ਇੱਕ ਖਾਮੋਸ਼ ਚੁੱਪ ਹਮੇਸ਼ਾ ਉਸਦੇ ਅੰਗ-ਸੰਗ ਰਹਿੰਦੀ। ਪਰ ਇਸ ਚੁੱਪ ਦਾ ਰਾਜ਼ ਉਸਨੇ ਕਦੇ ਵੀ ਆਪਣੇ ਸਾਥੀਆਂ ਨਾਲ ਸਾਂਝਾ ਨਹੀਂ ਸੀ ਕੀਤਾ। ਹਾਂ, ਬੈਂਕ ਦੇ ਮੈਨੇਜਰ ਹੁੰਦਿਆਂ ਉਹ ਲੋਕਾਂ ਦੇ ਕੰਮ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ, ਨੌਜਵਾਨਾਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ। ਬਿਰਧ ਆਸ਼ਰਮ ਵਿੱਚ ਜਾਕੇ ਬਜ਼ੁਰਗਾਂ ਦੀ ਸੇਵਾ ਕਰਨਾ, ਆਸ਼ਰਮ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਕਰਨਾ, ਵਾਤਾਵਰਣ ਨੂੰ ਸੁਖਾਵਾਂ ਅਤੇ ਹਰਿਆ-ਭਰਿਆ ਬਣਾਉਣ ਲਈ ਬੂਟੇ ਲਵਾਉਣੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ, ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੇ ਪਸਰੇ ਹੱਥਾਂ ਲਈ ਉਹ ਆਪਣਾ ਪਰਸ ਖਾਲੀ ਕਰਨ ਲੱਗਿਆ ਦੇਰ ਨਹੀਂ ਸੀ ਲਾਉਂਦਾ। ਤਿੰਨ-ਚਾਰ ਰੁਝੇਵਿਆਂ ਵਿੱਚੋਂ ਉਹਨੂੰ ਕਦੇ ਵਿਹਲ ਨਹੀਂ ਸੀ ਮਿਲਿਆ। ਆਪਣੀ ਡਿਉਟੀ ਤਨਦੇਹੀ, ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਕਰਨਾ, ਆਸ਼ਰਤ ਅਤੇ ਲੋੜਵੰਦਾਂ ਦੀ ਖੁੱਲ੍ਹਕੇ ਮਦਦ ਕਰਨਾ, ਉਸਾਰੂ ਸਾਹਿਤ ਪੜ੍ਹਨ ਦੇ ਨਾਲ ਨਾਲ ਅਗਾਂਹਵਧੂ ਅਤੇ ਸੇਧਮਈ ਸਾਹਿਤ ਲਿਖਣਾ ਉਸਦਾ ਨਿੱਤ ਨੇਮ ਸੀ। ਬੈਂਕ ਵਿੱਚ ਉਹਦਾ ਟੇਬਲ ਜਿੱਥੇ ਲੈਣ-ਦੇਣ ਵਾਲੀਆਂ ਫਾਈਲਾਂ ਨਾਲ ਭਰਿਆ ਰਹਿੰਦਾ, ਉੱਥੇ ਹੀ ਇੱਕ ਦੋ ਸਾਹਿਤਕ ਪੁਸਤਕਾਂ ਵੀ ਪਈਆਂ ਹੁੰਦੀਆਂ। ਵਿਹਲੇ ਪਲਾਂ ਵਿੱਚ ਉਹ ਪੁਸਤਕਾਂ ਦੇ ਪੰਨੇ ਵੀ ਫਰੋਲਦਾ ਰਹਿੰਦਾ।
ਬੈਂਕ ਅਤੇ ਸ਼ਹਿਰ ਵਿੱਚ ਉਹ ਇੱਕ ਦਰਵੇਸ਼ ਦਾਨਿਸ਼ਮੰਦ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ। ਸਾਹਿਤ ਦੇ ਖੇਤਰ ਵਿੱਚ ਉਸਦੀਆਂ ਪੰਜ ਪੁਸਤਕਾਂ ਨੂੰ ਵੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦਫਤਰ ਦਾ ਇੱਕ ਵੱਡਾ ਟੇਬਲ ਅਤੇ ਘਰ ਦੇ ਸ਼ੋਅ ਰੂਮ ਵਿੱਚ ਉਸ ਨੂੰ ਮਿਲੇ ਮਾਨ ਸਨਮਾਨ ਉਸਦੇ ਨੇਕ ਕੰਮਾਂ ਦੀ ਗਵਾਹੀ ਭਰਦੇ ਸਨ। ਕਰੋਨਾ ਕਾਲ ਵਿੱਚ ਲਾਸ਼ਾਂ ਦਾ ਸੰਸਕਾਰ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਾਸ਼ਨ ਪਹੁੰਚਾਉਣ ਵਿੱਚ ਵੀ ਉਹ ਆਪਣੇ ਸਾਥੀਆਂ ਦੀ ਅਗਵਾਈ ਕਰਦਾ ਸੀ। ਜ਼ਿੰਦਗੀ ਦੇ 40-42 ਸਾਲ ਗੁਜ਼ਾਰਨ ਉਪਰੰਤ ਵੀ ਉਸਨੇ ਵਿਆਹ ਨਹੀਂ ਸੀ ਕਰਵਾਇਆ। ਉਸਦੇ ਮਾਤਾ-ਪਿਤਾ ਆਪਣੀ ਨੂੰਹ ਦਾ ਮੂੰਹ ਦੇਖਣ ਅਤੇ ਪੋਤੇ ਪੋਤੀਆਂ ਦੀਆਂ ਕਿਲਕਾਰੀਆਂ ਸੁਣਨ ਨੂੰ ਤਰਸਦੇ ਹੋਏ ਚੱਲ ਵਸੇ ਸਨ। ਬੱਸ ਹੁਣ ਸ਼ਹਿਰ ਦਾ ਚਾਰ ਕਮਰਿਆਂ ਵਾਲਾ ਮਕਾਨ, ਪੁਸਤਕਾਂ, ਸਾਹਿਤਕ ਕਿਰਤਾਂ ਜਾਂ ਫਿਰ ਲੋਕਾਂ ਦੀਆਂ ਅਸੀਸਾਂ ਹੀ ਉਹਦਾ ਸਰਮਾਇਆ ਸਨ। ਕਦੇ ਕੋਈ ਦੋਸਤ ਜਦੋਂ ਉਹਦੇ ਵਿਆਹ ਦੀ ਗੱਲ ਛੇੜਦਾ ਤਾਂ ਉਹ ਸੋਗੀ ਜਿਹਾ ਹਾਸਾ ਹੱਸ ਕੇ ਗੱਲ ਟਾਲ ਦਿੰਦਾ। ਇਕਲੌਤੀ ਵੱਡੀ ਭੈਣ ਦੀ ਮੋਹ-ਭਰੀ ਜ਼ਿਦ ਅੱਗੇ ਵੀ ਉਹਨੇ ਹਾਮੀ ਨਹੀਂ ਭਰੀ। ਆਖ਼ਰ ਨੂੰ ਭੈਣ-ਭਣੋਈਏ ਨੇ ਵੀ ਕਹਿਣਾ ਛੱਡ ਦਿੱਤਾ। ਉਂਜ ਕਈ ਕਈ ਦਿਨ ਉਹਦੀ ਭੈਣ ਉਹਦੇ ਕੋਲ ਰਹਿ ਜਾਂਦੀ ਸੀ।
ਭਾਰਤ ਸਰਕਾਰ ਵੱਲੋਂ ਉਸ ਕਰਮਯੋਗੀ ਨੂੰ ਉਸਦੀਆਂ ਸ਼ਾਨਦਾਰ ਸੇਵਾਵਾਂ ਕਾਰਨ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆ। ਬੈਂਕ ਦੇ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਮਿਲਣ ਗਿਲਣ ਵਾਲੇ ਉਸਦੀ ਇਸ ਪ੍ਰਾਪਤੀ ’ਤੇ ਜਸ਼ਨ ਮਨਾ ਰਹੇ ਸਨ। ਵਧਾਈਆਂ ਦੀਆਂ ਚਿੱਠੀਆਂ ਅਤੇ ਟੈਲੀਫੋਨ ਕਾਲਾਂ ਦਾ ਵੀ ਤਾਂਤਾ ਲੱਗ ਗਿਆ ਸੀ। ਫਿਰ ਇੱਕ ਦਿਨ ਉਸ ਨੂੰ ਡਾਕ ਰਾਹੀਂ ਇੱਕ ਸਰਕਾਰੀ ਲਿਫਾਫਾ ਮਿਲਿਆ। ਲਿਫਾਫੇ ’ਤੇ ਲੱਗੀ ਮੋਹਰ ਨੂੰ ਵੇਖਕੇ ਉਹ ਤ੍ਰਭਕ ਪਿਆ। ਮਨ ਛਲਕ ਵੀ ਪਿਆ। ਲਿਫਾਫੇ ’ਤੇ ਲੱਗੀ ਮੋਹਰ ਉਸਦੇ ਕਾਲਜ ਦੀ ਸੀ, ਜਿੱਥੇ ਉਸਨੇ ਜ਼ਿੰਦਗੀ ਦੇ ਪੰਜ ਸਾਲ ਗੁਜ਼ਾਰੇ ਸਨ। ਧੜਕਦੇ ਦਿਲ ਨਾਲ ਉਸਨੇ ਲਿਫਾਫਾ ਖੋਲ੍ਹਿਆ। ਕਾਲਜ ਦੇ ਪ੍ਰਿੰਸੀਪਲ ਨੇ ਮੁਬਾਰਕਾਂ ਦੇ ਨਾਲ ਕਾਲਜ ਵਿੱਚ ਆਉਣ ਦਾ ਆਦਰ ਨਾਲ ਸੱਦਾ ਦਿੰਦਿਆਂ ਲਿਖਿਆ ਸੀ, “ਸੰਸਥਾ ਨੂੰ ਇਸ ਗੱਲ ਦਾ ਮਾਣ ਹੈ ਕਿ ਤੁਸੀਂ ਸਾਡੀ ਸੰਸਥਾ ਦੇ ਇੱਕ ਪ੍ਰਤਿਭਾਸ਼ੀਲ ਵਿਦਿਆਰਥੀ ਰਹੇ ਹੋ ਅਤੇ ਆਪਣੀ ਜ਼ਿੰਦਗੀ ਦੇ ਸੰਦਲੀ ਪੈੜਾਂ ਦੇ ਸਫਰ ਨਾਲ ਸਤਿਕਾਰਯੋਗ ਮੁਕਾਮ ਹਾਸਲ ਕੀਤਾ ਹੈ। ਸੰਸਥਾ ਵੱਲੋਂ ਸਨਮਾਨਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੇ ਰੁਬਰੂ ਕਰਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਆਪਣੀ ਸਹਿਮਤੀ ਦੇ ਨਾਲ ਸਮਾਂ ਅਤੇ ਮਿਤੀ ਨਿਸ਼ਚਿਤ ਕਰਕੇ ਸੂਚਿਤ ਕਰਨ ਦੀ ਖੇਚਲ ਕਰਨੀ।”
ਪੱਤਰ ਪੜ੍ਹ ਕੇ ਉਸਦੀਆਂ ਅੱਖਾਂ ਵਿੱਚੋਂ ਬਦੋਬਦੀ ਅੱਥਰੂ ਆ ਗਏ। ਉਸ ਕੋਲੋਂ ਆਪਣੇ ਦਫਤਰ ਵਿੱਚ ਬੈਠਿਆ ਨਹੀਂ ਗਿਆ। ਅੱਚਵੀ ਜਿਹੀ ਲੱਗ ਗਈ ਉਹਨੂੰ। ਉਹ ਸਹਾਇਕ ਮੈਨੇਜਰ ਨੂੰ ਜ਼ਿੰਮੇਵਾਰੀ ਸੰਭਾਲ ਕੇ ਥੋੜ੍ਹੀ ਦੇਰ ਲਈ ਘਰ ਚਲਾ ਗਿਆ। ਨੌਕਰ ਨੂੰ ਚਾਹ ਦਾ ਕੱਪ ਬਣਾਉਣ ਲਈ ਕਹਿਕੇ ਉਹ ਮੰਜੇ ’ਤੇ ਬਹਿ ਗਿਆ। ਅਤੀਤ ਦੇ ਪੰਨੇ ਬਦੋਬਦੀ ਉਹਦੀਆਂ ਅੱਖਾਂ ਸਾਹਮਣੇ ਆ ਗਏ। ਉਸ ਨੂੰ ਆਪਣੇ ਜਮਾਤੀ, ਪ੍ਰੋਫੈਸਰ ਯਾਦ ਆਉਣ ਦੇ ਨਾਲ ਨਾਲ ਰਾਧਿਕਾ ਦਾ ਮਾਯੂਸ ਅਤੇ ਮੁਰਝਾਇਆ ਚਿਹਰਾ ਵੀ ਸਾਹਮਣੇ ਆ ਗਿਆ। ਕਾਲਜ ਦੇ ਤੀਜੇ ਸਾਲ ਦੇ ਵਿਦਿਆਰਥੀ ਹੁੰਦਿਆਂ ਰਾਧਿਕਾ ਨਾਂ ਦੀ ਕੁੜੀ ਉਹਦੀ ਜ਼ਿੰਦਗੀ ਵਿੱਚ ਆ ਗਈ ਸੀ। ਪੜ੍ਹਨ ਵਿੱਚ ਹੁਸ਼ਿਆਰ, ਲਿਖਣ ਕਲਾ, ਭਾਸ਼ਣ ਕਲਾ ਅਤੇ ਬੋਲਣ-ਚਾਲਣ ਦੇ ਸਲੀਕੇ ਕਾਰਨ ਕਾਲਜ ਦੀ ਸਭ ਤੋਂ ਸੋਹਣੀ ਕੁੜੀ ਨੇ ਉਹਨੂੰ ਮੁਹੱਬਤੀ ਹੁੰਗਾਰਾ ਭਰਿਆ। ਦੋ ਚਾਰ ਮਿਲਣੀਆਂ ਵਿੱਚ ਹੀ ਉਹ ਇੱਕ ਦੂਜੇ ਦੇ ਹੋ ਗਏ। ਉਹਨੇ ਰਾਧਿਕਾ ਨੂੰ ਕੁਝ ਸਮੇਂ ਬਾਅਦ ਹੀ ਦੱਸ ਦਿੱਤਾ ਸੀ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਕਮਾਈ ਦੇ ਸਾਧਨ ਸੀਮਤ ਹਨ। ਕਿਤੇ ਤੁਹਾਡੀ ਅਮੀਰੀ ਸਾਡੀ ਗੁਰਬਤ ਦਾ ਮਜ਼ਾਕ ਉਡਾਉਣ ਦੇ ਨਾਲ ਨਾਲ ਆਪਣੀ ਮੁਹੱਬਤ ਦਾ ਜਨਾਜ਼ਾ ਨਾ ਕੱਢ ਦੇਵੇ। ਇਹ ਵੀ ਸਪਸ਼ਟ ਕਹਿ ਦਿੱਤਾ ਕਿ ਮੁਹੱਬਤ ਮੰਜ਼ਲ ਪ੍ਰਾਪਤੀ ਲਈ ਸਹਾਈ ਹੋਣੀ ਚਾਹੀਦੀ ਹੈ, ਰੁਕਾਵਟ ਨਹੀਂ। ਰਾਧਿਕਾ ਨੇ ਬੜੇ ਹੀ ਮੋਹ ਨਾਲ ਉਹਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਤੇਰੀ ਗੁਰਬਤ ਵਿੱਚੋਂ ਮੈਨੂੰ ਬੇਪਨਾਹ ਮੁਹੱਬਤ ਵਿਖਾਈ ਦਿੰਦੀ ਹੈ ਅਤੇ ਅਮੀਰੀ ਗਰੀਬੀ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ।”
ਉਹ ਹਰ ਰੋਜ਼ ਕਾਲਜ ਤੋਂ ਥੋੜ੍ਹੀ ਜਿਹੀ ਵਿੱਥ ’ਤੇ ਬਣੇ ਪਾਰਕ ਵਿੱਚ ਇੱਕ ਸੰਘਣੇ ਪਿੱਪਲ ਥੱਲੇ ਬੈਠ ਕੇ ਘੰਟਿਆਂ ਬੱਧੀ ਗੱਲਾਂ ਕਰਦੇ। ਪਰ ਉਨ੍ਹਾਂ ਨੇ ਪਾਕ ਮੁਹੱਬਤ ’ਤੇ ਪਹਿਰਾ ਦਿੰਦਿਆਂ ਜਿਸਮਾਂ ਦੀ ਸਾਂਝ ਤੋਂ ਕੋਹਾਂ ਦੂਰੀ ਰੱਖੀ। ਜਿਸ ਦਰਖ਼ਤ ਹੇਠਾਂ ਬੈਠ ਕੇ ਉਹ ਮੁਹੱਬਤੀ ਰੰਗ ਬਿਖੇਰਦੇ ਸਨ, ਉਸ ਦਰਖ਼ਤ ਦਾ ਨਾਂ ਉਨ੍ਹਾਂ ਨੇ ‘ਰੱਬੀ ਰੂਹ’ ਰੱਖਿਆ ਸੀ।
ਫਿਰ ਇੱਕ ਦਿਨ ਰਾਧਿਕਾ ਦੇ ਘਰੋਂ ਉਨ੍ਹਾਂ ਦਾ ਨੌਕਰ ਉਹਨੂੰ ਲੈਣ ਆਇਆ, “ਤੁਹਾਨੂੰ ਸਾਹਿਬ ਨੇ ਘਰ ਬੁਲਾਇਆ ਹੈ, ਜ਼ਰੂਰੀ ਗੱਲ ਕਰਨੀ ਹੈ।” ਉਹ ਰਾਧਿਕਾ ਦੇ ਪਿਤਾ ਦੇ ਸੁਨੇਹੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਦੇ ਨਾਲ ਤੁਰ ਪਿਆ। ਇਸ ਸੰਬੰਧੀ ਉਸਨੇ ਰਾਧਿਕਾ ਨਾਲ ਕੋਈ ਗੱਲ ਨਹੀਂ ਕੀਤੀ। ਉਸ ਨੂੰ ਨੌਕਰ ਨੇ ਡਰਾਇਂਗ ਰੂਮ ਵਿੱਚ ਛੱਡ ਦਿੱਤਾ। ਸਾਹਮਣੇ ਸੋਫੇ ਤੇ ਰਾਧਿਕਾ ਦਾ ਪਿਤਾ ਬੈਠਾ ਸੀ। ਉਸਨੇ ਉਸ ਨੂੰ ਬੈਠਣ ਲਈ ਨਹੀਂ ਕਿਹਾ। ਸਗੋਂ ਰੋਅਬ ਨਾਲ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ, “ਮੈਨੂੰ ਪਤਾ ਲੱਗਿਐ ਬਈ ਤੂੰ ਮੇਰੀ ਕੁੜੀ ਨੂੰ ਭਰਮਾਈ ਫਿਰਦੈਂ। ਉਹਦਾ ਖਹਿੜਾ ਛੱਡਦੇ। ਨਹੀਂ ਫਿਰ … …”ਉਸਨੇ ਸਾਹਮਣੇ ਟੰਗੀ ਰਾਈਫਲ ਵੱਲ ਅੱਖਾਂ ਦਾ ਇਸ਼ਾਰਾ ਕਰਦਿਆਂ ਕਿਹਾ।
ਉਸਦੇ ਮੂੰਹੋਂ ਮਸਾਂ ਹੀ ਇਹ ਸ਼ਬਦ ਨਿਕਲੇ, “ਠੀਕ ਐ ਜੀ। ਅੱਜ ਤੋਂ … …”
ਉਸ ਦਿਨ ਉਹ ਕਾਲਜ ਨਹੀਂ ਗਿਆ। ਕਮਰੇ ਵਿੱਚ ਜਾਕੇ ਭੁੱਬੀਂ ਰੋ ਪਿਆ। ਉਹਦਾ ਉਡਿਆ ਮੂੰਹ ਅਤੇ ਰੋ ਰੋ ਕੇ ਲਾਲ ਹੋਈਆਂ ਅੱਖਾਂ ਵੇਖਕੇ ਉਸਦੇ ਰੂਮ ਮੇਟ ਨੇ ਕਾਰਨ ਪੁੱਛਿਆ ਤਾਂ ਉਸਦੀ ਭੁੱਬ ਨਿਕਲ ਗਈ, “ਮੈਥੋਂ ਮੇਰੀ ਰਾਧਿਕਾ ਖੋਹੀ ਜਾ ਰਹੀ ਹੈ। ਨਾਲ ਹੀ ਉਹਦੇ ਬਾਪ ਨੇ ਮੈਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ।”
ਉਸਦੇ ਦੋਸਤ ਨੇ ਉਸਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਇਹੋ ਜਿਹੇ ਵਿਗੜੇ ਚੌਧਰੀਆਂ ਦਾ ਕੋਈ ਪਤਾ ਨਹੀਂ ਐਵੇਂ … … ਤੂੰ ਮਾਂ-ਬਾਪ ਦਾ ਇਕਲੌਤਾ ਪੁੱਤ ਹੈ। ਆਪਣੇ ਬਜ਼ੁਰਗ ਮਾਂ-ਬਾਪ ਅਤੇ ਭੈਣ ਵੱਲ ਵੇਖ। ਕਿਤੇ ਜ਼ਿੰਦਗੀ ਤੋਂ ਹੱਥ ਨਾ ਧੋ ਬੈਠੀਂ। ਹੁਣ ਤੂੰ ਇਹ ਸਭ ਕੁਝ ਭੁੱਲ ਕੇ ਪੜ੍ਹਾਈ ’ਤੇ ਫੋਕਸ ਕਰ। ਸੋਚ ਲੈ, ਮੁਹੱਬਤ ਗੁੰਮ ਹੋ ਗਈ ਹੈ। ਰਾਧਿਕਾ ਨਾਲ ਬੋਲ ਚਾਲ ਬੰਦ ਕਰਦੇ। ਬੱਸ ਇੱਕ ਚੁੱਪ ਦਾ ਰਿਸ਼ਤਾ ਰੱਖ ਉਹਦੇ ਨਾਲ। ਕਿਵੇਂ ਨਾ ਕਿਵੇਂ ਉਹਨੂੰ ਆਪੇ ਪਤਾ ਲੱਗਜੂ ਤੇਰੀ ਮਜਬੂਰੀ ਦਾ।”
ਉਸਨੇ ਇੰਜ ਹੀ ਕੀਤਾ। ਰਾਧਿਕਾ ਉਹਦੇ ਸਾਹਾਂ ਵਿੱਚ ਵਸੀ ਰਹੀ। ਪਰ ਉਸਨੇ ਸਿਸਕਦੀ ਮੁਹੱਬਤ ਦੇ ਅੱਥਰੂ ਜੱਗ ਜ਼ਾਹਰ ਨਹੀਂ ਹੋਣ ਦਿੱਤੇ। ਰਾਧਿਕਾ ਜਦੋਂ ਵੀ ਉਹਦੇ ਸਾਹਮਣੇ ਆਉਂਦੀ ਉਹ ਤੇਜ਼ੀ ਨਾਲ ਅਗਾਂਹ ਲੰਘ ਜਾਂਦਾ ਜਾਂ ਫਿਰ ਕਿਸੇ ਹੋਰ ਦੋਸਤ ਨਾਲ ਗੱਲੀਂ ਲੱਗ ਕੇ ਰਾਧਿਕਾ ਕੋਲੋਂ ਲੰਘ ਜਾਂਦਾ। ਉਹਨੂੰ ਇੰਜ ਲਗਦਾ ਜਿਵੇਂ ਉਹ ਹਰ ਰੋਜ਼ ਮੁਹੱਬਤ ਦੀ ਲਾਸ਼ ’ਤੇ ਪੈਰ ਰੱਖ ਰਿਹਾ ਹੋਵੇ। ਰਾਧਿਕਾ ਹੈਰਾਨ ਪਰੇਸ਼ਾਨ ਹੋਕੇ ਉਹਦੇ ਵੱਲ ਵਿਹੰਦੀ, ਪਰ ਉਹਦੇ ਚਿਹਰੇ ’ਤੇ ਛਾਈ ਖਾਮੋਸ਼ੀ ਦੀ ਕੰਧ ਨੂੰ ਪਾਰ ਕਰਨ ਦਾ ਹੌਸਲਾ ਉਹਦਾ ਵੀ ਨਾ ਹੋਇਆ। ‘ਰੱਬੀ ਰੂਹ’ ਵਾਲਾ ਪਿਪਲ ਵੀ ਉਨ੍ਹਾਂ ਦੀ ਆਮਦ ਬਿਨਾਂ ਉਦਾਸ ਜਿਹਾ ਲਗਦਾ ਸੀ। ਦੋ ਸਾਲ ਉਸਨੇ ਇੰਜ ਹੀ ਕਠਿਨ ਤਪੱਸਿਆ, ਜਜ਼ਬਾਤਾਂ ਦੀ ਉਥਲ-ਪੁਥਲ, ਸਿਸਕਦੇ ਸੁਪਨਿਆਂ ਅਤੇ ਉਨੀਂਦਰੀਆਂ ਰਾਤਾਂ ਸੰਗ ਗੁਜ਼ਾਰੇ। ਆਖਰੀ ਸਾਲ ਦੇ ਪੇਪਰ ਦੇਕੇ ਉਹ ਭਰੇ ਮਨ ਨਾਲ ਘਰ ਆ ਗਿਆ। ਦੋ ਕੁ ਮਹੀਨਿਆਂ ਬਾਅਦ ਰਿਜ਼ਲਟ ਆਇਆ। ਉਹ ਕਾਲਜ ਵਿੱਚੋਂ ਫਸਟ ਪੁਜ਼ੀਸ਼ਨ ਵਿੱਚ ਪਾਸ ਹੋ ਗਿਆ। ਰਾਧਿਕਾ ਵੀ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਰਾਧਿਕਾ ਦੇ ਪਾਸ ਹੋਣ ’ਤੇ ਉਸਦੇ ਚਿਹਰੇ ’ਤੇ ਮੁਸਕਰਾਹਟ ਛਾ ਗਈ।
ਰਾਧਿਕਾ ਨੇ ਉੱਥੇ ਹੀ ਯੂਨੀਵਰਸਿਟੀ ਵਿੱਚ ਐੱਮ.ਏ, ਅੰਗਰੇਜ਼ੀ ਦੀ ਕਲਾਸ ਵਿੱਚ ਦਾਖਲਾ ਲੈ ਲਿਆ। ਪਰ ਉਸਨੇ ਉਸ ਯੂਨੀਵਰਸਿਟੀ ਦੀ ਥਾਂ ਹੋਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਐੱਮ.ਏ. ਵਿੱਚ ਦਾਖਲਾ ਲੈ ਲਿਆ। ਸਮਾਂ ਆਪਣੀ ਚਾਲ ਤੁਰਦਾ ਰਿਹਾ। ਪਰ ਰਾਧਿਕਾ ਅਤੇ ਰੱਬੀ ਰੂਹ ਪਿੱਪਲ ਉਹਦੇ ਅੰਗ ਸੰਗ ਰਹੇ। ਐੱਮ.ਏ. ਕਰਨ ਉਪਰੰਤ ਉਸ ਨੂੰ ਬੈਂਕ ਵਿੱਚ ਸਹਾਇਕ ਮੈਨੇਜਰ ਦੀ ਨੌਕਰੀ ਮਿਲ ਗਈ। ਸਖ਼ਤ ਮਿਹਨਤ, ਦਿਆਨਦਾਰੀ ਅਤੇ ਕੰਮ ਪ੍ਰਤੀ ਲਗਨ ਉਹਦੇ ਅੰਗ ਸੰਗ ਰਹੀ। ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣ ਲਈ ਉਸਨੇ ਸਮਾਜ ਸੇਵਾ, ਲਿਖਣ ਪ੍ਰਕਿਰਿਆ ਅਤੇ ਪੜ੍ਹਨ ਲਿਖਣ ਦਾ ਕਾਰਜ ਜਾਰੀ ਰੱਖਿਆ। ਇਨ੍ਹਾਂ ਕੰਮਾਂ ਵਿੱਚ ਉਸ ਨੂੰ ਅਥਾਹ ਸਕੂਨ ਮਿਲਦਾ ਸੀ। ਕਦੇ-ਕਦੇ ਉਸਦੀ ਭੈਣ ਆ ਜਾਂਦੀ ਅਤੇ ਕਦੇ ਕੋਈ ਕੁਲੀਗ, ਕਦੇ ਕੋਈ ਫਰਿਆਦੀ ਜਾਂ ਫਿਰ ਪੈੱਨ, ਕਾਪੀ ਅਤੇ ਕਿਤਾਬਾਂ ਉਹਦੇ ਅੰਗ-ਸੰਗ ਰਹਿੰਦੀਆਂ।
ਸੱਦਾ ਪੱਤਰ ਉਸਨੇ ਦੋ-ਤਿੰਨ ਵਾਰ ਪੜ੍ਹਿਆ। ਯਾਦਾਂ ਦੇ ਝੁਰਮਟ ਵਿੱਚ ਘਿਰੇ ਹੋਏ ਨੇ ਆਦਰ ਨਾਲ ਆਉਣ ਦੀ ਸਹਿਮਤੀ ਦੇ ਨਾਲ ਮਿਤੀ ਅਤੇ ਸਮਾਂ ਲਿਖਕੇ ਖ਼ਤ ਪੋਸਟ ਕਰ ਦਿੱਤਾ।
ਨਿਸ਼ਚਿਤ ਸਮੇਂ ’ਤੇ ਉਹ ਕਾਲਜ ਦੇ ਗੇਟ ’ਤੇ ਪੁੱਜ ਗਿਆ। ਕਾਲਜ ਦੇ ਪ੍ਰਿੰਸੀਪਲ ਨੇ ਉਹਦਾ ਸਵਾਗਤ ਕੀਤਾ। ਅਗਾਂਹ ਕੁਝ ਕਦਮਾਂ ’ਤੇ ਸਟਾਫ ਵੀ ਉਸਦੇ ਸਵਾਗਤ ਲਈ ਖੜੋਤਾ ਸੀ। ਉਸਨੇ ਨਜ਼ਰ ਭਰ ਕੇ ਵੇਖਿਆ। ਸਟਾਫ ਵਿੱਚ ਰਾਧਿਕਾ ਵੀ ਸ਼ਾਮਲ ਸੀ। ਉਸਨੇ ਪਿਆਰ ਨਾਲ ਉਹਦੇ ਵੱਲ ਵੇਖਿਆ। ਇੰਜ ਲੱਗਿਆ ਜਿਵੇਂ ਰਾਧਿਕਾ ਦੀਆਂ ਨਜ਼ਰਾਂ ਉਹਨੂੰ ਕਹਿ ਰਹੀਆਂ ਹੋਣ, “ਅੱਜ ਵੀ ਆਪਣੀ ਚੁੱਪ ਨਹੀਂ ਤੋੜੇਂਗਾ?” ਅਤੇ ਫਿਰ ਉਸਨੇ ਪਿਆਰ ਭਰੇ ਲਹਿਜ਼ੇ ਵਿੱਚ ਕਿਹਾ, “ਮੈਂ ਇੱਥੇ ਅੰਗਰੇਜ਼ੀ ਦੀ ਲੈਕਚਰਾਰ ਹਾਂ।”
ਉਸਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਸਨੇ ਜ਼ੋਰ ਦੇਕੇ ਕਿਹਾ ਕਿ ਮੰਜ਼ਲ ਪ੍ਰਾਪਤੀ ਲਈ ਸਖ਼ਤ ਮਿਹਨਤ ਤੋਂ ਬਿਨਾਂ ਹੋਰ ਕੋਈ ਸ਼ਾਰਟਕੱਟ ਨਹੀਂ ਹੈ। ਆਪਣੇ ਅਤੀਤ ਅਤੇ ਵਰਤਮਾਨ ਜੀਵਨ ਦੀਆਂ ਕਈ ਗੱਲਾਂ ਉਸਨੇ ਸਾਂਝੀਆਂ ਕੀਤੀਆਂ। ਜਦੋਂ ਉਸਨੇ ਇਹ ਕਿਹਾ, “ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੁਹਾਡੀ ਅੰਗਰੇਜ਼ੀ ਦੀ ਪ੍ਰੋਫੈਸਰ ਰਾਧਿਕਾ ਜੀ ਮੇਰੇ ਕਲਾਸ ਫੈਲੋ ਹਨ।” ਉਸਨੇ ਨਜ਼ਰ ਭਰ ਕੇ ਰਾਧਿਕਾ ਵੱਲ ਵੇਖਿਆ, ਉਸਦੇ ਚਿਹਰੇ ’ਤੇ ਲਾਲੀ ਛਾ ਗਈ ਸੀ।
ਕਾਲਜ ਵਿੱਚ ਪ੍ਰਿੰਸੀਪਲ ਅਤੇ ਸਟਾਫ ਨਾਲ ਚਾਹ ਪੀਣ ਤੋਂ ਬਾਅਦ ਉਸਨੇ ਉਨ੍ਹਾਂ ਕੋਲੋਂ ਵਿਦਾਇਗੀ ਲੈ ਲਈ। ਉਸ ਤੋਂ ਰਿਹਾ ਨਾ ਗਿਆ ਅਤੇ ਉਸਨੇ ਆਪਣਾ ਸਟੇਅਰਿੰਗ ਰੱਬੀ ਰੂਹ ਵਾਲੇ ਪਿੱਪਲ ਵੱਲ ਮੋੜ ਦਿੱਤਾ। ਕਾਰ ਰੋਕ ਕੇ ਉਸਨੇ ਪਿੱਪਲ ਨੂੰ ਰੀਝ ਨਾਲ ਵੇਖਿਆ। ਪਿੱਪਲ ਦੀ ਛਾਂ ਹੋਰ ਵੀ ਸੰਘਣੀ ਹੋ ਗਈ ਸੀ ਅਤੇ ਉਹ ਦੂਰ ਤਕ ਆਲੇ ਦੁਆਲੇ ਫੈਲ ਚੁੱਕਿਆ ਸੀ। ਉਹ ਗੁੰਮ-ਸੁੰਮ ਦਰਖ਼ਤ ਹੇਠਾਂ ਖਲੋਤਾ ਰਿਹਾ, ਅੱਖਾਂ ਬੰਦ ਕਰਕੇ ਅਤੀਤ ਦੇ ਪਲਾਂ ਦਾ ਆਨੰਦ ਮਾਣ ਰਿਹਾ ਸੀ। ਉਸਦੇ ਹੱਥਾਂ ਨੂੰ ਜਦੋਂ ਪਿਆਰੇ ਜਿਹੇ ਹੱਥਾਂ ਨੇ ਛੋਹਿਆ ਤਾਂ ਉਸਨੇ ਅੱਖਾਂ ਖੋਲ੍ਹੀਆਂ। ਸਾਹਮਣੇ ਰਾਧਿਕਾ ਖੜ੍ਹੀ ਸੀ।
“ਤੂੰ … …” ਉਹਦਾ ਹੱਥ ਘੁੱਟ ਕੇ ਫੜਦਿਆਂ ਉਹਦੀ ਭੁੱਬ ਨਿਕਲ ਗਈ।
ਕੁਝ ਦੇਰ ਦੋਨਾਂ ਦਰਮਿਆਨ ਖਾਮੋਸ਼ੀ ਛਾਈ ਰਹੀ। ਫਿਰ ਰਾਧਿਕਾ ਨੇ ਚੁੱਪ ਤੋੜੀ, “ਪਿਤਾ ਜੀ ਸਖ਼ਤ ਬਿਮਾਰ ਹੋ ਗਏ ਸਨ। ਕੈਂਸਰ ਤੋਂ ਪੀੜਤ ਸਨ ਉਹ। ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸਨ। ਪਰ ਕਹਿ ਨਹੀਂ ਸਕੇ। ਆਖ਼ਰ ਮਾਂ ਨੇ ਰਾਜ ਦੀ ਗੱਲ ਦੱਸੀ ਕਿ ਕਿਸ ਤਰ੍ਹਾਂ ਤੈਨੂੰ ਮੇਰੇ ਰਾਹ ਵਿੱਚੋਂ ਹਟਾਉਣ ਲਈ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਫਿਰ ਤੂੰ ਬਿਲਕੁਲ ਹੀ ਦਰਵੇਸ਼ੀ ਧਾਰ ਲਈ। ਮੇਰੇ ਬਾਪ ਨੂੰ ਆਖ਼ਰੀ ਦਮ ਤਕ ਤੇਰੇ ਨਾਲ ਕੀਤੇ ਵਰਤਾਉ ਦਾ ਪਛਤਾਵਾ ਰਿਹਾ। ਕੁਝ ਸਮੇਂ ਬਾਅਦ ਮਾਂ ਵੀ ਚੱਲ ਵਸੀ ਅਤੇ ਮੈਂ … …”
“ਤੂੰ ਵਿਆਹ ਕਰਵਾ ਲਿਆ ਹੋਣਾ ਹੈ? ਕਿੰਨੇ ਬੱਚਿਆਂ ਦੀ ਮਾਂ ਹੈ?”
ਉਸਨੇ ਉਹਦੇ ਵੱਲ ਰੀਝ ਨਾਲ ਵਿਹੰਦਿਆਂ ਕਿਹਾ, “ਵਿਆਹ ਕੀਹਦੇ ਨਾਲ ਕਰਵਾਉਂਦੀ? ਤੇਰੇ ਨਾਲੋਂ ਵਧੀਆ ਕੋਈ ਹੋ ਹੀ ਨਹੀਂ ਸੀ ਸਕਦਾ। ਮੈਂ ਤੇਰੀਆਂ ਯਾਦਾਂ ਦੇ ਸਹਾਰੇ ਜਿਉਂਦੀ ਹਾਂ।” ਅਤੇ ਫਿਰ ਉਸਨੇ ਅੱਥਰੂ ਪੁੰਝਦਿਆਂ ਕਿਹਾ, “ਤੂੰ ਆਪਣੇ ਬਾਰੇ ਕੁਝ ਨਹੀਂ ਦੱਸਿਆ? ਕਿਹੋ ਜਿਹੀ ਚੱਲ ਰਹੀ ਹੈ ਵਿਆਹੁਤਾ ਜ਼ਿੰਦਗੀ?”
ਉਹ ਫਿਕੀ ਜਿਹੀ ਹਾਸੀ ਹੱਸਦਿਆਂ ਬੋਲਿਆ, “ਪਹਿਲਾਂ ਤੈਨੂੰ ਮੈਂ ਆਪਣੇ ਘਰ ਦੀ ਫੋਟੋ ਵਿਖਾਉਂਦਾ ਹਾਂ।” ਉਸਨੇ ਪਰਸ ਵਿੱਚੋਂ ਫੋਟੋ ਕੱਢੀ ਅਤੇ ਰਾਧਿਕਾ ਵੱਲ ਵਧਾ ਦਿੱਤੀ। ਘਰ ਦੇ ਗੇਟ ਤੇ ਮੋਟੇ ਅੱਖਰ ਵਿੱਚ ਲਿਖਿਆ ਸੀ, “ਰਾਧਿਕਾ ਨਿਵਾਸ”। ਫਿਰ ਉਸਨੇ ਮੁਸਕਰਾਕੇ ਕਿਹਾ, “ਭਲਾ ਰਾਧਿਕਾ ਨਿਵਾਸ ਵਿੱਚ ਤੇਰੇ ਬਿਨਾਂ ਕੌਣ ਆ ਸਕਦਾ ਸੀ?”
ਫਿਰ ਦੋਨੋਂ ਖਿੜਖਿੜਾਕੇ ਹੱਸ ਪਏ। ਫਿਰ ਸ਼ੁਹਨੇ ਰਾਧਿਕਾ ਦੇ ਚਿਹਰੇ ’ਤੇ ਨਜ਼ਰਾਂ ਗੱਡਦਿਆਂ ਕਿਹਾ, “ਰਾਧਿਕਾ ਨਿਵਾਸ ਬੜੀ ਦੇਰ ਤੋਂ ਤੇਰੀ ਉਡੀਕ ਕਰ ਰਿਹਾ ਹੈ। ਆਉਣ ਲਈ ਤਿਆਰ ਹੈ ਨਾ?”
ਰਾਧਿਕਾ ਨੇ ਉਹਦਾ ਹੱਥ ਘੁੱਟ ਕੇ ਫੜਦਿਆ ਕਿਹਾ, “ਇਨ੍ਹਾਂ ਬੋਲਾਂ ਲਈ ਤਾਂ ਮੈਂ ਤਰਸ ਗਈ ਹਾਂ। ਬੋਲ, ਅੱਜ ਹੀ ਤੇਰੇ ਨਾਲ ਚੱਲਾਂ?”
ਉਸਨੇ ਮੁਸਕਰਾਉਂਦਿਆਂ ਕਿਹਾ, “ਜਿੱਥੇ ਆਪਾਂ 20-22 ਸਾਲ ਬਿਨਾਂ ਮਿਲਿਆਂ ਗੁਜ਼ਾਰ ਦਿੱਤੇ, ਉੱਥੇ ਕੁਝ ਦਿਨ ਹੋਰ ਗੁਜ਼ਾਰ ਲਈਏ। ਤੈਨੂੰ ਸ਼ਾਨ ਨਾਲ ਲੈਕੇ ਜਾਵਾਂਗਾ।
ਉਨ੍ਹਾਂ ਦਾ ਸੰਦਲੀ ਹਾਸਾ ਇੰਜ ਲਗਦਾ ਸੀ ਜਿਵੇਂ ਬੰਸਰੀ ਵਾਧਨ ਹੋ ਰਿਹਾ ਹੋਵੇ।
ਵਿਦਾਅ ਹੋਣ ਵੇਲੇ ਛੇਤੀ ਮਿਲਣ ਦੇ ਵਾਅਦੇ ਨਾਲ ਉਹ ਕਾਰ ਵਿੱਚ ਬਹਿ ਗਿਆ।
ਰਾਧਿਕਾ ਰੀਝ ਨਾਲ ਜਾਂਦੀ ਕਾਰ ਵੱਲ ਵਿਹੰਦੀ ਰਹੀ ਅਤੇ ਉਹ ਸਟੇਅਰਿੰਗ ਹੱਥ ਵਿੱਚ ਫੜੀਂ ਮੁਸਕੁਰਾਉਂਦਿਆਂ ਗਾ ਰਿਹਾ ਸੀ, “ਅੱਜ ਦਾ ਦਿਨ ਮਹਿਕ ਭਿੱਜਾ ਹੋ ਗਿਆ, ਸੱਜਣਾ ਦੇ ਨੈਣਾਂ ਵਿੱਚੋਂ ਮਿਲਿਐ ਸਲਾਮ।”
ਰਾਹ ਵਿੱਚ ਜਾਂਦਿਆਂ ਉਹ ਰਾਧਿਕਾ ਨਿਵਾਸ ਨੂੰ ਪੁਰੀ ਤਰ੍ਹਾਂ ਸਜਾਉਣ ਲਈ ਵਿਉਂਤਬੰਦੀ ਕਰ ਰਿਹਾ ਸੀ।
* * * * *

