਈ। ਐਮਸਟਰਡਮ (ਹਾਲੈਂਡ) ਤੱਕ 8 ਘੰਟੇ+3 ਘੰਟੇ ਦਾ ਕੁਨੈਕਸ਼ਨ ਟਾਈਮ ਤੇ ਅਗਾਂਹ ਦਿੱਲੀ ਤੱਕ 8 ਘੰਟੇ ਹੋਰ ਲੱਗੇ।
ਦਿੱਲੀ ਏਅਰਪੋਰਟ ਤੋਂ ਪਿੰਡ ਫੋਨ ਕੀਤਾ। ਬੀਬੀ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ ਸਵਾਸ ਚਲਦੇ ਸਨ। ਮੈਂ ਇੰਡੋ–ਕਨੇਡੀਅਨ ਬੱਸ ਦੇ ਜਲੰਧਰ ਪਹੁੰਚਣ ਦਾ ਅੰਦਾਜ਼ਨ ਟਾਈਮ ਦੱਸ ਦਿੱਤਾ।
ਅਗਲੇ ਦਿਨ ਸਵੇਰੇ ਛੇ ਕੁ ਵਜੇ ਬੱਸ ਜਲੰਧਰ ਪਹੁੰਚ ਗਈ। ਦਲਜੀਤ ਸਿੰਘ ਲੈਣ ਆਇਆ ਹੋਇਆ ਸੀ। ਉਹ ਆਪਣਾ ਨਿਤਨੇਮ ਕਰ ਰਿਹਾ ਸੀ। ਪਾਠ ਦੌਰਾਨ ਗੱਲ ਕਰਨੀ ਠੀਕ ਨਹੀਂ ਸੀ। ਸਾਮਾਨ ਕਾਰ ’ਚ ਰੱਖ ਕੇ ਅਸੀਂ ਚੱਲ ਪਏ। ਰਾਮਾ ਮੰਡੀ ਲੰਘ ਕੇ ਨਿਤਨੇਮ ਪੂਰਾ ਹੋਣ ਉਪ੍ਰੰਤ ਉਸਨੇ ਦੱਸਿਆ, “ਬੀਬੀ ਚੜ੍ਹਾਈ ਕਰ ਗਈ।”
“ਕਦੋਂ?” ਮੇਰਾ ਤ੍ਰਾਹ ਨਿਕਲ਼ ਗਿਆ।
“ਰਾਤੀਂ ਜਦੋਂ ਦਿੱਲੀ ਤੋਂ ਤੇਰਾ ਫੋਨ ਆਇਆ, ਉਸ ਤੋਂ ਘੰਟਾ ਪਹਿਲਾਂ ਉਹ ਪੂਰੀ ਹੋ ਗਈ ਸੀ। ਤੈਨੂੰ ਇਸ ਕਰਕੇ ਨਾ ਦੱਸਿਆ ਕਿ ਤੂੰ ਪ੍ਰੇਸ਼ਾਨ ਹੋ ਜਾਣਾ ਸੀ ਤੇ ਬੱਸ ਦਾ ਸਫਰ ਔਖਾ ਲੰਘਣਾ ਸੀ।”
ਮੇਰੇ ਦਿਲ ਨੂੰ ਹੌਲ ਪਿਆ ਕਿ ਮੈਂ ਐਡੀ ਦੂਰੋਂ ਆਇਆ ਪਰ ਬੀਬੀ ਨਾਲ਼ ਜਿਉਂਦੇ ਜੀਅ ਮੇਲ਼ ਨਾ ਹੋ ਸਕਿਆ। ਮੈਂ ਜਾਣਦਾ ਸਾਂ ਕਿ ਬੀਬੀ ਨਾਲ਼ ਗੱਲ ਨਹੀਂ ਹੋ ਸਕਣੀ। ਮਨ ’ਚ ਇਹ ਸੀ ਕਿ ਕੋਲ਼ ਹੋ ਕੇ ਆਵਾਜ਼ ਮਾਰਾਂਗਾ, ‘ਬੀਬੀ ਮੈਂ ਆ ਗਿਆਂ।’ ਮੈਨੂੰ ਆਸ ਸੀ ਕਿ ਆਵਾਜ਼ ਸੁਣ ਕੇ ਉਹ ਮੈਨੂੰ ਦੇਖ ਲਏਗੀ ਤੇ ਮੇਰਾ ਪਹੁੰਚਣਾ ਸਫਲ ਹੋ ਜਾਏਗਾ। ਪਰ ਚੰਦਰੀ ਮੌਤ ਮੈਥੋਂ 10 ਘੰਟੇ ਪਹਿਲਾਂ ਹੀ ਬੀਬੀ ਨੂੰ ਲੈ ਗਈ।
ਬੀਬੀ ਦਾ ਸਸਕਾਰ ਅਸੀਂ ਆਪਣੀ ਜ਼ਮੀਨ ਵਿਚ ਕੀਤਾ। ਉਸਨੂੰ ਜ਼ਮੀਨ ਅਤੇ ਅੱਡੇ–ਗੱਡੇ ਦਾ ਬਹੁਤ ਮਾਣ ਸੀ।
ਬੀਬੀ ਦੀ ਮੌਤ ਦਾ ਸਾਨੂੰ ਦੁੱਖ ਵੀ ਸੀ ਤੇ ਸੰਤੁਸ਼ਟੀ ਵੀ। ਉਹ 92 ਸਾਲ 7 ਕੁ ਮਹੀਨੇ ਦੀ ਉਮਰ ਭੋਗ ਕੇ ਗਈ ਸੀ। ਬਾਪੂ ਜੀ ਬਹੁਤ ਛੇਤੀ ਚਲੇ ਗਏ ਸਨ। ਸੁੱਖ ਦਾ ਸਮਾਂ ਉਨ੍ਹਾਂ ਨੂੰ ਨਸੀਬ ਨਹੀਂ ਸੀ ਹੋਇਆ। ਬੀਬੀ ਪਰਿਵਾਰ ਦੇ ਚੰਗੇ ਦਿਨ ਦੇਖ ਕੇ ਗਈ ਸੀ। ਆਖਰੀ ਸਾਲਾਂ ਵਿਚ ਸੁੱਖ ਵੀ ਮਾਣਿਆਂ ਸੀ। ਭੋਗ ’ਤੇ ਰਿਸ਼ਤੇਦਾਰਾਂ ਤੋਂ ਸਿਵਾ ਮੇਰੇ ਕੁਝ ਸਾਹਿਤਕ ਮਿੱਤਰ ਵੀ ਪਹੁੰਚੇ ਸਨ।
ਪੰਜਾਬ ਦੇ ਪਿੰਡਾਂ ਵਿਚ ਉਸਰੀਆਂ ਸ਼ਾਨਦਾਰ ਕੋਠੀਆਂ, ਕੋਠੀਆਂ ਦੇ ਵਿਹੜਿਆਂ ਵਿਚ ਖੜ੍ਹੀਆਂ ਕਾਰਾਂ ਅਤੇ ਲੋਕਾਂ ਦਾ ਸੁਹਣਾ ਪਹਿਰਾਵਾ, ਪੰਜਾਬ ਦੀ ਤਰੱਕੀ ਦੇ ਚਿੰਨ੍ਹ ਜਾਪ ਰਹੇ ਸਨ। ਪਰ ਬੀਬੀ ਦਾ ਅਫਸੋਸ ਕਰਨ ਆਉਂਦੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਵੱਡੇ ਕਿਸਾਨਾਂ, ਕੁਝ ਪਰਵਾਸੀ ਪਰਿਵਾਰਾਂ ਤੇ ਚੰਗੀਆਂ ਨੌਕਰੀਆਂ ਵਾਲ਼ਿਆਂ ਨੂੰ ਛੱਡ ਕੇ ਬਾਕੀਆਂ ਨੇ ਲਿਵਿੰਗ–ਸਟੈਂਡਰਡ ਆਪਣੀ ਆਮਦਨ ਨਾਲ਼ ਨਹੀਂ, ਬੈਂਕਾਂ ਦੇ ਕਰਜੇ ਨਾਲ਼ ਉੱਚਾ ਕੀਤਾ ਸੀ।
ਲੋਕਾਂ ਕੋਲ਼ ਆਮਦਨ ਵਧਾਉਣ ਦੇ ਢੁੱਕਵੇਂ ਸਾਧਨ ਨਹੀਂ ਸਨ। ਸਾਧਨ ਸਰਕਾਰਾਂ ਨੇ ਪੈਦਾ ਕਰਨੇ ਹੁੰਦੇ ਨੇ। ਪਰ ਸਰਕਾਰਾਂ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ ਸੀ। ਉੱਪਰ ਤੋਂ ਹੇਠਾਂ ਤਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ। ਆਪਣੀਆਂ ਜ਼ੇਬਾਂ ਭਰਨ ਲਈ ਪੰਜਾਬ ਤੇ ਕੇਂਦਰ ਦੇ ਰਾਜਨੀਤਕ ਅਤੇ ਸਰਕਾਰੀ ਮਹਿਕਮਿਆਂ ਦੇ ਅਫਸਰ ਹੇਰਾਫੇਰੀਆਂ ਤੇ ਬੇਈਮਾਨੀਆਂ ਵਿਚ ਗ੍ਰਸੇ ਹੋਏ ਸਨ।
ਬੱਚਿਆਂ ਨੇ ਮਹਿੰਗੀਆਂ ਪੜ੍ਹਾਈਆਂ ਕਰਕੇ ਡਿਗਰੀਆਂ ਤਾਂ ਹਾਸਲ ਕਰ ਲਈਆਂ ਸਨ ਪਰ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ਼ੀਆਂ ਸਨ। ਪ੍ਰਾਈਵੇਟ ਸਕੂਲਾਂ–ਕਾਲਜਾਂ ਦੇ ਮਾਲਕ ਅਤੇ ਹਸਪਤਾਲਾਂ ਦੇ ਡਾਕਟਰ ਲੋਕਾਂ ਦੀਆਂ ਜ਼ੇਬਾਂ ਖਾਲੀ ਕਰੀ ਜਾ ਰਹੇ ਸਨ। ਨੌਜਵਾਨਾਂ ਵਿਚ ਨਸ਼ਿਆਂ ਦਾ ਰੁਝਾਨ ਸ਼ੁਰੂ ਹੋ ਗਿਆ ਸੀ। ਕਰਜਿਆਂ ਹੇਠ ਦਬੇ ਕਿਸਾਨ ਖੁਦਕਸ਼ੀਆਂ ਕਰ ਰਹੇ ਸਨ।
ਕਿਸਾਨਾਂ ਵੱਲੋਂ ਫਸਲਾਂ ਨੂੰ ਲੋੜੀਂਦੀ ਮਿਕਦਾਰ ਤੋਂ ਕਿਤੇ ਵੱਧ ਖਾਦਾਂ ਤੇ ਫਸਲੀ ਦਵਾਈਆਂ ਪਾਉਣ ਨਾਲ਼ ਪੰਜਾਬ ਦੀ ਧਰਤ, ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋ ਗਏ ਸਨ। ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ ਪੀਣਯੋਗ ਨਹੀਂ ਸੀ ਰਹਿ ਗਿਆ। ਕਦੀ ਸੁਪਨੇ ’ਚ ਵੀ ਨਹੀਂ ਸੀ ਸੋਚਿਆ ਕਿ ਪੰਜਾਬ ਵਿਚ ਪੀਣ ਵਾਲ਼ਾ ਪਾਣੀ ਬੋਤਲਾਂ ਵਿਚ ਵਿਕੇਗਾ।
ਆਮ ਪਿੰਡਾਂ ਵਾਂਗ ਸਾਡੇ ਪਿੰਡ ਵੀ ਧੜੇਬੰਦੀ ਪੈ ਗਈ ਸੀ। ’ਕੱਲੇ–ਦੁਕੱਲੇ ਪਰਿਵਾਰ ਨੂੰ ਲੋਕ ਕਿਸੇ ਗਿਣਤੀ ’ਚ ਨਹੀਂ ਸੀ ਰੱਖਦੇ। ਮੇਰੇ ਭਰਾਵਾਂ ਨੇ ਵੀ ਇਕ ਧੜਾ ਬਣਾ ਲਿਆ ਸੀ। ਇਹ ਧੜਾ ਇਕ ਪਿੰਡ ਤੱਕ ਹੀ ਸੀਮਤ ਨਹੀਂ ਸੀ। ਚਾਰ ਗੁਆਂਢੀ ਪਿੰਡਾਂ ਦੇ ਹਮਖਿਆਲੀ ਬੰਦਿਆਂ ਦੀ ਇਕ ਸੰਸਥਾ ਵਾਂਗ ਸੀ। ਨਾ ਕਿਸੇ ਨਾਲ਼ ਵਧੀਕੀ ਕਰਨੀ ਤੇ ਨਾ ਕਿਸੇ ਦੀ ਸਹਿਣੀ। ਲੋਕਾਂ ਦੇ ਲੜਾਈਆਂ–ਝਗੜੇ ਨਿਪਟਾਉਣ ਲਈ ਇਹ ਸੰਸਥਾ ਰਾਜ਼ੀਨਾਮੇ ਕਰਵਾਉਣ ਦੀ ਕੋਸ਼ਿਸ਼ ਕਰਦੀ ਸੀ। ਸਾਡੇ ਪਿੰਡ ਦਾ ਦੂਜਾ ਧੜਾ, ਹਲਕੇ ਦੇ ਐਮ. ਐਲ. ਏ ਦਾ ਚਾਪਲੂਸ ਸੀ। ਪਰ ਸਰਪੰਚ ਸਮੇਤ ਪੰਚਾਇਤ ਦੇ ਜ਼ਿਆਦਾ ਮੈਂਬਰ ਸੰਸਥਾ ਨਾਲ਼ ਜੁੜੇ ਧੜੇ ਦੇ ਸਨ। ਪਹਿਲਾਂ ਮੇਰਾ ਵੱਡਾ ਭਰਾ ਦੋ ਟਰਮਾਂ ਮੈਂਬਰ ਪੰਚਾਇਤ ਰਿਹਾ ਸੀ ਤੇ ਹੁਣ ਲੋਕਾਂ ਨੇ ਛੋਟੇ ਭਰਾ ਨੂੰ ਚੁਣ ਲਿਆ ਸੀ। ਸਾਡੇ ਬਾਪੂ ਜੀ ਪੰਚਾਇਤ ਵਿਚ ਮੁੱਖ ਭੂਮਿਕਾ ਨਿਭਾਉਂਦੇ ਰਹੇ ਸਨ। ਅਗਾਂਹ ਭਰਾ ਵੀ ਉਸੇ ਲੀਹ ’ਤੇ ਚਲ ਰਹੇ ਸਨ।
‘ਗੁਰਦਵਾਰਾ ਕਲਗੀਧਰ ਸਾਹਿਬ’ ਸੰਗਤ ਦੀ ਹਾਜ਼ਰੀ ਮੁਤਾਬਿਕ ਛੋਟਾ ਹੋ ਗਿਆ ਸੀ। ਬਾਬਾ ਨਿਹਾਲ ਸਿੰਘ ਜੀ ਨੇ ਦਲਜੀਤ ਸਿੰਘ ਤੇ ਕਮੇਟੀ ਦੇ ਦੂਜੇ ਮੈਂਬਰਾਂ ਨੂੰ, ਉਹ ਗੁਰਦਵਾਰਾ ਢਾਹ ਕੇ, ਨਵਾਂ ਬਣਾਉਣ ਲਈ ਪ੍ਰੇਰਿਆ। ਮੈਟੀਰੀਅਲ ਤੇ ਮਾਇਆ ਨਾਲ਼ ਕੁਝ ਮੱਦਦ ਵੀ ਕਰ ਦਿੱਤੀ। ਕਮੇਟੀ ਨੂੰ ਉਤਸ਼ਾਹ ਮਿਲ਼ ਗਿਆ… ਬਾਬਾ ਜੀ ਦੀ ਅਗਵਾਈ ਵਿਚ ਪੰਜ ਸਿੰਘਾਂ ਨੇ ਨਵੇਂ ਗੁਰਦਵਾਰਾ ਸਾਹਿਬ ਦੀ ਨੀਂਹ ਰੱਖ ਦਿੱਤੀ। ਸਾਡੇ ਪਿੰਡ ਅਤੇ ਗਵਾਂਢੀ ਪਿੰਡਾਂ ਦੇ ਪਰਵਾਸੀਆਂ-ਜਿਨ੍ਹਾਂ ਵਿਚ ਸਾਡਾ ਖਾਨਦਾਨ ਵੀ ਸ਼ਾਮਲ ਹੈ-ਨੇ ਮਹੱਤਵਪੂਰਨ ਯੋਗਦਾਨ ਪਾਇਆ। ਬਿਲਡਿੰਗ ਦੀ ਉਸਾਰੀ ਵਿਚ ਮਿਹਨਤ-ਮਜ਼ਦੂਰੀ ਦਾ ਕੰਮ ਪਿੰਡ ਵਾਲ਼ਿਆਂ ਨੇ ਕਰ ਦਿੱਤਾ… ਖੁੱਲ੍ਹਾ ਤੇ ਸੁੰਦਰ ਨਵਾਂ ‘ਗੁਰਦਵਾਰਾ ਕਲਗੀਧਰ ਸਾਹਿਬ’ ਬਣ ਗਿਆ।
ਗੱਲ ਬੀਬੀ ਦੇ ਸਦੀਵੀ ਵਿਛੋੜੇ ਦੀ ਕਰ ਰਿਹਾ ਸਾਂ। ਭੈਣਾਂ–ਭਰਾਵਾਂ ਦੇ ਪਰਿਵਾਰਾਂ ਸੰਗ ਵਿਚਰਦਿਆਂ ਤੇ ਅਫਸੋਸ ਕਰਨ ਆਉਂਦੇ ਲੋਕਾਂ ਨਾਲ਼ ਗੱਲਾਂ–ਬਾਤਾਂ ਕਰਦਿਆਂ, ਬੀਬੀ ਦੀ ਯਾਦ ਵਿਚ ਉਦਾਸੀ ਮਹਿਸੂਸ ਨਹੀਂ ਸੀ ਹੋਈ। ਪਰ ਕਨੇਡਾ ਨੂੰ ਤੁਰਨ ਲੱਗਿਆਂ ਉਦਾਸੀ ਦੀ ਛੱਲ ਉੱਭਰ ਪਈ। ਭਰਾ–ਭਰਜਾਈਆਂ, ਭੈਣਾਂ ਤੇ ਸਾਰੇ ਨਿਆਣੇ, ’ਕੱਲਾ–’ਕੱਲਾ ਜੀਅ ਛਾਤੀ ਨਾਲ਼ ਲੱਗ ਕੇ ਜਾਂ ਬਗਲਗੀਰ ਹੋ ਕੇ ਮੈਨੂੰ ਮੋਹ ਨਾਲ਼ ਵਿਦਾ ਕਰ ਰਿਹਾ ਸੀ। ਪਰ ਉਨ੍ਹਾਂ ਵਿਚ ਮੈਨੂੰ ਛਾਤੀ ਨਾਲ਼ ਲਾ ਕੇ ਅਸੀਸਾਂ ਦੇਣ ਵਾਲ਼ੀ ਮੇਰੀ ਮਾਂ ਹੈ ਨ੍ਹੀਂ ਸੀ… ਡੂੰਘਾ ਹਉਕਾ ਭਰਦਿਆਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।
ਕਨੇਡਾ ਪਹੁੰਚ ਕੇ ਮੈਂ ਏਥੋਂ ਦੇ ਰੁਟੀਨ ’ਚ ਪੈ ਗਿਆ। ਇਕ ਦਿਨ ਕੋਰ ਦੇ ਅਪਰਸ਼ੇਨਜ਼ ਮੈਨੇਜਰ ਦਾ ਫੋਨ ਆਇਆ। ਉਸ ਅਨੁਸਾਰ ਏਅਰਪੋਰਟ ਡਿਟੈਚਮੈਂਟ ਵਿਚ ਵਾਰੰਟ ਅਫਸਰ ਦੀ ਪੋਸਟ ਖਾਲੀ ਹੋਈ ਸੀ। ਪ੍ਰਮੋਸ਼ਨ ਦੇਣ ਲਈ ਉਹ ਮੇਰੀ ‘ਹਾਂ’ ਲੈ ਰਿਹਾ ਸੀ। ਮੈਂ ਆਖ ਦਿੱਤਾ ਕਿ ਮੈਨੂੰ ਆਪਣੀ ਪੈਟਰੋਲਮੈਨ ਦੀ ਡਿਊਟੀ ਪਸੰਦ ਹੈ, ਪ੍ਰ਼ਮੋਸ਼ਨ ਨਹੀਂ ਚਾਹੀਦੀ।
ਪ੍ਰਮੋਸ਼ਨ ਨਾਲ਼ ਮੇਰੀ ਤਨਖਾਹ ਤਾਂ ਵਧਣੀ ਸੀ ਪਰ ਮੈਂ ਏਅਰਪੋਰਟ ਦੇ ਰੌਣਕ-ਮੇਲੇ ਤੋਂ ਵਾਂਝਾ ਹੋ ਜਾਣਾ ਸੀ। ਡਿਟੈਚਮੈਂਟ ਦਾ ਦਫਤਰ ਏਅਰਪੋਰਟ ਦੇ ਸੁੰਨੇ ਜਿਹੇ ਬੇਸਮੈਂਟ ’ਚ ਸੀ, ਮੈਨੂੰ ਉੱਥੇ ਬਹਿ ਕੇ ਕੰਮ ਕਰਨਾ ਪੈਣਾ ਸੀ। ਟਰਮੀਨਲਾਂ ਵਿਚ ਪੈਟਰੋਲਿੰਗ ਕਰਦਿਆਂ ਨਾਲੇ਼ ਸੈਰ ਹੋ ਜਾਂਦੀ ਸੀ ਤੇ ਨਾਲ਼ੇ ਅਨੇਕ ਦੇਸ਼ਾਂ ਦੇ ਲੋਕਾਂ ਨੂੰ ਦੇਖਣ-ਗੌਲਣ ਦੇ ਮੌਕੇ ਮਿਲ਼ ਰਹੇ ਸਨ। ਜਿਸ ਕਹਾਣੀ ’ਤੇ ਮੈਂ ਕੰਮ ਕਰ ਰਿਹਾ ਹੁੰਦਾ, ਘੁੰਮਦਿਆਂ-ਫਿਰਦਿਆਂ ਉਸ ਕਹਾਣੀ ਬਾਰੇ ਵੀ ਸੋਚ ਲੈਂਦਾ ਸਾਂ।
ਛੇ ਸਾਲ ਪਹਿਲਾਂ ਛਪੇ ਕਹਾਣੀ ਸੰਗ੍ਰਹਿ ‘ਦੋ ਟਾਪੂ’ ’ਤੇ ਪਾਠਕਾਂ, ਵਿਦਵਾਨਾਂ ਤੇ ਲੇਖਕਾਂ ਵੱਲੋਂ ਸ਼ੁਰੂ ਹੋਈ ਚਰਚਾ ਜਾਰੀ ਸੀ। ਇਹ ਪੁਸਤਕ ਪੰਜਾਬ ਯੂਨੀਵਰਸਿਟੀ ਚੰੜੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਐਮ. ਏ ਪੰਜਾਬੀ ਦੇ ਸਿਲੇਬਸਾਂ ਦਾ ਹਿੱਸਾ ਬਣ ਚੁੱਕੀ ਸੀ। ਇਸ ’ਤੇ ਅੱਧੀ ਦਰਜਨ ਐਮ. ਫਿਲ ਹੋ ਚੁੱਕੀਆਂ ਸਨ।
ਪਰ ਇਸ ਪ੍ਰਸ਼ੰਸਾ–ਮੁਖੀ ਚਰਚਾ ਨੂੰ ਮੈਂ ਇਸ ਤਰ੍ਹਾਂ ਨਹੀਂ ਸੀ ਲਿਆ ਕਿ ਮੈਂ ਕੋਈ ਵੱਡਾ ਮਾਅਰਕਾ ਮਾਰ ਲਿਆ ਹੈ। ਸਗੋਂ ਹੋਰ ਚੰਗੇਰਾ ਲਿਖਣ ਦਾ ਪ੍ਰਣ ਕੀਤਾ ਸੀ ਸਮੇਂ ਦੇ ਨਾਲ਼–ਨਾਲ਼, ਕੁਦਰਤੀ ਤੌਰ ’ਤੇ ਹਰ ਲੇਖਕ ਦਾ ਵਿਕਾਸ ਹੁੰਦਾ ਰਹਿੰਦਾ ਹੈ। ਮੇਰਾ ਵੀ ਹੁੰਦਾ ਰਿਹੈ ਤੇ ਹੋ ਰਿਹਾ ਹੈ। ਮੇਰੇ ’ਚ ਸਮਰੱਥਾ ਤਾਂ ਹੈਗੀ ਏ ਪਰ ਮੈਂ ਏਨਾ ਸਮੱਰਥਾਵਾਨ ਨਹੀਂ ਕਿ ਪਹਿਲੀ ਲਿਖਤ ਨਾਲ਼ ਹੀ ਪਾਠਕਾਂ ਦਾ ਮਨ ਜਿੱਤ ਲਵਾਂ। ਕਹਾਣੀ ਨੂੰ ਮਿਆਰੀ ਬਣਾਉਣ ਲਈ ਮੈਂ ਮਿਹਨਤ ਵੀ ਕਰਦਾ ਹਾਂ।
ਪਾਣੀ, ਸੜਕਾਂ, ਗੁਆਚੇ ਲੋਕ, ਟਾਵਰਜ਼, ਬਰਫ ਤੇ ਦਰਿਆ ਕਹਾਣੀਆਂ ’ਤੇ ਵੀ ਮੈਂ ਆਪਣੇ ਰਚਨਾਤਮਕ ਨੇਮਾਂ ਅਨੁਸਾਰ ਮਿਹਨਤ ਕੀਤੀ ਸੀ। ਮੇਰਾ ਤਜ਼ਰਬਾ ਹੈ ਕਿ ਵਾਰ–ਵਾਰ ਲਿਖਣ–ਸੋਧਣ ਨਾਲ਼ ਕਹਾਣੀ ਦੀ ਸ਼ਿਲਪ, ਭਾਸ਼ਾ, ਚਿੰਤਨਸ਼ੀਲਤਾ, ਸੂਖਮਤਾ, ਗਹਿਨਤਾ ਗੱਲ ਕੀ ਕਹਾਣੀ ਵਿਚ ਹਰ ਪੱਖੋਂ ਨਿਖਾਰ ਆਉਂਦਾ ਹੈ। ਇਹ ਨਿਖਾਰ ਹੀ ਕਹਾਣੀ ਨੂੰ ਕਲਾਤਮਿਕ ਬਣਾਉਂਦਾ ਹੈ। ਤੇ ਕਲਾਤਮਿਕਤਾ ਹੀ ਕਹਾਣੀ ਨੂੰ ਚਿਰ–ਸਥਾਈ ਬਣਾਉਂਦੀ ਹੈ।
ਪੰਜਾਂ ਕਹਾਣੀਆਂ ਬਾਰੇ ਆਪਣੇ ਮਿੱਤਰਾਂ ਡਾ. ਕਰਮਜੀਤ ਸਿੰਘ ਤੇ ਡਾ. ਬਲਦੇਵ ਸਿੰਘ ਧਾਲੀਵਾਲ ਦੀਆਂ ਰਾਵਾਂ ਵੀ ਲਈਆਂ।
ਇਹ ਕਹਾਣੀਆਂ ‘ਸਿਰਜਣਾ’ ਤੇ ‘ਪ੍ਰਵਚਨ’ ਪਰਚਿਆਂ ਵਿਚ ਛਪੀਆਂ ਸਨ। ਹਰ ਕਹਾਣੀ ਨੂੰ ਭਰਵਾਂ ਹੁੰਗਾਰਾ ਮਿਲ਼ਿਆ ਸੀ।
ਕਹਾਣੀ ਸੰਗ੍ਰਹਿ ‘ਟਾਵਰਜ਼’
ਇਹ ਕਹਾਣੀ ਸੰਗ੍ਰਹਿ 2005 ਵਿਚ ਛਪਿਆ। ਮੇਰੀ ਆਸ ਮੁਤਾਬਿਕ ਇਸ ਕਿਤਾਬ ਨੇ ਭਰਪੂਰ ਸ਼ਲਾਘਾ ਖੱਟੀ।
ਇਸ ਕਿਤਾਬ ਦੇ ਸਰਵਰਕ ’ਤੇ ਦਰਜ ਡਾ. ਰਘਬੀਰ ਸਿੰਘ ਸਿਰਜਣਾ ਦੀਆਂ ਸਤਰਾਂ ਵਿੱਚੋਂ ਕੁਝ ਅੰਸ਼:
ਪਰਵਾਸੀ ਪੰਜਾਬੀ ਗਲਪਕਾਰਾਂ ਵਿਚ ਜਰਨੈਲ ਸਿੰਘ ਦੀ ਸ਼ਮੂਲੀਅਤ ਨੇ ਪਰਵਾਸੀ ਪੰਜਾਬੀ ਕਹਾਣੀ ਸਾਹਿਤ ਨੂੰ ਪ੍ਰਤਿਸ਼ਟਤਾ ਪ੍ਰਦਾਨ ਕੀਤੀ ਹੈ। ਕੁਝ ਦੇਰ ਪਹਿਲਾਂ ਪ੍ਰਕਾਸ਼ਤ ਹੋਏ ਉਸਦੇ ਕਹਾਣੀ ਸੰਗ੍ਰਹਿ ‘ਦੋ ਟਾਪੂ’ ਨੇ ਜਿੱਥੇ ਇਕ ਹਸਾਸ ਤੇ ਸਮਰੱਥ ਲੇਖਕ ਵਜੋਂ ਜਰਨੈਲ ਸਿੰਘ ਦੀ ਪਛਾਣ ਕਰਵਾਈ ਸੀ ਉੱਥੇ ਉਸ ਪੁਸਤਕ ਰਾਹੀਂ ਪਰਵਾਸੀ ਅਨੁਭਵ ਦੀ ਪੇਸ਼ਕਾਰੀ ਵਿਚ ਵੀ ਇਕ ਨਵਾਂ ਅੱਯਾਮ ਜੁੜਿਆ ਸੀ… ਹਥਲੀ ਪੁਸਤਕ ਵਿਚ ਵੀ ‘ਗੁਆਚੇ ਲੋਕ’, ‘ਪਾਣੀ’ ਅਤੇ ‘ਸੜਕਾਂ’ ਨਾਉਂ ਦੀਆਂ ਕਹਾਣੀਆਂ ਵਿੱਚੋਂ ਉਸੇ ਹੀ ਪੱਧਰ ਦੀ ਸੰਵੇਦਨਸ਼ੀਲਤਾ ਤੇ ਕਲਾਤਮਿਕਤਾ ਦਾ ਆਭਾਸ ਹੁੰਦਾ ਹੈ… ਵੈਸੇ ਹੁਣ ਜਰਨੈਲ ਸਿੰਘ ਦੇ ਸਰੋਕਾਰਾਂ ਦਾ ਘੇਰਾ ਪਰਵਾਸੀ ਪੰਜਾਬੀਆਂ ਦੇ ਸਮਾਚਾਰਾਂ ਤੇ ਸਮੱਸਿਆਵਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਮਾਨਵਵਾਦੀ ਦ੍ਰਿਸ਼ਟੀ ਅਤੇ ਸ਼ੁਭ ਭਾਵੀ ਚਿੰਤਨ ਜਰਨੈਲ ਸਿੰਘ ਨੂੰ ਕਨੇਡੀਅਨ ਸਮਾਜ ਅਤੇ ਉਸ ਤੋਂ ਵੀ ਅਗਾਂਹ ਸੰਸਾਰ ਦੇ ਮਸਲਿਆਂ ਨਾਲ਼ ਜੋੜਦੇ ਹਨ, ਜਿਸਦੀ ਮਿਸਾਲ ‘ਟਾਵਰਜ਼’ ਅਤੇ ‘ਬਰਫ ਤੇ ਦਰਿਆ’ ਨਾਉਂ ਦੀਆਂ ਕਹਾਣੀਆਂ ਹਨ।
ਮਿੱਤਰ ਪਿਆਰੇ ਡਾ. ਕਰਮਜੀਤ ਸਿੰਘ ਨੇ ਇਸ ਕਿਤਾਬ ‘ਤੇ, ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਸੈਮੀਨਾਰ ਕਵਾਇਆ। ਉਹ ਪੰਜਾਬੀ ਵਿਭਾਗ ਦਾ ਮੁਖੀ ਸੀ। ਦੋਸਤੀ ਦਾ ਗੂੜ੍ਹਾ ਰਿਸ਼ਤਾ ਅਸੀਂ ਪਿਛਲੇ 40 ਵਰ੍ਹਿਆਂ ਤੋਂ ਮਾਣਦੇ ਆ ਰਹੇ ਹਾਂ। ਡਾ. ਕਰਮਜੀਤ ਸਿੰਘ ਨੇ 1981 ‘ਚ ਮੇਰੇ ਪਲੇਠੇ ਕਥਾ ਸੰਗ੍ਰਹਿ ‘ਮੈਨੂੰ ਕੀ’ ’ਤੇ ਪਰਚਾ ਲਿਖਿਆ ਸੀ। ਉੱਥੋਂ ਸ਼ੁਰੂ ਹੋਈ ਸੀ ਸਾਡੀ ਦੋਸਤੀ।
ਅਧਿਆਪਕੀ ਦਾ ਕਿੱਤਾ ਉਸਨੇ ਉਦੋਂ ਕੁ ਹੀ ਆਰੰਭਿਆ ਸੀ। ਅਧਿਆਪਕੀ ਦੇ ਨਾਲ਼-ਨਾਲ਼ ਉਸਨੇ ਦੁਆਬੇ ਦੇ ਲੋਕ ਗੀਤ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ। ਉਸਦਾ ਲੋਕ ਗੀਤਾਂ ਦਾ ਪਹਿਲਾ ਸੰਗ੍ਰਹਿ ‘ਦੇਸ ਦੁਆਬਾ’1982 ‘ਚ ਛਪਿਆ। ਸੋ ਤਕਰੀਬਨ ਇੱਕੋ ਸਮੇਂ ਅਸੀਂ ਆਪੋ-ਆਪਣੇ ਖੇਤਰਾਂ ‘ਚ ਪ੍ਰਵੇਸ਼ ਕੀਤਾ ਸੀ।
ਉਪ੍ਰੋਕਤ ਸੈਮੀਨਾਰ (2005) ਤੱਕ ਮੈਂ ਕਹਾਣੀ ਵਿਧਾ ’ਚ ਆਪਣਾ ਸਿੱਕਾ ਮੰਨਵਾ ਚੁੱਕਾ ਸਾਂ ਤੇ ਡਾ. ਕਰਮਜੀਤ ਸਿੰਘ ਲੋਕਧਾਰਾ ਦੇ ਵਿਦਵਾਨ ਵਜੋਂ ਸਥਾਪਤ ਹੋ ਚੁੱਕਾ ਸੀ। ਆਪਣਾ ਅਧਿਆਪਕੀ ਦਾ ਕਿੱਤਾ ਵੀ ਉਹ ਪੂਰੀ ਲਗਨ ਤੇ ਮਿਹਨਤ ਨਾਲ਼ ਨਿਭਾ ਰਿਹਾ ਸੀ। ਉਹ ਵਿਦਿਆਰਥੀਆਂ ਵਿਚ ਹਰਮਨਪਿਆਰਾ ਪ੍ਰੋਫੈਸਰ ਸੀ। ਇਸੇ ਕਰਕੇ ਹੀ ਤਾਂ ਗੋਸ਼ਟੀ ਵਿਚ ਸਮੂਹ ਵਿਦਿਆਰਥੀਆਂ ਨੇ ਹਾਜ਼ਰੀ ਭਰੀ ਸੀ।
ਕਿਤਾਬ ’ਤੇ ਪਰਚੇ ਪੜ੍ਹਨ ਵਾਲ਼ੇ ਡਾ. ਬਲਦੇਵ ਸਿੰਘ ਧਾਲੀਵਾਲ ਤੇ ਡਾ. ਸੁਖਪਾਲ ਸਿੰਘ ਥਿੰਦ ਵੀ ਮੇਰੇ ਖਾਸ ਮਿੱਤਰ ਹਨ। ਇਨ੍ਹਾਂ ਨਾਲ਼ ਮੇਰੀ ਦੋਸਤੀ 22 ਵਰ੍ਹੇ ਲੰਮੀ ਹੈ। ਡਾ. ਧਾਲੀਵਾਲ ਦੀ ‘ਦੋ ਟਾਪੂ’ ਕਹਾਣੀ ਬਾਰੇ ਵਜ਼ਨਦਾਰ ਟਿੱਪਣੀ ‘ਸਿਰਜਣਾ’ ਪਰਚੇ ਵਿਚ ਛਪੀ ਸੀ। ਸਾਡੀ ਜਾਣ-ਪਛਾਣ ਉਸ ਟਿੱਪਣੀ ਰਾਹੀਂ ਹੋਈ ਸੀ। ਫਿਰ ਉਹ ਮੇਰੀ ਹਰ ਕਹਾਣੀ ਦਾ ਨੋਟਿਸ ਲੈਂਦਾ ਰਿਹਾ… ਪੰਜਾਬੀ ਕਹਾਣੀ ਬਾਬਤ ਲਿਖੀਆਂ ਪੁਸਤਕਾਂ ਵਿਚ ਉਸਨੇ ਮੇਰੀਆਂ ਕਹਾਣੀਆਂ/ ਕਿਤਾਬਾਂ ਦਾ ਜ਼ਿਕਰ ਕੀਤਾ ਹੈ।
ਡਾ. ਥਿੰਦ ਨਾਲ਼ ਦੋਸਤੀ ਦਾ ਨਾਤਾ ਮੇਰੇ ਕਥਾ ਸੰਗ੍ਰਹਿ ‘ਦੋ ਟਾਪੂ’ ਰਾਹੀਂ ਬਣਿਆਂ। ਇਹ ਕਿਤਾਬ ਉਸਨੇ ਡਾ ਪ੍ਰਿਤਪਾਲ ਸਿੰਘ ਮਹਿਰੋਕ ਦੇ ਹੱਥ ‘ਚ ਦੇਖੀ, ਉਸ ਤੋਂ ਲੈ ਕੇ ਪੜ੍ਹੀ ਅਤੇ ਇਕ ਅਖਬਾਰ ‘ਚ ਉਸਦਾ ਰੀਵਿਊ ਛਪਵਾ ਕੇ ਕਾਪੀ ਮੈਨੂੰ ਭੇਜੀ। ਉਸ ਤੋਂ ਬਾਅਦ ਉਸਨੇ ਮੇਰੇ ਅਗਲੇ ਸੰਗ੍ਰਿਹਾਂ ’ਤੇ ਵੀ ਭਾਵਪੂਰਤ ਲੇਖ ਲਿਖੇ ਹਨ।
ਮੈਂ ਪਾਠਕਾਂ ਨਾਲ਼ ਇਹ ਤੱਥ ਸਾਂਝਾ ਕਰ ਰਿਹਾਂ ਕਿ ਇਨ੍ਹਾਂ ਤਿੰਨਾਂ ਵਿਦਵਾਨਾਂ ਅਤੇ ਮੇਰੀਆਂ ਕਿਤਾਬਾਂ/ਕਹਾਣੀਆਂ ’ਤੇ ਲੇਖ ਲਿਖਣ ਵਾਲ਼ੇ ਸਾਰੇ ਵਿਦਵਾਨ ਦੋਸਤਾਂ ਨਾਲ਼ ਮੇਰਾ ਸੰਪਰਕ ਕਹਾਣੀਆਂ ਰਾਹੀਂ ਹੀ ਬਣਿਆਂ ਸੀ।
‘ਟਾਵਰਜ਼’ ’ਤੇ ਸੈਮੀਨਾਰ ਵੀ, ਦੋਸਤੀ ਨੂੰ ਮੁਖ ਰੱਖ ਕੇ ਨਹੀਂ, ਕਿਤਾਬ ਦੇ ਗੁਣਾਂ ਨੂੰ ਮੁੱਖ ਰੱਖ ਕੇ ਕਰਵਾਇਆ ਗਿਆ। ਕਿਤਾਬ ਬਾਰੇ ਡਾ. ਰਾਜਿੰਦਰ ਸਿੰਘ ਭੱਟੀ, ਡਾ. ਹਰਸਿਮਰਨ ਸਿੰਘ ਰੰਧਾਵਾ ਡਾ. ਪਰਮਜੀਤ ਕੌਰ ਸਿੱਧੂ ਤੇ ਪੰਜਾਬੀ ਵਿਭਾਗ ਦੇ ਹੋਰ ਪ੍ਰੋਫੈਸਰਾਂ ਨੇ ਵੀ ਵਿਚਾਰ ਪੇਸ਼ ਕੀਤੇ ਸਨ।
ਟਾਵਰਜ਼— ਵਸਤੂ, ਵਿਧੀ ਤੇ ਦ੍ਰਿਸ਼ਟੀ
ਕਿਤਾਬ ਦੇ ਉੱਚੇ ਪੱਧਰ ਨੂੰ ਦੇਖਦਿਆਂ ਵਿਦਵਾਨਾਂ ਨੇ ਸੈਮੀਨਾਰ ਮੌਕੇ ਹੀ ਇਸ ’ਤੇ ਆਲੋਚਨਾ-ਪੁਸਤਕ ਕੱਢਣ ਦੀ ਸਕੀਮ ਬਣਾ ਲਈ ਸੀ।
ਸੋ ਡਾ. ਕਰਮਜੀਤ ਸਿੰਘ ਤੇ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ‘ਟਾਵਰਜ਼— ਵਸਤੂ, ਵਿਧੀ ਤੇ ਦ੍ਰਿਸ਼ਟੀ’ ਪੁਸਤਕ ਸੰਪਾਦਿਤ ਕਰਕੇ 2006 ਵਿਚ ਛਪਵਾ ਦਿੱਤੀ। ਇਸ ਵਿਚ 27 ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਮਹੱਤਵਪੂਰਨ ਵਿਚਾਰ ਦਰਜ ਕਰ ਰਿਹਾਂ।
ਡਾ. ਸੁਖਦੇਵ ਸਿੰਘ ਖਾਹਰਾ: ‘ਟਾਵਰਜ਼’ ਸੰਗ੍ਰਹਿ ਦੀ ਹਰ ਰਚਨਾ ਵਿਚ ਹੀ ਬਿਰਤਾਂਤ ਦੀਆਂ ਵਿਭਿੰਨ ਕੜੀਆਂ ਨੂੰ ਬੜੀ ਮੁਹਾਰਤ ਨਾਲ਼ ਜੋੜਿਆ ਗਿਆ ਹੈ। ਇਸ ਲਈ Association ਦੀ ਵਿਧੀ ਅਪਣਾਈ ਗਈ ਹੈ… ਕਈ ਕਥਾਨਕਾਂ ਨੂੰ ਜੱਟਿਲ ਰੂਪ ਵਿਚ ਇਕ–ਦੂਜੇ ਵਿਚ ਬੁਣਨਾ ਪ੍ਰੌਢ ਕਲਾਤਮਿਕ ਯੋਗਤਾ ਦਾ ਪ੍ਰਮਾਣ ਬਣਦਾ ਹੈ। ਇਸ ਪ੍ਰਕਾਰ ਹਰ ਰਚਨਾ ਇੱਕੋ ਵੇਲੇ ਕਈ ਦ੍ਰਿਸ਼ਟੀ–ਬਿੰਦੂਆਂ ਦਾ ਸਿਰਜਣ ਕਰ ਦੇਂਦੀ ਹੈ। ਇਨ੍ਹਾਂ ਦ੍ਰਿਸ਼ਟੀ–ਬਿੰਦੂਆਂ ਨੂੰ ਇਕ–ਦੂਜੇ ਦੇ ਸਨਮੁੱਖ ਇਸ ਪ੍ਰਕਾਰ ਖੜ੍ਹੇ ਕੀਤਾ ਜਾਂਦਾ ਹੈ ਕਿ ਜੀਵਨ ਦੀ ਵਿਵਿਧ ਭਾਂਤ ਦੀ ਜੱਟਿਲਤਾ ਬਾਰੇ ਸੰਵਾਦ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ। ਇਹ ਸੰਵਾਦ ਹਰ ਪਾਤਰ ਦੇ ਮਨ ਵਿਚ ਪੈਦਾ ਹੋਣ ਵਾਲ਼ੀਆਂ ਅੰਤਰ–ਵਿਰੋਧੀ ਸੋਚਾਂ ਰਾਹੀਂ ਵੀ ਪ੍ਰਤੱਖ ਬਣਦਾ ਹੈ ਅਤੇ ਵਿਭਿੰਨ ਪਾਤਰਾਂ ਦੇ ਵਾਦ–ਵਿਵਾਦੀ ਤਕਰਾਰ ਰਾਹੀਂ ਵੀ… ਗਲਪੀ ਬਿਰਤਾਂਤ ਵਿਚ ਢਲਿਆ ਇਹ ਸੰਵਾਦ ਆਪਣੀ ਇਤਿਹਾਸਮੁਖਤਾ, ਵਿਸ਼ਲੇਸ਼ਣਕਾਰੀ ਬਿਰਤੀ, ਆਲੋਚਨਾਤਮਿਕ ਸੁਰ ਅਤੇ ਭੱਵਿਖਭਮੁਖੀ ਮਾਨਵੀ ਦ੍ਰਿਸ਼ਟੀ ਕਰਕੇ ਸਿਰਜਣ ਤੇ ਚਿੰਤਨ ਦਾ ਅਨੂਠਾ ਸੁਮੇਲ ਪ੍ਰਸਤੁਤ ਕਰਦਾ ਹੈ।
ਡਾ. ਸੁਤਿੰਦਰ ਸਿੰਘ ਨੂਰ: ‘ਪਾਣੀ’ ਕਹਾਣੀ ਯਥਾਰਥ ਨੂੰ ਬਿਆਨ ਕਰਦੀ ਵੀ ਨਿਰੋਲ ਪਰੰਪਰਕ ਵਿਧੀ ਨਾਲ਼ ਸੰਬੰਧਿਤ ਨਹੀਂ ਸਗੋਂ ਕਈ ਵਿਧੀਆਂ ਦੀ ਚੇਤਨਾ ਇਸ ਕਹਾਣੀ ਦੇ ਬਿਰਤਾਂਤ ਵਿਚ ਰਲ਼ੀ–ਮਿਲ਼ੀ ਹੈ।
ਡਾ. ਜਗਬੀਰ ਸਿੰਘ: ‘ਟਾਵਰਜ਼’ ਸੰਗ੍ਰਹਿ ਦੀਆਂ ਕਹਾਣੀਆਂ ਦਾ ਕਥਾ–ਪ੍ਰਬੰਧ ਅਤੇ ਸਿਰਜਿਤ ਪ੍ਰਵਚਨ, ਪੰਜਾਬੀ ਕਹਾਣੀ ਨੂੰ ਮਾਨਵੀ ਸੰਵੇਦਨਾ ਅਤੇ ਗਲੋਬਲ ਚੇਤਨਾ ਦੇ ਸਮਕਾਲੀ ਪਰਿਪੇਖ ਨਾਲ਼ ਜੋੜਦਾ ਹੈ।
ਡਾ. ਜਸਵਿੰਦਰ ਸਿੰਘ: ‘ਟਾਵਰਜ਼’ ਕਹਾਣੀ ਦੇ ਪਾਠ ਦਾ ਅਧਿਐਨ ਕਰਦਿਆਂ ਮੈਨੂੰ ਜਰਨੈਲ ਸਿੰਘ ਦੀ ਸ਼ਬਦ ਚੋਣ, ਸ਼ਬਦ ਜੜਤ ਅਤੇ ਸ਼ਬਦ ਜੋੜਾਂ ਦੀ ਦਰੁਸਤ ਤੇ ਚੇਤੰਨ ਵਰਤੋਂ ਨੇ ਵਿਸ਼ੇਸ਼ ਤੌਰ ’ਤੇ ਮੋਹਿਆ ਹੈ। ਜਰਨੈਲ ਸਿੰਘ ਨੂੰ ਭਾਸ਼ਾ ਦੇ ਆਂਤਰਿਕ, ਪ੍ਰਗੀਤਕ ਅਤੇ ਭਾਵਨਾਤਮਕ ਸੁਰਤਾਲ ਦੀ ਡੂੰਘੀ ਪਕੜ ਹੈ… ਆਪਣੇ ਸਮੂਹ ਮਾਨਵੀ ਸਰੋਕਾਰਾਂ, ਬਿਰਤਾਂਤਕੀ ਕਲਾਤਮਕ ਵਿਧੀਆਂ ਅਤੇ ਭਾਸ਼ਾ ਦੀਆਂ ਵਿਲੱਖਣਤਾਵਾਂ ਸਦਕਾ ‘ਟਾਵਰਜ਼’ ਪੰਜਾਬੀ ਦੀ ਅਤਿਅੰਤ ਮੁੱਲਵਾਨ ਕਹਾਣੀ ਹੋਣ ਦਾ ਮਾਣ ਰੱਖਦੀ ਹੈ।
ਡਾ. ਬਲਦੇਵ ਸਿੰਘ ਧਾਲੀਵਾਲ: ਸਭ ਤੋਂ ਅਹਿਮ ਗੱਲ ਇਹ ਹੈ ਕਿ ਜਰਨੈਲ ਸਿੰਘ ਨੂੰ ਚਿੰਤਨ ਅਤੇ ਅਨੁਭਵ ਨੂੰ ਇਕ ਢੁਕਵੇਂ ਅਨੁਪਾਤ ਵਿਚ ਗੁੰਨ੍ਹ ਕੇ ਪੇਸ਼ ਕਰਨ ਦਾ ਹੁਨਰ ਆਉਂਦਾ ਹੈ।
ਡਾ. ਸੁਖਦੇਵ ਸਿੰਘ ਸਿਰਸਾ: ਜਰਨੈਲ ਸਿੰਘ ਦੀ ਕਹਾਣੀ ਦੀ ਸੰਰਚਨਾ ਵਿਚ ਕਿਸੇ ਇਕ ਘਟਨਾ ਜਾਂ ਵਰਤਾਰੇ ਬਾਰੇ ਬਹੁ–ਨਾਦੀ ਧੁਨੀਆਂ ਤੇ ਕਾਟਵੇਂ ਪ੍ਰਤਿ–ਹੁੰਗਾਰੇ ਇਕ ਕੋਲਾਜ ਵਾਂਗ ਰਮੇ ਹੁੰਦੇ ਹਨ। ਪ੍ਰਮਾਣ ਵਜੋਂ ਉਸਦੀ ਕਹਾਣੀ ‘ਟਾਵਰਜ਼’ ਪੜ੍ਹੀ ਜਾ ਸਕਦੀ ਹੈ ਜੋ ਕਲਾਤਮਿਕ ਸੁਹਜ ਦਾ ਸਿਖਰ ਹੈ।
ਡਾ. ਸਰਬਜੀਤ ਸਿੰਘ: ਜਰਨੈਲ ਸਿੰਘ ਕਥਾ ਨੂੰ ਅਜਿਹੀ ਵਿਧੀ ’ਚ ਉਸਾਰਦਾ ਹੈ ਕਿ ਇਕੋ ਸਮੇਂ ਭੂਤ–ਵਰਤਮਾਨ–ਭਵਿਖ ਆਪਸ ’ਚ ਬੱਝਿਆ ਹੋਇਆ ਤੁਰਦਾ ਹੈ… ਦ੍ਰਿਸ਼ਟੀਕੋਣ ਪੱਖੋਂ ਅਵਚੇਤਨੀ ਤੌਰ ’ਤੇ ਉਹ ਮਾਨਵੀ ਹੋਂਦ, ਸੁਹਿਰਦਤਾ, ਸੰਵੇਦਨਸ਼ੀਲਤਾ ਉੱਪਰ ਪਹਿਰਾ ਦੇਣ ਵਾਲ਼ਾ ਅਜਿਹਾ ਕਥਾਕਾਰ ਹੈ ਜਿਸ ਨੇ ਪੰਜਾਬੀ ਕਥਾ ਨੂੰ ਸਥਗਿਤ ਕਥਾ–ਸੰਰਚਨਾ ਤੋਂ ਮੁਕਤ ਕੀਤਾ ਹੈ।
ਡਾ. ਸੁਖਪਾਲ ਸਿੰਘ ਥਿੰਦ: ਜਰਨੈਲ ਸਿੰਘ ਦੀ ਕਲਾਤਮਿਕਤਾ ਇਸ ਗੱਲ ਵਿਚ ਹੈ ਕਿ ਉਹ ਭਾਰੂ ਵਿਚਾਰਧਾਰਾ ਦੇ ਉਲਟ ਮਨੁੱਖਵਾਦੀ ਪੈਂਤੜੇ ਤੋਂ ਮਿੱਥਕ ਟਾਵਰਾਂ ਦੇ ਅੰਦਰਲੇ ਖੋਖਲੇਪਣ ਨੂੰ ਚਿੱਤਰ ਕੇ ਅਸਲ ਟਾਵਰੀ ਚਿਹਨਾਂ ਦੀ ਪਹਿਚਾਣ ਕਰਵਾ ਦਿੰਦਾ ਹੈ।
ਡਾ. ਲਾਭ ਸਿੰਘ ਖੀਵਾ: ਬਦੇਸ਼ੀ ਬਾਹਰਲੇ ਥੀਮ, ਬਿਰਤਾਂਤਕ–ਇਕਾਈਆਂ, ਪਾਤਰ ਚਿਤਰਣ ਆਦਿ ਨਾਲ਼ ਪੰਜਾਬੀ ਪਾਠਕਾਂ ਦਾ ਵਾਹ, ਅਨੁਵਾਦਿਤ ਸੋਵੀਅਤ ਸਾਹਿਤ ਰਾਹੀਂ ਪਹਿਲਾਂ ਹੀ ਪੈ ਚੁੱਕਾ ਹੈ। ਪਰ ‘ਟਾਵਰਜ਼’ ਅਤੇ ‘ਬਰਫ ਤੇ ਦਰਿਆ’ ਕਹਾਣੀਆਂ ਰਾਹੀਂ ਇਹ ਸਭ ਕੁਝ ਮੌਲਿਕ ਸਾਹਿਤ ਵਿਚ ਪ੍ਰਾਪਤ ਹੈ। ਇਹ ਕਿਸੇ ਭਾਸ਼ਾ ਦੇ ਮੌਲਿਕ ਸਾਹਿਤ ਦੀ ਸਮੱਰਥਾ ਦਾ ਸਬੂਤ ਹੈ।
ਜਸਵੀਰ ਸਮਰ: ਜਰਨੈਲ ਸਿੰਘ ਨੇ ਅਡੋਲ ਅਤੇ ਨਾਲ਼ ਹੀ ਡੋਲੇ ਹੋਏ ਪਾਤਰਾਂ ਲਈ ਜਿਹੜੀ ਭਾਸ਼ਾ ਵਰਤੀ ਹੈ ਅਤੇ ਜੋ ਭਾਸ਼ਾ ਮੁਹਾਵਰਾ ਘੜਿਆ ਹੈ, ਉਹ ਮਿਸਾਲੀ ਹੈ। ਸ਼ਬਦਾਂ ਅਤੇ ਵਾਕਾਂ ਦੀ ਮਿਰਦੰਗ ਲਗਾਤਾਰ ਵੱਜਦੀ ਸੁਣਦੀ ਹੈ।
ਡਾ. ਕਰਮਜੀਤ ਸਿੰਘ: ਕਿਹਾ ਜਾ ਸਕਦਾ ਹੈ ਕਿ ‘ਟਾਵਰਜ਼’ ਕਹਾਣੀ ਸੰਗ੍ਰਹਿ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਕਹਾਣੀ ਨਾਲ਼ ਵਰ ਮੇਚ ਰਹੀ ਹੈ, ਮਾਨਵੀ ਚਿੰਤਾਵਾਂ ਕਰਕੇ ਵੀ, ਮਾਨਵੀ ਦ੍ਰਿਸ਼ਟੀ ਕਰਕੇ ਵੀ ਅਤੇ ਕਹਾਣੀ ਦੀ ਸ਼ਿਲਪ ਕਰਕੇ ਵੀ। ਹੁਣ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਗਲੀਆਂ ਕਹਾਣੀਆਂ ਵਿਚ ਜਰਨੈਲ ਸਿੰਘ ਪੰਜਾਬੀ ਕਹਾਣੀ ਦੇ ਹੁਣ ਵਾਲ਼ੇ ਦਿਸਹੱਦਿਆਂ ਤੋਂ ਵੀ ਪਾਰ ਜਾਵੇਗਾ।
2005 ਦੋ ਕਾਰਨਾਂ ਕਰਕੇ ਸਾਡੇ ਪਰਿਵਾਰ ਲਈ ਸੁਭਾਗਾ ਵਰ੍ਹਾ ਸੀ। ਸਾਲ ਦੇ ਆਰੰਭ ਵਿਚ ਕਥਾ ਸੰਗ੍ਰਹਿ ‘ਟਾਵਰਜ਼’ ਛਪਿਆ ਅਤੇ 30 ਜੁਲਾਈ 2005 ਨੂੰ ਬੇਟੇ ਅਮਰਪ੍ਰੀਤ ਦਾ ਵਿਆਹ ਹੋਇਆ। ਉਸਦੀ ਜੀਵਨ–ਸਾਥਣ ਕਿਰਨਜੀਤ ਕੌਰ, ਕਨੇਡਾ ਦੇ ਸ਼ਹਿਰ ਕੈਂਬਰਿਜ ਵਾਸੀ ਗੁਰਚੇਤਨ ਸਿੰਘ ਖਹਿਰਾ ਦੀ ਬੇਟੀ ਹੈ। ਉਹ ਬੈਂਕ ’ਚ ਜੌਬ ਕਰਦੀ ਹੈ। ਉਦੋਂ ਅਮਰਪ੍ਰੀਤ ਦੀ ਜੌਬ ਕਨੇਡਾ ਦੀ ਨਾਮਵਰ ਟੈਲੀਫੋਨ ਕੰਪਨੀ ‘ਬੈੱਲ’ ’ਚ ਸੀ। ਖਹਿਰਾ ਪਰਿਵਾਰ ਦੇ ਕਾਫੀ ਰਿਸ਼ਤੇਦਾਰ ਇੰਗਲੈਂਡ, ਅਮਰੀਕਾ ਤੇ ਕਨੇਡਾ ’ਚ ਵਸਦੇ ਹਨ। ਸਾਡੇ ਵੀ ਕਾਫੀ ਰਿਸ਼ਤੇਦਾਰ ਤਿੰਨਾਂ ਦੇਸ਼ਾਂ ’ਚ ਹਨ। ਦੋਨਾਂ ਧਿਰਾਂ ਦੇ ਰਿਸ਼ਤੇਦਾਰ ਵਿਆਹ ’ਚ ਸ਼ਾਮਲ਼ ਹੋਣ ਦੇ ਚਾਹਵਾਨ ਸਨ। ਦੋਸਤਾਂ–ਮਿੱਤਰਾਂ ਦੀ ਗਿਣਤੀ ਵੀ ਕਾਫੀ ਸੀ। ਅਸੀਂ ਦੋਨਾਂ ਪਰਿਵਾਰਾਂ ਨੇ ਸਲਾਹ ਕਰਕੇ ਵੱਡਾ ਬੈਂਕੁਇਟ ਹਾਲ ਬੁੱਕ ਕਰ ਲਿਆ। ਸਵੇਰੇ ਗੁਰਦਵਾਰਾ ਸਾਹਿਬ ’ਚ ਅਨੰਦ ਕਾਰਜ ਸੰਪੰਨ ਹੋਇਆ ਤੇ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਦੀਆਂ ਰੌਣਕਾਂ। ਬੈਂਕੁਇਟ ਹਾਲ ਦੇ ਇਕ ਕੋਨੇ ਵਿਚ ਬੀਅਰਾਂ, ਵਿਸਕੀਆਂ ਤੇ ਕੋਲਡ ਡਰਿੰਕਾਂ ਵਾਸਤੇ ਬਾਰ ਲਾਈ ਗਈ। ਚਾਹ, ਕੌਫੀ, ਸਨੈਕਸ ਅਤੇ ਡਿਨਰ ਵਾਸਤੇ ਵੰਨ–ਸੁਵੰਨੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ। ਡੀ. ਜੇ ਦੇ ਸੰਗੀਤ ’ਤੇ ਅੱਧੀ ਰਾਤ ਤੱਕ ਭੰਗੜਾ ਪੈਂਦਾ ਰਿਹਾ। ਖੂਬ ਰੌਣਕਾਂ ਹੋਈਆਂ। ਪਾਰਟੀ ਦਾ ਅੱਧਾ ਖਰਚ ਲੜਕੀ ਵਾਲ਼ਿਆਂ ਅਤੇ ਅੱਧਾ ਅਸੀਂ ਕੀਤਾ।
ਗੁਰਚੇਤਨ ਸਿੰਘ ਦਾ ਪਰਿਵਾਰ ਇੰਗਲੈਂਡ ਤੋਂ ਆਇਆ ਹੋਇਆ ਏ। ਕਿਰਨਜੀਤ ਦੇ ਸਾਡੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ਼ ਵਿਹਾਰ ਨੂੰ ਵੇਖ ਕੇ ਲਗਦਾ ਹੀ ਨਹੀਂ ਕਿ ਬੇਟੀ ਇੰਗਲੈਂਡ ਦੀ ਜੰਮਪਲ਼ ਹੈ। ਪੰਜਾਬੀ ਸਾਡੇ ਵਾਂਗ ਹੀ ਬੋਲਦੀ ਹੈ।
2005 ਵਿਚ ‘ਕੋਰ ਆਫ ਕਮਿਸ਼ਨੇਅਰਜ਼’ ਦਾ ਏਅਰਪੋਰਟ ਦੇ ਟਰਮੀਨਲਾਂ ਵਿਚਲੀਆਂ ਪੋਸਟਾਂ ਦਾ ਕਾਂਟਰੈਕਟ ਖਤਮ ਹੋ ਗਿਆ। ਕਾਂਟਰੈਕਟ ਰੀਨਿਊ ਕਰਨ ਸਮੇਂ ਏਅਰਪੋਰਟ ਦੀ ਮੈਨੇਜਮੈਂਟ ਰੇਟ ਘਟਾਉਣੇ ਚਾਹੁੰਦੀ ਸੀ। ਕੋਰ ਨੂੰ ਉਹ ਰੇਟ ਪ੍ਰਵਾਨ ਨਹੀਂ ਸਨ। ਏ. ਐਸ. ਪੀ (A. S. P) ਨਾਂ ਦੀ ਨਵੀਂ ਕੰਪਨੀ ਨੇ ਘਟ ਰੇਟਾਂ ’ਤੇ ਕਾਂਟਰੈਕਟ ਲੈ ਲਿਆ। ਕੋਰ ਨੇ ਮੈਨੂੰ ‘ਡਾਊਨ ਟਾਊਨ’ ਸਥਿਤ ਕੋਰਟਾਂ ਵਿਚ ਇਕ ਵਿਸ਼ੇਸ਼ ਪੋਸਟ ਲੈਣ ਲਈ ਕਿਹਾ। ਤਨਖਾਹ ਤਾਂ ਚੰਗੀ ਸੀ ਪਰ ਪੋਸਟ ’ਤੇ ਜਾਣ–ਆਉਣ ਲਈ ਕਾਰ ਦਾ ਸਫਰ ਸੂਤ ਨਹੀਂ ਸੀ ਬੈਠਦਾ। ਰੇਲ ਅਤੇ ਸਟਰੀਟ ਕਾਰ ’ਤੇ ਕਰਾਇਆ ਕਾਫੀ ਲੱਗਣਾ ਸੀ। ਏ. ਐੱਸ. ਪੀ ਕੰਪਨੀ ਵਾਲ਼ੇ ਮੈਨੂੰ ਤੇ ਕੁਝ ਹੋਰ ਕਮਿਸ਼ਨੇਅਰਾਂ ਨੂੰ ਕਹਿ ਰਹੇ ਸਨ ਕਿ ਸਾਡੀ ਕੰਪਨੀ ਵਿਚ ਆ ਜਾਓ। ਸੋ ਮੈਂ ਇਹ ਕੰਪਨੀ ਜੁਆਇਨ ਕਰ ਲਈ। ਸਾਲ ਕੁ ਬਾਅਦ ਮੇਰੀ ਸੁਣਨ–ਸ਼ਕਤੀ ਘਟ ਗਈ। ਇਕ ਕੰਨ ਵਿਚ ਮਸ਼ੀਨ (Hearing Aid) ਲਾਉਣੀ ਪੈ ਗਈ। ਪੈਟਰੋਲਿੰਗ ਦੌਰਾਨ ਵਾਕੀ–ਟਾਕੀ ਰੇਡੀਓ ’ਤੇ ਮੈਸੇਜ ਸੁਣ ਤਾਂ ਲੈਂਦਾ ਸਾਂ ਪਰ ਸਪੱਸ਼ਟਤਾ ਘਟ ਗਈ ਸੀ। ਮੈਂ ਕੰਪਨੀ ਦੇ ਅਪਰੇਸ਼ਨਜ਼ ਮੈਨੇਜਰ ਨਾਲ਼ ਗੱਲ ਕੀਤੀ। ਉਸਨੇ ਮੈਨੂੰ ਏਅਰਪੋਰਟ ਦੇ ਬਾਹਰਵਾਰ ਇਕ ਟ੍ਰੈਫਿਕ-ਗੇਟ ’ਤੇ ਲਾ ਦਿੱਤਾ। ਏਅਰਪੋਰਟ ਦੇ ਚਾਰ–ਚੁਫੇਰੇ ਕਈ ਟ੍ਰੈਫਿਕ-ਗੇਟ ਹਨ, ਜਿੰਨਾਂ ਰਾਹੀਂ ਏਅਰਲਾਈਨਾਂ ਦੇ ਟੈਕਨੀਕਲ ਸਟਾਫ ਦੀਆਂ ਗੱਡੀਆਂ, ਜਹਾਜ਼ਾਂ ’ਤੇ ਭੋਜਨ ਲੋਡ ਕਰਨ ਵਾਲ਼ੇ ਟਰੱਕਾਂ, ਘਾਹ ਕੱਟਣ ਅਤੇ ਰਨਵੇਆਂ–ਟੈਕਸੀਵੇਆਂ ਤੋਂ ਬਰਫ ਹਟਾਉਣ ਵਾਲ਼ੀਆਂ ਮਸ਼ੀਨਾਂ ਤੇ ਹੋਰ ਅਨੇਕ ਵਾਹਨਾਂ ਏਅਰਪੋਰਟ ਅੰਦਰ ਜਾਂਦੀਆਂ–ਆਉਂਦੀਆਂ ਰਹਿੰਦੀਆਂ ਹਨ। ਹਰ ਗੇਟ ’ਤੇ ਸਕਿਉਰਟੀ ਕਰਮਚਾਰੀ ਲਈ ਬੂਥ ਬਣੀ ਹੋਈ ਹੈ ਜਿਸ ਵਿਚ ਵਾਸ਼ਰੂਮ, ਸਰਦੀਆਂ ’ਚ ਹੀਟਰ, ਗਰਮੀਆਂ ’ਚ ਪੱਖਾ, ਟੈਲੀਫੋਨ, ਮਾਈਕਰੋਵੇਵ, ਰੇਡੀਓ ਵਗੈਰਾ ਦੀਆਂ ਸਹੂਲਤਾਂ ਸਨ। ਸਕਿਉਰਟੀ ਕਰਮਚਾਰੀ, ਵਾਹਨਾਂ ਦੇ ਸੱਟਿਕਰ, ਅਤੇ ਵਾਹਨਾਂ ਵਿਚ ਸਵਾਰ ਕਰਮਚਾਰੀਆਂ ਦੇ ਪਾਸ ਚੈੱਕ ਕਰਕੇ ਹੀ ਬੈਰੀਅਰ ਖੋਲ੍ਹਦੇ ਸਨ।
ਸਾਡੇ ਦੋਨਾਂ ਪੁੱਤਾਂ–ਨੂੰਹਾਂ ਦੀ ਇੱਕੋ ਘਰ ਵਿਚ ਠੀਕ ਨਿਭ ਰਹੀ ਸੀ। ਘਰ ਖੱਲ੍ਹਾ ਸੀ, ਪੰਜ ਬੈੱਡਰੂਮ ਸਨ। ਪਰ ਮੈਂ ਤੇ ਕੁਲਵੰਤ ਇਹ ਵੀ ਜਾਣਦੇ ਸਾਂ ਕਿ ਲੰਮਾ ਸਮਾਂ ਇਕੱਠੇ ਰਹਿਣ ਨਾਲ਼ ਉਨ੍ਹਾਂ ਦਾ ਆਪਸੀ ਪਿਆਰ ਫਿੱਕਾ ਪੈ ਸਕਦਾ ਸੀ। 2009 ਵਿਚ ਅਸੀਂ ਉਹ ਘਰ ਵੇਚ ਦਿੱਤਾ। ਹਰਪ੍ਰੀਤ ਤੇ ਰਿਕਬਾਲ ਨੇ ਬਰੈਂਪਟਨ ’ਚ ਖਰੀਦ ਲਿਆ, ਅਮਰਪ੍ਰੀਤ ਤੇ ਕਿਰਨ ਨੇ ਜਾਰਜਟਾਊਨ ’ਚ। ਇਹ ਘਰ ਉਨ੍ਹਾਂ ਦੀਆਂ ਜੌਬਾਂ ਤੋਂ ਲਾਗੇ ਪੈਂਦੇ ਸਨ। ਮੈਂ ਤੇ ਕੁਲਵੰਤ ਪਹਿਲਾਂ ਹਰਪ੍ਰੀਤ ਨਾਲ਼ ਰਹੇ ਤੇ ਹੁਣ ਅਮਰਪ੍ਰੀਤ ਨਾਲ਼ ਹਾਂ। ਕਦੀ–ਕਦੀ ਹਰਪ੍ਰੀਤ ਵੱਲ ਵੀ ਗੇੜਾ ਲਗਦਾ ਰਹਿੰਦਾ ਹੈ।
ਰਿਟਾਇਰਮੈਂਟ
ਕਨੇਡਾ ਵਿਚ ਰਿਟਾਇਰਮੈਂਟ ਉਮਰ 65 ਸਾਲ ਹੈ। ਮੈਂ 2009 ਵਿਚ 65 ਸਾਲਾਂ ਦਾ ਹੋ ਗਿਆ ਸਾਂ। ਪਰ ਆਪਣੇ ਆਪ ਨੂੰ ਬੁੱਢਾ ਨਹੀਂ ਸੀ ਸਮਝਦਾ। ਕੰਪਨੀ ਦਾ ਅਪਰੇਸ਼ਨਜ਼ ਮੈਨੇਜਰ ਕਹਿਣ ਲੱਗਾ ਕਿ ਤੇਰਾ ਕੰਮ ਵਧੀਆ ਹੈ ਤੇ ਸਿਹਤ ਵੀ ਠੀਕ ਹੈ, ਜੌਬ ਕਰੀ ਜਾ। ਪਰ ਪਤਨੀ ਤੇ ਬੱਚੇ ਕਹਿਣ ਲੱਗੇ ਕਿ ਬਥੇਰੀ ਕਰ ਲਈ ਹੈ (15 ਸਾਲ ਏਅਰਫੋਰਸ ’ਚ, 11 ਸਾਲ ਬੈਂਕ ਤੇ 20 ਸਾਲ ਕਨੇਡਾ ’ਚ) ਰਿਟਾਇਰਮੈਂਟ ਲੈ ਲਓ। ਮੈਂ ਵੀ ਏਹੀ ਠੀਕ ਸਮਝਿਆ। ਮੈਂ ਦਿਨ ਦੀ ਸ਼ਿਫਟ ਕਰਦਾ ਸੀ ਅਤੇ 71 ਸਾਲ ਦਾ ਗੋਰਾ ਜੋਅ ਵਾਲਸ ਰਾਤ ਦੀ। ਉਹ ਦੋ ਪੈਨਸ਼ਨਾਂ ਲੈਂਦਾ ਸੀ, ਇਕ ਪਹਿਲੀ ਨੌਕਰੀ ਦੀ ਤੇ ਦੂਜੀ ਬੁਢਾਪੇ ਦੀ। ਸੀ ’ਕੱਲਾ–ਕਾਰਾ। ਜੌਬ ਕਰਨ ਦਾ ਕਾਰਨ ਉਹ ਇਹ ਦੱਸਦਾ ਸੀ ਕਿ ਘਰ ਵਿਚ ਇਕੱਲੇ ਦਾ ਟਾਈਮ ਪਾਸ ਨਹੀਂ ਹੁੰਦਾ ਤੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਉਸਨੇ ਮੈਨੂੰ ਪੱਛਿਆ ਕਿ ਰਿਟਾਇਰ ਹੋ ਕੇ ਟਾਈਮ ਕਿੱਦਾਂ ਪਾਸ ਕਰੇਂਗਾ। ਮੈਂ ਆਖਿਆ ਕਿ ਮੇਰੇ ਕੋਲ਼ ਇਕ ਹੋਰ ਜੌਬ ਹੈਗੀ ਏ। ਕਹਿੰਦਾ ਕਿਹੜੀ? ਮੈਂ ਦੱਸਿਆ ਕਿ ਸਾਹਿਤ ਲਿਖਣ–ਪੜ੍ਹਨ ਦਾ ਕਾਰਜ ਮੇਰੇ ਲਈ ਕੰਮ ਵਾਂਗ ਹੈ, ਨਿੱਠ ਕੇ ਕਰਨ ਵਾਲ਼ਾ ਕੰਮ।
ਪਤਨੀ ਤੇ ਬੱਚਿਆਂ ਨੇ ਗੁਪਤ ਤੌਰ ’ਤੇ ਰਿਟਾਇਰਮੈਂਟ ਪਾਰਟੀ ਲਈ ਬੈਂਕੁਇਟ ਹਾਲ ਬੁੱਕ ਕਰ ਲਿਆ। ਸਰਪਰਾਈਜ਼ ਦੇਣ ਦੇ ਮਕਸਦ ਨਾਲ਼ ਮੈਥੋਂ ਲੁਕੋਅ ਰੱਖਿਆ। ਰਿਸ਼ਤੇਦਾਰਾਂ ਦੇ ਫੋਨ ਨੰਬਰ ਤਾਂ ਇਨ੍ਹਾਂ ਕੋਲ਼ ਹੈਗੇ ਹੀ ਸਨ। ਲੇਖਕ ਸਾਥੀਆਂ ਦੇ ਮੇਰੀ ਡਾਇਰੀ ਵਿੱਚੋਂ ਲੱਭ ਲਏ। ਏ. ਐੱਸ. ਪੀ ਕੰਪਨੀ ਤੇ ‘ਕਮਿਸ਼ਨੇਅਰਜ਼’ ਦੇ ਨਜ਼ਦੀਕੀ ਸਾਥੀਆਂ–ਜਿਨ੍ਹਾਂ ਵਿਚ ਕੁਝ ਗੋਰੇ ਵੀ ਸਨ–ਦੇ ਫੋਨ ਨੰਬਰ ਮੇਰੀ ਜੌਬ ਵਾਲ਼ੀ ਨੋਟ- ਬੁੱਕ ’ਚ ਸਨ। ਉਹ ਇਨ੍ਹਾਂ ਨੂੰ ਲੱਭੀ ਨਾ। ਸਰਪਰਾਈਜ਼ ਰੱਖਣ ਲਈ ਮੈਥੋਂ ਪੁੱਛ ਨਾ ਸਕੇ। ਪਾਰਟੀ ਬਾਰੇ ਮੈਨੂੰ ਕਹਿੰਦੇ ਰਹੇ ਕਿ ਕਿਰਨ ਦੇ ਭਰਾ ਦੀ ਜਨਮ ਦਿਨ ਪਾਰਟੀ ਹੈ। ਕਨੇਡਾ ਫੇਰੀ ’ਤੇ ਆਇਆ ਡਾ. ਗੁਰਪਾਲ ਸਿੰਘ ਸੰਧੂ ਉਨ੍ਹੀਂ ਦਿਨੀਂ ਮੇਰੇ ਕੋਲ਼ ਸੀ। ਮੈਂ ਉਸਨੂੰ ਵੀ ਨਾਲ਼ ਲੈ ਗਿਆ। ਹਾਲ ਦੇ ਦਰਵਾਜ਼ੇ ’ਤੇ ਪਹੁੰਚ ਕੇ ਅਸਲੀ ਕਹਾਣੀ ਦਾ ਪਤਾ ਲੱਗਾ।
ਜੌਬ ਦੇ ਸਮੇਂ ਦੌਰਾਨ, ਇੰਡੀਆ ਦਾ ਗੇੜਾ ਚਾਰ ਕੁ ਸਾਲ ਬਾਅਦ ਹੀ ਲਗਦਾ ਸੀ। ਹੁਣ ਅਸੀਂ (ਮੈਂ ਤੇ ਕੁਲਵੰਤ) ਹਰੇਕ ਸਾਲ ਜਾਂਦੇ ਹਾਂ। ਓਥੇ ਸਾਡੀ ਰਿਹਾਇਸ਼ ਭਰਾਵਾਂ ਸੰਗ ਹੁੰਦੀ ਹੈ। ਦੋਵੇਂ ਭਰਾ ਇੱਕੋ ਘਰ ਵਿਚ ਰਹਿੰਦੇ ਹਨ। ਖੇਤੀ ਸਾਂਝੀ, ਰੋਟੀ ਆਪੋ ਆਪਣੀ।
ਬਾਪੂ ਜੀ ਤੇ ਬੀਬੀ ਤੋਂ ਮਿਲ਼ੀ ਸਿੱਖਿਆ ਦੇ ਅਸਰ ਹੇਠ, ਸਾਡਾ ਤਿੰਨਾਂ ਭਰਾਵਾਂ ਤੇ ਦੋਨਾਂ ਭੈਣਾਂ ਦਾ ਆਪਸੀ ਮੋਹ-ਪਿਆਰ ਪਹਿਲਾਂ ਵਾਂਗ ਹੀ ਬਰਕਰਾਰ ਹੈ। ਕਦੀ-ਕਦੀ ਗੁੱਸੇ-ਗਿਲੇ ਵੀ ਹੋ ਜਾਂਦੇ ਹਨ। ਪਰ ਅਸੀਂ ਦਿਲਾਂ ’ਚ ਨਹੀਂ ਰੱਖਦੇ, ਕੱਢ ਲੈਂਦੇ ਹਾਂ।
ਸਾਡੇ ਵਾਂਗ ਹੀ ਸਾਡੇ ਪੁੱਤਾਂ-ਧੀਆਂ ਤੇ ਅਗਾਂਹ ਉਨ੍ਹਾਂ ਦੇ ਨਿਆਣਿਆਂ ਵਿਚ ਵੀ ਮੋਹ-ਪਿਆਰ ਬਣਿਆ ਹੋਇਆ ਹੈ। ਭਰਾਵਾਂ ਤੇ ਭੈਣਾਂ ਦੇ ਅੱਧੇ ਕੁ ਬੱਚੇ ਇੰਡੀਆ ’ਚ ਅਤੇ ਅੱਧੇ ਕੁ ਕਨੇਡਾ ’ਚ ਹਨ। ਮੇਰੇ ਦੋਨਾਂ ਭਰਾਵਾਂ ਦੇ ਬੇਟੇ ਮਨਜੀਤ ਸਿੰਘ ਤੇ ਗੁਰਦੇਵ ਸਿੰਘ ਵੈਨਕੂਵਰ ਵਸਦੇ ਹਨ। ਉਨ੍ਹਾਂ ਨਾਲ਼ ਮੇਲ-ਮਿਲਾਪ ਦੇ ਮੌਕੇ ਬਣਦੇ ਰਹਿੰਦੇ ਹਨ। ਦੋਨਾਂ ਭੈਣਾਂ ਦੇ ਬੇਟੇ ਜਸਪਾਲ ਸਿੰਘ ਤੇ ਤਜਿੰਦਰ ਸਿੰਘ, ਭੈਣ ਗੁਰਦੀਸ਼ ਕੌਰ ਦੀਆਂ ਬੇਟੀਆਂ ਜਸਵਿੰਦਰ ਕੌਰ, ਰਾਜਵਿੰਦਰ ਕੌਰ ਅਤੇ ਇੰਡੀਆ ਰਹਿੰਦੇ ਭਾਣਜੇ ਇਕਬਾਲ ਦੀ ਬੇਟੀ ਜੋਤੀ ਏਥੇ ਟਰਾਂਟੋ ’ਚ ਹਨ। ਸਵਰਗੀ ਜੀਜਾ ਜੀ ਫੂਲਾ ਸਿੰਘ ਦੇ ਦੋਸਤ ਚੈਂਚਲ ਸਿੰਘ ਢਿੱਲੋਂ ਦਾ ਬੇਟਾ ਸੁਖਦੇਵ ਸਿੰਘ ਵੀ ਮੇਰੇ ਲਈ ਸਕੇ ਭਾਣਜਿਆਂ ਵਾਂਗ ਹੈ। ਸੱਤਾਂ ਪਰਵਿਾਰਾਂ ਦੇ ਵੱਡੇ-ਛੋਟੇ ਸਾਰੇ ਜੀਅ ਮੋਹ-ਪਿਆਰ ਦੀਆਂ ਤੰਦਾਂ ਰਾਹੀਂ ਆਪਸ ਵਿਚ ਜੁੜੇ ਹੋਏ ਹਨ। ਸਾਰੇ ਇਕ-ਦੂਜੇ ਦੇ ਕੰਮ ਆਉਂਦੇ ਹਨ। ਸਾਡੇ ਕੁਝ ਪਰਿਵਾਰਾਂ ਨੇ ਤਿੰਨ-ਤਿੰਨ ਵਾਰ ਘਰ ਬਦਲੀ ਕੀਤੇ ਹਨ। ਇਹ ਕੰਮ ਬਹੁਤ ਕਠਿਨ ਹੁੰਦਾ ਹੈ। ਪਰ ਆਪਣਿਆਂ ਦੀ ਮੱਦਦ ਨਾਲ਼ ਸੁਖਾਲ਼ਾ ਹੋ ਜਾਂਦਾ ਹੈ। ਦੁੱਖਾਂ-ਔਕੜਾਂ ਸਮੇਂ ਇਕ-ਦੂਜੇ ਦੇ ਨਾਲ਼ ਖੜ੍ਹਦੇ ਹਾਂ। ਸੁਭਾਗੇ ਮੌਕਿਆਂ ’ਤੇ ਰਲ਼ਮਿਲ਼ ਕੇ ਮਨਾਈਆਂ ਖੁਸ਼ੀਆਂ ਦੂਣ-ਸਵਾਈਆਂ ਹੋ ਜਾਂਦੀਆਂ ਹਨ।
ਅਸੀਂ ਹਰ ਤੀਜੇ-ਚੌਥੇ ਮਹੀਨੇ ਕਿਸੇ ਇਕ ਪਰਵਿਾਰ ਦੇ ਘਰ ਮਿਲ਼ ਬੈਠਣ ਦਾ ਪ੍ਰੌਗਰਾਮ ਬਣਾ ਲੈਂਦੇ ਹਾਂ। ਵੀਕ ਐਂਡਾਂ ਦੇ ਇਹ ਪ੍ਰੋਗਰਾਮ ਸ਼ਾਮ ਤੋਂ ਸ਼ੁਰੂ ਹੋ ਕੇ ਅੱਧੀ-ਅੱਧੀ ਰਾਤ ਤੱਕ ਚਲਦੇ ਹਨ। ਗੱਲਾਂ-ਬਾਤਾਂ ਦੇ ਨਾਲ਼-ਨਾਲ਼ ਖਾਣ-ਪੀਣ ਵੀ ਚਲਦਾ ਰਹਿੰਦਾ ਹੈ। ਹਾਸਾ-ਮਜ਼ਾਕ ਵੀ ਕਰ ਲੈਂਦੇ ਹਾਂ।
ਮੇਪਲ ਦੇ ਰੰਗ
(ਕਨੇਡੀਨ ਪੰਜਾਬੀ ਕਹਾਣੀ)
‘ਟਾਵਰਜ਼’ ਕਥਾ ਸੰਗ੍ਰਹਿ ਤੋਂ ਬਾਅਦ ਮੈਂ ਦੋ ਕਹਾਣੀਆਂ ਲਿਖ ਲਈਆਂ ਸਨ। ਤੀਜੀ ਸ਼ੁਰੂ ਕਰਨ ਲਈ ਸੋਚ ਰਿਹਾਂ ਸਾਂ ਕਿ ਸਾਡੇ ਏਥੋਂ ਦੇ ਕਹਾਣੀਕਾਰਾਂ ਦੀ, ਕਨੇਡੀਅਨ ਪੰਜਾਬੀ ਕਹਾਣੀ ਨੂੰ ਕਿਤਾਬੀ ਰੂਪ ਦੇਣ ਦੀ ਸਲਾਹ ਬਣ ਗਈ। ਸਲਾਹ ਵਜ਼ਨਦਾਰ ਸੀ। ਏਥੋਂ ਦੀ ਕਹਾਣੀ ਦੇ ਵਿਕਾਸ ਤੇ ਮਿਆਰ ਨੂੰ ਦੇਖਦਿਆਂ ਇਸਨੂੰ ਕਿਤਾਬੀ ਰੂਪ ਦੇਣਾ ਬਣਦਾ ਸੀ। ਸਾਥੀਆਂ ਨੇ ਜ਼ਿੰਮਵਾਰੀ ਮੇਰੇ ’ਤੇ ਪਾ ਦਿੱਤੀ। ਆਪਣੀ ਰਚਨਾਕਾਰੀ ਠੱਪ ਕਰਕੇ ਮੈਂ ਇਸ ਕਾਰਜ ਵਿਚ ਜੁੱਟ ਗਿਆ।
ਕਨੇਡਾ ਵਿਚ ਪੰਜਾਬੀ ਸਾਹਿਤ ਦੀ ਰਚਨਾ ਭਾਵੇਂ ਕੈਲਗਰੀ, ਐਡਮੰਟਨ ਤੇ ਓਟਵਾ ਵਿਚ ਵੀ ਹੋ ਰਹੀ ਹੈ ਪਰ ਇਸਦੇ ਮੁੱਖ ਕੇਂਦਰ ਟਰਾਂਟੋ ਤੇ ਵੈਨਕੂਵਰ ਹਨ। ਵੈਸੇ ਤਾਂ ਹਰ ਸਾਹਿਤਕ ਰਚਨਾ ਲੇਖਕ ਦੀ ਆਪਣੀ ਘਾਲਣਾ ਹੁੰਦੀ ਹੈ ਪਰ ਜੇ ਢੱਕਵਾਂ ਸਾਹਿਤਕ ਮਾਹੌਲ ਹੋਵੇ ਤਾਂ ਲਿਖਣ ਲਈ ਪ੍ਰੇਰਨਾ ਬਣੀ ਰਹਿੰਦੀ ਹੈ। ਗਰੇਟਰ ਟਰਾਂਟੋ ਦੇ ਲੇਖਕਾਂ ਲਈ ਇਹ ਮਾਹੌਲ ‘ਕਲਮਾਂ ਦਾ ਕਾਫਲਾ’ ਤੇ ਇਸਦੀ ਸ਼ਾਖਾ ‘ਕਹਾਣੀ ਮੰਚ ਟਰਾਂਟੋ’ ਨੇ ਬਣਾਇਆ ਹੋਇਆ ਹੈ। ਨਵ-ਪ੍ਰਕਾਸ਼ਿਤ ਪੁਸਤਕਾਂ ’ਤੇ ਵਿਚਾਰ ਗੋਸ਼ਟੀਆਂ ਹੁੰਦੀਆਂ ਹਨ। ਸਾਹਿਤ ਦੀਆ ਵਖ-ਵਖ ਵਿਧਾਵਾਂ ’ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਇਸੇ ਤਰਾਂ ਵੈਨਕੂਵਰ ਦੇ ਲੇਖਕਾਂ ਲਈ ਢੁੱਕਵਾਂ ਸਾਹਿਤਕ ਮਾਹੌਲ ਓਥੋਂ ਦੀ ਸਾਹਿਤ ਸਭਾ ‘ਪੰਜਾਬੀ ਲੇਖਕ ਮੰਚ’ ਨੇ ਬਣਾਇਆ।
ਇਨ੍ਹਾਂ ਦੋਨਾਂ ਕੇਂਦਰਾਂ ਦੇ ਲੇਖਕਾਂ ਵੱਲੋਂ ਕਹਾਣੀਆ, ਕਵਿਤਾਵਾਂ, ਨਾਟਕ, ਵਾਰਤਕ ਅਤੇ ਨਾਵਲ ਲਿਖੇ ਜਾ ਰਹੇ ਹਨ। ਜ਼ਿਆਦਾ ਰਚਨਾਵੀ ਕਾਰਜ ਕਹਾਣੀ ਵਿਧਾ ’ਚ ਹੋ ਰਿਹਾ ਹੈ। ਕਨੇਡੀਅਨ ਪੰਜਾਬੀ ਕਹਾਣੀ ਦੀ ਉਮਰ 44 ਕੁ ਸਾਲ ਬਣਦੀ ਹੈ। ਰਵੀ ਰਵਿੰਦਰ ਕਨੇਡਾ ਦਾ ਪਹਿਲਾ ਕਹਾਣੀਕਾਰ ਹੈ। ਉਸਦਾ ਕਥਾ ਸੰਗ੍ਰਹਿ ‘ਜਿੱਥੇ ਦੀਵਾਰਾਂ ਨਹੀਂ’ 1978 ’ਚ ਛਪਿਆ। 1980 ਵਿਚ ਅਮਰਜੀਤ ਚਾਹਲ ਨੇ ਆਪਣਾ ਕਥਾ ਸੰਗ੍ਰਹਿ ‘ਬਾਹਰੋਂ ਆਇਆ ਆਦਮੀ’ ਪੇਸ਼ ਕੀਤਾ। ਅਗਲੇ ਦੋ–ਚਾਰ ਸਾਲਾਂ ਵਿਚ ਸਾਧੂ ਬਿਨਿੰਗ, ਅਵਤਾਰ ਗਿੱਲ, ਹਰਭਜਨ ਪਵਾਰ, ਤੇਜ ਸੰਧੂ ਸਮਾਧਵੀ ਆਦਿ ਆਪੋ ਆਪਣੇ ਕਥਾ ਸੰਗ੍ਰਹਿ ਲੈ ਕੇ ਹਾਜ਼ਰ ਹੋਏ।
ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਡੇਢ ਦਰਜਨ ਦੇ ਕਰੀਬ ਕਥਾਕਾਰਾਂ ਨੇ ਕਨੇਡੀਅਨ ਪੰਜਾਬੀ ਭਈਚਾਰੇ ਦੇ ਸਮਾਚਾਰਾਂ, ਤੇ ਮਸਲਿਆਂ–ਮਸੌਦਿਆਂ ਨੂੰ ਕਹਾਣੀਆਂ ਵਿਚ ਢਾਲ਼ਿਆ। ਅਗਲੇ ਸਾਲਾਂ ਵਿਚ ਕਹਾਣੀ ਦੀ ਸਰਗਰਮੀ ਹੋਰ ਵਧੀ ਕਹਾਣੀਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਦੋਨਾਂ ਪੱਖਾਂ ਤੋਂ ਏਥੋਂ ਦੀ ਕਹਾਣੀ ਨੂੰ ਵਿਸ਼ਾਲਤਾ ਅਤੇ ਗਹਿਨਤਾ ਪ੍ਰਦਾਨ ਕੀਤੀ… 2010 ਤੱਕ ਕਨੇਡੀਅਨ ਪੰਜਾਬੀ ਕਹਾਣੀ ਨੇ ਆਪਣੀਆਂ ਵਿਸ਼ੇਗਤ, ਕਲਾਗਤ ਅਤੇ ਦ੍ਰਿਸ਼ਟੀਗਤ ਵਿਸ਼ੇਸ਼ਤਾਵਾਂ ਸਦਕਾ ਆਪਣੀ ਵੱਖਰੀ ਪਛਾਣ ਸਿਰਜ ਲਈ ਸੀ।
ਵੱਖਰੀ ਪਛਾਣ ਵਾਲ਼ੀ ਇਸ ਕਹਾਣੀ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਮੈਂ 2011 ਵਿਚ ‘ਮੇਪਲ ਦੇ ਰੰਗ’ ਪੁਸਤਕ ਸੰਪਾਦਿਤ ਕੀਤੀ। ਇਸ ਵਿਚ ਰਵਿੰਦਰ ਰਵੀ, ਜਰਨੈਲ ਸਿੰਘ ਗਰਚਾ, ਮਿੰਨੀ ਗਰੇਵਾਲ, ਇਕਬਾਲ ਅਰਪਨ, ਸਾਧੂ ਸਿੰਘ, ਬਲਬੀਰ ਕੌਰ ਸੰਘੇੜਾ, ਅਵਤਾਰ ਗਿੱਲ, ਸਾਧੂ ਬਿਨਿੰਗ, ਅਮਰਜੀਤ ਚਾਹਲ, ਅਮਨਪਾਲ ਸਾਰਾ, ਮੇਜਰ ਮਾਂਗਟ, ਕੁਲਜੀਤ ਮਾਨ, ਹਰਪ੍ਰੀਤ ਸੇਖਾ ਅਤੇ ਜਰਨੈਲ ਸਿੰਘ ਦੀਆਂ ਪ੍ਰਤਿਨਿਧ ਕਹਾਣੀਆਂ ਸ਼ਾਮਲ ਹਨ।
ਇਨ੍ਹਾਂ ਕਹਾਣੀਆਂ ਦੇ ਪਾਤਰ ਇੰਡੀਆ ਨੂੰ ਯਾਦ ਕਰ–ਕਰ ਓਦਰਦੇ ਨਹੀਂ, ਸਗੋਂ ਕਨੇਡਾ ਵਿਚ ਹੀ ਆਪਣੀਆਂ ਜੜ੍ਹਾਂ ਪੱਕੀਆਂ ਕਰਦੇ ਹਨ। ਇਨ੍ਹਾਂ ਪਾਤਰਾਂ ਵਿਚ ਪ੍ਰਸਪਰ ਟਾਕਰਵਾਂ ਵਿਰੋਧ ਵੀ ਹੈ ਪਰ ਨਾਲ਼–ਨਾਲ਼ ਅਪਣੱਤ ਅਤੇ ਮੋਹ ਵੀ। ਪਾਤਰਾਂ ਵਿਚ ਪੰਜਾਬੀਆਂ ਦੇ ਨਾਲ਼–ਨਾਲ਼ ਕਨੇਡਾ–ਅਮਰੀਕਾ ਦੇ ਗੋਰੇ ਪਾਤਰ ਵੀ ਸ਼ਾਮਲ ਹਨ। ਕੁਝ ਕਹਾਣੀਆਂ ਵਿਚ ਪੰਜਾਬੀਆਂ ਦੀਆਂ ਗੋਰਿਆਂ ਨਾਲ਼ ਪੈ ਰਹੀਆਂ ਸਾਂਝਾ–ਦੋਸਤੀਆਂ ਅਤੇ ਵਿਆਹਾਂ ਦੇ ਰਿਸ਼ਤਿਆਂ ਦਾ ਵਰਨਣ ਵੀ ਹੈ। ਨਾਰੀ ਪਾਤਰਾਂ ਵਿਅਕਤੀਗਤ ਅਤੇ ਆਰਥਿਕ ਸੁਤੰਤਰਤਾ ਦੇ ਮਾਹੌਲ ਵਿਚ ਆਪਣੀ ਆਜ਼ਾਦ ਹਸਤੀ ਪ੍ਰਤੀ ਚੇਤਨ ਨਜ਼ਰ ਆਉਦੀਆਂ ਹਨ।
ਵਿਆਹੀਆਂ ਔਰਤਾਂ ਅੰਦਰ ਆਪਣੀ ਆਜ਼ਾਦੀ ਦੀਆਂ ਉਮੰਗਾਂ–ਤਰੰਗਾਂ ਹੀ ਨਹੀਂ, ਬੱਚਿਆਂ ਪ੍ਰਤੀ ਫਿਕਰਮੰਦੀ ਵੀ ਹੈ 2011 ਤੋਂ ਬਾਅਦ ਕਨੇਡੀਅਨ ਪੰਜਾਬੀ ਕਹਾਣੀ ਦਾ ਵਿਕਾਸ ਨਿਰੰਤਰ ਜਾਰੀ ਹੈ। ਏਥੋਂ ਦੇ ਕਥਾਕਾਰ ਕਨੇਡਾ–ਅਮਰੀਕਾ ਦੇ ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਖੇਤਰਾਂ ਵਿਚ ਵਾਪਰਦੀਆਂ ਤਬਦੀਲੀਆਂ ਨੂੰ ਸ਼ਿੱਦਤ ਨਾਲ਼ ਪੇਸ਼ ਕਰ ਰਹੇ ਹਨ। ਵਿਸ਼ਵੀ ਸਰੋਕਾਰਾਂ ਨੂੰ ਗਲਪੀ ਰੂਪ ਦੇਣ ਵਾਲ਼ੀਆਂ ਮੇਰੀਆਂ ਕਹਾਣੀਆਂ ਨੇ ਪੰਜਾਬੀ ਕਹਾਣੀ ਦੇ ਕੈਨਵਸ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ।
ਨਿਰਸੰਦੇਹ, ਕਨੇਡੀਅਨ ਪੰਜਾਬੀ ਕਹਾਣੀ ਨੇ, ਸਮੁੱਚੀ ਪੰਜਾਬੀ ਕਹਾਣੀ ਦੀ ਸ਼ਾਨ ਹੋਰ ਵਧਾਈ ਹੈ।
2012 ਵਿਚ ਭਾਸ਼ਾ ਵਿਭਾਗ, ਪੰਜਾਬ ਵੱਲੋਂ 2010 ਤੇ 2011 ਦੇ ਸ਼੍ਰੋਮਣੀ ਸਾਹਿਤਕਾਰ ਐਵਾਰਡ ਐਲਾਨੇ ਗਏ। ਦੋਨਾਂ ਸਾਲਾਂ ਦੇ ਬਦੇਸ਼ੀ ਸ਼੍ਰੋਮਣੀ ਸਾਹਿਤਕਾਰ ਐਵਾਰਡ ਕਹਾਣੀ ਵਿਧਾ ਨੇ ਹਾਸਲ ਕੀਤੇ। 2010 ਦਾ ਇਨਾਮ ਇੰਗਲੈਂਡ ਦੀ ਕਹਾਣੀਕਾਰ ਵੀਨਾ ਵਰਮਾ ਦੇ ਨਾਂ ਤੇ 2011 ਦਾ ਮੇਰੇ ਨਾਂ।
ਬਾਅਦ ਵਿਚ ਪਤਾ ਲੱਗਾ ਸੀ ਕਿ ਮੇਰਾ ਨਾਂ ਡਾ. ਸੁਰਜੀਤ ਸਿੰਘ ਭੱਟੀ ਨੇ ਤਜਵੀਜ਼ ਕੀਤਾ ਸੀ। ਉਹ ਮੈਨੂੰ ਘੱਟ ਪਰ ਮੇਰੀਆਂ ਕਹਾਣੀਆਂ ਨੂੰ ਵੱਧ ਜਾਣਦਾ ਸੀ। ਬੋਰਡ ਦੇ ਕਿਸੇ ਵੀ ਮੈਂਬਰ ਨੇ ਵਿਰੋਧ ਨਹੀਂ ਸੀ ਕੀਤਾ।
ਦੋਨਾਂ ਇਨਾਮਾਂ ਨਾਲ਼ ਪਰਵਾਸੀ ਪੰਜਾਬੀ ਕਹਾਣੀ ਦਾ ਮਾਣ ਵਧਿਆ ਸੀ। ਏਥੇ ਇਹ ਦੱਸਣਾ ਬਣਦਾ ਹੈ ਕਿ 2012 ਤੋਂ ਬਾਅਦ ਦੀ ਪਰਵਾਸੀ ਕਹਾਣੀ ਦਾ ਪੱਧਰ ਹੋਰ ਵੀ ਉੱਚਾ ਹੋਇਆ ਹੈ। ਜਿਵੇਂ ਮੁੱਖ ਧਾਰਾ ਦੀ ਸਾਰੀ ਪੰਜਾਬੀ ਕਹਾਣੀ ਉੱਚੇ ਪੱਧਰ ਦੀ ਨਹੀਂ ਇਵੇਂ ਹੀ ਸਾਰੀ ਪਰਵਾਸੀ ਕਹਾਣੀ ਦਾ ਪੱਧਰ ਵੀ ਉੱਚਾ ਨਹੀਂ। ਪਰ ਕੁਝ ਪਰਵਾਸੀ ਕਹਾਣੀਆਂ ਦੇ ਆਧਾਰ ’ਤੇ ਜੇ ਇਹ ਕਹਿ ਲਿਆ ਜਾਵੇ ਕਿ ਪਰਵਾਸੀ ਕਹਾਣੀ ਮੁੱਖ ਧਾਰਾ ਦੀ ਕਹਾਣੀ ਨੂੰ ਅਗਾਂਹ ਲੈ ਕੇ ਗਈ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।
ਸਮਰੱਥ ਕਹਾਣੀਕਾਰ ਅਮਨਪਾਲ ਸਾਰਾ ਦੀ ਗੁਮਨਾਮੀ
ਅਮਨਪਾਲ ਸਾਰਾ ਨਾਲ਼ ਮੇਰਾ ਸੰਪਰਕ ਕਹਾਣੀ ‘ਜੰਗ ਬਨਾਮ ਜੰਗ’ ਰਾਹੀਂ ਬਣਿਆ ਸੀ। ੳਸਨੇ ਫੋਨ ਕਰਕੇ ਕਹਾਣੀ ਦੀ ਸਿਫਤ ਕੀਤੀ ਸੀ। ਫਿਰ ਜਦੋਂ ਉਹ ਇਕ ਸਭਿਆਚਾਰਕ ਪ੍ਰੋਗਰਾਮ ਦੇ ਸੰਬੰਧ ਵਿਚ ਟਰਾਂਟੋ ਆਇਆ ਤਾਂ ਆਪਣੇ ਪਲੇਠੇ ਕਥਾ–ਸੰਗ੍ਰਹਿ ‘ਸਰਦ ਰਿਸ਼ਤੇ’ ’ਤੇ ਗੋਸ਼ਟੀ ਕਰਾਉਣ ਦੀ ਇੱਛਾ ਪ੍ਰਗਟਾਈ। ਮੈਂ ਪਰਚਾ ਲਿਖਿਆ। ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਪ੍ਰਵਾਸੀ ਜੀਵਨ ਬਾਰੇ ਸਨ। ਉਹ ਕਹਾਣੀਆਂ ਸਨ ਤਾਂ ਇਕੱਹਿਰੀ ਪਰਤ ਦੀਆਂ ਪਰ ਉਨ੍ਹਾਂ ਵਿਚ ‘ਗੱਲ’ ਹੈਗੀ ਸੀ। ਗੋਸ਼ਟੀ ਸਫਲ ਰਹੀ। ਉਸ ਗੋਸ਼ਟੀ ਵਿਚ ਸੁਰਜਨ ਜੀਰਵੀ ਤੇ ਨਵਤੇਜ ਭਾਰਤੀ ਨਾਲ਼ ਮੁਲਾਕਾਤ ਹੋਈ। ਅਮਨਪਾਲ ਮੇਰੀਆਂ ਕਹਾਣੀਆਂ ਪੜ੍ਹਨਾ ਚਾਹੁੰਦਾ ਸੀ। ਮੈਂ ਉਸਨੂ ‘ਸਮੇਂ ਦੇ ਹਾਣੀ’ ਸੰਗ੍ਰਹਿ ਦਿੱਤਾ। ਕਹਾਣੀਆਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਫੋਨ ਕੀਤਾ ਤੇ ਆਖਿਆ ਕਿ ਉਹ ਵੀ ਲੰਮੀ ਕਹਾਣੀ ਲਿਖਣ ਦੀ ਕੋਸ਼ਿਸ਼ ਕਰੇਗਾ। ਡੇਢ ਕੁ ਸਾਲ ਬਾਅਦ ਉਸਨੇ ਆਪਣੀ ਨਵੀਂ ਕਹਾਣੀ ‘ਵੀਹਾਂ ਦਾ ਨੋਟ’ ਮੇਰੀ ਰਾਇ ਜਾਣਨ ਲਈ ਭੇਜੀ। ਪੜ੍ਹ ਕੇ ਹੈਰਾਨੀ ਭਰੀ ਖੁਸ਼ੀ ਹੋਈ। ਉਹ ‘ਸਰਦ ਰਿਸ਼ਤੇ’ ਕਥਾ ਸੰਗ੍ਰਿਹ ਦੀਆਂ ਕਹਾਣੀਆਂ ਤੋਂ ਕਾਫੀ ਅੱਗੇ ਨਿਕਲ਼ ਗਿਆ ਸੀ। ਕਹਾਣੀ ਦੀ ਸਿਫਤ ਕਰਦਿਆਂ ਮੈਂ ਉਸਨੂੰ ਵਧਾਈ ਦਿੱਤੀ। ‘ਸਿਰਜਣਾ’ ’ਚ ਛਪੀ ਇਸ ਕਹਾਣੀ ਦੀ ਖੂਬ ਚਰਚਾ ਹੋਈ। ਇਸ ਕਹਾਣੀ ਨੇ ਉਸਨੂੰ ਸਮਰੱਥ ਕਹਾਣੀਕਾਰ ਬਣਾ ਦਿੱਤਾ। ਉਤਸ਼ਾਹਿਤ ਹੋ ਕੇ ਉਹ ਰਚਨਾਕਾਰੀ ਦੇ ਕਾਰਜ ਵਿਚ ਜੁੱਟ ਗਿਆ…ਉਸਦੇ ਦੋ ਕਹਾਣੀ–ਸੰਗ੍ਰਿਹਾਂ ‘ਵੀਹਾਂ ਦਾ ਨੋਟ’ ਤੇ ‘ਡਾਇਮੰਡ ਰਿੰਗ’ ਨੂੰ ਪਾਠਕਾਂ ਤੇ ਵਿਦਵਾਨਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ… ਫਿਰ ਉਹ ਚੁੱਪ ਹੋ ਗਿਆ। ਕਈ ਮਹੀਨਿਆਂ ਬਾਅਦ ਆਈ ਉਸਦੀ ਚਿੱਠੀ ਨੇ ਮੈਨੂੰ ਉਦਾਸ ਕਰ ਦਿੱਤਾ। ਉਹ ਪਾਰਕਿਨਸਨ ਦੀ ਬਿਮਾਰੀ ਨਾਲ਼ ਪੀੜਤ ਸੀ। ਉਸਦਾ ਅਪਰੇਸ਼ਨ ਹੋਇਆ ਪਰ ਕੋਈ ਫਰਕ ਨਾ ਪਿਆ। ਬਿਮਾਰੀ ਵਧਦੀ ਗਈ ਤੇ ਉਸ ਨਾਲ਼ ਸੰਪਰਕ ਟੁੱਟ ਗਿਆ। ਮੈਂ ਕਈ ਫੋਨ ਕੀਤੇ ਪਰ ਕੋਈ ਹੁੰਗਾਰਾ ਨਾ ਮਿਲਿਆ। 2012 ਵਿਚ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਐਬਸਫੋਰਡ ਤੇ ਸਰੀ ਗਿਆ। ਆਪਣੇ ਇਕ ਲੇਖਕ ਨੂੰ ਅਮਨਪਾਲ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਉਹ ਕਿਸੇ ‘ਕੇਅਰ ਸੈਂਟਰ’ ’ਚ ਸੀ। ‘ਕੇਅਰ ਸੈਂਟਰ’ ਦੇ ਐਡਰਸ ਬਾਰੇ ਉਸਨੂੰ ਜਾਣਕਾਰੀ ਨਹੀਂ ਸੀ। ਇਕ ਹੋਰ ਲੇਖਕ ਨੂੰ ਪੁੱਛਿਆ ਉਸਨੂੰ ਵੀ ਪਤਾ ਨਹੀਂ ਸੀ। ਨਾਮੁਰਾਦ ਬਿਮਾਰੀ ਨੇ ਸਾਡੇ ਸਮਰੱਥ ਕਹਾਣੀਕਾਰ ਨੂੰ ਗੁਮਨਾਮੀ ਦੇ ਹਨ੍ਹੇਰੇ ਵਿਚ ਧਕੇਲ ਦਿੱਤਾ ਹੈ।
ਵਿਸ਼ਵੀ ਮਸਲਿਆਂ ਦਾ ਗਲਪੀਕਰਨ
‘ਟਾਵਰਜ਼’ ਅਤੇ ‘ਬਰਫ ਤੇ ਦਰਿਆ’ ਵਿਚ ਮੈਂ ਨਵਾਂ ਤਜਰਬਾ ਕੀਤਾ ਸੀ— ਅੰਤਰਰਾਸ਼ਟਰੀ ਮਸਲਿਆਂ ਨੂੰ ਗਲਪ ਵਿਚ ਢਾਲਣ ਦਾ ਤਜਰਬਾ। ਇਨ੍ਹਾਂ ਦੋ ਕਹਾਣੀਆਂ ’ਤੇ ਪਰਵਾਸੀ ਜੀਵਨ ਵਾਲ਼ੀਆਂ ਕਹਾਣੀਆਂ ਤੋਂ ਵੀ ਵੱਧ ਚਰਚਾ ਹੋਈ। ਮੇਰਾ ਉਤਸ਼ਾਹ ਵਧਿਆ। ਅਗਲੀਆਂ ਕਹਾਣੀਆਂ ਲਈ ਮੈਂ ਅੰਤਰਰਾਸ਼ਟਰੀ ਵਿਸ਼ੇ ਲੱਭਣੇ ਸ਼ੁਰੂ ਕਰ ਦਿੱਤੇ। ਸਿਆਣਿਆਂ ਨੇ ਠੀਕ ਹੀ ਆਖਿਐ, ‘ਜਿੱਥੇ ਚਾਹ ਉੱਥੇ ਰਾਹ’ ਮੇਰੀ ਤਲਾਸ਼ ਦੇ ਨਾਲ਼–ਨਾਲ਼ ਕੁਦਰਤੀ ਸਬੱਬ ਵੀ ਬਣਦੇ ਗਏ। 2010 ਤੱਕ ਮੈਂ ਇਸ ਕਿਸਮ ਦੀਆਂ ਦੋ ਕਹਾਣੀਆਂ ਲਿਖ ਚੁੱਕਾ ਸਾਂ। ਅਗਲੀਆਂ ਦੋ ‘ਮੇਪਲ ਦੇ ਰੰਗ’ ਕਿਤਾਬ ਤੋਂ ਬਾਅਦ ਲਿਖੀਆਂ। ( ਪੰਜਵੀਂ ਕਹਾਣੀ ਦਾ ਸੰਬੰਧ ਵਿਸ਼ਵੀ ਮਸਲੇ ਨਾਲ਼ ਨਹੀਂ ) ਇਨ੍ਹਾਂ ਕਹਾਣੀਆਂ ਦੇ ਸਬੱਬ ਅਤੇ ਰਚਨਾਵੀ ਕਾਰਜ ਬਾਰੇ ਵੇਰਵੇ:
ਕਹਾਣੀ ‘ਪੱਤਿਆਂ ਨਾਲ਼ ਢਕੇ ਜਿਸਮ’
ਇਸ ਕਹਾਣੀ ਵਿਚ ਮੈਂ ਬਾਜ਼ਾਰ ਦੇ ਇਕ ਅਹਿਮ ਅਤੇ ਪ੍ਰਭਾਵੀ ਅੰਗ ‘ਫੈਸ਼ਨ ਜਗਤ’ ਦੀ ਬਾਹਰੀ ਚਮਕ–ਦਮਕ ਹੇਠ ਛੁਪੇ ਕੁਹਜਾਂ ਨੂੰ ਬੇਪਰਦ ਕੀਤਾ ਹੈ। ਪੂੰਜੀਵਾਦੀ ਵਪਾਰ ਤੰਤਰ ਵਸਤਾਂ ਦੀ ਵਿੱਕਰੀ ਵਧਾਉਣ ਲਈ, ਔਰਤ ਤੋਂ ਉਸਦੀ ਦੇਹ ਦੀ ਪ੍ਰਦਰਸ਼ਨੀ ਕਰਵਾਉਂਦਾ ਹੈ।
ਇਸ ਕਹਾਣੀ ਦਾ ਮੁੱਢ ਅੰਗ੍ਰੇਜ਼ੀ ਮੈਗਜ਼ੀਨ ‘ਮਕਲੇਨਜ਼’ (Macleans) ਵਿਚ ਛਪੇ ਇਕ ਕਿਤਾਬ ਦੇ ਰਿਵੀਊ ਨੂੰ ਪੜ੍ਹ ਕੇ ਬੱਝਾ। ਕਿਤਾਬ ਦਾ ਨਾਂ ਹੈ ‘ ਫੀਮੇਲ ਸ਼ੋਵਨਿਸਟ ਪਿਗਜ਼: ਵਿਮੈੱਨ ਐਂਡ ਦਾ ਰਾਈਜ਼ ਔਫ ਰੌਂਚ ਕਲਚਰ। ਇਸਦੀ ਲੇਖਿਕਾ ਹੈ ਏਰੀਅਲ ਲੈਵੀ। ਇਹ ਅਮਰੀਕਨ ਔਰਤ, ‘ਦਾ ਨਿਊ ਯੌਰਕਰ’ ਮੈਗਜ਼ੀਨ ਦੀ ਸਟਾਫ ਰਾਈਟਰ ਹੈ।
ਰੌਂਚ ਅਮਰੀਕਨ ਅੰਗ੍ਰੇਜ਼ੀ ਦਾ ਸ਼ਬਦ ਹੈ, ਜਿਸਦਾ ਅਰਥ ਹੈ ਲਚਰਤਾ ਤੇ ਕਾਮ ਭੜਕਾਹਟ। ਏਰੀਅਲ ਨੇ ਪੱਛਮ ਦੀਆਂ ਔਰਤਾਂ ਵਿਚ ਆਜ਼ਾਦੀ ਅਤੇ ਫੈਸ਼ਨ ਦੇ ਨਾਂ ’ਤੇ ਨਗਨਤਾ ਤੇ ਕਾਮ ਉਕਸਾਊ ਪਹਿਰਾਵੇ ਨੂੰ ਨਾਰੀਤਵ ਦੀ ਥਿੜ੍ਹਕਣ ਤੇ ਨਿਘਾਰ ਆਖਿਆ ਹੈ। ਉਸਨੇ ਰੌਂਚੀਨੈੱਸ ਫੈਲਾ ਰਹੇ ਵੱਡੇ–ਵੱਡੇ ਫੈਸ਼ਨ ਸ਼ੋਆਂ, ਵਪਾਰ, ਫਿਲਮਾਂ ਤੇ ਮੀਡੀਆ ਦੇ ਹਰ ਪੱਖ ਦਾ ਗਹਿਰਾਈ ’ਚ ਵਿਸ਼ਲੇਸ਼ਣ ਕੀਤਾ ਹੈ। ਏਰੀਅਲ ਅਨੁਸਾਰ ਰੌਂਚ ਕਲਚਰ ਵਿਚ ਖਚਿਤ ਔਰਤਾਂ, ਔਰਤ ਜਾਤੀ ਦੇ ਮਰਦ ਨਾਲ਼ ਬਰਾਬਰੀ ਦੇ ਹੱਕਾਂ ਦੀ ਲੜਾਈ ਨੂੰ ਸਾਬੋਤਾਜ ਕਰ ਰਹੀਆਂ ਹਨ।
ਇਸ ਕਹਾਣੀ ਦੀ ਮੁੱਖ ਪਾਤਰ ਮਨੀਸ਼ਾ ਮਲਹੋਤਰਾ ਕਲਾਤਮਿਕ ਰੁਚੀਆਂ ਵਾਲ਼ੀ ਮੁਟਿਆਰ ਹੈ। ਡਿਜ਼ਾਈਨਿੰਗ ਦੀ ਪੜ੍ਹਾਈ ਦੇ ਨਾਲ਼–ਨਾਲ਼ ਉਹ ਟਰਾਂਟੋ ਦੇ ਭਾਰਤੀ ਕਪੜਾ–ਸਟੋਰਾਂ ਦੀਆਂ ਐਡਾਂ ਵਾਸਤੇ ਮਾਡਲਿੰਗ ਵੀ ਕਰਦੀ ਹੈ। ਡਿਗਰੀ ਕੋਰਸ ਪੂਰਾ ਹੋਣ ’ਤੇ ਉਹ ਇਕ ਕੰਪਨੀ ਵਿਚ ਅਸਿਸਟੈਂਟ ਡਿਜ਼ਾਈਨਰ ਦੀ ਜੌਬ ਕਰਨ ਲਗਦੀ ਹੈ… ਉਹ ਡਿਜ਼ਾਈਨਰ ਦੀ ਪ੍ਰਮੋਸ਼ਨ ਵਾਸਤੇ ਹੱਕਦਾਰ ਹੈ। ਪਰ ਪ੍ਰਮੋਸ਼ਨ ਦੂਜੀ ਅਸਿਸਟੈਂਟ ਡਿਜ਼ਾਈਨਰ ਜੈਨੇਟ ਨੂੰ ਮਿਲ਼ ਜਾਂਦੀ ਹੈ। ਫਿਰ ਉਹੀ ਜੈਨੇਟ ਮਨੀਸ਼ਾ ਦੀਆਂ ਸੁਹਜ ਤੇ ਮਿਹਨਤ ਨਾਲ਼ ਡਿਜ਼ਾਈਨ ਕੀਤੀਆਂ ਲੇਡੀਜ਼-ਜੈਕਟ ਤੇ ਟੋਪੀ ਨੂੰ ਸਾਜਿਸ਼ੀ ਢੰਗ ਨਾਲ਼, ਉਤਪਾਦਨ ਵਾਸਤੇ ਰਿਜੈਕਟ ਕਰਵਾ ਦਿੰਦੀ ਹੈ। ਆਪਣੀ ਡਿਜ਼ਾਈਨਿੰਗ–ਕਲਾ ਦੀ ਬੇਕਦਰੀ ਤੋਂ ਖਫਾ ਹੋਈ ਮਨੀਸ਼ਾ ਜੈਨੇਟ ਦੀ ਝਾੜ–ਝੰਬ ਕਰਕੇ ਜੌਬ ਤੋਂ ਅਸਤੀਫਾ ਦੇ ਦੇਂਦੀ ਹੈ।
ਕਲਾ ਦੇ ਜ਼ੋਰ ’ਤੇ ਬੁਲੰਦੀਆਂ ਛੁਹਣ ਦੀ ਇਛੁਕ ਮਨੀਸ਼ਾ ਫੈਸ਼ਨ ਮਾਡਲਿੰਗ ਕਰਨ ਦਾ ਮਨ ਬਣਾ ਲੈਂਦੀ ਹੈ। ਉਸਦਾ ਪਤੀ ਸੁਧੀਰ ਖੰਨਾ, ਜੋ ਸੀਨੀਅਰ ਸੈਕੰਡਰੀ ਸਕੂਲ ਟੀਚਰ ਹੈ, ਵਿਰੋਧ ਕਰਦਾ ਹੈ। ਉਸ ਅਨੁਸਾਰ ਫੈਸ਼ਨ ਮਾਡਲਿੰਗ ਵਿਚ ਜਿਸਮ ਦੀ ਪ੍ਰਦਰਸ਼ਨੀ ਸਮਾਜਕ ਕਦਰਾਂ–ਕੀਮਤਾਂ ਦਾ ਨੁਕਸਾਨ ਕਰ ਰਹੀ ਹੈ। ਉਹ ਮਾਡਲਿੰਗ ਨੂੰ ਸਦਾਚਾਰ ਵਿਹੂਣਾ ਕਿੱਤਾ ਆਖਦਾ ਹੈ। ਪਰ ਮਨੀਸ਼ਾ ਲਈ ਮਾਡਲਿੰਗ ਆਰਟਫੁੱਲ ਜੌਬ ਹੈ। ਉਹ ਇਸ ਵੱਡੇ ਖੇਤਰ ਵਿਚ ਪ੍ਰਸਿੱਧ ਹੋਣ ਦੇ ਸੁਪਨੇ ਦੇਖ ਰਹੀ ਹੈ। ਇਸੇ ਟਕਰਾਅ ਵਿਚ ਉਸਦਾ ਸੁਧੀਰ ਨਾਲ਼ ਤਲਾਕ ਹੋ ਜਾਂਦਾ ਹੈ। ਮਨੀਸ਼ਾ ਦਾ ਡੈਡ ਵੀ ਮਾਡਲਿੰਗ ਨੂੰ ਨਕਾਰਦਾ ਹੋਇਆ, ਉਸ ਨਾਲ਼ੋਂ ਨਾਤਾ ਤੋੜ ਲੈਂਦਾ ਹੈ।
ਟਰਾਂਟੋ ਦੇ ਵੱਡੇ ਫੈਸ਼ਨ ਸ਼ੋਅ ਵਿਚ ਪਹਿਲੀ ਪੇਸ਼ਕਾਰੀ ਸਮੇਂ ਹੀ ਮਨੀਸ਼ਾ ਆਪਣੇ ਉੱਜਲੇ–ਚਮਕਦੇ ਹੁਸਨ, ਸੁਹਜ, ਨਾਰੀਤਵ ਦੀ ਛੱਬ ਤੇ ਨਜ਼ਾਕਤ ਦੇ ਗੁਣਾਂ ਸਦਕਾ ਫੈਸ਼ਨ ਮਾਹਿਰਾਂ ਦਾ ਧਿਆਨ ਖਿੱਚ ਲੈਂਦੀ ਹੈ। ਟਰਾਂਟੋ ਦੀ ਇਕ ਅਖਬਾਰ ਦਾ ਕਾਲਮ ਨਵੀਸ ਆਪਣੀ ਆਰਟੀਕਲ ਵਿਚ ਉਸਨੂੰ ‘An Angel On Earth’ (ਆਕਾਸ਼ੋਂ ਉੱਤਰੀ ਪਰੀ) ਕਰਾਰ ਦੇਂਦਾ ਹੈ।
ਤੇ ਫਿਰ ਹਰ ਫੈਸ਼ਨ ਸ਼ੋਅ ਵਿਚ ਉਸਦੀ ਮਾਡਲਿੰਗ ਕਲਾ ਤੇ ਪ੍ਰਸਿੱਧੀ ਦਾ ਗਰਾਫ ਉਤਾਂਹ ਜਾਂਦਾ ਹੈ। ਵੋਗ, ਟਚ, ਸ਼ੇਪ, ਕਵਰ ਗਰਲ ਆਦਿ ਅੰਗ੍ਰੇਜ਼ੀ ਮੈਗਜ਼ੀਨਾਂ ਵਿਚ ਉਸਦੀਆਂ ਤਸਵੀਰਾਂ ਤੇ ਆਰਟੀਕਲ ਛਪਦੀਆਂ ਹਨ। ਪ੍ਰਸਿੱਧ ਕੰਪਨੀਆਂ ‘ਲੋਰੀਐਲ’ ਤੇ ‘ਰੈਵਲੋਨ’ ਆਪਣੇ ਉਤਪਾਦਨ ਦੀਆਂ ਕੁਝ ਮੇਕ–ਅੱਪ ਚੀਜ਼ਾਂ ਦੀ ਮਸ਼ਹੂਰੀ, ਮਨੀਸ਼ਾ ਦੀਆਂ ਤਸਵੀਰਾਂ ਰਾਹੀਂ ਕਰਦੀਆਂ ਹਨ।
ਸੁਹਜਮਈ ਮਾਡਲਿੰਗ ’ਤੇ ਪਹਿਰਾ ਦੇ ਰਹੀ ਮਨੀਸ਼ਾ ‘ਵੋਗ’ ਮੈਗਜ਼ੀਨ ਦੇ ਫੋਟੋ–ਸ਼ੂਟ ਵਿਚ ਬਿਕਨੀਆਂ ਪਾ ਤਾਂ ਲੈਂਦੀ ਹੈ ਪਰ ਕਾਮੁਕ ਅਦਾਵਾਂ ਵਾਲ਼ੇ ਪੋਜ਼ ਦੇਣ ਤੋਂ ਇਨਕਾਰ ਕਰ ਦੇਂਦੀ ਹੈ। ਜਦੋਂ ਕਿ ਟੌਪ–ਮਾਡਲ ਲਈ ਉਸਦੀ ਮੁਕਾਬਲੇਦਾਰ ਸਿੰਡੀ ਕਾਰਲਟਨ ਅਜਿਹੇ ਪੋਜ਼ ਖੁਸ਼ ਹੋ ਕੇ ਦੇਂਦੀ ਹੈ। ਮਨੀਸ਼ਾ ਦਾ ਫੈਸ਼ਨ ਡਿਜ਼ਾਈਨਰ ਵੇਨ ਫਿਲਿਪ ਉਸਨੂੰ ਬਦਲਾਵ ਦਾ ਸੁਝਾਅ ਦੇਂਦਾ ਆਖਦਾ ਹੈ, “ਮਨੀਸ਼ਾ! ਜ਼ਮਾਨਾ ਨਗਨ ਤੇ ਕਾਮ–ਉਕਸਾਊ ਮਾਡਲਿੰਗ ਦਾ ਆ ਗਿਆ ਏ… ।”
“ਪਰ ਵੇਨ ਆਖਰ ਟਿਕਣਾ ਤਾਂ ਕਲਾ ਨੇ ਹੀ ਐ।” ਮਨੀਸ਼ਾ ਨੂੰ ਆਪਣੀ ਕਲਾ ’ਤੇ ਗੌਰਵ ਹੈ।
ਪ੍ਰੰਤੂ ਜਦੋਂ ਸਿੰਡੀ ‘ਪਲੇਬੁਆਇ’ ਮੈਗਜ਼ੀਨ ’ਚ ਨਗਨ ਤਸਵੀਰਾਂ ਦੇ ਕੇ ਟੌਪ–ਮਾਡਲ ਦਾ ਟਾਈਟਲ ਝਪਟ ਲੈਂਦੀ ਹੈ ਤਾਂ ਮਨੀਸ਼ਾ ਦੇ ਕਲਾ–ਗੌਰਵ ’ਤੇ ਸੱਟ ਵੱਜਦੀ ਹੈ। ਖੈਰ ਭੱਵਿਖ ’ਤੇ ਟੇਕ ਰੱਖਦਿਆਂ ਉਹ ਸੋਚਦੀ ਹੈ ਕਿ ਅਗਲੀ ਵਾਰ ਸਹੀ।
ਅਗਲੀ ਵਾਰ ਟੌਪ–ਮਾਡਲ ਦਾ ਫੈਸਲਾ ਲਾਸ ਐਂਜਲਸ ਦੇ ਫੈਸ਼ਨ ਸ਼ੋਅ ਵਿਚ ਹੋਣਾ ਹੈ। ਉਸਦਾ ਮੁਕਾਬਲਾ ਫਰਾਂਸੀਸੀ ਮੂਲ ਦੀ, ‘ਸੁਪਰ ਸੈਕਸੀ ਬਿਊਟੀ’ ਵਜੋਂ ਜਾਣੀ ਜਾਂਦੀ, ਮਿਸ਼ੈਲ ਲਾਫਨਟੇਨ ਨਾਲ਼ ਹੈ। ਕਲਾ ਦੇ ਪੱਖ ਤੋਂ ਮਨੀਸ਼ਾ ਮਿਸ਼ੈਲ ਤੋਂ ਉੱਤੇ ਹੈ। ਉਸਨੂੰ ਪੂਰੀ ਆਸ ਹੈ ਕਿ ਜਿੱਤ ਉਸਦੀ ਹੋਵੇਗੀ।
ਪਰ ਸ਼ੋਅ ਦੀ ਫਾਈਨਲ ਤੇ ਅਹਿਮ ਆਈਟਮ ਬਾਰੇ ਸੁਣ ਕੇ ਉਹ ਪ੍ਰੇਸ਼ਾਨ ਹੋ ਜਾਂਦੀ ਹੈ। ਸ਼ੋਅ ਦੇ ਸਪਾਂਸਰ ਤੇ ਪ੍ਰੋਡਿਊਸਰ ਇਹ ਚਾਹੁੰਦੇ ਹਨ ਕਿ ਉਸ ਆਈਟਮ ਵਿਚ ਮਾਡਲਾਂ ਡਰੈੱਸ ਪਹਿਨ ਕੇ ਨਹੀਂ, ਅੰਗਾਂ ’ਤੇ ਇਕ–ਇਕ ਪਤਾ ਲਟਕਾ ਕੇ ਪੇਸ਼ ਹੋਣ। ਮਨੀਸ਼ਾ ਦੁਬਿਧਾ ’ਚ ਪੈ ਜਾਂਦੀ ਹੈ। ਜੇ ਉਹ ਇਸ ਆਈਟਮ ਨੂੰ ਕਰਦੀ ਹੈ ਤਾਂ ਨਗਨ ਹੋਣ ਵਾਲ਼ੀ ਗੱਲ ਹੈ। ਜੇ ਨਹੀਂ ਕਰਦੀ ਤਾਂ ਕਰੀਅਰ ਦੀਆਂ ਸਿਖਰਾਂ ਛੁਹਣ ਯਾਨਿ ਟਾਪ–ਮਾਡਲ ਬਣਨ ਦੇ ਸੁਪਨੇ ਬਿਖਰਦੇ ਹਨ। ਸੁਪਨਾ ਸਾਕਾਰ ਕਰਨ ਲਈ ਉਹ ਸਮਝੌਤਾ ਕਰਦੀ ਹੈ। ਮੈਰੂਆਨਾ ਨਸ਼ੇ ਦਾ ਸਹਾਰਾ ਲੈ ਕੇ ਉਹ ਇਹ ਆਈਟਮ ਕਰ ਦੇਂਦੀ ਹੈ। ਪਰ ਸੁਪਨਾ ਫਿਰ ਵੀ ਅਧੂਰਾ ਰਹਿ ਜਾਂਦਾ ਹੈ।
ਉਸਦੀ ਮੁਕਾਬਲੇਦਾਰ ਮਿਸ਼ੈਲ, ਫੈਸਲਾ ਕਰਨ ਵਾਲ਼ੀ ਜਿਊਰੀ ਦੇ ਚੇਅਰਪਰਸਨ ਰੌਬਿਨ ਜਲਵੇਗਰ ਨਾਲ਼ ਦੇਹੀ–ਜਸ਼ਨ ਮਨਾ ਕੇ ਟੌਪ ਮਾਡਲ ਦਾ ਟਾਈਟਲ ਬਟੋਰ ਲੈਂਦੀ ਹੈ।
ਫੈਸ਼ਨ ਇੰਡਸਟਰੀ ਪੂੰਜੀਵਾਦ ਦਾ ਮਕੜਜਾਲ਼ ਹੈ। ਪੂੰਜੀਵਾਦ ਦਾ ਸਰੋਕਾਰ ਔਰਤ ਦੀ ਮਾਡਲਿੰਗ–ਕਲਾ ਨਾਲ਼ ਨਹੀਂ, ਉਸਦੀ ਦੇਹ ਨਾਲ਼ ਹੈ ਜਿਸਦੀ ਪ੍ਰਦਰਸ਼ਨੀ ਰਾਹੀਂ ਉਸਨੇ ਵਸਤਾਂ ਦੀ ਵਿੱਕਰੀ ਵਧਾਉਣੀ ਹੈ।
ਮਨੀਸ਼ਾ ਦੀ ਹਮਜਮਾਤਣ ਜੈਨੀਫਰ ਹੋਵੈਲ, ਮਨੀਸ਼ਾ ਦੀ ਸੁਹਜਮਈ ਮਾਡਲਿੰਗ ਨੂੰ ਪਸੰਦ ਕਰਦੀ ਹੈ। ‘ਫੈਸ਼ਨ ਐਂਡ ਦਾ ਰੌਂਚ ਕਲਚਰ’ ਵਿਸ਼ੇ ’ਤੇ ਪੀ. ਐਚ. ਡੀ ਕਰਨ ਉਪ੍ਰੰਤ ਉਹ ‘ਸਟੌਪ ਰੌਂਚੀਨੈੱਸ ਸੰਸਥਾ’ ਦੀ ਅਗਵਾਈ ਕਰ ਰਹੀ ਹੈ।
ਕਹਾਣੀ ਵਿੱਚੋਂ ਉਸਦਾ ਇਕ ਡਾਇਲਾਗ ਪਾਠਕਾਂ ਨਾਲ਼ ਸਾਂਝਾ ਕਰ ਰਿਹਾਂ, “ਆਜ਼ਾਦੀ ਦਾ ਹੋਕਾ ਦੇ ਰਹੀਆਂ ਮਾਡਲਾਂ, ਫਿਲਮੀ ਐਕਟਰੈੱਸਾਂ ਅਤੇ ਰੌਕ ਸਟਾਰਾਂ ਸੁੰਦਰਤਾ ਨਹੀਂ ਕਾਮੁਕਤਾ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਦੀ ਦੇਖਾ–ਦੇਖੀ ਆਮ ਔਰਤਾਂ ਨੇ ਕਾਮ–ਉਕਸਾਊ ਫੈਸ਼ਨ ਅਪਣਾ ਲਿਆ ਏ। ਪਹਿਲਾਂ ਔਰਤਾਂ ਸੁਹਣੀਆਂ ਲੱਗਣ ਲਈ ਫੈਸ਼ਨ ਕਰਦੀਆਂ ਸਨ ਪਰ ਹੁਣ ‘ਹੌਟ’ ਲੱਗਣ ਲਈ ਕਰਦੀਆਂ ਹਨ। ਇਸ ਤਰ੍ਹਾਂ ਸੁੰਦਰਤਾ ਤੇ ਆਜ਼ਾਦੀ ਦਾ ਹੋਕਾ ਦੇ ਕੇ ਰੌਂਚੀਨੈੱਸ ਫੈਲਾਈ ਜਾ ਰਹੀ ਏ। ਵਪਾਰ ਤੇ ਮੀਡੀਆ ਰੌਂਚੀਨੈੱਸ ਨੂੰ ਘਰ–ਘਰ ਪਹੁੰਚਾ ਰਹੇ ਹਨ… ।”
ਮਨੀਸ਼ਾ ਦੇ ਪਾਤਰ ਦਾ ਮੂਲ ਭਾਰਤੀ ਮੂਲ ਦੀ ਔਰਤ ਦੀਪਿਕਾ ਹੈ। ਉਹ ਏਅਰਪੋਰਟ ’ਤੇ ‘ਗਰੁੱਪ-4 ਸਕਿਉਰਟੀ ਕੰਪਨੀ’ ’ਚ ਜੌਬ ਕਰਦੀ ਸੀ। ਪੜ੍ਹੀ–ਲਿਖੀ ਤੇ ਸੂਝਵਾਨ ਦੀਪਿਕਾ ਦੀ ਵਿਸ਼ੇਸ਼ ਪਛਾਣ ਉਸਦੀ ਕਲਾਤਮਿਕਤਾ ਸੀ। ਉਸਦੀ ਬੋਲਚਾਲ, ਕੱਪੜਿਆਂ, ਗਹਿਣਿਆਂ ਤੇ ਫਰਨੀਚਰ ਦੀ ਡਿਜ਼ਾਈਨਿੰਗ, ਘਰ ਤੇ ਬਗੀਚੀ ਦੀ ਸੈਟਿੰਗ— ਗੱਲ ਕੀ ਉਸਦੇ ਸਮੁੱਚੇ ਕਾਜ–ਵਿਹਾਰ ਵਿੱਚੋਂ ਕਲਾ ਝਲਕਦੀ ਸੀ। ਦੂਜੀਆਂ ਮਾਡਲਾਂ ਦਾ ਮੂਲ, ਫੈਸ਼ਨ ਨਾਲ਼ ਸੰਬੰਧਿਤ ਮੈਗਜ਼ੀਨਾਂ ਤੇ ਪੁਸਤਕਾਂ ਵਿੱਚੋਂ ਢੂੰਡਿਆ ਹੈ।
ਕਹਾਣੀ ‘ਮੁਹਾਜ਼’
ਇਸ ਕਹਾਣੀ ਵਿਚ ਦੋ ਬਿਰਤਾਂਤ ਹਨ। ਦੋਵੇਂ ਬਿਰਤਾਂਤ ਜੰਗਾਂ ਤੋਂ ਉਪਜੇ, ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁਖਾਂਤਾਂ ਬਾਰੇ ਹਨ। ਇਕ ਦਾ ਸੰਬੰਧ ਅਮਰੀਕੀ ਸਾਮਰਾਜ ਵੱਲੋਂ ਛੇੜੀਆਂ ਅਫਗਾਨਿਸਤਾਨ–ਇਰਾਕ ਦੀਆਂ ਜੰਗਾਂ ਨਾਲ਼ ਹੈ ਤੇ ਦੂਜੇ ਦਾ ਸੰਬੰਧ 1971 ਦੀ ਭਾਰਤ–ਪਾਕਿਸਤਨ ਜੰਗ ਨਾਲ਼। ਦੋਨਾਂ ਬਿਰਤਾਂਤਾਂ ਦੀਆਂ ਲੜੀਆਂ ਸੰਘਣੀ ਬੁਣਤੀ ਰਾਹੀਂ ਆਪਸ ਵਿਚ ਗੁੰਦੀਆਂ ਹੋਈਆਂ ਹਨ। ਕਹਾਣੀ ਦਾ ਬਿਰਤਾਂਤਕਾਰ ਭਾਰਤੀ ਹਵਾਈ ਸੈਨਾ ਦਾ ਸਾਬਕਾ ਫੌਜੀ ਸੁਖਦੇਵ ਸਿੰਘ ਕੰਗ ਹੈ। ਕਨੇਡਾ ਵਿਚ ਉਹ ਨਾਮਵਰ ਸਕਿਉਰਟੀ ਕੰਪਨੀ ‘ਕਮਿਸ਼ਨੇਅਰਜ’ ਵਿਚ ਮਾਸਟਰ ਵਾਰੰਟ ਅਫਸਰ ਹੈ। ‘ਕਨੇਡੀਅਨ ਫੋਰਸਜ਼ ਬੇਸ’ ਟਰਾਂਟੋ ’ਚ ਤਾਇਨਾਤ ਇਸ ਕੰਪਨੀ ਦੀ ਡਿਟੈਚਮੈਂਟ ਦਾ ਉਹ ਡਿਟੈਚਮੈਂਟ ਕਮਾਂਡਰ ਹੈ। ਬੋਲਚਾਲ ਵਿਚ ਸਾਰੇ ਉਸਨੂੰ ਡੇਵ ਸਦੱਦੇ ਹਨ।
ਕਹਾਣੀ ਦਾ ਬੀਜ–ਰੂਪ ਕਨੇਡੀਅਨ ਫੌਜ ਦੇ ਸਾਰਜੈਂਟ ਹੈਰੀ ਫੌਸਟਰ ਦੀ Funeral (ਅੰਤਿਮ ਰਸਮ) ਹੈ। ਅਫਗਾਨਿਸਤਾਨ ਦੀ ਜੰਗ ਨਿਗਲ਼ ਗਈ ਸੀ ਉਸਨੂੰ। ਹੈਰੀ ਫੌਸਟਰ ਦੀ ਯੂਨਿਟ ‘ਕਨੇਡੀਅਨ ਫੋਰਸਜ਼ ਬੇਸ ਟਰਾਂਟੋ’ ਦਾ ਅੰਗ ਸੀ। ਆਪਣੀ ਸਕਿਉਰਟੀ ਕੰਪਨੀ ਕਮਿਸ਼ਨੇਅਰਜ਼ ਵੱਲੋਂ ਮੈਂ ਤੇ ਫਰੈੱਡ ਕਰਨੇਗੀ, ਹੈਰੀ ਫੌਸਟਰ ਦੀ ਫਿਊਨਰਲ ’ਤੇ ਗਏ ਸਾਂ। ਫੌਜੀ ਪਾਦਰੀ, ਟਰਾਂਟੋ ਦੇ ਮੇਅਰ, ਹੈਰੀ ਫੌਸਟਰ ਦੇ ਮਾਪਿਆਂ ਅਤੇ ਹੈਰੀ ਦੇ ਦੋਸਤਾਂ ਦੇ ਸ਼ਰਧਾਂਜਲੀ–ਸ਼ਬਦਾਂ ਤੋਂ ਬਾਅਦ ਯੂਨਿਟ ਦੇ ਕਮਾਂਡਿੰਗ ਅਫਸਰ ਨੇ ਹੈਰੀ ਦੀ ਕੁਰਬਾਨੀ ’ਤੇ ਫਖਰ ਮਹਿਸੂਸਦਿਆਂ ਆਪਣੀ ਯੂਨਿਟ ਸਮੇਤ ਬੇਸ ਦੀਆਂ ਸਾਰੀਆਂ ਯੂਨਿਟਾਂ ਦੇ ਫੌਜੀਆਂ ਦੀ ਬਹਾਦਰੀ, ਹਿੰਮਤ ਤੇ ਵਿਉਂਤਬੰਦੀ ਦੀ ਸ਼ਲਾਘਾ ਕੀਤੀ ਸੀ। ਉਸਦੇ ਬੋਲ ਸੁਣਦਿਆਂ ਮੇਰੇ ਮਨ ਵਿਚ 1971 ਦੀ ਭਾਰਤ-ਪਾਕਿ ਜੰਗ ਸਮੇਂ ਆਪਣੇ ਸੁਕਆਡਰਨ ਦੇ ਏਅਰਮੈਨ ਪਵਨ ਸ਼ਰਮਾ ਦੀ ਮੌਤ ਦੀ ਘਟਨਾ ਉੱਭਰ ਪਈ ਸੀ। ਪਵਨ ਦੇ ਸਸਕਾਰ ਤੋਂ ਪਹਿਲਾਂ ਸਾਡੇ ਸੁਕਆਡਰਨ ਕਮਾਂਡਰ ਨੇ ਵੀ ਹੈਰੀ ਦੀ ਯੂਨਿਟ ਦੇ ਕਮਾਂਡਿੰਗ ਅਫਸਰ ਵਾਂਗ ਆਪਣੇ ਸੁਕਆਡਰਨ ਦੇ ਸੈਨਿਕਾਂ ਦੀ ਬਹਾਦਰੀ, ਹੌਸਲੇ ਤੇ ਨਿਪੁੰਨਤਾ ਬਾਰੇ ਮਾਣ–ਫਖਰ ਦੀਆਂ ਗੱਲਾਂ ਕੀਤੀਆਂ ਸਨ। ਉਸਦਾ ਭਾਸ਼ਣ ਸੁਣਦਿਆਂ ਮੈਂ ਸੱਜੇ–ਖੱਬੇ ਖਲੋਤੇ ਸਾਥੀ ਸੈਨਿਕਾਂ ਵੱਲ ਤੱਕਿਆ ਸੀ। ਉਨ੍ਹਾਂ ਦੇ ਚਿਹਰਿਆਂ ’ਤੇ ਬਹਾਦਰੀ ਦੀ ਸ਼ੇਡ ਵਿਚ ਇਕ ਹੋਰ ਸ਼ੇਡ ਵੀ ਦਿਖਾਈ ਦਿੱਤੀ ਸੀ— ਅਧੀਨਗੀ ਦੀ ਸ਼ੇਡ। ਉਵੇਂ ਹੀ ਹੈਰੀ ਦੀ ਫਿਊਨਰਲ ’ਤੇ ਉਸਦੇ ਕਮਾਂਡਿੰਗ ਅਫਸਰ ਦਾ ਭਾਸ਼ਣ ਸੁਣ ਰਹੇ ਕਨੇਡੀਅਨ ਸੈਨਿਕਾਂ ਦੇ ਚਿਹਰਿਆਂ ’ਤੇ ਬਹਾਦਰੀ ਦੇ ਹਾਵ–ਭਾਵਾਂ ਹੇਠ, ਮੈਨੂੰ ਪਰ–ਵੱਸ ਦੇ ਚਿੰਨ੍ਹ ਨਜ਼ਰ ਆਏ ਸਨ।
ਤੇ ਫਿਰ ਪੋਡੀਅਮ ’ਤੇ ਹੈਰੀ ਦੀ ਪਤਨੀ ਕਾਰਲਾ ਆਈ ਸੀ। ਉਸਨੇ ਕਾਲ਼ਾ ਸੂਟ ਪਹਿਨਿਆ ਹੋਇਆ ਸੀ। ਸੋਗ ਵਿਚ ਉਸਦਾ ਚਿਹਰਾ ਕੁਮਲ਼ਾਇਆ ਹੋਇਆ ਸੀ ਪਰ ਆਵਾਜ਼ ਵਿਚ ਧੀਰਜ ਸੀ। ਆਪਣੇ ਬਾਰਾਂ ਸਾਲ ਦੇ ਦੰਪਤੀ–ਜੀਵਨ ਦੇ ਕੁਝ ਵਿਸ਼ੇਸ਼ ਮੌਕੇ ਯਾਦ ਕਰਦਿਆਂ ਦੋ–ਤਿੰਨ ਵਾਰ ਉਸਦੀਆਂ ਅੱਖਾਂ ਛਲਕ ਪਈਆਂ ਸਨ। ਉਸਨੇ ਸਵੈ ’ਤੇ ਕਾਬੂ ਰੱਖਦਿਆਂ ਚਿਹਰਾ ਪਾਸੇ ਕਰਕੇ ਹੰਝੂ ਪੂੰਝ ਲਏ ਸਨ। ਕੁਝ ਮਹੀਨੇ ਪਹਿਲਾਂ ਹੈਰੀ ਦੀ ਯੂਨਿਟ ਦੀ ਐਨਿਵਰਸਰੀ ਸਮੇਂ ਮੈਂ ਕਾਰਲਾ ਨੂੰ ਪਹਿਲੀ ਵਾਰ ਮਿਲ਼ਿਆ ਸਾਂ। ਉਨ੍ਹਾਂ ਦੇ ਦੋ ਬੱਚੇ ਵੀ ਨਾਲ਼ ਸਨ। ਉਹ ਕਿਸੇ ਕੰਪਨੀ ਵਿਚ ਦਫਤਰੀ ਜੌਬ ਕਰਦੀ ਸੀ। ਗੱਲਾਂ ਕਰਦਿਆਂ ਉਸਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਤੋਂ ਕਨੇਡਾ ਆਇਆ ਸੀ। ਉਸਦਾ ਫੌਜੀ ਬਾਬਾ ਅੰਗ੍ਰੇਜ਼ਾਂ ਦੇ ਰਾਜ ਸਮੇਂ ਕੁਝ ਵਰ੍ਹੇ ਭਾਰਤ ’ਚ ਰਿਹਾ ਸੀ। ਉਸ ਕੋਲ਼ੋਂ ਸਿੱਖ ਫੌਜੀਆਂ ਦੀ ਬਹਾਦਰੀ ਤੇ ਸਿਦਕ ਦੀਆਂ ਸੁਣੀਆਂ ਗੱਲਾਂ, ਕਾਰਲਾ ਨੇ ਮੇਰੇ ਨਾਲ਼ ਸਾਂਝੀਆਂ ਕੀਤੀਆਂ ਸਨ। ਮੈਨੂੰ ਆਪਣੇ ਪੁਰਖਿਆਂ ਦੀ ਸਿਫਤ ਚੰਗੀ ਲੱਗੀ ਸੀ। ਤੇ ਫਿਰ ਉਸਨੇ ਮੇਰੇ ’ਤੇ ਪ੍ਰਸ਼ਨ ਕੀਤਾ ਸੀ, “ਤੈਨੂੰ ਕਨੇਡਾ ਕਿੱਦਾਂ ਲਗਦੈ?” “ਵਧੀਆ” ਮੈਂ ਕਿਹਾ ਸੀ। “ਯਾਅ, ਇਟ’ਸ ਨਾਈਸ ਕੰਟਰੀ।” ਉਸਨੇ ਮਾਣ ਨਾਲ ਆਖਿਆ ਸੀ। ਤੇ ਹੁਣ ਉਸਦੇ ਸੋਗੀ ਬੋਲ ਸੁਣਦਿਆਂ ਮੈਨੂੰ ਆਪਣੇ ਅੰਦਰੋਂ ਇਹ ਸ਼ਬਦ ਸੁਣਾਈ ਦਿੱਤੇ ਸਨ, ‘ਦੇਸ਼ ਵਧੀਆ ਹੋਵੇ ਜਾਂ ਘਟੀਆ, ਫੌਜੀਆਂ ਦੀ ਜ਼ਿੰਦਗੀ ਹਰ ਦੇਸ਼ ਵਿਚ ਕਠਪੁਤਲੀਆਂ ਵਰਗੀ ਹੁੰਦੀ ਹੈ। ਹਾਕਮ ਜਦੋਂ ਚਾਹੁਣ ਉਨ੍ਹਾਂ ਨੂੰ ਜੰਗ ਦੀ ਭੱਠੀ ਵਿਚ ਝੋਕ ਦਿੰਦੇ ਹਨ।’
ਹੈਰੀ ਦੀ ਫਿਊਨਰਲ ਦੀ ਉਹ ਘਟਨਾ ਮੇਰੇ ਮਨ ’ਚ ਡੂੰਘੀ ਉੱਤਰ ਗਈ। ਫੌਜੀ ਜੀਵਨ ਨਾਲ਼ ਸੰਬੰਧਿਤ ਮੇਰੀਆਂ ਦੋ ਕਹਾਣੀਆਂ ‘ਸੁਆਹ ਦੀ ਢੇਰੀ’ ਤੇ ‘ਜੰਗ ਬਨਾਮ ਜੰਗ’ ਪਵਨ ਸ਼ਰਮਾ ਦੀ ਮੌਤ ਦੀ ਵਾਸਤਵਿਕ ਘਟਨਾ ’ਤੇ ਆਧਾਰਿਤ ਹਨ। ਹੁਣ ਅਮਰੀਕਾ–ਕਨੇਡਾ ਵਿਚ ਜੰਗਾਂ ਬਾਰੇ ਕੁਝ ਨਵੇਂ ਤੱਥ ਏਥੋਂ ਦੀਆਂ ਅਖਬਾਰਾਂ ’ਚ ਛਪ ਰਹੇ ਸਨ। ਉਨ੍ਹਾਂ ਅਣਛੁਹੇ ਤੱਥਾਂ ਨੂੰ ਗਲਪੀ ਰੂਪ ਦੇਣ ਲਈ ਮੇਰੇ ਅੰਦਰ ਕਹਾਣੀ ਦਾ ਤਾਣਾ–ਬਾਣਾ ਸ਼ੁਰੂ ਹੋ ਗਿਆ।
ਹੈਰੀ ਵਿੱਚੋਂ ਮੈਂ ਕਹਾਣੀ ਦਾ ਪਾਤਰ ਸਟਾਫ ਸਾਰਜੈਂਟ ਸਟੀਵ ਬਰਟਨ ਉਸਾਰ ਲਿਆ। ਬੇਸ ਵਿਚ ਸਪਲਾਈ ਡਿੱਪੋ ਦੇ ਲੈਫਟੀਨੈਂਟ ਆਰਟਿਨੋ ਡਮਿਟਰੀ ਨਾਲ਼ ਮੇਰੀ ਕੁਝ ਨੇੜਤਾ ਸੀ। ਉਸਨੂੰ ਸਟੀਵ ਦਾ ਦੋਸਤ ਸਟਾਫ ਸਰਜੈਂਟ ਡਮਿਟਰੀ ਥਿਓਡੋਰ ਬਣਾ ਲਿਆ। ਕਹਾਣੀ ਵਿਚ ਮੈਂ ਪਾਤਰ (ਬਿਰਤਾਂਤਕਾਰ) ਦੀ ਡਮਿਟਰੀ ਥਿਓਡੋਰ ਨਾਲ਼ ਕਾਫੀ ਨੇੜਤਾ ਹੈ। ਉਸ ਰਾਂਹੀ ਮੈਂ ਪਾਤਰ ਦੀ ਸਟੀਵ ਨਾਲ਼ ਨੇੜਤਾ ਬਣ ਜਾਂਦੀ ਹੈ। ਕਾਰਲਾ ਵਿੱਚੋਂ ਸਟੀਵ ਦੀ ਪਤਨੀ ਨੈਨਸੀ ਬਰਟਨ ਦਾ ਪਾਤਰ ਉਸਾਰ ਲਿਆ। ਕਹਾਣੀ ਵਿਚ ਨੈਨਸੀ ਦਾ ਰੈਂਕ ਵਾਰੰਟ ਅਫਸਰ ਹੈ। ਉਹ ਬੇਸ ਦੀ ਅਸਿਸਟੈਂਟ ਐਡਮਿਨ ਅਫਸਰ ਹੈ। ਮੈਂ ਪਾਤਰ ਦਾ ਉਸ ਨਾਲ਼ ਹਰ ਵੇਲੇ ਦਾ ਵਾਹ ਹੈ।
ਪਵਨ ਨੂੰ ਆਧਾਰ ਬਣਾ ਕੇ ਕਾਰਪੋਰਲ (Corporal) ਨਵਤੇਜ ਦਾ ਪਾਤਰ ਸਿਰਜ ਲਿਆ। ਨਵਤੇਜ, ਭਾਰਤੀ ਹਵਾਈ ਸੈਨਾ ਵਿਚ ਮੈਂ ਪਾਤਰ ਦਾ ਦੋਸਤ ਹੈ। ਨਵਤੇਜ ਨੂੰ ਸ਼ਾਦੀ–ਸ਼ੁਦਾ ਦਿਖਾ ਕੇ ਉਸਦੀ ਪਤਨੀ ਮਨਜੀਤ (ਜੀਤਾਂ) ਰਾਹੀਂ ਭਾਰਤੀ ਫੌਜੀ–ਵਿਧਵਾਵਾਂ ਦੇ ਦੁੱਖਾਂ–ਕਸ਼ਟਾਂ ਨੂੰ ਪੇਸ਼ ਕੀਤਾ।
ਅਮਰੀਕਾ–ਕਨੇਡਾ ਦੇ ਪ੍ਰਸੰਗਾਂ ਵਿਚ ਜੰਗਾਂ ਸੰਬੰਧੀ ਨਵੇਂ ਤੱਥਾਂ ਨੂੰ ਨਵੀਂ ਪੀੜ੍ਹੀ ਦੀ ਸੋਚ ਰਾਹੀਂ ਉਭਾਰਨ ਲਈ ਮੈਂ ਸਟੀਵ ਤੇ ਨੈਨਸੀ ਦੇ 16–17 ਸਾਲ ਦੇ ਪੁੱਤਰ ਟਿੰਮ ਦਾ ਪਾਤਰ ਸਿਰਜ ਲਿਆ। ਇਹ ਪਾਤਰ ਨਿਰੋਲ ਕਾਲਪਨਿਕ ਹੈ।
ਕਹਾਣੀ ਵਿਚ ਸਟੀਵ ਦੀ ਮੌਤ ਪਿੱਛੋਂ ਉਸਦੀ ਪਤਨੀ ਨੈਨਸੀ ਤਾਂ ਸੰਭਲ ਜਾਂਦੀ ਹੈ ਪਰ ਪੁੱਤਰ ਟਿੰਮ ਡੈਡ ਦੀ ਮੌਤ ਬਾਰੇ ਸੋਚ–ਸੋਚ ਮਨੋਰੋਗੀ ਹੋ ਜਾਂਦਾ ਹੈ। ਉਹ ਆਪਣੀ ਮੌਮ ਨੈਨਸੀ ਨੂੰ ਪੁੱਛਦਾ ਹੈ ਕਿ ਡੈਡ ਅਫਗਾਨਿਸਤਾਨ ਕਿਉਂ ਗਿਆ? ਉਹ ਦੱਸਦੀ ਹੈ ਕਿ ਉੱਪਰੋਂ ਆਰਡਰ ਹੋਇਆ ਸੀ। ਟਿੰਮ ਆਖਦਾ ਹੈ ਡੈਡ ਨਾਂਹ ਕਰ ਦੇਂਦਾ। ਨੈਨਸੀ ਸਮਝਾਉਂਦੀ ਹੈ ਕਿ ਫੌਜੀ ਨਾਂਹ ਨਹੀਂ ਕਰ ਸਕਦਾ। ਉਹ ਸਵਾਲ ਕਰਦਾ ਹੈ,“ਜਿਸ ਜੌਬ ਵਿਚ ਬੰਦੇ ਦੀ ਇੰਡਿਵਿਯੁਐਲਿਟੀ (ਨਿੱਜੀ ਹੋਂਦ) ਹੈ ਨ੍ਹੀ ਤੂੰ ਤੇ ਡੈਡ ਉਸ ਜੌਬ ਵਿਚ ਕਿਉਂ ਗਏ”?
ਉਹ ਮੌਮ ਨੂੰ ਇਹ ਵੀ ਪੱਛਦੈ ਕਿ ਜਦ ਕਨੇਡੀਅਨ ਫੌਜੀਆਂ ਕੋਲ਼ ਵਧੀਆ ਹਥਿਆਰ ਹਨ, ਉਹ ਅਫਗਾਨਿਸਤਾਨ ’ਚ ਸਫਲ ਕਿਉਂ ਨਹੀਂ ਹੋ ਰਹੇ। ਉਹ ਦੱਸਦੀ ਹੈ ਕਿ ਤਾਲਿਬਾਨ ਦੂਜੇ ਦੇਸ਼ਾਂ ਤੋਂ ਵਧੀਆ ਹਥਿਆਰ ਖਰੀਦਦੇ ਹਨ। ਕ੍ਰੋਧ ’ਚ ਭਖਦਾ ਟਿੰਮ ਆਖਦਾ ਹੈ, “ਇਸਦਾ ਮਤਲਬ ਡੈਡ ਨੂੰ ਮਾਰਨ ਵਾਲ਼ੇ ’ਕੱਲੇ ਤਾਲਿਬਾਨ ਨਹੀਂ, ਹਥਿਆਰਾਂ ਦੇ ਵਪਾਰੀ ਵੀ ਹਨ… ਆਈ ਡੋਂਟ ਅੰਡਰਸਟੈਂਡ ਦਿਸ ਬੁਲਸ਼ਿਟ।”
ਉਨ੍ਹਾਂ ਹੀ ਦਿਨਾਂ ਵਿਚ ਅਖਬਾਰਾਂ ’ਚ ਖਬਰਾਂ ਛਪਦੀਆਂ ਹਨ ਕਿ ਕੁਝ ਅਮਰੀਕੀ ਸੈਨਿਕਾਂ ਨੇ, ਜਿਨ੍ਹਾਂ ਨੂੰ ਇਰਾਕ–ਜੰਗ ’ਚ ਜਾਣ ਦੇ ਆਰਡਰ ਹੋਏ ਸਨ, ਕਨੇਡਾ ਆ ਕੇ ਰਫਿਊਜੀ ਕੇਸ ਕਰ ਦਿੱਤੇ ਹਨ। ਰਫਿਊਜੀ ਬੋਰਡ ਦੀ ਕੋਰਟ ਵਿਚ ਉਨ੍ਹਾਂ ਦਾ ਅਹਿਮ ਪ੍ਰਸ਼ਨ ਇਹ ਹੈ ਕਿ ਨੈਤਿਕਤਾ ਦੇ ਆਧਾਰ ’ਤੇ ਜਿਸ ਜੰਗ ਦੀ ਕੋਈ ਉਚਿਤਤਾ ਹੀ ਨਹੀਂ, ਉਸਨੂੰ ਜਿਸਮਾਨੀ ਹੌਸਲੇ ਨਾਲ਼ ਕਿਵੇਂ ਲੜਿਆ ਜਾ ਸਕਦਾ ਹੈ? ਟਿੰਮ ਨੂੰ ਅਮਰੀਕੀ ਫੌਜੀਆਂ ਦੀ ਨੈਤਿਕ ਹੌਸਲੇ ਵਾਲ਼ੀ ਗੱਲ ਠੀਕ ਲਗਦੀ ਹੈ। ਉਹ ਮੌਮ ਨੂੰ ਆਖਦਾ ਹੈ ਕਿ ਡੈਡ ਨੂੰ ਵੀ ਨੈਤਿਕ ਹੌਸਲਾ ਦਿਖਾਉਣਾ ਚਾਹੀਦਾ ਸੀ।
ਪਤੀ ਦੀ ਮੌਤ ਨੈਨਸੀ ਵਾਸਤੇ ਬਹੁਤ ਵੱਡੀ ਸੱਟ ਸੀ ਜੋ ਉਸਨੇ ਸਹਿ ਲਈ ਹੈ… ਹੁਣ ਉਹ ਇਹ ਨਹੀਂ ਚਾਹੁੰਦੀ ਕਿ ਉਸੇ ਘਟਨਾਵੀ ਚੱਕਰ ’ਚ ਉਸਦਾ ਪੁੱਤਰ ਮਾਨਸਿਕ ਤੌਰ ’ਤੇ ਉੱਖੜਿਆ ਰਹੇ। ਉਹ ਫੌਜ ਤੋਂ ਡਿਸਚਾਰਜ ਲੈਣ ਦਾ ਫੈਸਲਾ ਕਰ ਲੈਂਦੀ ਹੈ।
ਕਹਾਣੀ ਦਾ ਦੂਜਾ ਬਿਰਤਾਂਤ ਨਵਤੇਜ ਤੇ ਉਸਦੀ ਪਤਨੀ ਮਨਜੀਤ (ਜੀਤਾਂ) ਬਾਰੇ ਹੈ। ਨਵਤੇਜ ਇੰਡੀਅਨ ਏਅਰ ਫੋਰਸ ਦਾ ਏਅਰਮੈਨ ਹੈ। ਫੌਜ ਦੀ ਕਠਪੁਤਲੀਆਂ ਵਰਗੀ ਜਿੰਦਗੀ ਉਸਨੂੰ ਪਸੰਦ ਨਹੀਂ। ਅਫਸਰਾਂ ਤੇ ਹੇਠਲੇ ਰੈਂਕਾਂ ਵਿਚਲੇ ਪਾੜੇ ਤੋਂ ਵੀ ਉਸਨੂੰ ਚਿੜ ਹੈ। ਨੌਕਰੀ ਦੇ ਨਾਲ਼–ਨਾਲ਼ ਪੜ੍ਹਾਈ ਕਰਕੇ ਉਸਨੇ ਐਮ. ਏ ਕਰ ਲਈ ਹੈ। 9 ਸਾਲ ਬਾਅਦ ਏਅਰ ਫੋਰਸ ਛੱਡ ਕੇ ਉਹ ਕਾਲਜ–ਲੈਕਚਰਾਰ ਬਣਨਾ ਚਾਹੁੰਦਾ ਹੈ। ਜੀਤਾਂ ਨੇ ਬੀ. ਏ ਕੀਤੀ ਹੋਈ ਏ। ਉਹ ਵਧੀਆ ਸਿਤਾਰ–ਵਾਦਕ ਵੀ ਹੈ। ਉਸਨੇ ਬੀ. ਐੱਡ ਕਰਕੇ ਟੀਚਰ ਬਣਨ ਦੀ ਸੋਚੀ ਹੋਈ ਹੈ। ਨਵਤੇਜ ਦੀ ਨੌਕਰੀ ਦੇ 9 ਸਾਲ ਪੂਰੇ ਹੋਣ ਵਾਲ਼ੇ ਹੀ ਹਨ ਕਿ ਜੰਗ ਸ਼ੁਰੂ ਹੋ ਜਾਂਦੀ ਹੈ। ਫੌਜ ਵਿੱਚੋਂ ਡਿਸਚਾਰਜ ਬੰਦ ਹੋ ਜਾਂਦੇ ਹਨ। ਇਕ ਮੰਦਭਾਗੇ ਦਿਨ ਉਨ੍ਹਾਂ ਦੇ ਏਅਰ ਫੋਰਸ ਸਟੇਸ਼ਨ ’ਤੇ ਹੋਏ ਹਵਾਈ ਹਮਲੇ ਦੌਰਾਨ ਨਵਤੇਜ ਦੀ ਮੌਤ ਹੋ ਜਾਂਦੀ ਹੈ। ਜੀਤਾਂ ਦੇ ਸੁਪਨਿਆਂ ਦੀ ਭਰੀ–ਭਰਾਈ ਫਸਲ ਤਬਾਹ ਹੋ ਜਾਂਦੀ ਹੈ। ਉਸਦਾ ਦਿਉਰ ਉਸ ਨਾਲ਼ ਰੋਹਬ ਨਾਲ਼ ਗੱਲ ਕਰਦਾ ਹੈ। ਦਰਾਣੀ ਘਰ ਦਾ ਸਾਰਾ ਕੰਮ ਉਸ ’ਤੇ ਸੁੱਟ ਦਿੰਦੀ ਹੈ। ਦੇਰ–ਦਰਾਣੀ ਤੋਂ ਦੁਖੀ ਹੋ ਕੇ ਉਹ ਪੇਕੀਂ ਚਲੀ ਜਾਂਦੀ ਹੈ। ਸੰਗੀਤ ਦੀ ਸਿੱਖਿਆ ਲੈ ਕੇ ਉਹ ਸੰਗੀਤ-ਅਧਿਆਪਕਾ ਦੀ ਨੌਕਰੀ ਕਰ ਲੈਂਦੀ ਹੈ। ਭਰਾਵਾਂ–ਭਰਜਾਈਆਂ ਦੀ ਹਮਦਰਦੀ ਵੀ ਛੇਤੀ ਫਿੱਕੀ ਪੈ ਜਾਂਦੀ ਹੈ। ਉਹ ਉਸਦੀ ਪੈਨਸ਼ਨ ਤੇ ਤਨਖਾਹ ਵੱਲ ਝਾਕਣ ਲੱਗ ਜਾਂਦੇ ਹਨ। ਨਵਤੇਜ ਦਾ ਦੋਸਤ ਮੈਂ ਪਾਤਰ ਜੀਤਾਂ ਨੂੰ ਦੁੱਖਾਂ–ਕਸ਼ਟਾਂ ’ਚੋਂ ਕੱਢਣ ਲਈ ਉਸ ਨਾਲ਼ ਵਿਆਹ ਕਰਨ ਦਾ ਮਨ ਬਣਾਉਂਦਾ ਹੈ। ਪਰ ਉਸਦੇ ਮਾਂ–ਪਿਉ ਉਸਨੂੰ ਵਿਧਵਾ ਨਾਲ਼ ਵਿਆਹੁਣ ਦੇ ਹੱਕ ਵਿਚ ਨਹੀਂ… ।
ਬਿਰਤਾਂਤਕਾਰ ਨੇ ਦੋਨਾਂ ਦੇਸ਼ਾਂ ਦੇ ਫੌਜੀ–ਪ੍ਰਬੰਧਾਂ ਬਾਰੇ ਵੀ ਗੱਲ ਕੀਤੀ ਹੈ। ਕਨੇਡਾ ਦੇ ਸਾਰੇ ਫੌਜੀਆਂ ਨੂੰ ਖਾਣਾ ਇੱਕੋ ਜਿਹਾ ਮਿਲ਼ਦਾ ਹੈ। ਪਰ ਭਾਰਤੀ ਫੌਜ ਵਿਚ ਅਫਸਰਾਂ ਤੇ ਹੇਠਲੇ ਰੈਂਕਾਂ ਦੇ ਖਾਣਿਆਂ ਵਿਚ ਫਰਕ ਰੱਖਿਆ ਜਾਂਦਾ ਹੈ।
ਕਨੇਡੀਅਨ ਫੌਜੀ ਵਿਧਵਾਵਾਂ ਦੇ ਮੁਕਾਬਲੇ, ਭਾਰਤੀ ਫੌਜੀ ਵਿਧਵਾਵਾਂ ਦੀ ਜ਼ਿੰਦਗੀ ਜ਼ਿਆਦਾ ਔਕੜਾਂ ਵਾਲ਼ੀ ਹੈ। ਨੈਨਸੀ ਦੀ ਵਿਧਵਾ ਪੈਨਸ਼ਨ ਚੋਖੀ ਹੈ। ਫੌਜ ਤੋਂ ਡਿਸਚਾਰਜ ਲੈਣ ਬਾਅਦ ਉਸਨੂੰ ਹੋਰ ਜੌਬ ਮਿਲ਼ ਜਾਣੀ ਹੈ। ਉਸਨੂੰ ਪਰਿਵਾਰ ਤੇ ਸਮਾਜ ਵੱਲੋਂ ਕੋਈ ਪ੍ਰੇਸ਼ਾਨੀ ਨਹੀਂ। ਜੀਤਾਂ ਦੀ ਪੈਨਸ਼ਨ ਥੋੜ੍ਹੀ ਹੈ। ਪਰਿਵਾਰ ਤੇ ਸਮਾਜ ਉਸਦੀਆਂ ਔਕੜਾਂ ਘਟਾ ਨਹੀਂ, ਵਧਾ ਰਹੇ ਹਨ।
ਜੀਤਾਂ ਦੇ ਪਤੀ ਨਵਤੇਜ ਨੂੰ ਮਾਰਨ ਵਾਲ਼ੀ ਜੰਗ ਸਿਰਫ ਦੋ ਹਫਤੇ ਚੱਲੀ ਸੀ। ਪਰ ਜੀਤਾਂ ਦੀ ਜੰਗ ਉਸਦੀ ਜ਼ਿੰਦਗੀ ਦੇ ਅੰਤ ਤੱਕ ਚੱਲੇਗੀ। ਇਸ ਜੰਗ ਵਿਚ, ਪਤਾ ਨਹੀਂ ਉਸਨੂੰ ਕਿੰਨੀ ਵਾਰ ਮਰਨਾ ਪਏਗਾ।
ਕਹਾਣੀ ‘ਕਾਲ਼ੇ ਵਰਕੇ’
ਕਨੇਡਾ ਦੇ ਨੇਟਿਵਾਂ ਨਾਲ਼ ਗੋਰੇ ਬਸਤੀਵਾਦੀਆਂ ਵੱਲੋਂ ਹੋਏ ਅਣਮਨੁੱਖੀ ਵਿਹਾਰ ਬਾਰੇ ਕਹਾਣੀ ਲਿਖਣ ਦੀ ਇੱਛਾ ਤਾਂ ਸੀ ਪਰ ਇਨ੍ਹਾਂ ਦਾ ਇਤਿਹਾਸ ਖਿੱਲਰਵਾਂ ਜਿਹਾ ਹੋਣ ਕਰਕੇ ਸਮਝ ਨਹੀਂ ਸੀ ਆ ਰਹੀ ਕਿ ਇਤਿਹਾਸ ਦਾ ਕਿਹੜਾ ਅਧਿਆਇ ਵਧੇਰੇ ਢੁਕਵਾਂ ਹੋਵੇਗਾ। ਮੇਰੀ ਨੇਟਿਵਾਂ ਤੱਕ ਪਹੁੰਚ ਵੀ ਨਹੀਂ ਸੀ ਬਣੀ। ਉਨਟੇਰੀਓ ਦੇ ਇਕ ਬੈਂਡ (ਕਬੀਲੇ) ਵਿਚ ਗਿਆ ਤਾਂ ਸਾਂ ਪਰ ਉੱਥੇ ਕਿਸੇ ਨਾਲ਼ ਨਿੱਠ ਕੇ ਗੱਲ ਨਾ ਹੋ ਸਕੀ।
ਕੁਲਵੰਤ ਦੇ ਤਾਏ ਦੀ ਪੋਤਰੀ ਪਿੱਕੂ ਮੁਲਤਾਨੀ ਪਹਿਲਾਂ ਏਥੇ ਕਾਂਊਂਸਲਿੰਗ ਦੀ ਜੌਬ ਕਰਦੀ ਸੀ। ਫਿਰ ਉਸਦਾ ਪਰਿਵਾਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਚਲਾ ਗਿਆ। ਉੱਥੇ ਉਸਨੇ ਕੁਝ ਅਰਸਾ ਘਰੇਲੂ ਝਗੜਿਆਂ ਅਤੇ ਤਲਾਕ ਨਾਲ਼ ਸੰਬੰਧਿਤ ਔਰਤਾਂ ਦੀ ਕਾਂਊਂਸਲਿੰਗ ਕੀਤੀ। ਤੇ ਫਿਰ ਉਸਦੀ ਡਿਊਟੀ ਨੇਟਿਵ ਭਾਈਚਾਰੇ ਦੇ ਪੀੜਤ ਵਿਅਕਤੀਆਂ ਦੀ ਕਾਂਊਂਸਲਿੰਗ ’ਤੇ ਲੱਗ ਗਈ। ਮੈਂ ਆਪਣੀ ਇੱਛਾ ਬਾਰੇ ਉਸਨੂੰ ਫੋਨ ਕੀਤਾ। ਉਸਨੇ ‘ਇੰਡੀਅਨ ਰੈਜ਼ੀਡੈਂਸ਼ਿਅਲ ਸਕੂਲਾਂ’ (Indian Residential Schools) ਦੇ ਅਧਿਆਇ ਦਾ ਸੁਝਾਅ ਦਿੱਤਾ।
ਕਨੇਡਾ ਵਿਚ ਲਾਇਬਰੇਰੀਆਂ ਦਾ ਸਿਸਟਮ ਵਧੀਆ ਹੈ। ਤੁਸੀਂ ਮਜ਼ਮੂਨ ਦੱਸੋ। ਉਹ ਕੰਪਿਊਟਰ ਵਿੱਚੋਂ ਕਿਤਾਬਾਂ ਦੇ ਨਾਂ ਲੱਭ ਕੇ ਤੁਹਾਨੂੰ ਰੈਕ ਨੰਬਰ ਦੱਸ ਦੇਣਗੇ। ਜੇ ਸਹਾਇਤਾ ਮੰਗੋ ਤਾਂ ਰੈਕਾਂ ਤੋਂ ਕਿਤਾਬਾਂ ਚੁੱਕ ਕੇ ਲਿਆ ਵੀ ਦਿੰਦੇ ਹਨ। ਸੋ ਮੈਂ ਸੰਬੰਧਿਤ ਕਿਤਾਬਾਂ ਇਸ਼ੂ ਕਰਵਾ ਕੇ ਪੜ੍ਹਨ ’ਚ ਰੁਝ ਗਿਆ। ਉਨ੍ਹਾਂ ਕਿਤਾਬਾਂ ਵਿਚ ਉਪ੍ਰੋਕਤ ਸਕੂਲਾਂ ਦੇ ਸਾਬਕਾ ਵਿਦਿਆਰਥੀਆਂ ਦੀਆਂ ਲੂੰ ਖੜ੍ਹੇ ਕਰਨ ਵਾਲ਼ੀਆਂ ਅਨੇਕ ਦੁਖਾਂਤਿਕ ਘਟਨਾਵਾਂ ਦਰਜ ਸਨ। ਕਨੇਡਾ ਦੇ ਇਤਿਹਾਸ ਦੇ ਉਸ ਕਾਲ਼ੇ ਅਧਿਆਇ ਦਾ ਸਾਰ ਅੰਸ਼:
ਅੰਗ੍ਰੇਜ਼ ਬਸਤੀਵਾਦੀਆਂ ਵੱਲੋਂ ਕਨੇਡਾ ਦੇ ਨੇਟਿਵ ਲੋਕਾਂ ਨੂੰ ਯੂਰਪੀਨ–ਕਨੇਡੀਅਨ ਜੀਵਨ ਸ਼ੈਲੀ ’ਚ ਢਾਲਣ ਲਈ ਸਾਰੇ ਕਨੇਡਾ ਵਿਚ 130 ‘ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ’ ਖੋਲ੍ਹੇ ਗਏ। ਹਰ ਨੇਟਿਵ ਬੱਚੇ ਦਾ ਉਨ੍ਹਾਂ ਸਕੂਲਾਂ ਵਿਚ ਦਾਖਲ ਹੋਣਾ ਲਾਜ਼ਮੀ ਸੀ। ਹੋਸਟਲਾਂ ਵਾਲ਼ੇ ਉਨ੍ਹਾਂ ਸਕੂਲਾਂ ਵਾਸਤੇ ਪੈਸਾ ਕਨੇਡਾ ਸਰਕਾਰ ਮੁਹੱਈਆ ਕਰਦੀ ਸੀ। ਸਕੂਲਾਂ ਦਾ ਪ੍ਰਬੰਧ ਅਤੇ ਪੜ੍ਹਾਉਣ ਦਾ ਕਾਰਜ ਕੈਥੋਲਿਕ ਚਰਚ ਅਤੇ ਐਂਗਲੀਕਨ ਚਰਚ ਦੀਆਂ ਸੰਸਥਾਵਾਂ ਕਰਦੀਆਂ ਸਨ। ਇਸ ਪਿੱਛੇ ਮੰਤਵ ਨੇਟਿਵਾਂ ਨੂੰ ਈਸਾਈ ਬਣਾਉਣਾ ਸੀ। ਬੱਚਿਆਂ ਨੂੰ 10 ਮਹੀਨੇ ਸਕੂਲਾਂ ’ਚ ਸਖਤ ਡਸਿਪਲਿਨ ਹੇਠ ਰੱਖਿਆ ਜਾਂਦਾ ਸੀ। ਸਿਰਫ ਦੋ ਮਹੀਨੇ ਉਹ ਆਪਣੇ ਮਾਪਿਆਂ ਕੋਲ਼ ਜਾ ਸਕਦੇ ਸਨ। ਸਕੂਲਾਂ ਦੇ ਨਿਯਮ ਅਤੀ ਕਠੋਰ ਸਨ। ਬੱਚੇ ਆਪਣੀ ਭਾਸ਼ਾ ਵਿਚ ਗਲ ਨਹੀਂ ਸਨ ਕਰ ਸਕਦੇ। ਆਪਸ ਵਿਚ ਵੀ ਉਨ੍ਹਾਂ ਨੂੰ ਅੰਗ੍ਰੇਜ਼ੀ ’ਚ ਹੀ ਗੱਲ ਕਰਨੀ ਪੈਂਦੀ ਸੀ। ਉਹ ਆਪਣੇ ਢੰਗ ਦੀ ਪੁਸ਼ਾਕ ਨਹੀਂ ਸੀ ਪਾ ਸਕਦੇ। ਆਪਣੇ ਸਭਿਆਚਾਰ ਤੇ ਰੀਤੀ–ਰਿਵਾਜ਼ਾਂ ਨਾਲ਼ ਕੋਈ ਸੰਬੰਧ ਨਹੀਂ ਸਨ ਰੱਖ ਸਕਦੇ। ਸਕੂਲਾਂ ਦੀ ਬੱਚਿਆਂ ਦੇ ਮਾਪਿਆਂ ਨਾਲ਼ ਖਤੋਖਿਤਾਬਤ ਅੰਗ੍ਰੇਜ਼ੀ ਵਿਚ ਹੀ ਹੁੰਦੀ ਸੀ। ਪਰ ਉਹ ਅੰਗ੍ਰੇਜ਼ੀ ਜਾਣਦੇ ਨਹੀਂ ਸਨ।
ਨੇਟਿਵਾਂ ਦੀ ਭਾਸ਼ਾ, ਸਭਿਆਚਾਰ ਤੇ ਕਦਰਾਂ–ਕੀਮਤਾਂ ਨੂੰ ਤਹਿਸ–ਨਹਿਸ ਕਰਨ ਵਾਲ਼ਾ ਇਹ ਦਹਿਸ਼ਤ ਭਰਿਆ ਦੌਰ 100 ਸਾਲ ਤੋਂ ਵੱਧ ਸਮੇਂ ਤੱਕ ਚਲਦਾ ਰਿਹਾ। ਪਹਿਲਾ ਸਕੂਲ 1876 ਵਿਚ ਖੁੱਲ੍ਹਿਆ ਸੀ ਤੇ ਆਖਰੀ ਸਕੂਲ 1996 ਵਿਚ ਬੰਦ ਹੋਇਆ।
ਇਨ੍ਹਾਂ ਸਕੂਲਾਂ ’ਚ ਪੜ੍ਹਦੇ ਲੜਕੇ–ਲੜਕੀਆਂ ਨਾਲ਼ ਅਣਗਿਣਤ ਬੇਇਨਸਾਫੀਆਂ, ਹੇਠੀਆਂ ਤੇ ਬਦਸਲੂਕੀਆਂ ਹੋਈਆਂ। ਉਨ੍ਹਾਂ ਦਾ ਸਰੀਰਕ, ਮਾਨਸਿਕ ਤੇ ਜਿਨਸੀ ਸੋਸ਼ਣ ਕੀਤਾ ਗਿਆ। ਉਸ ਅਣਮਨੁੱਖੀ ਵਿਵਹਾਰ ਦੀਆਂ ਦੱਬੀਆਂ–ਘੱਟੀਆਂ ਸ਼ਿਕਾਇਤਾਂ ਆਖਰ ਲਾਵੇ ਵਾਂਗ ਫੁੱਟ ਪਈਆਂ। ਇੰਕੁਆਇਰੀਆਂ, ਪੜਤਾਲਾਂ ਹੋਈਆਂ। ਆਖਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ।
ਪੀੜਤ ਸਾਬਕਾ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਹੋ ਗਿਆ।
2008 ਵਿਚ ਕਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪਾਰਲੀਮੈਂਟ ਵਿਚ ਨੇਟਿਵ ਭਾਈਚਾਰੇ ਤੋਂ ਮੁਆਫੀ ਮੰਗੀ।
ਉਪ੍ਰੋਕਤ ਸਕੂਲਾਂ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਮੇਰਾ ਅਗਲਾ ਯਤਨ ਕਿਸੇ ਸਾਬਕਾ ਵਿਦਿਆਰਥੀ ਨੂੰ ਮਿਲਣਾ ਸੀ। 2011 ਵਿਚ ਸਬੱਬ ਬਣ ਗਿਆ। ਸਾਹਿਤ ਸਭਾ ਕੈਲਗਰੀ ਨੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ। ਸਭਾ ਨੇ ਉਸ ਸਾਲ ਦੇ ‘ਇਕਬਾਲ ਅਰਪਨ ਯਾਦਗਾਰੀ ਐਵਾਰਡ; ਵਾਸਤੇ ਮੈਨੂੰ ਚੁਣਿਆਂ। ਇੰਡੀਆ, ਅਮਰੀਕਾ ਤੇ ਕਨੇਡਾ ਦੇ ਹੋਰ ਸ਼ਹਿਰਾਂ ਦੇ ਸਾਹਿਤਕਾਰਾਂ ਤੋਂ ਇਲਾਵਾ ਵੈਨਕੂਵਰ ਤੋਂ ਸਾਧੂ ਬਿਨਿੰਗ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ ਵੀ ਸ਼ਾਮਲ ਹੋਏ। ਇਨ੍ਹਾਂ ਸੱਜਣਾਂ ਨੇ ਵਾਪਸੀ ’ਤੇ ਕੈਮਲੂਪਸ ਵਿੱਚੀਂ ਲੰਘਣਾ ਸੀ। ਉਨ੍ਹਾਂ ਦੀ ਵੈਨ ਵਿਚ ਮੈਨੂੰ ਵੀ ਰਾਈਡ ਮਿਲ਼ ਗਈ। ਤੇ ਮਂ ਪਿੱਕੂ ਮੁਲਤਾਨੀ ਹੁਰਾਂ ਕੋਲ਼ ਪਹੁੰਚ ਗਿਆ। ਕੈਮਲੂਪਸ ਵਿਚ ਸਾਹਿਤਕਾਰ ਦੋਸਤ ਸੁਰਿੰਦਰ ਧੰਜਲ ਨਾਲ਼ ਵੀ ਮੁਲਾਕਾਤ ਹੋਈ।
ਪਹਿਲਾਂ ਹੀ ਬਣਾਏ ਪ੍ਰੋਗਰਾਮ ਅਨੁਸਾਰ ਪਿੱਕੂ ਮੈਨੂੰ ਇਕ ਬੈਂਡ ’ਚ ‘ਇੰਡੀਅਨ ਰੈਜ਼ਿਡੈਂਸ਼ਿਅਲ ਸਕੂਲ’ ਦੇ ਸਾਬਕਾ ਵਿਦਿਆਰਥੀ ਦੇ ਘਰ ਲੈ ਗਈ। ਪਿੱਕੂ ਨੇ ਮੇਰੇ ਬਾਰੇ ਉਸਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ। 55 ਕੁ ਸਾਲ ਦੇ ਉਸ ਨੇਟਿਵ ਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਖਿਆ ਕਿ ਉਸਦੇ ਤੇ ਉਨ੍ਹਾਂ ਦੇ ਬੈਂਡ ਦੇ ਨਾਂ ਕਹਾਣੀ ਵਿਚ ਨਹੀਂ ਵਰਤੇ ਜਾਣੇ ਚਾਹੀਦੇ।
ਮੈਂ ਕਿਹਾ, “ਕਿਸੇ ਵਾਰਤਾ ਤੇ ਉਸ ਨਾਲ਼ ਸੰਬੰਧਿਤ ਵਿਅਕਤੀਆਂ ਦੀ ਹੂ ਬ ਹੂ ਲਿਖਤ ਕਹਾਣੀ ਨਹੀਂ ਹੁੰਦੀ। ਮੈਨੂੰ ਤਾਂ ਸਿਰਫ ਕਹਾਣੀ ਦੇ ਮੁੱਖ ਪਾਤਰ ਦਾ ਆਧਾਰ ਚਾਹੀਦੈ। ਤੁਹਾਡੀ ਵਾਰਤਾ ਦੇ ਵੀ ਕੁਝ ਕੁ ਅੰਸ਼ ਹੀ ਵਰਤਾਂਗਾ, ਮੈਂ ਜੋ ਕਿਤਾਬਾਂ ’ਚ ਪੜ੍ਹਿਆ ਤੇ ਜੋ ਹੁਣ ਤੁਹਾਥੋਂ ਸੁਣਨਾ ਹੈ ਉਸ ਸਾਰੇ ਕੁਝ ਨੂੰ ਨਵੇਂ ਰੂਪ ’ਚ ਪੇਸ਼ ਕਰਨਾ ਹੈ।”
ਨਸਲਕੁਸ਼ੀ ਦਾ ਸ਼ਿਕਾਰ ਹੋਏ ੳਸ ਪੀੜਤ ਦੇ ਰੂਹ–ਨਪੀੜਵੇਂ ਅਨੁਭਵ ਸੁਣਨ ਸਮੇਂ ਮੈਂ ਉਸ ਅੰਦਰਲੇ ਜ਼ਖਮਾਂ ਦੀ ਪੀੜ ਦੇ ਅਕਸ ਵੀ ਉਸਦੇ ਚਿਹਰੇ ’ਤੇ ਵੇਖਣੇ ਚਾਹੁੰਦਾ ਸਾਂ।
ਪਾਠਕਾਂ ਦੀ ਸਹੂਲਤ ਵਾਸਤੇ ਉਸ ਨੇਟਿਵ ਦਾ ਨਾਂ ਪਾਰਕਰ ਰੱਖ ਲੈਂਦੇ ਹਾਂ। ਪਾਰਕਰ ਨੇ ਸਕੂਲ ਵਿਚ ਆਪਣੇ ਨਾਲ਼ ਹੋਈਆਂ ਬੇਇਨਸਾਫੀਆਂ, ਹਤਕਾਂ–ਹੇਠੀਆਂ ਅਤੇ ਇਕ ਅਧਿਆਪਕ ਵੱਲੋਂ ਕੀਤੀ ਬਦਫੈਲੀ ਬਾਰੇ ਦੱਸਿਆ। ਉਸਨੇ ਆਪਣੇ ਵੱਡੇ ਭਰਾ ਤੇ ਚਚੇਰੀ ਭੈਣ ਦੇ ਦੁਖਾਂਤ ਵੀ ਫੋਲੇ। ਉਸਦਾ ਵੱਡਾ ਭਰਾ ਨਰਕ ਵਰਗੀ ਜ਼ਿੰਦਗੀ ਤੋਂ ਦੁਖੀ ਹੋ ਕੇ ਸਕੂਲੋਂ ਭੱਜ ਉੱਠਿਆ ਸੀ। ਉਸਨੂੰ ਕਾਬੂ ਕਰਕੇ ਪ੍ਰਿੰਸੀਪਲ ਨੇ ਉਸਨੂੰ ਬੇਰਹਿਮੀ ਨਾਲ਼ ਕੁੱਟਿਆ ਤੇ ਉਸ ਦੀ ਖੁਰਾਕ ਘਟਾ ਦਿੱਤੀ… । ਗੱਲਾਂ ਕਰਦਿਆਂ ਉਹ ਕਈ ਵਾਰ ਕ੍ਰੋਧਿਤ ਵੀ ਹੋਇਆ ਤੇ ਭਾਵੁਕ ਵੀ। ਚਚੇਰੀ ਭੈਣ ਬਾਰੇ ਦਸਦਿਆਂ ਉਸਦੀਆਂ ਅੱਖਾਂ ਕਈ ਵਾਰ ਛਲਕੀਆਂ। ਉਨ੍ਹਾਂ ਵਿਚ ਸਕੇ ਭੈਣ–ਭਰਾਵਾਂ ਵਰਗਾ ਪਿਆਰ ਸੀ। ਉਸਦੇ ਚਾਚੇ ਦੀ ਇੱਕੋ–ਇੱਕ ਸੰਤਾਨ ਸੀ ਉਹ। ਉਸਦਾ ਅਸਲੀ ਨਾਂ ਤਾਂ ਹੋਰ ਸੀ ਪਰ ਸੁਨੱਖੀ ਹੋਣ ਕਰਕੇ ਦਾਦੀ ਨੇ ਉਸਦਾ ਨਾਂ ਆਪਣੇ ਕਬੀਲੇ ਦੀ ਨੇਟਿਵ ਭਾਸ਼ਾ ਵਿਚ ‘ਅਪੋਨੀ’ (ਤਿਤਲੀ) ਰੱਖਿਆ ਹੋਇਆ ਸੀ। ਅਪੋਨੀ ਦੇ ਪ੍ਰਿੰਸੀਪਲ ਨੇ ਉਸਦਾ ਜਿਨਸੀ ਸੋਸ਼ਣ ਕੀਤਾ। ਅਪੋਨੀ ਨੇ ਵਿਆਹ ਤਾਂ ਕਰਵਾ ਲਿਆ ਪਰ ਮਨ ’ਚ ਪਈਆਂ, ਜਲਾਲਤ ਅਤੇ ਦੁਰਗਤ ਦੀਆਂ, ਗੁੰਝਲਾਂ ਕਾਰਨ ਵਿਆਹੁਤਾ ਜ਼ਿਦੰਗੀ ਡਾਵਾਂਡੋਲ ਹੋ ਗਈ। ਝੋਰੇ ਵਿਚ ਗੋਤੇ ਖਾਂਦਿਆ ਉਸਨੇ ਆਤਮਹੱਤਿਆ ਕਰ ਲਈ। ਉਨ੍ਹਾਂ ਦੇ ਪਰਿਵਾਰ ਲਈ ਬਹੁਤ ਗਹਿਰਾ ਸਦਮਾ ਸੀ ਇਹ। ਅਪੋਨੀ ਦੇ ਸੰਤਾਪ ਦੀ ਗਾਥਾ ਸੁਣਦਿਆਂ ਮੇਰੀਆਂ ਤੇ ਪਿੱਕੂ ਦੀਆਂ ਅੱਖਾਂ ਨਮ ਹੋ ਗਈਆਂ।
ਪਿੱਕੂ ਖਾਣ–ਪੀਣ ਲਈ ‘ਟਿਮ ਹੌਰਟਨ ਕੌਫੀ ਹਾਊਸ’ ਤੋਂ ਕੁਝ ਚੀਜ਼ਾ ਲੈ ਗਈ ਸੀ। ਪਰ ਮਾਹੌਲ ਏਨਾ ਗਮਰੀਨ ਬਣ ਗਿਆ ਕਿ ਸਾਡਾ ਤਿੰਨਾਂ ਦਾ ਖਾਣ ਨੂੰ ਦਿਲ ਹੀ ਨਾ ਕੀਤਾ, ਬੱਸ ਕੌਫੀ ਹੀ ਪੀ ਸਕੇ। ਪਿੱਕੂ ਨੂੰ ਤਾਂ ਪਾਰਕਰ ਦੇ ਕੇਸ ਬਾਰੇ ਪਹਿਲਾਂ ਹੀ ਪਤਾ ਸੀ। ਮੈਂ ਵੀ ਕਿਤਾਬਾਂ ਵਿਚ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਪੜ੍ਹੀਆਂ ਹੋਈਆਂ ਸਨ। ਪਰ ਹੁਣ ਪਾਰਕਰ ਤੇ ਉਸਦੇ ਪਰਿਵਾਰ ਦੀ ਬਰਬਾਦੀ ਦੀ ਰੂਹ–ਕੰਬਾਊ ਤ੍ਰਾਸਦੀ ਸੁਣਦਿਆਂ ਅਤੇ ਉਸਦੇ ਚਿਹਰੇ ’ਤੇ ਪ੍ਰਤੀਬਿੰਬਤ ਹੁੰਦੀ ਅੰਦਰਲੀ ਪੀੜ ਨੂੰ ਵੇਖਦਿਆਂ ਮੈਂ ਉਦਾਸੀ ਵਿਚ ਡੁੱਬ ਗਿਆ। ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਅਸੀਂ ਉਸਦਾ ਧੰਨਵਾਦ ਕੀਤਾ ਅਤੇ ਉੱਠ ਪਏ। ਕਾਰ ’ਚ ਬੈਠਣ ਲੱਗਿਆਂ ਮੇਰੇ ਅੰਦਰੋਂ ਹੇਜ ਦਾ ਉਛਾਲ਼ਾ ਵੱਜਾ ਤੇ ਮੈਂ ਉਸਨੂੰ ਜੱਫੀ ਪਾ ਲਈ। ਉਸਦੀਆਂ ਬਾਹਾਂ ਵੀ ਮੇਰੇ ਦੁਆਲ਼ੇ ਲਿਪਟ ਗਈਆਂ… ।
ਕੈਮਲੂਪਸ ਦਾ ਟਰਿੱਪ ਮੇਰੀ ਆਸ ਤੋਂ ਵੱਧ ਲਾਹੇਵੰਦ ਹੋਇਆ। ਇਕ ਪਾਤਰ ਦਾ ਆਧਾਰ ਲੱਭਣ ਗਿਆ ਸਾਂ। ਤਿੰਨ ਪਾਤਰਾਂ ਦੇ ਆਧਾਰ ਮਿਲ਼ ਗਏ।
ਅਗਲੇ ਦਿਨ ਮੈਂ ਬੱਸ ਫੜੀ ਅਤੇ ਐਬਸਫੋਰਡ ਸ਼ਹਿਰ ’ਚ ਆਪਣੇ ਭਤੀਜੇ ਮਨਜੀਤ ਸਿੰਘ ਦੇ ਘਰ ਪਹੁੰਚ ਗਿਆ। ਦੂਜਾ ਭਤੀਜਾ ਗੁਰਦੇਵ ਸਿੰਘ (ਵੱਡੇ ਭਰਾ ਦਾ ਬੇਟਾ) ਸਰੀ ’ਚ ਸੀ। ਸਰੀ ’ਚ ਹੋਰ ਵੀ ਰਿਸ਼ਤੇਦਾਰ ਸਨ। ਕੁਝ ਦਿਨ ਸਾਰਿਆਂ ਨਾਲ਼ ਮੇਲੇ–ਗੇਲੇ ਕਰਕੇ ਟਰਾਂਟੋ ਪਰਤ ਆੲਅਿ।
ਕੁਝ ਅਰਸੇ ਬਾਅਦ ਜਦੋਂ ਕਹਾਣੀ ਮਨ ’ਚ ਪੱਕ ਗਈ ਤਾਂ ਲਿਖਣ ਵਿਚ ਖੁੱਭ ਗਿਆ। ਪਾਰਕਰ ਵਿੱਚੋਂ ਮਾਈਕਲ, ਅਪੋਨੀ ਵਿੱਚੋਂ ਰੋਜ਼ੈਨ ਤੇ ਪਾਰਕਰ ਦੇ ਭਰਾ ਵਿੱਚੋਂ ਡਿੱਕ ਦੇ ਪਾਤਰ ਉਸਾਰ ਲਏ। ਕਹਾਣੀ ਵਿਚ ਡਿੱਕ ਦਾ ਮਾਈਕਲ ਨਾਲ਼ ਕੋਈ ਰਿਸ਼ਤਾ ਨਹੀਂ।
ਮਾਈਕਲ ਕਹਾਣੀ ਦਾ ਮੁੱਖ ਪਾਤਰ ਹੈ ਤੇ ਰੋਜ਼ੈਨ ਉਸਦੀ ਸਕੀ ਭੈਣ। ਸਰਕਾਰੀ ਹੁਕਮਾਂ ਅਨੁਸਾਰ ਉਨ੍ਹਾਂ ਦੇ ਡੈਡ–ਮੌਮ ਉਨ੍ਹਾਂ ਨੂੰ ਇਕ ਇੰਡੀਅਨ ਰੈਜ਼ੀਡੈਂਸ਼ਿਅਲ ਸਕੂਲ ’ਚ ਭੇਜ ਦਿੰਦੇ ਹਨ। ਮੌਮ–ਡੈਡ ਦੇ ਮਨਾਂ ਵਿਚ ਉਦਾਸੀ ਵੀ ਹੈ ਤੇ ਬੱਚਿਆਂ ਦੇ ਬਿਹਤਰ ਭੱਵਿਖ ਦਾ ਸੁਪਨਾ ਵੀ।
ਆਪਣੇ ਇਲਾਕੇ ਵਿਚ ਝੀਲਾਂ, ਦਰਿਆਵਾਂ, ਜੰਗਲਾਂ, ਪੰਛੀਆਂ ਤੇ ਜਾਨਵਰਾਂ ਦੇ ਇਰਦ–ਗਿਰਦ ਬੇਪ੍ਰਵਾਹ ਜ਼ਿੰਦਗੀ ਮਾਣਦੇ ਬੱਚਿਆਂ ਲਈ ਜ਼ਿਹਲ ਵਰਗੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਅਤਿ ਕਠੋਰ ਡਸਿਪਲਿਨ ਵਿਚ ਸਕੂਲ ਦੇ ਸਾਰੇ ਬੱਚੇ ਆਪਣੀ ਭਾਸ਼ਾ, ਕਲਚਰ, ਖੁਰਾਕ ਤੇ ਪਹਿਰਾਵੇ ਤੋਂ ਵੰਚਿਤ ਹੋ ਜਾਂਦੇ ਹਨ। ਉਨ੍ਹਾਂ ਤੇ ਈਸਾਈ ਧਰਮ ਦੀਆਂ ਪ੍ਰਾਰਥਨਾਵਾਂ ਠੋਸੀਆਂ ਜਾਂਦੀਆਂ ਹਨ।
ਇੱਕ ਦਿਨ ਜਦੋਂ ਮਾਈਕਲ ਤੇ ਉਸਦਾ ਦੋਸਤ ਅਰਨੀ ਫੋਰਟੀਅਰ ਸਕੂਲ ਦੀ ਮੈੱਸ ਦੇ ਠੰਢੇ ਆਲੂਆਂ, ਸੁੱਕੇ ਜਿਹੇ ਬੇਲੱਜਤ ਮੀਟ, ਢੇਰ ਸਾਰੇ ਪਾਣੀ ’ਚ ਰਿੰਨ੍ਹੀ ਮੱਛੀ, ਫਿਕਲੀਆਂ ਸਬਜ਼ੀਆਂ ਤੇ ਪਾਊਡਰ ਦੁੱਧ ਦੀ ਨੁਕਤਾਚੀਨੀ ਕਰ ਰਹੇ ਹਨ ਤਾਂ ਖੇਡਾਂ ਦਾ ਅਧਿਆਪਕ ਅਲਬਰਟ ਸੁਣ ਲੈਂਦਾ ਹੈ। ਤਲਖ ਹੋ ਕੇ ਉਹ ਆਖਦਾ ਹੈ, “ਤੁਸੀਂ ਦੋ ਕਸੂਰ ਕੀਤੇ ਹਨ— ਮੈੱਸ ਦੇ ਖਾਣਿਆਂ ਦੀ ਨੁਕਤਾਚੀਨੀ ਅਤੇ ਆਪਣੀ ਭਾਸ਼ਾ ਵਿਚ ਗੱਲਾਂ। ਉਹ ਦੋਨਾਂ ਬੱਚਿਆਂ ਨੂੰ ਚਮੜੇ ਦੇ ਪਟੇ ਨਾਲ਼ ਏਨਾ ਕੁੱਟਦਾ ਹੈ ਕਿ ਉਹ ਵਿਚਾਰੇ ਕਈ ਰਾਤਾਂ ਬਰੜਾ–ਬਰੜਾ ਉੱਠਦੇ ਰਹੇ। ਅਧਿਆਪਕਾਂ ਦੇ ਜ਼ਾਲਮਾਨਾ ਵਿਹਾਰ ਦੇ ਕੁਝ ਹੋਰ ਵਾਕਿਆ ਵੀ ਕਹਾਣੀ ਵਿਚ ਪੇਸ਼ ਹਨ।
ਡਿੱਕ ਦਾ ਸੰਬੰਧ ਕਿਸੇ ਹੋਰ ਕਬੀਲੇ ਤੇ ਹੋਰ ਸਕੂਲ ਨਾਲ਼ ਹੈ। ਉਹ ਨਰਕ ਵਰਗੀ ਜ਼ਿੰਦਗੀ ਤੋਂ ਦੁਖੀ ਹੋ ਕੇ ਸਕੂਲੋਂ ਭੱਜ ਉੱਠਦਾ ਹੈ। ਪੁਲਿਸ ਉਸਨੂੰ ਫੜ ਕੇ ਸਕੂਲ ਦੇ ਹਵਾਲੇ ਕਰ ਦੇਂਦੀ ਹੈ। ਪ੍ਰਿੰਸੀਪਲ ਉਸਨੂੰ ਬੁਰੀ ਤਰ੍ਹਾਂ ਕੁੱਟਦਾ ਹੈ ਤੇ ਉਸਦੀ ਖੁਰਾਕ ਘਟਾ ਦੇਂਦਾ ਹੈ। ਰੱਜਵੀਂ ਰੋਟੀ ਨਾ ਮਿਲਣ ਦੀ ਸਜ਼ਾ ਉਸਦੇ ਹਿਰਦੇ ਵਿਚ ਖੁਣੀ ਜਾਂਦੀ ਹੈ। ‘ਉਹ ਸਜ਼ਾ ਨਹੀਂ ਜ਼ੁਲਮ ਸੀ।’ ਹਰ ਦਮ ਹਿਰਦੇ ਨੂੰ ਵਿਨ੍ਹਦੀ ਇਸ ਰੰਜਸ਼ ਕਾਰਨ ਉਸਦੀ ਥੋੜ੍ਹੀ ਉਮਰ ’ਚ ਹੀ ਮੌਤ ਹੋ ਜਾਂਦੀ ਹੈ। ਉਸਦੀ ਵਿਧਵਾ ਬਰੈਂਡਾ, ਮਾਈਕਲ ਨਾਲ਼ ਸੰਬੰਧ ਬਣਾਉਂਦੀ ਹੈ। ਪਰ ਉਹ ਸੰਬੰਧ ਥੋੜ੍ਹ–ਚਿਰਾ ਹੀ ਹੈ।
ਮਾਈਕਲ ਆਪਣੇ ਕਾਂਊਂਸਲਰ ਨੂੰ ਦੱਸਦਾ ਹੈ, “ਸਕੂਲ ਵਿਚ ਨਿੱਤ ਦੇ ਕੰਮ ਪ੍ਰੇਰਨਾ ਨਾਲ਼ ਨਹੀਂ ਹੁਕਮ ਨਾਲ਼ ਕਰਵਾਏ ਜਾਂਦੇ ਸਨ, ਜਿਸ ਕਰਕੇ ਅਸੀਂ ਪਹਿਲ- ਕਦਮੀ, ਉੱਦਮ ਤੇ ਉਤਸ਼ਾਹ ਵਰਗੇ ਕੋਈ ਵੀ ਗੁਣ ਗ੍ਰਹਿਣ ਨਾ ਕਰ ਸਕੇ।”
ਬੱਚੇ ਆਪਣੇ ਨਾਲ਼ ਹੁੰਦੇ ਅਣਮਨੁੱਖੀ ਵਿਹਾਰ ਬਾਬਤ ਮਾਪਿਆਂ ਨੂੰ ਦੱਸਦੇ ਹਨ। ਪਰ ਉਹ ਸਿੱਧੇ–ਸਾਦੇ ਪ੍ਰਾਣੀ ਸਕੂਲਾਂ ਵਿਚ ਕਰਾਈ ਜਾ ਰਹੀ ਪੜ੍ਹਾਈ ਨੂੰ ਆਪਣੇ ’ਤੇ ਅਹਿਸਾਨ ਸਮਝਦੇ ਹਨ।
ਖੇਡਾਂ ਦਾ ਅਧਿਆਪਕ ਅਲਬਰਟ ਵਿਲੀਅਮ ਨਾਲ਼ ਬਦਫੈਲੀ ਕਰਦਾ ਹੈ। ਰੋਜ਼ੈਨ ਦਾ ਦੁਰਾਚਾਰੀ ਪ੍ਰਿੰਸੀਪਲ ਉਸਦਾ ਜਿਨਸੀ ਸੋਸ਼ਣ ਕਰਦਾ ਹੈ। ਉਹ ਪ੍ਰਿੰਸੀਪਲ ਜਦੋਂ ਰੋਜ਼ੈਨ ਦੀ ਸਹੇਲੀ ਕਲੈਰਾ ’ਤੇ ਕਾਮੁਕ ਹਮਲਾ ਕਰਦਾ ਹੈ ਤਾਂ ਉਹ ਡਟਵਾਂ ਵਿਰੋਧ ਕਰਦੀ ਹੈ। ਪ੍ਰਿੰਸੀਪਲ ਉਸ ਉੱਪਰ ਡਸਿਪਲਿਨ ਭੰਗ ਕਰਨ ਦਾ ਦੋਸ਼ ਲਾ ਕੇ ਉਸਨੂੰ ਸਕੂਲੋਂ ਕੱਢ ਦੇਂਦਾ ਹੈ। ਕਿਸੇ ਹੋਰ ਸਕੂਲ ਦਾ ਨੇਕ ਪ੍ਰਿਸੀਪਲ ਉਸਨੂੰ ਆਪਣੇ ਸਕੂਲ ਵਿਚ ਦਾਖਲ ਕਰ ਲੈਂਦਾ ਹੈ।
ਕਲੈਰਾ ਤੇ ਮਾਈਕਲ ਦੀ ਦੋਸਤੀ ਹੈ। ਉਹ ਮਾਈਕਲ ਨਾਲ਼ ਵਿਆਹ ਕਰਨਾ ਚਾਹੁੰਦੀ ਹੈ। ਪਰ ਉਹ ਟਾਲ਼–ਮਟੋਲ ਕਰਦਾ ਹੈ। ਕਾਰਨ? ਉਹ ਕਲੈਰਾ ਦੇ ਮੁਕਾਬਲੇ ਆਪਣੇ ਆਪ ਨੂੰ ਹੀਣਾ ਸਮਝਦਾ ਹੈ। ਉਹ ਅਧਿਆਪਕ ਅਲਬਰਟ ਦੀਆਂ ਕਾਮੁਕ ਬਦਫੈਲੀਆਂ ਸਾਲਾਂ–ਬੱਧੀ ਸਹਿੰਦਾ ਰਿਹਾ, ਜ਼ਲੀਲ ਹੁੰਦਾ ਰਿਹਾ ਸੀ ਤੇ ਕਲੈਰਾ ਕਾਮੁਕ ਹਮਲਾ ਕਰਨ ਵਾਲ਼ੇ ਪ੍ਰਿੰਸੀਪਲ ’ਤੇ ਸ਼ੇਰਨੀ ਬਣ ਕੇ ਝਪਟ ਪਈ ਸੀ।
ਰੋਜ਼ੈਨ ਦਾ ਦੋ ਵਾਰੀ ਵਿਆਹ ਹੋਇਆ। ਪਰ ਮਾਨਸਿਕ ਤੇ ਭਾਵਨਾਤਮਿਕ ਕਲੇਸ਼ ਕਾਰਨ ਦੋਵੇਂ ਵਿਆਹ ਟੁੱਟ ਜਾਂਦੇ ਹਨ। ਝੂਰਦੀ–ਟੁੱਟਦੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਹੈ… ਤੇ ਡਿਪਰੈਸ਼ਨ ਵਿਚ ਪਿੰਜ ਹੁੰਦੀ ਆਖਰ ਆਤਮਹੱਤਿਆ ਕਰ ਲੈਂਦੀ ਹੈ।
ਜ਼ਲਾਲਤ ਤੇ ਹੀਣਤਾ ਦਾ ਝੰਬਿਆ ਮਾਈਕਲ ਡੂੰਘੇ ਮਨੋ–ਸੰਤਾਪ ਦਾ ਸ਼ਿਕਾਰ ਹੋ ਜਾਂਦਾ ਹੈ।
ਧੀ ਦੀ ਆਤਮਹੱਤਿਆ ਤੇ ਪੁੱਤ ਦੀ ਸੰਤਾਪੀ ਜ਼ਿੰਦਗੀ ਉਨ੍ਹਾਂ ਦੇ ਮਾਪਿਆਂ ਨੂੰ ਅਧਮੋਏ ਕਰ ਦਿੰਦੀ ਹੈ। ਮਾਈਕਲ ਦਾ ਡੈਡ ਸ਼ਰਾਬ ’ਚ ਡੁੱਬ ਕੇ ਖਤਮ ਹੋ ਜਾਂਦਾ ਹੈ। ਸਦਮਿਆਂ ਦੀ ਭੰਨੀ ਹੋਈ ਮਾਂ ਦਾ ਦਿਮਾਗ ਹਿਲ ਜਾਂਦਾ ਹੈ… ਉਸਦੀ ਜੀਵਨ-ਲੀਲ੍ਹਾ ਵੀ ਖਤਮ ਹੋ ਜਾਂਦੀ ਹੈ।
ਹੋਰ ਸਾਬਕਾ ਵਿਦਿਆਰਥੀਆਂ ਵਾਂਗ ਮਾਈਕਲ ਨੂੰ ਵੀ ਸੰਬੰਧਿਤ ਮਹਿਕਮੇ ਵੱਲੋਂ ਮੁਆਵਜ਼ਾ ਕਲੇਮ ਕਰਨ ਲਈ ਫੋਨ ਆਉਂਦਾ ਹੈ। ਪਰਿਵਾਰ ਦੀ ਘੋਰ ਤ੍ਰਾਸਦੀ ਨਾਲ਼ ਵਿਆਕੁਲ ਹੋਇਆ ਮਾਈਕਲ ਚੰਗਿਆੜੇ ਛੱੜਦੀ ਆਵਾਜ਼ ’ਚ ਆਖਦਾ ਹੈ, “ਸਾਡੇ ਜ਼ਖਮ ਬਹੁਤ ਡੂੰਘੇ ਹਨ। ਮੁਆਵਜ਼ੇ ਨਾਲ਼ ਨਹੀਂ ਭਰੇ ਜਾਣੇ। ਇਹ ਤਾਂ ਨੇਟਿਵਾਂ ਦੀਆਂ ਰੂਹਾਂ ’ਤੇ ਸਦੀਆਂ ਤੱਕ ਰਿਸਦੇ ਰਹਿਣਗੇ।”
ਬਹੁਤ ਜ਼ਿਆਦਾ ਅਪਸੈੱਟ ਹੋਣ ਕਰਕੇ ਉਸਦੀ ਕਾਂਊਂਸਲਿੰਗ ਕਰਵਾਉਣ ਦੀ ਤਜਵੀਜ਼ ਬਣਦੀ ਹੈ। ਪੰਜਾਬੀ ਮੂਲ ਦਾ ਕਾਂਊਂਸਲਰ ਗੁਰਬਾਜ਼ ਸਿੰਘ ਸਹੋਤਾ (ਬਾਜ਼) ਮਾਈਕਲ ਦਾ ਚੁਣੌਤੀ ਭਰਿਆ ਕੇਸ ਲੈ ਲੈਂਦਾ ਹੈ। ਕੁਝ ਸੈਸ਼ਨਾਂ ਬਾਅਦ ਮਾਈਕਲ ਕਾਂਊਂਸਲਿੰਗ ਲੈਣ ਤੋਂ ਨਾਂਹ ਕਰ ਦੇਂਦਾ ਹੈ। ਪਰ ਗੁਰਬਾਜ਼ ਉਸਦੀ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਪਾਉਣ ਲਈ ਦ੍ਰਿੜ ਹੈ। ਕਾਊਂਸਲਿੰਗ ਦੇ ਨਿਯਮ ਦੀ ਉਲੰਘਣਾ ਕਰਦਾ ਹੋਇਆ ਉਹ ਮਾਈਕਲ ਨਾਲ਼ ਦੋਸਤੀ ਪਾਉਂਦਾ ਹੈ। ਗੋਰੇ ਬਸਤੀਵਾਦੀਆਂ ਵੱਲੋਂ ਭਾਰਤੀ ਗਦਰੀ ਬਾਬਿਆਂ, ਚੀਨਿਆਂ, ਜਾਪਾਨੀਆਂ ਤੇ ਅਫਰੀਕਨਾਂ ਨਾਲ਼ ਹੋਏ ਨਸਲਵਾਦ ਦੀਆਂ ਗੱਲਾਂ ਕਰਦਿਆਂ ਉਹ ਮਾਈਕਲ ਨੂੰ ਆਖਦਾ ਹੈ, “ਇਤਿਹਾਸ ਦੇ ਕਾਲ਼ੇ ਵਰਕਿਆਂ ਵਿਚ ਉਲਝੇ ਰਹਿਣਾ ਠੀਕ ਨਹੀਂ, ਲੋੜ ਨਵੇਂ ਵਰਕੇ ਪਲਟਣ ਦੀ ਹੈ… ਲੋੜ ਅਗਾਂਹ ਟੁਰਨ ਦੀ ਹੈ… ਜਿਹੜੀਆਂ ਬੇਇਨਸਾਫੀਆਂ ਬਾਰੇ ਸੋਚ–ਸੋਚ ਤੂੰ ਮੰਦੇ ਹਾਲੀਂ ਹੋਇਆ ਪਿਐਂ, ਉਨ੍ਹਾਂ ਨੂੰ ਬਾਹਰ ਕੱਢ ਦੇ… ਜਦੋਂ ਤੂੰ ਆਪਣੇ ਦੁੱਖ-ਦਰਦ ਮੇਰੇ ਕੋਲ਼ ਫੋਲੇਂਗਾ, ਤੇਰਾ ਮਨ ਹਲਕਾ ਹੋ ਜਾਏਗਾ… ।”
ਗੁਰਬਾਜ਼ ਦੀ ਅਪਣਤ ਅਤੇ ਇਸ ਤਰ੍ਹਾਂ ਦੇ ਬੋਲਾਂ ਤੋਂ ਪ੍ਰੇਰਿਤ ਹੋ ਕੇ ਮਾਈਕਲ ਆਪਣੇ ਪਰਿਵਾਰ ਦੀ ਘੋਰ ਤ੍ਰਾਸਦੀ ਨੂੰ ਬਿਆਨ ਕਰ ਦੇਂਦਾ ਹੈ।
ਮਾਈਕਲ ਦੇ ਪਰਿਵਾਰ ਦੀ ਬਰਬਾਦੀ ਰਾਹੀਂ, ਮੈਂ ਨੇਟਿਵਾਂ ਦੇ ਹਜ਼ਾਰਾਂ ਪਰਿਵਾਰਾਂ ਦੀ ਬਰਬਾਦੀ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਕਾਂਊਂਸਲਿੰਗ ਦੌਰਾਨ ਮਾਈਕਲ ਗੁਰਬਾਜ਼ ਨੂੰ ਦੱਸਦਾ ਹੈ, “ਇੰਡੀਅਨ ਰੈਜ਼ੀਡੈਂਸ਼ਿਅਲ ਸਕੂਲਾਂ ’ਚ ਨੇਟਿਵਾਂ ਦੇ ਹਜ਼ਾਰਾਂ ਪੁੱਤਾਂ–ਧੀਆਂ ਦਾ ਸਰੀਰਕ, ਮਾਨਸਿਕ, ਭਾਵਨਾਤਮਿਕ ਤੇ ਜਿਨਸੀ ਸੋਸ਼ਣ ਹੋਇਆ। ਸਾਡੇ ਪਰਿਵਾਰ ਵਾਂਗ ਅਨੇਕਾਂ ਪਰਿਵਾਰ ਦੁੱਖਾਂ–ਕਲ਼ੇਸ਼ਾਂ ਅਤੇ ਆਤਮਹੱਤਿਆਵਾਂ ਦਾ ਸੰਤਾਪ ਭੋਗ ਰਹੇ ਹਨ।”
ਕਹਾਣੀ ਨੂੰ ਬਿਆਨ ਗੁਰਬਾਜ਼ ਸਿੰਘ ਸਹੋਤਾ ਕਰਦਾ ਹੈ। ਕਾਂਊਂਸਲਰ ਹੋਣ ਦੇ ਨਾਤੇ ਉਸਨੂੰ ਮਾਈਕਲ ਤੇ ਉਸਦੇ ਪਰਿਵਾਰ ਨਾਲ਼ ਹੋਈਆਂ–ਬੀਤੀਆਂ ਬਾਰੇ ਸਭ ਪਤਾ ਹੈ। ਇੰਡੀਅਨ ਰੈਜ਼ੀਡੈਸ਼ਿਅਲ ਸਕੂਲਾਂ ਬਾਰੇ ਵੀ ਉਹ ਜਾਣਦਾ ਹੈ।
ਗੁਰਬਾਜ਼ ਦਾ ਕਲੈਰਾ ਨਾਲ਼ ਵੀ ਸੰਪਰਕ ਹੈ। ਕਹਾਣੀ ਦੇ ਅਖੀਰ ਵਿਚ ਉਸ ਰਾਹੀਂ ਕਲੈਰਾ ਤੇ ਮਾਈਕਲ ਦਾ ਨਾਤਾ ਜੁੜਨ ਦੀ ਸੰਭਾਵਨਾ ਉਜਾਗਰ ਹੋ ਜਾਂਦੀ ਹੈ।
ਕਹਾਣੀ ‘ਹੜ੍ਹ’
ਇਸ ਕਹਾਣੀ ਵਿਚ ਮੈਂ ਵਿਕਸਿਤ ਪੂੰਜੀਵਾਦ ਦੇ ਮਾਨਵਤਾ ਦੋਖੀ ਪਹਿਲੂਆਂ— ਪਦਾਰਥਵਾਦ, ਉਪਭੋਗਤਾ ਤੇ ਮੁਨਾਫਾਖੋਰੀ ਨੂੰ ਪੇਸ਼ ਕੀਤਾ ਹੈ। ਹੜ੍ਹ ਦੇ ਬਹੁਅਰਥੀ ਪ੍ਰਤੀਕ ਰਾਹੀਂ ਇਨ੍ਹਾਂ ਪਹਿਲੂਆਂ ਨੂੰ ਗਲਪ ਵਿਚ ਢਾਲਣ ਦੇ ਨਾਲ਼–ਨਾਲ਼ ਮਨੁੱਖੀ ਰਿਸ਼ਤਿਆਂ ਦੇ ਬਦਲਦੇ ਸਰੂਪ ਨੂੰ ਵੀ ਉਜਾਗਰ ਕੀਤਾ ਹੈ।
ਕਹਾਣੀ ਦਾ ਬਿਰਤਾਂਤ ਮੁੱਖ ਤੌਰ ’ਤੇ, ਹਰੀਕੇਨ ਕੈਟਰੀਨਾ ਨਾਂ ਦੇ ਭਿਆਨਕ ਤੂਫਾਨ ਨਾਲ਼ ਅਮਰੀਕਾ ਦੀ ਸਟੇਟ ਲੂਈਜ਼ੀਆਨਾ ਦੇ ਸ਼ਹਿਰ ਨਿਊ ਓਰਲੀਅਨਜ਼ ਦੀ ਬਰਬਾਦੀ ਨਾਲ਼ ਸੰਬੰਧਤ ਹੈ। ਅਗਸਤ 2005 ਵਿਚ ‘ਗਲਫ ਆਫ ਮੈਕਸੀਕੋ’ ਵਿੱਚੋਂ ਉੱਠੇ ਹੜ੍ਹ ਨੇ, ਪਾਂਚਾਟਰੇਨ ਝੀਲ ਵਿੱਚੀਂ ਹੋ ਕੇ ਇਸ ਸ਼ਹਿਰ ਦਾ ਅੱਧੇ ਤੋਂ ਵੱਧ ਹਿੱਸਾ 20 ਫੁੱਟ ਪਾਣੀ ਵਿਚ ਡੋਬ ਦਿੱਤਾ ਸੀ। ਇਸ ਤਬਾਹਕੁੰਨ ਹੜ੍ਹ ’ਚ 1800 ਲੋਕਾਂ ਦੀਆਂ ਜਾਨਾਂ ਗਈਆਂ। 17 ਲੱਖ ਘਰ ਤਬਾਹ ਹੋਏ।
ਉਨ੍ਹੀਂ ਦਿਨੀਂ ਅਸੀਂ ‘ਟਰਾਂਟੋ ਸਟਾਰ’ ਅਖਬਾਰ ਲੁਆਈ ਹੋਈ ਸੀ। ਉਸ ਵਿਚ ਤਸਵੀਰਾਂ ਸਮੇਤ ਬਰਬਾਦੀ ਦੀਆਂ ਖਬਰਾਂ ਅਤੇ ਵਿਸ਼ਲੇਸ਼ਣੀ ਲੇਖ ਛਪ ਰਹੇ ਸਨ। ਮੈਂ ਲਗਾਤਾਰ ਪੜ੍ਹ ਰਿਹਾ ਸਾਂ। ਇਹ ਹੜ੍ਹ ਨਿਰੀ ਕੁਦਰਤੀ ਆਫਤ ਨਹੀਂ ਸੀ, ਇਸਦੇ ਸੰਬੰਧ ਵਿਚ ਅਮਰੀਕਨ ਸਰਕਾਰ ਅਤੇ ਪੂੰਜੀਵਾਦੀ ਅਦਾਰਿਆਂ ’ਤੇ ਵੀ ਦੋਸ਼ ਲਗਦੇ ਸਨ।
ਉਨ੍ਹਾਂ ਦੋਸ਼ਾਂ ਦਾ ਸਾਰ–ਅੰਸ਼: ਅੱਧਾ ਨਿਊ ਓਰਲੀਅਨਜ਼ ਸ਼ਹਿਰ ਸਮੁੰਦਰ ਦੀ ਸਤਹ ਤੋਂ ਥੱਲੇ ਹੋਣ ਅਤੇ ਵਿਸ਼ਾਲ ਪਾਣੀਆਂ ਦੀ ਨੇੜਤਾ ਹੋਣ ਕਰਕੇ ਹੜ੍ਹਾਂ ਦੀ ਆਫਤ ਏਥੇ ਅਕਸਰ ਹੀ ਵਾਪਰਦੀ ਰਹਿੰਦੀ ਹੈ। ਸ਼ਹਿਰ ਦੀ ਸੁਰੱਖਿਆ ਲਈ ਜ਼ਰੂਰੀ ਥਾਵਾਂ ’ਤੇ ਬੰਨ੍ਹ ਲਾਏ ਹੋਏ ਹਨ। ਬੰਨ੍ਹਾਂ ਦੀ ਦੇਖ–ਭਾਲ਼ ਅਮਰੀਕੀ ਫੌਜ ਦੀ ‘ਕੋਰ ਆਫ ਇੰਜਨੀਅਰਜ਼’ ਕਰਦੀ ਹੈ। ਬੰਨ੍ਹ ਕਮਜ਼ੋਰ ਪੈ ਚੁੱਕੇ ਸਨ। ਬੰਨ੍ਹਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਹੋਰ ਉੱਚੇ ਕਰਨ ਲਈ, ਕੋਰ ਨੇ ਫੈਡਰਲ ਸਰਕਾਰ ਤੋਂ ਫੰਡ ਮੰਗੇ। ਪਰ ਤਤਕਾਲੀ ਰਾਸ਼ਟਰਪਤੀ ਜਾਰਜ਼ ਬੁਸ਼ ਦੀ ਸੋਚ ਵਿਚ ਇਹ ਕੰਮ ਜਰੂਰੀ ਨਹੀਂ ਸੀ। ਉਸਦਾ ਸਾਰਾ ਧਿਆਨ ਇਰਾਕ ਵਿਚ ਅਮਰੀਕਾ ਦੀ ਪੁਜ਼ੀਸ਼ਨ ਨੂੰ ਮਜ਼ਬੂਤ ਕਰਨ ’ਤੇ ਲੱਗਾ ਹੋਇਆ ਸੀ। ਭਿਆਨਕ ਹੜ੍ਹ ਨੇ ਕਮਜ਼ੋਰ ਬੰਨ੍ਹ ਤੋੜ ਦਿੱਤੇ ਅਤੇ ਨੀਵਿਆਂ ਦੇ ਉੱਤੋਂ ਦੀ ਵਗ ਗਿਆ। ਹੜ ’ਚ ਡੁੱਬੇ ਨਿਊ ਓਰਲੀਅਨਜ਼ ਦੇ ਲੋਕਾਂ ਨੂੰ ਫੌਰੀ ਤੌਰ ’ਤੇ ਰਾਹਤ ਨਾ ਮਿਲ਼ੀ। ਸ਼ਹਿਰ ਦੀ 60 ਪ੍ਰਤੀਸ਼ਤ ਵੱਸੋਂ ਕਾਲ਼ੇ ਲੋਕਾਂ ਦੀ ਹੈ। ਉਹ ਦੋਸ਼ ਲਾ ਰਹੇ ਸਨ ਕਿ ਬਹੁਤੀ ਆਬਾਦੀ ਉਨ੍ਹਾਂ (ਕਾਲ਼ਿਆਂ) ਦੀ ਹੋਣ ਕਰਕੇ ਸਰਕਾਰ ਨੇ ਬਚਾਓ–ਐਕਸ਼ਨਾਂ ਵਿਚ ਜਾਣ–ਬੁਝ ਕੇ ਢਿੱਲ ਕੀਤੀ ਸੀ।
ਨਿਊ ਓਰਲੀਅਨਜ਼ ਦੀ ਧਰਤ ਹੇਠ ਅਤੇ ਸਮੁੰਦਰੀ ਤਟ ’ਤੇ ਤੇਲ ਅਤੇ ਗੈਸ ਦੇ ਵਿਸ਼ਾਲ ਭੰਡਾਰ ਹਨ। ਤੇਲ ਕੰਪਨੀਆਂ ਨੇ ਧਰਤੀ ਹੇਠ ਪਾਈਪਾਂ ਦਾ ਜਾਲ਼ ਵਿਛਾ ਕੇ ਧਰਤੀ ਖੋਖਲੀ ਕਰ ਛੱਡੀ ਸੀ। ਇਸੇ ਵਜ੍ਹਾ ਕਰਕੇ ਕਈ ਬੰਨ੍ਹ ਵੀ ਕਮਜ਼ੋਰ ਪੈ ਗਏ ਸਨ। ਛੋਟੇ–ਛੋਟੇ ਟਾਪੂ ਤੇ ਕਿਨਾਰਿਆਂ ਤੇ ਪਸਰੇ ਛੰਭ, ਹੜ੍ਹਾਂ ਨੂੰ ਠੱਲ੍ਹ ਪਾਉਣ ਲਈ ਕੁਦਰਤੀ ਰੁਕਾਵਟਾਂ ਸਨ। ਤੇਲ ਕੰਪਨੀਆਂ ਵੱਲੋਂ ਹੋ ਰਹੀ ਬੇਤਹਾਸ਼ਾ ਡਰਿਲਿੰਗ ਉਨ੍ਹਾਂ ਨੂੰ ਵੀ ਖਤਮ ਕਰੀ ਜਾ ਰਹੀ ਸੀ।
ਕੁਦਰਤ ਦੇ ਨਕਸ਼ਾਂ ਦੀ ਤੋੜ–ਭੰਨ ਸ਼ਿਪਿੰਗ ਕੰਪਨੀਆਂ ਨੇ ਵੀ ਕੀਤੀ ਸੀ। ਉਨ੍ਹਾਂ ਨੇ ਸਮੁੰਦਰੀ ਜਹਾਜ਼ਾਂ ਦੀ ਵਾਟ ਘਟਾਉਣ ਲਈ, ਕੁਦਰਤੀ ਜਲ–ਮਾਰਗਾਂ ਦੀ ਰੱਦੋ–ਬਦਲ ਕਰਕੇ ਸਿੱਧੇ ਮਾਰਗ ਬਣਾ ਲਏ ਸਨ।
ਤੇਲ, ਗੈਸ ਅਤੇ ਸ਼ਿਪਿੰਗ ਕੰਪਨੀਆਂ, ਨਿਰਸੰਦੇਹ ਲੋਕਾਂ ਦੀ ਰੋਜ਼ੀ–ਰੋਟੀ ਦੇ ਸਾਧਨ ਹਨ। ਪਰ ਕੰਪਨੀਆਂ ਦੇ ਮੁਨਾਫਾਖੋਰੀ ਦੇ ਹੜ੍ਹ ਨੇ ਸ਼ਹਿਰ ਨੂੰ ਬਰਬਾਦੀ ਦੇ ਹੜ੍ਹ ਵਿਚ ਡੋਬ ਦਿੱਤਾ ਸੀ।
ਹਰੀਕੇਨ ਕੈਟਰੀਨਾ ਨਾਲ਼ ਸੰਬੰਧਿਤ ਅਖਬਾਰਾਂ ਦੇ ਪੰਨੇ ਮੈਂ ਸਾਂਭ ਕੇ ਰੱਖ ਲਏ। ਕਹਾਣੀ ਦਾ ਕੱਚਾ ਮਾਲ ਮਿਲ਼ ਗਿਆ ਸੀ। ਕਥਾਕਾਰੀ ਦੇ ਆਪਣੇ ਢੰਗ ਅਨੁਸਾਰ ਮੈਨੂੰ ਕਹਾਣੀ ਰਚਣ ਦੀ ਕਾਹਲ਼ ਨਹੀਂ ਸੀ। ਡੇਢ ਕੁ ਸਾਲ ਬਾਅਦ ਕਹਾਣੀ ਮਨ ਵਿਚ ਚੱਲ ਪਈ ਪਰ ਪੰਜਾਬੀ ਮੁੱਖ ਪਾਤਰ ਦੇ ਉਸਾਰ ਵਿਚ ਸੁਭਾਵਿਕਤਾ ਨਹੀਂ ਸੀ ਬਣ ਰਹੀ। ਮੈਂ ਕਹਾਣੀ ਅੱਧ–ਵਿਚਾਲ਼ੇ ਠੱਪ ਕਰ ਦਿੱਤੀ।
ਇੱਕ ਸਾਲ ਹੋਰ ਬੀਤ ਗਿਆ। ਫਿਰ ਕੁਦਰਤੀ ਸਬੱਬ ਬਣ ਗਿਆ। ਏ. ਐਸ. ਪੀ ਸਕਿਉਰਟੀ ਕੰਪਨੀ ਦੇ ਗੁਰਨਾਮ ਸਿੰਘ ਔਲਖ ਦੇ ਬੇਟੇ ਦਾ ਵਿਆਹ ਸੀ। ਮੈਂ ਵੀ ਸਮੇਤ ਪਰਿਵਾਰ ਸ਼ਾਮਲ ਸਾਂ। ਏਥੇ ਲੋਕ ਵਿਆਹਾਂ ਦੇ ਮੌਕਿਆਂ ’ਤੇ ਰਿਸ਼ਤੇਦਾਰਾਂ ਤੇ ਲਾਗਲੇ ਪਰਿਵਾਰਾਂ ਦੇ ਮਿਲ਼–ਬੈਠਣ ਲਈ, ਦੋ–ਚਾਰ ਦਿਨਾਂ ਵਾਸਤੇ ਘਰ ਦੇ ਬੈਕਯਾਰਡ ’ਚ ਟੈਂਟ ਲਗਵਾ ਲੈਂਦੇ ਹਨ। ਵਿਆਹ ਤੋਂ ਇਕ ਦਿਨ ਪਹਿਲਾਂ ਘਰ ਦੇ ਅੰਦਰ ਔਰਤਾਂ ਵੱਲੋਂ ਮਾਂਈਂਏਂ ਦੀ ਰਸਮ ਚੱਲ ਰਹੀ ਸੀ। ਮਰਦ ਬੈਕਯਾਰਡ ’ਚ ਬੈਠੇ ਕੌੜੇ ਪਾਣੀ ਦੇ ਘੁੱਟ ਲਾ ਰਹੇ ਸਨ। ਗੁਰਨਾਮ ਦਾ ਇਕ ਰਿਸ਼ਤੇਦਾਰ ਅਮਰੀਕਾ ਦੀ ਸਟੇਟ ਟੈਕਸਾਜ਼ ਦੇ ਸ਼ਹਿਰ ਹਿਊਸਟਨ ਤੋਂ ਆਇਆ ਹੋਇਆ ਸੀ। ਟੈਕਸਾਜ਼ ਤੇ ਲੂਈਜ਼ੀਆਨਾ ਗਵਾਂਢੀ ਸਟੇਟਾਂ ਹਨ। ਹਰੀਕੇਨ ਨਾਲ਼ ਜਿਨ੍ਹਾਂ ਦੇ ਘਰ–ਘਾਟ ਤਬਾਹ ਹੋਏ, ਉਨ੍ਹਾਂ ਵਿੱਚੋਂ ਬਹੁਤੇ ਲੋਕ ਟੈਂਪਰੇਰੀ ਤੌਰ ਤੇ ਹਿਊਸਟਨ ਜਾ ਟਿਕੇ ਸਨ। ਫਿਰ ਉਨ੍ਹਾਂ ਵਿੱਚੋਂ ਕਈ ਪੱਕੇ ਤੌਰ ’ਤੇ ਹਿਊਸਟਨ ’ਚ ਵਸ ਗਏ। ਸੋ ਮੈਂ ਉਸ ਰਿਸ਼ਤੇਦਾਰ ਨਾਲ਼ ਹਰੀਕੇਨ ਕੈਟਰੀਨਾ ਦੀ ਗੱਲ ਛੇੜ ਲਈ। “ਕਿਸੇ ਕਹਾਣੀ ਦਾ ਚੱਕਰ ਲਗਦੈ।” ਗੁਰਨਾਮ ਨੇ ਕਿਹਾ। “ਹਾਂ ਏਦਾਂ ਹੀ ਸਮਝ ਲੈ।” ਮੈਂ ਆਖਿਆ। “ਮੈਨੂੰ ਬਹੁਤਾ ਨਹੀਂ ਪਤਾ। ਸਵੇਰੇ ਮੇਰੇ ਕਜ਼ਨ ਨੇ ਆ ਜਾਣੈ। ਉਸ ਤੂਫਾਨ ’ਚ ਉਹ ਓਥੇ ਸੀ। ਦੁਖੀ ਹੋਏ ਨੇ ਉਹ ਸ਼ਹਿਰ ਛੱਡ ਦਿੱਤਾ ਸੀ। ਹੁਣ ਉਹ ਪੱਕੇ ਤੌਰ ’ਤੇ ਹਿਊਸਟਨ ’ਚ ਹੀ ਰਹਿੰਦੈ।” ਉਸ ਰਿਸ਼ਤੇਦਾਰ ਨੇ ਦੱਸਿਆ।
ਅਗਲੇ ਦਿਨ ਆਨੰਦ ਕਾਰਜ ਤੋਂ ਬਾਅਦ ਉਸਨੇ ਆਪਣੇ ਕਜ਼ਨ ਹਰਭਜਨ ਸਿੰਘ ਨਾਲ਼ ਮਿਲ਼ਾਇਆ। ਉਸ ਨਾਲ਼ ਲੰਮੀ ਗੱਲ–ਬਾਤ ਹੋਈ। ਉਸਨੇ ਦੱਸਿਆ ਕਿ ਉਹ ਦੋ–ਤਿੰਨ ਦੇਸ਼ਾਂ ਤੋਂ ਹੁੰਦਾ ਹੋਇਆ ਨਿਊ ਓਰਲੀਅਨਜ਼ ਪਹੁੰਚਿਆ ਸੀ। ਉਸਨੇ ਦੋ ਜੌਬਾਂ ਕੀਤੀਆਂ, ਇਕ ਪੀਜ਼ਾ ਸਟੋਰ ’ਤੇ ਅਤੇ ਦੂਜੀ ‘ਕੈਂਟੱਕੀ ਫਰਾਈਡ ਚਿਕਨ’ ਸਟੋਰ ’ਤੇ। ਸਪੈਨਿਸ਼ ਮੂਲ ਦੀ ਇਕ ਹਮਦਰਦ ਕੁੜੀ ਨੇ ਥੋੜ੍ਹੇ ਕੁ ਡਾਲਰ ਲੈ ਕੇ ਉਸ ਨਾਲ਼ ਕੱਚਾ ਵਿਆਹ ਕਰ ਲਿਆ। ਪੱਕਾ ਹੋ ਕੇ ਉਸਨੇ ਕੰਮ ਦੇ ਘੰਟੇ ਹੋਰ ਵਧਾ ਲਏ… ਤੇ ਫਿਰ ਪੀਜ਼ਾ ਸਟੋਰ ਖੋਲ੍ਹ ਲਿਆ। ਵਿਆਹ ਤੋਂ ਬਾਅਦ ਉਸਦੀ ਪਤਨੀ ਵੀ ਉਹਦੇ ਨਾਲ਼ ਸਟੋਰ ’ਚ ਜੁੱਟ ਗਈ। ਚੰਗੀ ਆਮਦਨ ਹੋ ਰਹੀ ਸੀ।
ਹਰੀਕੇਨ ਕੈਟਰੀਨਾ ਤੋਂ ਪਹਿਲਾਂ ਉਸਨੇ ਪਤਨੀ ਤੇ ਨਿਆਣੇ ਟੈਕਸਾਜ਼ ’ਚ ਆਪਣੇ ਰਿਸ਼ਤੇਦਾਰ ਕੋਲ਼ ਭੇਜ ਦਿੱਤੇ ਤੇ ਆਪ ਸਟੋਰ ਖੋਲ੍ਹ ਲਿਆ… ਗ੍ਰਾਹਕ ਤਾਂ ਕੀ ਆਉਣੇ ਸਨ ਤਬਾਹਕੁੰਨ ਹੜ੍ਹ ਪਹੁੰਚ ਗਿਆ। ਲਾਗੇ ਟਰੱਕ-ਯਾਰਡ ਸੀ। ਉਹ ਇਕ ਟਰੱਕ ਦੀ ਛੱਤ ’ਤੇ ਚੜ੍ਹ ਗਿਆ। ਕੁਝ ਚਿਰ ਲਈ ਤਾਂ ਬਚਾਅ ਹੋ ਗਿਆ ਪਰ ਜਾਨ ਨੂੰ ਹਰ ਪਲ ਖਤਰਾ ਸੀ। ਉਸਦੀ ਚੰਗੀ ਕਿਸਮਤ ਨੂੰ ਉੱਥੋਂ ‘ਫੈਡਰਲ ਐਮਰਜੈਂਸੀ ਮੈਨੇਜਮੈਂਟ’ ਦੀ ਕਿਸ਼ਤੀ ਲੰਘ ਰਹੀ ਸੀ। ਉਨ੍ਹਾਂ ਉਸਨੂੰ ਪਨਾਹਗਾਹ ਬਣੇ ‘ਸੁਪਰਡੋਮ ’ਚ ਪਹੁੰਚਾ ਦਿੱਤਾ। ਆਪਣੇ ਤੇ ਹੜ੍ਹ ਬਾਰੇ ਜਾਣਕਾਰੀ ਦੇਣ ਲਈ ਮੈ ਹਰਭਜਨ ਸਿੰਘ ਦਾ ਧੰਨਵਾਦ ਕੀਤਾ।
ਹਰਭਜਨ ਸਿੰਘ ਵਿੱਚੋਂ ਮੈਂ ਕਹਾਣੀ ਦੇ ਮੁੱਖ ਪਾਤਰ ਸੁਖਪਾਲ ਨੂੰ ਉਸਾਰ ਲਿਆ। ਉਸਨੂੰ ਪੱਕਾ ਕਰਵਾਉਣ ਵਾਲ਼ੀ ਸਪੈਨਿਸ਼ ਮੂਲ ਦੀ ਕੁੜੀ ਵਿਚੋਂ ਐਰਿਕਾ ਦਾ ਪਾਤਰ ਸਿਰਜ ਲਿਆ। ਤੇ ਕਹਾਣੀ ਲਿਖਣ ਵਿਚ ਜੱਟ ਗਿਆ।
ਕਹਾਣੀ ਦਾ ਮੁੱਖ ਪਾਤਰ ਸੁਖਪਾਲ, ਟੱਬਰ ਨੂੰ ਆਰਥਿਕ ਮੰਦਹਾਲੀ ’ਚੋਂ ਕੱਢਣ ਲਈ ਅਮਰੀਕਾ ਪਹੁੰਚਦਾ ਹੈ। ‘ਕੈਂਟੱਕੀ ਫਰਾਈਡ ਚਿਕਨ’ ਤੇ ਪੀਜ਼ੇ ਦੀਆਂ ਦੋ ਜੌਬਾਂ ਦੀ ਕਰੜੀ ਕਮਾਈ ਕਰਕੇ ਟੱਬਰ ਨੂੰ ਪੈਰਾਂ ਸਿਰ ਕਰਦਾ ਹੈ।
ਉਸਦੇ ਨਾਲ਼ ਵਾਲ਼ੇ ਅਪਾਰਟਮੈਂਟ ’ਚ ਰਹਿੰਦੀ ਗੋਰੀ ਮੁਟਿਆਰ ਐਰਿਕਾ ਨਾਲ਼ ਉਸਦੀ ਦੋਸਤੀ ਪੈ ਜਾਂਦੀ ਹੈ। ਐਰਿਕਾ ਦੀ ਮੌਮ 9/ 11 ਦੀ ਭਿਆਨਕ ਤ੍ਰਾਸਦੀ ਵਿਚ ਖਤਮ ਹੋ ਚੁੱਕੀ ਹੈ। ਐਰਿਕਾ ਉਸਦੀ ਇਕਲੌਤੀ ਔਲਾਦ ਹੈ। ਹੋਰ ਪੀੜਤ ਪਰਿਵਾਰਾਂ ਵਾਂਗ ਐਰਿਕਾ ਨੂੰ ਵੀ ਵਿਤੀ ਸਹਾਇਤਾ ਮਿਲ਼ਦੀ ਹੈ। 21 ਲੱਖ ਡਾਲਰ ਦੀ ਰਾਸ਼ੀ ਨਾਲ਼ ਅਮੀਰ ਹੋਈ ਐਰਿਕਾ ਰੱਜ ਕੇ ਐਸ਼ ਕਰਨਾ ਚਾਹੁੰਦੀ ਹੈ, ਪਰ ਸੁਖਪਾਲ ਉਸਨੂੰ ਬਿਜ਼ਨਿਸ ਕਰਨ ਲਈ ਪ੍ਰੇਰਦਾ ਹੈ। ਉਸਦੀ ਸਲਾਹ ਨਾਲ਼ ਐਰਿਕਾ ‘ਕੈਂਟੱਕੀ ਫਰਾਈਡ ਚਿਕਨ’ (ਕੇ. ਐਫ. ਸੀ) ਸਟੋਰ ਖਰੀਦ ਲੈਂਦੀ ਹੈ। ਬਹੁਤਾ ਕੰਮ, ਸੁਖਪਾਲ ਆਪਣੇ ਸਿਰ ਲੈ ਲੈਂਦਾ ਹੈ। ਚੋਖੀ ਕਮਾਈ ਹੋਣ ਲਗਦੀ ਹੈ। ਸੁਖਪਾਲ ਦੀ ਮਿਹਨਤ, ਈਮਾਨਦਾਰੀ ਤੇ ਭਰੋਸੇਯੋਗਤਾ ਤੋਂ ਪ੍ਰਭਾਵਿਤ ਹੋਈ ਐਰਿਕਾ ਉਸ ਨਾਲ਼ ਵਿਆਹ ਕਰ ਲੈਂਦੀ ਹੈ। ਉਹ ਜੈਕਜੀਤ (ਜੇਜੀ) ਨਾਂ ਦੇ ਪੁੱਤਰ ਨੂੰ ਜਨਮ ਦਿੰਦੀ ਹੈ। ਬਿਜ਼ਨਿਸ ਵਧਾਉਣ ਲਈ ਉਹ ਕੇ. ਐਫ. ਸੀ ਦਾ ਇਕ ਹੋਰ ਸਟੋਰ ਖੋਲ੍ਹ ਲੈਂਦੇ ਹਨ। ਸੁਖਪਾਲ ਮੱਦਦ ਵਾਸਤੇ ਛੋਟੇ ਭਰਾ ਜਿੰਦਰ ਨੂੰ ਵੀ ਅਮਰੀਕਾ ਸੱਦ ਲੈਂਦਾ ਹੈ।
ਪੰਜਾਬ ਵਿਚ ਲੋਕਾਂ ਦੀਆਂ ਫੋਕੀਆਂ ਸ਼ਾਨਾਂ ਅਤੇ ਦਿਖਾਵੇ ਦੀ ਰੀਸੇ, ਸੁਖਪਾਲ ਦਾ ਸ਼ੇਖੀਖੋਰ ਡੈਡੀ ਪਿੰਡ ਵਿਚ ਵਧੀਆ ਕੋਠੀ ਬਣਵਾ ਰਿਹਾ ਹੈ ਅਤੇ ਧੀ ਦੇ ਵਿਆਹ ’ਤੇ ਬੇਹਿਸਾਬਾ ਖਰਚ ਕਰਨ ਲਈ ਤੁਲਿਆ ਹੋਇਆ ਹੈ। ਟੱਬਰ ਦੇ ਦੋਵੇਂ ਕਾਰਜ ਸਿਰੇ ਚਾੜ੍ਹਨ ਲਈ, ਜਿੰਦਰ ਦੇ ਨਾਲ਼ ਸੁਖਪਾਲ ਵੀ ਸੱਤੇ ਦਿਨ ਕੰਮ ’ਚ ਰੁਝ ਜਾਂਦਾ ਹੈ।
“ਪੌਲ! ਪੰਜ ਦਿਨ ਦੀ ਹੱਡ–ਤੋੜਵੀਂ ਮਿਹਨਤ ਬਾਅਦ ਮਸਾਂ ਹੀ ਤਾਂ ਵੀਕ–ਐਂਡ ਆਉਂਦੈ। ਆਪਾਂ ਕਿਤੇ ਘੁੰਮਣ–ਫਿਰਨ ਜਾਣਾ ਹੁੰਦੈ, ਕੋਈ ਫੰਨ ਕਰਨਾ ਹੁੰਦੈ।” ਐਰਿਕਾ ਪਤੀ ਨੂੰ ਟੋਕਦੀ ਹੈ। ਪਰ ਉਹ ਆਪਣੇ ਫੈਸਲੇ ’ਤੇ ਦ੍ਰਿੜ ਹੈ।
ਬੋਰੀਅਤ ਮਹਿਸੂਸਦੀ ਐਰਿਕਾ ਕੈਂਟੱਕੀ ਕੰਪਨੀ ਦੇ ਮਾਰਕੀਟਿੰਗ ਮੈਨੇਜਰ ਜੈਫਰੀ ਨਾਲ਼ ਸੰਬੰਧ ਬਣਾ ਲੈਂਦੀ ਹੈ।
ਖਤਰਨਾਕ ਹਰੀਕੇਨ ਕੈਟਰੀਨਾ ਬਾਰੇ ਚਿਤਾਵਨੀਆਂ ਸੁਣ ਐਰਿਕਾ ਪੁੱਤ ਜੇਜੀ ਨੂੰ ਲੈ ਕੇ ਇਕ ਸੁਰੱਖਿਅਤ ਹੋਟਲ ਨੂੰ ਚੱਲ ਪੈਂਦੀ ਹੈ। ਉਸਦੀ ਤੇ ਜੈਫਰੀ ਦੀ ਹੋਟਲ ’ਚ ਇਕੱਠੇ ਰਹਿਣ ਦੀ ਪਲਾਨ ਹੈ। ਸੁਖਪਾਲ ਵਧੇਰੇ ਕਮਾਈ ਦੇ ਲਾਲਚ ਵਿਚ ਸਟੋਰ ਖੋਲ੍ਹ ਲੈਂਦਾ ਹੈ।
ਤਬਾਹਕੁੰਨ ਹੜ੍ਹ ਨਾਲ਼ ਸੁਖਪਾਲ ਦਾ ਸਟੋਰ ਤਹਿਸ–ਨਹਿਸ ਹੋ ਜਾਂਦਾ ਹੈ। ਮੌਤ ਦੇ ਮੂੰਹ ’ਚੋਂ ਨਿੱਕਲ਼ ਉਹ ਪਨਾਹਗਾਹ ਸੁਪਰਡੋਮ ’ਚ ਪਹੁੰਚ ਜਾਂਦਾ ਹੈ। ਇਹ ਪਤਾ ਲੱਗਣ ’ਤੇ ਕਿ ਐਰਿਕਾ ਇਕ ਹਸਪਤਾਲ ’ਚ ਦਾਖਲ ਹੈ, ਸੁਖਪਾਲ ਓਥੇ ਪਹੁੰਚਦਾ ਹੈ। ਸਰੀਰਕ ਤੇ ਮਾਨਸਿਕ ਦੁੱਖਾਂ ਦੀ ਝੰਬੀ ਹੋਈ ਐਰਿਕਾ ਤੋਂ ਪਤਾ ਲਗਦਾ ਹੈ ਕਿ ਹੋਟਲ ਨੂੰ ਜਾਂਦਿਆਂ ਉਹ ਤੇ ਜੈਫਰੀ ਹੜ੍ਹ ਵਿਚ ਘਿਰ ਗਏ ਸਨ। ਬੇਈਮਾਨ ਜੈਫਰੀ ਨੇ ਆਪਣੇ ਪੁੱਤਰ ਨੂੰ ਬਚਾ ਲਿਆ ਤੇ ਜੇਜੀ ਨੂੰ ਰੁੜ੍ਹ ਜਾਣ ਲਈ ਛੱਡ ਦਿੱਤਾ।
“ਜੇਜੀ ਨਾ ਮਰਦਾ ਤੂੰ ਮਰ ਜਾਂਦੀ।” ਪਤਨੀ ਦੀ ਬੇਵਫਾਈ ’ਤੇ ਲੋਹਾ–ਲਾਖਾ ਹੋਇਆ ਸੁਖਪਾਲ ਆਖਦਾ ਹੈ।
ਐਰਿਕਾ ਗੁਨਾਹ ਕਬੂਲਦੀ ਹੈ, ਮੁਆਫੀ ਮੰਗਦੀ ਹੈ… ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਲਈ ਕਹਿੰਦੀ ਹੈ।
“ਨਹੀਂ, ਹੋਰ ਨਹੀਂ। ਮੇਰੇ ਲਈ ਤੂੰ ਮਰ ਗਈ। ਤੇਰੇ ਲਈ ਮੈਂ ਮਰ ਗਿਆ।” ਪਤਨੀ ਨੂੰ ਫਿਟਕਾਰਦਾ ਸੁਖਪਾਲ ਉਸ ਕੋਲੋਂ ਉੱਠ ਪੈਂਦਾ ਹੈ।
ਐਰਿਕਾ ਦਾ ਸਵੈਮਾਣ ਝੰਜੋੜਿਆ ਜਾਂਦਾ ਹੈ। ਉਹ ਆਖਦੀ ਹੈ, “ਤੂੰ ਸਾਰਾ ਦੋਸ਼ ਮੈਨੂੰ ਦੇਈ ਜਾਨੈ, ਆਪਣੇ ਅੰਦਰ ਝਾਤੀ ਨਹੀਂ ਮਾਰ ਰਿਹਾ।… ਤੇਰੀਆਂ ਨਾ ਮੁੱਕਣ ਵਾਲ਼ੀਆਂ ਸਕੀਮਾਂ ਦਾ ਹਸ਼ਰ ਹੈ ਇਹ। ਡਾਲਰਾਂ ਦੀ ਦੌੜ ਵਿਚ ਪੈ ਕੇ ਜੇ ਤੂੰ ਮੈਨੂੰ ਇਕੱਲੀ ਨਾ ਛੱਡਦਾ ਤਾਂ ਇਹ ਦੁਖਾਂਤ ਨਹੀਂ ਸੀ ਵਾਪਰਨਾ… ਹੁਣ ਜੇ ਤੂੰ ਤੋੜ–ਵਿਛੋੜਾ ਹੀ ਕਰਨੈ, ਤੇਰੀ ਮਰਜੀ”।
ਗੁੱਸੇ ਅਤੇ ਗਮ ’ਚ ਭੁੱਜਦਾ–ਤੜਪਦਾ ਸੁਖਪਾਲ ਪਤਨੀ ਨੂੰ ਛੱਡ ਕੇ ਹਸਪਤਾਲ ’ਚੋਂ ਨਿੱਕਲ਼ ਜਾਂਦਾ ਹੈ।
ਕਹਾਣੀ ਦੀ ਆਖਰੀ ਸਤਰ, ‘ਤੁਰੇ ਜਾਂਦਿਆਂ ਉਸ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਪਿੱਛਿਓਂ ਆਵਾਜ਼ ਮਾਰੀ ਹੋਵੇ’ ਰਾਹੀਂ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪਤੀ–ਪਤਨੀ ਦੇ ਰਿਸ਼ਤੇ ਦੀਆਂ ਤੰਦਾਂ ਬਹੁਤ ਬਾਰੀਕ ਤੇ ਪੀਡੀਆਂ ਹੁੰਦੀਆਂ ਹਨ। ਸ਼ਾਇਦ ਸੁਖਪਾਲ ਅੰਦਰਲੀ ਅਜਿਹੀ ਕੋਈ ਤੰਦ ਹੀ ਉਸਦੀ ਤਵੱਕੋ ਬਣ ਗਈ ਹੋਵੇ— ਪਤਨੀ ਦੀ ‘ਪੌਲ ਕੱਮ ਬੈਕ’ (ਪਾਲ ਵਾਪਸ ਆ ਜਾ) ਆਖਦੀ ਆਵਾਜ਼ ਸੁਣਨ ਦੀ ਤਵੱਕੋ।
ਤਬਾਹੀ ਮਚਾ ਰਹੇ ‘ਹਰੀਕੇਨ ਕੈਟਰੀਨਾ’ ਹੜ੍ਹ ਦੇ ਨਾਲ਼–ਨਾਲ਼, ਮੈਂ ਹੜ੍ਹ ਦੇ ਪ੍ਰਤੀਕ ਨੂੰ ਕਹਾਣੀ ਵਿਚਲੇ ਹੋਰ ਪ੍ਰਸੰਗਾਂ ਨਾਲ਼ ਵੀ ਜੋੜਿਆ ਹੈ ਜਿਵੇਂ ਡਾਲਰਾਂ ਦਾ ਹੜ੍ਹ, ਫੋਕੀਆਂ ਸ਼ਾਨਾਂ ਤੇ ਦਿਖਾਵੇ ਦਾ ਹੜ੍ਹ, ਦੁੱਖਾਂ ਦਾ ਹੜ੍ਹ, ਮੁਨਾਫਾਖੋਰੀ ਦਾ ਹੜ੍ਹ ਤੇ ਚੀਜ਼ਾਂ ਦਾ ਹੜ੍ਹ …।
ਜਦੋਂ ਹੜ੍ਹ–ਪੀੜਤ, ਤੇਲ ਕੰਪਨੀਆਂ ਦੀ ਅਲੋਚਨਾ ਕਰ ਰਹੇ ਹਨ ਕਿ ਉਨ੍ਹਾਂ ਨੇ ਮੁਨਾਫਾਖੋਰੀ ਦੇ ਹੜ੍ਹ ਵਿਚ ਨਿਊ ਓਰਲੀਅਨਜ਼ ਦੀ ਧਰਤੀ ਖੋਖਲ਼ੀ ਕਰ ਛੱਡੀ ਏ ਤੇ ਬੰਨ੍ਹ ਵੀ ਕਮਜ਼ੋਰ ਕੀਤੇ ਹਨ ਤਾਂ ਇਕ ਖਾਮੋਸ਼ ਜਿਹਾ ਬੰਦਾ ਆਖਦਾ ਹੈ, “ਤੇਲ, ਪੈਟਰੋਲ, ਗੈਸ ਅਤੇ ਹੋਰ ਬਣਦੀਆਂ–ਵਿਕਦੀਆਂ ਬੇਸ਼ੁਮਾਰ ਚੀਜ਼ਾਂ ਖਰੀਦਦਾ ਕੌਣ ਹੈ? ਅਸੀਂ। ਲੋੜ ਤੋਂ ਕਿਤੇ ਵੱਧ। ਸਾਡੀ ਚੀਜ਼ਾਂ ਦੀ ਵਧਦੀ ਭੁੱਖ ਦਾ ਫਾਇਦਾ ਉਠਾ ਕੇ ਵਪਾਰਕ ਅਦਾਰਿਆਂ ਨੇ ਚੀਜ਼ਾਂ ਦਾ ਹੜ੍ਹ ਵਗਾ ਦਿੱਤੈ ਤੇ ਅਸੀਂ ਉਸ ਹੜ੍ਹ ਵਿਚ ਰੁੜ੍ਹ ਗਏ ਹਾਂ।”
ਇਹ ਕਹਾਣੀ ਭਾਰਤੀ ਸਾਹਿਤਯ ਅਕਾਦਮੀ ਦਿੱਲੀ ਵੱਲਂ ਹਿੰਦੀ ’ਚ ਅਨੁਵਾਦ ਕਰਵਾ ਕੇ ਆਪਣੇ ਪਰਚੇ ‘ਭਾਰਤੀਯ ਸਾਹਿਤ’ ਵਿਚ ਛਾਪੀ ਗਈ।
ਕਹਾਣੀ ‘ਨਦੀਨ’
ਇਸ ਕਹਣੀ ਵਿਚ ਮੈਂ ਪੰਜਾਬੀਆਂ ਦੀ, ਹਰ ਜਾਇਜ਼–ਨਾਜਾਇਜ਼ ਤਰੀਕਾ ਵਰਤ ਕੇ ਬਦੇਸ਼ੀਂ ਪਹੁੰਚਣ ਦੀ ਅੰਨ੍ਹੀ ਲਾਲਸਾ ਨੂੰ ਪੇਸ਼ ਕੀਤਾ ਹੈ। ਪੰਜਾਬੀਆਂ ਨੇ ਆਪਣੇ ਪੁੱਤਾਂ–ਧੀਆਂ ਨੂੰ ਬਦੇਸ਼ਾਂ ਵਿਚ ਭੇਜਣ ਤੇ ਪੱਕੇ ਕਰਵਾਉਣ ਦੇ ਚੱਕਰਾਂ ਵਿਚ ਆਪਣੀ ਇਜ਼ਤ, ਅਣਖ ਤੇ ਮਰਯਾਦਾ ਨੂੰ ਮਿੱਟੀ ਵਿਚ ਰੋਲ਼ ਦਿੱਤਾ ਹੈ।
ਕਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਆਪਣੇ ਵਿਆਹੁਤਾ ਸਾਥੀ–ਸਾਥਣ ਅਤੇ ਪਰਿਵਾਰ ਦੀ ਸਪਾਂਸਰਸ਼ਿਪ ਪ੍ਰਣਾਲੀ ਰਾਹੀਂ ਪੰਜਾਬ ਦੇ ਲੱਖਾਂ ਲੋਕ ਕਨੇਡਾ ਆਏ ਹੋਏ ਹਨ। ਉਦੋਂ ਉਹ ਲੋਕ ਕਨੇਡਾ ਦੀਆਂ ਏਅਰਪੋਰਟਾਂ ’ਤੇ ਪਹੁੰਚਦਿਆਂ ਹੀ ਏਥੋਂ ਦੇ ਪੱਕੇ ਇੰਮੀਗ੍ਰਾਂਟ ਬਣ ਜਾਂਦੇ ਸਨ। ਸ਼ੁਰੂ ਵਿਚ ਲੋਕ ਇਸ ਪ੍ਰਣਾਲੀ ਨੂੰ ਸਹੀ ਢੰਗ ਨਾਲ਼ ਵਰਤਦੇ ਰਹੇ ਪਰ ਸਮਾਂ ਪਾ ਕੇ ਦੁਰਵਰਤੋਂ ਸ਼ੁਰੂ ਹੋ ਗਈ। ਭੈਣ–ਭਰਾਵਾਂ ਨੇ ਇਕ –ਦੂਜੇ ਨੂੰ ਵਿਆਹੁਤਾ ਸਾਥੀ ਦਰਸਾ ਕੇ ਰਿਸ਼ਤਿਆਂ ਨੂੰ ਕਲੰਕਿਤ ਕੀਤਾ। ਕਨੇਡਾ ਵਸਦੇ ਕੁਝ ਲੜਕੇ–ਲੜਕੀਆਂ ਨੇ ਇਸ ਪ੍ਰਣਾਲੀ ਨੂੰ ਵਪਾਰ ਬਣਾ ਲਿਆ। ਇੰਡੀਆ ਦੇ ਲੜਕੀਆਂ–ਲੜਕਿਆਂ ਨਾਲ਼ ਜਾਅਲੀ ਵਿਆਹ ਕਰਵਾ ਕੇ ਤਕੜੀਆਂ ਰਕਮਾਂ ਬਟੋਰੀਆਂ, ਸੌਦੇਬਾਜ਼ੀਆਂ ਨਾਲ਼ ਵੱਟੇ ਸੱਟੇ ਵੀ ਚਲਦੇ ਰਹੇ। ਤੇ ਫਿਰ ਇਹ ਪ੍ਰਣਾਲੀ ਅਨਾਰਕੀ ਦਾ ਰੂਪ ਧਾਰ ਗਈ। ਕਨੇਡਾ ਦੇ ਜਿਹੜੇ ਪਰਿਵਾਰ ਆਪਣੇ ਧੀਆਂ–ਪੁੱਤਾਂ ਦਾ ਇੰਡੀਆ ਜਾ ਕੇ ਵਿਆਹ ਕਰਦੇ, ਉਨ੍ਹਾਂ ਨਾਲ਼ ਹੇਰਾਫੇਰੀਆਂ ਤੇ ਧੋਖੇਬਾਜ਼ੀਆਂ ਹੋਣ ਲੱਗ ਪਈਆਂ। ਕਨੇਡਾ ਤੋਂ ਗਏ ਪਰਿਵਾਰਾਂ ਨਾਲ਼ ਇੰਡੀਆ ’ਚ ਬਣੇ ਰਿਸ਼ਤੇਦਾਰ ਬਹੁਤ ਹੀ ਹਲੀਮੀ ਤੇ ਪਿਆਰ–ਸਤਿਕਾਰ ਨਾਲ਼ ਵਰਤਦੇ। ਨਵ–ਵਿਆਹੇ ਲੜਕੇ–ਲੜਕੀਆਂ ਕਨੇਡਾ ਪਰਤ ਕੇ ਆਪਣੇ ਸਾਥੀਆਂ ਨੂੰ ਸਪਾਂਸਰ ਕਰ ਦੇਂਦੇ। ਪਰ ਉਹੀ ਸਾਥੀ ਤੇ ਸਾਥਣਾਂ ਕਨੇਡਾ ਪਹੁੰਚ ਕੇ, ਪਲਾਨ ਕੀਤੀਆਂ ਧੋਖੇਬਾਜ਼ੀਆਂ ਵਰਤ ਕੇ ਏਅਰਪੋਰਟਾਂ ਜਾਂ ਸਹੁਰਾ-ਪਰਿਵਾਰਾਂ ਦੇ ਘਰਾਂ ਤੋਂ ਗਾਇਬ ਹੋ ਜਾਂਦੇ। ਇਸ ਵਰਤਾਰੇ ਨਾਲ਼ ਮਿਲ਼ਦੀ–ਜੁਲਦੀ ਇਕ ਕਹਾਣੀ ਸਾਡੇ ਨਾਲ਼ ਵੀ ਵਾਪਰ ਗਈ… ਭਰਾ ਸੁਹੇਲ ਸਿੰਘ ਤੇ ਦੋਵੇਂ ਭੈਣਾਂ ਦੇ ਅੱਧੇ ਕੁ ਬੱਚੇ ਕਨੇਡਾ ਆ ਚੁੱਕੇ ਸਨ। ਭਰਾ ਦਲਜੀਤ ਸਿੰਘ ਦੇ ਦੋ ਬੱਚੇ ਹਨ। ਬੇਟੀ ਆਪਣੇ ਸਹੁਰੇ-ਘਰ ਵਸਦੀ ਹੈ। ਬੇਟਾ ਗੁਰਦੇਵ ਕਨੇਡਾ ਆੳਣਾ ਚਾਹੁੰਦਾ ਸੀ। ਅਸੀਂ ਸਕੀਮ ਬਣਾਈ… ਦਲਜੀਤ ਸਿੰਘ ਨੇ ਆਪਣੀ ਸਾਂਝ ਵਾਲ਼ੇ ਇਕ ਬੰਦੇ ਦੇ ਦੋਸਤ ਦੀ ਲੜਕੀ ਨਾਲ਼ ਗੁਰਦੇਵ ਦਾ ਰਿਸ਼ਤਾ ਪੱਕਾ ਕਰ ਲਿਆ। ਭਾਈਚਾਰੇ ਵਿਚ ਕੋਈ ਰਸਮ ਨਾ ਕੀਤੀ। ਅਸੀਂ ਉਸ ਲੜਕੀ ਨੂੰ ਕਨੇਡਾ ਸੱਦ ਲਿਆ। ਢਾਈ ਸਾਲ ਆਪਣੇ ਘਰ ਰੱਖਿਆ। ਆਪਣੀਆਂ ਨੂੰਹਾਂ ਦੇ ਬਰਾਬਰ ਸਮਝਿਆ। ਕੋਈ ਖਰਚਾ ਨਹੀਂ ਲਿਆ।
ਇੰਮੀਗਰੇਸ਼ਨ ਮਿਲਣ ’ਤੇ ਉਸ ਲੜਕੀ ਨੂੰ ਪਰ ਨਿਕਲ਼ ਆਏ। ਰਿਸ਼ਤਾ ਪੱਕਾ ਕਰਨ ਸਮੇਂ ਉਸ ਲੜਕੀ ਨੇ ਗੁਰਦੇਵ ਨੂੰ ਕਿਹਾ ਸੀ, “ਜੀ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਆਂ ਜਿਹੜਾ ਤੁਸੀਂ ਮੈਨੂੰ ਪਸੰਦ ਕਰ ਲਿਆ।” ਹੁਣ ਉਹੀ ਗੁਰਦੇਵ ਉਸਨੂੰ ਪਛੜਿਆ ਜਿਹਾ ਲੱਗਣ ਲੱਗ ਪਿਆ। ਆਪਣੀ ਪਸੰਦ ਦੇ ਲੜਕੇ ਨਾਲ਼ ਵਿਆਹ ਕਰਨ ਦੀ ਨੀਅਤ ਸੀ ਉਸਦੀ। ਉਸਦੇ ਮਾਪੇ ਉਸਦੀ ਚਾਲ ਨਾਲ਼ ਸਹਿਮਤ ਸਨ। ਉਹ ਇਕ ਫਰਨੀਚਰ ਫੈਕਟਰੀ ’ਚ ਜੌਬ ਕਰਦੀ ਸੀ। ਆਪਣੇ ਪੇਕਾ ਪਰਿਵਾਰ ਦੀ ਸਪਾਂਸਰਸ਼ਿਪ ਵਾਸਤੇ ਮੱਦਦ ਲੈਣ ਲਈ ਉਸਨੇ ਫੈਕਟਰੀ ਦੇ ਮਾਲਕ ਨਾਲ਼ ਅਵੈਧ ਸੰਬੰਧ ਬਣਾ ਲਏ। ਮੇਰੇ ਭਰਾਵਾਂ ਨੇ ਵਿਚੋਲੇ ਨੂੰ ਤੁਣਕਿਆ ਅਤੇ ਉਸ ਰਾਹੀਂ ਲੜਕੀ ਦੇ ਬਾਪ ਨੂੰ ਸੁਨੇਹਾ ਭੇਜ ਦਿੱਤਾ ਕਿ ਧੋਖੇਬਾਜ਼ੀ ਤੈਨੂੰ ਮਹਿੰਗੀ ਪਏਗੀ… ਸਾਡਾ ਲੜਕਾ ਕਨੇਡਾ ਪਹੁੰਚਣਾ ਚਾਹੀਦੈ। ਲੜਕੀ ਦੇ ਬਾਪ ਨੂੰ ਆਸਿਉਂ–ਪਾਸਿਉਂ ਮੇਰੇ ਭਰਾਵਾਂ ਦੇ ਲੋਕਾਂ ਵਿਚ ਅਸਰ–ਰਸੂਖ ਦਾ ਪਤਾ ਲੱਗ ਗਿਆ। ਉਸਨੇ ਲੜਕੀ ਨੂੰ ਇੰਡੀਆ ਸੱਦ ਕੇ ਵਿਆਹ ਕਰ ਦਿੱਤਾ। ਲੜਕੀ ਨੇ ਕਨੇਡਾ ਆ ਕੇ ਗੁਰਦੇਵ ਨੂੰ ਸਪਾਂਸਰ ਤਾਂ ਕਰ ਦਿੱਤਾ ਪਰ ਸਾਡੇ ਘਰੋਂ ਪਤਰਾ ਵਾਚ ਗਈ। ਸਾਡੇ ਲਈ ਇਹ ਹੈਰਾਨੀ ਵਾਲ਼ੀ ਗੱਲ ਨਹੀਂ ਸੀ। ਸਾਨੂੰ ਉਸਦੀ ਚਾਲ ਦਾ ਪਤਾ ਸੀ।
ਗੁਰਦੇਵ ਕਨੇਡਾ ਆ ਗਿਆ। ਉਸ ਲੜਕੀ ਦੇ ਤਲਾਕ ਤੋਂ ਬਿਨਾਂ ਉਹ ਦੁਬਾਰਾ ਵਿਆਹ ਨਹੀਂ ਸੀ ਕਰ ਸਕਦਾ। ਲੜਕੀ ਦਾ ਬੈਂਕ ਖਾਤਾ ਮੇਰੀ ਪਤਨੀ ਨਾਲ਼ ਸਾਂਝਾ ਸੀ। ਖਾਤੇ ਵਿਚ ਇੱਕੀ ਹਜਾਰ ਡਾਲਰ ਜਮ੍ਹਾਂ ਸੀ। ਪਤਨੀ ਨੇ ਬੈਂਕ ਨੂੰ ਲਿਖ ਕੇ ਦੇ ਦਿੱਤਾ ਕਿ ਉਸਦੀ ਸਹਿਮਤੀ ਤੋਂ ਬਿਨਾਂ ਉਸ ਲੜਕੀ ਨੂੰ ਕੋਈ ਰਕਮ ਨਾ ਦਿੱਤੀ ਜਾਵੇ। ਆਖਰ ਅਸੀਂ ਉਸ ਲੜਕੀ ਨਾਲ਼ ਗੱਲ ਨਿਬੇੜੀ। ਉਸਨੇ ਆਪਣੇ ਵੱਲੋਂ ਗੁਰਦੇਵ ਨੂੰ ਤਲਾਕ ਲਿਖ ਦਿੱਤਾ ਤੇ ਅਸੀਂ ਅਕਾਊਂਟ ਦੀ ਸਾਰੀ ਰਕਮ ਉਸਨੂੰ ਛੱਡ ਦਿੱਤੀ।
ਮੇਰਾ ਮੰਤਵ ਤਾਂ ਸਿਰਫ ਭਰਾ ਦੀ ਮੱਦਦ ਕਰਨਾ ਹੀ ਸੀ ਪਰ ਇਸ ਮਾਮਲੇ ਵਿਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਟੈਨਸ਼ਨ ਝੱਲਣੀ ਪਈ।
‘ਨਦੀਨ’ ਕਹਾਣੀ ਦੇ ਕੁਝ ਵੇਰਵੇ ਉੱਪਰ ਲਿੱਖੀ ਕਮੀਨਗੀ ਭਰੀ ਗਾਥਾ ਵਾਲ਼ੇ ਹਨ ਅਤੇ ਬਾਕੀ ਮੇਰੀ ਕਲਪਨਾ ਵਿੱਚੋਂ ਉਪਜੇ ਹਨ। ਕਹਾਣੀ ਤਿੰਨ ਭਰਾਵਾਂ ਜਵਾਹਰ ਸਿੰਘ, ਰਤਨ ਸਿੰਘ ਤੇ ਸੁੱਚਾ ਸਿੰਘ ਦੇ ਸੰਖੇਪ ਜੀਵਨ–ਵੇਰਵਿਆਂ ਨਾਲ਼ ਆਰੰਭ ਹੁੰਦੀ ਹੈ। ਜਵਾਹਰ ਸਿੰਘ ਖੇਤੀ ਕਰਦਾ ਹੈ, ਰਤਨ ਸਿੰਘ ਈਮਾਨਦਾਰ ਵਣ ਰੇਂਜ ਅਫਸਰ ਹੈ ਤੇ ਸੁੱਚਾ ਸਿੰਘ ਸੱਚਾ–ਸੁੱਚਾ ਥਾਣੇਦਾਰ। ਸੁੱਚਾ ਸਿੰਘ ਵੱਲੋਂ ਅਤਿਵਾਦੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਨ ਤੋਂ ਨਾਂਹ ਕਰਨ ’ਤੇ ਮਹਿਕਮਾ ਉਸਨੂੰ ਤੰਗ ਕਰਨ ਲੱਗ ਜਾਂਦਾ ਹੈ। ਸਚਾਈ–ਈਮਾਨਦਾਰੀ ਬਦਲੇ ਮਿਲ਼ੀ ਖੱਜਲ–ਖੁਆਰੀ ਤੋਂ ਅੱਕ ਕੇ ਉਹ ਕੁਝ ਅਤਿਵਾਦੀਆਂ ਲਈ ਬਦੇਸ਼ ਭੱਜਣ ਦਾ ਰਾਹ ਪੱਧਰਾ ਕਰਦਾ ਹੈ ਤੇ ਚੰਗੇ ਹੱਥ ਰੰਗ ਕੇ ਨੌਕਰੀ ਨੂੰ ਲੱਤ ਮਾਰ ਦੇਂਦਾ ਹੈ। ਰਾਜਨੀਤੀ ਅਤੇ ਸਰਕਾਰੀ ਮਹਿਕਮਿਆਂ ’ਚ ਲਿੰਕ ਬਣਾ ਕੇ ਉਹ ਚਲਦਾ–ਪੁਰਜਾ ਵਿਅਕਤੀ ਬਣ ਜਾਂਦਾ ਹੈ।
ਰਤਨ ਸਿੰਘ ਸਾਧਾਰਨ ਜ਼ਿੰਦਗੀ ਬਸਰ ਕਰਨੀ ਚਾਹੁੰਦਾ ਹੈ ਪਰ ਉਸਦਾ ਪਰਿਵਾਰ ਸੁੱਚਾ ਸਿੰਘ ਦੇ ਕਾਰੋਬਾਰ ਤੇ ਪਦਾਰਥਕ ਸੁੱਖ–ਸਹੂਲਤਾਂ ਵੱਲ ਦੇਖ ਕੇ ਪਦਾਰਥਕ ਚਕਾਚੌਂਧ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚਿਆਂ ਦੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਉਹ ਪੁਆਇੰਟ ਸਿਸਟਮ ’ਤੇ ਇੰਮੀਗਰੇਸ਼ਨ ਲੈ ਕੇ ਪਰਿਵਾਰ ਨੂੰ ਕਨੇਡਾ ਲੈ ਆਉਂਦਾ ਹੈ।
ਜਵਾਹਰ ਸਿਘ ਆਪਣੀ ਖੇਤੀ ਦੇ ਸਿਰ ’ਤੇ ਸਾਦੀ ਤੇ ਸੰਤੁਸ਼ਟ ਜ਼ਿੰਦਗੀ ਜਿਉ ਰਿਹਾ ਹੈ। ਪਰ ਉਸਦੇ ਪੁੱਤ ਹਰਜਾਪ ਨੇ ਬਾਹਰ ਆਉਣ ਦੀ ਜ਼ਿਦ ਫੜੀ ਹੋਈ ਏ। ਰਤਨ ਸਿੰਘ ਦਾ ਪੁੱਤਰ ਗੁਰਨੇਕ ਆਪਣੇ ਦੋ ਬੱਚਿਆਂ ਵਾਸਤੇ ਨੀਤੂ ਨਾਂ ਦੀ ਕੁੜੀ ਨੂੰ ਨੈਨੀ ਵਜੋਂ ਕਨੇਡਾ ਸੱਦ ਲੈਂਦਾ ਹੈ। ਰਤਨ ਸਿੰਘ ਦਾ ਪਰਿਵਾਰ ਨੀਤੂ ਨੂੰ ਆਪਣਾ ਅੰਗ ਸਮਝਦਾ ਹੈ। ਨੀਤੂ ਦਾ ਵਿਹਾਰ ਵੀ ਉਨ੍ਹਾਂ ਨਾਲ਼ ਠੀਕ ਹੈ। ਪਰ ਇੰਮੀਗਰੇਸ਼ਨ ਮਿਲਣ ਬਾਅਦ ਉਸਦੇ ਤੌਰ-ਤਰੀਕੇ ਬਦਲ ਜਾਂਦੇ ਹਨ। ਪਹਿਲਾਂ ਉਹ ਫੋਨ ’ਤੇ ਹਰਜਾਪ ਨਾਲ਼, ਪਿਆਰ ਨਾਲ਼ ਗੱਲ ਕਰਦੀ ਸੀ ਪਰ ਹੁਣ ਰੋਹਬ ਨਾਲ਼ ਕਰਦੀ ਹੈ। ਰਤਨ ਸਿੰਘ ਦੇ ਪਰਿਵਾਰ ਨਾਲ਼ ਵੀ ਉਸਦਾ ਵਿਹਾਰ ਪਹਿਲਾਂ ਵਾਲ਼ਾ ਨਹੀਂ ਰਹਿੰਦਾ। ਉਹ ਨੀਤੂ ’ਚ ਆਏ ਬਦਲਾਵ ਨੂੰ ਸਮਝਦੇ ਤਾਂ ਹਨ ਪਰ ਸਖਤੀ ਨਹੀਂ ਕਰ ਸਕਦੇ। ਅਜਿਹਾ ਕਰਨ ਨਾਲ਼ ਨੀਤੂ ਨੂੰ ਉਡਾਰੀ ਮਾਰਨ ਦਾ ਬਹਾਨਾ ਮਿਲ਼ ਜਾਣਾ ਸੀ। ਪਰ ਨੀਤੂ ਨੇ ਉਡਾਰੀ ਮਾਰਨ ਦੀ ਸਕੀਮ ਪੱਕੀ ਕੀਤੀ ਹੋਈ ਏ। ਉਸਦੀ ਜੌਬ ਬੇਕਰੀ ’ਚ ਹੈ। ਉਹ ਬੇਕਰੀ ਦੇ ਮਾਲਕ ਜੈਦੇਵ ਸਿੰਘ ਨਾਲ਼ ਜਿਸਮਾਨੀ ਸੰਬੰਧ ਬਣਾ ਲੈਂਦੀ ਹੈ। ਉਸਦੇ ਪੇਕਾ ਪਰਿਵਾਰ ਨੂੰ ਸਪਾਂਸਰ ਕਰਨ ਲਈ ਜੈਦੇਵ ਸਿੰਘ ਨੇ ਲੋੜੀਂਦੀ ਆਮਦਨ ਬਣਾ ਦੇਣੀ ਹੈ। ਹੁਣ ਆਖਰੀ ਸਟੈੱਪ ਰਤਨ ਸਿੰਘ ਦੇ ਘਰੋਂ ਉਡਾਰੀ ਮਾਰਨ ਦਾ ਹੈ। ਉਸਦਾ ਡੈਡੀ ਸ਼ਿੰਗਾਰਾ ਸਿੰਘ ਉਸਦੀ ਸਕੀਮ ਨੂੰ ਚਿੱਠੀ ਰਾਹੀਂ ਪੁਸ਼ਟ ਕਰਦਾ ਹੈ। ਚਿੱਠੀ ਗੁਰਨੇਕ ਦੇ ਹੱਥ ਆ ਜਾਂਦੀ ਹੈ। ਉਹ ਕ੍ਰੋਧ ’ਚ ਬਲ਼ ਉੱਠਦਾ ਹੈ। ਰਤਨ ਸਿੰਘ ਦਾ ਵਿਚਾਰ ਹੈ ਕਿ ਜਵਾਹਰ ਸਿੰਘ ਪੰਜ-ਸੱਤ ਪੰਚਾਇਤੀ ਇਕੱਠੇ ਕਰਕੇ ਸ਼ਿੰਗਾਰਾ ਸਿੰਘ ਨੂੰ ਵਚਨ ਪੂਰਾ ਕਰਨ ਲਈ ਕਹੇ। ਹਰਖਿਆ ਹੋਇਆ ਗੁਰਨੇਕ ਆਖਦਾ ਹੈ, “ਡੈਡੀ! ਵਚਨਾਂ-ਵੁਚਨਾਂ ਦੀ ਕੌਣ ਪਰਵਾਹ ਕਰਦੈ। ਲੋਕੀਂ ਕਿਸੇ ਵੀ ਕੀਮਤ ’ਤੇ ਇੰਮੀਗ੍ਰੇਸ਼ਨ ਹਥਿਆਉਣੀ ਚਾਹੁੰਦੇ ਆ। ਇੰਮੀਗ੍ਰੇਸ਼ਨ ਖਾਤਰ ਜ਼ਬਾਨ ਤੋਂ ਮੁੱਕਰਨਾ, ਰਿਸ਼ਤੇ ਤੋੜਨੇ, ਇਜ਼ਤਾਂ ਦਾਅ ’ਤੇ ਲਾਉਣੀਆਂ ਮਾਮੂਲੀ ਗੱਲਾਂ ਹਨ। ਇਸਤੋਂ ਵੀ ਅਗਾਂਹ ਲੋਕਾਂ ਨੇ ਇਮੀਗ੍ਰੇਸ਼ਨ ਨੂੰ ਵਪਾਰ ਬਣਾ ਲਿਐ…।” ਨੀਤੂ ਦੀ ਉਡਾਰੀ ਮਾਰਨ ਦੀ ਸਕੀਮ ਨੂੰ ਫੇਲ੍ਹ ਕਰਨ ਲਈ ਉਹ ਆਪਣੇ ਚੱਲਦੇ-ਪੁਰਜੇ ਚਾਚੇ ਸੁੱਚਾ ਸਿੰਘ ਨੂੰ ਫੋਨ ਕਰਦਾ ਹੈ। ਸੁੱਚਾ ਸਿੰਘ ਵੱਲੋਂ ਡਾਂਟਣ ’ਤੇ ਸ਼ਿੰਗਾਰਾ ਸਿੰਘ ਧੀ ਨੂੰ ਇੰਡੀਆ ਸੱਦ ਕੇ ਹਰਜਾਪ ਨਾਲ਼ ਵਿਆਹ ਦੇਂਦਾ ਹੈ।
ਹਰਜਾਪ ਕਨੇਡਾ ਪਹੁੰਚ ਜਾਂਦਾ ਹੈ। ਉਹ ਨੀਤੂ ਨੂੰ ਪਿਆਰ ਕਰਦਾ ਹੈ। ਪਰ ਹਰਜਾਪ ਦੇ ਪਰਿਵਾਰ ਵੱਲੋਂ ਧੱਕੇ ਨਾਲ਼ ਕੀਤਾ ਵਿਆਹ ਨੀਤੂ ਨੂੰ ਮਨਜ਼ੂਰ ਨਹੀਂ। ਉਸਦੀ ਤੇ ਉਸਦੇ ਡੈਡੀ ਦੀ ਸੋਚ ਅਨੁਸਾਰ ਕਨੇਡਾ ਦੀ ਇੰਮੀਗਰੇਸ਼ਨ ਹਥਿਆਉਣ ਲਈ ਉਨ੍ਹਾਂ ਦੀਆਂ ਚਲਾਕੀਆਂ ਤੇ ਹੇਰਾਫੇਰੀਆਂ ਜ਼ਾਇਜ਼ ਹਨ।
ਉਹ ਜੈਦੇਵ ਸਿੰਘ ਨਾਲ਼ ਸੰਬੰਧ ਬਣਾਈ ਰੱਖਦੀ ਹੈ। ਇਕ ਬੱਚੇ ਨੂੰ ਜਨਮ ਦਿੰਦੀ ਹੈ। ਪਰ ਉਸਦਾ ਵਿਹਾਰ ਏਨਾ ਸ਼ੱਕੀ ਹੋ ਜਾਂਦਾ ਹੈ ਕਿ ਹਰਜਾਪ ਨੂੰ ਜਾਪਦਾ ਹੈ ਕਿ ਬੱਚਾ ਉਸਦਾ ਖੂਨ ਨਹੀਂ। ਨੌਬਤ ਬੱਚੇ ਦਾ ਡੀ. ਐਨ. ਏ ਕਰਵਾਉਣ ਤੱਕ ਪਹੁੰਚ ਜਾਂਦੀ ਹੈ। ਡੀ. ਐਨ. ਏ ਦੀ ਰਿਪੋਰਟ ਹਰਜਾਪ ਦੀ ਸ਼ੱਕ ਨੂੰ ਸਹੀ ਸਾਬਤ ਕਰਦੀ ਹੈ। ਕਹਾਣੀ ਦੇ ਅਖੀਰ ਵਿਚ ਗੁਰਨੇਕ ਹਰਜਾਪ ਨੂੰ ਜੱਫੀ ’ਚ ਲੈ ਕੇ ਗੜ੍ਹਕਵੀਂ ਆਵਾਜ਼ ਵਿਚ ਆਖਦਾ ਹੈ, “ਬੇਈਮਾਨੀ, ਧੋਖੇਬਾਜ਼ੀ ਦਾ ਮੂੰਹ ਕਾਲ਼ਾ।”
ਉਪ੍ਰੋਕਤ ਪੰਜ ਕਹਾਣੀਆਂ ਵਿੱਚੋਂ ਤਿੰਨ ਕਹਾਣੀਆਂ ‘ਪੱਤਿਆਂ ਨਾਲ਼ ਢਕੇ‘ਮੁਹਾਜ਼’ ਤੇ ‘ਕਾਲੇ ਵਰਕੇ’ ਮੈਂ ‘ਪੰਜਾਬੀ ਕਹਾਣੀ ਮੰਚ’ ਦੀਆਂ ਬੈਠਕਾਂ ਵਿਚ ਪੜ੍ਹੀਆਂ। ਅਗਲੀਆਂ ਦੋ ਮੇਰੇ ਪਿਆਰੇ ਦੋਸਤ ਪਰਮਿੰਦਰ ਦਿਲ ਦੇ ਘਰ ਪੜ੍ਹੀਆਂ। ਪਰਮਿੰਦਰ ਦਿਲ ਪੰਜਾਬੀ ਤੇ ਹਿੰਦੀ ਸਾਹਿਤ ਦਾ ਸੁਲ਼ਝਿਆ ਪਾਠਕ ਹੈ। ਇੰਡੀਆ ’ਚ ਉਸਦਾ ਸਬੰਧ ਦਿੱਲੀ ਨਾਲ਼ ਹੈ। ਉਸ ਨੂੰ ਮੇਰੇ ਬਾਰੇ ਦਿੱਲੀ ਦੇ ਸਾਹਿਤਕਾਰ ਇਕਬਾਲਦੀਪ ਨੇ ਦੱਸਿਆ ਸੀ। ਉਸ ਨਾਲ਼ ਪਹਿਲੀ ਮੁਲਾਕਾਤ ‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਇਕ ਮੀਟਿੰਗ ’ਚ ਹੋਈ। ਉਸਦੇ ਬੋਲਾਂ ਵਿਚ ਸਨੇਹ ਸੀ। ਹਾਲ–ਚਾਲ ਪੁੱਛਣ–ਦੱਸਣ ਬਾਅਦ ਉਸਨੇ ਮੇਰੀਆਂ ਸਾਰੀਆਂ ਕਹਾਣੀਆਂ ਪੜ੍ਹਨ ਦੀ ਇਛਾ ਪ੍ਰਗਟਾਈ। ਤੇ ਨਾਲ਼ ਇਹ ਵੀ ਆਖਿਆ ਕਿ ਉਹ ਕਿਤਾਬਾਂ ਮੁਫਤ ਨਹੀਂ ਲਏਗਾ… ਉਸਨੇ ਮੇਰੇ ਪਹਿਲੇ ਕਥਾ ਸੰਗ੍ਰਹਿ ‘ਮੈਨੂੰ ਕੀ’ ਦੀ ਪਹਿਲੀ ਕਹਾਣੀ ਤੋਂ ਲੈ ਕੇ ਪੰਜਵੇਂ ਸੰਗ੍ਰਹਿ ‘ਟਾਵਰਜ਼’ ਦੀ ਆਖਰੀ ਕਹਾਣੀ ਤੱਕ, ਸਾਰੀਆਂ ਕਹਾਣੀਆਂ ਨਿੱਠ ਕੇ ਪੜ੍ਹੀਆਂ। ਤੇ ਫਿਰ ਮੇਰੇ ਹਰ ਨਵੇਂ ਸੰਗ੍ਰਹਿ ਦੀਆਂ ਕਹਾਣੀਆਂ ਵਿਚ ਪਹਿਲੀਆਂ ਕਹਾਣੀਆਂ ਨਾਲੋਂ ਨਜ਼ਰ ਆਉਂਦੀ ਬਿਹਤਰੀ ਬਾਰੇ ਭਾਵਪੂਰਤ ਟਿੱਪਣੀਆਂ ਕੀਤੀਆਂ। ਟਿੱਪਣੀਆਂ ਦੇ ਅਖੀਰ ਵਿਚ ਉਸਦੇ ਇਹ ਸ਼ਬਦ, “ਤੁਹਾਡੀ ਅਗਲੀ ਕਹਾਣੀ ਪੜ੍ਹਨ–ਵਿਚਾਰਨ ਦਾ ਪ੍ਰੋਗਰਾਮ ਮੇਰੇ ਘਰ ਹੋਏਗਾ” ਸੁਣਦਿਆਂ ਮੈਂ ਸਮਝ ਗਿਆ ਕਿ ਕਹਾਣੀਆਂ ਨੇ ਸਾਡੇ ਵਿਚ ਦੋਸਤੀ ਬਣਾ ਦਿੱਤੀ ਸੀ।
“ਨਾ ਪਰਮਿੰਦਰ ਜੀ, ਤੁਹਾਨੂੰ ਏਨੀ ਤਕਲੀਫ ਨਹੀਂ ਦੇਣੀ।” ਮੈਂ ਆਖਿਆ।
‘ਤਕਲੀਫ ਨਹੀਂ, ਮੈਂਨੂੰ ਖੁਸ਼ੀ ਹੋਏਗੀ।”
ਇਹ ਉਸਦਾ ਗੂੜ੍ਹਾ ਸਨੇਹ ਹੀ ਸੀ ਕਿ ਪਹਿਲਾਂ ਉਸਨੇ ਕਹਾਣੀ ‘ਨਦੀਨ’ ਤੇ ਫਿਰ ਡੇਢ ਕੁ ਸਾਲ ਬਾਅਦ ‘ਹੜ੍ਹ’ ਕਹਾਣੀ ’ਤੇ ਪ੍ਰੋਗਰਾਮ ਕਰਵਾਏ। ਦੋਨਾਂ ਕਹਾਣੀਆਂ ’ਤੇ ਢੁਕਵੀਂ ਚਰਚਾ ਹੋਈ। ਪਰਮਿੰਦਰ ਦਿਲ ਦੇ ਪਰਿਵਾਰ ਨੇ ਦੋਨਾਂ ਪ੍ਰੋਗਰਾਮਾਂ ਵਿਚ ਸ਼ਾਮਲ ਸਾਹਿਤਕਾਰਾਂ ਲਈ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ।
ਕਹਾਣੀ ਸੰਗ੍ਰਹਿ ‘ਕਾਲ਼ੇ ਵਰਕੇ’
10 ਸਾਲ ਪਹਿਲਾਂ ਛਪਿਆ ਕਥਾ ਸੰਗ੍ਰਹਿ ‘ਟਾਵਰਜ਼’ ਨਿਰੰਤਰ ਚਰਚਾ ਵਿਚ ਸੀ। ਇਹ ਕਿਤਾਬ ਪੰਜਾਬ ਯੂਨੀਵਰਸਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਕੁਰੂਕਸ਼ੇਤਰ ਯੂਨੀਵਰਸਟੀ ਕੁਰੂਕਸ਼ੇਤਰ ਵਿਚ ਐਮ. ਏ ਪੰਜਾਬੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾ ਰਹੀ ਸੀ। ਕੁਝ ਵਿਦਿਆਰਥੀਆਂ ਨੇ ਇਸ ਕਿਤਾਬ ’ਤੇ ਐਮ. ਫਿਲ ਵੀ ਕੀਤੀਆਂ ਸਨ।
‘ਦੋ ਟਾਪੂ’ ਸੰਗ੍ਰਹਿ ਵੀ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਿਲੇਬਸਾਂ ’ਚ ਸੀ।
ਦੋਨਾਂ ਕਿਤਾਬਾਂ ਦੀ ਲੰਮੇਰੀ ਚਰਚਾ ਮੇਰੇ ਲਈ ਵੱਡੇਰੇ ਮਾਣ ਤੇ ਉਤਸ਼ਾਹ ਵਾਲ਼ੀ ਗੱਲ ਸੀ। ਇਹ ਮਾਣ ’ਤੇ ਉਤਸ਼ਾਹ ਰਚਨਾਵੀ ਪੱਧਰ ਹੋਰ ਉੱਚਾ ਕਰਨ ਲਈ ਮੇਰੀ ਊਰਜਾ ਬਣ ਗਏ। ਅੰਤਰਰਾਸ਼ਟਰੀ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਹਾਸਲ ਕਰਨੀ ਤੇ ਉਨ੍ਹਾਂ ਨੂੰ ਗਲਪ ਵਿਚ ਢਾਲਣਾ ਚੁਣੌਤੀਪੂਰਨ ਕਾਰਜ ਸੀ। ਪਰ ਚੁਣੌਤੀਆਂ ਹੀ ਤਾਂ ਸਾਡੀ ਸਮਰਥਾ ਵਧਾਉਂਦੀਆਂ ਹਨ।
ਉਪ੍ਰੋਕਤ ਕਹਾਣੀਆਂ ਨੂੰ ਸੰਪੂਰਨ ਕਰਨ ਲਈ 10 ਸਾਲ ਲੱਗੇ। ਹਰੇਕ ਕਹਾਣੀ ਨੂੰ ਵਾਰ–ਵਾਰ ਸੋਧਿਆ ਤੇ ਸੰਵਾਰਿਆ। ਡਾ. ਕਰਮਜੀਤ ਸਿੰਘ ਤੇ ਡਾਕਟਰ ਬਲਦੇਵ ਸਿੰਘ ਧਾਲੀਵਾਲ ਤੋਂ ਰਾਵਾਂ ਵੀ ਲਈਆਂ। ਕਹਾਣੀਆਂ ‘ਸਿਰਜਣਾ’ ਤੇ ‘ਹੁਣ’ ਪਰਚਿਆਂ ਵਿਚ ਛਪੀਆਂ। ਹਰ ਕਹਾਣੀ ਬਾਰੇ ਹਾਂ–ਪੱਖੀ ਪ੍ਰਤੀਕਰਮ ਆਏ। ਪਰਚਿਆਂ ’ਚ ਛਪਣ ਤੋਂ ਬਾਅਦ ਅਤੇ ਕਿਤਾਬ ਛਪਣ ਸਮੇਂ ਪਰੂਫ ਪੜ੍ਹਦਿਆਂ ਵੀ ਸੋਧਾਂ ਕਰਦਾ ਰਿਹਾ। 2015 ਦੇ ਸ਼ੁਰੂ ਵਿਚ ‘ਲੋਕ ਗੀਤ ਪ੍ਰਕਾਸ਼ਨ’ ਨੇ ‘ਕਾਲੇ ਵਰਕੇ’ ਕਿਤਾਬ ਛਾਪ ਦਿੱਤੀ। ਪਹਿਲੀਆਂ ਕਿਤਾਬਾਂ ਵਾਂਗ, ਇਸ ਕਿਤਾਬ ’ਤੇ ਵੀ, ਛਪਦਿਆਂ ਹੀ ਚਰਚਾ ਸ਼ੁਰੂ ਹੋ ਗਈ।
ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਸਰਵਰਕ ’ਤੇ ਲਿਖੇ ਸ਼ਬਦਾਂ ਵਿੱਚੋਂ ਕੁਝ ਅੰਸ਼… ।
‘ਹਥਲੇ ਸੰਗ੍ਰਹਿ ਦੀਆਂ ਸਾਰੀਆਂ ਹੀ ਕਹਾਣੀਆਂ ਮੁਨਾਫੇ ਨੂੰ ਪਰਨਾਏ ਆਦਰਸ਼–ਵਿਹੂਣੇ ਪੂੰਜੀਵਾਦੀ ਮੁੱਲ–ਵਿਧਾਨ ਨੂੰ ਨਕਾਰਦੀਆਂ ਹਨ। ਪੂੰਜੀਵਾਦ ਦੀ ਬੇਲਗਾਮ ਚੜ੍ਹਤ ਦੇ ਦੌਰ ਵਿਚ ਇਸ ਤਰ੍ਹਾਂ ਦੀਆਂ ਅਰਥ ਭਰਪੂਰ ਕਹਾਣੀਆਂ ਲਿਖਣ ਲਈ ਜਰਨੈਲ ਸਿੰਘ ਵਧਾਈ ਦਾ ਹੱਕਦਾਰ ਹੈ।”
ਢਾਹਾਂ ਸਾਹਿਤ ਇਨਾਮ
‘ਕਾਲ਼ੇ ਵਰਕੇ’ ਪੁਸਤਕ ‘ਅੰਤਰਰਾਸ਼ਟਰੀ ਢਾਹਾਂ ਸਾਹਿਤ ਇਨਾਮ’ ਵਾਸਤੇ ਭੇਜੀ ਹੋਈ ਸੀ। ਸਤੰਬਰ 2016 ’ਚ ਇਸ ਸੰਸਥਾ ਦੀ ਅਹੁਦੇਦਾਰ ਹਰਿੰਦਰ ਕੌਰ ਹੁਰਾਂ ਦਾ ਫੋਨ ਆਇਆ। ਕਹਿਣ ਲੱਗੇ, “ਤੁਸੀਂ ਜੋ ਕਿਤਾਬ ਇਨਾਮ ਲਈ ਭੇਜੀ ਹੋਈ ਏ ਉਸ ਸੰਬੰਧ ’ਚ ਆਪਣੇ ਤੇ ਆਪਣੀਆਂ ਕਹਾਣੀਆਂ ਬਾਰੇ ਸੰਖੇਪ ਜਾਣਕਾਰੀ ਭੇਜੋ।” ਉਨ੍ਹਾਂ ਇਹ ਨਾ ਦੱਸਆ ਕਿ ਇਨਾਮ ਪਹਿਲਾ ਹੈ ਜਾਂ ਦੂਜੇ ਦੋਂਹ ਵਿੱਚੋਂ ਇਕ। ਮੈਂ ਵੀ ਪੁੱਛਣਾ ਠੀਕ ਨਾ ਸਮਝਿਆ।
ਦੋ ਕੁ ਹਫਤਿਆਂ ਬਾਅਦ ਡਾ. ਰਘਬੀਰ ਸਿੰਘ ਹੁਰਾਂ ਦਾ ਫੋਨ ਆਇਆ। ਉਹ ਸੰਸਥਾ ਦੇ ਕੋਆਰਡੀਨੇਟਰ ਸਨ। ਉਨ੍ਹਾਂ ਦੱਸਿਆ ਕਿ ‘ਕਾਲ਼ੇ ਵਰਕੇ’ ਕਥਾ ਸੰਗ੍ਰਹਿ ਪਹਿਲੇ ਇਨਾਮ (25 ਹਜਾਰ ਡਾਲਰ) ਲਈ ਚੁਣਿਆਂ ਗਿਆ ਹੈ। ਖੁਸ਼ਖਬਰੀ ਸੁਣਦਿਆਂ ਮੇਰਾ ਮਨ 23 ਸਾਲ ਪਿਛਾਂਹ ਚਲਾ ਗਿਆ… 1993 ਵਿਚ ਕਨੇਡਾ ’ਚ ਲਿਖੀ ਪਹਿਲੀ ਕਹਾਣੀ ‘ਦੋ ਟਾਪੂ’ ‘ਸਿਰਜਣਾ’ ਪਰਚੇ ਨੂੰ ਭੇਜੀ ਸੀ। ਕਹਾਣੀ ਦੀ ਪਹੁੰਚ ਬਾਰੇ ਲਿਖੀ ਚਿੱਠੀ ਵਿਚ ਡਾ. ਰਘਬੀਰ ਸਿੰਘ ਨੇ ਕਹਾਣੀ ਦੀ ਸਿਫਤ ਕੀਤੀ ਸੀ ਤੇ ਨਾਲ਼ ਇਹ ਵੀ ਲਿਖਿਆ ਸੀ, “ਮੈਂ ਕੋਈ ਰਿਆਇਤ ਨਹੀਂ ਦੇ ਰਿਹਾ।” ਉਸ ਤੋਂ ਬਾਅਦ ਮੇਰੀਆਂ ਬਹੁਤੀਆਂ ਕਹਾਣੀਆਂ ‘ਸਿਰਜਣਾ’ ਵਿਚ ਹੀ ਛਪੀਆਂ। ਹਰ ਕਹਾਣੀ ਨੂੰ ਉਤਸ਼ਾਹੀ ਹੁੰਗਾਰਾ ਮਿਲ਼ਿਆ। ਵਿਦਵਾਨਾਂ ਵੱਲੋਂ ਕਹਾਣੀਆਂ ਦੇ ਗੁਣਾਂ ਬਾਬਤ ਲੇਖ ਲਿਖੇ ਗਏ। ਕਹਾਣੀਆਂ ਰਾਹੀਂ ਹੀ ਡਾ. ਸਾਹਿਬ ਨਾਲ਼ ਦੋਸਤੀ ਬਣ ਗਈ। ਜਿਹੜਾ ਪਰਚਾ ਮੇਰੀ ਕਹਾਣੀ-ਕਲਾ ਨੂੰ ਉਜਾਗਰ ਕਰਨ ਤੇ ਨਿਖਾਰਨ ’ਚ ਸਹਾਈ ਹੋਇਆ ਅੱਜ ਉਸੇ ਪਰਚੇ ਦੇ ਸੰਪਾਦਕ ਤੇ ਪੰਜਾਬੀ ਸਾਹਿਤ ਦੇ ਪ੍ਰੌੜ ਵਿਦਵਾਨ ਮੈਨੂੰ ਵੱਡੇ ਇਨਾਮ ਦੀ ਖੁਸ਼ਖਬਰੀ ਦੇ ਰਹੇ ਸਨ। ਪਰ ਮੈਂ ਇਹ ਵੀ ਜਾਣਦਾ ਸਾਂ ਕਿ ਉਨ੍ਹਾਂ ਦਾ ਰਿਆਇਤਾਂ ਨਾ ਦੇਣ ਦਾ ਅਸੂਲ ਅੱਜ ਵੀ ਕਾਇਮ ਸੀ। ਇਸੇ ਕਰਕੇ ਹੀ ਤਾਂ ‘ਢਾਹਾਂ ਇਨਾਮ ਸੰਸਥਾ’ ਨੇ ਉਨ੍ਹਾਂ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਆਖੇ ਧੰਨਵਾਦੀ ਸ਼ਬਦ ਮੇਰੇ ਧੁਰ ਅੰਦਰੋਂ ਨਿਕਲ਼ੇ ਸਨ।
ਕੁੱਝ ਦਿਨਾਂ ਬਾਅਦ ਇਸ ਇਨਾਮ ਦੇ ਸੰਸਥਾਪਕ ਬਰਜ ਢਾਹਾਂ ਹੁਰਾਂ ਕਾਲ ਕੀਤਾ। ਵਧਾਈ ਦੇਂਦਿਆਂ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ‘ਢਾਹਾਂ ਸਾਹਿਤ ਇਨਾਮ’ ਦੇ ਪੱਧਰ ਦਾ ਸਾਹਿਤ ਕਨੇਡਾ ਵਿਚ ਵੀ ਰਚਿਆ ਜਾ ਰਿਹਾ ਹੈ। ਉਨ੍ਹਾਂ ਵਲੋਂ ਪੰਜਾਬੀ ਸਾਹਿਤ ਲਈ ਕੀਤੇ ਜਾ ਰਹ ਵੱਡੇ ਪਰਉਪਕਾਰ ਦੀ ਮੈਂ ਸ਼ਲਾਘਾ ਕੀਤੀ ਅਤੇ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਨਮਾਨ ਸਮਾਰੋਹ 29 ਅਕਤੂਬਰ ਸ਼ਾਮ ਨੂੰ ਹੋਵੇਗਾ। ਦੂਜੇ ਇਨਾਮ ਦੇ ਜੇਤੂ ਸਿਮਰਨ ਧਾਲੀਵਾਲ ਤੇ ਪਾਕਿਸਤਾਨ ਤੋਂ ਜ਼ਾਹਿਦ ਹਸਨ ਸਨ।
ਸਮਾਰੋਹ ਦੇ ਪ੍ਰੋਗਰਾਮ ਅਨੁਸਾਰ ਮੈਂ 26 ਅਕਤੂਬਰ ਨੂੰ ਵੈਨਕੂਵਰ ਪਹੁੰਚ ਗਿਆ। ਕੁਲਵੰਤ ਤੇ ਦੋਨੋਂ ਬੇਟੇ 27 ਨੂੰ ਪਹੁੰਚੇ। ਨੂੰਹਾਂ ਤੇ ਬੱਚਿਆਂ ਦਾ ਜਾਣਾ ਸੰਭਵ ਨਹੀਂ ਸੀ।
ਦੂਜੇ ਇਨਾਮ ਜੇਤੂਆਂ ਵਿੱਚੋਂ ਸਿਮਰਨ ਧਾਲੀਵਾਲ ਹੀ ਪਹੁੰਚਿਆ। 27 ਅਕਤੁਬਰ ਨੂੰ ‘ਓਮਨੀ ਟੀ ਵੀ’ ਵਾਲ਼ਿਆਂ ਮੇਰੀ ਤੇ ਸਿਮਰਨ ਦੀ ਇੰਟਰਵਿਊ ਰਿਕਾਰਡ ਕੀਤੀ। 28 ਅਕਤੂਬਰ ਨੂੰ ‘ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ’ ਦੇ ਸਾਊਥ ਏਸ਼ੀਅਨ ਸਟੱਡੀਜ਼ ਵਿਭਾਗ ਵਿਚ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨਾਲ਼ ਸਾਡਾ ਰੂ ਬ ਰੂ ਕਰਵਾਇਆ ਗਿਆ।
ਸਨਮਾਨ ਸਮਾਰੋਹ ਦਾ ਸਥਾਨ ਉਪ੍ਰੋਕਤ ਯੂਨੀਵਰਸਿਟੀ ਦਾ ਖੂਬਸੂਰਤ ਹਾਲ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਮੁੱਖ ਧਾਰਾ ਦੇ ਅਤੇ ਉੱਥੋਂ ਦੀ ਪੰਜਾਬੀ ਕਮਿਊਨਿਟੀ ਦੇ ਪਤਵੰਤੇ ਸੱਜਣ, ਸਾਡੇ ਪੰਜਾਬੀ ਸਾਹਿਤਕਾਰ, ਯੂਨੀਵਰਸਿਟੀ ਦੇ ਕਈ ਪ੍ਰੋਫੈਸਰ ਪਰਿਵਾਰਾਂ ਸਮੇਤ ਸ਼ਾਮਲ ਹੋਏ। ਸਰੀ ਤੇ ਐਬਸਫੋਰਡ ਰਹਿੰਦੇ ਮੇਰੇ ਭਤੀਜੇ ਮਨਜੀਤ ਤੇ ਗੁਰਦੇਵ, ਛੋਟਾ ਭਰਾ ਸੁਹੇਲ ਸਿੰਘ, ਸਾਡੀ ਮਾਸੀ ਦਾ ਜਵਾਈ ਭਜਨ ਸਿੰਘ, ਉਸਦੇ ਕੁੜਮ, ਅਮਰੀਕਾ ਤੋਂ ਕੁਲਵੰਤ ਦੀ ਭਰਜਾਈ ਸੁਰਿੰਦਰ ਕੌਰ, ਉਸਦੇ ਦੋਵੇਂ ਬੇਟੇ ਡਾ. ਭੁਪਿੰਦਰ ਸਿੰਘ ਤੇ ਕੁਲਵਿੰਦਰ ਸਿੰਘ, ਨੂੰਹ ਰੁਪਿੰਦਰ, ਮੇਰੀ ਭਤੀਜੀ ਕੁਲਵੀਰ ਦਾ ਦਿਉਰ ਬਿੱਟੂ, ਅਮਰਪ੍ਰੀਤ ਦਾ ਦੋਸਤ ਹਰਜੀਤ ਤੇ ਹੋਰ ਕਈ ਰਿਸ਼ਤੇਦਾਰ ਸ਼ਾਮਲ ਹੋਏ।
ਆਪਣਿਆਂ ਦੀ ਸ਼ਮੂਲੀਅਤ ਨਾਲ਼ ਇਨਾਮ ਦੀ ਖੁਸ਼ੀ ਦੂਣ–ਸਵਾਈ ਹੋ ਗਈ। ਪਰ ਸਨਮਾਨ–ਚਿੰਨ੍ਹ ਲੈਣ ਸਮੇਂ ਜਦੋਂ ਮੈਂ ਸਟੇਜ ਤੋਂ, ਸਾਹਮਣੇ ਹਾਲ ਵਿਚ ਬੈਠੇ ਸਰੋਤਿਆਂ ਵੱਲ ਤੱਕਿਆ, ਮੈਨੂੰ ਉਹ ਸਾਰੇ ਹੀ ਆਪਣੇ ਲੱਗੇ। ਸਮਾਰੋਹ ਦਾ ਮੂੰਹ–ਮੱਥਾ ਖਾਲੀ ਕੁਰਸੀਆਂ ਨਾਲ਼ ਨਹੀਂ, ਕੁਰਸੀਆਂ ਤੇ ਬੈਠੇ ਸਰੋਤਿਆਂ ਨਾਲ਼ ਬਣਿਆਂ ਸੀ। ਗੱਲ ਸਿਰਫ ਉਨ੍ਹਾਂ ਦੀ ਹਾਜ਼ਰੀ ਦੀ ਹੀ ਨਹੀਂ ਸੀ। ਜਿਨ੍ਹਾਂ ਕਹਾਣੀਆਂ ਲਈ ਮੈਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ, ਉਹ ਕਹਾਣੀਆਂ ਉਨ੍ਹਾਂ ਅਤੇ ਉਨ੍ਹਾਂ ਵਰਗੇ ਲੋਕਾਂ ਬਾਰੇ ਹੀ ਤਾਂ ਸਨ। ਆਪਣੇ ਭਾਸ਼ਣ ਦੇ ਅਖੀਰ ਵਿਚ ‘ਢਾਹਾਂ ਪੁਰਸਕਾਰ ਸੰਸਥਾ’ ਦਾ ਧੰਨਵਾਦ ਕਰਨ ਬਾਅਦ ਮੈਂ ਹਾਲ ਵਿਚ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ।
ਕਾਲ਼ੇ ਵਰਕੇ: ਵਸਤੂ, ਬਿਰਤਾਂਤ ਤੇ ਸੰਰਚਨਾ
2018 ਵਿਚ ਡਾ. ਕਰਮਜੀਤ ਸਿੰਘ ਵੱਲੋਂ ਸੰਪਾਦਿਤ ਇਸ ਆਲੋਚਨਾ ਪੁਸਤਕ ਵਿਚ 17 ਨਾਮਵਾਰ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਵਿਸ਼ੇਸ਼ ਵਿਚਾਰ ਪੇਸ਼ ਹਨ:
ਡਾ. ਸਰਬਜੀਤ ਸਿੰਘ: ਜਰਨੈਲ ਸਿੰਘ ਦੀ ਅੰਤਰ–ਸਭਿਆਚਾਰਕ ਭਾਸ਼ਾ ਬਹੁਤ ਧਿਆਨ ਖਿੱਚਦੀ ਹੈ… ਇਨ੍ਹਾਂ ਕਹਾਣੀਆਂ ਵਿਚ ਉਸਨੇ ਸਮਾਜਕ ਅਤੇ ਸਭਿਆਚਾਰਕ ਵਿਹਾਰ ਵਿੱਚੋਂ ਜਿਵੇਂ ਵਿਕਸਤ ਪੂੰਜੀਵਾਦ ਦੀ ਜੀਵਨ ਦ੍ਰਿਸ਼ਟੀ ਅਤੇ ਅਵਚੇਤਨ ਨੂੰ ਸਮਝਿਆ ਅਤੇ ਕੁਸ਼ਲ ਸ਼ਿਲਪਕਾਰੀ ਵਿਚ ਰੁਪਾਂਤਰਿਤ ਕੀਤਾ ਹੈ, ਉਸ ਨਾਲ਼ ਪੰਜਾਬੀ ਕਹਾਣੀ ਬੌਧਿਕ ਅਤੇ ਚਿੰਤਨ ਦੇ ਖੇਤਰ ਵਿਚ ਪ੍ਰਵੇਸ਼ ਕਰਦੀ ਹੈ।
ਡਾ. ਬਲਦੇਵ ਸਿੰਘ ਧਾਲੀਵਾਲ: ਇਹ ਕਹਾਣੀਆਂ ਮੁਕਾਬਲਤਨ ਆਪਣੀ ਪ੍ਰੌਢ ਬਿਰਤਾਂਤਕ ਸੰਰਚਨਾ ਅਤੇ ਮਾਨਵ–ਪੱਖੀ ਉੱਤਰ–ਬਸਤੀਵਾਦੀ ਦ੍ਰਿਸ਼ਟੀ ਨਾਲ਼ ਪੰਜਾਬੀ ਕਥਾ–ਚਿੰਤਨ ਨੂੰ ਹੋਰ ਪਰਿਪੱਕ ਬਣਾਉਂਦੀਆਂ ਹਨ।
ਡਾ. ਸੁਖਪਾਲ ਸਿੰਘ ਥਿੰਦ: ਜਰਨੈਲ ਸਿੰਘ ਦੀ ਕਥਾਕਾਰੀ ਚਿੰਤਨ ਅਤੇ ਰਚਨਾਤਮਿਕਤਾ ਦੇ ਢੁਕਵੇਂ ਸੁਮੇਲ ਦੀ ਕਹਾਣੀ ਹੈ। ਜਦ ਮਨੁੱਖੀ ਵਰਤਾਰਿਆਂ ਪ੍ਰਤੀ ਚਿੰਤਨ ਹੋਵੇਗਾ ਤਾਂ ਇਨ੍ਹਾਂ ਵਰਤਾਰਿਆਂ ਪਿਛਲੀਆਂ ਰਾਜਨੀਤਕ ਪੇਚੀਦਗੀਆਂ ਦਾ ਹੰਘਾਲ ਹੋਣਾ ਤੈਅ ਹੈ। ਇਹ ਹੰਘਾਲਣ ਦੀ ਪ੍ਰਕਿਰਿਆ ਉਸਦੀਆਂ ਕਹਾਣੀਆਂ ਦਾ ਉਹ ਬੌਧਿਕ ਜਲੌਅ ਹੈ ਜੋ ਇਸਨੂੰ ਅਨੂਠੇ ਰੰਗ ਨਾਲ਼ ਭਰਦਾ ਹੈ… ਜਰਨੈਲ ਸਿੰਘ ਕਹਾਣੀ ਦੇ ਕਲਾਤਮਿਕ ਪੱਖ ’ਤੇ ਬਹੁਤ ਮਿਹਨਤ ਕਰਦਾ ਹੈ।
ਡਾ. ਗੁਰਪਾਲ ਸਿੰਘ ਸੰਧੂ: ਕਾਲ਼ੇ ਵਰਕੇ ਕਹਾਣੀਆਂ ਸਮਕਾਲੀ ਪਰਵਾਸੀ ਅਤੇ ਪੰਜਾਬੀ ਕਹਾਣੀ ਦੇ ਨਵੇਂ ਦ੍ਰਿਸ਼ਾਂ ਦੀ ਸਿਰਜਣਾ ਕਰਦੀਆਂ ਹਨ। ਇਹ ਦ੍ਰਿਸ਼ ਪਰਵਾਸ ਨੂੰ ਵੀ ਨਵੇਂ ਸੰਦਰਭ ਵਿਚ ਪੇਸ਼ ਕਰਦੇ ਹਨ ਅਤੇ ਪੰਜਾਬੀ ਕਹਾਣੀ ਨੂੰ ਵੀ।
ਡਾ. ਕੁਲਦੀਪ ਸਿੰਘ ਧੀਰ: ‘ਕਾਲ਼ੇ ਵਰਕੇ’ ਦੀਆਂ ਬਹੁਪਰਤੀ, ਬਹੁਦਿਸ਼ਾਵੀ, ਭਾਸ਼ਾਈ, ਚਿਹਨਾਤਮਕ, ਕਲਾਤਮਕ ਮਹੱਤਵ ਵਾਲ਼ੀਆਂ ਕਹਾਣੀਆਂ ਦੀ ਸੁਰ ਉੱਤਰ–ਆਧੁਨਿਕ ਹੈ ਜਿਸ ਵਿਚ ਦੂਜੇ ਲਈ ਸਪੇਸ ਹੈ। ਇਨ੍ਹਾਂ ਦੀਆਂ ਥੀਮਾਂ ਦੁਹਰਾਅ ਮੁਕਤ ਹਨ ਅਤੇ ਕਥਾ ਜੁਗਤਾਂ ਬਹੁਭਾਂਤੀ।
ਡਾ. ਜੇ. ਬੀ. ਸੇਖੋਂ: ਇਨ੍ਹਾਂ ਕਹਾਣੀਆਂ ਨੇ ਪਰਵਾਸੀ ਜੀਵਨ ਦੇ ਨਵੇਂ ਸਰੋਕਾਰਾਂ ਤੇ ਚੁਣੌਤੀਆਂ ਨੂੰ ਪੇਸ਼ ਕਰਨ ਦੇ ਨਾਲ਼–ਨਾਲ਼ ਵਿਸ਼ਵ ਵਿਆਪੀ ਮਹੱਤਤਾ ਵਾਲ਼ੇ ਵਿਸ਼ਿਆਂ ਨੂੰ ਆਧਾਰ ਬਣਾ ਕੇ ਪੰਜਾਬੀ ਕਹਾਣੀ ਦਾ ਕੈਨਵਸ ਵਿਸਤ੍ਰਿਤ ਕੀਤਾ ਹੈ। ਅਜਿਹੀ ਕਹਾਣੀ ਦੀ ਸਿਰਜਣਾ ਜਰਨੈਲ ਸਿੰਘ ਦੇ ਵਿਸ਼ਵ–ਚਿੰਤਨ ਦੀ ਟੋਹ ਦਿੰਦੀ ਹੈ।
ਡਾ. ਪਰਮਜੀਤ ਕੌਰ ਸਿੱਧੂ: ਇਸ ਕਹਾਣੀ ਸੰਗ੍ਰਹਿ ਰਾਹੀਂ ਜਰਨੈਲ ਸਿੰਘ ਨੇ ਅੰਤਰਰਾਸ਼ਟਰੀ ਅਤੇ ਗਲੋਬਲ ਵਿਸ਼ਿਆਂ ਨੂੰ ਪੰਜਾਬੀ ਮਾਨਸਿਕਤਾ ਅਤੇ ਜੀਵਨ ਸ਼ੈਲੀ ਦੇ ਸੰਦਰਭ ਵਿਚ ਰੁਪਾਂਤਰਿਤ ਕਰਕੇ ਪੰਜਾਬੀ ਕਹਾਣੀ ਨੂੰ ਬਹੁਸਭਿਆਚਾਰਕ ਵਿਲੀਨਤਾ ਅਤੇ ਪਾਰ–ਰਾਸ਼ਟਰੀ, ਪਾਰ–ਸਭਿਆਚਾਰਕ ਮੁਹਾਂਦਰਾ ਪ੍ਰਦਾਨ ਕੀਤਾ ਹੈ।
ਡਾ. ਸਤਿੰਦਰ ਸਿੰਘ ਰੈਬੀ: ਇਸ ਕਥਾ ਸੰਗ੍ਰਹਿ ਰਾਹੀਂ ਪ੍ਰੌਢ ਕਹਾਣੀਕਾਰ ਜਰਨੈਲ ਸਿੰਘ, ਆਪਣੀ ਅੰਤਰਰਾਸ਼ਟਰੀ ਸਰੋਕਾਰਾਂ ਪ੍ਰਤੀ ਸੂਝ–ਸਮਝ, ਰਾਜਸੀ ਤੇ ਇਤਿਹਾਸਕ ਚੇਤਨਾ ਅਤੇ ਮਾਨਵ ਸੰਵੇਦਨਾ ਦੇ ਗੁਣਾਂ ਸਦਕਾ ਆਪਣੇ ਮਿਆਰ ਨੂੰ ਹੋਰ ਉਚਾਈ ’ਤੇ ਲੈ ਗਿਆ ਹੈ।
ਡਾ. ਬਲਵਿੰਦਰ ਸਿੰਘ ਥਿੰਦ: ਜਰਨੈਲ ਸਿੰਘ ਦੀਆਂ ਕਹਾਣੀਆਂ ਦੇ ਕਲਾਤਮਕ ਪੱਖ ’ਤੇ ਨਜ਼ਰ ਮਾਰੀਏ ਤਾਂ ਇਹ ਗਲ ਸਪੱਸ਼ਟ ਹੋ ਜਾਂਦੀ ਹੈ ਕਿ ਉਸ ਕੋਲ਼ ਕਹਾਣੀ ਨੂੰ ਬਿਆਨ ਕਰਨ ਦਾ ਭਰਪੂਰ ਹੁਨਰ ਹੈ।
ਡਾ. ਕਰਮਜੀਤ ਸਿੰਘ: ‘ਕਾਲੇ ਵਰਕੇ’ ਸੰਗ੍ਰਹਿ ਦੀਆਂ ਕਹਾਣੀਆਂ ਦਾ ਅਧਿਐਨ ਦਰਸਾਉਂਦਾ ਹੈ ਕਿ ਜਰਨੈਲ ਸਿੰਘ ਦੀ ਮਿਹਨਤ ਉਸਨੂੰ ‘ਟਾਵਰਜ਼’ ਦੇ ਪੜਾਅ ਤੋਂ ਹੋਰ ਅਗਾਂਹ ਲੈ ਆਈ ਹੈ। ਜਿੱਥੇ ਉਹ ਪਹੁੰਚ ਗਿਆ ਹੈ, ਉੱਥੇ ਭਾਵੇਂ ਸੰਪੂਰਣਤਾ ਦਾ ਅਹਿਸਾਸ ਹੁੰਦਾ ਹੈ। ਆਸ ਹੈ ਕਿ ਲੇਖਕ ਦਾ ਅਗਲਾ ਕਦਮ ਹੋਰ ਅਗਾਂਹ ਵਧੇਗਾ, ਪਾਠਕਾਂ ਨੂੰ ਇਸਦਾ ਇੰਤਜ਼ਾਰ ਰਹੇਗਾ।
ਮੇਰੀ ਰਚਨਾ ਪ੍ਰਕਿਰਿਆ
ਮੇਰੇ ਵਿਚਾਰ ਅਨੁਸਾਰ ਰਚਨਾ ਪ੍ਰਕਿਰਿਆ ਨੂੰ ਹੂ ਬ ਹੂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅਮਲ ਕਿਸੇ ਨਿਸ਼ਚਿਤ ਪੈਟਰਨ ਜਾਂ ਗਿਣਤੀਆਂ–ਮਿਣਤੀਆਂ ਵਿਚ ਬੱਝ ਕੇ ਨਹੀਂ ਉਸਰਦਾ। ਇਸ ਵਿਚ ਰਹੱਸਮਈ ਅੰਸ਼ ਵੀ ਹੁੰਦੇ ਹਨ। ਖੈਰ ਆਪਣੇ ਅਨੁਭਵ ਅਨੁਸਾਰ ਇਸ ਅਮਲ ਨੂੰ ਬਿਆਨ ਕਰ ਰਿਹਾਂ।
ਜਦੋਂ ਕੋਈ ਘਟਨਾ, ਮੁੱਦਾ ਜਾਂ ਵਿਚਾਰ ਮੇਰੇ ਸੰਵੇਦਨਸ਼ੀਲ ਮਨ ਨੂੰ ਟੁੰਬਦੇ ਹਨ ਤਾਂ ਮੈਂ ਉਨ੍ਹਾਂ ਨੂੰ ਆਪਣੇ ਮਨ ਦੀਆਂ ਡੂਘਾਈਆਂ ਅੰਦਰ ਸੁੱਟ ਲੈਂਦਾ ਹਾਂ। ਅੰਦਰ ਸੁੱਟੀ ਹੋਈ ਉਹ ਗੱਲ ਕਦੀ ਹਫਤਿਆਂ, ਕਦੀ ਮਹੀਨਿਆਂ ਤੇ ਕਦੀ ਸਾਲਾਂ ਬਾਅਦ, ਮੁੜ ਮੇਰੇ ਮਨ ਦੀ ਉੱਪਰਲੀ ਸਤਹ ’ਤੇ ਆ ਜਾਂਦੀ ਹੈ। ਇਹ ਗੱਲ ਜਿਉਂ–ਜਿਉਂ ਵਜੂਦ ਫੜਨ ਲਗਦੀ ਹੈ, ਮੈਨੂੰ ਆਪਣੇ ਮਨ ਅੰਦਰ ਅਨੋਖੀ ਜਿਹੀ ਹਲਚਲ ਮਹਿਸੂਸ ਹੁੰਦੀ ਹੈ— ਇੱਧਰ–ਉੱਧਰ ਤਾਰੀਆਂ ਲਾ ਰਹੇ ਮੱਛੀ ਦੇ ਪੂੰਗ ਨਾਲ਼ ਪਾਣੀ ਵਿਚ ਪੈਦਾ ਹੋਣ ਵਾਲੀ ਹਲਕੀ ਜਿਹੀ ਹਲਚਲ ਵਰਗੀ। ਰੂਹ ਅੰਦਰ ਇਕ ਹੁਲਾਰੇ ਜਿਹੇ ਦਾ ਅਹਿਸਾਸ ਹੋਣ ਲਗਦਾ ਹੈ। ਆਪਣੀ ਕਲਪਨਾ ਰਾਹੀਂ ਮੈਂ ਰਚਨਾ ਦੇ ਇਸ ਮੁਢਲੇ ਆਕਾਰ ਨੂੰ, ਇਸਦੇ ਅੰਗਾਂ, ਰੰਗਾਂ ਤੇ ਪ੍ਰਸੰਗਾਂ ਨੂੰ ਪਾਸਾਰਨ–ਉਸਾਰਨ ਲੱਗ ਜਾਂਦਾ ਹਾਂ। ਪਰ ਕਲਪਨਾ ਦੇ ਆਕਾਸ਼ੀਂ ਉੱਡਦਾ ਹੋਇਆ ਵੀ ਮੈ ਧਰਤੀ ਨੂੰ ਮੁਖਾਤਿਬ ਹੁੰਦਾ ਹਾਂ।
ਆਪਣੇ ਸਾਹਿਤਕ ਸਫਰ ਦੇ ਮੁੱਢਲੇ ਸਾਲਾਂ ਵਿਚ ਮੈਂ ਇਕਹਿਰੀ ਕਹਾਣੀ ਲਿਖਦਾ ਸਾਂ। ਮੇਰੇ ਪਹਿਲੇ ਕਥਾ ਸੰਗ੍ਰਹਿ ‘ਮੈਨੂੰ ਕੀ’ (1981) ਦੀਆਂ ਕਹਾਣੀਆਂ 4 ਤੋਂ 6 ਸਫੇ ਦੀਆਂ ਹਨ। ਦੂਜੇ ਕਥਾ ਸੰਗ੍ਰਹਿ ‘ਮਨੁੱਖ ਤੇ ਮਨੁੱਖ’ (1983) ’ਚ ਕਹਾਣੀਆਂ ਦੀ ਲੰਬਾਈ 8 ਤੋਂ ਲੈ ਕੇ 13 ਸਫੇ ਦੀ ਹੋ ਗਈ। ਅਤੇ ਤੀਜੇ ਕਥਾ ਸੰਗ੍ਰਹਿ ‘ਸਮੇਂ ਦੇ ਹਾਣੀ’ (1987) ਤੱਕ ਅੱਪੜਦਿਆਂ ਇਹ ਲੰਬਾਈ 20–25 ਸਫੇ ਤੱਕ ਪਹੁੰਚ ਗਈ। ਅਗਲੇ ਸੰਗ੍ਰਿਹਾਂ ਦੀਆਂ ਕਹਾਣੀਆਂ 30–32 ਸਫੇ ਦੀਆਂ ਹਨ। ਸੋ ਸਮੇਂ ਦੇ ਨਾਲ਼–ਨਾਲ਼ ਇਕਹਿਰਾ ਬਿਰਤਾਂਤ ਜੱਟਿਲ ਹੁੰਦਾ ਗਿਆ।
ਇਕਹਿਰੀ ਪਰਤ ਦੀਆਂ ਕਹਾਣੀਆਂ ਮੈਂ ਦੋ–ਤਿੰਨ ਬੈਠਕਾਂ ’ਚ ਮੁਕਾ ਲੈਂਦਾ ਸਾਂ। ਪਰ ਹੁਣ ਵਾਲ਼ੀਆਂ ਜੱਟਿਲ ਕਹਾਣੀਆਂ ਕਈ–ਕਈ ਮਹੀਨੇ ਲਾ ਕੇ ਮੁੱਕਦੀਆਂ ਹਨ। ਲਿਖਣ ਲਈ ਇਕੱਲਤਾ ਜ਼ਰੂਰੀ ਹੈ। ਮਨ ’ਚ ਕੋਈ ਕਸ਼ਟ ਜਾਂ ਝੰਜਟ ਨਹੀਂ ਹੋਣਾ ਚਾਹੀਦਾ।
ਪਹਿਲੇ ਤਿੰਨ ਸੰਗ੍ਰਿਹਾਂ ਦੀਆਂ ਕਹਾਣੀਆਂ ਕਿਸਾਨੀ ਤੇ ਫੌਜੀ ਜੀਵਨ ਬਾਰੇ ਹਨ। ਇਨ੍ਹਾਂ ਦੋਨਾਂ ਖੇਤਰਾਂ ਦੇ ਵਸਤੂ–ਯਥਾਰਥ ਬਾਰੇ ਮੈਨੂੰ ਨੇੜਲਾ ਅਨੁਭਵ ਸੀ। ਸੰਬੰਧਿਤ ਮਸਲਿਆਂ ਬਾਰੇ ਹਰ ਤਰ੍ਹਾਂ ਦੀ ਜਾਣਜਾਰੀ ਸੀ। ਇੰਡੀਆਂ ’ਚ ਲਿਖਣ ਦਾ ਸਮਾਂ ਤੜਕੇ ਦਾ ਸੀ।
ਪਰ ਕਨੇਡਾ ਆ ਕੇ ਮੇਰਾ ਕਹਾਣੀ ਤੇ ਕੰਮ ਕਰਨ ਦਾ ਢੰਗ ਤੇ ਰੁਟੀਨ ਬਦਲ ਗਿਆ। ਏਥੋਂ ਦਾ ਲਾਈਫ–ਸਟਾਈਲ ਭਾਰਤ ਨਾਲ਼ੋਂ ਵਖਰਾ ਹੈ। ਤੜਕੇ ਉੱਠ ਕੇ ਲਿਖਣਾ ਸੰਭਵ ਨਹੀਂ ਸੀ। ਸਵੇਰੇ–ਸਾਝਰੇ ਜੌਬ ’ਤੇ ਜਾਣਾ ਹੁੰਦਾ ਸੀ।
ਰਿਟਾਇਰ ਹੋਣ ਬਾਅਦ ਵੀ ਤੜਕਸਾਰ ਲਿਖਣ ਵਾਲ਼ੀ ਗੱਲ ਸੰਭਵ ਨਹੀਂ । ਮੇਰੇ ਉੱਠਣ ਨਾਲ ਨੂੰਹਾਂ–ਪੁੱਤਾਂ ਦੀ ਨੀਂਦ ਖਰਾਬ ਹੋ ਸਕਦੀ ਹੈ।
ਕਨੇਡੀਅਨ ਜੀਵਨ ਨਾਲ਼ ਸੰਬੰਧਿਤ ਵਿਸ਼ਾ–ਵਸਤੂ ਵੀ ਗੁੰਝਲਦਾਰ ਹਨ। ਏਥੋਂ ਦੇ ਜੀਵਨ–ਵਰਤਾਰਿਆਂ ਦੀਆਂ ਜੜ੍ਹਾਂ ਤੱਕ ਜਾਣ ਲਈ ਕਾਫੀ ਘੋਖ–ਪੜਤਾਲ ਕਰਨੀ ਪੈਂਦੀ ਹੈ। ਸੋ ਹੁਣ ਮੇਰੇ ਕਹਾਣੀ ਤੇ ਕੰਮ ਕਰਨ ਦੀਆਂ ਦੋ ਸਟੇਜਾਂ ਹਨ। ਪਹਿਲੀ ਸਟੇਜ ’ਤੇ ਮੈਂ ਸੰਬੰਧਿਤ ਵਿਸ਼ੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਦਾ ਹਾਂ। ਲੋੜ ਅਨੁਸਾਰ ਨੋਟਸ ਵੀ ਬਣਾਉਂਦਾ ਹਾਂ।
ਜਾਣਕਾਰੀ ਹਾਸਲ ਕਰਕੇ ਸੰਬੰਧਿਤ ਵਿਸ਼ੇ ’ਤੇ ਮੇਰੀ ਪੂਰੀ ਪਕੜ ਬਣ ਜਾਂਦੀ ਹੈ। ਕਹਾਣੀਆਂ ਦੇ ਝਉਲੇ ਰੂਪ ਵਿੱਚੋਂ ਪਾਤਰ ਅਤੇ ਸਥਿੱਤੀਆਂ ਉੱਘੜ ਪੈਂਦੇ ਹਨ। ਮੈਂ ਕਹਾਣੀ ਦੇ ਮੱਖ ਪਾਤਰ ਦਾ ਆਧਾਰ ਲੱਭਣ ਦੀ ਕੋਸ਼ਿਸ਼ ਵੀ ਕਰਦਾ ਹਾਂ।
ਦੂਜੀ ਸਟੇਜ ’ਤੇ ਮੈਂ ਤੇ ਕਹਾਣੀ ਇਕ–ਦੂਜੇ ਨਾਲ਼ ਇਕਮਿੱਕ ਹੋ ਚੁੱਕੇ ਹੁੰਦੇ ਹਾਂ। ਬਹਿੰਦਿਆਂ–ਉੱਠਦਿਆਂ, ਖਾਂਦਿਆਂ–ਪੀਂਦਿਆਂ, ਕੁਦਰਤ ਦੇ ਅੰਗ–ਸੰਗ ਸੈਰ ਕਰਦਿਆਂ ਮਨ ਅੰਦਰ ਕਹਾਣੀ ਦਾ ਅਮਲ ਚੱਲ ਰਿਹਾ ਹੁੰਦਾ ਹੈ। ਸਥਿਤੀਆਂ ਅਨੁਸਾਰ ਮੈਂ ਆਪਣੇ ਪਾਤਰਾਂ ਸੰਗ ਕਦੀ ਮੁਸਕਰਾ ਰਿਹਾ ਹੁੰਦਾ ਹਾਂ, ਕਦੀ ਹਉਕੇ ਭਰ ਰਿਹਾ ਤੇ ਕਦੀ ਹੰਝੂ ਵਹਾ ਰਿਹਾ ਹੁੰਦਾ ਹਾਂ।
ਤੇ ਜਦੋਂ ਕਹਾਣੀ ਮਨ ਵਿਚ ਪੂਰੀ ਤਰ੍ਹਾਂ ਪੱਕ ਜਾਂਦੀ ਹੈ, ਇਕਾਂਤ ’ਚ ਬੈਠ ਮੈਂ ਕਹਾਣੀ ਨੂੰ ਕਾਗਜਾਂ ’ਤੇ ਉਤਾਰਨ ਲੱਗ ਜਾਂਦਾ ਹਾਂ। ਕਹਾਣੀ ਲਿਖਦਿਆਂ ਮੈਂ ਘਟਨਾ ਨੂੰ ਘਟਨਾ ਦੇ ਤੌਰ ’ਤੇ ਨਹੀਂ ਬਿਆਨਦਾ। ਘਟਨਾਵਾਂ ਸਥਿੱਤੀਆ ’ਚ ਢਲ਼ ਜਾਂਦੀਆਂ ਹਨ।
ਪਾਤਰਾਂ ਦੇ ਤਣਾਉ, ਟਕਰਾਉ ਅਤੇ ਦਵੰਦ ਗੁੰਝਲਦਾਰ ਸਥਿਤੀਆਂ ਵਿੱਚੋਂ ਹੀ ਉਪਜਦੇ ਹਨ। ਕਹਾਣੀ ਲੰਮੀ ਹੋਣ ਕਰਕੇ ਇਸਦਾ ਪਹਿਲਾ ਰੂਪ ਲਿਖਣ ਨੂੰ ਕਈ ਮਹੀਨੇ ਲੱਗ ਜਾਂਦੇ ਹਨ। ਤੇ ਫਿਰ ਸ਼ੁਰੂ ਹੁੰਦਾ ਹੈ ਕਹਾਣੀ ਨੂੰ ਕਾਂਟ–ਛਾਂਟ, ਗੁੰਦਣ–ਤਰਤੀਬਣ ਅਤੇ ਇਸ ਨੂੰ ਸੰਗਠਿਤ ਬਣਾਉਣ ਦਾ ਕਾਰਜ। ਇਸ ਕਾਰਜ ਦੌਰਾਨ ਮੇਰੇ ਅੰਦਰਲਾ ਆਲੋਚਕ ਆਪਣੇ ਆਪ ਹੀ ਸਰਗਰਮ ਹੋ ਜਾਂਦਾ ਹੈ।
ਛਾਂਟ–ਸੰਵਾਰ ਕੇ ਲਿਖੀ ਕਹਾਣੀ ਮੈਂ ਆਪਣੇ ਖਾਸ ਮਿੱਤਰਾਂ ਨੂੰ ਪੜ੍ਹਾਉਂਦਾ ਹਾਂ। ਉਨ੍ਹਾਂ ਦੇ ਵਿਚਾਰਾਂ ਦੀ ਨਾਪ–ਤੋਲ ਕਰਕੇ ਹੀ ਕੋਈ ਤਬਦੀਲੀ ਕਰਦਾ ਹਾਂ। ਜਦੋਂ ਤਕ ਮੇਰੀ ਤਸੱਲੀ ਨਹੀਂ ਹੁੰਦੀ ਕਹਾਣੀ ਨੂੰ ਵਾਰ–ਵਾਰ ਲਿਖਦਾ ਹਾਂ।
ਫਲੈਸ਼ ਬੈਕ, ਪ੍ਰਤੀਕੀਕਰਨ, ਕਹਾਣੀ ਨੂੰ ਪੜ੍ਹਨ ਦੇ ਨਾਲ਼–ਨਾਲ਼ ਦਿਖਾਉਣ, ਵਾਰਤਾਲਾਪ ਰਾਹੀਂ ਕਹਾਣੀ ਦੇ ਅਹਿਮ ਪਹਿਲੂਆਂ ’ਤੇ ਫੋਕਸ ਕਰਨ ਅਤੇ ਕਥਾ–ਚਿੰਤਨ ਦੀਆਂ ਜੁਗਤਾਂ, ਮੇਰੀਆਂ ਕਹਾਣੀਆਂ ਨੂੰ ਕਲਾਤਮਿਕਤਾ ਤੇ ਸੂਖਮਤਾ ਪ੍ਰਦਾਨ ਕਰਦੀਆਂ ਹਨ।
ਗਰਮੀ ਅਤੇ ਪਤਝੜ ਦੇ ਮੌਸਮਾਂ ਵਿਚ ਮੈਂ ਹਰ ਰੋਜ਼ ਲੰਮੀ ਸੈਰ ਕਰਦਾ ਹਾਂ। ਸੈਰ ਦੌਰਾਨ ਆਕਾਸ਼ ਦੀ ਵਿਸ਼ਾਲਤਾ ਨੂੰ ਵੀ ਨਿਹਾਰਦਾ ਹਾਂ। ਸਰਦੀਆਂ ਦੇ ਅਤਿ ਠੰਢੇ ਦਿਨੀਂ ਘਰ ਦੇ ਬੇਸਮੈਂਟ ਵਿਚ ਗੇੜਾ ਬੰਨ੍ਹ ਲੈਂਦਾ ਹਾਂ।
ਸੈਰ, ਸਿਹਤ ਦੇ ਨਾਲ਼–ਨਾਲ਼ ਮੇਰੀਆਂ ਕਹਾਣੀਆਂ ਲਈ ਵੀ ਫਾਇਦੇਮੰਦ ਹੈ। ਕਹਾਣੀ ਲਿਖਦਿਆਂ ਜੇ ਕਦੀ ਰੁਕਾਵਟ ਪੈ ਜਾਏ ਜਾਂ ਬਿਰਤਾਂਤ ਦੀ ਠੁੱਕ ਨਾ ਬਣੇ ਤਾਂ ਸੈਰ ਦੌਰਾਨ ਉਸ ਹਿੱਸੇ ਨੂੰ ਸੋਚ ਵਿਚ ਘੁਮਾਉਂਦਾ ਹਾਂ…
ਕਨੇਡਾ ਦੀ ਪੂਰਬ ਤੋਂ ਪੱਛਮ ਤੱਕ ਯਾਤਰਾ
ਅਲਬਰਟਾ ਸੂਬੇ ’ਚ ਸਥਿਤ ਕਨੇਡਾ ਦੇ ਸਭ ਤੋਂ ਪੁਰਾਣੇ ਤੇ ਪ੍ਰਸਿੱਧ ‘ਬੈਂਫ ਨੈਸ਼ਨਲ ਪਾਰਕ’ ਨੂੰ ਦੇਖਣ ਲਈ ਅਸੀਂ ਦੋ ਵਾਰ ਪ੍ਰੋਗਰਾਮ ਉਲੀਕੇ ਪਰ ਸਿਰੇ ਨਾ ਚੜ੍ਹ ਸਕੇ। ਜੇ ਜਹਾਜ਼ ’ਚ ਜਾਣਾ ਹੁੰਦਾ, ਤਾਂ ਆਪਣੀ ਸੁਵਿਧਾ ਅਨੁਸਾਰ ਪ੍ਰੋਗਰਾਮ ਬਣਾ ਕੇ ਜਾ ਸਕਦੇ ਸਾਂ। ਪਰ ਅਸੀਂ ਆਪਣੇ ਸੂਬੇ ਤੇ ਇਸ ਤੋਂ ਅਗਲੇ ਤਿੰਨ ਸੂਬਿਆਂ ਦੀ ਪ੍ਰਕਿਰਤਕ ਸੁੰਦਰਤਾ ਨੂੰ ਵੇਖਣ–ਮਾਣਨ ਲਈ ਕਾਰਾਂ ’ਚ ਜਾਣਾ ਚਾਹੁੰਦੇ ਸਾਂ। 2015 ਵਿਚ ਜਦੋਂ ਕਿਰਨ ਦੇ ਭਰਾ ਸੰਨੀ ਦੇ ਵਿਆਹ ’ਤੇ ਕੈਲਗਰੀ ਗਏ, ਅਮਰਪ੍ਰੀਤ ਆਪਣੀ ਫੈਮਿਲੀ ਨਾਲ਼ ਓਥੋਂ ਬੈਂਫ ਪਾਰਕ ਦੇਖ ਆਇਆ ਸੀ।
ਹੁਣ ਸਾਡੇ ਅੱਧੇ ਪਰਿਵਾਰ ਦਾ ਪ੍ਰੋਗਰਾਮ ਸਿਰੇ ਨਾ ਚੜ੍ਹਨ ਦਾ ਕਾਰਨ ਇਹ ਵੀ ਸੀ ਕਿ ਅਸੀਂ ਮੇਲਾ ਦੇਖਣ ਵਾਂਗ ਢਾਣੀ ਬਣਾ ਕੇ ਜਾਣਾ ਚਾਹੁੰਦੇ ਸਾਂ, ਜਿਸ ਵਾਸਤੇ ਕੁਝ ਹੋਰ ਪਰਿਵਾਰਾਂ ਦੇ ਸਾਥ ਦੀ ਲੋੜ ਸੀ। ਟੂਰ–ਪ੍ਰੋਗਰਾਮ 10 ਦਿਨ ਦਾ ਸੀ। ਦੋਵੇਂ ਭਾਣਜੇ ਜਸਪਾਲ ਸਿੰਘ, ਤਜਿੰਦਰ ਸਿੰਘ ਤੇ ਭਾਣਜੀ ਜਸਵਿੰਦਰ ਕੌਰ ਦੇ ਪਰਿਵਾਰ ਕੋਸ਼ਿਸ਼ ਤਾਂ ਕਰ ਰਹੇ ਸਨ ਪਰ ਪਰਿਵਾਰਾਂ ਦੇ ਮੁੱਖ ਮੈਂਬਰਾਂ ਨੂੰ ਏਨੇ ਦਿਨਾਂ ਲਈ ਕੰਮਾਂ ਤੋਂ ਛੁੱਟੀ ਨਹੀਂ ਸੀ ਮਿਲ਼ ਰਹੀ। ਖੈਰ ਦੂਜੀ ਭਾਣਜੀ ਰਾਜਵਿੰਦਰ ਕੌਰ ਤੇ ਉਸਦੇ ਪਤੀ ਨੂੰ ਛੁੱਟੀ ਮਿਲ਼ ਗਈ।
ਸੋ ਮੈਂ ਤੇ ਕੁਲਵੰਤ ਕੌਰ, ਹਰਪ੍ਰੀਤ ਸਿੰਘ ਤੇ ਰਿਕਬਾਲ ਕੌਰ, ਉਨ੍ਹਾਂ ਦੀਆਂ ਬੇਟੀਆਂ ਭਵਲੀਨ, ਹਰਲੀਨ, ਭਾਣਜੀ ਤੇ ਭਾਣਜ-ਜੁਆਈ ਰਾਜਵਿੰਦਰ ਕੌਰ–
ਰਾਜਵਿੰਦਰ ਸਿੰਘ, ਉਨ੍ਹਾਂ ਦੀਆਂ ਬੇਟੀਆਂ ਅਵਨੀਤ, ਨਵਦੀਪ, ਬੇਟਾ ਸਾਹਿਬ ਅਤੇ ਜਸਪਾਲ ਸਿੰਘ ਦੀ ਬੇਟੀ ਸਿਮਰਨ ਨੇ ਤਿਆਰੀਆਂ ਕੱਸ ਲਈਆਂ।
14 ਜੁਲਾਈ 2017: ਸਵੇਰੇ ਸਾਝਰੇ ਹੀ ਅਸੀਂ ਬਰੈਂਪਟਨ ਤੋਂ ਉਨਟੇਰੀਓ ਸੂਬੇ ਦੇ ਉੱਤਰ ਵੱਲ ਨੂੰ ਦੋ ਵੱਡੀਆਂ ਕਾਰਾਂ ਵਿਚ ਚਾਲੇ ਪਾ ਦਿੱਤੇ। ਇਸ ਸੂਬੇ ਦਾ 80% ਏਰੀਆ ਉੱਤਰ ਵਿਚ ਪੈਂਦਾ ਹੈ। ਪੈਰੀ ਸਾਊਂਡ, ਸਡਬਰੀ ਆਦਿ ਕਸਬਿਆਂ ਵਿੱਚੀਂ ਹੁੰਦੇ ਹੋਏ, ਪਥਰੀਲੀਆਂ ਤੇ ਹਰੀਆਂ–ਭਰੀਆਂ ਮਧਰੀਆਂ ਪਹਾੜੀਆਂ, ਜੰਗਲਾਂ, ਦਰਿਆਵਾਂ ਅਤੇ ਹਯੂਰੋਨ ਝੀਲ ਦੇ ਮਨਮੋਹਕ ਦ੍ਰਿਸ਼ਾਂ ਨੂੰ ਮਾਣਦਿਆਂ ਹਾਈਵੇਅ-17 ’ਤੇ ਪੈ ਗਏ। ਅਗਲਾ ਸਫਰ ਡਾਢਾ ਹੀ ਸੁਹਾਵਣਾ ਸੀ। ਹਾਈਵੇਅ ਦੇ ਸੱਜੇ ਪਾਸੇ ਉੱਚੀਆਂ–ਉੱਚੀਆਂ ਹਰਿਆਲੀ ਲੱਦੀਆਂ ਪਹਾੜੀਆਂ ਸਨ ਤੇ ਖੱਬੇ ਪਾਸੇ ਅੱਖਾਂ ਨੂੰ ਕੂਲ਼ੇ–ਕੂਲ਼ੇ ਲਗਦੇ ਪਾਣੀ ਦੀ, ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀ ‘ਸੁਪੀਰੀਅਰ’ ਨਾਂ ਦੀ ਝੀਲ। ਦੁਮੇਲ ਤੱਕ ਪਸਰੇ ਇਸਦੇ ਪਾਣੀ ਨੂੰ ਨੇੜਿਓਂ ਦੇਖਣ–ਮਾਣਨ ਲਈ ਅਸੀਂ ਤਿੰਨ ਥਾਈਂ ਇਸਦੇ ਕਿਨਾਰਿਆਂ ’ਤੇ ਘੁੰਮੇਂ। ਹਾਈਵੇਅ ਨੇ ਸਡਬਰੀ ਤੋਂ ਹੀ ਪੱਛਮ ਦੀ ਦਿਸ਼ਾ ਦਾ ਰੁਖ ਕਰ ਲਿਆ ਸੀ। ਰਾਤ ਅਸੀਂ ਮੈਰਾਥਨ ਪਿੰਡ ਦੇ ਇਕ ਮੋਟਲ ’ਚ ਬਿਤਾਈ।
15 ਜੁਲਾਈ: ਸਵੇਰੇ ਫਿਰ ਹਾਈਵੇਅ–17 ਨਾਲ਼ ਦੋਸਤੀ ਪਾ ਲਈ। 560 ਕਿਲੋਮੀਟਰ ਲੰਮੀ, 257 ਕਿਲੋਮੀਟਰ ਚੌੜੀ ਅਤੇ ਔਸਤਨ 483 ਫੁੱਟ ਡੂੰਘੀ ਸੁਪੀਰੀਅਰ ਝੀਲ, ਥੰਡਰਬੇਅ ਸ਼ਹਿਰ ਤੱਕ ਬਹੁਤ ਸਮਾਂ ਸਾਡੇ ਨਾਲ਼–ਨਾਲ਼ ਹੀ ਰਹੀ। ਉੱਚੀਆਂ–ਉਚੀਆਂ ਘਣੀ ਹਰਿਆਵਲ ਵਾਲ਼ੀਆਂ ਪਹਾੜੀਆਂ ਤੇ ਝੀਲ ਦੇ ਖੂਬਸੂਰਤ ਨਜ਼ਾਰਿਆਂ ਨੂੰ ਮਾਣਦਿਆਂ, ਸਾਡੇ ਦਿਲਾਂ ’ਚੋਂ ਆਪਮੁਹਾਰੇ ਹੀ “ਕਮਾਲ ਐ, ਕਮਾਲ ਐ” ਦੇ ਸ਼ਬਦ ਉੱਭਰਦੇ ਰਹੇ।
ਥੰਡਰਬੇਅ ਸ਼ਹਿਰ ਤੋਂ ਬਾਹਰ ਅਸੀਂ ਕਨੇਡਾ ਦੇ ਮਹਾਨ ਸਪੂਤ ਟੈਰੀ ਫੌਕਸ ਦੀ ਯਾਦਗਾਰ ’ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਂਸਰ ਦੀ ਬਿਮਾਰੀ ਕਾਰਨ ਟੈਰੀ ਦੀ ਸੱਜੀ ਲੱਤ ਕੱਟ ਗਈ ਸੀ। ਬੁਲੰਦ ਜੇਰੇ ਤੇ ਅਸੀਮ ਦ੍ਰਿੜਤਾ ਨਾਲ਼ ਪਹਿਲਾਂ ਉਹ ਕੈਂਸਰ ਨਾਲ਼ ਜੂਝਿਆ ਤੇ ਫਿਰ ਸੱਜੀ ਲੱਤ ਨਕਲੀ ਹੋਣ ਦੇ ਬਾਵਜੂਦ ਉਸਨੇ ਲੰਮੀ ਦੌੜ ਆਰੰਭ ਕਰ ਲਈ। ਦੌੜ ਦਾ ਮੰਤਵ ਕੈਂਸਰ ਦੀ ਖੋਜ ਕਰਨ ਲਈ ਧੰਨ ਇਕੱਠਾ ਕਰਨਾ ਸੀ। ਉਹ 143 ਦਿਨ ਦੌੜਦਾ ਰਿਹਾ। ਕੈਂਸਰ ਦੁਬਾਰਾ ਹੋਣ ਕਾਰਨ ਉਸਨੂੰ ਦੌੜ ਬੰਦ ਕਰਨੀ ਪਈ।… ਆਖਰ 28 ਜੂਨ 1981 ਨੂੰ ਕਨੇਡਾ ਦਾ ਉਹ ਨੈਸ਼ਨਲ ਹੀਰੋ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਪਰ ਲੋਕਾਂ ਨੇ ਉਸਨੂੰ ਸਦਾ ਲਈ ਦਿਲਾਂ ’ਚ ਵਸਾ ਲਿਆ। ਉਸਦੀ ਦੌੜ ਨੂੰ ‘Marathon Of Hope’ (ਆਸ–ਉਮੀਦ ਦੀ ਲੰਮੀ ਦੌੜ) ਆਖਿਆ ਗਿਆ। ਕਨੇਡਾ ਸਰਕਾਰ ਨੇ ਉਸਨੂੰ ‘ਔਰਡਰ ਔਫ ਕਨੇਡਾ’ ਦੇ ਮੈਡਲ ਨਾਲ਼ ਸਨਮਾਨਿਆਂ। ‘ਔਰਡਰ ਆਫ ਮੈਰਿਟ’ ਤੋਂ ਬਾਅਦ ਕਨੇਡਾ ਦਾ ਸਭ ਤੋਂ ਵੱਡਾ ਦੂਜਾ ਮਾਣ–ਸਨਮਾਨ ਹੈ ਇਹ। ਇਹ ਮੈਡਲ ਪ੍ਰਾਪਤ ਕਰਨ ਵਾਲ਼ਾ ਉਹ ਸਭ ਤੋਂ ਛੋਟੀ ਉਮਰ (22 ਸਾਲ) ਦਾ ਨੈਸ਼ਨਲ ਹੀਰੋ ਹੈ। ਹੋਰ ਵੀ ਕਈ ਇਨਾਮ–ਸਨਮਾਨ ਉਸਦੀ ਝੋਲ਼ੀ ਪਏ। ਕਨੇਡਾ ਦੀਆਂ ਅਨੇਕਾਂ ਬਿਲਡਿੰਗਾਂ, ਸੜਕਾਂ ਤੇ ਪਾਰਕਾਂ ਦੇ ਨਾਂ ਉਸਦੇ ਨਾਂ ’ਤੇ ਰੱਖੇ ਗਏ ਹਨ। ਉਸਦੀ ਯਾਦ ਵਿਚ 1981 ਤੋਂ ਸ਼ੁਰੂ ਹੋਈ ਸਲਾਨਾ ‘ਟੈਰੀ ਫੌਕਸ ਰੱਨ’ (ਦੌੜ) 60 ਮੁਲਕਾਂ ਤੱਕ ਪਹੁੰਚ ਚੁੱਕੀ ਹੈ, ਜਿਸ ਵਿਚ ਲੱਖਾਂ ਲੋਕ ਭਾਗ ਲੈਂਦੇ ਹਨ। ਤੇ ਇਸ ਦੌੜ ਰਾਹੀਂ ਕੈਂਸਰ ਦੀ ਖੋਜ ਲਈ ਹੁਣ ਤੱਕ ਕਰੋੜਾਂ ਡਾਲਰ ਉਗਰਾਹੇ ਜਾ ਚੁੱਕੇ ਹਨ।
ਥੰਡਰਬੇਅ ਤੋਂ ਉੱਤਰੀ ਉਨਟਾਰੀਓ ਦਾ ਅਗਲਾ ਇਲਾਕਾ ਜ਼ਿਆਦਾਤਰ ਮੈਦਾਨੀ ਸੀ ਪਰ ਜੰਗਲ਼ ਕਾਫੀ ਸਨ। ਰਾਹ ’ਚ ਆਈ ਕਨੋਰਾ ਝੀਲ, ਰਾਤ ਹੋਣ ਕਰਕੇ ਭਰਵੇਂ ਤੌਰ ’ਤੇ ਦੇਖ ਨਾ ਸਕੇ। ਅੱਧੇ ਕੁ ਘੰਟੇ ਬਾਅਦ ਮੈਨੀਟੋਬਾ ਸੂਬਾ ਸ਼ੁਰੂ ਹੋ ਗਿਆ। ਮੈਰਾਥਨ ਤੋਂ 983 ਕਿਲੋਮੀਟਰ ਦਾ ਸਫਰ ਮੁਕਾ ਕੇ ਅਸੀਂ ਇਸ ਸੂਬੇ ਦੀ ਰਾਜਧਾਨੀ ਵਿਨੀਪੈੱਗ ਪਹੁੰਚ ਗਏ। ਡਿਨਰ ਕੀਤਾ ਤੇ ਪਹਿਲਾਂ ਹੀ ਬੁੱਕ ਕੀਤੇ ਮੋਟਲ ਦੇ ਕਮਰਿਆਂ ਵਿਚ ਜਾ ਟਿਕੇ।
16 ਜੁਲਾਈ: ਨਾਸ਼ਤਾ ਕਰਕੇ ਅਸੀਂ ਅਗਲੇ ਸਫਰ ਲਈ ‘ਟਰਾਂਸ ਕਨੇਡਾ ਹਾਈਵੇਅ–1’ ਵੈਸਟ ’ਤੇ ਪੈ ਗਏ। ਮੈਨੀਟੋਬਾ ਕਨੇਡਾ ਦਾ ਮੈਦਾਨੀ ਸੂਬਾ ਹੈ। ਹਾਈਵੇਅ ਦੇ ਦੋਨੀਂ ਪਾਸੀਂ ਮੀਲਾਂ ਤੱਕ ਪਸਰੇ ਕਣਕ ਤੇ ਸੋਇਆਬੀਨ ਦੇ ਹਰੇ–ਭਰੇ ਫਾਰਮ ਸਨ। ਸਰ੍ਹੋਂ–ਪਰਿਵਾਰ ਦੀ ਫਸਲ ਨਿਕੋਲਾ ਦੇ ਫਾਰਮਾਂ ਵਿਚ ਪੀਲ਼ੇ ਫੁੱਲਾਂ ਦੇ ਵਿਸ਼ਾਲ ਦ੍ਰਿਸ਼ ਪੰਜਾਬ ਦਾ ਚੇਤਾ ਕਰਵਾ ਰਹੇ ਸਨ। ਇਸ ਧਰਤੀ ’ਤੇ ਦ੍ਰਖਤ ਬਹੁਤ ਘੱਟ ਹਨ। ਮੈਨੀਟੋਬਾ ਦੇ ਉੱਤਰ ਵਿਚ ਤਾਂ ਵਿਸ਼ਾਲ ਝੀਲ ਹੈਗੀ ਏ ਪਰ ਪੱਛਮ ਵਿਚ ਕੋਈ ਨਹੀਂ। ਕੋਈ ਦਰਿਆ ਵੀ ਨਹੀਂ। 300 ਕਿਲੋਮੀਟਰ ਤੋਂ ਬਾਅਦ ਸਸਕੈਚਵਨ ਸੂਬਾ ਸ਼ੁਰੂ ਹੋ ਗਿਆ। 270 ਕਿਲੋਮੀਟਰ ਹੋਰ ਡਰਾਈਵ ਕਰਕੇ ਇਸ ਸੂਬੇ ਦੀ ਰਾਜਧਾਨੀ ਰਿਜਾਈਨਾ ਸ਼ਹਿਰ ਪਹੁੰਚ ਗਏ। ਲੰਚ ਕੀਤਾ ਤੇ ਫਿਰ ਚੱਲ ਪਏ। ਸਸਕੈਚਵਨ ਵੀ ਮੈਦਾਨੀ ਸੂਬਾ ਹੈ ਤੇ ਫਸਲਾਂ ਵੀ ਮੇਨੀਟੋਬਾ ਵਾਲ਼ੀਆਂ ਹੀ। ਦੋਵੇਂ ਸੂਬੇ ਖੇਤੀ–ਪ੍ਰਧਾਨ ਹਨ। ਰਿਜਾਇਨਾ ਤੋਂ ਸਾਢੇ ਕੁ ਤਿੰਨ ਘੰਟੇ ਬਾਅਦ ਅਲਬਰਟਾ ਸੂਬਾ ਸ਼ੁਰੂ ਹੋ ਗਿਆ। ਵਿਨੀਪੈੱਗ ਤੋਂ ਕੁੱਲ 1038 ਕਿਲੋਮੀਟਰ ਦਾ ਸਫਰ ਮੁਕਾ ਕੇ ਅਸੀਂ ਮੈਡੀਸਨ ਹੈਟ ਨਾਂ ਦੇ ਇਕ ਕਸਬੇ ਵਿਚ ਜਾ ਠਹਿਰੇ।
17 ਜੁਲਾਈ: ਮੋਟਲ ਤੋ ਨਾਸ਼ਤਾ ਕਰਕੇ ਮੁੜ ‘ਟਰਾਂਸ ਕਨੇਡਾ ਹਾਈਵੇਅ—1’ ਵੈਸਟ ਫੜ ਲਿਆ। ਅਲਬਰਟਾ ਦੇ ਮੁੱਖ ਸ਼ਹਿਰ ਕੈਲਗਰੀ ਤੋਂ ਹੁੰਦੇ ਹੋਏ 400 ਕਿਲੋਮੀਟਰ ਦੀ ਵਾਟ ਮੁਕਾ ਕੇ ਆਖਰ ‘ਬੈਂਫ ਨੈਸ਼ਨਲ ਪਾਰਕ’ ਪਹੁੰਚ ਗਏ। ਬੈਂਫ ਦੀਆਂ ਪਥਰੀਲੀਆਂ ਪਹਾੜੀਆਂ ਉੱਤਰ ਉਨਟੇਰੀਓ ਦੀਆਂ ਹਰਿਆਵਲੀ ਪਹਾੜੀਆਂ ਨਾਲੋਂ ਕਿਤੇ ਵੱਧ ਉੱਚੀਆਂ ਹਨ। ਅਸੀਂ ਸਿੱਧੇ ‘ਜੌਹਨਸਟਨ ਕੈਨਯਨ’ ਲੋਕੇਸ਼ਨ ’ਤੇ ਚਲੇ ਗਏ। ਡੂੰਘੀ ਖੱਡ ’ਚ ਵਗਦੀ ਸਵੱਛ ਪਾਣੀ ਦੀ ਕੂਲ੍ਹ ਦੇ ਸੱਜੇ–ਖੱਬੇ ਅਸਮਾਨ ਛੁੰਹਦੀਆਂ ਤਿੱਖੀਆਂ ਪਥਰੀਲੀਆਂ ਪਹਾੜੀਆਂ ਹਨ। ਖੱਡ ਅਤੇ ਪਹਾੜੀਆਂ ਦੇ ਵਿਰਲੇ–ਵਿਰਲੇ ਚੀਲ੍ਹ ਦੇ ਦ੍ਰਖਤ ਸਾਰੇ ਦ੍ਰਿਸ਼ ਨੂੰ ਹੋਰ ਸੁਹਾਵਣਾ ਬਣਾਉਂਦੇ ਹਨ। ਯਾਤਰੀਆਂ ਦੇ ਉੱਪਰ ਜਾਣ ਵਾਸਤੇ ਖੱਬੇ ਪਾਸੇ ਦੀਆਂ ਪਹਾੜੀਆਂ ਦੇ ਨਾਲ਼–ਨਾਲ਼ 4 ਫੁੱਟ ਚੌੜਾ ਪੱਕਾ ਰਸਤਾ ਹੈ। ਸਾਡੇ ਅੱਗੇ–ਪਿੱਛੇ ਕਾਫੀ ਯਾਤਰੀ ਉੱਪਰ ਜਾ ਰਹੇ ਸਨ। ਲੋਕੇਸ਼ਨ ਦੀ ਅਨੂਠੀ ਖੂਬਸੂਰਤੀ ਨੂੰ ਮਾਣਦਿਆਂ ਅਸੀਂ ਤਿੰਨ ਕਿਲੋਮੀਟਰ ਉਤਾਂਹ ਗਏ। ਓਥੋਂ ਪਰਤ ਕੇ, ਬੁੱਕ ਕੀਤੇ ਹੋਟਲ ‘ਰਮਾਡਾ ਇਨ’ ’ਚ ਸਾਮਾਨ ਰੱਖਿਆ। ਲਾਗਲੇ ਭਾਰਤੀ ਰੈਸਟੋਰੈਂਟ ‘ਸਪਾਈਸ ਹੱਟ’ ’ਚ ਡਿਨਰ ਕੀਤਾ। ਤੇ ਬਿਸਤਰਿਆਂ ਵਿਚ ਜਾ ਵੜੇ।
18 ਜੁਲਾਈ: ਲੰਮੇ ਸਫਰ ਦਾ ਥਕੇਵਾਂ ਹੋਣ ਕਰਕੇ ਸਵੇਰੇ ਦੇਰ ਨਾਲ਼ ਉੱਠੇ। ਨਹਾ–ਧੋ ਕੇ ਨਾਸ਼ਤਾ ਕੀਤਾ ਤੇ ‘ਬੈਂਫ ਪਾਰਕ’ ਦੀ ਲੋਕੇਸ਼ਨ ‘ਲੇਕ ਲੁਈ’ ਤੇ ਜਾ ਪਹੁੰਚੇ। ਵਿਸ਼ਵ ਭਰ ਵਿਚ ਪ੍ਰਸਿੱਧ ਇਸ ਝੀਲ ਦੇ ਅਲੌਕਿਕ ਦ੍ਰਿਸ਼ ਨੇ ਮੈਨੂੰ ਪਹਿਲੀ ਨਜ਼ਰੇ ਹੀ ਮੋਹ ਲਿਆ। ਨਿੱਖਰੀ ਧੁੱਪ ਵਿਚ ਝੀਲ ਦਾ ਫਿਰੋਜ਼ੀ ਰੰਗਾ ਪਾਣੀ ਲਿਸ਼ਕ ਰਿਹਾ ਸੀ ਪਰ ਇਹ ਲਿਸ਼ਕ ਅੱਖਾਂ ਨੂੰ ਚੁੱਭਵੀਂ ਨਹੀਂ ਕੂਲ਼ੀ–ਕੂਲ਼ੀ ਲੱਗਦੀ ਸੀ। ਝੀਲ ਦੇ ਸੱਜੇ–ਖੱਬੇ ਦੀਆਂ ਬੁਲੰਦ ਪਹਾੜੀਆਂ ਅਗਵਾੜ ਵਿਚ ਫਾਸਲੇ ’ਤੇ ਹਨ ਪਰ ਪਿਛਾਂਹ ਨੂੰ ਨੇੜੇ–ਨੇੜੇ ਹੁੰਦੀਆਂ ਤੀਜੀ ਪਹਾੜੀ ਨਾਲ਼ ਜਾ ਮਿਲ਼ਦੀਆਂ ਹਨ। ਸੱਜੇ–ਖੱਬੇ ਦੀਆਂ ਪਹਾੜੀਆਂ ਦੇ ਹੇਠਲੇ ਹਿੱਸਿਆਂ ’ਤੇ ਝੂਲਦੇ ਦ੍ਰਖਤ ਜਿੱਥੇ ਪਹਾੜੀਆਂ ਨੂੰ ਖੁਰਨ ਤੋਂ ਬਚਾਉਂਦੇ ਹਨ ਓਥੇ ਸਮੁੱਚੇ ਦ੍ਰਿਸ਼ ਦੀ ਖੂਬਸੂਰਤੀ ਵੀ ਵਧਾਉਂਦੇ ਹਨ। ਪਹਾੜਾਂ ਦੀਆਂ ਚੋਟੀਆਂ ’ਤੇ ਕਿਤੇ–ਕਿਤੇ ਬਰਫ ਨਜ਼ਰ ਆ ਰਹੀ ਸੀ। ਸਰਦੀਆਂ ਵਿਚ ਤਾਂ ਇਨ੍ਹਾਂ ਪਹਾੜੀਆਂ ’ਤੇ ਕਈ-ਕਈ ਫੁਟ ਉੱਚੀ ਬਰਫ ਜਮ੍ਹਾਂ ਹੋ ਜਾਂਦੀ ਹੈ। ਉਸ ਬਰਫ ਦੇ ਗਲੇਸ਼ੀਅਰ ਹੀ ਝੀਲ ਦੇ ਪਾਣੀ ਦਾ ਸਰੋਤ ਬਣਦੇ ਹਨ।
ਕੁੱਝ ਦੇਰ ਬੈਂਚਾਂ ’ਤੇ ਬੈਠ ਅਸੀਂ ਝੀਲ ਦੇ ਅਲੌਕਿਕ ਨਜ਼ਾਰੇ ਨੂੰ ਮਾਣਿਆਂ ਤੇ ਫਿਰ ਸੱਜੇ ਪਾਸੇ ਦੀ ਇਕ ਪਹਾੜੀ ’ਤੇ ਹਾਈਕਿੰਗ ਸ਼ੁਰੂ ਕਰ ਦਿੱਤੀ। ਵਲ਼–ਵਲੇਵੇ ਖਾਂਦੀ ਪਗਡੰਡੀ ’ਤੇ ਸੰਭਲ–ਸੰਭਲ ਤੁਰਦੇ ਮੈਂ ਤੇ ਕੁਲਵੰਤ ਪਹਾੜੀ ਦੇ ਅੱਧ ਤੱਕ ਹੀ ਜਾ ਸਕੇ। ਹੇਠਾਂ ਉੱਤਰ ਕੇ ਜ਼ਰਾ ਕੁ ਆਰਾਮ ਕਰਨ ਬਾਅਦ ਪਹਾੜੀ ਦੇ ਪੈਰਾਂ ਵਿਚ ਲੇਕ ਦੇ ਨਾਲ਼–ਨਾਲ਼ ਬਣੀ ਪਟੜੀ ’ਤੇ ਤੁਰ ਪਏ। ਕਰੀਬ ਤਿੰਨ ਕਿਲੋਮੀਟਰ ਪਿਛਾਂਹ ਵਾਲ਼ੀ ਪਹਾੜੀ ਵਲ ਨੂੰ ਜਾ ਕੇ ਵਾਪਸ ਮੁੜੇ। ਜਾਂਦਿਆਂ–ਆਉਦਿਆਂ ਵੱਖ–ਵੱਖ ਥਾਵਾਂ ਤੋਂ ਪਹਾੜੀਆਂ ਅਤੇ ਪਾਣੀ ਦੇ ਮਨਮੋਹਕ ਦ੍ਰਿਸ਼ਾਂ ਨੂੰ ਨਿਹਾਰਦੇ ਰਹੇ। ਕੁਝ ਤਸਵੀਰਾਂ ਵੀ ਖਿੱਚੀਆਂ।
ਹਾਈਕਿੰਗ–ਟੋਲੇ ਨੇ ਵਾਪਸ ਆ ਕੇ ਦੱਸਿਆ ਕਿ ਉਨ੍ਹਾਂ ਨੂੰ ਪਹਾੜੀ ਦੀ ਚੋਟੀ ’ਤੇ ਪਹੁੰਚਣ ਲਈ ਚਾਰ ਕਿਲੋਮੀਟਰ ਤੁਰਨਾ ਪਿਆ। ਚੋਟੀ ਤੋਂ ਦੂਰ–ਨੇੜੇ ਦੀਆਂ ਪਹਾੜੀਆਂ ਦੀਆਂ ਟੀਸੀਆਂ, ਲੁਈ ਝੀਲ ਅਤੇ ਪਹਾੜੀ ਤੋਂ ਪਰਲੇ ਪਾਸੇ ਵਾਲ਼ੀ ਐਗਨੈੱਸ ਝੀਲ ਦੇ ਲੁਭਾਵਣੇ ਦ੍ਰਿਸ਼ਾਂ ਬਾਰੇ ਦੱਸਦਿਆਂ ਉਨ੍ਹਾਂ ਨੇ ਸਾਨੂੰ ਤਸਵੀਰਾਂ ਵੀ ਦਿਖਾਈਆਂ।
ਹਰਪ੍ਰੀਤ ਤੇ ਰਾਜਵਿੰਦਰ ਕੌਫੀ ਲੈ ਆਏ। ਨਾਲ਼ ਵਾਲੇ ਬੈਂਚ ’ਤੇ ਅੱਧਖੜ ਉਮਰ ਦੇ ਗੋਰਾ–ਗੋਰੀ ਬੈਠੇ ਸਨ। “ਕਿੱਥੋਂ ਆਏ ਹੋ?” ਗੋਰੇ ਨੇ ਪੁੱਛਿਆ।
“ਟਰਾਂਟੋ ਤੋਂ, ਕਾਰਾਂ ’ਚ ਆਏ ਹਾਂ।”
“ਓ ਵਾਓ” ਦੇ ਸ਼ਬਦ ਨਾਲ਼ ਦੋਨਾਂ ਨੇ ਹੈਰਾਨਗੀ ਪ੍ਰਗਟਾਈ। “ਬਹੁਤ ਲੰਮਾ ਸਫਰ ਕਰਕੇ ਆਏ ਹੋ। ਕਿਵੇਂ ਲੱਗ ਰਿਹੈ ਬੈਂਫ।” ਗੋਰੇ ਦੇ ਬੋਲ ਸਨ।
“ਬਹੁਤ ਹੀ ਖੂਬਸੂਰਤ। ਤੁਸੀਂ ਕਿੱਥੋਂ ਆਏ ਹੋ?”
“ ਕੈਲਗਰੀ ਤੋਂ।” ਗੋਰੀ ਨੇ ਦੱਸਿਆ
“ਸਾਰੀਆਂ ਲੋਕੇਸ਼ਨ ਦੇਖੋਗੇ?”
“ਅੱਧੀਆਂ ਕੁ ਅਸੀਂ ਪਹਿਲਾਂ ਦੇਖੀਆਂ ਹੋਈਆਂ ਨੇ। ਬਾਕੀ ਦੀਆਂ ਹੁਣ ਦੇਖ ਕੇ ਜਾਵਾਂਗੇ।” ਗੋਰੇ ਨੇ ਦੱਸਿਆ।
ਭੀੜ ਵਿਚ ਕੁਝ ਪੰਜਾਬੀ ਪਰਿਵਾਰ ਵੀ ਦਿਸ ਰਹੇ ਸਨ। ਕੋਲ਼ ਦੀ ਲੰਘਦੇ ਇਕ ਪੰਜਾਬੀ ਪਰਿਵਾਰ ਨਾਲ਼ ਵੀ ਬੋਲ ਸਾਂਝੇ ਕੀਤੇ। ਉਹ ਵੈਨਕੂਵਰ ਮਹਾਂਨਗਰ ਦੇ ਸ਼ਹਿਰ ਸਰੀ ਤੋਂ ਗਏ ਸਨ।
ਤ੍ਰਿਕਾਲਾਂ ਪੈ ਗਈਆਂ ਸਨ। ਗੋਰੇ–ਗੋਰੀ ਨੂੰ ‘ਬਾਇ’ ਕਰਕੇ ਅਸੀਂ ਉੱਠ ਪਏ। ਹੋਟਲ ’ਚ ਪਹੁੰਚ ਪੀਜ਼ਾ ਮੰਗਵਾ ਕੇ ਖਾਧਾ ਤੇ ਸੌਂ ਗਏ।
19 ਜੁਲਾਈ: ਸਵੇਰੇ ਹੋਟਲ ਦੇ ਕਮਰੇ ਵਿੱਚੋਂ ਬਾਹਰ ਵੇਖਿਆ, ਵਾਤਾਵਰਣ ਵਿਚ ਹਲਕਾ–ਹਲਕਾ ਧੂੰਆਂ ਫੈਲਿਆ ਹੋਇਆ ਸੀ। ਗਵਾਂਢੀ ਸੂਬੇ ਬੀ. ਸੀ ਦੇ ਜੰਗਲਾਂ ਦੀ ਅੱਗ ਦਾ ਧੂੰਆਂ, ਏਧਰ ਨੂੰ ਵਗੀ ਹਵਾ ਆਪਣੇ ਨਾਲ਼ ਉਡਾ ਲਿਆਈ ਸੀ। ਬੈਂਫ ਦੀ ਧੁੰਦਲਾਈ ਪ੍ਰਕਿਰਤੀ ਨੂੰ ਵੇਖਣ ਦਾ ਮਜ਼ਾ ਨਹੀਂ ਸੀ ਆਉਣਾ। ਹਰਪ੍ਰੀਤ ਨੂੰ ਕਨੇਡਾ ਦੇ ਭੂਗੋਲ ਬਾਰੇ ਭਰਪੂਰ ਜਾਣਕਾਰੀ ਹੈ। ਕੰਪਿਊਟਰ ’ਤੇ ਕੁਝ ਸਮਾਂ ਲਾ ਕੇ ਉਸਨੇ ਕੁਝ ਹੋਰ ਰਮਣੀਕ ਸਥਾਨ ਚੁਣ ਲਏ। ‘ਹਾਈਵੇਅ–93 ਆਈਸਫੀਲਡ ਪਾਰਕਵੇਅ’ ’ਤੇ 150 ਕਿਲੋਮੀਟਰ ਡਰਾਈਵ ਕਰਕੇ ਕ੍ਰਮਵਾਰ ਕਰੋਅਫੁਟ ਗਲੇਸ਼ੀਅਰਜ਼, ਬੋਅ ਲੇਕ, ਪੀਡੁਟੋ ਲੇਕ ’ਤੇ ਕੁਦਰਤ ਦੇ ਅਨੂਠੇ ਨਜ਼ਾਰੇ ਦੇਖੇ। ਤੇ ਫਿਰ ਹਾਈਵੇਅ ਦੇ ਲਾਗੇ ਪੈਂਦੀ, ਬੀ. ਸੀ ਸੂਬੇ ਦੀ ‘ਐਮਾਲਡ ਲੇਕ’ ਵੀ ਦੇਖੀ। ਪੰਜੇ ਥਾਵਾਂ ’ਤੇ ਝੀਲਾਂ ਦੇ ਕਿਨਾਰਿਆਂ ’ਤੇ ਉਚੀਆਂ-ਉਚੀਆਂ ਪਹਾੜੀਆਂ ਹਨ। ਝੀਲਾਂ ਦੇ ਨਾਲ਼–ਨਾਲ਼ ਚੀਲ੍ਹ ਦੇ ਜੰਗਲ ਹਨ। ਪਹਾੜੀਆਂ ਉੱਪਰਲੀ ਬਰਫ ਦਾ ਪਾਣੀ ਝੀਲਾਂ ਨੂੰ ਤਾਲੋ–ਤਾਲ ਭਰੀ ਰੱਖਦਾ ਹੈ। ਤੇ ਇਸ ਪਾਣੀ ਨਾਲ਼ ਜੰਗਲ ਹਰੇ–ਭਰੇ ਰਹਿੰਦੇ ਹਨ। ਝੀਲਾਂ ਅਤੇ ਜੰਗਲ ਪਹਾੜੀਆਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਤਿੰਨਾਂ ਦੀ ਇਕਮਿਕਤਾ ਕੁਦਰਤ ਦੀ ਅਲੌਕਿਕ ਖੂਬਸੂਰਤੀ ਬਣਦੀ ਹੈ। ਖੂਬਸੂਰਤੀ ਦੇ ਨਾਲ਼–ਨਾਲ਼ ਇਹ ਥਾਵਾਂ ਕਨੇਡਾ ਦੇ ਪਾਣੀਆਂ ਤੇ ਜੰਗਲਾਂ ਦੀ ਅਮੀਰੀ ਵੀ ਦਰਸਾਉਂਦੀਆਂ ਹਨ। ਅਸੀਂ ਇਨ੍ਹਾਂ ਨਜ਼ਾਰਿਆਂ ਨੂੰ ਰੱਜ ਕੇ ਮਾਣਿਆਂ। ਸੈਰਾਂ ਵੀ ਕੀਤੀਆਂ ਤੇ ਬੋਟਿੰਗ ਵੀ।
20 ਜੁਲਾਈ: ਅੱਜ ਵਾਤਾਵਰਣ ਸਾਫ ਸੀ। ‘ਰਮਾਡਾ ਇਨ ਹੋਟਲ’ ਸਾਨੂੰ ਤਿੰਨ ਰਾਤਾਂ ਵਾਸਤੇ ਹੀ ਮਿਲ਼ਿਆ ਸੀ। ਅਗਲੀਆਂ ਦੋ ਰਾਤਾਂ ਲਈ ‘ਬੈਸਟ ਵੈਸਟਰਨ ਹੋਟਲ’ ’ਚ ਬੁਕਿੰਗ ਕੀਤੀ ਹੋਈ ਸੀ। ਨਾਸ਼ਤੇ ਉਪ੍ਰੰਤ ਅਸੀਂ ਸਮਾਨ ਬੰਨ੍ਹ ਕੇ ਦੋਨਾਂ ਗੱਡੀਆਂ ਵਿਚ ਰੱਖ ਲਿਆ ਤੇ ਸਕੀਮ ਅਨੁਸਾਰ 20 ਕੁ ਕਿਲੋਮੀਟਰ ਦੀ ਦੂਰੀ ’ਤੇ ਪਹਿਲਾਂ ਛੋਟੀ ਝੀਲ ‘ਟੂ ਜੈਕ ਲੇਕ’ ਵੇਖੀ ਤੇ ਓਥੋਂ ਲਾਗੇ ਪੈਂਦੀ ਵੱਡੀ ਝੀਲ ਮਿੱਨੇਵਾਂਕਾ–ਲੇਕ ’ਤੇ ਚਲੇ ਗਏ। ਕਿਨਾਰੇ ’ਤੇ ਬੈਠ ਦੂਰ ਤੱਕ ਪਸਰੀ ਝੀਲ ਦੇ ਨੀਲੇ–ਪਾਣੀ ਨੂੰ ਨਿਹਾਰਦਿਆਂ ਚੋਖਾ ਚਿਰ ਸਕੂਨ ਮਾਣਦੇ ਰਹੇ। ਬੈਂਫ ਦੇ ਟੂਰ ਦੌਰਾਨ ਕੁਦਰਤ ਦੀ ਖੂਬਸੂਰਤੀ ਨੂੰ ਵੇਖਦਿਆਂ–ਮਾਣਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਮਾਨਵ ਜਾਤੀ ਦੀ ਸੁੰਦਰਤਾ ਨਾਲ਼ੋਂ ਕੁਦਰਤ ਦੀ ਸੁੰਦਰਤਾ ਵਧੇਰੇ ਉੱਚੀ–ਸੁੱਚੀ ਹੈ। ਝੀਲ ਕਿਨਾਰਿਓਂ ਉੱਠ, ਅਸੀਂ ਝੀਲ ’ਚ ਪੈਂਦੀ ਇਕ ਕੂਲ੍ਹ ਦੇ ਨਾਲ਼–ਨਾਲ਼ ਜੰਗਲ ਵਿੱਚੀਂ, ਉਤਾਂਹ ਵੱਲ ਨੂੰ ਜਾਂਦੀ ਪਗਡੰਡੀ ਰਾਹੀਂ ਦੂਰ ਤੱਕ ਪਹਾੜੀਆਂ ਚੜ੍ਹਦੇ ਗਏ। ਸੁਹਾਵਣੇ ਮੌਸਮ ’ਚ ਵਗਦੀ ਹਵਾ ਨਾਲ਼ ਦ੍ਰਖਤਾਂ ਵਿੱਚੋਂ ਉੱਭਰਦੀ ਸਰਸਰਾਹਟ ਅਤੇ ਕੂਲ੍ਹ ਦੀ ਧੀਮੀ ਜਿਹੀ ਆਵਾਜ਼ ਮੇਰੇ ਕੰਨਾਂ ਵਿਚ, ਰੂਹ ਨੂੰ ਆਨੰਦਿਤ ਕਰਨ ਵਾਲ਼ੇ ਮਧੁਰ ਸੰਗੀਤ ਵਾਂਗ ਪੈ ਰਹੀ ਸੀ। ਓਥੋਂ ਮੁੜ ਕੇ ਕਾਰਾਂ ’ਚ ਰੱਖੇ ਸਨੈਕਸ ਖਾਧੇ ਅਤੇ ਹੋਟਲ ਨੂੰ ਆ ਗਏ। ਮੈਂ ਤੇ ਕੁਲਵੰਤ ਥਕੇਵਾਂ ਮਹਿਸੂਸ ਕਰ ਰਹੇ ਸਾਂ। ਬਾਕੀ ਮੈਂਬਰ ‘ਟਨਲ ਮਾਊਂਟੇਨ’ ਨਾਂ ਦੇ ਪਹਾੜ ’ਤੇ ਹਾਈਕਿੰਗ ਕਰਨ ਟੁਰ ਗਏ।
21 ਜੁਲਾਈ: ਹੋਟਲ ਤੋਂ ਨਾਸ਼ਤਾ ਕਰਕੇ ਅਸੀਂ ‘ਸਲਫਰ ਮਾਊਂਨਟੇਨ’ ਨਾਂ ਦਾ ਪਹਾੜ ਵੇਖਣ ਚਲੇ ਗਏ। ਇਹ ਪਹਾੜ 8400 ਫੁੱਟ ਉੱਚਾ ਹੈ। ਸਿਖਰ ’ਤੇ ਪਹੁੰਚਣ ਲਈ 5. 8 ਕਿਲੋਮੀਟਰ ਦੀ ਚੜ੍ਹਾਈ ਵਾਲੀ ਵਾਟ ਹੈ। ਮੇਰੇ ਤੇ ਕੁਲਵੰਤ ਲਈ ਇਹ ਕਠਿਨ ਸੀ। ਸਾਡੀ ਵੱਡੀ ਪੋਤਰੀ ਭਵਲੀਨ ਦੀ ਸਿਹਤ ਠੀਕ ਨਹੀਂ ਸੀ। ਬਾਕੀ ਮੈਂਬਰਾਂ ਨੇ ਹਾਈਕਿੰਗ ਸ਼ੁਰੂ ਕਰ ਦਿੱਤੀ ਅਤੇ ਅਸੀਂ ਤਿੰਨੇ ਗੌਂਡੋਲਾ ’ਤੇ ਸਵਾਰ ਹੋ ਗਏ। ਪੰਘੂੜੇ ਵਰਗੇ ਗੌਂਡੋਲਾ ਦੇ ਪਹੀਏ ਮੋਟੇ ਰੱਸੇ ਵਰਗੀ ਲੋਹੇ ਦੀ ਕੇਬਲ ’ਤੇ ਦੌੜਦੇ ਹਨ। 6 ਕੁ ਮਿੰਟਾਂ ’ਚ ਅਸੀਂ ਗੌਂਡੋਲਾ ਦੇ ਉੱਪਰਲੇ ਟਰਮੀਨਲ ’ਤੇ ਸਾਂ। ਅਸੀਂ ਚਾਰ–ਮੰਜਲੇ ਉਸ ਟਰਮੀਨਲ ਦੀਆਂ ਦੀਵਾਰਾਂ ’ਤੇ ਲੱਗੀਆਂ ਕਨੇਡਾ ਦੇ ਇਤਿਹਾਸ ਅਤੇ ਬੈਂਫ ਦੀਆਂ ਲੋਕੇਸ਼ਨਾਂ ਦੀਆਂ ਤਸਵੀਰਾਂ ਤੇ ਵੀਡੀਓ ਦੇਖੀਆਂ। ਆਪਣੇ ਬੰਦਿਆਂ ਦੀ ਹਾਈਕਿੰਗ ਟੀਮ ਪਹੁੰਚਣ ’ਤੇ ਅਸੀਂ 400 ਮੀਟਰ ਚੜ੍ਹਾਈ ਚੜ੍ਹ ਕੇ ‘ਸੈਨਸਨ ਪੀਕ’ ਟੀਸੀ ’ਤੇ ਜਾ ਪਹੁੰਚੇ। ‘ਸੈਨਸਨ ਪੀਕ’ ਤੋਂ ਲਾਗਲੀਆਂ ਪਹਾੜੀਆਂ ਨੂੰ ਅਸੀਂ ਬਹੁਤ ਨੇੜਿਓਂ ਵੇਖ ਰਹੇ ਸਾਂ। ਪਹਾੜੀਆਂ ਤੇ ਖੱਡਾਂ ਨੂੰ ਸਿਖਰ ਤੋਂ ਵੇਖਣ ਦਾ ਵੱਖਰਾ ਹੀ ਮਜ਼ਾ ਹੈ। ਟੈਂਪਰੇਚਰ 17 ਡਿਗਰੀ ਸੈਲਸੀਅਸ ਹੋਣ ਕਰਕੇ ਉੱਪਰ ਠੰਢ ਸੀ। ਟਰਮੀਨਲ ’ਚ ਪਰਤ ਕੇ ਅਸੀਂ ਕੈਫੇਟੇਰੀਆ ਤੋਂ ਕੌਫੀ ਨਾਲ਼ ਸਨੈਕਸ ਖਾਧੇ। ਫਿਰ ਥੀਏਟਰ ਵਿਚ ਬੈਂਫ ਦੀਆਂ ਵਿਸ਼ੇਸ਼ਤਾਵਾਂ ਬਾਰੇ ਮੂਵੀ ਦੇਖੀ ਅਤੇ ਸਾਰੇ ਜਣੇ ਗੌਂਡੋਲਾ ਰਾਹੀਂ ਹੇਠਾਂ ਉੱਤਰ ਆਏ। ਬਾਜ਼ਾਰ ’ਚ ਘੁੰਮੇ, ਡਿਨਰ ਕੀਤਾ ਤੇ ਹੋਟਲ ’ਚ ਪਹੁੰਚ ਸੌਣ ਦੀਆਂ ਤਿਆਰੀਆਂ ਕਰਨ ਲੱਗ ਪਏ।
22 ਜੁਲਾਈ: ਸਾਡੀ ਯਾਤਰਾ ਦਾ ਆਖਰੀ ਦਿਨ ਸੀ। ਨਾਸ਼ਤੇ ਉਪ੍ਰੰਤ ਅਸੀਂ ਸਾਮਾਨ ਬੰਨ੍ਹ ਕੇ ਗੱਡੀਆਂ ’ਚ ਰੱਖਿਆ ਅਤੇ ਛੋਟਾ ਮਿਊਜ਼ੀਅਮ ਅਤੇ ਗੁਫਾ ਵੇਖਣ ਚਲੇ ਗਏ। ‘ਬੈਂਫ ਪਾਰਕ’ ’ਚ ਜੌਬ ਕਰਦੇ ਕੁਲਵੰਤ ਦੇ ਭਾਣਜੇ ਅਮਰਦੀਪ ਦੀ ਡਿਉਟੀ ਇਸ ਲੋਕੇਸ਼ਨ ’ਤੇ ਸੀ।। ਉਹ ਸਾਡੇ ਨਾਲ ਹੀ ਰਿਹਾ। ਨਿਆਣੇ ‘ਹੌਟ ਸਪਰਿੰਗ’, ਜੋ ‘ਸਲਫਰ ਮਾਊਂਟੇਨ’ ਦੇ ਪੈਰਾਂ ’ਚ ਹੈ ਵਿਚ ਨਹਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਓਥੇ ਛੱਡ ਕੇ ਅਸੀਂ ਲਾਗੇ ਪੈਂਦੇ ‘ਬੱਫਲੋ ਨੇਸ਼ਨਜ਼ ਲਕਸਟਨ’ ਮਿਊਜ਼ੀਅਮ ਵੇਖਣ ਚਲੇ ਗਏ। ਚਿੱਤਰਾਂ, ਬੁੱਤਾਂ ਤੇ ਮੂਰਤੀਆਂ ਰਾਹੀਂ ਇਸ ਕਬੀਲੇ ਦੇ ਨੇਟਿਵਾਂ ਦੇ ਮੁਢਲੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ਼–ਨਾਲ਼ ਅਸੀਂ ਮਿਊਜ਼ੀਅਮ ਦੀ ਕਲਾ ਨੂੰ ਵੀ ਮਾਣਿਆਂ।
‘ਹੌਟ ਸਪਰਿੰਗ’ ਤੋਂ ਨਿਆਣਿਆਂ ਨੂੰ ਲੈ ਕੇ ਅਸੀਂ ਲੰਚ ਕੀਤਾ ਤੇ ਵਾਪਸੀ ਦੀ ਤਿਆਰੀ ਕੱਸ ਲਈ। ਟੁਰਨ ਲੱਗਿਆਂ ਮੇਰਾ ਮਨ ਆਪ-ਮੁਹਾਰੇ ਬੋਲ ੳੱਠਿਆ,‘ਪਿਆਰੇ ਬੈਂਫ ਨੈਸ਼ਨਲ ਪਾਰਕ! ਅਸੀਂ ਜਿਹੜੇ ਚਾਵਾ ਨਾਲ਼ ਤੈਨੂੰ ਮਿਲਣ ਆਏ ਸਾਂ ਉਹ ਸੌ ਪ੍ਰਤੀਸ਼ਤ ਪੂਰੇ ਹੋਏ ਹਨ। ਤੇਰੀ ਖੂਬਸੂਰਤੀ ਦੇ ਵਿਰਾਟ ਅਤੇ ਅਲੌਕਿਕ ਰੂਪ ਨੂੰ ਮਾਣ ਕੇ ਸਾਨੂੰ ਬਹੁਤ ਸਕੂਨ ਮਿਲ਼ਿਆ। ਅਸੀਂ ਸਮਝਦੇ ਹਾਂ ਕਿ ਹਰ ਸਾਲ, ਦੂਰੋਂ–ਨੇੜਿਓਂ, ਤੈਨੂੰ ਮਿਲਣ–ਵੇਖਣ ਆਉਂਦੇ ਹਜ਼ਾਰਾਂ ਯਾਤਰੀ ਇਸੇ ਤਰ੍ਹਾਂ ਦੇ ਅਹਿਸਾਸ ਲੈ ਕੇ ਮੁੜਦੇ ਹੋਣਗੇ। ਤੇਰੀ ਖੂਬਸੂਰਤੀ, ਕਲਾ ਅਤੇ ਪ੍ਰਕਿਰਤਕ ਜਲੌਅ ਨੂੰ ਪ੍ਰਣਾਮ… ਅਲਵਿਦਾ।’
41 ਸਾਲ ਬਾਅਦ ਮਿੱਤਰ ਪਿਆਰੇ ਨਾਲ਼ ਮਿਲਾਪ
ਮੈਂ ਏਅਰਫੋਰਸ 15 ਸਾਲ ਬਾਅਦ ਛੱਡ ਦਿੱਤੀ ਸੀ ਪਰ ਮੇਰਾ ਖਾਸ ਮਿੱਤਰ ਮਨਜੀਤ ਸਿੰਘ ਸੰਧੂ ਸਰਵਿਸ ਕਰਦਾ ਰਿਹਾ। 1974 ਵਿਚ ਜਦੋਂ ਉਸਦੀ ਪੋਸਟਿੰਗ ਹਿੰਡਨ (ਗਾਜ਼ੀਆਬਾਦ) ਸੀ, ਮੈਂ ਤੇ ਕੁਲਵੰਤ ਉਨ੍ਹਾਂ ਨੂੰ ਮਿਲਣ ਗਏ ਸਾਂ। ਉਦੋਂ ਉਨ੍ਹਾਂ ਦੀ ਤੀਜੀ ਬੇਟੀ ਰੋਜ਼ੀ ਕੁਝ ਮਹੀਨਿਆਂ ਦੀ ਸੀ। ਉਸ ਤੋਂ ਬਾਅਦ ਸਾਡਾ ਸੰਪਰਕ ਟੁੱਟ ਗਿਆ।
ਕਨੇਡਾ ਵਿਚ ਮੈਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਮਨਜੀਤ ਦੀ ਵੱਡੀ ਬੇਟੀ ਮਨਦੀਪ ਵਿਆਹ ਕਰਵਾ ਕੇ ਕਨੇਡਾ ਦੇ ਸ਼ਹਿਰ ਮੈਨੀਟੋਬਾ ਆ ਗਈ। ਉਸ ਰਾਹੀਂ ਸਾਡਾ ਸੰਪਰਕ ਸ਼ੁਰੂ ਹੋ ਗਿਆ। ਮਨਜੀਤ ਨੇ, ਹਰਪ੍ਰੀਤ ਦਾ ਰਿਸ਼ਤਾ ਸਾਡੇ ਦੋਨਾਂ ਦੇ ਨੇੜਲੇ ਮਿੱਤਰ ਮੱਛਰ ਸਿੰਘ ਢੀਂਡਸਾ ਦੀ ਬੇਟੀ ਨਾਲ਼ ਕਰਨ ਲਈ ਮੈਨੂੰ ਚਿੱਠੀ ਲਿਖੀ। ਅਸੀਂ ਪਹਿਲਾਂ ਹੀ ਕਿਸੇ ਨੂੰ ਹਾਂ ਕਰ ਚੁੱਕੇ ਸਾਂ। ਚਿੱਠੀ ਦਾ ਜਵਾਬ ਲਿਖਣ ਸਮੇਂ ਮੈਂ ਕਾਹਲ਼ੀ ਵਿਚ ਸਾਂ। ਰਾਜ਼ੀ–ਖੁਸ਼ੀ ਤੋਂ ਬਾਅਦ ਸਿਰਫ ਏਨਾ ਹੀ ਲਿਖਿਆ ਕਿ ਸਾਡੀ ਕਿਸੇ ਨਾਲ਼ ਗੱਲ ਹੋ ਚੁੱਕੀ ਹੈ। ਇਹ ਨਾ ਲਿਖ ਹੋਇਆ ਕਿ ਮੇਰੀ ਨਾਂਹ ਤੋ ਉਹ ਦੋਵੇਂ ਮਿੱਤਰ ਇਹ ਨਾ ਸਮਝ ਲੈਣ ਕਿ ਮੇਰੇ ਦਿਲ ਵਿਚ ਉਨ੍ਹਾਂ ਲਈ ਪਹਿਲਾਂ ਵਾਲ਼ਾ ਪਿਆਰ ਨਹੀਂ। ਮਨਜੀਤ ਨੂੰ ਮੇਰੀ ਚਿੱਠੀ ਖੁਸ਼ਕ ਜਿਹੀ ਲੱਗੀ। ਉਹਨੇ ਇਹ ਸਮਝ ਲਿਆ ਕਿ ਮੈਂ ਆਕੜ ਦਿਖਾਈ ਹੈ। ਉਸਨੇ ਚਿੱਠੀ–ਪੱਤਰ ਬੰਦ ਕਰ ਦਿੱਤਾ। ਮੈਨੂੰ ਇਹ ਹਿਰਖ ਹੋ ਗਿਆ ਕਿ ਮਨਜੀਤ ਨੇ ਮੇਰੀ ਮਜਬੂਰੀ ਨਹੀਂ ਸਮਝੀ। ਮੈਂ ਵੀ ਹੋਰ ਚਿੱਠੀ ਨਾ ਲਿਖੀ।
ਮਨਜੀਤ ਹੁਰਾਂ ਦੀਆਂ ਪੰਜ ਬੇਟੀਆਂ ਹਨ। ਦੂਜੀ ਬੇਟੀ ਦਾ ਵਿਆਹ ਕੈਲੇਫੋਰਨੀਆਂ ਤੇ ਚੌਥੀ ਦਾ ਕੈਲਗਰੀ ’ਚ ਹੋ ਗਿਆ ਸੀ। ਸਭ ਤੋਂ ਛੋਟੀ ਮੁਹਾਲ਼ੀ ’ਚ ਹੈ। 10 ਕੁ ਸਾਲ ਪਹਿਲਾਂ ਵਿਚ ਉਹ ਤੇ ਉਸਦੀ ਪਤਨੀ ਹਰਦੀਪ ਕੌਰ ਕਨੇਡਾ-ਅਮਰੀਕਾ ਘੁੰਮਣ ਆਏ। ਕੁਝ ਦਿਨ ਬਰੈਂਪਟਨ ਵਿਚ ਰਹਿੰਦੇ ਰਿਸ਼ਤੇਦਾਰਾਂ ਕੋਲ ਵੀ ਠਹਿਰੇ। ਗਲਤ ਫਹਿਮੀ ਕਾਰਨ ਸੰਪਰਕ ਹੀ ਟੁੱਟਿਆ ਸੀ। ਦਿਲਾਂ ਵਿਚਲੇ ਗੂੜ੍ਹੇ ਪਿਆਰ ਦੀਆਂ ਤੰਦਾਂ ਨਹੀਂ ਸਨ ਟੁੱਟੀਆਂ… ਸਾਡਾ ਬਰੈਂਪਟਨ ਦਾ ਜਿਹੜਾ ਐਡਰੈਸ ਤੇ ਫੋਨ ਨੰਬਰ ਉਨ੍ਹਾਂ ਕੋਲ਼ ਸੀ, ਓਥੋਂ ਅਸੀਂ ਮੂਵ ਹੋ ਗਏ ਸਾਂ। ਮਨਜੀਤ ਬਰੈਂਪਟਨ, ਮਿਸੀਸਾਗਾ, ਈਟੋਬਿੱਕੋ ਤੇ ਸਕਾਰਬਰੋ ਸ਼ਹਿਰਾਂ ਦੀਆਂ ‘ਫੋਨ–ਬੁੱਕਾਂ’ ਵਿੱਚੋਂ ‘ਜਰਨੈਲ ਸਿੰਘ ਹੀਰ’ ਦਾ ਨਾਂ ਲੱਭਦਾ ਰਿਹਾ। ਪਰ ਮੈਂ ਗੋਤ ਲਿਖਣਾ ਬੰਦ ਕਰ ਦਿੱਤਾ ਸੀ। ਹੁਣ ਸਾਰੇ ਥਾਈਂ ਮੇਰਾ ਨਾਂ ਜਰਨੈਲ ਸਿੰਘ ਹੀ ਚੱਲਦਾ ਹੈ। ਸੋ ਮਿਲਾਪ ਨਾ ਹੋ ਸਕਿਆ।
ਮੋਹ–ਪਿਆਰ ਦੀਆਂ ਤੰਦਾਂ ਮੇਰੇ ਦਿਲ ਵਿਚ ਵੀ ਬਰਕਰਾਰ ਸਨ। ਆਪਣੇ ਇੰਡੀਆ ਦੇ ਗੇੜਿਆਂ ਦੌਰਾਨ ਦਿਲ ਤਾਂ ਕਰਦਾ ਰਿਹਾ ਕਿ ਰਾਏਕੋਟ ਤੋਂ ਉਨ੍ਹਾਂ ਦਾ ਪਤਾ ਕਰਾਂ। ਪਰ ਪਰਿਵਾਰਕ ਤੇ ਸਾਹਿਤਕ ਰੁਝੇਵਿਆਂ ਕਾਰਨ ਸਮਾਂ ਨਾ ਕੱਢ ਸਕਿਆ।
ਆਖਰ 2014 ਵਿਚ ਸਾਡਾ ਪ੍ਰੋਗਰਾਮ ਬਣ ਗਿਆ। ਮੈਂ, ਕੁਲਵੰਤ, ਦਲਜੀਤ ਸਿੰਘ ਤੇ ਸਾਡਾ ਨੇੜਲਾ ਸਾਥੀ ਸ਼ਮਿੰਦਰ ਸਿੰਘ ਸਿੰਗੜੀਵਾਲਾ (ਸਾਬਕਾ ਏਅਰ ਫੋਰਸ) ਰਾਏਕੋਟ ਜਾ ਪਹੁੰਚੇ। ਗੁਰਦਵਾਰਾ ਟਾਹਲੀਆਣਾ ਸਾਹਿਬ ਲਾਗੇ ਮੈਨੂੰ ਉਨ੍ਹਾਂ ਦੇ ਘਰ ਦਾ ਪਤਾ ਸੀ। ਪਰ ਓਥੇ ਪਹੁੰਚ ਕੇ ਅਸੀਂ ਦੇਖਿਆ ਕਿ ਸਾਰਾ ਕੁਝ ਹੀ ਬਦਲ ਚੁੱਕਾ ਸੀ। ਉਨ੍ਹਾਂ ਦੀ ਜ਼ਮੀਨ ਵਿਚ ਕੋਠੀਆਂ ਦੀਆਂ ਲਾਈਨਾਂ ਨਜ਼ਰ ਆ ਰਹੀਆਂ ਸਨ। ਮੈਂ ਗੁਰਦਵਾਰੇ ਦੇ ਇਕ ਸੇਵਾਦਾਰ ਨੂੰ ਪੁੱਛਿਆ ਕਿ ਏਥੇ ਮਨਜੀਤ ਸਿੰਘ ਤੇ ਉਸਦੇ ਭਰਾ ਜਸਪਾਲ ਸਿੰਘ ਦਾ ਘਰ ਹੁੰਦਾ ਸੀ। ਉਨ੍ਹਾਂ ਦੀ ਅੱਲ ਦੁਆਬੀਏ ਸੀ। ਉਹ ਸੇਵਕ ਉਨ੍ਹਾਂ ਨੂੰ ਜਾਣਦਾ ਸੀ। ਉਸਨੇ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ ਕਿਤੇ ਹੋਰ ਥਾਂ ਖਰੀਦ ਲਈ ਹੈ ਪਰ ਰਹਿੰਦੇ ਏਥੇ ਹੀ ਹਨ। ਗੁਰਦਵਾਰੇ ਤੋਂ ਬਾਹਰ ਆ ਕੇ ਉਸਨੇ ਸਾਨੂੰ ਉਨ੍ਹਾਂ ਦੀਆਂ ਕੋਠੀਆਂ ਬਾਰੇ ਸਮਝਾ ਦਿੱਤਾ। ਅਸੀਂ ਕਾਰ ਉਸ ਪਾਸੇ ਮੋੜ ਲਈ। ਛੋਟੀ ਸੜਕ ਦੇ ਉੱਤੇ ਹੀ ਇਕ ਘਰ–ਹਵੇਲੀ ਦੇ ਗੇਟ ’ਤੇ ਜਸਪਾਲ ਸਿੰਘ ਸੰਧੂ ਦੀ ਨੇਮ–ਪਲੇਟ ਦੇਖ ਕੇ ਅਸੀਂ ਰੁਕ ਗਏ।। ਜਸਪਾਲ ਵਿਹੜੇ ਵਿਚ ਭਈਏ ਨੂੰ ਕੰਮ ਬਾਰੇ ਸਮਝਾ ਰਿਹਾ ਸੀ। ਉਂਜ ਤਾਂ ਮੈਥੋਂ ਪਛਾਣ ਨਹੀਂ ਸੀ ਹੋਣਾ ਪਰ ਨੇਮ–ਪਲੇਟ ਤੋਂ ਤਸੱਲੀ ਸੀ। ਉਹ ਵੀ ਮੈਂਨੂੰ ਪਛਾਣ ਨਾ ਸਕਿਆ। ਨਾਂ ਦੱਸਣ ’ਤੇ ਉਸਨੂੰ ਫੱਟ ਚੇਤਾ ਆ ਗਿਆ। ਗਰਮਜੋਸ਼ੀ ਨਾਲ਼ ਹੱਥ ਮਿਲਾਉਦਿਆਂ ਉਸਨੇ ਪਹਿਲੀ ਗੱਲ ਇਹ ਆਖੀ, “ਵੀਰ ਜੀ (ਮਨਜੀਤ) ਨੇ ਤੁਹਾਨੂੰ ਬਹੁਤ ਲੱਭਿਆ।”
“ਹੁਣ ਛੇਤੀ ਮਿਲ਼ਾ ਦੇ।” ਮੈਂ ਆਖਿਆ।
ਸੜਕ ਤੋ ਹਟਵੀਂ ਨਾਲ਼ ਵਾਲ਼ੀ ਕੋਠੀ ਮਨਜੀਤ ਦੀ ਸੀ। ਮੈਂ ਉਸਨੂੰ ਕਹਿ ਦਿੱਤਾ ਕਿ ਮਨਜੀਤ ਤੇ ਭੈਣ ਜੀ ਹਰਦੀਪ ਨੂੰ ਸਾਡਾ ਨਾਂ ਨਾ ਦੱਸੇ। ਦੇਖਣਾ ਚਾਹੁੰਦਾ ਸਾਂ ਕਿ ਕੀ ਉਹ ਸਾਨੂੰ ਪਛਾਣ ਲੈਂਦੇ ਨੇ। ਗੇਟ ਖੋਲ੍ਹ ਕੇ ਜਸਪਾਲ ਸਾਨੂੰ ਅੰਦਰ ਲੈ ਗਿਆ। ਐਨੇ ਜਣਿਆਂ ਦੀ ਬਿੜਕ ਸੁਣ ਕੇ ਹਰਦੀਪ ਭੈਣ ਜੀ ਡਰਾਇੰਗ ਰੂਮ ਦੇ ਦਰਵਾਜ਼ੇ ਵਿਚ ਆ ਖਲੋਏ। “ਭਾਬੀ ਜੀ! ਮਹਿਮਾਨ ਆਏ ਆ, ਭਲਾ ਪਛਾਣੋ ਤਾਂ।” ਜਸਪਾਲ ਨੇ ਆਖਿਆ।
ਭੈਣ ਜੀ ਕੁਝ ਪਲ ਸਾਨੂੰ ਤੱਕਦੇ ਰਹੇ… ਚੇਤਾ ਆਉਣ ’ਤੇ ਕੁਲਵੰਤ ਨੂੰ ਬਾਹਾਂ ’ਚ ਭਰਦੇ ਬੋਲੇ, “ਪਛਾਣ ਲਿਆ, ਧੰਨਭਾਗ।”
ਮਨਜੀਤ ਆਪਣੇ ਜਵਾਈ (ਰੋਜ਼ੀ ਦੇ ਪਤੀ) ਨਾਲ਼ ਇਕ ਵਿਆਹ ’ਤੇ ਮਲੇਰਕੋਟਲੇ ਗਿਆ ਹੋਇਆ ਸੀ। ਜਸਪਾਲ ਨੇ ਉਸਨੂੰ ਫੋਨ ਕਰ ਦਿੱਤਾ। ਉਹ ਉਸੇ ਵੇਲੇ ਟੁਰ ਪਏ ਤੇ ਘੰਟੇ ਕੁ ਵਿਚ ਹੀ ਪਹੁੰਚ ਗਏ। ਜੱਫੀ ਵਿਚ ਬੱਝਣ ਵੇਲੇ ਦੇ ਉਹ ਪਲ ਸਾਡੇ ਦੋਨਾਂ ਲਈ ਗਹਿਰੇ ਸਕੂਨ ਵਾਲ਼ੇ ਸਨ।
41 ਸਾਲ ਬਾਅਦ ਸਾਡੇ ਚੌਹਾਂ ਦੇ ਮੁਹਾਂਦਰਿਆਂ ਵਿਚ ਕਾਫੀ ਫਰਕ ਪੈ ਚੁੱਕਾ ਸੀ। ਪਰ ਦਿਲਾਂ ਵਿਚਲੇ ਗੂੜ੍ਹੇ ਪਿਆਰ ਵਿਚ ਕੋਈ ਫਰਕ ਨਹੀਂ ਸੀ ਪਿਆ। ਉਸ ਪਿਆਰ ਦੇ ਚਿੰਨ੍ਹ ਸਾਡੇ ਪ੍ਰਸੰਨ ਚਿਹਰਿਆਂ ’ਤੇ ਰੂਪਮਾਨ ਹੋ ਰਹੇ ਸਨ। ਐਨੇ ਸਾਲ ਪਹਿਲਾਂ ਦੇਖੀ ਕੁਝ ਮਹੀਨਿਆਂ ਦੀ ਰੋਜ਼ੀ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ। ਉਨ੍ਹਾਂ ਦੀ ਕੋਠੀ ਵੀ ਲਾਗੇ ਹੀ ਸੀ। ਰੋਜ਼ੀ ਤੇ ਉਸਦੇ ਪਤੀ ਦੇ ਆਖੇ ਇਹ ਸ਼ਬਦ, “ਡੈਡੀ–ਮੰਮੀ ਹਮੇਸ਼ਾ ਹੀ ਤੁਹਾਡੀਆਂ ਗੱਲਾਂ ਕਰਦੇ ਰਹਿੰਦੇ ਆ।” ਸੁਣ ਕੇ ਮੈਂ ਆਖਿਆ ਸੀ, “ਅਸੀਂ ਵੀ ਇਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਰਹੇ ਆਂ।”
ਪੁਰਾਣੀਆਂ ਗੱਲਾਂ ਤੇ ਯਾਦਾਂ ਬਹੁਤ ਜਮ੍ਹਾਂ ਹੋਈਆਂ ਪਈਆਂ ਸਨ। ਪਰ ਥੋੜ੍ਹੀਆਂ ਹੀ ਸਾਂਝੀਆਂ ਹੋ ਸਕੀਆਂ। ਮਨਜੀਤ ਨੇ ਜਦੋਂ ਦੱਸਿਆ ਕਿ ਸਾਡੇ ਪੁਰਾਣੇ ਮਿੱਤਰ ਮੱਛਰ ਢੀਂਡਸਾ ਤੇ ਰਾਜ ਢਿੱਲੋਂ ਦੁਨੀਆ ਤੋਂ ਰੁਖਸਤ ਹੋ ਗਏ ਸਨ, ਮੇਰਾ ਗੱਚ ਭਰ ਆਇਆ। ਉਸਨੇ ਦੱਸਿਆ ਕਿ ਅਜੀਤ ਅਤੇ ਗਿਆਨੀ ਧਰਮ ਸਿੰਘ ਅਮਰੀਕਾ ’ਚ ਹਨ। ਮੈਂ ਉਨ੍ਹਾਂ ਨੂੰ ਜੋਗਿੰਦਰ ਸਿੰਘ ਢਿੱਲੋਂ ਬਾਰੇ ਦੱਸਿਆ ਕਿ ਉਹ ਪਰਿਵਾਰ ਸਮੇਤ ਸਰੀ ’ਚ ਹੈ।
ਕੁੱਝ ਦਿਨਾਂ ਬਾਅਦ ਮਨਜੀਤ–ਹਰਦੀਪ ਸਾਡੇ ਪਿੰਡ ਆਏ। ਸਾਡੇ ਪਰਿਵਾਰ ਨੂੰ ਚਾਅ ਚੜ੍ਹ ਗਿਆ। ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਿ ਕਦੋਂ ਤ੍ਰਿਕਾਲਾਂ ਪੈ ਗਈਆਂ। ਉਨ੍ਹਾਂ ਦਾ ਵਾਪਸ ਮੁੜਨਾ ਜ਼ਰੂਰੀ ਸੀ।
ਸਾਡੀ ਨੂੰਹ ਰਾਣੀ ਕਿਰਨ ਦੇ ਭਰਾ ਸੰਨੀ ਦਾ ਸਹੁਰਾ-ਪਰਿਵਾਰ ਕੈਲਗਰੀ ਰਹਿੰਦਾ ਹੈ। ਉਸਦਾ ਵਿਆਹ 2015 ਚ ਕੈਲਗਰੀ ਵਿਖੇ ਹੀ ਹੋਇਆ ਸੀ। ਉਸੇ ਸਾਲ ਮਨਜੀਤ–ਹਰਦੀਪ ਧੀਆਂ ਨੂੰ ਮਿਲਣ ਲਈ ਅਮਰੀਕਾ-ਕਨੇਡਾ ਆਏ ਹੋਏ ਸਨ। ਪਹਿਲਾਂ ਹੀ ਬਣਾਏ ਪ੍ਰਗਰਾਮ ਅਨੁਸਾਰ ਵਿਆਹ ਦੇ ਦਿਨਾਂ ਵਿਚ ਉਹ ਕੈਲਗਰੀ ’ਚ ਸਨ। ਮੈਂ ਅਗਾਊਂ ਉਨ੍ਹਾਂ ਨੂੰ ਵਿਆਹ ਦਾ ਸੱਦਾ ਦਿੱਤਾ ਹੋਇਆ ਸੀ। ਉਨ੍ਹਾਂ ਦੀ ਸ਼ਮੂਲੀਅਤ ਬਹੁਤ ਚੰਗੀ ਲੱਗੀ। ਇਕ ਦਿਨ ਤੇ ਰਾਤ ਅਸੀਂ ਉਨ੍ਹਾਂ ਦੀ ਬੇਟੀ ਭੋਲਾਂ ਦੇ ਘਰ ਰਹੇ। ਮਨਜੀਤ ਹੁਰਾਂ ਨਾਲ਼ ਸੁਹਣਾ ਵਕਤ ਬੀਤਿਆ।
2016 ’ਚ ਸਾਡੀ ਇੰਡੀਆ ਫੇਰੀ ਦੌਰਾਨ ਫੋਨ ’ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮਾਰਚ ਵਿਚ ਉਨ੍ਹਾਂ ਦੇ ਵਿਆਹ ਦੀ 50ਵੀਂ ਵਰ੍ਹੇ–ਗੰਢ ਸੀ। ਮਨਜੀਤ ਨੇ ਸਾਨੂੰ ਸੱਦਿਆ। ਪਰ ਉਸੇ ਦਿਨ ਦਲਜੀਤ ਸਿੰਘ ਵਲੋਂ ਰਖਵਾਏ ਆਖੰਡ ਪਾਠ ਦਾ ਭੋਗ ਸੀ। ਅਸੀਂ ਬਾਅਦ ਵਿਚ ਗਏ। ਮਨਜੀਤ ਦੇ ਪੈਰ ’ਤੇ ਇਨਫੈਕਸ਼ਨ ਸੀ। ਸ਼ੂਗਰ ਦਾ ਮਰੀਜ ਹੋਣ ਕਰਕੇ ਦਵਾਈਆਂ ਪੂਰੀ ਤਰ੍ਹਾਂ ਕਾਟ ਨਹੀਂ ਸੀ ਕਰ ਰਹੀਆਂ। ਉਂਜ ਉਹ ਚੜ੍ਹਦੀ ਕਲਾ ਵਿਚ ਸੀ। ਅਸੀਂ ਐਨਿਵਰਸਰੀ ਦੀਆਂ ਵਧਾਈਆਂ ਦਿੱਤੀਆਂ। ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਰਹੇ।
ਅਪ੍ਰੈਲ ਵਿਚ ਅਸੀਂ ਵਾਪਸ ਕਨੇਡਾ ਆ ਗਏ। ਮਈ ਵਿਚ ਮੈਂ ਉਸਨੂੰ ਫੋਨ ਕੀਤਾ। ਉਸਦੀ ਬੇਟੀ ਮਨਦੀਪ ਨੇ ਚੁੱਕਿਆ ਅਤੇ ਦੱਸਿਆ ਕਿ ਡੈਡੀ ਨੂੰ ਹਾਰਟ ਅਟੈਕ ਹੋ ਗਿਆ ਸੀ। ਇਲਾਜ ਬਾਈਪਾਸ ਅਪਰੇਸ਼ਨ ਸੀ। ਪਰ ਸ਼ੂਗਰ ਕਾਰਨ, ਪੈਰ ਦੀ ਇਨਫੈਕਸ਼ਨ ਦੇਖਦਿਆਂ ਡਾਕਟਰ ਇਸ ਸਟੇਜ ’ਤੇ ਅਪ੍ਰੇਸ਼ਨ ਨੂੰ ਹੱਥ ਨਹੀਂ ਸੀ ਪਾ ਰਹੇ। ਮਨਦੀਪ ਨੇ ਮੇਰੇ ਨਾਲ ਗੱਲ ਕਰਾਈ, ਮਨਜੀਤ ਤੋਂ ਠੀਕ ਤਰ੍ਹਾਂ ਬੋਲ ਨਹੀਂ ਸੀ ਹੋ ਰਿਹਾ। ਪਰਿਵਾਰ ਨੇ ਬਹੁਤ ਦੌੜ–ਭੱਜ ਕੀਤੀ। ਮਨਜੀਤ ਨੂੰ ਕਈ ਹਸਪਤਾਲਾਂ ’ਚ ਲੈ ਕੇ ਗਏ। ਪਰ ਸਾਰੇ ਡਾਕਟਰ ਅਪਰੇਸ਼ਨ ਨਾ ਕਰਨ ਦੇ ਹੱਕ ਵਿਚ ਸਨ। ਦਵਾਈਆਂ ਚੱਲ ਰਹੀਆਂ ਸਨ। ਕੁਝ ਦਿਨਾਂ ਬਾਅਦ ਦੂਜਾ ਹਾਰਟ ਅਟੈਕ ਹੋ ਗਿਆ ਜੋ ਜਾਨਲੇਵਾ ਸਾਬਤ ਹੋਇਆ।
ਇਹ ਤਸੱਲੀ ਤਾਂ ਹੈ ਕਿ ਗੂੜ੍ਹੇ ਮਿੱਤਰ ਦੇ ਜਿਉਂਦੇ ਜੀਅ ਮੇਰਾ ਉਸ ਨਾਲ਼ ਮਿਲਾਪ ਹੋ ਗਿਆ ਪਰ ਉਸਦੇ ਛੇਤੀ ਟੁਰ ਜਾਣ ਦਾ ਬਹੁਤ ਦੁੱਖ ਹੈ। ਅਸੀਂ ਤਾਂ ਹਰ ਸਾਲ ਮਿਲਣ ਦੇ ਦਾਈਏ ਬੰਨ੍ਹੇ ਹੋਏ ਸਨ… ।
2017 ਦੀ ਇੰਡੀਆ ਫੇਰੀ ਦੌਰਾਨ ਅਸੀਂ ਅਫਸੋਸ ਕਰਨ ਰਾਏਕੋਟ ਗਏ। ਭੈਣ ਜੀ ਤੇ ਜਸਪਾਲ ਨਾਲ਼ ਦੁਖ ਸਾਂਝਾ ਕਰਦਿਆਂ, ਮਨਾਂ ’ਚ ਬੈਠੇ ਮਨਜੀਤ ਨੂੰ ਗੱਲਾਂ ਦੀਆਂ ਲੜੀਆਂ ਰਾਹੀਂ ਯਾਦ ਕਰਦੇ ਰਹੇ।
ਭੈਣ ਜੀ ਜ਼ਿਆਦਾਤਰ ਅਮਰੀਕਾ ’ਚ ਬੇਟੀ ਕੋਲ ਰਹਿੰਦੇ ਹਨ। ਉਨ੍ਹਾਂ ਨਾਲ਼ ਫੋਨ ’ਤੇ ਗੱਲ ਹੁੰਦੀ ਰਹਿੰਦੀ ਹੈ। ਸਾਡੇ ਇੰਡੀਆ ਦੇ ਗੇੜੇ ਦੌਰਾਨ ਜੇ ਉਹ ਰਾਏਕੋਟ ਹੋਣ ਤਾਂ ਮਿਲ਼ ਵੀ ਲੈਂਦੇ ਹਾਂ।
ਏਅਰਫੋਰਸ ਦੇ ਦੋ ਸਾਥੀਆਂ ਵਿੱਚੋਂ ਗਿਆਨੀ ਧਰਮ ਸਿੰਘ 2018 ’ਚ ਟਰਾਂਟੋ ਆਇਆ। ਬਹੁਤ ਸਨੇਹ ਨਾਲ਼ ਮਿਲ਼ਿਆ। ਅਜੀਤ ਸਿੰਘ ਨਾਲ਼ ਫੋਨ ’ਤੇ ਗੱਲ ਹੋ ਜਾਂਦੀ ਹੈ।
ਬੈਂਕ ਦੇ ਦੋਸਤਾਂ ਵਿਚੋਂ ਬਲਵੰਤ ਰਾਏ ਬੰਗਾ ਅਸਟਰੇਲੀਆ ਚਲਾ ਗਿਆ ਸੀ। ਕੁਝ ਸਾਲ ਪਹਿਲਾਂ ਉਹ ਤੇ ਲਾਲਾ ਓਮ ਪ੍ਰਕਾਸ਼ ਵੀ ਸੰਸਾਰ ਨੂ ਅਲਵਿਦਾ ਆਖ ਗਏ। ਬਚਪਨ ਦਾ ਦੋਸਤ ਰਾਜਿੰਦਰ ਸਿੰਘ ਲੈਫਟੀਨੈਂਟ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਜਲੰਧਰ ’ਚ ਵਸਦਾ ਹੈ। ਉਹ ਕਨੇਡਾ ਵੀ ਗੇੜਾ ਮਾਰ ਜਾਂਦਾ ਹੈ।
ਸਮਕਾਲ
ਕਰੋਨਾ ਮਹਾਂਮਾਰੀ
ਦਸੰਬਰ 2019 ਵਿਚ ਚੀਨ ਦੇ ਸ਼ਹਿਰ ਵੂਹਾਨ ਤੋਂ ਸ਼ੁਰੂ ਹੋਇਆ ਇਹ ਘਾਤਕ ਵਾਇਰਸ ਦਿਨਾਂ ਵਿਚ ਹੀ ਸਾਰੇ ਵਿਸ਼ਵ ਵਿਚ ਫੈਲ ਗਿਆ। ਇਹ ਮਹਾਂਮਾਰੀ ਸਾਡੇ ਸਮਿਆਂ ਦੀ ਸਭ ਤੋਂ ਵੱਧ ਜਾਨਲੇਵਾ ਸਾਬਤ ਹੋਈ ਹੈ। ਹੁਣ ਤੱਕ ਵਿਸ਼ਵ ਵਿਚ ਮੌਤਾਂ ਹੋ ਚੁੱਕੀਆ ਹਨ। ਕਨੇਡਾ ਵਿਚ ਮੌਤਾਂ ਦੀ ਗਿਣਤੀ ਹੈ। ਜਾਨੀ ਨੁਕਸਾਨ ਤੋਂ ਇਲਾਵਾ ਇਸਨੇ ਵਿਸ਼ਵ ਦੇ ਅਰਥਚਾਰੇ ਨੂੰ ਵੀ ਵੱਡੀ ਢਾਹ ਲਾਈ ਹੈ। ਲੋਕਾਂ ਦਾ ਸਮਾਜਕ ਜੀਵਨ ਵੀ ਨਿਯਮਾਂ-ਪਰਹੇਜ਼ਾਂ ਵਿਚ ਘਿਰ ਗਿਆ ਹੈ।
ਸਾਡੇ ਲਾਣੇ ਦੇ ਸੱਤ ਪਰਵਿਾਰਾਂ ਵਿਚ ਮੇਲ-ਮਿਲਾਪ ਠੱਪ ਹੈ। ਦੋ ਸਾਲਾਂ ਤੋਂ ਅਸੀਂ ਇੰਡੀਆ ਵੀ ਨਹੀਂ ਜਾ ਸਕੇ ਜਦੋਂ ਕਿ ਸਾਡਾ ਜਾਣਾ ਬਹੁਤ ਜ਼ਰੂਰੀ ਸੀ— ਇੰਡੀਆ ’ਚ ਜੀਜਾ ਜੀ ਜੋਗਿੰਦਰ ਸਿੰਘ, ਭਾਬੀ ਸੁਖਦੇਵ ਕੌਰ (ਸੁਪਤਨੀ ਦਲਜੀਤ ਸਿੰਘ) ਤੇ ਕੁਲਵੰਤ ਦਾ ਭਰਾ ਰਘਬੀਰ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਇਨ੍ਹਾਂ ਮੌਤਾਂ ਦਾ ਕਾਰਨ ਕਰੋਨਾ ਨਹੀਂ ਸੀ। ਪਰ ਕਰੋਨਾਂ ਦੀਆਂ ਪਾਬੰਦੀਆਂ ਕਾਰਨ, ਦੁੱਖ ਦੀਆਂ ਘੜੀਆਂ ਵਿਚ ਭੈਣ-ਭਰਾਵਾਂ ਸੰਗ ਬਹਿਣਾ ਸੰਭਵ ਨਾ ਹੋ ਸਕਿਆ। ਲਾਕ ਡਾਊਨ ਕਾਰਨ ਕਨੇਡਾ ਵਸਦੇ ਨੇੜਲੇ ਰਿਸ਼ਤੇਦਾਰਾਂ ਤੇ ਦੋਸਤਾਂ ਵਲੋਂ ਵੀ ਅਫਸੋਸ ਦਾ ਇਜ਼ਹਾਰ ਫੋਨਾਂ ਰਾਹੀਂ ਹੀ ਹੋ ਸਕਿਆ।
ਕਿਸਾਨ ਅੰਦੋਲਨ
ਲਾਕਡਾਊਨਾਂ ਦੌਰਾਨ ਕਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਦੇ ਖਾਤਿਆਂ ਵਿਚ ਡਾਲਰ ਪਾਊਂਦਾ ਰਿਹਾ ਜਿਸ ਨਾਲ਼ ਘੱਟ ਤਨਖਾਹਾਂ ਵਾਲ਼ਿਆਂ ਦਾ ਵੀ ਖਾਣ-ਪੀਣ ਚਲਦਾ ਰਿਹਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਲਈ ਅੰਨ-ਪਾਣੀ ਦਾ ਪ੍ਰਬੰਧ ਤਾਂ ਕੀ ਕਰਨਾ ਸੀ ਸਗੋਂ ਦੇਸ਼ ਦੇ ਅੰਨਦਾਤੇ ਨੂੰ ਕਾਰਪੋਰੇਟਾਂ ਦੀ ਝੋਲ਼ੀ ਵਿਚ ਪਾਉਣ ਦੀ ਕਾਰਵਾਈ ਵਿੱਢ ਲਈ। ਕਿਸਾਨਾਂ ਦੇ ਹੱਕ ਖੋਹਣ ਲਈ ਉਸਨੇ ਪਹਿਲਾਂ ਤਿੰਨ ਆਰਡੀਨੈਂਸ ਇਸ਼ੂ ਕਰਵਾਏ ਤੇ ਫਿਰ ਪਾਰਲੀਮੈਂਟਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਪਾਰਲੀਮੈਂਟ ਵਿਚ ਕਾਨੂੰਨਾਂ ਦਾ ਰੂਪ ਦੇ ਦਿੱਤਾ। ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਵਿਰਾਸਤ ਨੇ ਹਲੂਣਿਆਂ… ਉਨ੍ਹਾਂ ਇਸ ਅਨਿਆਂ ਵਿਰੱਧ ਦਿੱਲੀ ਬਾਰਡਰਾਂ ’ਤੇ ਇਤਿਹਾਸਕ ਅੰਦੋਲਨ ਦਾ ਮੁਢ ਬੰਨ੍ਹ ਦਿੱਤਾ। ਹਰਿਆਣਾ, ਯੂ ਪੀ, ਉਤਰਾਖੰਡ, ਰਾਜਸਥਾਨ, ਮਹਾਂਰਾਸ਼ਟਰ ਤੇ ਹੋਰ ਕਈ ਸੂਬਿਆਂ ਦੇ ਕਿਸਾਨ ਵੀ ਆ ਜੁੜੇ। ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਗਈਆਂ। ਸਿਦਕ ਸਿਰੜ, ਹੌਸਲੇ, ਸਿਆਣਪ, ਈਮਾਨਦਾਰੀ ਤੇ ਇਕਜੁੱਟਤਾ ਨਾਲ਼ ਚੱਲ ਰਿਹਾ ਸ਼ਾਂਤਮਈ ਕਿਸਾਨ ਅੰਦੋਲਨ ਲੋਕ–ਅੰਦੋਲਨ ਬਣ ਗਿਆ। ਅੰਦੋਲਨ ਵਿਚ ਔਰਤਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਅਨੇਕ ਤਰ੍ਹਾਂ ਦੀਆਂ ਮੁਸ਼ਕਲਾਂ-ਔਕੜਾਂ ਝੱਲਦੇ ਕਿਸਾਨ ਹੱਕ-ਸੱਚ ਦੀ ਲੜਾਈ ਲਈ ਹੋਰ ਦ੍ਰਿੜ ਹੁੰਦੇ ਗਏ। ਲੰਮੇ ਸੰਘਰਸ਼ ’ਚ ਜੁਟੇ ਕਿਸਾਨਾਂ ਦੀ ਸੂਰਮਗਤੀ ਮੂਹਰੇ ਆਖਰ ਮੋਦੀ ਨੂੰ ਝੁਕਣਾ ਪਿਆ। ਸੰਘਰਸ਼ ਦੇ ਪੂਰੇ ਇਕ ਸਾਲ ਬਾਅਦ ਤਿੰਨੇ ਖੇਤੀ ਕਾਨੂੰਨ ਪਾਰਲੀਮੈਂਟ ਵਿਚ ਰੱਦ ਕਰ ਦਿੱਤੇ ਗਏ। ਇਸ ਇਤਿਹਾਸਕ ਸੰਘਰਸ਼ ਨੇ ਇਹ ਧਾਰਨਾ ਵੀ ਗਲਤ ਸਾਬਤ ਕਰ ਦਿੱਤੀ ਹੈ ਕਿ ਅੰਦੋਲਨ ਕਿਸੇ ਰਾਜਨੀਤਕ ਪਾਰਟੀ ਦੀ ਅਗਵਾਈ ਨਾਲ਼ ਹੀ ਸਫਲ ਹੋ ਸਕਦੇ ਹਨ। ਕਿਸਾਨ ਅੰਦੋਲਨ ਭਵਿੱਖ ਦੇ ਨਵੇਂ ਅੰਦੋਲਨਾਂ ਲਈ ਰੋਲ ਮਾਡਲ ਬਣ ਗਿਆ ਹੈ।
ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਮੈਂ ਆਪਣੀਆਂ ਦੋ ਕਹਾਣੀਆਂ ‘ਕਾਣਸੂਤੇ ਵਗਦੇ ਬਲ਼ਦ’ ਅਤੇ ‘ਬੋਹਲ਼ ਦੇ ਰਾਖੇ’ ਦਾ ਜ਼ਿਕਰ ਕਰਨਾ ਚਾਹੁੰਨਾ। ਇਨ੍ਹਾਂ ਕਹਾਣੀਆਂ ਦੀ ਮੁੱਖ ਚੂਲ਼ ਕਿਸਾਨੀ ਦਾ ਆਰਥਕ ਸੰਕਟ ਹੈ। ਇਸ ਸੰਕਟ ਦਾ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਾਜਬ ਮੁੱਲ ਨਹੀਂ ਮਿਲ਼ ਰਿਹਾ। 1983 ਵਿਚ ਛਪੇ ਦੂਜੇ ਕਥਾ ਸੰਗ੍ਰਹਿ ਦੀ ਕਹਾਣੀ ‘ਕਾਣਸੂਤੇ ਵਗਦੇ ਬਲ਼ਦ’ ਵਿਚ ਕਿਸਾਨ ਆਪਣੇ ਹੱਕ ਹਾਸਲ ਕਰਨ ਲਈ ਜਥੇਬੰਦ ਤਾਂ ਹੋ ਰਹੇ ਹਨ ਪਰ ਇਕਜੁੱਟਤਾ ਦੀ ਘਾਟ ਕਾਰਨ ਸਫਲ ਨਹੀਂ ਹੁੰਦੇ।
1987 ਵਿਚ ਛਪੇ ਤੀਜੇ ਕਥਾ ਸੰਗ੍ਰਹਿ ‘ਸਮੇਂ ਦੇ ਹਾਣੀ’ ’ਚ ਦਰਜ ਕਹਾਣੀ ‘ਬੋਹਲ਼ ਦੇ ਰਾਖੇ’ ਵਿਚ ਇਕਜੁੱਟਤਾ ਨਾਲ਼ ਸੰਘਰਸ਼ ਦੇ ਰਾਹ ਪਈ ਕਿਸਾਨ ਜਥੇਬੰਦੀ ਦਾ ਅਹਿਮ ਦ੍ਰਿਸ਼ ਚਿੱਤਰਿਆ ਹੈ।
ਕਹਾਣੀ ਦਾ ਸਾਰ–ਅੰਸ਼: ਗੜ੍ਹਿਆਂ ਦੀ ਮਾਰ ਨਾਲ਼ ਕਣਕ ਦੀ ਫਸਲ ਤਬਾਹ ਹੋ ਚੁੱਕੀ ਹੈ। ਸਰਕਾਰ ਵੱਲੋਂ ਐਲਾਨਿਆਂ ਨਿਗੂਣਾ ਮੁਆਵਜਾ ਕਿਸਾਨਾਂ ਦੇ ਰੋਹ ਦਾ ਕਾਰਨ ਬਣਦਾ ਹੈ। ਪ੍ਰਧਾਨ ਮੰਤਰੀ ਉਸ ਇਲਾਕੇ ’ਚ ਬਣੀ ਖਾਦ-ਫੈਕਟਰੀ ਦਾ ਉਦਘਾਟਨ ਕਰਨ ਆ ਰਿਹੈ। ਕਿਸਾਨਾਂ ਦੀ ਸਿੱਧੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਲਈ ਕਿਸਾਨ ਜਥੇਬੰਦੀ ਮੁਜ਼ਾਹਰਾ ਆਯੋਜਿਤ ਕਰਦੀ ਹੈ। ਕਹਾਣੀ ਦਾ ਮੁੱਖ ਪਾਤਰ ਸ਼ਮੀਰ ਅਨੇਕ ਕਿਸਾਨਾਂ ਵਾਂਗ, ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਭੰਨਿਆਂ ਹੋਇਆ ਏ। ਔਖੇ–ਸੌਖੇ ਘਰ ਦਾ ਗੁਜ਼ਾਰਾ ਚਲਾਉਣ ਲਈ ਉਸਨੇ ਕਣਕ ਦੀ ਫਸਲ ’ਤੇ ਆਸ ਲਾਈ ਹੋਈ ਸੀ। ਪਰ ਹੁਣ ਫਸਲ ਤਬਾਹ ਹੋਣ ਕਾਰਨ, ਪੁੱਤਰ ਦੀ ਪੜ੍ਹਾਈ ਤੇ ਹੋਰ ਖਰਚਿਆਂ ਦੀ ਚਿੰਤਾ ’ਚ ਛਟਪਟਾਉਂਦਾ ਉਹ ਜ਼ਮੀਨ ਵੇਚਣ ਦਾ ਫੈਸਲਾ ਕਰਦਾ ਹੈ।
ਉਸਨੂੰ ਅਜਿਹਾ ਕਰਨ ਤੋਂ ਰੋਕਦਾ ਕਿਸਾਨ ਜਥੇਬੰਦੀ ਦਾ ਆਗੂ ਰੇਸ਼ਮ ਸਿੰਘ ਆਖਦਾ ਹੈ, “ਨਾ ਨਾ ਸ਼ਮੀਰ ਸਿਆਂ! ਇਹ ਸਾਡੇ ਇਮਤਿਹਾਨ ਦੀਆਂ ਘੜੀਆਂ ਨੇ। ਪਹਿਲਾਂ ਆਪਾਂ ਬੋਹਲ਼ ਕਮਾਉਂਦੇ ਤਾਂ ਰਹੇ ਆਂ ਪਰ ਇਸਦੀ ਰਾਖੀ ਨਹੀਂ ਕੀਤੀ। ਹੁਣ ਕਰਾਂਗੇ… ਬੜਾ ਲੰਮਾ ਘੋਲ਼ ਐ। ਕਿਸਾਨ ਜਥੇਬੰਦੀ ਹਰ ਤਰ੍ਹਾਂ ਨਾਲ਼ ਲੈਸ ਹੋ ਰਹੀ ਏ।”
ਰੇਸ਼ਮ ਸਿੰਘ ਰਾਹੀਂ ਪ੍ਰੇਰਿਤ ਹੋਇਆ ਸ਼ਮੀਰ ਸਿੰਘ… ਟਰੈਕਟਰਾਂ–ਟਰਾਲੀਆਂ ਅਤੇ ਸਾਈਕਲਾਂ ’ਤੇ ਫੈਕਟਰੀ ਵੱਲ ਨੰ ਜਾ ਰਹੇ ਕਿਸਾਨਾਂ ਦੇ ਜਲੂਸ ਵਿਚ ਸ਼ਾਮਲ ਹੋ ਜਾਂਦਾ ਹੈ।
ਕਹਾਣੀ ਦੀਆਂ ਆਖਰੀ ਸਤਰਾਂ: ਜਲੂਸ ਵਿਚ ਸਾਈਕਲ ਚਲਾਈ ਜਾਂਦੇ ਸ਼ਮੀਰ ਨੇ ਆਪਣੇ ਅੱਗੇ–ਪਿੱਛੇ ਵੇਖਿਆ, ਮੀਲਾਂ ਤੀਕਰ ਫੈਲਿਆ ਕਿਸਾਨਾਂ ਦਾ ਹਜੂਮ ਇਕ ਦਰਿਆ ਵਾਂਗ ਅੱਗੇ ਵਧ ਰਿਹਾ ਸੀ। ਆਪਣੇ ਅੰਦਰ ਸਰੂਰ ਜਿਹਾ ਅਨੁਭਵ ਕਰਦਿਆਂ ਉਸਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਇਸ ਦਰਿਆ ਦੀ ਇਕ ਲਹਿਰ ਬਣ ਗਿਆ ਹੋਵੇ।
ਮੇਰੇ ਲਈ ਇਹ ਸੁਖਦ ਅਹਿਸਾਸ ਵਾਲ਼ੀ ਗੱਲ ਹੈ ਕਿ ਕਹਾਣੀ ਵਿਚ ਕਲਪਨਾ ਰਾਹੀਂ ਸਿਰਜਿਆ ਕਿਸਾਨਾਂ ਦਾ ਸੰਘਰਸ਼ ਵਿਸ਼ਾਲ ਰੂਪ ’ਚ ਹਕੀਕਤ ਬਣ ਗਿਆ ਹੈ।
ਕਹਾਣੀ ਕਲਾ ’ਤੇ ਪ੍ਰਕਾਸ਼ਤ ਪੁਸਤਕਾਂ
‘ਕਥਾ ਪੰਧ’ (ਜਰਨੈਲ ਸਿੰਘ ਦੀਆਂ ਪ੍ਰਤੀਨਿਧ ਕਹਾਣੀਆਂ): ਸੰਪਾਦਕ ਡਾ. ਬਲਦੇਵ ਸਿੰਘ ਧਾਲੀਵਾਲ, ਮਨਪ੍ਰੀਤ ਪ੍ਰਕਾਸ਼ਨ ਦਿੱਲੀ।
‘ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ’: ਸੰਪਾਦਕ ਡਾ. ਗੁਰਮੀਤ ਕੱਲਰਮਾਜਰੀ, ਪਰਸੇਮ ਸਿੰਘ ਫੋਰਮੈਨ ਯਾਦਗਾਰੀ ਪ੍ਰਕਾਸ਼ਨ ਭਾਦਸੋਂ (ਪਟਿਆਲਾ)— 2001
‘ਟਾਵਰਜ਼— ਵਸਤੂ, ਵਿਧੀ ਅਤੇ ਦ੍ਰਿਸ਼ਟੀ’: ਸੰਪਾਦਕ ਡਾ. ਕਰਮਜੀਤ ਸਿੰਘ, ਡਾ. ਹਰਸਿਮਰਨ ਸਿੰਘ ਰੰਧਾਵਾ, ਐਮ ਪੀ ਪ੍ਰਕਾਸ਼ਨ ਦਿੱਲੀ— 2006
‘ਜਰਨੈਲ ਸਿੰਘ ਦਾ ਕਥਾ ਜਗਤ’: ਪ੍ਰੋ. ਹਰਪ੍ਰੀਤ ਕੌਰ, ਵਾਰਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ—2006
‘ਜਰਨੈਲ ਸਿੰਘ ਦੀਆਂ ਕਹਾਣੀਆਂ ਦੇ ਸਿਰਜਣਾਤਮਕ ਪਾਸਾਰ’: ਡਾ.ਇਕਬਾਲ ਸਿੰਘ ਸੰਧੂ, ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ— 20013
‘ਕਹਾਣੀ ਸਿਧਾਂਤ ਅਤੇ ਜਰਨੈਲ ਸਿੰਘ ਦੀ ਕਥਾ ਸੰਵੇਦਨਾ’ ਡਾ. ਬਲਵਿੰਦਰ ਸਿੰਘ ਥਿੰਦ— 2017
‘ਕਾਲ਼ੇ ਵਰਕੇ— ਵਸਤੂ, ਵਿਧੀ ਤੇ ਸੰਰਚਨਾ’: ਸੰਪਾਦਕ ਡਾ. ਕਰਮਜੀਤ ਸਿੰਘ, 5 ਆਬ ਪ੍ਰਕਾਸ਼ਨ ਜਲੰਧਰ— 2018
ਖੋਜ ਕਾਰਜ
ਪੀ ਐਚ ਡੀ
ਡਾ. ਬਲਵਿੰਦਰ ਸਿੰਘ ਥਿੰਦ: ਕਹਾਣੀਕਾਰ ਜਰਨੈਲ ਸਿੰਘ ਅਤੇ ਬਲਬੀਰ ਸਿੰਘ ਮੋਮੀ ਦਾ ਤੁਲਨਾਤਮਿਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ— 2011
ਡਾ. ਦੀਪਾ ਕੁਮਾਰ: ਪਰਵਾਸੀ ਪੰਜਾਬੀ ਕਹਾਣੀ ਮਨੋਵਿਸ਼ਲੇਸ਼ਣਾਤਮਕ ਅਮਨਪਾਲ ਸਾਰਾ ਦੀਆਂ ਕਹਾਣੀਆਂ ਦੇ ਵਿਸ਼ੇਸ਼ ਸੰਦਰਭ ਵਿਚ), ਦਿੱਲੀ ਯੂਨੀਵਰਸਿਟੀ— 2014
ਐਮ ਫਿਲ
ਤੀਰਥ ਸਿੰਘ ਚੰਦੀ: ਜਰਨੈਲ ਸਿੰਘ ਦੇ ਕਹਾਣੀ ਸੰਗ੍ਰਹਿ ‘ਦੋ ਟਾਪੂ’ ਦਾ ਆਲੋਚਨਾਤਮਿਕ ਅਧਿਐਨ, ਦਿੱਲੀ ਯੂਨੀਵਰਸਿਟੀ— 2001
ਪਰਵਿੰਦਰ ਕੌਰ ਰੰਧਾਵਾ: ਜਰਨੈਲ ਸਿੰਘ ਦਾ ਕਥਾ-ਜਗਤ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ— 2000
ਤੀਰਥ ਸਿੰਘ ਚੰਦੀ:
ਕੁਸ਼ਲ ਲਤਾ ਸ਼ਰਮਾ: ਜਰਨੈਲ ਸਿੰਘ ਦਾ ਕਥਾ ਜਗਤ — ਇਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ— 2000
ਦਲਬੀਰ ਕੌਰ: ਜਰਨੈਲ ਸਿੰਘ ਦੀਆਂ ਕਹਾਣੀਆਂ ਵਿਚ ਪਰਵਾਸੀ ਮਸਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ— 2004
ਤਜਿੰਦਰ ਕੌਰ: ਜਰਨੈਲ ਸਿੰਘ ਦੀ ਕਥਾ ਦ੍ਰਿਸ਼ਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ—2004
ਅਵਤਾਰ ਸਿੰਘ: ਜਰਨੈਲ ਸਿੰਘ ਦਾ ਕਹਾਣੀ ਸੰਗ੍ਰਹਿ ਟਾਵਰਜ਼— ਵਿਚਾਰਧਾਰਕ ਪਰਿਪੇਖ, ਪੰਜਾਬੀ ਯੂਨੀਵਰਸਿਟੀ ਪਟਿਆਲਾ— 2006
ਕੁਲਵਿੰਦਰ ਕੌਰ: ਜਰਨੈਲ ਸਿੰਘ ਦੀ ਕਹਾਣੀ ਰਚਨਾ ਦੀ ਰੂਪਾਕਰਨ ਹੋਂਦ-ਵਿਧੀ ਦਾ ਮੁਲਾਂਕਣ, ਪੰਜਾਬੀ ਯੂਨੀਵਰਸਿਟੀ ਪਟਿਆਲਾ— 2006
ਰਵਿੰਦਰ ਕੌਰ: ਜਰਨੈਲ ਸਿੰਘ ਦੀ ਕਹਾਣੀ ਵਿਚ ਪਰਵਾਸੀ ਜੀਵਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ— 2007
ਅਮਨਦੀਪ ਕੌਰ: ਜਰਨੈਲ ਸਿੰਘ ਦੀ ਗਲਪ-ਚੇਤਨਾ, ਪੰਜਾਬ ਯੂਨੀਵਰਸਿਟੀ ਚੰਡੀਗੜ— 2008
ਚਰਨਜੀਤ ਕੌਰ:‘ਜਰਨੈਲ ਸਿੰਘ ਦੀਆਂ ਕਹਾਣੀਆਂ ਦਾ ਥੀਮ ਵਿਗਿਆਨਕ ਵਿਸ਼ਲੇਸ਼ਣ, ਦਿੱਲੀ ਯੂਨੀਵਰਸਿਟੀ— 2011
ਨਵਪਰੀਤ ਕੌਰ: ਜਰਨੈਲ ਸਿੰਘ ਰਚਿਤ ‘ਕਾਲ਼ੇ ਵਰਕੇ’ ਕਥਾ ਸੰਗ੍ਰਹਿ ਦਾ ਅਧਿਐਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ— 2016
ਦੁਜੀਆਂ ਭਾਸ਼ਾਵਾਂ ਵਿਚ ਅਨੁਵਾਦਿਤ ਕਹਾਣੀ ਸੰਗ੍ਰਿਹ ਤੇ ਕਹਾਣੀਆਂ
‘ਦੋ ਟਾਪੂ’ ਕਥਾ ਸੰਗ੍ਰਹਿ ਦਾ ਹਿੰਦੀ ਅਨੁਵਾਦ: ਅਨੁਵਾਦਕ ਸੋਮਾ ਸਬਲੋਕ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ— 2004
‘ਦੋ ਟਾਪੂ’ ਕਥਾ ਸੰਗ੍ਰਹਿ ਦਾ ਸ਼ਾਹਮੁਖੀ ਲਿਪੀਅੰਤਰਣ: ਸਮਰੱਥ ਪਾਕਿਸਤਾਨੀ ਕਹਾਣੀਕਾਰ ਇਲਿਆਸ ਘੁੰਮਣ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵਿਭਾਗ, 24 ਅਮੀਰ ਰੋਡ ਬਿਲਾਲ ਗੰਜ, ਲਾਹੌਰ— 2001
‘ਦੋ ਟਾਪੂ’ ਕਥਾ ਸੰਗ੍ਰਹਿ ਦਾ ਹਿੰਦੀ ਅਨੁਵਾਦ: ਅਨੁਵਾਦਕ ਸੋਮਾ ਸਬਲੋਕ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ— 200
'ਪ੍ਰਤੀਨਿਧ ਕਹਾਣੀਆਂ ਦਾ ਅੰਗ੍ਰੇਜ਼ੀ ਅਨੁਵਾਦ ‘Towers’ Stories Beyond Borders: Edited by Dr. Gurpal Sandhu, Dr. jasminder Dhillon, Unistar Books Pvt. Ltd.— 2013
ਭਾਰਤੀ ਸਾਹਿਤਯ ਅਕਾਦਮੀ ਦਿੱਲੀ ਨੇ ‘ਟਾਵਰਜ਼’ ਕਹਾਣੀ ਦਾ ਅੰਗ੍ਰੇਜ਼ੀ ਅਨੁਵਾਦ ਅਤੇ ‘ਹੜ੍ਹ’ ਕਹਾਣੀ ਦਾ ਹਿੰਦੀ ਅਨੁਵਾਦ ਕਰਵਾ ਕੇ ਇਨ੍ਹਾਂ ਕਹਾਣੀਆਂ ਨੂੰ ਆਪਣੇ ਪਰਚਿਆਂ ‘ਇੰਡੀਅਨ ਲਿਟਰੇਚਰ’ ਅਤੇ ‘ਭਾਰਤੀਯ ਸਾਹਿਤ’ ਵਿਚ ਛਾਪਿਆ।
‘ਮੇਰੀਆਂ ਚੋਣਵੀਆਂ ਕਹਾਣੀਆਂ’ ਦਾ ਸ਼ਾਹਮੁਖੀ ਲਿਪੀਅੰਤਰਣ’: ਮੁਹੰਮਦ ਆਸਿਫ ਰਜ਼ਾ— 2020

