ਭਾਰਤ- ਪਾਕਿ ਜੰਗ-1965
ਪਹਿਲੀ ਸਤੰਬਰ ਨੂੰ ਜੰਗ ਛਿੜ ਪਈ। ਸਿਲੇਬਸ ਮੁੱਕਣ ’ਤੇ ਫਾਈਨਲ ਟੈਸਟ ਹੋ ਗਏ… ਨਤੀਜਿਆਂ ਦੇ ਨਾਲ਼ ਹੀ ਬਦਲੀਆਂ ਸੁਣਾ ਦਿੱਤੀਆਂ ਗਈਆਂ। ਮੇਰੀ, ਮਨਜੀਤ ਤੇ ਹੋਰ ਕਈਆਂ ਦੀ ਬਦਲੀ ਆਗਰੇ ਦੀ ਹੋਈ। ਪੰਜਾਬ ਤੇ ਜੰਮੂ-ਕਸ਼ਮੀਰ ਜੰਗ ਦੇ ਮੁੱਖ ਖੇਤਰ ਹੋਣ ਕਰਕੇ ਬਹੁਤੀਆਂ ਬਦਲੀਆਂ ਉਸ ਪਾਸੇ ਦੇ ਹਵਾਈ ਅੱਡਿਆਂ ਦੀਆਂ ਹੋਈਆਂ। ਚੇਨਈ ਤੋਂ ਦਿੱਲੀ ਤੱਕ ਸਪੈਸ਼ਲ ਰੇਲਗੱਡੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ।
ਤਾਂਬਰਮ ਛੱਡਣ ਤੋਂ ਪਹਿਲਾਂ ਮੈਂ ਸਮੁੰਦਰ ਨੂੰ ਮਿਲਣ ਦਾ ਮਨ ਬਣਾਇਆ ਹੋਇਆ ਸੀ। ਇਕ ਦਿਨ ਜਦੋਂ ਦੋਸਤ ਨਿੱਕੀਆਂ-ਮੋਟੀਆਂ ਚੀਜ਼ਾਂ ਖਰੀਦਣ ’ਚ ਬਿਜ਼ੀ ਸਨ, ਮੈਂ ਮਰੀਨਾ ਬੀਚ ’ਤੇ ਚਲਾ ਗਿਆ। ਇਕਲਵਾਂਜੇ ਥਾਂ ਬੈਠ ਸਮੁੰਦਰ ਨਾਲ਼ ਇਕਮਿੱਕ ਹੋਇਆ, ਮੈਂ ਉਸਦੇ ਵਿਰਾਟ ਪਾਣੀ ਨੂੰ ਨਿਹਾਰਦਾ ਰਿਹਾ… ਤੇ ਫਿਰ ਮੇਰੇ ਅੰਦਰੋਂ ਕੁਝ ਇਸ ਤਰ੍ਹਾਂ ਦੇ ਸ਼ਬਦ ਉੱਭਰ ਪਏ, “ਚੇਨਈ ’ਚ ਹੋਰ ਵੀ ਕਈ ਕੁਝ ਚੰਗਾ ਲੱਗੈ ਪਰ ਸੱਜਣਾਂ ! ਮੈਨੂੰ ਸਭ ਤੋਂ ਚੰਗਾ ਤੂੰ ਲੱਗਿਐਂ। ਤੂੰ ਚੇਨਈ ਦੀ ਸ਼ਾਨ ਹੈਂ, ਏਥੋਂ ਦੇ ਲੋਕਾਂ ਵਾਸਤੇ ਤੂੰ ਸਕੂਨ ਤੇ ਊਰਜਾ ਦਾ ਸੋਮਾ ਹੈਂ। ਇਹ ਸਕੂਨ ਤੇ ਊਰਜਾ ਮੈਨੂੰ ਵੀ ਮਿਲਦੇ ਰਹੇ ਹਨ। ਮੈਂ ਤੇਰਾ ਰਿਣੀ ਹਾਂ। ਅੱਜ ਤੈਨੂੰ ਆਖਰੀ ਵਾਰ ਮਿਲ਼ ਰਿਹਾਂ। ਤੈਨੂੰ ਹਮੇਸ਼ਾ ਯਾਦ ਰੱਖਾਂਗਾ। ਅਲਵਿਦਾ ! ਮਿੱਤਰ ਪਿਆਰੇ।”
ਜੰਗ ਦੇ ਦਿਨਾਂ ਵਿਚ ਤਾਮਿਲ ਲੋਕਾਂ ਦਾ ਰਵੱਈਆ ਮੇਰੇ ਲਈ ਹੈਰਾਨੀ ਵਾਲ਼ਾ ਸੀ। ਉਹ ਆਪੋ ਆਪਣੇ ਕੰਮਾਂ ਵਿਚ ਇੰਜ ਮਸਤ ਸਨ ਜਿਵੇਂ ਚੱਲ ਰਹੀ ਭਾਰਤ-ਪਾਕਿ ਜੰਗ ਨਾਲ਼ ਉਨ੍ਹਾਂ ਦਾ ਕੋਈ ਸਰੋਕਾਰ ਹੀ ਨਾ ਹੋਵੇ। ਜੰਗ ਦੀ ਤਾਜ਼ਾ ਸਥਿਤੀ ਬਾਰੇ ਖਬਰਾਂ ਪੜ੍ਹਨ-ਸੁਣਨ ਦੀ ਪੰਜਾਬੀਆਂ ਵਾਲ਼ੀ ਉਤਸੁਕਤਾ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀ। ਲੋਕਲ ਰੇਲਗੱਡੀਆਂ, ਬੱਸਾਂ, ਦੁਕਾਨਾਂ, ਕਾਫੀ ਹਾਊਸਾਂ ਅਤੇ ਹੋਰ ਜਨਤਕ ਥਾਵਾਂ ’ਤੇ ਜੰਗ ਬਾਰੇ ਕੋਈ ਗੱਲ ਹੀ ਨਹੀਂ ਸੀ ਹੋ ਰਹੀ।
ਦਰਅਸਲ ਤਾਮਿਲਨਾਡੂ ਤੇ ਦੂਜੇ ਦੱਖਣੀ ਸੂਬੇ ਭਾਰਤ-ਪਾਕਿ ਬਾਰਡਰ ਤੋਂ ਤਕਰੀਬਨ ਢਾਈ ਹਜ਼ਾਰ ਕਿੱਲੋਮੀਟਰ ਦੂਰ ਹਨ। ਏਨੇ ਦੁਰਾਡੇ ਹੋਣ ਕਰਕੇ ਇਹ ਸੂਬੇ ਕਦੀ ਪਾਕਿਸਤਾਨ ਦੇ ਜ਼ਮੀਨੀ ਤੇ ਹਵਾਈ ਹਮਲਿਆਂ ਦੀ ਮਾਰ ਹੇਠ ਨਹੀਂ ਆਏ। ਏਨੀ ਦੂਰੀ ਹੋਣ ਕਰਕੇ ਭਾਰਤੀ ਸੈਨਾਵਾਂ ਵੱਲੋਂ ਵੀ ਏਧਰੋਂ ਹਮਲੇ ਵਿੱਢਣ ਦੀ ਕੋਈ ਰਣਨੀਤੀ ਨਹੀਂ ਬਣਦੀ। ਸੋ ਜੰਗਾਂ ਨਾਲ਼ ਵਾਹ-ਵਾਸਤਾ ਨਾ ਪੈਣ ਕਰਕੇ, ਜੰਗ ਇਨ੍ਹਾਂ ਲੋਕਾਂ ਦੀ ਸਾਈਕੀ ਦਾ ਹਿੱਸਾ ਨਹੀਂ ਬਣੀ।
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਮੁਢ-ਕਦੀਮ ਤੋਂ ਹੀ ਜੰਗਾਂ-ਯੁੱਧਾਂ ਦਾ ਖੇਤਰ ਬਣਦਾ ਰਿਹੈ। ਮਹਿਮੂਦ ਗਜ਼ਨਵੀ, ਚੰਗੇਜ਼ ਖਾਂ ਤੇ ਹੋਰ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਪੰਜਾਬੀਆਂ ਕੋਲ਼ ਢੁੱਕਵਾਂ ਸਿੱਕਾ-ਬਾਰੂਦ ਨਹੀਂ ਸੀ। ਫਿਰ ਵੀ ਉਹ ਗੁਰੀਲਾ ਹਮਲਿਆਂ ਰਾਹੀਂ ਧਾੜਵੀਆਂ ਦੇ ਦੰਦ ਖੱਟੇ ਕਰਦੇ ਰਹੇ। ਮੁਗਲਾਂ ਤੇ ਅੰਗ੍ਰੇਜ਼ਾਂ ਨਾਲ਼ ਭਿੜਦਿਆਂ ਉਹ ਸਿਰ-ਧੜ ਦੀਆਂ ਬਾਜ਼ੀਆਂ ਲਾ ਕੇ ਆਪਣੀ ਬਹਾਦਰੀ ਤੇ ਕੁਰਬਾਨੀ ਦੀਆਂ ਮਿਸਾਲਾਂ ਕਾਇਮ ਕਰਦੇ ਰਹੇ।
ਤੇ ਹੁਣ ਪਾਕਿਸਤਾਨ ਨਾਲ਼ ਚੱਲ ਰਹੀ ਜੰਗ ਦੀਆਂ ਖਬਰਾਂ ਤੋਂ ਪਤਾ ਲੱਗ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ, ਬਾਰਡਰ ਵੱਲ ਨੂੰ ਜਾ ਰਹੇ ਫੌਜੀਆਂ ਦੀ ਸੇਵਾ ਵਾਸਤੇ ਸੜਕਾਂ ’ਤੇ ਰੋਟੀ ਅਤੇ ਚਾਹ-ਪਾਣੀ ਦੇ ਲੰਗਰ ਲਾਏ ਹੋਏ ਸਨ। ਸਰਹੱਦ ਲਾਗਲੇ ਪਿੰਡਾਂ ਦੇ ਲੋਕ ਗੋਲ਼ੀਆਂ-ਗਰਨੇਡਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਾਜ਼ੀਆਂ ਦਾਲਾਂ-ਸਬਜ਼ੀਆਂ ਤੇ ਫੁਲਕੇ ਅਗਲੇ ਮੋਰਚਿਆਂ ਤੱਕ ਪਹੁੰਚਾ ਰਹੇ ਸਨ। ਗੱਲ ਸਿਰਫ ਰੋਟੀ ਦੀ ਨਹੀਂ ਹੁੰਦੀ, ਲੋਕਾਂ ਦੇ ਇਹ ਉਪਰਾਲੇ ਫੌਜੀਆਂ ਦਾ ਮਨੋਬਲ ਵਧਾਉਂਦੇ ਹਨ।
ਸਪੈਸ਼ਲ ਰੇਲਗੱਡੀ ਦਾ ਪ੍ਰਬੰਧ ਹੋ ਚੁੱਕਾ ਸੀ। ਸ਼ਾਇਦ ਸਤੰਬਰ ਦੀ 10 ਤਾਰੀਖ ਸੀ। ਚੇਨਈ ਰੇਲਵੇ ਸਟੇਸ਼ਨ ’ਤੇ ਅਸੀਂ ਆਪੋ-ਆਪਣਾ ਸਾਮਾਨ ਡੱਬਿਆਂ ਵਿਚ ਟਿਕਾ ਰਹੇ ਸਾਂ ਕਿ ਤਿੰਨ-ਚਾਰ ਪੰਜਾਬੀਆਂ ਨੇ ਆ ਕੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ। ਜਵਾਬ ਵਿਚ ਅਸੀਂ ਵੀ ਸਤਿ ਸ੍ਰੀ ਅਕਾਲ ਆਖੀ। ਉਹ ਸਾਨੂੰ ਚਾਹ ਪੀਣ ਦਾ ਸੱਦਾ ਦੇਣ ਆਏ ਸਨ। ਉਨ੍ਹਾਂ ਨੇ ਫੌਜੀਆਂ ਵਾਸਤੇ ਨਾਲ਼ ਵਾਲ਼ੇ ਪਲੈਟਫਾਰਮ ’ਤੇ ਸਟਾਲ ਲਾਇਆ ਹੋਇਆ ਸੀ। ਮੈਂ ਉਨ੍ਹਾਂ ਨੂੰ ਟਰੇਨਿੰਗ ਸੈਂਟਰ ਦੇ ਉਨ੍ਹਾਂ ਅਧਿਕਾਰੀਆਂ ਕੋਲ਼ ਲੈ ਗਿਆ ਜੋ ਸਾਨੂੰ ਵਿਦਾ ਕਰਨ ਆਏ ਸਨ। ਅਧਿਕਾਰੀਆਂ ਨੇ ਸਾਰਿਆਂ ਨੂੰ ਸਟਾਲ ’ਤੇ ਜਾਣ ਲਈ ਆਖ ਦਿੱਤਾ। ਵੀਹ-ਬਾਈ ਪੰਜਾਬੀ ਮਰਦ-ਔਰਤਾਂ ਸਟਾਲ ਚਲਾ ਰਹੇ ਸਨ। ਉਨ੍ਹਾਂ ਨੇ ਬੜੇ ਸਨੇਹ ਨਾਲ਼ ਹਵਾਈ ਸੈਨਿਕਾਂ ਦੀ ਚਾਹ, ਕੌਫੀ, ਬਿਸਕੁਟਾਂ ਤੇ ਫਲਾਂ ਨਾਲ਼ ਸੇਵਾ ਕੀਤੀ। ਅਧਿਕਾਰੀਆਂ ਨੇ ਤੇ ਅਸੀਂ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਮਾਣ ਮਹਸਿੂਸ ਕਰਦਅਿਂ ਮੈਂ ਆਖਿਆ ਸੀ, “ਇਹ ਹੈ ਫਰਕ ਪੰਜਾਬੀਆਂ ਦਾ ਭਾਰਤ ਦੇ ਹੋਰ ਲੋਕਾਂ ਨਾਲ਼ੋਂ… ।”
ਆਗਰਾ ਛਾਉਣੀ ਰੇਲਵੇ ਸਟੇਸ਼ਨ ’ਤੇ ਸਾਡਾ ਨਿੱਘਾ ਸਵਾਗਤ ਹੋਇਆ। ਪਲੈਟਫਾਰਮ ’ਤੇ ਖਲੋਤੇ ਕਾਲਜਾਂ-ਯੂਨੀਵਰਸਿਟੀਆਂ ਦੇ ਨੌਜਵਾਨਾਂ ਤੇ ਮੁਟਿਆਰਾਂ ਨੇ “ਜੈ ਭਾਰਤ”, “ਜੈ ਜਵਾਨ” ਦੇ ਨਾਅਰੇ ਬੁਲੰਦ ਕੀਤੇ। ਸਪੈਸ਼ਲ ਰੇਲਗੱਡੀ ਨੇ ਕੁਝ ਕੁ ਮਿੰਟ ਹੀ ਰੁਕਣਾ ਸੀ। ਜਿਸ ਕਰਕੇ ਅਗਾਂਹ ਜਾਣ ਵਾਲ਼ੇ ਸੈਨਿਕ ਗੱਡੀ ਵਿਚ ਹੀ ਰਹੇ। ਨੌਜਵਾਨ ਉਨ੍ਹਾਂ ਨੂੰ ਪਲੈਟਫਾਰਮ ਤੋਂ ਬਿਸਕੁਟਾਂ ਦੇ ਡੱਬੇ ਅਤੇ ਮੈਗਜ਼ੀਨ ਫੜਾਉਣ ਲੱਗ ਪਏ। ਮੁਟਿਆਰਾਂ ਨੇ ਸਾਡੇ ਗਰੁੱਪ ਦੇ ਹਰੇਕ ਹਵਾਈ ਸੈਨਿਕ ਦੇ ਮੱਥੇ ’ਤੇ ਟਿੱਕਾ ਲਾਇਆ। ਏਅਰ ਫੋਰਸ ਸਟੇਸ਼ਨ ਦੇ ਅਧਿਕਾਰੀਆਂ ਤੇ ਆਗਰੇ ਦੇ ਕੁਝ ਪੱਤਵੰਤੇ ਸੱਜਣਾਂ ਨੇ ਸਾਡੇ ਨਾਲ਼ ਹੱਥ ਮਿਲਾਉਂਦਿਆਂ ‘ਵੈਲਕਮ’ ਆਖਿਆ ਤੇ ਸਾਨੂੰ ਖਾਣ-ਪੀਣ ਦੇ ਸਟਾਲ ’ਤੇ ਲੈ ਗਏ।
ਆਗਰਾ ਏਅਰ ਫੋਰਸ ਸਟੇਸ਼ਨ ਉਦੋਂ ਬੰਬਰ ਬੇਸ ਸੀ। ਕੁਝ ਸੁਕਆਡਰਨ ਦੂਜੇ ਏਅਰ ਫੋਰਸ ਸਟੇਸ਼ਨਾਂ ਤੋਂ ਵੀ ਆਏ ਹੋਏ ਸਨ। ਟ੍ਰੇਨਿੰਗ ਸੈਂਟਰਾਂ ਤੋਂ ਸਾਡੇ ਵਾਂਗ ਤਕਨੀਸ਼ਨਾਂ ਦੇ ਹੋਰ ਗਰੁੱਪ ਵੀ ਆ ਰਹੇ ਸਨ। ਏਨੇ ਹਵਾਈ ਸੈਨਿਕਾਂ ਲਈ ਬੈਰਕਾਂ ’ਚ ਜਗ੍ਹਾ ਨਹੀਂ ਸੀ। ਕਾਫੀ ਤੰਬੂ ਲਾਏ ਹੋਏ ਸਨ। ਮੈਂ ਤੇ ਮਨਜੀਤ ਨੇ ਵੀ ਇਕ ਤੰਬੂ ’ਚ ਡੇਰਾ ਲਾ ਲਿਆ। ਸਾਡੀ ਬਦਲੀ ਆਗਰਾ ‘ਵਿੰਗ’ ਦੀ ਹੋਈ ਸੀ। ਮਨਜੀਤ ਤਾਂ ਵਿੰਗ ’ਚ ਹੀ ਰਿਹਾ। ਮੈਨੂੰ ਅਗਾਂਹ ਨੰਬਰ 5 ਸੁਕਆਡਰਨ ’ਚ ਬਦਲ ਦਿੱਤਾ ਗਿਆ। ਏਥੇ ਮੈਂ ਪਾਠਕਾਂ ਨੂੰ ਵਿੰਗ ਅਤੇ ਸੁਕਆਡਰਨ ਬਾਰੇ ਮੋਟੀ ਜਿਹੀ ਜਾਣਕਾਰੀ ਦੇ ਰਿਹਾਂ। ਆਮ ਤੌਰ ’ਤੇ ਹਰ ਵੱਡਾ ਏਅਰ ਫੋਰਸ ਸਟੇਸ਼ਨ ਵਿੰਗ ਦਾ ਦਰਜਾ ਰੱਖਦਾ ਹੈ। ਹਰ ਵਿੰਗ ਦਾ ਨੰਬਰ ਹੁੰਦਾ ਹੈ। ਏਅਰ ਫੋਰਸ ਸਟੇਸ਼ਨ ’ਚ ਸਥਿਤ ਸਾਰੇ ਸੁਕਆਡਰਨ ਵਿੰਗ ਦੀ ਕਮਾਂਡ ਹੇਠ ਹੁੰਦੇ ਹਨ, ਵਿੰਗ ਦਾ ਕਮਾਂਡੈਂਟ, ਜਿਸਨੂੰ ‘ਸਟੇਸ਼ਨ ਕਮਾਂਡਰ’ ਵੀ ਕਿਹਾ ਜਾਂਦੈ, ਸੁਕਆਡਰਨ ਦੇ ਕਮਾਂਡਰਾਂ ਨਾਲ਼ੋਂ ਵੱਡੇ ਰੈਂਕ ਦਾ ਹੁੰਦਾ ਹੈ। ਪਾਠਕਾਂ ਦੀ ਸਹੂਲਤ ਲਈ ਮੈਂ ‘ਏਅਰਫੋਰਸ ਸਟੇਸ਼ਨ’ ਨੂੰ ‘ਹਵਾਈ ਅੱਡਾ’ ਲਿਖਾਂਗਾ।
ਵਿੰਗ ’ਚ ਜਹਾਜ਼ ਨਹੀਂ ਹੁੰਦੇ, ਸੁਕਆਡਰਨਾਂ ’ਚ ਹੀ ਹੁੰਦੇ ਹਨ। ਜਹਾਜ਼ਾਂ ਦੀਆਂ ਮੁਰੰਮਤਾਂ ਅਤੇ ਪ੍ਰਬੰਧਕੀ ਕੰਮ-ਕਾਜ ਸੁਕਆਡਰਨ ਆਪਣੇ ਹਿਸਾਬ ਨਾਲ਼ ਚਲਾਉਂਦੇ ਹਨ। ਸੁਕਆਡਰਨਾਂ ਨੂੰ ਲੋੜੀਂਦੀਆਂ ਮਹੱਤਵਪੂਰਨ ਸੇਵਾਵਾਂ ਵਿੰਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੇਵਾਵਾਂ ਵਾਸਤੇ, ਵਿੰਗ ਦੇ ਕੰਟਰੋਲ ਹੇਠ ਸੈਕਸ਼ਨ ਬਣੇ ਹੁੰਦੇ ਹਨ ਜਿਵੇਂ ਜਹਾਜ਼ਾਂ ਲਈ ਫਿਊਲ ਸਪਲਾਈ ਕਰਨ ਵਾਸਤੇ ‘ਰੀਫਿਊਲਿੰਗ ਸੈਕਸ਼ਨ’, ਅੱਗ ਦੇ ਹਾਦਸਿਆਂ ’ਤੇ ਕਾਬੂ ਪਾਉਣ ਲਈ ‘ਫਾਇਰ ਸੈਕਸ਼ਨ’, ਜਹਾਜ਼ਾਂ ਦੇ ਟਰੈਫਿਕ ਨੂੰ ਕੰਟਰੋਲ ਕਰਨ ਲਈ ‘ਫਲਾਈਂਗ ਕੰਟਰੋਲ ਟਾਵਰ’ ਆਦਿ।
ਸਾਡਾ ਸੁਕਆਡਰਨ, ਕੈਨਬਰਾ B-58 ਬੰਬਰ ਜਹਾਜ਼ਾਂ ਦਾ ਸੁਕਆਡਰਨ ਸੀ। ਇਸ ਜਹਾਜ਼ ਵਿਚ ਦੋ ਜੈੱਟ ਇੰਜਣ ਹੁੰਦੇ ਸਨ। ਪਾਇਲਟ ਨਾਲ਼ ਨੇਵੀਗੇਟਰ ਵੀ ਉੱਡਦਾ ਸੀ। ਜਹਾਜ਼ ਵਿਚ ਵੱਖ-ਵੱਖ ਸਾਈਜ਼ਾਂ ਦੇ ਬੰਬੇ ਫਿੱਟ ਕੀਤੇ ਜਾ ਸਕਦੇ ਸਨ, ਜਿਨ੍ਹਾਂ ਦੇ ਕੁਲ ਭਾਰ ਦੀ ਸੀਮਾਂ 8000 ਪੌਂਡ ਸੀ। ਗੋਲ਼ੀਬਾਰੀ ਕਰਨ ਲਈ ਚਾਰ ਗੰਨਾਂ ਫਿੱਟ ਸਨ। ਟੈਂਕਾਂ ਅਤੇ ਸਖਤ ਮੈਟੀਰੀਅਲ ਦੇ ਹੋਰ ਟਾਰਗਿਟਾਂ ਨੂੰ ਫੁੰਡਣ ਲਈ ਰਾਕਟ ਵੀ ਲੋਡ ਕੀਤੇ ਜਾ ਸਕਦੇ ਸਨ। ਬਾਰੂਦ ਦਾ ਐਨਾ ਲੋਡ ਲੈ ਕੇ ਇਹ ਜਹਾਜ਼ ਦੁਸ਼ਮਣ ਦੇ ਦੁਰਾਡੇ ਟਿਕਾਣਿਆਂ ’ਤੇ ਮਾਰ ਕਰਨ ਲਈ ਚਾਰ ਘੰਟੇ ਲਗਾਤਾਰ ਉੱਡ ਸਕਦਾ ਸੀ। ਕੈਨਬਰਾ ਦੀ ਉਡਣ-ਉਚਾਈ 60, 000 ਫੁੱਟ ਤੱਕ ਸੀ। ਏਨੀ ਉਚਾਈ ’ਤੇ ਜਾ ਕੇ ਇਹ ਜਹਾਜ਼ ਆਪਣੇ ਸ਼ਕਤੀਸ਼ਾਲੀ ਕੈਮਰਿਆਂ ਨਾਲ਼ ਦੁਸ਼ਮਣ ਦੇ ਫੌਜੀ ਟਿਕਾਣਿਆਂ ਦੀ ਗੁਪਤ ਫੋਟੋਗ੍ਰਾਫੀ ਕਰ ਸਕਦਾ ਸੀ।
ਉਦੋਂ ਪਾਕਿਸਤਾਨ ’ਚ ਜਨਰਲ ਆਯੂਬ ਖਾਂ ਦੀ ਫੌਜੀ ਸਰਕਾਰ ਸੀ। ਉਸ ਸਰਕਾਰ ਨੂੰ ਆਪਣੀ ਫੌਜੀ ਸ਼ਕਤੀ ਦਾ ਹੰਕਾਰ ਹੋ ਗਿਆ। ਹੰਕਾਰ ਦੇ ਦੋ ਕਾਰਨ ਸਨ।
ਪਹਿਲਾ: ਪਾਕਿਸਤਾਨ ਕੋਲ਼ ਅਮਰੀਕਾ ਦੇ ਬਣੇ ਪੈਟਨ ਟੈਂਕ ਅਤੇ ਸੈਬਰੇ ਜੈੱਟ ਤੇ ਸਟਾਰਫਾਈਟਰ ਜਹਾਜ਼ ਸਨ, ਜੋ ਭਾਰਤ ਦੇ ਮੁਕਾਬਲੇ ਨਵੇਂ ਸਨ।
ਦੂਜਾ: ਯੁੱਧ-ਕਲਾ ਦੇ ਪੱਖ ਤੋਂ ਪਾਕਿਸਤਾਨੀ ਫੌਜ ਆਪਣੇ ਆਪ ਨੂੰ ਭਾਰਤੀ ਫੌਜ ਨਾਲ਼ੋਂ ਵਧੇਰੇ ਨਿਪੁੰਨ ਸਮਝਦੀ ਸੀ। ਇਹ ਧਾਰਨਾ ਤਿੰਨ ਸਾਲ ਪਹਿਲਾਂ ਹੋਈ ਭਾਰਤ-ਚੀਨ ਜੰਗ ਦੇ ਆਧਾਰ ’ਤੇ ਬਣਾਈ ਗਈ ਸੀ, ਜਿਸ ਵਿਚ ਭਾਰਤ ਨੂੰ ਹਾਰ ਖਾਣੀ ਪਈ ਸੀ।
ਫੌਜੀ ਸ਼ਕਤੀ ਦੇ ਇਸ ਗੁਮਾਨ ਵਿਚ ਪਾਕਿਸਤਾਨ ਨੇ ਕਸ਼ਮੀਰ ’ਤੇ ਕਬਜਾ ਕਰਨ ਦੀ ਪਲਾਨ ਬਣਾ ਕੇ ਜੰਗ ਛੇੜ ਲਈ। ਇਸ ਜੰਗ ਵਿਚ ਫੌਜਾਂ ਦੇ ਭੇੜ ਤਾਂ ਕਈ ਥਾਵਾਂ ’ਤੇ ਹੋਏ ਪਰ ਘਮਸਾਨ ਦੀਆਂ ਲੜਾਈਆਂ ਹੇਠ ਲਿਖੇ ਤਿੰਨ ਸੈਕਟਰਾਂ ’ਚ ਹੋਈਆਂ:
(1) ਛੰਭ ਸੈਕਟਰ:
ਪਾਕਿਸਤਾਨ ਦਾ ਪਹਿਲਾ ਵੱਡਾ ਐਕਸ਼ਨ ‘ਅਪਰੇਸ਼ਨ ਗਰੈਂਡਸਲੈਮ’ ( ਉੱਤਮ ਤਰੀਕੇ ਨਾਲ਼ ਪਟਕਾ ਕੇ ਮਾਰਨ ਵਾਲ਼ਾ ਅਪਰੇਸ਼ਨ) ਸੀ। ਪਾਕਿਸਤਾਨੀ ਫੌਜਾਂ ਨੇ 1 ਸਤੰਬਰ, 1965 ਨੂੰ ਟੈਂਕਾਂ-ਤੋਪਾਂ ਦੀ ਵੱਡੀ ਸੰਖਿਆ ਨਾਲ਼ ਹਮਲਾ ਕਰ ਦਿੱਤਾ। ਮਕਸਦ ਜੰਮੂ ਏਰੀਏ ਦੇ ਕਸਬੇ ‘ਅਖਨੂਰ’ ’ਤੇ ਕਬਜ਼ਾ ਕਰਕੇ ਕਸ਼ਮੀਰ ਦੀ ਸਪਲਾਈ-ਲਾਈਨ ਕੱਟਣ ਦਾ ਸੀ। ਇਸ ਅਚਨਚੇਤੀ ਹਮਲੇ ਲਈ ਭਾਰਤ ਤਿਆਰ ਨਹੀਂ ਸੀ। ਜਿਹੜੀ ਥੋੜ੍ਹੀ ਕੁ ਫੌਜ ਓਥੇ ਸੀ, ਉਸਦਾ ਕਾਫੀ ਨੁਕਸਾਨ ਹੋਇਆ। ਦੁਸ਼ਮਣ ਨੂੰ ਠੱਲ੍ਹ ਹਵਾਈ ਹਮਲਿਆਂ ਨਾਲ਼ ਹੀ ਪਾਈ ਜਾ ਸਕਦੀ ਸੀ। ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਹਵਾਈ ਸੈਨਾ ਦੇ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਨੂੰ ‘ਬਾਦਲੋਂ ਕੀ ਤਰਹ ਛਾ ਜਾਓ’ ਦਾ ਆਦੇਸ਼ ਦੇ ਦਿੱਤਾ। ਭਾਰਤ ਦੇ ਵੈਂਪਾਇਰ, ਨੈਟ, ਹੰਟਰ, ਮਿਸਟੀਅਰ ਤੇ ਕੈਨਬਰਾ ਜਹਾਜਾਂ ਨੇ ਆਕਾਸ਼ ਮੱਲ ਲਿਆ। ਜਵਾਬ ਵਿਚ ਪਾਕਿਸਤਾਨੀ ਸੈਬਰੇ, F-104 ਸਟਾਰ ਫਾਈਟਰ ਤੇ ਮਾਰਟਿਨ B-57 ਕੈਨਬਰਾ ਜਹਾਜ਼ ਵੀ ਆ ਧਮਕੇ। ਡਟਵੀਆਂ ਡੌਗ ਫਾਈਟਾਂ (ਹਵਾਈ ਜਹਾਜ਼ਾਂ ਦੀਆਂ ਲੜਾਈਆਂ) ਹੋਈਆਂ। ਭਾਰਤੀ ਪਾਇਲਟਾਂ ਲਈ ਇਹ ਦੋਹਰਾ ਕਾਰਜ ਸੀ। ਦੁਸ਼ਮਣ ਦੇ ਟੈਂਕ ਭੰਨਣੇ ਅਤੇ ਨਾਲ਼ ਦੀ ਨਾਲ਼ ਹਮਲਾਵਰ ਜਹਾਜ਼ਾਂ ਨਾਲ਼ ਭਿੜਨਾ। ਨੈਟਾਂ ਨੇ ਸੈਬਰੇ ਭੁੰਨੇ ਅਤੇ ਦੂਜੇ ਜਹਾਜ਼ਾਂ ਨੇ ਟੈਂਕ ਤੋੜੇ। ਪਾਕਿਸਤਾਨ ਦਾ ਇਹ ਅਪਰੇਸ਼ਨ ਫਿਹਲ ਹੋ ਗਿਆ।
(2) ਲਾਹੌਰ ਸੈਕਟਰ: ਭਾਰਤੀ ਕਮਾਂਡਰਾਂ ਨੇ ਪਾਕਿਸਤਾਨੀ ਫੌਜ ਦਾ ਧਿਆਨ ਜੰਮੂ-ਕਸ਼ਮੀਰ ਵੱਲੋਂ ਹਟਾਉਣ ਲਈ ਲਾਹੌਰ ਵੱਲ ਨੂੰ ਮੋਰਚਾ ਖੋਲ੍ਹ ਦਿੱਤਾ। ਪਾਕਿਸਤਾਨੀ ਫੌਜ ਨੇ ਇਛੋਗਿਲ ਨਹਿਰ ਦੇ ਪੱਛਮੀ ਕੰਢੇ ਤੋਂ ਜਵਾਬੀ ਹਮਲਾ ਕੀਤਾ। ਪਰ ਭਾਰਤ ਦੀਆਂ ਜ਼ਮੀਨੀ ਤੇ ਹਵਾਈ ਸੈਨਾਵਾਂ ਨੇ ਰਲ਼ ਕੇ ਉਹ ਹਮਲਾ ਨਾਕਾਮ ਕਰ ਦਿੱਤਾ। ਪਿਛਾਂਹ ਹਟ ਰਹੀ ਪਾਕਾਸਤਾਨੀ ਫੌਜ ਨੇ ਨਹਿਰ ਦੇ ਪੁਲ਼ ਤੋੜਨੇ ਸ਼ੁਰੂ ਕਰ ਦਿੱਤੇ। ਕੁਝ ਪੁਲ਼ਾਂ ’ਤੇ ਭਾਰਤੀ ਫੌਜ ਨੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਪੁਲ਼ਾਂ ਰਾਹੀਂ ਲਾਹੌਰ ਦੇ ਉੱਤਰ ’ਚ ਪੈਂਦੇ ਦੋਗਰਾਈ ਅਤੇ ਬਰਕੀ ਪਿੰਡਾਂ ’ਚ ਆਪਣੇ ਪੈਰ ਜਮਾ ਲਏ। ਇੱਥੋਂ ਲਾਹੌਰ ਇੰਟਰਨੈਸ਼ਨਲ ਏਅਰਪੋਰਟ ਭਾਰਤੀ ਫੌਜਾਂ ਦੀਆਂ ਤੋਪਾਂ ਦੀ ਮਾਰ ਹੇਠ ਸੀ।
(3) ਖੇਮਕਰਨ ਸੈਕਟਰ: ਅਗਲੇ ਦਿਨਾਂ ਵਿਚ ਪਾਕਿਸਤਾਨੀ ਤੋਪਖਾਨੇ ਨੇ ਖੇਮਕਰਨ ਸੈਕਟਰ ਵੱਲੋਂ ਧਾਵਾ ਬੋਲ ਦਿੱਤਾ। ਮੰਤਵ ਜਲੰਧਰ-ਅੰਮ੍ਰਿਤਸਰ ਸੜਕ ’ਤੇ ਸਥਿਤ ਬਿਆਸ ਦੇ ਪੁਲ਼ ਨੂੰ ਅਧਿਕਾਰ ਹੇਠ ਕਰਕੇ ਅੰਮ੍ਰਿਤਸਰ ’ਤੇ ਕਬਜ਼ਾ ਕਰਨਾ ਸੀ। ਓਥੇ ਭਾਰਤੀ ਫੌਜ ਦੀ ਨਫਰੀ ਥੋੜ੍ਹੀ ਸੀ। ਭਾਰਤੀ ਹਵਾਈ ਜਹਾਜ਼ ਜ਼ਮੀਨੀ ਫੌਜ ਦੀ ਸਹਾਇਤਾ ’ਚ ਜੁੱਟ ਗਏ। ਏਨੇ ਨੂੰ ਕੁਮਕ ਵਾਲ਼ਾ ਤੋਪਖਾਨਾ ਵੀ ਪਹੁੰਚ ਗਿਆ। ਸਾਡੇ ਜਹਾਜ਼ਾਂ ਤੇ ਟੈਂਕਾਂ ਨੇ ਪਾਕਿਸਤਾਨੀ ਟੈਂਕਾਂ ਦੇ ਪਰਖਚੇ ਉਡਾ ਦਿੱਤੇ। ਪਾਕਿਸਤਾਨੀ ਫੌਜ ਖੇਮਕਰਨ ਤੋਂ ਅਗਾਂਹ ਨਾ ਵੱਧ ਸਕੀ। ਭਾਰਤ ਦੇ 30 ਟੈਂਕ ਤਬਾਹ ਹੋਏ। ਪਾਕਿਸਤਾਨ ਦੇ ਤਬਾਹ ਹੋਏ ਅਤੇ ਕਬਜ਼ੇ ’ਚ ਕੀਤੇ ਟੈਂਕਾ ਦੀ ਗਿਣਤੀ 100 ਦੇ ਕਰੀਬ ਸੀ। ਇਸ ਸਥਾਨ ਨੂੰ ‘ਪੈਟਨ ਟੈਂਕਾਂ ਦਾ ਕਬਰਿਸਤਾਨ’ ਦਾ ਨਾਂ ਦਿੱਤਾ ਗਿਆ।
ਇਸ ਜੰਗ ਵਿਚ ਹੋਈਆਂ ਟੈਂਕਾਂ ਦੀਆਂ ਲੜਾਈਆਂ, ਦੂਜੀ ਵਿਸ਼ਵ ਜੰਗ ਤੋਂ ਬਾਅਦ ਦੀਆਂ ਵੱਡੀਆਂ ਲੜਾਈਆਂ ਮੰਨੀਆਂ ਜਾਂਦੀਆਂ ਹਨ।
ਦੋਨਾਂ ਦੇਸ਼ਾਂ ਦੇ ਜਹਾਜ਼ ਜ਼ਮੀਨੀ ਫੌਜਾਂ ਦੀ ਸਹਾਇਤਾ ਦੇ ਨਾਲ਼-ਨਾਲ਼ ਇਕ-ਦੂਜੇ ਦੇ ਹਵਾਈ ਅਡਿੱਆਂ ’ਤੇ ਵੀ ਹਮਲੇ ਕਰ ਰਹੇ ਸਨ। ਸਾਡੇ ਕੈਨਬਰਾ ਜਹਾਜ਼ਾਂ ਦੇ ਅਪਰੇਸ਼ਨ ਦਿਨੇ ਵੀ ਤੇ ਰਾਤ ਨੂੰ ਵੀ ਚਲਦੇ ਸਨ। ਤਕਨੀਸ਼ਨ ਖਾਣ-ਪੀਣ ਤੇ ਸੌਣ ਵਾਸਤੇ ਥੋੜ੍ਹੇ ਕੁ ਸਮੇਂ ਲਈ ਹੀ ਜਾਂਦੇ ਸਨ। ਸਾਰੇ ਇੱਕੋ ਸਮੇਂ ਨਹੀਂ ਸਨ ਜਾਂਦੇ।
ਜਹਾਜ਼ਾਂ ਦੀ ਸਰਵਿਸਿੰਗ ਦਾ ਕੰਮ ਕਾਫੀ ਸੀ। ਮੈਨੂੰ ਜਦੋਂ ਕਦੀ ਆਪਣੇ ਟਰੇਡ ਦੇ ਕੰਮ ਤੋਂ ਵਿਹਲ ਮਿਲਦੀ, ਮੈਂ ਹਥਿਆਰਸਾਜ਼ਾਂ ਨਾਲ਼ ਜਾ ਲਗਦਾ। ਜਹਾਜ਼ ਦੇ ਚੁਗਾਠੇ ਦੇ ਹੇਠਲੇ ਹਿੱਸੇ (Fuselage) ਵਿਚ ਫਿੱਟ ਕਰਨ ਵਾਲ਼ੇ ਬੰਬ ਹਾਈਡਰਾਲਿਕ ਟਰਾਲੀ ’ਤੇ ਰੱਖੇ ਹੁੰਦੇ ਸਨ। ਟਰਾਲੀ ਦੀ ਅਲਾਈਨਮੈਂਟ ਬਹੁਤ ਸੂਖਮ ਸੀ। ਟਰਾਲੀ ਨੂੰ ਕਈ ਵਾਰ ਸੱਜੇ-ਖੱਬੇ ਕਰਨਾ ਪੈਂਦਾ ਸੀ। ਪਹਿਲੀ ਸੱਟੇ ਹੀ ਅਲਾਈਨਮੈਂਟ ਕਰਨ ਵਾਲ਼ੇ ਹਥਿਆਰਸਾਜ਼ ਥੋੜ੍ਹੇ ਕੁ ਹੀ ਸਨ। ਭਾਵੇਂ ਉਹ ਕੰਮ ਮੇਰੀ ਟਰੇਡ ਦਾ ਨਹੀਂ ਸੀ, ਮੈਂ ਵੀ ਪਹਿਲੀ ਸੱਟੇ ਹੀ ਕਰ ਦੇਂਦਾ ਸੀ।
ਜਹਾਜ਼ਂ ਦੇ ਸਾਰੇ ਅਪਰੇਸ਼ਨਾਂ ਦਾ ਤਕਨੀਸ਼ਨਾਂ ਨੂੰ ਨਹੀਂ ਪਤਾ ਹੁੰਦਾ। ਮੈਂ ਦੋ ਦਾ ਜ਼ਿਕਰ ਕਰ ਰਿਹਾਂ। 7 ਸਤੰਬਰ ਨੂੰ ਕੈਨਬਰਾ ਜਹਾਜ਼ਾਂ ਨੇ ਪਾਕਿਸਤਾਨ ਦੇ ਸੁਰਖਿਅਤ ਹਵਾਈ ਅੱਡੇ ਸਰਗੋਧਾ ’ਤੇ 33 ਹਮਲੇ ਕਰਕੇ ਬਾਰੂਦ ਦਾ ਮੀਂਹ ਵਰ੍ਹਾਇਆ ਤੇ ਕਾਫੀ ਨੁਕਸਾਨ ਕੀਤਾ। ਪਾਕਿਸਤਾਨ ਹਵਾਈ ਸੈਨਾ ਵਿਚ ਤਰਥੱਲੀ ਮਚਾਉਣ ਵਾਲ਼ੀ ਘਟਨਾ ਸੀ ਇਹ। 21 ਸਤੰਬਰ ਨੂੰ ਦਿਨ-ਦਿਹਾੜੇ 6 ਕੈਨਬਰੇ ਸਾਡੇ ਸੁਕਆਡਰਨ ਕਮਾਂਡਰ, ਵਿੰਗ ਕਮਾਂਡਰ ਪ੍ਰਿਥੀਪਾਲ ਸਿੰਘ ਦੀ ਅਗਵਾਈ ਵਿਚ ਪਾਕਿਸਤਾਨ ਦੇ ਬਾਦਿਨ ਹਵਾਈ ਅੱਡੇ ’ਤੇ ਜਾ ਗੱਜੇ। ਪਹਿਲਾਂ ਇਕ ਕੈਨਬਰੇ ਨੇ ਕਾਫੀ ਉਚਾਈ ਤੋਂ ਦਿਖਾਈ ਦੇ ਕੇ ਜਹਾਜ਼-ਮਾਰੂ ਤੋਪਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫਿਰ ਪੰਜ ਕੈਨਬਰਿਆਂ ਨੇ ਅੱਗੇ-ਪਿੱਛੇ ਉੱਪਰੋਥਲੀ ਦੋ ਦਫਾ ਬਹੁਤ 1’ਹੀ ਨੀਵੇਂ ਜਾ ਕੇ ਬੰਬਾਂ ਤੇ ਰਾਕਟਾਂ ਦੀ ਵਾਛੜ ਨਾਲ਼ ਓਥੋਂ ਦੇ ਬਹੁਤ ਹੀ ਸ਼ਕਤੀਸ਼ਾਲੀ ਰੇਡਾਰ ਦੇ ਫੂਸੜੇ ਉਡਾ ਦਿੱਤੇ। ਵਾਪਸ ਮੁੜਦਿਆਂ ਇਕ ਕੈਨਬਰਾ ਪਾਕਿਸਤਾਨੀ ਫਾਈਟਰ ਜਹਾਜ਼ ਨੇ ਸੁੱਟ ਲਿਆ। ਪਾਇਲਟ ਤੇ ਨੇਵੀਗੇਟਰ (ਨਾਂ ਭੁੱਲ ਗਏ ਹਨ) ਪੈਰਾਸ਼ੂਟਾਂ ਰਾਹੀਂ ਬਾਹਰ ਤਾਂ ਆ ਗਏ ਪਰ ਜੰਗੀ ਕੈਦੀ ਬਣਾ ਲਏ ਗਏ।
ਅਮਰੀਕਾ ਤੇ ਰੂਸ ਜੰਗਬੰਦੀ ਵਾਸਤੇ ਦਬਾਓ ਪਾ ਰਹੇ ਸਨ। 22 ਸਤੰਬਰ ਨੂੰ ਜੰਗਬੰਦੀ ਦਾ ਐਲਾਨ ਹੋ ਗਿਆ। ਜੰਗਾਂ ਦੇ ਵਿਸ਼ਲੇਸ਼ਕ ਇਸ ਜੰਗ ਨੂੰ ਗਤੀਰੋਧ ਜੰਗ ਆਖਦੇ ਹਨ ਯਾਨਿ ਜ਼ੋਰ-ਸ਼ੋਰ ਨਾਲ਼ ਚੱਲ ਰਹੀ ਜੰਗ ਫੈਸਲਾਕੁੰਨ ਬਣਨ ਤੋਂ ਪਹਿਲਾ ਹੀ ਰੋਕ ਦਿੱਤੀ ਗਈ। ਉਨ੍ਹਾਂ ਅਨੁਸਾਰ ਜੇ ਜੰਗ ਕੁਝ ਦਿਨ ਹੋਰ ਜਾਰੀ ਰਹਿੰਦੀ ਤਾਂ ਭਾਰਤ ਨੂੰ ਫੈਸਲਾਕੁੰਨ ਜਿੱਤ ਹਾਸਲ ਹੋ ਜਾਣੀ ਸੀ।
ਭਾਰਤ ਨੇ ਪਾਕਿਸਤਾਨ ਦਾ 3800 ਵਰਗ ਕਿਲੋਮੀਟਰ ਇਲਾਕਾ ਮੱਲ ਲਿਆ ਸੀ। ਜਦੋਂ ਕਿ ਪਾਕਿਸਤਾਨ ਸਿਰਫ 540 ਵਰਗ ਕਿਲੋਮੀਟਰ ਹੀ ਮੱਲ ਸਕਿਆ। ਭਾਰਤ ਦੇ 128 ਟੈਂਕ ਅਤੇ 59 ਜਹਾਜ਼ ਤਬਾਹ ਹੋਏ। ਕਰੀਬ 3000 ਫੌਜੀਆਂ ਨੇ ਜਾਨਾਂ ਵਾਰੀਆਂ। ਪਾਕਿਸਤਾਨ ਦੇ 302 ਟੈਂਕ ਅਤੇ 104 ਜਹਾਜ਼ ਤਬਾਹ ਹੋਏ। 3800 ਫੌਜੀਆਂ ਨੇ ਜਾਨਾਂ ਵਾਰੀਆਂ ਪਰ ਪਾਕਿਸਤਾਨ ਦੀ ਫੌਜੀ ਸਰਕਾਰ, ਲੋਕਾਂ ਵਿਚ ਆਪਣੀ ਸਾਖ ਡਿਗਣ ਦੇ ਡਰੋਂ, ਭਾਰਤ ਦਾ ਪਾਕਿਸਤਾਨ ਨਾਲ਼ੋਂ ਵੱਧ ਨੁਕਸਾਨ ਦੱਸ ਰਹੀ ਸੀ।
ਜੰਗਬੰਦੀ ਤੋਂ ਬਾਅਦ ਰੂਸ ਨੇ ਮੀਜ਼ਬਾਨ ਬਣ ਕੇ ਆਪਣੇ ਸ਼ਹਿਰ ਤਾਸ਼ਕੰਦ (ਹੁਣ ਉਜ਼ਬੇਕਿਸਤਾਨ) ਵਿਖੇ ਲਾਲ ਬਹਾਦਰ ਸ਼ਾਸਤਰੀ ਤੇ ਆਯੂਬ ਖਾਂ ਦਾ ਸਮਝੌਤਾ ਕਰਵਾ ਦਿੱਤਾ। ਸਮਝੌਤੇ ਅਨੁਸਾਰ ਦੋਨਾਂ ਨੇਤਾਵਾਂ ਨੇ ਇਹ ਪ੍ਰਵਾਨ ਕਰ ਲਿਆ ਕਿ ਉਨ੍ਹਾਂ ਦੀਆਂ ਫੌਜਾਂ ਮੱਲੇ ਹੋਏ ਇਲਾਕਿਆਂ ਨੂੰ ਖਾਲੀ ਕਰਕੇ, ਜੰਗ ਤੋਂ ਪਹਿਲਾਂ ਵਾਲ਼ੀਆਂ ਪੁਜ਼ੀਸ਼ਨਾਂ ’ਤੇ ਪਰਤ ਜਾਣਗੀਆਂ।
ਸਵਾਲ ਪੈਦਾ ਹੁੰਦਾ ਹੈ ਕਿ ਇਸ ਜੰਗ ਵਿੱਚੋਂ ਆਖਰ ਨਿਕਲ਼ਿਆ ਕੀ? ਦੋਨਾਂ ਦੇਸ਼ਾ ਦੇ 6800 ਸੈਨਿਕਾਂ ਦੀਆਂ ਜਾਨਾਂ ਗਈਆਂ। ਮਾਪਿਆਂ ਤੋਂ ਉਨ੍ਹਾਂ ਦੇ ਪੁੱਤਰ, ਪਤਨੀਆਂ ਤੋਂ ਉਨ੍ਹਾਂ ਦੇ ਸਿਰਾਂ ਦੇ ਸਾਈਂ, ਭੈਣਾਂ ਤੋਂ ਉਨ੍ਹਾਂ ਦੇ ਵੀਰ ਤੇ ਬੱਚਿਆਂ ਤੋਂ ਉਨ੍ਹਾਂ ਦੇ ਪਿਤਾ ਸਦਾ ਲਈ ਵਿੱਛੜ ਗਏ। 6800 ਘਰਾਂ ਵਿਚ ਉਮਰਾਂ ਜੇਡੇ ਹਨ੍ਹੇਰੇ ਛਾ ਗਏ। ਸੈਂਕੜੇ ਅੰਗਹੀਣ ਹੋਏ ਸੈਨਿਕ ਆਪਣੇ ਪਰਿਵਾਰਾਂ ’ਤੇ ਬੋਝ ਬਣ ਗਏ। ਪਰ ਕਾਹਦੇ ਲਈ?
ਮੰਨਦੇ ਹਾਂ ਕਿ ਦੇਸ਼ ਵਿਅਕਤੀ ਨਾਲ਼ੋਂ ਵੱਧ ਮਹੱਤਵਪੂਰਨ ਹੁੰਦਾ ਹੈ। ਸੈਨਿਕਾਂ ਨੇ ਦੇਸ਼ ਵਾਸਤੇ ਲਹੂ ਡੋਲ੍ਹਿਆ। ਪਰ ਜੇ ਜੰਗ ਤੋਂ ਬਾਅਦ ਮੁੜ ਕੇ ਪਹਿਲਾਂ ਵਾਲੀਆਂ ਪੁਜ਼ੀਸ਼ਨਾਂ ’ਤੇ ਹੀ ਆਉਣਾ ਸੀ ਤਾਂ ਲਹੂ ਡੋਲ੍ਹਣ ਦਾ ਲਾਭ ਕੀ ਹੋਇਆ?
ਲਾਭ ਖੱਟ ਗਏ ਹਥਿਆਰਾਂ ਦੇ ਵਪਾਰੀ। ਜੰਗ ਤੋਂ ਬਾਅਦ ਇਹ ਵਪਾਰ ਹੋਰ ਪ੍ਰਫੁੱਲਤ ਹੋਣ ਲੱਗ ਪਿਆ। ਅਮਰੀਕਾ ਨੂੰ ਪਾਕਿਸਤਾਨ ਤੋਂ ਨਵੇਂ ਆਰਡਰ ਮਿਲ਼ ਗਏ ਤੇ ਭਾਰਤ ਰੂਸ ਤੋਂ ਖਰੀਦਣ ਲੱਗ ਪਿਆ। ਵਪਾਰੀਆਂ ਨੂੰ ਮੌਕਾ ਕੀਹਨੇ ਦਿੱਤਾ? ਪਾਕਿਸਤਾਨ ਨੇ। ਲੜਾਈ ਉਸ ਨੇ ਛੇੜੀ ਸੀ, ਕਸ਼ਮੀਰ ’ਤੇ ਕਬਜ਼ਾ ਕਰਨ ਲਈ।
ਸਮਝੌਤੇ ਦੇ ਅਖੀਰ ’ਚ ਦੁਖਦਾਈ ਘਟਨਾ ਵਾਪਰ ਗਈ। ਤਾਸ਼ਕੰਦ ਵਿਖੇ 10 ਜਨਵਰੀ 1966 ਦੀ ਰਾਤ ਨੂੰ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਦਿਲ ਦਾ ਦੌਰਾ ਪਿਆ ਤੇ ਉਸਦਾ ਦੇਹਾਂਤ ਹੋ ਗਿਆ। ਅਜੋਕੇ ਭ੍ਰਿਸ਼ਟ ਰਾਜਨੀਤਕਾਂ ਦੇ ਮੁਕਾਬਲੇ ਉਹ ਈਮਾਨਦਾਰ, ਨੇਕ ਦਿਲ ਤੇ ਦੇਸ਼ਵਾਸੀਆਂ ਲਈ ਸੁਹਿਰਦ ਰਾਜਨੀਤਕ ਸੀ।
1966 ਦੇ ਫਰਵਰੀ ਜਾਂ ਸ਼ਾਇਦ ਮਾਰਚ ਮਹੀਨੇ ਵਿਚ ਆਗਰੇ ਹਵਾਈ ਅੱਡੇ ’ਚ ਹੋਈ ਪਰੇਡ ਵਿਚ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਨੇ ਪਾਇਲਟਾਂ ਤੇ ਏਅਰਮੈਨਾਂ ਨੂੰ ਸਨਮਾਨ ਪ੍ਰਦਾਨ ਕੀਤੇ। ਸਾਡੇ ਸੁਕਆਡਰਨ ਦੇ ਆਫਿਸਰ ਕਮਾਂਡਿੰਗ ਵਿੰਗ ਕਮਾਂਡਰ ਪ੍ਰਿਥੀਪਾਲ ਸਿੰਘ ਨੂੰ ਮਹਾਂਵੀਰ ਚੱਕਰ ਤੇ ਦੋ ਹੋਰ ਪਾਇਲਟਾਂ (ਨਾਂ ਭੁੱਲ ਗਏ ਹਨ) ਨੂੰ ਵੀਰ ਚੱਕਰ, ਦੂਜੇ ਸੁਕਆਡਰਨ ਦੇ ਇਕ ਪਾਇਲਟ ਤੇ ਨੇਵੀਗੇਟਰ ਨੂੰ ਵੀਰ ਚੱਕਰ ਭੇਂਟ ਕੀਤੇ ਗਏ। ਦੋ ਸੁਕਆਡਰਨਾਂ ਦੇ ਚਾਰ ਸਾਰਜੈਂਟਾਂ ਨੂੰ ਸੇਵਾ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ।
ਫੌਜੀਆਂ ਦੇ ਆਦਰ-ਮਾਣ ਵਜੋਂ ਉਨ੍ਹਾਂ ਨੂੰ ਸਿਨਮੇ ਦੀਆਂ ਟਿਕਟਾਂ ’ਤੇ ਮਨੋਰੰਜਨ ਟੈਕਸ ਦੀ ਛੋਟ ਦਿੱਤੀ ਗਈ। ਪਰ ਸੈਨਿਕਾਂ ਪ੍ਰਤੀ ਲੋਕਾਂ ਦਾ ਆਦਰ-ਮਾਣ ਛੇਤੀ ਹੀ ਖਤਮ ਹੋ ਗਿਆ। ਸਸਤੇ ਟਿਕਟਾਂ ’ਤੇ ਫਿਲਮਾਂ ਦੇਖਦੇ ਅਤੇ ਬਾਜ਼ਾਰਾਂ ’ਚ ਘੁੰਮਦੇ ਫੌਜੀ, ਲੋਕਾਂ ਦੀਆਂ ਅੱਖਾਂ ਵਿਚ ਚੁੱਭਣ ਲੱਗ ਪਏ। ਲੋਕਾਂ ਦੇ ਇਸ ਵਿਹਾਰ ਨੂੰ ਲੈ ਕੇ ਮੈਂ ‘ਲੈਂਟਰ ਹੇਠਲੇ ਫੱਟੇ’ ਕਹਾਣੀ ਲਿਖੀ।
ਸਾਡੀ ਰਿਹਾਇਸ਼ ਅਜੇ ਤੰਬੂਆਂ ’ਚ ਹੀ ਸੀ। ਨਵੀਆਂ ਬੈਰਕਾਂ ਦੀ ਉਸਾਰੀ ਦਾ ਕੰਮ ਮੁੱਕਣ ਨੇੜੇ ਸੀ। ਸਾਡੇ ਤੰਬੂ ਲਾਗੇ ਮੱਛਰ ਸਿੰਘ ਢੀਂਡਸਾ ਤੇ ਹਰਬੰਸ ਸਿੰਘ ਉੱਪਲ ਦਾ ਤੰਬੂ ਸੀ। ਮੱਛਰ ਦਾ ਜ਼ਿਲ੍ਹਾ ਸੰਗਰੂਰ ਤੇ ਹਰਬੰਸ ਦਾ ਜਲੰਧਰ ਸੀ। ਉਹ ਦੋਵੇਂ ਸਾਡੇ ਟਰੇਡ ਦੇ ਸਨ, ਮੈਥੋਂ ਤੇ ਮਨਜੀਤ ਤੋਂ ਇਕ ਐਂਟਰੀ ਸੀਨੀਅਰ। ਜਾਣ-ਪਛਾਣ ਟਰੇਨਿੰਗ ਸੈਂਟਰ ਤੋਂ ਹੀ ਬਣੀ ਹੋਈ ਸੀ। ਮੱਛਰ ਦੀ ਡੀਲ-ਡੌਲ ਉਸਦੇ ਨਾਂ ਤੋਂ ਬਿਲਕੁਲ ਉਲਟ ਸੀ। ਕਦ ਲੰਮਾ, ਸਰੀਰ ਭਾਰਾ ਪਰ ਕੱਸਿਆ ਹੋਇਆ। ਸੁਭਾਅ ਦਾ ਹਸਮੁੱਖ ਸੀ। ਦਰਮਿਆਨੇ ਸਰੀਰ ਦਾ ਹਰਬੰਸ ਸੀ ਤਾਂ ਸਾਦਾ ਜਿਹਾ ਪਰ ਚੁਟਕਲੇ ਸੁਣਾ ਕੇ ਅਗਲੇ ਦਾ ਧਿਆਨ ਖਿੱਚ ਲੈਂਦਾ। ਅਸੀਂ ਕੰਮਾਂ ਤੋਂ ਡੇਢ-ਦੋ ਵਜੇ ਵਿਹਲੇ ਹੋ ਜਾਂਦੇ ਸਾਂ। ਸ਼ਾਮ ਨੂੰ ਪੀ.ਟੀ ਵਗੈਰਾ ਨਹੀਂ ਸੀ। ਸਾਡਾ ਚੌਹਾਂ ਦਾ ਸ਼ਾਮ ਨੂੰ ਗੱਪ-ਸ਼ੱਪ ਮਾਰਨ ਤੇ ਮੈੱਸ ਨੂੰ ਇਕੱਠੇ ਜਾਣ ਦਾ ਰੁਟੀਨ ਬਣ ਗਿਆ। ਹਫਤੇ-ਦੋ ਹਫਤੇ ਬਾਅਦ ਰੰਮ ਦੇ ਪੈੱਗ ਲਾਉਂਦਿਆਂ ਕਦੇ ਹਾਸਾ-ਮਜ਼ਾਕ ਚੱਲ ਪੈਂਦਾ ਤੇ ਕਦੇ ਆਪੋ ਆਪਣੇ ਦੁੱਖ-ਸੁੱਖ ਸਾਂਝੇ ਕਰ ਲੈਂਦੇ। ਕਦੀ-ਕਦੀ ਸ਼ਹਿਰ ਚਲੇ ਜਾਂਦੇ।
ਜਮਨਾ ਦਰਿਆ ਦੇ ਕੰਢੇ ਵਸਿਆ ਆਗਰਾ ਪੁਰਾਤਨ ਸ਼ਹਿਰ ਹੈ। ਮੁਗਲ ਕਾਲ ਦੌਰਾਨ ਇਸ ਸ਼ਹਿਰ ਨੇ ਸ਼ਾਨਾਮੱਤਾ ਵਿਕਾਸ ਕੀਤਾ। ਆਗਰੇ ਦੀ ਵਿਸ਼ੇਸ਼ ਪਛਾਣ ਤਾਜ ਮਹੱਲ, ਫਤਿਹਪੁਰ ਸੀਕਰੀ, ਸਿਕੰਦਰਾ ਅਤੇ ਹੋਰ ਪ੍ਰਸਿੱਧ ਸਮਾਰਕ ਹਨ। ਇਨ੍ਹਾਂ ਸਮਾਰਕਾਂ ਦੀ ਭਵਨ-ਕਲਾ ਸ੍ਰੇਸ਼ਟ ਮੰਨੀ ਜਾਂਦੀ ਹੈ। ਮੁਗਲ ਕਾਲ ਦੌਰਾਨ ਆਗਰਾ ਮੁਸਲਮਾਨੀ ਕਲਚਰ, ਵਪਾਰ ਅਤੇ ਤਾਲੀਮ ਦਾ ਕੇਂਦਰ ਵੀ ਸੀ।
ਸ਼ਹਿਰ ਤੋਂ ਬਾਹਰ ਆਗਰਾ-ਦਿੱਲੀ ਸੜਕ ’ਤੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦਵਾਰਾ ‘ਗੁਰੂ ਕਾ ਤਾਲ’ ਸੁਸ਼ੋਭਿਤ ਹੈ। ਆਗਰੇ ਵਿਚ ਘੁੰਮਣ-ਫਿਰਨ ਤੇ ਵਿਹਲਾ ਸਮਾਂ ਬਿਤਾਉਣ ਵਾਸਤੇ ਕਈ ਸਥਾਨ ਸਨ। ਸਾਨੂੰ ਜਦੋਂ ਸਮਾਂ ਮਿਲਦਾ ਅਸੀਂ ਸਾਈਕਲਾਂ ’ਤੇ ਚਲ ਪੈਂਦੇ। ਤਾਜ ਮਹੱਲ ਤਾਂ ਅਕਸਰ ਹੀ ਗੇੜਾ ਲਗਦਾ ਰਹਿੰਦਾ।
ਤਾਜ ਮੱਹਲ
ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ੁਮਾਰ ਤਾਜ ਮਹੱਲ ਭਵਨ-ਕਲਾ ਦਾ ਉਤਕ੍ਰਿਸ਼ਟ ਨਮੂਨਾ ਹੈ। ਸਫੈਦ ਸੰਗਮਰਮਰ ਦਾ ਇਹ ਅਤਿ ਖੂਬਸੂਰਤ ਮਕਬਰਾ ਜਮਨਾ ਦਰਿਆ ਦੇ ਕੰਢੇ ’ਤੇ ਸੁਸ਼ੋਭਿਤ ਹੈ। ਇਹ ਮਕਬਰਾ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਚਹੇਤੀ ਬੇਗਮ ਮੁਮਤਾਜ ਮਹੱਲ ਨਾਲ਼ ਆਪਣੇ ਗੂੜ੍ਹੇ ਪਿਆਰ ਦੀ ਯਾਦ ਵਿਚ ਬਣਵਾਇਆ ਸੀ। 1983 ’ਚ ਯੁਨੈਸਕੋ ਨੇ ਇਸ ਨੂੰ ਮੁਸਲਮ ਕਲਾ ਦਾ ਰਤਨ ਕਰਾਰ ਦਿੱਤਾ। ਇਸਨੂੰ ‘ਵਰਲਡ ਹੈਰੀਟੇਜ’ ਦਾ ਰੁਤਬਾ ਵੀ ਹਾਸਲ ਹੈ।
ਈਰਾਨੀ ਤੇ ਮੁਗਲਈ ਭਵਨ-ਸ਼ੈਲੀ ਦੀ ਸੁਮੇਲਤਾ ਵਾਲ਼ੀ ਇਹ ਅੱਠਕੋਨੀ ਇਮਾਰਤ ਵਰਗਾਕਾਰ ਨੀਹਾਂ ’ਤੇ ਉਸਾਰੀ ਹੋਈ ਹੈ। 115 ਫੁੱਟ ਉੱਚਾ ਵਿਸ਼ਾਲ ਸੰਗਮਰਮਰੀ ਗੁੰਬਦ ਤਾਜ ਮਹੱਲ ਦੀ ਇਮਾਰਤ ਨੂੰ ਅਦੁੱਤੀ ਖੁਬਸੂਰਤੀ ਪ੍ਰਦਾਨ ਕਰਦਾ ਹੈ। ਇਸਦੇ ਚਾਰੇ ਕੋਨਿਆਂ ’ਤੇ ਚਾਰ ਮੀਨਾਰ ਬਣੇ ਹੋਏ ਹਨ। 130 ਫੁੱਟ ਉੱਚੇ ਹਰ ਮੀਨਾਰ ਦਾ ਮਾਮੂਲੀ ਜਿਹਾ ਝੁਕਾਅ ਬਾਹਰ ਨੂੰ ਹੈ। ਉਹ ਇਸ ਕਰਕੇ ਕਿ ਜੇ ਇਹ ਮੀਨਾਰ ਡਿਗਣ ਤਾਂ ਬਾਹਰ ਨੂੰ ਹੀ ਡਿਗਣ। ਅੰਦਰ ਵੱਲ ਨੂੰ ਡਿਗਣ ਨਾਲ਼ ਮੁੱਖ ਇਮਾਰਤ ਦਾ ਨੁਕਸਾਨ ਹੋ ਸਕਦੈ।
ਮੁਮਤਾਜ ਤੇ ਸ਼ਾਹਜਹਾਨ ਦੀਆਂ ਕਬਰਾਂ ਭੋਰੇ ਵਿਚ ਹਨ। ਮੁਮਤਾਜ ਦੀ ਕਬਰ ਭੋਰੇ ਦੇ ਮੱਧ ਵਿਚ ਤੇ ਸ਼ਾਹਜਹਾਨ ਦੀ ਉਸ ਦੀ ਸਾਈਡ ’ਤੇ ਹੈ। ਕਿਹਾ ਜਾਂਦਾ ਹੈ ਕਿ ਸ਼ਾਹਜਹਾਨ ਨੇ ਆਪਣਾ ਮਕਬਰਾ ਜਮਨਾ ਦੇ ਦੂਜੇ ਪਾਸੇ ਕਾਲ਼ੇ ਸੰਗਮਰਮਰ ਦਾ ਬਣਾਉਣਾ ਸੀ। ਪਰ ਆਪਣੇ ਪੁੱਤਰ ਔਰੰਗਜੇਬ ਹੱਥੋਂ ਕੈਦ ਹੋਣ ਕਾਰਨ ਉਹ ਸਕੀਮ ਸਿਰੇ ਨਾ ਚੜ੍ਹ ਸਕੀ ਤੇ ਸ਼ਾਹਜਹਾਨ ਦੀ ਅੰਤਿਮ ਇੱਛਾ ਅਨੁਸਾਰ ਉਸ ਨੂੰ ਮੁਮਤਾਜ ਦੀ ਕਬਰ ਦੇ ਕੋਲ਼ ਹੀ ਦਫਨਾਇਆ ਗਿਆ। ਭੋਰੇ ਵਿਚਲੀਆਂ ਅਸਲ ਕਬਰਾਂ ਦੇ ਚਿੰਨ੍ਹਾਤਮਿਕ ਰੂਪ ਵਜੋਂ, ਤਾਜ ਮਹੱਲ ਦੇ ਮੁੱਖ ਹਾਲ ਵਿਚ ਸੰਗਮਰਮਰ ਦੀਆਂ ਦੋ ਸਮਾਧਾਂ ਬਣੀਆਂ ਹੋਈਆਂ ਹਨ।
ਤਾਜ ਮਹੱਲ ਦੀਆਂ ਕੰਧਾ ਅਤੇ ਬਣਾਵਟੀ ਸਮਾਧਾਂ ਉੱਪਰ ਕਲਾਤਮਿਕ ਮੀਨਾਕਾਰੀ ਕੀਤੀ ਹੋਈ ਏ। ਸਟੱਕੋ, ਕੀਮਤੀ ਪੱਥਰਾਂ ਦੀ ਜੜਤ ਅਤੇ ਖੁਣਨਸਾਜ਼ੀ ਦੀਆਂ ਵਿਧੀਆਂ ਰਾਹੀਂ ਖੂਬਸੂਰਤ ਰੰਗਾਂ ਵਿਚ ਵੇਲਾਂ, ਬੂਟੇ ਤੇ ਫੁੱਲ ਵਗੈਰਾ ਬਣਾਏ ਹੋਏ ਹਨ। ਚਿੱਤਰਾਂ ਨੂੰ ਸਮਰੂਪ ਤੇ ਵਿਰੋਧੀ ਰੰਗਾਂ ਨਾਲ਼ ਆਕਰਸ਼ਕ ਬਣਾਇਆ ਹੋਇਆ ਹੈ।
ਤਾਜ ਮਹੱਲ ਦੀ ਜਮਨਾ ਦਰਿਆ ਵਾਲ਼ੀ ਸਾਈਡ ’ਤੇ ਪੱਕੇ ਬੈਂਚ ਬਣੇ ਹੋਏ ਸਨ। ਮੈਂ ਉਨ੍ਹਾਂ ਬੈਂਚਾ ’ਤੇ ਬੈਠ ਕੇ ਜਮਨਾ ਦੇ ਵਿਸ਼ਾਲ ਪਾਣੀ ਦੇ ਦ੍ਰਿਸ਼ ਵੀ ਮਾਣ ਲੈਂਦਾ ਸਾਂ।
ਪੂਰਨਮਾਸ਼ੀ ਦੀ ਰਾਤ ਨੂੰ, ਚੰਨ-ਚਾਨਣੀ ਵਿਚ, ਤਾਜ ਮਹੱਲ ਦੀ ਨਿੰਮ੍ਹੀ-ਨਿੰਮ੍ਹੀ ਲਿਸ਼ਕ ਵਾਲ਼ੀ ਨਿਖਰਵੀਂ ਸੁੰਦਰਤਾ ਨੂੰ ਦੇਖਣ ਲਈ ਲੋਕਾਂ ਦਾ ਮੇਲਾ ਲੱਗ ਜਾਂਦਾ ਹੈ।
ਹਨ੍ਹੇਰੀ ਰਾਤ ਵਿਚ ਦੇਖਿਆ ਤਾਜ ਮਹੱਲ
ਮੈਂ ਤਾਜ ਮਹੱਲ ਨੂੰ ਹਨ੍ਹੇਰੇ ਵਿਚ ਵੀ ਦੇਖਣਾ ਚਾਹੁੰਦਾ ਸਾਂ। ਇਕ ਸ਼ਾਮ ਦੋਸਤਾਂ ਨੂੰ ਪੁੱਛਿਆ। ਉਨ੍ਹਾਂ ਦਾ ਮੂਡ ਨਹੀਂ ਸੀ। ਮੈਂ ਸਾਈਕਲ ਚੁੱਕਿਆ ਤੇ ਜਾ ਪਹੁੰਚਾ। ਡਿਉੜੀ ਲੰਘ ਕੇ ਮੇਰੇ ਪੈਰ ਰੁਕ ਗਏ। ਫਾਸਲੇ ਤੋਂ ਨਜ਼ਰ ਆਉਂਦਾ ਧੁੰਦਲ਼ਾ ਜਿਹਾ ਤਾਜ ਮਹੱਲ ਡਾਢਾ ਹੀ ਅਨੂਠਾ ਲੱਗਾ। ਮੈਂ ਲਾਗਲੇ ਬੈਂਚ ’ਤੇ ਬੈਠ ਗਿਆ। ਯਾਤਰੀ ਰੁਖਸਤ ਹੋ ਚੁੱਕੇ ਸਨ। ਤਾਜ ਮਹੱਲ ਦੇ ਅੰਦਰ ਅਤੇ ਚੌਗਿਰਦੇ ਵਿਚ ਸ਼ਾਂਤੀ ਪਸਰੀ ਹੋਈ ਸੀ। ਹੁਣ ਦਾ ਤਾਂ ਪਤਾ ਨਹੀਂ, ਉਦੋਂ ਤਾਜ ਮਹੱਲ ਦੀਆਂ ਕੰਧਾਂ ਅਤੇ ਗੁੰਬਦ ਉੱਤੇ ਕੋਈ ਲਾਈਟ ਨਹੀਂ ਹੁੰਦੀ ਸੀ। ਸੰਘਣੇ ਹਨ੍ਹੇਰੇ ਅਤੇ ਸ਼ਾਂਤ ਵਾਤਾਵਰਣ ਵਿਚ ਤਾਜ ਮਹੱਲ ਦਾ ਅਨੂਠਾ ਆਕਾਰ ਹੱਥਾਂ ਦੀ ਕਿਰਤ ਨਹੀਂ, ਕੁਦਰਤ ਦਾ ਕ੍ਰਿਸ਼ਮਾ ਜਾਪ ਰਿਹਾ ਸੀ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਕ੍ਰਿਸ਼ਮੇ ਨੂੰ ਮੈਂ ਸੁਪਨੇ ਵਿਚ ਦੇਖ ਰਿਹਾ ਹੋਵਾਂ। ਦਰਅਸਲ ਤਾਜ ਮਹੱਲ ਦੇ ਅੰਦਰ-ਬਾਹਰ ਪਸਰੀ ਸ਼ਾਂਤੀ ਦੇ ਅਸਰ ਹੇਠ ਮੇਰੀ ਸਾਰੀ ਦੀ ਸਾਰੀ ਸੋਚ ਕੁਦਰਤ ਦਾ ਕ੍ਰਿਸ਼ਮਾ ਜਾਪਦੇ ਤਾਜ ਮਹੱਲ ’ਤੇ ਹੀ ਇਕਾਗਰ ਹੋ ਗਈ ਸੀ… ਮਨ-ਤਨ ’ਤੇ ਸਕੂਨ ਛਾ ਗਿਆ ਸੀ। ਸਕੂਨ-ਸ਼ਾਂਤੀ ’ਚ ਗੜੂੰਦ, ਪਤਾ ਨਹੀਂ ਮੈਂ ਓਥੇ ਕਿੰਨਾ ਚਿਰ ਬੈਠਾ ਰਹਿੰਦਾ ਜੇ ਮੇਰੇ ਕੰਨਾਂ ਵਿਚ ਗੇਟ ਬੰਦ ਕਰਨ ਵਾਲ਼ੇ ਦੀ ਉੱਚ-ਸੁਰੀ ਆਵਾਜ਼ ਨਾ ਪੈਂਦੀ।
ਸਮੇਂ ਸਮੇਂ ਤਾਜ ਮਹੱਲ ’ਤੇ ਲੁੱਟ-ਖਸੁੱਟ ਵੀ ਹੁੰਦੀ ਰਹੀ। 18ਵੀਂ ਸਦੀ ਵਿਚ ਆਗਰਾ ਸ਼ਹਿਰ ’ਤੇ ਹਮਲੇ ਸਮੇਂ, ਭਰਤਪੁਰ ਦੇ ਜਾਟ ਤਾਜ ਮਹੱਲ ਦੇ ਦੋ ਫਾਨੂਸ ਲੈ ਗਏ ਸਨ। ਇਕ ਫਾਨੂਸ ਚਾਂਦੀ ਦਾ ਸੀ ਤੇ ਦੂਜਾ ਕੀਮਤੀ ਪੱਥਰਾਂ ਦਾ। 1857 ਦੇ ਗਦਰ ਸਮੇਂ ਗੋਰੇ ਸੈਨਿਕਾਂ ਨੇ ਤਾਜ ਮਹੱਲ ਵਿੱਚੋਂ ਕੀਮਤੀ ਪੱਥਰ ਤੇ ਕੁਝ ਹੀਰੇ-ਜਵਾਹਰਾਤ ਉਖੇੜ ਲਏ ਸਨ।
19ਵੀਂ ਸਦੀ ਦੇ ਅਖੀਰ ਵਿਚ ਤਤਕਾਲੀ ਵਾਇਸਰਾਏ ਲਾਰਡ ਕਰਜਨ ਨੇ ਮੁਰੰਮਤਾਂ ਕਰਵਾ ਕੇ ਤਾਜ ਮਹੱਲ ਦੀ ਸ਼ਾਨ ਮੁੜ ਬਹਾਲ ਕੀਤੀ।
ਆਗਰੇ ਦਾ ਮਸ਼ਹੂਰ ਕਿਲਾ ‘ਆਗਰਾ ਫੋਰਟ’ ਤਾਜ ਮਹੱਲ ਤੋਂ ਉੱਤਰ-ਪੱਛਮ ਵੱਲ ਢਾਈ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਹੈ। 94 ਏਕੜ ’ਚ ਫੈਲੇ ਇਸ ਕਿਲੇ ਦੀਆਂ ਬਾਹਰਲੀਆਂ ਕੰਧਾਂ 70 ਫੁੱਟ ਉੱਚੀਆਂ ਹਨ। ਇਨ੍ਹਾਂ ਚੌੜੀਆਂ ਤੇ ਮਜ਼ਬੂਤ ਕੰਧਾਂ ਵਿਚ ਨਿਗਰਾਨੀ ਵਾਸਤੇ ਬੁਰਜ ਅਤੇ ਅੰਦਰਲੇ ਪਾਸਿਉਂ ਤੋਪਾਂ-ਬੰਦੂਕਾਂ ਦੇ ਗੋਲੇ-ਗੋਲੀਆਂ ਦਾਗਣ ਵਾਸਤੇ ਮਘੋਰੇ ਬਣੇ ਹੋਏ ਹਨ। ਇਹ ਕਿਲਾ ‘ਵਰਲਡ ਹੈਰੀਟੇਜ ਦੀ ਸੂਚੀ ਵਿਚ ਸ਼ਾਮਲ ਹੈ।
ਸ਼ਾਹਜਹਾਨ ਦੇ ਪੁੱਤਰ ਔਰੰਗਜੇਬ ਨੇ ਉਸਨੂੰ ਇਸ ਕਿਲੇ ਵਿਚ ਕੈਦ ਕੀਤਾ ਸੀ। ਕਿਲੇ ਦੀ ਉੱਪਰਲੀ ਮੰਜਲ ਦੀ ਇਕ ਦੀਵਾਰ ਵਿਚ ਇਕ ਛੋਟਾ ਜਿਹਾ ਗੋਲ਼ ਦੂਰਬੀਨੀ-ਸ਼ੀਸ਼ਾ ਫਿੱਟ ਕੀਤਾ ਹੋਇਆ ਏ, ਜਿਸ ਵਿੱਚੋਂ ਤਾਜ ਮਹੱਲ ਬਿਲਕੁਲ ਨਜ਼ਦੀਕ ਨਜ਼ਰ ਆਉਂਦਾ ਹੈ। ਕਹਿੰਦੇ ਹਨ ਕਿ ਕੈਦ ਦੌਰਾਨ ਸ਼ਾਹਜਹਾਨ ਇਸ ਸ਼ੀਸ਼ੇ ਵਿੱਚੀਂ ਤਾਜ ਮਹੱਲ ਦੇਖਿਆ ਕਰਦਾ ਸੀ। ਉਸਦੀ ਮੌਤ ਇਸ ਕਿਲੇ ਵਿਚ ਹੀ ਹੋਈ।
ਉਪ੍ਰੋਕਤ ਦੋ ਸਮਾਰਕਾਂ ਤੋਂ ਇਲਾਵਾ ਇਤਮਾਦ-ਉਦ-ਦਾਉਲਾ, ਸਿਕੰਦਰਾ ਤੇ ਹੋਰ ਸਮਾਰਕਾਂ ’ਚ ਦੋਸਤਾਂ ਸੰਗ ਗੇੜੇ ਮਾਰਨ ਅਤੇ ਨਵੀਆਂ-ਪੁਰਾਣੀਆਂ ਫਿਲਮਾਂ ਦੇਖਣ ਦਾ ਸ਼ੌਂਕ ਮੇਰੇ ’ਤੇ ਅਜਿਹਾ ਹਾਵੀ ਹੋਇਆ ਕਿ ਆਸਾਮ ’ਚ ਸ਼ੁਰੂ ਕੀਤੇ ਨਾਵਲ ਨੂੰ ਅਗਾਂਹ ਤੋਰਨ ਦਾ ਧਿਆਨ ਹੀ ਨਾ ਰਿਹਾ।
ਮਾਰਚ 1966 ’ਚ ਮਨਜੀਤ ਵਿਆਹ ਕਰਵਾਉਣ ਚਲਾ ਗਿਆ। ਕੁਝ ਦਿਨਾਂ ਬਾਅਦ ਮੈਂ ਵੀ ਦੋ ਮਹੀਨੇ ਦੀ ਛੁੱਟੀ ਲੈ ਕੇ ਪਹੁੰਚ ਗਿਆ। ਰਾਜ ਢਿੱਲੋਂ ਡਿੰਜਨ ਤੋਂ ਬਦਲ ਕੇ ਆਦਮਪੁਰ ਆ ਚੁੱਕਾ ਸੀ। ਉਹ ਚਾਰ ਕੁ ਦਿਨਾਂ ਲਈ ਸਾਡੇ ਪਿੰਡ ਆ ਗਿਆ। ਰਾਜ ਨੂੰ ਸਾਡਾ ਭਰਾਵਾਂ ਤੇ ਬਾਪੂ ਜੀ ਦਾ ਇਕੱਠੇ ਬੈਠ ਕੇ ਪੀਣ-ਖਾਣ ਤੇ ਸਲਾਹਾਂ ਕਰਨ ਦਾ ਸਿਲਸਿਲਾ ਚੰਗਾ ਲੱਗਾ। ਉਸ ਨੂੰ ਸਾਡੇ ਇਲਾਕੇ ’ਚ ਕਣਕ, ਕਮਾਦ, ਸਰ੍ਹਵਾਂ ਆਦਿ ਦੀਆਂ ਮਾਰੂ ਫਸਲਾਂ ਦੇਖ ਕੇ ਹੈਰਾਨੀ ਹੋਈ। ਬਾਪੂ ਜੀ ਨੇ ਉਸ ਨੂੰ ਦੱਸਿਆ ਸੀ, “ਜੁਆਨਾ ! ਸਾਡੇ ਇਲਾਕੇ ਨੂੰ ਸੀਰ੍ਹੋਵਾਲ ਕਹਿੰਦੇ ਆ। ਧਰਤੀ ਨੂੰ ਥੋੜ੍ਹਾ ਕੁ ਪੁੱਟੋ, ਹੇਠਾਂ ਪਾਣੀ ਦੀਆਂ ਸੀਰਾਂ ਚੱਲ ਪੈਂਦੀਆਂ ਨੇ। ਹਾੜ੍ਹੀ ਵਾਂਗ ਸਾਉਣੀ ਦੀਆਂ ਕਈ ਫਸਲਾਂ ਵੀ ਮਾਰੂ ਹੀ ਹੋ ਜਾਂਦੀਆਂ ਆਂ।”
ਮੈਂ ਤੇ ਰਾਜ ਵਿਆਹ ਤੋਂ ਇਕ ਦਿਨ ਪਹਿਲਾਂ ਮਨਜੀਤ ਦੇ ਪਿੰਡ ਪਹੁੰਚ ਗਏ। ਸਾਡੀ ਡਿੰਜਨ ਦੀ ਟੋਲੀ ਦੇ ਚੌਥੇ ਸਾਥੀ ਅਜੀਤ ਨੂੰ ਛੁੱਟੀ ਨਹੀਂ ਸੀ ਮਿਲੀ। ਮਨਜੀਤ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਸਦੀ ਬੀਬੀ ਤੇ ਛੋਟੇ ਭਰਾ ਜਸਪਾਲ ਨੇ ਸਾਡਾ ਬਹੁਤ ਚਾਅ ਕੀਤਾ।
ਮਨਜੀਤ ਦਾ ਵਿਆਹ ਰੋਪੜ ਜ਼ਿਲੇ ਦੇ ਪਿੰਡ ਪੰਜੋਲਾ ਦੀ ਮੁਟਿਆਰ ਹਰਦੀਪ ਕੌਰ ਨਾਲ਼ ਹੋਇਆ। ਮੈਂ ਸਿਹਰਾ ਪੜ੍ਹਿਆ ਸੀ। ਕੁਝ ਮਹੀਨਿਆਂ ਬਾਅਦ ਮਨਜੀਤ ਸ਼ਹਿਰ ’ਚ ਛੋਟਾ ਜਿਹਾ ਮਕਾਨ ਕਿਰਾਏ ’ਤੇ ਲੈ ਕੇ ਪਤਨੀ ਨਾਲ਼ ਰਹਿਣ ਲੱਗ ਪਿਆ।
ਨਵੀਆਂ ਬੈਰਕਾਂ ਬਣ ਗਈਆਂ ਸਨ। ਦੁਮੰਜਲੀਆਂ ਬੈਰਕਾਂ ਵਿਚ ਅਸੀਂ ਉੱਪਰ ਵਾਲ਼ੇ ਹਿੱਸੇ ’ਚ ਡੇਰੇ ਲਾ ਲਏ। ਸਾਡੇ ਬਲਾਕ ਵਿਚ ਮੱਛਰ, ਹਰਭਜਨ, ਵਰਿੰਦਰ ਕੁਮਾਰ ਤੇ ਮੈਥੋਂ ਸਿਵਾ, ਇਕ ਕੇਰਲੀਅਨ, ਇਕ ਮਰਾਠੀ ਤੇ ਦੋ ਬੰਗਾਲੀ ਸਨ।
ਮੇਰਾ ਮਨ ਇਕੱਲਤਾ ਚਾਹੁਣ ਲੱਗ ਪਿਆ ਸੀ। ਸ਼ਾਮ ਨੂੰ ਮੈਂ ਆਪਣੇ ਮੂਡ ਅਨੁਸਾਰ ਇਕੱਲਾ ਹੀ ਸੈਰ ਕਰਨ ਚਲਾ ਜਾਂਦਾ… ਰਚਨਾਤਮਕ ਅਮਲ ਸ਼ੁਰੂ ਹੋ ਗਿਆ ਸੀ। ਇਕ ਰਾਤ ਜਦੋਂ ਸਾਰੇ ਸੌਂ ਗਏ, ਮੈਂ ਮਲਕ ਦੇਣੀ ਨਾਵਲ ਵਾਲ਼ਾ ਕਾਗਜਾਂ ਦਾ ਪੁਲੰਦਾ ਉਠਾਇਆ ਤੇ ਪਿਛਲੇ ਵਰਾਂਡੇ ਦੇ ਕੋਨੇ ਵਾਲ਼ੀ ਲਾਈਟ ਜਗਾ ਲਈ। ਕੁਰਸੀ ਤੇ ਛੋਟਾ ਜਿਹਾ ਮੇਜ਼ ਡਾਹ ਕੇ ਨਾਵਲ ਨੂੰ ਅਗਾਂਹ ਤੋਰ ਲਿਆ। ਦਿਨ ਵੇਲੇ ਇਕੱਲਤਾ ਸੰਭਵ ਨਹੀਂ ਸੀ। ਸੋ ਮੈਂ ਕੁਝ ਸਮਾਂ ਰਾਤਾਂ ਨੂੰ ਲਾ ਲੈਂਦਾ ਤੇ ਕੁਝ ਐਤਵਾਰਾਂ ਨੂੰ ਤੜਕੇ ਉੱਠ ਕੇ।
ਅਫਸਰੀ ਲਈ ਯਤਨ
ਸਾਡੇ ਲਾਗਲੀ ਬੈਰਕ ਵਾਲ਼ਾ ਕੁਲਦੀਪ ‘ਸ਼ਾਰਟ ਸਰਵਿਸ ਕਮਿਸ਼ਨ’ ਸਕੀਮ ਅਧੀਨ ਜ਼ਮੀਨੀ ਫੌਜ ਵਾਸਤੇ ਸੈਕੰਡ ਲੈਫਟੀਨੈਂਟ ਸਿਲੈਕਟ ਹੋ ਗਿਆ। ਕਮਿਸ਼ਨ ਵਾਸਤੇ ਘੱਟੋ-ਘੱਟ ਵਿਦਿਅਕ ਯੋਗਤਾ ਇੰਟਰਮਿਡੀਏਟ (ਬਾਰ੍ਹਵੀ ਜਮਾਤ) ਸੀ।
ਇਕ ਦਿਨ ਮੱਛਰ ਮੈਨੂੰ ਕਹਿਣ ਲੱਗਾ, “ਮੇਰੇ ਆੜੀ! ਨਾਵਲ ਛੇਤੀ ਨਿਬੇੜ ਲੈ। ਫਿਰ ਆਪਾਂ ਇੰਟਰਮਿਡੀਏਟ ਕਰਨੀ ਆਂ। ਏਅਰਫੋਰਸ ਦੀ ਅਫਸਰੀ ਲਈ ਸ਼ਾਇਦ ਹੀ ਦਾਅ ਲੱਗੇ, ਫੌਜ ’ਚ ਲੱਗ ਸਕਦੈ।” ਸੈਨਿਕ ਹੋਣ ਦੇ ਨਾਤੇ ਅਸੀਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਪੜ੍ਹਾਈ ਕਰ ਸਕਦੇ ਸਾਂ। “ਠੀਕ ਐ।” ਮੈਂ ਆਖ ਦਿੱਤਾ। ਮੇਰੇ ਸਾਹਮਣਲੇ ਬੈੱਡ ਵਾਲ਼ੇ ਬੰਗਾਲੀ ਸੇਨ ਗੁਪਤਾ ਦਾ ਵੀ ਮਨ ਬਣ ਗਿਆ। ਅਸੀਂ ਤਿੰਨਾਂ ਨੇ ਦਾਖਲਾ ਫਾਰਮ ਭਰ ਕੇ ਭੇਜ ਦਿੱਤੇ।
ਨਾਵਲ ਪੂਰਾ ਕੀਤਾ
ਨਵੰਬਰ, 1966 ’ਚ ਨਾਵਲ ਸਿਰੇ ਲਾ ਦਿੱਤਾ। ਨਾਵਲ ਦਾ ਪਲਾਟ ਪੇਂਡੂ ਜੀਵਨ ਨਾਲ਼ ਸਬੰਧਿਤ ਸੀ। ਉਸ ਵਿਚ ਮੈਂ ਇਕ ਪਿੰਡ ਦੇ ਜੱਟਾਂ ਦੇ ਮੁੰਡੇ ਤੇ ਝੀਊਰਾਂ ਦੀ ਕੁੜੀ ਦੇ ਪਿਆਰ ਦੀ ਦੁਖਾਂਤਿਕ ਗਾਥਾ ਪੇਸ਼ ਕੀਤੀ ਸੀ। ਇਹ ਗਾਥਾ ਪੇਂਡੂ ਜੀਵਨ ਦੇ ਦ੍ਰਿਸ਼ਾ ਵਿੱਚੀਂ ਉਸਰਦੀ-ਵਿਗਸਦੀ ਦਿਖਾਈ ਸੀ। ਪ੍ਰੇਮੀ ਤੇ ਪ੍ਰੇਮਿਕਾ ਜੀਵਨ ਸਾਥੀ ਬਣਨ ਦੇ ਸੁਪਨੇ ਗੁੰਦਦੇ ਹਨ। ਪਰ ਪੇਂਡੂ ਸਮਾਜ ਦੀਆਂ ਕੱਟੜ ਪਰੰਪਰਾਵਾਂ ਉਨ੍ਹਾਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦੇਂਦੀਆਂ ਹਨ। ਨਾਵਲ ਦਾ ਨਾਂ ‘ਸੰਜੋਗ ਵਿਜੋਗ’ ਰੱਖਿਆ ਸੀ।
“ਜਰਨੈਲ! ਹੁਣ ਤੂੰ ਵਿਹਲਾ ਹੋ ਗਿਐਂ। ਆਪਾਂ ਪੜ੍ਹਾਈ ਸ਼ੁਰੂ ਕਰੀਏ।” ਮੱਛਰ ਨੇ ਕਿਹਾ।
“ਮੱਛਰ ਬਾਈ ! ਮੈਂ ਇੰਟਰਮਿਡੀਏਟ ਅਗਲੇ ਸਾਲ ਕਰਾਂਗਾ।”
“ ਨਾਲ਼ੇ ਦਾਖਲਾ ਭੇਜ ਦਿੱਤੈ।”
“ਅਗਲੇ ਸਾਲ ਫਿਰ ਭੇਜ ਦਿਆਂਗਾ।”
“ਪਰ ਅਗਾਂਹ ਪਾਉਣ ਦਾ ਕਾਰਨ ਕੀ ਐ।” ਮੱਛਰ ਨੇ ਪੁੱਛਿਆ
“ਯਾਰ, ਮੈਂ ਨਾਵਲ ਛਪਵਾਉਣਾ ਐ। ਜਨਵਰੀ ’ਚ ਛੁੱਟੀ ਲੈ ਕੇ ਪੰਜਾਬ ਜਾਵਾਂਗਾ।”
ਮੇਰੇ ਅੰਦਰ ਨਾਵਲ ਛਪਵਾਉਣ ਦੀ ਕਾਹਲ ਮਚੀ ਹੋਈ ਸੀ। ਆਪਣੀ ਕਿਤਾਬ ਨੂੰ ਲੋਕਾਂ ਦੇ ਹੱਥਾਂ ਵਿਚ ਚਿਤਵਦਿਆਂ ਮੇਰੀ ਸੋਚ ਨੂੰ ਜਿਵੇਂ ਪਰ ਲੱਗ ਗਏ ਹੋਣ— ਮੇਰੇ ਨਾਵਲ ਬਾਰੇ ਚਰਚਾ ਛਿੜੇਗੀ। ਬਹੁਤ ਸਾਰੇ ਲੋਕ ਮੈਂਨੂੰ ਜਾਣਨ ਲੱਗ ਪੈਣਗੇ। ਮੈਨੂੰ ਪਾਠਕਾਂ ਦੇ ਖਤ ਆਇਆ ਕਰਨਗੇ… ।
ਮੈਂ ਇਹ ਵੀ ਸੋਚ ਲਿਆ ਸੀ ਕਿ ਨਾਵਲ ਛਪਵਾਉਣ ਲਈ ਏਅਰਫੋਰਸ ਮਹਿਕਮੇ ਤੋਂ ਇਜਾਜ਼ਤ ਲੈਣ ਦੇ ਲੰਮੇ ਚੱਕਰ ’ਚ ਨਹੀਂ ਪੈਣਾ। ਨਾਵਲ ’ਤੇ ਆਪਣਾ ਨਾਂ ਸਿਰਫ ਜਰਨੈਲ ਸਿੰਘ ਹੀ ਲਿਖਾਂਗਾ, ਨਾਲ਼ ਹੀਰ ਲਿਖਣ ਦੀ ਲੋੜ ਨਹੀਂ ਸੀ। ਐਡਰੈਸ ਵੀ ਕੋਈ ਹੋਰ ਦਿੱਤਾ ਜਾ ਸਕਦਾ ਸੀ।
ਮੈਨੂੰ ਹੋਰੂੰ ਜਿਹਾ ਝਾਕਦਾ ਮੱਛਰ ਬੋਲਿਆ, “ਓਏ ਲੇਖਕ ਸਾਅਬ! ਅਗਲੇ ਸਾਲ ਦਾ ਕੀ ਪਤੈ, ਕੀ ਸਿੱਚੂਏਸ਼ਨ ਹੋਣੀ ਐਂ। ਹੋ ਸਕਦੈ ਦੋ ਸਾਲਾਂ ਬਾਅਦ ‘ਸ਼ਾਰਟ ਸਰਵਿਸ ਕਮਿਸ਼ਨ’ ਸਕੀਮ ਹੀ ਬੰਦ ਹੋ ਜਾਏ।”
ਮੱਛਰ ਦੀ ਗੱਲ ਮੈਨੂੰ ਠੀਕ ਲੱਗੀ। ਪਹਿਲ ਕਰੀਅਰ ਬਣਾਉਣ ਨੂੰ ਦਿੱਤੀ ਜਾਣੀ ਚਾਹੀਦੀ ਸੀ। ਅਗਲੇ ਦਿਨ ਮੈਨੂੰ ਰਾਜਿੰਦਰ ਉਰਫ ਸੋਢੀ ਦੀ ਚਿੱਠੀ ਮਿਲ਼ੀ। ਸਾਡੇ ਗਵਾਂਢੀ ਪਿੰਡ ਖਾਨਪੁਰ ਦਾ ਜੰਮਪਲ ਸੋਢੀ ਮੇਰਾ ਬਚਪਨ ਦਾ ਦੋਸਤ ਸੀ। ਉਹ ਤਿੰਨ ਕੁ ਸਾਲ ਪਹਿਲਾਂ ਫੌਜ ’ਚ ਸਿਪਾਹੀ ਭਰਤੀ ਹੋਇਆ ਸੀ ਤੇ ਹੁਣ ਰੈਗੂਲਰ ਕਮਿਸ਼ਨ ਸ਼ੇਣੀ ਵਿਚ ਸੈਕੰਡ ਲੈਫਟੀਨੈਂਟ ਸਿਲੈਕਟ ਹੋ ਗਿਆ ਸੀ। ਉਸਨੇ ਵੀ ਮੈਨੂੰ ਪ੍ਰੇਰਿਆ ਸੀ।
ਮੈਂ ਖਰੜਾ ਟਰੰਕ ’ਚ ਰੱਖ ਦਿੱਤਾ। ਮੱਛਰ ਤੇ ਸੇਨਗੁਪਤਾ ਨਾਲ਼ ਪੜ੍ਹਾਈ ’ਚ ਰੁੱਝ ਗਿਆ। ਮਾਰਚ ਵਿਚ ਪੇਪਰ ਹੋ ਗਏ।
ਮੇਰਾ ਵਿਆਹ
ਸਾਡੇ ਇਕ ਰਿਸ਼ਤੇਦਾਰ ਵੱਲੋਂ ਗੱਲ ਚਲਾਉਣ ’ਤੇ ਘਰਦਿਆਂ ਨੇ ਮੇਰੇ ਵਿਆਹ ਦਾ ਪ੍ਰੋਗਰਾਮ ਬਣਾ ਲਿਆ। ਮੇਰੀ ਹੋਣ ਵਾਲ਼ੀ ਪਤਨੀ ਕੁਲਵੰਤ ਦਾ ਪਿਤਾ ਸ. ਪਾਖਰ ਸਿੰਘ ਖਹਿਰਾ ਉਦੋਂ ਸਿੰਘਾਪੁਰ ’ਚ ਸੀ। ਉਹ ਥੋੜ੍ਹੇ ਕੁ ਸਮੇਂ ਲਈ ਇੰਡੀਆ ਆਇਆ ਸੀ। ਜੁਲਾਈ ਵਿਚ ਵਾਪਸ ਮੁੜਨ ਤੋਂ ਪਹਿਲਾਂ ਉਹ ਧੀ ਦੇ ਵਿਆਹ ਦਾ ਕਾਰਜ ਨਿਪਟਾਉਣਾ ਚਾਹੁੰਦਾ ਸੀ।
ਮੈਂ ਜੂਨ ਦੇ ਸ਼ੁਰੂ ’ਚ ਦੋ ਮਹੀਨੇ ਦੀ ਛੁੱਟੀ ਚਲਾ ਗਿਆ। ਬਾਪੂ ਜੀ ਨੇ ਖੇਤਾਂ ਵਿਚ ਟਿਊਬਵੈੱਲ ਲਗਵਾ ਲਿਆ ਸੀ। ਮਾਲ-ਡੰਗਰ ਵੀ ਖੇਤਾਂ ’ਚ ਲੈ ਗਏ ਸਨ। ਉਦੋਂ ਟਿਊਬਵੈੱਲਾਂ ਦੇ ਬੋਰ, ਹੁਣ ਵਾਂਗ ਸੈਂਕੜੇ ਫੁੱਟ ਡੂੰਘੇ ਨਹੀਂ ਸਨ ਹੁੰਦੇ। ਪਾਣੀ ਦਾ ਲੈਵਲ ਜੁ ਉੱਪਰ ਸੀ। ਸਾਡਾ ਟਿਊਬਵੈੱਲ ਸਿਰਫ 65 ਫੁੱਟ ਡੂੰਘਾ ਸੀ।
ਵਿਆਹ ਦੀ ਤਾਰੀਖ 18 ਜੂਨ, 1967 ਹੈ। ਵਿਆਹ ਤੋਂ ਤਿੰਨ ਦਿਨ ਪਹਿਲਾਂ ਸਾਡੇ ਮਾਸੜ ਹਰਬੰਸ ਸਿੰਘ ਦੀ ਅਚਾਨਕ ਮੌਤ ਹੋ ਗਈ। ਦੋ ਮਾਸੀਆਂ ਇੱਕੋ ਘਰ ਵਿਚ ਸਨ, ਦਰਾਣੀ-ਜਠਾਣੀ। ਦੋਨਾਂ ਪਰਿਵਾਰਾਂ ਵਿੱਚੋਂ ਸਿਰਫ ਦੋ ਜਣੇ ਹੀ ਵਿਆਹ ’ਤੇ ਆਏ। ਨਾਨਕਾ ਮੇਲ਼ ਤੇ ਸ਼ਰੀਕੇ-ਭਾਈਚਾਰੇ ਵੱਲੋਂ ਗਾਉਣ-ਨੱਚਣ ਦੇ ਪ੍ਰੋਗਰਾਮ ਵੀ ਠੰਢੇ ਹੀ ਰਹੇ। ਦੋਸਤਾਂ ਵਿੱਚੋਂ ਸਿਰਫ ਰਾਜ ਢਿੱਲੋਂ ਹੀ ਸ਼ਾਮਿਲ ਹੋਇਆ ਸੀ।
18 ਜੂਨ ਸਵੇਰੇ ਮੇਰੀ ਜੰਞ, ਬੱਸ ਵਿਚ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪਿੰਡ ਖਹਿਰਾ ਮੱਜਾ ਜਾ ਢੁਕੀ। ਵਿਆਹ ਦੀ ਫੋਟੋਗ੍ਰਾਫੀ ਲਈ ਮੇਰੇ ਕੋਲ਼ ਸਾਦਾ ਜਿਹਾ ਬਾਕਸ-ਕੈਮਰਾ ਸੀ। ਦੁਕਾਨਦਾਰ ਨੇ ਗਲਤੀ ਨਾਲ਼ ਫਿਲਮ-ਰੋਲ ਕਿਸੇ ਹੋਰ ਕੈਮਰੇ ਦੇ ਫੜਾ ਦਿੱਤੇ। ਆਨੰਦ ਕਾਰਜ ਸਮੇਂ ਜਦੋਂ ਰਾਜ ਢਿੱਲੋਂ ਫੋਟੋ ਖਿੱਚਣ ਲੱਗਾ ਤਾਂ ਰੋਲ ਠੀਕ ਤਰ੍ਹਾਂ ਫਿੱਟ ਹੀ ਨਾ ਹੋਏ। ਵਿਆਹ ਦੀ ਇਕ ਵੀ ਫੋਟੋ ਨਾ ਬਣ ਸਕੀ। ਪਰ ਮੇਰੀ ਤੇ ਕੁਲਵੰਤ ਦੀ ਫੋਟੋ ਇਕ ਦੂਜੇ ਦੇ ਦਿਲਾਂ ਵਿਚ ਸਦੀਵੀ ਤੌਰ ’ਤੇ ਖੁਣੀ ਹੋਈ ਹੈ।
ਕੁਲਵੰਤ ਨੇ ਦਸਵੀਂ ਤੋਂ ਬਾਅਦ ਸਿਲਾਈ-ਕਢਾਈ ਦਾ ਡਿਪਲੋਮਾ ਕੀਤਾ ਹੋਇਆ ਏ। ਇਸ ਦੀ ਇਕ ਭੈਣ ਤੇ ਦੋ ਭਰਾ ਹਨ। ਇਹ ਸਭ ਤੋਂ ਛੋਟੀ ਹੈ। ਸਹੁਰਿਆਂ ਦੇ ਕੋੜਮੇ ਵਿਚ ਖਾਕੀ ਰੰਗ ਪ੍ਰਧਾਨ ਹੈ। ਕੁਲਵੰਤ ਦਾ ਇਕ ਤਾਇਆ ਮੇਜਰ ਤੇ ਦੂਜਾ ਸੂਬੇਦਾਰ ਸੀ। ਮੇਜਰ ਦਾ ਵੱਡਾ ਲੜਕਾ ਕਰਨਲ ਤੇ ਛੋਟਾ ਫੌਜ ਵਿਚ ਸਿਵਲੀਅਨ ਕਲਰਕ ਸੀ। ਸੂਬੇਦਾਰ ਤਾਏ ਦਾ ਲੜਕਾ ਵੀ ਅਗਾਂਹ ਸੂਬੇਦਾਰ ਸੀ। ਕੁਲਵੰਤ ਦਾ ਵੱਡਾ ਭਰਾ ਰਿਸਾਲਦਾਰ ਤੇ ਛੋਟਾ ਫੌਜੀ ਟੈਂਕਾ ਦਾ ਸਿਵਲੀਅਨ ਮਕੈਨਿਕ। ਕੁਲਵੰਤ ਦੀ ਭੂਆ ਦਾ ਪੁੱਤ ਏਅਰਫੋਰਸ ’ਚ ਸੀ। ਸ਼ੁਰੂ-ਸ਼ੁਰੂ ਵਿਚ ਮੈਨੂੰ ਧੁੜਕੂ ਜਿਹਾ ਲੱਗ ਜਾਂਦਾ ਕਿ ਫੌਜੀ ਲਾਣਾ ਕਿਤੇ ਮੇਰੀ ਪਰੇਡ ਹੀ ਨਾ ਕਰਾਉਣ ਲੱਗ ਪਏ।
ਨਾਵਲ ਬਾਰੇ ਰਾਇ ਜਾਣਨ ਲਈ ਮੈਂ ਖਰੜਾ, ਆਪਣੇ ਗਵਾਂਢੀ ਪਿੰਡ ਅਜੜਾਮ ਦੇ ਗੁਰਮੀਤ ਹੇਅਰ ਨੂੰ ਪੜ੍ਹਾਇਆ। ਉਹ ਹਾਈ ਸਕੂਲ ’ਚ ਅਧਿਆਪਕ ਸੀ। ਸਾਹਿਤ ਨੂੰ ਘੋਖਣ ਦੀ ਜਾਚ ਉਸਨੂੰ ਹੈਗੀ ਸੀ।। ਉਸ ਅਨੁਸਾਰ ਨਾਵਲ ਦੇ ਪਲਾਟ ਦੀ ਬੁਣਤਰ ਤੇ ਪਾਤਰਾਂ ਦੀ ਮਨੋਵਿਗਿਆਨਕ ਅਵੱਸਥਾ ਨਾਵਲ ਦੇ ਗੁਣ ਸਨ, ਮੌਲਿਕਤਾ ਦੀ ਘਾਟ ਤੇ ਆਦਰਸ਼ਵਾਦ ਵੱਡੇ ਔਗੁਣ। ਉਸ ਦੀ ਰਾਇ ਮੈਨੂੰ ਠੀਕ ਜਾਪੀ। ਨਾਵਲ ਲਿਖਦਿਆਂ ਮੇਰੇ ’ਤੇ ਨਾਨਕ ਸਿੰਘ ਦਾ ਸਟਾਈਲ ਭਾਰੂ ਸੀ। ਨਾਵਲ ਨੂੰ ਦੁਬਾਰਾ ਲਿਖਣ ਬਾਰੇ ਸੋਚ ਕੇ ਮੈਂ ਛਪਵਾਉਣ ਦੀ ਕਾਹਲ਼ ਤਿਆਗ ਦਿੱਤੀ।
ਛੁੱਟੀਓਂ ਪਰਤ ਕੇ ਮੈਂ ਕਮਿਸ਼ਨ ਲਈ ਅਪਲਾਈ ਕਰ ਦਿੱਤਾ। ਮੱਛਰ ਤੇ ਸੇਨਗੁਪਤਾ ਨੇ ਪਹਿਲਾਂ ਹੀ ਕੀਤਾ ਹੋਇਆ ਸੀ। ਮੁਢਲਾ ਟੈਸਟ ਆਗਰੇ ਦੀ ਛਾਉਣੀ ’ਚ ਸੀ। ਅਸੀਂ ਤਿੰਨਾਂ ਨੇ ਪਾਸ ਕਰ ਲਿਆ ਤੇ ਅਗਲੇ ਟੈਸਟਾਂ ਦੀ ਤਿਆਰੀ ’ਚ ਰੁੱਝ ਗਏ।
ਇਸੇ ਦੌਰਾਨ ਮੈਨੂੰ ਤੇ ਮਨਜੀਤ ਨੂੰ ‘ਸੈਂਟਰਲ ਟਰੇਡ ਟੈਸਟ ਬੋਰਡ’ ਕਾਨਪੁਰ ਤੋਂ ਬੁਲਾਵਾ ਆ ਗਿਆ। ਅਗਲੀ ਤਰੱਕੀ ਵਾਸਤੇ ਇਹ ਟੈਸਟ ਪਾਸ ਕਰਨਾ ਜ਼ਰੂਰੀ ਸੀ। ਟੈਸਟ ਵਧੀਆ ਹੋ ਗਿਆ। ਕੁਲਵੰਤ ਦੀ ਭੂਆ ਦਾ ਪੁੱਤ ਸੁਖਜੀਤ ਨਰਵਾਲ਼ ਕਾਨਪੁਰ ਦੀ ਇਕ ਯੂਨਿਟ ’ਚ ਸੀ। ਇਕ ਸ਼ਾਮ ਉਸ ਨਾਲ਼ ਬਿਤਾਈ। ਕਾਨਪੁਰ ’ਚ ਦੇਖਣ ਵਾਲ਼ੀਆਂ ਥਾਵਾਂ ਤਾਂ ਹੋਰ ਵੀ ਸਨ ਪਰ ਸਮੇਂ ਦੀ ਥੁੜ੍ਹ ਕਾਰਨ ਅਸੀਂ ‘ਨਾਨਾ ਰਾਓ ਪਾਰਕ’ ਹੀ ਦੇਖ ਸਕੇ। ਇਹ ਪਾਰਕ ਉਹ ਥਾਂ ਹੈ ਜਿਥੇ 1857 ਦੇ ਗਦਰ ਸਮੇਂ ਕਾਫੀ ਖੂਨ-ਖਰਾਬਾ ਹੋਇਆ ਸੀ।
ਕਾਨਪੁਰ ਗੰਗਾ ਦੇ ਕਿਨਾਰੇ ਹੈ। ਵਿਸ਼ਾਲ ਪਾਣੀਆਂ ਨਾਲ਼ ਬਣੇ ਮੋਹ ਨੇ ਖਿੱਚ ਪਾਈ। ਮਨਜੀਤ ਦਾ ਮੂਡ ਨਹੀਂ ਸੀ। ਮੈਂ ਇਕੱਲਾ ਹੀ ਚਲਾ ਗਿਆ। ਕਿਨਾਰੇ ’ਤੇ ਪਈ ਬਹੁਤ ਹੀ ਵੱਡੀ ਮੱਛੀ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੱਛੀ ਕੋਲ਼ ਖੜ੍ਹੇ ਮਛੇਰਿਆਂ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਪੰਜ-ਛੇ ਕੁਇੰਟਲ ਦੀ ਉਹ ਮੱਛੀ ਉਨ੍ਹਾਂ ਨੇ ਦਰਿਆ ਵਿੱਚੋਂ ਹੁਣੇ-ਹੁਣੇ ਕਾਬੂ ਕੀਤੀ ਸੀ। ਵੱਡੇ ਸ਼ਿਕਾਰ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ’ਤੇ ਝਲਕ ਰਹੀ ਸੀ, “ਮਛਲੀਆਂ ਇਤਨੀ ਬੜੀ ਕੈਸੇ ਹੋ ਜਾਤੀ ਹੈਂ? ਕਿਆ ਖਾਤੀ ਹੈ ਯਹ?” ਮੈਂ ਪੁੱਛਿਆ। ਮਛੇਰਿਆਂ ’ਚੋਂ ਇਕ ਜਣਾ ਬੋਲਿਆ, “ਸਰਦਾਰ ਜੀ ! ਆਪ ਨੇ ਵੋਹ ਕਹਾਵਤ ਨਹੀਂ ਸੁਨੀ?”
“ਕੌਨ ਸੀ?” ਮੈਂ ਉਤਸੁਕਤਾ ਪ੍ਰਗਟਾਈ।
“ਬੜੀ ਮਛਲੀਆਂ ਛੋਟੀ ਮਛਲੀਓਂ ਕੋ ਖਾ ਜਾਤੀ ਹੈਂ।” ਉਸਨੇ ਦੱਸਿਆ।
ਗੰਗਾ ਕਿਨਾਰੇ ਦੇ ਸੀਨ ਸਮੇਤ, ਮੇਰੇ ਅੰਦਰ ਡੂੰਘੀ ਉੱਤਰੀ ਉਹ ਕਹਾਵਤ ਕਈ ਸਾਲਾਂ ਬਾਅਦ ‘ਹੱਕ’ ਨਾਂ ਦੀ ਕਹਾਣੀ ਦਾ ਥੀਮ ਬਣ ਗਈ। ਕਹਾਣੀ ਦਾ ਜ਼ਿਕਰ ਅੱਗੇ ਜਾ ਕੇ ਕਰਾਂਗਾ।
ਕਾਨਪੁਰੋਂ ਪਰਤ ਕੇ ਮੇਰਾ ਮੁੱਖ ਸਰੋਕਾਰ ਕਮਿਸ਼ਨ ਦੀ ਤਿਆਰੀ ਸੀ। ਅਸੀਂ ਤਿੰਨੇ ਸਾਥੀ ‘ਰੈਕਰਿਏਸ਼ਨ ਰੂਮ’ ਜਾ ਕੇ ਅੰਗ੍ਰੇਜ਼ੀ ਦੀਆਂ ਅਖਬਾਰਾਂ ਪੜ੍ਹਦੇ। ਬੈਰਕ ’ਚ ਬੈਠ ਇੰਟੈਲੀਜੈਂਸ ਤੇ ਮਨੋਵਿਗਿਆਨਕ ਟੈਸਟਾਂ ਦੀਆਂ ਗਾਈਡਾਂ ਘੋਖਦੇ। ਚਲੰਤ ਮਸਲਿਆਂ ਬਾਰੇ ਜਾਣਕਾਰੀ ਗ੍ਰਹਿਣ ਕਰਦੇ। ਕੋਈ ਟੌਪਿਕ ਚੁਣ ਕੇ ਉਸ ’ਤੇ ਅੰਗ੍ਰਜ਼ੀ ’ਚ ਬਹਿਸ ਕਰਦੇ। ਫਿਰ ਸਿਰਾਂ ਨੂੰ ਰੈਸਟ ਦੇਣ ਲਈ ਮੈਂ ਸੇਨਗੁਪਤਾ ਨੂੰ ਬੰਗਾਲੀ ’ਚ ਪੁੱਛਦਾ, “ਹੇ ਸੇਨ! ਜੋਲ ਖਾਵੋ?” (ਸੇਨ ਤੂੰ ਪਾਣੀ ਪੀਏਂਗਾ?) “ਸੋਨਿਆਂ (ਸੁਹਣਿਆਂ) ਜੋਲ ਨਹੀਂ ਰੋਮ (ਰੰਮ) ਉਸਦਾ ਜਵਾਬ ਹੁੰਦਾ। (ਬੰਗਾਲੀਆਂ ਦਾ ਉਚਾਰਣ-ਲਹਿਜ਼ਾ ‘ਹੋੜਾ’ ਮੁਖੀ ਹੈ) ਫਿਰ ਜਿਸ ਕੋਲ਼ ਬੋਤਲ ਹੁੰਦੀ ਉਹ ਕੱਢ ਲੈਂਦਾ। ਚੌਥਾ ਗਲਾਸ ਮੇਰੇ ਖਾਸ ਮਿੱਤਰ ਸੱਚਿਨ ਭਟਾਚਾਰੀਆ ਤੇ ਪੰਜਵਾ ਹਰਬੰਸ ਦਾ ਹੁੰਦਾ।
ਜ਼ਮੀਨੀ, ਹਵਾਈ ਤੇ ਸਮੁੰਦਰੀ ਤਿੰਨੇ ਸੈਨਾਵਾਂ ਲਈ ਕਮਿਸ਼ੰਡ ਅਫਸਰਾਂ ਦੀ ਚੋਣ ‘ਸਰਵਿਸਜ਼ ਸਿਲੈਕਸ਼ਨ ਬੋਰਡ’ ਕਰਦਾ ਹੈ। ਇਹ ਬੋਰਡ ਭਾਰਤ ਦੇ ਕਈ ਸ਼ਹਿਰਾਂ ’ਚ ਹਨ। ਬੋਰਡ ਦੇ ਮੈਂਬਰ ਵੱਖ-ਵੱਖ ਰੈਂਕਾ ਦੇ ਕਮਿਸ਼ੰਡ ਅਫਸਰ ਹੁੰਦੇ ਹਨ।
ਮੱਛਰ ਤੇ ਸੇਨਗੁਪਤਾ ਨੂੰ ਵੱਖ-ਵੱਖ ਸ਼ਹਿਰਾਂ ਦੇ ਬੋਰਡਾਂ ਵੱਲੋਂ ਸੱਦਾ-ਪੱਤਰ ਆਏ। ਦੋਵੇਂ ਉਤਸ਼ਾਹ ਨਾਲ਼ ਗਏ। ਪਰ ਗੱਲ ਨਾ ਬਣੀ।
ਮੈਨੂੰ ਅਲਾਹਾਬਾਦ ਬੋਰਡ ਤੋਂ ਸੱਦਾ-ਪੱਤਰ ਆਇਆ। ਸਾਡੇ ਬੈਚ ਵਿਚ 20 ਉਮੀਦਵਾਰ ਸਨ ਜੋ ਦੋ ਗਰੁੱਪਾਂ ’ਚ ਵੰਡੇ ਗਏ। ਲਿਖਤੀ ਟੈਸਟਾਂ ਅਤੇ ਫਰਜੀ ਬਣਾਈਆਂ ਪੇਚੀਦਾ ਸਥਿੱਤੀਆਂ ਨੂੰ ਨੱਜਿਠਣ ਲਈ ਮੇਰੀ ਕਾਰਗੁਜ਼ਾਰੀ ਵਧੀਆ ਸੀ। ਪਰ ‘ਗਰੁੱਪ ਡਿਸਕਸ਼ਨਜ਼’ ਤੇ ‘ਗਰੁੱਪ ਟਾਸਕ’ ਸਮੇਂ ਦੋ ਝਗੜਾਲੂ ਉਮੀਦਵਾਰਾਂ ਨੇ ਸਾਰੇ ਗਰੁੱਪ ਦੀਆਂ ਬੇੜੀਆਂ ’ਚ ਵੱਟੇ ਪਾ ਦਿੱਤੇ। ਝਗੜਾਲੂਆਂ ਦੀ ਤਰਕਹੀਣ ਟੋਕ-ਟਕਾਈ ਤੋਂ ਖਿਝ ਕੇ ਮੈਂ ਤੇ ਕੁਝ ਹੋਰ ਉਮੀਦਵਾਰ ਉਨ੍ਹਾਂ ਨੂੰ ਕੋਸਣ ਲੱਗ ਜਾਂਦੇ। ਬਹਿਸ ਦੇ ਮਜ਼ਮੂਨ ਵਾਸਤੇ ਦਿੱਤਾ ਗਿਆ ਸਮਾਂ ਰੌਲੇ-ਰੱਪੇ ’ਚ ਮੁੱਕ ਜਾਂਦਾ। ਗਰੁੱਪ ਡਿਸਕਸ਼ਨਜ਼ ਠੀਕ ਤਰ੍ਹਾਂ ਸਿਰੇ ਨਾ ਲੱਗ ਸਕੀਆਂ।
‘ਗਰੁੱਪ ਟੈਸਟਿੰਗ ਅਫਸਰ’ ਸਾਡੀ ਕਾਰਗੁਜ਼ਾਰੀ ਨੋਟ ਤਾਂ ਕਰਦਾ ਰਿਹਾ ਪਰ ਉਸਨੇ ਆਪਣਾ ਕੋਈ ਪ੍ਰਤੀਕਰਮ ਜ਼ਾਹਰ ਨਾ ਕੀਤਾ। ਰਿਜ਼ਲਟ ਦੇ ਅਨੁਮਾਨ ਚੰਗੇ ਨਹੀਂ ਸਨ। ਉਹੀ ਗੱਲ ਹੋਈ। ਸਾਰਾ ਗਰੁੱਪ ‘ਵਾਸ਼ ਆਊਟ’ (ਰੱਦ) ਕਰ ਦਿੱਤਾ ਗਿਆ। ਨਿਰਾਸ਼ਤਾ ਹੋਈ। ਪਰ ਅਗਲੀ ਵਾਰ ਦਾ ਸੋਚ ਕੇ ਮਨ ਨੂੰ ਸਮਝਾ ਲਿਆ।
ਟੈਸਟਾਂ ਵਿੱਚੋਂ ਸਮਾਂ ਕੱਢ ਕੇ ਅਲਾਹਾਬਾਦ ਦੀਆਂ ਦੋ ਥਾਵਾਂ ਦੇਖੀਆਂ। ਪਹਿਲੀ ਥਾਂ ਸੀ ਤ੍ਰਿਵੈਣੀ ਯਾਨਿ ਸੰਗਮ। ਸੰਗਮ ਲਾਗੇ ਇਕ ਵੱਡਾ ਕਿਲਾ ਹੈ ਜੋ ਅਕਬਰ ਨੇ ਬਣਾਇਆ ਸੀ। ਸ਼ਹਿਰ ਦਾ ਨਾਂ ਵੀ ਅਕਬਰ ਨੇ ਹੀ ਰੱਖਿਆ ਸੀ ਜਿਸਦਾ ਅਰਥ ਹੈ ‘ਅਲਹ ਦਾ ਸ਼ਹਿਰ’। ਜਦੋਂ ਮੈਂ ਪਹੁੰਚਾ ਤ੍ਰਿਕਾਲਾਂ ਪੈ ਰਹੀਆਂ ਸਨ। ਮੈਂ ਜਾਂ ਕਿਲਾ ਦੇਖ ਸਕਦਾ ਸਾਂ ਜਾਂ ਸੰਗਮ ਦੇ ਵਿਸ਼ਾਲ ਪਾਣੀ ਦੀ ਸੈਰ ਕਰ ਸਕਦਾ ਸਾਂ। ਮੈਂ ਪਾਣੀ ਨੂੰ ਤਰਜੀਹ ਦਿੱਤੀ। ਇਕ ਕਿਸ਼ਤੀ ਚਾਲਕ ਨੂੰ ਲੈ ਕੇ ਪਹਿਲਾਂ ਦੂਰ ਤੱਕ ਫੈਲੇ, ਕੁੰਭ ਦੇ ਮੇਲੇ ਵਾਲ਼ੇ ਘਾਟ ਦਾ ਗੇੜਾ ਕੱਢਿਆ ਤੇ ਫਿਰ ਉਸ ਥਾਂ ’ਤੇ ਜਾ ਪਹੁੰਚਾ ਜਿੱਥੇ ਗੰਗਾ ਤੇ ਜਮਨਾ ਆ ਕੇ ਮਿਲ਼ਦੀਆਂ ਹਨ। ਮੈਨੂੰ ਹੈਰਾਨੀ ਹੋਈ ਕਿ ਦੋਨਾਂ ਨਦੀਆਂ ਦੇ ਪਾਣੀ ਇਕਮਿੱਕ ਨਹੀਂ ਹੋ ਰਹੇ ਸਨ। ਗੰਗਾ ਦਾ ਜ਼ਰਾ ਕੁ ਗੰਧਲਾ ਤੇ ਜਮਨਾ ਦਾ ਸਾਫ ਪਾਣੀ ਨਾਲ਼-ਨਾਲ਼ ਵਗ ਰਹੇ ਸਨ। ਕਿਸ਼ਤੀ-ਚਾਲਕ ਨੇ ਦੱਸਿਆ ਕਿ ਪਾਣੀਆਂ ਦੀ ਇਕਮਿੱਕਤਾ ਕਾਫੀ ਦੂਰ ਜਾ ਕੇ ਬਣਦੀ ਹੈ। ਮੈਨੂੰ ਇੰਜ ਲੱਗਾ ਜਿਵੇਂ ਇਕਮਿੱਕ ਹੋਣ ਤੋਂ ਪਹਿਲਾਂ ਦੋਵੇਂ ਵਿਰਾਟ ਨਦੀਆਂ ਆਪਣੀਆਂ ਲੰਮੀਆਂ ਵਾਟਾਂ ਦੀ ਗਾਥਾ ਇਕ- ਦੂਜੀ ਨੂੰ ਸੁਣਾ ਰਹੀਆਂ ਹੋਣ। ਅਲਾਹਾਬਾਦ ’ਚ ਦੇਖੀ ਦੂਜੀ ਥਾਂ ਸੀ ‘ਚੰਦਰ ਸ਼ੇਖਰ ਆਜ਼ਾਦ ਪਾਰਕ’।ਇਸ ਥਾਂ ’ਤੇ ਆਜ਼ਾਦੀ-ਘੋਲ ਦੇ ਕ੍ਰਾਂਤੀਕਾਰੀ ਸੂਰਮੇ ਚੰਦਰ ਸ਼ੇਖਰ ਆਜ਼ਾਦ ਨੇ ਪੁਲਿਸ ਨਾਲ਼ ਮੁਕਾਬਲਾ ਕੀਤਾ ਸੀ। ਆਜ਼ਾਦ ਨੇ ਸ਼ਹੀਦ ਹੋਣ ਤੋਂ ਪਹਿਲਾਂ ਇਕ ਗੋਰੇ ਪੁਲਿਸ ਅਧਿਕਾਰੀ ਤੇ ਕੁਝ ਹੋਰ ਪੁਲਸੀਏ ਗੋਲ਼ੀਆਂ ਨਾਲ਼ ਭੁੰਨੇ ਸਨ।
ਅਸੀਂ ਤਿੰਨਾਂ ਸਾਥੀਆਂ ਨੇ ਕਮਿਸ਼ਨ ਲਈ ਮੁੜ ਅਪਲਾਈ ਕਰ ਦਿੱਤਾ। ਬੁਲਾਵਾ ਸਮਾਂ ਪਾ ਕੇ ਆਉਣਾ ਸੀ। ਮੈਂ ਛੁੱਟੀ ਚਲਾ ਗਿਆ। ਪੰਜਾਬ ਪਹਿਲਾਂ ਨਾਲ਼ੋਂ ਸੁਹਣਾ ਲੱਗ ਰਿਹਾ ਸੀ। ‘ਹਰੇ ਇਨਕਲਾਬ’ ਦੀ ਆਮਦ ਨਾਲ਼ ਕਿਸਾਨਾਂ ਨੇ ਟਿਊਬਵੈੱਲ ਲਗਵਾ ਲਏ ਸਨ। ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਨੇ ਖੋਜਾਂ ਰਾਹੀਂ ਕਣਕ, ਝੋਨੇ, ਕਮਾਦ, ਮੱਕੀ, ਨਰਮੇ ਆਦਿ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਤਿਆਰ ਕਰ ਲਈਆਂ ਸਨ। ਰਸਾਇਣਕ ਖਾਦਾਂ ਦੀ ਵਰਤੋਂ ਸ਼ੁਰੂ ਹੋ ਚੁੱਕੀ ਸੀ। ਉਪਜ ਵਧਣ ਨਾਲ਼ ਕਿਸਾਨਾਂ ਦਾ ਹੱਥ ਤਰ ਹੋ ਗਿਆ ਸੀ। ਸਿੱਟੇ ਵਜੋਂ ਰਹਿਣੀ-ਬਹਿਣੀ ’ਚ ਫਰਕ ਪੈ ਗਿਆ ਸੀ। ਕੱਚੇ ਘਰ ਪੱਕਿਆਂ ’ਚ ਤਬਦੀਲ ਹੋ ਰਹੇ ਸਨ, ਗਾਡਰਾਂ-ਬਾਲਿਆਂ ਦੀਆਂ ਛੱਤਾਂ ਵਾਲ਼ੇ ਘਰ। ਤਕਰੀਬਨ ਹਰ ਘਰ ਵਿਚ ਬਿਜਲੀ ਸੀ। ਨਹਾਉਣ-ਧੋਣ ਲਈ ਨਲਕੇ ਅਤੇ ਜਾਣ-ਆਉਣ ਲਈ ਸਾਈਕਲ। ਲੱਠੇ, ਲੇਲ੍ਹਣਾਂ ਤੇ ਪਾਪਲੀਨਾਂ ਦੀ ਥਾਂ ਟੈਰਾਲੀਨ ਅਤੇ ਵਾਸ਼ ਐਂਡ ਵੇਅਰ ਸ਼ੁਰੂ ਹੋ ਗਏ ਸਨ। ਰਹਿਣੀ-ਬਹਿਣੀ ’ਚ ਹੋਈ ਤਬਦੀਲੀ ਪੱਖੋਂ ਪੰਜਾਬ ਭਾਰਤ ਦਾ ਨੰਬਰ ਇਕ ਸੂਬਾ ਬਣ ਗਿਆ ਸੀ। ਦੂਜੇ ਸੂਬਿਆਂ ਦੇ ਹਵਾਈ ਸੈਨਿਕਾਂ ਕੋਲ਼ ਅਸੀਂ ਹੁੱਬ-ਹੁੱਬ ਆਪਣੇ ਪੰਜਾਬ ਦੀਆਂ ਸਿਫਤਾਂ ਕਰਦੇ। ‘ਹਰੇ ਇਨਕਲਾਬ’ ਦੇ ਭਵਿੱਖੀ ਸਿੱਟੇ ਕੀ ਹੋਣਗੇ, ਇਸ ਬਾਰੇ ਸਾਨੂੰ ਕੁਝ ਨਹੀਂ ਸੀ ਪਤਾ। ਸ਼ਾਇਦ ਕਿਸੇ ਨੂੰ ਵੀ ਨਹੀਂ ਸੀ ਪਤਾ।
ਸਾਡੀ ਜ਼ਮੀਨ ਦੇ ਨਾਲ਼ ਲਗਦੀ ਢਾਈ ਘੁਮਾਂ ਜ਼ਮੀਨ ਵਿਕਾਊ ਸੀ। ਅਸੀਂ ਉਹ ਖਰੀਦ ਲਈ।
ਆਗਰੇ ਨੂੰ ਮੁੜਦਿਆਂ ਕੁਲਵੰਤ ਮੇਰੇ ਨਾਲ਼ ਸੀ। ਰਾਹ ਵਿਚ ਅਸੀਂ ਕੁਝ ਦਿਨ ਦਿੱਲੀ ਰੁਕੇ। ਕੁਲਵੰਤ ਦਾ ਭਰਾ ਰਘਬੀਰ ਸਿੰਘ ਖਹਿਰਾ ਪਰਿਵਾਰ ਸਮੇਤ ਦਿੱਲੀ ਰਹਿੰਦਾ ਸੀ। ਇਨ੍ਹਾਂ ਦਾ ਕਜ਼ਨ ਕਰਨਲ ਜੋਗਿੰਦਰ ਸਿੰਘ ਖਹਿਰਾ ਵੀ ਓਥੇ ਹੀ ਸੀ। ਉਸ ਨੇ ਸਾਨੂੰ ਰੋਟੀ ’ਤੇ ਸੱਦਿਆ। ਰਘਬੀਰ ਸਿੰਘ ਨੇ ਉਸਨੂੰ ਮੇਰੀ ਬਾਬਤ ਸਿਫਾਰਿਸ਼ ਪਾਉਣ ਲਈ ਆਖਿਆ। ਉਸਨੇ ਕਿਹਾ ਕਿ ਐਸ. ਐਸ. ਬੀ ਦਾ ਬੁਲਾਵਾ ਆਉਣ ’ਤੇ ਦੱਸਿਓ।
ਆਗਰੇ ਮਨਜੀਤ ਨੇ ਆਪਣੇ ਲਾਗੇ ਹੀ ਸਾਡੇ ਵਾਸਤੇ ਇਕ ਕਮਰਾ-ਰਸੋਈ ਕਿਰਾਏ ’ਤੇ ਲੈ ਰੱਖੇ ਸਨ। ਉਸਦੀ ਪਤਨੀ ਹਰਦੀਪ ਤੇ ਕੁਲਵੰਤ ਛੇਤੀ ਘੁਲ਼ਮਿਲ਼ ਗਈਆਂ।
ਸੁਕਆਡਰਨ ’ਚ ਮੇਰੀ ਡਿਊਟੀ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ’ ਤੋਂ ਬਦਲ ਕੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ’ਚ ਲੱਗ ਗਈ। ਇਸ ਸੈਕਸ਼ਨ ਵਿਚ ਕੈਨਬਰਾ ਜਹਾਜ਼ਾਂ ਦੀਆਂ ਮਿਆਦੀ ਸਮੇਂ ਹੋਣ ਵਾਲ਼ੀਆਂ ਸਰਵਿਸਾਂ (Periodical Services) ਕੀਤੀਆਂ ਜਾਂਦੀਆਂ ਸਨ। ਜਹਾਜ਼ ਬਣਾਉਣ ਵਾਲ਼ੀਆਂ ਕੰਪਨੀਆਂ ਨੇ ਆਪਣੇ ਜਹਾਜ਼ਾਂ ਦੇ ਫਰੇਮ, ਇੰਜਣ ਤੇ ਖਾਸ-ਖਾਸ ਪੁਰਜਿਆਂ ਦੀ ਉਮਰ ਨਿਰਧਾਰਤ ਕੀਤੀ ਹੁੰਦੀ ਹੈ। ਉਦਾਹਾਰਣ ਦੇ ਤੌਰ ’ਤੇ ਕਿਸੇ ਜਹਾਜ਼ ਦੇ ਫਰੇਮ ਦੀ ਉਮਰ 800 ਉਡਣ-ਘੰਟੇ, ਇੰਜਣ ਦੀ 600 ਉਡਣ-ਘੰਟੇ, ਆਇਲ ਪੰਪ ਦੀ 500 ਉਡਣ-ਘੰਟੇ ਹੋ ਸਕਦੀ ਹੈ। ਇਹ ਉਮਰ ਜਹਾਜ਼ ਦੇ ਉਡਣ-ਘੰਟਿਆਂ ਦਾ ਜਮ੍ਹਾਂ-ਜੋੜ ਹੁੰਦਾ ਹੈ। ਨਵੇਂ ਜਹਾਜ਼ ਦੀ ਉਮਰ ਸਿਫਰ ਤੋਂ ਸ਼ੁਰੂ ਹੁੰਦੀ ਹੈ। ਫਿਰ ਜਿਉਂ-ਜਿਉਂ ਉਡਣ-ਘੰਟੇ ਵਧਦੇ ਹਨ, ਜਹਾਜ਼ਾਂ ਦੇ ਸਾਰੇ ਟਰੇਡਾਂ ਦੀਆਂ ਮਿਆਦੀ ਸਮੇਂ ਦੀਆਂ ਸਰਵਿਸਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਕੈਨਬਰਾ ਜਹਾਜ਼ ਦੀ ਇਸ ਤਰ੍ਹਾਂ ਦੀ ਪਹਿਲੀ ਸਰਵਿਸ 25 ਘੰਟੇ ਬਾਅਦ ਹੁੰਦੀ ਸੀ, ਅਗਲੀਆਂ ਸਰਵਿਸਾਂ 50, 75, 100, 125, 150 ਘੰਟੇ ਬਾਅਦ ਅਤੇ ਅਗਾਂਹ ਵਾਲੀਆਂ ਇਸੇ ਤਰ੍ਹਾਂ ਉਮਰ ਪੁੱਗਣ ਤੱਕ ਜਾਰੀ ਰਹਿੰਦੀਆਂ ਸਨ। ਉਮਰ ਪੁੱਗਣ ਉਪ੍ਰੰਤ ਜਹਾਜ਼ ਓਵਰਹਾਲਿੰਗ ਵਾਸਤੇ, ਸੰਬੰਧਿਤ ‘ਬੇਸ ਰਿਪੇਅਰ ਡਿਪੋ’ ’ਚ ਭੇਜ ਦਿੱਤੇ ਜਾਂਦੇ ਹਨ। ਰੋਜ਼ਾਨਾ ਅਤੇ ਮਿਆਦੀ ਸਮੇਂ ਦੀਆਂ ਸਰਵਿਸਾਂ ਅਤੇ ਓਵਰਹਾਲਿੰਗ ਨਾਲ਼ ਸੰਬੰਧਿਤ ਚੈਕਿੰਗਾਂ-ਮੁਰੰਮਤਾਂ ਦੇ ਵੇਰਵੇ, ਜਹਾਜ਼ਾਂ ਦੀਆਂ ਨਿਰਮਾਤਾ-ਕੰਪਨੀਆਂ ਵੱਲੋਂ ਸਪਲਾਈ ਕੀਤੀਆਂ ‘ਏਅਰ ਪਬਲੀਕੇਸ਼ਨਜ਼’ ਵਿਚ ਦਰਜ ਹੁੰਦੇ ਹਨ।
ਹਰ ਟਰੇਡ ਦੇ ਤਕਨੀਸ਼ਨ ਆਪਣੇ ਸਾਰੇ ਕੰਮ ਪੂਰੀ ਸਾਵਧਾਨੀ ਨਾਲ਼ ਕਰਦੇ ਹਨ। ਆਪਣੇ ਕੀਤੇ ਕੰਮਾਂ ਦੀ ਜ਼ਿੰਮੇਵਾਰੀ ਵਜੋਂ ਉਹ ਸੰਬੰਧਿਤ ਫਾਰਮਾਂ ’ਤੇ ਦਸਤਖਤ ਕਰਦੇ ਹਨ। ਜਹਾਜ਼ ਦੇ ਹਾਸਤਾਗ੍ਰਸਤ ਹੋਣ ਦੀ ਸੂਰਤ ਵਿਚ, ਜਿਨ੍ਹਾਂ ਤਕਨੀਸ਼ਨਾਂ ਨੇ ਉਸ ਜਹਾਜ਼ ’ਤੇ ਸਰਵਿਸ ਕੀਤੀ ਹੁੰਦੀ ਹੈ, ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾਂਦੀ ਹੈ।
ਪਰ ਸਾਵਧਾਨੀ ਨਾਲ਼ ਕੀਤੀਆਂ ਸਰਵਿਸਾਂ ਦੇ ਬਾਵਜੂਦ, ਕਦੀ-ਕਦੀ ਮਸ਼ੀਨਰੀਆਂ ਪਾਇਲਟ ਦੇ ਆਦੇਸ਼ ਅਨੁਸਾਰ ਫੰਕਸ਼ਨ ਨਹੀਂ ਕਰਦੀਆਂ। ਇਕ ਵਾਰ ਸਾਡੇ ਸੁਕਆਡਰਨ ਦਾ ਇਕ ਨਵਾਂ ਪਾਇਲਟ ਲੋਕਲ ਫਲਾਈਂਗ ਕਰ ਰਿਹਾ ਸੀ। ਉਤਰਨ ਦੀ ਤਿਆਰੀ ਸਮੇਂ ਜਹਾਜ਼ ਦਾ ਚੁੰਝ ਹੇਠਲਾ ਪਹੀਆ ਬਾਹਰ ਨਾ ਆਇਆ। ਉਸਨੇ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ। ਹਵਾਈ ਅੱਡੇ ਲਈ ਸੰਕਟ ਖੜ੍ਹਾ ਹੋ ਗਿਆ।
ਜਹਾਜ਼ ਨੂੰ ਉਤਾਰਨ ਸਮੇਂ, ਪਾਇਲਟ ਪਹਿਲਾਂ ਦੋ ਮੁੱਖ ਪਹੀਏ ਹੀ ਰੱਨਵੇਅ ਤੇ ਲਾਉਂਦਾ ਹੈ। ਚੁੰਝ ਹੇਠਲਾ ਪਹੀਆ ਬਿੰਦ ਕੁ ਬਾਅਦ ਲਾਇਆ ਜਾਂਦਾ ਹੈ। ਜਹਾਜ਼ ਦਾ ਜ਼ਮੀਨ ’ਤੇ ਸੰਤੁਲਿਨ ਬਣਾਉਣ ਤੇ ਜਹਾਜ਼ ਨੂੰ ਆਸੇ-ਪਾਸੇ ਮੋੜਨ ਲਈ ਚੁੰਝ ਹੇਠਲਾ ਪਹੀਆ ਜਹਾਜ਼ ਦਾ ਅਤਿ ਮਹੱਤਵਪੂਰਨ ਪਾਰਟ ਹੈ।
ਨਵਾਂ ਪਾਇਲਟ ਜੇ ਇਸ ਪਹੀਏ ਤੋਂ ਬਗੈਰ ਲੈਂਡ ਕਰਦਾ ਤਾਂ ਜਹਾਜ਼ ਦੇ ਮੂਹਰਲੇ ਹਿੱਸੇ ਨੇ ਰੱਨਵੇਅ ’ਤੇ ਰਗੜ ਖਾਣੀ ਸੀ। ਸਿੱਟੇ ਵਜੋਂ ਜਹਾਜ਼ ਦੀ ਟੁੱਟ-ਭੱਜ ਤਾਂ ਹੋਣੀ ਹੀ ਸੀ, ਅੱਗ ਲੱਗਣ ਦਾ ਖਤਰਾ ਵੀ ਸੀ। ਹੱਲ ਇਹ ਸੀ ਕਿ ਰੱਨਵੇਅ ਨੂੰ ਛੁਹਣ ਬਾਅਦ, ਪਾਇਲਟ ਦੋ ਪਹੀਆਂ ’ਤੇ ਦੌੜਦੇ ਜਹਾਜ਼ ਦਾ ਸੰਤੁਲਿਨ ਬਣਾਈ ਰੱਖੇ ਅਤੇ ਮੂਹਰਲਾ ਹਿੱਸਾ ਰੱਨਵੇਅ ’ਤੇ ਉਦੋਂ ਲਾਵੇ ਜਦੋਂ ਸਪੀਡ ਕਾਫੀ ਘਟ ਹੋ ਗਈ ਹੋਵੇ।
ਸੁਕਆਡਰਨ ਕਮਾਂਡਰ ਨੇ ਫੌਰੀ ਐਕਸ਼ਨ ਲੈਂਦਿਆਂ ਇਕ ਹੰਢੇ-ਵਰਤੇ ਪਾਇਲਟ ਦੀ ਡਿਊਟੀ ਲਾ ਦਿੱਤੀ ਕਿ ਉਹ ਇਹ ਜੁਗਤ ਨਵੇਂ ਪਾਇਲਟ ਨੂੰ ਪ੍ਰੈਕਟੀਕਲੀ ਕਰਕੇ ਵਿਖਾਏ। ਅਸੀਂ ਸਾਰੇ ਤਕਨੀਸ਼ਨ ਹੈਂਗਰਾਂ (ਵਿਸ਼ਾਲ ਸ਼ੈੱਡਾਂ) ਤੋਂ ਬਾਹਰ ਖੜ੍ਹੇ ਵੇਖ ਰਹੇ ਸਾਂ। ਉਹ ਪਾਇਲਟ ਜਹਾਜ਼ ਲੈ ਕੇ ਉੱਡਿਆ ਤੇ ਉੱਪਰ ਗੇੜਾ ਕੱਢ ਕੇ ਲੈਂਡ ਕਰਦਿਆਂ ਮੂਹਰਲਾ ਪਹੀਆ, ਆਮ ਪ੍ਰੈਕਟਿਸ ਨਾਲ਼ੋਂ ਦੇਰ ਨਾਲ਼ ਰੱਨਵੇਅ ’ਤੇ ਲਾਇਆ। ਸੰਕਟਗ੍ਰਸਤ ਪਾਇਲਟ ਨੇ ਜਹਾਜ਼ ਨੂੰ ਕਾਫੀ ਨੀਵਾਂ ਲਿਆ ਕੇ ਜੁਗਤ ਵੇਖ ਲਈ। ਸੁਰੱਖਿਆ ਯਕੀਨੀ ਬਣਾਉਣ ਲਈ, ਰੱਨਵੇਅ ਦੇ ਅੱਧ ਤੋਂ ਅਗਲੇ ਹਿੱਸੇ ਵਿਚ ਝੱਗ ਦੀ ਸੰਘਣੀ ਤਹਿ ਵਿਛਾਈ ਗਈ। ਹਵਾਈ ਸੈਨਾ ਦੀਆਂ ਅੱਗ-ਬੁਝਾਊ ਗੱਡੀਆਂ ਵਿਚ ਝੱਗ ਦਾ ਇੰਤਜ਼ਾਮ ਵੀ ਹੁੰਦਾ ਹੈ। ਨਵੇਂ ਪਾਇਲਟ ਨੇ ਜੁਗਤ ਅਨੁਸਾਰ ਲੈਂਡ ਕੀਤਾ। ਮੂਹਰਲੇ ਹਿੱਸੇ ਦੀ ਥੋੜ੍ਹੀ ਕੁ ਟੁੱਟ-ਭੱਜ ਹੋਈ ਬਾਕੀ ਸਭ ਠੀਕ ਰਿਹਾ । ਕੁਝ ਹਫਤੇ ਪਹਿਲਾਂ ਉਸ ਜਹਾਜ਼ ਦੀ 50 ਘੰਟੇ ਵਾਲ਼ੀ ਸਰਵਿਸ ਹੋਈ ਸੀ। ਏਅਰਫਰੇਮ ਟਰੇਡ ਦੇ ਤਕਨੀਸ਼ਨਾਂ ਨੇ ਜਹਾਜ਼ ਨੂੰ ਤਿੰਨ ਜੈਕਾਂ ’ਤੇ ਉਠਾ ਕੇ ‘ਰਿਟ੍ਰੈਕਸ਼ਨ ਟੈਸਟ’ ਕੀਤਾ ਸੀ। ਤਿੰਨੇ ਪਹੀਏ ਠੀਕ ਤਰ੍ਹਾਂ ਅੰਦਰ ਵੀ ਜਾਂਦੇ ਸਨ ਤੇ ਬਾਹਰ ਵੀ ਨਿਕਲ਼ਦੇ ਸਨ।
ਹਰ ਟਰੇਡ ਦੀ ਮਿਆਦੀ ਸਰਵਿਸ ਦੀਆਂ ਆਈਟਮਾਂ ਕਾਫੀ ਹੁੰਦੀਆਂ ਹਨ। ਆਪਣੇ ਇੰਜਣ ਟਰੇਡ ਦੀ ਇਕ ਮਿਆਦੀ ਸਰਵਿਸ ਬਾਰੇ ਜੇ ਮੈਂ ਸਾਰੀਆਂ ਆਈਟਮਾਂ ਦਾ ਵੇਰਵਾ ਲਿਖਣਾ ਹੋਵੇ ਤਾਂ ਇਹ ਕਈ ਸਫਿਆਂ ਤੱਕ ਜਾਏਗਾ। ਕੁਝ ਮੁੱਖ ਆਈਟਮਾਂ ਲਿਖ ਰਿਹਾਂ:
ਇਮਪੈਲਰ ਤੇ ਟਰਬਾਈਨ ਦੇ ਬਲੇਡਾਂ ਦੀ ਚੈਕਿੰਗ ਇਹ ਦੇਖਣ ਲਈ ਕਰਦੇ ਸਾਂ ਕਿ ਕੋਈ ਟੁੱਟ-ਭੱਜ ਨਾ ਹੋਈ ਹੋਵੇ।
ਆਇਲ (ਤੇਲ) ਫਿਲਟਰਾਂ ਦੀ ਚੈਕਿੰਗ ਰਾਹੀਂ ਇਹ ਦੇਖਦੇ ਸਾਂ ਕਿ ਫਿਲਟਰਾਂ ’ਤੇ ਕਿਸੇ ਧਾਤ ਦੇ ਕਣ ਤਾਂ ਨਹੀਂ ਲੱਗੇ ਹੋਏ। ਕਣਾਂ ਦੀ ਮੌਜੂਦਗੀ, ਇੰਜਣ ਦੇ ਕਿਸੇ ਪੁਰਜੇ ਦਾ ਦੂਜੇ ਪੁਰਜੇ ਨਾਲ਼ ਰਗੜ ਖਾਣ ਦਾ ਸੰਕੇਤ ਹੁੰਦਾ ਸੀ।
ਜਹਾਜ਼ ਦੇ ਦੋਨੋਂ ਇੰਜਣ ਵਾਰੀ ਵਾਰੀ ਸਟਾਰਟ ਕਰਕੇ ਸਲੋਅ ਰਨਿੰਗ ਆਰ. ਪੀ. ਐਮ, ਮੈਕਸੀਮਮ ਆਰ. ਪੀ. ਐਮ, ਆਇਲ ਪ੍ਰੈਸ਼ਰ, ਫਿਊਲ ਪ੍ਰੈਸ਼ਰ, ਜੈੱਟ ਪਾਈਪ ਟੈਂਪਰੇਚਰ ਆਦਿ ਸੈੱਟ ਕਰਦੇ ਸਾਂ।
ਇੰਜਣ ਟਰੇਡ ਦੇ ਸਾਡੇ ਸਾਥੀਆਂ ਵਿਚ ਮੱਛਰ ਵੀ ਸ਼ਾਮਿਲ ਸੀ। ਬਰੇਕ-ਟਾਈਮ ’ਚ ਚਾਹ-ਪਾਣੀ ਪੀਂਦਿਆਂ ਅਸੀਂ ਕਮਿਸ਼ਨ ਦੇ ਟੈਸਟਾਂ ਦੀ ਤਿਆਰੀ ਬਾਰੇ ਪ੍ਰੋਗਰਾਮ ਵੀ ਉਲੀਕ ਲੈਂਦੇ। ਉਹ ਸੇਨਗੁਪਤਾ ਨੂੰ ਦੱਸ ਦੇਂਦਾ। ਮਿੱਥੇ ਹੋਏ ਦਿਨ ’ਤੇ ਸਮੇਂ ਅਨੁਸਾਰ ਮੈਂ ਉਨ੍ਹਾਂ ਦੀ ਬੈਰਕ ਵਿਚ ਪਹੁੰਚ ਜਾਂਦਾ।
ਜਿੱਤ ਕੇ ਹਾਰੀ ਬਾਜ਼ੀ
ਪਹਿਲਾਂ ਸੇਨਗੁਪਤਾ ਨੂੰ ਸੱਦਾ-ਪੱਤਰ ਆਇਆ। ਉਹ ਸਿਲੈਕਟ ਹੋ ਗਿਆ। ਬੜੀ ਖੁਸ਼ੀ ਹੋਈ। ਫਿਰ ਮੈਨੂੰ ਆਇਆ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ ਤੋਂ। ਮੈਂ ਕਰਨਲ ਖਹਿਰਾ ਨੂੰ ਖਬਰ ਕਰ ਦਿੱਤੀ। ਉਸਨੇ ਜੱਬਲਪੁਰ ਛਾਉਣੀ ’ਚ ਤਾਇਨਾਤ ਆਪਣੇ ਇਕ ਬਰਿਗੇਡੀਅਰ ਨੂੰ ਕਹਿ ਦਿੱਤਾ। ਟੈਸਟ ਵਧੀਆ ਹੋ ਰਹੇ ਸਨ। ਇਕ ਦਿਨ ਵਿਹਲ ਮਿਲਣ ’ਤੇ ਮੈਂ ਜਬੱਲਪੁਰ ਦੀ ਮਸ਼ਹੂਰ ਥਾਂ ‘ਮਾਰਬਲ ਹਿਲਜ਼’ ਦੇਖਣ ਚਲਾ ਗਿਆ। ਉੱਥੇ ਨਰਮਦਾ ਨਦੀ ਧਰਤੀ ਦੇ ਲੈਵਲ ਤੋਂ ਕਾਫੀ ਹੇਠਾਂ ਵਗਦੀ ਹੈ। ਭਾਂਤ-ਭਾਂਤ ਦੇ ਰੰਗਾਂ ਵਾਲੀਆਂ ਸੰਗਮਰਮਰ ਦੀਆਂ ਚਟਾਨਾਂ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਨਦੀ ’ਚ ਜਾ ਕੇ ਹੀ ਮਾਣਿਆਂ ਜਾ ਸਕਦਾ ਹੈ। ਮੈਂ ਇਕ ਕਿਸ਼ਤੀ-ਚਾਲਕ ਨਾਲ਼ ਕਿਰਾਇਆ ਮੁੱਕਾ ਲਿਆ। ਪਾਣੀ ਦਾ ਵਹਾਅ ਕਾਫੀ ਧੀਮਾ ਸੀ। ਕਿਸ਼ਤੀ-ਚਾਲਕ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕਿਸ਼ਤੀ ਰੋਕ ਲੈਂਦਾ ਤਾਂ ਕਿ ਮੈਂ ਦੋਨਾਂ ਪਾਸਿਆਂ ਦੇ ਅਨੂਠੇ ਦ੍ਰਿਸ਼ਾਂ ਨੂੰ ਰੱਜ ਕੇ ਮਾਣ ਸਕਾਂ। ਚਿੱਟੇ, ਗੁਲਾਬੀ, ਨੀਲੇ, ਕਾਲ਼ੇ ਆਦਿ ਰੰਗਾਂ ਦੀ ਸੰਗਮਰਮਰ ਦੇ ਦ੍ਰਿਸ਼ਾ ਨੂੰ ਮਾਣਦਿਆਂ ਮੇਰੇ ਮੂੰਹੋਂ ਆਪਮੁਹਾਰੇ ਹੀ ‘ਵਾਹ ਬਈ ਵਾਹ’ ਦੇ ਸ਼ਬਦ ਨਿੱਕਲ਼ ਜਾਂਦੇ। ਧੁੱਪ ’ਚ ਲਿਸ਼ਕਦੀਆਂ ਬਹੁਰੰਗੀ ਚਟਾਨਾਂ ਦੇ ਚਿੱਤਕਬਰੇ ਅਕਸ, ਨਦੀ ਦੇ ਸਵਛ ਪਾਣੀ ’ਤੇ ਰੂਪਮਾਨ ਹੋ ਰਹੇ ਸਨ। ਉਨ੍ਹਾਂ ਅਕਸਾਂ ਨੂੰ ਨੀਝ ਨਾਲ਼ ਤਕੱਦਿਆਂ ਇੰਜ ਲਗਦਾ ਸੀ ਜਿਵੇਂ ਪਾਣੀ ’ਤੇ ਚਿੱਤਰਕਾਰੀ ਕੀਤੀ ਹੋਈ ਹੋਵੇ।
ਟੈਸਟਾਂ ਦੇ ਅਖੀਰ ਵਿਚ ਬੋਰਡ ਦੇ ਪ੍ਰੈਜ਼ੀਡੈਂਟ ਨਾਲ਼ ਇੰਟਰਵਿਊ ਹੋਈ। ਉਹ ਨੇਵੀ ਦਾ ਅਫਸਰ ਸੀ। ਇੰਟਰਵਿਊ ਠੀਕ ਚੱਲੀ। ਆਖਰ ਵਿਚ ਉਸਨੇ ਐਸ. ਐਸ. ਬੀ ਦੇ ਟੈਸਟਾਂ ਬਾਰੇ ਮੇਰੀ ਰਾਇ ਪੁੱਛੀ। ਮੈਂ ਕਿਹਾ, “ਉਮੀਦਵਾਰਾਂ ਨੂੰ ਅੰਦਰੋਂ-ਬਾਹਰੋਂ ਪਰਖ ਕੇ ਡਿਜ਼ਰਵਿੰਗ ਉਮੀਦਵਾਰ ਲੱਭਣ ਲਈ ਇਹ ਟੈਸਟ ਬਹੁਤ ਵਧੀਆ ਹਨ।”
ਪ੍ਰੈਜ਼ੀਡੈਂਟ ਨਿਹੋਰਾ ਮਾਰਦਾ ਬੋਲਿਆ, “ਇਸ ਬੋਰਡ ਵੱਲੋਂ ਕੀਤੀ ਜਾਂਦੀ ਸਿਲੈਕਸ਼ਨ ਸਿਰਫ ਤੇ ਸਿਰਫ ਟੈਸਟਾਂ ’ਤੇ ਆਧਾਰਿਤ ਹੁੰਦੀ ਹੈ। ਸਿਫਾਰਸ਼ੀਆਂ ਨੂੰ ਸਿੱਧੀ ‘ਨੋ’, ਟੈਸਟਾਂ ’ਚੋਂ ਪਾਸ ਹੋਣ ਵਾਲਿਆਂ ਨੂੰ ਵੀ, ਅਜਿਹੇ ਉਮੀਦਵਾਰਾਂ ਨੂੰ ਆਪਣੇ ਆਪ ’ਤੇ ਕੌਨਫਿਡੈਂਸ (ਵਿਸ਼ਵਾਸ) ਨਹੀਂ ਹੁੰਦਾ।”
ਪ੍ਰੈਜ਼ੀਡੈਂਟ ਦੇ ਬੋਲ ਮੇਰੇ ਦਿਮਾਗ ’ਤੇ ਹਥੌੜਿਆਂ ਵਾਂਗ ਵੱਜੇ… । ਸਰੀਰ ਨੂੰ ਧੂੰਹਦਾ ਮੈਂ ਉਸਦੇ ਦਫਤਰ ਤੋਂ ਬਾਹਰ ਆ ਗਿਆ। ਨਿੱਖਰਿਆ ਧੁਪੀਲਾ ਦਿਨ ਕਾਲ਼ਾ-ਕਲੂਟਾ ਹੋ ਗਿਆ ਜਾਪਿਆ… ਮੇਰੇ ਨਾਲ਼ ਅਨਹੋਣੀ ਹੋਈ ਸੀ। ਟੈਸਟਾਂ ਵਿੱਚੋਂ ਪਾਸ ਹੋਣ ਦੇ ਬਾਵਜੂਦ ਵੀ ਮੈਂ ਰਿਜੈਕਟ ਹੋ ਗਿਆ ਸਾਂ। ਫਾਇਦੇ ਲਈ ਪੁਆਈ ਸਿਫਾਰਸ਼ ਸਰਾਪ ਬਣ ਗਈ ਸੀ।
ਦੁੱਖ ਕੁਲਵੰਤ ਨੂੰ ਵੀ ਹੋਇਆ। ਪਰ ਇਹ ਮੇਰੇ ਨਾਲ਼ੋਂ ਵੱਧ ਧੀਰਜਵਾਨ ਹੈ। ਕਹਿਣ ਲੱਗੀ, “ਇਸ ਹਾਰ ਨੂੰ ਦਿਲ ’ਤੇ ਨਾ ਲਾਓ। ਪ੍ਰਮਾਤਮਾ ਜੋ ਕਰਦੈ ਠੀਕ ਕਰਦੈ।” ਦੋਸਤਾਂ ਨੇ ਵੀ ਹਮਦਰਦੀ ਜਤਾਈ। ਬਾਅਦ ਵਿਚ ਪਤਾ ਲੱਗਾ ਕਿ ਮੇਰੀ ਸਿਫਾਰਿਸ਼ ਕਰਨ ਵਾਲ਼ਾ ਬਰਿਗੇਡੀਅਰ ਜੱਬਲਪੁਰ ਨਵਾਂ-ਨਵਾਂ ਹੀ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਬੋਰਡ ਦਾ ਪ੍ਰੈਜ਼ੀਡੈਂਟ ਸਿਫਾਰਿਸ਼ਾਂ ਦੇ ਖਿਲਾਫ ਹੈ।
ਮੱਛਰ ਸਿਲੈਕਟ ਹੋ ਗਿਆ ਸੀ। ਉਸਦੇ ਤੇ ਸੇਨਗੁਪਤਾ ਦੇ ਟ੍ਰੇਨਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਅਸੀਂ ਸਾਰੇ ਮਿੱਤਰਾਂ ਨੇ ਉਨ੍ਹਾਂ ਨੂੰ ਸਨੇਹ ਭਰੀ ਪਾਰਟੀ ਦਿੱਤੀ। ਮੱਛਰ ਨੇ ਕੈਡਿਟ ਬਣ ਕੇ ਆਪਣਾ ਨਾਂ ਮਨਜੀਤ ਸਿੰਘ ਰੱਖ ਲਿਆ।
ਅਕਾਦਮਿਕ ਪੜ੍ਹਾਈ ਦੀ ਸ਼ੁਰੂਆਤ
ਮਿਤੱਰਾਂ ਨੇ ਮੈਨੂੰ ਤੀਜੀ ਵਾਰ ਅਪਲਾਈ ਕਰਨ ਲਈ ਕਿਹਾ ਪਰ ਮੇਰਾ ਮਨ ਨਾ ਮੰਨਿਆਂ। ਏਅਰਫੋਰਸ ਦੀ ਸਾਧਾਰਨ ਰੈਂਕਾ ਵਾਲ਼ੀ ਨੌਕਰੀ ਬਿਹਤਰ ਭਵਿੱਖ ਵਾਲ਼ੀ ਨਹੀਂ ਸੀ, ਮੈਂ 15 ਸਾਲ ਪੂਰੇ ਕਰਕੇ ਇਸ ਨੂੰ ਛੱਡਣ ਦਾ ਪ੍ਰਣ ਕਰ ਲਿਆ। 8 ਕੁ ਸਾਲ ਬਾਕੀ ਸਨ। ਇਨ੍ਹਾਂ 8 ਸਾਲਾਂ ਵਿਚ ਆਪਣੀ ਵਿਦਿਅਕ ਯੋਗਤਾ ਵਧਾਉਣ ਦੀ ਸਕੀਮ ਬਣਾ ਕੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ ਭਾਗ ਦੂਜਾ ਦੀ ਤਿਆਰੀ ਸ਼ੁਰੂ ਕਰ ਲਈ।
ਕੁਲਵੰਤ ਨੇ ਤਾਜ ਮਹੱਲ ਤੇ ਆਗਰਾ ਕਿਲਾ ਤਾਂ ਦੇਖ ਲਏ ਸਨ। ਫਤਿਹਪੁਰ ਸੀਕਰੀ ਤੇ ਸਿਕੰਦਰਾ ਰਹਿੰਦੇ ਸਨ। ਮੈਂ, ਮਨਜੀਤ ਅਤੇ ਗਵਾਂਢੀ ਰਾਜਿੰਦਰ ਸਿੰਘ ਬਾਲਾ ਨੇ ਫਤਿਹਪੁਰ ਸੀਕਰੀ ’ਚ ਪਿਕਨਿਕ ਦਾ ਪ੍ਰੋਗਰਾਮ ਬਣਾ ਲਿਆ। ਇਹ ਸਥਾਨ ਆਗਰੇ ਤੋਂ 40 ਕਿਲੋਮੀਟਰ ਦੀ ਦੂਰੀ ’ਤੇ ਹੈ। ਅਸੀਂ ਤਿੰਨੇ ਪਰਿਵਾਰ ਰੇਲ ਗੱਡੀ ਰਾਹੀਂ ਓਥੇ ਪਹੁੰਚੇ ਗਏ। ਇਹ ਸਥਾਨ 1571 ਤੋਂ 1585 ਤੱਕ ਅਕਬਰ ਦੀ ਰਾਜਧਾਨੀ ਸੀ। ਤਿੰਨ ਕਿਲੋਮੀਟਰ ਦੀ ਲੰਬਾਈ ਤੇ ਇਕ ਕਿਲੋਮੀਟਰ ਦੀ ਚੌੜਾਈ ’ਚ ਪਸਰੇ ਉਸਦੇ ਰਾਜ ਦਰਬਾਰ ਵਿਚ ਦੀਵਾਨੇ ਖਾਸ, ਦੀਵਾਨੇ ਆਮ, ਸਲੀਮ ਚਿਸਤੀ ਦਾ ਮਕਬਰਾ, ਪੰਚ ਮਹੱਲ, ਰਾਣੀਆਂ ਦੇ ਮਹੱਲ, ਇਬਾਦਤ ਖਾਨਾ, ਬੁਲੰਦ ਦਰਵਾਜ਼ਾ ਤੇ ਕੁਝ ਹੋਰ ਇਮਾਰਤਾਂ ਹਨ। ਸਾਰਾ ਸਮੂਹ ਲਾਲ ਪੱਥਰਾ ਦਾ ਬਣਿਆਂ ਹੋਇਆ ਹੈ। ਅਸੀਂ ਅੱਧੀਆਂ ਇਮਾਰਤਾਂ ਖਾਣ-ਪੀਣ ਤੋਂ ਪਹਿਲਾਂ ਤੇ ਅੱਧੀਆਂ ਬਾਅਦ ਵਿਚ ਦੇਖੀਆਂ।
ਦੋ ਕੁ ਮਹੀਨੇ ਬਾਅਦ ਅਸੀਂ ਤਿੰਨੇ, ਪਤਨੀਆਂ ਨੂੰ ਸਾਈਕਲਾਂ ’ਤੇ ਬਿਠਾ, ਪਿਕਨਿਕ ਵਾਸਤੇ ਸਿੰਕਦਰਾ ਜਾ ਪਹੁੰਚੇ। ਆਗਰਾ ਸ਼ਹਿਰ ਤੋਂ 15 ਕਿਲੋਮੀਟਰ ਦੂਰ, ਦਿੱਲੀ-ਆਗਰਾ ਰੋਡ ’ਤੇ ਸਥਿਤ ਸਿਕੰਦਰਾ ਅਕਬਰ ਦਾ ਮਕਬਰਾ ਹੈ। ਮਕਬਰਾ ਤਾਂ ਥੋੜ੍ਹੇ ਕੁ ਏਰੀਏ ’ਚ ਹੈ ਪਰ ਇਸ ਦੇ ਸੁਹਣੇ ਦ੍ਰਖਤਾਂ ਅਤੇ ਰੰਗ-ਬਰੰਗੇ ਫੁੱਲਾਂ ਵਾਲ਼ੇ ਲਾਅਨ ਸੌ ਏਕੜ ਤੋਂ ਵੱਧ ਏਰੀਏ ’ਚ ਪਸਰੇ ਹੋਏ ਹਨ। ਮਧਰੇ ਸਾਈਜ਼ ਦੀਆਂ ਚਾਰ ਮੰਜਲਾਂ ਲਾਲ ਪੱਥਰ ਦੀਆਂ ਹਨ ਤੇ ਪੰਜਵੀਂ ਸੰਗਮਰਮਰ ਦੀ। ਅਕਬਰ ਦੀ ਕਬਰ ਭੋਰੇ ਵਿਚ ਹੈ। ਇਸ ਕਬਰ ਦੇ ਚਿੰਨ੍ਹ-ਰੂਪ ਵਜੋਂ ਪੰਜਵੀਂ ਮੰਜਲ ਦੇ ਸਿਖਰ ’ਤੇ ਸਮਾਧ ਵੀ ਬਣੀ ਹੋਈ ਹੈ। ਸੰਗਮਰਮਰ ਦੇ ਇੱਕੋ ਪੱਥਰ ’ਚੋਂ ਘੜੀ ਇਸ ਵੱਡ ਆਕਾਰੀ ਸਮਾਧ ਦਾ ਭਾਰ ਕਈ ਟਨ ਦੱਸਿਆ ਜਾਂਦਾ ਹੈ।
ਸਿਕੰਦਰਾ ਨੂੰ ਮੈਂ ਆਪਣੀ ਕਹਾਣੀ ‘ਜੰਗ’ ਦਾ ਲੋਕੇਲ ਬਣਾਇਆ ਹੈ। ਕਹਾਣੀ ਵਿਚ ਦਿੱਲੀ ਯੂਨੀਵਰਸਿਟੀ ਦੇ ਚਾਰ ਵਿਦਿਆਰਥੀ ਆਪਣੇ ਪ੍ਰੋਫੈਸਰ ਨਾਲ਼ ਏਥੇ ਪਿਕਨਿਕ ਲਈ ਆਉਂਦੇ ਹਨ। ਉਨ੍ਹਾਂ ਸ਼ਾਮ ਨੂੰ ਦਿੱਲੀ ਪਰਤਣਾ ਹੈ। ਇਮਾਰਤ ਵੇਖਣ ਬਾਅਦ ਉਹ ਖਾਣਾ ਬਣਾ ਰਹੇ ਹਨ। ਸਿਕੰਦਰਾ ਦੇਖਣ ਆਈਆਂ ਦਿੱਲੀ ਦੇ ਕਿਸੇ ਕਾਲਜ ਦੀਆਂ ਦੋ ਖੂਬਸੂਰਤ ਮੁਟਿਆਰਾਂ ਉਨ੍ਹਾਂ ਦੇ ਸਟੋਵ ਤੇ ਖਾਣਾ ਗਰਮ ਕਰਨ ਆਉਂਦੀਆਂ ਹਨ। ਨੌਜਵਾਨਾਂ ਨਾਲ਼ ਉਨ੍ਹਾਂ ਦੀ ਕੋਈ ਜਾਣ-ਪਛਾਣ ਨਹੀਂ। ਸਿਕੰਦਰਾ ਦੀ ਇਮਾਰਤ ਬਾਰੇ ਗੱਲਾਂ ਕਰਦਿਆਂ ਉਹ ਸਵਾਲ ਉਠਾਉਂਦੀਆਂ ਹਨ ਕਿ ਸਮਾਧ ਦਾ ਏਨਾ ਵੱਡਾ ਤੇ ਭਾਰਾ ਸੰਗਮਰਮਰੀ ਪੱਥਰ ਬਿਲਡਿੰਗ ਦੇ ਸਿਖਰ ’ਤੇ ਕਿਵੇਂ ਚੜ੍ਹਾਇਆ ਗਿਆ ਹੋਵੇਗਾ। ਉਦੋਂ ਭਾਰਤ ਵਿਚ ਕਰੇਨਾਂ ਸ਼ਾਇਦ ਨਹੀਂ ਹੁੰਦੀਆਂ ਸਨ। ਮੰਜਲਾਂ ਦੀਆਂ ਪੌੜੀਆਂ ਰਾਹੀਂ ਇਹ ਕੰਮ ਸੰਭਵ ਨਹੀਂ ਸੀ। ਚਾਰੇ ਨੌਜਵਾਨ ਆਪੋ ਆਪਣੇ ਵਿਚਾਰ ਦੇਣ ਲਗਦੇ ਹਨ। ਪਰ ਛੇਤੀ ਹੀ ਗਰਮਾ-ਗਰਮੀ ਸ਼ੁਰੂ ਹੋ ਜਾਂਦੀ ਹੈ। ਮੁਟਿਆਰਾਂ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਵੱਧ ਹੁਸ਼ਿਆਰ ਤੇ ਅਕਲਮੰਦ ਸਾਬਤ ਕਰਨ ਲਈ ਚਾਰੇ ਜਣੇ ਇਕ ਦੂਜੇ ਨੂੰ ਛੁਟਿਆਉਣ ਲੱਗ ਜਾਂਦੇ ਹਨ… ਤੇ ਬਹਿਸ ਦਲੀਲਬਾਜ਼ੀ ਦੀ ਬਜਾਇ ਸ਼ਬਦਾਂ ਦੀ ਜੰਗ ਬਣ ਜਾਂਦੀ ਹੈ। 1978 ’ਚ ਲਿਖੀ ਇਹ ਕਹਾਣੀ ਮੇਰੇ ਪਲੇਠੇ ਕਥਾ ਸੰਗ੍ਰਹਿ ‘ਮੈਨੂੰ ਕੀ’ ਵਿਚ ਸ਼ਾਮਲ ਹੈ।
ਆਗਰੇ ਦੇ ਸਮਾਰਕਾਂ ਨੂੰ ਦੇਖਣ ਲਈ ਦੇਸ਼ ਬਦੇਸ਼ ਤੋਂ ਅਨੇਕਾਂ ਯਾਤਰੀ ਆਉਂਦੇ ਸਨ। ਗੋਰੇ ਮਰਦ-ਔਰਤ ਯਾਤਰੀਆਂ ਦੀਆਂ ਪਿੱਠਾਂ ’ਤੇ ਬੈਗ ਅਤੇ ਸਰੀਰਾਂ ’ਤੇ ਸਾਧਾਰਨ ਜਿਹੇ ਕਪੜੇ ਹੁੰਦੇ ਸਨ। ਉਨ੍ਹਾਂ ਦਾ ਧਿਆਨ ਟੌਹਰ ਵੱਲ ਨਹੀਂ, ਸਮਾਰਕਾਂ ਦੀ ਭਵਨ-ਕਲਾ ਨੂੰ ਵੇਖਣ-ਸਮਝਣ ਵੱਲ ਹੁੰਦਾ ਸੀ। ਭਾਰਤੀ ਯਾਤਰੂ ਬਣ-ਸੰਵਰ ਕੇ ਆਉਂਦੇ ਸਨ।
ਅਸੀਂ ਦੋ ਤੋਂ ਤਿੰਨ ਹੋਣ ਵਾਲ਼ੇ ਸਾਂ। ਕੁਲਵੰਤ ਦੇ ਮਾਪੇ, ਉਸਦਾ ਪਹਿਲਾ ਜਣੇਪਾ ਆਪਣੇ ਘਰ ਕਰਵਾਉਣਾ ਚਾਹੁੰਦੇ ਸਨ। 31 ਜਨਵਰੀ 1969 ਨੂੰ ਬੇਟੇ ਹਰਪ੍ਰੀਤ ਦਾ ਜਨਮ ਹੋਇਆ। ਪੇਪਰਾਂ ਦੀ ਡੇਟਸ਼ੀਟ ਮਿਲਣ ’ਤੇ ਮੈਂ ਛੁੱਟੀ ਚਲਾ ਗਿਆ। ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ।
ਇਮਤਿਹਾਨ ਦਾ ਸੈਂਟਰ ਸਰਕਾਰੀ ਕਾਲਜ ਹੁਸ਼ਿਆਰਪੁਰ ਸੀ। ਛੁੱਟੀ ਦਾ ਇਕ ਮਹੀਨਾ ਤਾਂ ਪੇਪਰਾਂ ’ਚ ਹੀ ਲੰਘ ਗਿਆ। ਦੂਜੇ ਮਹੀਨੇ ਰਿਸ਼ਤੇਦਾਰਾਂ ਨਾਲ਼ ਮੇਲ-ਮਿਲਾਪ ਕੀਤਾ ਅਤੇ ਵਾਪਸ ਆ ਗਏ।
ਖੂਬਸੂਰਤ ਪਾਰਕਾਂ ਦਾ ਸ਼ਹਿਰ ਪੁਣੇ
ਸਤੰਬਰ, 1969 ਵਿਚ ਮੇਰੀ ਤੇ ਮਨਜੀਤ ਦੀ ਬਦਲੀ ਪੁਣੇ ਦੀ ਹੋ ਗਈ। ਇਹ ਸਾਡੀ ਦੋਸਤੀ ਦੇ ਰਿਸ਼ਤੇ ਵਿਚਲੀ ਸੁਹਿਰਦਤਾ ਹੀ ਸੀ ਕਿ ਸਾਡੀ ਤੀਜੀ ਪੋਸਟਿੰਗ ਵੀ ਇੱਕੋ ਥਾਂ ਹੋਈ। ਆਗਰੇ ਸਾਡੀਆਂ ਯੂਨਿਟਾਂ ਵੱਖ-ਵੱਖ ਸਨ ਪਰ ਪੁਣੇ ਯੂਨਿਟ ਵੀ ਇਕ ਹੀ ਸੀ— ਨੰਬਰ 220 ਸੁਕਾਡਰਨ।
ਪੁਣੇ ਹਵਾਈ ਅੱਡੇ ’ਚ ਕੁਆਟਰ ਛੇਤੀ ਮਿਲ ਜਾਣੇ ਸਨ ਪਰ ਜਾਂਦਿਆਂ ਸਾਰ ਨਹੀਂ ਸੀ ਮਿਲਣੇ। ਓਥੇ ਕੁਆਟਰ ਸ਼ੇਅਰ ਕਰਨ ਦੀ ਰਵਾਇਤ ਹੈਗੀ ਸੀ। ਮੈਂ ਆਪਣੇ ਐਂਟਰੀ-ਮੇਟ ਦੀਪਕ ਲੂਥਰਾ ਨੂੰ ਇਸ ਤਰ੍ਹਾਂ ਦਾ ਪ੍ਰਬੰਧ ਕਰਨ ਲਈ ਚਿੱਠੀ ਲਿਖੀ। ਉਹ ਆਪ ਤਾਂ ਅਜੇ ਛੜਾ ਹੀ ਸੀ ਪਰ ੳਸਦੇ ਕੁਝ ਸਾਥੀ ਵਿਆਹੇ ਹੋਏ ਸਨ। ਉਸਨੇ ਕੁਆਟਰਾਂ ’ਚ ਰਹਿੰਦੇ ਉਨ੍ਹਾਂ ਸਾਥੀਆਂ ਰਾਹੀਂ ਪ੍ਰਬੰਧ ਕਰ ਦਿੱਤਾ। ਮੈਂ ਉਸਨੂੰ ਪੁਣੇ ਪਹੁੰਚਣ ਦੀ ਤਾਰੀਖ ਲਿਖ ਦਿੱਤੀ।
ਸਾਡੀ ਰੇਲ ਗੱਡੀ ਸ਼ਾਮ ਨੂੰ ਛੇ ਕੁ ਵਜੇ ਪੁਣੇ ਸਟੇਸ਼ਨ ’ਤੇ ਪਹੁੰਚੀ। ਬਦਲੀਆਂ ਵਾਲ਼ਿਆਂ ਨੂੰ ਛੱਡਣ-ਲਿਜਾਣ ਲਈ ਹਵਾਈ ਅੱਡੇ ਤੋਂ ਆਈ ‘ਪੋਸਟਿੰਗ ਰੱਨ’ ਜਾ ਚੁੱਕੀ ਸੀ। ਅਗਲੀ ‘ਪੋਸਟਿੰਗ ਰਨ’ ਰਾਤ ਨੌਂ ਵਜੇ ਆਉਣੀ ਸੀ। ਅਸੀਂ ਦਿਨੇ-ਦਿਨੇ ਪਹੁੰਚਣਾ ਚਾਹੁੰਦੇ ਸਾਂ। ਦੋ ਸਾਧਨ ਸਨ, ਟੈਕਸੀਆਂ ਜਾਂ ਟਾਂਗੇ। ਵਾਟ ਸੀ 12 ਕਿਲੋਮੀਟਰ। ਟੈਕਸੀ ਦਾ ਕਿਰਾਇਆ ਜ਼ਿਆਦਾ ਸੀ। ਸਾਡਾ ਸਾਮਾਨ ਥੋੜ੍ਹਾ ਹੀ ਸੀ। ਮੈਂ ਤੇ ਮਨਜੀਤ ਨੇ ਸਲਾਹ ਕਰਕੇ ਦੋ ਟਾਂਗੇ ਕਰ ਲਏ। ਸ਼ਹਿਰ ’ਚੋਂ ਨਿੱਕਲ ਹੀ ਰਹੇ ਸਾਂ ਕਿ ਮੀਂਹ-ਹਨ੍ਹੇਰੀ ਦਾ ਝੱਖੜ ਝੁੱਲ ਪਿਆ। ਵਾਛੜਦਾਰ ਮੀਂਹ ਏਨਾ ਜ਼ੋਰਦਾਰ ਸੀ ਕਿ ਟਾਂਗਿਆਂ ਦੀਆਂ ਛੱਤਾਂ ਸਾਨੂੰ ਭਿੱਜਣ ਤੋਂ ਬਚਾ ਨਾ ਸਕੀਆਂ। ਮਿੰਟਾਂ ਵਿਚ ਹੀ ਸਾਰੇ ਪਾਸੇ ਜਲ-ਥਲ ਹੋ ਗਿਆ। ਸੜਕ ’ਚ ਪਾਣੀ ਵਗਣ ਲੱਗ ਪਿਆ। ਟਾਂਗੇ ਵਾਲ਼ਿਆਂ ਟਾਂਗੇ ਇਕ ਪਾਸੇ ਲਾ ਲਏ। ਝੱਖੜ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਸਾਡੇ ਕੱਪੜਿਆਂ ’ਚੋਂ ਪਾਣੀ ਨੁੱਚੜ ਰਿਹਾ ਸੀ। ਹਰਪ੍ਰੀਤ ਨੌਂ ਮਹੀਨੇ ਦਾ ਸੀ। ਉਸਨੂੰ ਕੰਬਣੀ ਛਿੜ ਪਈ। ਸੜਕ ਦੇ ਇਕ ਪਾਸੇ ਵਿਰਲੇ-ਵਿਰਲੇ ਮਕਾਨ ਸਨ। ਟਾਂਗਿਆਂ ਤੋਂ ਉੱਤਰ ਅਸੀਂ ਇਕ ਘਰ ਦੇ ਨਿੱਕੇ ਜਿਹੇ ਵਾਧਰੇ ਹੇਠ ਜਾ ਖਲੋਏ। ਸਿਰ ਢੱਕਣ ਜਿਹਾ ਤਾਂ ਹੋ ਗਿਆ ਪਰ ਮੀਂਹ ਤੋਂ ਬਚਾਅ ਨਹੀਂ ਸੀ। ਘਰ ਵਾਲ਼ੇ ਭਲੇ ਬੰਦੇ ਸਨ। ਸਾਡੀ ਹਾਲਤ ਭਾਂਪ ਕੇ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਅਸੀਂ ਸੰਖੇਪ ’ਚ ਆਪਣੇ ਸਫਰ ਦੀ ਵਾਰਤਾ ਦੱਸੀ। ਘਰ ਛੋਟਾ ਸੀ। ਉਨ੍ਹਾਂ ਹਰਪ੍ਰੀਤ ਦੁਆਲੇ ਕੰਬਲ ਲਪੇਟ ਦਿੱਤਾ ਤੇ ਲਾਗਲੇ ਘਰ ਦਾ ਦਰਵਾਜ਼ਾ ਖੁਲ੍ਹਵਾ ਲਿਆ। ਮਨਜੀਤ ਤੇ ਹਰਦੀਪ ਭੈਣ ਜੀ ਓਧਰ ਚਲੇ ਗਏ।
ਝੱਖੜ ਰੁਕਣ ’ਤੇ ਜਦੋਂ ਅਸੀਂ ਬਾਹਰ ਆਉਣ ਲੱਗੇ ਤਾਂ ਘਰ ਦੀ ਸੁਆਣੀ ਨੇ ਸਾਨੂੰ ਛਤਰੀ ਫੜਾ ਦਿੱਤੀ। ਕਹਿਣ ਲੱਗੀ, “ਬਾਰਿਸ਼ ਕਾ ਕਿਆ ਭਰੋਸਾ। ਇਸ ਸੇ ਬੱਚੇ ਕਾ ਬਚਾਅ ਹੋ ਜਾਏਗਾ।” ਘਰਾਂ ਵਾਲ਼ਿਆਂ ਦਾ ਧੰਨਵਾਦ ਕਰਕੇ ਅਸੀਂ ਟਾਂਗਿਆ ’ਚ ਆ ਬੈਠੇ। ਸਾਡਾ ਅਗਲਾ ਰਾਸਤਾ ਕਾਫੀ ਉੱਚਾ ਨੀਵਾਂ ਸੀ। ਸੜਕ ਦੇ ਨਾਲ਼-ਨਾਲ਼ ਡੂੰਘੀਆਂ ਥਾਵਾਂ ’ਤੇ ਪਾਣੀ ਵਗ ਰਿਹਾ ਸੀ। ਉੱਪਰੋਂ ਘੁੱਪ ਹਨ੍ਹੇਰਾ। ਸਫਰ ਖਤਰਨਾਕ ਬਣ ਗਿਆ ਸੀ। ਉੱਚੀ-ਨੀਵੀਂ ਸੜਕ ’ਤੇ ਘੋੜਿਆਂ ਵੱਲੋਂ ਉਕਾਈ ਖਾ ਜਾਣ ’ਤੇ ਹਾਦਸਾ ਵਾਪਰ ਸਕਦਾ ਸੀ। ਖੈਰ ਟਾਂਗਿਆਂ ਵਾਲ਼ੇ ਰਾਹ ਦੇ ਵਾਕਫ ਸਨ। ਉਹ ਸਾਵਧਾਨੀ ਨਾਲ਼ ਘੋੜਿਆਂ ਨੂੰ ਹੌਲੀ-ਹੌਲੀ ਤੋਰ ਰਹੇ ਸਨ। ਪੌਣੇ ਘੰਟੇ ਦਾ ਸਫਰ ਢਾਈ ਘੰਟਿਆਂ ’ਚ ਮੁੱਕਿਆ। ਰਾਤ ਦੇ ਸਾਢੇ ਨੌਂ ਵੱਜ ਚੁੱਕੇ ਸਨ।
ਟਾਂਗਿਆਂ ਨੂੰ ਇਕ ਪਾਸੇ ਲੁਆ ਕੇ ਮੈਂ ਕਾਹਲ਼ੇ ਕਦਮੀਂ ਦੀਪਕ ਦੀ ਬੈਰਕ ’ਚ ਗਿਆ। ਸਾਨੂੰ ਉਡੀਕ-ਉਡੀਕ ਉਹ ਸੌਣ ਦੀ ਤਿਆਰੀ ’ਚ ਸੀ। ਇਕ ਕੁਆਟਰ ਦਾ ਨੰਬਰ ਦੱਸ ਕੇ ਮੈਨੂੰ ਚਾਬੀ ਫੜਾਉਂਦਾ ਉਹ ਬੋਲਿਆ, “ਇਸ ਕੁਆਟਰ ਵਾਲ਼ੀ ਫੈਮਿਲੀ ਛੁੱਟੀ ’ਤੇ ਹੈ। ਅਜੇ ਤੁਸੀਂ ਦੋਵੇਂ ਇਸ ਵਿਚ ਰਹੋ। ਹਫਤੇ ਕੁ ਤੱਕ ਮੈਂ ਦੂਜੇ ਕੁਆਟਰ ਦਾ ਬੰਦੋਬਸਤ ਵੀ ਕਰ ਦਿਆਂਗਾ। ਇਕ ਪਰਿਵਾਰ ਇਸ ਵਿਚ ਤੇ ਦੂਜਾ ਉਸ ਵਿਚ। ਹੋਰ ਕੋਈ ਹੈਲਪ ਚਾਹੀਦੀ ਹੋਵੇ ਤਾਂ ਦੱਸ ਦੇਣਾ।”
ਕੁਆਟਰ ਦਾ ਨੰਬਰ ਲੱਭ ਕੇ ਅਸੀਂ ਜੰਦਰਾ ਖੋਲ੍ਹਿਆ ਤੇ ਸਾਮਾਨ ਰੱਖ ਲਿਆ। ਟਾਂਗਿਆਂ ਵਾਲਿਆਂ ਨੂੰ ਕਿਰਾਏ ਤੋਂ ਵੱਧ ਪੈਸੇ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਸਾਡੇ ਬੈੱਡ-ਹੋਲਡਾਲ ਤੇ ਵੱਡੇ-ਛੋਟੇ ਝੋਲਿਆਂ ਵਿਚਲੇ ਕੱਪੜੇ ਅੱਧ-ਪਚੱਧੇ ਭਿੱਜ ਗਏ ਸਨ। ਪਰ ਟਰੰਕਾਂ ਵਿਚਲੇ ਠੀਕ ਸਨ… ਅਸੀਂ ਕਈ ਦਿਨ ਝੱਖੜ ਦੀਆਂ ਗੱਲਾਂ ਹੀ ਕਰਦੇ ਰਹੇ। ਮੌਸਮ ਨੂੰ ਦੋਸ਼ ਦੇਣ ਦੇ ਨਾਲ਼-ਨਾਲ਼ ਅਸੀਂ ਆਪਣੇ ਆਪ ਨੂੰ ਵੀ ਕੋਸ ਰਹੇ ਸਾਂ ਕਿ ਟਾਂਗਿਆਂ ਦੀ ਬਜਾਇ ਅਸੀਂ ਟੈਕਸੀਆਂ ਕਿਉਂ ਨਾ ਕੀਤੀਆਂ। ਦਰਅਸਲ ਉਦੋਂ ਸਾਡੇ ਵਰਗੇ ਆਮ ਲੋਕਾਂ ਦੀ ਜ਼ਿੰਦਗੀ ਸਰਫਿਆਂ ਵਾਲ਼ੀ ਸੀ। ਤਨਖਾਹਾਂ ਥੋੜ੍ਹੀਆਂ ਸਨ। ਹੱਥ ਘੁੱਟ ਕੇ ਗੁਜ਼ਾਰਾ ਕਰਨਾ ਪੈਂਦਾ ਸੀ।
ਪੁਣੇ, ਜਿਸਦਾ ਨਾਂ ਉਦੋਂ ਪੂਨਾ ਹੁੰਦਾ ਸੀ, ਇਤਿਹਾਸਕ ਸ਼ਹਿਰ ਹੈ। ਮਰਾਠਾ ਕੌਮ ਦੇ ਪੇਸ਼ਵਾ ਹਾਕਮਾਂ ਦਾ ਹੈੱਡ ਕੁਆਟਰ ਪੂਨਾ ਹੁੰਦਾ ਸੀ। ਆਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ ਨੂੰ ਏਥੋਂ ਦੇ ‘ਯਰਵੜਾ ਜ਼ੇਲ ਵਿਚ ਕਈ ਵਾਰ ਕੈਦ ਕੀਤਾ ਗਿਆ। ਆਜ਼ਾਦੀ ਘੁਲਾਟੀਏ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਬਾਲ ਗੰਗਾਧਰ ਤਿਲਕ ਦੀਆਂ ਸਰਗਰਮੀਆਂ ਦਾ ਕੇਂਦਰ ਵੀ ਪੂਨਾ ਹੀ ਸੀ।
ਪੁਣੇ ਪਹੁੰਚਣ ਦੇ ਤੀਜੇ ਦਿਨ ਸਾਡਾ ਡਿੰਜਨ ਹਵਾਈ ਅੱਡੇ ਦਾ ਜਾਣੂ ਹਰਦੇਵ ਸਿੰਘ ਟੱਕਰ ਪਿਆ। ਉਹ ਕਹਿਣ ਲੱਗਾ ਇਕ ਜਣਾ ਮੇਰੇ ਕੁਆਟਰ ’ਚ ਆ ਜਾਓ। ਮਨਜੀਤ-ਹਰਦੀਪ ਉਸਦੇ ਕੁਆਟਰ ’ਚ ਚਲੇ ਗਏ। ਸਾਡੇ ਕੁਆਟਰ ਵਾਲ਼ਾ ਅਜੈ ਸ਼ਰਮਾ ਪਰਿਵਾਰ ਸਮੇਤ ਛੁੱਟੀ ਤੋਂ ਵਾਪਸ ਆ ਗਿਆ ਸੀ। ਸਾਡੇ ਨਾਲ਼ ਉਸਦਾ ਵਿਹਾਰ ਠੀਕ ਸੀ। ਪਰ ਉਸਨੂੰ ਮਟਕਾ ( ਨੰਬਰਾਂ ’ਤੇ ਚਲਦਾ ਜੂਆ) ਖੇਡਣ ਦੀ ਮਾੜੀ ਆਦਤ ਸੀ, ਜਿਸ ਕਰਕੇ ਉਸਦੀ ਪਤਨੀ ਤੇ ਬੇਟੀ ਥੁੜ੍ਹਾਂ ਵਾਲ਼ੀ ਜ਼ਿੰਦਗੀ ਜਿਉ ਰਹੀਆਂ ਸਨ। ਮਟਕੇ ਕਾਰਨ ਅਨੇਕਾਂ ਪਰਿਵਾਰਾਂ ’ਚ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ।
ਸਾਡੇ ਸੁਕਆਡਰਨ ਵਿਚ ਦੋ ਜੈੱਟ ਇੰਜਣਾਂ ਵਾਲ਼ੇ ਐਚ.ਐਫ.24 (ਹਿੰਦੋਸਤਾਨ ਫਾਈਟਰ 24) ਨਾਂ ਦੇ ਜਹਾਜ਼ ਸਨ। ਇਸਨੂੰ ‘ਮਾਰੂਤ’ ਵੀ ਕਿਹਾ ਜਾਂਦਾ ਸੀ। ਭਾਰਤ ਦਾ ਇਹ ਪਹਿਲਾ ਜੈੱਟ ਜਹਾਜ਼ ‘ਹਿੰਦੋਸਤਾਨ ਐਰੋਨੈਟਿਕਲ ਲਿਮਟਿਡ’ ਨੇ ਬਣਾਇਆ ਸੀ। ਪੁਣੇ ’ਚ ‘ਮਾਰੂਤ’ ਦਾ ਇਕ ਸੁਕਆਡਰਨ ਹੋਰ ਵੀ ਸੀ। ਇਹ ਜਹਾਜ਼ ‘ਡਾਗ ਫਾਈਟ’ ਯਾਨਿ ਹਵਾ ’ਚ ਭਿੜਨ ਵਾਸਤੇ ਏਨਾ ਸਮਰੱਥ ਨਹੀਂ ਸੀ ਪਰ ਹਵਾ ’ਚੋਂ ਜ਼ਮੀਨੀ ਨਿਸ਼ਾਨੇ ਫੁੰਡਣ ਲਈ ਪੂਰੀ ਤਰ੍ਹਾਂ ਸਮਰੱਥ ਸੀ। ਇਸ ਵਿਚ ਹਜ਼ਾਰ-ਹਜ਼ਾਰ ਪੌਂਡ ਦੇ ਚਾਰ ਬੰਬ ਲੋਡ ਕੀਤੇ ਜਾ ਸਕਦੇ ਸਨ। ਲੋੜ ਅਨੁਸਾਰ ਬੰਬਾਂ ਦੇ ਸਾਈਜ਼ ਬਦਲੇ ਵੀ ਜਾ ਸਕਦੇ ਸਨ। ਗੋਲ਼ੀਆਂ ਦਾ ਮੀਂਹ ਵਰ੍ਹਾਉਣ ਲਈ ਚਾਰ ਗੰਨਾਂ ਫਿੱਟ ਸਨ। ਟੈਂਕਾਂ ਵਗੈਰਾ ’ਤੇ ਵਿੰਨਵੇਂ ਵਾਰ ਕਰਨ ਲਈ ਰਾਕਟ ਵੀ ਲੋਡ ਕੀਤੇ ਜਾ ਸਕਦੇ ਸਨ। ਸਾਡੇ ਸੁਕਆਡਰਨ ਕਮਾਂਡਰ ਦਾ ਨਾਂ ਅਜੀਤ ਧਵਨ ਸੀ। ਉਹ ਸੁੱਨਖਾ ਵੀ ਸੀ ਤੇ ਚੁਸਤ-ਫੁਰਤ ਵੀ। ਗੱਪ-ਸ਼ੱਪ ਮਾਰਦਿਆਂ ਅਸੀਂ ਉਸਨੂੰ ਦੇਵ ਆਨੰਦ ਆਖਦੇ ਸਾਂ। ਉਸਦਾ ਰੈਂਕ ਵਿੰਗ ਕਮਾਂਡਰ ਸੀ।
ਮੈਂ ਤੇ ਮਨਜੀਤ ਫਸਟ ਗਰੁੱਪ ਦੇ ਕਾਰਪੋਰਲ ਬਣ ਚੁੱਕੇ ਸਾਂ। ਸਾਡੀ ਡਿਊਟੀ ਰੋਜ਼ਾਨਾ ਸਰਸਿਵਿੰਗ ਸੈਕਸ਼ਨ ’ਚ ਸੀ। ਸਾਡੇ ਸੈਕਸ਼ਨ ਵਿਚ ਜੋਗਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਕਬੂਲਪੁਰ, ਅੰਮ੍ਰਿਤਧਾਰੀ ਧਰਮ ਸਿੰਘ ਢਿੱਲੋਂ ਤੋਂ ਇਲਾਵਾ ਦੂਜੇ ਸੂਬਿਆਂ ਦੇ ਹਵਾਈ ਸੈਨਿਕ ਵੀ ਸਨ। ਜੋਗਿੰਦਰ ਵੀ ਖਹਿਰਾ ਮੱਜਾ ਵਿਆਹਿਆ ਹੋਇਆ ਸੀ। ਕੁਲਵੰਤ ਅਤੇ ਉਸਦੀ ਪਤਨੀ ਸਤਵੰਤ ਪਿੰਡ ਦੇ ਹਾਈ ਸਕੂਲ ’ਚ ਇਕੱਠੀਆਂ ਪੜ੍ਹੀਆਂ ਸਨ।
1970 ਦੀ 26 ਜਨਵਰੀ ਦੇ ਫਲਾਈ-ਪਾਸਟ ’ਚ ਮਾਰੂਤ ਜਹਾਜ਼ਾਂ ਨੇ ਵੀ ਭਾਗ ਲਿਆ ਸੀ। ਹਾਈ ਕਮਾਂਡ ਦੇ ਆਦੇਸ਼ ਅਨੁਸਾਰ ਸਾਡੇ ਦੋਵੇਂ ਸੁਕਆਡਰਨ ਲੋੜੀਂਦੇ ਜਹਾਜ਼ ਤੇ ਤਕਨੀਸ਼ਨ ਲੈ ਕੇ ਪਾਲਮ ਹਵਾਈ ਅੱਡੇ ’ਤੇ ਪਹੁੰਚ ਗਏ। ਭਾਗ ਲੈਣ ਵਾਲ਼ੇ ਸੁਕਆਡਰਨਾਂ ਵਿੱਚੋਂ ਕੁਝ ਪਾਲਮ ’ਚ ਸਨ ਤੇ ਕੁਝ ਲਾਗਲੇ ਹਵਾਈ ਅੱਡਿਆਂ ’ਚ। ਕਈ ਦਿਨ ਰਿਹਰਸਲਾਂ ਚੱਲਦੀਆਂ ਰਹੀਆਂ। ਤਿੰਨਾਂ ਸੈਨਾਵਾਂ ਦੀ ਪਰੇਡ ਤੋਂ ਬਾਅਦ ਪਾਇਲਟਾਂ ਨੇ ਵਾਰੀ ਸਿਰ ਆਪਣੇ ਜਹਾਜ਼ਾਂ ਨਾਲ਼ ਰਾਸ਼ਟਰਪਤੀ ਨੂੰ ਸਲਾਮੀ ਦੇਣ ਲਈ ਉਸਦੇ ਮੰਚ ਦੇ ਸਾਹਮਣਿਓਂ ਨੀਵੀਂ ਉਡਾਣ ਵਿਚ ਗੁਜ਼ਰਨਾ ਹੁੰਦਾ ਹੈ। ਮਾਰੂਤ ਦੇ ਸ਼ਾਇਦ ਬਾਰਾਂ ਜਹਾਜ਼ ਉੱਡੇ ਸਨ, ਚਾਰ-ਚਾਰ ਜਹਾਜ਼ਾਂ ਦੇ ਤਿੰਨ ਬਾਕਸ। ਲੀਡ ਵਿੰਗ ਕਮਾਂਡਰ ਧਵਨ ਨੇ ਕੀਤਾ ਸੀ।
ਦਿੱਲੀਓਂ ਮੁੜਨ ਦੇ ਕੁਝ ਦਿਨਾਂ ਬਾਅਦ ਮੈਨੂੰ ਤੇ ਮਨਜੀਤ ਨੂੰ ਕੁਆਟਰ ਮਿਲ਼ ਗਏ। ਮੈਂ ਪੰਜਾਬ ਯੂਨੀਵਰਸਿਟੀ ਨੂੰ ਬੀ.ਏ ਭਾਗ ਤੀਜਾ ਲਈ ਦਾਖਲਾ ਭੇਜਿਆ ਹੋਇਆ ਸੀ। ਪੜ੍ਹਾਈ ਸ਼ੁਰੂ ਤਾਂ ਕੀਤੀ ਹੋਈ ਸੀ ਪਰ ਵਿਚ ਨਾਗੇ ਪੈ ਜਾਂਦੇ ਸਨ। ਹੁਣ ਹਰ ਰੋਜ਼ ਕਿਤਾਬਾਂ ਨਾਲ਼ ਜੁੜਨ ਲਈ ਟਾਈਮ-ਟੇਬਲ ਬਣਾ ਲਿਆ। ਉਹ ਸਮਾਂ ਮੇਰੇ ਲਈ ਬਹੁਤ ਹੀ ਰੁਝੇਵਿਆਂ ਭਰਿਆ ਸੀ। ਕੰਮ ਦੀਆਂ ਡਿਊਟੀਆਂ, ਪਰਿਵਾਰ ਦੀ ਦੇਖਭਾਲ ਤੇ ਪੜ੍ਹਾਈ। ਖੈਰ ਹੌਸਲਾ ਕਾਇਮ ਸੀ।ਨੀਂਦ ਦੇ ਘੰਟੇ ਘਟਾ ਲਏ ਸਨ। ਅਪ੍ਰੈਲ ’ਚ ਛੁੱਟੀ ਲੈ ਕੇ ਮੈਂ ਪਰਿਵਾਰ ਸਮੇਤ ਪਿੰਡ ਚਲਾ ਗਿਆ। ਇਮਤਿਹਾਨ ਦਾ ਸੈਂਟਰ ਐਤਕੀਂ ਵੀ ਸਰਕਾਰੀ ਕਾਲਜ ਹੁਸ਼ਿਆਰਪੁਰ ਸੀ। ਪੇਪਰ ਠੀਕ ਹੋ ਗਏ। ਉਨ੍ਹਾਂ ਹੀ ਦਿਨ੍ਹਾਂ ਵਿਚ ਅਸੀਂ ਗਵਾਂਢੀ ਪਿੰਡ ਅਜੜਾਮ ’ਚ ਦੋ ਘੁਮਾਂ ਜ਼ਮੀਨ ਸਸਤੇ ਭਾਅ ਖਰੀਦ ਲਈ। ਉਹ ਜ਼ਮੀਨ ਸੀ ਤਾਂ ਹਲਕੀ ਪਰ ਸਾਡੀ ਪਿੰਡ ਵਾਲ਼ੀ ਜ਼ਮੀਨ ਦੇ ਲਾਗੇ ਪੈਂਦੀ ਸੀ।
ਮਈ ਮਹੀਨੇ ਦੀ ਗਰਮੀ ਜ਼ੋਰਾਂ ’ਤੇ ਸੀ। ਮੈਂ ਦਿਨ ਦਾ ਬਹੁਤਾ ਸਮਾਂ ਟਿਊਬਵੈੱਲ ’ਤੇ ਟਾਹਲੀਆਂ ਦੀ ਛਾਂ ਵਿਚ ਹੀ ਗੁਜ਼ਾਰਦਾ। ਦੁਪਹਿਰ ਨੂੰ ਤਾਲੋ-ਤਾਲ ਭਰੇ ਚਲ਼੍ਹੇ ਦੇ ਠੰਢੇ ਪਾਣੀ ’ਚ ਵੜ ਜਾਂਦਾ। ਉਦੋਂ ਟਿਊਬਵੈੱਲਾਂ ਦੀ ਬਿਜਲੀ ਦਿਨ ਰਾਤ ਰਹਿੰਦੀ ਸੀ। ਕਦੀ-ਕਦੀ ਟਿਊਬਵੈੱਲ ’ਤੇ ਹੀ ਸੌਂ ਜਾਂਦਾ ਸਾਂ।
ਸਾਥੋਂ ਅਗਲਾ ਅੱਡਾ-ਗੱਡਾ ਕੇਵਲ ਦਾ ਸੀ। ਪਿਉ ਦੀ ਅਚਾਨਕ ਮੌਤ ਉਪ੍ਰੰਤ ਨੌਜਵਾਨ ਕੇਵਲ ਨੇ ਖੇਤੀ ਦਾ ਪੂਰਾ ਕੰਮ ਜ਼ਿੰਮੇਵਾਰੀ ਨਾਲ਼ ਚੁੱਕ ਲਿਆ ਸੀ। ਉਸਦਾ ਛੋਟਾ ਭਰਾ ਭਿੰਦਾ ਅੱਠਵੀਂ ’ਚੋਂ ਦੋ ਵਾਰ ਫੇਲ੍ਹ ਹੋ ਚੁੱਕਾ ਸੀ। ਹੁਣ ਉਹ ਨਾ ਪੜ੍ਹਦਾ ਤੇ ਨਾ ਹੀ ਕੇਵਲ ਨਾਲ਼ ਨਿੱਠ ਕੇ ਕੰਮ ਕਰਵਾਉਂਦਾ। ਸੌਂਦਾ ਘਰੇ ਸੀ। ਦੁਪਹਿਰ ਚੜ੍ਹੇ ਖੇਤਾਂ ’ਚ ਪਹੁੰਚਦਾ। ਕੇਵਲ ਉਸਦਾ ਮੰਜਾ ਬਿਸਤਰਾ ਚੁੱਕ ਕੇ ਅੱਡੇ-ਗੱਡੇ ’ਤੇ ਲੈ ਆਇਆ, ਆਪਣੇ ਕੋਲ਼। ਉਹ ਭਿੰਦੇ ਨੂੰ ਸਵੇਰੇ ਮੂੰਹ-ਹਨ੍ਹੇਰੇ ਉਠਾ ਕੇ ਕੰਮ ਸ਼ੁਰੂ ਕਰਨ ਲਈ ਆਖਦਾ। ਭਿੰਦਾ ਪਹਿਲਾਂ ਮੰਜੇ ’ਤੇ ਪਾਸੇ ਮਾਰਦਾ ਰਹਿੰਦਾ ਫਿਰ ਉੱਠ ਕੇ ਪੱਗ ਬੰਨ੍ਹਣ ਲੱਗ ਪੈਂਦਾ। ਬੰਨ੍ਹੀ ਹੋਈ ਪੱਗ ’ਤੇ ਹੱਥ ਜਿਹੇ ਫੇਰਦਿਆਂ ਢਾਹ ਦੇਂਦਾ। “ਢਾਈ ਕਾਹਤੇ?” ਕੇਵਲ ਪੁੱਛਦਾ। “ਸੂਤ ਨ੍ਹੀਂ ਆਈ।” ਭਿੰਦੇ ਦਾ ਜਵਾਬ ਹੁੰਦਾ।
“ਤੂੰ ਕਿਹੜਾ ਦਫਤਰ ’ਚ ਜਾਣੈ, ਮੇਰੇ ਵਾਂਗ ਸਿਰ ’ਤੇ ਪਰਨਾ ਲਪੇਟ ਲਿਆ ਕਰ।” ਕੇਵਲ ਸਮਝਾਉਣ ਦੀ ਕੋਸ਼ਿਸ਼ ਕਰਦਾ।
ਪਰ ਭਿੰਦਾ ਉਸਦੀਆਂ ਗੱਲਾਂ ਅਣਗੌਲੀਆਂ ਕਰ ਦੇਂਦਾ… ਇਕ ਸਵੇਰ ਜਦੋਂ ਪੱਗ ਬੰਨ੍ਹ ਰਹੇ ਭਿੰਦੇ ਨੇ ਦੂਜੀ ਵਾਰ ਢਾਹੀ, ਕੇਵਲ ਨੂੰ ਗੁੱਸਾ ਚੜ੍ਹ ਗਿਆ। ਉਹ ਭਿੰਦੇ ਨੂੰ ਕੁੱਟਣ ਲਗ ਪਿਆ। ਭਿੰਦੇ ਨੇ ਅੜਾਟ ਪਾ ਦਿੱਤਾ। ਅੜਾਟ ਸੁਣ ਕੇ ਮੈਨੂੰ ਜਾਗ ਆ ਗਈ। ਕੁਲਦੀਪ ਉੱਠ ਕੇ ਹੱਥ ਮੂੰਹ ਧੋ ਰਿਹਾ ਸੀ। ਉਹ ਉੱਚੀ ਸੁਰ ’ਚ ਬੋਲਿਆ, “ਓ ਕੀ ਗੱਲ ਹੋਗੀ, ਸਵੇਰੇ-ਸਵੇਰੇ ਹੀ ਚੀਕ-ਚਿਹਾੜਾ ਪਾ ਦਿੱਤਾ।”
“ਮੈਂ ਭਿੰਦੇ ਦੀ ਪੱਗ ਬੰਨ੍ਹਦਾ ਆਂ।” ਖਿਝੀ ਹੋਈ ਆਵਾਜ਼ ਵਿਚ ਕੇਵਲ ਨੇ ਦੱਸਿਆ।
“ਹੁਣ ਨੋਕ ਚੰਗੀ ਤਰ੍ਹਾਂ ਕੱਢ ਦਈਂ।” ਕੁਲਦੀਪ ਨੇ ਆਖਿਆ।
ਕੇਵਲ ਤੇ ਕੁਲਦੀਪ ਦੇ ਸੰਵਾਦ ਸੁਣ ਕੇ ਮੈਂ ਖੂਬ ਹੱਸਿਆ।
… ਪੁਣੇ ਵੀ ਗਰਮੀ ਤਾਂ ਸੀ ਪਰ ਪੰਜਾਬ ਨਾਲ਼ੋਂ ਘੱਟ। ਸ਼ਾਮ ਨੂੰ ਮੌਸਮ ਖੁਸ਼ਗਵਾਰ ਹੋ ਜਾਂਦਾ, ਘੁੰਮਣ-ਫਿਰਨ ਵਾਸਤੇ ਢੁੱਕਵਾਂ। ਪੁਣੇ ਦੀ ਪੀ. ਐਮ. ਟੀ (ਪੂਨਾ ਮਿਊਂਸਿਪਲ ਟਰਾਂਸਪੋਰਟ) ਬੱਸ ਸਰਵਿਸ ਵਧੀਆ ਸੀ। ਬੱਸਾਂ ਦੇ ਟਾਈਮ ਵੀ ਬਹੁਤ ਸਨ ਤੇ ਹਰ ਸਟਾਪ ’ਤੇ ਪਹੁੰਚਦੀਆਂ ਵੀ ਐਨ੍ਹ ਟਾਈਮ ’ਤੇ ਸਨ। ਲੋਕਾਂ ਵਿਚ ਅਨੁਸ਼ਾਸਨ ਵੀ ਸੀ। ਨਾ ਕੋਈ ਲਾਈਨ ਤੋੜਦਾ ਤੇ ਨਾ ਹੀ ਧੁਸ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰਦਾ। ਕੰਡਕਟਰ ਮਰਾਠੀ ਭਾਸ਼ਾ ਵਿਚ ਜਦੋਂ ‘ਥਾਂਬਾ’ ਆਖ ਦੇਂਦਾ ਤਾਂ ਸਵਾਰ ਹੋਣ ਵਾਲ਼ਾ ਅਗਲਾ ਬੰਦਾ ਉਸੇ ਪਲ ਦਰਵਾਜ਼ੇ ਤੋਂ ਪਿਛਾਂਹ ਹੋ ਜਾਂਦਾ।
ਹਵਾਈ ਅੱਡੇ ਤੋਂ ਹਰ 20 ਮਿੰਟ ਬਾਅਦ ਬੱਸ ਸ਼ਹਿਰ ਨੂੰ ਜਾਂਦੀ ਸੀ। ਮੈਂ ਮਰਾਠੀ ਹਵਾਈ ਸੈਨਿਕਾਂ ਤੋਂ ਪੁਣੇ ਦੇ ਸਾਫ-ਸੁਥਰੇ ਪਾਰਕਾਂ ਬਾਰੇ ਸੁਣਿਆ ਹੋਇਆ ਸੀ। ਮੈਂ ਤੇ ਮਨਜੀਤ ਫੈਮਲੀਆਂ ਸਮੇਤ, ਬੱਸਾਂ ਰਾਹੀਂ ਕਦੀ ਕਮਲਾ ਨਹਿਰੂ ਪਾਰਕ, ਕਦੀ ਸਾਂਭਾ ਜੀ ਪਾਰਕ ਤੇ ਕਦੀ ਬੰਦ ਗਾਰਡਨ ਚਲੇ ਜਾਂਦੇ।
ਪਾਰਕਾਂ ਵਿਚਲੇ ਵੰਨ-ਸੁਵੰਨੇ ਰੰਗਾਂ ਵਾਲ਼ੇ, ਮਹਿਕਾਂ ਵੰਡਦੇ ਅਨੇਕ ਫੁੱਲਾਂ ਤੇ ਸਜਾਵਟੀ ਬੂਟਿਆਂ ਦੇ ਰਮਣੀਕ ਦ੍ਰਿਸ਼ਾਂ ਨੂੰ ਮਾਣਦਿਆਂ ਰੂਹਾਂ ਤਾਜ਼ਾ ਹੋ ਜਾਂਦੀਆਂ। ਕੁਝ ਬਹੁਤ ਹੀ ਪੁਰਾਣੇ ਤੇ ਦੁਰਲਭ ਦ੍ਰਖਤ ਵੀ ਦੇਖੇ ਪਰ ਉਨ੍ਹਾਂ ਦੇ ਨਾਂ ਹੁਣ ਚੇਤੇ ਨਹੀਂ।
ਮਨਦੀਪ ਬੱਚੀ ਦੇ ਜਨਮ ਨਾਲ਼ ਮਨਜੀਤ ਹੁਰੀਂ ਵੀ ਤਿੰਨ ਹੋ ਗਏ ਸਨ। ਪਾਰਕਾਂ ਦੇ ਝੂਲਿਆਂ ’ਤੇ ਕੁਲਵੰਤ ਤੇ ਹਰਦੀਪ ਬੱਚਿਆਂ ਨੂੰ ਝੂਟੇ ਦੇਂਦੀਆਂ।
ਇਕ ਦਿਨ ਬੰਦ ਗਾਰਡਨ ਵਿਚ, ਸਾਡੇ ਗਵਾਂਢੀ ਪਿੰਡ ਰਾਜੋਵਾਲ ਦਾ, ਮੇਰਾ ਹਾਈ ਸਕੂਲ ਦਾ ਜਮਾਤੀ ਪ੍ਰਗਟ ਮਿਲ਼ ਪਿਆ। ਉਹ ਉੱਥੇ ਰੇਲਵੇ ਵਿਚ ਅਸਿਸਟੈਂਟ ਡਰਾਈਵਰ ਸੀ। ਉਸ ਨਾਲ਼ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਬਹੁਤ ਚੰਗਾ ਲੱਗਾ। ਬਾਅਦ ਵਿਚ ਵੀ ਉਸ ਨਾਲ਼ ਮੁਲਾਕਾਤਾਂ ਹੁੰਦੀਆਂ ਰਹੀਆਂ।
ਮੇਰਾ ਬਚਪਨ ਦਾ ਦੋਸਤ ਰਾਜਿੰਦਰ ਸੋਢੀ ਪੁਣੇ ਲਾਗੇ ਪੈਂਦੀ ‘ਨੈਸ਼ਨਲ ਡਿਫੈਂਸ ਅਕੈੱਡਮੀ’ ’ਚ ਸੈਕੰਡ ਲੈਫਟੀਨੈਂਟ ਦੀ ਟਰੇਨਿੰਗ ਕਰ ਰਿਹਾ ਸੀ। ਕਦੀ- ਕਦੀ ਉਹ ਵੀ ਗੇੜਾ ਮਾਰ ਜਾਂਦਾ।
ਸੁਕਆਡਰਨ ਦੀ ਵਿਸ਼ੇਸ਼ ਐਨਿਵਰਸਰੀ
ਸਾਡੇ ਸੁਕਆਡਰਨ ਦੀ ਸਾਲ 1970 ਦੀ ਐਨਵਰਸਰੀ ਬਹੁਤ ਹੀ ਸ਼ਾਨਦਾਰ ਤੇ ਮਹਤੱਵਪੂਰਨ ਈਵੈਂਟ ਸੀ। ਉਸ ਵਿਚ ਆਮ ਸੁਕਆਡਰਨ ਐਨਿਵਰਸਰੀਆਂ ਤੋਂ ਹਟਵੇਂ ਦੋ ਵੱਡੇ ਕਾਰਜ ਬਾਖੂਬੀ ਨਿਭਾਏ ਗਏ:
(1) ਸੁਕਆਡਰਨ ਦੀ ਸਮੁੱਚੀ ਕਾਰਗੁਜ਼ਾਰੀ, ਜਿਸ ਵਿਚ ਫਲਾਈ-ਪਾਸਟ ਵੀ ਸ਼ਾਮਲ ਸੀ, ਪਬਲਿਕ ਸਾਹਮਣੇ ਪੇਸ਼ ਕੀਤੀ ਗਈ।
(2) ਸੁਕਆਰਨ ਦੇ ਸਾਰੇ ਦੇ ਸਾਰੇ ਜਹਾਜ਼ ਉੱਡਣਯੋਗ (Airworthy) ਬਣਾਏ ਗਏ। ਏਅਰ ਫੋਰਸ ਦੀ ਭਾਸ਼ਾ ਵਿਚ ਇਸਨੂੰ 100% Serviceability ਕਿਹਾ ਜਾਂਦਾ ਹੈ। ਆਮ ਹਾਲਤਾਂ ਵਿਚ ਇਹ ਪੁਜ਼ੀਸ਼ਨ ਬਹੁਤ ਹੀ ਘੱਟ ਬਣਦੀ ਹੈ, ਕਿਉਂਕਿ ਕੁਝ ਜਹਾਜ਼ਾਂ ਦੀਆਂ ਵੱਡੀਆਂ-ਛੋਟੀਆਂ ਸਰਵਿਸਾਂ ਤੇ ਮੁਰੰਮਤਾਂ ਹਮੇਸ਼ਾ ਹੀ ਚੱਲ ਰਹੀਆਂ ਹੁੰਦੀਆਂ ਹਨ। ਐਨਿਵਰਸਰੀ ਦੀ ਪਲਾਨਿੰਗ ਸਮੇਂ, ਸੁਕਆਡਰਨ ਦੀ ਮੀਟਿੰਗ ਵਿਚ, ਸੁਕਆਡਰਨ ਕਮਾਂਡਰ ਨੇ ਜਦੋਂ ਇਹ ਇਛਾ ਜ਼ਾਹਰ ਕੀਤੀ ਤਾਂ ਸਾਰੇ ਸੈਨਿਕਾਂ ਤੇ ਅਫਸਰਾਂ ਨੇ ਹਾਮੀ ਭਰ ਦਿੱਤੀ। ਮੁੱਖ ਕੰਮ ਸਾਡਾ ਤਕਨੀਸ਼ਨਾਂ ਦਾ ਸੀ। ਅਸੀਂ 15-15 ਘੰਟੇ ਕੰਮ ’ਚ ਜੁੱਟ ਕੇ ਹਫਤਿਆਂ ’ਚ ਮੁਕਣ ਵਾਲੀਆਂ ਸਰਵਿਸਾਂ ਤੇ ਮੁਰੰਮਤਾਂ ਦਿਨਾਂ ’ਚ ਹੀ ਨਿਬੇੜ ਦਿੱਤੀਆਂ।
ਐਿਨਵਰਸਰੀ ਵਾਲ਼ੇ ਦਿਨ ਅਸੀਂ ਤੜਕੇ ਹੀ ਸੁਕਆਡਰਨ ਦੀ ਵਿਸ਼ਾਲ ਹੈਂਗਰ ਵਿਚ ਪੰਜ ਜਹਾਜ਼ਾਂ, ਜਹਾਜ਼ਾਂ ’ਚ ਲੋਡ ਹੋਣ ਵਾਲ਼ੇ ਬੰਬ, ਰਾਕਟ, ਗੋਲ਼ੀਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਸੁਚੱਜੇ ਢੰਗ ਨਾਲ਼ ਪ੍ਰਦਰਸ਼ਨੀ ਲਾ ਦਿੱਤੀ। ਸ਼ਹਿਰ ਦੇ ਆਮ ਲੋਕਾਂ ਅਤੇ ਪੁਣੇ ਹਵਾਈ ਅੱਡੇ ਦੇ ਸਮੁੱਚੇ ਸੈਨਿਕ-ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੋਇਆ ਸੀ। ਦੂਰੋਂ-ਨੇੜਿਓਂ ਹੁੰਮ-ਹੁਮਾ ਕੇ ਆਏ ਅਨੇਕ ਲੋਕਾਂ ਨੇ ਜਹਾਜ਼, ਸਿੱਕਾ-ਬਾਰੂਦ ਤੇ ਜਹਾਜ਼ਾਂ ਦੀ ਕੌਕਪਿਟ ਨੂੰ ਬੜੇ ਉਤਸ਼ਾਹ ਨਾਲ਼ ਵੇਖਿਆ। ਤਕਨੀਸ਼ਨਾਂ ਨੇ ਨਿਗਰਾਨੀ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਫਲਾਈ ਪਾਸਟ ਦੀ ਅਨਾਊਂਸਮੈਂਟ ਹੋਣ ’ਤੇ ਲੋਕ ਅੰਦਰੋਂ ਨਿੱਕਲ਼ ਕੇ ਹੈਂਗਰ ਦੇ ਵਿਸ਼ਾਲ ਵਰਾਂਡੇ ਅਤੇ ਨਾਲ਼ ਲਗਦੇ ਲਾਅਨ ’ਚ ਆ ਖਲੋਏ। ਬੱਚਿਆਂ ਤੇ ਬਜੁਰਗਾਂ ਦੇ ਬੈਠਣ ਵਾਸਤੇ ਦਰੀਆਂ ਵਿਛਾਈਆਂ ਹੋਈਆਂ ਸਨ। ਜਹਾਜ਼ ਸਾਹਮਣਲੀ ਟਾਰਮਿਕ ’ਤੇ ਲਾਈਨ ’ਚ ਪਾਰਕ ਕੀਤੇ ਹੋਏ ਸਨ। ਫਲਾਈਂਗ-ਸੂਟਾਂ ’ਚ ਕੱਸੇ ਪਾਇਲਟਾਂ ਦੇ ਕੌਕਪਿਟਾਂ ’ਚ ਚੜ੍ਹਨ, ਹਰ ਜਹਾਜ਼ ਦੇ ਦੋਨੀਂ ਪਾਸੀਂ ਖਲੋਤੇ ਤਕਨੀਸ਼ਨਾਂ ਦੇ ਇਸ਼ਾਰਿਆਂ ਮੁਤਾਬਕ ਆਪਣੇ ਜਹਾਜ਼ਾਂ ਨੂੰ ਸਟਾਰਟ ਕਰਨ, ਆਪੋ ਆਪਣੀ ਵਾਰੀ ’ਤੇ ਟਾਰਮਿਕ ’ਚੋਂ ਨਿਕਲ਼ ਕੇ ਟੈਕਸੀਵੇਅ ’ਤੇ ਪੈਣ ਦੇ ਐਕਸ਼ਨਾਂ ਨੂੰ ਲੋਕੀਂ ਨੀਝ ਅਤੇ ਚਾਅ ਨਾਲ਼ ਵੇਖ ਰਹੇ ਸਨ। ਟੈਕਸੀਵੇਅ ਤੇ ਰੱਨਵੇਅ ਵੱਲ ਨੂੰ ਜਾ ਰਹੀ 12 ਜਹਾਜ਼ਾਂ ਦੀ ਕਤਾਰ ਦਾ ਦ੍ਰਿਸ਼ ਡਾਢਾ ਹੀ ਉਮਾਹ ਭਰਿਆ ਸੀ। ਰੱਨਵੇਅ ਭਾਵੇਂ ਫਾਸਲੇ ’ਤੇ ਸੀ ਪਰ ਬਰੋਬਰਾਬਰ ਦੋ-ਦੋ ਜਹਾਜ਼ ਇਕੱਠੇ ਚੜ੍ਹਦੇ ਹੋਏ ਸਾਫ ਦਿਖਾਈ ਦੇ ਰਹੇ ਸਨ।
ਫਲਾਈ ਪਾਸਟਾਂ ਦੀ ਵਿਉਂਤਬੰਦੀ ਬਹੁਤ ਸੂਖਮ-ਦਰਸ਼ੀ ਹੁੰਦੀ ਹੈ। ਹਿੱਸਾ ਲੈਣ ਵਾਲ਼ੇ ਪਾਇਲਟਾਂ ਨੇ ਫਾਰਮੇਸ਼ਨ (ਤਰਤੀਬ) ’ਚ ਬੱਝ ਕੇ ਆਪੋ ਆਪਣੇ ਜਹਾਜ਼ ਦੀ ਸਪੀਡ, ਉਚਾਈ, ਆਪਸੀ ਫਾਸਲੇ, ਫਾਰਮੇਸ਼ਨ ’ਚੋਂ ਖਿੰਡਣ ਦੇ ਪਲ ਅਤੇ ਕੋਨਾਂ ਆਦਿ ਨੂੰ ਐਨ੍ਹ ਸਹੀ ਤਰੀਕੇ ਨਾਲ਼ ਨਿਭਾਉਣਾ ਹੁੰਦਾ ਹੈ। ਆਕਾਸ਼ ’ਚ ਚੜਨ੍ਹ ਬਾਅਦ ਉਹ ਮਿੱਥੀ ਹੋਈ ਦੂਰੀ ’ਤੇ ਜਾ ਕੇ ਫਾਰਮੇਸ਼ਨ ’ਚ ਬੱਝਦੇ ਹਨ ਤੇ ਫਿਰ ਓਥੋਂ ਫਲਾਈ ਪਾਸਟ ਵਾਲ਼ੀ ਥਾਂ ਨੂੰ ਆਉਂਦੇ ਹਨ।
ਸੋ ਸਾਰੇ ਪਾਇਲਟਾਂ ਨੂੰ, ਜਹਾਜ਼ ਲੋਕਾਂ ਸਾਹਮਣੇ ਲਿਆਉਣ ਤੱਕ ਪੰਦਰਾਂ-ਵੀਹ ਮਿੰਟ ਲੱਗ ਜਾਣੇ ਸਨ। ਉਦੋਂ ਤੱਕ ਲੋਕਾਂ ਦੇ ਮਨੋਰੰਜਨ ਵਾਸਤੇ ਅਸੀਂ ਪੰਜਾਬੀ ਹਵਾਈ ਸੈਨਿਕਾਂ ਨੇ ਭੰਗੜੇ ਦੀ ਆਈਟਮ ਤਿਆਰ ਕੀਤੀ ਹੋਈ ਸੀ। ਮੈਂ ਉਦੋਂ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਭੰਗੜਾ ਪਾਇਆ। ਭੰਗੜੇ ਦੌਰਾਨ ਸੁਕਆਡਰਨ ਦਾ ਸਿਰਕੱਢ ਪਾਇਲਟ ਸੁਕਆਡਰਨ ਲੀਡਰ ਕੇ. ਕੇ ਬਖਸ਼ੀ ਤੇਰ੍ਹਵਾਂ ਜਹਾਜ਼ ਲੈ ਕੇ ਰੱਨਵੇਅ ਨੂੰ ਟੁਰ ਗਿਆ।
ਭੰਗੜਾ ਖਤਮ ਹੁੰਦਿਆਂ ਹੀ ਫਲਾਈ ਪਾਸਟ ਦੇ ਚਾਰ ਜਹਾਜ਼ਾਂ ਦਾ ਪਹਿਲਾ ਜੁੱਟ ਆ ਗੂੰਜਿਆ। ਸੁਕਆਡਰਨ ਕਮਾਂਡਰ ਅਜੀਤ ਧਵਨ ਲੀਡ ਕਰ ਰਿਹਾ ਸੀ। ਉਸਦਾ ਜਹਾਜ਼ ਸਭ ਤੋਂ ਮੂਹਰੇ, ਦੂਜਾ ਉਸਦੇ ਪਿੱਛੇ, ਤੀਜਾ ਤੇ ਚੌਥਾ, ਦੂਜੇ ਦੇ ਸੱਜੇ-ਖੱਬੇ, ਬਰਾਬਰ ਨਹੀਂ ਥੋੜ੍ਹਾ ਪਿਛਾਂਹ… ਚਾਰ ਜਹਾਜ਼ਾਂ ਨੇ ਤੀਰ ਦੀ ਸ਼ਕਲ ਬਣਾਈ ਹੋਈ ਸੀ। ਲੋਕਾਂ ਸਾਹਮਣੇ ਨੀਵੇਂ ਉੱਡਣ ਬਾਅਦ ਇਕਦਮ ਉਤਾਂਹ ਵੱਲ ਜਾ ਕੇ, ਕਲਾਬਾਜ਼ੀਆਂ ਖਾਂਦੇ ਚਾਰੇ ਜਹਾਜ਼, ਆਤਿਸ਼ਬਾਜ਼ੀ ’ਚੋਂ ਫੁੱਟਦੇ ਚੰਗਿਆੜਿਆਂ ਦੀਆਂ ਲੜੀਆਂ ਵਾਂਗ, ਵੱਖ-ਵੱਖ ਕੋਨਾਂ ਤੇ ਖਿੰਡ ਗਏ। ਮਿੱਥੇ ਹੋਏ ਫਰਕ ਨਾਲ਼ ਦੂਜੇ ਤੇ ਫਿਰ ਤੀਜੇ ਜੁੱਟ ਨੇ ਵੀ ਉਸੇ ਅੰਦਾਜ਼ ਵਿਚ ਕਰਤੱਵ ਦਿਖਾਏ ਤੇ ਫਿਰ ਆ ਧਮਕਿਆ ਤੇਰ੍ਹਵਾਂ ਜਹਾਜ਼। ਕੇ. ਕੇ ਬਖਸ਼ੀ ਵੱਲੋਂ ਕਦੀ ਜਹਾਜ਼ ਨੂੰ ਭੰਬੀਰੀ ਵਾਂਗ ਘੁਮਾਉਂਦਿਆਂ ਸਿੱਧਾ ਉੱਪਰ ਨੂੰ ਲਿਜਾਣ, ਜਹਾਜ਼ ਨੂੰ ਕਦੀ ਸੱਜੀ ਤੇ ਕਦੀ ਖੱਬੀ ਵੱਖੀ ਪਰਨੇ ਟੇਢਾ ਕਰਨ, ਕਦੀ ਇਕਦਮ ਹਿਠਾਂਹ ਤੇ ਫਿਰ ਇਕਦਮ ਉਤਾਂਹ ਲਿਜਾਣ ਤੇ ਕਦੀ ਜਹਾਜ਼ ਨੂੰ ਐਨ੍ਹ ਉਲਟਾ ਕਰਕੇ ਉਡਾਉਣ ਦੀਆਂ ਕਲਾਬਾਜ਼ੀਆਂ ਲੋਕਾਂ ਨੇ ਸਾਹ ਰੋਕ ਕੇ ਵੇਖੀਆਂ। ਲੋਕਾਂ ਮੂੰਹੋਂ ਪ੍ਰੋਗਰਾਮ ਦੀ ਹਰ ਆਈਟਮ ਦੀਆਂ ਸਿਫਤਾਂ ਸੁਣਾਈ ਦੇ ਰਹੀਆਂ ਸਨ।
ਸ਼ਾਮ ਨੂੰ ਕੌੜੇ ਪਾਣੀ ਵਾਲ਼ੀ ਡਿਨਰ ਪਾਰਟੀ ਵਿਚ ਖੂਬ ਰੌਣਕਾਂ ਲੱਗੀਆਂ। ਪੁਣੇ ਹਵਾਈ ਅੱਡੇ ਦੇ ਸਟੇਸ਼ਨ ਕਮਾਂਡਰ ਏਅਰ ਕਮੋਡੋਰ ਲਾਤੀਫ ਨੇ ਐਨਿਵਰਸਰੀ ਦੇ ਵਧੀਆ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸੁਕਆਡਰਨ ਕਮਾਂਡਰ, ਸੁਕਆਡਰਨ ਦੇ ਪਾਇਲਟਾਂ, ਤਕਨੀਸ਼ਨਾਂ ਤੇ ਬਾਕੀ ਦੇ ਸਟਾਫ ਨੂੰ ਵਧਾਈ ਦਿੱਤੀ। ਏਅਰ ਹੈੱਡਕੁਆਟਰ ਤੇ ਕਮਾਂਡ ਹੈੱਡਕੁਆਟਰ ਨੇ ਸੌ ਪ੍ਰਤੀਸ਼ਤ ਉਡਣਯੋਗਤਾ ਦੀ ਪੁਜ਼ੀਸ਼ਨ ਲਈ ਸੁਕਆਡਰਨ ਨੂੰ ਪ੍ਰਸ਼ੰਸਾ-ਪੱਤਰ ਭੇਜੇ ਸਨ।
ਐਨਿਵਰਸਰੀ ਤੋਂ ਮਹੀਨਾ ਕੁ ਬਾਅਦ ਪੰਜਾਬ ਜਾਣ ਦਾ ਸਬੱਬ ਬਣ ਗਿਆ। ਹਵਾਈ ਤੇ ਜ਼ਮੀਨੀ ਫੌਜ ਦੀਆਂ ਜੰਗੀ ਮਸ਼ਕਾਂ ਵਾਸਤੇ ਸਾਡੇ ਸੁਕਆਡਰਨ ਨੂੰ ਵੀ ਸੱਦਿਆ ਗਿਆ ਸੀ। ਜਹਾਜ਼ ਸਾਰੇ ਨਹੀਂ ਥੋੜ੍ਹੇ ਹੀ ਗਏ ਸਨ। ਅਸੀਂ ਚੰਡੀਗੜ ਤੋਂ ਓਪਰੇਟ ਕੀਤਾ। ਆਸਿਓਂ-ਪਾਸਿਓਂ ਕਈ ਹੋਰ ਸੁਕਆਡਰਨਾਂ ਨੇ ਵੀ ਭਾਗ ਲਿਆ। ਮਸ਼ਕਾਂ ਤੋਂ ਬਾਅਦ ਤਕਨੀਸ਼ਨਾਂ ਦੀ ਪੁਣੇ ਨੂੰ ਵਾਪਸੀ, ਰੇਲ ਰਾਹੀਂ ਸੀ। ਵਾਪਸੀ ਤੋਂ ਪਹਿਲਾਂ ਸਾਨੂੰ ਪੰਜਾਬੀ ਹਵਾਈ ਸੈਨਿਕਾਂ ਨੂੰ, ਘਰੀਂ ਜਾਣ ਵਾਸਤੇ ਚਾਰ-ਚਾਰ ਦਿਨ ਦੀ ਛੁੱਟੀ ਦਿੱਤੀ ਗਈ। ਮੈਂ ਪਹਿਲਾਂ ਹੀ ਘਰ ਨੂੰ ਚਿੱਠੀ ਪਾਈ ਹੋਈ ਸੀ ਕਿ ਬਾਪੂ ਜੀ ਤੇ ਬੀਬੀ ਮੇਰੇ ਨਾਲ਼ ਪੁਣੇ ਨੂੰ ਜਾਣ ਲਈ ਤਿਆਰ ਰਹਿਣ। ਪੁਣੇ ਤੋਂ ਹਜ਼ੂਰ ਸਾਹਿਬ ਲਾਗੇ ਪੈਂਦਾ ਸੀ। ਮੇਰਾ ਫੁਰਨਾ ਉਨ੍ਹਾਂ ਨੂੰ ਯਾਤਰਾ ਕਰਵਾਉਣ ਦਾ ਸੀ। ਪਰ ਪਰਿਵਾਰਕ ਰੁਝੇਵਿਆਂ ਕਾਰਨ ਬਾਪੂ ਜੀ ਦਾ ਜਾਣਾ ਹੀ ਸੰਭਵ ਹੋ ਸਕਿਆ।
ਪੁਣੇ ਪਹੁੰਚ ਕੇ ਹਫਤੇ ਦੀ ਕੈਯੂਅਲ ਛੁੱਟੀ ਲੈ ਕੇ ਮੈਂ, ਬਾਪੂ ਜੀ, ਕੁਲਵੰਤ ਤੇ ਹਰਪ੍ਰੀਤ ਹਜ਼ੂਰ ਸਾਹਿਬ ਚਲੇ ਗਏ। ਆਪਣੇ ਟਰੱਕ ਲੈ ਕੇ ਯਾਤਰਾ ਕਰਨ ਗਏ ਸਾਡੇ ਪੰਜਾਬੀ ਵੀਰ, ਉਨ੍ਹਾਂ ਟਰੱਕਾਂ ’ਤੇ ਸੰਗਤ ਨੂੰ ਵੀ ਆਲੇ-ਦੁਆਲੇ ਦੇ ਗੁਰਦਵਾਰਿਆਂ ਦੇ ਦਰਸ਼ਨ ਕਰਵਾ ਲਿਆਉਂਦੇ ਸਨ। ਉਹ ਟਰੱਕ ਆਮ ਤੌਰ ’ਤੇ ਬਾਬਾ ਨਿਧਾਨ ਸਿੰਘ ਦੇ ਗੁਰਦਵਾਰੇ ਤੋਂ ਚਲਦੇ ਸਨ। ਅਸੀਂ ਵੀ ਉਨ੍ਹਾਂ ਟਰੱਕਾਂ ਰਾਹੀਂ ਸਾਰੇ ਗੁਰਦਵਾਰਿਆਂ ਦੀ ਯਾਤਰਾ ਕੀਤੀ। ਉਦੋਂ ਗੁਰਦਵਾਰਾ ਸ਼ਿਕਾਰ ਘਾਟ ਅਜੇ ਉਸਾਰੀ ਅਧੀਨ ਸੀ। ਯਾਤਰਾ ਤੋਂ ਮੁੜ ਕੇ ਬਾਪੂ ਜੀ ਸਾਡੇ ਕੋਲ਼ ਦੋ ਮਹੀਨੇ ਰਹੇ।
ਸੁਕਆਡਰਨ ਦਾ ਨਵਾਂ ਮੁਕਾਮ— ਜੋਧਪੁਰ
ਪੁਣੇ ਦਾ ਟਰਾਇਬਲ (ਕਬਾਇਲੀ) ਮਿਊਜ਼ਿਅਮ ਤੇ ਕੁਝ ਵਿਸ਼ੇਸ਼ ਮੰਦਰ ਦੇਖਣ ਦੀਆਂ ਸਕੀਮਾਂ ਅਜੇ ਮਨ ’ਚ ਹੀ ਸਨ ਕਿ ਦੋਨਾਂ ਮਾਰੂਤ ਸੁਕਆਡਰਨਾਂ ਨੂੰ ਪੱਕੇ ਤੌਰ ’ਤੇ ਜੋਧਪੁਰ ਜਾਣ ਦੇ ਆਰਡਰ ਆ ਗਏ। ਸੁਕਆਡਰਨਾਂ ਦੇ ਅਮਲੇ ਤੇ ਮਾਲ-ਅਸਬਾਬ ਲਈ ਪੈਸੇਂਜਰ ਤੇ ਮਾਲ ਡੱਬਿਆਂ ਵਾਲੀਆਂ ਦੋ ਸਪੈਸ਼ਲ ਰੇਲ-ਗੱਡੀਆਂ ਦਾ ਬੰਦੋਬਸਤ ਕੀਤਾ ਗਿਆ। ਮੂਵਮੈਂਟ ਦਾ ਕਾਰਜ ਬਹੁਤ ਲੰਮਾ-ਚੌੜਾ ਸੀ। ਜਹਾਜ਼ਾਂ ਦੀ ਸਰਵਿਸਿੰਗ ਵਾਸਤੇ ਵਰਤਿਆ ਜਾਂਦਾ ਅਨੇਕ ਤਰ੍ਹਾਂ ਦਾ ਸਾਜ਼ੋ-ਸਾਮਾਨ (ਜਿਸਨੂੰ ‘ਗਰਾਊਂਡ ਇਕੁਇਪਮੈਂਟ’ ਕਿਹਾ ਜਾਂਦਾ ਹੈ), ਸਟੋਰਾਂ ’ਚ ਰੱਖੇ ਹੋਏ ਜਹਾਜ਼ਾਂ ਦੇ ਸਪੇਅਰ-ਪਾਰਟਸ, ਸਾਰੇ ਟਰੇਡਾਂ ਦੀਆਂ ਛੋਟੀਆਂ-ਵੱਡੀਆਂ ਟੂਲ-ਕਿਟਾਂ, ਜਹਾਜ਼ਾਂ ਅਤੇ ਅਮਲੇ ਦਾ ਰਿਕਾਰਡ ਆਦਿ ਦੀ ਪੈਕਿੰਗ ਸ਼ੁਰੂ ਹੋ ਗਈ। ਨਾਲ਼ ਦੀ ਨਾਲ਼ ਜਹਾਜ਼ਾਂ ਦੀਆਂ ਉਡਾਣਾਂ ਦਾ ਰੁਟੀਨ ਵੀ ਚੱਲਦਾ ਰਿਹਾ। ਫਿਰ ਸਮੁੱਚੇ ਮਾਲ-ਅਸਬਾਬ ਦੀ ਮਾਲ ਡੱਬਿਆਂ ਵਿਚ ਲੋਡਿੰਗ ਸ਼ੁਰੂ ਹੋ ਗਈ…।
ਆਖਰੀ ਦਿਨਾਂ ਵਿਚ ਪਾਇਲਟਾਂ ਨੇ ਸਾਰੇ ਜਹਾਜ਼ ਜੋਧਪੁਰ ਪਹੁੰਚਾ ਦਿੱਤੇ। ਅਮਲੇ ਅਤੇ ਮਾਲ-ਅਸਬਾਬ ਨੂੰ ਲੈ ਕੇ ਚੱਲੀ ਸਾਡੀ ਸਪੈਸ਼ਲ ਗੱਡੀ ਤੀਜੇ ਦਿਨ ਜੋਧਪੁਰ ਪਹੁੰਚੀ। ਦੂਜਾ ਮਾਰੂਤ ਸੁਕਆਡਰਨ ਸਾਥੋਂ 10 ਦਿਨ ਪਹਿਲਾਂ ਪਹੁੰਚ ਚੁੱਕਾ ਸੀ।
ਜੋਧਪੁਰ ਪਹੁੰਚ ਕੇ ਸੁਕਆਡਰਨ ਦਾ ਸਾਜ਼ੋ-ਸਾਮਾਨ ਮਾਲ-ਗੱਡੀ ’ਚੋਂ ਲਾਹੁਣ ਟਰੱਕਾਂ ’ਚ ਲੱਦ ਕੇ ਹਵਾਈ-ਅੱਡੇ ਦੀਆਂ ਹੈਂਗਰਾਂ ’ਚ ਲਿਆਉਣ, ਪੈਕਿੰਗਾਂ ਖੋਲ੍ਹ ਕੇ ਸਹੀ ਥਾਵਾਂ ’ਤੇ ਰੱਖਣ-ਟਿਕਾਉਣ ਦਾ ਕੰਮ ਡਾਢਾ ਹੀ ਥਕਾ-ਅਕਾ ਦੇਣ ਵਾਲ਼ਾ ਸੀ। ਦਸੰਬਰ (1970) ’ਚ ਸ਼ੁਰੂ ਹੋਏ ਸੁਕਆਡਰਨ ਮੂਵਮੈਂਟ ਦੇ ਝਮੇਲੇ ਫਰਵਰੀ (1971) ’ਚ ਮੁੱਕੇ। ਮੈਂ ਐਮ.ਏ ਅੰਗੇਜ਼ੀ ਭਾਗ ਪਹਿਲਾ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦਾਖਲਾ ਫਾਰਮ ਤਾਂ ਭੇਜਿਆ ਹੋਇਆ ਸੀ ਪਰ ਪੜ੍ਹਾਈ ’ਚ ਰੁਝਣ ਵਾਲ਼ੇ ਇਹ ਤਿੰਨ ਮਹੀਨੇ ਮੂਵਮੈਂਟ ਦੇ ਲੇਖੇ ਲੱਗ ਗਏ ਤੇ ਸਾਲ ਖਾਲੀ ਗਿਆ।
ਜੋਧਪੁਰ ਰਾਜਸਥਾਨ ਸੂਬੇ ਦਾ ਦੂਜਾ ਵੱਡਾ ਸ਼ਹਿਰ ਹੈ। ਰਾਠੌਰ ਰਾਜਪੂਤ ਰਾਜੇ ਰਾਓ ਜੋਧਾ ਨੇ ਇਸਨੂੰ ਪੰਦਰਵੀਂ ਸਦੀ ’ਚ ਵਸਾਇਆ ਸੀ। ਰਾਓ ਜੋਧਾ ਦੀ ‘ਮਾਰਵਾੜ’ ਨਾਂ ਦੀ ਰਿਆਸਤ ਦੀ ਰਾਜਧਾਨੀ ਹੁੰਦਾ ਸੀ ਇਹ ਸ਼ਹਿਰ।
ਜੋਧਪੁਰੀਆਂ ਸਮੇਤ ਸਾਰੇ ਰਾਜਸਥਾਨੀਆਂ ਦੀ ਵਿਸ਼ੇਸ਼ ਪਛਾਣ ਉਨ੍ਹਾਂ ਦੀ ਪਰੰਪਰਕ ਪਗੜੀ ਹੈ। ਇੱਕੇ ਪੱਗੜੀ ਵਿਚ ਕਈ-ਕਈ ਰੰਗ ਤੇ ਡਿਜ਼ਾਈਨ ਹੁੰਦੇ ਹਨ। ਪੱਗੜੀ ਦੇ ਕੱਪੜੇ ਨੂੰ ਵਟਾ ਜਿਹਾ ਚਾੜ੍ਹ ਕੇ, ਪਰੰਪਰਕ ਢੰਗ ਨਾਲ਼, ਗੁੰਦਵੇਂ ਵਲ੍ਹੇਟ ਮਾਰੇ ਹੁੰਦੇ ਹਨ, ਉਨ੍ਹਾਂ ਦੇ ਤਨ ’ਤੇ ਉੱਚਾ ਜਿਹਾ ਕੁੜਤਾ ਅਤੇ ਤੇੜ ਧੋਤੀ ਹੁੰਦੀ ਹੈ।
ਔਰਤਾਂ ਦੀ ਪੁਸ਼ਾਕ ਕੁੜਤੀ, ਘੱਗਰਾ ਅਤੇ ਓੜਨੀ ਹੈ। ਓੜਨੀ ਦਾ ਇਕ ਸਿਰਾ ਘੱਗਰੇ ’ਚ ਟੁੰਗਿਆ ਹੁੰਦਾ ਹੈ ਤੇ ਦੂਜਾ ਸਿਰਾ ਮੋਢੇ ਜਾਂ ਸਿਰ ਉੱਤੇ। ਪੜ੍ਹੀਆਂ-ਲਿਖੀਆਂ ਔਰਤਾਂ ਸਾੜ੍ਹੀ ਬੰਨ੍ਹਦੀਆਂ ਹਨ।
ਹੁਣ ਤਾਂ ਪਤਾ ਨਹੀਂ, ਉਦੋਂ ਲੋਕਾਂ ਦੇ ਵਿਹਾਰ ਵਿਚ ਸਚਾਈ ਤੇ ਈਮਾਨਦਾਰੀ ਸੀ। ਦੁਕਾਨਦਾਰਾਂ ਦਾ ਵਿਹਾਰ ਗਾਹਕਾਂ ਨੂੰ ਭੋਟਣ ਵਾਲ਼ਾ ਨਹੀਂ ਸੀ। ਉਹ ਚੀਜ਼ਾ ਦੀ ਵਾਜ਼ਬ ਕੀਮਤ ਲਾਉਂਦੇ ਸਨ।
ਜੋਧਪੁਰ ਹਵਾਈ-ਅੱਡੇ ’ਚ ਕੁਆਟਰ ਬਹੁਤ ਥੋੜ੍ਹੇ ਸਨ। ਸੋ ਪਰਿਵਾਰਾਂ ਵਾਲ਼ੇ ਸੈਨਿਕਾਂ ਨੇ ਸ਼ਹਿਰ ਵਿਚ ਰਿਹਾਇਸ਼ਾਂ ਲੱਭ ਲਈਆਂ। ਮੈਂ ਤੇ ਮਨਜੀਤ ਨੇ ਵੀ ਸਾਂਝੇ ਤੌਰ ’ਤੇ ਇਕ ਸਾਦਾ ਜਿਹਾ ਘਰ ਕਿਰਾਏ ’ਤੇ ਲੈ ਲਿਆ। ਸੁਕਆਡਰਨ ਦੇ ਸਾਡੇ ਨੇੜਲੇ ਸਾਥੀ ਜੋਗਿੰਦਰ ਸਿੰਘ ਢਿੱਲੋਂ, ਗਿਆਨੀ ਧਰਮ ਸਿੰਘ, ਨਿਰਮਲ ਸਿੰਘ ਤੇ ਸੰਤੋਖ ਸਿੰਘ ਕਬੂਲਪੁਰ ਸਾਡੇ ਮੁਹੱਲੇ ’ਚ ਹੀ ਸਨ। ਗਿਆਨੀ ਅੰਮ੍ਰਿਤਧਾਰੀ ਸੀ। ਬਾਕੀ ਜਣੇ ਸੋਮਰਸ ਦੇ ਸ਼ੌਕੀਨ ਸਨ। ਮਹੀਨੇ ’ਚ ਇਕ-ਦੋ ਵਾਰੀ ਮਹਿਫਲ ਸਜਾ ਕੇ ਅਸੀਂ ਹਾਸਾ-ਠੱਠਾ ਕਰ ਲੈਂਦੇ। ਘਰ ਵਾਲ਼ੀਆਂ ਤਾਂ ਹਰੇਕ ਤੀਜੇ-ਚੌਥੇ ਦਿਨ ਇਕੱਠੀਆਂ ਹੋ ਕੇ ਗੱਪ-ਸ਼ੱਪ ਮਾਰ ਲੈਂਦੀਆਂ। ਨਿਆਣੇ ਵੀ ਰਲ਼-ਮਿਲ਼ ਕੇ ਖੇਡਦੇ। ਸਾਰਿਆਂ ਦਾ ਵਕਤ ਸੁਹਣਾ ਬੀਤ ਰਿਹਾ ਸੀ। ਪਰ ਜਦੋਂ ਉੱਤਰਲਾਏ ਦੀ ‘ਡਿਟੈਚਮੈਂਟ’ ਸ਼ੁਰੂ ਹੋਈ ਤਾਂ ਵਕਤ ਕੁਝ ਕਠਿਨ ਹੋ ਗਿਆ।
ਜੰਗ ਦੀਆਂ ਕਨਸੋਆਂ
ਉੱਤਰਲਾਏ ਜੋਧਪੁਰ ਤੋਂ 200 ਕਿੱਲੋਮੀਟਰ ਦੇ ਫਾਸਲੇ ’ਤੇ ਹੈ। ਪਾਕਿਸਤਾਨ ਦੇ ਬਾਰਡਰ ਵੱਲ ਪੈਂਦਾ ਇਹ ਸਥਾਨ, ਸੁੰਨ ਪਸਰਿਆ ਬੀਆਬਾਨੀ ਮਾਰੂਥਲ ਹੈ। ਚਾਰੇ ਪਾਸੇ ਮੀਲਾਂ ਤੱਕ ਰੇਤ ਹੀ ਰੇਤ। ਨਾ ਕੋਈ ਦਰਖਤ ਨਾ ਕੋਈ ਪੰਛੀ। ਝੀਂਡੇ-ਝਾੜੀਆਂ ਹੀ ਹਨ। ਚੌਵੀ ਘੰਟੇ ਰੇਤ ਉੱਡਦੀ ਰਹਿੰਦੀ ਹੈ। ਉੱਡਦੀ ਰੇਤ ਨੂੰ ਜਿੱਥੇ ਕੋਈ ਝੀਂਡਾ-ਝਾੜੀ ਮਿਲ਼ ਜਾਂਦੀ, ਓਥੇ ਹੀ ਟਿੱਬਾ ਬਣ ਜਾਂਦਾ। ਤੇ ਜਦੋਂ ਹਵਾ ਦਿਸ਼ਾ ਬਦਲਦੀ, ਉਹੀ ਟਿੱਬਾ ਕਿਸੇ ਹੋਰ ਥਾਂ ਜਾ ਉਸਰਦਾ। ਤੰਬੂਆਂ ’ਚ ਪਏ ਸਾਡੇ ਬੈੱਡ ਤੇ ਹੋਰ ਸਾਮਾਨ ਰੇਤ ਨਾਲ਼ ਭਰ ਜਾਂਦੇ।
ਉੱਥੋਂ ਦਾ ਖਾਰਾ ਪਾਣੀ ਪੀਣ ਯੋਗ ਨਹੀਂ ਸੀ। ਉਸ ਨਾਲ਼ ਨਹਾਉਣ-ਧੋਣ ਕਰ ਤਾਂ ਲਈਦਾ ਸੀ ਪਰ ਵਾਲ਼ ਅਤੇ ਕੱਪੜੇ ਨਿੱਖਰਦੇ ਨਹੀਂ ਸਨ। ਪੀਣ ਵਾਲ਼ਾ ਪਾਣੀ ਟੈਂਕਰਾਂ ’ਚ ਜੋਧਪੁਰੋਂ ਜਾਂਦਾ ਸੀ। ਸੋ ਉੱਤਰਲਾਏ ’ਚ ਸਾਰੇ ਸੈਨਿਕਾਂ ਦਾ ਰਹਿਣਾ-ਵਸਣਾ ਸੰਭਵ ਨਹੀਂ ਸੀ। ਦੋਨਾਂ ਸੁਕਆਡਰਨਾਂ ਦੇ ਕੁਝ ਜਹਾਜ਼ ਓਥੇ ਰੱਖੇ ਹੋਏ ਸਨ। ਹਰ ਦੋ ਮਹੀਨਿਆਂ ਬਾਅਦ, ਵਾਰੀ ਸਿਰ, ਪਾਇਲਟਾਂ ਤੇ ਤਕਨੀਸ਼ਨਾਂ ਦਾ ਨਵਾਂ ਦਸਤਾ ਓਥੇ ਚਲੇ ਜਾਂਦਾ।
ਉੱਤਰਲਾਏ ’ਚ ਕੁਝ ਜਹਾਜ਼ ਰੱਖਣ ਅਤੇ ਜੰਗੀ ਮਸ਼ਕਾਂ ਕਰਨ ਦਾ ਆਰਡਰ ਉੱਤੋਂ ਆਇਆ ਸੀ। ਇਸ ਦਾ ਵਿਸ਼ੇਸ਼ ਕਾਰਨ ਸੀ— ਸਾਡੇ ਗਵਾਂਢੀ ਦੇਸ਼ ਪਾਕਿਸਤਾਨ ’ਚ ਵੱਡੀ ਗੜਬੜ ਚੱਲ ਰਹੀ ਸੀ ਪੱਛਮੀ ਪਾਕਿਸਤਾਨ ਦੇ ਹਾਕਮ ਪੂਰਬੀ ਪਾਕਿਸਤਾਨ ਦੇ ਵਿਕਾਸ ਨੂੰ ਅਣਗੌਲਿਆ ਕਰ ਰਹੇ ਸਨ। ਕਾਣੀ ਵੰਡ ਤੋਂ ਦੁਖੀ ਹੋਏ ਪੂਰਬੀ ਪਾਕਿਸਤਾਨੀਆਂ ਨੇ ਖੁਦਮੁਖਤਾਰੀ ਦਾ ਅੰਦੋਲਨ ਸ਼ੁਰੂ ਕਰ ਦਿੱਤਾ। ਪਾਕਿਸਤਾਨ ਦੇ ਤਤਕਾਲੀ ਡਿਕਟੇਟਰ ਜਨਰਲ ਯਹੀਆ ਖਾਨ ਦੀ ਸਰਕਾਰ ਨੇ ਮਸਲੇ ਨੂੰ ਗੱਲਬਾਤ ਰਾਹੀਂ ਨਜਿੱਠਣ ਦੀ ਬਜਾਇ, ਅੰਦੋਲਨ ਨੂੰ ਫੌਜ ਰਾਹੀ ਕੁਚਲਣ ਦੀ ਨੀਤੀ ਅਖਤਿਆਰ ਕਰ ਲਈ… ਫੌਜ ਦੇ ਅੱਤਿਆਚਾਰਾਂ ਤੋਂ ਸਤੇ ਲੋਕਾਂ ਦੇ ਰੋਹ ਵਿੱਚੋਂ ਪਾਕਿਸਤਾਨ ਤੋਂ ਅੱਡ ਹੋਣ ਦੀ ਲਹਿਰ ਉੱਭਰ ਪਈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੂਰਬੀ ਪਾਕਿਸਤਾਨ ਨਾਲ਼ ਲੱਗਦੇ ਪੱਛਮੀ ਬੰਗਾਲ ਦੇ ਬਾਰਡਰ ਉੱਤੇ ਸ਼ਰਨਾਰਥੀ ਕੈਂਪ ਖੋਲ੍ਹ ਦਿੱਤੇ। ਢਾਕਾ ਸ਼ਹਿਰ ਦੇ ਬਾਜ਼ਾਰਾਂ, ਯੂਨੀਵਰਸਿਟੀਆਂ, ਕਾਲਜਾਂ ਅਤੇ ਮੁਹੱਲਿਆਂ ਵਿਚ ਆ ਵੜੀ ਫੌਜ ਦੇ ਜ਼ਬਰ-ਜੁਲਮ ਤੋਂ ਤ੍ਰਾਹ-ਤ੍ਰਾਹ ਕਰਦੇ ਹਜ਼ਾਰਾਂ ਲੋਕ ਇਨ੍ਹਾਂ ਕੈਂਪਾਂ ਵਿਚ ਆ ਟਿਕੇ।
ਪਾਕਿਸਤਾਨ ਇਸਨੂੰ ਆਪਣੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ-ਅੰਦਾਜ਼ੀ ਆਖਦਾ ਸੀ। ਮਸਲਾ ਦਿਨੋਂ-ਦਿਨ ਉਲਝਦਾ ਗਿਆ… ਹਿੰਦ-ਪਾਕਿ ਜੰਗ ਦੀ ਸਥਿਤੀ ਬਣ ਗਈ। ਦੋਨਾਂ ਦੇਸ਼ਾਂ ’ਚ ਅੰਦਰੋ-ਅੰਦਰੀ ਤਿਆਰੀਆਂ ਸ਼ੁਰੂ ਹੋ ਗਈਆਂ। ਜੰਗੀ ਵਿਉਂਤਬੰਦੀ ਅਨੁਸਾਰ ਦੋਨਾਂ ਮਾਰੂਤ ਸੁਕਆਡਰਨਾਂ ਨੇ ਉੱਤਰਲਾਏ ਤੋਂ ਓਪਰੇਟ ਕਰਨਾ ਸੀ। ਉਸ ਹਵਾਈ ਅੱਡੇ ’ਤੇ ਜਹਾਜ਼ਾਂ ਨੂੰ ਛੁਪਾਉਣ ਵਾਸਤੇ ਮੋਟੀ-ਸੰਘਣੀ ਕੰਕਰੀਟ ਦੀਆਂ ਲੇਦਵੀਆਂ ਛੱਤਾਂ ਵਾਲ਼ੇ ਮਜ਼ਬੂਤ ਸ਼ੈੱਡ ਬਣਾਏ ਗਏ ਸਨ। ਉਨ੍ਹਾਂ ਸ਼ੈੱਡਾਂ ਉੱਤੇ ਕਈ-ਕਈ ਫੁੱਟ ਮਿੱਟੀ ਪਾ ਕੇ ਘਾਹ-ਬੂਟ ਉਗਾਇਆ ਹੋਇਆ ਸੀ। ਹਰ ਜਹਾਜ਼ ਲਈ ਵੱਖਰਾ ਸ਼ੈੱਡ। ਉਹ ਸ਼ੈੱਡ ਦੁਸ਼ਮਣ ਦੇ ਜਹਾਜ਼ਾਂ ਦੇ ਪਾਇਲਟਾਂ ਲਈ ਭੁਲੇਖਾ-ਪਾਊ ਵੀ ਸਨ ਤੇ ਸਾਡੇ ਜਹਾਜ਼ਾਂ ਲਈ ਸੁਰੱਖਿਅਤ ਵੀ। ਏਅਰ ਫੋਰਸ ਦੀ ਭਾਸ਼ਾ ਵਿਚ ਇਨ੍ਹਾਂ ਸ਼ੈਡਾਂ ਨੂੰ ‘ਬਲਾਸਟ ਪੈਨ’ ਆਖਿਆ ਜਾਂਦਾ ਹੈ।
ਥੋੜ੍ਹੇ ਕੁ ਜਹਾਜ਼ਾਂ ਨਾਲ਼ ਜੰਗੀ ਮਸ਼ਕਾਂ ਦਾ ਸਿਲਸਲਾ ਜਾਰੀ ਸੀ। ਉਨ੍ਹਾਂ ਮਸ਼ਕਾਂ ਦੌਰਾਨ ਇਕ ਦਿਨ ਘੋਰ ਤ੍ਰਾਸਦੀ ਵਾਪਰ ਗਈ— ਦੋਨਾਂ ਸੁਕਆਡਰਨਾਂ ਦੇ ਪਾਇਲਟਾਂ ਨੇ ਆਪੋ ਆਪਣੇ ਜਹਾਜ਼ ਦੀ ਮਿੱਥੇ ਸਮੇਂ ’ਤੇ ਉਡਾਣ ਭਰਨੀ ਸੀ ਤੇ ਫਿਰ, ਵਾਰੀ ਸਿਰ ਐਨ੍ਹ ਮਿੱਥੇ ਸਮੇਂ ’ਤੇ ਡੰਮੀ (ਫਰਜੀ) ਟਾਰਗਿਟਾਂ ’ਤੇ ਨਿਸ਼ਾਨੇ ਸੇਧਣੇ ਸਨ, ਫਾਇਰਿੰਗ ਨਹੀਂ ਸੀ ਕਰਨੀ। ਦੂਜੇ ਸੁਕਆਡਰਨ ਦੇ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਕੱਕੜ ਨੇ ਲੀਡ ਕਰਨਾ ਸੀ। ਕੱਕੜ ਨਿਪੁੰਨ ਪਾਇਲਟ ਸੀ। ਫਿਲਮ ‘ਹਿੰਦੁਤਸਾਨ ਕੀ ਕਸਮ’ ਵਿਚ ਜਹਾਜ਼ ਦੀਆਂ ਖਤਰਨਾਕ ਕਲਾਬਾਜ਼ੀਆਂ ਦਿਖਾਉਣ ਵਾਲ਼ਾ ਪਾਇਲਟ ਕੱਕੜ ਹੀ ਸੀ।
ਟਾਰਮਿਕ ’ਤੇ ਲਾਈਨ ’ਚ ਪਾਰਕ ਕੀਤੇ ਜਹਾਜ਼ ਸਟਾਰਟ ਹੋ ਗਏ। ਟਾਰਮਿਕ ਤੋਂ ਜਹਾਜ਼ ਤੋਰਨ ਤੋਂ ਪਹਿਲਾਂ ਪਾਇਲਟ ਨੇ ਕੁਝ ਜ਼ਰੂਰੀ ਚੈਕਿੰਗਾਂ ਕਰਨੀਆਂ ਹੁੰਦੀਆ ਹਨ। ਚੈਕਿੰਗਾਂ ਦੌਰਾਨ ਇਕ ਜਹਾਜ਼ ਵਿਚ ਕੋਈ ਨੁਕਸ ਨਿਕਲ਼ ਆਇਆ। ਉਸ ਪਾਇਲਟ ਨੇ ਵਾਇਰਲੈੱਸ ਰਾਹੀਂ ਐਕਸਰਸਾਈਜ਼ ਦੇ ਲੀਡਰ ਕੱਕੜ ਨੂੰ ਸੂਚਿਤ ਕੀਤਾ। ਜੇ ਕੱਕੜ ਉਸ ਪਾਇਲਟ ਨੂੰ ਟਾਰਮਿਕ ਤੋਂ ਹੋਰ ਜਹਾਜ਼ ਲੈਣ ਲਈ ਆਖਦਾ ਤਾਂ ਪਾਇਲਟ ਵੱਲੋਂ ਉਸ ਜਹਾਜ਼ ਦੀਆਂ ਚੈਕਿੰਗਾਂ ਕਰਨ ਲਈ ਕੁਝ ਮਿੰਟ ਤਾਂ ਲੱਗਣੇ ਹੀ ਸਨ। ਓਨੇ ਵਿਚ ਹੀ ਐਕਸਰਸਾਈਜ਼ ਦੇ ਮਿੱਥੇ ਹੋਏ ਸਾਰੇ ਟਾਈਮ ਖੁੰਝ ਜਾਣੇ ਸਨ। ਸਥਿਤੀ ਦੇ ਮੱਦੇਨਜ਼ਰ ਐਕਸਰਸਾਈਜ਼ ਰੱਦ ਕੀਤੀ ਜਾ ਸਕਦੀ ਸੀ। ਲੀਡਰ ਵਜੋਂ ਕੱਕੜ ’ਤੇ ਕੋਈ ਐਕਸ਼ਨ ਨਹੀਂ ਸੀ ਆਉਣਾ। ਪਰ ਕੱਕੜ ਐਕਸਰਸਾਈਜ਼ ਨੁੰ ਨਿਭਾਉਣ ’ਤੇ ਤੁਲਿਆ ਹੋਇਆ ਸੀ। ਅਤਿ ਵਿਸ਼ਵਾਸ ਵਿਚ ਉਸਨੇ ਉਸ ਪਾਇਲਟ ਦਾ ਜਹਾਜ਼ ਆਪ ਲੈ ਲਿਆ ਤੇ ਆਪਣਾ ਉਸਨੂੰ ਦੇ ਦਿੱਤਾ। ਜਹਾਜ਼ਾਂ ਦੀ ਕਤਾਰ ਰੱਨਵੇਅ ’ਤੇ ਪਹੁੰਚ ਗਈ। ਕੱਕੜ ਸਭ ਤੋਂ ਮੂਹਰੇ ਸੀ। ਉਸਦਾ ਜਹਾਜ਼ ਚੜ੍ਹ ਤਾਂ ਗਿਆ ਪਰ ਉਚਾਈ ਗ੍ਰਹਿਣ ਨਾ ਕਰ ਸਕਿਆ ਤੇ ਹੇਠਾਂ ਆ ਡਿਗਿਆ। ਕੱਕੜ ਜਹਾਜ਼ ਤੋਂ ਬਾਹਰ ਕੁੱਦ ਗਿਆ ਪਰ ਉਚਾਈ ਘੱਟ ਹੋਣ ਕਾਰਨ ਪੈਰਾਸ਼ੂਟ ਨਾ ਖੁੱਲ੍ਹੀ। ਜ਼ਮੀਨ ’ਤੇ ਡਿਗਦਿਆਂ ਹੀ ਉਸਦੀ ਮੌਤ ਹੋ ਗਈ। ਸਾਰੇ ਹਵਾਈ ਅੱਡੇ ’ਚ ਸੋਗ ਛਾ ਗਿਆ। ਵਧੀਆ ਪਾਇਲਟ ਦੀ ਮੌਤ ਸਾਡੇ ਸੁਕਆਡਰਨਾਂ ਵਾਸਤੇ ਵੱਡੀ ਘਾਟ ਸੀ… ਉਸਦੀ ਬਹਾਦਰੀ ਤੇ ਨਿਪੁੰਨਤਾ ਦੀ ਪ੍ਰਸ਼ੰਸਾ ਕਰਦਿਆਂ ਸਾਡੇ ਮੂਹੋਂ ਇਹ ਗੱਲ ਵੀ ਨਿਕਲ਼ ਜਾਂਦੀ ਕਿ ੳਸਨੂੰ ਅਤਿ ਵਿਸ਼ਵਾਸੀ ਨਹੀਂ ਸੀ ਬਣਨਾ ਚਾਹੀਦਾ। ਸਾਡੀ ਇਸ ਗੱਲ ਵਿਚ ਨੁਕਤਾਚੀਨੀ ਵੀ ਸੀ, ਦੁੱਖ ਦਾ ਇਜ਼ਹਾਰ ਵੀ ਤੇ ਸਬਕ ਵੀ— ਬੰਦੇ ਦਾ ਸਵੈ ਵਿਸ਼ਵਾਸ ਅਤਿ ਵਿਸ਼ਵਾਸ ਨਹੀਂ ਬਣਨਾ ਚਾਹੀਦਾ।
ਜੰਗੀ ਮਸ਼ਕਾਂ ਜਾਰੀ ਸਨ। ਦੋਨਾਂ ਦੇਸ਼ਾਂ ਵਿਚਕਾਰ ਦਿਨੋ-ਦਿਨ ਤਣਾਉ ਵਧਦਾ ਜਾ ਰਿਹਾ ਸੀ। 3 ਦਸੰਬਰ 1971 ਨੂੰ ਪਾਕਿਸਤਾਨ ਨੇ ਜੰਗ ਛੇੜ ਦਿੱਤੀ। ਸ਼ਾਮ 6 ਵਜੇ ਦੀਆਂ ਖਬਰਾਂ ਤੋਂ ਪਤਾ ਲੱਗਾ ਕਿ ਪਾਕਿਸਤਾਨੀ ਜਹਾਜ਼ਾਂ ਵੱਲੋਂ ਅੰਮ੍ਰਤਸਰ, ਆਦਮਪੁਰ, ਹਲਵਾਰਾ, ਅੰਬਾਲ਼ਾ, ਪਠਾਨਕੋਟ, ਸ਼੍ਰੀਨਗਰ ਅਤੇ ਬੰਗਾਲ ਦੇ ਏਅਰ ਫੋਰਸ ਸਟੇਸ਼ਨਾਂ ’ਤੇ ਹਵਾਈ ਹਮਲੇ ਹੋ ਰਹੇ ਸਨ।
ਮੌਤ ਦੇ ਪਰਛਾਵਿਆਂ ਹੇਠ
ਸੱਤ ਕੁ ਵਜੇ ਮੈਨੂੰ ਉੱਤਰਲਾਏ ਵਾਸਤੇ ਤਿਆਰ ਹੋਣ ਦਾ ਸੁਨੇਹਾ ਆ ਗਿਆ। ਇਸ ਸਥਿਤੀ ਵਾਸਤੇ ਮੈਂ ਭਾਵੇਂ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕੀਤਾ ਹੋਇਆ ਸੀ ਪਰ ਫਿਰ ਵੀ ਜੰਗ ਦਾ ਭੈਅ ਜਿਵੇਂ ਸੰਨ੍ਹ ਮਾਰ ਕੇ ਦਿਲ ’ਚ ਆ ਵੜਿਆ। ਮਨਜੀਤ ਦੀ ਪਤਨੀ ਹਰਦੀਪ ਕੌਰ ਗਰਭਵਤੀ ਸੀ। ਜਣੇਪੇ ’ਚ ਥੋੜ੍ਹੇ ਕੁ ਦਿਨ ਹੀ ਬਾਕੀ ਸਨ। ਇਸ ਕਰਕੇ ਮਨਜੀਤ ਦਾ ਨੰਬਰ, ਜੋਧਪੁਰ ’ਚ ਜਹਾਜ਼ਾਂ ਦੀਆਂ ਵੱਡੀਆਂ ਮੁਰੰਮਤਾਂ ਕਰਨ ਵਾਲ਼ੇ ਤਕਨੀਸ਼ਨਾਂ ਦੇ ਦਸਤੇ ਵਿਚ ਪੈ ਗਿਆ।
ਸ਼ਾਮ ਦੀ ਰੋਟੀ ਅਸੀਂ ਤੇ ਮਨਜੀਤ ਹੁਰਾਂ ਇਕੱਠਿਆਂ ਖਾਧੀ। ਸਾਡੀਆਂ ਗੱਲਾਂ ਵਿੱਚੋਂ ਜਿਹੜਾ ਵੱਡਾ ਖਦਸ਼ਾ ਉੱਭਰ ਰਿਹਾ ਸੀ, ਉਹ ਇਹ ਸੀ ਕਿ ਜੰਗ ਲੰਮੇਰੀ ਹੋ ਜਾਏਗੀ। ਆਪਣੇ ਦੇਸ਼ ਦੀਆਂ ਸਰਹੱਦਾਂ ’ਤੇ ਲੜਨਾ ਅਤੇ ਨਾਲ਼ ਦੀ ਨਾਲ਼ ਵਿਰੋਧੀ ਦੇਸ਼ ਦੇ ਇਕ ਭਾਗ ਨੂੰ ਵੱਖਰੇ ਦੇਸ਼ ਵਜੋਂ ਸਥਾਪਤ ਕਰਨਾ ਬਹੁਤ ਵੱਡਾ ਤੇ ਕਠਿਨ ਕਾਰਜ ਸੀ। ਅਮਰੀਕਾ ਪਾਕਿਸਤਾਨ ਦੀ ਮੱਦਦ ਕਰ ਰਿਹਾ ਸੀ ਤੇ ਰੂਸ ਭਾਰਤ ਦੀ। ਭਾਰਤ-ਪਾਕਿ ਦੀ ਧਰਤ ਵੱਡੀਆਂ ਤਾਕਤਾਂ ਦੇ ਸਿੱਧੇ-ਅਸਿੱਧੇ ਭੇੜ ਦੀ ਰਣਭੂਮੀ ਬਣ ਸਕਦੀ ਸੀ। ਏਧਰੋਂ-ਓਧਰੋਂ ਹੋਰ ਮੁਲਕ ਵੀ ਜੰਗ ਵਿਚ ਕੁੱਦ ਸਕਦੇ ਸਨ।
“ਯਾਰ ਮਨਜੀਤ! ਜੇ ਲੜਾਈ ਲੰਮੀ ਪੈ ਗਈ ਤੇ ਤੈਨੂੰ ਵੀ ਉੱਤਰਲਾਏ ਆਉਣਾ ਪਿਆ, ਤੂੰ ਇਨ੍ਹਾਂ ਨੂੰ ਪੰਜਾਬ ਭੇਜ ਦਈਂ।” ਮੇਰਾ ਭਾਵ ਪਤਨੀਆਂ ਤੇ ਬੱਚਿਆਂ ਤੋਂ ਸੀ। ਮੇਰਾ ਤਿੰਨ ਕੁ ਸਾਲ ਦਾ ਬੇਟਾ ਹਰਪ੍ਰੀਤ ਤੇ ਮਨਜੀਤ ਦੀ ਦੋ ਕੁ ਸਾਲ ਦੀ ਬੇਟੀ ਮਨਦੀਪ ਖੇਡਣ ’ਚ ਮਸਤ ਸਨ।
“ਨਾ ਭਰਾ ਜੀ ! ਅਸੀਂ ਨਹੀਂ ਜਾਣਾ। ਏਥੇ ਸਵੇਰੇ-ਸ਼ਾਮ ਤੁਹਾਡੀ ਸੁੱਖ-ਸਾਂਦ ਦਾ ਪਤਾ ਲਗਦਾ ਰਹੇਗਾ। ਪੰਜਾਬ ’ਚ ਏਨੀ ਦੂਰ ਬੈਠਿਆਂ, ਹਰ ਵੇਲੇ ਸਾਡਾ ਖੂਨ ਸੁੱਕਦਾ ਰਹਿਣੈ।” ਭੈਣ ਜੀ ਹਰਦੀਪ ਦੇ ਬੋਲਾਂ ਵਿਚ ਚਿੰਤਾ ਵੀ ਸੀ ਤੇ ਸਥਿਤੀ ਦਾ ਸਾਹਮਣਾ ਕਰਨ ਲਈ ਵਿਉਂਤ ਵੀ।
“ਜਿੱਦਾਂ ਦਾ ਸਮਾਂ ਹੋਇਆ ਦੇਖ ਲਾਂ ਗੇ।” ਕੁਲਵੰਤ ਨੇ ਠਰ੍ਹੰਮੇ ਨਾਲ਼ ਆਖਿਆ।
ਹਵਾਈ ਸੈਨਾ ਦਾ ਟਰੱਕ ਦਰਾਂ ਮੂਹਰੇ ਆ ਖਲੋਇਆ। ਮਨਜੀਤ ਨੇ ਮੇਰਾ ਅਟੈਚੀ ਤੇ ਬਿਸਤਰਬੰਦ ਟਰੱਕ ’ਚ ਫੜਾ ਦਿੱਤੇ। ਸੁੱਤੇ ਪਏ ਹਰਪ੍ਰੀਤ ਦਾ ਮੱਥਾ ਚੁੰਮਦਿਆਂ ਮੇਰਾ ਚਿੰਤਤ ਮਨ ਬੋਲ ਉੱਠਿਆ, ‘ਰੁਜ਼ਗਾਰ ਖਾਤਰ ਮੈਂ ਆਪਣੀ ਜਾਨ ਦੇਸ਼ ਦੇ ਨਾਂ ਕੀਤੀ ਹੋਈ ਏ। ਮੇਰੀ ਇਹ ਮਜ਼ਬੂਰੀ, ਮੇਰੇ ਟੱਬਰ ਲਈ ਕਿਤੇ ਸਰਾਪ ਨਾ ਬਣ ਜਾਏ।’ ਜੰਗ ਦੀ ਭੇਟ ਚੜ੍ਹੇ ਸੈਨਿਕਾਂ ਦੇ ਅਨੇਕਾਂ ਪਰਿਵਾਰ ਮੈਂ ਰੁਲ਼ਦੇ ਵੇਖੇ ਸਨ। ਆਪਣੇ ਆਪ ਨੂੰ ਅਡੋਲ ਦਿਖਾਉਂਦਿਆਂ ਮੈਂ ਕੁਲਵੰਤ ਤੋਂ ਵਿਦਾ ਲਈ। ਟਰੱਕ ਵਿਚਲੇ ਸੈਨਿਕਾਂ ਨਾਲ਼ ਦੁਆ-ਸਲਾਮ ਹੋਈ। ਮਾਹੌਲ ਹਾਸੇ-ਠੱਠੇ ਵਾਲ਼ਾ ਨਹੀਂ, ਗੰਭੀਰ ਸੀ। ਟਰੱਕ, ਸੈਨਿਕਾਂ ਨੂੰ ਘਰਾਂ-ਕੁਆਟਰਾਂ ਤੋਂ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਿਆ। ਰਾਤ ਦੇ ਦਸ ਕੁ ਵਜੇ ਜੋਧਪੁਰ ਤੋਂ ਚਾਰ ਕੁ ਡੱਬਿਆਂ ਦੀ ਇਕ ਪੈਸੈਂਜਰ ਗੱਡੀ ਉੱਤਰਲਾਏ ਜਾਂਦੀ ਸੀ। ਸਾਡਾ ਪ੍ਰਬੰਧ ਉਸ ਗੱਡੀ ਵਿਚ ਕੀਤਾ ਗਿਆ ਸੀ। ਟਰਾਂਸਪੋਰਟ ਜਹਾਜ਼ ਰਾਹੀਂ ਸਿਰਫ ਅੱਧਾ ਘੰਟਾ ਲੱਗਣਾ ਸੀ। ਪਰ ਏਨੇ ਤਕਨੀਸ਼ਨਾਂ ਨੂੰ ’ਕੱਠਿਆਂ ਜਹਾਜ਼ ’ਚ ਭੇਜਣਾ ਖਤਰੇ ਵਾਲ਼ੀ ਗੱਲ ਸੀ। ਸਾਡੇ ਉਸ ਜਹਾਜ਼ ’ਤੇ ਪਾਕਿਸਤਾਨੀ ਜਹਾਜ਼ ਹਮਲਾ ਕਰ ਸਕਦੇ ਸਨ। ਗੱਡੀ ਵਿਚ ਜ਼ਿਆਦਾ ਗਿਣਤੀ ਸਾਡੀ ਹੀ ਸੀ। ਮੁਸਾਫਰ ਥੋੜ੍ਹੇ ਕੁ ਹੀ ਸਨ।
ਅਜੇ ਮਸਾਂ ਇਕ ਤਿਹਾਈ ਸਫਰ ਹੀ ਮੁੱਕਿਆ ਸੀ ਕਿ ਸਾਡੀ ਰੇਲ-ਗੱਡੀ ਇਕ ਛੋਟੇ ਜਿਹੇ ਸਟੇਸ਼ਨ ’ਤੇ ਖੁੱਡੇ-ਲਾਈਨ ਲਾ ਦਿੱਤੀ ਗਈ। ਸਭ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਜੋਧਪੁਰ ਅਤੇ ਉੱਤਰਲਾਏ ਦੇ ਹਵਾਈ-ਅੱਡਿਆਂ ’ਤੇ ਬੰਬਾਰੀ ਸ਼ੁਰੂ ਹੋ ਗਈ ਸੀ। ਠਰੀ-ਸਹਿਮੀ ਰਾਤ ਵਿਚ, ਸਾਂ-ਸਾਂ ਕਰਦੇ ਮਾਰੂਥਲ ਵਿੱਚੋਂ ਖੌਫ ਉੱਭਰ ਰਿਹਾ ਸੀ… ਸਾਡੇ ਡੱਬੇ ਵਿਚ ਹੁੰਦੀ ਟਾਵੀਂ-ਟਾਵੀਂ ਗੱਲਬਾਤ ਸੰਘਣੀ ਹੋ ਗਈ। ਅਸੀਂ ਭਾਰਤ ਸਰਕਾਰ ਨੂੰ ਕੋਸ ਰਹੇ ਸਾਂ ਕਿ ਜਦ ਚੰਗਾ ਭਲਾ ਪਤਾ ਸੀ ਕਿ ਜੰਗ ਹੋਣੀ ਹੀ ਹੈ ਤਾਂ ਹਵਾਈ ਹਮਲਿਆਂ ਦੀ ਪਹਿਲ ਭਾਰਤ ਨੇ ਕਿਉਂ ਨਾ ਕੀਤੀ। ਜਿਸ ਹਿਸਾਬ ਨਾਲ਼ ਪਾਕਿਸਤਾਨ ਵੱਲੋਂ ਸਾਰੇ ਪਾਸੀਂ ਬੰਬਾਰੀ ਹੋ ਰਹੀ ਸੀ, ਸਾਡੇ ਹਵਾਈ-ਅੱਡਿਆ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਸੀ।
ਦੋ ਕੁ ਸੈਨਿਕਾਂ ਕੋਲ਼ ਟਰਾਂਜਿਸਟਰ ਸਨ। ਗੱਲਾਂ ਦੇ ਨਾਲ਼-ਨਾਲ਼ ਅਸੀਂ ਖਬਰਾਂ ਵੀ ਸੁਣ ਰਹੇ ਸਾਂ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਦਿਨ ਦਿੱਲੀ ਤੋਂ ਬਾਹਰ ਸੀ। ਅੱਧੀ ਰਾਤ ਦੇ ਕਰੀਬ ਦਿੱਲੀ ਪਰਤ ਕੇ ਉਸ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪਾਕਿਸਤਾਨ ਵਿਰੁੱਧ ਜੰਗ ਦਾ ਐਲਾਨ ਕਰਦਿਆਂ ਉਸਦੀ ਆਵਾਜ਼ ਵਿਚਲੀ ਕੰਬਣੀ ਸਾਫ ਜ਼ਾਹਰ ਹੋ ਰਹੀ ਸੀ। ਕੰਬਣੀ ਦਾ ਕਾਰਨ ਪਾਕਿਸਤਾਨ ਦੇ ਤਾਬੜਤੋੜ ਹਵਾਈ ਹਮਲੇ ਸਨ। ਤੜਕਸਾਰ ਗੱਡੀ ਨੂੰ ਚੱਲਣ ਦਾ ਆਦੇਸ਼ ਮਿਲ਼ਿਆ। ਅੱਠ ਕੁ ਵਜੇ ਜਦੋਂ ਅਸੀਂ ਉੱਤਰਲਾਏ ਪਹੁੰਚੇ ਤਾਂ ਸਾਡੇ ਚਾਰ ਜਹਾਜ਼ ਗੂੰਜਾਂ ਪਾਉਂਦੇ ਚੜ੍ਹ ਰਹੇ ਸਨ। ਸਾਡਾ ਹੌਸਲਾ ਵਧਿਆ। ਅਸੀਂ ਜੰਗ ਲੜਨ ਲਈ ਕਾਇਮ ਸਾਂ। ਪੱਕੇ-ਮਜ਼ਬੂਤ ਸ਼ੈੱਡਾਂ ਵਿਚ ਲੁਕਾਏ ਹੋਣ ਕਰਕੇ ਸਾਡੇ ਜਹਾਜ਼ਾਂ ਦਾ ਬਚਾਅ ਹੋ ਗਿਆ ਸੀ। ਹਾਂ, ਸਾਡਾ ਰਨਵੇਅ ਕਈ ਥਾਵਾਂ ਤੋਂ ਤੋੜ ਦਿੱਤਾ ਗਿਆ ਸੀ। ਜਹਾਜ਼ ਰਨਵੇਅ ਦੇ ਸਮਾਨਅੰਤਰ ਬਣੇ ਲੰਮੇ-ਚੌੜੇ ਟੈਕਸੀਵੇਅ ਤੋਂ ਚੜ੍ਹੇ ਸਨ। ਹਵਾਈ-ਅੱਡੇ ਦੀ ਉਸਾਰੀ ਸਮੇਂ, ਇਸ ਤਰ੍ਹਾਂ ਦਾ ਟੈਕਸੀਵੇਅ ਬਣਾਉਣ ਦੀ ਮਾਹਿਰਾਂ ਦੀ ਸਕੀਮ ਕੰਮ ਆ ਗਈ ਸੀ। ਜੋਧਪੁਰ ਤੋਂ ਦੋਨਾਂ ਸੁਕਆਡਰਨਾਂ ਦੇ ਬਾਕੀ ਜਹਾਜ਼ ਵੀ ਪਹੁੰਚ ਚੁੱਕੇ ਸਨ।
ਦੁਪਹਿਰ ਤੱਕ ਸਾਰੇ ਹਵਾਈ ਅੱਡਿਆਂ ਤੋਂ ਖਬਰਾਂ ਮਿਲ਼ ਗਈਆਂ ਸਨ। ਪਾਕਿਸਤਾਨੀ ਬੰਬਾਰੀ ਨਾਲ਼ ਭਾਰਤੀ ਹਵਾਈ ਜਹਾਜ਼ਾਂ ਦਾ ਮਾਮੂਲੀ ਨੁਕਸਾਨ ਹੀ ਹੋਇਆ ਸੀ। ਉੱਤਰਲਾਏ ਵਾਂਗ, ਬਹੁਤੇ ਹਵਾਈ ਅੱਡਿਆਂ ਦੇ ਜਹਾਜ਼ ਮਜ਼ਬੂਤ ਸ਼ੈੱਡਾਂ ਵਿਚ ਸੁਰੱਖਿਅਤ ਕੀਤੇ ਹੋਏ ਸਨ। ਰਨਵੇਆਂ ਦੀ ਭੰਨ-ਤੋੜ ਕਾਫੀ ਅੱਡਿਆਂ ’ਤੇ ਹੋਈ ਸੀ, ਜਿਨ੍ਹਾਂ ਦੀ ਮੁਰੰਮਤ ਜੋਰਾਂ-ਸ਼ੋਰਾਂ ਨਾਲ਼ ਚੱਲ ਰਹੀ ਸੀ।
ਸਾਡੇ ਮਾਰੂਤ ਜਹਾਜ਼ਾਂ ਨੇ ਆਕਾਸ਼ ਵਿੱਚੋਂ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਅਸੀਂ ਆਪੋ ਆਪਣੇ ਟਰੇਡ ਦੀ ਸਰਵਿਸਿੰਗ ਫਟਾਫਟ ਨਿਬੇੜਦੇ, ਹਥਿਆਰਸਾਜ਼ ਹਦਾਇਤਾਂ ਅਨੁਸਾਰ ਗੋਲੀਆਂ, ਰਾਕਟ ਤੇ ਬੰਬ ਲੋਡ ਕਰ ਦਿੰਦੇ। ਫਲਾਈਂਗ-ਸੂਟਾਂ ’ਚ ਕੱਸੇ ਪਾਇਲਟ, ਤਿਆਰ ਕੀਤੇ ਜਹਾਜ਼ਾਂ ਨੂੰ ਸੰਬੰਧਿਤ ਨਿਸ਼ਾਨਿਆਂ ਦੀ ਸੇਧ ਵਿਚ ਉਡਾ ਲਿਜਾਂਦੇ। ਸਾਡੇ ਹਵਾਈ ਅੱਡੇ ’ਤੇ ਅਜੇ ਤੱਕ ਪਾਕਿਸਤਾਨੀ ਜਹਾਜ਼ਾਂ ਦਾ ਦਿਨ ਵੇਲੇ ਦਾਅ ਨਹੀਂ ਸੀ ਲੱਗਾ। ਪਰ ਰਾਤਾਂ ਨੂੰ ਉਹ ਅਕਸਰ ਹੀ ਆ ਧਮਕਦੇ। ਸਾਡੇ ਜਹਾਜ਼ ਨਾਈਟ-ਫਾਈਟਰ ਨਹੀਂ ਸਨ, ਜਿਸ ਕਰਕੇ ਹਮਲਾਵਰ ਜਹਾਜ਼ਾਂ ਨੂੰ ਖਦੇੜਨਾ ਸੰਭਵ ਨਹੀਂ ਸੀ। ਜਹਾਜ਼-ਮਾਰੂ ਤੋਪਾਂ ਥੋੜ੍ਹੀਆਂ ਹੋਣ ਕਾਰਨ, ਬਾਰੂਦੀ ਗੋਲ਼ਿਆਂ ਦੀ ਬਚਾਓ-ਛਤਰੀ ਓਨੀ ਪ੍ਰਭਾਵਕਾਰੀ ਨਹੀਂ ਸੀ ਬਣਦੀ। ਲੁਕਣ ਲਈ ਖੋਦੇ ਹੋਏ ਮੋਰਚੇ ਉੱਡਦੀ ਰੇਤ ਨਾਲ਼ ਭਰ ਜਾਇਆ ਕਰਦੇ ਸਨ। ਇਕ ਰਾਤ, ਬੰਬ ਸਾਡੇ ਤੰਬੂਆਂ ਦੇ ਬਿਲਕੁਲ ਨਜ਼ਦੀਕ ਡਿਗੇ। ਕਿਸਮਤ ਚੰਗੀ ਸਮਝੋ ਕਿ ਪਾਕਿਸਤਾਨੀ ਪਾਇਲਟ ਜ਼ਰਾ ਕੁ ਉੱਕ ਗਿਆ। ਜੇ ਉਹ ਤਿੰਨ ਸੈਕਿੰਡ ਬਾਅਦ ਬੰਬ ਰਿਲੀਜ਼ ਕਰਦਾ ਤਾਂ ਸਾਡੇ ਸਾਰੇ ਤਕਨੀਸ਼ਨਾਂ ਦੀ ਬੋਟੀ-ਬੋਟੀ ਉੱਡ ਜਾਣੀ ਸੀ।
ਅਗਲੇ ਦਿਨ ਅਸੀਂ ਆਪਣੇ ਇੰਚਾਰਜਾਂ ਨੂੰ ਕਿਹਾ, ਉਨ੍ਹਾਂ ਸੁਕਆਡਰਨਾਂ ਦੇ ਕਮਾਂਡਰਾਂ ਨਾਲ਼ ਗੱਲ਼ ਕੀਤੀ ਤੇ ਸਾਨੂੰ ਜਹਾਜ਼ ਦੇ ਸ਼ੈੱਡਾਂ ਅੰਦਰ ਸੌਣ ਦੀ ਇਜਾਜ਼ਤ ਮਿਲ਼ ਗਈ। ਹਰ ਸ਼ੈੱਡ ਦੇ ਪਿਛਲੇ ਪਾਸੇ ਜੈੱਟ-ਜਹਾਜ਼ ਦੇ ਧੂੰਏਂ ਤੇ ਗੈਸਾਂ ਦੀ ਬਲਾਸਟ ਦਾ ਨਿਕਾਸ ਬਣਿਆ ਹੋਇਆ ਸੀ। ਉਸ ਸੁਰੰਗ-ਨੁਮਾ ਨਿਕਾਸ ਅੰਦਰ ਅਸੀਂ ਆਪਣੇ ਆਪ ਨੂੰ ਪੂਰਨ ਤੌਰ ’ਤੇ ਸੁਰੱਖਿਅਤ ਮਹਿਸੂਸ ਕਰਦੇ ਸਾਂ। ਰਾਤ ਨੂੰ ਅਸੀਂ ਉਸ ਸੁਰੰਗ ਜਿਹੀ ਦੇ ਫਰਸ਼ ’ਤੇ ਬਿਸਤਰੇ ਵਿਛਾ ਲੈਂਦੇ ਤੇ ਦਿਨੇ ਇਕੱਠੇ ਕਰਕੇ ਇਕ ਪਾਸੇ ਰੱਖ ਦੇਂਦੇ।
ਸਾਡੇ ਸੁਕਆਡਰਨ ਕਮਾਂਡਰਾਂ ਨੇ ਉੱਪਰਲੀ ਕਮਾਂਡ ਨੂੰ ਉੱਤਰਲਾਏ ’ਚ ਨਾਈਟ ਫਾਈਟਰ ਜਹਾਜ਼-ਭੇਜਣ ਵਾਸਤੇ ਕਿਹਾ ਹੋਇਆ ਸੀ ਪਰ ਅਜੇ ਨਾਈਟ-ਫਾਈਟਰ ਹੋਰ ਥਾਈਂ ਜ਼ਿਆਦਾ ਲੋੜੀਂਦੇ ਸਨ। ਉਹ ਜੰਗ ਭਾਵੇਂ ਭਾਰਤ-ਪਾਕਿ ਬਾਰਡਰ ਦੇ ਸਾਰੇ ਸੈਕਟਰਾਂ ’ਚ ਲੜੀ ਜਾ ਰਹੀ ਸੀ ਪਰ ਭਾਰਤ ਦਾ ਮੁੱਖ ਲਕਸ਼ ਬੰਗਲਾਦੇਸ਼ ਨੂੰ ਛੇਤੀ ਤੋਂ ਛੇਤੀ ਆਜ਼ਾਦ ਕਰਾਉਣਾ ਸੀ। ਇਸ ਕਰਕੇ ਭਾਰਤ ਦੀਆਂ ਥਲ, ਜਲ ਤੇ ਹਵਾਈ ਸੈਨਾਵਾਂ ਦਾ ਬਹੁਤਾ ਜ਼ੋਰ ਪੂਰਬੀ ਪਾਕਿਸਤਾਨ ਵੱਲ ਲੱਗਾ ਹੋਇਆ ਸੀ।
ਪਾਕਿਸਤਾਨ ਦੀਆਂ ਤਿੰਨੇ ਸੈਨਾਵਾਂ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ਼ ਲੜ ਰਹੀਆਂ ਸਨ। ਇਕ ਦਿਨ ਮਾਰ ’ਤੇ ਗਏ ਸਾਡੇ ਜਹਾਜ਼ਾਂ ਦੀ ਓਧਰਲਿਆਂ ਨਾਲ਼ ਡੌਗ-ਫਾਈਟ ਹੋ ਗਈ। ਉਨ੍ਹਾਂ ਸਾਡਾ ਇਕ ਜਹਾਜ਼ ਸੁੱਟ ਲਿਆ। ਉਸਦਾ ਪਾਇਲਟ ਫਲਾਈਟ ਲੈਫਟੀਨੈਂਟ ਭਾਰਗਵ ਪੈਰਾਸ਼ੂਟ ਰਾਹੀਂ ਬਾਹਰ ਕੁੱਦ ਗਿਆ ਤੇ ਜੰਗੀ ਕੈਦੀ ਬਣਾ ਲਿਆ ਗਿਆ। ਥੋੜ੍ਹੇ ਕੁ ਦਿਨਾਂ ਬਾਅਦ ਇਸੇ ਤਰ੍ਹਾਂ ਦੀ ਵਾਰਦਾਤ ਵਿਚ ਦੂਜੇ ਸੁਕਆਡਰਨ ਦਾ ਇਕ ਜਹਾਜ਼ ਜਾਂਦਾ ਲੱਗਾ। ਉਸਦਾ ਪਾਇਲਟ ਫਲਾਈਟ ਲੈਫਟੀਨੈਂਟ ਕਾਮਥ ਵੀ ਪੈਰਾਸ਼ੂਟ ਰਾਹੀਂ ਬਾਹਰ ਕੁੱਦ ਗਿਆ ਤੇ ਜੰਗੀ ਕੈਦੀ ਬਣਾ ਲਿਆ ਗਿਆ।
ਜੰਗ ਦੀ ਜਿੱਤ-ਹਾਰ ਸਿਰਫ ਹਥਿਆਰਾਂ ਦੀ ਕਿਸਮ ’ਤੇ ਹੀ ਨਹੀਂ ਹਥਿਆਰ ਵਰਤਣ ਵਾਲ਼ੇ ਸੈਨਿਕਾਂ ਦੀ ਕੁਸ਼ਲਤਾ ਤੇ ਬਹਾਦਰੀ ’ਤੇ ਵੀ ਨਿਰਭਰ ਕਰਦੀ ਹੈ। ਸਾਡੇ ਸੁਕਆਡਰਨ ਦਾ ਪਾਇਲਟ ਸੁਕਆਡਰਨ ਲੀਡਰ ਕੇ.ਕੇ ਬਖਸ਼ੀ ਪਾਕਿਸਤਾਨ ਦੇ ਕਿਸੇ ਫੌਜੀ ਟਿਕਾਣੇ ’ਤੇ ਬੰਬਾਰੀ ਕਰਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਇਕ ਪਾਕਿਸਤਾਨੀ ਪਾਇਲਟ ਉਸ ਨਾਲ਼ ਭਿੜ ਪਿਆ। ਫਸਵੀਂ ਡੌਗ-ਫਾਈਟ ’ਚ ਬਖਸ਼ੀ ਨੇ ਉਸਦਾ ਜਹਾਜ਼ ਫਨਾਹ ਕਰ ਦਿੱਤਾ। ਉਸ ਪਾਇਲਟ ਨੇ ਬਖਸ਼ੀ ਦਾ ਜਹਾਜ਼ ਡੈਮੇਜ ਕਰ ਦਿੱਤਾ ਸੀ। ਉਹ ਪਾਇਲਟ ਪੈਰਾਸ਼ੂਟ ਰਾਹੀਂ ਬਾਹਰ ਕੁੱਦ ਗਿਆ ਸੀ ਜਾਂ ਨਹੀਂ, ਮੈਨੂੰ ਯਾਦ ਨਹੀਂ। ਖੈਰ ਸਾਡਾ ਪਾਇਲਟ ਬਖਸ਼ੀ ਆਪਣੇ ਡੈਮੇਜ ਹੋਏ ਜਹਾਜ਼ ਨੂੰ ਲੈ ਕੇ ਸਹੀ ਸਲਾਮਤ ਪਰਤ ਆਇਆ। ਉਸਨੂੰ ‘ਵੀਰ ਚੱਕਰ’ ਨਾਲ਼ ਸਨਮਾਨਿਆਂ ਗਿਆ ਸੀ।
ਫਿਰ ਇਕ ਦਿਨ ਦੁਪਹਿਰ ਨੂੰ ਅਚਾਨਕ ਹੀ ਪਾਕਿਸਤਾਨ ਦੇ ਦੋ ਜਹਾਜ਼ ਆ ਧਮਕੇ। ਉਹ ਬਹੁਤ ਹੀ ਨੀਵੇਂ ਆਏ ਸਨ, ਜਿਸ ਕਰਕੇ ਰੇਡਾਰ ਵਿਚ ਪਤਾ ਨਹੀਂ ਸੀ ਲੱਗਾ ਤੇ ਵਾਰਨਿੰਗ ਵਜੋਂ ਕੋਈ ਸਾਇਰਨ ਨਾ ਵੱਜਿਆ। ਅਸੀਂ ਆਪਣੇ ਸ਼ੈੱਡ ਮੂਹਰੇ ਖਾਣੇ ਵਾਲ਼ੀ ਗੱਡੀ ਤੋਂ ਲੰਚ ਲੈ ਰਹੇ ਸਾਂ। ਸ਼ੈੱਡ ਨੰਬਰ 9 ਦਾ ਜਹਾਜ਼ ਸਟਾਰਟ ਹੋ ਕੇ, ਟੈਕਸੀਵੇਅ ਵੱਲ ਨੂੰ ਮੁੜ ਰਿਹਾ ਸੀ। ਉਸਦਾ ਪਾਇਲਟ ਦੁਸ਼ਮਣ ਦੇ ਕਿਸੇ ਫੌਜੀ ਟਿਕਾਣੇ ’ਤੇ ਅੱਗ ਵਰ੍ਹਾਉਣ ਜਾ ਰਿਹਾ ਸੀ। ਹਮਲਾਵਰ ਜਹਾਜ਼ਾਂ ਦੇ ਇਕ ਪਾਇਲਟ ਨੇ ਉਸਨੂੰ ਨਿਸ਼ਾਨਾ ਬਣਾ ਲਿਆ ਤੇ ਦੂਜੇ ਨੇ ਸਾਡੇ ਉੱਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ। ਅਸੀਂ ਇਕਦਮ ਓਥੇ ਹੀ ਧਰਤੀ ’ਤੇ ਵਿਛ ਗਏ। ਪਰ ਸਾਡਾ ਇਕ ਸਾਥੀ ਪਵਨ ਸ਼ਰਮਾ ਖਾਣੇ ਵਾਲ਼ੀ ਪਲੇਟ ਚੁੱਕੀ ਸ਼ੈੱਡ ਦੇ ਅੰਦਰ ਨੂੰ ਦੌੜ ਪਿਆ ਤੇ ਗੋਲ਼ੀਆਂ ਨਾਲ਼ ਵਿੰਨ੍ਹਿਆਂ ਗਿਆ। ਦੋਨਾਂ ਜਹਾਜ਼ਾ ਨੇ ਪਲਟੀਆਂ ਮਾਰੀਆਂ ਤੇ ਮੁੜ ਨਿਸ਼ਾਨੇ ਸੇਧ ਲਏ। ਇਕ ਨੇ ਜਹਾਜ਼ਾਂ ਨੂੰ ਟੋਅ ਕਰਨ ਵਾਲ਼ੇ ਟਰੈਕਟਰ ਅਤੇ ਬੈਟਰੀਆਂ ਵਾਲ਼ੀ ਟਰਾਲੀ ਨੂੰ ਅਤੇ ਦੂਜੇ ਨੇ ਏਅਰ ਫੋਰਸ ਦੇ ਦੋ ਟਰੱਕਾਂ ਨੂੰ ਅੱਗ ਦੇ ਭਾਂਬੜ ਬਣਾ ਦਿੱਤਾ। ਉਹ ਦੋਵੇਂ ਪਾਇਲਟ ਬੜੇ ਬਹਾਦਰ ਤੇ ਨਿਪੁੰਨ ਸਨ। ਜਹਾਜ਼ ਮਾਰੂ ਤੋਪਾਂ ਦੀ ਫਾਇਰਿੰਗ ਸ਼ੁਰੂ ਹੋਣ ’ਤੇ ਉਹ ਵਾਪਸ ਉੱਡ ਗਏ। ਟੈਕਸੀਵੇਅ ਵੱਲ ਨੂੰ ਮੁੜ ਰਹੇ ਜਹਾਜ਼ ’ਤੇ ਵਰ੍ਹੀਆਂ ਗੋਲੀਆਂ ਫਿਊਲ-ਟੈਂਕ ਤੱਕ ਨਹੀਂ ਸੀ ਪਹੁੰਚੀਆਂ। ਜਹਾਜ਼ ਡੈਮੇਜ ਤਾਂ ਹੋ ਗਿਆ ਸੀ ਪਰ ਅੱਗ ਨਹੀਂ ਸੀ ਲੱਗੀ। ਬੜਾ ਲੱਕੀ ਨਿਕਲ਼ਿਆ ਸੀ ਉਸਦਾ ਪਾਇਲਟ, ਵਰ੍ਹਦੀ ਅੱਗ ਵਿੱਚੋਂ ਵਾਲ਼-ਵਾਲ਼ ਬਚ ਗਿਆ ਸੀ। ਅਸੀਂ ਵੀ ਤਾਂ ਵਾਲ਼-ਵਾਲ਼ ਹੀ ਬਚੇ ਸਾਂ। ਗੋਲ਼ੀਆਂ ਦੀ ਵਾਛੜ ਸਾਥੋਂ ਛੇ ਕੁ ਫੁੱਟ ਦੇ ਫਾਸਲੇ ’ਤੇ ਹੋਈ ਸੀ। ਜੇ ਹਮਲਾਵਰ ਪਾਇਲਟ ਨੇ ਗੰਨਾਂ ਦੀ ਸਵਿੱਚ ਅੱਧਾ ਕੁ ਸੈਕਿੰਡ ਪਹਿਲਾਂ ਦੱਬ ਦਿੱਤੀ ਹੁੰਦੀ ਤਾਂ ਗੋਲੀਆਂ ਦਾ ਮੀਂਹ ਸਾਡੇ ਉੱਤੇ ਵੀ ਵਰ੍ਹਨਾ ਸੀ ਅਤੇ ਖਾਣਾ-ਗੱਡੀ ਦੇ ਭਾਂਬੜਾਂ ਵਿਚ ਸਾਡੀ ਛੇ ਤਕਨੀਸ਼ਨਾਂ ਤੇ ਗੱਡੀ ਦੇ ਡਰਾਈਵਰ ਦੀ ਚਿਖਾ ਇੱਕੋ ਥਾਂ ਬਣ ਜਾਣੀ ਸੀ। ਖਤਰਾ ਖਤਮ ਹੋਣ ਦਾ ਸਾਇਰਨ ਵੱਜਣ ’ਤੇ ਅਸੀਂ ਦੌੜ ਕੇ ਪਵਨ ਸ਼ਰਮਾ ਕੋਲ਼ ਪੁੱਜੇ। ਉਹ ਮੁੱਕ ਚੁੱਕਾ ਸੀ। ਉਸਦੀ ਲਾਸ਼ ਖੂਨ ਦੇ ਛੱਪੜ ’ਚ ਡੁੱਬੀ ਹੋਈ ਸੀ। ਇਸ ਤੋਂ ਪਹਿਲਾਂ ਕਿ ਉਹ ਰੋਟੀ ਖਾਂਦਾ, ਗੋਲ਼ੀਆਂ ਉਸ ਨੂੰ ਖਾ ਗਈਆਂ ਸਨ। ਰੋਟੀ ਨੇ ਆਪਣੀ ਕੀਮਤ ਵਸੂਲ ਲਈ ਸੀ। ਬਾਈ-ਤੇਈ ਸਾਲ ਦੇ ਪਵਨ ਨੇ ਅਜੇ ਤਾਂ ਜੀਵਨ-ਪੰਧ ’ਤੇ ਪੈਰ ਹੀ ਧਰੇ ਸਨ। ਉਹ ਮਾਪਿਆਂ ਦਾ ਜੇਠਾ ਪੁੱਤਰ ਸੀ, ਕਮਾਊ ਪੁੱਤਰ। ਮਾਪਿਆਂ ਦਾ ਹਰਾ-ਭਰਾ ਬਾਗ ਉੱਜੜ ਗਿਆ ਸੀ।
ਸੁਕਆਡਰਨ ਕਮਾਂਡਰ ਧਵਨ ਨੇ ਸਾਨੂੰ ਭਾਸ਼ਣ ਦੇਂਦਿਆਂ ਆਖਿਆ ਸੀ, “ਆਪਣੇ ਏਅਰਮੈਨ ਪਵਨ ਸ਼ਰਮਾ ਦੀ ਮੌਤ ਦਾ ਮੈਨੂੰ ਅਫਸੋਸ ਹੈ… ਏਅਰ ਫੋਰਸ ਵਿਚ ਆਉਣ ਸਮੇਂ ਅਸੀਂ ਸਾਰਿਆਂ ਨੇ ਮਹਾਨ ਭਾਰਤ ਉੱਤੋਂ ਆਪਣੇ ਖੂਨ ਦਾ ਇਕ-ਇਕ ਕਤਰਾ ਵਾਰਨ ਦਾ ਪ੍ਰਣ ਲਿਆ ਹੋਇਆ ਏ। ਪਵਨ ਉਹ ਪ੍ਰਣ ਨਿਭਾ ਗਿਆ। ਉਸਦਾ ਰਣਭੂਮੀ ’ਚ ਡੁੱਲ੍ਹਿਆ ਖੂਨ, ਸਾਨੂੰ ਭਾਰਤ ਮਾਂ ਦੀ ਰੱਖਿਆ ਲਈ ਹੋਰ ਦ੍ਰਿੜ ਕਰਦਾ ਹੈ। ਤੁਸੀਂ ਹੌਂਸਲੇ ਬੁਲੰਦ ਰੱਖੋ। ਦੁਸ਼ਮਣ ਦੀ ਇੱਟ ਦਾ ਜਵਾਬ ਅਸੀਂ ਪੱਥਰ ਨਾਲ਼ ਦਿਆਂਗੇ।
ਸਾਡੇ ਸ਼ੈੱਡ ਦੇ ਲਾਗੇ ਹੀ ਪਵਨ ਸ਼ਰਮਾ ਦੀ ਚਿਖਾ ਚਿਣੀ ਗਈ। ਅੰਤਮ ਸਸਕਾਰ ਸਮੇਂ ਅਸੀਂ ਗਿਆਰਾਂ ਰਾਈਫਲਾਂ ਨਾਲ਼ ਉਸਨੂੰ ਆਖਰੀ ਸਲਾਮੀ ਦਿੱਤੀ। ਫਿਰ ਸਾਡੇ ਵੱਲੋਂ ਸ਼ੋਕ-ਸ਼ਾਸਤਰ ਦੀ ਮੁਦਰਾ ਵਿਚ ਰਾਈਫਲਾਂ ਉਲਟੀਆਂ ਕਰਨ ’ਤੇ ਜਦੋਂ ਬਿਗਲ ਰਾਹੀਂ ਲਾਸਟ-ਪੋਸਟ ਦੀ ਧੁਨ ਗੂੰਜੀ ਤਾਂ ਸਾਰੇ ਹਵਾਈ ਅੱਡੇ ’ਚ ਸ਼ੋਕ ਛਾ ਗਿਆ।
ਓਧਰ ਪਿਛਾਂਹ ਜੋਧਪੁਰ ’ਚ ਇਹ ਅਫਵਾਹ ਫੈਲ ਗਈ ਕਿ ਉੱਤਰਲਾਏ ਵਿਚ ਕਈ ਮੌਤਾਂ ਹੋਈਆਂ ਨੇ। ਜਿਨ੍ਹਾਂ ਦੇ ਬੰਦੇ ਉੱਤਰਲਾਏ ’ਚ ਸਨ, ਉਨ੍ਹਾਂ ਘਰਾਂ ਵਿਚ ਉਸ ਦਿਨ ਚੁਲ੍ਹੇ ਨਹੀਂ ਸਨ ਬਲ਼ੇ। ਉਦੋਂ ਕਿਹੜਾ ਅੱਜ ਵਾਂਗ ਹਰ ਘਰ ਵਿਚ ਜਾਂ ਹਰ ਬੰਦੇ ਕੋਲ਼ ਫੋਨ ਸੀ ਕਿ ਫਟ ਗੱਲ ਕਰ ਲਓ। ਅਪਰੇਸ਼ਨ ਕਮਾਂਡਰ ਨੇ ਜੋਧਪੁਰ ’ਚ ਡਿਊਟੀਆਂ ਨਿਭਾ ਰਹੇ ਸਟਾਫ ਵਿੱਚੋਂ ਕੁਝ ਹਵਾਈ ਸੈਨਿਕਾਂ ਦੀ ਸਪੈਸ਼ਲ ਡਿਊਟੀ ਲਾਈ ਕਿ ਉਹ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਫਿਕਰ ਦੂਰ ਕਰਨ।
ਭਾਰਤੀ ਫੌਜਾਂ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ ਵੱਲ ਤੇਜ਼ੀ ਨਾਲ਼ ਵੱਧ ਰਹੀਆਂ ਸਨ। ਇਸ ਤੇਜ਼ ਗਤੀ ਦੀ ਮਾਰਚ ਵਿਚ ਪੈਰਾਸ਼ੂਟ ਬਰਿਗੇਡਾਂ ਅਹਿਮ ਭੂਮਿਕਾ ਨਿਭਾ ਰਹੀਆਂ ਸਨ। ਇਕ ਪੜਾਅ ਨੂੰ ਸਰ ਕਰਕੇ ਉਹ ਹਵਾਈ-ਜਹਾਜ਼ਾਂ ’ਤੇ ਸਵਾਰ ਹੋ, ਅਗਲੇ ਪੜਾਅ ’ਤੇ ਪੈਰਾਸ਼ੂਟਾਂ ਰਾਹੀਂ ਉੱਤਰ ਜਾਂਦੇ। ਜਿੱਥੇ ਕਿਤੇ ਪਾਕਿਸਤਾਨੀ ਫੌਜ ਮੁਕਾਬਲੇ ’ਤੇ ਡਟਦੀ, ਸਾਡੀ ਜ਼ਮੀਨੀ ਫੌਜ, ਹਵਾਈ ਸੈਨਾ ਦੀ ਸਹਾਇਤਾ ਮੰਗ ਲੈਂਦੀ। ਪੂਰਬੀ ਪਾਕਿਸਤਾਨ ਦੀ ਹਵਾਈ-ਸ਼ਕਤੀ ਪਹਿਲਾਂ ਹੀ ਨਸ਼ਟ ਕਰ ਦਿੱਤੀ ਗਈ ਸੀ, ਜਿਸ ਕਰਕੇ ਸਾਡੀਆਂ ਥਲ, ਜਲ ਤੇ ਹਵਾਈ ਸੈਨਾਵਾਂ ਨੂੰ ਅਸਮਾਨ ’ਚੋਂ ਕੋਈ ਖਤਰਾ ਨਹੀਂ ਸੀ। ਤੇ ਜਦੋਂ ਉਸ ਪਾਸੇ ਤਾਇਨਾਤ ਸਾਡੇ ਸੁਕਆਡਰਨਾਂ ਦੇ ਹਵਾਈ ਜਹਾਜ਼ ਥਲ ਸੈਨਾ ਦੀ ਮੱਦਦ ’ਤੇ ਪਹੁੰਚਦੇ, ਪਾਕਿਸਤਾਨੀ ਫੌਜ ਮੈਦਾਨ ਛੱਡ ਜਾਂਦੀ।
ਉੱਤਰਲਾਏ ਤੋਂ ਹਵਾਈ ਹਮਲਿਆਂ ਦੀ ਗਿਣਤੀ ਕਾਫੀ ਵਧ ਚੁੱਕੀ ਸੀ। ਅਪਰੇਸ਼ਨਾਂ ’ਤੇ ਗਏ ਸਾਡੇ ਜਹਾਜ਼ ਜਦੋਂ ਮੁੜ ਕੇ ਹਵਾਈ ਅੱਡੇ ’ਤੇ ਚੱਕਰ ਲਾਉਂਦੇ ਤਾਂ ਅਸੀਂ ਗਹੁ ਨਾਲ਼ ਤੱਕਦੇ। ਜੇ ਪੂਰੇ ਹੁੰਦੇ ਤਾਂ ਸਾਨੂੰ ਖੁਸ਼ੀ ਹੁੰਦੀ, ਜੇ ਘੱਟ ਹੁੰਦੇ ਤਾਂ ਦਿਲਾਂ ’ਚ ਗਮ ਛਾ ਜਾਂਦਾ। ਸਸਪੈਂਸ ਵਿਚ ਅਸੀਂ ਸੋਚਣ ਲੱਗ ਜਾਂਦੇ ਕਿ ਮਨਫੀ ਹੋਇਆ ਪਾਇਲਟ ਕੌਣ ਹੋਵੇਗਾ। ਤੁਰੰਤ ਖਬਰ ਸਿਰਫ ਅਪਰੇਸ਼ਨ ਕਮਾਂਡਰ ਤੇ ਸੁਕਆਡਰਨ ਕਮਾਂਡਰ ਨੂੰ ਹੀ ਮਿਲਦੀ ਸੀ। ਬਾਕੀਆਂ ਨੂੰ ਤਾਂ ਸ਼ੈੱਡਾਂ ਵੱਲ ਨੂੰ ਮੁੜ ਰਹੇ ਜਹਾਜ਼ਾਂ ਦੇ ਨੰਬਰ ਪੜ੍ਹ ਕੇ ਹੀ ਪਤਾ ਲਗਦਾ ਸੀ।
ਇਕ ਦਿਨ ਸਾਡਾ ਜਹਾਜ਼ ਜਦੋਂ ਪਾਕਿਸਤਾਨੀ ਟੈਂਕਾਂ ’ਤੇ ਰਾਕਟਿੰਗ ਕਰ ਰਿਹਾ ਸੀ, ਉਨ੍ਹਾਂ ਦੀ ਤੋਪ ਦਾ ਨਿਸ਼ਾਨਾ ਬਣ ਗਿਆ। ਘੱਟ ਉਚਾਈ ’ਤੇ ਹੋਣ ਕਾਰਨ ਜਹਾਜ਼ ਦੇ ਪਾਇਲਟ ਫਲਾਈਂਗ ਅਫਸਰ ਐਪਟੇ ਨੂੰ ਜਹਾਜ਼ ਤੋਂ ਮੁਕਤ ਹੋਣ ਦਾ ਟਾਈਮ ਹੀ ਨਾ ਮਿਲ਼ਿਆ। ਪਲਾਂ ਵਿਚ ਹੀ ਲਪਟਾਂ ਬਣੇ ਜਹਾਜ਼ ਦੇ ਨਾਲ਼ ਹੀ ਉਹ ਭਸਮ ਹੋ ਗਿਆ। ਉਸਦਾ ਵਿਆਹ ਹੋਏ ਨੂੰ ਅਜੇ ਡੇਢ ਕੁ ਸਾਲ ਹੀ ਹੋਇਆ ਸੀ। ਸੁਕਆਡਰਨ ਦੀ ਪਿਛਲੀ ਐਨਿਵਰਸਰੀ ਮੌਕੇ ਅਸੀਂ ਸਾਰਿਆਂ ਨੇ ਉਸਨੂੰ ਤੇ ਉਸਦੀ ਪਤਨੀ ਨੂੰ ‘ਖੁਸ਼ੀਆਂ ਭਰੀ ਵਿਵਾਹਿਤ ਜਿੰਦਗੀ’ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਸਨ। ਮੈਨੂੰ ਮਿਸਿਜ਼ ਐਪਟੇ ਦਾ ਹਸੂੰ-ਹਸੂੰ ਕਰਦਾ ਚਿਹਰਾ ਯਾਦ ਆਇਆ। ਉਸ ਦਿਨ ਉਸਦੀ ਦੁਨੀਆਂ ਵਿਚ ਖੁਸ਼ੀਆਂ-ਖੇੜੇ ਸਨ… ਤੇ ਅੱਜ ਉਸਦੇ ਭਾਅ ਦੀ ਪਰਲੋ ਆ ਗਈ ਸੀ। ਚੰਦਰੀ ਜੰਗ ਨੇ ਉਸਨੂੰ ਮੋਏ ਪਤੀ ਦਾ ਮੂੰਹ ਵੇਖਣ ਜਾਂ ਆਪਣੇ ਹੱਥੀਂ ਸਸਕਾਰ ਕਰਨ ਦਾ ਮੌਕਾ ਵੀ ਨਾ ਦਿੱਤਾ।
ਐਪਟੇ ਦੀ ਮੌਤ ਦੀ ਖਬਰ ਨੂੰ ਰੇਡੀਓ ’ਤੇ ਸਿਰਫ ਦਸ ਕੁ ਸੈਕਿੰਡ ਹੀ ਦਿੱਤੇ ਗਏ। ਬੁਲਿਟਨ ਦਾ ਬਾਕੀ ਸਾਰਾ ਟਾਈਮ ਤਤਕਾਲੀ ਰੱਖਿਆ ਮੰਤਰੀ ਹੜਪ ਕਰ ਗਿਆ। ਭਾਰਤੀ ਸੈਨਾਵਾਂ ਦੀ ਬਹਾਦਰੀ ਤੇ ਨਿਪੁੰਨਤਾ ਦੀ ਪ੍ਰਸ਼ੰਸਾ ਥੋੜ੍ਹੇ ਜਿਹੇ ਸ਼ਬਦਾਂ ’ਚ ਨਿਬੇੜ ਕੇ ਉਹ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਾਂ ਨਾਲ਼ ਵੱਡੇ-ਵੱਡੇ ਵਿਸ਼ੇਸ਼ਣ ਲਾ ਕੇ ਉਸਦੇ ਗੁਣ ਗਾਉਣ ਲੱਗ ਪਿਆ ਸੀ।
ਜੰਗ ਫੈਸਲਾਕੁੰਨ ਸਟੇਜ ’ਤੇ ਪਹੁੰਚ ਚੁੱਕੀ ਸੀ। ਭਾਰਤੀ ਥਲ ਸੈਨਾ ਨੇ ਢਾਕੇ ਨੂੰ ਘੇਰਾ ਪਾ ਲਿਆ ਸੀ ਅਤੇ ਜਲ ਸੈਨਾ ਨੇ ਢਾਕੇ ਦੁਆਲ਼ੇ ਤਾਇਨਾਤ ਪਾਕਿਸਤਾਨੀ ਜਲ ਸੈਨਾ ਨੂੰ ਨਾਕਾਮ ਕਰਕੇ ਪੂਰਬੀ ਪਾਕਿਸਤਾਨ ਦੀ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਸੀ। ਪਾਕਿਸਤਾਨੀ ਫੌਜ ਦੀ ਸਹਾਇਤਾ ਲਈ ਠਿੱਲ੍ਹੇ ਹੋਏ ਅਮਰੀਕਾ ਦੇ ਸ਼ਕਤੀਸ਼ਾਲੀ ਬੇੜੇ ‘ਸੈਵੰਥ ਫਲੀਟ’ ਦਾ ਮੁਕਾਬਲਾ ਕਰਨ ਲਈ ਜਦੋਂ ਰੂਸ ਨੇ ਆਪਣਾ ਖੁੰਖਾਰ ਜੰਗੀ ਬੇੜਾ ਛੱਡਿਆ ਤਾਂ ਅਮਰੀਕਾ ਨੇ ਪੈਂਤੜਾ ਬਦਲਦਿਆਂ ਆਪਣਾ ਬੇੜਾ ਪਿਛਾਂਹ ਮੋੜ ਲਿਆ। ਘਿਰ ਚੁੱਕੀ ਪਾਕਿਸਤਾਨੀ ਫੌਜ ’ਤੇ ਇਸ਼ਤਿਹਾਰਾਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਸੀ। ਜ਼ਮੀਨੀ, ਸਮੁੰਦਰੀ ਤੇ ਹਵਾਈ ਨਾਕਾਬੰਦੀ ਨੂੰ ਬਿਆਨਦੇ ਅਤੇ ਹਥਿਆਰ ਸੁੱਟਣ ਲਈ ਪ੍ਰੇਰਦੇ ਉਨ੍ਹਾਂ ਇਸ਼ਤਿਹਾਰਾਂ ਨੇ ਪਾਕਿਸਤਾਨੀ ਸੈਨਿਕਾਂ ਦਾ ਮਨੋਬਲ ਚੂਰ-ਚੂਰ ਕਰ ਦਿੱਤਾ।
ਪਾਕਿਸਤਾਨੀ ਫੌਜ ਦੇ ਕਮਾਂਡਰਾਂ ਨੇ ਆਪਣੇ 90 ਹਜ਼ਾਰ ਫੌਜੀਆਂ ਸਮੇਤ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। 16 ਦਸੰਬਰ 1971 ਦੇ ਇਤਿਹਾਸਕ ਦਿਨ, ਢਾਕਾ ਵਿਖੇ, ਪਾਕਿਸਤਾਨੀ ਫੌਜ ਦੇ ਅਪਰੇਸ਼ਨਲ ਕਮਾਂਡਰ ਲੈਫਟੀਨੈਂਟ ਜਨਰਲ ਨਿਆਜ਼ੀ ਨੇ ਆਪਣਾ ਪਿਸਤੌਲ ਉਤਾਰ ਕੇ ਭਾਰਤੀ ਫੌਜ ਦੇ ‘ਬੰਗਲਾਦੇਸ਼ ਅਪਰੇਸ਼ਨ’ ਦੇ ਹੀਰੋ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਧਰ ਦਿੱਤਾ।
ਪੂਰਬੀ ਪਾਕਿਸਤਾਨ ਬੰਗਲਾ ਦੇਸ਼ ਬਣ ਗਿਆ। ਸ਼ੇਖ ਮੁਜ਼ੀਬਰ ਰਹਿਮਾਨ ਨਵੇਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆਂ।
ਉਸ ਸਮੇਂ ਭਾਰਤ ਵਿਚ ਕੇਂਦਰ ਦੀ ਹਕੂਮਤ ਚਲਾ ਰਹੀ ਕਾਂਗਰਸ ਪਾਰਟੀ ਦਾ ਭਵਿੱਖ ਰੌਸ਼ਨ ਹੋ ਗਿਆ। ਪਰ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਘਰੀਂ ਸੰਘਣੇ ਹਨ੍ਹੇਰੇ ਛਾ ਗਏ ਸਨ।
ਦੋ ਕੁ ਹਫਤਿਆਂ ਬਾਅਦ ਸਾਡੇ ਸੁਕਆਡਰਨ ਦੀ ਜੋਧਪੁਰ ਨੂੰ ਵਾਪਸੀ ਦੇ ਆਰਡਰ ਹੋ ਗਏ। ਅਸੀਂ ਖੁਸ਼ ਸਾਂ ਕਿ ਬੰਗਲਾ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਾਡੇ ਭਾਰਤ ਦਾ ਮਿਸ਼ਨ ਸਫਲ ਹੋ ਗਿਆ ਸੀ। ਪਰ ਖੁਸ਼ੀ ਦੇ ਨਾਲ਼-ਨਾਲ਼ ਵਿਗੋਚਾ ਵੀ ਸੀ। ਸਾਡੇ ਸੁਕਆਡਰਨ ਦੇ ਦੋ ਸੈਨਿਕ ਸਾਥੋਂ ਸਦਾ ਲਈ ਵਿੱਛੜ ਗਏ ਸਨ।
ਪਹਿਲਾਂ ਅਸੀਂ ਆਪਣੇ ਜਹਾਜ਼ਾਂ ਨੂੰ ਤੋਰਿਆ। ਟੈਕਸੀਵੇਅ ਉੱਪਰ ਰੱਨਵੇਅ ਵੱਲ ਨੂੰ ਜਾ ਰਹੇ ਜਹਾਜ਼ਾ ਦੀ ਲੰਮੀ ਕਤਾਰ ਨੂੰ ਤੱਕਦਿਆਂ ਮੇਰਾ ਧਿਆਨ ਟੈਕਸੀਵੇਅ ਦੇ ਲਾਗਲੀਆਂ ਝਾੜੀਆਂ ਵੱਲ ਚਲਾ ਗਿਆ। ਮਾਰੂਥਲ ਵਿਚ ਹਰਿਆਵਲ ਦਾ ਨਾਂ-ਨਿਸ਼ਾਨ ਸਿਰਫ ਤੇ ਸਿਰਫ ਉੱਥੋਂ ਦੀਆਂ ਝਾੜੀਆਂ ਹੀ ਸਨ। ਪਰ ਜਹਾਜ਼ਾਂ ਅੰਦਰ ਬਲਦੀ ਅੱਗ ਦੀਆਂ ਸਾੜ-ਪਾਊ ਗੈਸਾਂ ਦੀ ਨਿੱਤ ਦੀ ਬਲਾਸਟ ਨੇ ਬਹੁਤ ਸਾਰੀਆਂ ਝਾੜੀਆਂ ਲੂਹ ਸੁੱਟੀਆਂ ਸਨ। ‘ਦੋਨਾ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਸਦੀਆਂ-ਪਿਆਸੀ ਧਰਤੀ ਵਾਸਤੇ ਅੱਗ ਦਾ ਨਹੀਂ ਪਾਣੀ ਦਾ ਬੰਦੋਬਸਤ ਕਰਨਾ ਚਾਹੀਦੈ।’ ਮੇਰੇ ਮਨ ’ਚ ਕੁਝ ਇਸ ਤਰ੍ਹਾਂ ਦੀ ਸੋਚ ਉੱਭਰੀ ਸੀ।
ਟਰਾਂਸਪੋਰਟ ਜਹਾਜ਼ ਸਾਨੂੰ ਤਕਨੀਸ਼ਨਾਂ ਨੂੰ ਲੈ ਕੇ ਤੁਰਿਆ ਤਾਂ ਕੁਝ ਪਿੱਛੇ ਰਹਿ ਗਿਆ ਜਾਪਿਆ। ਸਾਡੇ ਵਿਚ ਪਵਨ ਸ਼ਰਮਾ ਨਹੀਂ ਸੀ। ਉਸਨੇ ਕਦੀ ਵੀ ਘਰ ਨਹੀਂ ਸੀ ਪਰਤਣਾ। ਜੰਗੀ ਕੈਦੀ ਬਣਾਏ ਗਏ ਸਾਡੇ ਦੋ ਪਾਇਲਟਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਪਰਤਣ ਦੀ ਆਸ ਸੀ, ਉਡੀਕ ਸੀ। ਪਰ ਪਵਨ ਸ਼ਰਮਾ ਦੇ ਮਾਂ-ਬਾਪ, ਭੈਣ-ਭਰਾ ਅਤੇ ਪਾਇਲਟ ਐਪਟੇ ਦੀ ਵਿਧਵਾ… ਅਤੇ ਜੰਗ ਦੀ ਭੇਟ ਚੜ੍ਹੇ ਹੋਰ ਅਨੇਕਾਂ ਸੈਨਿਕਾਂ ਦੇ ਪਰਿਵਾਰ ਕਿਸ ਦਾ ਰਾਹ ਤੱਕਣਗੇ!
ਮੇਰਾ ਕਹਾਣੀ ਨਾਲ਼ ਨਾਤਾ ਇਸ ਜੰਗ ਤੋਂ ਛੇ ਸਾਲ ਬਾਅਦ ਬਣਿਆਂ। ਕਹਾਣੀਆਂ ਦੀ ਲੜੀ ਵਿਚ ਦੋ ਕਹਾਣੀਆਂ ‘ਸੁਆਹ ਦੀ ਢੇਰੀ’ ਅਤੇ ‘ਮਨੁੱਖ ਤੇ ਮਨੁੱਖ’ ਬੰਗਲਾ ਦੇਸ਼ ਜੰਗ ਬਾਰੇ ਹਨ। ਇਨ੍ਹਾਂ ਕਹਾਣੀਆਂ ਦੀ ਗੱਲ ਅਗਾਂਹ ਜਾ ਕੇ ਕਰਾਂਗਾ।
ਉੱਤਰਲਾਏ ਤੋਂ ਜੋਧਪੁਰ ਪਰਤਣ ’ਤੇ ਮੇਰੀ ਡਿਊਟੀ ਪੱਕੇ ਤੌਰ ’ਤੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ’ਚ ਲੱਗ ਗਈ। ਜੰਗ ਦੌਰਾਨ ਦੋਨਾਂ ਸੁਕਆਡਰਨਾਂ ਦੇ ਕਈ ਜਹਾਜ਼ਾਂ ਦੀਆਂ 50 ਉਡਣ-ਘੰਟਿਆਂ ਤੋਂ ਬਾਅਦ ਹੋਣ ਵਾਲ਼ੀਆਂ ਨਿਯਤਕਾਲੀ ਸਰਵਿਸਜ਼ ਓਵਰਡਿਊ ਹੋ ਚੁੱਕੀਆਂ ਸਨ। ਉਨ੍ਹਾਂ ਸਰਵਿਸਾਂ ਦਾ ਕੰਮ ਨਿਬੇੜਨ ਲਈ ਲੰਮੇ ਘੰਟਿਆਂ ਵਾਲ਼ੀਆਂ ਡਿਊਟੀਆਂ ਸ਼ੁਰੂ ਹੋ ਗਈਆਂ।
ਪਹਿਲਾਂ ਜੰਗੀ ਮਸ਼ਕਾਂ, ਫਿਰ ਜੰਗ ਤੇ ਹੁਣ ਸਰਵਿਸਾਂ ਦਾ ਸਿਲਸਿਲਾ ਅਤੇ ਨਾਲ਼ ਦੀ ਨਾਲ਼ ਪਰਿਵਾਰਕ ਰੁਝੇਵੇਂ। ਐਮ.ਏ ਦੇ ਇਮਤਿਹਾਨ ਵਾਸਤੇ ਤਿਆਰੀ ਕਰਨ ਦੀ ਚਾਹਤ ਤਾਂ ਸੀ ਪਰ ਤਨ-ਮਨ ’ਚ ਪਸਰੀ ਥਕਾਵਟ ਕਾਰਨ ਕਿਤਾਬਾਂ ਨਾਲ਼ ਜੁੜ ਨਾ ਸਕਿਆ ਤੇ ਪੜ੍ਹਾਈ ਪੱਖੋਂ 1972 ਦਾ ਸਾਲ ਵੀ ਸੱਖਣਾ ਹੀ ਲੰਘ ਗਿਆ।
ਘਰੋਂ ਕੰਮ ਤੇ ਕੰਮ ਤੋਂ ਘਰ ਦੇ ਰੁਟੀਨ ਦੇ ਬੋਝ ਨੂੰ ਜ਼ਰਾ ਕੁ ਹਲਕਾ ਕਰਨ ਲਈ ਅਸੀਂ ਪਿਕਨਿਕ ਦਾ ਪ੍ਰੋਗਰਾਮ ਬਣਾ ਲਿਆ। ਦਾਲਾਂ, ਸਬਜ਼ੀਆਂ, ਫੁਲਕੇ, ਚਾਹ ਆਦਿ ਬਣਾਉਣ ਲਈ ਹਰ ਪਰਿਵਾਰ ਨੇ ਇਕ ਆਈਟਮ ਦੀ ਜ਼ਿੰਮੇਵਾਰੀ ਲੈ ਲਈ। ਤੇ ਇਕ ਐਤਵਾਰ ਆਪੋ ਆਪਣੀਆਂ ਫੈਮਿਲੀਆਂ ਤੇ ਆਈਟਮਾਂ ਨੂੰ ਸਾਈਕਲਾਂ ’ਤੇ ਧੂੰਹਦੇ ਅਸੀਂ ‘ਮੰਡੋਰ ਗਾਰਡਨ’ ਜਾ ਪਹੁੰਚੇ। ਸ਼ਹਿਰ ਤੋਂ 10 ਕਿੱਲੋਮੀਟਰ ਦੂਰ ਮੰਡੋਰ ਗਾਰਡਨ, ਰਾਓ ਵੰਸ਼ ਦੇ, ਜੋਧਾ ਰਾਓ ਤੋਂ ਪਹਿਲਾਂ ਦੇ ਹਾਕਮਾਂ ਦੀ ਰਾਜਧਾਨੀ ਹੁੰਦੀ ਸੀ। ਓਥੋਂ ਦੀਆਂ ਇਮਾਰਤਾਂ ਤਾਂ ਖਸਤਾ ਹਾਲਤ ’ਚ ਸਨ ਪਰ ਸੁਹਣੇ ਛਾਂਦਾਰ ਦਰਖਤਾਂ ਅਤੇ ਹਰੇ-ਭਰੇ ਘਾਹ ਵਾਲ਼ੇ ਲਾਅਨ ਪਿਕਨਿਕ ਵਾਸਤੇ ਢੁੱਕਵੇਂ ਸਨ। ਬੱਚਿਆਂ ਦੇ ਖੇਲ੍ਹਣ-ਮਲ੍ਹਣ ਲਈ ਵੀ ਵਧੀਆ ਸਥਾਨ ਸੀ ਉਹ।
ਮੰਡੋਰ ਸਾਨੂੰ ਅਜਿਹਾ ਜਚਿਆ ਕਿ ਹਰੇਕ ਦੋ-ਤਿੰਨ ਮਹੀਨਿਆਂ ਬਾਅਦ ਸਾਡਾ ਛੇ ਪਰਿਵਾਰਾਂ ਦਾ ਪ੍ਰੋਗਰਾਮ ਬਣ ਜਾਂਦਾ। ਉਨ੍ਹਾਂ ਸਾਦੇ ਢੰਗ ਦੀਆਂ ਪਿਕਨਿਕਾਂ ਵਾਸਤੇ ਸਾਨੂੰ ਨਾ ਕੋਈ ਵਾਧੂ ਖਰਚ ਤੇ ਨਾ ਹੀ ਖਾਸ ਤਰਦੱਦ ਕਰਨ ਦੀ ਲੋੜ ਸੀ।
ਜੋਧਪੁਰ ’ਚ ਕਿਲੇ ਤਾਂ ਹੋਰ ਵੀ ਹਨ ਪਰ ਮੇਹਰਾਂਗੜ੍ਹ ਕਿਲਾ ਵਧੇਰੇ ਮਸ਼ਹੂਰ ਹੈ। ਉਸਨੂੰ ਦੇਖਣ ਲਈ ਸਾਰੇ ਪਰਿਵਾਰਾਂ ਦਾ ਪ੍ਰੋਗਰਾਮ ਬਣ ਨਹੀਂ ਸੀ ਰਿਹਾ, ਇਕ ਦਿਨ ਮੈਂ, ਮਨਜੀਤ ਤੇ ਸੰਤੋਖ ਆਪਣੇ ਪਰਿਵਾਰਾਂ ਨੂੰ ਲੈ ਕੇ ਚਲੇ ਗਏ। 122 ਮੀਟਰ ਉੱਚੀ ਪਹਾੜੀ ’ਤੇ ਸਥਿਤ ਇਸ ਕਿਲੇ ਦੇ ਸੱਤ ਗੇਟ ਹਨ। ਰਾਠੌਰ ਵੰਸ਼ ਦੇ ਰਾਜਪੂਤ ਰਾਜੇ ਰਾਓ ਜੋਧਾ ਨੇ ਇਸਨੂੰ ਪੰਦਰਵੀਂ ਸਦੀ ’ਚ ਬਣਵਾਇਆ ਸੀ। ਖੁੱਲ੍ਹੇ ਵਿਹੜਿਆਂ ਤੇ ਹੁਨਰਮੰਦੀ ਨਾਲ਼ ਸਜਾਈਆਂ ਥਾਵਾਂ ਵਾਲ਼ਾ ਇਹ ਕਿਲਾ 1200 ਏਕੜ ਵਿਚ ਫੈਲਿਆ ਹੋਇਆ ਹੈ। ਕਿਲੇ ਵਿਚ ਮੋਤੀ ਮਹਿਲ, ਫੂਲ ਮਹਿਲ, ਸ਼ੀਸ਼ ਮਹਿਲ ਦੇਖਣ ਉਪਰੰਤ ਅਸੀਂ ‘ਦੌਲਤਖਾਨਾ’ ਨਾਂ ਦੇ ਮਿਊਜ਼ਿਅਮ ਅੰਦਰ ਜਾ ਵੜੇ। ਮਿਊਜ਼ਿਅਮ ਵਿਚ ਵੱਖ-ਵੱਖ ਸਮਿਆਂ ਦੇ ਰਾਜਿਆਂ ਦੇ ਜ਼ੱਰਾਬਕਤਰ, ਗੈਂਡੇ ਦੇ ਸਿੰਗਾਂ, ਹਾਥੀਦੰਦ ਤੇ ਕੀਮਤੀ ਪਥਰਾਂ ਦੇ ਮੱਠੇ ਵਾਲੀਆਂ ਤਲਵਾਰਾਂ ਤੇ ਹੋਰ ਹਥਿਆਰ ਸਾਂਭੇ ਹੋਏ ਹਨ।
ਡਿੰਜਨ ਦੀ ਪੋਸਟਿੰਗ ਸਮੇਂ ਦਾ ਮੇਰਾ ਤੇ ਮਨਜੀਤ ਦਾ ਦੋਸਤ ਰਾਜ ਢਿੱਲੋਂ ਫਲਾਈਟ ਇੰਜਨੀਅਰ ਬਣ ਗਿਆ ਸੀ। ਵੱਡੇ ਟਰਾਂਸਪੋਰਟ ਜਹਾਜ਼ਾਂ ਵਿਚ ਪਾਇਲਟਾਂ ਦੇ ਨਾਲ਼ ਫਲਾਈਟ ਇੰਜਨੀਅਰ ਵੀ ਹੁੰਦਾ ਹੈ। ਦਿੱਲੀ ਸਥਿਤ ਉਸਦੇ ਸੁਕਆਡਰਨ ਦਾ ਜਹਾਜ਼ ਕਦੀ-ਕਦੀ ਜੋਧਪੁਰ ਵੀ ਆਉਂਦਾ ਸੀ। ਜਦੋਂ ਰਾਜ ਦਾ ਨੰਬਰ ਲਗਦਾ, ਉਹ ਸਾਨੂੰ ਮਿਲ਼ ਕੇ ਜਾਂਦਾ।
10 ਨਵੰਬਰ, 1972 ਦੇ ਸ਼ੁਭ ਦਿਹਾੜੇ ਸਾਡੇ ਘਰ ਦੂਜਾ ਨਵਾਂ ਜੀਅ ਆਇਆ, ਬੇਟਾ ਅਮਰਪ੍ਰੀਤ। ਅਸੀਂ ਪਿੰਡੋਂ ਬੀਬੀ ਨੂੰ ਸੱਦ ਲਿਆ ਸੀ। ਪਿੰਡ ਦੇ ਕੰਮਾਂ-ਕਾਜਾਂ ਦੇ ਖਲਜਗਣ ਤੋਂ ਰਾਹਤ ਦਿਵਾਉਣ ਲਈ ਅਸੀਂ ਚਾਹੁੰਦੇ ਸਾਂ ਕਿ ਉਹ ਸਾਡੇ ਕੋਲ਼ ਘੱਟੋ-ਘੱਟ ਪੰਜ ਛੇ ਮਹੀਨੇ ਰਵ੍ਹੇ। ਪਰ ਉਹ ਢਾਈ ਮਹੀਨਿਆਂ ਬਾਅਦ ਹੀ ਕਾਹਲ਼ੀ ਪੈ ਗਈ। ਉਸ ਨੂੰ ਪਿਛਲੇ ਪਰਿਵਾਰ ਦਾ ਫਿਕਰ ਲੱਗਾ ਹੋਇਆ ਸੀ। ਪਰਿਵਾਰ ਦਾ ਮਾਹੌਲ ਪਹਿਲਾਂ ਵਾਂਗ ਸੁਖਾਵਾਂ ਨਹੀਂ ਸੀ ਰਿਹਾ।
ਬਖਸ਼ੀਸ਼ ਦੀ ਸ਼ਰਾਬਨੋਸ਼ੀ
ਬਖਸ਼ੀਸ਼ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਸੀ। ਉਹ ਰੁਟੀਨ ਅਨੁਸਾਰ ਜਲੰਧਰ ਦੇ ਇੰਡੀਅਨ ਆਇਲ ਡਿਪੂ ਤੋਂ ਪੈਟਰੋਲ ਜਾਂ ਡੀਜ਼ਲ ਦਾ ਟੈਂਕਰ ਲੈ ਕੇ ਦੂਰ-ਨੇੜੇ ਦੇ ਪੈਟਰੋਲ ਪੰਪਾਂ ’ਤੇ ਡਲਿਵਰ ਕਰਿਆ ਕਰਦਾ ਸੀ। ਪੈਟਰੋਲ ਪੰਪਾਂ ਦੀ ਡਿਮਾਂਡ ਪੂਰੀ ਕਰਕੇ ਕੁਝ ਡੀਜ਼ਲ ਜਾਂ ਪੈਟਰੋਲ ਟੈਂਕਰ ਦੇ ਹੇਠਲੇ ਹਿੱਸੇ ’ਚ ਰਹਿ ਜਾਂਦਾ। ਉਸ ਵਾਧੂ ਮਾਲ ਦੀ ਲਾਲਸਾ ਹਿਤ ਪੰਪਾਂ ਵਾਲ਼ੇ ਬਖਸ਼ੀਸ਼ ਦੀ ਜੇਬ੍ਹ ਵਿਚ ਕੁਝ ਪੈਸੇ ਪਾ ਦੇਂਦੇ ਤੇ ਉਹ ਵਾਧੂ ਮਾਲ ਉਨ੍ਹਾਂ ਨੂੰ ਦੇ ਦੇਂਦਾ। ਉੱਪਰਲੀ ਕਮਾਈ ਨਾਲ਼ ਉਸਨੂੰ ਨਿੱਤ ਪੀਣ-ਪਿਆਉਣ ਦੀ ਆਦਤ ਪੈ ਗਈ। ਇਸ ਨੌਕਰੀ ਤੋਂ ਪਹਿਲਾਂ ਉਸਨੇ ਦੋ ਕੁ ਸਾਲ ਟਰੱਕ-ਡਰਾਈਵਰੀ ਕੀਤੀ ਸੀ। ਕਦੀ ਉਸ ਸਮੇਂ ਦੇ ਡਰਾਈਵਰ ਤੇ ਕਦੀ ਨਵੇਂ ਬਣੇ ਬੇਲੀ ਆਪਣੇ ਕੋਲੋਂ ਇਕ-ਅੱਧੀ ਬੋਤਲ ਨਾਲ਼ ਮਹਿਫਲ ਸ਼ੁਰੂ ਕਰ ਲੈਂਦੇ ਤੇ ਫਿਰ ਉਨ੍ਹਾਂ ਦੀਆਂ ‘ਬੱਲੇ ਬਖਸ਼ੀਸ਼ ਨਹੀਂ ਰੀਸਾਂ ਤੇਰੀਆਂ’ ਵਰਗੇ ਵਾਕਾਂ ਨਾਲ਼ ਫੁੱਲਿਆ ਉਹ ਆਪਣੀ ਭਾਰੀ ਹੋਈ ਜੇਬ੍ਹ ਖਾਲੀ ਕਰਨ ਲਗ ਪੈਂਦਾ। ਸ਼ਾਮ ਨੂੰ ਟੁੰਨ ਹੋਇਆ ਘਰ ਪਹੁੰਚਦਾ। ਬਾਪੂ ਜੀ ਤੇ ਬੀਬੀ ਜੇ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਨਾਲ਼ ਔਖਾ ਹੋ ਪੈਂਦਾ। ਕੁਝ ਕੁ ਵਾਰ ਉਹ ਪਿੰਡ ਦੇ ਬੰਦਿਆਂ ਨਾਲ਼ ਵੀ ਮਾਕੜ-ਧੀਕੜ ਹੋ ਪਿਆ। ਬਾਪੂ ਜੀ ਨੇ ਸਿਆਣਪ ਨਾਲ਼ ਉਹ ਮਸਲੇ ਨੱਜਿਠੇ।
ਮੈਂ ਚਿੱਠੀ ਰਾਹੀਂ ਬਖਸ਼ੀਸ਼ ਨੂੰ ਪਰਿਵਾਰ ਦੇ ਅਤੀਤ ਵੱਲ ਝਾਤ ਪੁਆਈ। ਸਾਰੇ ਜੀਆਂ ਦੇ ਸਹੀ ਵਿਹਾਰ ਨਾਲ਼ ਪਰਿਵਾਰ ਵੱਲੋਂ ਅਗਾਂਹ ਪੁੱਟੇ ਕਦਮਾਂ ਦਾ ਹਵਾਲਾ ਦੇਂਦਿਆ, ਉਸਨੂੰ ਲੀਹ ’ਤੇ ਆਉਣ ਲਈ ਪ੍ਰੇਰਿਆ। ਕੁਝ ਉਸ ਚਿੱਠੀ ਤੇ ਕੁਝ ਸਾਡੇ ਨਾਨੇ ਦੇ ਸਮਝਾਉਣ ਨਾਲ਼ ਫਰਕ ਪੈ ਗਿਆ। ਪਰ ਥੋੜ੍ਹੇ ਕੁ ਸਮੇਂ ਬਾਅਦ ਉਸਨੇ ਮੁੜ ਉਹੀ ਚਾਲਾ ਫੜ ਲਿਆ।
ਪ੍ਰੇਸ਼ਾਨ ਹੋਏ ਬਾਪੂ ਜੀ ਨੇ ਉਸ ਨੂੰ ਅੱਡ ਕਰਨ ਦੀ ਗੱਲ ਸੁਣਾ ਤਾਂ ਦਿੱਤੀ ਸੀ ਪਰ ਬਖਸ਼ੀਸ਼ ਦੀ ਪਤਨੀ ਦੇ ਚੰਗੇ ਸੁਭਾਅ ਕਾਰਨ, ਉਹ ਅਜਿਹਾ ਕਰਨ ਲਈ ਦਿਲੋਂ ਤਿਆਰ ਨਹੀਂ ਸਨ। ਭਾਬੀ ਦੀ ਬੋਲਚਾਲ ਤੇ ਕੰਮ-ਕਾਜ ਪੱਖੋਂ ਟੱਬਰ ਨੂੰ ਕੋਈ ਸ਼ਿਕਾਇਤ ਨਹੀਂ ਸੀ। ਛੋਟੇ ਭਰਾ ਕੁਲਦੀਪ ਦੀ ਪਤਨੀ ਨੂੰ ਬਹਿਸਣ ਦੀ ਆਦਤ ਸੀ ਪਰ ਕੰਮ-ਕਾਜ ਉਹ ਵੀ ਨਿੱਠ ਕੇ ਕਰਦੀ ਸੀ। ਦਰਾਣੀ-ਜਠਾਣੀ ’ਚ ਨੋਕ-ਝੋਕ ਹੋ ਜਾਂਦੀ ਸੀ। ਪਰ ਬੀਬੀ ਵੱਲੋਂ ਦੋਨਾਂ ਦੇ ਕੰਮ ਵੰਡੇ ਹੋਣ ਕਰਕੇ ਇੱਟ-ਖੱੜਿਕੇ ਵਾਲ਼ੀ ਸਥਿਤੀ ਨਹੀਂ ਸੀ। ਠੰਢੇ ਸੁਭਾਅ ਦਾ ਮਾਲਕ ਕੁਲਦੀਪ ਬਖਸ਼ੀਸ਼ ਨਾਲ਼ ਨਾਰਾਜ਼ਗੀ ਜ਼ਾਹਰ ਤਾਂ ਕਰਦਾ ਸੀ ਪਰ ਧੀਮੀ ਸੁਰ ’ਚ। ਟੱਬਰ ਦਾ ਚੰਗਾ-ਭਲਾ ਢਾਂਚਾ ਬਖਸ਼ੀਸ਼ ਦੀ ਸ਼ਰਾਬਖੋਰੀ ਨੇ ਹਿਲਾ ਕੇ ਰੱਖ ਦਿੱਤਾ ਸੀ।
ਇਕ ਦਿਨ ਤ੍ਰਿਕਾਲਾਂ ਤੋਂ ਸ਼ੁਰੂ ਹੋਇਆ ਸ਼ਰਾਬ ਦਾ ਦੌਰ ਦੇਰ ਰਾਤ ਤੱਕ ਚੱਲਦਾ ਰਿਹਾ। ਬਖਸ਼ੀਸ਼ ਦੇ ਨਿੱਤ ਦੇ ਬੇਲੀ ਨਸ਼ਾ-ਪੂਰਤੀ ਕਰਕੇ ਉੱਠ ਗਏ। ਕੁਝ ਨਵੇਂ ਉਸ ਨਾਲ਼ ਆ ਬੈਠੇ। ਬੋਤਲ ਮੰਗਵਾ ਕੇ ਉਹ ਉਨ੍ਹਾਂ ਨੂੰ ਵਰਤਾਉਣ ਲੱਗ ਪਿਆ। ਪੀਂਦਿਆਂ ’ਤੇ ਕਿਸੇ ਗੱਲੋਂ ਬਹਿਸ ਛਿੜ ਪਈ। ਟੁੰਨ ਹੋਇਆ ਬਖਸ਼ੀਸ਼ ਉਨ੍ਹਾਂ ਨੂੰ ਦਬਕੇ ਮਾਰਨ ਲੱਗ ਪਿਆ। ਉਹ ਤਾਅ ਖਾ ਗਏ। ਮੀਸਣੇ ਅੰਦਾਜ਼ ਵਿਚ ‘ਉਸਤਾਦ ਜੀ, ਉਸਤਾਦ ਜੀ’ ਕਰਦਿਆਂ ਵੱਡਾ ਪੈੱਗ ਪਾ ਕੇ ਗਲਾਸ ਉਸਦੇ ਮੂੰਹ ਨੂੰ ਲਾ ਦਿੱਤਾ। ਉਹ ਪਹਿਲਾਂ ਹੀ ਵਾਧੂ ਪੀ ਚੁੱਕਾ ਸੀ। ਕੁਝ ਮਿੰਟਾ ਬਾਅਦ ਉਹ ਬੇਸੁਰਤ ਹੋ ਗਿਆ। ਅੱਧੀ ਰਾਤ ਤੋਂ ਬਾਅਦ ਜਦੋਂ ਉਸ ਨੂੰ ਸੁਰਤ ਆਈ ਉਹ ਹੈਰਾਨ ਰਹਿ ਗਿਆ, ਉਹ ਹੁਸ਼ਿਆਰਪੁਰ-ਜਲੰਧਰ ਦੀ ਰੇਲ-ਪਟੜੀ ’ਤੇ ਪਿਆ ਸੀ। ਇਹ ਕਾਰਾ ਮੀਸਣਿਆਂ ਨੇ ਕੀਤਾ ਸੀ, ਦਬਕਿਆਂ ਦਾ ਬਦਲਾ ਲੈਣ ਲਈ। ਮੌਸਮ ਸਰਦੀ ਦਾ ਸੀ, ਠੰਢ ਲੱਗਣ ਨਾਲ਼ ਸੁਰਤ ਛੇਤੀ ਆ ਗਈ। ਉਸ ਲਾਈਨ ’ਤੇ ਰਾਤ ਨੂੰ ਰੇਲ-ਸਰਵਿਸ ਘੱਟ ਹੋਣ ਕਰਕੇ ਉਦੋਂ ਤੱਕ ਕੋਈ ਰੇਲ਼ ਵੀ ਨਹੀਂ ਸੀ ਆਈ। ਮਨ ਨੂੰ ਠ੍ਹੋਕਰ ਲੱਗੀ। ਉਸਨੇ ਅੰਮ੍ਰਿਤ ਛਕ ਲਿਆ ਤੇ ਸ਼ਰਾਬ ਤੋਂ ਤੌਬਾ ਕਰ ਲਈ। ਪਰਿਵਾਰ ਲਈ ਸੁਖਾਵੀਂ ਗੱਲ ਸੀ ਇਹ। ਪਰ ਕੁਝ ਮਹੀਨਿਆਂ ਬਾਅਦ ਜਦੋਂ ਉਹ ‘ਗੁਰਦੁਆਰਾ ਹਰੀਆਂ ਵੇਲਾਂ’ ਤੋਂ ਅੰਮ੍ਰਿਤ ਛਕ ਕੇ ਨਿਹੰਗ ਬਣਿਆਂ ਤਾਂ ਸਾਨੂੰ ਚੰਗਾ ਨਾ ਲੱਗਾ। ਅਸੀਂ ਨਿਹੰਗਾਂ ਨੂੰ ਪਰਿਵਾਰਕ ਜ਼ਿਮੇਵਾਰੀ ਪੱਖੋਂ ਲਾਪ੍ਰਵਾਹ ਬੰਦੇ ਸਮਝਦੇ ਸਾਂ। ਸਾਨੂੰ ਇਹ ਵੀ ਸ਼ੰਕਾ ਸੀ ਕਿ ਉਹ ਸ਼ਰਾਬ ਦੀ ਥਾਂ ਕੋਈ ਹੋਰ ਨਸ਼ਾ ਸ਼ੁਰੂ ਕਰੇਗਾ। ਉਸਨੇ ਨੌਕਰੀ ਛੱਡ ਦਿੱਤੀ ਸੀ। ਸਵੇਰੇ ਨਿਤਨੇਮ ਕਰਕੇ ਜਦੋਂ ਉਹ ਖੇਤਾਂ ’ਚ ਪਹੁੰਚਦਾ, ਛਾਹ ਵੇਲਾ ਹੋ ਚੁੱਕਾ ਹੁੰਦਾ।
ਇਸ ਗੱਲੋਂ ਜਦੋਂ ਬਾਪੂ ਜੀ ਗੁੱਸੇ ਹੁੰਦੇ ਤਾਂ ਉਹ ਜਰ ਲੈਂਦਾ, ਮੂਹਰੇ ਨਹੀਂ ਸੀ ਬੋਲਦਾ। ਅੰਮ੍ਰਿਤ ਛਕ ਕੇ ਉਹ ਬਖਸ਼ੀਸ਼ ਸਿੰਘ ਤੋਂ ਦਲਜੀਤ ਸਿੰਘ ਬਣ ਗਿਆ ਸੀ।
ਮੈਂ ਜਦੋ ਛੁੱਟੀ ਗਿਆ ਉਹ ਸਾਨੂੰ ਪਹਿਲਾਂ ਵਾਂਗ ਹੀ ਸਨੇਹ ਨਾਲ਼ ਮਿਲ਼ਿਆ। ਪਰ ਮੈਂ ਉਸ ਨਾਲ਼ ਖੱਲ੍ਹ ਨਾ ਸਕਿਆ। ਉਹ ਆਪ ਹੀ ਕੋਈ ਗੱਲ ਸ਼ੁਰੂ ਕਰ ਲੈਂਦਾ। ਮੈਂ ‘ਹੂੰ, ਹਾਂ’ ਕਰਕੇ ਚੁੱਪ ਹੋ ਜਾਂਦਾ। ਉਸ ਨਾਲ਼ ਬਹੁਤੀ ਗੱਲ ਨਾ ਕਰਨ ਦਾ ਇਕ ਕਾਰਨ ਹੋਰ ਵੀ ਸੀ। ਮੈਂ ਐਮ.ਏ. ਦੇ ਪੇਪਰ ਦੇਣੇ ਸਨ। ਆਪਣਾ ਸਾਰਾ ਧਿਆਨ ਮੈਂ ਪੇਪਰਾਂ ’ਚ ਲਾਉਣਾ ਚਾਹੁੰਦਾ ਸਾਂ, ਉਸ ਨਾਲ਼ ਬਹਿਸ ’ਚ ਪੈ ਕੇ ਕੋਈ ਟੈਨਸ਼ਨ ਨਹੀਂ ਸੀ ਲੈਣੀ ਚਾਹੁੰਦਾ। ਪੇਪਰਾਂ ਤੋਂ ਵਿਹਲਾ ਹੋ ਕੇ ਮੈਂ ਖੁੰਦਕ ਜਿਹੀ ’ਚ ਨਿਹੰਗਾਂ ਦੇ ਭੰਗ ਪੀਣ ਦੀ ਗੱਲ ਛੇੜ ਲਈ। ਉਹ ਕਹਿਣ ਲੱਗਾ, “ਮੈਂ ਸੁੱਖ-ਨਿਧਾਨ ਨਹੀਂ ਛਕਦਾ। ਹੋਲੇ-ਮੱਹਲੇ ’ਤੇ ਨਿਹੰਗ ਸਿੰਘਾਂ ਵੱਲੋਂ ਝਟਕਾਏ ਜਾਂਦੇ ਬੱਕਰੇ ਦਾ ਮੀਟ ਵੀ ਨਹੀਂ। ਸਾਡੇ ਜਥੇਦਾਰ ਬਾਬਾ ਨਿਹਾਲ ਸਿੰਘ ਵੀ ਇਹ ਚੀਜ਼ਾਂ ਨਹੀਂ ਛਕਦੇ।” ਤੇ ਉਹ ਆਪਣੀ ਜਥੇਬੰਦੀ ਦੇ ਨਿਯਮ ਦੱਸਣ ਲੱਗ ਪਿਆ, “ਅਸੀਂ ਮੱਸਿਆ ਅਤੇ ਹੋਰ ਦਿਨ-ਦਿਹਾਰਾਂ ’ਤੇ ਹੀ ਗੁਰਦਵਾਰਾ ਹਰੀਆਂ ਵੇਲਾਂ ਜਾਂਦੇ ਆਂ। ਸਾਨੂੰ ਹਮੇਸ਼ਾ ਡੇਰੇ ’ਚ ਰਹਿਣ ਦੀ ਲੋੜ ਨਹੀਂ। ਜਥੇਦਾਰ ਸਾਹਬ ਕਹਿੰਦੇ ਆ ਪਈ ਆਪਣੇ ਟੱਬਰਾਂ ’ਚ ਰਹਿ ਕੇ ਕਿਰਤ ਕਰੋ ਤੇ ਨਾਮ ਜਪੋ। ਜਦੋਂ ਸਾਨੂੰ ਕਿਤੇ ਮੋਰਚਾ ਲਾਉਣਾ ਪਿਆ, ਤੁਹਾਨੂੰ ਸੱਦ ਲਵਾਂਗੇ। ਜਿਹੜੇ ਸਿੰਘ ਪੱਕੇ ਤੌਰ ’ਤੇ ਡੇਰੇ ’ਚ ਰਹਿੰਦੇ ਆ, ਬਾਬਾ ਜੀ ਨੇ ਉਨ੍ਹਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਆਂ। ਡੇਰੇ ਦੇ ਨਾਂ ਸੌ ਏਕੜ ਤੋਂ ਵੱਧ ਜ਼ਮੀਨ ਆਂ। ਖੇਤੀਬਾੜੀ ਤੇ ਮੱਝਾਂ-ਗਾਈਆਂ ਤੇ ਘੋੜਿਆਂ ਦੇ ਪੱਠੇ-ਦੱਥੇ ਦੇ ਕਾਫੀ ਕੰਮ ਆਂ। ਬਾਬਾ ਜੀ ਦੀ ਸਖਤ ਹਦੈਤ ਆ ਕਿ ਤਰਨਾ ਦਲ ਹਰੀਆਂ ਵੇਲਾਂ ਦਾ ਕੋਈ ਵੀ ਨਿਹੰਗ ਬਿਨਾਂ ਟਿਕਟ ਰੇਲ ਤੇ ਬੱਸ ਦਾ ਸਫਰ ਨਾ ਕਰੇ।”
“ਮੋਰਚੇ ਕਿਉਂ ਲਾਏ ਜਾਂਦੇ ਆ?” ਮੈਂ ਸਵਾਲ ਕੀਤਾ।
“ਜਦੋਂ ਕਿਸੇ ਗੁਰਦਵਾਰੇ ’ਚ ਮਰਯਾਦਾ ਭੰਗ ਹੁੰਦੀ ਹੈ ਜਾਂ ਗਲਤ ਕੰਮ ਹੁੰਦੇ ਆ, ਉਸਦਾ ਸੁਧਾਰ ਕਰਨ ਲਈ।”
ਫਿਰ ਉਸਨੇ ਇਤਿਹਾਸਿਕ ਗੁਰਦੁਵਾਰਾ ਪਾਉਂਟਾ ਸਾਹਿਬ ਦੇ ਮੋਰਚੇ ਦੀ ਗੱਲ ਛੇੜ ਲਈ, “ਓਥੋਂ ਦੇ ਪ੍ਰਬੰਧਕ ਬੇਈਮਾਨੀਆਂ ਤੇ ਕੁਤਾਹੀਆਂ ਕਰ ਰਹੇ ਸੀ। ਜਥੇ ਨੇ ਅਖੰਡ ਪਾਠ ਸ਼ੁਰੂ ਕਰਕੇ ਮੋਰਚਾ ਲਾ ਦਿੱਤਾ। ਉਦੋਂ ਬਾਬਾ ਹਰਭਜਨ ਸਿੰਘ ਜਥੇਦਾਰ ਸੀ। ਪ੍ਰਬੰਧਕਾਂ ਨੇ ਪੁਲਿਸ ਨੂੰ ਵੱਢੀ ਦੇ ਕੇ ਆਪਣੇ ਨਾਲ਼ ਗੰਢ ਲਿਆ। ਪੁਲਸੀਆਂ ਨੇ ਆ ਕੇ ਜਥੇਦਾਰਾਂ ਨਾਲ਼ ਕੋਈ ਗੱਲ ਨਾ ਕੀਤੀ। ਸਿੱਧਾ ਆਰਡਰ ਦੇ ਦਿੱਤਾ ਕਿ ਅਖੰਡ ਪਾਠ ਬੰਦ ਕਰੋ। ਬਾਬਾ ਨਿਹਾਲ ਸਿੰਘ ਉਦੋਂ ਛੋਟੇ ਜਥੇਦਾਰ ਸੀ। ਇਹ ਚੌਰ ਦੀ ਸੇਵਾ ਕਰ ਰਹੇ ਸੀ। ਪੁਲਿਸ ਨੇ ਗੋਲ਼ੀ ਚਲਾ ਦਿੱਤੀ। ਗਿਆਰਾਂ ਸਿੰਘ ਸ਼ਹੀਦ ਹੋ ਗਏ। ਬਾਬਾ ਨਿਹਾਲ ਸਿੰਘ ਦੇ ਤਿੰਨ ਗੋਲ਼ੀਆਂ ਲੱਗੀਆਂ। ਡਾਕਟਰਾਂ ਨੇ ਦੋ ਤਾਂ ਕੱਢ ਦਿੱਤੀਆਂ ਪਰ ਤੀਜੀ ਸਰੀਰ ’ਚ ਹੀ ਹੈ।
ਮੈਂ ਸਮਝ ਗਿਆ ਸੀ ਕਿ ਦਲਜੀਤ ਸਿੰਘ ਬਾਬਾ ਨਿਹਾਲ ਸਿੰਘ ਦੀ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਨਿਹੰਗ ਬਣਿਆਂ ਸੀ। ਤੇ ਉਹ ਆਪਣੇ ਚੁਣੇ ਹੋਏ ਜੀਵਨ-ਢੰਗ ਪ੍ਰਤੀ ਦ੍ਰਿੜ ਸੀ ਪਰ ਟੱਬਰ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦਾ। ਸਾਰੇ ਜੀਆਂ ਨਾਲ਼ ਉਸਦਾ ਪਿਆਰ-ਸਤਿਕਾਰ ਪਹਿਲਾਂ ਵਾਂਗ ਹੀ ਬਰਕਰਾਰ ਸੀ। ਮੇਰੇ ਤੇ ਕੁਲਦੀਪ ਦੇ ਨਿਆਣਿਆਂ ਨੂੰ ਉਹ ਆਪਣੇ ਨਿਆਣਅਿਂ ਨਾਲ਼ੋਂ ਵੱਧ ਪਿਆਰ ਕਰਦਾ ਸੀ। ਭਾਬੀ ਨੇ ਵੀ ਅੰਮ੍ਰਿਤ ਛਕ ਲਿਆ ਸੀ। ਉਹ ਦਲਜੀਤ ਸਿੰਘ ਤੇ ਅਪਣੀ ਰੋਟੀ-ਪਾਣੀ ਦੇ ਸੁਚਮ ਦਾ ਖਿਆਲ ਰੱਖਦੀ।
ਗੁਰਦਵਾਰਾ ਹਰੀਆਂ ਵੇਲਾਂ ਵਿਖੇ ਤਰਨਾ ਦਲ ਦੇ ਸਵਰਗੀ ਜਥੇਦਾਰ ਬਾਬਾ ਹਰਭਜਨ ਸਿੰਘ ਦਾ ਬਰਸੀ-ਸਮਾਗਮ ਸੀ। ਉਨ੍ਹਾਂ ਦੀ ਜਥੇਬੰਦੀ ਨੂੰ ਵੇਖਣ-ਜਾਚਣ ਲਈ ਮੈਂ ਵੀ ਦਲਜੀਤ ਸਿੰਘ ਨਾਲ਼ ਚਲਾ ਗਿਆ।
ਗੁਰਦੁਆਰਾ ਸਾਹਿਬ ਦੇ ਇਤਿਹਾਸਕ ਬੋਰਡ ਮੁਤਾਬਿਕ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ 2200 ਘੋੜ-ਸਵਾਰ ਯੋਧੇ ਸਿੰਘਾਂ ਸਮੇਤ 15 ਸਤੰਬਰ 1651 ਈਸਵੀ ਨੂੰ ਇਸ ਅਸਥਾਨ ’ਤੇ ਚਰਨ ਪਾਏ। ਬਾਬਾ ਪ੍ਰੇਮ ਦਾਸ ਪਰਜਾਪਤ ਨੇ ਗੁਰੂ ਜੀ ਦੇ ਘੋੜੇ ਨੂੰ ਆਪਣੇ ਘਰ ਦੇ ਬੂਹੇ ਸਾਹਮਣਿਓਂ ਹਰੀਆਂ ਵੇਲਾਂ ਪੁੱਟ ਕੇ ਪਾਈਆਂ। ਗੁਰੂ ਜੀ ਨੇ ਆਪਣੇ ਤ੍ਰਿਪਤ ਅਤੇ ਪਸੰਨ ਘੋੜੇ ਨੂੰ ਦੇਖ ਕੇ ਬਾਬਾ ਜੀ ਨੂੰ ਪੁੱਛਿਆ ਕਿ ਤੁਸੀਂ ਘੋੜੇ ਨੂੰ ਕੀ ਖੁਆਇਆ ਹੈ। ਬਾਬਾ ਜੀ ਨੇ ਹੱਥ ਜੋੜ ਕੇ ਆਖਿਆ ਕਿ ਮਹਾਰਾਜ, ਮੈਂ ਗਰੀਬ ਨੇ ਇਸਨੂੰ ਕੀ ਖੁਆਉਣਾ ਸੀ, ਇਹ ਵੇਲਾਂ ਖੁਆਈਆਂ ਹਨ। ਗੁਰੂ ਜੀ ਨੇ ਪ੍ਰਸੰਨ ਹੋ ਕੇ ਬਾਬਾ ਜੀ ਨੂੰ ਵਰਦਾਨ ਦਿੱਤਾ ਕਿ ਤੇਰੀਆਂ ਇਹ ਵੇਲਾਂ ਏਥੇ ਲੋਕ ਤੇ ਪਰਲੋਕ ਵਿਚ ਸਦਾ ਹਰੀਆਂ-ਭਰੀਆਂ ਰਹਿਣਗੀਆਂ। ਗੁਰੂ ਜੀ ਦੇ ਪਵਿੱਤਰ ਵਾਕਾਂ ਅਨੁਸਾਰ ਉਹ ਵੇਲਾਂ ਹੁਣ ਤੱਕ ਹਰੀਆਂ ਹਨ। ਇਸ ਅਸਥਾਨ ਤੇ ਗੁਰੂ ਜੀ ਨੇ ਤਿੰਨ ਦਿਨ ਠਹਿਰ ਕੇ ਸੰਗਤਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਤੇ ਦੀਵਾਨ ਸਜਾਉਂਦੇ ਰਹੇ।
ਅਖੰਡ ਪਾਠ ਦੇ ਭੋਗ ਬਾਅਦ ਕੀਰਤਨ ਦਰਬਾਰ ਵਾਸਤੇ ਸੰਗਤ ਨੂੰ ਕਨਾਤਾਂ ਵਾਲ਼ੇ ਪੰਡਾਲ ’ਚ ਜਾਣ ਲਈ ਆਖਿਆ ਗਿਆ। ਕੀਰਤਨ ਤੋਂ ਪਹਿਲਾਂ ਬਾਬਾ ਨਿਹਾਲ ਸਿੰਘ ਜੀ ਸੰਗਤ ਨੂੰ ਮੁਖਾਤਿਬ ਹੋਏ। ਉਨ੍ਹਾਂ ਦੱਸਿਆ ਕਿ ਤਰਨਾ ਦਲ ਸਿੱਖੀ ਦੇ ਪ੍ਰਚਾਰ, ਖਾਲਸੇ ਦੀ ਆਨ-ਸ਼ਾਨ ਅਤੇ ਨਿਹੰਗ ਸਿੰਘਾਂ ਦੀਆਂ ਰਵਾਇਤਾਂ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ਼ ਨਿਭਾ ਰਿਹਾ ਹੈ। ਦਲ ਆਪਣੇ ਹੈੱਡਕੁਆਟਰ ਹਰੀਆਂ ਵੇਲਾਂ ਅਤੇ ਇਸ ਦੇ ਹੋਰ ਗੁਰੂ ਘਰਾਂ ਤੋਂ ਅੰਮ੍ਰਿਤ-ਸੰਚਾਰ ਰਾਹੀਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਰਿਹਾ ਹੈ। ਉਨ੍ਹਾਂ ਨੇ ਸੰਗਤ ਨੂੰ ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਨੂੰ ਨਕਾਰਨ ਤੇ ਗੁਰਬਾਣੀ ਵਿਚ ਦ੍ਰਿੜ ਵਿਸ਼ਵਾਸ ਬਣਾਉਣ ਲਈ ਅਪੀਲ ਕੀਤੀ। ਬਾਬਾ ਜੀ ਦਾ ਬੋਲਣ-ਢੰਗ ਸਪੱਸ਼ਟ ਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦੇ ਪ੍ਰਵਚਨਾਂ ਵਿੱਚੋਂ ਗੁਰਬਾਣੀ, ਗੁਰਮਤਿ ਅਤੇ ਸਿੱਖ-ਇਤਹਾਸ ਦਾ ਗਿਆਨ ਝਲਕਦਾ ਸੀ।
ਮੈਂ ਪਿਛਲੇ ਪੰਨਿਆਂ ’ਤੇ ਦੱਸ ਆਇਆ ਹਾਂ ਕਿ ਸਾਡੇ ਪਿੰਡ ਬਾਬਾ ਰੂਪ ਦੇਵ ਜੀ ਦੇ ਵਾਰਸਾਂ ਨੇ ਬਾਬਾ ਜੀ ਦੇ ਨਾਂ ’ਤੇ ਬਣੇ ਗੁਰਦਵਵਰੇ ਨੂੰ ਆਪਣੇ ਵੰਸ਼ ਦੀ ਜਾਇਦਾਦ ਬਣਾ ਲਿਆ ਸੀ, ਜਿਸਦੇ ਵਿਰੋਧ ਵਿਚ ਬਾਪੂ ਜੀ ਤੇ ਉਨ੍ਹਾਂ ਦੇ ਹਮਖਿਆਲੀਆਂ ਨੇ ਧਾਰਮਿਕ ਦਿਨ-ਤਿਉਹਾਰ ਜੰਜ ਘਰ ’ਚ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਦਲਜੀਤ ਸਿੰਘ ਨੇ ਅੰਮ੍ਰਿਤਧਾਰੀ ਹੋਣ ਉਪਰੰਤ ਗੁਰਦਵਾਰਾ ਬਣਾਉਣ ਲਈ ਕਦਮ ਉਠਾ ਲਿਆ। ਉਸਨੇ ਕੁਝ ਸਾਲ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ’ਚ ਟੱਰਕ ਡਰਾਇਵਰੀ ਕੀਤੀ ਹੋਈ ਸੀ। ਉਹ ਉਨ੍ਹਾਂ ਥਾਵਾਂ ਦੇ ਟਰੱਕਿੰਗ ਭਾਈਚਾਰੇ ਦੇ ਆਪਣੇ ਦੋਸਤਾਂ ਤੋਂ ਉਗਰਾਹੀ ਕਰ ਲਿਆਇਆ। ਕੁਝ ਰਕਮ ਪਿੰਡ ਦੇ ਲੋਕਾਂ ਵੱਲੋਂ ਇਕੱਠੀ ਹੋ ਗਈ। ਸਾਦੀ ਜਿਹੀ ਬਿਲਡਿੰਗ ਵਾਲ਼ਾ ‘ਗੁਰਦਵਾਰਾ ਕਲਗੀਧਰ ਸਾਹਿਬ’ ਬਣ ਗਿਆ। ਪ੍ਰਬੰਧ ਵਾਸਤੇ ਨਿਧਾਨ ਸਿੰਘ, ਦਲਜੀਤ ਸਿੰਘ, ਹਜਾਰਾ ਸਿੰਘ ਤੇ ਮਲਕੀਅਤ ਸਿੰਘ ਦੀ ਕਮੇਟੀ ਬਣ ਗਈ।
ਮੇਰੀ ਆਖਰੀ ਪੋਸਟਿੰਗ
ਦਿੱਲੀ ’ਚ ਰਾਜ ਢਿੱਲੋਂ ਦੀ ‘ਰਿਕਾਰਡ ਆਫਿਸ’ ਦੇ ਇਕ ਕਲਰਕ ਨਾਲ਼ ਦੋਸਤੀ ਪੈ ਗਈ। ਰਾਜ ਰਾਹੀਂ ਸਾਡਾ ਚਾਨਸ ਲੱਗ ਗਿਆ। ਮਨਜੀਤ ਨੇ ਹਲਵਾਰੇ ਦੀ ਬਦਲੀ ਕਰਵਾ ਲਈ। ਉਸਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਆਪਣਾ ਜੱਦੀ ਪਿੰਡ ਛੱਡ ਕੇ ਰਾਏਕੋਟ ਜਾ ਵਸਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ’ਚ ਰਹਿ ਗਈ ਜ਼ਮੀਨ ਬਦਲੇ ਅਲਾਟਮੈਂਟ ਰਾਏਕੋਟ ਹੋਈਓ ਸੀ। ਮਨਜੀਤ ਆਪਣੇ ਘਰ ਰਾਏਕੋਟ ਤੋਂ ਹਰ ਰੋਜ਼ ਹਲਵਾਰੇ ਕੰਮ ’ਤੇ ਜਾ ਸਕਦਾ ਸੀ।
ਮੈਂ ਚੰਡੀਗੜ੍ਹ ਦੀ ਯੂਨਿਟ ਬੀ. ਆਰ. ਡੀ (ਬੇਸ ਰਿਪੇਅਰ ਡਿਪੋ) ’ਚ ਕਰਵਾ ਲਈ। ਕਰਵਾ ਤਾਂ ਆਦਮਪੁਰ ਦੀ ਵੀ ਸਕਦਾ ਸੀ, ਜੋ ਸਾਡੇ ਪਿੰਡੋਂ ਸਿਰਫ 8 ਕਿੱਲੋਮੀਟਰ ਹੈ। ਹਰ ਰੋਜ਼ ਘਰੋਂ ਕੰਮ ’ਤੇ ਜਾਣਾ ਸੌਖਾ ਹੀ ਸੀ। ਪਰ ਪਿੰਡ ਰਹਿੰਦਿਆਂ ਮੈਂਥੋਂ ਨਿੱਠ ਕੇ ਪੜ੍ਹਾਈ ਨਹੀਂ ਸੀ ਹੋਣੀ। ਤਿੰਨ ਸਾਲਾਂ ਬਾਅਦ, ਪੰਦਰਾਂ ਸਾਲ ਪੂਰੇ ਕਰਕੇ ਏਅਰਫੋਰਸ ਛੱਡ ਦੇਣ ਦਾ ਫੈਸਲਾ ਕਰ ਚੁੱਕਾ ਸਾਂ ਤੇ ਛੱਡਣ ਤੋਂ ਪਹਿਲਾਂ ਇਕ ਐਮ.ਏ ਹੋਰ ਕਰਨ ਦਾ ਨਿਸ਼ਚਾ ਕੀਤਾ ਹੋਇਆ ਸੀ। ਉਸ ਵਾਸਤੇ ਕਿਸੇ ਕਾਲਜ ਜਾਂ ਪੰਜਾਬ ਯੂਨੀਵਰਸਿਟੀ ਦੀਆਂ ਈਵਨਿੰਗ ਕਲਾਸਾਂ ਰਾਹੀਂ ਬਿਹਤਰ ਪੜ੍ਹਾਈ ਹੋ ਸਕਦੀ ਸੀ।
ਨਿੱਘੇ ਤੇ ਅਪਣੱਤ ਭਰੇ 11 ਸਾਲ ਦੇ ਸਾਥ ਬਾਅਦ, ਫਰਵਰੀ 1973 ’ਚ ਮੈਂ ਤੇ ਮਨਜੀਤ ਜੁਦਾ ਹੋਏ ਸਾਂ।
ਚੰਡੀਗੜ੍ਹ ਅਸੀਂ 20 ਸੈਕਟਰ ’ਚ ਕਮਰਾ ਰਸੋਈ ਕਿਰਾਏ ’ਤੇ ਲੈ ਲਿਆ। ਡੇਢ ਕੁ ਮਹੀਨਾ ਆਪਣੀ ਯੂਨਿਟ ’ਚ ਹਾਜ਼ਰੀਆਂ ਦੇ ਕੇ, ਅਪ੍ਰੈਲ ਦੇ ਪਹਿਲੇ ਹਫਤੇ ਮਂ ਦੋ ਮਹੀਨੇ ਦੀ ਛੁੱਟੀ ਲੈ ਲਈ। ਐਮ. ਏ ਅੰਗ੍ਰੇਜ਼ੀ ਭਾਗ ਦੂਜਾ ਦਾ ਇਮਤਿਹਾਨ ਦੇਣਾ ਸੀ। ਸੈਂਟਰ ਸਰਕਾਰੀ ਕਾਲਜ ਹੁਸ਼ਿਆਰਪੁਰ ਹੀ ਸੀ।
ਘਰ ਦਾ ਮਾਹੌਲ ਠੀਕ ਸੀ। ਦਲਜੀਤ ਸਿੰਘ ਨਿਹੰਗ ਬਾਣੇ ਵਿਚ ਬੱਸ- ਡਰਾਇਵਰੀ ਕਰ ਰਿਹਾ ਸੀ। ਦਲ ਵਿਚ ਉਸਦੀ ਡਿਊਟੀ ਅੰਮ੍ਰਿਤ ਛਕਾਉਣ ਵਾਲ਼ੇ ਸਿੰਘਾਂ ਵਿਚ ਸੀ। ਅੰਮ੍ਰਿਤ-ਸੰਚਾਰ ਮੌਕੇ ਉਹ ਛੁੱਟੀ ਲੈ ਲੈਂਦਾ।
ਖੇਤੀ ਠੀਕ ਚੱਲ ਰਹੀ ਸੀ। ਸਾਡੀ ਦੋ ਘੁਮਾਂ ਜ਼ਮੀਨ ਪਿੰਡੋਂ ਲਹਿੰਦੇ ਪਾਸੇ, ਕਾਫੀ ਹਟਵੀਂ ਸੀ। ਪਹਿਲੀਆਂ ’ਚ ਨਸਰਾਲਾ ਚੋਅ ਉਸ ਪਾਸੇ ਵਗਦਾ ਸੀ। ਹੁਣ ਉਹ ਜ਼ਮੀਨ ਚੋਅ ਦੀ ਮਾਰ ਹੇਠ ਤਾਂ ਨਹੀਂ ਸੀ ਪਰ ਸਾਡੇ ਅੱਡੇ-ਗੱਡੇ ਤੋਂ ਦੂਰ ਹੋਣ ਕਰਕੇ ਫਸਲ ਦੀ ਦੇਖ-ਭਾਲ ਠੀਕ ਤਰ੍ਹਾਂ ਨਹੀਂ ਸੀ ਹੋ ਰਹੀ। ਉਸ ਵਿਚ ਕੁਝ ਟਾਹਲੀਆਂ ਪਹਿਲਾਂ ਹੀ ਸਨ, ਕਾਫੀ ਸਾਰੀਆਂ ਅਸੀਂ ਹੋਰ ਲਾ ਦਿੱਤੀਆਂ। ਜਦੋਂ ਟਾਹਲੀਆਂ ਮੱਲ ਗਈਆਂ, ਬਾਪੂ ਜੀ ਨੇ ਝਿੜੀ ਸਣੇ ਉਹ ਜ਼ਮੀਨ ਵੇਚ ਦਿੱਤੀ। ਕੁਝ ਰਕਮ ਪੱਲਿਓਂ ਪਾਈ ਤੇ ਅਜੜਾਮ ’ਚ ਸਾਡੀ ਪਿੰਡ ਵਾਲ਼ੀ ਜ਼ਮੀਨ ਦੇ ਲਾਗੇ ਪੈਂਦੀ 4 ਘੁਮਾਂ ਹਲਕੀ ਜ਼ਮੀਨ ਖਰੀਦ ਲਈ। ਉਹਦੇ ਬਿਲਕੁਲ ਨਾਲ਼ ਲਗਦੀ ਦੋ ਘੁਮਾਂ ਅਸੀਂ ਪਹਿਲਾਂ ਹੀ ਖਰੀਦੀ ਹੋਈ ਸੀ। ਬਾਪੂ ਜੀ ਤੇ ਕੁਲਦੀਪ ਉਸ ਜ਼ਮੀਨ ਨੂੰ ਸੁਆਰਨ ’ਚ ਜੁਟੇ ਹੋਏ ਸਨ। ਦਲਜੀਤ ਸਿੰਘ ਦੀ ਤਨਖਾਹ ਨਾਲ਼ ਘਰ ਦਾ ਲੂਣ-ਤੇਲ ਚੱਲੀ ਜਾਂਦਾ ਸੀ। ਮੈਂ ਤਾਂ ਸ਼ੁਰੂ ਤੋਂ ਹੀ ਥੋੜ੍ਹੇ-ਬਹੁਤ ਬਚਾ ਕੇ ਬਾਪੂ ਜੀ ਦੇ ਹੱਥ ’ਤੇ ਧਰਦਾ ਆ ਰਿਹਾ ਸਾਂ।
ਪੇਪਰਾਂ ਤੋਂ ਵਿਹਲਾ ਹੋ ਕੇ ਕੁਝ ਦਿਨ ਆਰਾਮ ਕਰਨ ਦਾ ਮੂਡ ਸੀ। ਪਰ ਬੁਖਾਰ ਨੇ ਦਬੋਚ ਲਿਆ। ਪਿੰਡ ਦੇ, ਦਵਾਈਆਂ ਬਾਰੇ ਚਾਰ ਕੁ ਅੱਖਰ ਜਾਣਦੇ, ਡਾਕਟਰ ਕੋਲੋਂ ਦਵਾਈ ਲੈ ਲਈ। ਬੁਖਾਰ ਤਾਂ ਠੀਕ ਹੋ ਗਿਆ ਪਰ ਭੁੱਖ ਲੱਗਣੋਂ ਹਟ ਗਈ। ਦਵਾਈ ਜ਼ਿਆਦਾ ਤੇਜ਼ ਸੀ। ਆਪਣੇ ਓਹੜ-ਪੋਹੜ ਕੀਤੇ ਪਰ ਭੁੱਖ ’ਚ ਕੋਈ ਫਰਕ ਨਾ ਪਿਆ। ਹੁਸ਼ਿਆਰਪੁਰ ਦੇ ਇਕ ਐਮ. ਬੀ. ਬੀ. ਐਸ ਡਾਕਟਰ ਨੂੰ ਦਿਖਾਇਆ। ਉਸ ਅਨੁਸਾਰ ਤੇਜ਼ ਦਵਾਈ ਦਾ ਅਸਰ ਲਿਵਰ ’ਤੇ ਪਿਆ ਸੀ।
ਉਸਦੀ ਦਵਾਈ ਨਾਲ਼ ਫਰਕ ਤਾਂ ਪੈ ਰਿਹਾ ਸੀ ਪਰ ਬਹੁਤ ਹੌਲ਼ੀ-ਹੌਲ਼ੀ। ਮੇਰਾ ਛੇ ਕਿੱਲੋ ਭਾਰ ਘਟ ਗਿਆ । ਚਿੰਤਾ ’ਚ ਡੁੱਬਿਆ ਮੈਂ ਹਰ ਵੇਲੇ ਬਿਮਾਰੀ ਬਾਰੇ ਹੀ ਸੋਚਦਾ ਰਹਿੰਦਾ।
ਛੁੱਟੀ ਤੋਂ ਪਰਤ ਕੇ ਮੈਂ ਇਕ ਦਿਨ ਆਪਣੇ ਹਵਾਈ ਅੱਡੇ ਦੇ ਐਮ. ਆਈ. ਰੂਮ ਗਿਆ। ਏਅਰਫੋਰਸ ਦੀ ਭਾਸ਼ਾ ਵਿਚ ਇਸ ਨੂੰ ‘ਸਿੱਕ ਰਿਪੋਰਟ’ ਆਖਦੇ ਹਨ। ਐਮ. ਆਈ. ਰੂਮ ਵਿਚ ਤਿੰਨ-ਚਾਰ ਡਾਕਟਰ ਤੇ ਕੁਝ ਆਮ-ਖਾਸ ਜਿਹੀਆਂ ਦਵਾਈਆਂ ਹੁੰਦੀਆਂ ਹਨ। ਡਾਕਟਰ ਨੇ ਮੇਰੀ ਵਿਥਿਆ ਸੁਣ ਕੇ, ਮੈਨੂੰ ਮਿਲਟਰੀ ਹਸਪਤਾਲ ਚੰਡੀਗੜ੍ਹ ਦੇ ਸਪੈਸ਼ਲਿਸਟ ਕੋਲ਼ ਰੈਫਰ ਕਰ ਦਿੱਤਾ। ਸਪੈਸ਼ਲਿਸਟ ਦੇ ਦਫਤਰ ਦੇ ਬਾਹਰ ਸਾਧਾਰਨ ਰੈਂਕਾ ਵਾਲ਼ੇ ਫੌਜੀ ਮਰੀਜ ਆਪਣੀ ਵਾਰੀ ਦੀ ਉਡੀਕ ਵਿਚ ਬੈਂਚਾ ’ਤੇ ਬੈਠੇ ਸਨ। ਡਾਕਟਰ ਨਾਲ਼ ਬੈਠੇ ‘ਨੈਕ’ ਰੈਂਕ ਦੇ ਮੈਡੀਕਲ ਅਸਿਸਟੈਂਟ ਨੂੰ ਆਪਣਾ ਪੇਪਰ ਫੜਾ ਕੇ ਮੈਂ ਵੀ ਉਨ੍ਹਾਂ ’ਚ ਬੈਠ ਗਿਆ। ਜਦੋਂ ਕੋਈ ਕਮਿਸ਼ੰਡ ਅਫ਼ਸਰ ਮਰੀਜ ਆਉਂਦਾ, ਉਹ ਸਿੱਧਾ ਹੀ ਅੰਦਰ ਚਲੇ ਜਾਂਦਾ।
ਫੌਜ ਦੇ ਹਸਪਤਾਲਾਂ, ਕੈਨਟੀਨਾਂ, ਸਿਨੇਮਾਂ ਘਰਾਂ ਤੇ ਹੋਰ ਥਾਵਾਂ ’ਤੇ ਥਲ, ਜਲ ਤੇ ਹਵਾਈ ਸੈਨਾਵਾਂ ਦੇ ਅਫਸਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਰਾਂਟਿਡ ਪਹਿਲ ਹੁੰਦੀ ਹੈ। ਸਾਧਾਰਨ ਰੈਂਕਾਂ ਨਾਲ਼ ਲਾਈਨਾਂ ’ਚ ਖੜ੍ਹਨ ਜਾਂ ਉਨ੍ਹਾਂ ਸੰਗ ਵਾਰੀ ਦੀ ਉਡੀਕ ਕਰਨ ਨਾਲ਼ ਉਨ੍ਹਾਂ ਦੀ ਸ਼ਾਨ ਮੈਲ਼ੀ ਹੋ ਜਾਂਦੀ ਹੈ।
ਆਵਾਜ਼ ਪੈਣ ’ਤੇ ਮੈਂ ਅੰਦਰ ਚਲਾ ਗਿਆ। ਕਰਨਲ ਰੈਂਕ ਦੇ ਸਪੈਸ਼ਲਿਸਟ ਨੇ ਮੈਨੂੰ ਚੈੱਕ ਕੀਤਾ ਤੇ ਦੋ ਕੁ ਟੈਸਟ ਲਿਖ ਦਿੱਤੇ। ਹਸਪਤਾਲ ਦੀ ਲੈਬਾਰਟਰੀ ’ਚ ਟੈਸਟ ਕਰਵਾ ਕੇ ਮੈਂ ਮੁੜ ਬੈਂਚ ’ਤੇ ਬੈਠ ਗਿਆ। ਟੈਸਟਾਂ ਦੀਆਂ ਰਿਪੋਰਟਾਂ ਡਾਕਟਰ ਕੋਲ਼ ਪਹੁੰਚਣ ’ਤੇ ਦੁਬਾਰਾ ਆਵਾਜ਼ ਪਈ। ਮੈਂ ਅੰਦਰ ਚਲਾ ਗਿਆ। ਮੈਡੀਕਲ ਅਸਿਸਟੈਂਟ ਨੇ ਮੈਨੂੰ ਇਕ ਪੇਪਰ ਫੜਾਇਆ ਤੇ ਆਖਿਆ, “ਇਹ ਪੇਪਰ ਲੈ ਕੇ ਆਪਣੇ ਐਮ. ਆਈ. ਰੂਮ ਰਿਪੋਰਟ ਕਰੋ।” ਮੈਨੂੰ ਆਸ ਸੀ ਕਿ ਸਪੈਸ਼ਲਿਸਟ ਟੈਸਟਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਮੇਰੀ ਬਿਮਾਰੀ ਦੀ ਹੁਣ ਦੀ ਸਥਿਤੀ ਬਾਰੇ ਗੱਲ ਕਰੇਗਾ। ਦਰਅਸਲ ਮੈਨੂੰ ਜ਼ਰਾ ਕੁ ਹੌਸਲੇ ਵਾਲ਼ੇ ਸ਼ਬਦਾਂ ਦੀ ਤਵੱਕੋ ਸੀ। ਉਸ ਵੱਲੋਂ ਕੁਝ ਵੀ ਨਾ ਬੋਲਣ ’ਤੇ ਮੈਂ ਬੇਝਿਜਕ ਹੋ ਕੇ ਪੁੱਛ ਲਿਆ, “ਸਰ! ਕੋਈ ਖਤਰੇ ਵਾਲ਼ੀ ਗੱਲ ਤਾਂ ਨਹੀਂ?” ਸਪੈਸ਼ਲਿਸਟ ਨੇ ਮੇਰੇ ਵੱਲ ਇੰਜ ਝਾਕਿਆ ਜਿਵੇਂ ਮੈਂ ਕੋਈ ਅਣਉਚਿਤ ਗੱਲ ਕਰ ਦਿੱਤੀ ਹੋਵੇ ਤੇ ਫਿਰ ਖਰ੍ਹਵੀਂ ਸੁਰ ’ਚ ਬੋਲਿਆ, “ਨਹੀਂ, ਗੋ।” ‘ਗੋ’ ਸ਼ਬਦ ਦਾ ਉਚਾਰਣ ਦਬਕਾ ਮਾਰਨ ਵਰਗਾ ਸੀ। ਮੇਰਾ ਸਵੈਮਾਣ ਪੱਛਿਆ ਗਿਆ। ਮੈਨੂੰ ਮੁਖਾਤਿਬ ਹੋ ਰਿਹਾ ਬੰਦਾ ਡਾਕਟਰ ਨਹੀਂ, ਅਫਸਰੀ ਹੈਂਕੜ ਨਾਲ਼ ਭਰਿਆ ਕਰਨਲ ਸਾਹਿਬ ਸੀ।
ਘਰ ਆ ਕੇ ਮੈਂ ਸਪੈਸ਼ਲਿਸਟ ਦੇ ਵਿਹਾਰ ਦੀ ਗੱਲ ਕੁਲਵੰਤ ਨਾਲ਼ ਕੀਤੀ। ਉਹ ਕਹਿਣ ਲੱਗੀ, “ਉਹਨੂੰ ਏਦਾਂ ਖਰ੍ਹਵਾ ਨਹੀਂ ਸੀ ਬੋਲਣਾ ਚਾਹੀਦਾ। ਪਰ ਜਦੋਂ ਤੁਸੀਂ ਪੁੱਛਿਆ ਕਿ ਕੋਈ ਖਤਰੇ ਵਾਲ਼ੀ ਗੱਲ ਤਾਂ ਨਹੀਂ, ਉਹਨੇ ‘ਨਹੀਂ’ ਤਾਂ ਕਿਹਾ ਈ ਆ। ਮੈਂ ਤਾਂ ਸਮਝਦੀ ਆਂ ਤੁਹਾਡੇ ਹੌਸਲੇ ਵਾਸਤੇ ਇਹ ਇਕ ਲਫਜ਼ ਹੀ ਕਾਫੀ ਆ… ਪਰ ਜਦ ਤੁਹਾਡੇ ਆਪਣੇ ਅੰਦਰ ਹੀ ਹੌਸਲਾ ਨ੍ਹੀਂ, ਦੂਜਿਆਂ ਦੇ ਹੌਂਸਲੇ ਨਾਲ਼ ਕਿੱਦਾਂ ਫਰਕ ਪੈ ਜੂ। ਤੁਸੀਂ ਬਿਮਾਰੀ ਮਨ ਨੂੰ ਲਾ ਲਈ ਆ। ਇਹਨੂੰ ਮਨ ’ਚੋਂ ਕੱਢੋ। ਐਮ. ਆਈ. ਰੂਮ ਵਾਲ਼ੇ ਡਾਕਟਰ ਨੇ ਤੁਹਾਨੂੰ ਸੈਰ ਕਰਨ ਲਈ ਕਿਹਾ ਸੀ। ਤੁਸੀਂ ਸ਼ੁਰੂ ਹੀ ਨਹੀਂ ਕੀਤੀ।” ਅਗਲੇ ਦਿਨ ਮੈਂ ਸਿੱਕ ਰਿਪੋਰਟ ਕੀਤੀ। ਡਾਕਟਰ ਨੇ ਸਪੈਸ਼ਲਿਸਟ ਦੀ ਰਿਪੋਰਟ ਦੇਖ ਕੇ ਦਵਾਈਆਂ ਦੇ ਦਿੱਤੀਆਂ। ਫਿਕਰ ਨਾ ਕਰਨ ਲਈ ਵੀ ਕਿਹਾ।
ਹਫਤੇ ਕੁ ਬਾਅਦ ਸਾਨੂੰ ਹਵਾਈ ਸੈਨਿਕਾਂ ਦੇ ਸੈਕਟਰ 31 ਵਿਚ ਕੁਆਟਰ ਮਿਲ਼ ਗਿਆ। ਇਸ ਸੈਕਟਰ ਦੇ ਲਹਿੰਦੇ ਪਾਸੇ ਵਾਲ਼ਾ 33 ਸੈਕਟਰ ਉਦੋਂ ਖਾਲੀ ਪਿਆ ਸੀ। ਕੁਝ ਕੁ ਕੋਠੀਆਂ ਹੀ ਬਣੀਆਂ ਸਨ। ਮੈਂ ਸੈਰ ਵਾਸਤੇ ਸਵੇਰੇ 5 ਵਜੇ ਓਧਰ ਨਿਕਲ਼ ਜਾਂਦਾ। ਸ਼ਾਂਤਮਈ ਆਲ਼ੇ-ਦੁਆਲ਼ੇ ’ਚ ਲੰਮੇ ਤੇ ਭਰਵੇਂ ਸਾਹ ਲੈਂਦਿਆਂ ਮੈਂ ਆਪਣੇ ਆਪ ਨੂੰ ਤਾਜ਼ਾ-ਦਮ ਮਹਿਸੂਸ ਕਰਦਾ। ਮਨ ’ਚ ਟਿਕਾਅ ਆਉਣ ਲੱਗ ਪਿਆ… ਅੱਜ ਹੋਰ ਕਲ੍ਹ ਹੋਰ… ਅੰਦਰਲੀ ਨਿਰਾਸ਼ਤਾ ਪੇਤਲੀ ਪੈਣ ਲੱਗ ਪਈ।
ਐਮ. ਏ ਪੰਜਾਬੀ ਦੀ ਸ਼ੁਰੂਆਤ
ਐਮ.ਏ ਅੰਗ੍ਰਜ਼ੀ ਦਾ ਮੋਰਚਾ ਫਤਿਹ ਤਾਂ ਹੋ ਗਿਆ ਪਰ ਡਵੀਜ਼ਨ ਥਰਡ ਹੀ ਬਣੀ। ਡਵੀਜ਼ਨ ਇਮਪੂਰਵ ਕਰਨ ਲਈ ਮੈਂ ‘ਨਿਊ ਐਰਾ ਕਾਲਜ’ ( New Era Colege) ਜਾਣ ਲੱਗ ਪਿਆ। ਇਹ ਪ੍ਰਾਈਵੇਟ ਕਾਲਜ ਮੈਨੂੰ ਲਾਗੇ ਪੈਂਦਾ ਸੀ ਤੇ ਸ਼ਾਮ ਦੀ ਕਲਾਸ ਦਾ ਟਾਈਮ ਵੀ ਮੇਰੀ ਫੁਰਸਤ ਦੇ ਅਨੁਕੂਲ ਸੀ। ਅਜੇ ਤਿੰਨ ਕੁ ਮਹੀਨੇ ਹੀ ਲਾਏ ਸਨ ਕਿ ਪੰਜਾਬੀ ਅਖਬਾਰਾਂ ’ਚ ਸਾਹਿਤਕ ਮੈਟਰ ਪੜ੍ਹਨ ਦੇ ਅਸਰ ਹੇਠ ਮੇਰੇ ਅੰਦਰਲਾ ਲੇਖਕ ਉਤਾਵਲਾ ਹੋ ਗਿਆ। ਪੰਜਾਬ ਤੋਂ ਬਾਹਰ ਦੀ ਨੌਕਰੀ ਦੇ 12 ਸਾਲ ਮੈਂ ਅੰਗ੍ਰੇਜ਼ੀ ਅਖਬਾਰਾਂ ਹੀ ਪੜ੍ਹਦਾ ਰਿਹਾ ਸਾਂ। ਪੰਜਾਬੀ ਅਖਬਾਰਾਂ ਓਥੇ ਉਪਲਬਧ ਨਹੀਂ ਸਨ ਤੇ ਸਾਹਿਤਕ ਪਰਚਿਆਂ ਬਾਰੇ ਮੈਨੂੰ ਕੁਝ ਪਤਾ ਹੀ ਨਹੀਂ ਸੀ। ਚੰਡੀਗੜ੍ਹ ਆ ਕੇ ਪੰਜਾਬੀ ਅਖਬਾਰਾਂ ’ਚ ਦਿਲਚਸਪੀ ਬਣ ਗਈ। ਉਨ੍ਹਾਂ ਅਖਬਾਰਾਂ ਵਿਚ ਛਪਦੇ ਕਿਤਾਬਾਂ ਦੇ ਰੀਵਿਊ ਤੇ ਰਿਲੀਜ਼-ਸਮਾਗਮਾਂ ਦੀਆਂ ਖਬਰਾਂ ਪੜ੍ਹਦਿਆਂ ਮੇਰੇ ਅੰਦਰਲਾ ਲੇਖਕ ਹੁੱਝਾਂ ਮਾਰਨ ਲੱਗ ਪੈਂਦਾ ਕਿ ‘ਤੂੰ ਕਿਉਂ ਨਹੀਂ ਲਿਖ ਰਿਹਾ?’ ਇਹ ਸਵਾਲ ਪਹਿਲਾਂ ਵੀ ਕਦੀ-ਕਦੀ ਮਨ ’ਚ ਉੱਭਰ ਪੈਂਦਾ ਸੀ ਪਰ ਹੁਣ ਤੀਖਣ ਹੋ ਗਿਆ।
ਪੜ੍ਹਾਈ ਦੇ ਚੱਕਰ ’ਚ ਰਚਨਾਕਾਰੀ ਤੋਂ ਟੁੱਟਿਆਂ 8 ਸਾਲ ਹੋ ਗਏ ਸਨ। ਨਾਵਲ ਦੀ ਰਚਨਾ ਤੋਂ ਬਾਅਦ ਮੈਂ ਕੁਝ ਵੀ ਨਹੀਂ ਸੀ ਲਿਖਿਆ। ਨੌਕਰੀ, ਪੜ੍ਹਾਈ ਅਤੇ ਪਰਿਵਾਰ (ਜਿਸਨੂੰ ਨੌਕਰੀ ਦੌਰਾਨ ਮੈਂ ਨਾਲ਼ ਹੀ ਰੱਖਿਆ ਸੀ) ਦੀ ਦੇਖ-ਭਾਲ਼ ਦੇ ਰੁਝੇਵਿਆਂ ’ਚ ਤਨ-ਮਨ ਦੀ ਬੱਸ ਹੋ ਜਾਂਦੀ ਸੀ। ਚਾਹੁੰਦਾ ਹੋਇਆ ਵੀ ਮੈਂ ਲਿਖਣ-ਕਾਰਜ ਨਹੀਂ ਸੀ ਕਰ ਸਕਿਆ। ਹੁਣ ਹੋਰ ਦੇਰ ਕਰਨੀ ਰੂਹ ਨੂੰ ਪ੍ਰਵਾਨ ਨਹੀਂ ਸੀ। ਸੋ ਮੈਂ ਰੂਹ ਦੇ ਅਨੁਸਾਰ ਲੋੜੀਂਦਾ ਬਦਲਾਅ ਲੱਭਣ ਲੱਗ ਪਿਆ… ਸੋਚ-ਵਿਚਾਰ ਤੋਂ ਬਾਅਦ ਇਸ ਸਿੱਟੇ ’ਤੇ ਪਹੁੰਚਾ ਕਿ ਡਵੀਜ਼ਨ ਇਮਪਰੂਵ ਕਰਨ ਦਾ ਮੇਰਾ ਫੈਸਲਾ ਠੀਕ ਨਹੀਂ ਸੀ। ਏਅਰਫੋਰਸ ਛੱਡ ਕੇ ਮੇਰੀ ਪਲਾਨ ਅਧਿਆਪਕੀ ਦੇ ਖੇਤਰ ’ਚ ਜਾਣ ਦੀ ਨਹੀਂ ਸੀ। ਬੈਂਕ ਦੀ ਜਾਂ ਕੋਈ ਸਰਕਾਰੀ ਨੌਕਰੀ ਕਰਨ ਦਾ ਵਿਚਾਰ ਸੀ। ਇਨ੍ਹਾਂ ਨੌਕਰੀਆਂ ਵਾਸਤੇ ਡਵੀਜ਼ਨ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ। ਟੈਸਟ ਪਾਸ ਕਰਨੇ ਹੁੰਦੇ ਹਨ। ਉਨ੍ਹਾਂ ਬਾਰੇ ਮੈਨੂੰ ਵਿਸ਼ਵਾਸ ਸੀ, ਮੈਂ ਪਾਸ ਕਰ ਹੀ ਲੈਣੇ ਸਨ। ਸੋ ਸਿਰਜਣਾਤਮਿਕ ਕਾਰਜ ਨੂੰ ਮੁੱਖ ਰੱਖਦਿਆਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ-ਵਿਹਾਰ ਸਿੱਖਿਆ ਪ੍ਰਣਾਲੀ ਰਾਹੀਂ ਪੰਜਾਬੀ ਦੀ ਐਮ. ਏ ਸ਼ੁਰੂ ਕਰ ਲਈ। ਇਸ ਪੜ੍ਹਾਈ ਰਾਹੀਂ ਜਿੱਥੇ ਮੈਨੂੰ ਪੰਜਾਬੀ ਸਾਹਿਤ ਦੀ ਜਾਣਕਾਰੀ ਪ੍ਰਾਪਤ ਹੋਣੀ ਸੀ, ਉੱਥੇ ਇਸ ਨੇ ਮੇਰੀ ਸਿਰਜਣਾਤਮਿਕਤਾ ਵਿਚ ਵੀ ਸਹਾਈ ਹੋਣਾ ਸੀ।
ਪੜ੍ਹਨ-ਲਿਖਣ ਲਈ ਮੇਰੀ ਯੂਨਿਟ ਦਾ ਰੁਟੀਨ, ਸੁਕਆਡਰਨਾਂ ਦੇ ਮੁਕਾਬਲੇ ਸੁਖਾਲ਼ਾ ਸੀ। ਸੁਕਆਡਰਨਾਂ ਵਿਚ ਅਤਿ ਦੇ ਗਰਮ ਤੇ ਸਰਦ ਮੌਸਮਾਂ ਦੌਰਾਨ ਜਹਾਜ਼ਾਂ ਦੀਆਂ ਉਡਾਣਾਂ ਤੋਂ ਪਹਿਲਾਂ ਤੇ ਬਾਅਦ ਵਾਲ਼ੀਆਂ ਸਰਵਿਸਾਂ ਅਤੇ ਜਹਾਜ਼ਾਂ ਵਿਚ ਫਿਊਲ ਤੇ ਤੇਲ ਭਰਨ ਦੇ ਕੰਮ ਬਾਹਰ ਹੀ ਕਰਨੇ ਪੈਂਦੇ ਸਨ। ਲੋੜ ਪੈਣ ’ਤੇ ਕੰਮ ਦੇ ਘੰਟੇ ਵੀ ਵਧਾ ਦਿੱਤੇ ਜਾਂਦੇ ਸਨ। ਪਰ ਬੀ.ਆਰ.ਡੀ ’ਚ ਸਾਰਾ ਕੁਝ ਅੰਦਰ ਹੀ ਸੀ ਅਤੇ ਫੈਕਟਰੀ ਵਰਗੇ ਰੁਟੀਨ ਅਨੁਸਾਰ ਕੰਮ ਦੇ ਘੰਟੇ ਵੀ ਇਕਸਾਰ ਸਨ, 7 ਵਜੇ ਤੋਂ 2 ਵਜੇ ਤੱਕ। ਪਰੇਡਾਂ ਬਹੁਤ ਘੱਟ। ਪੀ. ਟੀ ਬਿਲਕੁਲ ਨਹੀਂ।
ਬੀ. ਆਰ. ਡੀਆਂ ਵਿਚ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ ਦੀ ਓਵਰਹਾਲਿੰਗ ਕੀਤੀ ਜਾਂਦੀ ਹੈ। ਸਾਡੇ ਵਾਲ਼ੀ ’ਚ MI-4 ਹੈਲੀਕਾਪਰ ਦੀ ਓਵਰਹਾਲਿੰਗ ਹੁੰਦੀ ਸੀ। ਜਿਹੜੇ ਜਹਾਜ਼ ਦੇ ਉਮਰ-ਘੰਟੇ ਪੂਰੇ ਹੋ ਜਾਂਦੇ ਉਸ ਨੂੰ ਏਥੇ ਪਹੁੰਚਾ ਦਿੱਤਾ ਜਾਂਦਾ। ਸਭ ਤੋਂ ਪਹਿਲਾਂ ਜਹਾਜ਼ ਦੇ ਸਾਰੇ ਪਾਰਟ-ਪੁਰਜੇ ਖ੍ਹੋਲ ਕੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਜਾਂਦੀ। ਫਿਰ ਸਾਰੀਆਂ ਟਰੇਡਾਂ ਵਾਲ਼ੇ ਓਵਰਹਾਲਿੰਗ ਸੰਬੰਧੀ ਗਾਈਡ ਪੁਸਤਕਾਂ (Air Publications) ਅਨੁਸਾਰ ਆਪੋ-ਆਪਣੇ ਪਾਰਟਾਂ-ਪੁਰਜਿਆ ਨੂੰ ਮਸ਼ੀਨਾਂ ਅਤੇ ਸਪੈਸ਼ਲ ਸੰਦਾ ਰਾਹੀਂ ਚੈੱਕ ਕਰਦੇ। ਜਿਹੜੇ ਪਾਰਟ-ਪੁਰਜੇ ਕਰੈਕ ਹੋ ਗਏ ਹੁੰਦੇ ਜਾਂ ਪ੍ਰਮਾਣਿਕ ਹੱਦ ਤੋਂ ਜ਼ਿਆਦਾ ਘਸ ਗਏ ਹੁੰਦੇ, ਉਨ੍ਹਾਂ ਦੀ ਥਾਂ ਨਵੇਂ ਪਾ ਦਿੱਤੇ ਜਾਂਦੇ। ਉਨ੍ਹਾਂ ਚੈਕਿੰਗਾ ਤੋਂ ਬਾਅਦ ਦੂਜੀਆਂ ਟਰੇਡਾਂ ਵਾਂਗ ਸਾਡੀ ਟਰੇਡ ਦੇ ਸਾਰੇ ਪਾਰਟ-ਪੁਰਜੇ ਅਸੈਂਬਲੀ ਹਾਲ ’ਚ ਪਹੁੰਚ ਜਾਂਦੇ। ਏਅਰ-ਕੰਨਡੀਸ਼ੰਡ ਅਸੈਂਬਲੀ ਹਾਲ ਅਤਿ-ਸੂਖਮ ਸੰਦਾਂ ਤੇ ਮਸ਼ੀਨਾਂ ਨਾਲ਼ ਲੈਸ ਸੀ। ਸਾਰੇ ਕੁਝ ਨੂੰ ਜੋੜਨ-ਬੀੜਨ ਵਾਸਤੇ ਇੰਜਣ ਨੂੰ ਤਿੰਨ ਭਾਗਾਂ ਵਿਚ ਅਸੈਂਬਲ ਕੀਤਾ ਜਾਂਦਾ ਸੀ— ਨੋਜ਼ (ਚੁੰਝ) ਸੈਕਸ਼ਨ, ਸੈਂਟਰ (ਵਿਚਕਾਰਲਾ) ਸੈਕਸ਼ਨ ਤੇ ਰੀਅਰ (ਪਿਛਲਾ) ਸੈਕਸ਼ਨ।
ਆਮ ਜਹਾਜ਼ਾਂ ਦੇ ਇੰਜਣ ਜ਼ਮੀਨ ਦੇ ਸਮਾਨਾਂਤਰ ਹੁੰਦੇ ਹਨ ਤੇ ‘ਨੋਜ਼ ਸੈਕਸ਼ਨ’ ਮੂਹਰਲੇ ਪਾਸੇ ਹੁੰਦਾ ਹੈ। ਪਰ ਹੈਲੀਕਾਪਟਰ ਦਾ ਇੰਜਣ ਖੜਵੇਂ ਰੁੱਖ (Vertical) ਹੋਣ ਕਰਕੇ ‘ਨੋਜ਼ ਸੈਕਸ਼ਨ’ ਸਭ ਤੋਂ ਉੱਪਰ ਹੁੰਦਾ ਹੈ। ਇਸ ਸੈਕਸ਼ਨ ਦੇ ਮਕੈਨਿਜ਼ਮ ਰਾਹੀਂ ਹੈਲੀਕਾਪਟਰ ਉੱਪਰਲਾ ਪੱਖਾ ਵੱਖ-ਵੱਖ ਸਪੀਡਾਂ ਤੇ ਚਲਦਾ ਹੈ। ਸੈਂਟਰ ਸੈਕਸ਼ਨ ’ਚ ਕਰੈਂਕਸ਼ਾਫਟ ਤੇ ਹੋਰ ਵੱਡੇ ਪੁਰਜੇ ਹੁੰਦੇ ਹਨ ਤੇ ਰੀਅਰ ਸੈਕਸ਼ਨ ਵਿਚ ਜਹਾਜ਼ ਦੇ ਆਇਲ ਪੰਪ, ਵਾਇਰਲੈੱਸ ਸੈੱਟ, ਜਨਰੇਟਰ ਆਦਿ ਸਹਾਇਕ ਪੁਰਜੇ। ‘ਨੋਜ਼ ਸੈਕਸ਼ਨ’ ’ਚ ਅਸੀਂ ਤਿੰਨ ਜਣੇ ਸਾਂ। ਇੰਚਾਰਜ ਸਰਜੈਂਟ ਕੁਲਕਰਨੀ (ਮਰਾਠੀ) ਕਾਰਪੋਰਲ ਯਾਦਵ (ਹਰਿਆਣਵੀ) ਤੇ ਮੈਂ।
ਤਿੰਨਾਂ ਭਾਗਾਂ ਦੀਆਂ ਅੱਡ-ਅੱਡ ਸਰਵਿਸਾਂ ਮੁਕੰਮਲ ਕਰਕੇ ਉਨ੍ਹਾਂ ਨੂੰ ਆਪਸ ’ਚ ਜੋੜ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਤਕਨੀਸ਼ਨਾਂ ਦੀ ਵੱਖਰੀ ਟੀਮ ਇੰਜਣ ਨੂੰ ਟੈਸਟ-ਬੈੱਡ ’ਤੇ ਫਿੱਟ ਕਰਕੇ ਉਸਦਾ ਨਿਭਾਅ ਚੈੱਕ ਕਰਦੀ ਸੀ। ਟੈਸਟ-ਬੈੱਡ ਦੀ ਬਣਤਰ, ਜਹਾਜ਼ ਦੀ ਬਣਤਰ ਦੇ ਅਨੁਕੂਲ ਹੁੰਦੀ ਹੈ। ਸੋ ਟੈਸਟ-ਬੈੱਡ ’ਤੇ ਚੈੱਕ ਕੀਤੇ ਇੰਜਣ ਦਾ ਨਿਭਾਅ, ਜਹਾਜ਼ ’ਤੇ ਫਿੱਟ ਕੀਤੇ ਇੰਜਣ ਦੇ ਬਰਾਬਰ ਹੁੰਦਾ ਹੈ।
ਓਵਰਹਾਲਿੰਗ ਦੌਰਾਨ ਤਕਨੀਸ਼ਨਾਂ ਵੱਲੋਂ ਕੀਤੇ ਹਰ ਕੰਮ ਦੇ ਵੇਰਵੇ, ਰਿਕਾਰਡ ਵਜੋਂ ਸੰਬੰਧਿਤ ਫਾਰਮਾਂ ’ਚ ਦਰਜ ਕੀਤੇ ਜਾਂਦੇ ਹਨ।
ਬਾਹਰਲੇ ਦੇਸ਼ਾਂ ਤੋਂ ਖਰੀਦੇ ਜਹਾਜ਼ਾਂ ਦੇ ਨਿਰਮਾਤਾ, ਵੱਧ ਪੁਰਜੇ ਵੇਚਣ ਦੇ ਲਾਲਚ ’ਚ, ਆਪਣੀਆਂ ਏਅਰ ਪਬਲੀਕੇਸ਼ਨਜ਼ ਵਿਚ ਕਿਤੇ-ਕਿਤੇ ਤਰਕਹੀਣ ਹਦਾਇਤਾਂ ਵੀ ਲਿਖ ਦੇਂਦੇ ਹਨ। MI- 4 ਹੈਲੀਕਾਪਟਰ ਰੂਸ ਤੋਂ ਖਰੀਦੇ ਹੋਏ ਸਨ। ਇਸ ਜਹਾਜ਼ ਦੀ ਕਰੈਂਕਸ਼ਾਫਟ ਤਿੰਨ ਹਿੱਸਿਆਂ ਦਾ ਜੋੜ ਸੀ। ਹਦਾਇਤ ਇਹ ਸੀ ਕਿ ਤਿੰਨ੍ਹਾਂ ਵਿੱਚੋਂ ਜੇ ਇਕ ਹਿੱਸਾ ਕਰੈਕ ਹੋ ਜਾਏ ਜਾਂ ਜ਼ਿਆਦਾ ਘਸ ਜਾਏ, ਤਿੰਨੇ ਹਿੱਸੇ ਬਦਲੇ ਜਾਣ।
ਸੈਂਟਰ ਸੈਕਸ਼ਨ ਦੇ ਤਕਨੀਸ਼ਨਾਂ ਨੇ ਆਪਣੇ ਤੌਰ ’ਤੇ ਨਾਪ-ਤੋਲ ਕਰਕੇ ਵੇਖ ਲਿਆ ਸੀ ਕਿ ਜੇ ਸਿਰਫ ਕਰੈਕ ਜਾਂ ਘਸਿਆ ਹੋਇਆ ਹਿੱਸਾ ਹੀ ਬਦਲਿਆ ਜਾਵੇ ਤਾਂ ਵੀ ਤਿੰਨਾਂ ਹਿੱਸਿਆਂ ਦੀ ਇਕਜੁਟਤਾ ਬਣ ਸਕਦੀ ਸੀ। ਉਨ੍ਹਾਂ ਨੇ ਇੰਜਨੀਅਰਿੰਗ ਅਫਸਰ ਸੁਕਆਡਰਨ ਲੀਡਰ ਔਜਲਾ ਨਾਲ਼ ਗੱਲ ਕੀਤੀ। ਉਸਨੇ ਇਕ ਇੰਜਣ- ਜਿਸਦੀ ਕਰੈਂਕਸ਼ਾਫਟ ਦਾ ਸਿਰਫ ਇਕ ਹਿੱਸਾ ਹੀ ਬਦਲਿਆ ਗਿਆ ਸੀ-ਨੂੰ ਟੈਸਟ-ਬੈੱਡ ’ਤੇ ਚੈੱਕ ਕਰਨ ਵਾਸਤੇ, ਚੀਫ ਟੈਕਨੀਕਲ ਅਫਸਰ ਕੋਲ਼ੋਂ ਇਜਾਜ਼ਤ ਲੈ ਲਈ। ਟੈਸਟ-ਬੈੱਡ ਤੇ ਵਿਸ਼ੇਸ਼ ਸਾਵਧਾਨੀ ਵਰਤੀ ਗਈ। ਇੰਜਣ ਦਾ ਨਿਭਾਅ ਠੀਕ ਰਿਹਾ। ਕੁਝ ਦਿਨਾਂ ਦੇ ਵਕਫੇ ਬਾਅਦ ਇੰਜਣ ਦੂਜੀ ਵਾਰ ਟੈਸਟ ਕੀਤਾ ਗਿਆ। ਨਿਭਾਅ ਸੌ ਫੀ ਸਦੀ ਠੀਕ ਸੀ। ਹਦਾਇਤਾਂ ’ਚ ਤਰਮੀਮ ਕਰ ਦਿੱਤੀ ਗਈ। ਭਾਰਤ ਸਰਕਾਰ ਦੇ ਖਜਾਨੇ ’ਤੇ ਪੈਂਦਾ ਕੁਝ ਬੋਝ ਘਟ ਗਿਆ।
ਕਹਾਣੀ ਨਾਲ਼ ਨਾਤਾ
ਐਮ.ਏ ਪੰਜਾਬੀ ਦੇ ਪਹਿਲੇ ਭਾਗ ਦੇ ਸਿਲੇਬਸ ਵਿਚ ਤਿੰਨ ਕਹਾਣੀ ਸੰਗ੍ਰਹਿ ਲੱਗੇ ਹੋਏ ਸਨ— ਸੁਜਾਨ ਸਿੰਘ ਦਾ ‘ਦੁੱਖ ਸੁੱਖ’ ਕਰਤਾਰ ਸਿੰਘ ਦੁੱਗਲ ਦਾ ‘ਪਾਰੇ ਮੈਰੇ’ ਤੇ ਕੁਲਵੰਤ ਸਿੰਘ ਵਿਰਕ ਦਾ ‘ਨਵੇਂ ਲੋਕ’। ਉਦੋਂ ਤੱਕ ਮੈਂ ਨਾਵਲ ਤਾਂ ਬਹੁਤ ਪੜ੍ਹੇ ਸਨ ਪਰ ਕਹਾਣੀਆਂ ਬਹੁਤ ਹੀ ਘੱਟ। ਉਹ ਵੀ ਐਵੇਂ ਹਲਕੀਆਂ-ਫੁਲਕੀਆਂ ਜਿਹੀਆਂ ਤੇ ਮੇਰੀ ਇਹ ਧਾਰਨਾ ਬਣੀ ਹੋਈ ਸੀ ਕਿ ਕਹਾਣੀ ਅਹਿਮ ਤੇ ਗੰਭੀਰ ਵਿਸ਼ਿਆਂ ਦੀ ਵਾਹਕ ਨਹੀਂ ਬਣ ਸਕਦੀ। ਪਰ ਇਨ੍ਹਾਂ ਤਿੰਨ੍ਹਾਂ ਸੰਗ੍ਰਿਹਾਂ ਦੀ ਪੜ੍ਹਤ ਨੇ ਮੇਰੀ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ।
ਐਮ.ਏ ਦੇ ਚਾਰੇ ਪੇਪਰਾਂ ਬਾਰੇ ਯੂਨੀਵਰਸਿਟੀ ਵੱਲੋਂ ਭੇਜੇ ਜਾਂਦੇ ਲੈਸਨਾਂ ਵਿਚ ਕਹਾਣੀ ਦੇ ਵਿਦਵਾਨਾਂ ਦੇ ਲੇਖ ਵੀ ਹੁੰਦੇ ਸਨ। ਉਨ੍ਹਾਂ ਲੇਖਾਂ ਵਿਚ ਕਹਾਣੀ ਦੇ ਰੂਪ, ਟੈਕਨੀਕ, ਬਣਤਰ ਆਦਿ ਬਾਰੇ ਪੜ੍ਹਦਿਆਂ ਮੈਂ ਕਹਾਣੀ ਦੀ ਵਿਧਾ ਵੱਲ ਖਿੱਚਿਆ ਗਿਆ।
ਯੂਨੀਵਰਸਿਟੀ ਵੱਲੋਂ ਸਾਲ ਵਿਚ ਦੋ ‘ਪਰਸਨਲ ਕਾਂਟੈਕਟ ਪ੍ਰੋਗਰਾਮ’ ਕੀਤੇ ਜਾਂਦੇ ਸਨ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ’ਚ ਸੱਦ ਕੇ ਹੋਸਟਲਾਂ ਵਿਚ ਠਹਿਰਾਇਆ ਜਾਂਦਾ। ਦੱਸ-ਬਾਰਾਂ ਦਿਨ ਦੇ ਉਨ੍ਹਾਂ ਪ੍ਰੋਗਰਾਮਾਂ ਵਿਚ ਬਾਕਾਇਦਾ ਕਲਾਸਾਂ ਲਗਦੀਆਂ। ਪ੍ਰੋਫੈਸਰ ਆਪੋ ਆਪਣੇ ਸਬਕ ਪੜ੍ਹਾਉਂਦੇ। ਸਿਲੇਬਸ ਦੀਆਂ ਕਹਾਣੀਆਂ ਬਾਰੇ ਲੈਕਚਰ ਸੁਣ ਕੇ ਮੈਨੂੰ ਕਹਾਣੀ ਦੀ ਹੁਨਰਮੰਦੀ ਦੀ ਸਮਝ ਆ ਗਈ… ਕਹਾਣੀ ਦੀ ਵਿਧਾ ਮੈਨੂੰ ਆਪਣੀ ਲਿਖਣ-ਰੁਚੀ ਦੇ ਵਧੇਰੇ ਅਨੁਕੂਲ ਲੱਗੀ… ਤੇ ਮੈਂ ਯੂਨੀਵਰਸਿਟੀ ’ਚ ਹੀ ਆਪਣੀ ਪਹਿਲੀ ਕਹਾਣੀ ਲਿਖ ਮਾਰੀ। ਡਾ. ਤ੍ਰਿਲੋਕ ਆਨੰਦ ਨੂੰ ਦਿਖਾਈ। “ਇਹ ਤੁਹਾਡੀ ਪਹਿਲੀ ਕਹਾਣੀ ਹੈ?” ਉਸਨੇ ਪੁੱਛਿਆ।
ਮੇਰੇ ਵੱਲੋਂ ‘ਹਾਂ’ ਕਹਿਣ ’ਤੇ ਉਹ ਬੋਲਿਆ, “ਇਹ ਕਹਾਣੀ ਬਣ ਗਈ ਹੈ। ਤੁਹਾਡੇ ’ਚ ਸੰਭਾਵਨਾਵਾਂ ਹੈਗੀਆਂ ਨੇ, ਲਿਖਣਾ ਜਾਰੀ ਰੱਖੋ।”
ਕਹਾਣੀ ਦਾ ਨਾਂ ਹੈ ‘ਚਾਬੀ।’ ਅਕਤੂਬਰ 1974 ਦੀ ਗੱਲ ਹੈ ਇਹ। 30 ਸਾਲ ਦੀ ਉਮਰ ਸੀ ਉਦੋਂ ਮੇਰੀ। ਮੈਂ ਨਾਵਲਕਾਰੀ ਦੀਆਂ ਸਕੀਮਾਂ ਤਿਆਗ ਦਿੱਤੀਆਂ ਤੇ ਕਹਾਣੀ ਨਾਲ਼ ਨਾਤਾ ਬਣਾ ਲਿਆ। ਪਹਿਲਾਂ ਲਿਖੇ ਨਾਵਲ ਨੂੰ ਸੋਧਣ ਦਾ ਵਿਚਾਰ ਵੀ ਛੱਡ ਦਿੱਤਾ। ‘ਚਾਬੀ’ ਕਹਾਣੀ ਦਾ ਮੁੱਖ ਪਾਤਰ ਨਿਰਾਸ਼ਤਾ ’ਚ ਗ੍ਰਸਿਆ ਹੋਇਐ। ਉਸ ਨੂੰ ਪੀਲ਼ੀਏ ਦੀ ਬਿਮਾਰੀ ਹੋਈ ਸੀ। ਪੀਲ਼ੀਆ ਤਾਂ ਖਤਮ ਹੋ ਚੁੱਕਾ ਹੈ ਪਰ ਡਾਕਟਰ ਦੀ ਕਹੀ ਹੋਈ ਗੱਲ, “ਪੀਲ਼ੀਏ ਨੇ ਤੁਹਾਡੇ ਲਿਵਰ ’ਤੇ ਅਸਰ ਕੀਤਾ ਹੈ” ਬਾਰੇ ਸੋਚ-ਸੋਚ ਉਹ ਚਿੰਤਾ ’ਚ ਡੁੱਬਿਆ ਰਹਿੰਦੈ। ਕਹਾਣੀ ਵਿਚਲੀ ਸਥਿਤੀ ਅਤੇ ਪਤਨੀ ਵੱਲੋਂ ਮਿਲ਼ੇ ਧੀਰਜ ਨੂੰ ਪੱਲੇ ਬੰਨ੍ਹਣ ਦੀ ਪ੍ਰੇਰਨਾ ਉਸਦੀ ਨਾਂਹ-ਪੱਖੀ ਸੋਚ ਨੂੰ ਹਾਂ-ਪੱਖੀ ਬਣਾਉਣ ਵਿਚ ਸਹਾਈ ਹੁੰਦੀ ਹੈ। ਸੰਕੇਤਕ ਰੂਪ ’ਚ ਕਹਾਣੀ ਵਿਚਲਾ ਸੁਨੇਹਾ ਇਹ ਹੈ ਕਿ ਹਾਂ-ਪੱਖੀ ਸੋਚ ਦੀ ਚਾਬੀ ਮਨੁੱਖ ਦੇ ਅੰਦਰ ਹੀ ਪਈ ਹੁੰਦੀ ਹੈ। ਇਸਦੀ ਹੋਂਦ ਤੋਂ ਦੂਰ ਨਹੀਂ ਜਾਣਾ ਚਾਹੀਦਾ। ਅਸਲ ਵਿਚ ਇਸ ਕਹਾਣੀ ਦਾ ਮੁੱਖ ਪਾਤਰ ਮੈਂ ਆਪ ਹੀ ਸਾਂ। ਵਿਸ਼ਾ ਸੀ ਮੇਰੇ ਲਿਵਰ ਦੀ ਬਿਮਾਰੀ ਜਿਹੜੀ ਮੈਂ ਮਨ ਨੂੰ ਲਾ ਕੇ ਨਿਰਾਸ਼ਤਾ ਸਹੇੜ ਲਈ ਸੀ।
ਭਾਰਤ ਦੇ ਅਨੇਕਾਂ ਇਲਾਕਿਆਂ ਅਤੇ ਉੱਥੋਂ ਦੇ ਲੋਕਾਂ ਬਾਰੇ ਅਨੁਭਵ ਹੋਣ ਦੇ ਬਾਵਜੂਦ ਮੇਰਾ ਕਹਾਣੀ ਰਚਣ ਦਾ ਕਾਰਜ ਸਵੈ ਅਤੇ ਘਰ-ਪਰਿਵਾਰ ਤੋਂ ਸ਼ੁਰੂ ਹੋਇਆ।
‘ਚਾਬੀ’ ਤੋਂ ਅਗਲੀਆਂ ਕਹਾਣੀਆਂ ‘ਬੂਸਟਰ’ ‘ਬੁਰਜ ਦੀ ਇੱਟ’, ‘ਸਿਆਹੀ ਫੈਲ ਗਈ’ ਵਿਚ ਮੈਂ ਸਵੈ, ਪਤਨੀ ਤੇ ਬੇਟਿਆਂ ਨੂੰ ਪਾਤਰ ਬਣਾਇਆ। ਇਨ੍ਹਾਂ ਕਹਾਣੀਆਂ ਵਿਚ ਮੈਂ ਮਰਦ ਪਾਤਰਾਂ ਨੂੰ ਆਪਣੀਆਂ ਪਤਨੀਆਂ ਤੇ ਬੱਚਿਆਂ ਵੱਲੋਂ ਮਿਲ਼ਦੇ ਸਨੇਹ, ਸਹਿਯੋਗ ਅਤੇ ਹੌਸਲੇ ਸਦਕਾ ਜ਼ਿੰਦਗੀ ਦੀਆਂ ਔਕੜਾਂ-ਮੁਸ਼ਕਲਾਂ ਨਾਲ਼ ਜੂਝਦੇ ਵਿਖਾਇਆ ਹੈ।
ਕਹਾਣੀਆਂ ਸੈਰ ਕਰਦਿਆਂ ਜਾਂ ਆਪਣੇ ਕੁਆਟਰ ਦੀ ਬਾਲਕੋਨੀ ’ਚ ਬੈਠਿਆਂ ਫੁਰਦੀਆਂ ਸਨ। ਦੁਮੰਜਲੇ ਕੁਆਟਰਾਂ ਵਿਚ ਸਾਡਾ ਕੁਆਟਰ ਉੱਪਰ ਸੀ। ਦੋ ਉੱਪਰਲੇ ਤੇ ਦੋ ਹੇਠਲੇ ਕੁਆਟਰਾਂ ਦੇ ਦਰਵਾਜ਼ੇ ਆਹਮੋ ਸਾਹਮਣੇ ਸਨ। ਦੋ ਗਵਾਂਢੀਆਂ ਬਾਲਾ ਸੁਬਰਾਮਨੀਅਮ (ਤਾਮਿਲ) ਤੇ ਦਿਵਿਆ ਗਹਿਲੋਤ (ਰਾਜਸਥਾਨੀ) ਨਾਲ਼ ਸਾਡੀ ਵਧੀਆ ਬੋਲਚਾਲ ਸੀ। ਤੀਜਾ ਗਵਾਂਢੀ ਕੋਕੜੂ ਮੋਠ ਸੀ। ਬਾਲਾ ਸੁਬਰਾਮਨੀਅਮ ਨਾਲ਼ ਤਾਂ ਸਾਡੀ ਪਰਿਵਾਰਕ ਸਾਂਝ ਸੀ। ਅਸੀਂ ਆਪਸ ਵਿਚ ਪਕਵਾਨ ਸਾਂਝੇ ਕਰ ਲੈਂਦੇ ਸਾਂ। ਉਨ੍ਹਾਂ ਨੂੰ ਕੜ੍ਹੀ ਅਤੇ ਆਲੂਆਂ ਵਾਲ਼ੇ ਪਰਾਂਠੇ ਪਸੰਦ ਸਨ, ਸਾਨੂੰ ਡੋਸੇ ਅਤੇ ਉਪਮਾ। ਉਨ੍ਹਾਂ ਦੇ ਬੱਚੇ ਦੋ-ਦੋ, ਤਿੰਨ-ਤਿੰਨ ਸਾਲ ਦੇ ਫਰਕ ਨਾਲ਼ ਸਾਡੇ ਬੱਚਿਆਂ ਦੇ ਹਾਣੀ ਸਨ। ਉਹ ਰਲ਼ਮਿਲ਼ ਕੇ ਖੇਡ ਲੈਂਦੇ। ਬਾਲਾ ਸੁਬਰਾਮਨੀਅਮ ਪ੍ਰਾਈਵੇਟਲੀ ਬੀ.ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਗਵਾਂਢੀਆਂ ਤੋਂ ਸਿਵਾਏ ਅਸੈਂਬਲੀ ਹਾਲ ਦੇ ਮਾਧਵ ਰਾਓ (ਤੇਲਗੂ), ਰਾਕੇਸ਼ ਸੂਦ (ਹਿਮਾਚਲੀ) ਕਾਨੂੰ ਸਨਿਆਲ (ਬੰਗਾਲੀ) ਤੇ ਡਿੰਜਨ ਦੇ ਪੁਰਾਣੇ ਸਾਥੀ ਬੰਤਾ ਸਿੰਘ ਨਾਲ਼ ਵੀ ਸਾਂਝ ਬਣੀ ਹੋਈ ਸੀ।
ਘੁੰਮਣ-ਫਿਰਨ ਦੇ ਪ੍ਰੋਗਰਾਮ ਘੱਟ ਹੀ ਹੁੰਦੇ ਸਨ। ਸੈਕ੍ਰੇਟਰੀਏਟ, ਲੈਜਿਸਲੇਟਿਵ ਅਸੈਂਬਲੀ ਹਾਊਸ ਤੇ ਹਾਈਕੋਰਟ ਦੀਆਂ ਬਿਲਡਿੰਗਾ ਇਕ ਵਾਰ ਦੇਖ ਚੁੱਕੇ ਸਾਂ। ਉਨ੍ਹਾਂ ਵਿਚ ਵਾਰ-ਵਾਰ ਖਿੱਚ ਪਾਉਣ ਵਾਲ਼ੀ ਕੋਈ ਵਿਸ਼ੇਸ਼ਤਾ ਨਹੀਂ ਸੀ। ਗਰਮੀਆਂ ਵਿਚ ‘ਸੁਖਨਾ ਲੇਕ’ ਤੇ ਬਸੰਤ ਰੁੱਤ ਵਿਚ ‘ਰੋਜ਼ ਗਾਰਡਨ’ ਘੁੰਮ ਆਉਂਦੇ ਸਾਂ।
ਚੰਡੀਗੜ੍ਹ ਦੇ ਸਵੈ-ਸਿੱਖਿਅਤ ਅਜ਼ੀਮ ਕਲਾਕਾਰ ਨੇਕ ਚੰਦ ਵੱਲੋਂ ਗੁਪਤ ਤੌਰ ’ਤੇ ਬਣਾਏ ‘ਰੌਕ ਗਾਰਡਨ’ ਬਾਰੇ 1975 ਜਾਂ ਸ਼ਾਇਦ 1976 ’ਚ ਪਤਾ ਲੱਗਾ। ਕੂੜੇ-ਕਰਕਟ, ਰਹਿੰਦ-ਖੂੰਹਦ ਤੇ ਰੱਦੀ ਚੀਜ਼ਾਂ ਵਿੱਚੋਂ ਸਿਰਜੇ ਬੁੱਤ ਅਤੇ ਪ੍ਰਤੀਕਮਈ ਦ੍ਰਿਸ਼ਾਂ ਦੀ ਕਲਾਤਮਿਕਤਾ ਹੈਰਾਨ ਕਰਨ ਵਾਲ਼ੀ ਹੈ।
ਐਮ.ਏ ਭਾਗ ਪਹਿਲਾ ਮੈਂ ਪਾਸ ਕਰ ਲਿਆ ਸੀ। ਉਦੋਂ ਕੁ ਹੀ ਮੇਰੀ ਸਾਰਜੈਂਟ ਵਜੋਂ ਪ੍ਰਮੋਸ਼ਨ ਹੋ ਗਈ। ਮੈਨੂੰ ‘ਨੋਜ਼ ਸੈਕਸ਼ਨ’ ਦਾ ਇੰਚਾਰਜ ਬਣਾ ਦਿੱਤਾ ਗਿਆ। ਕੁਲਕਰਨੀ ਟੈਸਟ-ਬੈੱਡ ਟੀਮ ’ਚ ਚਲਾ ਗਿਆ।
ਭਾਰਤੀ ਹਵਾਈ ਸੈਨਿਕਾਂ ਦੀ ਰੀਟਾਇਰਮੈਂਟ ਉਮਰ 55 ਸਾਲ ਹੈ। ਪਰ ਜੇ ਕੋਈ ਪਹਿਲਾਂ ਛੱਡਣੀ ਚਾਹੇ, ਉਹ 15 ਸਾਲ ਪੂਰੇ ਕਰਕੇ ਛੱਡ ਸਕਦਾ ਹੈ। ਨੌਕਰੀ ਛੱਡਣ ਤੋਂ ਇਕ ਸਾਲ ਪਹਿਲਾਂ ਜਦੋਂ ਮੈਂ ਅਣ-ਇੱਛਾ (unwillingness) ਭਰੀ ਤਾਂ ਸਾਡਾ ਅਫਸਰ ਸੁਕਆਡਰਨ ਲੀਡਰ ਔਜਲਾ, ਜੋ ਹੈਂਕੜ ਦੀ ਬਜਾਇ ਹਲੀਮ ਸੁਭਾਅ ਦਾ ਮਾਲਕ ਸੀ, ਮੈਨੂੰ ਕਹਿਣ ਲੱਗਾ, “ਤੁਸੀਂ ਨੌਕਰੀ ਕਿਉਂ ਛੱਡ ਰਹੇ ਹੋ? ਸਾਰਜੈਂਟ ਬਣ ਗਏ ਓ, ਕਮਿਸ਼ਨ ਲਈ ਟਰਾਈ ਕਰੋ। ਬਾਹਰ ਕੀ ਪਤੈ, ਕਿੱਦਾਂ ਦੀ ਨੌਕਰੀ ਮਿਲ਼ੇ। ਛੋਟੇ-ਛੋਟੇ ਬੱਚੇ ਆ ਤੁਹਾਡੇ ਰਿਸਕ ਨਹੀਂ ਲੈਣਾ ਚਾਹੀਦਾ।”
“ਸਰ ! ਮੈਨੂੰ ਪੂਰੀ ਉਮੀਦ ਐ ਕੋਈ ਦਰਮਿਆਨੀ ਜਿਹੀ ਨੌਕਰੀ ਮੈਂ ਲੱਭ ਹੀ ਲੈਣੀ ਆਂ।” ਮੈਂ ਵਿਸ਼ਵਾਸ਼ ਨਾਲ਼ ਆਖਿਆ। ਵੈਸੇ ਔਜਲਾ ਸਾਹਿਬ ਦੀ ਆਖੀ ‘ਰਿਸਕ’ ਵਾਲ਼ੀ ਗੱਲ ਗਲਤ ਨਹੀਂ ਸੀ।
ਮੇਰਾ ਵੱਡਾ ਬੇਟਾ 8 ਸਾਲ ਦਾ ਸੀ ਤੇ ਛੋਟਾ 5 ਸਾਲ ਦਾ। ਪੈਨਸ਼ਨ ਸਿਰਫ 130 ਰੁਪਏ ਪ੍ਰਤੀ ਮਹੀਨਾ ਲੱਗਣੀ ਸੀ।
ਸੋ ਰਿਸਕ ਤਾਂ ਹੈਗਾ ਹੀ ਸੀ। ਪਰ ਮੇਰਾ ਸੰਵੇਦਨਸ਼ੀਲ ਮਨ ਵਰਦੀ ਦੀ ਨੌਕਰੀ ਤੋਂ ਅੱਕ-ਥੱਕ ਚੁੱਕਾ ਸੀ। ਵਰਦੀ ਨੇ ਮੇਰੀ ਜ਼ਬਾਨ ਨੂੰ ਜੰਦਰਾ ਮਾਰਿਆ ਹੋਇਆ ਸੀ। ਮੈਂ ਇਹ ਨਹੀਂ ਸੀ ਪੁੱਛ ਸਕਦਾ ਕਿ ਹਵਾ ’ਚ ਉੱਡਣ ਵਾਲ਼ੀਆਂ ਮਸ਼ੀਨਾਂ ਦੇ ਤਕਨੀਸ਼ਨਾਂ ਦੀ ਤਨਖਾਹ ਏਨੀ ਥੋੜ੍ਹੀ ਕਿਉਂ ਹੈ? ਅਫਸਰਾਂ ਤੇ ਹੇਠਲੇ ਰੈਂਕਾਂ ਵਿਚ ਏਨਾ ਪਾੜਾ ਕਿਉਂ ਹੈ? ਪਾੜਾ ਸਿਰਫ ਤਨਖਾਹਾਂ ’ਚ ਹੀ ਨਹੀਂ, ਮੈੱਸਾਂ ਦੇ ਖਾਣਿਆਂ ਤੇ ਵਰਦੀਆਂ ਦੇ ਕੱਪੜਿਆ ਦੀ ਕੁਆਲਿਟੀ ਵਿਚ ਵੀ। ਇਨ੍ਹਾਂ ਸ਼ਿਕਵਿਆਂ ਦੀ ਘੁਟਣ ਤੋਂ ਇਲਾਵਾ ਵੱਡੀ ਗੱਲ ਇਹ ਕਿ ਮੇਰੇ ਮਨ ’ਤੇ ਆਜ਼ਾਦੀ ਨਾਲ਼ ਕਹਾਣੀਆਂ ਲਿਖਣ ਤੇ ਛਪਵਾਉਣ ਦੀ ਰੀਝ ਹਾਵੀ ਹੋ ਚੁੱਕੀ ਸੀ।
ਪੰਜਾਬੀ ਦੀ ਐਮ.ਏ ਸਿਰੇ ਲਾ ਦਿੱਤੀ।
ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ, ਸਿਵਲ ’ਚ ਨੌਕਰੀ ਵਾਸਤੇ ਅਪਲਾਈ ਕਰਨ ਲਈ ਐਨ. ਓ. ਸੀ ਮਿਲ਼ ਗਿਆ। ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਨੇ ‘ਫੀਲਡ ਇਕਨਾਮਿਕਸ ਇਨਵੈਸਟੀਗੇਟਰ’ ਦੀਆਂ ਪੋਸਟਾਂ ਵਾਸਤੇ ਦਰਖਾਸਤਾਂ ਮੰਗੀਆਂ। ਮੈਂ ਅਪਲਾਈ ਕਰ ਦਿੱਤਾ। ਇੰਟਰਵਿਊ-ਕਮੇਟੀ ’ਚ ਤਿੰਨ ਉੱਚ ਅਧਿਕਾਰੀ ਸਨ— ਪੰਜਾਬ ਸਟੇਟ ਕੋਆਪ੍ਰੇਟਿਵ ਮਹਿਕਮੇ ਦਾ ਰਜਿਸਟਰਾਰ ਮਿਸਟਰ ਜੋਸ਼ੀ ਆਈ. ਏ. ਐਸ, ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਸ. ਅਮਰਜੀਤ ਸਿੰਘ ਵਾਲੀਆ ਅਤੇ ਇਸੇ ਬੈਂਕ ਦਾ ਜਨਰਲ ਮੈਨੇਜਰ (ਨਾਂ ਯਾਦ ਨਹੀਂ)। ਮਿਸਟਰ ਜੋਸ਼ੀ ਨੇ ਅੰਗ੍ਰੇਜ਼ੀ ਸਾਹਿਤ ਪੜ੍ਹਿਆ ਹੋਇਆ ਸੀ। ਉਸਨੇ ਰੁਮਾਂਟਿਕ ਲਹਿਰ ਦੇ ਕਵੀਆਂ ਸ਼ੈਲੇ ਤੇ ਕੀਟਸ ਬਾਰੇ ਸਵਾਲ ਪੁੱਛੇ। ਉਹ ਸਵਾਲ ਮੇਰੇ ਲਈ ਸੌਖੇ ਸਨ।
“ਤੁਸੀਂ ਫੌਜੀ ਹੋ। ਡਸਿਪਲਿਨ ਬਾਰੇ ਕੁਝ ਦੱਸੋ?” ਮਿਸਟਰ ਵਾਲੀਆ ਨੇ ਪੁੱਛਿਆ।
“ਸਰ ! ਫੌਜ ਵਿਚ ਤਾਂ ਡਸਿਪਲਿਨ ਦਾ ਮਤਲਬ, ਬੰਦਿਆਂ ਦੇ ਮਨਾਂ ਅੰਦਰ ਸਜ਼ਾਵਾਂ ਦਾ ਡਰ ਭਰ ਕੇ ਉਨ੍ਹਾਂ ਨੂੰ ਕਾਬੂ ’ਚ ਰੱਖਣ ਅਤੇ ਉਨ੍ਹਾਂ ’ਤੇ ਹੁਕਮ ਚਲਾਉਣਾ ਹੀ ਹੁੰਦਾ ਹੈ। ਪਰ ਮੇਰੇ ਮੁਤਾਬਿਕ ਡਸਿਪਲਿਨ ਦਾ ਅਰਥ ਬੰਦੇ ਵੱਲੋਂ ਚੰਗੇ ਨਿਯਮਾਂ ਜਿਵੇਂ ਜਿੰਮੇਵਾਰੀ, ਤਰਤੀਬ, ਸੁਹਿਰਦਤਾ, ਸਦਾਚਾਰ ਆਦਿ ’ਤੇ ਪਹਿਰਾ ਦੇਣਾ ਹੈ। ਹਰ ਬੰਦੇ ਦਾ ਇਸ ਤਰ੍ਹਾਂ ਦਾ ਡਸਿਪਲਿਨ ਪਰਿਵਾਰ, ਸਮਾਜ ਤੇ ਦੇਸ਼ ਲਈ ਹਿੱਤਕਾਰੀ ਸਿੱਧ ਹੋ ਸਕਦਾ ਹੈ।”
“ਕਰਜ਼ਾ ਦੇਣ ਲੱਗਿਆਂ ਬੈਂਕ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦੈ ਤਾਂ ਕਿ ਵਸੂਲੀ ਸਮੇਂ ਸਿਰ ਹੋ ਸਕੇ?” ਜਨਰਲ ਮੈਨੇਜਰ ਨੇ ਪ੍ਰਸ਼ਨ ਕੀਤਾ।
ਢੁੱਕਵੇਂ ਜਵਾਬ ਬਾਰੇ ਮੈਨੂੰ ਪੂਰੀ ਤਰ੍ਹਾਂ ਨਹੀਂ ਸੀ ਪਤਾ। ਅਟੇ-ਸਟੇ ਨਾਲ਼ ਆਖ ਦਿੱਤਾ, “ਬੈਂਕ ਨੂੰ ਇਹ ਘੋਖਣਾ ਚਾਹੀਦੈ ਕਿ ਕੀ ਕਰਜ਼ਦਾਰ ’ਚ ਕਰਜ਼ੇ ਦੀ ਰਕਮ ਮੋੜਨ ਦੀ ਸਮਰੱਥਾ ਹੈਗੀ ਏ। ਬੈਂਕ ਨੂੰ ਇਹ ਵੀ ਦੇਖਣਾ ਚਾਹੀਦੈ ਕਿ ਕਰਜ਼ਾ ਫਸ ਜਾਣ ’ਤੇ ਕਾਨੂੰਨੀ ਢੰਗ ਨਾਲ਼ ਵਸੂਲੀ ਕਰਨ ਵਾਸਤੇ ਕਰਜ਼ਦਾਰ ਕੋਲ਼ ਕੋਈ ਜਾਇਦਾਦ ਹੈ। ਸਮੇਂ-ਸਮੇਂ ਬੈਂਕ ਇਹ ਵੀ ਚੈੱਕ ਕਰੇ ਕਿ ਕਰਜ਼ਦਾਰ ਨੇ ਕਰਜਾ ਸਹੀ ਮੰਤਵ ਲਈ ਵਰਤਿਆ ਹੈ।
“ਡੁੱਬ ਗਏ ਕਰਜ਼ਿਆਂ ਦੀ ਪੜਤਾਲ ਕਰਨ ਲਈ ਕੀ ਪਰੌਸੈੱਸ ਹੋਣਾ ਚਾਹੀਦੈ?” ਜਨਰਲ ਮੈਨੇਜਰ ਦਾ ਅਗਲਾ ਸਵਾਲ ਸੀ।
ਇੰਟਰਵਿਊ ਦੀ ਤਿਆਰੀ ਵਜੋਂ ਮੈਂ Investigation ਦੀਆਂ ਵਿਧੀਆਂ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਹਾਸਲ ਕੀਤੀ ਹੋਈ ਸੀ। ਉਸ ਅਨੁਸਾਰ ਜਵਾਬ ਬਣਾ ਦਿੱਤਾ। ਅੰਤ ਵਿਚ ਇੰਟਰਵਿਊ ਕਮੇਟੀ ਦੇ ਚੇਅਰਮੈਨ ਮਿਸਟਰ ਜੋਸ਼ੀ ਵੱਲੋਂ ਕਹੇ “ਥੈਂਕ ਯੂ” ਦੇ ਜਵਾਬ ਵਿਚ “ਥੈਂਕ ਯੂ” ਆਖ ਮੈਂ ਬਾਹਰ ਆ ਗਿਆ। ਮੇਰੇ ਹਿਸਾਬ ਨਾਲ਼ ਇੰਟਰਵਿਊ ਜੇ ਬਹੁਤ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ ਸੀ।
ਨੌਕਰੀ ਦੇ 15 ਸਾਲ ਤਾਂ ਮਾਰਚ 1977 ਨੂੰ ਪੂਰੇ ਹੋਣੇ ਸਨ। ਪਹਿਲੀ ਜਨਵਰੀ ਤੋਂ 31 ਮਾਰਚ ਤੱਕ 3 ਮਹੀਨੇ ਦੀ ਛੁੱਟੀ ਸੀ। 27 ਦਸੰਬਰ ਸ਼ਾਮ ਨੂੰ ਸੀਨੀਅਰ ਨਾਨ-ਕਮਿਸ਼ੰਡ ਅਫਸਰਾਂ ਦੀ ਸਾਡੀ ਮੈੱਸ ਵਿਚ ਮੈਨੂੰ ਤੇ ਇਕ ਵਾਰੰਟ ਅਫਸਰ ਨੂੰ ਰਸਮੀ ਕਿਸਮ ਦੀ ਵਿਦਾਇਗੀ ਪਾਰਟੀ ਦਿੱਤੀ ਗਈ। 31 ਦਸੰਬਰ ਨੂੰ ਅਸੈਂਬਲੀ ਹਾਲ ਦੇ ਤਕਨੀਸ਼ਨਾਂ ਵੱਲੋਂ ਚਾਹ-ਪਾਰਟੀ ਸੀ। ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਏਅਰਫੋਰਸ ਵਿਚ ਬੋਲਣ-ਲਿਖਣ ਦਾ ਸਾਰਾ ਵਿਹਾਰ ਅੰਗ੍ਰੇਜ਼ੀ ’ਚ ਹੁੰਦਾ ਹੈ। ਸੁਕਆਡਰਨ ਲੀਡਰ ਔਜਲਾ ਨੇ ਅੰਗ੍ਰੇਜ਼ੀ ’ਚ ਦਿੱਤੇ ਭਾਸ਼ਣ ਵਿਚ ਮੇਰੇ ਲਈ Competent technician, intellectual and trustworthy person (ਨਿਪੁੰਨ ਤਕਨੀਸ਼ਨ, ਬੁੱਧੀਮਾਨ ਤੇ ਭਰੋਸੇਯੋਗ ਵਿਅਕਤੀ) ਦੇ ਸ਼ਬਦ ਵਰਤਦਿਆਂ ਮੇਰੇ ਕਾਜ-ਵਿਹਾਰ ਦੀ ਸ਼ਲਾਘਾ ਕੀਤੀ ਅਤੇ ਮੇਰੇ ਚੰਗੇਰੇ ਭੱਵਿਖ ਲਈ ਸ਼ੁੱਭ ਇਛਾਵਾਂ ਦਿੱਤੀਆਂ। ਔਜਲਾ ਸਾਹਿਬ ਅਤੇ ਤਕਨੀਸ਼ਨਾਂ ਨਾਲ਼ ਕੰਮ ਕਰਨ ਨੂੰ ਆਪਣਾ ਸੁਭਾਗ ਆਖਦਿਆਂ ਮੈਂ ਉਨ੍ਹਾਂ ਵੱਲੋਂ ਮਿਲ਼ੇ ਸਨੇਹ ਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਅਸੈਂਬਲੀ ਹਾਲ ਤੋਂ ਵਿਦਾ ਹੋਣ ਸਮੇਂ, ’ਕੱਲੇ-’ਕੱਲੇ ਨਾਲ਼ ਹੱਥ ਮਿਲ਼ਾਉਂਦਿਆਂ ਤੇ ਉਨ੍ਹਾਂ ਦੀਆਂ ਸ਼ੁੱਭ ਇਛਾਵਾਂ ਲੈਂਦਿਆਂ ਮੈਂ ਭਾਵੁਕ ਹੋ ਗਿਆ ਸਾਂ।
ਸ਼ਾਮ ਨੂੰ ਗਵਾਂਢੀਆਂ ਬਾਲਾ ਸੁਬਰਾਮਨੀਅਮ ਤੇ ਦਿਵਿਆ ਗਹਿਲੋਤ ਨੇ ਪਾਰਟੀ ਰੱਖੀ ਹੋਈ ਸੀ। ਮੈਂ ਤੇ ਕੁਲਵੰਤ ਬੱਚਿਆਂ ਸਮੇਤ ਜਦੋਂ ਬਾਲਾ ਸੁਬਰਾਮਨੀਅਮ ਦੇ ਕੁਆਟਰ ’ਚ ਵੜੇ ਤਾਂ ਸਾਨੂੰ ਹੈਰਾਨੀ ਭਰੀ ਖੁਸ਼ੀ ਹੋਈ। ਗਵਾਂਢੀਆਂ ਤੋਂ ਇਲਾਵਾ ਕਾਨੂੰ ਸਨਿਆਲ, ਰਾਕੇਸ਼ ਸੂਦ, ਬੰਤਾ ਸਿੰਘ ਤੇ ਮਾਧਵ ਰਾਓ ਹੁਰੀਂ ਵੀ ਫੈਮਲੀਆਂ ਸਮੇਤ ਹਾਜ਼ਰ ਸਨ। ਸੁਬਰਾਮਨੀਅਮ ਨੇ ਦੱਸਿਆ ਕਿ ਪਾਰਟੀ ਸਾਰਿਆਂ ਨੇ ਰਲ਼ ਕੇ ਆਯੋਜਿਤ ਕੀਤੀ ਸੀ। ਸਾਰੇ ਪਰਿਵਾਰ ਇਕ-ਦੂਜੇ ਨੂੰ ਜਾਣਦੇ ਸਨ। ਕੁਆਟਰ ਦੇ ਇਕ ਕਮਰੇ ਦੇ ਫਰਸ਼ ’ਤੇ ਫੌਜੀ ਕੰਬਲਾਂ ਉੱਤੇ ਬੈੱਡ-ਸ਼ੀਟਾਂ ਵਿਛਾਈਆਂ ਹੋਈਆਂ ਸਨ। ਵੱਖ-ਵੱਖ ਰੰਗਾਂ-ਨਸਲਾਂ ਵਾਲ਼ੇ ਸਾਰੇ ਜਣੇ, ਇਕ ਵੱਡੇ ਪਰਿਵਾਰ ਵਾਂਗ ਇਕਮਿੱਕ ਹੋ ਕੇ ਖਾ-ਪੀ ਰਹੇ ਸਨ। ਗੱਲਾਂ-ਬਾਤਾਂ ਵੀ ਚੱਲ ਰਹੀਆਂ ਸਨ। ਨਿਆਣਿਆਂ ਦੀ ਟੋਲੀ ਆਪਣੀਆਂ ਖੇਡਾਂ ’ਚ ਮਸਤ ਸੀ। ਰਾਕੇਸ਼ ਨੂੰ ਗਾਉਣ ਦਾ ਸ਼ੌਂਕ ਸੀ। ਉਸਨੇ ਹੇਕ ਦੇ ਅੰਦਾਜ਼ ਵਿਚ ਇਕ ਪਹਾੜੀ ਗੀਤ ਸੁਣਾਇਆ। ਸਾਰਿਆਂ ਪਸੰਦ ਕੀਤਾ। ਸਨਿਆਲ ਦੀ ਪਤਨੀ (ਨਾਂ ਭੁੱਲ ਗਿਐ) ਵੀ ਕਦੀ-ਕਦੀ ਗਾ ਲੈਂਦੀ ਸੀ। ਸਾਡੇ ਕਹਿਣ ’ਤੇ ਉਸਨੇ ਬੰਗਾਲੀ ਗੀਤ ਗਾਇਆ। ਉਸਦੀ ਸੁਰੀਲੀ ਆਵਾਜ਼ ਤੇ ਡੂੰਘੀ ਨਦੀ ਦੇ ਵਹਾਅ ਵਰਗੀ ਗੀਤ ਦੀ ਲੈਅ ਦਿਲਾਂ ਨੂੰ ਧੂਹ ਪਾਉਣ ਵਾਲ਼ੀ ਸੀ। ਸਨਿਆਲ ਦੇ ਮੂੰਹੋਂ ਗੀਤ ਦੀ ਹਿੰਦੀ ’ਚ ਵਿਆਖਿਆ ਸੁਣ ਕੇ ਪਤਾ ਲੱਗਾ ਕਿ ਗੀਤ ਦਾ ਥੀਮ ਜੀਵਨ ਦੀ ਗਤੀਸ਼ੀਲਤਾ ਸੀ। ਪਾਰਟੀ ਦਾ ਅਨੰਦ ਮਾਣਦਿਆਂ ਸਾਡੀ ਨਿਗ੍ਹਾ ਕੰਧ ’ਤੇ ਲਟਕਦੇ ਕਲਾਕ ਦੀਆਂ ਸੂਈਆਂ ਵੱਲ ਵੀ ਘੁੰਮ ਰਹੀ ਸੀ।
ਨਵਾਂ ਸਾਲ ਚੜ੍ਹਦਿਆਂ ਹੀ ਸਾਰਿਆਂ ਨੇ ‘ਹੈਪੀ ਨਿਊ ਯੀਅਰ’ ਅਤੇ ਸ਼ੁਭ ਇਛਾਵਾਂ ਦੇ ਬੋਲ ਸਾਂਝੇ ਕੀਤੇ। ਸਾਡੇ ਭਵਿੱਖੀ ਜੀਵਨ-ਸਫਰ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।
ਮੁਸਾਫਰੀ ਕਿਸਮ ਦੀ ਨੌਕਰੀ ਅਤੇ ਤਨਖਾਹ ਥੋੜ੍ਹੀ ਹੋਣ ਕਾਰਨ ਸਾਡਾ ਸਾਮਾਨ ਥੋੜ੍ਹਾ ਹੀ ਸੀ ਜੋ ਦੋ ਕੁ ਦਿਨ ਪਹਿਲਾਂ ਭਰਾ ਦਲਜੀਤ ਸਿੰਘ ਆਪਣੇ ਕਿਸੇ ਦੋਸਤ ਦੇ ਜੋਂਗੇ ’ਤੇ ਲੱਦ ਕੇ ਪਿੰਡ ਲੈ ਗਿਆ ਸੀ।
ਸਾਲ 1977 ਦੇ ਪਹਿਲੇ ਦਿਨ ਅਸੀਂ ਪਿੰਡ ਦੀ ਤਿਆਰੀ ਕਰ ਲਈ। ਬੱਸ ਅੱਡੇ ਨੂੰ ਟੁਰਨ ਸਮੇਂ ਗਵਾਂਢੀਆਂ ਨਾਲ਼ ਗਲਵੱਕੜੀਆਂ ਪਾਉਂਦਿਆਂ ਸਾਡੀਆਂ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।
ਵਰਦੀ ਵਾਲ਼ੀ ਨੌਕਰੀ ਤੋਂ ਮੁਕਤ ਹੋਣ ਦੀ ਸ਼ਾਂਤੀ ਸੀ ਜਾਂ ਪਤਾ ਨਹੀਂ ਕੀ, ਕਿ ਪਿੰਡ ਪਹੁੰਚ ਕੇ ਮੈਂ ਕਈ ਦਿਨ ਬਹੁਤ ਸੁੱਤਾ। ਮਾਂ, ਬਾਪੂ ਜੀ ਤੇ ਭੈਣ-ਭਰਾਵਾਂ ਸੰਗ ਬਹਿਣਾ ਚੰਗਾ ਲਗਦਾ ਸੀ। ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਖੁਸ਼ੀ-ਖੁਸ਼ੀ ਮਿਲ਼ ਰਿਹਾ ਸਾਂ। ਇਕ ਦਿਨ ਸਾਡੀ ਬੀਹੀ ਦੀਆਂ ਦੋ ਬੁੜ੍ਹੀਆਂ ਦੇ ਬੋਲ ਮੇਰੇ ਕੰਨੀਂ ਪਏ, “ਲੈ ਕੁੜੇ! ਇਹ ਤਾਂ ਜੁਆਨੀ ’ਚ ਈ ਲਟੈਰ ਹੋ ਕੇ ਆ ਗਿਆ।”
“ਖਾਲੀ ਨਹੀਂ ਆਇਆ। 15 ਸਾਲ ਖੱਟ ਕਮਾ ਕੇ ਆਇਆ, ਪੈਨਸ਼ਨ ਦੇ ਸਿਰ ਹੋ ਕੇ।”
ਇਨ੍ਹਾਂ ਬੋਲਾਂ ਨੇ ਮੈਨੂੰ ਸੋਚੀਂ ਪਾ ਦਿੱਤਾ। ‘ਕਿਹੜੀ ਕਮਾਈ ਸੀ ਮੇਰੇ ਪੱਲੇ? ਮੇਰੇ ਬੈਂਕ-ਖਾਤੇ ਵਿਚ ਸਿਰਫ ਤਿੰਨ ਕੁ ਹਜ਼ਾਰ ਸੀ। ਉਹ ਵੀ ਥੋੜ੍ਹੇ ਕੁ ਦਿਨ ਪਹਿਲਾਂ ਨੌਕਰੀ ਦੇ ਕੁਝ ਫੰਡ ਮਿਲ਼ੇ ਸਨ। ਤੇ ਪੈਨਸ਼ਨ ਸਿਰਫ 130 ਰੁਪਏ ਮਹੀਨਾ। ਏਅਰ ਫੋਰਸ ਵਿਚ ਜਿੱਦਾਂ ਦਾ ਗਿਆ ਸੀ, ਭਰ ਜੁਆਨੀ ਦੇ 15 ਸਾਲ ਗੁਆ ਕੇ ਓਦਾਂ ਦਾ ਹੀ ਖਾਲਮ-ਖਾਲੀ ਪਰਤ ਆਇਆ ਸਾਂ।’ ਪਰ ਛੇਤੀ ਹੀ ਮੇਰੇ ਅੰਦਰੋਂ ਗੌਰਵ ਉੱਭਰ ਪਿਆ— ਮੈਂ ਖਾਲਮ-ਖਾਲੀ ਨਹੀਂ। ਉਦੋਂ ਮੈਂ ਦਸ ਜਮਾਤੂ ਸੀ। ਹੁਣ ਮੇਰੇ ਪੱਲੇ ਦੋ ਮਾਸਟਰ ਡਿਗਰੀਆਂ ਹਨ। ਉਦੋਂ ਮੇਰੀ ਹਸਤੀ ਆਪਣੇ ਪਿੰਡ ਅਤੇ ਆਲ਼ੇ-ਦੁਆਲ਼ੇ ਦੇ 50-60 ਕਿੱਲੋਮੀਟਰਾਂ ਤੱਕ ਹੀ ਸੀਮਤ ਸੀ ਤੇ ਹੁਣ ਮੈਂ ਹਜ਼ਾਰਾਂ ਮੀਲਾਂ ਦੇ ਸੁਖਾਵੇਂ ਤੇ ਬਿਖੜੇ ਪੰਧ ਗਾਹ ਕੇ ਆਇਆ ਹਾਂ।
ਭਾਰਤ ਦੇ ਤਕਰੀਬਨ ਅੱਧੇ ਸੂਬਿਆਂ ਦੇ ਸ਼ਹਿਰ, ਕਸਬੇ ਅਤੇ ਸੁਹਣੇ-ਕਸੁਹਣੇ ਸਥਾਨ ਦੇਖੇ ਹੀ ਨਹੀਂ, ਸਾਰੇ ਥਾਵੀਂ ਰਹਿੰਦਾ-ਵਸਦਾ ਰਿਹਾਂ। ਅਨੇਕਾਂ ਸਮਾਰਕ ਦੇਖੇ ਹਨ। ਅਨੇਕਾਂ ਦਰਿਆਵਾਂ ਤੇ ਚੇਨਈ ਦੇ ਸਮੁੰਦਰ ਨਾਲ਼ ਸਾਂਝ ਪਾਈ ਹੈ।… ਤੇ ਏਅਰਫੋਰਸ ਵਿਚ ਮੇਰੇ ਨਾਲ ਸਾਰੇ ਸੂਬਿਆਂ ਦੇ ਲੋਕ ਕੰਮ ਕਰਦੇ ਸਨ। ਬੈਰਕਾਂ-ਕੁਆਟਰਾਂ ਵਿਚ ਉਨ੍ਹਾਂ ਦੇ ਨਾਲ਼ ਹੀ ਰਹਿੰਦਾ ਰਿਹਾਂ। ਉਨ੍ਹਾਂ ਵਿਚ ਵਿਚਰਦਿਆਂ ਉਨ੍ਹਾਂ ਦੀ ਰਹਿਣੀ-ਬਹਿਣੀ, ਰਸਮੋ-ਰਿਵਾਜ ਤੇ ਜੀਵਨ-ਸ਼ੈਲੀ ਨੂੰ ਨੇੜਿਓਂ ਵੇਖਿਆ ਹੈ, ਸਮਝਿਆ ਹੈ। ਨੇੜਲੀ ਸਾਂਝ ਵਾਲ਼ੇ ਮਿੱਤਰ-ਪਿਆਰਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨੇਹ ਭਰਿਆ ਸਾਥ ਨਸੀਬ ਹੋਇਆ ਹੈ। ਪਾਕਿਸਤਾਨ ਨਾਲ਼ ਹੋਈਆਂ ਜੰਗਾਂ ਦੌਰਾਨ ਜੰਗਾਂ ਦੀ ਭਿਆਨਕਤਾ ਤੇ ਕਰੂਰਤਾ ਹੱਡੀਂ ਹੰਢਾਈ ਹੋਈ ਏ। ਜੰਗ ਲੜਦਿਆਂ ਫੌਜੀਆਂ ਦੇ ਜੋਸ਼, ਬਹਾਦਰੀ, ਭੈਅ ਅਤੇ ਚਿੰਤਾਵਾਂ ਦੇ ਅਹਿਸਾਸ ਮੇਰੀਆਂ ਹੱਡ-ਬੀਤੀਆਂ ਦਾ ਹਿੱਸਾ ਹਨ। ਫੌਜੀਆਂ ਦੀ ਹੋਣੀ ਦੀਆਂ ਕੁਝ ਤ੍ਰਾਸਦਿਕ ਘਟਨਾਵਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ। ਏਅਰਫੋਰਸ ਦੇ ਵੱਖ-ਵੱਖ ਤਰ੍ਹਾਂ ਦੇ ਇਹ ਸਾਰੇ ਅਨੁਭਵ ਮੇਰੇ ਲਈ ਇਕ ਵਿਸ਼ੇਸ਼ ਕਿਸਮ ਦੀ ਤਾਲੀਮ ਹੈ। ਏਅਰਫੋਰਸ ’ਚ ਹਾਸਲ ਕੀਤੀ ਅਕਾਦਮਿਕ ਯੋਗਤਾ ਅਤੇ ਇਸ ਵਿਸ਼ੇਸ਼ ਕਿਸਮ ਦੀ ਤਾਲੀਮ ਨੇ ਮੇਰੇ ਨਜ਼ਰੀਏ ਅਤੇ ਜੀਵਨ ਦ੍ਰਿਸ਼ਟੀ ਨੂੰ ਵਸੀਹ ਕੀਤਾ ਹੈ’। ਇਸ ਹਿਸਾਬ-ਕਿਤਾਬ ਦੀ ਆਖਰੀ ਗੱਲ ਇਹ ਸੀ, ‘ਏਅਰਫੋਰਸ ਮੇਰੇ ਲਈ ਸਿਰਫ ਮਾੜੀ ਹੀ ਨਹੀਂ, ਚੰਗੀ ਵੀ ਸੀ। ਜੇ ਮੈਥੋਂ ਜਵਾਨੀ ਦੇ 15 ਸਾਲ ਲਏ ਹਨ ਤਾਂ ਮੈਨੂੰ ਕੁਝ ਦਿੱਤਾ ਵੀ ਹੈ, ਜੋ ਦਿੱਤਾ ਹੈ ਉਹ ਵਿਸ਼ੇਸ਼ ਹੈ।’
ਨਵੀਂ ਨੌਕਰੀ
ਸਾਡੇ ਪਿੰਡ ਸਰਕਾਰੀ ਹਾਈ ਸਕੂਲ ਤਾਂ ਹੈਗਾ ਸੀ ਪਰ ਪੰਜਾਬ ਦੇ ਹੋਰ ਸਰਕਾਰੀ ਸਕੂਲਾਂ ਵਾਂਗ ਪੜ੍ਹਾਈ ਦਾ ਮਿਆਰ ਹੇਠਾਂ ਡਿਗ ਚੁੱਕਾ ਸੀ। ਬੱਚਿਆਂ ਨੂੰ ਉਸ ਸਕੂਲ ’ਚ ਪੜ੍ਹਾਉਣ ਲਈ ਸਾਡਾ ਮਨ ਨਾ ਮੰਨਿਆਂ। ਵੱਡਾ ਬੇਟਾ ਹਰਪ੍ਰੀਤ ਚੰਡੀਗੜ੍ਹ ਹਵਾਈ ਅੱਡੇ ਦੇ ਸੈਂਟਰਲ ਸਕੂਲ ਵਿਚ ਦੂਜੀ ਜਮਾਤ ’ਚ ਪੜ੍ਹਦਾ ਆਇਆ ਸੀ। ਉਸ ਨੂੰ ਆਦਮਪੁਰ ਹਵਾਈ ਅੱਡੇ ਦੇ ਸੈਂਟਰਲ ਸਕੂਲ ਵਿਚ ਦਾਖਲਾ ਮਿਲ਼ ਗਿਆ। ਹਵਾਈ ਅੱਡਿਆਂ ਤੇ ਛਾਉਣੀਆਂ ਵਿਚ ਸਥਿਤ ਅੰਗ੍ਰੇਜ਼ੀ ਮੀਡੀਅਮ ਵਾਲ਼ੇ ਸਕੂਲਾਂ ’ਚ ਪੜ੍ਹਾਈ ਦਾ ਮਿਆਰ ਵਧੀਆ ਹੁੰਦਾ ਹੈ। ਹਰਪ੍ਰੀਤ ਦਾ ਪਿੰਡੋਂ ਬੱਸ ’ਤੇ ਸਕੂਲ ਜਾਣਾ-ਆਉਣਾ ਸੰਭਵ ਨਹੀਂ ਸੀ। ਮੈਂ ਉਸਨੂੰ ਸਾਈਕਲ ’ਤੇ ਛੱਡ ਆਉਂਦਾ ਤੇ ਲੈ ਆਉਂਦਾ।
ਪ੍ਰਮਾਤਮਾ ਦੀ ਮਿਹਰ ਨਾਲ਼ ਨਵੀਂ ਨੌਕਰੀ ਵਾਸਤੇ ਮੇਰੇ ਯਤਨ ਸਫਲ ਹੋ ਗਏ। ਏਅਰਫੋਰਸ ਦੀ ਪ੍ਰੀ-ਰਿਟਾਇਰਮੈਂਟ ਛੁੱਟੀ ਦੌਰਾਨ ਹੀ, ਫਰਵਰੀ 1977 ’ਚ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਵਿਚ ‘ਫੀਲਡ ਇਕਨਾਮਿਕਸ ਇਨਵੈਸਟੀਗੇਟਰ’ (Field Economics Investigator) ਦੀ ਪੋਸਟ ਵਾਸਤੇ ਮੇਰੀ ਸਿਲੈਕਸ਼ਨ ਹੋ ਗਈ। ਹੋਰ ਵੀ ਵਧੀਆ ਗੱਲ ਇਹ ਹੋਈ ਕਿ ਮੇਰੀ ਪੋਸਟ ‘ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ’ ਨੂੰ ਅਲਾਟ ਹੋ ਗਈ। ਪੰਜਾਬ ਦੀ ਹਰ ਸੈਂਟਰਲ ਕੋਆਪ੍ਰੇਟਿਵ ਬੈਂਕ ਵਿਚ ਇਕ ਐਫ. ਈ. ਆਈ ਪੋਸਟ ਕੀਤਾ ਗਿਆ ਸੀ। ਤਿੰਨ ਇਨਵੈਸਟੀਗੇਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਈ ਰੱਖੇ ਗਏ ਸਨ। ‘ਪੰਜਾਬ ਕੋਆਪ੍ਰੇਟਿਵ ਇਨਸਟੀਚਿਊਟ’ ਚੰਡੀਗੜ ਵਿਖੇ ਸਾਨੂੰ 10 ਦਿਨ ਟਰੇਨਿੰਗ ਦਿੱਤੀ ਗਈ।
ਬੈਂਕ ਦੇ ਕੰਮ ਦੇ ਘੰਟੇ 10 ਤੋਂ 5 ਵਜੇ ਤੱਕ ਸਨ। ਮੈਂ ਹਰਪ੍ਰੀਤ ਨੂੰ ਸਵੇਰੇ ਛੱਡ ਤਾਂ ਸਕਦਾ ਸੀ ਪਰ ਲਿਆਉਣਾ ਸੰਭਵ ਨਹੀਂ ਸੀ। ਸੋ ਅਸੀਂ ਘਰਦਿਆਂ ਦੀ ਸਲਾਹ ਨਾਲ਼ ਆਦਮਪੁਰ ਸ਼ਿਫਟ ਕਰ ਗਏ। ਆਦਮਪੁਰ ਤੋਂ ਹੁਸ਼ਿਆਰਪੁਰ ਵਾਸਤੇ ਹਰ ਪੰਜ ਮਿੰਟ ਬਾਅਦ ਬੱਸ ਸਰਵਿਸ ਸੀ।
ਉਦੋਂ ਪੰਜਾਬ ਦੇ ਕੋਆਪ੍ਰੇਟਿਵ ਬੈਂਕ-ਸਿਸਟਮ ਦੇ ਤਿੰਨ ਲੈਵਲ ਸਨ।
(1) ਸੂਬਾ ਪੱਧਰ ’ਤੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ। ਇਸਨੂੰ ਏਪੈੱਕਸ ਬੈਂਕ (Apex Bank) ਵੀ ਕਿਹਾ ਜਾਂਦਾ ਸੀ।
(2) ਜ਼ਿਲਾ ਲੈਵਲ ’ਤੇ ਸੈਂਟਰਲ ਕੋਆਪ੍ਰੇਟਿਵ ਬੈਂਕ ਅਤੇ ਜ਼ਿਲੇ ਦੇ ਪਿੰਡਾਂ-ਕਸਬਿਆਂ ਵਿਚ ਇਸਦੀਆਂ ਬਰਾਂਚਾ। ਸੈਂਟਰਲ ਕੋਆਪ੍ਰੇਟਿਵ ਬੈਂਕ ਨੂੰ ‘ਕੇਂਦਰੀ ਸਹਿਕਾਰੀ ਬੈਂਕ’ ਵੀ ਆਖਦੇ ਸਨ।
(3) ਪਿੰਡਾਂ ਦੀਆਂ ਕੋਆਪ੍ਰੇਟਿਵ ਸੁਸਾਇਟੀਆਂ।
ਪੰਜਾਬ ਦੇ ਸਮੁੱਚੇ ਕੋਆਪ੍ਰੇਟਿਵ ਮਹਿਕਮੇ ਦੀ ਕਮਾਂਡ ‘ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਪੰਜਾਬ’ ਦੇ ਹੱਥਾਂ ਵਿਚ ਹੁੰਦੀ ਹੈ। ਉਹ ਆਮ ਤੌਰ ’ਤੇ ਆਈ. ਏ. ਐਸ ਕੇਡਰ ਦਾ ਅਫਸਰ ਹੁੰਦਾ ਹੈ। ਰਜਿਸਟਰਾਰ ਤੋਂ ਹੇਠਾਂ ਜਾਇੰਟ ਰਜਿਸਟਰਾਰ, ਐਡੀਸ਼ਨਲ ਰਜਿਸਟਰਾਰ, ਡਿਪਟੀ ਰਜਿਸਟਰਾਰ, ਅਸਿਸਟੈਂਟ ਰਜਿਸਟਰਾਰ ਦੇ ਅਹੁਦਿਆਂ ਵਾਲ਼ੇ ਅਫਸਰ ਹੁੰਦੇ ਹਨ।
ਰਜਿਸਟਰਾਰ, ਪੰਜਾਬ ਸਰਕਾਰ ਦੀਆਂ ਪਾਲਿਸੀਆਂ ਤੇ ਪ੍ਰੋਗਰਾਮਾਂ ਅਨੁਸਾਰ ਪੰਜਾਬ ਦੇ ਸਾਰੇ ਕੋਆਪ੍ਰੇਟਿਵ ਅਦਾਰਿਆਂ ਦੇ ਪ੍ਰਬੰਧਾਂ ਤੇ ਕਾਰਜਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ। ਉਹ ਲੋੜ ਪੈਣ ’ਤੇ ਏਪੈੱਕਸ ਬੈਂਕ ਨੂੰ ਵੀ ਹਦਾਇਤਾਂ ਭੇਜਦਾ ਹੈ। ਏਪੈੱਕਸ ਬੈਂਕ ਜਿੱਥੇ ਕੋਆਪ੍ਰੇਟਿਵ ਬੈਕਿੰਗ ਦੇ ਰੂਲਜ਼ ਤੇ ਰੈਗੂਲੇਸ਼ਨਜ਼ ਨਿਰਧਾਰਤ ਕਰਦੀ ਹੈ, ਉੱਥੇ ਰਜਿਸਟਰਾਰ ਤੇ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕੇਂਦਰੀ ਸਹਿਕਾਰੀ ਬੈਂਕਾਂ ਅਤੇ ਚੰਡੀਗੜ੍ਹ ’ਚ ਆਪਣੀਆਂ ਬਰਾਂਚਾਂ ਨੂੰ ਮੈਮੋਰੈਂਡਮ ਵੀ ਜਾਰੀ ਕਰਦੀ ਹੈ। ਬੈਂਕਿੰਗ ਕਾਰਜਾਂ ਤੋਂ ਇਲਾਵਾ ਇਹ ਬੈਂਕ, ਕੇਂਦਰੀ ਸਹਿਕਾਰੀ ਬੈਂਕਾਂ ਦੇ ਜਨਰਲ ਮੈਨੇਜਰਾਂ, ਡਿਪਟੀ ਮੈਨੇਜਰਾਂ ਤੇ ਅਸਿਸਟੈਂਟ ਮੈਨੇਜਰਾਂ ਦੀਆਂ ਪੰਜਾਬ ਲੈਵਲ ਤੇ ਬਦਲੀਆਂ ਅਤੇ ਉਨ੍ਹਾਂ ਦੀਆਂ ਪ੍ਰਮੋਸ਼ਨਾਂ ਬਾਬਤ ਪ੍ਰਬੰਧਕੀ ਕਾਰਜ ਵੀ ਨਿਭਾਉਂਦੀ ਹੈ।
ਜਿਲ੍ਹਾ ਹੈੱਡਕੁਆਟਰ ’ਤੇ ਸਥਿਤ ਕੇਂਦਰੀ ਸਹਿਕਾਰੀ ਬੈਂਕ, ਜਿਲ੍ਹੇ ਦੀਆਂ ਬਰਾਂਚਾਂ ਦਾ ਹੈੱਡ ਆਫਿਸ ਹੁੰਦਾ ਹੈ। ਇਸ ਬੈਂਕ ਦਾ ਜਨਰਲ ਮੈਨੇਜਰ ਅਪੈਕਸ ਬੈਂਕ, ਰਿਜ਼ਰਵ ਬੈਂਕ ਅਤੇ ਹੋਰ ਅਦਾਰਿਆਂ ਵੱਲੋਂ ਆਈਆਂ ਹਦਾਇਤਾਂ ਆਪਣੀਆਂ ਬਰਾਂਚਾਂ ਵਿਚ ਲਾਗੂ ਕਰਵਾਉਂਦਾ ਹੈ। ਉਹ ਬਰਾਂਚ ਮੈਨੇਜਰਾਂ ਤੇ ਹੋਰ ਸਾਰੇ ਕਰਮਚਾਰੀਆਂ ਦੀਆਂ ਜਿਲ੍ਹਾ ਲੈਵਲ ’ਤੇ ਬਦਲੀਆਂ ਅਤੇ ਪ੍ਰਮੋਸ਼ਨਾਂ ਤੋਂ ਇਲਾਵਾ ਕੁਤਾਂਹੀਆਂ ਸੰਬੰਧੀ ਉਨ੍ਹਾਂ ’ਤੇ ਐਕਸ਼ਨ ਲੈਣ ਦੇ ਕਾਰਜ ਵੀ ਨਿਪਟਾਉਂਦਾ ਹੈ। ਇਨ੍ਹਾਂ ਕਾਰਜਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ, ਟੀ.ਏ, ਡੀ.ਏ ਅਤੇ ਪਰਸਨਲ ਫਾਈਲਾਂ ਸੰਬੰਧੀ ਸਮੁੱਚੀ ਲਿਖਤ-ਪੜ੍ਹਤ ਬੈਂਕ ਦਾ ‘ਐਡਮਨਿਸਟ੍ਰੇਸ਼ਨ ਸੈਕਸ਼ਨ’ ਕਰਦਾ ਹੈ। ਸਾਡੀ ਬੈਂਕ ਵਿਚ ਇਸਨੂੰ ‘ਇਸਟੈਬਲਿਸ਼ਮੈਂਟ ਸੈਕਸ਼ਨ’ (Establishment Section) ਆਖਦੇ ਸਨ।
ਕੇਂਦਰੀ ਸਹਿਕਾਰੀ ਬੈਂਕ ਦੇ ਪ੍ਰਬੰਧਾਂ ਵਿਚ ਬੋਰਡ ਆਫ ਡਾਇਰੈਕਟਰਜ਼ ਵੀ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਡਾਇਰੈਕਟਰਾਂ ਦੀ ਵੱਡੀ ਗਿਣਤੀ ਸੁਸਾਇਟੀਆਂ ਦੇ ਪ੍ਰਤੀਨਿਧਾਂ ਦੀ ਹੁੰਦੀ ਹੈ। ਇਹ ਪ੍ਰਤੀਨਿਧ ਆਪਣੇ ਵਿੱਚੋਂ ਬੋਰਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਚੁਣ ਲੈਂਦੇ ਹਨ। ਜਿਲ੍ਹੇ ਦਾ ਅਸਿਸਟੈਂਟ ਰਜਿਸਟਰਾਰ ਵੀ ਸਰਕਾਰੀ ਮੈਂਬਰ ਵਜੋਂ ਬੋਰਡ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਹੈ। ਹਰੇਕ ਕੇਂਦਰੀ ਬੈਂਕ ਆਪਣੇ ਬੋਰਡ ਵਿੱਚੋਂ ਇਕ ਡਾਇਰੈਕਟਰ, ਏਪੈੱਕਸ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਲਈ ਨਾਮਜ਼ਦ ਕਰਦੀ ਹੈ।
ਸੁਸਾਇਟੀਆਂ ਦਾ ਕੰਮ-ਕਾਜ, ਸੁਸਾਇਟੀਆਂ ਦੇ ਮੈਂਬਰਾਂ ਵੱਲੋਂ ਚੁਣੇ ਪ੍ਰਧਾਨ, ਮੀਤ ਪ੍ਰਧਾਨ ਸੈਕਟਰੀ ਤੇ ਸੇਲਜ਼ਮੈਨ ਚਲਾਉਂਦੇ ਹਨ। ਸੁਸਾਇਟੀਆਂ ਦੇ ਕੰਮ-ਕਾਜ ਦੀ ਸਮੁੱਚੀ ਨਿਗਰਾਨੀ ਕੋਆਪ੍ਰੇਟਿਵ ਮਹਿਕਮੇ ਦੇ ਇਨਸਪੈਕਟਰ, ਸਬ ਇਨਸਪੈਕਟਰ, ਅਸਿਸਟੈਂਟ ਰਜਿਸਟਰਾਰ ਤੇ ਡਿਪਟੀ ਰਜਿਸਟਰਾਰ ਕਰਦੇ ਹਨ।
ਐਫ. ਈ. ਆਈ ਵਜੋਂ ਮੇਰੀ ਮੁੱਖ ਡਿਊਟੀ 5 ਸਾਲ ਤੋਂ ਵੱਧ ਡਿਫਾਲਟਰ ਸੁਸਾਇਟੀਆਂ ਦੀ ਪੜਤਾਲ ਕਰਕੇ ਵਿਸਥਾਰਤ ਰਿਪੋਰਟਾਂ ਏਪੈਕਸ ਬੈਂਕ ਚੰਡੀਗੜ੍ਹ ਨੂੰ ਭੇਜਣ ਦੀ ਸੀ। ਇਸ ਤੋਂ ਇਲਾਵਾ ਦੋ ਡਿਊਟੀਆਂ ਹੋਰ ਵੀ ਸਨ:
(1) ਬੈਂਕ ਦੀ ਡਿਪਾਜ਼ਿਟ ਵਧਾਉਣ ਲਈ ਬਰਾਂਚਾਂ ਨੂੰ ਸਲਾਨਾ ਟਾਰਗਿਟ ਅਲਾਟ ਕਰਨੇ ਅਤੇ ਹਰ ਤਿੰਨ ਮਹੀਨਿਆਂ ਬਾਅਦ ਪ੍ਰੌਗਰੈੱਸ ਚੈੱਕ ਕਰਨੀ। ਵਾਧੇ ਦੀ ਦਰ ਤੋਂ ਹੇਠਾਂ ਆ ਰਹੀਆਂ ਬਰਾਂਚਾਂ ਦੇ ਮੈਨੇਜਰਾਂ ਨੂੰ ਯਤਨ ਤੇਜ਼ ਕਰਨ ਲਈ ਚਿੱਠੀਆਂ ਲਿਖਣੀਆਂ।
(2) ਨਵੀਆਂ ਬਰਾਂਚਾਂ ਖੋਲ੍ਹਣ ਲਈ ਸੰਬੰਧਿਤ ਇਲਾਕੇ ਦਾ ਸਰਵੇ ਕਰਨਾ।
ਖੁਲ੍ਹੇ ਅਹਾਤੇ ’ਚ ਅੰਗ੍ਰੇਜਾਂ ਦੇ ਸਮੇਂ ਦੀ ਬਣੀ ਸਾਡੀ ਬੈਂਕ ਦੀ ਬਿਲਡਿੰਗ ਬਹੁਤ ਵੱਡੀ ਸੀ। ਬਿਲਡਿੰਗ ਦੇ ਮੂਹਰਲੇ ਹਿੱਸੇ ਵਿਚ ਹਰੇ ਸਪੰਜੀ ਘਾਹ ਤੇ ਭਾਂਤ-ਸੁਭਾਂਤੇ ਫੁੱਲਾਂ ਦਾ ਲਾਅਨ ਸੀ। ਬਿਲਡਿੰਗ ਦੇ ਸੱਜੇ-ਖੱਬੇ ਨਵੇਂ-ਪੁਰਾਣੇ ਦ੍ਰਖਤ ਅਤੇ ਸੁਹਣੇ ਪੱਤਿਆਂ ਵਾਲ਼ੇ ਬੂਟੇ ਸਨ। ਦੇਖ-ਭਾਲ ਬੈਂਕ ਦਾ ਮਾਲੀ ਕਰਦਾ ਸੀ।
ਬੈਂਕ ਦੇ ਅਗਲੇ ਤੇ ਪਿਛਲੇ ਹਿੱਸੇ ਵਿਚ ਦੋ ਵੱਡੇ ਹਾਲ ਤੇ ਸਾਈਡਾਂ ’ਤੇ ਕਈ ਕਮਰੇ ਸਨ। ਉਨ੍ਹਾਂ ਵਿੱਚੋਂ ਇਕ ਕਮਰੇ ’ਚ ਬਲਵੰਤ ਰਾਏ ਬੰਗਾ ਅਤੇ ਲਾਲਾ ਓਮ ਪ੍ਰਕਾਸ਼ ਦੇ ਟੇਬਲ ਸਨ। ਉਹ ਦੋਵੇਂ ਜੂਨੀਅਰ ਅਕਾਊਂਟੈਂਟ ਸਨ। ਮੇਰਾ ਟੇਬਲ ਉਨ੍ਹਾਂ ਦੇ ਕਮਰੇ ਵਿਚ ਲਾਇਆ ਗਿਆ। ਬੰਗਾ ਬੈਂਕ ਦਾ ਅਹਿਮ ਕਰਮਚਾਰੀ ਸੀ। ਉਸ ਤੋਂ ਉੱਪਰ ਤਿੰਨ ਸੀਨੀਅਰ ਅਕਾਊਂਟੈਂਟ ਵੀ ਸਨ ਪਰ ਉਨ੍ਹਾਂ ਦੀਆਂ ਡਿਊਟੀਆਂ ਅਗਲੇ ਹਾਲ ਵਿਚ ਡਿਪਾਜ਼ਿਟ ਸੈਕਸ਼ਨ ’ਤੇ ਸਨ। ਬੰਗੇ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਅਕਾਊਂਟੈਂਸੀ ਦੇ ਨਾਲ਼-ਨਾਲ਼ ਅੰਕੜਿਆਂ ਦਾ ਵੀ ਮਾਹਰ ਸੀ। ਸਲਾਨਾ ਬੈਲੈਂਸ-ਸ਼ੀਟ ਉਹ ਬਣਾਉਂਦਾ ਸੀ। ਬੈਂਕ ਵਿਚ ਲੋਕਾਂ ਦੀ ਡਿਪਾਜ਼ਿਟ ਬਹੁਤ ਸੀ। ਉਸ ਵੱਡੀ ਰਕਮ ਦੀ ਢੁਕਵੀਂ ਇਨਵੈਸਟਮੈਂਟ ਵੀ ਉਹੀ ਕਰਦਾ ਸੀ।
ਬੈਂਕ ਦਾ ਪੁਰਾਣਾ ਕਰਮਚਾਰੀ ਲਾਲਾ ਡੇਅ-ਬੁੱਕ ਲਿਖਣ ਅਤੇ ਸੁਸਾਇਟੀਆਂ ਦੀਆਂ ਬੈਂਕ ਵਿਚ ਹਿੱਸੇਦਾਰੀਆਂ ਦਾ ਕੰਮ ਕਰਦਾ ਸੀ। ਕਿਸੇ ਕਾਰਨ ਕਰਕੇ ਉਸ ਨੂੰ ਜੂਨੀਅਰ ਅਕਾਊਂਟੈਂਟ ਦੀ ਪ੍ਰਮੋਸ਼ਨ ਦੇਰ ਨਾਲ਼ ਮਿਲੀ ਸੀ। ਬੈਂਕ ਦਾ ਸੀਨੀਅਰ ਬੰਦਾ ਹੋਣ ਕਰਕੇ ਆਮ ਕਰਮਚਾਰੀ ਉਸਦਾ ਆਦਰ ਕਰਦੇ ਸਨ।
ਮੈਂ ਮਹੀਨੇ ’ਚ ਦੋ ਕੁ ਹਫਤੇ ਹੀ ਬੈਂਕ ’ਚ ਬੈਠਦਾ ਸਾਂ। ਬਾਕੀ ਦੇ ਦਿਨ ਟੂਰ ’ਤੇ। ਹਰ ਮਹੀਨੇ ਜਿੰਨੀਆਂ ਕੁ ਸੁਸਾਇਟੀਆਂ ਦੀ ਪੜਤਾਲ ਸੰਭਵ ਹੁੰਦੀ, ਉਨ੍ਹਾਂ ਬਾਰੇ ਆਪਣਾ ਟੂਰ-ਪ੍ਰੋਗਰਾਮ ਜਨਰਲ ਮੈਨੇਜਰ ਤੋਂ ਪ੍ਰਵਾਨ ਕਰਵਾ ਕੇ ਸੁਸਾਇਟੀਆਂ ਦੇ ਇੰਚਾਰਜ ਇਨਸਪੈਕਟਰਾਂ ਨੂੰ ਭੇਜ ਦੇਂਦਾ। ਉਹ ਅਗਾਂਹ ਸੈਕਟਰੀਆਂ ਅਤੇ ਬੰਦ ਹੋ ਚੁਕੀਆਂ ਸੁਸਾਇਟੀਆਂ ਦੇ ਮਾਮਲੇ ਵਿਚ ਸਬ ਇਨਸਪੈਕਟਰਾਂ ਦੀਆਂ ਡਿਊਟੀਆਂ ਲਾ ਦੇਂਦੇ। ਮਿੱਥੀ ਹੋਈ ਤਾਰੀਖ ਅਤੇ ਸਮੇਂ ’ਤੇ ਮੈਂ ਸੁਸਾਇਟੀ ਵਿਚ ਜਾਂ ਜਿੱਥੇ ਸੁਸਾਇਟੀ ਦਾ ਰਿਕਾਰਡ ਪਿਆ ਹੁੰਦਾ, ਓਥੇ ਪਹੁੰਚ ਜਾਂਦਾ। ਦੂਰ-ਨੇੜੇ ਦੇ ਪਿੰਡਾਂ ’ਚ ਜਾਣ ਲਈ ਆਪਣੀ ਸਵਾਰੀ ਦੀ ਜ਼ਰੂਰਤ ਸੀ। ਸੋ ਮੈਂ ਸਕੂਟਰ ਖਰੀਦ ਲਿਆ।
ਪੜਤਾਲ ਵਾਸਤੇ ਏਪੈੱਕਸ ਬੈਂਕ ਨੇ ਲੰਮਾ-ਚੌੜਾ ਪਰਫਾਰਮਾ ਭੇਜਿਆ ਹੋਇਆ ਸੀ। ਸੈਕਟਰੀ ਜਾਂ ਸਬ ਇਨਸਪੈਕਟਰ ਦੀ ਸਹਾਇਤਾ ਨਾਲ਼, ਰਿਕਾਰਡ ਵਿੱਚੋਂ ਡਿਫਾਲਟਰ ਮੈਂਬਰਾਂ ਬਾਰੇ ਪਰਫਾਰਮੇ ਭਰਨ ਬਾਅਦ, ਮੈਂਬਰਾਂ ਨੂੰ ਬੁਲਾ ਕੇ ਕਰਜਾ ਨਾ ਮੋੜਨ ਦੇ ਕਾਰਨ ਪੁੱਛਦਾ ਸਾਂ। ਸੁਸਾਇਟੀ ਦੀ ਕਾਰਜਸ਼ੈਲੀ ਬਾਰੇ ਵਿਸਥਾਰਤ ਰਿਪੋਰਟ ਲਿਖਣੀ ਹੁੰਦੀ ਸੀ। ਉਹ ਮੈਂ ਬੈਂਕ ’ਚ ਬੈਠ ਕੇ ਤੱਸਲੀ ਨਾਲ਼ ਲਿਖਦਾ ਸਾਂ। ਉਸ ਰਿਪੋਰਟ ਵਿਚ ਮੈਂਬਰਾਂ ਦੇ ਅਤੇ ਸੁਸਾਇਟੀ ਦੇ ਡਿਫਾਲਟਰ ਹੋਣ ਦੇ ਕਾਰਨਾਂ ਸਮੇਤ, ਬੈਂਕ ਦੇ ਕਰਜੇ ਦੀ ਵਸੂਲੀ ਲਈ ਸੁਝਾਅ ਦੇਣੇ ਹੁੰਦੇ ਸਨ। ਜੇ ਕਿਸੇ ਸੁਸਾਇਟੀ ਵਿਚ ਗਬਨ ਜਾਂ ਘਪਲਾ ਹੋਇਆ ਹੁੰਦਾ, ਰਿਪੋਰਟ ਵਿਚ ਉਹ ਵੀ ਦਰਜ ਕਰਨਾ ਹੁੰਦਾ ਸੀ।
ਸਾਡੀ ਕੇਂਦਰੀ ਬੈਂਕ ਦੀਆਂ ਬਰਾਂਚਾਂ ਅਤੇ ਬਰਾਂਚਾਂ ਤੋਂ ਕਰਜਾ ਲੈਂਦੀਆਂ ਸੁਸਾਇਟੀਆਂ ਤਲਵਾੜਾ, ਮੁਕੇਰੀਆਂ, ਬਲਾਚੌਰ (ਉਦੋਂ ਬਲਾਚੌਰ ਹੁਸ਼ਿਆਰਪੁਰ ਦੀ ਸਬ-ਤਹਿਸੀਲ ਹੁੰਦੀ ਸੀ) ਤੱਕ ਫੈਲੀਆਂ ਹੋਈਆਂ ਸਨ। ਦੁਰਾਡੇ ਇਲਾਕਿਆਂ ਦੀਆਂ ਸੁਸਾਇਟੀਆਂ ਦੀ ਪੜਤਲ ਜੇ ਇਕ ਦਿਨ ’ਚ ਨਾ ਮੁਕਦੀ ਤਾਂ ਰਾਤ ਸੰਬੰਧਿਤ ਬਰਾਂਚਾਂ ਵਿਚ ਕੱਟ ਲੈਂਦਾ ਸਾਂ। ਕਸਬਿਆਂ ਦੀਆਂ ਬਰਾਂਚਾਂ ਵਿਚ ਮੰਜੇ-ਬਿਸਤਰੇ ਦਾ ਪ੍ਰਬੰਧ ਹੁੰਦਾ ਸੀ।
ਕੰਮ ਦੇ ਸਿਲਸਿਲੇ ’ਚ ਮੈਂ ਮੁਕੇਰੀਆਂ ਲਾਗੇ ਵਗਦੇ ਦਰਿਆ ਬਿਆਸ, ਤਲਵਾੜੇ ਦੇ ਪੌਂਗ ਡੈਮ ਅਤੇ ਢੋਲਬਾਹਾ ਡੈਮ ਦੇ ਪਾਣੀਆਂ ਨੂੰ ਵੇਖਣ-ਨਿਹਾਰਨ ਦਾ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦਾ ਸਾਂ।
ਹਰ ਸੁਸਾਇਟੀ ਦੇ ਪਰਫਾਰਮੇ ਅਤੇ ਰਿਪੋਰਟ ਜਨਰਲ ਮੈਨੇਜਰ ਦੇ ਦਸਤਖਤਾਂ ਬਾਅਦ ਏਪੈਕਸ ਬੈਂਕ ਨੂੰ ਭੇਜਣੇ ਹੁੰਦੇ ਸਨ। ਜਨਰਲ ਮੈਨੇਜਰ ਸਾਰਾ ਕੁਝ ਪੜ੍ਹ ਕੇ ਹੀ ਦਸਤਖਤ ਕਰਦਾ ਸੀ। ਫਿਰ ਜਦੋਂ ਉਸ ਨੂੰ ਮੇਰੇ ਕੰਮ ’ਤੇ ਵਿਸ਼ਵਾਸ ਹੋ ਗਿਆ, ਉਹ ਸਰਸਰੀ ਨਿਗ੍ਹਾ ਮਾਰ ਕੇ ਦਸਤਖਤ ਕਰ ਦੇਂਦਾ।
ਏਪੈੱਕਸ ਬੈਂਕ ਦੇ ਤਿੰਨ ਐਫ. ਈ. ਆਈ ਸਾਰੀਆਂ ਬੈਂਕਾਂ ਤੋਂ ਗਈਆਂ ਪੜਤਾਲਾਂ ਨੂੰ ਨਾਲ਼ ਦੀ ਨਾਲ਼ ਕਮਪਾਈਲ (ਇਕੱਤਰ) ਕਰੀ ਜਾਂਦੇ ਅਤੇ ਹਰ ਪੰਦਰਵਾੜੇ ਬਾਅਦ, ਪੜਤਾਲਾਂ ਦਾ ਸੰਖਪ ਰੂਪ, ਆਪਣੀਆਂ ਟਿੱਪਣੀਆਂ ਸਹਿਤ, ਅਪੈਕਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੇਸ਼ ਕਰ ਦੇਂਦੇ। ਐਮ.ਡੀ ਲੋੜ ਅਨੁਸਾਰ ਨਵੀਆਂ ਹਦਾਇਤਾਂ ਵੀ ਜਾਰੀ ਕਰਦਾ ਸੀ।
ਸਿਵਲ ਦੀ ਨੌਕਰੀ ਦਾ ਵੱਖਰਾ ਮਾਹੌਲ
ਬੈਂਕ ਦੇ ਕਰਮਚਾਰੀਆਂ ਦਾ ਆਚਾਰ-ਵਿਹਾਰ ਏਅਰਫੋਰਸ ਨਾਲ਼ੋਂ ਵੱਖਰੀ ਤਰ੍ਹਾਂ ਦਾ ਸੀ। ਓਥੇ ਦਿਲਾਂ ’ਚ ਸਫਾਈ ਸੀ। ਇਕ-ਦੂਜੇ ’ਤੇ ਇਤਬਾਰ ਸੀ। ਏਥੇ ਨਿੱਕੇ-ਨਿੱਕੇ ਲਾਭਾਂ ਖਾਤਰ ਕਰਮਚਾਰੀ ਇਕ-ਦੂਜੇ ਦੇ ਠਿੱਬੀ ਲਾਉਂਦੇ ਸਨ। ਚੁਸਤੀਆਂ-ਚਲਾਕੀਆਂ ਦੀ ਰਾਜਨੀਤੀ ਪ੍ਰਚੱਲਤ ਸੀ।
ਬੈਂਕ ਦੇ ਆਮ ਕਰਮਚਾਰੀ ਮੇਰੇ ਨਾਲ਼ ਗੱਲਬਾਤ ਤਾਂ ‘ਸਰਦਾਰ ਜੀ’ ਕਹਿ ਕੇ ਕਰਦੇ ਸਨ ਪਰ ਉਨ੍ਹਾਂ ਦੇ ਦਿਲਾਂ ਵਿਚ ਈਰਖਾ ਸੀ। ਕੋਆਪ੍ਰੇਟਿਵ ਬੈਂਕਾਂ ਦੀ ਨੌਕਰੀ ਆਮ ਤੌਰ ’ਤੇ ਕਲਰਕ ਤੋਂ ਸ਼ੁਰੂ ਹੁੰਦੀ ਹੈ। ਜੂਨੀਅਰ ਅਕਾਊਂਟੈਂਟ ਬਣਨ ਲਈ ਕਈ ਸਾਲ ਲੱਗ ਜਾਂਦੇ ਹਨ। ਮੈਂ ਸਿੱਧਾ ਹੀ ਜੂਨੀਅਰ ਅਕਾਊਂਟੈਂਟ ਦਾ ਗਰੇਡ ਲੈ ਕੇ ਆਇਆ ਸਾਂ। ਆਇਆ ਵੀ ਅਪੈਕਸ ਬੈਂਕ ਤੋਂ। ਸੋ ਕਰਮਚਾਰੀਆਂ ਲਈ ਮੈਂ ਉੱਪਰੋਂ ਠੋਸਿਆ ਬੰਦਾ ਸਾਂ।
ਪਰ ਦੋ ਕਾਰਨਾਂ ਕਰਕੇ ਉਨ੍ਹਾਂ ਦੀ ਈਰਖਾ ਮੇਰਾ ਕੋਈ ਨੁਕਸਾਨ ਨਾ ਕਰ ਸਕੀ। ਪਹਿਲਾ ਇਹ ਕਿ ਮੇਰੇ ਕੰਮ ਦਾ ਸੰਬੰਧ ਬੈਂਕ ਦੇ ਕਿਸੇ ਹੋਰ ਕਰਮਚਾਰੀ ਨਾਲ਼ ਨਹੀਂ, ਸਿੱਧਾ ਜਨਰਲ ਮੈਨੇਜਰ ਤੇ ਏਪੈਕਸ ਬੈਂਕ ਨਾਲ਼ ਸੀ।
ਦੂਜਾ ਕਾਰਨ ਸੀ ਅੰਗ੍ਰੇਜ਼ੀ ਪ੍ਰਤੀ ਮੇਰੀ ਸਮਰੱਥਾ। ਬੈਂਕ ਦਾ ਸਾਰਾ ਕੰਮ ਤੇ ਖਤੋ-ਖਿਤਾਬਤ ਅੰਗ੍ਰੇਜ਼ੀ ’ਚ ਸੀ। ਅੰਗ੍ਰੇਜ਼ੀ ਪੱਖੋਂ ਕਰਮਚਾਰੀਆਂ ਦਾ ਹੱਥ ਤੰਗ ਸੀ। ਵਡੇਰੀ ਉਮਰ ਦਾ ਜਨਰਲ ਮੈਨੇਜਰ ਸ. ਗੁਰਚਰਨ ਸਿੰਘ ਆਪਣੇ ਜ਼ਮਾਨੇ ਦਾ ਬੀ.ਏ ਸੀ।
ਉਸਦੀ ਅੰਗ੍ਰਜ਼ੀ ’ਤੇ ਕਮਾਂਡ ਹੈਗੀ ਸੀ। ਡਿਫਾਲਰ ਸੁਸਾਇਟੀਆਂ ਦੀ ਪੜਤਾਲ ਦੇ ਅਹਿਮ ਨੁਕਤਿਆਂ ਨੂੰ ਸਪੱਸ਼ਟ ਤੇ ਬੱਝਵੇਂ ਰੂਪ ’ਚ ਹਾਈਲਾਈਟ ਕਰਦੀਆਂ ਮੇਰੀਆਂ ਰਿਪੋਰਟਾਂ ਦੀ ਅੰਗ੍ਰਜ਼ੀ ਉਸਨੂੰ ਪ੍ਰਭਾਵਿਤ ਕਰਦੀ ਸੀ। ਮੇਰੇ ਟੂਰ ਪ੍ਰੋਗਰਾਮਾਂ ਦੇ ਟੀ.ਏ, ਡੀ.ਏ ਬਿੱਲ ਉਹ ਖੁਸ਼ ਹੋ ਕੇ ਪਾਸ ਕਰਦਾ ਸੀ। ਉਸਦੇ ਰਿਟਾਇਰ ਹੋਣ ਬਾਅਦ ਸ. ਅਮਰ ਸਿੰਘ ਸਾਡਾ ਨਵਾਂ ਜਨਰਲ ਮੈਨੇਜਰ ਬਣਿਆਂ। ਉਹ ਲੁਧਿਆਣਾ ਕੇਂਦਰੀ ਸਹਿਕਾਰੀ ਬੈਂਕ ਤੋਂ ਬਦਲ ਕੇ ਆਇਆ ਸੀ। ਮੇਰੇ ਕੰਮ ਤੋਂ ਉਹ ਵੀ ਖੁਸ਼ ਸੀ।
ਮੈਂ ਬੈਂਕ-ਸਟਾਫ ਦਾ ਅੰਗ ਬਣਨ ਲਈ ਯਤਨਸ਼ੀਲ ਸਾਂ। ਲੰਚ ਬਰੇਕ ਦੌਰਾਨ ਮੈਂ ਆਪਣੇ ਕਮਰੇ ਵਾਲ਼ਿਆਂ, ਬੰਗੇ ਤੇ ਲਾਲੇ ਨਾਲ਼ ਖਾਣਾ-ਪੀਣਾ ਸ਼ੁਰੂ ਕਰ ਦਿੱਤਾ। ਦੋਵੇਂ ਸੋਮਰਸ ਦੇ ਸ਼ੌਕੀਨ ਸਨ। ਹਵਾਈ ਅੱਡੇ ਆਦਮਪੁਰ ਦੀ ਕੈਨਟੀਨ ਤੋਂ ਮੈਨੂੰ ਰੰਮ ਤੇ ਵਿਸਕੀ ਮਿਲ਼ ਜਾਂਦੀ ਸੀ।
ਮੈਂ ਦੋ-ਤਿੰਨ ਵਾਰ ਸੋਮਰੱਸ ਅਤੇ ਮੁਰਗੇ ਨਾਲ਼ ਉਨ੍ਹਾਂ ਦੀ ਖੂਬ ਸੇਵਾ ਕੀਤੀ। ਫਿਰ ਜਦੋਂ ਕਦੀ ਪ੍ਰੋਗਰਾਮ ਬਣਦਾ, ਰੰਮ ਮੈਂ ਲੈ ਆਉਂਦਾ, ਮੀਟ ਮੁਰਗੇ ਦਾ ਖਰਚਾ ਉਹ ਕਰ ਦੇਂਦੇ।
ਬੈਂਕ ’ਚ ਆਉਣ ਤੋਂ ਪਹਿਲਾਂ ਮੈਂ, ਇਨਕਮ ਟੈਕਸ ਤੇ ਐਕਸਾਈਜ਼ ਇੰਸਪੈਕਟਰ ਦੀ ਜੌਬ ਵਾਸਤੇ ਟੈਸਟ ਦਿੱਤੇ ਹੋਏ ਸਨ। ਟੈਸਟਾਂ ਵਿੱਚੋਂ ਪਾਸ ਹੋਣ ’ਤੇ ਇੰਟਰਵਿਊ ਲਈ ਸੱਦਾ-ਪੱਤਰ ਆ ਗਿਆ। ਇੰਟਰਵਿਊ-ਕਮੇਟੀ ਦਾ ਮੁਖੀ ‘ਸਬੌਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ’ ਦਾ ਚੇਅਰਮੈਨ ਸੀ। ਕੋਈ ਕਾਂਗਰਸੀ ਲੀਡਰ ਸੀ ਉਹ। ਪੰਜ ਮਿੰਟਾਂ ਦੀ ਇੰਟਰਵਿਊ ਵਿਚ ਮੈਥੋਂ ਦੋ ਕੁ ਸਵਾਲ ਏਅਰਫੋਰਸ ਦੀ ਸਰਵਿਸ ਬਾਰੇ ਪੁੱਛੇ ਤੇ ਬੱਸ। ਇੰਟਰਵਿਊ ਤਾਂ ਐਵੇਂ ਰਸਮ ਪੂਰੀ ਕਰਨ ਵਾਲ਼ੀ ਗੱਲ ਸੀ। ਸਿਲੈਕਸ਼ਨ ਕਾਬਲੀਅਤ ਦੇ ਆਧਾਰ ’ਤੇ ਨਹੀਂ, ਤਕੜੀ ਸਿਫਾਰਿਸ਼ ਜਾਂ ਪੈਸੇ ਰਾਹੀਂ ਹੋਣੀ ਸੀ। ਪੈਸਿਆਂ ਪੱਖੋਂ ਮੈਂ ਊਣਾ ਸਾਂ। ਨੌਕਰੀ ਕੁਝ ਠੁੱਕ ਵਾਲ਼ੀ ਹੋਣ ਕਰਕੇ ਮਨ ’ਚ ਲਾਲਸਾ ਉੱਭਰੀ ਸੀ ਕਿ ਕੋਈ ਸਿਫਾਰਿਸ਼ ਲੱਭਾਂ। ਪਰ ਜਦੋਂ ਸਹਿਜ ਰਉਂ ’ਚ ਸੋਚਿਆ ਤਾਂ ਅੰਦਰੋਂ ਆਵਾਜ਼ ਆਈ, ‘ਬੰਦਿਆ! ਸਰਕਾਰੀ ਖਜ਼ਾਨੇ ’ਚ ਜਾਣ ਵਾਲ਼ੇ ਟੈਕਸਾਂ ਵਿੱਚੋਂ ਆਪਣੀਆਂ ਤੇ ਉੱਪਰਲਿਆਂ ਦੀਆਂ ਜ਼ੇਬਾਂ ਤਰ ਕਰਨ ਦੀਆਂ ਜੁਗਤਾਂ ਤੇ ਚਲਾਕੀਆਂ ਤੈਥੋਂ ਖੇਡੀਆਂ ਨਹੀਂ ਜਾਣੀਆਂ।’
ਕਮਰਸ਼ੀਅਲ ਬੈਂਕਾਂ ਦੀ ਜੌਬ ਵਾਸਤੇ ਵੀ ਅਪਲਾਈ ਕੀਤਾ ਹੋਇਆ ਸੀ। ਟੈਸਟ ਵਾਸਤੇ ਸੈਂਟਰ ਅਤੇ ਰੋਲ਼-ਨੰਬਰ ਵਗੈਰਾ ਆ ਗਏ ਸਨ। ਪਰ ਮੈਂ ਆਪਣੀ ਮੌਜੂਦਾ ਨੌਕਰੀ ’ਚ ਸੰਤੁਸ਼ਟ ਸਾਂ। ਉਨ੍ਹਾਂ ਬੈਂਕਾਂ ਦੇ ਤਨਖਾਹ-ਗਰੇਡ ਤਾਂ ਕੋਆਪ੍ਰੇਟਿਵ ਬੈਂਕਾਂ ਨਾਲ਼ੋਂ ਜ਼ਿਆਦਾ ਸਨ ਪਰ ਨੌਕਰੀ ਕਲਰਕ ਤੋਂ ਸ਼ੁਰੂ ਹੋਣੀ ਸੀ। ਆਪਣੀ ਮੌਜੂਦਾ ਨੌਕਰੀ ’ਚ ਮੈਂ ਉਨ੍ਹਾਂ ਦੇ ਕਲਰਕ ਤੋਂ ਵੱਧ ਲੈ ਰਿਹਾ ਸਾਂ। ਮੇਰਾ ਇਹ ਕੰਮ ਵੀ ਮੇਰੀ ਰੁਚੀ ਦੇ ਅਨੁਕੂਲ ਸੀ— ਡੈਬਿਟ, ਕਰੈਡਿਟ, ਵਾਊਚਰਾਂ, ਲੈਜਰਾਂ ਯਾਨਿ ਹਿੰਦਸਿਆਂ ਨਾਲ਼ ਮੱਥਾ ਮਾਰਨ ਨਾਲ਼ੋਂ ਲਿਖਤ-ਪੜ੍ਹਤ ਵਾਲ਼ਾ ਕੰਮ ਮੈਨੂੰ ਵਧੇਰੇ ਪਸੰਦ ਸੀ। ਤੇ ਮੇਰੇ ਕੰਮ ਦੀ ਕਦਰ ਵੀ ਪੈ ਰਹੀ ਸੀ।
1978 ’ਚ ਉਸ ਸਮੇਂ ਦੀ ਅਕਾਲੀ ਸਰਕਾਰ ਨੇ ‘ਸਰਬਪੱਖੀ ਪੇਂਡੂ ਵਿਕਾਸ ਸਕੀਮ’ ਅਧੀਨ ਪੰਜਾਬ ਦੇ ਕੁਝ ਚੌਣਵੇਂ ਪਿੰਡਾਂ ਨੂੰ ‘ਫੋਕਲ ਪੁਆਂਇੰਟ’ ਬਣਾਉਣ ਦਾ ਐਲਾਨ ਕਰ ਦਿੱਤਾ। ਹਰ ‘ਫੋਕਲ ਪੁਆਂਇੰਟ’ ’ਤੇ ਅਨਾਜ ਮੰਡੀ, ਕੋਆਪ੍ਰੇਟਿਵ ਬੈਂਕ ਦੀ ਬਰਾਂਚ, ਡਿਸਪੈਂਸਰੀ ਤੇ ਖੇਤੀਬਾੜੀ ਇੰਸਪੈਕਟਰ ਦਾ ਦਫਤਰ ਖੋਲ੍ਹੇ ਜਾਣੇ ਸਨ। ਰਜਿਸਟਰਾਰ ਨੇ ਕੇਂਦਰੀ ਬੈਂਕਾਂ ਨੂੰ, ਫੋਕਲ ਪੁਆਂਇੰਟ ਪਿੰਡਾਂ ’ਚ ਕੋਈ ਢੁੱਕਵੀਂ ਥਾਂ ਦੇਖ ਕੇ, ਬਰਾਂਚਾਂ ਖੋਲ੍ਹਣ ਦੇ ਆਦੇਸ਼ ਦੇ ਦਿੱਤੇ। ਹੁਸ਼ਿਆਰਪੁਰ ’ਚ ਐਲਾਨੇ ਗਏ ਕੁਝ ਫੋਕਲ ਪੁਆਂਇੰਟਾਂ ’ਤੇ ਸਾਡੀ ਕੇਂਦਰੀ ਬੈਂਕ ਦੀਆਂ ਬਰਾਂਚਾਂ ਪਹਿਲਾਂ ਹੀ ਹੈਗੀਆਂ ਸਨ। ਬਾਕੀਆਂ ’ਤੇ ਨਵੀਆਂ ਖੋਲ੍ਹ ਦਿੱਤੀਆਂ ਗਈਆਂ। ਇਸ ਸਕੀਮ ਅਨੁਸਾਰ ਪੰਜਾਬ ਦੀਆਂ ਕੋਆਪ੍ਰੇਟਿਵ ਬੈਂਕਾਂ ਦਾ ਪਾਸਾਰ ਤਾਂ ਹੋ ਗਿਆ ਪਰ ਕਈ ਨਵੀਆਂ ਬਰਾਂਚਾਂ ਆਪਣੇ ਖਰਚੇ ਚੁੱਕਣ ਤੋਂ ਅਸਮਰਥ ਸਨ, ਜਿਸਦਾ ਅਸਰ ਕੇਂਦਰੀ ਬੈਂਕਾਂ ਦੇ ਮੁਨਾਫੇ ’ਤੇ ਪਿਆ।
‘ਸਰਬਪੱਖੀ ਪੇਂਡੂ ਵਿਕਾਸ ਸਕੀਮ’ ਸੀ ਤਾਂ ਵਧੀਆ ਪਰ ਆਮ ਸਰਕਾਰੀ ਸਕੀਮਾਂ ਵਾਂਗ, ਇਸ ਸਕੀਮ ’ਤੇ ਵੀ ਸਰਕਾਰ ਨੇ ਪੂਰੀ ਤਰ੍ਹਾਂ ਪਹਿਰਾ ਨਾ ਦਿੱਤਾ। ਸਿੱਟੇ ਵਜੋਂ ਸਕੀਮ ਪੂਰਨ ਤੋਰ ’ਤੇ ਸਿਰੇ ਨਾ ਚੜ੍ਹੀ। ਬੈਂਕ ਅਤੇ ਅਨਾਜ ਮੰਡੀ ਤਾਂ ਚੱਲ ਪਈਆਂ ਪਰ ਖੇਤੀ ਬਾੜੀ ਦਫਤਰ ਤੇ ਡਿਸਪੈਂਸਰੀ ਦੀ ਊਣ ਰਹਿ ਗਈ।
ਬੈਂਕ ਦੀ ਨੌਕਰੀ ਦਾ ਚੈਨ-ਸੁੱਖ ਵਾਲ਼ਾ ਉਹ ਸਮਾਂ ਪੜ੍ਹਨ-ਲਿਖਣ ਲਈ ਸਾਜ਼ਗਾਰ ਸੀ। ਹੁਸ਼ਿਆਰਪੁਰ ਦੀ ਜ਼ਿਲਾ ਲਾਇਬਰੇਰੀ ਵਿਚ ਸਾਹਿਤਕ ਪੁਸਤਕਾਂ ਕਾਫੀ ਸਨ। ਮੈਂ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੁਜਾਨ ਸਿੰਘ, ਨੌਰੰਗ ਸਿੰਘ, ਕਰਤਾਰ ਸਿੰਘ ਦੁੱਗਲ, ਗੁਰਬਚਨ ਸਿੰਘ ਭੁੱਲਰ, ਮੋਹਨ ਭੰਡਾਰੀ, ਜਸਵੰਤ ਸਿੰਘ ਵਿਰਦੀ, ਰਾਮ ਸਰੂਪ ਅਣਖੀ ਦੇ ਕਹਾਣੀ-ਸੰਗ੍ਰਹਿ ਪੜ੍ਹ ਰਿਹਾ ਸਾਂ। ਪੜ੍ਹਨ ਦੇ ਨਾਲ਼-ਨਾਲ਼ ਲਿਖਦਾ ਵੀ ਸਾਂ। ਏਅਰਫੋਰਸ ਦੀ ਸਰਵਿਸ ਦੌਰਾਨ ਕੁਝ ਵਿਸ਼ੇਸ਼ ਘਟਨਾਵਾਂ ਮਨ ’ਚ ਵਸੀਆਂ ਹੋਈਆਂ ਸਨ। ਹੁਣ ਕਾਰਜਸ਼ੀਲ ਹੋਈ ਰਚਨਾਤਮਿਕਤਾ ਨੇ ਉਨ੍ਹਾਂ ਘਟਨਾਵਾਂ ਨੂੰ ਕਹਾਣੀਆਂ ਦਾ ਆਧਾਰ ਬਣਾ ਲਿਆ।
‘ਮੈਨੂੰ ਕੀ’:ਇਸ ਕਹਾਣੀ ਦਾ ਲੋਕੇਲ ਆਸਾਮ ਹੈ। ਓਥੋਂ ਦੇ ਚਾਹ-ਬਾਗਾਂ ਵਿਚ ਸੈਰ ਕਰਦਿਆਂ ਮੈਂ ਦੇਖਦਾ ਹੁੰਦਾ ਸੀ ਕਿ ਚਾਹ-ਬਾਗਾਂ ਦੇ ਅਰਬਾਂ ਪਤੀ ਮਾਲਕ ਮਜ਼ਦੂਰਾਂ-ਮਜ਼ਦੂਰਨਾਂ ਦੀ ਸਖਤ ਮਿਹਨਤ ਦਾ ਸਹੀ ਮੁੱਲ ਨਹੀਂ ਸੀ ਪਾਉਂਦੇ। ਕਹਾਣੀ ਦੇ ਦ੍ਰਿਸ਼ ਵਿਚ ਮਜ਼ਦੂਰਨਾਂ ਚਾਹ ਦੇ ਪੌਦਿਆਂ ਤੋਂ ਪੱਤੀਆਂ ਤੋੜ-ਤੋੜ ਇਕ ਥਾਂ ’ਤੇ ਢੇਰ ਲਾ ਰਹੀਆਂ ਹਨ। ਮਜ਼ਦੂਰਨਾਂ ਦੇ ਛੋਟੇ-ਛੋਟੇ ਨਿਆਣੇ, ਪਾਟੇ-ਪੁਰਾਣੇ ਕੱਪੜਿਆਂ ਵਿਚ, ਪੱਤੀਆਂ ਦੇ ਢੇਰ ਦੀ ਮਾਮੂਲੀ ਜਿਹੀ ਛਾਂ ’ਚ ਖੇਲ਼ ਰਹੇ ਹਨ, ਖੇਲ਼ ਕੀ ਰੁਲ਼ ਰਹੇ ਹਨ। ਚਾਹ-ਬਾਗਾਂ ਦਾ ਮਾਲਕ ਬਾਗਾਂ ਵਿਚ ਬਣੀ ਪਟੜੀ ’ਤੇ ਆਪਣਾ ਜਹਾਜ਼ ਉਤਾਰ ਰਿਹਾ ਹੈ। ਬਾਗਾਂ ਵਿਚ ਹੀ ਉਸਦਾ ਮਹਿਲ ਵਰਗਾ ਘਰ ਹੈ। ਬਾਗਾਂ ਦੇ ਨਾਲ਼ ਵਾਲ਼ੀ ਸੜਕ ’ਤੇ ਜਾ ਰਿਹਾ ਇਕ ਮੋਟਰ ਸਾਈਕਲ ਸਵਾਰ (ਕਹਾਣੀ ਦਾ ਮੁੱਖ ਪਾਤਰ) ਹਰਿਆਵਲ ਦਾ ਨਜ਼ਾਰਾ ਮਾਣਨ ਲਈ ਰੁਕ ਜਾਂਦਾ ਹੈ। ਮਜ਼ਦੂਰਨਾਂ ਦੇ ਰੁਲ਼ ਰਹੇ ਨਿਆਣਿਆਂ ਵੱਲ ਵੇਖਦਿਆਂ ਉਸ ਅੰਦਰ ਹਮਦਰਦੀ ਉੱਭਰਦੀ ਹੈ ਪਰ ਸਿਰਫ ਇਕ ਪਲ ਲਈ ਹੀ। ਦੂਜੇ ਹੀ ਪਲ ‘ਮੈਂਨੂੰ ਕੀ’ ਦੀ ਭਾਵਨਾ ਹੇਠ ਉਸਦੀ ਨਿਗ੍ਹਾ ਦੂਜੇ ਪਾਸੇ ਘੁੰਮ ਜਾਂਦੀ ਹੈ।
ਕਹਾਣੀ ਵਿਚ ਅਮੀਰ-ਗਰੀਬ ਦੇ ਪਾੜੇ ਦੇ ਨਾਲ਼-ਨਾਲ਼ ਮੱਧ ਵਰਗੀ ਲੋਕਾਂ ਦੇ ਗਰੀਬੀ ਪ੍ਰਤੀ ‘ਮੈਂਨੂੰ ਕੀ’ ਦੇ ਰਵਈਏ ’ਤੇ ਵੀ ਚੋਟ ਕੀਤੀ ਹੈ।
‘ਹੱਕ’: ਇਸ ਕਹਾਣੀ ਦਾ ਲੋਕੇਲ ਕਾਨਪੁਰ ਹੈ। ਓਥੇ ਮਛੇਰਿਆਂ ਵੱਲੋਂ, ਗੰਗਾ ਦਰਿਆ ਵਿੱਚੋਂ ਫੜੀ ਪੰਜ-ਛੇ ਕੁਇੰਟਲ ਦੀ ਮੱਛੀ ਵੇਖੀ ਸੀ। ਕਹਾਣੀ ਦੇ ਬੀਜ-ਰੂਪ ਵਜੋਂ ਉਸ ਘਟਨਾ ਦੇ ਕੁਝ ਅੰਸ਼ ਮੈਂ ਆਗਰਾ ਵਾਲ਼ੇ ਚੈਪਟਰ ਵਿਚ ਲਿਖ ਆਇਆ ਹਾਂ। ਕਲਪਨਾ ਰਾਹੀਂ ਉਸਾਰੇ ਕਹਾਣੀ ਦੇ ਅਗਲੇ ਹਿੱਸੇ ਵਿਚ, ਸ਼ਿਕਾਰ ਖੇਡ ਰਿਹਾ ਇਕ ਉੱਚ ਪੁਲਿਸ ਅਧਿਕਾਰੀ ਉਸ ਸਥਾਨ ’ਤੇ ਆ ਧਮਕਦੈ। ਭੋਲ਼ੇ-ਭਾਲ਼ੇ ਮਛੇਰਿਆਂ ਨਾਲ਼ ਚਾਲ ਖੇਡ ਕੇ ਉਹ ਮੱਛੀ ਨੂੰ ਸ਼ਹਿਰ ’ਚ ਚੱਲ ਰਹੀ ਨੁਮਾਇਸ਼ ’ਚ ਲੈ ਜਾਂਦਾ ਹੈ ਅਤੇ ਨੁਮਾਇਸ਼ ਦੇ ਪ੍ਰਬੰਧਕਾਂ ਕੋਲੋਂ ਇਨਾਮ ਬਟੋਰ ਲੈਂਦਾ ਹੈ— ਅਖੇ ਮੈਂ ਵੱਡੀਆਂ ਮੱਛੀਆਂ ਦਾ ਰਾਈਫਲ ਨਾਲ਼ ਸ਼ਿਕਾਰ ਕਰਦਾ ਹਾਂ, ਇਹ ਮੱਛੀ ਮੈਂ ਮਾਰੀ ਹੈ। ਉਹ ਮੱਛੀ ਦੇ ਪਿੰਜਰ ਨੂੰ ਸ਼ਹਿਰ ਦੇ ਅਜਾਇਬ ਘਰ ਵਿਚ ਲਿਜਾਣ ਦੀਆਂ ਸਕੀਮਾਂ ਵੀ ਲਾ ਰਿਹਾ ਹੈ। ਕਹਾਣੀ ਦਾ ਥੀਮ ‘ਵੱਡੀ ਮੱਛੀ, ਛੋਟੀ ਮੱਛੀ’ ਹੈ।
‘ਸੁਆਹ ਦੀ ਢੇਰੀ’: ਇਸ ਕਹਾਣੀ ਦਾ ਸੰਬੰਧ ਉੱਤਰਲਾਏ ’ਚ ਵਾਪਰੀ ਘਟਨਾ ਨਾਲ਼ ਹੈ। 1971 ਦੀ ਭਾਰਤ-ਪਾਕਿ ਜੰਗ ’ਚ ਸਾਡੇ ਤਕਨੀਸ਼ਨ ਸਾਥੀ ਪਵਨ ਸ਼ਰਮਾ ਦੀ ਮੌਤ ਹੋ ਗਈ ਸੀ। ਉਹ ਦਰਦਨਾਕ ਘਟਨਾ ਮੈਂ ਜੋਧਪੁਰ ਵਾਲ਼ੇ ਚੈਪਟਰ ਵਿਚ ਬਿਆਨ ਕੀਤੀ ਹੋਈ ਏ। ਇਸ ਕਹਾਣੀ ਵਿਚ ਮੈਂ ਫੌਜੀ ਦੀ ਅੱਧਵਾਟਿਓਂ ਮੁੱਕੀ ਜ਼ਿੰਦਗੀ ਦੇ ਦੁੱਖ-ਸੰਤਾਪ ਅਤੇ ਉਸਦੇ ਪਰਿਵਾਰ ਵਿਚ ਪਏ ਹਨ੍ਹੇਰੇ ਨੂੰ ਪੇਸ਼ ਕੀਤਾ ਹੈ।
ਗੁਰਮੀਤ ਹੇਅਰ ਸਾਹਿਤ ਸਭਾ ਸ਼ਾਮਚੁਰਾਸੀ ਦਾ ਮੈਂਬਰ ਸੀ। ਉਸਦੇ ਕਹਿਣ ’ਤੇ ਮੈਂ ਵੀ ਉਸ ਸਭਾ ਨਾਲ਼ ਜੁੜ ਗਿਆ। ਸਭਾ ਦੇ ਇਕ ਸਮਾਗਮ ਵਿਚ ਪ੍ਰੇਮ ਗੋਰਖੀ ਨਾਲ਼ ਜਾਣ-ਪਛਾਣ ਹੋ ਗਈ। ਮੈਂ ਉਸ ਨੂੰ ਕੁਝ ਕਹਾਣੀਆਂ ਭੇਜੀਆਂ। ਉਸਦੀ ਰਾਇ ਉਤਸ਼ਾਹੀ ਟੋਨ ਵਾਲ਼ੀ ਸੀ। ਵਾਕਫੀਅਤ ਬਣ ਗਈ।
ਭੈਣ ਜੀ ਅਮਰ ਕੌਰ ਦੇ ਪਰਿਵਾਰ ਨਾਲ਼ ਨੇੜਤਾ
ਆਦਮਪੁਰ ਅਸੀਂ ਕਿਰਾਏ ਦੇ ਮਕਾਨ ’ਚ ਰਹਿੰਦੇ ਸਾਂ। ਸਾਡੇ ਸ਼ਰੀਕੇ ’ਚੋਂ ਲਗਦੇ ਤਾਏ ਮੁਣਸ਼ਾ ਸਿੰਘ ਦੀ ਧੀ ਬੀਬੀ ਅਮਰ ਕੌਰ ਵੀ ਆਦਮਪੁਰ ਵਸਦੀ ਸੀ। ਉਹ ਉਮਰ ਵਿਚ ਮੈਥੋਂ ਕਾਫੀ ਵੱਡੀ ਸੀ। ਉਸਦਾ ਪਤੀ ਸ. ਲਾਲ ਸਿੰਘ ਬੈਂਸ ਇੰਗਲੈਂਡ ’ਚ ਸੀ। ਭੈਣ ਜੀ ਸਾਨੂੰ ਕਹਿਣ ਲੱਗੀ, “ਅਸੀਂ ਹੁਣ ਇੰਗਲੈਂਡ ਚਲੇ ਜਾਣਾ ਆਂ, ਤੁਸੀਂ ਸਾਡੇ ਮਕਾਨ ’ਚ ਆ ਜਾਉ।” ਭੈਣ ਦੇ ਮਕਾਨ ’ਚ ਮੁਫਤ ਰਹਿਣਾ ਠੀਕ ਨਹੀਂ ਸੀ। ਕਿਰਾਏ ਦੀ ਗੱਲ ਟੁੱਕ ਕੇ ਅਸੀਂ ਉਨ੍ਹਾਂ ਦੇ ਘਰ ਰਹਿਣ ਲੱਗ ਪਏ। ਉਨ੍ਹਾਂ ਦੀ ਇੱਕੋ-ਇਕ ਸੰਤਾਨ ਹੈ, ਬਲਵਿੰਦਰ। ਉਮਰ ਵਿਚ ਮੈਥੋਂ ਥੋੜ੍ਹਾ ਹੀ ਛੋਟਾ ਹੋਣ ਕਰਕੇ ਉਹ ਮੈਨੂੰ ਮਾਮਾ ਨਹੀਂ ਭਾ ਜੀ ਸੱਦਦਾ ਹੈ। ਕਾਨਵੈਂਟ ਸਕੂਲ ਦਿਗਸ਼ਈ ਦਾ ਪੜ੍ਹਿਆ, ਵਧੀਆ ਦੌੜਾਕ ਬਲਵਿੰਦਰ ਸਮਾਰਟ ਤੇ ਸੂਝਵਾਨ ਨੌਜਵਾਨ ਹੈ। ਉਹ ਕੁਝ ਸਮਾਂ ਪਹਲਿਾਂ ਇੰਗਲੈਂਡ ਚਲਾ ਗਿਆ ਸੀ। ਭੈਣ ਜੀ ਨੇ ਠਹਿਰ ਕੇ ਜਾਣਾ ਸੀ। ਉਹ ਵੱਖਰੀ ਰੋਟੀ ਪਕਾਉਣੀ ਚਾਹੁੰਦੀ ਸੀ ਪਰ ਅਸੀਂ ਉਸਨੂੰ ਆਪਣੇ ਨਾਲ਼ ਹੀ ਖਾਣ-ਪੀਣ ਲਈ ਮਨਾ ਲਿਆ। ਭੈਣ ਜੀ ਸੁਭਾਅ ਦੇ ਥੋੜ੍ਹੇ ਗਰਮ ਸਨ। ਪਰ ਦਿਲ ਵਿਚ ਅਪਣਤ ਬਹੁਤ ਸੀ। ਹਿੰਮਤ-ਹੌਸਲਾ ਵੀ ਬੜਾ ਸੀ। ਸ. ਲਾਲ ਸਿੰਘ ਸਾਧੂ ਸੁਭਾਅ ਦੇ ਸਨ। ਡੇਢ ਕੁ ਸਾਲ ਬਾਅਦ ਭੈਣ ਜੀ ਵੀ ਇੰਗਲੈਂਡ ਚਲੇ ਗਏ। ਆਪਣੀ ਜ਼ਮੀਨ ਤੇ ਦੁਕਾਨਾਂ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਗਏ। ਮੈਂ ਉਨ੍ਹਾਂ ਦੀ ਜ਼ਮੀਨ ਦੇ ਠੇਕੇ ਅਤੇ ਦੁਕਾਨਾਂ ਦੇ ਕਿਰਾਏ ਦੇ ਇਕ-ਇਕ ਪੈਸੇ ਦਾ ਹਿਸਾਬ ਲਿਖਦਾ ਤੇ ਉਨ੍ਹਾਂ ਦੇ ਬੈਂਕ-ਖਾਤੇ ’ਚ ਜਮ੍ਹਾਂ ਕਰਵਾ ਦਿੰਦਾ। ਮਕਾਨ ਕਾਫੀ ਵੱਡਾ ਸੀ। ਪਿਛਲੇ ਕਈ ਸਾਲਾਂ ਤੋਂ ਘਰ ਦੀ ਸਫਾਈ ਤੇ ਭਾਂਡਾ-ਟੀਂਡਾ ਧੋਣ ਦਾ ਕੰਮ ਸੀਬੋ ਨਾਂ ਦੀ ਔਰਤ ਕਰਦੀ ਸੀ। ਉਸਨੂੰ ਹਟਾਉਣ ਨਾਲ਼ ਉਸਦਾ ਹੱਥ ਤੰਗ ਹੋ ਜਾਣਾ ਸੀ। ਉਸਦੇ ਪਹਿਲਾਂ ਜਿੰਨੇ ਮਿਹਨਤਾਨੇ ’ਤੇ ਅਸੀਂ ਉਸਨੂੰ ਕੰਮ ਜਾਰੀ ਰੱਖਣ ਲਈ ਆਖ ਦਿੱਤਾ। ਭੈਣ ਜੀ ਤੇ ਉਨ੍ਹਾਂ ਦਾ ਪਰਿਵਾਰ ਜਦੋਂ ਇੰਡੀਆ ਆਉਂਦੇ ਤਾਂ ਘਰ ਵਿਚ ਰੌਣਕ ਲੱਗ ਜਾਂਦੀ। ਅਸੀਂ ਸਾਰੇ ਜਣੇ ਇਕੱਠੇ ਬਹਿ ਕੇ ਖਾਂਦੇ-ਪੀਂਦੇ, ਗੱਲਾਂ-ਬਾਤਾਂ ਮਾਰਦੇ। ਅਸੀਂ ਕਦੀ ਵੀ ਉਨ੍ਹਾਂ ਨੂੰ ਵੱਖਰੀ ਰਸੋਈ ਨਹੀਂ ਸੀ ਤਪਾਉਣ ਦਿੱਤੀ।
ਅਸੀਂ ਪਿੰਡ ਵਾਲ਼ੇ ਪਰਿਵਾਰ ਨਾਲ਼ ਵੀ ਜੁੜੇ ਹੋਏ ਸਾਂ। ਆਦਮਪੁਰ-ਹੁਸ਼ਿਆਰਪੁਰ ਦੇ ਅੱਧ ਜਿਹੇ ’ਚ ਪੈਂਦਾ ਸਾਡਾ ਪਿੰਡ, ਮੇਨ ਸੜਕ ਤੋਂ ਤਿੰਨ ਕਿਲੋਮੀਟਰ ਦੱਖਣ ਵੱਲ ਨੂੰ ਹੈ। ਤਕਰੀਬਨ ਹਰੇਕ ਵੀਕ-ਐਂਡ ਅਸੀਂ ਪਿੰਡ ਚਲੇ ਜਾਂਦੇ। ਜ਼ਰੂਰਤ ਪੈਣ ’ਤੇ ਮੈਂ ਹੋਰ ਦਿਨਾਂ ਵਿਚ ਵੀ ਆਦਮਪੁਰ ਮੁੜਨ ਦੀ ਬਜਾਇ ਪਿੰਡ ਚਲਾ ਜਾਂਦਾ। ਸਾਡੇ ਪਰਿਵਾਰ ਸਮੇਤ ਪੰਜਾਬ ਦੇ ਆਮ ਕਿਸਾਨ, ਘਰਾਂ-ਪਰਿਵਾਰਾਂ ਦੇ ਗੁਜ਼ਾਰੇ ਚਲਾਈ ਤਾਂ ਜਾਦੇ ਸਨ ਪਰ ਹੱਥ ਘੁੱਟ ਕੇ। ਦਰਅਸਲ ਹਰੇ ਇਨਕਲਾਬ ਨਾਲ਼ ਕਿਸਾਨਾਂ ਦੀ ਬਿਹਤਰ ਹੋਈ ਆਰਥਿਕਤਾ ਦਾ ਗਰਾਫ ਹੇਠਾਂ ਆਉਣ ਲੱਗ ਪਿਆ ਸੀ। ਖਾਦਾਂ, ਫਸਲੀ-ਦਵਾਈਆਂ, ਬੀਜ ਆਦਿ ਦੇ ਖਰਚੇ ਵਧ ਗਏ ਸਨ ਤੇ ਜਿਣਸਾਂ ਦਾ ਭਾਅ ਬਹੁਤ ਘਟ ਸੀ। ਪੰਜਾਬ ਵਿਚ ਭਈਆਂ ਦੀ ਆਮਦ ਨਾਲ਼ ਕਿਸਾਨਾਂ ਨੇ ਹੱਥੀਂ ਕੰਮ ਕਰਨਾ ਘਟਾ ਦਿੱਤਾ ਸੀ। ਝੋਨਾ ਲਾਉਣ-ਝਾੜਨ ਤੇ ਕਣਕਾਂ ਦੀ ਵਾਢੀ-ਗਹਾਈ ਦੇ ਕੰਮ ਉਹ ਭਈਆਂ ਕੋਲੋਂ ਕਰਵਾਉਣ ਲੱਗ ਪਏ ਸਨ। ਕਈ ਕਿਸਾਨਾਂ ਨੇ ਖੇਤੀ ਦੇ ਰੋਜ਼ਾਨਾ ਕੰਮਾਂ ਵਾਸਤੇ ਵੀ ਭਈਏ ਰੱਖ ਲਏ ਸਨ।
ਸਾਥੋਂ ਸਭ ਤੋਂ ਵੱਡੀ ਭੈਣ ਬਖਸ਼ੀਸ਼ ਕੌਰ ਦੇ ਸਹੁਰਾ-ਪਰਿਵਾਰ ਦਾ ਮਾਹੌਲ ਠੀਕ ਨਹੀਂ ਸੀ। ਜੀਜਾ ਜੀ ਜੋਗਿੰਦਰ ਸਿੰਘ ਮਿਹਨਤੀ ਸੀ। ਟਰੱਕ ਡਰਾਈਵਰੀ ਕਰਦਿਆਂ ਉਸਨੇ ਆਪਣਾ ਟਰੱਕ ਲੈ ਲਿਆ ਸੀ। ਚਾਰ ਪੈਸੇ ਹੱਥ ’ਚ ਹੈਗੇ ਸਨ। ਸਾਡੀ ਅਜੜਾਮ ਵਾਲ਼ੀ ਜ਼ਮੀਨ ਲਾਗੇ, ਲਿੰਕ ਰੋਡ ਨਾਲ਼ ਲਗਦੀ 9 ਘੁਮਾਂ ਜ਼ਮੀਨ ਵਿਕਾਊ ਸੀ। ਬਾਪੂ ਜੀ ਨੇ ਸਲਾਹ ਦਿੱਤੀ ਤੇ ਜੋਗਿੰਦਰ ਸਿੰਘ ਨੇ ਉਹ ਖਰੀਦ ਲਈ। ਸਾਡੇ ਇੰਗਲੈਂਡ ਵਸਦੇ ਕਜ਼ਨ ਪ੍ਰੀਤਮ ਸਿੰਘ ਦੀ ਜ਼ਮੀਨ ਅਸੀਂ ਠੇਕੇ ’ਤੇ ਵਾਹੁੰਦੇ ਸਾਂ। ਉਸਦਾ ਪਿੰਡ ਵਾਲ਼ਾ ਘਰ ਖਾਲੀ ਸੀ। ਉਸਨੂੰ ਪੁੱਛ ਕੇ ਅਸੀਂ ਭੈਣ ਜੀ ਦੇ ਪਰਿਵਾਰ ਨੂੰ ਉਸ ਘਰ ਵਿਚ ਲੈ ਆਏ।
ਬਾਪੂ ਜੀ ਤੇ ਕੁਲਦੀਪ ਦੀ ਰਜ਼ਾਮੰਦੀ ਨਾਲ਼ ਬਾਬਾ ਨਿਹਾਲ ਸਿੰਘ ਨੇ ਦਲਜੀਤ ਸਿੰਘ ਨੂੰ ਆਪਣਾ ਡਰਾਈਵਰ ਬਣਾ ਲਿਆ। ਦਲਜੀਤ ਸਿੰਘ ਕੋਈ ਤਨਖਾਹ ਨਹੀਂ ਸੀ ਲੈਂਦਾ। ਪਰਿਵਾਰ ਦੀ ਨਿਸ਼ਕਾਮ ਸੇਵਾ ਸੀ। ਬਾਬਾ ਜੀ ਦਾ ਸਾਡੇ ਪਰਿਵਾਰ ਨਾਲ਼ ਆਪਣਿਆਂ ਵਾਲ਼ਾ ਰਿਸ਼ਤਾ ਸੀ। ਉਹ ਸਾਡੇ ਦੁੱਖ-ਸੁੱਖ ਦੇ ਸਾਂਝੀ ਸਨ। ਸਾਡੀ ਬੀਬੀ, ਭਰਾ ਕੁਲਦੀਪ ਤੇ ਭੈਣਾਂ-ਭਣੋਈਏ ਵੀ ਅੰਮ੍ਰਿਤਧਾਰੀ ਹੋ ਗਏ ਸਨ। ਕੁਲਦੀਪ ਸਿੰਘ ਹੁਣ ਸੁਹੇਲ ਸਿੰਘ ਬਣ ਗਿਆ ਸੀ। ਬਾਬਾ ਜੀ ਨੇ ਆਪਣੀ ਯੋਗ ਅਗਵਾਈ ਨਾਲ਼ ਤਰਨਾ ਦਲ ਹਰੀਆਂ ਵੇਲਾਂ ਨੂੰ ਵਿਕਾਸ ਦੀ ਲੀਹ ‘ਤੇ ਪਾ ਦਿੱਤਾ ਸੀ। ਮੁੱਖ ਗੁਰਦਵਾਰਾ ਹਰੀਆਂ ਵੇਲਾਂ ਤੋਂ ਇਲਾਵਾ ਜਥੇਬੰਦੀ ਦੇ ਦੋ ਦਰਜਨ ਦੇ ਕਰੀਬ ਹੋਰ ਗੁਰਦਵਾਰੇ ਵੀ ਹਨ। ਬਾਬਾ ਜੀ ਦੀ ਨਿਗਰਾਨੀ ਹੇਠ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ‘ਰਹਿਤ’ ਵਿਚ ਪੱਕੇ ਤੇ ਗਿਆਨਵਾਨ ਸਿੰਘਾਂ ਦੇ ਹੱਥਾਂ ’ਚ ਹੈ। ਬਾਬਾ ਜੀ ਦਾ ਮੇਲ-ਮਿਲਾਪ ਸਿੱਖਾਂ ਨਾਲ਼ ਹੀ ਨਹੀਂ, ਹਰ ਵਰਗ ਦੇ ਲੋਕਾਂ ਨਾਲ਼ ਹੈ।
ਬਾਬਾ ਜੀ ਨੇ ਧਾਰਮਿਕ ਖੇਤਰ ਤੋਂ ਇਲਾਵਾ ਵਿਦਿਆ ਦੇ ਖੇਤਰ ਵਿਚ ਵੀ ਯੋਗਦਾਨ ਪਾਇਆ ਹੈ। ਇਲਾਕੇ ਵਿਚ ਲੜਕੀਆਂ ਦੇ ਕਾਲਜ ਦੀ ਲੋੜ ਮਹਿਸੂਸ ਕਰਦਿਆਂ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਪ੍ਰੇਰਿਆ… ਤਰਨਾ ਦਲ ਜਥੇਬੰਦੀ, ਇਲਾਕੇ ਦੇ ਪਰਵਾਸੀਆਂ ਤੇ ਪਿੰਡਾਂ ਦੇ ਲੋਕਾਂ ਦੇ ਸਾਂਝੇ ਯਤਨਾਂ ਨਾਲ਼ ਪਿੰਡ ਚੱਬੇਵਾਲ਼ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਦੀ ਉਸਾਰੀ ਹੋ ਗਈ। ਬਾਬਾ ਜੀ ਦੀ ਅਗਵਾਈ ਇਹ ਕਾਲਜ ਵਧੀਆ ਢੰਗ ਨਾਲ਼ ਚਲ ਰਿਹਾ ਹੈ।
ਬਾਪੂ ਜੀ ਅੱਖਾਂ ਮੀਟ ਗਏ
ਬਾਪੂ ਜੀ ਨੂੰ ਲੱਗੀ ਮਰੋੜਾਂ ਦੀ ਬਿਮਾਰੀ ਵਧਦੀ ਜਾ ਰਹੀ ਸੀ। ਮੈਂ ਉਨ੍ਹਾਂ ਨੂੰ ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਲੈ ਗਿਆ। ਕੁਝ ਟੈਸਟਾਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬਾਪੂ ਜੀ ਦੇ ਪੇਟ ’ਚ ਕੈਂਸਰ ਸੀ। ਕੈਂਸਰ ਦਾ ਨਾਂ ਸੁਣ ਕੇ ਮੇਰਾ ਸਿਰ ਚਕਰਾ ਗਿਆ। ਡਾਕਟਰਾਂ ਨੇ ਸੀ. ਐਮ. ਸੀ ਲੁਧਿਆਣਾ ਜਾਣ ਦੀ ਸਲਾਹ ਦਿੱਤੀ। ਨਾਮੁਰਾਦ ਬਿਮਾਰੀ ਬਾਰੇ ਮੈਂ ਦੋਨਾਂ ਭਰਾਵਾਂ ਨੂੰ ਤਾਂ ਦੱਸ ਦਿੱਤਾ ਪਰ ਬਾਪੂ ਜੀ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਧੁਸਕ ਨਾ ਲੱਗਣ ਦਿੱਤੀ।
ਸੀ.ਐਮ.ਸੀ ਦੇ ਡਾਕਟਰਾਂ ਨੇ ਕੁਝ ਹੋਰ ਟੈਸਟ ਕੀਤੇ ਅਤੇ ਕਹਿਣ ਲੱਗੇ, “ਅਪਰੇਸ਼ਨ ਕਰਵਾ ਲਉ। ਤੁਹਾਡਾ ਮਰੀਜ਼ ਪੰਜ ਸਾਲ ਠੀਕ-ਠਾਕ ਰਹੇਗਾ।” ਉਸ ਸਥਿਤੀ ’ਚ ਸਾਡੇ ਲਈ ਪੰਜ ਸਾਲ ਹੀ ਬਹੁਤ ਸਨ। ਬਾਪੂ ਜੀ ਨੇ ਜ਼ਿੰਦਗੀ ’ਚ ਬਹੁਤ ਸੰਘਰਸ਼ ਕੀਤਾ ਸੀ ਪਰ ਅਜੇ ਤੱਕ ਸੁੱਖ-ਆਰਾਮ ਨਹੀਂ ਸੀ ਮਾਣ ਸਕੇ। ਹੁਣ ਉਨ੍ਹਾਂ ਦੇ ਇਹ ਪੰਜ ਸਾਲ ਸੁਖ-ਆਰਾਮ ਵਾਲ਼ੇ ਬਣਾਏ ਜਾ ਸਕਦੇ ਸਨ। ਅਸੀਂ ਅਪਰੇਸ਼ਨ ਵਾਸਤੇ ਹਾਂ ਕਰ ਦਿੱਤੀ।
ਸਾਨੂੰ ਬਾਅਦ ’ਚ ਪਤਾ ਲੱਗਾ ਕਿ ਡਾਕਟਰਾਂ ਨੇ ਬਾਪੂ ਜੀ ਦੇ ਵਧ ਗਏ ਕੈਂਸਰ ਦੀ ਗੱਲ ਸਾਥੋਂ ਲੁਕੋ ਲਈ ਸੀ। ਉਨ੍ਹਾਂ ਦਾ ਗੁੱਝਾ ਮੰਤਵ ਬਾਪੂ ਜੀ ਨੂੰ ਕੇਸ-ਸਟੱਡੀ ਬਣਾਉਣਾ ਸੀ, ਹਸਪਤਾਲ ਨਾਲ਼ ਚਲਦੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਲਈ। ਅਪਰੇਸ਼ਨ ਤੋਂ ਬਾਅਦ ਮੈਂ ਦੇਖਿਆ ਕਿ ਸਰਜੀਕਲ ਸਪੈਸ਼ਲਿਸਟ ਤੇ ਵਿਦਿਆਰਥੀ ਹਰ ਰੋਜ਼ ਬਾਪੂ ਜੀ ਦੇ ਬੈੱਡ ਕੋਲ਼ ਆ ਕੇ, ਉਨ੍ਹਾਂ ਦਾ ਕੇਸ ਡਿਸਕਸ ਕਰਿਆ ਕਰਦੇ ਸਨ।
ਹਸਪਤਾਲੋਂ ਛੁੱਟੀ ਮਿਲਣ ’ਤੇ ਬਾਪੂ ਜੀ ਨੂੰ ਮੈਂ ਤਿੰਨ ਹਫਤੇ ਆਦਮਪੁਰ ਆਪਣੇ ਕੋਲ਼ ਰੱਖਿਆ। ਪਿੰਡ ਜਾ ਕੇ ਡੇਢ ਕੁ ਮਹੀਨੇ ਬਾਅਦ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਮੈਂ ਤੇ ਦਲਜੀਤ ਸਿੰਘ ਉਨ੍ਹਾਂ ਨੂੰ ਟੈਕਸੀ ’ਚ ਸੀ. ਐਮ. ਸੀ ਹਸਪਤਾਲ ਲੈ ਤੁਰੇ। ਰਾਮਾ ਮੰਡੀ (ਜਲੰਧਰ ਛਾਉਣੀ) ਲੰਘ ਕੇ ਫਗਵਾੜੇ ਤੋਂ ਉਰੇ ਚਹੇੜੂ ਹੀ ਪਹੁੰਚੇ ਸਾਂ ਕਿ ਬਾਪੂ ਜੀ ਦੀ ਤਬੀਅਤ ਨਾਜ਼ਕ ਹੋ ਗਈ। ਲੁਧਿਆਣਾ ਦੂਰ ਸੀ। ਅਸੀਂ ਵਾਪਸ ਮੁੜ ਕੇ ਜਲੰਧਰ ਛਾਉਣੀ ਦੇ ਰੁਬੀ ਨੈਲਸਨ ਹਸਪਤਾਲ ਚਲੇ ਗਏ। ਜਰਮਨ ਈਸਾਈਆਂ ਦੇ ਉਸ ਹਸਪਤਾਲ ਦੀਆਂ ਸਿਫਤਾਂ ਲੋਕਾਂ ਕੋਲ਼ੋਂ ਸੁਣੀਆਂ ਹੋਈਆਂ ਸਨ। ਬਾਪੂ ਜੀ ਨੂੰ ਅੰਦਰ ਲਿਜਾਣ ਲਈ ਸਟਰੈਚਰ ਦੀ ਲੋੜ ਸੀ। ਹਸਪਤਾਲ ਅੰਦਰ ਜਾ ਕੇ ਮੈਂ ਦੇਖਿਆ ਗਿਆ ਕਿ ਹਸਪਤਾਲ ਦਾ ਮੁੱਖ-ਡਾਕਟਰ ਆਪਣੇ ਦਫਤਰ ’ਚ ਸੀ। ਸੀ. ਐਮ. ਸੀ ਦੀ ਫਾਈਲ ਦਿਖਾਉਂਦਿਆਂ ਮੈਂ ਉਸ ਕੋਲ਼ ਸਥਿਤੀ ਬਿਅਨ ਕੀਤੀ। “ਮੈਂ ਮਰੀਜ਼ ਨੂੰ ਪਹਿਲਾਂ ਟੈਕਸੀ ’ਚ ਹੀ ਦੇਖਦਾਂ,” ਆਖਦਿਆਂ ਉਹ ਨੇਕ ਇਨਸਾਨ ਮੇਰੇ ਨਾਲ਼ ਹੀ ਬਾਹਰ ਆ ਗਿਆ। ਟੈਕਸੀ ਕੋਲ਼ ਪਹੁੰਚ ਕੇ ਮੈਂ ਦੇਖਿਆ ਕਿ ਦਲਜੀਤ ਸਿੰਘ ਦੇ ਚਿਹਰੇ ’ਤੇ ਸੋਗ ਸੀ। ਬਾਪੂ ਜੀ ਦਾ ਸਿਰ ਉਸਦੀ ਗੋਦ ’ਚ ਸੀ। ਭਰੜਾਈ ਆਵਾਜ਼ ’ਚ ਉਹ ਬੋਲਿਆ, “ਬਾਪੂ ਜੀ ਸਾਨੂੰ ਛੱਡ ਗਏ।” ਡੂੰਘਾ ਹਾਉਕਾ ਭਰਦਿਆਂ ਮੇਰੀਆਂ ਅੱਖਾਂ ਵਹਿ ਤੁਰੀਆਂ। ਨਬਜ਼ ਚੈੱਕ ਕਰਦਿਆਂ ਡਾਕਟਰ ਨੇ “ਵੈਰ੍ਹੀ ਸੌਰੀ” ਦੇ ਸ਼ਬਦਾਂ ਨਾਲ਼ ਦੁੱਖ ਦਾ ਇਜ਼ਹਾਰ ਕੀਤਾ।
ਸੀ. ਐਮ. ਸੀ ਦੇ ਡਾਕਟਰਾਂ ਦੀ ਬਦਨੀਤੀ ਬਾਰੇ ਜਾਣ ਕੇ ਮੇਰੇ ਮਨ ’ਚ ਫਿਕਰ ਤਾਂ ਸੀ ਪਰ ਫਿਰ ਵੀ ਏਨੀ ਕੁ ਆਸ ਹੈਗੀ ਸੀ ਕਿ ਬਾਪੂ ਜੀ, ਜੇ ਪੰਜ ਸਾਲ ਨਹੀਂ ਤਾਂ ਸਾਲ-ਡੇਢ ਸਾਲ ਤਾਂ ਕੱਟ ਹੀ ਜਾਣਗੇ। 40 ਸਾਲ ਪਹਿਲਾਂ ਦੀ ਇਸ ਘਟਨਾ ਵਰਗੀਆਂ, ਡਾਕਟਰਾਂ ਦੀਆਂ ਬੇਈਮਾਨੀਆਂ ਤੇ ਧੋਖੇਬਾਜ਼ੀਆਂ ਭਾਰਤ ਵਿਚ ਹੁਣ ਤਾਂ ਹੋਰ ਵੀ ਵਧ ਗਈਆਂ ਹਨ।
ਬਾਪੂ ਜੀ ਦੀ ਮੌਤ ਸਾਡੇ ਪਰਿਵਾਰ ਲਈ ਬਹੁਤ ਵੱਡੀ ਘਾਟ ਸੀ। ਕਬੀਲਦਾਰੀ ਦੇ ਸਿਲਸਲੇ ਵਿਚ ਜ਼ਿੰਮੇਵਾਰੀਆਂ ਤਾਂ ਭਾਵੇਂ ਪਰਿਵਾਰ ਦੇ ਸਾਰੇ ਮੈਂਬਰ ਨਿਭਾ ਰਹੇ ਸਨ ਪਰ ਅਗਵਾਈ ਬਾਪੂ ਜੀ ਦੀ ਹੀ ਸੀ। ਜ਼ਿੰਦਗੀ ’ਚ ਕਰੜੇ ਵਕਤ ਹੰਢਾਏ ਹੋਣ ਕਰਕੇ ਉਨ੍ਹਾਂ ਨੂੰ ਡੂੰਘੀ ਸੂਝ-ਸਿਆਣਪ ਸੀ। ਪਰਿਵਾਰਕ ਕਾਰਜਾਂ ਦੇ ਨਾਲ਼-ਨਾਲ਼ ਉਹ ਲੋਕਾਂ ਦੇ ਕੰਮ ਵੀ ਆਉਂਦੇ ਸਨ। ਕਈ ਵਾਰ ਆਪਣਾ ਗੁਆ ਕੇ ਲੋਕਾਂ ਦਾ ਸੁਆਰਦੇ ਸਨ। ਉਨ੍ਹਾਂ ਦੇ ਸਸਕਾਰ ’ਤੇ ਪਿੰਡ ਅਤੇ ਆਸੇ-ਪਾਸੇ ਦੇ ਅਨੇਕਾਂ ਲੋਕ ਢੁੱਕੇ ਸਨ।
ਬੈਂਕ ਦੀ ਰੀਵਿਊ ਕਮੇਟੀ ਦਾ ਗਠਨ
ਸੁਸਾਇਟੀਆਂ ਦੀ ਪੜਤਾਲ ਸੰਬੰਧੀ ਅਗਲੀ ਕਾਰਵਾਈ ਲਈ ਰੀਵਿਊ ਕਮੇਟੀ (Review Committee) ਬਣਾਈ ਗਈ। ਜਿਨ੍ਹਾਂ ਕੇਂਦਰੀ ਸਹਿਕਾਰੀ ਬੈਂਕਾਂ ਦੇ ‘ਸ਼ਕੀਆ ਤੇ ਡੁੱਬ ਰਹੇ ਕਰਜ਼ੇ’ ਜ਼ਿਆਦਾ ਸਨ, ਇਹ ਕਮੇਟੀਆਂ ਉਨ੍ਹਾਂ ਬੈਂਕਾਂ ਵਿਚ ਬਣਾਈਆਂ ਗਈਆਂ ਸਨ। ਕੇਂਦਰੀ ਬੈਂਕ ਦਾ ਜਨਰਲ ਮੈਨੇਜਰ, ਅਪੈਕਸ ਬੈਂਕ ਤੇ ਰਿਜ਼ਰਵ ਬੈਂਕ ਦਾ ਇਕ-ਇਕ ਪ੍ਰਤੀਨਿਧ ਅਤੇ ਜਿਲ੍ਹੇ ਦਾ ਡਿਪਟੀ ਰਜਿਸਟਰਾਰ ਇਸ ਕਮੇਟੀ ਦੇ ਮੈਂਬਰ ਸਨ। ਹਰ ਤਿੰਨ ਮਹੀਨੇ ਬਾਅਦ ਇਸ ਕਮੇਟੀ ਦੀ ਮੀਟਿੰਗ ਹੁੰਦੀ ਸੀ। ਜਿੰਨੀਆਂ ਕੁ ਸੁਸਾਇਟੀਆਂ ’ਤੇ ਵਿਚਾਰ ਕਰਨੀ ਸੰਭਵ ਹੁੰਦੀ, ਮੈਂ ਓਨੀਆਂ ਕੁ ਦੀ ਪੜਤਾਲ ਦੇ ਵੇਰਵੇ ਪੇਸ਼ ਕਰ ਦੇਂਦਾ। ਹਰ ਸੁਸਾਇਟੀ ਦੀ ਪੜਤਾਲ ਨੂੰ ਵਿਸਥਾਰ ਸਹਿਤ ਵਿਚਾਰਿਆ ਜਾਂਦਾ। ਵਿਚਾਰ-ਵਟਾਂਦਰੇ ਬਾਅਦ ਵਸੂਲ ਹੋ ਸਕਣ ਵਾਲ਼ੇ ਕਰਜਿਆਂ ਲਈ ਸੰਬੰਧਿਤ ਇਨਸਪੈਕਟਰਾਂ ਨੂੰ ਐਕਸ਼ਨ ਤੇਜ਼ ਕਰਨ ਲਈ ਤਾਕੀਦ ਕੀਤੀ ਜਾਂਦੀ। ਜਿਹੜੇ ਕਰਜ਼ਦਾਰ ਮਰ-ਮੁੱਕ ਗਏ ਸਨ ਤੇ ਉਨ੍ਹਾਂ ਦੇ ਜਾਮਨਾਂ ਦੀ ਹਾਲਤ ਪਤਲੀ ਸੀ, ਉਨ੍ਹਾਂ ’ਤੇ ਕਲਮ ਫੇਰਨ ਦੀ ਸਿਫਾਰਿਸ਼ ਕੀਤੀ ਜਾਂਦੀ ਸੀ। ਕਰਜਿਆਂ ’ਤੇ ਕਲਮ ਫੇਰਨ ਲਈ ‘ਰਿਹੈਬਲੀਟੇਸ਼ਨ ਫੰਡ’ (Rehabilitation Fund) ਕਾਇਮ ਕੀਤਾ ਗਿਆ ਸੀ।
ਪਲੇਠਾ ਕਹਾਣੀ ਸੰਗ੍ਰਹਿ—ਮੈਨੂੰ ਕੀ
1981 ਵਿਚ ਕਿਤਾਬ ਛਪਵਾਉਣ ਦਾ ਵਿਚਾਰ ਬਣ ਗਿਆ। ‘ਮੈਨੂੰ ਕੀ’ ਨਾਂ ਦੇ ਇਸ ਸੰਗ੍ਰਹਿ ਵਿਚ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸੰਬੰਧਿਤ 15 ਕਹਾਣੀਆਂ ਦਰਜ ਹਨ। ਨਿੱਕੀ ਹੁਨਰੀ ਕਹਾਣੀ ਦੀ ਤਰਜ਼ ਦੀਆਂ ਇਨ੍ਹਾਂ ਕਹਾਣੀਆਂ ਦੀ ਲੰਬਾਈ 4 ਤੋਂ 6 ਸਫੇ ਦੀ ਹੈ। ਸੰਖੇਪ ਭੂਮਿਕਾ ਵਜੋਂ ਪ੍ਰਿੰਸੀਪਲ ਸੁਜਾਨ ਸਿੰਘ ਨੇ ਥਾਪੜਾ ਦੇਂਦਿਆਂ ਮੈਨੂੰ ਭਵਿੱਖ ਦਾ ਹੋਣਹਾਰ ਕਹਾਣੀਕਾਰ ਆਖਿਆ। ਪ੍ਰੇਮ ਗੋਰਖੀ ਨੇ ਉਤਸ਼ਾਹੀ ਸ਼ਬਦਾਂ ਵਿਚ ‘ਖੁਸ਼ ਆਮਦੀਦ’ ਕਿਹਾ।
ਡਾ. ਧਰਮਪਾਲ ਸਿੰਗਲ ਨੇ ‘ਜੱਗ ਬਾਣੀ’ ਅਖਬਾਰ (13 ਦਸੰਬਰ, 1981) ਅਤੇ ਪ੍ਰੋ. ਪਿਆਰਾ ਸਿੰਘ ਭੋਗਲ ਨੇ ਅਜੀਤ ਅਖਬਾਰ (4 ਅਕਤੂਬਰ, 1981) ਵਿਚ ਇਸ ਕਿਤਾਬ ਦੇ ਰਿਵਿਊ ਕੀਤੇ। ਦੋਨਾਂ ਵਿਦਵਾਨਾਂ ਨੇ ਕਹਾਣੀਆਂ ਦੀ ਸਿਫਤ ਕੀਤੀ।
ਸਾਹਿਤ ਸਭਾ ਸ਼ਾਮਚੁਰਾਸੀ ਦਾ ਪ੍ਰਧਾਨ ਸਭਾ ਨੂੰ ਆਪਣੀ ਮਲਕੀਅਤ ਸਮਝਦਾ ਸੀ। ਮੈਂ, ਗੁਰਮੀਤ ਹੇਅਰ ਤੇ ਹਰੀ ਸਿੰਘ ਢਿੱਲੋਂ ਨੇ ਆਸ-ਪਾਸ ਦੇ ਲੇਖਕਾਂ-ਪਾਠਕਾਂ ਦੀ ਸਲਾਹ ਨਾਲ਼ ਆਦਮਪੁਰ ’ਚ ‘ਦੁਆਬਾ ਸਾਹਿਤ ਮੰਚ’ ਸਥਾਪਤ ਕਰ ਲਿਆ। ਢਿੱਲੋਂ ਵੀ ਮੇਰੇ ਵਾਂਗ ਸਾਬਕਾ ਹਵਾਈ ਸੈਨਿਕ ਸੀ। ਉਹ ਤੇ ਹੇਅਰ ਦੋਨੋਂ ਕਹਾਣੀਆਂ ਲਿਖਦੇ ਸਨ। ਪ੍ਰੋਫੈਸਰ ਪ੍ਰਿਤਪਾਲ ਸਿੰਘ ਮਹਿਰੋਕ, ਜੋ ਉਦੋਂ ਡਰੋਲੀ ਪਿੰਡ ਦੇ ਕਾਲਜ ’ਚ ਪੜ੍ਹਾਉਂਦਾ ਸੀ, ਗਜ਼ਲਗੋ ਹਰਭਜਨ ਸਿੰਘ ਬੈਂਸ, ਗਜ਼ਲਗੋ ਸੁਖਵੰਤ ਪੱਟੀ, ਦਾਗ਼ੀ ਅਲਾਵਲਪੁਰੀ, ਨਿਰਮਲ ਸਿੰਘ ਪਟਵਾਰੀ ਸਮੇਤ ਸਭਾ ਦੇ 16 ਕੁ ਮੈਂਬਰ ਸਨ।
ਢਿੱਲੋਂ ਨੂੰ ਪ੍ਰਧਾਨ ਤੇ ਮੈਨੂੰ ਜਨਰਲ ਸਕੱਤਰ ਬਣਾਇਆ ਗਿਆ। ਹਰ ਮਹੀਨੇ ਸਭਾ ਦੀ ਮੀਟਿੰਗ ਹੁੰਦੀ ਸੀ। ਮੰਚ ਨੂੰ ਕੇਂਦਰੀ ਲੇਖਕ ਸਭਾ ਨਾਲ਼ ਸੰਬੰਧਿਤ ਕਰਵਾ ਕੇ ਅਸੀਂ ਇਸਨੂੰ ਰਜਿਸਟਰਡ ਵੀ ਕਰਵਾ ਲਿਆ ਸੀ।
ਕੋਆਪ੍ਰੇਟਿਵ ਬੈਂਕਾਂ ਵਿਚ ਲੰਮੀ ਹੜਤਾਲ
ਪੰਜਾਬ ਦੀਆਂ ਸਾਰੀਆਂ ਕੇਂਦਰੀ ਸਹਿਕਾਰੀ ਬੈਂਕਾਂ ’ਤੇ ਅਪੈਕਸ ਬੈਂਕ ਵਿਚ ਯੁਨੀਅਨ ਬਣੀਆਂ ਹੋਈਆਂ ਸਨ। ਅਗਾਂਹ ਇਨ੍ਹਾਂ ਯੂਨੀਅਨਾਂ ਦੇ ਪ੍ਰਤੀਨਿਧਾਂ ਦੀ ਪੰਜਾਬ ਲੈਵਲ ’ਤੇ ‘ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਐਂਪਲਾਈਜ਼ ਫੈਡਰਸ਼ਨ’ ਸੀ। ਫੈਡਰੇਸ਼ਨ ਵਾਸਤੇ ਮੁੱਖ ਮਸਲਾ ਕਰਮਚਾਰੀਆਂ ਦੇ ਤਨਖਾਹ-ਗਰੇਡ ਰਿਵਾਈਜ਼ ਕਰਵਾਉਣ ਦਾ ਸੀ। ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਤੇ ਸਹਿਕਾਰਤਾ ਮੰਤਰੀ ਨੇ ਟਾਲ਼-ਮਟੋਲ ਦੀ ਨੀਤੀ ਅਪਣਾਈ ਹੋਈ ਸੀ। ਅੱਕੀ ਹੋਈ ਫੈਡਰਸ਼ਨ ਨੇ ਹੜਤਾਲ ਦਾ ਨੋਟਿਸ ਦੇ ਦਿੱਤਾ। ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ। ਮਈ 1981 ’ਚ ਮਿੱਥੀ ਹੋਈ ਤਾਰੀਖ ’ਤੇ ਹੜਤਾਲ ਸ਼ੁਰੂ ਹੋ ਗਈ। ਪੰਜਾਬ ਅਤੇ ਚੰਡੀਗੜ੍ਹ ’ਚ ਕੋਆਪ੍ਰੇਟਿਵ ਬੈਂਕਾਂ ਦਾ ਕੰਮ-ਕਾਜ ਪੂਰਨ ਤੌਰ ’ਤੇ ਠੱਪ ਹੋ ਗਿਆ। ਫੈਡਰਸ਼ਨ ਦੀ ਰਜਿਸਟਰਾਰ ਨਾਲ਼ ਤਿੰਨ ਕੁ ਵਾਰ ਗੱਲਬਾਤ ਹੋਈ। ਰਜਿਸਟਰਾਰ ਵੱਲੋਂ ਤਨਖਾਹ ਦੇ ਵਾਧੇ ਦੀ ਪੇਸ਼ਕਸ਼ ਬਹੁਤ ਥੋੜ੍ਹੀ ਸੀ। ਹੜਤਾਲ ਲੰਮੀ ਪੈ ਗਈ। ਵੇਲੇ ਦੀ ਕਾਂਗਰਸ ਸਰਕਾਰ ਨੇ ਸਖਤੀ ਸ਼ੁਰੂ ਕਰ ਦਿੱਤੀ। ਮੁੱਖ ਮੰਤਰੀ ਦਰਬਾਰਾ ਸਿੰਘ ਹੜਤਾਲ ਨੂੰ ਫੇਲ੍ਹ ਕਰਨਾ ਚਾਹੁੰਦਾ ਸੀ। ਅਪੈਕਸ ਬੈਂਕ ਤੇ ਕੇਂਦਰੀ ਬੈਂਕਾਂ ਦੇ ਬੋਰਡਾਂ ਨੂੰ ਹੜਤਾਲੀ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਅਧਿਕਾਰ ਦੇ ਦਿੱਤੇ।
ਸਾਡੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਵਿਚ ਚੌਧਰ ਅਕਾਲੀਆਂ ਦੀ ਸੀ। ਸ. ਕਰਤਾਰ ਸਿੰਘ ਵੈਦ (ਤਤਕਾਲੀ ਐਮ. ਐਲ. ਏ) ਚੇਅਰਮੈਨ ਤੇ ਸ. ਕਾਬਲ ਸਿੰਘ (ਸ਼ੋਮਣੀ ਕਮੇਟੀ ਦਾ ਤਤਕਾਲੀ ਮੀਤ ਪ੍ਰਧਾਨ) ਮੈਨੇਜਿੰਗ ਡਾਇਰੈਕਟਰ ਸੀ। ਵੈਦ ਗੁੱਸੇਖੋਰ ਤਾਂ ਸੀ ਪਰ ਗਲਤ ਬੰਦਿਆਂ ਲਈ ਹੀ। ਆਮ ਕਰਮਚਾਰੀਆਂ ਲਈ ਉਸਦਾ ਵਿਹਾਰ ਠੀਕ ਸੀ। ਕਾਬਲ ਸਿੰਘ ਹੰਕਾਰੀ ਤੇ ਓਵਰਸਮਾਰਟ ਸੀ। ਅੰਗ੍ਰੇਜ਼ੀ ਦੇ ਚਾਰ ਕੁ ਅੱਖਰ ਉਹ ਜਾਣਦਾ ਸੀ। ‘ਮਾਈ ਬੈਂਕ’ ਦੇ ਸ਼ਬਦ ਉਹ ਏਨੇ ਗਰੂਰ ਨਾਲ਼ ਬੋਲਦਾ ਜਿਵੇਂ ਐਮ. ਡੀ. ਦਾ ਅਹੁਦਾ ਉਸਨੇ ਪੱਕੇ ਤੌਰ ’ਤੇ ਹਾਸਲ ਕਰ ਲਿਆ ਹੋਵੇ ਜਦੋਂ ਕਿ ਬੋਰਡ ਦੀ ਮਿਆਦ ਤਾਂ ਸਿਰਫ ਚਾਰ ਸਾਲ ਹੀ ਹੁੰਦੀ ਹੈ। ਉੱਪਰੋਂ ਆਏ ਸਖਤੀ ਦੇ ਆਦੇਸ਼ਾਂ ਦੀ ਕਾਰਵਾਈ ਪਾਉਣ ਲਈ ਸਾਡਾ ਜਨਰਲ ਮੈਨੇਜਰ ਸ. ਅਮਰ ਸਿੰਘ ਚਾਰ ਕੁ ਕਰਮਚਾਰੀ ਹੀ ਮੁਅੱਤਲ ਕਰਨੇ ਚਾਹੁੰਦਾ ਸੀ। ਪਰ ਐਮ.ਡੀ ਨੇ ਚੌਧਰ ਦੇ ਗਰੂਰ ਵਿਚ ਦਰਜਨ ਤੋਂ ਵੱਧ, ਜਿਨ੍ਹਾਂ ਵਿਚ ਮੈਂ ਵੀ ਸਾਂ, ਮੁਅਤਲ ਕਰਵਾ ਦਿੱਤੇ। ਕਰਮਚਾਰੀਆਂ ਵੱਲੋਂ ਉਸ ਵਿਰੁੱਧ ਵਿੰਨ੍ਹਵੇਂ ਨਾਅਰੇ ਸ਼ੁਰੂ ਹੋ ਗਏ— ਹੱਕ-ਸੱਚ ਦਾ ਵੈਰੀ, ਐਮ .ਡੀ ਆਦਿ ਮੇਰੀ ਮੁਅੱਤਲੀ ਇਸ ਕਰਕੇ ਹੋਈ ਕਿ ਮੈਂ ਕਰਮਚਾਰੀਆਂ ਦੀਆਂ ਵਾਜਬ ਮੰਗਾਂ ਬਾਬਤ ਵਿਸਤ੍ਰਿਤ ਰਿਪੋਰਟਾਂ ਅਖਬਾਰਾਂ ਨੂੰ ਭੇਜਦਾ ਸਾਂ।
ਹੜਤਾਲ ਮਹੀਨਾ ਟੱਪ ਗਈ। ਲੰਮੀ ਹੜਤਾਲ ’ਚ ਕਰਮਚਾਰੀਆਂ ਦੇ ਡੋਲਣ ਦਾ ਖਤਰਾ ਹੁੰਦਾ ਹੈ। ਪਰ ਸਾਰੀਆਂ ਕੇਂਦਰੀ ਬੈਕਾਂ ਤੇ ਅਪੈਕਸ ਬੈਂਕ, ਚੰਡੀਗੜ੍ਹ ਦੇ ਕਰਮਚਾਰੀ ਪੂਰੀ ਤਰ੍ਹਾਂ ਡਟੇ ਹੋਏ ਸਨ। ਸਾਡੀ ਬੈਂਕ ਦੀ ਯੂਨੀਅਨ ਦਾ ਪ੍ਰਧਾਨ ਫਕੀਰ ਸਿੰਘ ਸਹੋਤਾ ਸੁਲਝਿਆ ਕਾਮਰੇਡ ਸੀ। ਜਨਰਲ ਸਕੱਤਰ ਮਹਿੰਦਰ ਸਿੰਘ ਬੈਂਸ ਦਾ ਨਾਅਰੇ ਲਾਉਣ ਦਾ ਅੰਦਾਜ਼ ਵਧੀਆ ਸੀ। ਸਹੋਤੇ ਦੇ ਭਾਸ਼ਣ ਤੇ ਬੈਂਸ ਦੇ ਨਾਅਰੇ ਕਰਮਚਾਰੀਆਂ ਦਾ ਹੌਸਲਾ ਵਧਾਈ ਰੱਖਦੇ। ਅਗਲੇ ਸਾਲਾਂ ਵਿਚ ਫਕੀਰ ਸਿੰਘ ਸਹੋਤਾ, ਲੀਡਰਸ਼ਿਪ ਦੇ ਗੁਣਾਂ ਸਦਕਾ, ਪੰਜਾਬ ਲੈਵਲ ਤੇ ਸਾਡੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆਂ ਗਿਆ ਸੀ।
ਹੜਤਾਲ ਦੀ ਕਾਮਯਾਬੀ ਨੂੰ ਦੇਖਦਿਆਂ ਸਰਕਾਰ ਢਿੱਲੀ ਪੈ ਗਈ। ਪਹਿਲਾ ਰਜਿਸਟਰਾਰ ਬਦਲ ਕੇ ਉਸਦੀ ਥਾਂ ਚਮਨ ਲਾਲ ਬੈਂਸ ਆਈ. ਏ. ਐਸ, ਦੀ ਨਿਯੁਕਤੀ ਹੋ ਗਈ। ਉਹ ਸਿਆਣਾ ਅਫਸਰ ਸੀ। ਉਸਨੇ ਫੈਡਰੇਸ਼ਨ ਦੇ ਆਗੂਆਂ ਨਾਲ਼ ਗੱਲਬਾਤ ਕਰਕੇ, ਤਨਖਾਹਾਂ ’ਚ ਮੰਗੇ ਜਾ ਰਹੇ ਵਾਧੇ ਦਾ 80% ਦੇਣ ਲਈ ਵਾਅਦਾ ਕਰ ਲਿਆ। ਸਾਰੀਆਂ ਬੈਂਕਾਂ ਦੇ ਮੁਅਤਲ ਕੀਤੇ ਕਰਮਚਾਰੀ ਬਹਾਲ ਕਰਨ ਦੀ ਗੱਲ ਵੀ ਮੰਨ ਲਈ। ਤਕਰੀਬਨ ਡੇਢ ਮਹੀਨੇ ਬਾਅਦ ਹੜਤਾਲ ਖਤਮ ਹੋ ਗਈ।
ਸਾਡੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੇ ਬਾਕੀ ਕਰਮਚਾਰੀ ਤਾਂ ਬਹਾਲ ਕਰ ਦਿੱਤੇ ਪਰ ਮੇਰੇ ਬਾਰੇ ਇਹ ਮਤਾ ਪਾਸ ਕਰ ਦਿੱਤਾ ਕਿ ਜਰਨੈਲ ਸਿੰਘ ਨੂੰ ਬੈਂਕ ਦੀ ਕੋਈ ਲੋੜ ਨਹੀਂ, ਇਸਨੂੰ ਵਾਪਸ ਅਪੈਕਸ ਬੈਂਕ ਚੰਡੀਗੜ੍ਹ ਭੇਜਿਆ ਜਾਏ। ਮੇਰੇ ਲਈ ਇਹ ਡਾਢੀ ਹੈਰਾਨੀ ਵਾਲ਼ੀ ਗੱਲ ਸੀ। ਮੈਂ ਇਹ ਤਾਂ ਜਾਣਦਾ ਸੀ ਕਿ ਬੈਂਕ ਦਾ ਬੋਰਡ ਮੇਰੀ ਪੋਸਟ ਨੂੰ ਹਿਲਾ ਨਹੀਂ ਸਕਦਾ। ਹੈਰਾਨੀ ਇਸ ਗੱਲ ਦੀ ਸੀ ਕਿ ਇਹ ਮਾਮਲਾ ਵਾਪਰਿਆ ਕਿਉਂ? ਜਨਰਲ ਮੈਨੇਜਰ ਨਾਲ਼ ਗੱਲ ਕਰਨ ’ਤੇ ਉਸਨੇ ਦੱਸਿਆ, “ਮੈਂ ਮੀਟਿੰਗ ’ਚ ਕਿਹਾ ਸੀ ਪਈ ਬੋਰਡ ਇਸ ਤਰ੍ਹਾਂ ਨਹੀਂ ਕਰ ਸਕਦਾ। ਪਰ ਐਮ.ਡੀ ਤੁਲਿਆ ਹੋਇਆ ਸੀ।”
“ਪਰ ਐਮ. ਡੀ ਨੂੰ ਮੇਰੇ ਨਾਲ਼ ਕੀ ਨਾਰਾਜਗੀ ਹੈ? ਮੈਂ ਪੁੱਛਿਆ।
“ਮੈਨੂੰ ਲਗਦੈ ਢਾਡਾ ਕਲਾਂ ਬਰਾਂਚ ਦੇ ਮੈਨੇਜਰ ਨੇ ਐਮ. ਡੀ ਦੇ ਕੰਨ ਭਰੇ ਐ। ਤੁਸੀਂ ਇਹਦਾ ਗੋਝ ਕੱਢੋ।”
ਮੈਨੇਜਰ ਕੋਲ਼ੋਂ ਉੱਠ ਕੇ ਮੈਂ ਬੰਗੇ ਨਾਲ਼ ਗੱਲ ਕੀਤੀ ਤੇ ਉਸਨੂੰ ਗੋਝ ਕੱਢਣ ਲਈ ਕਿਹਾ। ਬਰਾਂਚਾਂ ਦਾ ਉਸ ਨਾਲ਼ ਹਰ ਵੇਲੇ ਦਾ ਵਾਹ ਸੀ। ਅਗਲੇ ਦਿਨ ਬੋਰਡ ਦੀਆਂ ਮੀਟਿੰਗਾਂ ਕਰਵਾਉਣ ਵਾਲ਼ਾ, ਇਸਟੈਬਲਿਸ਼ਮੈਂਟ ਇੰਚਾਰਜ ਬਲਬੀਰ ਸਿੰਘ ਗਿੱਲ, ਮੈਨੂੰ ਕਹਿਣ ਲੱਗਾ, “ਅਜੇ ਮਤਾ ਅਪੈਕਸ ਬੈਂਕ ਨੂੰ ਨਹੀਂ ਭੇਜਿਆ, ਤੁਸੀਂ ਐਮ.ਡੀ ਦੇ ਗੋਡੇ ਫੜ ਲਓ… ।”
ਪਰ ਧੱਕੜਸ਼ਾਹੀ ਮੂਹਰੇ ਲਿਫਣਾ ਮੇਰੀ ਰੂਹ ਨੂੰ ਪ੍ਰਵਾਨ ਨਹੀਂ ਸੀ। ਬੰਗੇ ਨੇ ਚਾਰ ਕੁ ਦਿਨਾਂ ’ਚ ਹੀ ਸੂਹ ਕੱਢ ਲਈ। ਜਨਰਲ ਮੈਨੇਜਰ ਦਾ ਕਿਆਫਾ ਠੀਕ ਹੀ ਸੀ। ਢਾਡਾ ਕਲਾਂ ਬਰਾਂਚ ਮੈਨੇਜਰ ਗੁਰਮੀਤ ਸਿੰਘ ਦੀ ਹੀ ਸਾਜ਼ਸ਼ ਸੀ ਇਹ। ਉਹ ਕਾਬਲ ਸਿੰਘ ਦੇ ਗਵਾਂਢੀ ਪਿੰਡ ਦਾ ਸੀ। ਪਿਛਲੇ ਕਾਫੀ ਅਰਸੇ ਤੋਂ ਉਸਨੇ ਕਾਬਲ ਸਿੰਘ ਨਾਲ਼ ਨੇੜਤਾ ਬਣਾਈ ਹੋਈ ਸੀ। ਉਸਦੇ ਐਮ. ਡੀ ਬਣਨ ਬਾਅਦ ਗੁਰਮੀਤ ਸਿੰਘ ਆਕੜ ’ਚ ਰਹਿਣ ਲੱਗ ਪਿਆ। ਆਕੜ ’ਚ ਹੀ ਉਸਨੇ ਪਿਛਲੇ ਸਾਲ ਦੇ ਡਿਪਾਜ਼ਿਟ ਟਾਰਗਿਟ ਵੱਲ ਧਿਆਨ ਨਹੀਂ ਸੀ ਦਿੱਤਾ।
ਟਾਰਗਿਟ ਦਾ ਮਸਾਂ 10% ਹੀ ਪੂਰਾ ਕੀਤਾ ਸੀ। ਮੈਂ ਜਨਰਲ ਮੈਨੇਜਰ ਨਾਲ਼ ਗੱਲ ਕੀਤੀ। ਐਮ. ਡੀ. ਦਾ ਬੰਦਾ ਹੋਣ ਕਰਕੇ ਉਹ ਅਜੇ ਸਖਤੀ ਕਰਨ ਦੇ ਮੂਡ ’ਚ ਨਹੀਂ ਸੀ। ਕਹਿਣ ਲੱਗਾ ਅਗਲੀ ਛਿਮਾਹੀ ਦੀ ਪ੍ਰੌਗਰੈਸ ਦੱਸਿਓ।
ਏਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੋਆਪ੍ਰੇਟਿਵ ਬੈਂਕਾਂ ਦੀ ਕਲੋਜ਼ਿੰਗ 31 ਦਸੰਬਰ ਨੂੰ ਨਹੀਂ, 30 ਜੂਨ ਨੂੰ ਹੁੰਦੀ ਹੈ। ਬੈਲੈਂਸ-ਸ਼ੀਟ ਵੀ 30 ਜੂਨ ਨੂੰ ਹੀ ਬਣਦੀ ਹੈ। ਜਦੋਂ ਮੈਂ 31 ਦਸੰਬਰ ਦੀ ਪ੍ਰੌਗਰੈੱਸ ਰਿਵੀਊ ਕੀਤੀ ਤਾਂ ਢਾਡਾ ਕਲਾਂ ਬਰਾਂਚ ਦੀ ਡਿਪਾਜ਼ਿਟ ਓਥੇ ਕੁ ਹੀ ਖੜ੍ਹੀ ਸੀ। ਮੈਂ ਚਿੱਠੀ ਲਿਖ ਕੇ ਕਾਰਨ ਪੁੱਛਿਆ। ਉਸਨੇ ਕੋਈ ਜਵਾਬ ਨਾ ਦਿੱਤਾ। ਟਾਰਗਿਟ ਪ੍ਰਤੀ ਅਣਗਹਿਲੀ ਤੇ ਚਿੱਠੀ ਦਾ ਜਵਾਬ ਨਾ ਦੇਣ ਬਾਰੇ ਮੈਂ ਵਿਸਥਾਰਤ ਨੋਟ ਲਿਖ ਕੇ ਜਨਰਲ ਮੈਨੇਜਰ ਦੇ ਟੇਬਲ ’ਤੇ ਭੇਜ ਦਿੱਤਾ। ਬਰਾਂਚ ਦੇ ਦੌਰੇ ’ਤੇ ਗਏ ਜਨਰਲ ਮੈਨੇਜਰ ਨੇ ਗੁਰਮੀਤ ਸਿੰਘ ਦੀ ਖੂਬ ਖਿਚਾਈ ਕੀਤੀ ਤੇ ਵਾਰਨਿੰਗ ਦੇ ਦਿੱਤੀ ਕਿ ਜੇਕਰ ਉਸਨੇ 30 ਜੂਨ ਤੱਕ ਟਾਰਗਿਟ ਪੂਰਾ ਨਾ ਕੀਤਾ ਤਾਂ ਉਸਨੂੰ ਦੂਰ ਦੀ ਕਿਸੇ ਬਰਾਂਚ ਵਿਚ ਬਦਲ ਦਿੱਤਾ ਜਾਏਗਾ। ਜਨਰਲ ਮੈਨੇਜਰ ਨਾਲ਼ ਟੇਢਾ ਵਗਣਾ ਗੁਰਮੀਤ ਸਿੰਘ ਨੂੰ ਮਹਿੰਗਾ ਪੈਣਾ ਸੀ। ਉਸਦੀਆਂ ਇਨਕਰੀਮੈਂਟਾ, ਤਰੱਕੀ ਤੇ ਬਦਲੀ ਜਨਰਲ ਮੈਨੇਜਰ ਦੇ ਹੱਥ ਸੀ। ਉਹ ਉਸਦਾ ਸਥਾਈ ਬੌਸ ਸੀ, ਜਦੋਂ ਕਿ ਕਾਬਲ ਸਿੰਘ ਤੇ ਉਸਦੇ ਬੋਰਡ ਦੇ ਦੋ ਕੁ ਸਾਲ ਹੀ ਬਾਕੀ ਸਨ। ਸੋ ਉਸਨੇ ਮੁਆਫੀ ਮੰਗ ਲਈ ਤੇ ਡਿਪਾਜ਼ਿਟ ਵਧਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪਰ ਮੇਰੇ ਪ੍ਰਤੀ ਆਪਣੇ ਅੰਦਰ ਗੰਢ ਪਾ ਲਈ। ਤੇ ਜਦੋਂ ਹੜਤਾਲ ਤੋਂ ਬਾਅਦ, ਮੁਅੱਤਲ ਕੀਤੇ ਕਰਮਚਾਰੀਆਂ ਨੂੰ ਬਹਾਲ ਕਰਨ ਲਈ ਬੋਰਡ ਦੀ ਮੀਟਿੰਗ ਰੱਖੀ ਗਈ ਤਾਂ ਉਸਨੇ ਆਪਣੇ ਕੁਝ ਹਮਾਇਤੀਆਂ, ਜਿਨ੍ਹਾਂ ਵਿਚ ਮੇਰੇ ਨਾਲ਼ ਖਾਰ ਖਾਂਦਾ ਇਕ ਸੀਨੀਅਰ ਅਕਾਊਂਟੈਂਟ ਵੀ ਸੀ, ਨੂੰ ਨਾਲ਼ ਲੈ ਕੇ ਮੇਰੇ ਵਿਰੁੱਧ ਐਮ. ਡੀ ਦੇ ਕੰਨ ਭਰ ਦਿੱਤੇ ਕਿ ਜਰਨੈਲ ਸਿੰਘ ਦਾ ਬੈਂਕ ਦੇ ਕੰਮਾਂ ਵਿਚ ਕੋਈ ਖਾਸ ਰੋਲ ਨਹੀਂ। ਇਹ ਸੁਸਾਇਟੀਆਂ ’ਚ ਗੇੜੇ ਮਾਰ ਕੇ ਬੈਂਕ ਤੋਂ ਤਨਖਾਹ ਅਤੇ ਵਾਧੂ ਟੀ.ਏ, ਡੀ.ਏ ਲਈ ਜਾਂਦੈ। ਇਸਦੀ ਪੋਸਟ ਬੈਂਕ ’ਤੇ ਵਾਧੂ ਬੋਝ ਹੈ… ਇਸਨੂੰ ਵਾਪਸ ਅਪੈਕਸ ਬੈਂਕ ਚੰਡੀਗੜ੍ਹ ਭੇਜੋ। ਚੁੱਕ ’ਚ ਆਏ ਕਾਬਲ ਸਿੰਘ ਨੇ ਮੇਰੀ ਪੋਸਟ ਵਿੱਰੁਧ ਮਤਾ ਪਾਸ ਕਰਵਾ ਕੇ ਅਪੈਕਸ ਬੈਂਕ ਨੂੰ ਭੇਜ ਦਿੱਤਾ।
ਦੋ ਕੁ ਹਫਤਿਆਂ ਬਾਅਦ ਅਪੈਕਸ ਬੈਂਕ ਦੀ ਚਿੱਠੀ ਆ ਗਈ। ਉਨ੍ਹਾਂ ਮਤਾ ਪ੍ਰਵਾਨ ਨਹੀਂ ਸੀ ਕੀਤਾ ਤੇ ਸਪਸ਼ਟ ਸ਼ਬਦਾਂ ’ਚ ਲਿਖ ਦਿੱਤਾ ਕਿ ਐਫ. ਈ. ਆਈ ਦੀਆਂ ਪੋਸਟਾਂ ਅਤੇ ਉਨ੍ਹਾਂ ਦੀਆਂ ਡਿਊਟੀਆਂ ਰਜਿਸਟਰਾਰ ਦੀ ਪ੍ਰਵਾਨਗੀ ਲੈ ਕੇ ਹੀ ਬਣਾਈਆਂ ਗਈਆਂ ਸਨ।
ਆਖਰੀ ਗੱਲ ਹੜਤਾਲ ਦੀਆਂ ਮੰਗਾਂ ਦੀ ਪੂਰਤੀ ਬਾਰੇ। ਨਵੇਂ ਰਜਿਸਟਰਾਰ ਚਮਨ ਲਾਲ ਬੈਂਸ ਨੇ ਆਪਣੀ ਸੁਹਿਰਦਤਾ ਦਾ ਸਬੂਤ ਦੇਂਦਿਆਂ ਫੈਡਰੇਸ਼ਨ ਆਗੂਆਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ। ਤਨਖਾਹਾਂ ’ਚ ਮੰਗੇ ਜਾ ਰਹੇ ਵਾਧੇ ਦਾ 80% ਪ੍ਰਵਾਨ ਕਰਕੇ ਗਰੇਡ ਰਿਵਾਈਜ਼ ਕਰਵਾ ਦਿੱਤੇ। ਨਵੇਂ ਗਰੇਡਾਂ ਮੁਤਾਬਿਕ ਕੋਆਪ੍ਰੇਟਿਵ ਬੈਂਕਾਂ ਤੇ ਕਮਰਸ਼ੀਅਲ ਬੈਂਕਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਮਸਾਂ ਉੱਨੀ-ਇੱਕੀ ਦਾ ਹੀ ਫਰਕ ਸੀ।
ਪੰਜਾਬ ਸੰਕਟ
ਮਾਝੇ ’ਚ ਸ਼ੁਰੂ ਹੋਇਆ ਅਤਿਵਾਦ ਹੁਣ ਦੁਆਬੇ ਤੇ ਮਾਲਵੇ ਵਿਚ ਵੀ ਫੈਲ ਗਿਆ ਸੀ। ਗੱਲ ਪੰਜਾਬ ਦੀਆਂ ਜਾਇਜ਼ ਮੰਗਾਂ ਤੋਂ ਸ਼ੁਰੂ ਹੋਈ ਸੀ ਪਰ ਕੇਂਦਰ ਤੇ ਪੰਜਾਬ ਦੇ ਰਾਜਨੀਤਕਾਂ ਦੀਆਂ ਕੁਚਾਲਾਂ ’ਤੇ ਬੇਈਮਾਨੀਆਂ ਅਤੇ ਧਾਰਮਿਕ ਕੱਟੜਤਾ ਨੇ ਮਾਮਲੇ ਨੂੰ ਅਜਿਹਾ ਉਲਝਾਇਆ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਅਮਨ-ਚੈਨ ਨਾਲ਼ ਵਸਦੇ ਪੰਜਾਬ ਵਿਚ ਖੂਨ-ਖਰਾਬਾ ਸ਼ੁਰੂ ਹੋ ਗਿਆ। ਏ .ਕੇ ਸੰਤਾਲੀ ਰਾਈਫਲਾਂ ਚੁੱਕੀ ਫਿਰਦੇ ਖਾੜਕੂਆਂ ਵਾਸਤੇ ਹਥਿਆਰ ਦਾ ਮਤਲਬ ਚਲਾਉਣ ਵਾਲ਼ੀ ਚੀਜ਼ ਸੀ ਪਰ ਚਲਾਉਣ ਦੇ ਮੰਤਵ ਤੇ ਪਰਿਣਾਮ ਬਾਰੇ ਸੋਚਣ-ਵਿਚਾਰਨ ਦੀ ਕ੍ਰਿਆ ਤੋਂ ਉਹ ਸੱਖਣੇ ਸਨ। ਬੇਦੋਸ਼ੇ ਲੋਕਾਂ ਦੀਆਂ ਹੱਤਿਆਵਾਂ ਹੋਣ ਲੱਗ ਪਈਆਂ। ਹਿੰਦੂਆਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰਨ ਦੀਆਂ ਵਾਰਦਾਤਾਂ ਨੇ ਵਸਦੇ-ਰਸਦੇ ਘਰਾਂ ਵਿਚ ਉਜਾੜ ਪਾ ਦਿੱਤੀ। ਕਈ ਹਿੰਦੂ ਪਰਿਵਾਰ ਪੰਜਾਬ ਛੱਡ ਕੇ ਦੂਜੇ ਸੂਬਿਆਂ ਵੱਲ ਟੁਰ ਪਏ। ਜੇਕਰ ਕੋਈ ਦਾਨਿਸ਼ਵਰ ਅਤਿਵਾਦ ਵਿਰੁੱਧ ਆਵਾਜ਼ ਉਠਾਉਂਦਾ, ਉਸਨੂੰ ਖਤਮ ਕਰ ਦਿੱਤਾ ਜਾਂਦਾ।
ਦਿਨ-ਦਿਹਾੜੇ ਬੈਂਕ-ਡਕੈਤੀਆਂ ਹੋ ਰਹੀਆਂ ਸਨ। ਸਾਡੀ ਚੁਟਾਲਾ ਬਰਾਂਚ ਵਿਚ ਵੀ ਡਾਕੇ ਦੀ ਘਟਨਾ ਵਾਪਰੀ ਸੀ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਤ੍ਰਿਕਾਲਾਂ ਪੈਣ ਸਾਰ ਹੀ ਲੋਕੀਂ ਘਰਾਂ ਦੇ ਗੇਟ-ਦਰਵਾਜ਼ੇ ਬੰਦ ਕਰ ਲੈਂਦੇ। ਦਿਨੇ-ਦਿਨੇ ਹੀ ਘਰਾਂ ਨੂੰ ਪਰਤਣ ਦੀ ਕਾਹਲ਼ ਹੁੰਦੀ ਸੀ। ਸ਼ਹਿਰ ’ਚ ਜਦੋਂ ਕੋਈ ਵਾਰਦਾਤ ਹੁੰਦੀ ਸਭ ਦੁਕਾਨਾਂ, ਦਫਤਰ ਤੇ ਸਕੂਲ-ਕਾਲਜ ਬੰਦ ਹੋ ਜਾਂਦੇ। ਮਿੰਟਾਂ ਵਿਚ ਹੀ ਸ਼ਹਿਰ ’ਚ ਸਨਾਟਾ ਛਾ ਜਾਂਦਾ। ਹੁਸ਼ਿਆਰਪੁਰ ਸ਼ਹਿਰ ’ਚ ਤਿੰਨ ਕਤਲ ਹੋਏ— ਸਾਬਕਾ ਐਮ.ਪੀ ਤੇ ਡੀ. ਏ. ਵੀ, ਬੀ. ਐੱਡ ਕਾਲਜ ਦੇ ਕਰਤਾ-ਧਰਤਾ ਚੌਧਰੀ ਬਲਬੀਰ ਸਿੰਘ ਦਾ, ਡੀ. ਏ ਵੀ ਸਕੂਲ ਦੇ ਪ੍ਰਿੰਸੀਪਲ ਬੱਗਾ ਦਾ ਅਤੇ ਪਤੱਰਕਾਰ ਪ੍ਰਦਮਨ ਸਿੰਘ ਦਾ। ਚੌਧਰੀ ਬਲਬੀਰ ਸਿੰਘ ਦੇ ਕਤਲ ਤੋਂ ਬਾਅਦ ਦਾ ਦ੍ਰਿਸ਼ ਮੈਨੂੰ ਅੱਜ ਵੀ ਯਾਦ ਹੈ। ਮਿੰਟਾਂ ਵਿਚ ਹੀ ਕਰਫਿਊ ਲੱਗ ਗਿਆ ਤੇ ਸ਼ਹਿਰ ’ਚ ਸੁੰਨ ਪੈ ਗਈ ਸੀ। ਵਾਹੋਦਾਹੀ ਬੈਂਕ ਤੋਂ ਬੱਸ ਅੱਡੇ ਨੂੰ ਆਉਂਦਿਆਂ ਮੈਨੂੰ ਆਪਣੇ ਹੀ ਸ਼ਹਿਰ ਤੋਂ ਭੈਅ ਆ ਰਿਹਾ ਸੀ… ਮੇਰੀ ਨਿਗ੍ਹਾ ਸੜਕ ਕਿਨਾਰੇ ਲੱਗੇ ਇਕ ਪੁਰਾਣੇ ਫਲੈਕਸ ਬੋਰਡ ’ਤੇ ਚਲੀ ਗਈ। ਬੋਰਡ ’ਤੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੇ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਸਨ। ਮੈਨੂੰ ਇੰਜ ਜਾਪਿਆ ਜਿਵੇਂ ਨੇਤਾਵਾਂ ਦੇ ਮੋਮੋਠਗਣੇ ਚਿਹਰੇ ਕਹਿ ਰਹੇ ਹੋਣ, ‘ ਲੋਕੋ! ਅਸੀਂ ਤਾਂ ਹਰ ਸਮੇਂ ਤੁਹਾਡੇ ਆਸ-ਪਾਸ ਹਾਂ… ਅਸੀਂ ਤੁਹਾਡੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਪਰ ਹਾਲਾਤ ਪੇਸ਼ ਨਹੀਂ ਜਾਣ ਦਿੰਦੇ।’ ‘ਹਾਲਾਤ ਵਿਗਾੜੇ ਕੀਹਨੇ ਹਨ’ ਮੇਰਾ ਪ੍ਰੇਸ਼ਾਨ ਮਨ ਬੋਲ ਉਠਿਆ, ‘ਰਾਜਨੀਤਕ ਪਾਰਟੀਆਂ ਦਾ ਕੂੜ-ਕੁਸੱਤ ਸਮੁੱਚੀ ਸਰਕਾਰੀ ਮਸ਼ੀਨਰੀ ’ਚ ਫੈਲ ਗਿਆ ਏ’… ਸ਼ਹਿਰ ਦੀਆਂ ਸੜਕਾਂ ’ਤੇ ਪੁਲਿਸ ਦੀਆਂ ਗੱਡੀਆਂ ਦਾ ਸ਼ੋਰ ਸੀ। ਭੱਜੀਆਂ ਫਿਰਦੀਆਂ ਇਹ ਗੱਡੀਆਂ ਦਰਸਾ ਰਹੀਆਂ ਸਨ ਕਿ ਪੁਲਿਸ ਐਕਸ਼ਨ ਵਿਚ ਹੈ ਪਰ ਇਹ ਐਕਸ਼ਨ ਵਾਰਦਾਤ ਤੋਂ ਬਾਅਦ ਕਰਫਿਊ ਲੱਗਣ ’ਤੇ ਹੀ ਸ਼ੁਰੂ ਹੋਇਆ ਸੀ। ਵਾਰਦਾਤ ਤੋਂ ਤੁਰੰਤ ਬਾਅਦ ਅਤਿਵਾਦੀਆਂ ਨੂੰ ਫੜਨ ਲਈ ਪੁਲਿਸ ਐਕਸ਼ਨ ’ਚ ਨਹੀਂ ਸੀ ਆਈ। ਅਤਿਵਾਦੀਆਂ ਦੀ ਨਕਲੋ-ਹਰਕਤ ਨੂੰ ਘੋਖਣ ਅਤੇ ਵਾਰਦਾਤਾਂ ਬਾਰੇ ਅਗਾਉਂ ਸੂਹ ਰੱਖਣ ਵਾਲ਼ੀ ਸੀ. ਆਈ. ਡੀ ਪਤਾ ਨਹੀਂ ਕਿੱਧਰ ਅਲੋਪ ਹੋ ਗਈ ਸੀ।
ਗੱਲ ਸਿਰਫ ਹੁਸ਼ਿਆਰਪੁਰ ਦੀ ਹੀ ਨਹੀਂ, ਸਾਰੇ ਪੰਜਾਬ ਵਿਚ ਪੁਲਿਸ ਦਾ ਏਹੀ ਹਾਲ ਸੀ। ਅਸਲੀਅਤ ਇਹ ਸੀ ਕਿ ਪੁਲਿਸ ਅਤਿਵਾਦੀਆਂ ਨਾਲ਼ ਭਿੜ ਨਹੀਂ ਸੀ ਰਹੀ ਤੇ ਆਪਣੀ ਹੋਂਦ ਦਰਸਾਉਣ ਲਈ, ਮਾੜੀ-ਮੋਟੀ ਸ਼ੱਕ ’ਤੇ ਨਿਰਦੋਸ਼ ਲੋਕਾਂ ’ਤੇ ਕਾਰਵਾਈਆਂ ਪਾ ਰਹੀ ਸੀ… ਪਿੰਡਾਂ ਵਿਚ ਖਾੜਕੂ ਰਾਤਾਂ ਨੂੰ ਰੋਟੀ ਖਾਣ ਵਾਸਤੇ ਘਰਾਂ ਦੇ ਦਰਵਾਜ਼ੇ ਖੁਲ੍ਹਵਾ ਲੈਂਦੇ। ਨਾਂਹ ਕਰਨੀ ਮੌਤ ਸਹੇੜਨ ਵਾਲ਼ੀ ਗੱਲ ਸੀ। ਸਹਿਮ ’ਚ ਸੁੰਗੜੀਆਂ ਘਰਾਂ ਦੀਆਂ ਕੁੜੀਆਂ-ਬੁੜ੍ਹੀਆਂ ਰੋਟੀ ਤਿਆਰ ਕਰਦੀਆਂ। ਜਦੋਂ ਖਾੜਕੂ ਖਾ-ਪੀ ਕੇ ਚਲੇ ਜਾਂਦੇ ਤਾਂ ਪੁਲਿਸ ਆ ਧਮਕਦੀ। ਪਰਿਵਾਰ ’ਤੇ ਅਤਿਵਾਦੀਆਂ ਨਾਲ਼ ਮਿਲ਼ੇ ਹੋਣ ਦਾ ਦੋਸ਼ ਮੜ੍ਹ ਕੇ ਉਨ੍ਹਾਂ ਦੀ ਖੱਜਲ-ਖੁਆਰੀ ਕਰਨ ਲੱਗ ਜਾਂਦੀ। ਸਬੰਧਿਤ ਪਰਿਵਾਰਾਂ ਲਈ ਦੋ ਪੁੜਾਂ ਵਿਚਾਲੇ ਪਿਸਣ ਵਾਲ਼ੀ ਗੱਲ ਸੀ।
ਉਨ੍ਹਾਂ ਗ੍ਰਹਿਣੇ ਦਿਨਾਂ ਵਿਚ ਜਿੱਥੇ ਪੰਜਾਬ ਦੀ ਆਰਥਿਕਤਾ ਝੰਬੀ ਗਈ ਓਥੇ ਹਿੰਦੂ-ਸਿੱਖਾਂ ਦੀ ਸਮਾਜਕ ਸਾਂਝ ਵਿਚ ਵੀ ਤ੍ਰੇੜ ਪੈ ਗਈ ਸੀ।
ਕੇਂਦਰ ਸਰਕਾਰ ਦੀ ਲਟਕਾਊ ਨੀਤੀ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਵਿਰੋਧੀ ਧਿਰ ਅਕਾਲੀ ਦਲ ਦੇ ਸੌੜੇ ਸਿਆਸੀ ਹਿੱਤਾਂ ਕਾਰਨ ਹਾਲਾਤ ਉਲਝਦੇ ਗਏ… । ਤੇ ਜਦੋਂ ਸਥਿਤੀ ਬੇਕਾਬੂ ਹੋ ਗਈ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਕਾ ‘ਨੀਲਾ ਤਾਰਾ’ ਕਰਵਾ ਦਿੱਤਾ। ਫੌਜ ਅਤੇ ਅਤਿਵਾਦੀਆਂ ’ਚ ਹੋਈ ਗਹਿਗੱਚ ਲੜਾਈ ਵਿਚ ਅਕਾਲ ਤਖਤ ਢਹਿਢੇਰੀ ਹੋ ਗਿਆ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰੀਆਂ ਗਈਆਂ। ਲੋੜ ਮਲ੍ਹਮ ਲਾਉਣ ਦੀ ਸੀ। ਇੰਦਰਾ ਗਾਂਧੀ ਸਿੱਖ ਜਗਤ ਤੋਂ ਮੁਆਫੀ ਮੰਗ ਕੇ ਉਨ੍ਹਾਂ ਦੀਆਂ ਜ਼ਖਮੀ ਭਾਵਨਾਵਾਂ ’ਤੇ ਮਲ੍ਹਮ ਲਾ ਸਕਦੀ ਸੀ ਪਰ ਅਜਿਹਾ ਹੋ ਨਾ ਸਕਿਆ… ਬਾਅਦ ਵਿਚ ਇੰਦਰਾ ਗਾਂਧੀ ਦਾ ਕਤਲ ਤੇ ਸਿੱਖ ਕਤਲੇਆਮ ਦੀਆਂ ਮੰਦਭਾਗੀਆਂ ਤੇ ਘੋਰ ਦੁਖਦਾਈ ਘਟਨਾਵਾਂ ਵਾਪਰ ਗਈਆਂ। ਸਿੱਖ ਕਤਲੇਆਮ, ਪੀੜਤ ਪਰਿਵਾਰਾਂ ਵਾਸਤੇ ਉਮਰਾਂ ਭਰ ਦੇ ਰੂਹ-ਨਪੀੜਵੇਂ ਜ਼ਖਮ ਹਨ। ਨਿਰਦੋਸ਼ ਲੋਕਾਂ ਦੇ ਖੂਨ ਨਾਲ਼ ਖੇਡੀ ਗਈ ਹੋਲੀ ਭਾਰਤ ਦੇ ਇਤਿਹਾਸ ਦੇ ਕਾਲ਼ੇ ਵਰਕੇ ਹਨ।
ਜਿਉਂਦੇ ਸਾੜੇ ਗਏ ਪਿਉ-ਪੁੱਤਰ
ਮੇਰੇ ਦਿੱਲੀ ਰਹਿੰਦੇ ਸਾਲ਼ੇ ਰਘਬੀਰ ਸਿੰਘ ਦਾ ਸਾਲ਼ਾ ਗੁਰਬਚਨ ਸਿੰਘ ਦਿੱਲੀ ਦੀ ਪਾਲਮ ਕਲੋਨੀ ’ਚ ਰਹਿੰਦਾ ਸੀ। ਉਹ ਤੇ ਉਸਦਾ ਪੁੱਤਰ ਦੋਵੇਂ ਏਅਰਫੋਰਸ ਵਿਚ ਸਨ। ਦੰਗਾਕਾਰੀ ਉਨ੍ਹਾਂ ਦੇ ਘਰ ਆ ਵੜੇ। ਉਨ੍ਹਾਂ ਨੇ ਆਪਣੀ ਏਅਰਫੋਰਸ ਦੀ ਸਰਵਿਸ ਬਾਰੇ ਦੱਸਿਆ। ਪਰ ਭੂਤਰੇ ਹੋਏ ਦੰਗਾਕਾਰੀਆਂ ਨੇ ਦੋਨਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ।
ਮੈਂ ਅਫਸੋਸ ਕਰਨ ਦਿੱਲੀ ਗਿਆ। ਪਹਿਲਾਂ ਰਘਬੀਰ ਸਿੰਘ ਤੇ ਉਸਦੀ ਪਤਨੀ ਜਸਬੀਰ ਕੌਰ (ਗੁਰਬਚਨ ਸਿੰਘ ਦੀ ਭੈਣ) ਨਾਲ਼ ਦੁਖ ਸਾਂਝਾ ਕੀਤਾ ਤੇ ਫਿਰ ਮੈਂ ਰਘਬੀਰ ਸਿੰਘ ਨੂੰ ਨਾਲ਼ ਲੈ ਕੇ ਗੁਰਬਚਨ ਸਿੰਘ ਦੇ ਘਰ ਗਿਆ। ਉਹ ਘਰ ਮੈਂ ਵਸਦਾ–ਰਸਦਾ ਵੀ ਦੇਖਿਆ ਹੋਇਆ ਸੀ। 7 ਸਾਲ ਪਹਿਲਾਂ ਏਅਰਫੋਰਸ ਛੱਡਣ ਸਮੇਂ, ਫਾਈਨਲ ਕਲੀਅਰੈਂਸ ਵਾਸਤੇ ਜਦੋਂ ਮੈਂ ਦਿੱਲੀ ਸਥਿਤ ਏਅਰ ਹੈੱਡਕੁਆਟਰ ਗਿਆ ਤਾਂ ਅੱਧਾ ਕੁ ਦਿਨ ਇਸ ਘਰ ਵਿਚ ਗੁਜ਼ਾਰਿਆ ਸੀ। ਉਦੋਂ ਇਹ ਘਰ ਅਜੇ ਬਣਿਆਂ ਹੀ ਸੀ। “ਕੰਧਾਂ ਦੀ ਤਿਆਰੀ ਅਜੇ ਹੋਣ ਵਾਲ਼ੀ ਐ।” ਗੁਰਬਚਨ ਸਿੰਘ ਨੇ ਦੱਸਿਆ ਸੀ। “ਆਪਣਾ ਘਰ ਬਣ ਗਿਐ, ਹੌਲ਼ੀ–ਸਹਿਜੇ ਤਿਆਰੀ ਵੀ ਹੋ ਜਾਊ।” ਉਸਦੀ ਪਤਨੀ ਗੁਰਮੀਤ ਕੌਰ ਦੇ ਬੋਲਾਂ ਵਿਚ ਹੁਲਾਸ ਸੀ। ਸਰਕਾਰੀ ਕੁਆਟਰਾਂ ਨਾਲ਼ੋਂ ਬਿਹਤਰ ‘ਅਪਣੇ ਘਰ’ ਦਾ ਹੁਲਾਸ ਪਰਿਵਾਰ ਦੇ ਸਾਰੇ ਜੀਆਂ ਦੇ ਚਿਹਰਿਆਂ ’ਤੇ ਲਿਸ਼ਕ ਰਿਹਾ ਸੀ। ਗੁਰਬਚਨ ਸਿੰਘ ਨੇ ਆਖਿਆ ਸੀ, “ਬਈ ਜਰਨੈਲ ! ਮੈਂ ਤਾਂ ‘ਰਿਟਾਇਰਮੈਂਟ ਏਜ’ ਪੂਰੀ ਕਰਕੇ ਹੀ ਏਅਰਫੋਰਸ ਛੱਡਣੀ ਆਂ ਤੇ ਰਿਟਾਇਰ ਹੋ ਕੇ ਏਥੇ ਹੀ ਰਹਿਣਾ ਆਂ,” ਗੱਲ ਕਰਦਿਆਂ ਉਸਦੀ ਨਿਗ੍ਹਾ ਪਤਨੀ ਅਤੇ ਸਕੂਲ ’ਚ ਪੜ੍ਹਦੇ ਪੁੱਤਰ ਅਤੇ ਦੋ ਧੀਆਂ ਵੱਲ ਘੁੰਮੀ ਸੀ, “ਦਿੱਲੀ ਇਨ੍ਹਾਂ ਨੂੰ ਵੀ ਤੇ ਮੈਨੂੰ ਵੀ ਪਸੰਦ ਐ। ਮੁਲਕ ਦੀ ਰਾਜਧਾਨੀ ਐ। ਦੂਜੇ ਸ਼ਹਿਰਾਂ ਦੇ ਮੁਕਾਬਲੇ ਏਥੇ ਸਹੂਲਤਾਂ ਵੀ ਵੱਧ ਨੇ।”… ਉਦੋਂ ਘਰ ਅਧੂਰਾ ਸੀ ਪਰ ਪਰਿਵਾਰ ਪੂਰਾ ਸੀ, ਸਹੀ ਸਲਾਮਤ ਸੀ। ਪਰ ਹੁਣ ਪਰਿਵਾਰ ਅਧੂਰਾ ਹੋ ਗਿਆ ਸੀ ਤੇ ਘਰ ਵੀ ਘਰ ਨਹੀਂ ਸੀ ਰਹਿ ਗਿਆ। ਚਾਵਾਂ–ਰੀਝਾਂ ਨਾਲ਼ ਬਣਾਏ ਘਰ ਵਿਚ ਦੋ ਸਿਵੇ ਬਲ਼ ਗਏ ਸਨ… ਪਰਿਵਾਰ ਦੇ ਮੁਖੀ ਤੇ ਪਰਿਵਾਰ ਦੀ ਲੜੀ ਨੂੰ ਅਗਾਂਹ ਤੋਰਨ ਵਾਲ਼ੇ ਉਸਦੇ ਫਰਜੰਦ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ। ਸਿਵਿਆਂ ਦੀਆਂ ਲਾਟਾਂ ਨਾਲ਼ ਧੁਆਂਖੀਆਂ ਘਰ ਦੀਆਂ ਕੰਧਾਂ ਤੇ ਛੱਤਾਂ ਵਾਂਗ, ਅਧੂਰੇ ਪਰਿਵਾਰ ਦੇ ਜੀਆਂ ਦੀ ਹੋਂਦ ਵੀ ਸਦਾ ਵਾਸਤੇ ਧੁਆਂਖੀ ਗਈ ਸੀ। ਦੋਵੇਂ ਮੁਟਿਆਰ ਧੀਆਂ ਤੁਰਦੀਆਂ–ਫਿਰਦੀਆਂ ਲਾਸ਼ਾਂ ਜਾਪ ਰਹੀਆਂ ਸਨ। ਗੁਰਮੀਤ ਕੌਰ ਤੋਂ ਠੀਕ ਤਰ੍ਹਾਂ ਗੱਲ ਨਹੀਂ ਸੀ ਹੋ ਰਹੀ। ਉਸਦੀ ਸੋਗ ’ਚ ਡੁੱਬੀ ਆਵਾਜ਼ ਹੰਝੂਆਂ-ਹਉਕਿਆਂ ਵਿਚ ਗਵਾਚ ਜਾਂਦੀ ਸੀ।
ਜਿਉਂਦੇ ਸਾੜੇ ਗਏ ਪਿਉ–ਪੁੱਤਰ ਹਵਾਈ ਸੈਨਿਕ ਸਨ। ਉਨ੍ਹਾਂ ਨੇ ਦੇਸ਼ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਹੋਇਆ ਸੀ। ਪਰ ਦੇਸ਼ ਦੀ ਹਾਕਮ ਪਾਰਟੀ ਵੱਲੋਂ ਸਿੱਖਾਂ ਨੂੰ ਸਬਕ ਸਿਖਾਉਣ ਦੇ ਪ੍ਰਣ ਸਾਹਵੇਂ ਸਭ ਕਾਇਦੇ–ਕਾਨੂੰਨ ਤੇ ਪ੍ਰਣ ਬੇਮਾਅਨਾ ਹੋ ਗਏ। ਉਸ ਪਾਰਟੀ ਦੀ ਸ਼ਹਿ ’ਤੇ ਦਿੱਲੀ, ਕਾਨ੍ਹਪੁਰ ਤੇ ਬੋਕਾਰੋ ਵਿਚ ਦਨਦਨਾਉਂਦੇ ਹਜ਼ੂਮ ਨੇ ਸੈਂਕੜੇ ਸਿੱਖਾਂ ਨੂੰ ਕੋਹ–ਕੋਹ ਕੇ ਮਾਰ ਦਿੱਤਾ ਸੀ। ਗੁਰਬਚਨ ਸਿੰਘ ਦੀ ਵਿਧਵਾ ਤੇ ਧੀਆਂ ਦਾ ਉਮਰਾਂ ਭਰ ਦਾ ਚੀਸਾਂ–ਪੀੜਾਂ ਵਾਲ਼ਾ ਸੰਤਾਪ ਅਨੇਕਾਂ ਪਰਿਵਾਰਾਂ ਦੀ ਹੋਣੀ ਬਣਾ ਦਿੱਤੀ ਗਈ ਸੀ।
ਲੇਖਕਾਂ ਨਾਲ਼ ਜਾਣ-ਪਛਾਣ
ਡਾ. ਕਰਮਜੀਤ ਸਿੰਘ ਨਾਲ਼ ਮੇਰੀ ਜਾਣ-ਪਛਾਣ ਕਿਸੇ ਸਾਹਿਤ ਸਭਾ ਦੇ ਪ੍ਰੋਗਰਾਮ ਵਿਚ ਹੋਈ ਸੀ। ਮੈਂ ਉਸਨੂੰ ਪਲੇਠਾ ਕਥਾ ਸੰਗ੍ਰਹਿ ‘ਮੈਨੂੰ ਕੀ’ ਭੇਟ ਕੀਤਾ। ਇਸ ਕਿਤਾਬ ’ਤੇ ਹੋਈ ਗੋਸ਼ਟੀ ਵਿਚ ਉਸਨੇ ਪਰਚਾ ਪੜ੍ਹਿਆ। ਕਹਾਣੀਆਂ ਦੇ ਗੁਣਾਂ ਦੇ ਨਾਲ਼-ਨਾਲ ੳਸਨੇ ਖਾਮੀਆਂ ’ਤੇ ਵੀ ਝਾਤ ਪੁਆਈ। ਉਸਦੀ ਆਲੋਚਨਾ ਵਿਚਲੇ ਉਤਸ਼ਾਹ ਤੇ ਅਪਣੱਤ ਸਦਕਾ ਮੈਂ ਛੇਤੀ ਹੀ ਉਸਦੇ ਨੇੜੇ ਹੋ ਗਿਆ। ਤੇ ਜਾਣ-ਪਛਾਣ ਗੂੜ੍ਹੀ ਦੋਸਤੀ ਦਾ ਰੂਪ ਧਾਰ ਗਈ। ਮੈਂ ਆਪਣੀ ਹਰ ਕਹਾਣੀ ਉਸਨੂੰ ਪੜ੍ਹਾਉਂਦਾ ਸਾਂ। ਉਸ ਨਾਲ਼ ਹੁੰਦਾ ਵਿਚਾਰ-ਵਟਾਂਦਰਾ ਲਾਹੇਵੰਦ ਸੀ। ਉਸਦੀ ਨੌਕਰੀ ਕੁਰੂਕਸ਼ੇਤਰ ਯੂਨੀਵਰਸਿਟੀ ’ਚ ਸੀ। ਦੋਸਤੀ ਪੈਣ ਤੋਂ ਬਾਅਦ ਪਤਾ ਲੱਗਾ ਕਿ ਉਸਦੀ ਪਤਨੀ ਗੁਰਬਚਨ ਕੌਰ ਦੇ ਨਾਨਕੇ ਸਾਡੇ ਪਿੰਡ ਸਨ। ਉਹ ਹੁਸ਼ਿਆਰਪੁਰ ਦੇ ਇਕ ਹਾਈ ਸਕੂਲ ’ਚ ਟੀਚਰ ਸੀ। ਉਨ੍ਹਾਂ ਦੀ ਰਿਹਾਇਸ਼ ਹੁਸ਼ਿਆਰਪੁਰ ਸੀ। ਡਾ. ਕਰਮਜੀਤ ਸਿੰਘ ਜਦੋਂ ਵੀ ਹੁਸ਼ਿਆਰਪੁਰ ਆਉਂਦਾ ਉਸ ਨਾਲ਼ ਮੁਲਾਕਾਤ ਹੋ ਜਾਂਦੀ। ਉਸਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ਼ ਹੁਸ਼ਿਆਰਪੁਰ ’ਚ ਸਾਹਿਤ ਸਭਾ ਵੀ ਬਣਾ ਲਈ ਸੀ। ਉਸ ਸਭਾ ਦੀਆਂ ਮੀਟਿੰਗਾਂ ਵਿਚ ਕਦੀ-ਕਦੀ ਮੈਂ ਵੀ ਸ਼ਾਮਲ ਹੋ ਜਾਂਦਾ। ਡਾ. ਮਨਮੋਹਨ ਸਿੰਘ ਤੀਰ, ਜਸਬੀਰ ਧੀਮਾਨ, ਕੁਲਤਾਰ ਸਿੰਘ ਕੁਲਤਾਰ ਤੇ ਹੋਰ ਮੈਂਬਰਾਂ ਨੂੰ ਮਿਲ਼ ਕੇ ਚੰਗਾ ਲਗਦਾ।
ਹੁਸ਼ਿਆਰਪੁਰ ਦੇ ਉਸ ਵੇਲੇ ਦੇ ਨਾਮਵਰ ਗਜ਼ਲਗੋਆਂ ਦਵਿੰਦਰ ਜੋਸ਼ ਤੇ ਅੰਮ੍ਰਿਤ ਦੀਵਾਨਾ ਨਾਲ਼ ਵੀ ਵਾਕਫੀਅਤ ਹੋ ਗਈ ਸੀ। ਗੁਰਮੀਤ ਕੱਲਰਮਾਜਰੀ ਨਾਲ਼ ਵਾਕਫੀਅਤ ਚਿੱਠੀਆਂ ਰਾਹੀਂ ਬਣੀ। ਪਰਚਿਆਂ ਵਿਚ ਛਪੀਆਂ ਮੇਰੀਆਂ ਕਹਾਣੀਆਂ ਉਸਨੂੰ ਚੰਗੀਆਂ ਲੱਗੀਆਂ ਸਨ।
ਉਨ੍ਹੀਂ ਦਿਨੀਂ ਪ੍ਰੋ ਜਸਵੰਤ ਸਿੰਘ ਵਿਰਦੀ, ਡਾ. ਰਣਧੀਰ ਸਿੰਘ ਚੰਦ, ਪ੍ਰੋ. ਪਰਬਿੰਦਰ ਸਿੰਘ ਤੇ ਪ੍ਰੋ. ਦੀਦਾਰ ਵਰਗੇ ਸਮਰੱਥ ਲੇਖਕ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਸ਼ਾਨ ਵਧਾ ਰਹੇ ਸਨ। ਸਾਡੇ ਦੁਆਬਾ ਸਾਹਿਤਕ ਮੰਚ ਦਾ ਵਿਸ਼ੇਸ਼ ਮੈਂਬਰ ਡਾ. ਪ੍ਰਿਤਪਾਲ ਸਿੰਘ ਮਹਿਰੋਕ ਵੀ ਇਸੇ ਕਾਲਜ ਵਿਚ ਆ ਗਿਆ ਸੀ। ਉਨ੍ਹਾਂ ਸਾਰੇ ਸੱਜਣਾਂ ਨਾਲ਼ ਮੇਲ-ਮਿਲਾਪ ਹੁੰਦਾ ਰਹਿੰਦਾ। ਵੱਡਾ ਸ਼ਾਇਰ ਡਾ. ਜਗਤਾਰ ਵੀ ਇਸੇ ਕਾਲਜ ਵਿਚ ਸੀ। ਉਸ ਨਾਲ਼ ‘ਹੈਲੋ-ਹੈਲੋ’ ਹੀ ਹੁੰਦੀ ਸੀ।
ਜਲੰਧਰ ਦੇ ਸਾਹਿਤਕਾਰ ਡਾ. ਧਰਮਪਾਲ ਸਿੰਗਲ, ਪਿਆਰਾ ਸਿੰਘ ਭੋਗਲ, ਮਹਿੰਦਰ ਭੱਟੀ, ਅਵਤਾਰ ਜੌੜਾ, ਜਿੰਦਰ ਤੇ ਸੁਖਵੰਤ ਆਰਟਿਸਟ ਨਾਲ਼ ਵੀ ਵਾਹਵਾ ਜਾਣ-ਪਛਾਣ ਹੋ ਗਈ ਸੀ। ਇਕ ਵੇਰਾਂ ਜਿੰਦਰ ਨੇ ਨਕੋਦਰ ’ਚ ਕਹਾਣੀ ਦਰਬਾਰ ਕਰਵਾਇਆ। ਪ੍ਰਧਾਨਗੀ ਸ੍ਰੇਸ਼ਟ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਸੀ। ਮੇਰੇ ਸਮੇਤ ਪੰਜ-ਛੇ ਕਹਾਣੀਕਾਰਾਂ ਨੇ ਕਹਾਣੀਆਂ ਪੜ੍ਹੀਆਂ। ਸਾਰੀਆਂ ਕਹਾਣੀਆਂ ਪ੍ਰਗਤੀਵਾਦ ਦੇ ਵਿਸ਼ਾ-ਵਸਤੂ ਵਾਲ਼ੀਆਂ ਸਨ। ਪ੍ਰੇਮ ਪ੍ਰਕਾਸ਼ ਨੇ ਪ੍ਰਧਾਨਗੀ ਭਾਸ਼ਣ ਵਿਚ ਪ੍ਰਗਤੀਵਾਦ ਦੇ ਰੁਝਾਣ ਨੂੰ ਰੈਜਿਮੈਂਟੇਸ਼ਨ ਆਫ ਥੌਟ (Regimentation of Thought) ਆਖਦਿਆਂ ਇਕਮਾਰਗੀ ਧਾਰਨਾ ਤੋਂ ਹਟ ਕੇ ਲਿਖਣ ਦਾ ਸੁਝਾਅ ਦਿੱਤਾ। ਔਰਤ-ਮਰਦ ਦੇ ਰਿਸ਼ਤਿਆਂ ਬਾਬਤ ‘ਮੁਕਤੀ’ ਤੇ ‘ਸਵੈਤਾਂਬਰ ਨੇ ਕਿਹਾ ਸੀ’ ਵਰਗੀਆਂ ਉੱਚ-ਪਾਏ ਦੀਆਂ ਕਹਾਣੀਆਂ ਲਿਖਣ ਵਾਲ਼ੇ ਪ੍ਰੇਮ ਪ੍ਰਕਾਸ਼ ਦਾ ਕਥਨ ਮੈਨੂੰ ਠੀਕ ਲੱਗਾ। ਪਰ ਕੁਝ ਸਾਲਾਂ ਬਾਅਦ ਨਵੇਂ ਲੇਖਕਾਂ ਦੇ ਇਕ ਗਰੁੱਪ ਨੂੰ ਆਪਣੇ ਪਸੰਦੀਦਾ ਵਿਸ਼ੇ ਨਾਲ਼ ਜੋੜ ਕੁ ਉਸਨੇ ਖੁਦ ਹੀ ਇੱਕੋ ਵਿਚਾਰ (Thought) ਵਾਲ਼ੀ ਰਜਮੈਂਟ ਖੜ੍ਹੀ ਕਰ ਲਈ ਸੀ। ਉਸਦੀ ਰਜਮੈਂਟ ਦੇ ਆਮ ਕਥਾਕਾਰਾਂ ਦੀਆਂ ਕਹਾਣੀਆਂ ਵਿਚ ਸੁਹਜ ਘੱਟ ਤੇ ਕਾਮੁਕਤਾ ਵੱਧ ਸੀ।

