ਜਨਵਰੀ 13, 2026

writingDetail.created_by
By: ਜਸਵਿੰਦਰ ਸਿੰਘ ਰੁਪਾਲ, ਕੈਲਗਰੀ

ਕੇਸਰ ਸਿੰਘ ਨੀਰ ਦੀ ਕੇਸਰ ਦੀ ਸੁਗੰਧ ਵਰਗੀ ਸ਼ਾਇਰੀ ਨੂੰ ਮਾਣਦੇ ਹੋਏ........

ਸਰੀਰਕ ਰੂਪ ਵਿੱਚ ਤਾਂ ਕੇਸਰ ਸਿੰਘ ਨੀਰ ਨੂੰ ਮੈਨੂੰ ਸਿਰਫ ਇੱਕ ਦੋ ਵਾਰੀ ਮਿਲਣ ਦਾ ਮੌਕਾ ਹੀ ਮਿਲ ਸਕਿਆ ਸੀ ਕਿ ਉਹਨਾਂ ਨੂੰ ਦਰਗਾਹੀ ਸੱਦਾ ਆ ਗਿਆ ਅਤੇ ਉਹ ਸਦਾ ਲਈ ਸਭ ਨੂੰ ਛੱਡ ਕੇ ਅਣਜਾਣ ਰਾਹਾਂ ਤੇ ਚਲੇ ਗਏ। ਪਰ ਅਸਲ ਵਿੱਚ ਕਿਸੇ ਲੇਖਕ ਨਾਲ ਅਸਲੀ ਮੁਲਾਕਾਤ ਉਸਦੀ ਲਿਖਤ ਨੂੰ ਪੜ੍ਹਨ ਅਤੇ ਮਾਨਣ ਨਾਲ ਹੀ ਹੁੰਦੀ ਹੈ। ਉਸ ਦੀ ਲਿਖਤ ਵਿਚੋਂ ਉਸ ਨੂੰ ਮਿਲਿਆ ਹਾਂ ਅਤੇ ਉਸ ਲਿਖਤ ਦਾ ਪ੍ਰਭਾਵ ਸਾਂਝਾ ਕਰ ਰਿਹਾ ਹਾਂ ।

ਕੇਸਰ ਸਿੰਘ ਨੀਰ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ ਕੁੱਲ 9 ਕਿਤਾਬਾਂ ਪਾਈਆਂ ਹਨ ਜਿਨਾਂ ਵਿਚੋਂ 4 ਬਾਲ ਕਾਵਿ ਨਾਲ ਸੰਬੰਧਿਤ ਹਨ ਗਾਉਂਦੇ ਬਾਲ 1960 ,ਝਿਲਮਿਲ ਝਿਲਮਿਲ ਤਾਰੇ 1994, ਫੁੱਲ ਰੰਗ ਬਰੰਗੇ 1994 ਅਤੇ ਮਿੱਠੀਆਂ ਮੁਸਕਾਨਾਂ 2002 . ਬਾਕੀ ਦੀਆਂ ਪੁਸਤਕਾਂ ਦੇ ਨਾਮ ਹਨ -ਕਸਕਾਂ ਕਾਵਿ ਸੰਗ੍ਰਹਿ 1960, ਗਮ ਨਹੀਂ ਕਾਵਿ ਸੰਗ੍ਰਹਿ1981, ਕਿਰਨਾਂ ਦੇ ਬੋਲ ਗ਼ਜ਼ਲ ਸੰਗ੍ਰਹਿ 1989 ਅਣਵਗੇ ਅੱਥਰੂ ਗ਼ਜ਼ਲ ਸੰਗ੍ਰਹਿ 1996 ਫੇਰ 2006 ਵਿੱਚ ਉਪਰੋਕਤ ਚਾਰ ਪੁਸਤਕਾਂ ਦੀ ਇੱਕ ਜਿਲਦ ਨੈਣਾਂ ਦੇ ਮੋਤੀ । ਆਰ ਦੀਆਂ ਤੇ ਪਾਰ ਦੀਆਂ ਕਾਵਿ ਸੰਗ੍ਰਹਿ 2010 ਵਿੱਚ ਛਪਿਆ ਸੀ। ਇਹਨਾਂ ਦੀ ਗਿਣਤੀ ਤੋਂ ਉਸਦੇ ਲਗਾਤਾਰ ਲਿਖਦੇ ਰਹਿਣ ਦੀ ਬਿਰਤੀ ਪ੍ਰਗਟ ਹੁੰਦੀ ਹੈ। ਅਤੇ ਸੁਆਦਲੀ ਗੱਲ ਇਹ ਹੈ ਕਿ ਇਹ ਸਾਰੇ ਕਾਵਿ ਸੰਗ੍ਰਹਿ ਹਨ। ਕਵਿਤਾ ਕੋਈ ਤਰਲ ਤਬੀਅਤ ਦਾ ਸੂਖਮ ਭਾਵੀ ਵਿਅਕਤੀ ਹੀ ਲਿਖ ਸਕਦਾ ਹੈ। ਕਵਿਤਾ ਲਿਖਣੀ, ਵਾਰਤਕ ਨਾਲੋਂ ਔਖੀ ਹੁੰਦੀ ਹੈ ,ਜਿਸ ਨੂੰ ਦਿਲ ਦੀ ਆਵਾਜ ਕਿਹਾ ਜਾਂਦਾ ਹੈ। ਸੋ ਨੀਰ ਦੀਆਂ ਇਹਨਾਂ ਵੱਖ ਵੱਖ ਤਰਾਂ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚੋਂ ਉਸਦੇ ਬਚਪਨ, ਜਵਾਨੀ ਅਤੇ ਪ੍ਰੌੜ੍ਹ ਅਵਸਥਾ ਦੀ ਝਲਕ ਪੈਂਦੀ ਹੈ। ਇੱਕ ਬਾਲ-ਮਨ ਹੀ ਬਾਲ-ਸਾਹਿਤ ਲਿਖ ਸਕਦਾ ਹੈ। ਜਵਾਨ ਦਿਲ ਦੇ ਪ੍ਰੀਤ-ਜਜ਼ਬਿਆਂ ਵਿੱਚ ਵਸਲ ਅਤੇ ਹਿਜਰ ਦਾ ਪ੍ਰਗਟਾਵਾ ਵੀ ਮਿਲਦਾ ਹੈ ਅਤੇ ਇੱਕ ਚਿੰਤਕ ਦੇ ਰੂਪ ਵਿੱਚ ਸਮਕਾਲੀ ਸਰੋਕਾਰਾਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਸਮੇਂ ਉਹ ਮਨ ਦੀ ਪ੍ਰੌੜ੍ਹ ਅਵਸਥਾ ਚੋਂ ਗੁਜ਼ਰ ਰਿਹਾ ਹੁੰਦਾ ਹੈ। ਅਜਿਹੇ ਕਵੀ ਲਈ ਸਤਿਕਾਰ ਭੇਟ ਕਰਦੇ ਹੋਏ ਅਸੀਂ ਉਸਦੀ ਕਿਰਤ ਵਿਚੋਂ ਉਸਦੇ ਵਿਅਕਤੀਤਵ ਨੂੰ ਜਾਨਣ ਅਤੇ ਮਾਨਣ ਦੀ ਕੋਸ਼ਿਸ਼ ਕਰਦੇ ਹਾਂ ।

ਕਿਸੇ ਵੀ ਪੁਸਤਕ ਦਾ ਮੁੱਖਬੰਦ ਵੀ ਬੜਾ ਮਹੱਤਵਪੂਰਨ ਹੁੰਦਾ ਹੈ। ਇਸ ਪੱਖ ਤੋਂ ਦੇਖੀਏ ਤਾਂ ਜਰਾ ਕੁ ਝਲਕ ਉਸਦੀਆਂ ਪੁਸਤਕਾਂ ਦੇ ਮੁੱਖਬੰਦ ਲਿਖਣ ਵਾਲੇ ਵਿਦਵਾਨਾਂ ਦੇ ਉਸ ਦੀ ਕਿਰਤ ਬਾਰੇ ਪ੍ਰਗਟਾਏ ਗਏ ਵਿਚਾਰਾਂ ਤੋਂ ਜਾਣ ਲੈਣਾ ਵੀ ਜਰੂਰੀ ਬਣ ਜਾਂਦਾ ਹੈ।

* ਨੀਰ ਸਮੇਂ ਦੀ ਆਵਾਜ ਹੈ। .ਤੀਸਰੇ ਵਿਸ਼ਵ ਯੁੱਧ ਦੀ ਸੋਅ ਨੂੰ ਮਹਿਸੂਸਦਾ ਉਹ ਅਮਨ ਦੇ ਟੱਪੇ ਛੋਂਹਦਾ ਹੈ ਤੇ ਸੰਸਾਰ ਅਮਨ ਦੀ ਤੀਬਰ ਇੱਛਾ ਰੱਖਦਾ ਹੈ। ........................................................(ਪ੍ਰਿੰ.ਤਖਤ ਸਿੰਘ, ਕਸਕਾਂ ਦੇ ਮੁੱਖਬੰਦ ਵਿੱਚ)

* ਨੀਰ ਨੂੰ ਕਵਿਤਾ ਵਿਰਾਸਤ ਵਿੱਚ ਮਿਲੀ ਹੈ।...............................(ਜਸਵੰਤ ਸਿੰਘ ਕੰਵਲ, ਕਸਕਾਂ ਦੇ ਮੁੱਖਬੰਦ ਵਿੱਚ)

* ਉਸਦੇ ਕਾਵਿ ਦਾ ਮੰਤਵ ਇਸ਼ਕ ਦੀ ਗਹਿਰਾਈ ਅਤੇ ਇਸ਼ਕ ਦੀ ਨਾਕਾਮੀ ਪਿੱਛੇ ਕੰਮ ਕਰ ਰਹੀਆਂ ਸਮਾਜਿਕ-ਆਰਥਿਕ ਪ੍ਰਸਥਿਤੀਆਂ ਵੱਲ ਸੰਕੇਤ ਕਰਨਾ ਹੀ ਸੀ।....................................(ਰਣਧੀਰ ਸਿੰਘ ਚੰਦ, ਗਮ ਨਹੀਂ ਦੇ ਮੁੱਖਬੰਦ ਵਿੱਚ)

* ਗ਼ਜ਼ਲ ਲਿਖਣ ਸਮੇਂ ਛੰਦ ਵਿਧਾਨ ਤੇ ਤੋਲ ਤੁਕਾਂਤ ਦੀ ਸਿਖਲਾਈ ਤੇ ਸਾਧਨਾ ਸਗੋਂ ਨੀਰ ਦੇ ਬਹੁਤ ਕੰਮ ਆਈ ਹੈ।............(ਰਘਬੀਰ ਸਿੰਘ ਸਿਰਜਣਾ, ਕਿਰਨਾਂ ਦੇ ਬੋਲ ਦੇ ਮੁੱਖਬੰਦ ਵਿੱਚ)

* ਗ਼ਜ਼ਲ ਜਿਹੀ ਸਿਨਫ਼ ਵਿੱਚ ਪੰਜਾਬ ਤ੍ਰਾਸਦੀ ਦਾ ਜਿਕਰ ਸੰਕੇਤਾਂ ਤੇ ਪ੍ਰਤੀਕਾਂ ਰਾਹੀਂ ਹੀ ਹੋ ਸਕਦਾ ਸੀ ਤੇ ਕੇਸਰ ਸਿੰਘ ਨੀਰ ਨੇ ਇਹਨਾਂ ਕਾਵਿ-ਜੁਗਤਾਂ ਰਾਹੀਂ ਆਪਣੇ ਫਰਜਾਂ ਦੀ ਪੂਰਤੀ ਕੀਤੀ ਹੈ। ......(ਡਾ. ਐਸ.ਤਰਸੇਮ,ਅਣਵਗੇ ਅੱਥਰੂ ਦੇ ਮੁੱਖਬੰਦ ਵਿੱਚ)

* ਨੀਰ ਪੰਜਾਬੀ ਚਰਿੱਤਰ ਨੂੰ ਖੱਬਲ ਘਾਹ ਵਾਂਗ ਸਮਝਦਾ ਹੈ ਜੋ ਅਤਿ ਦੀਆਂ ਮਾਰੂ, ਉਜਾੜੂ ਤੇ ਬਰਬਾਦ ਕਰਨ ਵਾਲੀਆਂ ਪ੍ਰਸਥਿਤੀਆਂ ਵਿਚ ਵੀ ਧਰਤੀ 'ਤੇ ਵੀ ਆਪਣੀਆਂ ਜੜ੍ਹਾਂ ਲਾਉਣ ਵਿਚ ਗੁਰੇਜ਼ ਨਹੀਂ ਕਰਦਾ ।..........(ਡਾ. ਹਰਚੰਦ ਸਿੰਘ ਬੇਦੀ, ਆਰ ਦੀਆਂ ਤੇ ਪਾਰ ਦੀਆਂ ਦੇ ਮੁੱਖਬੰਦ ਵਿਚ)

* ਸਮਾਜ ਦਾ ਯਥਾਰਥਵਾਦੀ ਧਰਾਤਲ ਡਾਵਾਂਡੋਲ ਰਹਿੰਦਾ ਹੈ ਪਰ ਇਸ ਡਾਵਾਂਡੋਲਤਾ ਨੂੰ ਉਹ ਅਤੀਤ ਦੇ ਸਿਰੜੀ ਸਮਾਜ ਨਾਇਕਾਂ ਅਤੇ ਘੋਲਾਂ ਨੂੰ ਯਾਦ ਕਰਕੇ ਕਰਮਸ਼ੀਲਤਾ ਵਿੱਚ ਬਦਲਣ ਦਾ ਚਾਹਵਾਨ ਵੀ ਹੈ।..........(ਡਾ ਗੁਰਇਕਬਾਲ ਸਿੰਘ, ਨੈਣਾਂ ਦੇ ਮੋਤੀ ਦੇ ਮੁੱਖਬੰਦ ਵਿਚ)

ਉਪਰੋਕਤ ਵਿਦਵਾਨ ਲੇਖਕਾਂ ਦੇ ਪ੍ਰਗਟਾਏ ਵਿਚਾਰਾਂ ਤੋਂ ਕੇਸਰ ਸਿੰਘ ਨੀਰ ਦੀ ਸਾਹਿਤਿਕ ਪ੍ਰਤਿਭਾ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਹੁਣ ਇਸ ਕਲਮ ਦੀਆਂ ਰਚੀਆਂ ਗ਼ਜ਼ਲਾਂ ਅਤੇ ਹੋਰ ਕਾਵਿ ਰੂਪਾਂ ਦੀ ਝਲਕ ਦੇਖਦੇ ਹਾਂ।

ਰੂਪਕ ਪੱਖ:- ਮੁੱਖ ਰੂਪ ਵਿਚ ਉਸਨੂੰ ਇਕ ਗਜ਼ਲਗੋ ਆਖ ਸਕਦੇ ਹਾਂ ਕਿਉਂਕਿ ਸਾਰੀਆਂ ਪੁਸਤਕਾਂ ਮਿਲਾ ਕੇ ਉਸ ਦੁਆਰਾ ਲਿਖੀਆਂ ਗਈਆਂ ਗ਼ਜ਼ਲਾਂ ਦੀ ਗਿਣਤੀ ਬਾਕੀ ਕਾਵਿ ਰੂਪਾਂ ਨਾਲੋਂ ਜਿਆਦਾ ਹੈ। ਗ਼ਜ਼ਲ ਲਿਖਣੀ ਕੋਈ ਖਾਲਾ ਜੀਂ ਦਾ ਵਾੜਾ ਨਹੀਂ ਹੈ। ਇਹ ਬੜਾ ਔਖਾ ਕਾਰਜ ਹੈ ਜੋ ਸੂਰਮੇ ਹੀ ਕਰ ਸਕਦੇ ਹਨ। ਪਹਿਲੀ ਗੱਲ ਤਾਂ ਇਸਦਾ ਆਪਣਾ ਵਿਧਾਨ ਹੈ। ਬਹਿਰ ਅਤੇ ਵਜ਼ਨ ਨੂੰ ਸਿੱਖਣਾ। ਸਾਰੀਆਂ ਗ਼ਜ਼ਲਾਂ ਪੂਰੀਆਂ ਬਹਿਰ ਵਿੱਚ ਹਨ, ਅਤੇ ਆਪਣੇ ਵਜ਼ਨ ਵਿਚ ਠੀਕ ਉੱਤਰਦੀਆਂ ਹਨ। ਮਾਤਰਾ ਜਾਂ ਵਰਨ ਡੇਗੇ ਜਾਣ ਦੇ ਨਿਯਮ ਦੀ ਪਾਲਣਾ ਵੀ ਕੀਤੀ ਗਈ ਹੈ। ਪ੍ਰਿ. ਤਖਤ ਸਿੰਘ ਦੀ ਸ਼ਾਗਿਰਦੀ ਕੋਈ ਛੋਟੀ ਗੱਲ ਨਹੀਂ ਹੈ। ਗ਼ਜ਼ਲ ਵਿਚ.ਆਪਣੇ ਭਾਵਾਂ ਦੇ ਵਹਾਅ ਨੂੰ ਕਾਬੂ ਕਰਕੇ ਉਸ ਮੀਟਰ ਵਿੱਚ ਗੱਲ ਕਹਿਣੀ ਬਹੁਤ ਹੀ ਧੀਰਜ ਅਤੇ ਲਗਾਤਾਰ ਅਭਿਆਸ ਦੀ ਮੰਗ ਕਰਦਾ ਹੈ। ਵਲਵਲਿਆਂ ਲਈ ਢੁਕਵਾਂ ਸ਼ਬਦ ਲੱਭਿਆ ਹੋਵੇ, ਪਰ ਵਜ਼ਨ ਵਿਚ ਹੋਏ ਵਾਧੇ ਘਾਟੇ ਨੂੰ ਸੰਤੁਲਿਤ ਕਰਨ ਲਈ ਉਸ ਸ਼ਬਦ ਦੀ ਜਗ੍ਹਾ ਤੇ ਕੋਈ ਹੋਰ ਸ਼ਬਦ ਲੱਭਣਾ ਪਵੇ। ਇਹ ਥੋੜ੍ਹਾ ਜਿਹਾ ਅਕਾਊ ਕੰਮ ਵੀ ਹੈ। ਇਸ ਲਈ ਸ਼ਬਦ ਚੋਣ, ਸੰਖੇਪਤਾ , ਗੱਲ ਨੂੰ ਲੁਕਵੇਂ ਅੰਦਾਜ ਵਿਚ ਕਹਿਣਾ ਇੱਕ ਗ਼ਜ਼ਲ ਦੀਆਂ ਖੂਬੀਆਂ ਹਨ। ਇਹ ਖੂਬੀਆਂ ਸਾਨੂੰ ਇਸ ਸ਼ਾਇਰ ਦੀਆਂ ਸਮੂਹ ਗ਼ਜ਼ਲਾਂ ਵਿਚ ਦਿਖਾਈ ਦਿੰਦੀਆਂ ਹਨ। ਗ਼ਜ਼ਲਾਂ ਤੋਂ ਬਿਨਾਂ ਗੀਤ, ਕਵਿਤਾਵਾਂ, ਰੁਬਾਈਆਂ,ਟੱਪੇ ਆਦਿ ਵਿਚ ਵੀ ਲੋਹੜੇ ਦੀ ਰਵਾਨੀ ਹੈ ਅਤੇ ਇਹ ਪਾਠਕ ਨੂੰ ਬੰਨ੍ਹ ਲੈਂਦੀਆਂ ਹਨ। ਅਮਨਾਂ ਦੇ ਟੱਪੇ ਲੋਕ ਰੰਗ ਦੀ ਖੂਬਸੂਰਤ ਰਵਾਨੀ ਵਿੱਚ ਖੂਬਸੂਰਤ ਸੰਦੇਸ਼ ਦਿੰਦੇ ਹਨ ।

ਫਾਇਲਾਤੁਨ ਫਾਇਲਾਤੁਨ ਫਾਇਲਾਤੁਨ ਫਾਇਲੁਨ ਵਜ਼ਨ ਵਿੱਚ ਕਾਫੀ ਜ਼ਿਆਦਾ ਗ਼ਜ਼ਲਾਂ ਲਿਖੀਆਂ ਗਈਆਂ ਹਨ।

* ਆ ਦਿਖਾਵਾਂ ਦਿਲ ਦੇ ਵਿਹੜੇ ਕਿੰਜ ਪੈਲਾਂ ਪਾ ਰਹੀ

ਯਾਦ ਹੈ ਤੇਰੀ ਹੀ ਭਾਵੇ ਫੇਰ ਵੀ ਬੇਘਰ ਨਹੀਂ।। ................................( ਕਿਰਨਾਂ ਦੇ ਬੋਲ )

ਅੰਗਰੇਜ਼ੀ ਕਵਿਤਾ ਦੇ sonnet ਦੇ ਰੂਪ ਤੋਂ ਥੋੜ੍ਹਾ ਬਦਲੇ ਰੂਪ ਵਰਗੀ ਇੱਕ ਕਵਿਤਾ a, b, c, a ਅੰਦਾਜ ਵਿਚ

* ਜੀਂ ਰਿਹਾ ਹਾਂ ਮੈਂ ਸਮੇ ਦੇ ਜਬਰ ਤੇ

ਤੜਪ ਲੈ ਅਥਾਹ ਸੀਨੇ ਮੇਲ ਦੀ

ਧੜਕਣਾਂ ਚ ਧੜਕ ਸੱਚੇ ਪਿਆਰ ਦੀ

ਆਸ-ਡੋਰੀ ਸੁੱਟ ਬੁੱਢੇ ਸਬਰ ਤੇ।। .................................................. ( ਕਸਕਾਂ )

ਵਿਰੋਧਾਭਾਸ ਅਲੰਕਾਰ ਦੀ ਝਲਕ ਦੇਖੋ

* ਹਰ ਕਦਮ ਇਸ਼ਕ ਦੇ ਰਾਹਾਂ ਤੇ ਮੁੜ ਮੁੜ ਕੇ ਟਿਕਦਾ ਰਹਿੰਦਾ ਏ

ਮੈਂ ਨੀਰ ਇਸ਼ਕ ਦੇ ਰਾਹਾਂ ਤੋਂ ਹਰ ਕਦਮ ਬਚਾਉਂਦਾ ਰਹਿੰਦਾ ਹਾਂ। ..............................(ਕਸਕਾਂ)

ਇਹਨਾਂ ਗ਼ਜ਼ਲਾਂ, ਕਵਿਤਾਵਾਂ ਅਤੇ ਗੀਤਾਂ ਵਿੱਚ ਰਵਾਨੀ ਹੈ, ਵਿਰੋਧਾਭਾਸ ਹੈ, ਵਿਅੰਗ, ਨੈਤਿਕ ਸੰਦੇਸ਼, ਪ੍ਰਕਿਰਤੀ ਚਿਤਰਣ, ਅਲੰਕਾਰਾਂ ਨਾਲ ਭਰਪੂਰ, ਮੁਹਾਵਰੇ,ਅੱਟਲ ਸਚਾਈਆਂ, ਆਦਿ ਸਭ ਕੁਝ ਮਿਲ ਜਾਂਦਾ ਹੈ ਜੋ ਲੇਖਕ ਦੇ ਵਿਸ਼ਾਲ ਤਜਰਬੇ ਅਤੇ ਵਿਸ਼ਾਲ ਸ਼ਬਦ ਭੰਡਾਰ ਕੋਲ ਹੋਣ ਦੀ ਗਵਾਹੀ ਭਰਦਾ ਹੈ।

ਵਿਸ਼ਾ ਪੱਖ :- ਹੁਣ ਅਸੀਂ ਇਸ ਬਹੁਪੱਖੀ ਕਵੀ ਦੀ ਲਿਖਤ ਵਿਚੋਂ ਝਲਕੀ ਉਸਦੀ ਖੂਬਸੂਰਤ ਸ਼ਖਸ਼ੀਅਤ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ । ਰਚਨਾਵਾਂ ਦਾ ਵਿਸ਼ਾ ਦੇਖਣ ਨਾਲ ਕਿਸੇ ਵੀ ਲੇਖਕ ਦੀ ਸੋਚ, ਉਸਦੀ ਦੁਨੀਆਂ ਪ੍ਰਤੀ ਅਤੇ ਜਿੰਦਗੀ ਪ੍ਰਤੀ ਉਸਦੇ ਨਜ਼ਰੀਏ ਦੇ ਦਰਸ਼ਨ ਹੁੰਦੇ ਹਨ । ਇਸਲਈ ਸਭ ਤੋਂ ਪਹਿਲਾਂ ਵਿਸ਼ਾ ਪੱਖ ਲੈਂਦੇ ਹਾਂ।

* ਇਸ਼ਕ ਮੁਹੱਬਤ :- ਕਹਿੰਦੇ ਨੇ ਕਵਿਤਾ ਦਿਲ ਦੀ ਬੋਲੀ ਹੈ ਕਿਉਂਕਿ ਦਿਲ ਹੀ ਇਸ਼ਕ ਮੁਹੱਬਤ ਨੂੰ ਮਹਿਸੂਸ ਕਰਦਾ ਹੈ । ਬਹੁਤੇ ਵਾਰਤਕ ਲੇਖਕਾਂ ਨੇ ਵੀ ਆਪਣਾ ਸਾਹਿਤਿਕ ਸਫ਼ਰ ਕਵਿਤਾ ਤੋਂ ਹੀ ਸ਼ੁਰੂ ਕੀਤਾ ਹੈ। ਗ਼ਜ਼ਲ ਨੂੰ ਤਾਂ ਖਾਸ ਕਰਕੇ "ਮਾਸ਼ੂਕ ਨਾਲ ਗੱਲ ਬਾਤ" ਹੀ ਆਖਿਆ ਜਾਂਦਾ ਹੈ। ਸੋ ਇਹ ਵਿਸ਼ਾ ਮੁੱਖ ਰੂਪ ਵਿਚ ਨੀਰ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਛਾਇਆ ਹੋਇਆ ਹੈ। ਇਸ ਵਿਸ਼ੇ ਨੂੰ ਨਿਭਾਉਣ ਦੀ ਖੂਬੀ ਇਹੋ ਹੁੰਦੀ ਹੈ ਕਿ ਪਾਠਕ ਪੜ੍ਹਨ ਸਮੇਂ ਉਸਨੂੰ ਆਪਣੇ ਦਿਲ ਦੀ ਖੁਸ਼ੀ ਗਮੀ ਨਾਲ ਮੇਲ ਕੇ ਪੜ੍ਹੇ।

* ਜਿਉ ਸੀਨੇ ਅੰਦਰ ਅਗਨੀ ਲੈ ਤਾਰਾ ਮੁਸਕਾਉਂਦਾ ਰਹਿੰਦਾ ਹੈ

ਤਿਉ ਦਾਗ ਜੁਦਾਈ ਦੇ ਲੈ ਕੇ ਮੁਖੜਾ ਮੁਸਕਾਈ ਬੈਠੇ ਹਾਂ । ..............................(ਕਸਕਾਂ)

* ਤੇਰਿਆਂ ਰਾਹਾਂ ਤੇ ਕੇਸਰ ਧੂੜ ਕੇ,

ਕਰ ਰਿਹਾ ਹਾਂ ਮੈਂ ਕਿ ਤੇਰਾ ਇੰਤਜਾਰ

ਤੋੜਕੇ ਮੈਂ ਚੰਦ ਤਾਰੇ ਅਰਸ਼ ਦੇ

ਹਾਰ ਤੇਰੇ ਵਾਸਤੇ ਕੀਤਾ ਤਿਆਰ । .............................................(ਕਸਕਾਂ )

*ਅਸਾਡੇ ਇਸ਼ਕ ਨੇ ਤੈਨੂੰ ਇਹ ਸੱਜਰਾ ਰੂਪ ਦਿੱਤਾ ਏ

ਕਿਸੇ ਦੀ ਮਿਹਰਬਾਨੀ ਨੂੰ ਤੂੰ ਕੀ ਸਮਝੇਂ ਤੂੰ ਕੀ ਜਾਣੇ । .........................(ਕਸਕਾਂ )

* ਦਿਲ ਮੇਰੇ ਵਿਚ ਹਰ ਸਮੇਂ ਤੂੰ ਹੀ ਰਹੇਂ

ਤੂੰ ਕਹੇਂ ਕਿ ਮੈਂ ਤੇਰਾ ਮਹਿਰਮ ਨਹੀਂ।......................................(ਗਮ ਨਹੀਂ)

* ਕਿਵੇਂ ਦੱਸਾਂ ਕਿਵੇ ਹੈ ਬੀਤਦੀ ਤੇਰੇ ਬਿਮਾਰਾਂ ਦੀ

ਵਿਛੋੜੇ ਦੀ ਘੜੀ ਨੇ ਸ਼ਕਲ ਧਾਰੀ ਏ ਅੰਗਾਰਾਂ ਦੀ।......................(ਗਮ ਨਹੀਂ)

* ਗੁੰਮਿਆ ਸੌ ਵਾਰ ਉਸਦੀ ਭਾਲ ਵਿਚ

ਫੇਰ ਵੀ ਛੱਡੀ ਨਾ ਉਸਦੀ ਭਾਲ ਮੈਂ ।...................................(ਕਿਰਨਾਂ ਦੇ ਬੋਲ)

* ਹੋਰ ਸਮਾਜਿਕ ਵਿਸ਼ਿਆਂ ਦਾ ਪ੍ਰਗਟਾਅ:- ਪ੍ਰਸਿੱਧ ਆਲੋਚਕ ਡਾ ਕੁਲਬੀਰ ਸਿੰਘ ਕਾਂਗ ਲਿਖਦੇ ਨੇ ਕਈ ਗ਼ਜ਼ਲ ਸ਼ਬਦ ਫ਼ਾਰਸੀ ਤੋਂ ਆਇਆ ਹੈ। ਛੋਟੇ ਹਿਰਨੋਟੇ ਪਿਛੇ ਜਦੋਂ ਕੋਈ ਸ਼ਿਕਾਰੀ ਪਿਆ ਹੋਵੇ ਤੇ ਉਹ ਉਸਦੇ ਐਨ ਸਿਰ ਤੇ ਆ ਜਾਵੇ, ਤਾਂ ਮੌਤ ਦੇ ਡਰ ਤੋਂ ਜਿਹੜੀ ਦਰਦ ਭਰੀ ਚੀਕ ਦੀ ਆਵਾਜ ਇਹ ਹਿਰਨੋਟਾ ਕੱਢਦਾ ਹੈ, ਉਸ ਨੂੰ ਗ਼ਜ਼ਲ ਕਿਹਾ ਜਾਂਦਾ ਹੈ। ਡਾ ਕਾਂਗ ਅਨੁਸਾਰ ਸਮਾਜ ਦੇ ਲੋਟੂ ਸ਼ਿਕਾਰੀ ਵੀ ਸਧਾਰਨ ਕਿਰਤੀ ਦੇ ਪਿਛੇ ਪਏ ਹਨ ਅਤੇ ਇਹਨਾਂ ਦੇ ਦਰਦ ਨੂੰ ਬਿਆਨਣਾ ਵੀ ਇਕ ਸ਼ਾਇਰ ਦਾ ਮੁੱਖ ਫਰਜ ਹੈ। ਇਸ ਫਰਜ ਨੂੰ ਕੇਸਰ ਸਿੰਘ ਨੀਰ ਨੇ ਖੂਬ ਪਹਿਚਾਣਿਆ ਹੈ ਅਤੇ ਉਸਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਇਹ ਦਰਦ ਝਲਕਦਾ ਹੈ ।

* ਜਿੰਦਗੀ ਦੇ ਰਾਹ ਅਜੇ ਕੰਡਿਆਲੜੇ

ਖਾ ਰਿਹਾ ਝੋਰਾ ਅਜੇ ਰੁਜ਼ਗਾਰ ਦਾ

ਅਜੇ ਨੈਣੀਂ ਬੇਬਸੀ ਦੇ ਅੱਥਰੂ

ਅਜੇ ਹੋਠੀਂ ਗੀਤ ਨਾ ਗੁਲਜ਼ਾਰ ਨਾ ।..................................(ਕਸਕਾਂ )

* ਸੌ ਦੇ ਨੋਟ ਦਾ ਕੀ ਕੁਝ ਲੈ ਕੇ ਆਵੇਂਗਾ

ਆਕੜ ਆਕੜ ਤੁਰਦਾ ਏਂ ਸਰਦਾਰਾਂ ਵਾਂਗ ।...........................(ਕਿਰਨਾਂ ਦੇ ਬੋਲ)

* ਮੁੱਲ ਮਿਹਨਤਾਂ ਦਾ ਪਵੇ ਨਾ ਇਹ ਲੋਕ ਕੂਕਦੇ

ਕਿੰਝ ਜਾਣਗੇ ਦਬਾਏ ਜਜ਼ਬੇ ਇਹ ਸ਼ੂਕਦੇ

ਜਿੰਦ ਕਾਮਿਆਂ ਦੀ ਲੁੱਟੀ ਹੋਈ ਪਤੰਗ ਹੋ ਗਈ ।

ਅੱਜ ਜਿੰਦਗੀ ਲੋਕਾਂ ਦੀ ਡਾਢੀ ਤੰਗ ਹੋ ਗਈ ।.........................(ਆਰ ਦੀਆਂ ਤੇ ਪਾਰ ਦੀਆਂ)

ਪੰਜਾਬ ਦੇ ਵਿਗੜੇ ਹਾਲਾਤ ਤੇ ਵੀ ਕਲਮ ਹੰਝੂ ਕੇਰਦੀ ਹੈ। ਜਿੱਥੇ ਖਾੜਕੂਵਾਦ ਦੇ ਵਿਰੋਧ ਵਿੱਚ ਲਿਖਿਆ ਹੈ, ਉਥੇ ਸਰਕਾਰੀ ਜਬਰ ਦਾ ਜਿਕਰ ਵੀ ਕੀਤਾ ਗਿਆ ਹੈ । ਧਰਮਾਂ ਦੀ ਆਪਸੀ ਨਫਰਤ ਨੂੰ ਨਫ਼ਰਤ ਕਰਦਾ ਕਵੀ ਇਨਸਾਨੀਅਤ ਦੀ ਮੰਗ ਕਰਦਾ ਹੈ।

* ਬੇਦੋਸ਼ੇ ਦਾ ਖੂਨ ਵਹਾਉਣਾ ਕਿਹੜਾ ਧਰਮੀ ਕਾਰਜ ਹੈ ?

ਸ਼ਿਕਰੇ ਬਾਜਾਂ ਬਦਲੇ ਫੁੰਡਦੇ ਘੁਗੀਆਂ ਅਤੇ ਗੁਟਾਰਾਂ ਨੂੰ । .................(ਕਿਰਨਾਂ ਦੇ ਬੋਲ)

* ਚਾਹੇ ਬੁਝਾਉਣੀ ਖੂਨ ਵਾਲੀ ਖੂਨ ਨਾਲ ਅੱਗ

ਕੈਸਾ ਨਿਰਾਲਾ ਹੁਕਮ ਹੈ ਸਾਡੇ ਨਵਾਬ ਦਾ ! .............................(ਕਿਰਨਾਂ ਦੇ ਬੋਲ)

* ਅੱਗ ਭੜਕੀ ਹੈ ਫਿਰ ਵੀ ਇਹ ਖਾਮੋਸ਼ ਨੇ

ਕਿੰਨੇ ਨੇਤਾ ਅਸਾਡੇ ਇਹ ਬਾਹੋਸ਼ ਨੇ

ਇਹ ਤਾਂ ਪੁਤਲੀ ਦੇ ਵਾਂਗਰ ਹੀ ਨੱਚਦੇ ਰਹੇ

ਤਾਰ ਜੀਕਰ ਇਹਨਾਂ ਨੂੰ ਨਚਾਉਂਦੀ ਰਹੀ ।................(ਅਣਵਗੇ ਅੱਥਰੂ)

* ਅੰਬਰ ਦੇ ਭਗਵਾਨਾਂ ਕੋਲੋਂ ਹੁਣ ਦੇ ਲੋਕੀਂ ਡਰਦੇ ਨਾ

ਰਾਜ ਧਰਤ ਦੇ ਉੱਤੇ ਹੈ ਹੁਣ ਧਰਤੀ ਦੇ ਭਗਵਾਨਾਂ ਦਾ ।...................(ਅਣਵਗੇ ਅੱਥਰੂ)

* ਆਦਮੀ ਦੇ ਬੁੱਤ ਚੋਂ ਵੀ ਆਦਮੀ ਮਿਲਦਾ ਨਹੀਂ

ਆਦਮੀ ਚੋਂ ਗੁੰਮ ਹੋਏ ਆਦਮੀ ਦੀ ਭਾਲ ਕਰ । ...................(ਅਣਵਗੇ ਅੱਥਰੂ)

* ਭੁਲਾ ਕੇ ਦੇਸ਼ ਦੀ ਮਿੱਟੀ ਗੁਆ ਕੇ ਆਪਣਾ ਵਿਰਸਾ

ਬਣੇ ਹੋਏ ਕੌਮ ਦੇ ਏਥੇ ਮੈਂ ਠੇਕੇਦਾਰ ਦੇਖੇ ਨੇ । .........................(ਆਰ ਦੀਆਂ ਤੇ ਪਾਰ ਦੀਆਂ)

ਇਹਨਾਂ ਤੋਂ ਬਿਨਾਂ ਕੁਝ ਕਵਿਤਾਵਾਂ ਖਾਸ ਦਿਨਾਂ ਤੇ ਜਾਂ ਖਾਸ ਸ਼ਖਸ਼ੀਅਤਾਂ ਤੇ ਵੀ ਲਿਖੀਆਂ ਗਈਆਂ ਹਨ ਜਿਹਨਾਂ ਵਿਚੋਂ ਲੇਖਕ ਦਾ ਮਨੁੱਖਤਾ ਦੇ ਪ੍ਰੇਮ ਵਾਲਾ ਚਿਹਰਾ ਝਲਕਦਾ ਹੈ।ਜਿਵੇਂ ਗੁਰੂ ਨਾਨਕ ਨੂੰ,ਵੀਅਤਨਾਮ, ਗੁਰੂ ਤੇਗ ਬਹਾਦਰ, ਦੇਸ਼ ਭਗਤੀ, ਹੋਲੀ,ਆਦਿ ਕਵਿਤਾਵਾਂ

* ਪ੍ਰਕਿਰਤੀ ਚਿਤਰਣ:- ਇੰਝ ਜਾਪਦਾ ਏ ਕਿ ਲੇਖਕ ਨੂੰ ਕੁਦਰਤ ਨਾਲ ਡਾਢਾ ਪਿਆਰ ਹੈ। ਇਸਦੀਆਂ ਅਣਮੁੱਲੀਆਂ ਦਾਤਾਂ ਜੰਗਲ, ਪਰਬਤ, ਸਮੁੰਦਰ, ਪੰਛੀ ,ਰੁੱਤਾਂ ਆਦਿ ਸਭ ਉਸਨੂੰ ਖਿੱਚ ਪਾਉਂਦੀਆਂ ਹਨ। ਕਿਤੇ ਇਹਨਾਂ ਦੇ ਸੁਹੱਪਣ ਚੋ ਖੁਸ਼ੀ ਲੱਭਦਾ ਹੈ ਅਤੇ ਕਿਤੇ ਆਪਣੀ ਹੋਰ ਗੱਲ ਕਰਦਾ ਹੋਇਆ ਇਹਨਾਂ ਦੇ ਅਲੰਕਾਰ ਵਰਤਦਾ ਹੈ । ਕੁਝ ਝਲਕਾਂ ਦੇਖੀਏ

* ਉੱਪਰ ਨੀਲੇ ਅੰਬਰੀਂ ਚੰਨ ਖਿੜੇ ਤੇ ਹੱਸੇ

ਵਾਅ ਪੁਰੇ ਦੀ ਰੁਮਕਦੀ ਨੀਂਦ ਦਿਲਾਂ ਨੂੰ ਖੱਸੇ। .......................(ਕਸਕਾਂ)

* ਅਸਾਂ ਜੋ ਕੋਲ ਤੇਰੇ ਪਲ ਗੁਜਾਰੇ ਯਾਦ ਆਉਂਦੇ ਨੇ ।

ਸ਼ਰਾਬੀ ਰਾਤ ਮੌਸਮ ਚੰਨ ਤਾਰੇ ਯਾਦ ਆਉਂਦੇ ਨੇ । ................(ਕਸਕਾਂ)

* ਘਟਾਵਾਂ ਕਾਲੀਆਂ ਹਰਿਆਵਲਾਂ ਪਰਬਤ ਦੀ ਗੋਦੀ ਹੈ

ਅਸੀਂ ਹਾਂ ਨਾਲ਼ ਹੈ ਸਾਡੇ ਮਧੁਰ-ਮਹਿਕਾਰ ਦਾ ਮੌਸਮ । ..................(ਕਿਰਨਾਂ ਦੇ ਬੋਲ)

* ਨਿੱਜੀ ਪ੍ਰਭਾਵ :- ਲੇਖਕ ਆਪਣਾ ਸਮਾਜਿਕ ਜੀਵਨ ਜਿਊਂਦਾ ਹੋਇਆ ਵੀ ਉਸ ਦੇ ਪ੍ਰਭਾਵ ਨੂੰ ਆਪਣੀ ਕਲਮ ਨੂੰ ਸੌਂਪ ਦਿੰਦਾ ਹੈ। ਇਸੇ ਤਰਾਂ ਕੇਸਰ ਸਿੰਘ ਨੀਰ ਨੇ ਵੀ ਆਪਣੇ ਨਿਜ ਦੇ ਅਤੇ ਆਪਣੇ ਨੇੜਲੇ ਸੰਬੰਧਾਂ ਦੇ ਪ੍ਰਭਾਵ ਦਾ ਕਾਵਿ ਮਈ ਜੀਕਰ ਆਪਣੀਆਂ ਪੁਸਤਕਾਂ ਵਿਚ ਕੀਤਾ ਹੈ। ਕੁਝ ਖਾਸ ਅਜਿਹੇ ਰੰਗ ਦੀਆਂ ਕਵਿਤਾਵਾਂ ਹਨ --

ਚੰਡੀਗੜ੍ਹ ਜੇਲ੍ਹ ਵਿਚੋਂ ਲਿਖੀਆਂ ਗ਼ਜ਼ਲਾਂ ਤੇ ਕਵਿਤਾਵਾਂ , ਬੱਚੀ ਰੂਪਦੀਪ ਦੇ ਨਾਂ ਜੇਲ੍ਹ ਚੋਂ ਲਿਖਿਆ ਖ਼ਤ, ਰਾਜ ਦੁਲਾਰ ਤੁਰ ਗਿਆ, ਛੋਟੇ ਵੀਰ ਇਕਬਾਲ ਅਰਪਨ ਦੀ ਯਾਦ ਨੂੰ ਸਮਰਪਿਤ, , ਅਵਤਾਰ ਸਿੰਘ ਕਲੇਰ ਦੇ ਨਾਂ, ਸਾਥੀ ਗੁਰਮੀਤ ਸਿੰਘ ਦੀ ਯਾਦ ਨੂੰ ਸਮਰਪਿਤ, ਬਾਲ ਗੀਤ, ਮਾਂ ਮੇਰੀ ,ਇਹ ਸਭ ਕਵਿਤਾਵਾਂ ਵਿਚੋਂ ਲੇਖਕ ਦਾ ਆਪਣੇ ਪਰਿਵਾਰ ਪ੍ਰਤੀ ਅਤੇ ਆਪਣੇ ਦੋਸਤਾਂ ਸਾਥੀਆਂ ਪ੍ਰਤੀ ਪਿਆਰ ਨਜਰ ਆਉਂਦਾ ਹੈ ਜਿਸ ਤੋਂ ਅੱਛੇ ਲੇਖਕ ਦਾ ਅੱਛਾ ਇਨਸਾਨ ਹੋਣ ਦਾ ਵੀ ਸਬੂਤ ਮਿਲਦਾ ਹੈ।

* ਸੰਘਰਸ਼ੀ ਬਿਰਤੀ, ਚੜ੍ਹਦੀ ਕਲਾ ਅਤੇ ਸਕਾਰਾਤਮਕ ਤਬਦੀਲੀ ਲਈ ਆਸਵੰਦ :- ਲੇਖਕ ਨੇ ਆਪਣੇ ਨਿਜੀ ਅਤੇ ਸਮਾਜਿਕ ਜੀਵਨ ਵਿਚ ਵੀ ਸੰਘਰਸ਼ ਕੀਤਾ ਹੈ। ਦੁੱਖਾਂ ਭੁੱਖਾਂ ਦੇ ਟਾਕਰਾ ਕਰਨ ਲਈ ਉਹ ਸੰਘਰਸ਼ਸ਼ੀਲ ਬਿਰਤੀ ਦਾ ਮੁਦਈ ਵੀ ਹੈ। ਇਸੇ ਬਿਰਤੀ ਨੇ ਉਸਨੂੰ ਜੇਲ੍ਹ ਯਾਤਰਾ ਵੀ ਕਰਵਾਈ ਹੈ। ਉਸਦੀ ਕਲਮ ਨੇ ਸਦਾ ਹਨੇਰਿਆਂ ਤੋਂ ਚਾਨਣ ਦਾ ਸਫ਼ਰ ਤੈਅ ਕੀਤਾ ਹੈ। ਉਹ ਪ੍ਰਗਤੀਵਾਦੀ ਹੈ ਅਤੇ ਸਮਾਜ ਵਿੱਚ ਇਕ ਇਨਕਲਾਬ ਲਈ ਆਸਵੰਦ ਵੀ ਹੈ। ਸਦਾ ਅੱਗੇ ਵਧਦੇ ਰਹਿਣਾ, ਹਰ ਔਕੜ ਚੋ ਨਿਖਰ ਕੇ ਹੋਰ ਅਗਾਂਹ ਜਾਣਾ ਉਸਦੇ ਕਦਮ ਅਤੇ ਉਸਦੀ ਕਲਮ ਦੋਹਾਂ ਦੀ ਆਦਤ ਬਣ ਚੁੱਕੀ ਹੈ। ਉਸਦੀ ਇਹ ਬਿਰਤੀ ਉਸਦੀ ਕਾਵਿ ਕਲਾ ਵਿਚੋਂ ਝਲਕਦੀ ਵੀ ਹੈ। ਉਹ ਕਿਤੇ ਕਿਤੇ ਜਥੇਬੰਦਕ ਸੰਘਰਸ਼ ਲਈ ਸਲਾਹ ਵੀ ਦਿੰਦਾ ਹੈ।

* ਜਗਾ ਕੇ ਦੀਪ ਅਣਖੀ ਖੂਨ ਆਪਣੇ ਦੇ ਮੈਂ ਥਾਂ ਥਾਂ ਤੇ

ਕਰਾਂਗਾ ਜਿੰਦਗੀ ਤੋਂ ਦੂਰ ਜਬਰਾਂ ਦੇ ਗੁਬਾਰਾਂ ਨੂੰ। ..........................(ਕਸਕਾਂ)

* ਓਨਾ ਪੰਛੀਆ ਤੇਰਾ ਆਕਾਸ਼ ਖੁੱਲ੍ਹੇ ਜਿੰਨਾ ਪਰਾਂ ਅੰਦਰ ਤੇਰੇ ਤਾਣ ਲੁਕਿਐ

ਓਨਾ ਮਾਣ ਤੂੰ ਹੀਰਿਆ ! ਮਾਣ ਸਕਦੈਂ ਜਿੰਨਾ ਦਿਲ ਅੰਦਰ ਤੇਰੇ ਮਾਣ ਲੁਕਿਐ ।.......................(ਕਿਰਨਾਂ ਦੇ ਬੋਲ)

* ਫਿਲਾਸਫੀ ਝਲਕ :- ਕਦੇ ਕਦੇ ਕੋਈ ਨਵੀਂ ਫਿਲਾਸਫੀ ਉਸਦੇ ਸ਼ੇਅਰਾਂ ਵਿਚ ਨਜ਼ਰ ਆਉਂਦੀ ਹੈ

* ਢੇਰ ਚਿਰ ਹੋਇਆ ਸ਼ਮਾਂ ਤੇ ਭੰਬਟਾਂ ਨੂੰ ਆਉਂਦਿਆਂ

ਸ਼ਮਾਂ ਨੂੰ ਹੁਣ ਭੰਬਟਾਂ ਵਲ ਆਪ ਆਉਣਾ ਚਾਹੀਦੈ ।................ ...................(ਕਸਕਾਂ )

* ਪਰਵਾਸੀ ਜੀਵਨ :-ਪੰਜਾਬ ਛੱਡ ਕੇ ਲੇਖਕ ਕੈਨੇਡਾ ਆ ਵੱਸਿਆ ਹੈ ,ਪਰ ਉਸਦੇ ਦਿਲ ਚੋਂ ਪੰਜਾਬ ਪ੍ਰਤੀ ਮੋਹ ਬਿਲਕੁਲ ਵੀ ਨਹੀਂ ਘਟਿਆ। ਇੱਥੇ ਬੈਠੇ ਦਾ ਦਿਲ ਉੱਥੇ ਦੀਆਂ ਖੁਸ਼ੀਆਂ ਗਮੀਆਂ ਨਾਲ ਧੜਕਦਾ ਰਿਹਾ ਹੈ। ਉਸਦੀ ਪੁਸਤਕ ਆਰ ਦੀਆਂ ਤੇ ਪਾਰ ਦੀਆਂ ਵਿੱਚ ਉਸਦੇ ਪਰਵਾਸ ਨਾਲ ਸੰਬੰਧ ਭਾਵ ਪ੍ਰਗਟਾਏ ਗਏ ਹਨ। ਜਿਹਨਾਂ ਵਿਚ ਜਿੱਥੇ ਉਸਦੀ ਦੇਸ਼ ਪ੍ਰਤੀ ਖਿੱਚ ਤਾਂ ਹੈ ਹੀ, ਉੱਥੇ ਕੈਨੇਡਾ ਦੇ ਜੀਵਨ ਦੀ ਝਲਕ ਵੀ ਹੈ ਅਤੇ ਇੱਥੇ ਆ ਕੇ ਇਸ ਵਰਗੇ ਹੋ ਕੇ ਰਹਿਣ ਦੀ ਨਸੀਹਤ ਵੀ ।

* ਹੁਣ ਬਿਗਾਨੇ ਦੇਸ਼ ਨੂੰ ਹੀ ਨੀਰ ਆਪਣਾ ਜਾਣ ਤੂੰ

ਫਿਰ ਬਣੇਗੀ ਜਿੰਦਗੀ ਗੁਲਜ਼ਾਰ ਏਥੇ ਆ ਗਏ ।....................(ਆਰ ਦੀਆਂ ਤੇ ਪਾਰ ਦੀਆਂ)

* ਅਨੋਖੀ ਠੰਢ ਹੈ ਏਥੇ ਨਿਰਾਲੀ ਬਰਫ ਹੈ ਏਥੇ

ਤਦੇ ਹੀ ਪਿਆਰ ਵੀ ਏਥੋਂ ਦੇ ਠੰਡੇਠਾਰ ਦੇਖੇ ਨੇ। ....................(ਆਰ ਦੀਆਂ ਤੇ ਪਾਰ ਦੀਆਂ)

* ਤੜਪਦਾ ਹੈ ਦਿਲ ਮੇਰਾ ਫਿਰ ਦੇਸ਼ ਨੂੰ

ਬੇਘਰਾ ਮੈਂ ਹੋ ਗਿਆ ਘਰ ਵਾਸਤੇ । ....................(ਆਰ ਦੀਆਂ ਤੇ ਪਾਰ ਦੀਆਂ)

* ਨ ਘਰ ਇਹ ਆਪਣਾ ਜਾਪੇ ਨ ਏਥੋਂ ਦੇਸ਼ ਮੁੜ ਹੋਵੇ

ਰਹੇ ਕੋਂਹਦਾ ਦਿਨੇ ਰਾਤੀਂ ਇਸੇ ਅਹਿਸਾਸ ਦਾ ਮੌਸਮ । ....................(ਆਰ ਦੀਆਂ ਤੇ ਪਾਰ ਦੀਆਂ)

* ਆਦਮੀ ਓਹੀ ਸੁਖਾਵਾਂ ਜੀ ਸਕੇ

ਜੋ ਸਮੇਂ ਦੇ ਨਾਲ ਬਦਲੇ ਆਪ ਵੀ,

ਹਰ ਸਮੇਂ ਦੇ ਰੰਗ ਅੰਦਰ ਰੰਗ ਕੇ

ਹੈ ਸਦਾ ਜਿਸਨੇ ਸ਼ਿੰਗਾਰੀ ਜਿੰਦਗੀ ।....................(ਆਰ ਦੀਆਂ ਤੇ ਪਾਰ ਦੀਆਂ)

* ਆਪਣੀ ਕਲਮ ਪ੍ਰਤੀ ਚੇਤੰਨਤਾ ;- ਕਵੀ ਸੁਚੇਤ ਹੈ ਕਿ ਉਹ ਇੱਕ ਸ਼ਾਇਰ ਹੈ ਅਤੇ ਇਕ ਲੇਖਕ ਹੋਣ ਦੇ ਆਪਣੇ ਫਰਜਾਂ ਤੋਂ ਉਹ ਪੂਰਾ ਵਾਕਫ਼ ਵੀ ਹੈ। ਉਸਦੀ ਕਲਮ ਨੇ ਸਦਾ ਕਿਰਤੀਆਂ ਮਜਲੂਮਾਂ ਦਾ ਸਾਥ ਦਿੱਤਾ ਹੈ ਅਤੇ ਉਹ ਸਰਕਾਰਾਂ ਅਤੇ ਸਰਮਾਏਦਾਰਾਂ ਦੇ ਵਿਰੋਧੀ ਪੱਖ ਵਿਚ ਰਿਹਾ ਹੈ। ਉਸਦਾ ਵਿਸ਼ਵਾਸ਼ ਹੈ ਕਿ ਇਹ ਦੋਵੇਂ ਮਿਲ ਕੇ ਕਿਰਤੀਆਂ ਦਾ ਸ਼ੋਸ਼ਣ ਕਰਦੇ ਹਨ। ਅਤੇ ਉਹ ਜਨਤਾ ਨੂੰ ਲਾਮਬੰਦ ਕਰਨ ਲਈ, ਆਪਣੇ ਹੱਕਾਂ ਲਈ ਲੜ ਮਰਨ ਦਾ ਹੋਕਾ ਦਿੰਦਾ ਰਹਿੰਦਾ ਹੈ।

* ਇਹ ਕਲਮ ਅਸਾਡੀ ਦਰਦਣ ਹੈ ਇਹ ਕਲਮ ਅਸਾਡੀ ਮਹਿਰਮ ਹੈ

ਕਿ ਨਾਲ ਇਸੇ ਦੇ ਜੀਵਨ ਦਾ ਦੁੱਖ ਦਰਦ ਹੰਢਾਈ ਬੈਠੇ ਹਾਂ। ........................(ਕਸਕਾਂ)

* ਮੇਰੀ ਗ਼ਜ਼ਲ ਵਿਚ ਐਵੇਂ ਹੀ ਆਇਆ ਨਹੀਂ ਨਿਖਾਰ

ਪਿੱਛੇ ਇਦ੍ਹੇ ਤੂੰ ਮੇਰਿਆਂ ਸਾਲਾਂ ਦੀ ਘਾਲ ਦੇਖ ।......................(ਗਮ ਨਹੀਂ)

* ਨੀਰ ਗ਼ਜ਼ਲ ਤੇਰੀ ਵੀ ਕਿਉਂ ਨਾ ਲੋਕਾਂ ਨੂੰ ਖਿੱਚ ਪਾਏ

ਪਾ ਕੇ ਰੱਤ ਅਮਲ ਦੀ ਜਦ ਮੈਂ ਦਿਨ ਦਿਨ ਹੋਰ ਨਿਖਾਰਾਂ। ..........(ਗਮ ਨਹੀਂ)

* ਬੜਾ ਧਨਵਾਨ ਹੈਂ ਤੂੰ ਨੀਰ ਭਾਵੇ ਧਨ ਨਹੀਂ ਪੱਲੇ

ਮਿਲੀ ਹੈ ਸ਼ੈਅ ਅਮੁੱਲੀ ਦੇਖ ਤੈਨੂੰ ਸ਼ਾਇਰੀ ਵਰਗੀ ।...................(ਅਣਵਗੇ ਅੱਥਰੂ)

* ਜਿੰਦਗੀ ਵਿਚ ਸ਼ਾਇਰੀ ਦੀ ਦਾਤ ਤਾਂ ਹੈ ਮਿਲ ਗਈ

ਰੱਬ ਜਾਣੇ ! ਹੋਰ ਕੀ ਸ਼ੈਅ ਟੋਲਦਾ ਫਿਰਦਾ ਹਾਂ ਮੈਂ । .............(ਕਿਰਨਾਂ ਦੇ ਬੋਲ)!

ਬਿਨਾਂ ਸ਼ੱਕ ਕੇਸਰ ਸਿੰਘ ਨੀਰ ਪੰਜਾਬੀ ਕਾਵਿ ਜਗਤ ਦੇ ਆਕਾਸ਼ ਵਿਚ ਹਮੇਸ਼ਾ ਲਈ ਇੱਕ ਤਾਰੇ ਵਾਂਗ ਚਮਕਦਾ ਰਹੇਗਾ। ਜਿੱਥੇ ਉਸਦੀ ਲਿਖਤ ਦਾ ਸੁਹਜ ਨਵੇਂ ਲੇਖਕਾਂ ਨੂੰ ਖਿੱਚ ਪਏਗਾ, ਉੱਥੇ ਜੀਵਨ ਜਿਊਣ ਦੇ ਦੱਸੇ ਅਗਾਂਹਵਧੂ ਤਰੀਕੇ ਨਵੇਂ ਲੇਖਕਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਉਸਦੀ ਕਲਮ ਨੂੰ ਨਮਸਕਾਰ ਹੈ

**************************************************************************************************