ਨਿੱਕਾ ਪਰ ਨਿੱਘਾ ਘਰ
ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹੈ ਪਰ ਮਹੀਨਾ ਤੇ ਤਾਰੀਖ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ’ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ ਦੇ ਦੂਜੇ ਹਫਤੇ ਦੀ ਕੋਈ ਤਾਰੀਖ ਬਣਦੀ ਹੈ। ਉਦੋਂ ਜਨਮ-ਮਿਤੀ ਕੋਈ ਵਿਰਲੇ ਹੀ ਨੋਟ ਕਰਦੇ ਸਨ। ਜਦੋਂ ਬਾਪੂ ਜੀ ਮੈਨੂੰ ਸਕੂਲ ਦਾਖਲ ਕਰਵਾਉਣ ਗਏ ਤਾਂ ਮਾਸਟਰ ਜੀ ਨੇ ਮੈਨੂੰ 6 ਸਾਲ ਦਾ ਦਿਖਾਉਣ ਲਈ ਅਪਣੇ ਹਿਸਾਬ ਨਾਲ਼ 15 ਜੂਨ ਲਿਖ ਦਿੱਤੀ।
ਮੇਰੀ ਮਾਂ ਦਾ ਨਾਂ ਭਾਗ ਕੌਰ ਤੇ ਬਾਪੂ ਜੀ ਦਾ ਨਾਂ ਮਹਿੰਦਰ ਸਿੰਘ ਸੀ। ਮੈਂ ਉਨ੍ਹਾਂ ਦਾ ਚੌਥਾ ਬੱਚਾ ਹਾਂ। ਸਭ ਤੋਂ ਵੱਡੀ ਭੈਣ ਬਖਸ਼ੀਸ਼ ਕੌਰ, ਉਸ ਤੋਂ ਛੋਟਾ ਭਰਾ ਬਖਸ਼ੀਸ਼ ਸਿੰਘ, ਤੀਜੇ ਥਾਂ ਦੂਜੀ ਭੈਣ ਗੁਰਦੀਸ਼ ਕੌਰ, ਚੌਥੇ ਥਾਂ ਮੈਂ ਤੇ ਪੰਜਵੇ ਥਾਂ ਮੈਥੋਂ ਛੋਟਾ ਭਰਾ ਕੁਲਦੀਪ ਸਿੰਘ। ਸਾਡਾ ਘਰ ਬਹੁਤ ਛੋਟਾ ਸੀ। ਚਾਰ ਖਾਨਿਆਂ ਦਾ ਦਲਾਨ ਤੇ ਦਲਾਨ ਪਿੱਛੇ ਏਨੀ ਹੀ ਕੋਠੜੀ। ਛੱਤ ਸ਼ਤੀਰੀਆਂ-ਬਾਲਿਆਂ ਦੀ ਸੀ। ਦਲਾਨ ਵਿਚ ਦੋ ਦਰਵਾਜ਼ੇ ਤੇ ਉੱਪਰ ਦੋ ਹੀ ਰੌਸ਼ਨਦਾਨ। ਖਿੜਕੀ ਕੋਈ ਨਹੀਂ ਸੀ। ਵਰਾਂਡਾ ਨਾ ਹੋਣ ਕਰਕੇ ਦਲਾਨ ਵਿਚ ਦਰਵਾਜ਼ਿਆਂ ਤੇ ਰੌਸ਼ਨਦਾਨਾਂ ਰਾਹੀਂ ਉਜਾਲਾ ਰਹਿੰਦਾ ਸੀ ਅਤੇ ਥੋੜ੍ਹੇ ਕੁ ਸਮੇਂ ਲਈ ਧੁੱਪ ਵੀ ਅੰਦਰ ਆਉਂਦੀ ਸੀ। ਪਰ ਕੋਠੜੀ ਵਿਚ ਦਿਨੇ ਵੀ ਹਨ੍ਹੇਰਾ ਜਿਹਾ ਰਹਿੰਦਾ। ਕੋਠੜੀ ਦਾ ਇਕ ਪਾਸਾ ਸਾਡੀ ਦਾਦੀ ਦੇ ਸੰਦੂਕ, ਘਰ ਦੀ ਵਰਤੋਂ ਲਈ ਕਣਕ ਸਟੋਰ ਕਰਨ ਵਾਲ਼ੀ ਪੱਕੀ ਕੋਠੀ ਅਤੇ ਚੱਕੀ ਨੇ ਮੱਲਿਆ ਹੋਇਆ ਸੀ ਤੇ ਦੂਜੇ ਪਾਸੇ ਮੱਕੀ, ਗੁੜ, ਸ਼ੱਕਰ ਤੇ ਚੌਲਾਂ ਵਾਲ਼ੇ ਮੱਟ ਤੇ ਭੜੋਲੇ ਅਤੇ ਮਾਂਹ, ਮੋਠ, ਮਸਰ, ਛੋਲੇ ਆਦਿ ਦਾਲਾਂ ਵਾਲ਼ੇ ਮਿੱਟੀ ਦੇ ਵੱਡੇ-ਛੋਟੇ ਕੁੱਜੇ ਟਿਕਾਏ ਹੁੰਦੇ ਸਨ।
ਦਲਾਨ ਦੀ ਇਕ ਕੰਧ ਨਾਲ਼ ਸਾਡੀ ਮਾਂ ਦਾ ਪਿੱਤਲ ਦੇ ਕੋਕੇ-ਪੱਤੀਆਂ ਵਾਲ਼ਾ ਸੰਦੂਕ ਤੇ ਪਲੰਘ ਰੱਖੇ ਹੋਏ ਸਨ। ਸਾਹਮਣਲੀ ਕੰਧ ’ਤੇ ਲੱਕੜ ਦੀ ਵੱਡੀ ਸਾਰੀ ਸ਼ੈਲਫ ਉੱਤੇ ਪਿੱਤਲ ਦੀ ਗਾਗਰ ਤੇ ਵਲਟੋਹ, ਕੈਂਹੇਂ ਦੇ ਥਾਲ, ਛੰਨੇ ਅਤੇ ਹੋਰ ਭਾਂਡੇ ਟਿਕਾਏ ਹੁੰਦੇ ਸਨ। ਇਕ ਖੂੰਜੇ ਵਿਚ ਚੱਕਵੀਂ ਜਾਲ਼ੀ, ਜਿਸ ਨੂੰ ਡੋਲ਼ੀ ਕਿਹਾ ਜਾਂਦਾ ਸੀ, ਵਿਚ ਦੁੱਧ, ਘਿਉ, ਮੱਖਣ ਤੇ ਵਾਧੂ-ਘਾਟੂ ਦਾਲ-ਸਬਜ਼ੀ ਵਗੈਰਾ ਰੱਖੇ ਹੁੰਦੇ ਸਨ।
ਬਚਪਨ ’ਚ ਹਾਣੀਆਂ ਨਾਲ਼ ਲੁਕਣ-ਮੀਚੀ ਖੇਡਦਿਆਂ ਉਨ੍ਹਾਂ ਦੇ ਘਰੀਂ ਧੁਰ ਅੰਦਰ ਜਾ ਵੜੀਦਾ ਸੀ। ਉਨ੍ਹਾਂ ਘਰਾਂ ਅਤੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਦੇ ਘਰਾਂ ਦੀ ਬਣਤਰ ਤੇ ਘਰਾਂ ਵਿਚਲਾ ਸਾਮਾਨ ਤੇ ਹੋਰ ਸਾਰਾ ਕੁਝ ਥੋੜ੍ਹੇ-ਬਹੁਤੇ ਫਰਕ ਨਾਲ਼ ਮੈਨੂੰ ਆਪਣੇ ਘਰ ਵਰਗਾ ਹੀ ਲਗਦੇ ਸਨ। ਸਾਡੇ ਘਰ ਦੇ ਸਾਹਮਣੇ, ਸਾਂਝੇ ਵਿਹੜੇ ਦੇ ਦੂਜੇ ਪਾਸੇ, ਐਨ੍ਹ ਸਾਡੇ ਵਰਗਾ ਘਰ ਤਾਏ ਮੋਤਾ ਸਿੰਘ ਦਾ ਸੀ। ਉਹ ਸਾਡਾ ਸਕਾ ਤਾਇਆ ਨਹੀਂ ਸੀ। ਉਹ ਤੇ ਬਾਪੂ ਜੀ ਤਾਏ-ਚਾਚੇ ਦੇ ਪੁੱਤਰ ਸਨ। ਮੋਤਾ ਸਿੰਘ ਦੀ ਬਹੁਤ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਸਾਡੀ ਵਿਧਵਾ ਤਾਈ ਰਾ ਕੌਰ ਆਪਣੇ ਪੁੱਤਰ ਨਿਰਮਲ ਸਿੰਘ ਨਾਲ਼ ਉਸ ਘਰ ’ਚ ਵਸਦੀ ਸੀ। ਉਮਰ ’ਚ ਸਾਥੋਂ ਕਾਫੀ ਵੱਡੀਆਂ, ਤਾਈ ਦੀਆਂ ਧੀਆਂ ਆਪਣੇ ਸਹੁਰੀਂ ਵਸਦੀਆਂ ਸਨ। ਦੋਨਾਂ ਘਰਾਂ ਦੇ ਲਹਿੰਦੇ ਪਾਸੇ ਗਲ਼ੀ ਸੀ। ਦੋਨਾਂ ਘਰਾਂ ਦਾ ਸਾਂਝਾ ਦਰਵਾਜ਼ਾ ਉਸ ਗਲ਼ੀ ਵਿਚ ਨੂੰ ਖੁਲ੍ਹਦਾ ਸੀ। ਵਿਹੜੇ ’ਚ ਕੰਧ ਨਹੀਂ ਸੀ ਦੋਵੇ ਘਰ ਅੰਦਾਜ਼ੇ ਨਾਲ਼ ਅੱਧਾ-ਅੱਧਾ ਵਰਤਦੇ ਸਨ। ਚੜ੍ਹਦੇ ਪਾਸੇ ਦੋ ਗਵਾਂਢੀ ਤਰਖਾਣਾਂ ਦੇ ਘਰਾਂ ਦੀ ਪਿਛਵਾੜ ਲਗਦੀ ਸੀ। ਉਸ ਪਿਛਵਾੜਲੀ ਕੰਧ ਦੇ ਨਾਲ਼ ਦੋਨਾਂ ਘਰਾਂ ਦੀਆਂ ਕੰਧਾਂ ਨੂੰ ਮੇਲ਼ਦਾ ਵਰਾਂਡਾ-ਨੁਮਾ ਨੀਵਾਂ ਜਿਹਾ ਛਤੜਾ ਸੀ। ਜਿਸ ਵਿਚ ਦੋਨਾਂ ਟੱਬਰਾਂ ਦੇ ਚੁੱਲ੍ਹੇ-ਚੌਂਕੇ ਸਨ। ਲੱਕੜ ਦੀ ਸਾਂਝੀ ਪੌੜੀ ਇਸ ਛੱਤੜੇ ਤੱਕ ਹੀ ਜਾਂਦੀ ਸੀ। ਉੱਥੋਂ ਅਸੀਂ ਆਪੋ-ਆਪਣੀ ਛੱਤ ’ਤੇ ਚੱਲੇ ਜਾਂਦੇ ਸਾਂ।
ਗਲ਼ੀ ਵੱਲ ਦੀ ਕੰਧ ਘਰਾਂ ਦੀਆਂ ਛੱਤਾਂ ਦੇ ਬਰਾਬਰ ਹੋਣ ਕਰਕੇ ਅਤੇ ਖਿੜਕੀਆਂ ਦੀ ਅਣਹੋਂਦ ਕਾਰਨ ਘਰ ਵਿਚ ਹਵਾ ਬਹੁਤ ਘੱਟ ਲਗਦੀ ਸੀ। ਗਰਮੀਆਂ ਵਿਚ ਅੰਦਰ ਬਹਿਣਾ ਮੁਸ਼ਕਲ ਹੋ ਜਾਂਦਾ ਸੀ। ਦਿਨ ਕੰਮਾਂ-ਧੰਦਿਆਂ ’ਚ ਲੰਘ ਜਾਂਦਾ ਤੇ ਸ਼ਾਮ ਨੂੰ ਅਸੀਂ ਛੱਤ ਉੱਪਰ ਚਲੇ ਜਾਂਦੇ। ਮੰਜੇ ਪਹਿਲਾਂ ਹੀ ਉੱਪਰ ਚੜ੍ਹਾਏ ਹੁੰਦੇ ਸਨ। ਰਾਤ ਦੀ ਰੋਟੀ ਉੱਪਰ ਹੀ ਖਾਂਦੇ। ਚੜ੍ਹਦੇ ਬੰਨੇ ਪ੍ਰੀਤਮ ਸਿੰਘ ਦਾ ਘਰ ਤੇ ਲਹਿੰਦੇ ਬੰਨੇ ਸਕਿਆਂ ’ਚੋਂ ਲਗਦੇ, ਸਿੰਘਾਪੁਰੀਏ ਤਾਏ ਦੀਵਾਨ ਸਿੰਘ ਦੇ ਪੁੱਤਰ ਉਜਾਗਰ ਸਿੰਘ ਦਾ। ਤਿੰਨਾ ਘਰਾਂ ਦੀਆਂ ਛੱਤਾ ਨਾਲ਼-ਨਾਲ਼ ਲਗਦੀਆਂ ਸਨ। ਤਿੰਨਾਂ ਘਰਾਂ ਦੇ ਬੰਦੇ ਰੋਟੀ ਖਾਣ ਦੇ ਨਾਲ਼-ਨਾਲ਼ ਆਪਸ ਵਿਚ ਗੱਲਾਂ ਵੀ ਕਰਦੇ ਰਹਿੰਦੇ। ਅਸੀਂ ਬੱਚਾ-ਪਾਰਟੀ, ਰੋਟੀ ਫਟਾਫਟ ਅੰਦਰ ਸੁੱਟ ਕੇ ਲੁਕਣ-ਮੀਚੀ ਖੇਡਣ ਲੱਗ ਜਾਂਦੇ।
ਘਰ ਵਾਂਗ ਸਾਡੀ ਹਵੇਲੀ ਵੀ ਤਾਏ ਮੋਤਾ ਸਿੰਘ ਨਾਲ਼ ਸਾਂਝੀ ਸੀ ਪਰ ਸੀ ਕਾਫੀ ਖੁੱਲ੍ਹੀ। ਦੋਨ੍ਹਾਂ ਟੱਬਰਾਂ ਦੇ ਪੰਜ-ਪੰਜ ਖਾਨੇ ਦੇ ਦਲਾਨ, ਮੂਹਰੇ ਉਨੇ ਹੀ ਵਰਾਂਡੇ ਤੇ ਪਿੱਛੇ ਦੋ ਕੋਠੜੀਆਂ। ਦੋਨਾਂ ਦਲਾਨਾਂ ਵਿਚ ਆਪੋ-ਆਪਣੇ ਦਰਵਾਜ਼ੇ ਸਨ। ਖਿੜਕੀਆਂ ਵੀ ਹੈਗੀਆਂ ਸਨ। ਵਰਾਂਡਿਆਂ ਮੂਹਰੇ ਡੰਗਰਾਂ ਦੀਆਂ ਖੁਰਲੀਆਂ, ਹੱਥ ਨਾਲ਼ ਪੱਠੇ ਕੁਤਰਨ ਵਾਲ਼ੇ ਟੋਕੇ ਅਤੇ ਹੋਰ ਸੰਦ-ਬੇਟ ਰੱਖਣ ਲਈ ਖੁੱਲ੍ਹੀ ਥਾਂ ਸੀ। ਹਵੇਲੀਆਂ ਪਿੰਡ ਦੇ ਸਾਰੇ ਜੱਟਾ ਦੀਆਂ ਖੁੱਲ੍ਹੀਆਂ ਸਨ ਪਰ ਚਾਰਦੀਵਾਰੀ ਨਹੀਂ ਹੁੰਦੀ ਸੀ। ਬਾਪੂ ਜੀ ਮਾਲ-ਡੰਗਰ ਕੋਲ਼ ਸੌਂਦੇ ਸਨ। ਅਸੀਂ ਤਿੰਨੇ ਭਰਾ ਵੀ ਗਿਆਰਾਂ-ਬਾਰਾਂ ਸਾਲ ਦੀ ਉਮਰ ਤੋਂ ਬਾਅਦ ਆਪਣੇ ਬਿਸਤਰੇ ਹਵੇਲੀ ਲੈ ਗਏ ਸਾਂ।
ਸਾਡਾ ਘਰ ਸਿਆਲਾਂ ਵਿਚ ਨਿੱਘਾ ਹੁੰਦਾ ਸੀ। ਅੰਦਰ ਬੈਠਣਾ ਚੰਗਾ ਲਗਦਾ। ਸਾਰੇ ਜਣੇ ਦਲਾਨ ਵਿਚ ਪੀੜ੍ਹੀਆਂ ’ਤੇ ਬੈਠ ਕੇ ਰਾਤ ਦੀ ਰੋਟੀ ਖਾਂਦੇ, ਨਾਲ਼ੇ ਗੱਲਾਂ ਕਰਦੇ। ਭਾਂਡਾ-ਟੀਂਡਾ ਧੋ ਕੇ ਦੋਵੇਂ ਭੈਣਾਂ ਚਰਖੇ ਡਾਹ ਲੈਂਦੀਆਂ। ਬੀਬੀ ਗਲ਼ੋਟੇ ਅਟੇਰਨ ਲੱਗ ਜਾਂਦੀ, ਨਾਲ਼ ਗੱਲਾਂ ਵੀ ਕਰਦੀ ਰਹਿੰਦੀ। ਗੱਲਾਂ ਕਦੀ ਆਮ ਜਿਹੀਆਂ ਹੁੰਦੀਆਂ ਤੇ ਕਦੀ ਸਿੱਖਿਆ ਵਾਲੀਆਂ। ਸਿੱਖਿਆ ਉਹ ਸਿੱਧੀ ਨਹੀਂ ਸੀ ਦਿੰਦੇ। ਦੂਰ ਦੇ ਜਾਂ ਨੇੜਲੇ ਕਿਸੇ ਪਰਿਵਾਰ ਦੇ ਜੀਆਂ ਦੇ ਆਪਸੀ ਮੋਹ-ਪਿਆਰ ਦੀਆਂ ਬਰਕਤਾਂ ਬਾਰੇ ਜਾਂ ਕਿਸੇ ਪਰਿਵਾਰ ਦੇ ਜੀਆਂ ਦੀ ਬੇਇਤਫਾਕੀ ਕਾਰਨ ਉਸ ਘਰ ਵਿਚ ਪਈ ਮੰਦਹਾਲੀ ਬਾਬਤ। ਬੀਬੀ ਦੀ ਗੱਲਬਾਤ ਦੇ ਕੁਝ ਸ਼ਬਦ ਬੜੇ ਟੁੰਬਵੇਂ ਹੁੰਦੇ ਜਿਵੇਂ ਇਕ ਰਿਸ਼ਤੇ ਦਾ ਦੂਜੇ ਰਿਸ਼ਤੇ ਦੇ ਸਾਹੀਂ ਜਿਊਣਾ, ਕਿਸੇ ਦੇ ਚਾਵਾਂ ਦਾ ਠੀਕਰੀਆਂ-ਠੀਕਰੀਆਂ ਹੋ ਜਾਣਾ। ਗੁੱਸੇ ਵਿਚ ਕੁੜ੍ਹਦਿਆਂ ਤੌੜੀ ਵਾਂਗ ਕੰਢੇ ਸਾੜਨੇ, ਵੇਲਣੇ ’ਚ ਆਈ ਬਾਂਹ, ਤੜਿੰਗ ਖਾਣਾ, ਕੌਡੀਆਂ ਦੇ ਭਾਅ, ਰੱਟ ਲਾਉਣੀ, ਮੂੰਹ ਤੋੜਵਾਂ ਜਵਾਬ ਦੇਣਾ, ਡੈਂਬਰ ਜਾਣਾ, ਆਂਦਕ-ਜਾਂਦਕ, ਹਾਂਜ ਖਾਣੀ, ਮੂੰਹ ਭੁਆਉਣਾ ਵਰਗੇ ਅਨੇਕਾਂ ਸ਼ਬਦ ਤੇ ਮੁਹਾਵਰੇ ਜੋ ਮੇਰੇ ਸ਼ਬਦ-ਭੰਡਾਰ ਦਾ ਹਿੱਸਾ ਬਣੇ। ਬੀਬੀ ਕੁਝ ਔਰਤਾਂ ਦੀ ਸਾਂਗ ਬਹੁਤ ਵਧੀਆ ਲਾਉਂਦੀ ਸੀ। ਜਦੋਂ ਉਹ ਕਿਸੇ ਦੀ ਆਵਾਜ਼ ਤੇ ਐਕਸ਼ਨਾਂ ਦੀ ਹੂਬਹੂ ਨਕਲ ਲਾਉਂਦੀ ਤਾਂ ਅਸੀਂ ਖੂਬ ਹੱਸਦੇ।
ਬਾਪੂ ਜੀ ਨੇ ਸਿੱਖ ਇਤਿਹਾਸ ਪੜ੍ਹਿਆ ਹੋਇਆ ਸੀ। ਆਪਣੇ ਉਸ ਗਿਆਨ ਵਿੱਚੋਂ ਉਹ ਸਾਨੂੰ ਗੁਰੂ ਸਾਹਿਬਾਨਾਂ, ਭਗਤਾਂ ਤੇ ਸਿਦਕਵਾਨ ਸਿੰਘਾਂ ਦੇ ਕਾਰਨਾਮੇ ਸੁਣਾਇਆ ਕਰਦੇ ਸਨ। ਕਦੀ-ਕਦੀ ਉਹ ਆਪਣੀ ਜਾਂ ਸਾਡੇ ਬਾਬਾ ਜੀ ਦੇ ਸੰਘਰਸ਼ ਦੀ ਕੋਈ ਹੱਡ-ਬੀਤੀ ਛੁਹ ਲੈਂਦੇ।
ਜਦੋਂ ਬਾਪੂ ਜੀ ਤੇ ਬੀਬੀ ਕੋਈ ਖਾਸ ਗੱਲ ਨਾ ਕਰ ਰਹੇ ਹੁੰਦੇ, ਸਾਡੀ ਭਰਾਵਾਂ-ਭੈਣਾਂ ਦੀ ਨੋਕ-ਝੋਕ ਸ਼ੁਰੂ ਹੋ ਜਾਂਦੀ। ਮੈਂ ਬੋਲਦਾ ਘੱਟ, ਸੋਚਦਾ ਜ਼ਿਆਦਾ ਸਾਂ। ਸਾਧਾਰਨ ਜਿਹੀਆਂ ਗੱਲਾਂ ਨੂੰ ਬਾਰੀਕੀ ਨਾਲ਼ ਸੋਚਣ ਲੱਗ ਜਾਂਦਾ। ਛੋਟੇ ਭਰਾ ਕੁਲਦੀਪ ਨੂੰ ਗੱਲ ਫੁਰਦੀ ਸੀ। ਉਹ ਟਿੱਚਰ-ਮਸਖਰੀ ਵੀ ਕਰ ਲੈਂਦਾ। ਵੱਡਾ ਭਰਾ ਬਖ਼ਸ਼ੀਸ਼ ਮੇਲੇ ਦੇਖਣ ਦਾ ਸ਼ੌਕੀਨ ਸੀ। ਕੁਲਦੀਪ ਨੇ ਜਨਵਰੀ ਦੇ ਮਹੀਨੇ ਉਸ ਨੂੰ ਚੋਭ ਮਾਰ ਦੇਣੀ, “ਲੈ ਬਈ ਦੁਸਹਿਰੇ ’ਚ ਤਾਂ ਹੁਣ ਥੋੜ੍ਹੇ ਹੀ ਦਿਨ ਰਹਿ ਗਏ ਹੋਣੇ ਆਂ।” ਦੀਵਾਲ਼ੀ ਤੋਂ ਛੇਤੀ ਬਾਅਦ ਆਖ ਦੇਣਾ, “ਹੋਲਾ-ਮਹੱਲਾ ਵੀ ਆਇਆ ਸਮਝੋ… ।”
ਬੀਬੀ ਦੀ ਰੀਸੇ ਉਸਨੇ ਸਾਂਗਾਂ ਲਾਉਣੀਆਂ ਸਿੱਖ ਲਈਆਂ ਸਨ। ਜਦੋਂ ਉਹ ਪਿੰਡ ਦੇ ਕਿਸੇ ਬੰਦੇ ਜਾਂ ਰਿਸ਼ਤੇਦਾਰ ਦੀ ਇੰਨ-ਬਿੰਨ ਸਾਂਗ ਲਾਉਂਦਾ, ਅਸੀਂ ਖੂਬ ਹੱਸਦੇ। ਸਾਡੀ ਗਲ਼ੀ ਦੇ ਇਕ ਬੰਦੇ ਤੇ ਉਸਦੇ ਪੱਤਾਂ ਨੂੰ ਸੁੜ੍ਹਕੇ ਮਾਰ ਕੇ ਚਾਹ ਪੀਣ ਦੀ ਆਦਤ ਸੀ। ਉਨ੍ਹਾਂ ਦੇ ਲੰਮੇ-ਲੰਮੇ ਸੁੜ੍ਹਕਿਆਂ ਦੀ ਤੇ ਹਰ ਸੁੜ੍ਹਕੇ ਦੇ ਅਖੀਰ ’ਚ ਲੰਮੇ ਸਾਹ ਨਾਲ਼ ਨਿਕਲ਼ੀ ‘ਐਹਅ’ ਦੀ ਆਵਾਜ਼ ਗਲ਼ੀ ’ਚ ਸੁਣਦੀ ਹੁੰਦੀ ਸੀ। ਚਾਹ ਪੀਂਦਿਆਂ ਕਦੀ-ਕਦੀ ਜਦੋਂ ਕੁਲਦੀਪ ਲੰਮਾ ਸੁੜ੍ਹਕਾ ਮਾਰ ਕੇ ਲੰਮੇ ਸਾਹ ਨਾਲ਼ ‘ਐਹਅ’ ਦੀ ਆਵਾਜ਼ ਕੱਢਦਾ ਸਾਡਾ ਹਾਸਾ ਨਿਕਲ਼ ਜਾਂਦਾ।
ਗੱਲਾਂ-ਬਾਤਾਂ ਤੇ ਹਾਸੇ-ਮਜ਼ਾਕ ਤੋਂ ਬਾਅਦ ਅਸੀਂ ਤਿੰਨੇ ਭਰਾ ਬਾਪੂ ਜੀ ਨਾਲ਼ ਹਵੇਲੀ ਚਲੇ ਜਾਂਦੇ। ਸਿਆਲ ਦੀਆਂ ਲੰਮੀਆਂ ਰਾਤਾਂ ’ਚ ਬਾਪੂ ਜੀ ਨੂੰ ਬਾਤ ਸੁਣਾਉਣ ਲਈ ਆਖਦੇ। ਰਜਾਈਆਂ ਦਾ ਨਿੱਘ ਮਾਣਦਿਆਂ ਬਾਤਾਂ ਸੁਣਨ ਦਾ ਬੜਾ ਅਨੰਦ ਆਉਂਦਾ। ਉਨ੍ਹਾਂ ਦੀਆਂ ਬਾਤਾਂ ਬਹੁਤ ਲੰਮੀਆਂ ਹੁੰਦੀਆਂ ਸਨ। ਅੱਧੀ-ਅੱਧੀ ਰਾਤ ਲੰਘ ਜਾਣੀ ਤਾਂ ਜਾ ਕੇ ਕਿਤੇ ਬਾਤ ਮੁੱਕਣੀ। ਕਈ ਵਾਰ ਭਰਾ ਸੌਂ ਜਾਂਦੇ ਪਰ ਮੈਂ ਤੋੜ ਤੱਕ ਜਾਗਦਾ ਤੇ ਹੁੰਗਾਰਾ ਭਰਦਾ। ਜਦੋਂ ਕੋਈ ਪ੍ਰਾਹੁਣਾ ਆਇਆ ਹੁੰਦਾ, ਉਸ ਨੂੰ ਵੀ ਬਾਤ ਸੁਣਨ ਦੀ ਲਾਲਸਾ ਹੁੰਦੀ। ਸਾਰੇ ਰਿਸ਼ਤੇਦਾਰ ਉਨ੍ਹਾਂ ਦੀਆਂ ਬਾਤਾਂ ਦੇ ਪ੍ਰਸ਼ੰਸਕ ਸਨ।
ਉਹ ਸਮਾਂ ਪਰਿਵਾਰ ਵਿਚ ਆਰਥਿਕ ਤੰਗੀ ਵਾਲ਼ਾ ਸੀ। ਕਦੀ-ਕਦੀ ਥੁੜਾਂ ਤੋਂ ਖਿਝੀ ਬੀਬੀ ਦਾ ਬਾਪੂ ਜੀ ਨਾਲ਼ ਮਨ-ਮੁਟਾਵ ਹੋ ਜਾਂਦਾ ਪਰ ਦੋ ਕੁ ਦਿਨਾਂ ਬਾਅਦ ਉਹ ਮੁੜ ਸਹਿਜ ਹੋ ਜਾਂਦੀ। ਬਾਪੂ ਜੀ ਅਡੋਲ ਵਿਅਕਤੀ ਸਨ। ਉਨ੍ਹਾਂ ਨੇ ਬਹੁਤ ਕਰੜੇ ਦਿਨ ਦੇਖੇ ਹੋਏ ਸਨ। ਉਨ੍ਹਾਂ ਦੀ ਸਿਦਕ ਦਿਲੀ ਵੱਲ ਦੇਖਦੇ ਅਸੀਂ ਭੈਣ-ਭਰਾ ਵੀ ਹੌਂਸਲੇ ’ਚ ਰਹਿੰਦੇ। ਨਿਆਣਪੁਣੇ ਵਿਚ ਸਾਥੋਂ ਗਲਤੀਆਂ ਹੋ ਜਾਂਦੀਆਂ ਸਨ। ਬਾਪੂ ਜੀ ਤੇ ਬੀਬੀ ਨਰਮ ਸੁਰ ਵਿਚ ਝਿੜਕ ਦਿੰਦੇ। ਉਨ੍ਹਾਂ ਦੀ ਝਿੜਕਣ-ਘੂਰਨ ਦੀ ਸੁਰ ਪ੍ਰੇਰਨਾਮਈ ਸੀ। ਪ੍ਰੇਰਨਾ-ਅਧਾਰਿਤ ਢੰਗ ਸਾਡੇ ਅੰਦਰੋਂ ਝਿੜਕਾਂ ਦੀ ਕੌੜ ਮਿਟਾਉਣ ਤੇ ਮਾਪਿਆਂ ਪ੍ਰਤੀ ਇਕਸੁਰ ਹੋਣ ਵਿਚ ਸਹਾਈ ਹੁੰਦਾ ਸੀ।
ਇਕ ਵਾਰ ਮੈਥੋਂ ਤੇ ਕੁਲਦੀਪ ਤੋਂ ਵੱਡੀ ਗਲਤੀ ਹੋ ਗਈ— ਬਾਪੂ ਜੀ ਤੇ ਵਡਾ ਭਰਾ ਲਾਵਿਆਂ ਨੂੰ ਲੈ ਕੇ ਕਣਕ ਵੱਢ ਰਹੇ ਸਨ। ਬੀਬੀ ਸਾਨੂੰ ਕਹਿਣ ਲੱਗੀ, “ਜੀਉਣ ਲੁਹਾਰ ਨੂੰ ਦਾਤੀਆਂ ਦਿੱਤੀਆਂ ਆਂ ਦੰਦੇ ਕੱਢਣ ਲਈ। ਉੱਥੋਂ ਲੈ ਕੇ ਕਿੱਕਰਾਂ ਆਲ਼ੇ ਖੇਤ ’ਚ ਫੜਾ ਆਓ।” ਅਸੀਂ ਦਾਤਰੀਆਂ ਚੁੱਕ ਕੇ ਟੁਰ ਪਏ। ਰਾਹ ’ਚ ਸਾਡੇ ਦੋ ਹਾਣੀ ਗੁੱਲੀ-ਡੰਡਾ ਖੇਡ ਰਹੇ ਸਨ। ਦਾਤਰੀਆਂ ਇਕ ਪਾਸੇ ਰੱਖ ਕੇ ਅਸੀਂ ਵੀ ਉਨ੍ਹਾਂ ਨਾਲ਼ ਖੇਡਣ ’ਚ ਮਸਤ ਹੋ ਗਏ। ਕਿਸੇ ਬੇਈਮਾਨ ਨੇ ਮਲਕ ਦੇਣੀ ਦਾਤਰੀਆਂ ਚੋਰੀ ਕਰ ਲਈਆਂ। ਵਾਢੀਆਂ ਦੇ ਦਿਨੀਂ ਦਾਤਰੀਆਂ ਦਾ ਗੁਅਚਣਾ ਬਹੁਤ ਵੱਡਾ ਨੁਕਸਾਨ ਸੀ। ਕ੍ਰੋਧਿਤ ਹੋਈ ਬੀਬੀ ਨੇ ਸਾਡੇ ਕਰਾਰੀਆਂ ਚਪੇੜਾਂ ਮਾਰੀਆਂ।
ਦੂਜੀ ਵਾਰ ਮੈਂ ਕੁੱਟ ਬਾਪੂ ਜੀ ਤੋਂ ਖਾਧੀ। ਮੈਂ ਸ਼ਾਇਦ ਦੂਜੀ ਜਾਂ ਤੀਜੀ ਜਮਾਤ ’ਚ ਸੀ। ਵੱਡਾ ਭਰਾ ਸੱਤਵੀਂ ’ਚੋਂ ਹਟ ਗਿਆ ਸੀ। ਉਸ ਵੱਲ ਦੇਖ ਕੇ ਮੈਂ ਵੀ ਨਾਗੇ ਪਾਉਣ ਲੱਗ ਪਿਆ। ਇਕ ਤੋਂ ਬਾਅਦ ਦੂਜੇ ਪੁੱਤ ਦਾ ਪੜ੍ਹਾਈ ਤੋਂ ਕੰਨੀ ਕਤਰਾਉਣਾ ਬਾਪੂ ਜੀ ਲਈ ਪ੍ਰੇਸ਼ਾਨੀ ਵਾਲ਼ੀ ਗੱਲ ਸੀ। ਉਨ੍ਹਾਂ ਪਿਆਰ ਨਾਲ਼ ਸਮਝਾਇਆ ਪਰ ਮੇਰੇ ’ਤੇ ਕੋਈ ਅਸਰ ਨਾ ਹੋਇਆ। ਮੈਂ ਚਾਰ ਦਿਨ ਲਗਾਤਾਰ ਸਕੂਲੇ ਨਾ ਗਿਆ। ਚੌਥੇ ਦਿਨ ਬਾਪੂ ਜੀ ਜਦੋਂ ਹਲ਼ ਵਾਹ ਕੇ ਆਏ ਤਾਂ ਮੈਂਨੂੰ ਦੇਖਦੇ ਹੀ ਲਾਲ-ਪੀਲ਼ੇ ਹੋ ਗਏ। “ਤੂੰ ਅੱਜ ਵੀ ਪੜ੍ਹਨ ਨਹੀਂ ਗਿਆ” ਆਖਦਿਆਂ ਉਨ੍ਹਾਂ ਹੱਥ ਵਿਚਲੀ ਪਰੈਣ ਦੋ-ਤਿੰਨ ਵਾਰ ਮੇਰੀਆਂ ਲੱਤਾਂ ’ਤੇ ਮਾਰੀ। ਮੈਂ ਉਸੇ ਵੇਲੇ ਫੱਟੀ-ਬਸਤਾ ਚੁੱਕ ਕੇ ਸਕੂਲ ਨੂੰ ਦੌੜ ਗਿਆ ਤੇ ਉਸ ਦਿਨ ਤੋਂ ਬਾਅਦ ਸਕੂਲ ਨਾਲ਼ ਪੱਕੇ ਤੌਰ ਤੇ ਜੁੜ ਗਿਆ। ਕੁਲਦੀਪ ਵੀ ਮੇਰੇ ਨਾਲ਼ ਜਾਣ ਲੱਗ ਪਿਆ ਪਰ ਲੰਙੇ-ਡੰਗ। ਬਾਪੂ ਜੀ ਨੇ ਬਥੇਰਾ ਪ੍ਰੇਰਿਆ ਤੇ ਦੋ ਵਾਰੀ ਕੁੱਟਿਆ ਵੀ ਪਰ ਉਸਨੇ ਸਕੂਲ ਤੋਂ ਪੱਕੇ ਤੌਰ ਤੇ ਮੂਹ ਮੋੜ ਲਿਆ… ਤੇ ਖੇਤੀ ’ਚ ਖੁੱਭ ਗਿਆ।
ਭੈਣਾਂ ਵਿਚਾਰੀਆਂ ਨੂੰ ਸਕੂਲ ਨਸੀਬ ਹੀ ਨਾ ਹੋਇਆ। ਬਾਪੂ ਜੀ ਤਾਂ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦੇ ਸਨ ਪਰ ਬੀਬੀ ਕੁੜੀਆਂ ਨੂੰ ਸਕੂਲ ਭੇਜਣ ਦੇ ਹੱਕ ’ਚ ਨਹੀਂ ਸੀ। ਦਰਅਸਲ ਉਦੋਂ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਹੀ ਨਹੀਂ ਸੀ।
ਮਾਂ ਅਤੇ ਭੈਣਾਂ ਲਈ ਰਸੋਈ ਤੋਂ ਬਿਨਾਂ ਹੋਰ ਵੀ ਕਈ ਕੰਮ ਹੁੰਦੇ ਸਨ— ਮੱਝਾਂ ਲਈ ਗਤਾਵਾ ਕਰਨਾ, ਧਾਰਾਂ ਕੱਢਣੀਆਂ, ਦੁੱਧ ਰਿੜਕਣਾ, ਖੇਤਾਂ ਵਿੱਚੋਂ ਕਪਾਹ ਚੁਗਣੀ, ਕਪਾਹ ਵੇਲ ਕੇ ਰੂੰ ਤੇ ਵੜੇਵੇਂ ਅਲੱਗ ਕਰਨੇ। ਵੜੇਵੇਂ ਰਿੰਨ੍ਹ ਕੇ ਮੱਝਾਂ ਨੂੰ ਚਾਰੇ ਜਾਂਦੇ ਸਨ। ਉਦੋਂ ਹੁਣ ਵਾਂਗ ਮੱਝਾਂ-ਗਾਈਆਂ ਲਈ ‘ਫੀਡ’ ਨਹੀਂ ਸੀ ਹੁੰਦੀ। ਵੜੇਵੇਂ, ਅਲ਼ਸੀ ਅਤੇ ਵੜੇਵਿਆਂ ਦੀ ਖਲ਼ ਮੱਝਾਂ ਦੀ ਖੁਰਾਕ ਹੁੰਦੀ ਸੀ।
ਕੁੜੀਆਂ ਦੇ ਕੰਮਾਂ ਵਿਚ ਕਢਾਈ-ਕਸੀਦਾਕਾਰੀ ਵੀ ਸ਼ਾਮਲ ਸੀ। ਸਾਡੀ ਵੱਡੀ ਭੈਣ ਤਾਂ ਵਿਆਹ ਤੋਂ ਬਾਅਦ ਸਹੁਰੀਂ ਚਲੀ ਗਈ ਸੀ। ਦੂਜੀ ਭੈਣ, ਪਿੰਡ ਦੀਆਂ ਹੋਰ ਕੁੜੀਆਂ ਵਾਂਗ ਆਪਣੇ ਦਹੇਜ ਲਈ ਫੁਲਕਾਰੀ, ਪੱਖੀਆਂ, ਮੇਜ਼-ਪੋਸ਼, ਬਿਸਤਰਿਆਂ ਦੀਆਂ ਚਾਦਰਾਂ ਆਦਿ ਦੀ ਕਢਾਈ-ਕਸੀਦਾਕਾਰੀ ਕਰਦੀ ਹੁੰਦੀ ਸੀ। ਦਾਜ ਦੀ ਰਸਮ ਹੈ ਤਾਂ ਗਲਤ ਪਰ ਉਸ ਸਮੇਂ ਮੁਟਿਆਰਾਂ ਵੱਲੋਂ ਕਢਾਈ-ਕਸੀਦਾਕਾਰੀ ਦਾ ਸ਼ਾਨਦਾਰ ਵਿਕਾਸ ਹੋਇਆ।
ਸੰਘਰਸ਼ਮਈ ਵਿਰਸਾ
ਸਾਡੇ ਪੜਦਾਦੇ ਹੁਰੀਂ ਦੋ ਭਰਾ ਸਨ— ਟਹਿਲ ਸਿੰਘ ਤੇ ਮੀਂਹਾਂ ਸਿੰਘ। ਮੀਂਹਾਂ ਸਿੰਘ ਛੜਾ ਸੀ। ਟਹਿਲ ਸਿੰਘ ਦੇ ਚਾਰ ਪੁੱਤਰ ਸਨ— ਭਗਵਾਨ ਸਿੰਘ, ਹਰਨਾਮ ਸਿੰਘ, ਖੇਮ ਸਿੰਘ ਤੇ ਦੀਵਾਨ ਸਿੰਘ। ਭਗਵਾਨ ਸਿੰਘ ਤੇ ਹਰਨਾਮ ਸਿੰਘ ਵਿਆਹੇ ਹੋਏ ਸਨ, ਖੇਮ ਸਿੰਘ ਛੜਾ ਸੀ। ਦੀਵਾਨ ਸਿੰਘ ਫੌਜ ’ਚ ਭਰਤੀ ਹੋ ਗਿਆ ਸੀ। ਨੌਕਰੀ ਦੇ ਤੀਜੇ ਸਾਲ, ਭਰ ਜਵਾਨੀ ਵਿਚ ਹੀ ਪਹਿਲੀ ਸੰਸਾਰ ਜੰਗ ਉਸ ਨੂੰ ਨਿਗਲ਼ ਗਈ। ਆਖਰੀ ਸਮੇਂ, ਘਰ-ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਉਸਦਾ ਮਨ ਪਤਾ ਨਹੀਂ ਕਿੱਧਰ ਕਿੱਧਰ ਦੌੜਿਆ ਹੋਵੇਗਾ।
ਸਾਡੇ ਬਾਬਾ ਜੀ ਹਰਨਾਮ ਸਿੰਘ ਕਿਸੇ ਸਕੂਲ ’ਚ ਨਹੀਂ ਸੀ ਗਏ। ਆਪਣੀ ਲਗਨ ਨਾਲ਼ ਹੀ ਪੰਜਾਬੀ ਤੇ ਉਰਦੂ ’ਚ ਮੁਹਾਰਤ ਹਾਸਲ ਕਰ ਲਈ ਸੀ। ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਕਰ ਲੈਂਦੇ ਸਨ। ਉਹ ਤੇ ਉਨ੍ਹਾਂ ਦੇ ਦੋਵੇਂ ਭਰਾ ਖੇਤੀ ਦੇ ਕੰਮਾਂ ਨੂੰ ਮੂਹਰੇ ਲਾਈ ਫਿਰਦੇ। ਕਿਹੜੇ ਖੇਤ ’ਚ ਕੀ ਬੀਜਣਾ ਅਤੇ ਖੇਤੀ ਸਬੰਧੀ ਹੋਰ ਸਕੀਮਾਂ ਬਾਬਾ ਜੀ ਦੀ ਹੁੰਦੀਆਂ ਸਨ।
ਅਚਾਨਕ ਹੀ ਬਾਬਾ ਜੀ ਨਾਲ਼ ਤ੍ਰਾਸਦੀ ਵਾਪਰ ਗਈ। ਸਾਡੀ ਦਾਦੀ ਤੇ ਬਾਪੂ ਜੀ ਤੋਂ ਵੱਡੀ ਉਨ੍ਹਾਂ ਦੀ ਭੈਣ (ਜਿਸਨੇ ਸਾਡੀ ਭੂਆ ਬਣਨਾ ਸੀ) ਪਲੇਗ ਦੀ ਮਹਾਂਮਾਰੀ ਨੇ ਡੱਸ ਲਈਆਂ। ਬਾਬਾ ਜੀ ਦੀ ਦੁਨੀਆਂ ਵਿਚ ਹਨ੍ਹੇਰਾ ਛਾ ਗਿਆ। ਤ੍ਰਾਸਦੀ ਨੇ ਉਨ੍ਹਾਂ ਦਾ ਮਨ ਉਚਾਟ ਕਰ ਦਿੱਤਾ। ਬਾਪੂ ਜੀ ਉਦੋਂ ਸੱਤ ਮਹੀਨਿਆਂ ਦੇ ਸਨ। ਉਨ੍ਹਾਂ ਦੀ ਭੂਆ ਉਨ੍ਹਾਂ ਨੂੰ ਆਪਣੇ ਪਿੰਡ ਜੈਤਪੁਰ (ਹੁਸ਼ਿਆਰਪੁਰ) ਲੈ ਗਈ। ਪਰ ਉਹ ਠੀਕ ਤਰ੍ਹਾਂ ਸੰਭਾਲ ਨਾ ਕਰ ਸਕੀ। ਬਾਬਾ ਜੀ ਦੇ ਦੂਰੋਂ ਲਗਦੇ ਚਾਚੇ ਦਾ ਪੁੱਤਰ ਮੰਗਲ ਸਿੰਘ ਪਿੰਡ ਲਿੱਦੜਾਂ (ਹੁਸ਼ਿਆਰਪੁਰ) ਰਹਿੰਦਾ ਸੀ ਉਸ ਦੀ ਪਤਨੀ ਧੰਨ ਕੌਰ ਬਾਪੂ ਜੀ ਨੂੰ ਲਿੱਦੜੀਂ ਲੈ ਗਈ ਤੇ ਆਪਣੇ ਬੱਚਿਆ ਵਾਂਗ ਪਾਲਣ-ਪੋਸਣ ਕੀਤਾ। ਪੁੱਤਰ ਦੀ ਸਲਾਮਤੀ ਲਈ ਦੁਆਵਾਂ ਕਰਦੇ ਬਾਬਾ ਜੀ ਭਰਾਵਾਂ ਨਾਲ਼ ਵਾਹੀ ਕਰਵਾਉਂਦੇ ਰਹੇ। ਜਦੋਂ ਮਨ ਜ਼ਿਆਦਾ ਉਚਾਟ ਹੋ ਜਾਂਦਾ, ਦੂਰ-ਨੇੜੇ ਦੇ ਗੁਰਦਵਾਰਿਆਂ ਜਾਂ ਜੋਗੀਆਂ ਦੇ ਡੇਰਿਆਂ ਵਿਚ ਸਾਧੂਆਂ-ਜੋਗੀਆਂ ਦੀ ਸੰਗਤ ਕਰਨ ਚਲੇ ਜਾਂਦੇ। ਕਦੀ-ਕਦੀ ਨੇੜਤਾ ਵਾਲ਼ਾ ਕੋਈ ਸਾਧੂ ਉਨ੍ਹਾਂ ਨੂੰ ਮਿਲਣ ਆ ਜਾਂਦਾ। ਕੁਝ ਸਾਧੂ ਹਿਕਮਤ ਵੀ ਕਰਦੇ ਸਨ। ਬਾਬਾ ਜੀ ਨੇ ਉਨ੍ਹਾ ਕੋਲੋਂ ਕੁਝ ਆਮ ਜਿਹੀਆਂ ਬਿਮਾਰੀਆਂ ਦਾ ਇਲਾਜ ਸਿੱਖ ਲਿਆ ਸੀ। ਉਹ ਲੋਕਾਂ ਦਾ ਮੁਫ਼ਤ ਦਵਾ-ਦਾਰੂ ਕਰਦੇ ਸਨ। ਉਨ੍ਹਾਂ ਨੂੰ ਬੁੱਲੇ ਸ਼ਾਹ, ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਸ਼ਾਇਦ ਕਿਸੇ ਜੋਗੀ ਕੋਲੋਂ ਹੀ ਲੱਗੀ ਸੀ।
ਜਦੋਂ ਬਾਪੂ ਜੀ ਦੀ ਸਕੂਲ ਜਾਣ ਦੀ ਉਮਰ ਹੋਈ ਤਾਂ ਬਾਬਾ ਜੀ ਉਨ੍ਹਾਂ ਨੂੰ ਪਿੰਡ ਲੈ ਆਏ। ਉਨ੍ਹੀਂ ਦਿਨੀਂ ਸਾਡੇ ਇਲਾਕੇ ਵਿਚ ਇੱਕੋ-ਇਕ ਸਕੂਲ ਹੁੰਦਾ ਸੀ ਸ਼ਾਮਚੁਰਾਸੀ। ਉਸ ਸਕੂਲ ਨੂੰ ਬਾਪੂ ਜੀ ਗਿਆਰਾਂ ਕਿਲੋਮੀਟਰ ਟੁਰ ਕੇ ਜਾਂਦੇ, ਟੁਰ ਕੇ ਆਉਂਦੇ। ਜੇ ਉਨ੍ਹਾਂ ਦੀ ਮਾਂ ਜਾਂ ਭੈਣ ਹੁੰਦੀ ਤਾਂ ਚਾਅ ਨਾਲ਼ ਸਵੇਰੇ ਵੇਲੇ ਸਿਰ ਤਿਆਰ ਕਰਦੀ, ਰੋਟੀ ਖੁਆ ਕੇ ਸਕੂਲ ਨੂੰ ਤੋਰਦੀ। ਭਗਵਾਨ ਸਿੰਘ ਦੀ ਪਤਨੀ, ਯਾਨਿ ਬਾਪੂ ਜੀ ਦੀ ਤਾਈ ਅਤੇ ਤਾਈ ਦੀਆਂ ਧੀਆਂ ਰੋਟੀ ਬਣਾ ਤਾਂ ਦੇਂਦੀਆਂ ਪਰ ਕਈ ਵਾਰ ਦੇਰ ਕਰ ਦੇਂਦੀਆਂ। ਬਾਪੂ ਜੀ ਲੇਟ ਹੋ ਜਾਂਦੇ। ਜੇ ਉਹ ਤਾਏ ਕੋਲ਼ ਗਿਲਾ ਕਰਦੇ ਤਾਂ ਉਹ ਮੂਹਰਿਉਂ ਨਹੋਰੇ ਮਾਰਨ ਲੱਗ ਜਾਂਦਾ, “ਮੈਂ ਤੇ ਖੇਮਾ (ਖੇਮ ਸਿੰਘ) ਖੇਤਾਂ ’ਚ ਜਾਨ ਹੀਲਦੇ ਆਂ ਤੇ ਬਾਪੂ ਤੇਰਾ ਸਾਧਾਂ ਦੇ ਡੇਰਿਆਂ ਨੂੰ ਤੁਰਿਆ ਰਹਿੰਦੈ। ਤੂੰ ਬਸਤਾ ਚੁੱਕ ਕੇ ਸਕੂਲੇ ਜਾ ਵੜਦੈਂ। ਪੜ੍ਹ ਕੇ ਕਿਹੜਾ ਤੂੰ ਕਾਨੂੰਗੋ ਬਣ ਜਾਣੈ, ਸਾਡੇ ਨਾਲ਼ ਖੇਤਾਂ ਨੂੰ ਚੱਲਿਆ ਕਰ। ਮੋਤੇ (ਮੋਤਾ ਸਿੰਘ) ਨੇ ਹਲ਼ ਦੀ ਕੀਲੀ ਫੜ ਹੀ ਲਈ ਆ।”
ਪਰ ਬਾਪੂ ਜੀ ਅੰਦਰ ਪੜ੍ਹਨ ਦੀ ਰੀਝ ਸੀ। ਉਦੋਂ ਭੱਠੀਆਂ ਸਾਰਾ ਦਿਨ ਤਪਦੀਆਂ ਸਨ। ਜਦੋਂ ਦੇਰ ਹੁੰਦੀ ਦਿਸਦੀ, ਉਹ ਮੱਕੀ ਜਾਂ ਛੋਲਿਆਂ ਦੇ ਦਾਣੇ ਨਾਲ਼ ਲੈ ਜਾਂਦੇ ਤੇ ਸ਼ਾਮਚੁਰਾਸੀ ਕਿਸੇ ਭੱਠੀ ਤੋਂ ਭੁਨਾ ਕੇ ਬੁੱਤਾ ਸਾਰ ਲੈਂਦੇ। ਪਰ ਕਦੀ-ਕਦੀ ਦੇਰ ਨਾਲ਼ ਰੋਟੀ ਪੱਕਣ ਦੀ ਗੱਲ ਜਦੋਂ ਹਰ ਤੀਜੇ-ਚੌਥੇ ਦਿਨ ਦੀ ਕਹਾਣੀ ਬਣ ਗਈ ਤਾਂ ਨਿੱਤ ਦਾਣੇ ਚੱਬ ਕੇ ਦਿਹਾੜੀ ਲੰਘਾਉਣੀ ਬਾਪੂ ਜੀ ਲਈ ਔਖੀ ਹੋ ਗਈ। ਖਿੱਚ-ਧੂਹ ਕੇ ਉਹ ਮਸਾਂ ਛੇ ਜਮਾਤਾਂ ਹੀ ਪੜ੍ਹ ਸਕੇ ਤੇ ਖੇਤੀ ’ਚ ਪੈ ਗਏ। ਉਹ ਉਰਦੂ ਵਧੀਆ ਪੜ੍ਹ-ਲਿਖ ਲੈਂਦੇ ਸਨ। ਹੌਲੀ-ਸਹਿਜੇ ਅੰਗ੍ਰੇਜ਼ੀ ਦੇ ਸ਼ਬਦ ਬੱਝ ਲੈਂਦੇ ਸਨ। ਪੰਜਾਬੀ ਉਨ੍ਹਾਂ ਘਰ ਵਿਚ ਹੀ ਸਿੱਖ ਲਈ ਸੀ।
ਬਾਬਾ ਜੀ ਦਾ ਇਕ ਦੋਸਤ ਸਿੰਘਾਪੁਰ ’ਚ ਸੀ। ਉਸਨੇ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ। ਉਨ੍ਹਾਂ ਬਾਬਾ ਜੀ ਨੂੰ ਪਾਠੀ ਦੇ ਕਾਰਜ ਲਈ ਸੱਦ ਲਿਆ… ਪੰਜ ਸਾਲ ਲਾ ਕੇ ਜਦੋਂ ਉਹ ਸਿੰਘਾਪੁਰੋਂ ਪਰਤੇ, ਭਰਾ ਭਗਵਾਨ ਸਿੰਘ ਨੇ ਉਨ੍ਹਾਂ ਨੂੰ ਹੱਥਾਂ ’ਤੇ ਚੁੱਕ ਲਿਆ। ਪੈਰ-ਪੈਰ ’ਤੇ ਹੇਜ ਜਤਾਉਂਦਿਆਂ ਉਨ੍ਹਾਂ ਦੀ ਖੂਬ ਟਹਿਲ-ਸੇਵਾ ਕੀਤੀ। ਬਾਪੂ ਜੀ ਨੂੰ ਵੀ ਵਾਧੂ ਅਪਣੱਤ ਦਿਖਾਉਣ ਲੱਗ ਪਏ। ਬਾਪੂ ਜੀ ਉਨ੍ਹਾਂ ਦੀ ਅਪਣੱਤ ਨੂੰ ਸ਼ੱਕ ਨਾਲ਼ ਦੇਖਦੇ ਸਨ ਪਰ ਬਾਬਾ ਜੀ ਨੂੰ ਭਰਾ ਤੇ ਉਸਦੇ ਪਰਿਵਾਰ ਤੋਂ ਮਿਲਦੇ ਆਦਰ-ਮਾਣ ਨੇ ਕੀਲ ਲਿਆ। ਸਾਂਝੇ ਘਰ ਦੀਆਂ ਕੁਝ ਕੰਧਾਂ ਕੱਚੀਆਂ ਸਨ। ਜਦੋਂ ਉਹ ਘਰ ਪੱਕਾ ਕਰਵਾ ਕੇ ਹਟੇ ਤਾਂ ਇਕ ਦਿਨ ਭਰਾ-ਭਰਜਾਈ ਨੇ ਡਾਢੇ ਹੀ ਨਿਤਾਣੇ ਜਿਹੇ ਹੋ ਕੇ ਧੀਆਂ ਦੇ ਵਿਆਹ ਦੀ ਗੱਲ ਛੇੜ ਲਈ, “ਭਰਾ ਹਰਨਾਮ ਸਿਆਂ। ਤੈਨੂੰ ਪਤਾ ਈ ਐ ਤੇਰੀਆਂ ਦੋਵੇਂ ਭਤੀਜੀਆਂ ਵੱਡੇ ਘਰੀਂ ਮੰਗੀਆਂ ਆਂ। ਸਾਡੇ ਮਨ ’ਚ ਵੀ ਸੀ, ਵਿਚੋਲੇ ਵੀ ਕਹਿਣ ਲੱਗੇ ਪਈ ਸੁੱਖ ਨਾਲ਼ ਕੁੜੀਆਂ ਦਾ ਚਾਚਾ ਸਿੰਘਾਪੁਰ ’ਚ ਐ। ਸਾਡੇ ’ਚ ਤਾਂ ਏਨੀ ਹਿੰਮਤ ਨਈਂ ਤੇਰੇ ਆਸਰੇ ਹੀ ਬੇੜਾ ਬੰਨੇ ਲੱਗਣੈ।” ਬਾਬਾ ਜੀ ਪਸੀਜ ਗਏ। ਬਾਪੂ ਜੀ ਨੇ ਉਨ੍ਹਾਂ ਨੂੰ ਹਿਸਾਬ ਨਾਲ਼ ਖਰਚਾ ਕਰਨ ਲਈ ਕਿਹਾ। ਪਰ ਉਹ ਭਰਾ-ਭਰਜਾਈ ਦੀਆਂ ਗੱਲਾਂ ਵਿਚ ਆ ਚੁੱਕੇ ਸਨ। ਉਨ੍ਹਾਂ ਭਤੀਜੀਆਂ ਦੇ ਵਿਆਹਾਂ ’ਤੇ ਵਾਧੂ ਖਰਚਾ ਕਰ ਦਿੱਤਾ। ਫਿਰ ਆਪਣੇ ਪੁੱਤਰ (ਸਾਡੇ ਬਾਪੂ ਜੀ) ਦਾ ਵਿਆਹ ਕੀਤਾ।
ਸਿੰਘਾਪੁਰ ਦੀ ਕਮਾਈ ਮੁੱਕਣ ਦੀ ਦੇਰ ਸੀ ਕਿ ਬਾਬਾ ਜੀ ਦੀ ਟੱਬਰ ’ਚ ਬਣੀ ਵਿਸ਼ੇਸ਼ਤਾ ਫਿੱਕੀ ਪੈ ਗਈ। ਭਰਾ-ਭਰਜਾਈ ਦੇ ਤੌਰ ਬਦਲ ਗਏ। ਫਸਲ-ਵਾੜੀ ਦੀ ਵੇਚ-ਵਟਕ ਦਾ ਹਿਸਾਬ ਭਗਵਾਨ ਸਿੰਘ ਕੋਲ਼ ਹੀ ਹੁੰਦਾ ਸੀ। ਜਦੋਂ ਬਾਪੂ ਜੀ ਤੇ ਬੀਬੀ ਨੇ ਕਿਤੇ ਜਾਣਾ ਹੁੰਦਾ ਜਾਂ ਕੋਈ ਚੀਜ਼ ਖਰੀਦਣੀ ਹੁੰਦੀ ਉਹ ਤਾਏ (ਭਗਵਾਨ ਸਿੰਘ) ਤੋਂ ਪੈਂਸੇ ਮੰਗਦੇ। ਉਹ ਥੋੜ੍ਹੇ ਕੁ ਪੈਸੇ ਦੇ ਕੇ ਸਾਂਝੇ ਟੱਬਰ ਦੇ ਖਰਚੇ ਵਧਾ-ਚੜ੍ਹਾ ਕੇ ਦੱਸਣ ਲੱਗ ਪੈਂਦਾ। ਬਾਪੂ ਜੀ ਤੇ ਬਾਬਾ ਜੀ ਨੇ ਅਲੱਗ ਹੋਣ ਦੀ ਗੱਲ ਆਖ ਦਿੱਤੀ। ਭਗਵਾਨ ਸਿੰਘ ਨੇ ਟਾਲ-ਮਟੋਲ ਕੀਤੀ ਪਰ ਇਹ ਪਿਉ-ਪੁੱਤ ਅੜ ਗਏ।
ਜ਼ਮੀਨ ਤਕਸੀਮ ਹੋ ਗਈ। ਬਾਪੂ ਜੀ ਤੇ ਬਾਬਾ ਜੀ ਨੇ ਕਰੜੀ ਮਿਹਨਤ ਕਰਕੇ ਜ਼ਮੀਨ ਵਧੀਆ ਬਣਾ ਲਈ। ਇਨ੍ਹਾਂ ਦੇ ਖੇਤਾਂ ਵਿਚ ਲਹਿਲਹਾਉਂਦੀਆਂ ਫਸਲਾਂ ਦੇਖ ਕੇ ਭਗਵਾਨ ਸਿੰਘ ਤੇ ਉਸਦਾ ਪੁੱਤਰ ਮੋਤਾ ਸਿੰਘ ਈਰਖਾ ’ਚ ਸੜ ਗਏ। ਮੋਤਾ ਸਿੰਘ ਨੇ ਰੱਟਾ ਪਾ ਦਿੱਤਾ— ਆਖੇ ਚਾਚੇ ਹਰਨਾਮ ਸੁੰਹ ਨੇ ਆਪਣੇ ਹਿੱਸੇ ਵਧੀਆ ਖੇਤ ਪੁਆ ਲਏ ਤੇ ਸਾਨੂੰ ਮਾੜੇ ਦਿੱਤੇ ਆ। ਜ਼ਮੀਨ ਦੀ ਵੰਡ ਮੁੜ ਕੇ ਕੀਤੀ ਜਾਵੇ। ਵੰਡ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਦੋਨਾਂ ਧਿਰਾਂ ਦੀ ਰਜ਼ਾਮੰਦੀ ਨਾਲ਼ ਹੋਈ ਸੀ। ਬਾਬਾ ਜੀ ਨੇ ਨਾਂਹ ਕਰ ਦਿੱਤੀ। ਉਨ੍ਹਾਂ ਦੀਆਂ ਖਾਰਬਾਜ਼ੀਆਂ ਵਧਦੀਆਂ ਗਈਆਂ… ਖੂਹ ਸਾਂਝਾ ਸੀ। ਖੂਹ ਦੀਆਂ ਵਾਰੀਆਂ ਦਾ ਰੱਟਾ ਪਾਉਣ ਲੱਗ ਪਏ। ਬਾਪੂ ਜੀ ਨੂੰ ਗੁੱਸਾ ਚੜ੍ਹ ਜਾਂਦਾ। ਬਾਬਾ ਜੀ ਉਸਨੂੰ ਸਾਂਤ ਰਹਿਣ ਲਈ ਆਖ ਦਿੰਦੇ। ਉਨ੍ਹਾਂ ਦਾ ਛੜਾ ਭਰਾ ਖੇਮ ਸਿੰਘ ਵੀ ਭਗਵਾਨ ਸਿੰਘ ਦੀ ਹਮਾਇਤ ’ਤੇ ਸੀ। ਦੂਜੀ ਧਿਰ ਭਾਰੀ ਹੋਣ ਕਰਕੇ ਬਾਬਾ ਜੀ ਲੜਾਈ ਤਾਂ ਟਾਲਦੇ ਰਹੇ ਪਰ ਉਨ੍ਹਾਂ ਅੰਦਰਲਾ ਗੁਬਾਰ ਵਧਦਾ ਗਿਆ। ਭਗਵਾਨ ਸਿੰਘ ਦੇ ਖੋਟੇ ਵਿਹਾਰ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ। ਉਨ੍ਹਾਂ ਨੂੰ ਝੋਰਾ ਲੱਗ ਗਿਆ ਕਿ ਉਨ੍ਹਾਂ ਨੇ ਸਿੰਘਾਪੁਰ ਦੀ ਕਮਾਈ, ਖੋਟੀ ਨੀਅਤ ਵਾਲ਼ੇ ਭਰਾ ਦੀਆਂ ਧੀਆਂ ਦੇ ਵਿਆਹ ਅਤੇ ਹੋਰ ਸਾਂਝੇ ਖਰਚਿਆਂ ’ਚ ਕਿਉਂ ਰੋੜ੍ਹੀ? ਉਹ ਕਮਾਈ ਪੁੱਤਰ ਵਾਸਤੇ ਕਿਉਂ ਨਾ ਰੱਖੀ? ਬਾਪੂ ਜੀ ਨੇ ਬਥੇਰਾ ਕਿਹਾ ਕਿ ਜੋ ਹੋ ਗਿਆ ਸੋ ਹੋ ਗਿਆ, ਇਸ ਗੱਲ ਨੂੰ ਛੱਡ ਦਿਓ। ਪਰ ਉਹ ਝੋਰੇ ਤੋਂ ਮੁਕਤ ਨਾ ਹੋ ਸਕੇ… ਇਕ ਦਿਨ ਦਿਲ ਦਾ ਦੌਰਾ ਪਿਆ ਤੇ ਚੱਲ ਵਸੇ।
ਜ਼ਮੀਨ ਬਾਪੂ ਜੀ ਦੇ ਬਾਬੇ ਟਹਿਲ ਸਿੰਘ ਤੇ ਉਸਦੇ ਛੜੇ ਭਰਾ ਮੀਂਹਾਂ ਸਿੰਘ ਦੇ ਨਾਂ ਬੋਲਦੀ ਸੀ। ਟਹਿਲ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ, ਖੇਮ ਸਿੰਘ ਤੇ ਸਾਡੇ ਬਾਬਾ ਜੀ ਦੇ ਨਾਵਾਂ ’ਤੇ ਨਹੀਂ ਸੀ ਚੜ੍ਹੀ। ਭਗਵਾਨ ਸਿੰਘ ਨੇ ਪਟਵਾਰੀਆਂ, ਗਰਦਾਵਰਾਂ ਨੂੰ ਚੜ੍ਹਾਵਾ ਚਾੜ੍ਹ ਕੇ ਪਿਉ ਦੀ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲਈ, ਜਦੋਂ ਕਿ ਤੀਜਾ ਹਿੱਸਾ ਸਾਡੇ ਬਾਬਾ ਜੀ ਤੇ ਅਗਾਂਹ ਬਾਪੂ ਜੀ ਦਾ ਬਣਦਾ ਸੀ। ਬਾਪੂ ਜੀ ਵਾਸਤੇ ਬਹੁਤ ਵੱਡਾ ਝਟਕਾ ਸੀ ਪਰ ਉਨ੍ਹਾਂ ਹੌਂਸਲਾ ਨਾ ਹਾਰਿਆ ਤੇ ਮੁੱਕਦਮਾ ਕਰ ਦਿੱਤਾ। ਉਸ ਸਮੇਂ ਸਾਡੀ ਮਾਂ ਦੀ ਗੋਦ ਵਿਚ ਸਾਡੀ ਵੱਡੀ ਭੈਣ ਤੇ ਵੱਡਾ ਭਰਾ ਸਨ। ਬਾਪੂ ਜੀ ਨੇ ਤਿੰਨਾਂ ਨੂੰ ਸਾਡੇ ਨਾਨਕੀਂ ਛੱਡ ਦਿੱਤਾ ਤੇ ਆਪ ਯੂ. ਪੀ ਦੀ ਕਿਸੇ ਖੰਡ-ਮਿੱਲ ਵਿਚ ਨੌਕਰੀ ਕਰ ਲਈ। ਮੁਕੱਦਮੇ ਦਾ ਮੁਖਤਿਆਰਨਾਮਾ ਸਾਡੇ ਮਾਮੇ ਨੂੰ ਦੇ ਦਿੱਤਾ। ਬਾਪੂ ਜੀ ਤੇ ਬੀਬੀ ਲਈ ਉਹ ਸਮਾਂ ਬਹੁਤ ਹੀ ਕਰੜਾ ਸੀ।
ਬਾਪੂ ਜੀ ਦੇ ਬਾਬੇ ਦਾ ਭਰਾ ਮੀਹਾਂ ਸਿੰਘ ਸਾਰੀ ਜ਼ਮੀਨ ਦਾ ਅੱਧ ਦਾ ਮਾਲਕ ਸੀ। ਬੁਢਾਪੇ ਵਿਚ ਉਸਦੀ ਨਿਗ੍ਹਾ ਬਹੁਤ ਕਮਜ਼ੋਰ ਹੋ ਗਈ ਸੀ। ਬਾਪੂ ਜੀ ਨਾਲ਼ ਹੋਈ ਹੇਰਾਫੇਰੀ ਨੇ ਉਸ ਅੰਦਰ ਹਲਚਲ ਮਚਾ ਦਿੱਤੀ। ਜਦੋਂ ਬਾਪ ਜੀ ਮਿੱਲ ਤੋਂ ਕੁਝ ਦਿਨਾਂ ਦੀ ਛੁੱਟੀ ਆਏ ਤਾਂ ਉਸਨੇ ਪਰਦੇ ਨਾਲ਼ ਮੁੱਕਦਮੇ ਬਾਰੇ ਪੁੱਛਿਆ। ਬਾਪੂ ਜੀ ਨੇ ਦੱਸਿਆ ਕਿ ਤਾਰੀਖਾਂ ਪਾਈ ਜਾਂਦੇ ਆ, ਲੰਮਾ ਚੱਕਰ ਐ। ਚਿੰਤਾਤੁਰ ਹੋਇਆ ਬਜ਼ੁਰਗ ਕਹਿਣ ਲੱਗਾ, “ਭਗਵਾਨੇ ਬੇਈਮਾਨ ਨੇ ਮੁਕੱਦਮੇ ਵਿਚ ਵੀ ਚਾਲ ਖੇਲ੍ਹ ਜਾਣੀ ਆਂ ਤੇ ਮੇਰੇ ਹਿੱਸੇ ਦੀ ਜ਼ਮੀਨ ’ਤੇ ਵੀ ਹੱਥ ਮਾਰ ਜਾਣਾ ਆਂ। ਪਰ ਮੈਂ ਇਹ ਧੱਕਾ ਨਈਂ ਹੋਣ ਦੇਣਾ। ਤੂੰ ਮੇਰਾ ਹਿੱਸਾ ਆਪਣੇ ਨਾਂ ਕਰਵਾ ਲੈ”। “ਸੋਚ ਲੈ ਬਾਬਾ” ਬਾਪੂ ਜੀ ਨੇ ਕਿਹਾ। “ਬਹੁਤ ਸੋਚ ਲਿਆ। ਤੂੰ ਛੇਤੀ ਲਿਖਵਾ ਲੈ। ਸੁਆਸਾਂ ਦਾ ਕੀ ਭਰੋਸਾ।”
ਬਾਪੂ ਜੀ ਉਸਨੂੰ ਅੱਖਾਂ ਦੇ ਡਾਕਟਰ ਕੋਲ਼ ਲਿਜਾਣ ਦੇ ਬਹਾਨੇ ਹੁਸ਼ਿਆਰਪੁਰ ਲੈ ਗਏ। ਉਸਨੇ ਆਪਣੇ ਹਿੱਸੇ ਦੀ ਜ਼ਮੀਨ ਦਾ ਹੇਵਾ ਬਾਪੂ ਜੀ ਦੇ ਨਾਂ ਕਰ ਦਿੱਤਾ। ਬਾਪੂ ਜੀ ਅੱਧੀ ਜ਼ਮੀਨ ਦੇ ਮਾਲਕ ਬਣ ਗਏ। ਲੰਬੜਦਾਰ, ਜੀਹਨੇ ਗੁਪਤ ਤੌਰ ’ਤੇ ਗਵਾਹੀ ਪਾਈ ਸੀ, ਨੇ ਪਹਿਲਾਂ ਤਾਂ ਗੱਲ ਦੱਬ ਰੱਖੀ ਪਰ ਬਾਅਦ ਵਿਚ ਮੋਤਾ ਸਿੰਘ ਨੂੰ ਦੱਸ ਦਿੱਤਾ। ਉਸਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਸ ਨੇ ਬਜ਼ੁਰਗ ਮੀਹਾਂ ਸਿੰਘ ਨੂੰ ਗਲ਼ ਘੁੱਟ ਕੇ ਮਾਰ ਦਿੱਤਾ ਤੇ ਛੇਤੀ ਨਾਲ਼ ਸਸਕਾਰ ਕਰ ਦਿੱਤਾ। ਬਾਪੂ ਜੀ ਵਾਪਸ ਮਿੱਲ ’ਚ ਚਲੇ ਗਏ ਸਨ। ਕਹਿੰਦੇ ਹਨ ਕਿ ਕਰਨੀਆਂ ਭਰਨੀਆਂ ਪੈ ਜਾਂਦੀਆਂ ਹਨ। ਕੁਝ ਕੁ ਮਹੀਨੇ ਬਾਅਦ ਹੀ ਮੋਤਾ ਸਿੰਘ ਦੀ ਅਚਾਨਕ ਮੌਤ ਹੋ ਗਈ।
ਬਾਪੂ ਜੀ ਨੇ ਖੇਤੀ ਸ਼ੁਰੂ ਕਰ ਲਈ ਸੀ। ਉਨ੍ਹਾਂ ਬਾਬੇ ਮੀਂਹਾਂ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ। ਉਸ ਦੀ ਯਾਦ ਵਿਚ ਹਮੇਸ਼ਾ ਨਤਮਸਤਕ ਹੁੰਦੇ ਰਹੇ। ਟੱਬਰ ’ਚ ਬੈਠਿਆਂ ਕਦੀ-ਕਦੀ ਆਪ-ਮੁਹਾਰੇ ਹੀ ਉਨ੍ਹਾਂ ਦੇ ਮੂੰਹੋ ਨਿੱਕਲ਼ ਜਾਂਦਾ, “ਸ਼ਰੀਕ ਤਾਂ ਮੈਨੂੰ ਉਜਾੜਨ ’ਤੇ ਤੁੱਲਿਓ ਸੀ, ਬਾਬੇ ਮੀਂਹਾਂ ਸਿੰਘ ਨੇ ਵਸਦਾ ਰੱਖ ਲਿਆ।”
ਸ਼ੁਰੂ ਵਿਚ ਜਦੋਂ ਬਾਪੂ ਜੀ ਕੋਲ਼ ਖੇਤੀ ਦੇ ਸਾਰੇ ਸੰਦ-ਬੇਟ ਨਹੀਂ ਸਨ ਤਾਂ ਸਾਡੇ ਨਾਨਕਿਆਂ ਨੇ ਬਹੁਤ ਮੱਦਦ ਕੀਤੀ। ਕਦੀ ਨਾਨਾ ਭਗਵਾਨ ਸਿੰਘ ਤੇ ਕਦੀ ਮਾਮਾ ਬਿੱਕਰ ਸਿੰਘ ਆਪਣੇ ਸੰਦ ਬੇਟ ਲਿਆ ਕੇ ਬਾਪੂ ਜੀ ਨਾਲ਼ ਕੰਮ ਕਰਵਾ ਜਾਂਦੇ। ਉਂਜ ਵੀ ਉਹ ਸਾਡਾ ਬਹੁਤ ਖਿਆਲ ਰੱਖਦੇ ਸਨ। ਇਕ ਵਾਰ ਤੰਗੀਆਂ-ਤੁਰਸ਼ੀਆਂ ਦੇ ਦਿਨੀਂ ਜਦੋਂ ਸਾਡੇ ਘਰ ਦੁੱਧ-ਘਿਓ ਦੀ ਤੋਟ ਆਈ ਤਾਂ ਮਾਮਾ ਆਪਣੀ ਸੱਜਰ ਸੂਈ ਮੱਝ ਸਾਡੇ ਕਿੱਲੇ ’ਤੇ ਬੰਨ੍ਹ ਗਿਆ ਸੀ।
ਨਾਨਕਾ-ਪਿੰਡ ਪੰਡੋਰੀ ਰੁਕਮਾਨ ਸਾਡੇ ਪਿੰਡੋਂ ਮਸਾਂ 6 ਕਿੱਲੋਮੀਟਰ ਹੈ। ਪਿੰਡ ਛੋਟਾ ਤੇ ਜ਼ਮੀਨਾਂ ਖੁੱਲ੍ਹੀਆਂ। ਹਰੇਕ ਘਰ ਵਿਚ ਤਿੰਨ-ਤਿੰਨ, ਚਾਰ ਚਾਰ ਮੱਝਾਂ ਹੁੰਦੀਆਂ ਸਨ। ਨਾਨੇ ਦੇ ਤਾਂ ਬਲਦ ਵੀ ਬਹੁਤ ਭਾਰੇ ਸਨ। ਉਹ ਪਹਿਲੀਆਂ ’ਚ ਗੱਡਾ ਵਾਹੁੰਦਾ ਰਿਹਾ ਸੀ। ਉਹ ਦੱਸਦਾ ਹੁੰਦਾ ਸੀ ਕਿ ਕਾਂਗੜਾ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ ਤੇ ਹੋਰ ਸ਼ਹਿਰਾਂ ਵਿਚਕਾਰ ਵਪਾਰੀਆਂ ਦੇ ਮਾਲ ਦੀ ਢੋਅ-ਢੁਆਈ ਗੱਡਿਆਂ ਰਾਹੀ ਹੁੰਦੀ ਸੀ। ਪੰਜ-ਪੰਜ, ਸੱਤ-ਸੱਤ ਗੱਡਿਆਂ ਵਾਲ਼ੇ ਕਾਫਲਾ ਬਣਾ ਕੇ ਜਾਇਆ ਕਰਦੇ ਸਨ। ਬਲਦ ਸਾਰੀਆਂ ਵਾਟਾਂ ਦੇ ਅਭਿਆਸੀ ਬਣੇ ਹੋਏ ਸਨ। ਰਾਤਾਂ ਨੂੰ ਗੱਡਿਆਂ ਵਾਲ਼ੇ ਸੌਂ ਜਾਂਦੇ ਤੇ ਬਲਦ ਆਪਣੇ ਆਪ ਹੀ ਪੈਂਡਿਆਂ ’ਤੇ ਟੁਰੇ ਰਹਿੰਦੇ। ਉਦੋਂ ਵਾਹਨਾਂ ਦਾ ਟਰੈਫਿਕ ਬਹੁਤ ਘੱਟ ਹੁੰਦਾ ਸੀ। ਫਿਰ ਵੀ ਸੜਕ ’ਤੇ ਆਪਣੀ ਹੋਂਦ ਦਰਸਾਉਣ ਲਈ ਉਹ ਲਾਲਟੈਣ ਬਾਲ਼ ਕੇ ਗੱਡਿਆਂ ਨਾਲ਼ ਲਟਕਾ ਰੱਖਦੇ।
ਨਾਨਕਿਆਂ ਨਾਲ਼ ਬਣੇ ਮੋਹ-ਪਿਆਰ ਸਦਕਾ ਅਸੀਂ ਕਈ-ਕਈ ਦਿਨ ਨਾਨਕੀਂ ਜਾ ਕੇ ਰਿਹਾ ਕਰਦੇ ਸਾਂ। ਨਸਰਾਲਾ ਹਾਈ ਸਕੂਲ ਤੋਂ ਤਾਂ ਪੰਡੋਰੀ ਸਿਰਫ ਦੋ ਕਿਲੋਮੀਟਰ ਸੀ। ਮੈਂ ਕਈ ਵਾਰ ਸਕੂਲ ਤੋਂ ਨਾਨਕੀਂ ਚਲਾ ਜਾਂਦਾ ਸਾਂ।
ਮੇਰਾ ਪਿੰਡ
ਸਾਡਾ ਪਿੰਡ ਮੇਘੋਵਾਲ ਗੰਜਿਆਂ ਹੀਰ ਗੋਤ ਦੇ ਜੱਟਾਂ ਦੇ ਵਡੇਰਿਆਂ ਨੇ ਵਸਾਇਆ ਸੀ। ਸਾਡੇ ਦੋ ਗਵਾਂਢੀ ਪਿੰਡ ਰਾਜੋਵਾਲ ਤੇ ਰਹਿਸੀਵਾਲ ਵੀ ਹੀਰ ਗੋਤੀ ਹਨ। ਸਾਡੇ ਪਿੰਡ ਦੀ ਆਬਾਦੀ ਬਹੁਤ ਸੰਘਣੀ ਸੀ। ਪਤੰਗਾਂ ਦੇ ਪੇਚੇ ਲਾਉਂਦਿਆਂ ਅਸੀਂ ਨਾਲ਼-ਨਾਲ਼ ਜੁੜੀਆਂ ਛੱਤਾਂ ਤੋਂ ਹੁੰਦੇ ਹੋਏ ਪਿੰਡ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾ ਪਹੁੰਚਦੇ ਸਾਂ। ਪਿੰਡ ’ਚ ਸਾਰੀਆਂ ਜਾਤਾਂ ਦੇ ਲੋਕ ਵਸਦੇ ਸਨ— ਜੱਟ, ਤਰਖਾਣ, ਲੁਹਾਰ, ਬ੍ਰਾਹਮਣ, ਜੁਲਾਹੇ, ਆਧਰਮੀ, ਨਾਈ, ਝਿਉਰ, ਛੀਂਬੇ, ਸੁਨਿਆਰੇ, ਘੁਮਿਆਰ ਆਦਿ। ਲੋਕਾਂ ਵਿਚ ਮਾੜੇ-ਮੋਟੇ ਵੈਰ-ਵਿਰੋਧ ਤਾਂ ਹੈਗੇ ਸਨ ਪਰ ਕੁੱਲ ਮਿਲ਼ਾ ਕੇ ਪਿੰਡ ਦਾ ਮਾਹੌਲ ਠੀਕ ਸੀ। ਲੋਕ ਇਕ-ਦੂਜੇ ਦੇ ਕੰਮ ਆਉਂਦੇ ਸਨ, ਦੁੱਖ-ਸੁੱਖ ਦੇ ਸਾਂਝੀ ਸਨ। ਸਾਰੀਆਂ ਜਾਤਾਂ ਦੇ ਨਿਆਣੇ ਰਲ਼-ਮਿਲ਼ ਕੇ ਖੇਡਦੇ ਸਨ।
ਪਿੰਡ ਵਿਚ ਨਲ਼ਕੇ ਦੋ-ਚਾਰ ਘਰਾਂ ’ਚ ਹੀ ਸਨ। ਚਾਰ ਸਾਂਝੇ ਖੂਹ ਸਨ ਜਿਥੋਂ ਝਿਉਰ ਪਾਣੀ ਢੋਅ ਕੇ ਘਰਾਂ ’ਚ ਵਰਤਾ ਦੇਂਦੇ। ਸਾਡੇ ਪਾਸੇ ਬਤਨਾ ਝਿਉਰ ਤੇ ਉਸ ਦੀ ਪਤਨੀ ਈਸਰੀ ਸਵੇਰੇ, ਸਾਂਝੇ ਖੂਹ ਤੋਂ ਪਾਣੀ ਢੋਅ ਕੇ ਹਰ ਘਰ ’ਚ ਦੋ-ਦੋ ਘੜੇ ਭਰ ਜਾਂਦੇ। ਬਤਨਾ ਚੁੱਪ-ਚੁਪੀਤਾ ਸੀ ਤੇ ਈਸਰੀ ਗੱਲਾਂ ਦੀ ਗਲਾਧੜ। ਪਾਣੀ ਵਰਤਾਉਣ ਦੇ ਨਾਲ਼-ਨਾਲ਼ ਉਹ ਕਿਸੇ ਘਰ ’ਚ ਵਾਪਰੀ ਨਵੀਂ-ਤਾਜ਼ੀ ਵੀ ਸਾਰੇ ਘਰੀਂ ਨਸ਼ਰ ਕਰ ਜਾਂਦੀ। ਜੇ ਕਿਸੇ ਸੁਆਣੀ ਨੇ ਪਾਣੀ ਬਾਬਤ ਜਾਂ ਕਿਸੇ ਹੋਰ ਗੱਲੋਂ ਈਸਰੀ ਦੀ ਨੁਕਤਾਚੀਨੀ ਕਰਨੀ ਤਾਂ ਉਹ ਮੂਹਰਿਉਂ ਇਕ ਦੀਆਂ ਦੋ ਸੁਣਾਉਂਦੀ। ਕੱਪੜੇ-ਲੀੜੇ ਧੋਣ ਜਾਂ ਨਹਾਉਣ ਲਈ ਜਦੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਤਾਂ ਬੁੜ੍ਹੀਆਂ-ਕੁੜੀਆਂ ਆਪ ਖੂਹ ਤੋਂ ਪਾਣੀ ਭਰ ਲਿਆਉਂਦੀਆਂ। ਮਰਦ ਖੇਤਾਂ ਵਿਚ ਲੱਗੇ ਹਲਟਾਂ ਜਾਂ ਸਾਂਝੇ ਖੂਹ ਤੇ ਨਹਾ ਲੈਂਦੇ। ਖੂਹ ’ਤੇ ਘਿਰੜੇ ਲੱਗੇ ਹੋਏ ਸਨ ਜਿਨ੍ਹਾਂ ਰਾਹੀਂ ਲੋਕ ਆਪੋ ਆਪਣੇ, ਡੋਲ ਤੇ ਲੱਜ (ਲੰਮਾ ਰੱਸਾ) ਨਾਲ਼ ਪਾਣੀ ਕੱਢ ਲੈਂਦੇ। ਡੰਗਰਾਂ ਨੂੰ ਵੀ ਪਾਣੀ ਉਸੇ ਖੂਹ ’ਤੇ ਡਾਹਿਆ ਜਾਂਦਾ ਸੀ। ਸਾਨੂੰ ਖੂਹ ’ਤੇ ਬਹੁਤਾ ਨਹੀਂ ਸੀ ਜਾਣਾ ਪੈਂਦਾ। ਗਵਾਂਢ ਵਿਚ ਤਾਏ ਦੀਵਾਨ ਸਿੰਘ ਸਿੰਘਾਪੁਰੀਏ ਦੇ ਘਰ ਨਲ਼ਕਾ ਹੈਗਾ ਸੀ, ਉੱਥੋਂ ਬਾਲਟੀਆਂ ਭਰ ਲਿਆਈਦੀਆਂ ਸੀ।
ਪਾਣੀ ਢੋਣ ਵਾਲ਼ੇ ਝਿਉਰ ਵਿਆਹਾਂ-ਸ਼ਾਦੀਆਂ ’ਤੇ ਭਾਂਡੇ ਧੋਣ ਦਾ ਕੰਮ ਵੀ ਭੁਗਤਾਉਂਦੇ ਸਨ। ਉਨ੍ਹਾਂ ਨੂੰ ਹਾੜ੍ਹੀ-ਸਾਉਣੀ ਸੇਪੀ ਵਜੋਂ ਦਾਣੇ ਅਤੇ ਵਿਆਹਾਂ ਦੇ ਮੌਕਿਆਂ ’ਤੇ ਲਾਗ ਵਜੋਂ ਪੈਸੇ ਦਿੱਤੇ ਜਾਂਦੇ ਸਨ।
ਜ਼ਿੰਦਗੀ ਸਾਦੀ ਸੀ। ਲੋੜਾਂ ਸੀਮਤ ਸਨ, ਤਕਰੀਬਨ ਪਿੰਡ ’ਚ ਹੀ ਪੂਰੀਆਂ ਹੋ ਜਾਂਦੀਆਂ। ਪਹਿਨਣ ਵਾਸਤੇ ਘਰਾਂ ਦੇ ਕੱਤੇ ਹੋਏ ਸੂਤ ਦਾ ਖੱਦਰ, ਪਿੰਡ ਦੇ ਜੁਲਾਹੇ ਤੇ ਆਧਰਮੀ ਖੱਡੀਆਂ ’ਤੇ ਬੁਣ ਦਿੰਦੇ। ਉਹ ਬਿਸਤਰਿਆਂ ਵਾਸਤੇ ਚਿੱਟੇ ਤੇ ਰੰਗਦਾਰ ਡੱਬੀਆਂ ਵਾਲ਼ੇ ਖੇਸ-ਖੇਸੀਆਂ ਤੇ ਚੌਤਹੀਆਂ ਵੀ ਬਣਾ ਦਿੰਦੇ ਸਨ। ਮਿਹਨਤ ਵਜੋਂ ਦਾਣੇ ਲੈਂਦੇ ਸਨ। ਆਮ ਜੀਵਨ ’ਚ ਖੱਦਰ ਤੋਂ ਸਿਵਾਇ ਸਸਤੇ ਸੂਤੀ ਕੱਪੜੇ ਪਹਿਨੇ ਜਾਂਦੇ ਸਨ ਜੋ ਕਿ ਸਾਈਕਲਾਂ ’ਤੇ ਡੱਗੀਆਂ ਰੱਖ ਕੇ ਵੇਚਣ ਵਾਲਿਆਂ ਤੋਂ ਖਰੀਦ ਲਏ ਜਾਂਦੇ। ਦਾਜ-ਵਰੀ ਲਈ ਜਾਂ ਵਿਆਹਾਂ ’ਚ ਪਹਿਨਣ ਵਾਸਤੇ ਕਪੜਾ ਖਰੀਦਣ ਲਈ ਹੀ ਲੋਕ ਸ਼ਹਿਰ ਜਾਂਦੇ ਸਨ।
ਔਰਤਾਂ ਦੀ ਪੁਸ਼ਾਕ ਸਲਵਾਰ-ਕਮੀਜ਼ ਹੁੰਦੀ ਸੀ। ਮਰਦ ਕਮੀਜਾਂ-ਕੁੜਤਿਆਂ ਨਾਲ਼ ਚਾਦਰੇ ਬੰਨ੍ਹਦੇ ਸਨ। ਮੁੰਡੇ ਆਮ ਤੌਰ ਤੇ ਕਮੀਜ਼ਾਂ-ਪਜਾਮੇ ਪਹਿਨਦੇ। ਪੈਟਾਂ ਨੌਕਰੀ-ਪੇਸ਼ਾ ਬੰਦੇ ਜਾਂ ਕਾਲਜਾਂ ਦੇ ਕੁਝ ਵਿਦਿਆਰਥੀ ਹੀ ਪਾਉਂਦੇ ਸਨ।
ਕੱਪੜੇ ਸਿਉਂਣ ਲਈ ਪਰਿਵਾਰਾਂ ਦੇ ਆਪੋ-ਅਪਣੇ ਪੱਕੇ ਦਰਜੀ ਹੁੰਦੇ ਸਨ, ਜਿਨ੍ਹਾਂ ਨੂੰ ਹਾੜੀ-ਸਾਉਣੀ ਦਾਣਿਆਂ ਦੀ ਸੇਪ ਦਿੱਤੀ ਜਾਂਦੀ ਸੀ। ਵਿਆਹ ਸਮੇਂ ਦਰਜੀ ਕੁਝ ਦਿਨ ਪਹਿਲਾਂ ਹੀ ਆਪਣੀ ਮਸ਼ੀਨ ਲੈ ਕੇ ਵਿਆਹ ਵਾਲ਼ੇ ਘਰ ਆ ਜਾਂਦਾ। ਦੋ ਦਿਨ ਲੱਗ ਜਾਣ, ਚਾਰ ਲੱਗ ਜਾਣ, ਉਹ ਟੱਬਰ ਦੇ ਸਾਰੇ ਜੀਆਂ ਦੇ ਕੱਪੜੇ ਸਿਉਂ ਕੇ ਹੀ ਮਸ਼ੀਨ ਚੁੱਕਦਾ।
ਜੁੱਤੀਆਂ ਧੌੜੀ (ਸਖਤ ਚਮੜਾ) ਤੇ ਕੁਰਮ (ਨਰਮ ਚਮੜਾ) ਦੀਆਂ ਹੁੰਦੀਆਂ ਸਨ ਜੋ ਪਿੰਡ ਦੇ ਆਧਰਮੀ ਮੋਚੀ ਬਣਾ ਦਿੰਦੇ। ਉਹ ਮੁੱਖ ਤੌਰ ’ਤੇ ਸੇਪੀ ’ਤੇ ਕੰਮ ਕਰਦੇ ਸਨ। ਪੈਸੇ ਸਿਰਫ ਖਾਸ ਜੁੱਤੀ ਦੇ ਹੀ ਲੈਂਦੇ ਸਨ।
ਹਲ਼-ਪੰਜਾਲ਼ੀਆਂ ਤੇ ਜਿਮੀਂਦਾਰਾਂ ਦੇ ਸੰਦ-ਬੇਟ ਬਣਾਉਣ ਤੇ ਮੁਰੰਮਤ ਦਾ ਕੰਮ ਪਿੰਡ ਦੇ ਤਰਖਾਣ ਕਰਦੇ ਸਨ। ਹਲ਼ਾਂ ਦੇ ਫਾਲ਼ੇ ਤੇ ਟੋਕੇ ਦੇ ਗੰਡਾਸੇ ਚੰਡਣ, ਦਾਤਰੀਆਂ ਦੇ ਦੰਦ ਕੱਢਣ ਦੇ ਕੰਮ ਲੁਹਾਰ ਕਰਦੇ ਸਨ, ਸੇਪੀ ’ਤੇ ਹੀ।
ਆਟਾ ਪੀਹਣ ਲਈ ਪਿੰਡ ’ਚ ਤਿੰਨ ਖਰਾਸ ਸਨ। ਖਰਾਸਾਂ ਦੇ ਮਾਲਕ ਪਿਸਾਈ ਦੇ ਪੈਸੇ ਨਹੀਂ, ਆਟੇ ਦਾ ਭਾੜਾ ਲੈਂਦੇ ਸਨ। ਕੁਝ ਸਾਲਾਂ ਬਾਅਦ ਪਿੰਡ ’ਚ ਆਟਾ ਪੀਹਣ ਵਾਲ਼ੀ ਚੱਕੀ ਵੀ ਲੱਗ ਗਈ ਸੀ ਪਰ ਜ਼ਿਆਦਾ ਲੋਕ ਖਰਾਸ ਦੇ ਆਟੇ ਨੂੰ ਤਰਜੀਹ ਦਿੰਦੇ ਸਨ।
ਇਕ ਵੇਰਾਂ ਬਾਪੂ ਜੀ ਨੇ ਆਟਾ ਪੀਹਣ ਬਾਅਦ ਦੋਵੇਂ ਬਲਦ ਇਕ ਦੂਜੇ ਨਾਲ਼ ਨੱਥੀ ਕਰਕੇ ਮੇਰੇ ਮੂਹਰੇ ਲਾ ਦਿੱਤੇ। ਕਹਿਣ ਲੱਗੇ, “ਇਨ੍ਹਾਂ ਨੂੰ ਖੁਰਲੀ ਤੇ ਬੰਨ੍ਹ ਦਈਂ। ਮੈਂ ਠਹਿਰ ਕੇ ਆਉਨਾ।” ਉਨ੍ਹਾਂ ਨੂੰ ਪਿੰਡ ’ਚ ਕੋਈ ਕੰਮ ਸੀ। ਉਦੋਂ ਅਸੀਂ ਬਰਸਾਤਾਂ ’ਚ ਮਾਲ-ਡੰਗਰ ਹਵੇਲੀ ਤੋਂ ਖੂਹ ’ਤੇ ਲੈ ਜਾਂਦੇ ਸਾਂ। ਖੂਹ ਤੇ ਪਹੁੰਚ ਕੇ ਜਦ ਮੈਂ ਬਲਦਾਂ ਨੂੰ ਖੁਰਲੀ ’ਤੇ ਬੰਨਣ ਲੱਗਾ ਤਾਂ ਨਾਰਾ ਬਲਦ ਮੈਨੂੰ ਪੈ ਗਿਆ। ਉਹ ਬਲਦ ਮਾਰਖੰਡਾ ਨਹੀਂ ਸੀ। ਉਸਨੂੰ ਬੰਨ੍ਹ ਕੇ ਜਦੋਂ ਪਿਛਾਂਹ ਹਟਣਾ ਤਾਂ ਉਹ ਸਿਰ ਨੂੰ ਹਲੂਣਾ ਜਿਹਾ ਮਾਰਦਾ ਸੀ। ਉਸ ਦਿਨ ਪਤਾ ਨਹੀਂ ਉਸਨੂੰ ਕੀ ਹੋਇਆ ਕਿ ਉਸਨੇ ਮੈਨੂੰ ਸਿੰਗਾਂ ਨਾਲ਼ ਲਿਤਾੜ ਸੁੱਟਿਆ। ਮੇਰੀਆਂ ਲੇਰਾਂ ਸੁਣ ਕੇ ਲਾਗਲੇ ਖੇਤ ’ਚ ਹਲ ਵਾਹੁੰਦਾ ਬੰਦਾ ਦੌੜ ਕੇ ਆਇਆ ਤੇ ਬਲਦ ਨੂੰ ਕਾਬੂ ਕੀਤਾ। ਮੇਰੇ ਨੱਕ ’ਤੇ ਜ਼ਖਮ ਹੋ ਗਿਆ ਸੀ, ਬਾਕੀ ਸੱਟਾਂ ਗੁੱਝੀਆਂ ਸਨ। ਸਾਡੇ ਪਿੰਡ ਦਾ ਦੇਸੀ ਦਵਾ-ਦਾਰੂ ਕਰਦਾ ਗਿਆਨੀ (ਨਾਂ ਭੁੱਲ ਗਿਐ) ਰੋਜ਼ ਜ਼ਖਮ ਨੂੰ ਸਾਫ ਕਰਕੇ ਦਵਾਈ ਲਾ ਜਾਂਦਾ। ਗੁੱਝੀਆਂ ਸੱਟਾਂ ਸੇਕ ਨਾਲ਼ ਠੀਕ ਹੋਈਆਂ। ਬੀਬੀ ਚੁੱਲ੍ਹੇ ਦੀ ਅੱਗ ’ਚ ਇਕ ਰੋੜਾ ਗਰਮ ਕਰ ਲੈਂਦੀ ਤੇ ਉਸਨੂੰ ਕੱਪੜੇ ’ਚ ਲਪੇਟ ਕੇ ਮੇਰੀਆਂ ਸੱਟਾਂ ’ਤੇ ਸੇਕ ਦੇਂਦੀ। ਮੈਂ ਕਈ ਦਿਨ ਮੰਜੇ ’ਤੇ ਰਿਹਾ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਚੌਥੀ ਜਮਾਤ ’ਚ ਪੜ੍ਹਦਾ ਸੀ ਉਦੋਂ ਮੈਂ।
ਘਰ ਦੇ ਗੁਜ਼ਾਰੇ ਲਈ ਗੰਨੇ ਦੀ ਫਸਲ ਸਾਰੇ ਕਿਸਾਨ ਬੀਜਦੇ ਸਨ। ਮਿੱਲ ’ਤੇ ਸੁੱਟਣ ਲਈ ਖੁੱਲ੍ਹੀਆਂ ਜ਼ਮੀਨਾਂ ਵਾਲ਼ੇ ਹੀ ਬੀਜਦੇ। ਘਰਾਂ ਵਿਚ ਗੁੜ-ਸ਼ੱਕਰ ਹੀ ਵਰਤਿਆ ਜਾਂਦਾ ਸੀ। ਚਾਹ ਵੀ ਗੁੜ ਦੀ ਹੀ ਹੁੰਦੀ ਸੀ। ਖੰਡ ਦੀ ਚਾਹ ਸਿਰਫ ਪ੍ਰਾਹੁਣਿਆਂ ਵਾਸਤੇ ਹੀ ਬਣਦੀ ਸੀ। ਘਿਉ-ਸ਼ੱਕਰ ਖਾਸ ‘ਡਿਸ਼’ ਹੁੰਦੀ ਸੀ।
ਪਿੰਡ ਦੇ ਆਮ ਕਿਸਾਨ ਘਰ ਦੀ ਵਰਤੋਂ ਲਈ ਮਾਂਹ, ਮੋਠ, ਮਸਰ, ਮੂੰਗੀ, ਕਾਲੇ ਛੋਲੇ, ਰੌਂਗੀ, ਅਲ਼ਸੀ, ਤਿਲ਼, ਮੇਥੇ ਆਦਿ ਆਪ ਬੀਜਦੇ ਸਨ। ਬਹੁਤੀਆਂ ਸਬਜ਼ੀਆਂ ਵੀ ਆਪਣੀਆਂ ਹੀ ਉਗਾਉਂਦੇ ਸਨ। ਸਾਗ ਅਤੇ ਤੇਲ ਵਾਸਤੇ ਸਰ੍ਹੋਂ ਬਰਸੀਮ ਦੇ ਕਿਆਰਿਆਂ ਦੀਆਂ ਵੱਟਾਂ ਅਤੇ ਕਣਕ ਦੇ ਖੇਤਾਂ ਦੀਆਂ ਓਲੀਆਂ ’ਚ ਬੀਜੀ ਜਾਂਦੀ ਸੀ। ਪਰਿਵਾਰ ਦੀ ਆਮ ਵਰਤੋਂ ਅਤੇ ਵਿਆਹਾਂ ਸਮੇਂ ਪਕਵਾਨ ਬਣਾਉਣ ਲਈ ਘਰ ਦੀ ਸਰ੍ਹੋਂ ਦੀ ਘਾਣੀ ਦਾ ਤੇਲ ਵਰਤਿਆ ਜਾਂਦਾ ਸੀ। ਸਾਡੇ ਪੰਜਾਂ ਭੈਣ-ਭਰਾਵਾਂ ਦੇ ਵਿਆਹਾਂ ’ਤੇ ਘਰ ਦੀ ਸਰ੍ਹੋਂ ਦੇ ਤੇਲ ਨਾਲ਼ ਹੀ ਸਰ ਗਿਆ ਸੀ।
ਰਜਾਈਆਂ-ਤਲ਼ਾਈਆਂ ਭਰਨ ਲਈ ਰੂੰ, ਖੇਸ-ਖੇਸੀਆਂ ਤੇ ਦਰੀਆਂ ਬਣਾਉਣ ਲਈ ਮੋਟਾ ਸੂਤ ਅਤੇ ਪਹਿਨਣ ਵਾਸਤੇ ਖੱਦਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਮ ਕਿਸਾਨ ਕਪਾਹ ਵੀ ਬੀਜਦੇ ਸਨ। ਸੂਤ ਕੱਤਣ ਲਈ ਹਰ ਘਰ ਵਿਚ ਇਕ-ਦੋ ਚਰਖੇ ਹੁੰਦੇ ਸਨ। ਸਿਆਲਾਂ ਦੀਆਂ ਲੰਮੀਆਂ ਰਾਤਾਂ ਵਿਚ ਕੁੜੀਆਂ ਤ੍ਰਿੰਝਣਾਂ ’ਚ ਜੁੜ ਕੇ ਚਰਖੇ ਕੱਤਦੀਆਂ ਤੇ ਨਾਲ਼-ਨਾਲ਼ ਇਕਸੁਰ ਹੋਕੇ ਮਧੁਰ ਗੀਤ ਗਾਉਂਦੀਆਂ।
ਰੱਸੇ-ਰੱਸੀਆਂ ਨਾਈਲਨ ਦੇ ਨਹੀਂ ਸਣ ਦੇ ਹੁੰਦੇ ਸਨ। ਆਮ ਕਿਸਾਨ ਆਪਣੀ ਸਣ ਬੀਜਦੇ ਸਨ। ਸਣ ਦੇ ਗਰ੍ਹਨੇ ਬਣਾ ਕੇ, ਛੱਪੜ ਵਿਚ ਡੋਬ ਦਿੱਤੇ ਜਾਂਦੇ। ਕੁਝ ਹਫਤਿਆਂ ਬਾਅਦ ਗਰ੍ਹਨੇ ਬਾਹਰ ਕੱਢ ਕੇ ਸੁਕਾ ਲਏ ਜਾਂਦੇ। ਸੁੱਕੇ ਹੋਏ ਗਰ੍ਹਨਿਆਂ ਦੀ ਇਕ-ਇਕ ਸੀਖ ਤੋੜ ਕੇ, ਕਿਸਾਨ ਸਣ ਦੀਆਂ ਲਿਟਾਂ ਦੀਆਂ ਜੂੜੀਆਂ ਬਣਾ ਲੈਂਦੇ। ਫਿਰ ਲੋੜ ਪੈਣ ’ਤੇ ਸਣ ਦੀਆਂ ਲਿਟਾਂ ਨੂੰ ਹੱਥਾਂ ਨਾਲ਼ ਵੱਟ ਕੇ ਲੋੜੀਂਦੇ ਸਾਈਜ਼ ਦੀਆਂ ਰੱਸੀਆਂ ਬਣਾ ਲੈਂਦੇ। ਰੱਸੇ ਵੀ ਰੱਸੀਆਂ ਦਾ ਜੋੜ ਹੁੰਦੇ ਸਨ। ਰੱਸੀਆਂ ਦੀਆਂ ਤਿੰਨ-ਤਿੰਨ, ਚਾਰ-ਚਾਰ ਲੜੀਆਂ ਨੂੰ ਇਕ-ਦੂਜੀ ਵਿਚ ਮੇਲ ਕੇ, ਦਰਮਿਆਨੇ ਤੇ ਮੋਟੇ ਰੱਸੇ ਬਣਾ ਲਏ ਜਾਂਦੇ।
ਕੁਝ ਕਿਸਾਨ ਘਰ ਦੀ ਵਰਤੋਂ ਲਈ ਖਰਬੂਜੇ-ਹਦਵਾਣੇ ਵੀ ਬੀਜਦੇ ਸਨ। ‘ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ’ ਦਾ ਅਖਾਣ ਸਾਡੇ ਪਿੰਡ ’ਤੇ ਵੀ ਢੁੱਕਦਾ ਸੀ। ਅੰਬਾਂ ਦੇ ਘੱਟੋ-ਘੱਟ ਤਿੰਨ ਚਾਰ ਦ੍ਰਖਤ ਤਾਂ ਹਰੇਕ ਕਿਸਾਨ ਦੇ ਹੁੰਦੇ ਸਨ। ਕਈਆਂ ਦੇ ਬਾਗ ਵੀ ਸਨ। ਸਾਡੇ ਆਪਣੇ ਬਾਗ ਵਿਚ ਪੰਜਾਹ ਤੋਂ ਵੱਧ ਦ੍ਰਖਤ ਅੰਬਾਂ ਦੇ ਅਤੇ ਦੋ ਜਾਮਣਾਂ ਦੇ ਸਨ। ਬਾਗ ਦੇ ਅੰਬ ਆਮ ਜਿਹੇ ਵੀ ਸਨ ਤੇ ਵਿਸ਼ੇਸ਼ ਵੀ ਜਿਵੇਂ ਸੌਂਫ ਦੇ ਸਵਾਦ ਵਾਲ਼ਾ ਸੌਂਫੀਆ ਅੰਬ, ਵੱਡੇ ਸਾਈਜ਼ ਦਾ ਖਰਬੂਜਾ ਅੰਬ, ਸੰਧੂਰੀ ਅੰਬ, ਅਜੋਕੇ ਦੁਸਹਿਰੀ ਵਰਗਾ ਲੰਮਾ ਛੱਲੀ ਅੰਬ। ਸਾਡੇ ਅਨਪੜ੍ਹ ਵੱਡੇ-ਵਡੇਰਿਆਂ ਵੱਲੋਂ ਇਹੋ ਜਿਹੇ ਸੁਆਦੀ ਅੰਬਾਂ ਦੀਆਂ ਕਿਸਮਾਂ ਤਿਆਰ ਕਰਨੀਆਂ ਕਰਾਮਾਤ ਵਰਗੀ ਗੱਲ ਸੀ। ਅੰਬਾਂ ਨੂੰ ਸਾਂਭਣ-ਵੇਚਣ ਦਾ ਕੰਮ ਕਿਸਾਨਾਂ ਲਈ ਔਖਾ ਸੀ। ਪਿੰਡਾਂ ਦੇ ਹੀ ਵਪਾਰੀ ਕਿਸਮ ਦੇ ਲੋਕ ਅੰਬ ਖਰੀਦ ਲੈਂਦੇ। ਜਿਵੇਂ-ਜਿਵੇਂ ਅੰਬ ਪੱਕ ਦੇ ਹੇਠਾਂ ਡਿਗਦੇ, ਵਪਾਰੀ ਟੋਕਰੀਆਂ ’ਚ ਭਰ ਕੇ ਮੰਡੀ ਲੈ ਜਾਂਦੇ। ਜਦੋਂ ਅੰਬ ਪੱਕ ਕੇ ਹੇਠਾਂ ਡਿਗਣ ਲੱਗ ਪੈਂਦੇ ਤਾਂ ਕਿਹਾ ਜਾਂਦਾ ਸੀ ਕਿ ‘ਟਵਕਾ’ ਸ਼ੁਰੂ ਹੋ ਗਿਆ।
ਬਾਗਾਂ ਦੇ ਮਾਲਕਾਂ ਨੂੰ ਆਪਣੇ ਚੂਪਣ ਤੇ ਅਚਾਰ ਵਾਸਤੇ ਜਿੰਨੀ ਲੋੜ ਹੁੰਦੀ, ਉਹ ਸੌਦਾ ਕਰਨ ਸਮੇਂ ਵਪਾਰੀ ਨੂੰ ਦੱਸ ਦਿੰਦੇ ਕਿ ਸਾਨੂੰ ਏਨੇ ਮਣ ਜਿਣਸ ਦੀ ਲੋੜ ਪਏਗੀ। ਉਦੋਂ ਕੁਇੰਟਲ ਤੇ ਕਿੱਲੋ ਨਹੀਂ ‘ਮਣ ਤੇ ਸੇਰ’ ਹੁੰਦੇ ਸਨ। 40 ਸੇਰ ਦਾ ਮਣ ਤੇ 16 ਛਟਾਂਕ ਦਾ ਸੇਰ। ਜਿੱਦਣ ਸਾਡਾ ਅੰਬ ਚੂਪਣ ਦਾ ਮਨ ਬਣਦਾ, ਵਪਾਰੀ ਕੋਲੋਂ ਆਪਣੀ ਪਸੰਦ ਦੇ ਚਾਰ-ਪੰਜ ਸੇਰ ਤੁਲਵਾ ਲਿਆਉਂਦੇ ਤੇ ਠੰਢੇ ਪਾਣੀ ਦੀ ਬਾਲਟੀ ਵਿਚ ਡੋਬ ਕੇ, ਸਾਰੇ ਜਣੇ ਮਜ਼ੇ ਨਾਲ਼ ਚੂਪਦੇ। ਜਲੰਧਰ ਜ਼ਿਲੇ ਦੇ ਸਾਡੇ ਰਿਸ਼ਤੇਦਾਰ ਅੰਬ ਚੂਪਣ ਲਈ ਵਿਸ਼ੇਸ਼ ਤੌਰ ’ਤੇ ਗੇੜੀ ਮਾਰਦੇ। ਕੱਚੇ ਅੰਬ ਦੀ ਚਟਣੀ ਤੋਂ ਇਲਾਵਾ ਸ਼ਿੱਸ਼ਾ ਵੀ ਬਣਦਾ ਸੀ। ਸ਼ਿੱਸ਼ਾ ਕੀ ਸੀ? ਕੱਚੇ ਅੰਬਾਂ ਨੂੰ ਪਾਣੀ ’ਚ ਉਬਾਲ ਕੇ ਜਾਂ ਭੁੱਬਲ ਵਿਚ ਭੁੰਨ ਕੇ, ਉਸਦਾ ਗੁੱਦਾ ਪਾਣੀ ’ਚ ਘੋਲ ਲਿਆ ਜਾਂਦਾ। ਉਸ ਘੋਲ ਵਿਚ ਰਗੜਿਆ ਪੂਦਨਾ, ਪਿਆਜ, ਲੂਣ, ਮਸਾਲਾ ਤੇ ਥੋੜੀ ਕੁ ਸ਼ੱਕਰ ਪਾ ਕੇ ਜੋ ‘ਡਿਸ਼’ ਬਣਦੀ, ਉਸ ਨੂੰ ‘ਸ਼ਿੱਸ਼ਾ’ ਆਖਦੇ ਸਨ। ਉਹ ਰੋਟੀ ਦੇ ਨਾਲ਼ ਜਾਂ ਬਾਅਦ ਵਿਚ ਪੀਂਦੇ ਸਾਂ। ਹਾਜ਼ਮੇ ਵਾਸਤੇ ਬਹੁਤ ਵਧੀਆ ਚੀਜ਼ ਸੀ।
ਪਿੰਡ ਵਿਚ ਚਾਰ ਭੱਠੀਆਂ ਸਨ। ਸਾਡੇ ਪਾਸੇ ਈਸਰੀ ਤੇ ਬਤਨੇ ਦੀ ਭੱਠੀ ਸੀ। ਬਤਨਾ ਬਾਲਣ ਝੋਕਦਾ ਤੇ ਈਸਰੀ ਕੜਾਹੀ ਦੀ ਗਰਮ ਰੇਤ ਵਿਚ ਮੱਕੀ, ਕਣਕ ਤੇ ਛੋਲਿਆਂ ਦੇ ਦਾਣੇ ਭੁੰਨਦੀ ਤੇ ਨਾਲ਼ ਦੀ ਨਾਲ਼ ਗੱਲਾਂ ਕਰੀ ਜਾਂਦੀ। ਨਵੀਂ ਅਣਸੁਕਾਈ ਮੱਕੀ ਦੇ ਆਭੂ, ਮੁਰਮੁਰੇ ਤੇ ਪੁਰਾਣੀ ਮੱਕੀ ਦੀਆਂ ਖਿੱਲਾਂ,ਨਿਆਣੇ-ਸਿਆਣੇ ਕਮੀਜ਼ਾਂ-ਕੁੜਤਿਆਂ ਦੀਆਂ ਜ਼ੇਬਾਂ ਜਾਂ ਕੌਲੀਆਂ ’ਚ ਪਾ ਕੇ ਮਜ਼ੇ ਨਾਲ਼ ਚੱਬਦੇ। ਥੋੜੀ ਕੁ ਮਖਣੀ ਤੇ ਲੂਣ ਲੱਗੇ ਦਲ਼ੇ ਹੋਏ ਛੋਲੇ ਅਤੇ ਕਣਕ ਦੇ ਗਰਮ-ਗਰਮ ਦਾਣਿਆਂ ਨੂੰ ਗੁੜ ਲਾ ਕੇ ਬਣਾਏ ‘ਰੋੜ’ ਸੁਆਦ ਵੀ ਹੁੰਦੇ ਸਨ ਤੇ ਸਿਹਤ ਲਈ ਗੁਣਕਾਰੀ ਵੀ।
ਬਰਸਾਤ ਦੀ ਰੁੱਤੇ ਪੰਜ-ਸੱਤ ਗਭਰੂ ਇਕੱਠੇ ਹੋ ਕੇ ਆਪਣੇ ਖੇਤਾਂ ਵਿੱਚੋਂ ਛੱਲੀਆਂ ਤੋੜਦੇ ’ਤੇ ਉੱਥੇ ਹੀ ਕਿਸੇ ਛਾਂਦਾਰ ਦ੍ਰਖ਼ਤ ਹੇਠ ਧੂਣੀ ਲਾ ਕੇ ਆਪਣੇ ਹੱਥੀਂ ਭੁੰਨ-ਭੁੰਨ ਚੱਬਦੇ। ਇਸੇ ਤਰ੍ਹਾਂ ਸਿਆਲਾਂ ਵਿਚ ਆਪਣੇ ਤੇ ਕਦੀ-ਕਦੀ ਬਿਗਾਨੇ ਖੇਤਾਂ ਵਿੱਚੋਂ ਛੋਲਿਆਂ ਦੇ ਜਾੜ ਪੁੱਟ ਕੇ ਧੂਣੀ ਉੱਤੇ ਹੋਲਾਂ ਬਣਾ ਲੈਂਦੇ। ਹੋਲਾਂ ਚੱਬਣ ਬਾਅਦ ਧੂਣੀ ਦੀ ਕਾਲਖ ਇਕ-ਦੂਜੇ ਦੇ ਮੂੰਹ ’ਤੇ ਮਲ਼ ਕੇ ਅਤੇ ਨਾਂ ਤੇ ਕੁਨਾਂ ਪਾ ਕੇ ਹਾਸਾ-ਮਜ਼ਾਕ ਵੀ ਕਰ ਲਈਦਾ ਸੀ। ਮੂੰਗਫਲੀ ਦੀ ਫਸਲ ਵਾਲ਼ੇ ਪਿੰਡਾਂ ਵਿਚ ਲੋਕ ਮੂੰਗਫਲੀ ਦੀਆਂ ਹੋਲ਼ਾਂ ਚੱਬਦੇ ਸਨ। ਤਿਉਹਾਰਾਂ ਮੌਕੇ ਪਕੌੜੇ ਘਰਾਂ ’ਚ ਬਣਾ ਲਏ ਜਾਂਦੇ ਤੇ ਜਲੇਬੀਆਂ ਪਿੰਡ ਦੇ ਦੁਕਾਨਦਾਰ ਸਪੈਸ਼ਲ ਤੌਰ ’ਤੇ ਬਣਾਉਂਦੇ।
ਰਾਸਾਂ
ਪਿੰਡ ’ਚ ਦਸ-ਬਾਰਾਂ ਘਰ ਮਰਾਸੀਆਂ ਦੇ ਸਨ। ਦੇਸ਼ ਦੀ ਵੰਡ ਸਮੇਂ ਉਹ ਪਾਕਿਸਤਾਨ ਨਹੀਂ ਗਏ ਸਨ। ਪਿੰਡ ਵਾਲ਼ਿਆਂ ਉਨ੍ਹਾਂ ਦੀ ਰੱਖਿਆ ਕੀਤੀ ਸੀ। ਉਨ੍ਹਾਂ ਦੇ ਬਜ਼ੁਰਗ ਵਿਆਹਾਂ ਮੌਕੇ ਘਰ-ਘਰ ਜਾ ਕੇ ਸੱਦਾ ਦਿਆ ਕਰਦੇ ਸਨ। ਵਿਆਹ ਵਾਲ਼ੇ ਘਰ ਵੱਲੋਂ ਆਪਣੇ ਭਾਈਚਾਰੇ ਦੇ ਪਰਿਵਾਰਾਂ ਨੂੰ ਰੋਟੀ ਖੁਆਉਣ ਅਤੇ ਮਾਂਈਂਏਂ, ਲਾਵਾਂ, ਡੋਲੀ ਤੋਰਨ ਵਰਗੀਆਂ ਰਸਮਾਂ ’ਚ ਸ਼ਾਮਲ ਹੋਣ ਲਈ ਮਰਾਸੀਆਂ-ਮਰਾਸਣਾਂ ਜਾਂ ਕਿਸੇ ਹੋਰ ਲਾਗੀ ਰਾਹੀਂ ਸੱਦਾ ਭੇਜਿਆ ਜਾਂਦਾ ਸੀ।
ਅੱਧਖੜ ਤੇ ਜਵਾਨ ਮਰਾਸੀਆਂ ਦੀਆਂ ਦੋ ਮੰਡਲੀਆਂ ਸਨ— ਇਕ ਵਾਜਾ ਵਜਾਉਣ ਵਾਲਿਆਂ ਦੀ ਤੇ ਦੂਜੀ ਰਾਸਧਾਰੀਆਂ ਦੀ। ਵਾਜਾ-ਮਾਸਟਰ ਦਾਰਾ
ਧੁਨਾਂ ਬਣਾਉਣ ਦਾ ਨਿਪੁੰਨ ਕਲਾਕਾਰ ਸੀ। ਉਸ ਨੇ ਸਾਰੇ ਸਾਜਿੰਦਿਆਂ ਵਿਚ ਵਧੀਆ ਤਾਲਮੇਲ ਬਣਾਇਆ ਹੋਇਆ ਸੀ। ਉਨ੍ਹਾਂ ਦੇ ਸਾਜ਼ਾਂ ਵਿੱਚੋਂ ਉਭੱਰਦੀਆਂ ਨਵੇਂ-ਪੁਰਾਣੇ ਫਿਲਮੀ ਗਾਣਿਆਂ, ਬੋਲੀਆਂ ਤੇ ਟੱਪਿਆਂ ਦੀਆਂ ਮਨਮੋਹਕ ਧੁਨਾਂ ਸੁਣ ਕੇ ਲੋਕੀਂ ਆਪ ਮੁਹਾਰੇ ਨੱਚਣ-ਝੂਮਣ ਲੱਗ ਜਾਂਦੇ। ਸਾਡੇ ਇਲਾਕੇ ਵਿਚ ਵੀਹ-ਵੀਹ ਮੀਲ ਤੱਕ ਇਹੀ ਵਾਜਾ ਜਾਂਦਾ ਸੀ।
ਰਾਸਧਾਰੀਆਂ ਵਿਚ ਕਰਮਾ ਮਰਾਸੀ ਸਾਡੇ ਜ਼ਿਲ੍ਹੇ ਦਾ ਮਸ਼ਹੂਰ ਨਚਾਰ ਸੀ। ਉਸ ਦਾ ਛੋਟਾ ਭਰਾ ਅਨਵਰ ਤੇ ਤਾਏ ਦਾ ਪੁੱਤਰ ਆਦਿਲ ਅਤੇ ਖਾਨਪੁਰ ਦਾ ਨਸੀਬਾ ਆਧਰਮੀ ਵੀ ਚੰਗੇ ਨਚਾਰ ਸਨ। ਇਹ ਨਚਾਰ ਕੁੜੀਆਂ ਵਾਲ਼ੇ ਕੱਪੜੇ ਪਾ ਕੇ ਫਿਲਮੀ ਗਾਣੇ ਗਾਉਂਦੇ ਤੇ ਗਾਣਿਆਂ ਦੇ ਬੋਲਾਂ ਅਨੁਸਾਰ ਚਿਹਰੇ ਤੇ ਸਰੀਰ ਦੀਆਂ ਢੁੱਕਵੀਆਂ ਅਦਾਵਾਂ ਬਣਾ ਕੇ ਨੱਚਦੇ। ਹਰਮੋਨੀਅਮ ਤੇ ਤਬਲੇ ਵਾਲ਼ੇ ਮੇਚਵੀਆਂ ਸੁਰਾਂ ਨਾਲ਼ ਮਿਊਜ਼ਿਕ ਦੇਂਦੇ। ਉਨ੍ਹਾਂ ਦੇ ਦਿਨ ਦੇ ਪ੍ਰੋਗਰਾਮ ਨੂੰ ‘ਨਕਲਾਂ’ ਕਿਹਾ ਜਾਂਦਾ ਸੀ। ਨਕਲਾਂ ’ਚ ਉਹ ਗਾਉਣ-ਨੱਚਣ ਦੇ ਨਾਲ਼-ਨਾਲ਼ ਪੇਂਡੂ ਜ਼ਿੰਦਗੀ ਨਾਲ਼ ਸੰਬੰਧਿਤ ਟਿੱਚਰਾਂ-ਟੋਟਕੇ ਤੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੂਬ ਹਸਾਉਂਦੇ। ਰਹਿਮੇ ਮਰਾਸੀ ਦਾ ਪੁੱਤਰ ਨਜ਼ੀਰ ਆਮ ਜਿਹੀਆਂ ਗੱਲਾਂ ਵਿੱਚੋਂ ਹਾਸਰਸ ਪੈਦਾ ਕਰ ਲੈਂਦਾ ਸੀ।
ਰਾਤ ਦੇ ਸ਼ੋਅ ਨੂੰ ਰਾਸ ਕਿਹਾ ਜਾਂਦਾ ਸੀ। ਕਰਮੇ ਹੁਰਾਂ ਦੀ ਰਾਸ ਮੰਡਲੀ ਦਾ ਇੰਚਾਰਜ ਪੰਡਤ ਮੋਹਣ ਲਾਲ ਹੰਢਿਆ ਹੋਇਆ ਕਲਾਕਾਰ ਸੀ। ਰਾਸ ਦੇ ਆਰੰਭ ਵਿਚ ਜਦੋਂ ਉਹ ਸੁਰੀਲੀ ਤੇ ਵੈਰਾਗਮਈ ਆਵਾਜ਼ ਵਿਚ ਭਗਤ ਸਿੰਘ ਦੀ ਘੋੜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਪੇਸ਼ ਕਰਦਾ ਤਾਂ ਜੋਸ਼ ਅਤੇ ਵੈਰਾਗ ਦੀਆਂ ਭਾਵਨਾਵਾਂ ਵਿਚ ਗੜੁੱਚ ਹੋਏ ਲੋਕ ਆਪ ਮੁਹਾਰੇ ਕਹਿ ਉੱਠਦੇ, “ਵਾਹ ਓਏ ਮੋਹਣ ਲਾਲਾ”, “ਜਿਉਂਦਾ ਰਹਿ ਓਏ ਸੁਹਣਿਆਂ।”
ਫਿਰ ਨਚਾਰਾਂ ਦਾ ਗਾਉਣ-ਨੱਚਣ ਆਰੰਭ ਹੋ ਜਾਂਦਾ ਤੇ ਜਦੋਂ ਰਾਤ ਟਿਕ ਜਾਂਦੀ, ਡਰਾਮਾ ਸ਼ੁਰੂ ਹੋ ਜਾਂਦਾ। ਪੰਡਤ ਮੋਹਣ ਲਾਲ, ਸ਼ੇਰਾ ਮਰਾਸੀ, ਕਰਮਾ ਨਚਾਰ ਤੇ ਖਾਨਪੁਰੀਆ ਨਸੀਬਾ ਡਰਾਮਿਆਂ ਦੇ ਮੰਝੇ ਹੋਏ ਕਲਾਕਾਰ ਸਨ। ਰਾਜਾ ਹਰੀਸ਼ ਚੰਦਰ, ਪੂਰਨ ਭਗਤ, ਰਾਜਾ ਭਰਥਰੀ ਆਦਿ ਡਰਾਮਿਆਂ ਦੇ ਹਿਰਦੇ ਵੇਧਕ ਸੀਨ ਵੇਖਦਿਆਂ ਲੋਕੀਂ ਹੰਝੂ ਕੇਰਨ ਲਗ ਜਾਂਦੇ। ਮੇਰੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਸਨ। ਹੋਲੇ ਦੇ ਤਿਉਹਾਰ ’ਤੇ ਪਿੰਡ ਵਿਚ ਪੰਜ-ਛੇ ਦਿਨ ਲਗਾਤਾਰ ਰਾਸਾਂ ਦਾ ਪ੍ਰੋਗਰਾਮ ਚੱਲਦਾ। ਪ੍ਰੋਗਰਾਮ ਪਿੰਡ ਦੇ ਵਿਚਕਾਰ ਖੁਲ੍ਹੇ ਥਾਂ ਤੇ ਹੁੰਦੇ ਸਨ। ਕੋਈ ਸਟੇਜ ਨਹੀਂ ਸੀ ਹੁੰਦੀ। ਰਾਸਧਾਰੀਏ ਆਪਣੇ ਲਈ ਦਰੀਆਂ ਵਿਛਾ ਲੈਂਦੇ ਤੇ ਦਰਸ਼ਕ ਘੰਟਿਆਂ-ਬੱਧੀ ਭੁੰਜੇ ਬੈਠ ਕੇ ਰਾਸਾਂ ਦੇਖਦੇ। ਔਰਤਾਂ ਲਾਗਲੇ ਘਰਾਂ ਦੇ ਬਨੇਰਿਆਂ ’ਤੇ ਬਹਿ ਕੇ ਦੇਖਦੀਆਂ। ਲਾਗਲੇ ਪਿੰਡਾਂ ਦੇ ਲੋਕ ਵੀ ਆਇਆ ਕਰਦੇ ਸਨ। ਵੇਲ ਕਰਵਾਉਣ ਵਾਲ਼ੇ ਇਕ ਰੁਪਏ ਦਾ ਨੋਟ ਉਂਗਲਾਂ ’ਚ ਫੜ ਕੇ ਹੱਥ ਉਤਾਂਹ ਚੁੱਕਦੇ। ਨਚਾਰ ਉਸ ਬੰਦੇ ਕੋਲ਼ ਪਹੁੰਚ ਕੇ ਉਸ ਦਾ ਨਾਂ ਪੁੱਛਦਾ ਤੇ ਰੁਪਈਆ ਫੜ ਕੇ ਬਾਂਹ ਉੱਚੀ ਕਰਦਿਆਂ ਆਖਦਾ, “ਵੇਲ, ਫਲਾਣੇ ਦੀ ਵੇਲ, ਇਕ ਰੁਪਈਏ ਦੀ ਵੇਲ, ਰੱਬ ਇਹਦੀ ਵੇਲ ਵਧਾਵੇ।” ਦੂਰ ਨੇੜੇ ਦੇ ਹੋਰ ਪਿੰਡਾਂ ਵਿਚ ਵੀ ਇਸ ਮੰਡਲੀ ਦੀਆਂ ਰਾਸਾਂ ਪੈਂਦੀਆਂ ਰਹਿੰਦੀਆਂ। ਰਾਸਾਂ ਦੇ ਪ੍ਰੋਗਰਾਮਾਂ ਦੀ ਖਬਰ ਕੰਨੋ-ਕੰਨੀ ਲਾਗਲੇ ਪਿੰਡਾਂ ’ਚ ਪਹੁੰਚ ਜਾਂਦੀ। ਰਾਸ ਦੇ ਸ਼ੌਕੀਨਾਂ ਲਈ ਤਿੰਨ-ਚਾਰ ਮੀਲ ਦੀ ਪੈਦਲ ਵਾਟ ਮਾਮੂਲੀ ਗੱਲ ਸੀ। ਮੇਰਾ ਹਾਣੀ ਸੋਹਣ ਰਾਸਾਂ ਬਾਰੇ ਪੂਰੀ ਸੂਹ ਰੱਖਦਾ। ਉਸ ਤੋਂ ਖਬਰ ਮਿਲਣ ’ਤੇ ਮੈਂ ਤੇ ਭਰਾ ਕੁਲਦੀਪ ਬਾਪੂ ਜੀ ਨੂੰ ਦੱਸ ਕੇ ਆਪਣੀ ਟੋਲੀ ਦੇ ਕਰਤਾਰ, ਜੀਤ, ਮੋਹਣ ਤੇ ਸੋਹਣ ਨਾਲ਼ ਰਾਸ ਦੇਖਣ ਚਲੇ ਜਾਂਦੇ। ਮੈਨੂੰ ਨਾਚ-ਗਾਣਿਆਂ ਨਾਲ਼ੋਂ ਡਰਾਮੇ ਵਧੇਰੇ ਪਸੰਦ ਸਨ। ਭਾਵੇਂ ਪਿੰਡੋਂ ਹੋਰ ਨਿਆਣਿਆਂ ਦਾ ਸਾਥ ਵੀ ਮਿਲ ਜਾਂਦਾ ਪਰ ਉਦੋਂ ਨਿਆਣਿਆਂ ਦੀ ਟੋਲੀ ਨੂੰ ਰਾਤਾਂ ਸਮੇਂ ਵੀ ਰਾਹਾਂ ’ਚ ਕੋਈ ਖਤਰਾ ਨਹੀਂ ਸੀ ਹੁੰਦਾ।
ਕਮਿਊਨਿਸਟ ਪਾਰਟੀ ਦੇ ਡਰਾਮੇ
ਕਮਿਊਨਿਸਟ ਪਾਰਟੀ ਦੀ ਡਰਾਮਾ ਟੀਮ ਦਾ ਪ੍ਰਸਿੱਧ ਕਲਾਕਾਰ ‘ਜੋਗਿੰਦਰ ਬਾਹਰਲਾ’ ਸਾਡੇ ਪਿੰਡਾਂ ਦਾ ਸੀ। ਮਨੋਰੰਜਨ ਤੇ ਰਾਜਨੀਤਕ ਚੇਤਨਾ ਵਾਲ਼ੇ ਉਨ੍ਹਾਂ ਦੇ ਡਰਾਮੇ ਪਿੰਡਾਂ ਵਿਚ ਹੁੰਦੇ ਰਹਿੰਦੇ ਸਨ। ਉਹ ਡਰਾਮੇ ਲੋਕੀਂ ਰਾਸਾਂ ਨਾਲ਼ੋਂ ਵੀ ਵੱਧ ਸ਼ੌਂਕ ਨਾਲ਼ ਦੇਖਦੇ, ਕਈ-ਕਈ ਮੀਲ ਦੀ ਵਾਟ ਗਾਹ ਕੇ। ਸਾਡੇ ਪਿੰਡ ਦਾ ਦਲੀਪ ਸਿੰਘ ਕਮਿਊਨਿਸਟ ਪਾਰਟੀ ਦਾ ਹੁਸ਼ਿਆਰਪੁਰ ਜ਼ਿਲੇ ਦਾ ਸੈਕਟਰੀ ਸੀ। 1959 ਵਿਚ ਉਸਨੇ ਪਿੰਡ ਦੇ ਅੰਬਾਂ ਦੇ ਬਾਗਾਂ ’ਚ ਪਾਰਟੀ ਦੀ ਵੱਡੀ ਕਾਨਫਰੰਸ ਕਰਵਾਈ ਸੀ। ਦੂਰੋਂ-ਨੇੜਿਓਂ ਅਨੇਕਾਂ ਲੋਕ ਹੁਮ-ਹੁਮਾ ਕੇ ਪਹੁੰਚੇ ਸਨ। ਰਾਤ ਨੂੰ ਜੋਗਿੰਦਰ ਬਾਹਰਲੇ ਤੇ ਉਸਦੇ ਸਾਥੀਆਂ ਦਾ ਡਰਾਮਾ ਦੇਖ ਕੇ ਲੋਕ ਅਸ਼-ਅਸ਼ ਕਰ ਉੱਠੇ ਸਨ।
ਸਾਡੇ ਪਿੰਡ ਗੂਗਾ ਪੀਰ ਦੀ ਛਿੰਝ ਪੈਂਦੀ ਸੀ। ਗੂਗਾ ਨੌਮੀ ਦੀ ਸਾਰੀ ਰਾਤ ਟਮਕ (ਵੱਡਾ ਢੋਲ) ਵੱਜਦਾ। ਟਮਕ ਦੀ ਉੱਚੀ ਆਵਾਜ਼ ਨਾਲ਼ ਨੇੜਲੇ ਪਿੰਡਾਂ ਨੂੰ ਛਿੰਝ ਬਾਰੇ ਪਤਾ ਲੱਗ ਜਾਂਦਾ। ਅਗਲੇ ਦਿਨ ਲੌਢੇ ਕੁ ਵੇਲੇ ਛਿੰਝ ਸ਼ੁਰੂ ਹੋ ਜਾਂਦੀ। ਦੂਰੋਂ-ਨੇੜਿਓਂ ਅਨੇਕਾਂ ਲੋਕ ਦੇਖਣ ਆਉਂਦੇ। ਗਰਮ-ਗਰਮ ਪਕੌੜਿਆਂ ਤੇ ਜਲੇਬੀਆਂ ਦੀਆਂ ਦੁਕਾਨਾਂ ’ਤੇ ਭੀੜ ਲੱਗੀ ਹੁੰਦੀ। ਇਲਾਕੇ ਦੇ ਭਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ। ਪ੍ਰਬੰਧਕਾਂ ਵੱਲੋਂ ਹਰ ਜੇਤੂ ਨੂੰ ਇਨਾਮ ਵਜੋਂ ਪੰਜ-ਸੱਤ ਰੁਪਏ ਦਿੱਤੇ ਜਾਂਦੇ। ਅਖੀਰਲਾ ਘੋਲ ਰੁਮਾਲੀ ਦਾ ਹੁੰਦਾ। ਰੁਮਾਲੀ-ਜੇਤੂ ਦਾ ਇਨਾਮ ਜ਼ਿਆਦਾ ਹੁੰਦਾ ਸੀ।
ਸਾਡੇ ਜੀਜੇ ਫੂਲਾ ਸਿੰਘ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ’ਤੇ ਜਗੀਰੀ ਹੀ ਜਿੱਤਦਾ ਸੀ।
ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ ਵੀ ਸੀ। ਇਕ ਹੱਥ ’ਤੇ ਸੇਵੀਆਂ ਵਾਲ਼ੀ ਥਾਲੀ ਤੇ ਦੂਜੇ ਹੱਥ ਵਿਚ ਕੱਚੀ ਲੱਸੀ ਦਾ ਗਿਲਾਸ ਉਠਾਈ ਪਿੰਡ ਦੀਆਂ ਔਰਤਾਂ, ਗਵਾਂਢੀ ਪਿੰਡ ਪਿਆਲ਼ਾਂ ਨਾਲ਼ ਲੱਗਦੇ ਬਸੀਵੇਂ ’ਤੇ ਪਹੁੰਚ ਜਾਂਦੀਆਂ। ਓਥੇ ਮੱਲੇ ਹੋਏ ਘਾਹ-ਫੂਸ ਵਿਚ ਦੋਵੇਂ ਚੀਜ਼ਾਂ ਉਲੱਦ ਕੇ ਆਖਦੀਆਂ, “ਹੇ ਗੂਗਾ ਪੀਰ ! ਆਪਣੀ ਸੱਪਾਂ ਦੀ ਪਰਜਾ ਏਥੇ ਹੀ ਰੱਖ। ਸਾਡੇ ਘਰ ਨਾ ਭੇਜੀਂ।”
ਬਾਪੂ ਜੀ ਤੇ ਪਿੰਡ ਦੇ ਚਾਰ ਕੁ ਬੰਦੇ ਗੂਗਾ-ਪੂਜਾ ਦੇ ਵਿਰੋਧੀ ਸਨ। ਇਕ ਵੇਰਾਂ ਸਵੇਰੇ-ਸਵੇਰੇ ਸਾਡੇ ਘਰ ਸੱਪ ਨਿੱਕਲ਼ ਆਇਆ। ਘਰ ਵਿਚ ਮੈ ਤੇ ਬੀਬੀ ਹੀ ਸਾਂ। ਅਸੀਂ ਦਹਿਲ ਗਏ। ਬੀਬੀ ਮੈਨੂੰ ਕਹਿੰਦੀ, “ਜਾਹ ਪਿਆਰਾ ਸੁੰਹ ਨੂੰ ਬੁਲਾ ਲਿਆ।” ਉਹ ਖੇਤੀ ਨਹੀਂ ਸੀ ਕਰਦਾ। ਘਰ ਹੀ ਹੁੰਦਾ ਸੀ। ਮੈਂ ਦੌੜ ਕੇ ਗਿਆ ਪਰ ਉਸ ਵਕਤ ਉਹ ਘਰ ਨਹੀਂ ਸੀ। ਮੈਂ ਮੁੜ ਕੇ ਆਇਆ ਤਾਂ ਬੀਬੀ ਨੇ ਉਤਸੁਕਤਾ ਨਾਲ਼ ਪੁੱਛਿਆ, “ਆਉਂਦੈ?” “ਉਹ ਘਰ ਨ੍ਹੀਂ।” ਮੇਰੇ ਬੋਲ ਸੁਣ ਕੇ ਬੀਬੀ ਨਿਰਾਸ਼ ਹੋ ਗਈ ਪਰ ਦੋ ਕੁ ਪਲਾਂ ਬਾਅਦ ਉਹਦੇ ’ਚ ਪਤਾ ਨਹੀਂ ਕਿੱਧਰੋਂ ਹਿੰਮਤ ਆ ਗਈ। ਉਸਨੇ ਡਾਂਗ ਚੁੱਕ ਲਈ। ਏਨੇ ਨੂੰ ਸੱਪ ਦਲਾਨ ’ਚੋਂ ਨਿੱਕਲ ਕੇ ਚੌਂਕੇ ’ਚ ਜਾ ਵੜਿਆ। ਬੀਬੀ ਦੀ ਡਾਂਗ ਸਿੱਧੀ ਸੱਪ ਦੀ ਸਿਰੀ ’ਤੇ ਵੱਜੀ। ਪੈਂਦੀ ਸੱਟੇ ਉਸ ਨੇ ਤਿੰਨ-ਚਾਰ ਵਾਰੀ ਡਾਂਗ ਵਰ੍ਹਾ ਦਿੱਤੀ। ਸੱਪ ਮਰ ਗਿਆ। ਪਿੰਡ ਵਿਚ ਬੀਬੀ ਦੇ ਹੌਸਲੇ ਦੀ ਪ੍ਰਸ਼ੰਸਾ ਕਰਨ ਵਾਲ਼ੇ ਵੀ ਸਨ ਤੇ ਸਾਡੇ ਟੱਬਰ ਨੂੰ ਦੋਸ਼ ਜਿਹਾ ਦੇਣ ਵਾਲ਼ੇ ਵੀ— ਜਦ ਗੂਗਾ ਨਹੀਂ ਪੂਜਣਾ ਤਾਂ ਸੱਪਾਂ ਨੇ ਘਰ ’ਚ ਆਉਣਾ ਹੀ ਆਉਣਾ… ਦੇਖ ਲਓ ਗਿਆ ਵੀ ਚੁੱਲ੍ਹੇ ਵੱਲ ਨੂੰ ਸੇਵੀਆਂ ਦੀ ਮਹਿਕ ਲੈਣ।”
ਪਿੰਡ ’ਚ ਹਰ ਚਾਰ-ਪੰਜ ਸਾਲ ਬਾਅਦ ਬਾਜ਼ੀ ਪੈਂਦੀ ਸੀ। ਲਾਗਲੇ ਪਿੰਡ ਬਾਦੋਵਾਲ ’ਚ ਬਾਜ਼ੀਗਰਾਂ ਦੇ ਕੁਝ ਘਰ ਸਨ। ਉਹ ਸਾਡੇ ਪਿੰਡਾਂ ’ਚੋਂ ਦਾਣਿਆਂ ਤੇ ਪੈਸਿਆਂ ਦੀ ਉਗਰਾਹੀ ਕਰਕੇ ਬਾਜ਼ੀ ਦਾ ਪ੍ਰੋਗਰਾਮ ਵਿੱਢ ਲੈਂਦੇ। ਨੌਜਵਾਨ ਬਾਜ਼ੀਗਰ ਲੱਕ ਨੂੰ ਘੁੰਗਰੂ ਬੰਨ੍ਹ ਕੇ ਮੈਦਾਨ ’ਚ ਨਿੱਤਰਦੇ। ਪਹਿਲਾਂ ਉਹ ਢੋਲ ਦੀ ਤਾਲ ’ਤੇ ਆਪਸੀ ਮੁਕਾਬਲੇ ਵਿਚ ਇਕ-ਦੂਜੇ ਤੋਂ ਵੱਧ ਕੇ ਉੱਚੀਆਂ-ਲੰਮੀਆਂ ਛਾਲਾਂ ਮਾਰਦੇ ਤੇ ਫਿਰ ਤ੍ਰੇਟੀਆਂ ਛਾਲਾਂ ਲੱਗਦੀਆਂ। ਜ਼ਮੀਨ ਦੇ ਲੈਵਲ ਤੋਂ ਲੇਦਵੇਂ ਰੁਖ ਮਿੱਟੀ ਦਾ ਮਜ਼ਬਤੂ ਰੈਂਪ ਬਣਾ ਕੇ ਉਸਦੇ ਸਿਖਰ ’ਤੇ ਲਚਕਦਾਰ ਫੱਟਾ ਬੀੜਿਆ ਹੁੰਦਾ ਸੀ। ਖਿਡਾਰੀ ਦੂਰੋਂ ਜ਼ਮੀਨ ’ਤੇ ਦੌੜ ਕੇ ਰੈਂਪ ’ਤੇ ਚੜ੍ਹਦੇ ਅਤੇ ਲਚਕਦਾਰ ਫੱਟੇ ’ਤੇ ਜੰਪ ਲੈ ਕੇ ਉਤਾਂਹ ਨੂੰ ਉੱਲਰ ਜਾਂਦੇ ਤੇ ਹਵਾ ਵਿਚ ਬੰਦਬਾਜ਼ੀ ਜਾਂ ਪਲ਼ਸੇਟਾ ਮਾਰ ਕੇ ਪੂਰੇ ਸੰਤੁਲਨ ਨਾਲ਼ ਜ਼ਮੀਨ ’ਤੇ ਆ ਖੜ੍ਹਦੇ। ਮੇਰੇ ਪਿੰਡ ਵਾਂਗ, ਬਾਜ਼ੀ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਪੈਂਦੀ ਸੀ। ਲੋਕ ਬੜੇ ਸ਼ੌਕ ਨਾਲ਼ ਦੇਖਦੇ ਸਨ।
ਹੁਣ ਜਦੋਂ ਮੈਂ ਉਲੰਪਿਕ ਤੇ ਹੋਰ ਕੌਮਾਂਤਰੀ ਖੇਡਾਂ ਵਿਚ ਜਿਮਨਾਸਟਿਕ ਖਿਡਾਰੀਆਂ ਦੇ ਜੌਹਰ ਦੇਖਦਾ ਹਾਂ ਤਾਂ ਮੈਨੂੰ 60 ਸਾਲ ਪਹਿਲਾਂ ਦੀਆਂ ਬਾਜ਼ੀਗਰਾਂ ਦੀਆਂ ਬਾਕਮਾਲ ਕਲਾਬਾਜ਼ੀਆਂ ਯਾਦ ਆ ਜਾਂਦੀਆਂ ਹਨ। ਉਨ੍ਹਾਂ ਵਿਚ ਵਧੀਆ ਜਿਮਨਾਸਟਿਕ ਖਿਡਾਰੀ ਬਣਨ ਦੀਆਂ ਭਰਪੂਰ ਸੰਭਾਵਨਾਵਾਂ ਸਨ। ਪਰ ਸਰਕਾਰਾਂ ਨੇ ਬਾਜ਼ੀ-ਕਲਾ ਨੂੰ ਵਿਕਸਤ ਕਰਨ ਜਾਂ ਹੋਣਹਾਰ ਬਾਜ਼ੀਗਰ ਜਵਾਨਾਂ ਨੂੰ ਮੌਕੇ ਦੇਣ ਦਾ ਕੋਈ ਉਪਰਾਲਾ ਨਾ ਕੀਤਾ। ਲੋਕ ਹਿਤਾਂ ਨੂੰ ਵਿਸਾਰ ਕੇ ਆਪਣੇ ਹਿੱਤ ਪਾਲਣ ਵਾਲ਼ੇ ਰਾਜਨੀਤਕਾਂ ਦੀਆਂ ਖਾਮੀਆਂ ਕਾਰਨ ਬਾਜ਼ੀ ਦੀ ਅਮੀਰ ਪਰੰਪਰਾ ਦਾ ਅੰਤ ਹੋ ਗਿਆ।
ਝਗੜੇ-ਝੇੜਿਆਂ ਦੇ ਨਿਪਟਾਰੇ
ਪਿੰਡ ਦੇ ਆਮ ਝਗੜੇ-ਝੇੜੇ ਪੰਚਾਇਤ ਵਿਚ ਹੀ ਨਿਪਟਾ ਦਿੱਤੇ ਜਾਂਦੇ। ਸਾਡੇ ਬਾਪੂ ਜੀ 27-28 ਸਾਲ ਦੀ ਉਮਰ ਤੋਂ ਲੈ ਕੇ ਆਪਣੇ ਆਖਰੀ ਸਮੇਂ ਤੱਕ ਪੰਚਾਇਤ ਦੇ ਮੈਂਬਰ ਰਹੇ। ਪਿੰਡ ਦੀ ਮੁਰੱਬੇਬੰਦੀ ਸਮੇਂ ਉਹ ‘ਮੁਰੱਬੇਬੰਦੀ ਕਮੇਟੀ’ ਦੇ ਮੀਤ ਪ੍ਰਧਾਨ ਸਨ।
ਪਿੰਡ ਵਾਲਿਆਂ ਦੋ ਵਾਰ ਉਨ੍ਹਾਂ ਨੂੰ ਸਰਪੰਚ ਵੀ ਬਣਾਉਣਾ ਚਾਹਿਆ ਪਰ ਉਨ੍ਹਾਂ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਨਾਂਹ ਕਰ ਦਿੱਤੀ ਸੀ। ਨੇਕ-ਨੀਤੀ ਤੇ ਸਾਫਗੋਈ ਕਰਕੇ ਉਨ੍ਹਾਂ ਦੀ ਪੁੱਛ ਸਰਪੰਚ ਨਾਲ਼ੋਂ ਘੱਟ ਨਹੀਂ ਸੀ। ਘਰੇਲੂ ਫੁੱਟ, ਬੰਨਿਆਂ ਦੇ ਰੱਟਿਆਂ, ਗਾਲ਼ੀ-ਗਲ਼ੋਚ ਤੇ ਡਾਂਗ-ਸੋਟੇ ਦੀਆਂ ਲੜਾਈਆਂ ਦੇ ਮਸਲੇ ਲੈ ਕੇ ਲੋਕੀਂ ਪਹਿਲਾਂ ਉਨ੍ਹਾਂ ਕੋਲ਼ ਹੀ ਆਉਂਦੇ। ਉਹ ਇਕ ਧਿਰ ਦੀ ਸੁਣ ਕੇ ਦੂਜੀ ਧਿਰ ਨੂੰ ਵੀ ਪੁੱਛਦੇ। ਜਦੋਂ ਮਸਲਾ ਪੰਚਾਇਤ ’ਚ ਜਾਂਦਾ ਤਾਂ ਨਿੱਖਰ ਕੇ ਆਪਣੀ ਰਾਇ ਦੱਸਦੇ। ਬਹੁਤੀ ਵਾਰ ਸਰਪੰਚ ਤੇ ਹੋਰ ਮੈਂਬਰ ਫੈਸਲਾ ਉਨ੍ਹਾਂ ’ਤੇ ਛੱਡ ਦਿੰਦੇ। ਉਹ ਜਿਸ ਧਿਰ ਦਾ ਵਾਧਾ ਹੁੰਦਾ ਉਸਨੂੰ ਮੁਆਫੀ ਮੰਗਣ ਤੇ ਹਰਜਾਨਾ ਭਰਨ ਲਈ ਆਖ ਕੇ ਮਾਮਲਾ ਨਿਪਟਾ ਦੇਂਦੇ। ਥਾਣਿਆਂ-ਕਚਿਹਰੀਆਂ ਦੇ ਚੱਕਰਾਂ ਤੋਂ ਬਚਣ ਦੀ ਸਲਾਹ ਦੇਂਦੇ। ਕਦੀ-ਕਦੀ ਕੋਈ ਧਿਰ ਆਪਣੀ ਹੈਂਕੜ ਜਾਂ ਕਿਸੇ ਦੀ ਚੁੱਕ ’ਚ ਆ ਕੇ ਅੜ ਵੀ ਜਾਂਦੀ ਪਰ ਆਮ ਤੌਰ ’ਤੇ ਰਾਜ਼ੀਨਾਮਾ ਹੋ ਜਾਂਦਾ। ਅਹਿਮ ਗੱਲ ਇਹ ਵੀ ਸੀ ਕਿ ਉਦੋਂ ਪਿੰਡਾਂ ਵਿਚ ਅੱਜ ਵਾਂਗ ਧੜੇਬੰਦੀਆਂ ਨਹੀਂ ਸੀ ਹੁੰਦੀਆਂ।
ਬਾਪੂ ਜੀ ਗੁਰਪੁਰਬਾਂ ਮੌਕੇ ਧਾਰਮਿਕ ਕਵਤਿਾਵਾਂ ਲਿਖ ਕੇ ਗੁਰਦਵਾਰੇ ਵਿਚ ਸੁਣਾਇਆ ਕਰਦੇ ਸਨ। ਪਿੰਡ ਅਤੇ ਇਲਾਕੇ ਦੇ ਲੋਕ ਉਨ੍ਹਾਂ ਨੂੰ ‘ਭਾਈ ਮਹਿੰਦਰ ਸਿੰਘ’ ਕਹਿ ਕੇ ਬੁਲਾਉਂਦੇ ਸਨ। ਉਹ ਜਾਤ-ਪਾਤ ਦੇ ਵਿਰੋਧੀ ਸਨ।
ਸਿਆਣੀ ਉਮਰ ਦਾ ਨੰਦ ਸਿੰਘ ਜੁਲਾਹਾ ਉਨ੍ਹਾਂ ਨਾਲ਼ ਖੇਤੀ ਦਾ ਕੰਮ ਕਰਵਾਉਂਦਾ ਸੀ। ਪਰ ਸਾਡੇ ਲਈ ਉਹ ਕਾਮਾ ਨਹੀਂ ਪਰਿਵਾਰ ਦਾ ਮੈਂਬਰ ਸੀ। ਅਸੀਂ ਭੈਣ-ਭਰਾ ਉਸਨੂੰ ਬਾਬਾ ਕਹਿ ਕੇ ਬੁਲਾਉਂਦੇ ਸਾਂ। ਉਦੋਂ ਖੇਤਾਂ ’ਚ ਕੰਮ ਕਰਨ ਆਉਂਦੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਆਪਣਾ ਕੌਲੀ-ਗਲਾਸ ਨਾਲ਼ ਲਿਆਉਣਾ ਪੈਂਦਾ ਸੀ। ਪਰ ਬਾਪੂ ਜੀ ਇਸ ਕੁਰੀਤ ਦੇ ਵਿਰੋਧੀ ਸਨ। ਸਾਡੇ ਖੇਤਾਂ ਵਿਚ ਆਉਂਦੇ ਕਾਮਿਆਂ ਨੂੰ, ਅਸੀਂ ਆਪਣੇ ਭਾਂਡਿਆਂ ’ਚ ਰੋਟੀ ਖੁਆਉਂਦੇ ਸਾਂ। ਕੁਝ ਜਾਤ ਅਭਿਮਾਨੀ ਜੱਟ ਬਾਪੂ ਜੀ ਦੀ ਨੁਕਤਾਚੀਨੀ ਕਰਦੇ। ਪਰ ਜਦੋਂ ਬਾਪੂ ਜੀ ਗੁਰਬਾਣੀ ਦੇ ਹਵਾਲਿਆਂ ਰਹੀਂ ਊਚ-ਨੀਚ ਨੂੰ ਗਲਤ ਕਰਾਰ ਦੇਂਦੇ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਾ ਔੜਦਾ।
ਜੈਤੋਂ ਮੋਰਚੇ ਦੇ ਸਹਿਭਾਗੀ
ਗੁਰਦਵਾਰਾ ਸੁਧਾਰ ਲਹਿਰ ਸਮੇਂ ਬਾਪੂ ਜੀ ਤੋਂ ਪਹਿਲੀ ਪੀੜ੍ਹੀ ਦਾ ਟਕਸਾਲੀ ਸਿੱਖ ਦਲੀਪ ਸਿੰਘ ਕੁਝ ਕੁ ਵਾਰ ਮੋਰਚਿਆਂ ਵਿਚ ਗਿਆ ਸੀ। ਉਸ ਤੋਂ ਪ੍ਰੇਰਿਤ ਹੋ ਕੇ ਬਾਪੂ ਜੀ, ਸ਼ਰੀਕੇ ’ਚੋਂ ਸਾਡੇ ਤਾਇਆ ਜੀ ਅਮਰ ਸਿੰਘ ਤੇ ਗੰਡਾ ਸਿੰਘ ਜੈਤੋਂ ਮੋਰਚੇ ਵਿਚ ਗਏ। ਬਾਪੂ ਜੀ ਤੇ ਗੰਡਾ ਸਿੰਘ ਨਾਬਾਲਗ ਹੋਣ ਕਰਕੇ ਪੁਲਿਸ ਦੇ ਤਸ਼ੱਦਦ ਤੋਂ ਬਚ ਗਏ ਤੇ ਉਨ੍ਹਾਂ ਨੂੰ ਰਿਹਾਅ ਵੀ ਛੇਤੀ ਕਰ ਦਿੱਤਾ ਗਿਆ। ਪਰ ਸਵਾ ਛੇ ਫੁੱਟ ਲੰਮੇ ਭਰ ਜਵਾਨ ਅਮਰ ਸਿੰਘ ’ਤੇ ਬਹੁਤ ਤਸ਼ੱਦਦ ਹੋਇਆ। ਬਾਪੂ ਜੀ ਦੱਸਦੇ ਹੁੰਦੇ ਸਨ ਕਿ ਕਿ ਜਦੋਂ ਉਹ ਸਜ਼ਾ ਕੱਟ ਕੇ ਆਇਆ ਤਾਂ ਕਈ ਮਹੀਨੇ ਉਸਨੂੰ ਪੱਬਾਂ ਭਾਰ ਹੀ ਤੁਰਨਾ ਪਿਆ । ਅੱਡੀਆਂ ਜ਼ਮੀਨ ’ਤੇ ਲੱਗਣ ਨਾਲ਼ ਉਸਦੀਆਂ ਲੱਤਾਂ ਵਿਚ ਚੀਸਾਂ ਪੈਣ ਲੱਗ ਜਾਂਦੀਆਂ ਸਨ। ਗੰਡਾ ਸਿੰਘ ਅਫਰੀਕਾ ਚਲਾ ਗਿਆ ਸੀ। ਅਮਰ ਸਿੰਘ ਹੁਰਾਂ ਦੇ ਘਰ ਵਿਚ ਗਰੀਬੀ ਬਹੁਤ ਸੀ। ਦੁਖੀ ਹੋ ਕੇ ਉਹ ਪਿੰਡੋਂ ਨਿਕਲ਼ ਗਿਆ। ਘੁੰਮਦਾ-ਘੁਮਾਉਂਦਾ ਪਟਨਾ ਸਾਹਿਬ ਜਾ ਟਿਕਿਆ। ਟਰੱਕ ਡਰਾਈਵਰ ਬਣ ਕੇ ਕਰੜੀ ਮਿਹਨਤ ਕੀਤੀ। ਪਹਿਲਾਂ ਦੋ ਟਰੱਕ ਲਏ ਤੇ ਫਿਰ ਹੌਲੀ-ਹੌਲੀ ਵੱਡਾ ਟਰਾਂਸਪੋਰਟਰ ਬਣ ਗਿਆ। ਉਹ ਕੁਝ ਸਾਲ ਪਟਨਾ ਸਾਹਿਬ ਦੇ ਮੁੱਖ ਗੁਰਦੁਆਰੇ ‘ਹਰਿਮੰਦਰ ਸਾਹਿਬ’ ਦਾ ਪ੍ਰਧਾਨ ਵੀ ਰਿਹਾ। ਬਾਪੂ ਜੀ ਨਾਲ਼ ਉਸਦਾ ਬਹੁਤ ਪਿਆਰ ਸੀ ਜੋ ਆਖਰੀ ਸਮੇਂ ਤੱਕ ਨਿਭਿਆ।
ਉਦੋਂ ਸਾਡੇ ਪਿੰਡ ਦੋ ਗੁਰਦਵਾਰੇ ਸਨ। ਇਕ ਪਿੰਡ ’ਚ ਤੇ ਦੂਜਾ ਪਿੰਡੋਂ ਬਾਹਰ। ਬਾਹਰਲੇ ਗੁਰਦਵਾਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਲੋਕਾਂ ਨੂੰ ੳਪਦੇਸ਼ ਦੇਣ ਲਈ ਉਨ੍ਹਾਂ ਆਪਣੀ ਬਾਣੀ ਰਚੀ ਹੋਈ ਹੈ। ਡੇਰੇ ਦੇ ਮੋਢੀ ਸੰਤ ਈਸ਼ਰ ਦਾਸ ਗੁਰਦਵਾਰੇ ਵਾਲ਼ੀ ਥਾਂ ’ਤੇ ਕੁੱਲੀ ’ਚ ਭਗਤੀ ਕਰਦੇ ਸਨ। ਗੁਰਦਵਾਰੇ ਦੇ ਮੌਜੂਦਾ ਜਾਂ-ਨਸ਼ੀਨ ਸੰਤ ਦਾਸ ਵੱਲੋਂ ਪਿੰਡ ਦੇ ਉਸਾਰੂ ਕੰਮਾਂ ’ਚ ਪਾਇਆ ਵੱਡਾ ਯੋਗਦਾਨ ਸ਼ਲਾਘਾਯੋਗ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਣ ਕਰਕੇ ਸਾਡੇ ਪਰਿਵਾਰ ਸਮੇਤ ਪਿੰਡ ਦੇ ਕਈ ਪਰਿਵਾਰ ਉਸ ਗੁਰਦਵਾਰੇ ਨਹੀਂ ਜਾਂਦੇ ਸਨ।
ਪਿੰਡ ਵਿਚਲਾ ਗੁਰਦਵਾਰਾ ਬਾਬਾ ਰੂਪ ਦੇਵ ਜੀ ਦਾ ਹੈ। ਬਾਬਾ ਜੀ ਉੱਚੇ- ਸੁੱਚੇ ਜੀਵਨ ਵਾਲ਼ੇ ਭਗਤ ਸਨ। ਅਗਾਂਹ ਉਨ੍ਹਾਂ ਦੇ ਵੰਸ਼ ਵਿੱਚੋਂ ਤਿੰਨ ਪਰਿਵਾਰ ਸਨ। ਵੰਸ਼ ਦੇ ਸਾਡੇ ਸਮੇਂ ਦੇ ਜਾਂਨਸ਼ੀਨ ਦਾ ਨਾਂ ਸੰਤ ਬਾਵਾ ਸਿੰਘ ਸੀ। ਉਸਨੂੰ ਗੁਰ-ਇਤਿਹਾਸ ਤੇ ਗੁਰਬਾਣੀ ਬਾਰੇ ਕਾਫੀ ਗਿਆਨ ਸੀ। ਪਰ ਉਸਨੇ ਅਤੇ ਵੰਸ਼ ਦੇ ਦੂਜੇ ਪਰਵਿਾਰਾਂ ਨੇ ਬਾਬਾ ਜੀ ਦੇ ਜੀਵਨ ਨਾਲ਼ ਜੋ ਕਥਾ ਜੋੜੀ ਹੋਈ ਸੀ, ਉਹ ਇਤਿਹਾਸਕ ਨਹੀਂ ਸੀ। ਕਥਾ ਇਹ ਸੀ ਕਿ ਇਕ ਵਾਰ ਅਚਾਨਕ ਹੀ ਬਾਬਾ ਰੂਪ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ਼ ਮੁਲਾਕਾਤ ਹੋ ਗਈ। ਉਪਰੰਤ ਗੁਰੂ ਸਾਹਬਿ ਬਾਬਾ ਜੀ ਦੇ ਘਰ ਆਏ ਸਨ। ਦਲੀਪ ਸਿੰਘ ਨੇ ਇਸ ਕਥਾ ਨੂੰ ਚੁਣੌਤੀ ਦੇਂਦਿਆਂ ਵੰਸ਼ ਵਾਲ਼ਿਆਂ ਨੂੰ ਠੋਸ ਸਬੂਤ ਪੇਸ਼ ਕਰਨ ਲਈ ਕਿਹਾ। ਪਰ ਕਥਾ ਮਨਘੜਤ ਸੀ, ਉਹ ਸਬੂਤ ਪੇਸ਼ ਨਾ ਕਰ ਸਕੇ। ਗੁਰੂ ਸਾਹਿਬ ਪੰਜਾਬ ਵਿਚ ਜਿਹੜੀਆਂ ਥਾਵਾਂ ’ਤੇ ਗਏ ਸਨ ਉਨ੍ਹਾਂ ਵਿਚ ਸਾਡੇ ਪਿੰਡ ਦਾ ਨਾਂ ਕਿਤੇ ਵੀ ਦਰਜ ਨਹੀਂ। ਅਨਪੜ੍ਹਤਾ ਕਾਰਨ ਪਿੰਡ ਦੇ ਕਾਫੀ ਲੋਕ ਉਸ ਕਥਾ ਨੂੰ ਸਹੀ ਮੰਨੀ ਜਾਂਦੇ ਸਨ। ਪਰ ਦਲੀਪ ਸਿੰਘ ਵਾਂਗ ਬਾਪੂ ਜੀ, ਹਜਾਰਾ ਸਿੰਘ, ਨਿਧਾਨ ਸਿੰਘ, ਮਲਕੀਅਤ ਸਿੰਘ, ਸੰਤਾ ਸਿੰਘ, ਹੌਲਦਾਰ ਨੰਦ ਸਿੰਘ ਤੇ ਪਿੰਡ ਦੇ ਹੋਰ ਸੂਝਵਾਨ ਬੰਦੇ ਇਸ ਕਥਾ ’ਤੇ ਕਿੰਤੂ ਕਰਦੇ ਰਹੇ। ਉੁਨ੍ਹਾਂ ਦਾ ਕਿੰਤੂ ਗੁਰਦਵਾਰੇ ਦੀ ਮਰਯਾਦਾ ’ਤੇ ਵੀ ਸੀ— ਗੁਰਦਵਾਰੇ ’ਚ ਬਾਬਾ ਰੂਪ ਦੇਵ ਜੀ ਦਾ ਮਠ ਬਣਿਆ ਹੋਇਆ ਹੈ। ੳਨ੍ਹਾਂ ਦੇ ਵੰਸ਼ ਵਲੋਂ ਚਲਾਈ ਰੀਤ ਅਨੁਸਾਰ ਲੋਕ ਪਹਿਲਾਂ ਮਠ ਨੂੰ ਮੱਥਾ ਟੇਕਦੇ ਸਨ ਤੇ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਨੂੰ। ਅਰਦਾਸ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਨ ਦੀ ਬਜਾਇ ਮਠ ਮੂਹਰੇ ਖਲੋ ਕੇ ਕੀਤੀ ਜਾਂਦੀ ਸੀ। ਇਹ ਮਰਯਾਦਾ ਸਿੱਖੀ ਸਿਧਾਂਤਾਂ ਦੀ ਉਲੰਘਣਾ ਸੀ। ਬਾਪੂ ਜੀ ਤੇ ਉਨ੍ਹਾਂ ਦੇ ਹਮਖਿਆਲੀ ਜਦੋਂ ਬਾਵਾ ਸਿੰਘ ਨੂੰ ਮਰਯਾਦਾ ਠੀਕ ਕਰਨ ਲਈ ਕਹਿੰਦੇ, ਉਹ ਆਖ ਦੇਂਦਾ ਕਿ ਗੁਰਦਵਾਰਾ ਪਿੰਡ ਦਾ ਨਹੀਂ ਉਨ੍ਹਾਂ ਦੇ ਵੰਸ਼ ਦਾ ਹੈ। ਇਸ ਦੀ ਮਰਯਾਦਾ ਵਿਚ ਲੋਕਾਂ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਬਾਬਾ ਜੀ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਲਾਹ ਕਰਕੇ ਸੰਗਰਾਂਦਾਂ ਤੇ ਗੁਰਪੁਰਬ ਜੰਜਘਰ ’ਚ ਮਨਾਉਣੇ ਸ਼ੁਰੂ ਕਰ ਦਿੱਤੇ।
ਮੇਰੀ ਪੜ੍ਹਾਈ
ਚਾਰ ਜਮਾਤਾਂ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਪਾਸ ਕੀਤੀਆਂ। ਮੁੱਖ ਅਧਿਆਪਕ ਦਾ ਨਾਂ ਚਰੰਜੀ ਲਾਲ ਸੀ। ਉਸਦਾ ਪਿੰਡ ਤਾਂ ਕੋਈ ਹੋਰ ਸੀ ਪਰ ਉਹ ਪੱਕੇ ਤੌਰ ’ਤੇ ਮੇਘੋਵਾਲ-ਨਿਵਾਸੀ ਬਣ ਗਿਆ। ਉਸਦੀ ਸਾਰੀ ਨੌਕਰੀ ਸਾਡੇ ਸਕੂਲ ’ਚ ਹੀ ਪੂਰੀ ਹੋਈ। ਉਹ ਪੜ੍ਹਾਉਂਦਾ ਤਾਂ ਵਧੀਆ ਸੀ ਪਰ ਕੁੱਟਦਾ ਹੁੰਦਾ ਸੀ। ਅਸੀਂ ਤੱਪੜਾਂ ’ਤੇ ਬੈਠ ਕੇ ਪੜ੍ਹਦੇ ਸਾਂ। ਲਿਖਣ ਵਾਸਤੇ ਲੱਕੜੀ ਦੀ ਫੱਟੀ, ਕਾਨੇ ਦੀ ਕਲਮ ਤੇ ਘੋਲ਼ ਕੇ ਬਣਾਈ ਸਿਆਹੀ ਦੀ ਦਵਾਤ ਹੁੰਦੀ ਸੀ। ਲਿਖਿਆ ਹੋਇਆ ਮਾਸਟਰ ਨੂੰ ਦਿਖਾਉਣ ਬਾਅਦ ਫੱਟੀ ਧੋ ਕੇ ਗਾਚਣੀ ਮਲ਼ ਲਈਦੀ ਸੀ। ਗਾਚਣੀ ਲੱਗੀ ਫਟੀ ’ਤੇ ਅੱਖਰ ਬਹੁਤ ਸੁਹਣੇ ਉੱਘੜਦੇ ਸਨ। ਹਿਸਾਬ ਦੇ ਸਵਾਲ ਹੱਲ ਕਰਨ ਲਈ ਸਲੇਟਾਂ ਹੁੰਦੀਆਂ ਸਨ, ਲਿਖਿਆ ਸਲੇਟੀਆਂ ਨਾਲ਼ ਜਾਂਦਾ ਸੀ।
ਪਹਾੜੇ ਯਾਦ ਕਰਵਾਉਣ ਦਾ ਢੰਗ ਸਾਦਾ ਵੀ ਸੀ ਤੇ ਨਿਆਰਾ ਵੀ। ਕਲਾਸ ਦੇ ਦੋ ਗਰੁੱਪ ਬਣਾ ਕੇ ਆਹਮੋ-ਸਾਹਮਣੇ ਖੜ੍ਹਾ ਦਿੱਤੇ ਜਾਂਦੇ। ਇਕ ਗਰੁੱਪ ਦੇ ਸਾਰੇ ਬੱਚੇ ਉੱਚੀ ਦੇਣੀ ਉਚਾਰਦੇ, “ਇਕ ਦੂਣੀ ਦੂਣੀ, ਦੋ ਦੂਣੀ ਚਾਰ ਆ।” ਦੂਜੇ ਗਰੁੱਪ ਦੇ ਬੱਚੇ ਵੀ ਉਸੀ ਟੋਨ ’ਚ ਉਚਾਰਦੇ, “ਤਿੰਨ ਦੂਣੀ ਛੇ ਆ, ਚਾਰ ਦੂਣੀ ਅੱਠ ਆ।” ਇਸੇ ਅੰਦਾਜ਼ ਵਿਚ ਸੋਲਾਂ ਦੂਣੀ ਬੱਤੀ ਕਹਿ ਕੇ ਤੀਏ, ਚੌਕੇ, ਪਾਂਜੇ, ਛੀਕੇ ਤੇ ਅਗਲੇ ਪਹਾੜੇ ਉਚਾਰੇ ਜਾਂਦੇ।
ਸ਼ਬਦ-ਜੋੜਾਂ ਵਾਸਤੇ ਲਗਾਂ-ਮਾਤਰਾਂ ਦੀ ਸਹੀ ਵਰਤੋਂ ਸਿੱਖਣ ਲਈ ਇਸੇ ਢੰਗ ਨਾਲ਼ ਮੁਹਾਰਨੀ ਉਚਾਰੀ ਜਾਂਦੀ ਸੀ। ਕਲਾਸ ਦੇ ਦੋਵੇਂ ਗਰੁੱਪ ਸਹਿਗਾਨ ਵਾਂਗ ਵਾਰੋ-ਵਾਰੀ ਉਚਾਰਦੇ:
ਇਕ ਗਰੁੱਪ ਦੂਜਾ ਗਰੁੱਪ
ਸ ਮੁਕਤਾ ਸਾ ਕੰਨਾ ਸ ਸਿਹਾਰੀ ਸ ਬਿਹਾਰੀ
ਸੁ ਔਂਕੜ ਸੂ ਦੁਲੈਂਕੜ
ਸੇ ਲਾਵਾਂ ਸੈ ਦੁਲਾਈਆਂ
ਸੋ ਹੋੜਾ ਸੌ ਕਨੌੜਾ
ਸੰ ਟਿੱਪੀ ਸਾਂ ਬਿੰਦੀ
ਇਸੇ ਤਰ੍ਹਾਂ ‘ੜ’ ਤੱਕ ਸਾਰੇ ਅੱਖਰਾਂ ਦੀ ਮੁਹਾਰਨੀ ਉਚਾਰੀ ਜਾਂਦੀ
ਚੌਥੀ ਜਮਾਤ ਪਾਸ ਹੋਣ ਤੱਕ 2 ਤੋਂ 16 ਤੱਕ ਦੇ ਪਹਾੜੇ ਵਿਦਿਆਰਥੀਆਂ ਨੂੰ ਮੂੰਹ-ਜ਼ਬਾਨੀ ਯਾਦ ਹੋ ਜਾਂਦੇ ਸਨ ਤੇ ਲਗਾਂ-ਮਾਤਰਾਂ ਦੀ ਸਹੀ ਵਰਤੋਂ ਵੀ ਦਿਮਾਗ ’ਚ ਪੱਕੀ ਤਰ੍ਹਾਂ ਬੈਠ ਜਾਂਦੀ ਸੀ।
ਸੁਚੱਜੇ ਜੀਵਨ ਦੀ ਟਕਸਾਲ
ਪੰਜਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਮੈਂ ਟੀ. ਐਚ. ਐਮ (ਤੇਜਾ ਸਿੰਘ ਹਰਕਿਸ਼ਨ ਲਾਲ ਮੈਮੋਰੀਅਲ) ਹਾਈ ਸਕੂਲ ਨਸਰਾਲਾ ਤੋਂ ਕੀਤੀ। ਉਦੋਂ ਇਹ ਪ੍ਰਾਈਵੇਟ ਸਕੂਲ ਸੀ। ਬਾਅਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਿਆਂ। ਉਸ ਸਮੇਂ ਸਾਡੇ ਇਲਾਕੇ ਵਿਚ ਤਿੰਨ ਹਾਈ ਸਕੂਲ ਹੁੰਦੇ ਸਨ— ਸ਼ਾਮਚੁਰਾਸੀ, ਨਸਰਾਲਾ ਤੇ ਪੁਰ ਹੀਰਾਂ। ਨਸਰਾਲਾ ਸਕੂਲ ਵਿਚ ਛੋਟੇ-ਵੱਡੇ ਤਕਰੀਬਨ ਪੰਦਰਾਂ ਪਿੰਡਾਂ ਦੇ ਮੁੰਡੇ ਪੜ੍ਹਦੇ ਸਨ। ਕੁੜੀਆਂ ਵੀ ਸਨ ਪਰ ਬਹੁਤ ਥੋੜ੍ਹੀਆਂ। ਸਿੱਖਿਆ ਲਾਜ਼ਮੀ ਨਾ ਹੋਣ ਕਰਕੇ ਪਿੰਡਾ ਦੇ ਕਈ ਮੁੰਡੇ ਅਣਪੜ੍ਹ ਰਹਿ ਜਾਂਦੇ ਸਨ।
ਨਸਰਾਲਾ ਸਾਡੇ ਪਿੰਡੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਹੈ। ਮੈਂ ਟੁਰ ਕੇ ਜਾਂਦਾ ਤੇ ਟੁਰ ਕੇ ਆਉਂਦਾ। ਮੇਰੇ ਵਾਂਗ ਹੀ ਸਾਰੇ ਪਿੰਡਾਂ ਦੇ ਮੁੰਡੇ ਪੈਦਲ ਮਾਰਚ ਹੀ ਕਰਦੇ ਸਨ। ਸਾਈਕਲ ਕਿਸੇ-ਕਿਸੇ ਨੂੰ ਹੀ ਜੁੜਦਾ ਸੀ। ਇਹ ਸਕੂਲ ਹੁਸ਼ਿਆਰਪੁਰ ਤੋਂ 10 ਕਿੱਲੋਮੀਟਰ ਦੇ ਫਾਸਲੇ ’ਤੇ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਸਥਿੱਤ ਹੈ। ਸਕੂਲ ਦੇ ਗੇਟ ਨਾਲ਼ ਲਗਦੇ ਖੁੱਲ੍ਹੇ ਵਿਹੜੇ ਵਿਚ ਘਾਹ ਤੇ ਫੁੱਲਾਂ ਦੇ ਲਾਅਨ ਸਨ। ਸੱਜੇ-ਖੱਬੇ ਤੇ ਸਾਹਮਣੇ ਕਲਾਸ-ਰੂਮਾਂ ਦੀਆਂ ਕਤਾਰਾਂ ਯੂ (U) ਸ਼ਕਲ ਬਣਾਉਂਦੀਆਂ ਸਨ। ਸਵੇਰੇ ਪ੍ਰਾਰਥਨਾ ’ਚ ਤਿੰਨ ਵਿਦਿਆਰਥੀ ਗੁਰਬਾਣੀ ਦਾ ਕੋਈ ਸ਼ਬਦ ਉਚਾਰਦੇ ਸਨ। ਬਾਅਦ ’ਚ ਇਕ ਵਿਦਿਆਰਥੀ ਅਰਦਾਸ ਕਰਦਾ ਸੀ। ਅੰਗ੍ਰੇਜ਼ੀ ਦਾ ਮਜ਼ਮੂਨ ਪੰਜਵੀਂ ਜਮਾਤ ’ਚ ਸ਼ੁਰੂ ਹੋਇਆ। ਇਸਦਾ ਪੀਰੀਅਡ ਹੈਡਮਾਸਟਰ ਕੁੰਦਨ ਸਿੰਘ ਸੀਹਰਾ ਲਿਆ ਕਰਦਾ ਸੀ। ਬਲੈਕ ਬੋਰਡ ’ਤੇ ਚਾਕ ਨਾਲ਼ ਚਾਰ ਲਕੀਰਾਂ ਵਾਹ ਕੇ ਉਹ ਇਕ-ਇਕ ਅੱਖਰ ਨੂੰ ਸਹੀ ਤੇ ਸੁਥਰਾ ਲਿਖਣ ਦਾ ਢੰਗ ਦਰਸਾਉਂਦਾ। ਸੁਹਣਾ ਹੈਂਡਰਾਈਟਿੰਗ ਹੁੰਦਾ ਤਾਂ ਕੁਦਰਤੀ ਏ ਪਰ ਅੱਖਰਾਂ ਨੂੰ ਲਿਖਣ ਦੀ ਢੁਕਵੀਂ ਸਿਖਲਾਈ, ਹੈਂਡਰਾਈਟਿੰਗ ਨੂੰ ਜੇ ਸੁਹਣਾ ਨਹੀਂ, ਸੁਥਰਾ ਤਾਂ ਬਣਾ ਹੀ ਦਿੰਦੀ ਹੈ।
ਸ. ਕੁੰਦਨ ਸਿੰਘ ਸੀਹਰਾ B.SC B.T ਸੀ। ਉਸ ਨੂੰ ਆਪਣੇ ਕਿੱਤੇ ਨਾਲ਼ ਇਸ਼ਕ ਸੀ। ਉਹ ਲਗਨ, ਮਿਹਨਤ, ਸਚਾਈ ਤੇ ਈਮਾਨਦਾਰੀ ਦਾ ਮੁਜੱਸਮਾ ਸੀ। ਉਹ ਕਿਤਾਬੀ ਪੜ੍ਹਾਈ ਦੇ ਨਾਲ਼-ਨਾਲ਼ ਇਨ੍ਹਾਂ ਗੁਣਾਂ ਦੀਆਂ ਰਿਸ਼ਮਾਂ ਵੀ ਵਿਦਿਆਰਥੀਆਂ ਦੇ ਮਨਾਂ ਵਿਚ ਸੰਚਾਰਦਾ ਰਹਿੰਦਾ। ਉਸਨੇ ਇਸੇ ਸਕੂਲ ਵਿਚ ਸਾਇੰਸ ਅਧਿਆਪਕ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਉਦੋਂ ਸਕੂਲ ਦੀ ਪੜ੍ਹਾਈ ਦਾ ਪੱਧਰ ਠੀਕ ਨਹੀਂ ਸੀ। ਚਾਰ ਕੁ ਸਾਲ ਬਾਅਦ ਜਦੋਂ ਉਹ ਹੈਡਮਾਸਟਰ ਬਣਿਆਂ ਤਾਂ ਉਸਨੇ ਸਕੂਲ ਨੂੰ ਉੱਚਾ ਚੁੱਕਣ ਦਾ ਪ੍ਰਣ ਕਰ ਲਿਆ। ਸਾਰੇ ਅਧਿਆਪਕਾਂ ਨੂੰ ਸਹਿਯੋਗ ਲਈ ਪ੍ਰੇਰ ਕੇ ਉਸਨੇ ‘ਕਰੋ ਜਾਂ ਮਰੋ’ ਦਾ ਸੰਕਲਪ ਦ੍ਰਿੜ ਕਰਵਾ ਦਿੱਤਾ। ਜਿਹੜਾ ਅਧਿਆਪਕ ਲਗਨ ਨਾਲ਼ ਨਾ ਪੜ੍ਹਾਉਂਦਾ, ਉਸ ਦੀ ਉਹ ਛੁੱਟੀ ਕਰ ਦੇਂਦਾ। ਸਕੂਲ ਦੀ ਮੈਨੇਜਿੰਗ ਕਮੇਟੀ ਉਹਦੇ ਨਾਲ਼ ਸੀ।
ਮੇਰੇ ਉਸ ਸਕੂਲ ’ਚ ਦਾਖਲ ਹੋਣ ਸਮੇਂ ਸੀਹਰਾ ਸਾਹਿਬ ਦੀ ਅਗਵਾਈ ’ਚ ਸਕੂਲ ਤਰੱਕੀ ਦੀ ਲੀਹ ’ਤੇ ਪੈ ਚੁੱਕਾ ਸੀ। ਉਹ ਵਿਦਿਆਰਥੀਆਂ ਨੂੰ ਸਾਦਗੀ ’ਚ ਰਹਿਣ ਲਈ ਪ੍ਰੇਰਦਾ ਸੀ। ਉਹ ਆਖਦਾ ਹੁੰਦਾ ਸੀ, “ਤੁਹਾਡੇ ਮਾਪੇ ਕਰੜੀ ਮਿਹਨਤ ਕਰਕੇ ਘਰਾਂ ਦੇ ਗੁਜ਼ਾਰੇ ਚਲਾਉਂਦੇ ਹਨ। ਉਹ ਔਖੇ-ਸੌਖੇ ਤੁਹਾਡੀਆਂ ਫੀਸਾਂ ਤਾਂ ਤਾਰ ਸਕਦੇ ਨੇ, ਤੁਹਾਡੀਆਂ ਸ਼ਕੀਨੀਆਂ ਵਾਸਤੇ ਉਨ੍ਹਾਂ ਕੋਲ਼ ਪੈਸੇ ਹੈ ਨ੍ਹੀਂ। ਸੁਹਣੇ ਕੱਪੜੇ ਮੰਗ ਕੇ ਉਨ੍ਹਾਂ ਨੂੰ ਤੰਗ ਨਾ ਕਰੋ। ਖੱਦਰ ਦੇ ਕਮੀਜ਼-ਪਜਾਮੇ ਪਾ ਕੇ ਸਕੂਲ ਆਓ ਪਰ ਉਹ ਸਾਫ ਹੋਣੇ ਚਾਹੀਦੇ ਹਨ।”
ਮੈਂ ਖੱਦਰ ਦੇ ਚਿੱਟੇ ਜਾਂ ਰੰਗਦਾਰ ਕਮੀਜ਼-ਪਜਾਮੇ ਪਾ ਕੇ ਸਕੂਲ ਜਾਂਦਾ ਸਾਂ। ਕਿਸੇ-ਕਿਸੇ ਸਿਆਲ਼ ਸਵੈਟਰ ਵੀ ਨਹੀਂ ਸੀ ਜੁੜਦਾ। ਖੇਸੀ ਦੀ ਬੁੱਕਲ ਮਾਰ ਕੇ ਟੁਰ ਪੈਂਦਾ। ਸਕੂਲ ਅੰਦਰ ਵੜਨ ਤੋਂ ਪਹਿਲਾਂ ਖੇਸੀ ਦੀ ਤਹਿ ਲਾ ਕੇ ਬਸਤੇ ’ਚ ਪਾ ਲੈਣੀ ਅਤੇ ਵਾਪਸੀ ’ਤੇ ਫਿਰ ਬੁੱਕਲ ਮਾਰ ਲੈਣੀ।
ਉਦੋਂ ਗਾਈਡਾਂ/ਕੁੰਜੀਆਂ ਸ਼ੁਰੂ ਹੋ ਗਈਆਂ ਸਨ। ਹੈਡਮਾਸਟਰ ਨੇ ਵਿਦਿਆਰਥੀਆਂ ਨੂੰ ਖਬਰਦਾਰ ਕੀਤਾ ਹੋਇਆ ਸੀ, “ਜੇ ਕਿਸੇ ਨੇ ਗਾਈਡ ਦੀ ਵਰਤੋਂ ਕੀਤੀ, ਮੈਂ ਉਸ ਨੂੰ ਸਕੂਲੋਂ ਕੱਢ ਦਿਆਂਗਾ। ਜਿਹੜੀ ਚੀਜ਼ ਤੁਹਾਨੂੰ ਠੀਕ ਤਰ੍ਹਾਂ ਸਮਝ ਨਹੀਂ ਪੈਂਦੀ, ਉਸ ਬਾਰੇ ਆਪਣੇ ਟੀਚਰ ਨੂੰ ਪੁੱਛੋ, ਦੋ ਵਾਰ ਪੁੱਛੋ, ਤਿੰਨ ਵਾਰ ਪੁੱਛੋ।”
ਕੁਝ ਅਧਿਆਪਕ ਕੁੱਟਦੇ ਸਨ। ਸਕੂਲ ਦਾ ਸਭ ਤੋਂ ਪੁਰਾਣਾ ਅਧਿਆਪਕ ਗੰਗਾ ਸਿੰਘ ਸਾਨੂੰ ਛੇਵੀਂ ’ਚ ਹਿਸਾਬ ਪੜ੍ਹਾਉਂਦਾ ਸੀ। ਉਸਦੇ ਜੱਟਕੇ ਢੰਗ ਨਾਲ਼ ਸਮਝਾਏ ਹਿਸਾਬ ਦੇ ਤਰੀਕੇ ਸਾਨੂੰ ਸੌਖੇ ਸਮਝ ਆ ਜਾਂਦੇ। ਪਰ ਉਸਦੀਆਂ ਜੱਟਕੀ ਟਾਈਪ ਕੁਝ ਗੱਲਾਂ ਸਾਡੇ ਲਈ ਹਾਸੇ-ਠੱਠੇ ਦਾ ਮਸਾਲਾ ਬਣ ਜਾਂਦੀਆਂ। ਠੰਢ ਦੀ ਗੱਲ ਕਰਦਿਆਂ ਉਹ ਆਖਦਾ ਹੁੰਦਾ ਸੀ, “ਜਿਵੇਂ ਇਕ ਭਾਰੇ ਕੱਪੜੇ ਦੇ ਮੁਕਾਬਲੇ ਜੋੜੇ ਹੋਏ ਦੋ ਹਲਕੇ ਕੱਪੜਿਆਂ ਵਿਚ ਠੰਢ ਨਹੀਂ ਲਗਦੀ ਇਵੇਂ ਹੀ ਤੀਵੀਆਂ ਦੀ ਛਾਤੀ ਦੂਹਰੀ ਹੋਣ ਕਰਕੇ ਉਨ੍ਹਾਂ ਦੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਠੰਢ ਨਹੀਂ ਲਗਦੀ, ਜਦੋਂ ਕਿ ਮਰਦਾਂ ਨੂੰ ਲਗਦੀ ਹੈ ਤਦੇ ਹੀ ਤਾਂ ਉਨ੍ਹਾਂ ਦੀਆਂ ਬਾਹਾਂ ਛਾਤੀ ਨਾਲ਼ ਜੁੜ ਜਾਂਦੀਆਂ ਹਨ। ਉਹਦੇ ਪੀਰੀਅਡ ਤੋਂ ਬਾਅਦ ਮੇਰੇ ਮੂੰਹੋਂ ਨਿੱਕਲ਼ ਜਾਂਦਾ, “ਮੰਨ ਗਏ ਬਈ ਗੰਗਾਂ ਸਿਆਂ ਤੇਰੀ ਖੋਜ ਨੂੰ।” “ਇਹਨੂੰ ਸਾਇੰਸ ਮਾਸਟਰ ਬਣਾ ਦੇਣਾ ਚਾਹੀਦੈ।” ਮੇਰੇ ਨਾਲ਼ ਡੈਸਕ ’ਤੇ ਬੈਠਾ ਨਗਿੰਦਰ ਆਖਦਾ।
ਖੈਰ ਉਸਦੇ ਕੁੱਟਣ ਦੀ ਆਦਤ ਵੱਲ ਆਉਂਦੇ ਹਾਂ। ਉਹ ਛੋਟੀ ਗਲਤੀ ਤਾਂ ਮੁਆਫ ਕਰ ਦੇਂਦਾ ਪਰ ਜੇ ਸਾਰਾ ਸਵਾਲ ਗਲਤ ਹੁੰਦਾ ਤਾਂ ਉਸਦੇ ਡੰਡੇ ਦਾ ਵਾਰ ਸਹਿਣਾ ਪੈਂਦਾ ਸੀ। ਮੈਂ ਹਿਸਾਬ ’ਚ ਕੁਝ ਕਮਜ਼ੋਰ ਸਾਂ। ਕੁਝ ਕੁ ਵਾਰ ਮੈਨੂੰ ਵੀ ਕੁੱਟ ਖਾਣੀ ਪਈ। ਉਸਦੇ ਰਿਟਾਇਰ ਹੋਣ ’ਤੇ ਤਜਿੰਦਰ ਸਿੰਘ ਨਾਂ ਦਾ ਅਧਿਆਪਕ ਆਇਆ। ਉਸਦੇ ਹੱਥ ਵਿਚ ਤੂਤ ਦੀ ਪਤਲੀ ਛਿੱਟੀ ਹੁੰਦੀ ਸੀ। ਉਹ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਓਵਰਟਾਈਮ ਲਾਉਂਦਾ ਸੀ। ਜਦੋਂ ਕਦੀ ਲੇਟ ਹੋ ਜਾਣਾ ਤਾਂ ਉਹਨੇ ਆਖਣਾ, “ਆਓ ਜੀ, ਆਓ ਜੀ! ਪਹਿਲਾਂ ਚਾਹਟਾ ਛਕੋ”। ਫਿਰ ਵਿੰਗਾ ਜਿਹਾ ਮੂੰਹ ਬਣਾ ਕੇ ਜਦੋਂ ਛਿਟੀ ਹੱਥਾਂ ਤੇ ਮਾਰਨੀ ਤਾਂ ਇੰਜ ਲੱਗਣਾ ਜਿਵੇਂ ਹੱਥਾਂ ਤੇ ਧਮੋੜੀਆਂ ਲੜ ਰਹੀਆਂ ਹੋਣ।
ਹੈਡਮਾਸਟਰ ਪੜ੍ਹਾਈ ’ਚ ਉਣੇ ਵਿਦਿਆਰਥੀਆਂ ਦੇ ਤਾਂ ਇਕ-ਦੋ ਸੋਟੀਆਂ ਹੀ ਮਾਰਦਾ ਸੀ ਪਰ ਪੜ੍ਹਾਈ ਵੱਲੋਂ ਲਾਪਰਵਾਹ ਤੇ ਲੋਫਰ ਕਿਸਮ ਦੇ ਮੁੰਡਿਆਂ ਨੂੰ ਉਹ ਬਰਦਾਸ਼ਤ ਨਹੀਂ ਸੀ ਕਰਦਾ। ਅਜਿਹੇ ਵਿਦਿਆਰਥੀਆਂ ਨੂੰ ਉਹ ਪਹਿਲਾਂ ਦਫਤਰ ’ਚ ਸੱਦ ਕੇ ਸਮਝਾਉਣ ਦਾ ਯਤਨ ਕਰਦਾ। ਜੇਕਰ ਉਹ ਨਾ ਸੁਧਰਦਾ ਤਾਂ ਸਕੂਲੋਂ ਭਜਾ ਦਿੰਦਾ। ਉਹ ਕਹਿੰਦਾ ਹੁੰਦਾ ਸੀ, “ਇਹ ਸਕੂਲ ਲੋਫਰਾਂ-ਲਫੰਗਿਆਂ ਵਾਸਤੇ ਨਹੀਂ, ਦਿਲ ਲਾ ਕੇ ਪੜ੍ਹਨ ਵਾਲ਼ੇ ਵਿਦਿਆਰਥੀਆਂ ਲਈ ਹੈ। ਮੈਨੂੰ ਤੇ ਮੇਰੇ ਸਟਾਫ ਨੂੰ ਹੁਸ਼ਿਆਰ ਤੇ ਮਿਹਨਤੀ ਵਿਦਿਆਰਥੀਆਂ ’ਤੇ ਮਾਣ ਹੈ। ਉਨ੍ਹਾਂ ਨੇ ਇਸ ਸਕੂਲ ਦਾ ਨਾਂ ਉੱਚਾ ਕਰਨਾ ਹੈ। ਲਾਇਕ ਵਿਦਿਆਰਥੀਆਂ ਨੂੰ ਉਹ ਵਾਕਈ ਪਿਆਰ ਕਰਦਾ ਸੀ।
ਪੰਜਾਬੀ ਦੇ ਅਧਿਆਪਕ ਗਿਆਨੀ ਮੋਹਣ ਸਿੰਘ ਤੇ ਗਿਆਨੀ ਸੇਵਾ ਸਿੰਘ ਵਧੀਆ ਪੜ੍ਹਾਉਂਦੇ ਸਨ, ਖਾਸ ਕਰਕੇ ਮੋਹਣ ਸਿੰਘ ਦੇ ਪੀਰੀਅਡ ਵਿਚ ਮੈਨੂੰ ਕਦੇ ਉਕਤਾਹਟ ਨਹੀਂ ਸੀ ਹੋਈ। ਸੇਵਾ ਸਿੰਘ ਜ਼ਬਾਨ ਨਾਲ਼ ਤਾੜਦਾ ਸੀ ਤੇ ਮੋਹਣ ਸਿੰਘ ਚਪੇੜ ਨਾਲ਼ । ਉਹ ਸੰਬੰਧਿਤ ਵਿਦਾਅਰਥੀ ਨੂੰ ਪਹਿਲਾਂ ਮਖੌਲ ਜਿਹੇ ’ਚ ਉਲਝਾ ਲੈਂਦਾ ਤੇ ਫਿਰ ਅਛੋਪਲੇ ਜਿਹੇ ਚਪੇੜ ਜੜ ਦਿੰਦਾ। ਮੇਰੇ ਲਈ ਉਹਦੀ ਚਪੇੜ ਨਹੀਂ ਸ਼ਾਬਾਸ਼ ਹੁੰਦੀ ਸੀ। ਪੰਜਾਬੀ ਮੇਰਾ ਪਸੰਦੀਦਾ ਮਜ਼ਮੂਨ ਸੀ। ਹਰ ਇਮਤਿਹਾਨ ਵਿਚ ਪੰਜਾਬੀ ’ਚ ਮੇਰੀ ਫਸਟ ਡਵੀਜ਼ਨ ਹੁੰਦੀ ਸੀ। ਮੈਂ ਪਾਠਕ੍ਰਮ ਦੀਆਂ ਕਿਤਾਬਾਂ ਤੋਂ ਬਿਨਾਂ ਸਾਹਿਤ ਦੀਆਂ ਕਿਤਾਬਾਂ ਵੀ ਪੜ੍ਹਦਾ ਸਾਂ। ਪੜ੍ਹਨ ਦੀ ਚੇਟਕ ਮੈਨੂੰ ਬਾਬਾ ਜੀ ਦੀਆਂ ਕਿਤਾਬਾਂ ਤੋਂ ਲੱਗੀ। ਬਾਬਾ ਜੀ ਮੇਰੇ ਜਨਮ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਚਲੇ ਗਏ। ਪਰ ਉਨ੍ਹਾਂ ਦੀਆਂ ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦੀਆਂ ਕਿਤਾਬਾਂ ਘਰ ’ਚ ਪਈਆਂ ਸਨ। ਬਾਲ ਉਮਰੇ ਤਾਂ ਉਨ੍ਹਾਂ ਬਾਰੇ ਕੀ ਪਤਾ ਲਗਣਾ ਸੀ, ਮੈਂ ਸ਼ਾਇਦ ਸੱਤਵੀ ਜਾਂ ਅੱਠਵੀਂ ’ਚ ਸਾਂ ਜਦੋਂ ਉਹ ਪਹਿਲੀ ਵਾਰ ਪੜ੍ਹੀਆਂ ਤੇ ਆਪਣੀ ਸਮਝ ਅਨੁਸਾਰ ਉਨ੍ਹਾਂ ਵਿਚਲੇ ਸੁਹਜ ਨੂੰ ਮਾਣਿਆਂ। ਫਿਰ ਜਿਉਂ-ਜਿਉਂ ਉਨ੍ਹਾਂ ਦੇ ਡੂੰਘੇ ਅਰਥ ਸਮਝ ਆਉਂਦੇ ਗਏ, ਤਿਉਂ-ਤਿਉਂ ਉਨ੍ਹਾਂ ਕਿਤਾਬਾਂ ਸੰਗ ਵਧੇਰੇ ਜੁੜਦਾ ਗਿਆ। ਗਿਆਨੀ ਮੋਹਣ ਸਿੰਘ ਨੂੰ ਮੇਰੀ ਸਾਹਿਤ ਪੜ੍ਹਨ ਦੀ ਚੇਟਕ ਬਾਰੇ ਪਤਾ ਸੀ। ਸਕੂਲ ਦੀ ਛੋਟੀ ਜਿਹੀ ਲਾਇਬਰੇਰੀ ਦਾ ਇੰਚਾਰਜ ਉਹ ਸੀ। ਉਸ ਰਾਹੀਂ ਇਸ਼ੂ ਕਰਵਾ ਕੇ ਮੈਂ ਲਾਇਬਰੇਰੀ ਦੀਆਂ ਤਕਰੀਬਨ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ। ਉਨ੍ਹਾਂ ਵਿਚ ਨਾਨਕ ਸਿੰਘ ਦੇ ਨਾਵਲ ‘ਚਿੱਟਾ ਲਹੂ’ ਤੇ ਆਦਮਖੋਰ ਵੀ ਸਨ। ਦੋਵੇਂ ਨਾਵਲ ਮੈਂ ਬਹੁਤ ਨੀਝ ਨਾਲ਼ ਪੜ੍ਹੇ।
ਪੜ੍ਹਾਈ ਦੇ ਨਾਲ਼-ਨਾਲ਼ ਕਿਰਤ ਦੇ ਸਬਕ ਸਕੂਲੋਂ ਘਰ ਆਉਣ ’ਤੇ ਬਾਪੂ ਜੀ ਦੇ ਕਹੇ ਅਨੁਸਾਰ ਬੀਬੀ ਨੇ ਖੂਹ ਹਿੱਕਣ ਜਾਂ ਪੱਠੇ ਵੱਢਣ ਤੋਰ ਦੇਣਾ। ਆਮ ਕਿਸਾਨਾਂ ਵਾਂਗ ਪੱਠਿਆਂ ਦੀ ਭਰੀ ਸਿਰ ’ਤੇ ਚੁੱਕ ਕੇ ਲਿਆਉਂਦਾ ਸਾਂ। ਉਦੋਂ ਪੱਠੇ, ਹੱਥ ਨਾਲ਼ ਗੇੜਨ ਵਾਲ਼ੀ ਮਸ਼ੀਨ ਨਾਲ਼ ਕੁਤਰੇ ਜਾਂਦੇ ਸਨ। ਮੈਂ, ਬਾਪੂ ਜੀ ਤੇ ਵੱਡਾ ਭਰਾ ਤਿੰਨੇ ਰਲ਼ ਕੇ ਪੱਠੇ ਕੁਤਰਨ ਤੇ ਡੰਗਰਾਂ ਨੂੰ ਪਾਉਣ ਦਾ ਕੰਮ ਨਿਬੇੜਦੇ। ਸਕੂਲੋਂ ਮਿਲਿਆ ਕੰਮ ਰਾਤ ਨੂੰ ਲਾਲਟੈਣ ਦੀ ਲੋਅ ਵਿਚ ਕਰਦਾ ਸਾਂ।
ਛੁੱਟੀਆਂ ਦੌਰਾਨ ਤਾਂ ਸਾਰਾ-ਸਾਰਾ ਦਿਨ ਹੀ ਕੰਮ ਕਰਨਾ ਪੈਂਦਾ ਸੀ… ਹਲਟ ਹਿੱਕਣ ਦੀ ਇਕ ਵੱਖਰੀ ਜਿਹੀ ਗੱਲ ਚੇਤੇ ਆਈ ਹੈ। ਬਾਪੂ ਜੀ ਨੇ ਇਕ ਬਲਦ ਵੇਚ ਕੇ ਹੋਰ ਖਰੀਦ ਲਿਆ। ਗੋਰੇ ਰੰਗ ਦਾ ਸੋਹਣੀ ਸ਼ਕਲ ਵਾਲ਼ਾ ਪਰ ਉਹ ਵਗਣ ਨੂੰ ਕੁਸੋਹਣਾ ਨਿੱਕਲ਼ਿਆ। ਥੋੜ੍ਹਾ ਕੁ ਵਗ ਕੇ ਬਹਿ ਜਾਂਦਾ। ਪਰੈਣਾਂ ਮਾਰਨ ’ਤੇ ਵੀ ਨਾ ਉੱਠਦਾ। ਪਾਣੀ ਦੀ ਬਾਲਟੀ ਉਸ ਉੱਤੇ ਉਲੱਦਣੀ ਤਾਂ ਜਾ ਕੇ ਉੱਠਦਾ। ਖੂਹ ’ਤੇ ਜੋਤਿਆਂ ਜਦੋਂ ਉਹਨੇ ਬਹਿ ਜਾਣਾ ਤਾਂ ਮੈਂ ਨੱਕੇ ਮੋੜ ਰਹੇ ਨੰਦ ਸਿੰਘ ਨੂੰ ਆਵਾਜ਼ ਮਾਰਨੀ। ਉਹਨੇ ਆ ਕੇ ਚਲ਼੍ਹੇ ’ਚੋਂ ਪਾਣੀ ਦੀ ਬਾਲਟੀ ਭਰਨੀ, ਗੋਰੇ ’ਤੇ ਡੋਲ੍ਹਣੀ ਤੇ ਉਸਨੇ ਉੱਠ ਖੜ੍ਹਨਾ। ਖਿਝੇ ਹੋਏ ਨੰਦ ਸਿੰਘ ਨੇ ਆਖਣਾ, “ਓਏ ਨਿਕੰਮਿਆ ਚਲ਼੍ਹੇ ਦੇ ਲਾਗੇ ਜਾ ਕੇ ਮਰਿਆ ਕਰ।”
ਖੂਹ ’ਤੇ ਤਾਂ ਸਰ ਜਾਂਦਾ ਸੀ ਪਰ ਹਲ਼ ਵਾਹੁੰਦਿਆਂ ਸਮੱਸਿਆ ਬਣ ਜਾਂਦੀ ਖਾਸ ਕਰਕੇ ਜਦੋਂ ਬਾਪੂ ਜੀ ਬਰਾਨੀ ਜ਼ਮੀਨ ਵਾਹੁਣ ਗਏ ਹੁੰਦੇ। ਉਂਜ ਉਹ ਪਾਣੀ ਦੀ ਮਸ਼ਕ ਨਾਲ਼ ਲੈ ਕੇ ਜਾਂਦੇ ਸਨ। ਪਰ ਓਨੇ ਪਾਣੀ ਨਾਲ਼ ਗੋਰੇ ਨੂੰ ਦੋ ਕੁ ਵਾਰ ਹੀ ਉਠਾਇਆ ਜਾ ਸਕਦਾ ਸੀ। ਹੋਰ ਬਲਦ ਖਰੀਦਣ ਦੀ ਨੌਬਤ ਆ ਗਈ ਪਰ ਉਸ ਤੋਂ ਪਹਿਲਾਂ ਬਾਪੂ ਜੀ ਗੋਰੇ ਨੂੰ ਵੇਚਣਾ ਚਾਹੁੰਦੇ ਸਨ। ਇਕ ਦਿਨ ਇਕ ਗਾਹਕ ਆ ਗਿਆ। ਗੋਰੇ ਦੀ ਸ਼ਕਲ ਸੂਰਤ ਉਸ ਨੂੰ ਭਾਅ ਗਈ। ਉਸਨੇ ਮੁੱਲ ਪੁੱਛਿਆ। ਬਾਪੂ ਜੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ, ਕੋਲ਼ ਖੜ੍ਹਾ ਛੋਟਾ ਭਰਾ ਕੁਲਦੀਪ ਨਾਦਾਨੀ ’ਚ ਬੋਲ ਪਿਆ, “ਬਾਪੂ ਜੀ ! ਜਿਹੜਾ ਬਹਿ ਜਾਂਦਾ ਆ, ਉਹ ਵੇਚਣਾ।”
ਅਸਲੀਅਤ ਜ਼ਾਹਰ ਹੋ ਜਾਣ ’ਤੇ ਬਾਪੂ ਜੀ ਪਾਣੀਓਂ ਪਤਲੇ ਹੋ ਗਏ। ਦੁਰਾਡੇ ਪਿੰਡ ਦੇ ਜਿਸ ਬੰਦੇ ਕੋਲੋਂ ਉਨ੍ਹਾਂ ਖਰੀਦਿਆ ਸੀ, ਉਸਨੇ ਗੋਰੇ ਦੀਆਂ ਢੇਰ ਸਿਫਤਾਂ ਕੀਤੀਆਂ ਸਨ। ਉਸ ’ਤੇ ਵਿਸ਼ਵਾਸ ਕਰਦਿਆਂ ਬਾਪੂ ਜੀ ਨੇ ਉਸ ਬਲਦ ਨੂੰ ਜੋਤ ਕੇ ਨਹੀਂ ਸੀ ਵੇਖਿਆ। ਉਸਦੇ ਝੂਠ ਦਾ ਖਮਿਆਜਾ ਹੁਣ ਸਾਡੇ ਟੱਬਰ ਨੂੰ ਭੁਗਤਣਾ ਪੈ ਰਿਹਾ ਸੀ। ਤੰਗਦਸਤੀ ਦੇ ਉਨ੍ਹਾਂ ਦਿਨਾਂ ਵਿਚ ਗੋਰੇ ਨੂੰ ਖੁਰਲੀ ’ਤੇ ਹੀ ਖੜੇ ਨੂੰ ਪੱਠਾ-ਦਥਾ ਚਾਰਨਾ ਤੇ ਕੰਮ ਲਈ ਹੋਰ ਬਲਦ ਖਰੀਦਣਾ ਵੱਸ ਤੋਂ ਬਾਹਰ ਦੀ ਗੱਲ ਸੀ। ਉਦੋਂ ਤੱਕ ਬਾਪੂ ਜੀ ਨੇ ਕਦੀ ‘ਆਰ’ (ਤਿੱਖਾ ਸੂਆ) ਵਾਲ਼ੀ ਪਰੈਣ ਨਹੀਂ ਸੀ ਵਰਤੀ। ਪਰ ਹੁਣ ਮਜ਼ਬੂਰ ਹੋ ਕੇ ਉਨ੍ਹਾਂ ਨੇ ਪਰੈਣ ਨੂੰ ਆਰ ਲੁਆ ਲਈ। ਜਦੋਂ ਗੋਰੇ ਨੇ ਬਹਿਣਾ, ਉਨ੍ਹਾਂ ਉਹਦੇ ਪੁੜਿਆਂ ’ਤੇ ਆਰ ਚੋਭ ਦੇਣੀ। ਗੋਰੇ ਨੇ ਝੱਟ ਉੱਠ ਖੜ੍ਹਨਾ। ਸਮਾਂ ਪਾਕੇ ਆਰਾਂ ਤੋਂ ਡਰਦਾ ਗੋਰਾ ਬਹਿਣੋਂ ਹਟ ਗਿਆ। ਬਾਪੂ ਜੀ ਨੇ ਆਰ ਵਾਲ਼ੀ ਪਰੈਣ ਚੁਲ੍ਹੇ ’ਚ ਝੋਕ ਦਿੱਤੀ।
ਡੇਢ ਕੁ ਸਾਲ ਬਾਅਦ ਇਕ ਗਾਹਕ ਆ ਗਿਆ। ਗੋਰੇ ਦੀ ਸ਼ਕਲ-ਸੂਰਤ ਦੇਖ ਕੇ ਉਸਦਾ ਮੂਡ ਬਣ ਗਿਆ। ਬਾਪੂ ਜੀ ਕਹਿਣ ਲੱਗੇ, “ਬਈ ਜੋਤ ਕੇ ਤਸੱਲੀ ਕਰ ਲੈ।” ਖੂਹ ’ਤੇ ਜੋਤਿਆ ਗੋਰਾ ਠੀਕ ਵਗਿਆ। ਉਸ ਤੋਂ ਬਾਅਦ ਬਾਪੂ ਜੀ ਨੇ ਜਿਹੜਾ ਨਵਾਂ ਬਲਦ ਖਰੀਦਿਆ ਉਹ ਖੋਪੀਂ ਲੱਗਾ ਹੋਇਆ ਸੀ। ਉਸ ਨੂੰ ਉੱਪਰਲੇ ਪਾਸੇ ਜੋਤਦੇ ਸਾਂ। ਹਲਟ ’ਤੇ ਉਸਦੇ ਖੋਪੇ ਲਾ ਦੇਣੇ। ਉਹਨੇ ਰਵਾਂ-ਰਵੀਂ ਆਪ ਵੀ ਤੁਰੇ ਰਹਿਣਾ ਤੇ ਹੇਠਲੇ ਬਲਦ ਨੂੰ ਵੀ ਨਾਲ਼ ਤੋਰੀ ਰੱਖਣਾ। ਸਾਨੂੰ ਹਲਟ ਹਿੱਕਣ ਤੋਂ ਛੁੱਟੀ ਮਿਲ਼ ਗਈ। ਸਿਰਫ ਉਦੋਂ ਹੀ ਹਿੱਕਦੇ ਸਾਂ ਜਦੋਂ ਗਾਧੀ ’ਤੇ ਝੂਟੇ ਲੈਣੇ ਹੁੰਦੇ।
ਮੈਨੂੰ ਗੰਨੇ ਚੂਪਣ ਦਾ ਬਹੁਤ ਸ਼ੌਂਕ ਸੀ। ਛੇ-ਸੱਤ ਗੰਨੇ ਚੂਪਣੇ ਤਾਂ ਮੇਰੇ ਲਈ ਮਾਮੂਲੀ ਗੱਲ ਸੀ। ਮੈਂ ਗੰਨਿਆਂ ਦੇ ਛਿੱਲੜ ਨਹੀਂ ਸਾਂ ਲਾਹੁੰਦਾ। ਵੇਲਣੇ ’ਚ ਪੀੜਨ ਵਾਂਗ ਗੰਨਾ ਇਕ ਪਾਸਿਉਂ ਦੂਜੇ ਪਾਸੇ ਤੱਕ ਦਾੜ੍ਹਾਂ ਵਿੱਚੀਂ ਲੰਘਾ ਦਿੰਦਾ ਸਾਂ। ਉਦੋਂ ਗੰਨੇ ਅੱਜ ਵਰਗੇ ਸਖਤ ਨਹੀਂ ਕੂਲ਼ੇ ਹੁੰਦੇ ਸਨ।
ਕਮਾਦ ਪੀੜਨ ਵਾਲ਼ੇ ਵੇਲਣੇ ਬਲਦਾਂ ਨਾਲ਼ ਚਲਦੇ ਸਨ। ਵੇਲਣੇ ’ਤੇ ਕੰਮ ਕਰਵਾਉਣ ’ਚ ਬੜੀਆਂ ਮੌਜਾਂ ਸਨ— ਚੂਪਣ ਲਈ ਗੰਨੇ, ਪੀਣ ਲਈ ਰਹੁ, ਖਾਣ ਲਈ ਗਰਮ ਗਰਮ ਗੁੜ ਅਤੇ ‘ਚਾਂਡ’। ‘ਚਾਂਡ’ ਕੀ ਸੀ? ਕੜਾਹੇ ਵਿੱਚੋਂ ਪੱਤ (ਕੁੜ੍ਹਿਆ ਹੋਇਆ ਤਰਲ ਗੁੜ) ਗੰਡ ’ਚ ਪਾਉਣ ਸਮੇਂ ਡੇਢ-ਦੋ ਪਾਉ (ਤਿੰਨ-ਚਾਰ ਸੌ ਗਰਾਮ) ਕੜ੍ਹਿਆ ਗੁੜ ਕੜਾਹੇ ਵਿਚ ਹੀ ਛੱਡ ਦਿੱਤਾ ਜਾਂਦਾ ਸੀ। ਜਦੋਂ ਨਵੀਂ ਪੱਤ ਵਾਸਤੇ ਰਹੁ ਕੜਾਹੇ ’ਚ ਪਾਉਣੀ ਤਾਂ ਉਹ ਗੁੜ ‘ਚਾਂਡ’ ਬਣ ਜਾਂਦੀ ਸੀ, ਅਜੋਕੀ ਚਿੰਗਮ ਵਾਂਗ ਦੰਦਾਂ ਨੂੰ ਚੰਬੜਨ ਵਾਲ਼ੀ ਤੇ ਸਪੰਜੀ। ਉਸ ਨੂੰ ਮੂੰਹ ’ਚ ਰੱਖ ਕੇ ਚਿੰਗਮ ਵਾਂਗ ਚਗੋਲ਼ੀ ਜਾਣਾ ਤੇ ਨਾਲ਼ ਕੰਮ ਕਰੀ ਜਾਣਾ।
ਕੁਝ ਕਿਸਾਨ ਸਹਿਕਾਰੀ ਢੰਗ ਨਾਲ਼ ਕੰਮ ਕਰਨ ਵਾਂਗ ਰਲ਼-ਮਿਲ਼ ਕੇ ਕਮਾਦ ਪੀੜਦੇ ਸਨ। ਵਾਰੀ ਸਿਰ ਚਾਰ-ਪੰਜ ਦਿਨ ਪਹਿਲੇ ਕਿਸਾਨ ਦਾ ਕਮਾਦ ਪੀੜਦੇ, ਅਗਲੇ ਚਾਰ-ਪੰਜ ਦਿਨ ਦੂਜੇ ਦਾ ਤੇ ਅਗਲੇਰੇ ਚਾਰ-ਪੰਜ ਦਿਨ ਤੀਜੇ ਦਾ ਤੇ ਮੁੜ ਕੇ ਫਿਰ ਪਹਿਲੇ ਦੀ ਵਾਰੀ। ਬਾਪੂ ਜੀ ਨੇ ਕਈ ਵਾਰ ਗੁਰਦਿਆਲ ਸਿੰਘ ਤੇ ਸਰਵਣ ਸਿੰਘ ਨਾਲ਼ ਰਲ਼ ਕੇ ਇਹ ਕੰਮ ਨਿਬੇੜਿਆ। ਇਕੱਠੇ ਕੰਮ ਕਰਦਿਆਂ ਗੱਲਾਂ-ਬਾਤਾਂ ਵੀ ਚੱਲਦੀਆਂ ਰਹਿੰਦੀਆਂ। ਹਾਸੇ-ਠੱਠੇ ਦੇ ਮਾਹੌਲ ਵਿਚ ਕੰਮ ਜਿਵੇਂ ਆਪਣੇ ਆਪ ਹੀ ਹੋਈ ਜਾਂਦਾ। ਵੇਲਣੇ ’ਤੇ ਤਿੰਨਾਂ ਘਰਾਂ ਤੋਂ ਆਈ ਰੋਟੀ ਸਾਂਝੇ ਲੰਗਰ ਵਾਂਗ ਵਰਤਾਈ ਜਾਂਦੀ। ਐਨੇ ਜਣਿਆਂ ਨਾਲ਼ ਬਹਿ ਕੇ ਰੋਟੀ ਖਾਣ ਦਾ ਸੁਆਦ ਅਨੋਖਾ ਹੀ ਹੁੰਦਾ ਸੀ।
ਗੁਰਦਿਆਲ ਸਿੰਘ ਦਾ ਪੁੱਤ ਪਾਖਰ, ਸਰਵਣ ਤੇ ਮੇਰਾ ਵੱਡਾ ਭਰਾ ਬਖਸ਼ੀਸ਼ ਲੁਕ-ਛਿਪ ਕੇ ਆਪਣੀ ਸ਼ਰਾਬ ਕੱਢ ਲੈਂਦੇ। ਤੇ ਦਸੀਂ-ਪੰਦਰੀ ਦਿਨੀਂ ਛੇਲਾ ਖਰੀਦ ਕੇ ਝਟਕਾ ਲੈਂਦੇ। ਸਾਰਿਆਂ ਦੇ ਖਾਣ ਲਈ ਚੋਖਾ ਮੀਟ ਰੱਖ ਕੇ ਬਾਕੀ ਵੇਚ ਦੇਂਦੇ। ਛੇਲੇ ’ਤੇ ਖਰਚੇ ਪੈਸੇ, ਪੂਰੇ ਹੋ ਜਾਂਦੇ। ਵੇਲਣੇ ’ਤੇ ਹੀ ਵੱਡੇ ਸਾਰੇ ਪਤੀਲੇ ਵਿਚ ਮੀਟ ਰਿੰਨ੍ਹਿਆਂ ਜਾਂਦਾ। ਉਦੋਂ ਆਮ ਪਰਿਵਾਰਾਂ ਦੀਆਂ ਕੁੜੀਆਂ-ਬੁੜ੍ਹੀਆਂ ਨਾ ਮੀਟ ਖਾਂਦੀਆਂ ਤੇ ਨਾ ਹੀ ਬਣਾ ਕੇ ਦਿੰਦੀਆਂ ਸਨ। ਮਰਦਾਂ ਨੂੰ ਆਪ ਬਣਾਉਣਾ ਪੈਂਦਾ ਸੀ। ਉਹ ਰੋਟੀਆਂ ਪਕਾ ਕੇ ਦੇ ਦੇਂਦੀਆਂ। ਅਸੀਂ ਰੋਟੀਆਂ ਘਰਾਂ ਤੋਂ ਚੁੱਕ ਲਿਆਉਂਦੇ ਤੇ ਸਵਾਦੀ ਮੀਟ ਨਾਲ਼ ਖਾਂਦੇ। ਸਾਨੂੰ ਬੱਚਿਆਂ ਨੂੰ ਸ਼ਰਾਬ ਨਹੀਂ ਸੀ ਦਿੱਤੀ ਜਾਂਦੀ।
ਰਾਮ ਦਿੱਤੇ ਬ੍ਰਾਹਮਣ ਦਾ ਪੁੱਤ ਸਤਪਾਲ, ਜਿਸਦਾ ਛੋਟਾ ਨਾਂ ਸੱਤੀ ਸੀ, ਬਖਸ਼ੀਸ਼ ਦਾ ਹਾਣੀ ਸੀ। ਪਤਾ ਨਹੀਂ ਕਿਵੇਂ ਉਸ ਨੂੰ ਮੀਟ-ਸ਼ਰਾਬ ਦਾ ਸ਼ੌਕ ਪੈ ਗਿਆ। ਉਨ੍ਹਾਂ ਦੇ ਘਰ ਵਿਚ ਇਨ੍ਹਾਂ ਚੀਜ਼ਾ ’ਤੇ ਪਾਬੰਦੀ ਸੀ। ਉਹ ਆਨੇ-ਬਹਾਨੇ ਆਸਿਓਂ-ਪਾਸਿਓਂ ਦਾਅ ਲਾ ਲੈਂਦਾ। ਪਤਾ ਲੱਗਣ ’ਤੇ ਉਹ ਸਾਡੇ ਵੇਲਣੇ ’ਤੇ ਆਉਣ ਲੱਗ ਪਿਆ। ਥੋੜ੍ਹਾ ਬਹੁਤ ਕੰਮ ਕਰਵਾ ਦਿੰਦਾ ਤੇ ਆਪਣਾ ਖਾਣ-ਪੀਣ ਦਾ ਸ਼ੌਕ ਪੂਰਾ ਕਰ ਲੈਂਦਾ। ਉਹ ਸਰੀਰਕ ਪੱਖੋਂ ਥੋੜ੍ਹਾ ਕੁ ਊਣਾ ਸੀ। ਜਮਾਂਦਰੂ ਕੋਈ ਨੁਕਸ ਹੋਣ ਕਰਕੇ ਉਸਦੀ ਧੌਣ ਸੱਜੇ-ਖੱਬੇ ਨਹੀਂ ਮੁੜਦੀ ਸੀ। ਮੂੰਹ ਵੀ ਥੋੜ੍ਹਾ ਕੁ ਟੇਢਾ ਸੀ। ਪਰ ਆਕੜ ਪੂਰੀ ਸੀ। ਸੁਭਾਅ ਦਾ ਆਕੜਖਾਨ ਤੇ ਧੌਣ ਦੇ ਅਕੜਾਅ ਕਰਕੇ ਲੋਕਾਂ ਨੇ ਉਸਦਾ ਨਾਂ ‘ਲਾਟ’ ਯਾਨਿ ਲਾਟ ਸਾਹਬ ਪਾਇਆ ਹੋਇਆ ਸੀ। ਇਕ ਵੇਰਾਂ ਸਾਰਾ ਮੀਟ ਵਿਕਿਆ ਨਾ। ਗਵਾਂਢੀ ਪਿੰਡ ਅਜੜਾਮ ’ਚ ਵੇਚਣ ਦੀ ਸਲਾਹ ਬਣ ਗਈ। ਸਾਰੇ ਜਣੇ ਬਿਜ਼ੀ ਸਨ। ਉਨ੍ਹਾ ਸੱਤੀ ਨੂੰ ਕਿਹਾ। ਉਹ ਮੀਟ ਵਾਲ਼ੀ ਪਰਾਤ ਤੇ ਤੱਕੜੀ-ਵੱਟੇ ਚੁਕ ਕੇ ਟੁਰ ਗਿਆ। ਕਿਸੇ ਸ਼ਰਾਰਤੀ ਬੰਦੇ ਨੇ ਤਾੜ ਰੱਖੀ ਤੇ ਰਾਮ ਦਿੱਤੇ ਨੂੰ ਜਾ ਦੱਸਿਆ। ਉਸ ਨੂੰ ਪੁੱਤ ਦੇ ਚੋਰੀ ਛਿਪੇ ‘ਖਾਣ-ਪੀਣ’ ਬਾਰੇ ਪਤਾ ਲੱਗ ਚੁੱਕਾ ਸੀ। ਉਸ ਨੂੰ ਰੰਗੇ ਹੱਥੀਂ ਫੜਨ ਲਈ ਉਹ ਮੌਕੇ ਦੀ ਤਲਾਸ਼ ’ਚ ਸੀ। ਉਸ ਦੇ ਮੀਟ ਵੇਚਣ ਦੀ ਖਬਰ ਨੇ ਰਾਮ ਦਿੱਤੇ ਨੂੰ ਕ੍ਰੋਧ ਨਾਲ਼ ਭਰ ਦਿੱਤਾ। ਡਾਂਗ ਚੁੱਕ ਕੇ ਉਹ ਵੀ ਅਜੜਾਮ ਜਾ ਵੜਿਆ। ਸੱਤੀ ‘ਮੀਟ ਲਓ ਜੀ, ਤਾਜ਼ਾ ਮੀਟ, ਸਸਤਾ ਮੀਟ’ ਦਾ ਹੋਕਾ ਦੇ ਰਿਹਾ ਸੀ। ਪੁੱਤ ਦੇ ਪਿੱਛੇ ਪਹੁੰਚਦਿਆਂ ਰਾਮ ਦਿੱਤੇ ਨੇ ਆਵਾਜ਼ ਬਦਲ ਕੇ ਪੁੱਛਿਆ, “ਕੀ ਭਾਅ ਲਾਇਆ?”
“ਭਾਅ ਤਾਂ ਘਟਾ ਦਊਂਗਾ, ਲੈਣਾ ਕਿੰਨਾ ਆਂ?” ਸੱਤੀ ਬੋਲਿਆ।
“ਇਕ ਪਾਈਆ”। ਉਸੇ ਤਰ੍ਹਾਂ ਪਿੱਛੇ ਖਲੋਤਿਆਂ ਰਾਮ ਦਿੱਤੇ ਨੇ ਬਦਲਾਈ ਹੋਈ ਆਵਾਜ਼ ’ਚ ਆਖਿਆ।
“ਸੁੰਘਣਾਂ ਆਂ”। ਸੱਤੀ ਨੇ ਟਾਂਚ ਕੀਤੀ।
“ਮੀਟ ਨਹੀਂ ਲੈਣਾ, ਮੈਂ ਤਾਂ ਤੇਰੇ ਗਿੱਟੇ ਝਾੜਨੇ ਆਂ।” ਆਖਦਿਆਂ ਰਾਮ ਦਿੱਤੇ ਨੇ ਪੈਂਦੀ ਸੱਟੇ ਡਾਂਗ ਸੱਤੀ ਦੇ ਗਿੱਟਿਆਂ ’ਤੇ ਜੜ ਦਿੱਤੀ ਤੇ ਕ੍ਰੋਧ ’ਚ ਭੁੱਜਦਾ ਕੜਕਿਆ, “ਉਏ ਸਾਲ਼ਿਆ ਕੱਤਿਆ ! ਸਾਡੇ ਖਾਨਦਾਨ ਦੀ ਇੱਜਤ ਤੂੰ ਖੇਹ ’ਚ ਰੋਲ਼ ਦਿੱਤੀ। ਅਸੀਂ ਸ਼ਰਾਬ-ਮੀਟ ਆਲ਼ਿਆਂ ਦੇ ਕੋਲ਼ ਦੀ ਨਾ ਲੰਘੀਏ ਤੇ ਤੂੰ ਐਹ ਕੁਕਰਮ ਕਰਨ ਡਿਹੈਂ। ਡੁੱਬ ਕੇ ਮਰਜਾ ਕੁੜੀ ਯ੍ਹਾਵਿਆ”। ਪਿਉ ਦੀ ਅਸਲ ਆਵਾਜ਼ ਸੁਣ ਕੇ ਸੱਤੀ ਨੇ ਪਰਾਤ ਥਾਏਂ ਸੁੱਟ ਦਿੱਤੀ ਤੇ ਪਿਛਾਂਹ ਮੁੜ ਕੇ ਹੱਥ ਜੋੜਦਾ ਬੋਲਿਆ, “ਭਾਪਾ, ਗਲਤੀ ਹੋ ਗਈ ਮਾਫ ਕਰ ਦੇ।”
ਪਰ ਜਦੋਂ ਪਿੳ ਦੀ ਡਾਂਗ ਤੇ ਗਾਲਾਂ ਨਾ ਰੁਕੀਆਂ ਤਾਂ ਸੱਤੀ ਨੱਸ ਪਿਆ। ਮੂਹਰੇ-ਮੂਹਰੇ ਪੁੱਤ ਤੇ ਪਿੱਛੇ-ਪਿੱਛੇ ਡਾਂਗ ਉਲਾਰਦਾ ਪਿਉ। ਸੱਤੀ ਅੰਦਰ ਜਿਵੇਂ ਉਸਦੀ ਲਾਟ ਸਾਹਬ ਵਾਲ਼ੀ ਆਕੜ ਉੱਭਰ ਪਈ ਹੋਵੇ ਨਾਲ਼ੇ ਦੌੜਾ ਜਾਏ ਤੇ ਨਾਲ਼ੇ ਆਖੀ ਜਾਏ, “ਓਏ ਭਾਪਾ ! ਮੈਂ ਘੋੜਿਆਂ ਨੂੰ ਡਾਹ ਨਾ ਦੇਵਾਂ, ਤੂੰ ਕਿੱਦਾਂ ਫੜ ਲਊਂਗਾ ਮੈਨੂੰ… ।”
ਇਸ ਤਰ੍ਹਾਂ ਦੀਆਂ ਘਟਨਾਵਾਂ ਪਿੰਡ ਦੇ ਲੋਕਾਂ ਲਈ ਹਾਸੇ-ਠੱਠੇ ਦਾ ਮਸਾਲਾ ਬਣਦੀਆਂ ਰਹਿੰਦੀਆਂ ਸਨ।
ਬਰਸਾਤਾਂ ਦੀਆਂ ਲੰਮੀਆਂ ਛੁੱਟੀਆਂ ਦੌਰਾਨ ਮੈਂ ਡੰਗਰ ਚਾਰਦਾ ਹੁੰਦਾ ਸੀ। ਨਸਰਾਲਾ ਚੋਅ ਦੀ ਮਾਰ ਹੇਠ ਆਈ, ਸਾਡੇ ਪਿੰਡ ਦੀ ਲਹਿੰਦੇ ਪਾਸੇ ਦੀ ਕਾਫੀ ਜ਼ਮੀਨ ਖੇਤੀ ਦੇ ਯੋਗ ਨਹੀਂ ਸੀ ਰਹੀ। ਘਾਹ ਤੇ ਕਾਹੀ ਵਾਲ਼ੀ ਉਹ ਬੰਜਰ ਜ਼ਮੀਨ ਚਰਾਂਦ ਬਣ ਗਈ ਸੀ। ਅਸੀਂ ਹਾਣੀ ਮੁੰਡੇ ਡੰਗਰਾਂ ਦੀਆਂ ਮੋੜੀਆਂ ਕਰਨ ਲਈ ਵਾਰੀਆਂ ਪਾ ਲੈਂਦੇ। ਵਾਰੀ ਸਿਰ ਦੋ ਜਣਿਆਂ ਨੇ ਡੰਗਰ ਸਾਂਭੀ ਰੱਖਣੇ ਤੇ ਬਾਕੀਆਂ ਨੇ ਗੁੱਲੀ-ਡੰਡਾ, ਖਿੱਦੋ-ਖੂੰਡੀ, ਜੰਘ-ਪਲੰਘਾ, ਪਿੱਠੂ ਕਾਇਮ ਆਦਿ ਖੇਡਾਂ ਦੇ ਮਜ਼ੇ ਮਾਰਨੇ। ਜਦੋਂ ਚੋਅ ’ਚ ਹੜ ਆਉਂਦਾ ਤਾਂ ਕਿਨਾਰਿਆਂ ’ਤੇ ਖੜ੍ਹ ਕੇ ਪਾਣੀ ਦੀਆਂ ਉੱਚੀਆਂ-ਉੱਚੀਆਂ ਛੱਲਾਂ ਨੂੰ ਦੇਖਣ ਲੱਗ ਜਾਂਦੇ।
ਕਣਕਾਂ ਦੀ ਵਾਢੀ ਦੇ ਦਿਨੀਂ ਸਕੂਲਾਂ ’ਚ ਛੁੱਟੀਆਂ ਹੋਣ ਕਰਕੇ ਘਰਦਿਆਂ ਨੇ ਲਾਹਾ ਲੈਣਾ ਹੀ ਹੁੰਦਾ ਸੀ। ਚਾਰ ਜੀਅ ਅਸੀਂ ਘਰ ਦੇ ਸਾਂ। ਦੋ-ਤਿੰਨ ਲਾਵੇ ਲਾ ਲੈਣੇ। ਸਵੇਰ ਤੋਂ ਸ਼ਾਮ ਤੱਕ ਅਸੀਂ ਪਰਾਤਾਂ ਧਰ-ਧਰ ਕਣਕ ਵੱਢਦੇ। ਬੀਬੀ ਅਤੇ ਭੈਣ ਦੀਸ਼ੋ ਸਾਡੇ ਲਈ ਛਾਹ ਵੇਲਾ ਲੈ ਕੇ ਆਉਂਦੀਆਂ। ਦਹੀਂ, ਮੱਖਣ ਤੇ ਅੰਬ ਦੇ ਅਚਾਰ ਨਾਲ਼ ਰੋਟੀ ਬੜੀ ਸੁਆਦ ਲਗਦੀ। ਲੱਸੀ ਦਾ ਵੱਡਾ ਸਾਰਾ ਗੜਵਾ ਕਦੋਂ ਖਾਲੀ ਹੋ ਜਾਂਦਾ, ਪਤਾ ਹੀ ਨਾ ਲਗਦਾ। ਦੁਪਹਿਰ ਦੀ ਰੋਟੀ ਅਸੀਂ ਖੂਹ ਦੇ ਆਹਤੇ ਵਿਚ ਅੰਬ-ਜਾਮਣ ਦੀ ਛਾਂ ’ਚ ਬੈਠ ਕੇ ਖਾਂਦੇ ਤੇ ਘੜੀ ਆਰਾਮ ਵੀ ਕਰ ਲੈਂਦੇ। ਰਾਤ ਦੀ ਰੋਟੀ ਨਾਲ਼ ਰੋਜ਼ ਘਿਉ-ਸ਼ੱਕਰ ਮਿਲ਼ਦਾ। ਮਿੱਠੀਆਂ ਚੀਜਾਂ ਫੇਰੀ ਵਾਲ਼ਿਆਂ ਤੋਂ ਵੀ ਮਿਲ ਜਾਂਦੀਆਂ ਸਨ। ਖੇਤੋ-ਖੇਤ ਘੁੰਮਦੇ ਉਹ ਸ਼ਤੂਤ, ਬੇਰ, ਗੁੜ ਦੀਆਂ ਰਿਉੜੀਆਂ, ਮਰੂੰਡਾ ਆਦਿ ਕਣਕ ਦੀ ਸੱਥਰੀ ਵੱਟੇ ਦੇ ਜਾਂਦੇ। ਝਿਉਰ ਬਤਨਾ ਤੇ ਈਸਰੀ ਘੜੇ ਦਾ ਠੰਢਾ ਪਾਣੀ ਵਰਤਾਉਂਦੇ। ਮਰਾਸੀ ਤੇ ਦੂਜੇ ਲਾਗੀ ਕਣਕ ਦੀ ਸੱਥਰੀ ਲੈ ਕੇ, “ਜੜ੍ਹ ਹਰੀ, ਕਮਾਈਆਂ ’ਚ ਬਰਕਤਾਂ” ਦੁਆਵਾਂ ਦਿੰਦੇ ਹੋਏ ਅਗਲੀਆਂ ਪੈਲੀਆਂ ਵੱਲ ਟੁਰ ਜਾਂਦੇ। ਭਗਤੂ ਬਾਜ਼ੀਗਰ ਦਾ ਭਰਾ, ਉੱਚੀਆਂ ਤੇ ਸੁਰੀਲੀਆਂ ਹੇਕਾਂ ਰਾਹੀਂ ਕਿਸਾਨਾਂ ਦੀ ਖੈਰ-ਸੁੱਖ ਦੇ ਗੀਤ ਅਲਾਪਦਾ:
ਓ ਅੰਨਦਾਤਿਆ ਮੈਂ ਤੇਰੀ ਖੈਰ ਮੰਗਦਾ।
ਤੇਰੇ ਨਾਰੇ,ਝੁੰਗੇ ਬਲਦਾਂ ਦੀ ਮੈਂ ਖੈਰ ਮੰਗਦਾ।
ਤੇਰੇ ਹਲ਼ਾਂ-ਪੰਜਾਲੀਆਂ ਦੀ ਮੈਂ ਖੈਰ ਮੰਗਦਾ।
ਤੇਰੇ ਹਰੇ-ਭਰੇ ਖੇਤਾਂ ਦੀ ਮੈਂ ਖੈਰ ਮੰਗਦਾ।
ਓ ਅੰਨਦਾਤਿਆ ਮੈਂ ਤੇਰੀ ਖੈਰ ਮੰਗਦਾ।
ਦਰਵੇਸ਼ ਕਿਸਮ ਦਾ ਉਹ ਬਾਜ਼ੀਗਰ ਕਣਕ ਦੀ ਸੱਥਰੀ ਨਹੀਂ ਸੀ ਲੈਂਦਾ। ਗੀਤ ਗਾਉਂਦਿਆਂ ਹੱਥ ਹਿਲਾ-ਹਿਲਾ ਖੇਤਾਂ ’ਚ ਜੁਟੇ ਕਿਰਤੀਆਂ ਨੂੰ ਸਲਾਮਾਂ ਕਰਦਾ ਅਗਾਂਹ ਲੰਘ ਜਾਂਦਾ… ਸਾਰਾ ਦਿਨ ਖੇਤਾਂ ’ਚ ਰੌਣਕ ਲੱਗੀ ਰਹਿੰਦੀ।
ਤ੍ਰਿਕਾਲਾਂ ਨੂੰ ਬਾਪੂ ਜੀ ਤੇ ਦੋਵੇਂ ਭਰਾ ਡੰਗਰਾਂ ਲਈ ਪੱਠੇ-ਦਥੇ ਦੇ ਕੰਮ ’ਚ ਲੱਗ ਜਾਂਦੇ। ਮੈਂ ਜਿਉਣ ਲੁਹਾਰ ਦੇ ਕਰਖਾਨੇ ਚਲਾ ਜਾਂਦਾ, ਦਾਤਰੀਆਂ ਦੇ ਦੰਦੇ ਕਢਵਾਉਣ। ਜਿਉਣ ਕੋਲ਼ ਕਈ ਘਰਾਂ ਦੀ ਸੇਪੀ ਸੀ। ਕਿਸਾਨ ਸ਼ਾਮ ਨੂੰ ਦਾਤਰੀਆਂ ਰੱਖ ਜਾਂਦੇ ਤੇ ਅਗਲੀ ਸਵੇਰ ਚੁੱਕ ਲੈਂਦੇ। ਅੱਧਖੜ ਉਮਰ ਦਾ ਜਿਉਣ ਸਾਰੀ-ਸਾਰੀ ਰਾਤ ਦੰਦੇ ਕੱਢਦਾ ਰਹਿੰਦਾ। ਘਰ ਵਾਲ਼ੀ ਦੀ ਮੌਤ ਹੋ ਗਈ ਸੀ। ਬੱਚਾ ਕੋਈ ਹੈ ਨਹੀਂ ਸੀ। ਉਸਦਾ ਭਤੀਜਾ ਮੱਦਦ ਕਰਵਾ ਦਿੰਦਾ। ਪਰ ਉਹ ਨਿੱਠ ਕੇ ਕੰਮ ਨਹੀਂ ਸੀ ਕਰਦਾ। ਇਕ ਸ਼ਾਮ ਉਸ ਕੋਲ਼ ਬੈਠਿਆਂ ਮੈਂ ਜਾਂਚ ਸਿੱਖ ਲਈ ਤੇ ਉਸਦਾ ਹੱਥ ਵਟਾਉਣ ਲੱਗ ਪਿਆ।
ਇਕ ਦਿਨ ਦਾਤਰੀਆਂ ਰੱਖਣ ਆਏ ਲਾਭੇਕਿਆਂ ਦੇ ਨੱਥਾ ਸਿੰਘ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਟਕੋਰ ਲਾਈ, “ਜਿਉਣਿਆਂ ! ਐਹ ਸ਼ੁਹਰ ਜਿਹਾ ਲੁਹਾਰ ਕਿੱਥੋਂ ਲਿਆਂਦਾ?”
“ਇਹ ਵਲੈਤੋਂ ਮੰਗਾਇਆ।” ਜਿੳਣ ਨੇ ਮੁਸਕਰਾ ਕੇ ਦੱਸਿਆ।
“ਮੁੰਡੇ ਦੇ ਬਹਾਨੇ ਤੂੰ ਆਪ ਵਲੈਤ ਦੇ ਸੁਫਨੇ ਲੈ ਰਿਹਾਂ।”
“ਸੁਫਨੇ ਨਹੀਂ ਮੇਰੀ ਤਾਂ ਪੂਰੀ ਤਿਆਰੀ ਆ।”
“ਫਿਰ ਐਹ ਸਾਡਾ ਕੰਮ ਕੌਣ ਕਰੂ?”
“ ਤੁਹਾਨੂੰ ਆਪਣੇ ਕੰਮ ਦੀ ਪਈਓ ਆ, ਮੈਨੂੰ ਮੇਮਾਂ ਦੀਆਂ ਚਿੱਠੀਆਂ ਆਈ ਜਾਂਦੀਆਂ।”
“ ਹੇਖਾਂ, ਮੇਮਾਂ ਤਾਂ ਤੈਨੂੰ ਈ ਉਡੀਕਦੀਆਂ ਕਾਲ਼ੇ ਭੂੰਡ ਨੂੰ।”
ਜੀਉਣ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸੀ ਸਮਝਦਾ। ਤਿੱਖੇ ਮਜ਼ਾਕ ਦੇ ਜਵਾਬ ਵਿਚ ਬਾਂਹ ਉਲਾਰਦਾ ਬੋਲਿਆ, “ਨੱਥਾ ਸਿਆਂ ਅਗਲੀਆਂ ਰੰਗ ਨਈਂ ਤਾਕਤ ਦੇਖਦੀਆਂ ਆਂ।” ਲੋਹਾ-ਕੁੱਟ ਨੂੰ ਆਪਣੇ ਲੋਹੇ ਵਰਗੇ ਸਰੀਰ ’ਤੇ ਮਾਣ ਸੀ।
ਜਿਉਣ ਦੀਆਂ ਗੱਲਾਂ ਵਿੱਚੋਂ ਉਸ ਅੰਦਰਲੀ ਲੋਚਾ ਵੀ ਜ਼ਾਹਰ ਹੋ ਰਹੀ ਸੀ— ਸਾਥਣ ਦੀ ਲੋਚਾ।
ਦਿਨੇ ਕਣਕ ਵੱਢਣੀ ਤੇ ਰਾਤ ਨੂੰ ਦੰਦੇ ਕੱਢਣੇ, ਸੀ ਤਾਂ ਔਖਾ ਪਰ ਗੈਸ-ਲੈਂਪ ਦੀ ਚਿੱਟੀ ਰੌਸ਼ਨੀ ਵਿਚ ਉਹ ਨਵਾਂ ਕੰਮ ਮੇਰੇ ਲਈ ਦਿਲਚਸਪੀ ਵਾਲ਼ਾ ਸੀ। ਲੈਂਪ ਨੂੰ ਭੜਾਕਾ ਜਿਹਾ ਮਰਵਾ ਕੇ ਰੌਸ਼ਨੀ ਤੇਜ਼ ਕਰਦਿਆਂ, ਗੁਮਾਨ ਜਿਹੇ ਵਿਚ ਮੈਨੂੰ ਇੰਜ ਲੱਗਣਾ ਜਿਵੇਂ ਮੈਂ ਕੋਈ ਵੱਡਾ ਕਾਰੀਗਰ ਬਣ ਗਿਆ ਹੋਵਾਂ। ਟਿਕੀ ਰਾਤ ਜਿਉਣ ਸਾਡੇ ਖਾਨਦਾਨ ਦੀਆਂ ਗੱਲਾਂ ਛੇੜ ਲੈਂਦਾ, “ਮੱਲਾ ! ਤੂੰ ਤਾਂ ਐਨ੍ਹ ਦੀਵਾਨ ਸੁੰਹ ’ਤੇ ਆਂ। ਉਹਦੇ ਵਾਂਗ ਸੰਗਾਊ ਪਰ ਪੂਰਾ ਘੋਖੀ,” ਦੰਦੇ ਕੱਢਣ ਵਾਲ਼ੀ ਰੇਤੀ ਨੂੰ ਇਕ ਪਾਸੇ ਰੱਖ ਕੇ, ਉਹ ਪੱਗ ਦੇ ਲੜ ਨਾਲ਼ ਮੱਥੇ ਦਾ ਪਸੀਨਾ ਪੂੰਝਦਾ ਤੇ ਮੇਰੇ ਬਾਬੇ ਦੇ ਛੋਟੇ ਭਰਾ ਦੀਵਾਨ ਸਿੰਘ ਬਾਰੇ ਦੱਸਣ ਲੱਗ ਪੈਂਦਾ, “ਚੜ੍ਹਦੀ ਉਮਰੇ ਹੀ ਉਹ ਫੌਜ ’ਚ ਚਲਾ ਗਿਆ। ਦੋ ਕੁ ਵਾਰ ਛੁੱਟੀ ਆਇਆ। ਬੜੀ ਹਲੀਮੀ ਤੇ ਮੋਹ ਨਾਲ਼ ਮਿਲਦਾ… ਤੇ ਫਿਰ ਪਤਾ ਨ੍ਹੀਂ ਕਿਹੜੀ ਮਿੱਟੀ ’ਚ ਮਿੱਟੀ ਹੋ ਗਿਆ, ਉਹ ਭਲਾ ਬੰਦਾ।” ਜਿਉਣ ਅੰਦਰੋਂ ਇਕ ਲੰਮਾ ਹਉਕਾ ਨਿਕਲ ਜਾਂਦਾ।
ਉਸੇ ਜੰਗ ਦੀ ਭੇਟ ਚੜ੍ਹ ਗਏ ਆਪਣੇ ਇਕ ਰਿਸ਼ਤੇਦਾਰ ਬਾਰੇ ਦੱਸਦਿਆਂ ਬਾਬਾ ਜਿਉਣ ਆਖਦਾ, “ਘਰਾਂ ਤੋਂ ਤਾਂ ਖੱਟੀ-ਕਮਾਈ ਕਰਨ ਗਏ ਸੀ ਪਰ ਮੂਹਰੇ ਚੰਦਰੀ ਮੌਤ ਖੜ੍ਹੀ ਸੀ। ਕਮਾਈਆਂ ਖਾਤਰ ਆਪਣੇ ਲੋਕ ਕਿਤੇ ਦੀ ਕਿਤੇ ਜਾ ਪਹੁੰਚਦੇ ਆ। ਗੰਡਾ ਸੁੰਹ ਤੇ ਨਿਧਾਨ ਸੁੰਹ ਹਬਸ਼ੀਆਂ ਦੇ ਮੁਲਕ ’ਫਰੀਕਾ ਗਇਓ ਆ। ਤੇਰਾ ਬਾਬਾ ਪਹਿਲੀਆਂ ’ਚ ਸਿੰਘਾਪੁਰ ਗਿਆ ਸੀ। ਫੇਰ ਕਿਸ਼ਨ ਸੁੰਹ, ਭਗਵਾਨ ਸੁੰਹ ਤੇ ਜੌੜਿਆਂ ਦਾ ਦੀਵਾਨ ਸੁੰਹ ਵੀ ਓਥੇ ਜਾ ਵੜੇ। ਹੁਣ ਵਲੈਤ ਖੁੱਲ੍ਹ ਗਈ ਆ। ਲੋਕੀਂ ਓਧਰ ਨੂੰ ਹੋ ਪਏ ਆ। ਆਪਣੇ ਬੰਦਿਆਂ ਨੂੰ ਟਿਕਾਅ ਨਹੀਂ। ਬਾਹਰਲੇ ਮੁਲਕਾਂ ਨੂੰ ਤਾਂ ਏਦਾਂ ਤੁਰ ਪੈਂਦੇ ਆ ਜਿੱਦਾਂ ਨਸਰਾਲੇ ਆਲ਼ਾ ਚੋਅ ਦੇਖਣ ਜਾਣਾ ਹੋਵੇ।”
ਬਾਬੇ ਜਿਉਣ ਦੀਆਂ ਗੱਲਾਂ ਤੇ ਦਾਤਰੀਆਂ ਦੇ ਦੰਦੇ ਕੱਢਣ ਦਾ ਸਿਲਸਿਲਾ ਚਲਦਾ ਰਹਿੰਦਾ। ਤਿੱਖੀਆਂ ਹੋਈਆਂ ਦਾਤਰੀਆਂ ਨਾਲ਼ ਕਿਸਾਨ ਤੇ ਖੇਤ-ਮਜ਼ਦੂਰ ਕਣਕਾਂ ਵੱਢ-ਵੱਢ ਭਰੀਆਂ ਬੰਨ੍ਹੀ ਜਾਂਦੇ।
ਵਾਢੀ ਦਾ ਕੰਮ ਮੁਕਾ ਕੇ ਅਸੀਂ ਸਾਰੇ ਖੇਤਾਂ ਦੀਆਂ ਭਰੀਆਂ ਗੱਡੇ ’ਤੇ ਲੱਦ ਕੇ ਪਿੜ ਵਿਚ ਖਲ਼ੀਆਂ ਲਾ ਦੇਂਦੇ। ਪਿੜ ਬਣਾਉਣ ਵਾਸਤੇ ਢਾਈ-ਤਿੰਨ ਕਨਾਲ਼ ਥਾਂ ਸੁਆਗੇ ਨਾਲ਼ ਚੰਗੀ ਤਰ੍ਹਾਂ ਪੱਧਰਾ ਕਰਕੇ ਉਸਨੂੰ ਪਾਣੀ ਨਾਲ਼ ਭਰ ਦਿੱਤਾ ਜਾਂਦਾ। ਸੁੱਕਣ ਬਾਅਦ ਉਹ ਥਾਂ ਫਰਸ਼ ਵਾਂਗ ਪੱਕਾ ਹੋ ਜਾਂਦਾ। ਫਿਰ ਅਸੀਂ ਖਲ਼ੀਆਂ ਵਿੱਚੋਂ ਭਰੀਆਂ ਚੱਕ ਕੇ ਪਿੜ ਵਿਚ ਖਿਲਾਰ ਦੇਂਦੇ ਤੇ ਬਲਦਾਂ ਨੂੰ ਫਲ੍ਹੇ ਅੱਗੇ ਜੋਤ ਕੇ ਹਲਟ ਵਾਂਗ, ਗੋਲ ਦਾਇਰੇ ਵਿਚ ਘੁਮਾਉਣ ਲੱਗ ਜਾਂਦੇ। ਫਲ੍ਹੇ ਦੇ ਭਾਰ ਅਤੇ ਬਲਦਾਂ ਦੇ ਪੈਰਾਂ ਹੇਠ ਕਣਕ ਦਾ ਨਾੜ ਟੁੱਟਣ ਲੱਗ ਜਾਂਦਾ। ਗਾਹੀ ਜਾ ਰਹੀ ਕਣਕ ਨੂੰ ਪੈੜੀ ਆਖਦੇ ਸਨ। ਮੈਂ ਜਾਂ ਕੁਲਦੀਪ ਫਲ੍ਹਾ ਹਿੱਕਦੇ। ਬਾਪੂ ਜੀ ਤੇ ਬਖਸ਼ੀਸ਼ ਪਹਿਲਾਂ ਸਾਂਗੀ ਤੇ ਫਿਰ ਤੰਗਲ਼ੀ ਨਾਲ਼ ਪੈੜੀ ਕੁੰਡਦੇ। ਕੁੰਡਣ ਤੋਂ ਭਾਵ ਪੈੜੀ ਨੂੰ ਉੱਪਰੋਂ ਹੇਠਾਂ ਤੇ ਹੇਠੋਂ ਉੱਪਰ ਉਲੱਦਣਾ-ਹਿਲਾਉਣਾ ਹੁੰਦਾ ਸੀ। ਕੜਕਵੀਂ ਧੁੱਪ ਵਿਚ ਨਾੜ ਛੇਤੀ ਟੁੱਟਦਾ ਸੀ, ਜਿਸ ਕਰਕੇ ਗਰਮੀ ਤੋਂ ਟਾਲ਼ਾ ਨਹੀਂ ਸੀ ਵੱਟਿਆ ਜਾ ਸਕਦਾ। ਕਹਿਰ ਦੀ ਗਰਮੀ ਵਿਚ ਸਰੀਰ ’ਚੋਂ ਪਸੀਨਾ ਚੋ ਰਿਹਾ ਹੋਣਾ ਤੇ ਕਣਕ ਦਾ ਨਾੜ ਅਤੇ ਛਿੱਟੇ ਲੱਤਾਂ ’ਤੇ ਕੰਡਿਆਂ ਵਾਂਗ ਚੁੱਭਣੇ। ਪਰ ਉਨ੍ਹਾਂ ਔਖੇ-ਭਾਰੇ ਕੰਮਾਂ ਤੋਂ ਕਦੀ ਕੰਨੀਂ ਨਹੀਂ ਸੀ ਕਤਰਾਈ। ਗੱਲ ਸਿਰਫ ਮੇਰੀ ਹੀ ਨਹੀਂ, ਪੰਜਾਬ ਦੇ ਆਮ ਮੁੰਡੇ ਮਾਪਿਆਂ ਦੇ ਕੰਮਾਂ ਵਿਚ ਹੱਥ ਵਟਉਂਦੇ ਸਨ।
ਜਦੋਂ ਪੈੜੀ ਪੂਰੀ ਤਰ੍ਹਾਂ ਬਾਰੀਕ ਹੋ ਜਾਂਦੀ ਤਾਂ ਇਕੱਠੀ ਕਰਕੇ ਪਿੜ ਵਿਚਕਾਰਲੀ ਖਾਲੀ ਥਾਂ ’ਤੇ ਕੁਨੂੰ ਲਾ ਦਿੱਤਾ ਜਾਂਦਾ। ਤਕਰੀਬਨ ਇਕ ਮਹੀਨਾ ਪਿੜਾਂ ਵਿਚ ਫਲ੍ਹੇ ਵਗਦੇ ਰਹਿੰਦੇ। ਗਹਾਈ ਤੋਂ ਬਾਅਦ ਤੂੜੀ ਅਤੇ ਦਾਣਿਆਂ ਨੂੰ ਅੱਡ-ਅੱਡ ਕਰਨ ਲਈ ਉਡਾਈ ਦਾ ਕੰਮ ਸ਼ੁਰੂ ਹੋ ਜਾਂਦਾ। ਡਾਢਾ ਕੱਠਿਨ ਉਹ ਕੰਮ ਖੇਤ-ਮਜ਼ਦੂਰ ਕਰਿਆ ਕਰਦੇ ਸਨ।
ਪਿੜ ਵਿਚ ਲੱਗਾ ਬੋਹਲ਼ ਦੇਖ ਕੇ ਸਾਨੂੰ ਤਿੰਨਾਂ ਭਰਾਵਾਂ ਨੂੰ ਚਾਅ ਚੜ੍ਹ ਜਾਂਦਾ। ਅਸੀਂ ਬੀਬੀ ਤੇ ਬਾਪੂ ਜੀ ਨੂੰ ਨਵੇਂ ਝੱਗੇ-ਪਜਾਮੇ ਲੈ ਕੇ ਦੇਣ ਲਈ ਆਖਦੇ। “ਦੇਖਦੇ ਆਂ,” ਉਨ੍ਹਾਂ ਦਾ ਢਿੱਲਾ ਜਿਹਾ ਜਵਾਬ ਸਾਨੂੰ ਚੰਗਾ ਨਾ ਲਗਦਾ। ਪਰ ਮਾਪਿਆਂ ਦੀ ਬੇਬਸੀ ਸੀ, ਸਮੁੱਚੀ ਕਿਸਾਨੀ ਦੀ ਬੇਬਸੀ। ਵੱਡੀਆਂ-ਛੋਟੀਆਂ ਕਈ ਜ਼ਰੂਰਤਾਂ ਪਹਿਲਾਂ ਹੀ ਮੂੰਹ ਅੱਡੀ ਖਲੋਤੀਆਂ ਹੁੰਦੀਆਂ। ਬੋਹਲ ਉਨ੍ਹਾਂ ਦੇ ਢਿੱਡੀਂ ਪੈ ਜਾਂਦਾ। ਨਵੇਂ ਝੱਗੇ-ਪਜਾਮੇ ਤਾਂ ਕਦੀ-ਕਦੀ ਹੀ ਜੁੜਦੇ ਸਨ ਪਰ ਘਰ ਵਿਚ ਦੁੱਧ-ਘਿਉ ਦੀ ਕਮੀ ਨਹੀਂ ਸੀ। ਦੋ ਮੱਝਾਂ ਤਾਂ ਹਮੇਸ਼ਾਂ ਹੀ ਹੁੰਦੀਆਂ, ਕਦੀ ਤਿੰਨ ਵੀ ਹੋ ਜਾਂਦੀਆਂ।
ਬਾਪੂ ਜੀ ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਸਵੇਰੇ ਕਸਰਤ ਕਰਨ ਲਾ ਦਿੱਤਾ ਸੀ। ਮੈ ਤਾਂ ਏਅਰ ਫੋਰਸ ਵਿਚ ਭਰਤੀ ਹੋ ਗਿਆ, ਦੋਨਾਂ ਭਰਾਵਾਂ ਨੇ ਡੰਡ-ਬੈਠਕਾਂ ਕੱਢਣ ਦਾ ਪੱਕਾ ਨੇਮ ਬਣਾ ਲਿਆ। ਖੁਰਾਕ ਦੇ ਮਾਮਲੇ ਵਿਚ ਬੀਬੀ ਦਾ ਹੱਥ ਖੁੱਲ੍ਹਾ ਸੀ। ਉਦੋਂ ਪਿੰਡਾਂ ਦੇ ਕੁਝ ਗੱਭਰੂ ਪੱਥਰ (ਮੁਗਦਰ) ਚੁੱਕਿਆ ਕਰਦੇ ਸਨ। ਸਾਡਾ ਮਾਮਾ ਵੀ ਜਵਾਨੀ ’ਚ ਚੁੱਕਦਾ ਰਿਹਾ ਸੀ। ਮਾਮੇ ਦਾ ਕੱਦ ਸਵਾ ਛੇ ਫੁੱਟ ਤੇ ਸਰੀਰ ਲੋਹੇ ਵਰਗਾ ਸੀ।
ਮਾਮੇ ਤੋਂ ਪ੍ਰੇਰਿਤ ਹੋ ਕੇ ਬਖਸ਼ੀਸ਼ ਵੀ ਕਿਤਿਉਂ ਪੱਥਰ ਲੈ ਆਇਆ। ਉਸ ਪੱਥਰ ਦਾ ਵਜ਼ਨ ਪੌਣੇ ਚਾਰ ਮਣ (ਤਕਰੀਬਨ ਇਕ ਕੁਇੰਟਲ 35 ਕਿੱਲੋ) ਸੀ। ਉਹ ਪੱਥਰ ਬਖਸ਼ੀਸ਼ ਤੋਂ ਇਲਾਵਾ ਕਡਿਆਣਾ ਪਿੰਡ ਦਾ ਮਿੰਦਰ ਹੀ ਚੁੱਕ ਸਕਿਆ। ਮਾਮਾ ਚਾਹੁੰਦਾ ਸੀ ਕਿ ਬਖਸ਼ੀਸ਼ ਹੋਰ ਵੱਡੇ ਪੱਥਰ ’ਤੇ ਕੋਸ਼ਿਸ਼ ਕਰੇ ਪਰ ਉਹ ਡਰਾਇਵਰੀ ਸਿੱਖਣ ਤਾਇਆ ਜੀ ਅਮਰ ਸਿੰਘ ਕੋਲ ਪਟਨਾ ਸਾਹਿਬ ਚਲਾ ਗਿਆ।
ਕੁਲਦੀਪ ਨੇ ਜਵਾਨ ਹੋ ਕੇ ਬਖਸ਼ੀਸ਼ ਵਾਲ਼ੇ ਪੱਥਰ ’ਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਸ ’ਤੇ ਕਾਮਯਾਬ ਹੋ ਕੇ ਉਸ ਨੇ ਪੱਥਰ ਨਾਲ਼ ਥੋੜ੍ਹਾ ਕੁ ਭਾਰ ਹੋਰ ਬੰਨ੍ਹ ਲਿਆ ਤੇ ਫਿਰ ਥੋੜ੍ਹਾ-ਥੋੜ੍ਹਾ ਵਧਾ ਕੇ 5 ਮਣ 10 ਸੇਰ (ਤਕਰੀਬਨ ਇਕ ਕੁਇੰਟਲ 90 ਕਿੱਲੋ) ਕਰ ਲਿਆ। ਮਾਮੇ ਵਾਲ਼ੇ ਪੱਥਰ ਦੇ ਬਰਾਬਰ ਵਜ਼ਨ ਸੀ ਇਹ।
ਮਾਮੇ ਲਈ ਇਹ ਵੱਡੀ ਖੁਸ਼ੀ ਵਾਲ਼ੀ ਗੱਲ਼ ਸੀ। ਉਹ ਕੁਲਦੀਪ ਲਈ ਘਿਉ ਲੈ ਕੇ ਆਇਆ। ਉਹ ਮਾਣ ਨਾਲ਼ ਕਿਹਾ ਕਰਦਾ ਸੀ, “ਮੇਰਾ ਪੱਥਰ ਸਾਡੇ ਪਿੰਡ ਦੇ ਬਖਸ਼ੇ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਸੀ ਚੁੱਕ ਹੋਇਆ। ਹੁਣ ਮੇਰੇ ਭਾਣਜੇ ਨੇ ਮੇਰੇ ਬਰਾਬਰ ਦਾ ਵਜ਼ਨ ਚੁੱਕ ਕੇ ਰਕਾਟ (ਰਿਕਾਰਡ) ਬਣਾ ਤਾ।”
ਸੂਸਾਂ ਪਿੰਡ ਸਾਡੇ ਪਿੰਡੋਂ 10 ਕਿਲੋਮੀਟਰ ਹੈ। ਉੱਥੋਂ ਦੇ ਮੇਲੇ ਵਿਚ ਦੂਰੋਂ ਨੇੜਿਉਂ ਬਹੁਤ ਲੋਕ ਆਉਂਦੇ ਸਨ। ਕੁਲਦੀਪ ਆਪਣਾ ਪੱਥਰ ਗੱਡੇ ’ਤੇ ਲੱਦ ਕੇ ਉੱਥੇ ਅਤੇ ਕੁਝ ਹੋਰ ਮੇਲਿਆਂ ਤੇ ਛਿੰਝਾਂ ਵਿਚ ਲੈ ਜਾਂਦਾ। ਹਰ ਥਾਂ ’ਤੇ ਗੱਭਰੂਆਂ ਵੱਲੋਂ ਯਤਨ ਤਾਂ ਹੁੰਦੇ ਰਹੇ ਪਰ ਉਹ ਪੱਥਰ ਨੂੰ ਪੱਟਾਂ ਤੋਂ ਉਤਾਂਹ ਨਾ ਲਿਜਾ ਸਕੇ।
ਕਣਕ ਸਾਂਭਣ ਤੋਂ ਬਾਅਦ ਅਗਲਾ ਕੰਮ ਦੇਸੀ ਢੇਰ ਯਾਅਨੀ ਡੰਗਰਾਂ ਦਾ ਜਮ੍ਹਾਂ ਕੀਤਾ ਗੋਹਾ ਗੱਡੇ’ ਤੇ ਲੱਦ ਕੇ ਖੇਤਾਂ ’ਚ ਢੇਰੀਆਂ ਕਰਨ ਤੇ ਖਿਲਾਰਨ ਦਾ ਹੁੰਦਾ ਸੀ। ਗਰਮ ਭੜਾਸ ਛੱਡਦੇ ਗੋਹੇ ਨੂੰ ਕਹੀਆਂ-ਟੋਕਰੀਆਂ ਨਾਲ਼ ਗੱਡੇ ’ਤੇ ਲੱਦਣਾ ਹੁੰਦਾ ਸੀ। ਇਕ ਵੇਰਾਂ ਮੈਂ, ਕੁਲਦੀਪ ਤੇ ਅਜੜਾਮ ਤੋਂ ਸਾਡੀ ਸਾਂਝ ਵਾਲ਼ੇ ਪਰਿਵਾਰ ਦਾ ਨੰਜਾ ਢੇਰ ਪਾ ਰਹੇ ਸਾਂ। ਸਾਡੀ ਸਕੀਮ ਸੀ ਕਿ ਢੇਰ ਦਾ ਕੰਮ ਮੁੱਕਾ ਕੇ ਸੂਸਾਂ ਦੇ ਮੇਲੇ ਜਾਣੈ। ਮੇਲੇ ’ਚ ਦੋ ਦਿਨ ਰਹਿੰਦੇ ਸਨ। ਦੂਜੇ ਦਿਨ ਕੰਮ ਅੜਦਾ ਜਾਪਿਆ। ਨੰਜੇ ਨੇ ਵਿਉਂਤ ਦੱਸੀ। ਦੁਪਿਹਰੇ ਆਰਾਮ ਕਰਨ ਦਾ ਪ੍ਰੋਗਰਾਮ ਰੱਦ ਕਰਕੇ ਸੋਹਣ ਅਮਲੀ ਨੂੰ ਡੋਡੇ ਲਿਆਉਣ ਲਈ ਸੁਨੇਹਾ ਭੇਜ ਦਿੱਤਾ। ਉਹ ਮਲ਼ ਕੇ ਲੈ ਆਇਆ। ਕਮੰਡਲ ਸਾਡੇ ਵੱਲ ਵਧਾਉਂਦਾ ਅਮਲੀਆਂ ਵਰਗੀ ਘੜੀਸਵੀਂ ਜਿਹੀ ਆਵਾਜ਼ ’ਚ ਬੋਲਿਆ, “ਲਓ ਬਈ ਸ਼ੇਰੋ… ਪੁੱਟ ਦਿਓ ਧੂੜਾਂ।”
ਸਾਨੂੰ ਨਸ਼ੇ ਦੀ ਲੋਰ ਵਿਚ ਇੰਜ ਜਾਪਿਆ ਜਿਵੇਂ ਸਿਖਰ ਦੁਪਹਿਰ ਦਾ ਅੱਗ ਵਰ੍ਹਾਉਂਦਾ ਸੂਰਜ ਕਾਲ਼ੇ ਬੱਦਲਾਂ ਨੇ ਢਕ ਲਿਆ ਹੋਵੇ ਤੇ ਠੰਢੀ ਹਵਾ ਰੁਮਕ ਪਈ ਹੋਵੇ। ਢੇਰ ਦੇ ਕੰਮ ਤੋਂ ਸੁਰਖਰੂ ਹੋ ਕੇ ਮੇਲਾ ਦੇਖਣ ਦਾ ਬੜਾ ਮਜ਼ਾ ਆਇਆ।
ਕੁਲਦੀਪ ਤੇ ਨੰਜੇ ਨੇ ਤਾਂ ਸ਼ਾਇਦ ਫਿਰ ਵੀ ਕਦੇ-ਕਦਾਈਂ ਡੋਡੇ ਪੀਤੇ ਹੋਣ ਪਰ ਮੇਰਾ ਉਹ ਪਹਿਲਾ ਤੇ ਆਖਰੀ ਮੌਕਾ ਸੀ।
ਉਦੋਂ ਅਜੇ ਟਿਊਬਵੈੱਲ ਨਹੀਂ ਸਨ ਲੱਗੇ। ਖੂਹਾਂ ਨਾਲ਼ ਥੋੜ੍ਹੀ ਜ਼ਮੀਨ ਨੂੰ ਹੀ ਪਾਣੀ ਲਾਇਆ ਜਾ ਸਕਦਾ ਸੀ। ਸਾਡੇ ਇਲਾਕੇ ਦੀ ਜ਼ਮੀਨ ਮੈਰੀ ਹੋਣ ਕਰਕੇ, ਕਿਸਾਨ ਝੋਨਾ ਥੋੜ੍ਹਾ ਤੇ ਮੱਕੀ ਜ਼ਿਆਦਾ ਬੀਜਦੇ ਸਨ। ਬਰਸਾਤਾਂ ਦੇ ਮੀਹਾਂ ਨਾਲ਼ ਮੱਕੀ ਮਾਰੂ ਜ਼ਮੀਨ ’ਚ ਵੀ ਹੋ ਜਾਂਦੀ ਸੀ। ਮੱਕੀ ਨੂੰ ਬਗੂੜੀਆਂ ਨਾਲ਼ ਬੈਠ ਕੇ ਗੁੱਡਦੇ ਸਾਂ ਜਾਂ ਖੜ੍ਹ ਕੇ ਬਹੋਲਿਆਂ ਨਾਲ਼। ਗੋਡੀ ਕਰਦਿਆਂ, ਜਦੋਂ ਹੁੰਮ੍ਹ ਹੋ ਜਾਂਦਾ ਤਾਂ ਬਰਸਾਤ ਦੀ ਲਾਖੀ ਧੁੱਪ ਸੂਈਆਂ ਵਾਂਗ ਚੁੱਭਦੀ ਸੀ। ਬਾਪੂ ਜੀ ਨੇ ਕਹਿਣਾ, “ਇਸ ਕਰੜੇ ਕੰਮ ਤੋਂ ਭਾਜੂ ਹੋਇਆ ਕੋਈ ਜੱਟ ਸਾਧ ਬਣ ਗਿਆ ਸੀ।”
ਮੱਕੀ ਵੱਢ ਕੇ ਭਰੀਆਂ ਦੇ ਮੁਹਾਰੇ ਲਾਏ ਜਾਂਦੇ ਸਨ। ਫਿਰ ਟੱਬਰ ਦੇ ਜੀਅ ਤੇ ਕੁਝ ਮਜ਼ਦੂਰ ਬੁੜ੍ਹੀਆਂ ਛੱਲੀਆਂ ਕੱਡਣ ਦਾ ਕੰਮ ਨਿਬੇੜਦੇ। ਜਦੋਂ ਛੱਲੀਆਂ ਸੁੱਕ ਜਾਂਦੀਆਂ ਤਾਂ ਅਸੀਂ ਤਿੰਨੇ ਭਰਾ, ਬਾਪੂ ਜੀ ਤੇ ਦੋ ਕੁ ਗਵਾਂਢੀ ਰਲ਼ ਕੇ, ਕਿੱਕਰਾਂ-ਟਾਹਲੀਆਂ ਦੇ ਭਾਰੇ ਡੰਡਿਆਂ ਨਾਲ਼ ਛੱਲੀਆਂ ਕੁੱਟਦੇ। ਛੱਲੀਆਂ ਦੇ ਢੇਰ ’ਤੇ ਵਾਰੋ-ਵਾਰੀ, ਧੈਅ-ਧੈਅ ਡੰਡੇ ਵਰ੍ਹਾਉਂਦਿਆਂ ਸਾਡੇ ਮੂਹੋਂ ਹੇਕ ਜਿਹੀ ਵਿਚ ‘ਏ-ਅ-ਹੈਂਅ’ ਦੀ ਉੱਚੀ ਆਵਾਜ਼ ਨਿੱਕਲ਼ਦੀ। ਡਾਂਗ ਉਭਾਰਦਿਆਂ ‘ਏ-ਅ ਤੋਂ ਸ਼ੁਰੂ ਹੋਈ ਹੇਕ ਛੱਲੀਆਂ ’ਤੇ ਮਾਰਨ ਸਮੇਂ ‘ਹੈਂਅ’ ’ਤੇ ਮੁਕਦੀ ਸੀ। ਇਹ ਹੇਕ ਜਿੱਥੇ ਬੰਦੇ ਦੀ ਡਾਂਗ ਨੂੰ ਜ਼ੋਰਦਾਰ ਬਣਾਉਂਦੀ, ਓਥੇ ਸਾਥੀਆਂ ਦੇ ਜੋਸ਼ ਨੂੰ ਵੀ ਉਭਾਰਦੀ ਸੀ।
ਮੱਕੀ ਦਾ ਬੋਹਲ਼ ਵੀ, ਕਣਕ ਦੇ ਬੋਹਲ਼ ਵਾਂਗ ਸਾਡੇ ਮਾਪਿਆਂ ਦੀ ਘਰ-ਗ੍ਰਹਿਸਤੀ ਦੀਆਂ ਅਤੀ ਜ਼ਰੂਰੀ ਲੋੜਾਂ ਹਜ਼ਮ ਕਰ ਜਾਂਦੀਆਂ। ਨਵੀਆਂ ਆਸਾਂ ਲੈ ਕੇ ਸਾਡਾ ਟੱਬਰ, ਦੂਜੇ ਕਿਸਾਨਾਂ ਵਾਂਗ, ਹਾੜ੍ਹੀ ਦੀ ਫਸਲ ਦੀਆਂ ਤਿਆਰੀਆਂ ’ਚ ਰੁੱਝ ਜਾਂਦਾ।
ਸਿਆਲਾਂ ਨੂੰ ਟੋਕੇ ਨਾਲ ਕੜਬ (ਮੱਕੀ ਦੇ ਟਾਂਡੇ) ਕੁਤਰਨ ਦਾ ਕੰਮ ਬਖਸ਼ੀਸ਼ ਕਰਦਾ ਹੁੰਦਾ ਸੀ। ਉਸਦੇ ਪਟਨਾ ਸਾਹਿਬ ਚਲੇ ਜਾਣ ਬਾਅਦ ਉਹ ਕੰਮ ਮੇਰੇ ਜ਼ਿੰਮੇ ਪੈ ਗਿਆ। ਸਵੇਰੇ ਮੂੰਹ-ਨੇਰ੍ਹੇ ਉੱਠ ਕੇ ਕੁਲਦੀਪ ਗਾਲ਼ੇ ਲਾਉਂਦਾ ਤੇ ਮੈਂ ਮਸ਼ੀਨ ਗੇੜਨ ਡਹਿ ਪੈਂਦਾ। ਕੜਬ ਦੀਆਂ 18-20 ਭਰੀਆਂ ਕੁਤਰ ਕੇ ਦਮ ਮਾਰਦਾ। ਨਹਾ ਕੇ ਰੋਟੀ ਖਾਣ ਬਾਅਦ ਸਕੂਲ ਨੂੰ ਟੁਰ ਜਾਂਦਾ। ਖੇਤੀ ਦੇ ਕੰਮਾਂ ’ਚ ਰੁੱਝਿਆਂ ਮੈ ਪੜ੍ਹਾਈ ਵੱਲੋਂ ਕਦੀ ਅਵੇਸਲਾ ਨਹੀਂ ਸੀ ਹੋਇਆ।
ਸਕੂਲ ਵਿਚ ਡੇਰਾ
ਹੈਡਮਾਸਟਰ ਕੁੰਦਨ ਸਿੰਘ ਸੀਹਰਾ ਦੀ ਅਗਵਾਈ ਵਿਚ ‘ਕਰੋ ਜਾਂ ਮਰੋ’ ਦੀ ਦ੍ਰਿੜ ਨੀਤੀ ਰੰਗ ਲੈ ਆਈ ਸੀ। ਅਧਿਆਪਕ ਪੂਰੀ ਤਨਦੇਹੀ ਨਾਲ਼ ਪੜ੍ਹਾਉਂਦੇ ਤੇ ਵਿਦਿਆਰਥੀ ਦਿਲ ਲਾ ਕੇ ਪੜ੍ਹਦੇ। ਮੈਟਰਿਕ ਦੇ ਇਮਤਿਹਾਨ ਲਈ, ਨੌਵੀਂ ਤੇ ਦਸਵੀਂ, ਦੋ ਸਾਲ ਦਾ ਇਕੱਠਾ ਸਿਲੇਬਸ ਹੁੰਦਾ ਸੀ। ਦੋਨਾਂ ਜਮਾਤਾਂ ਦੇ ਮੁੱਖ ਮਜ਼ਮੂਨ ਅੰਗ੍ਰੇਜ਼ੀ, ਗਣਿਤ ਤੇ ਸਾਇੰਸ— ਹੈਡਮਾਸਟਰ ਪੜ੍ਹਾਉਂਦਾ ਸੀ। ਦਸਵੀਂ ਦੀ ਪਾਸ ਪ੍ਰਤੀਸ਼ਤਤਾ ਨੱਬੇ ਤੋਂ ਉੱਤੇ ਹੁੰਦੀ ਸੀ। ਕੁਝ ਕੁ ਵਾਰ ਸੌ ਫੀਸਦੀ ਰਿਜ਼ਲਟ ਵੀ ਆਏ। ਵਧੇਰੇ ਗਿਣਤੀ ਫਸਟ ਤੇ ਸੈਕਿੰਡ ਡਵੀਜ਼ਨਾਂ ਵਾਲ਼ਿਆਂ ਦੀ ਹੁੰਦੀ। ਅੰਗ੍ਰੇਜ਼ੀ ਤੇ ਸਾਇੰਸ ਵਿਚ ਮੈਂ ਹੁਸ਼ਿਆਰ ਸਾਂ। ਅਲਜਬਰਾ ਤੇ ਜੁਮੈਟਰੀ ਸੌਖੇ ਲਗਦੇ ਸਨ ਪਰ ਹਿਸਾਬ ਔਖਾ।
ਹੈਡਮਾਸਟਰ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਸਕੂਲੇ ਰੱਖਣ ਦੀ ਪਰੰਪਰਾ ਚਲਾਈ ਹੋਈ ਸੀ। ਉਸ ਅਨੁਸਾਰ ਅਸੀਂ ਵੀ ਦਸੰਬਰ ’ਚ ਆਪਣੇ ਮੰਜੇ-ਬਿਸਤਰੇ ਸਕੂਲ ’ਚ ਲੈ ਗਏ। ਸਕੂਲ ’ਚ ਕਿਹੜਾ ਹੋਸਟਲ ਸੀ। ਰਾਤਾਂ ਨੂੰ ਕਲਾਸ-ਰੂਮਾਂ ਦੇ ਪਿਛਲੇ ਪਾਸੇ ਚਾਰ-ਚਾਰ, ਪੰਜ-ਪੰਜ ਮੁੰਡਿਆਂ ਨੇ ਆਪਣੇ ਮੰਜੇ ਡਾਹ ਲੈਣੇ। ਸਵੇਰੇ ਉੱਠ ਕੇ ਸੁਚੱਜੇ ਢੰਗ ਨਾਲ਼ ਮੰਜੇ ਖੜ੍ਹੇ ਕਰ ਦੇਣੇ ਤੇ ਬਿਸਤਰੇ ਇਕੱਠੇ ਕਰ ਕੇ, ਉਨ੍ਹਾਂ ਮੰਜਿਆਂ ਦੇ ਓਹਲੇ ਇਕ ਮੰਜੇ ’ਤੇ ਚਿਣ ਦੇਣੇ। ਹੈਡਮਾਸਟਰ ਦਾ ਮੰਜਾ-ਬਿਸਤਰਾ ਦਫਤਰ ’ਚ ਹੁੰਦਾ ਸੀ। ਛੁੱਟੀ ਹੋਣ ’ਤੇ ਅਸੀਂ, ਬਸਤੇ ਸਕੂਲੇ ਛੱਡ ਕੇ, ਘਰਾਂ ਨੂੰ ਆ ਜਾਂਦੇ ਤੇ ਸ਼ਾਮ ਦੀ ਰੋਟੀ ਖਾ ਕੇ ਫਿਰ ਸਕੂਲ ਪਰਤ ਜਾਂਦੇ। ਹੈਡਮਾਸਟਰ ਦਾ ਪਿੰਡ ਸਿੰਗੜੀਵਾਲਾ ਸਕੂਲੋਂ ਤਿੰਨ ਕਿੱਲੋਮੀਟਰ ਸੀ। ਉਹ ਵੀ ਸਾਡੇ ਵਾਂਗ ਘਰੋਂ ਰੋਟੀ ਖਾ ਕੇ ਪਰਤ ਆਉਂਦਾ। ਫਰਕ ਸਿਰਫ ਏਨਾ ਕੁ ਹੀ ਸੀ ਕਿ ਸਾਡਾ ਜਾਣ-ਆਉਣ ਪੈਦਲ ਸੀ ’ਤੇ ਉਸਦਾ ਸਾਈਕਲ ‘ਤੇ। ਰਾਤ ਨੂੰ ਹੈਡਮਾਸਟਰ ਤਿੰਨਾਂ ਮਜ਼ਮੂਨਾਂ ਵਿੱਚੋਂ ਇਕ ’ਤੇ ਘੰਟੇ ਦਾ ਪੀਰੀਅਡ ਲਾਉਂਦਾ। ਉਸ ਤੋਂ ਬਾਅਦ ਅਸੀਂ ਆਪੋ ਆਪਣੇ ਕਮਰਿਆਂ ’ਚ ਚਲੇ ਜਾਂਦੇ। ਜਿਨ੍ਹਾਂ ਨੇ ਪੜ੍ਹਨਾ ਹੁੰਦਾ ਉਹ ਲਾਲਟੈਣ ਬਾਲ ਕੇ ਕਿਤਾਬਾਂ-ਕਾਪੀਆਂ ’ਚ ਰੁਝ ਜਾਂਦੇ ਤੇ ਜਿਨ੍ਹਾਂ ਨੇ ਕੰਮ ਮੁਕਾ ਲਿਆ ਹੁੰਦਾ ਉਹ ਸੌਂ ਜਾਂਦੇ। ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਡੇਢ ਘੰਟੇ ਦਾ ਪੀਰੀਅਡ ਫਿਰ ਲਗਦਾ। ਸਾਡੀ ਸਵੇਰ ਦੀ ਰੋਟੀ ਪਿੰਡਾਂ ਤੋਂ ਪੜ੍ਹਨ ਆਉਂਦੇ ਮੁੰਡਿਆਂ ਦੇ ਹੱਥੀਂ ਆਉਂਦੀ ਸੀ। ਹੈਡਮਾਸਟਰ ਦੀ ਰੋਟੀ ਸਿੰਗੜੀਵਾਲੇ ਦਾ ਕੋਈ ਵਿਦਿਆਰਥੀ ਲਿਆਉਂਦਾ ਸੀ।
ਹੈਡਮਾਸਟਰ ਪੜ੍ਹਾਉਣ ਦੇ ਨਾਲ਼-ਨਾਲ਼ ਸਾਨੂੰ ਜੀਵਨ ਜਾਚ ਬਾਰੇ ਵੀ ਦੱਸਦਾ ਰਹਿੰਦਾ। ਜ਼ਿੰਦਗੀ ਨੂੰ ਸੁਥਰੀ, ਸੁਚੱਜੀ ਤੇ ਤਰੱਕੀ-ਯਾਫਤਾ ਬਣਾਉਣ ਲਈ ਪ੍ਰੇਰਦਾ। ਉਸ ਦੀਆਂ ਕੀਮਤੀ ਗੱਲਾਂ ਦਾ ਮੇਰੇ ’ਤੇ ਅਮਿੱਟ ਪ੍ਰਭਾਵ ਪਿਆ। ਬਾਪੂ ਜੀ ਤੋਂ ਬਾਅਦ ਜਿਸ ਸਖਸ਼ੀਅਤ ਨੇ ਮੇਰੇ ਵਿਅਕਤਿਤਵ ਦੀ ਉਸਾਰੀ ਵਿਚ ਵਧੇਰੇ ਪ੍ਰਭਾਵ ਪਾਇਆ, ਉਹ ਹੈਡਮਾਸਟਰ ਸੀਹਰਾ ਸਾਹਿਬ ਸੀ।
ਪ੍ਰਭਾਵ ਮੇਰੇ ’ਤੇ ਹੀ ਨਹੀਂ ਉਸ ਤੋਂ ਪੜ੍ਹੇ ਹਜ਼ਾਰਾਂ ਵਿਦਿਆਰਥੀਆਂ ’ਤੇ ਪਿਆ ਸੀ।
ਅਮਿੱਟ ਪ੍ਰਭਾਵ ਉਹੀ ਇਨਸਾਨ ਪਾ ਸਕਦੈ ਜਿਸਦੀ ਕਹਿਣੀ ਤੇ ਕਰਨੀ ਵਿਚ ਸੁਮੇਲਤਾ ਹੋਵੇ, ਜੋ ਉੱਚਾ-ਸੁੱਚਾ ਹੋਵੇ। ਸੀਹਰਾ ਸਾਹਿਬ ’ਚ ਇਹ ਗੁਣ ਹੈਗੇ ਸਨ। ਹਰ ਸਾਲ ਸਾਢੇ ਤਿੰਨ ਮਹੀਨੇ ਆਪਣੇ ਟੱਬਰ ਸੰਗ ਬਿਤਾਉਣ ਦੀ ਬਜਾਇ ਉਹ ਸਕੂਲ ’ਚ ਵਿਦਿਆਰਥੀਆਂ ਨਾਲ਼ ਰਹਿੰਦਾ। ਬਿਨਾਂ ਕਿਸੇ ਟਿਊਸ਼ਨ ਫੀਸ ਦੇ ਹਰ ਰੋਜ਼ ਢਾਈ ਘੰਟੇ ਵਾਧੂ ਪੜ੍ਹਾਉਂਦਾ। ਆਪਣੇ ਕਿੱਤੇ ਨਾਲ਼ ਇਕ ਮਿਸ਼ਨਰੀ ਵਾਂਗ ਜੁੜਿਆ ਹੋਇਆ ਸੀ ਉਹ। ਉਸਦੇ ਪ੍ਰਭਾਵ ਹੇਠ ਬਾਕੀ ਅਧਿਆਪਕ ਵੀ ਪੂਰੀ ਲਗਨ ਨਾਲ਼ ਪੜ੍ਹਾਉਂਦੇ ਸਨ। ਇਲਾਕੇ ਦੀ ਉੱਘੀ ਸ਼ਖਸੀਅਤ ਬਣ ਗਿਆ ਸੀ ਸੀਹਰਾ ਸਾਹਿਬ। ਨਸਰਾਲਾ ਸਕੂਲ ਦੀ ਵੀ ‘ਬੱਲੇ-ਬੱਲੇ’ ਹੋ ਗਈ ਸੀ। ਪਰ ਉਹ ਸਕੂਲ ਦੇ ਵਧੀਆ ਇਮੇਜ ਨੂੰ ਸਿਰਫ ਅਪਣੇ ਨਾਲ਼ ਹੀ ਨਹੀਂ ਸੀ ਜੋੜਦਾ। ਸਕੂਲ ਦੀਆਂ ਮੀਟਿੰਗਾਂ ਸਮੇਂ ਸਕੂਲ ਦੀ ਪ੍ਰਸਿੱਧੀ ਨੂੰ ਉਹ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਲਗਨ ਤੇ ਮਿਹਨਤ ਦਾ ਫਲ਼ ਕਰਾਰ ਦਿੰਦਾ ਸੀ।
ਸਾਡੀ ਕਲਾਸ ਨੂੰ ਪੜ੍ਹਾਉਂਦਿਆਂ ਕਦੀ-ਕਦੀ, ਸਕੂਲ ਦੀ ਸ਼ਾਨਦਾਰ ਕਾਰਗੁਜ਼ਾਰੀ ’ਤੇ ਫਖਰ ਮਹਿਸੂਸਦਿਆਂ ਹੈਡਮਾਸਟਰ ਪਿਛਲੇ-ਪਿਛਲੇਰੇ ਸਾਲਾਂ ਦੇ ਵਿਦਿਆਰਥੀਆਂ ਬਾਰੇ ਦੱਸਣ ਲੱਗ ਪੈਂਦਾ, “ਫਲਾਣਾ ਇੰਜਨੀਅਰਿੰਗ ਪੜ੍ਹ ਰਿਹੈ, ਫਲਾਣਾ ਐਮ. ਬੀ. ਬੀ. ਐਸ ਦੇ ਆਖਰੀ ਸਾਲ ’ਚ ਐ, ਫਲਾਣਾ ਐਮ. ਏ ਕਰਕੇ ਬੀ. ਐਡ ਕਰ ਰਿਹੈ, ਫਲਾਣਾ ਨੇਵੀ ’ਚ ਦੂਰ-ਦੁਰਾਡੇ ਦੇਸ਼ਾ ਦੀਆਂ ਸੈਰਾਂ ਕਰਦੈ…।” ਤੇ ਫਿਰ ਸਾਡੀ ਕਲਾਸ ਦੇ ਫਸਟ ਡਵੀਜਨਰਾਂ ਬਾਰੇ ਭੱਵਿਖਬਾਣੀ ਕਰਦਿਆਂ ਜਦੋਂ ਉਸਦੀ ਨਿਗ੍ਹਾ ਮੇਰੇ ਵੱਲ ਵੀ ਘੁੰਮਦੀ, ਮੈਂ ਮਾਣ ਨਾਲ਼ ਭਰ ਜਾਂਦਾ।
ਕੁਝ ਸਾਲਾਂ ਬਾਅਦ ਨਸਰਾਲਾ ਸਰਕਾਰੀ ਸਕੂਲ ਬਣ ਗਿਆ। ਹੈੱਡ ਕੁੰਦਨ ਸਿੰਘ ਸੀਹਰਾ ਹੀ ਰਿਹਾ। 13 ਸਾਲ ਲਗਾਤਾਰ ਉਸਨੇ ਇਹ ਜਿੰਮੇਵਾਰੀ ਨਿਭਾਈ। ਲੋਕਾਂ ਵਿਚ ਜੱਸ ਖੱਟਿਆ। ਨਸਰਾਲੇ ਤੋਂ ਉਸਦੀ ਬਦਲੀ ਇਕ ਸੀਨੀਅਰ ਸੈਕੰਡਰੀ ਸਕੂਲ ’ਚ ਹੋਈ ਜਿੱਥੇ ਉਹ ਰਿਟਾਇਰਮੈਂਟ ਤੱਕ ਪ੍ਰਿੰਸੀਪਲ ਰਿਹਾ।
ਸਾਡੇ ਦਸਵੀਂ ਦੇ ਇਮਤਿਹਾਨ ਦਾ ਸੈਂਟਰ ਪੁਰ ਹੀਰਾਂ ਸੀ। ਪੇਪਰ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਅਸੀਂ ਮੰਜੇ-ਬਿਸਤਰੇ ਚੁੱਕ ਕੇ ਘਰਾਂ ਨੂੰ ਆ ਗਏ ਸਾਂ। ਪਹਿਲੇ ਪੇਪਰ ਵਾਲ਼ੇ ਦਿਨ ਸਵੇਰ ਤੋਂ ਹੀ ਮੀਂਹ ਦੀ ਝੜੀ ਲੱਗ ਗਈ। ਸਾਡੀ ਬੀਹੀ ਦਾ ਮੋਹਣ ਵੀ ਮੇਰੇ ਨਾਲ਼ ਹੀ ਸੀ। ਉਸ ਦਾ ਭਰਾ ਸਾਈਕਲ ’ਤੇ ਸਾਨੂੰ ਦੋਹਾਂ ਨੂੰ ਮੀਂਹ ਪੈਂਦੇ ’ਚ ਨਸਰਾਲੇ ਬੱਸ-ਅੱਡੇ ਛੱਡ ਗਿਆ। ਬੱਸ ਫੜ ਕੇ ਅਸੀਂ ਹੁਸ਼ਿਆਰਪੁਰ ਪਹੁੰਚੇ। ਉੱਥੋਂ ਪੁਰ ਹੀਰਾਂ ਵੱਲ ਦੀ ਬੱਸ ਫੜੀ। ਸੜਕ ਤੋਂ ਸਕੂਲ ਤੱਕ ਕੁਝ ਵਾਟ ਤੁਰ ਕੇ ਜਦੋਂ ਸੈਂਟਰ ’ਚ ਪਹੁੰਚੇ 9 ਵੱਜ ਕੇ 10 ਮਿੰਟ ਹੋ ਚੁੱਕੇ ਸਨ। ਅਸੀਂ 10 ਮਿੰਟ ਲੇਟ ਸਾਂ। ਝੜੀ ਕਾਰਨ ਸਾਡੇ ਅਤੇ ਕੁਝ ਹੋਰ ਸਕੂਲਾਂ ਦੇ ਵਿਦਿਆਰਥੀ ਵੀ ਲੇਟ ਸਨ। ਵਰਾਂਡੇ ’ਚ ਆਪਣੇ ਵਿਦਿਆਰਥੀਆਂ ਨੂੰ ਉਡੀਕ ਰਹੇ ਸੀਹਰਾ ਸਾਹਿਬ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਰਕੇ ਸੁਪਰਡੈਂਟ ਨੇ ਪੇਪਰ ਸਵਾ ਨੌਂ ਵਜੇ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਸੀ। ਸਾਡੀ ਜਾਨ ਵਿਚ ਜਾਨ ਆਈ।
ਸਾਰੇ ਪੇਪਰ ਵਧੀਆ ਹੋ ਗਏ। ਮੇਰੀ ਹਾਈ ਫਸਟ ਡਵੀਜ਼ਨ ਆਈ। ਸਕੂਲੋਂ ਸਰਟੀਫਿਕੇਟ ਲੈਣ ਗਏ ਤਾਂ ਸੀਹਰਾ ਸਾਹਿਬ ਨੇ ਬਾਪੂ ਜੀ ਨੂੰ ਆਖਿਆ, “ਤੁਹਾਡਾ ਲੜਕਾ ਪੜ੍ਹਾਈ ’ਚ ਹੁਸ਼ਿਆਰ ਐ ਇਹ ਜਿੰਨਾਂ ਪੜ੍ਹਨਾ ਚਾਹੁੰਦੈ, ਪੜ੍ਹਾਓ।”
“ਜੇ ਹੱਥ ਤਰ ਹੁੰਦਾ ਜਰੂਰ ਪੜ੍ਹਾਉਂਦੇ।” ਬਾਪੂ ਜੀ ਦੇ ਬੋਲਾਂ ਵਿਚ ਉਦਾਸੀ ਸੀ।
“ਜ਼ਮੀਨ ਵੇਚ ਕੇ ਪੜ੍ਹਾ ਦਿਓ।” ਸੀਹਰਾ ਸਾਹਿਬ ਨੇ ਜ਼ੋਰ ਦੇ ਕੇ ਆਖਿਆ।
“ਅੱਛਾ ਦੇਖਦੇ ਆਂ ਜੀ।” ਬਾਪੂ ਜੀ ਦਾ ਲਹਿਜ਼ਾ ‘ਨਾਂਹ’ ਦਾ ਸੰਕੇਤ ਸੀ।
ਮੇਰੀ ਅਗਾਂਹ ਪੜ੍ਹਨ ਦੀ ਰੀਝ ਮਨ ’ਚ ਮੁੜ-ਮੁੜ ਉਭੱਰ ਰਹੀ ਸੀ।
“ਤਾਰ ਤੇ ਮੋਹਣ ਕਾਲਜ ’ਚ ਦਾਖਲ ਹੋ ਗਏ ਆ। ਮੈਨੂੰ ਵੀ ਕਰਾ ਦਿਓ। ਹੋਰ ਚਾਰ ਦਿਨਾਂ ਤੱਕ ਦਾਖਲੇ ਬੰਦ ਹੋ ਜਾਣੇ ਆਂ।” ਮੈਂ ਬੀਬੀ ਨਾਲ਼ ਗੱਲ ਕੀਤੀ।
“ਪੁੱਤ, ਆਪਾਂ ਦੀਵਾਲੀ ਲਾਗੇ ਦੀਸ਼ੋ (ਮੈਥੋਂ ਵੱਡੀ ਭੈਣ) ਦਾ ਵਿਆਹ ਕਰਨੈ। ਉਸ ਵਾਸਤੇ ਵੀ ਪੱਲਿਓਂ ਨਹੀਂ ਸਰਨਾ। ਤੇਰੇ ਮਾਮੇ ਕੋਲੋਂ ਕੁਝ ਰਕਮ ਫੜਨੀ ਆਂ।” ਬੀਬੀ ਦੇ ਚਿਹਰੇ ’ਤੇ ਉੱਭਰੀ ਮਜ਼ਬੂਰੀ ਦੀ ਕਸੀਸ ਦੇਖਦਿਆਂ ਹੋਰ ਕੁਝ ਕਹਿਣ ਦਾ ਹੌਸਲਾ ਨਾ ਪਿਆ… । ਮੈਂ ਬੀਬੀ ਦੀ ਗੱਲ ਮੰਨ ਲਈ ਸੀ ਪਰ ਮੇਰੇ ਮਨ ਨੇ ਨਹੀਂ ਸੀ ਮੰਨੀ।
ਪਿੰਡੋਂ ਮੇਨ ਸੜਕ ਨੂੰ ਜਾਂਦਾ ਰਾਹ ਸਾਡੇ ਖੇਤਾਂ ਵਿੱਚੀਂ ਨਿਕਲ਼ਦਾ ਸੀ। ਹੁਸ਼ਿਅਰਪੁਰ ਦੇ ਕਾਲਜਾਂ ਨੂੰ ਜਾਂਦੇ ਮੁੰਡੇ ਸਾਡੇ ਖੇਤਾਂ ਵਿੱਚੀਂ ਲੰਘਦੇ ਸਨ। ਉਨ੍ਹਾਂ ਵੱਲ ਦੇਖ ਕੇ ਮੈਂ ਝੂਰਨ ਲੱਗ ਜਾਂਦਾ ਕਿ ਸੈਕੰਡ ਡਵੀਜ਼ਨਾਂ ਵਾਲ਼ੇ ਕਾਲਜ ਜਾ ਰਹੇ ਆ ਤੇ ਮੈਂ ਫਸਟ ਡਵੀਜ਼ਨ ਵਾਲ਼ਾ ਲਾਚਾਰ ਹੋਇਆ ਬੈਠਾਂ। ਮੇਰੀ ਹਾਲਤ ਭਾਂਪ ਕੇ ਬਾਪੂ ਜੀ ਨੇ ਮੇਰੀ ਪਿੱਠ ਪਲੋਸੀ ਤੇ ਕਹਿਣ ਲੱਗੇ, “ਪੁੱਤ ਤੂੰ ਧੀਰਜ ਰੱਖ। ਮੈਂ ਬਲਵੰਤ ਨੂੰ ਕਿਹਾ ਹੋਇਐ, ਉਹ ਤੈਨੂੰ ਰੇਲਵੇ ’ਚ ਰਖਾ ਦਏਗਾ।” ਰੇਲਵੇ ਕਰਮਚਾਰੀ ਬਲਵੰਤ ਸਾਡੇ ਸਕਿਆਂ ’ਚੋਂ ਸੀ। ਮੈਂ ਹੁਸ਼ਿਆਰਪੁਰ ‘ਰੁਜ਼ਗਾਰ ਦਫਤਰ’ ’ਚ ਵੀ ਨਾਂ ਦਿੱਤਾ ਹੋਇਆ ਸੀ। ਨਾ ਤਾਂ ਬਲਵੰਤ ਦਾ ਕਿਤੇ ਹੱਥ ਅੜਿਆ ਤੇ ਨਾ ਹੀ ‘ਰੁਜ਼ਗਾਰ ਦਫਤਰ’ ਤੋਂ ਕੋਈ ਚਿੱਠੀ ਆਈ ਉਹ ਦਿਨ ਮੇਰੇ ਲਈ ਘੋਰ ਉਦਾਸੀ ਦੇ ਸਨ। ਪਹਿਲੋਂ ਬਾਬਾ ਜੀ ਦੀਆਂ ਸੂਫੀ ਕਵੀਆਂ ਦੀਆਂ ਕਿਤਾਬਾਂ ਪੜ੍ਹਨ ਨਾਲ਼ ਮਨ ਨੂੰ ਚੈਨ ਮਿਲ ਜਾਂਦੀ ਸੀ, ਪਰ ਹੁਣ ਉਨ੍ਹਾਂ ਕਿਤਾਬਾਂ ’ਚ ਮਨ ਨਹੀਂ ਸੀ ਖੁੱਭਦਾ। ਖੇਤੀ ਦੇ ਕੰਮ ’ਚ ਵੀ ਹੁਣ ਰੂਹ ਨਹੀਂ ਸੀ ਲਗਦੀ। ਪਿੰਡੋਂ ਨਿੱਕਲ ਜਾਣ ਨੂੰ ਦਿਲ ਕਰਦਾ ਸੀ।
ਏਅਰ ਫੋਰਸ ਸਟੇਸ਼ਨ ਆਦਮਪੁਰ ਸਾਡੇ ਪਿੰਡੋਂ 8 ਕਿਲੋਮੀਟਰ ਹੈ। ਇਕ ਦਿਨ ਉਹ ਦੇਖਣ ਦਾ ਮੌਕਾ ਬਣ ਗਿਆ। ਜਲੰਧਰ ਜ਼ਿਲ੍ਹੇ ’ਚ ਸਾਡੀਆਂ ਮਾਸੀਆਂ ਦੇ ਪਿੰਡ ਈਸ਼ਰਵਾਲ ਕੋਈ ਜ਼ਰੂਰੀ ਸੁਨੇਹਾ ਦੇਣਾ ਸੀ। ਬਾਪੂ ਜੀ ਨੇ ਕਿਸੇ ਕੋਲੋਂ ਮੰਗਵਾਂ ਸਾਈਕਲ ਲੈ ਕੇ ਮੈਨੂੰ ਤੋਰ ਦਿੱਤਾ। ਸਿੱਧਾ ਰਾਹ ਹਵਾਈ ਅੱਡੇ ਦੇ ਕੋਲ਼ ਦੀ ਲੰਘਦਾ ਸੀ। ਉਦੋਂ ਹਵਾਈ ਅੱਡੇ ਦੁਆਲੇ ਫੈਨਸਿੰਗ ਨਹੀਂ ਸੀ ਹੁੰਦੀ। ਪੱਖੇ ਵਾਲ਼ਾ ਇਕ ਛੋਟਾ ਜਹਾਜ਼ ਉੱਤਰ ਰਿਹਾ ਸੀ। ਮੈਂ ਰਾਹ ਛੱਡ ਕੇ ਰਨਵੇਅ ਦੇ ਨਜ਼ਦੀਕ ਚਲਾ ਗਿਆ। ਜਹਾਜ਼ ਉੱਤਰਦਿਆਂ ਸਾਰ ਸਪੀਡ ਫੜ੍ਹ ਕੇ ਫਿਰ ਚੜ੍ਹ ਗਿਆ। ਚੱਕਰ ਲਾ ਕੇ ਉਹ ਉੱਤਰਿਆ ਤੇ ਫਿਰ ਚੜ੍ਹ ਗਿਆ। ਜਹਾਜ਼ ਦੇ ਸ਼ੀਸ਼ਿਆਂ ਵਿੱਚੀਂ ਦੋ ਪਾਇਲਟ ਦਿਖਾਈ ਦੇ ਰਹੇ ਸਨ। ਕੋਈ ਨਵਾਂ ਪਾਇਲਟ ਟ੍ਰੇਨਿੰਗ ਲੈ ਰਿਹਾ ਜਾਪਦਾ ਸੀ। ਦੂਜਾ ਪਾਇਲਟ ਸ਼ਾਇਦ ਇੰਸਟਰਕਟਰ ਸੀ। ਰਨਵੇਅ ਦੇ ਪਰਲੇ ਪਾਸੇ ਇਕ ਵੱਡੀ ਹੈਂਗਰ (ਸ਼ੈੱਡ) ਵਿਚ, ਡਾਂਗਰੀਆਂ ਪਹਿਨੀ ਕੁਝ ਮਕੈਨਿਕ ਜਹਾਜ਼ਾਂ ’ਤੇ ਕੰਮ ਕਰ ਰਹੇ ਸਨ। ਡਾਢੀ ਤੇਜ਼ ਸਪੀਡ ਨਾਲ਼ ਚੜ੍ਹਦੇ ਤੇ ਧੀਮੀ ਸਪੀਡ ਨਾਲ਼ ਉੱਤਰਦੇ ਜਹਾਜ਼ ਅਤੇ ਹੈਂਗਰ ’ਚ ਕੰਮ ਕਰਦੇ ਮਕੈਨਿਕਾਂ ਨੂੰ ਮੈਂ ਕਈ ਚਿਰ ਦੇਖਦਾ ਰਿਹਾ। /ਦੋਵੇਂ ਦ੍ਰਿਸ਼ ਮੈਨੂੰ ਦਿਲਚਸਪ ਲੱਗੇ। ਮੈਂ ਆਪਣੇ ਰਾਹ ਪੈ ਗਿਆ। ਦੋਨਾਂ ਦ੍ਰਿਸ਼ਾ ਬਾਰੇ ਸੋਚਦਿਆਂ ਮਨ ’ਚ ਰੀਝ ਉੱਗ ਪਈ, “ਜੇ ਕਿਤੇ ਇਹ ਨੌਕਰੀ ਮਿਲ ਜਾਏ… ।”
ਈਸ਼ਰਵਾਲ ਤੋਂ ਸਿੱਧੇ ਰਾਹੀਂ ਪਰਤਣ ਦੀ ਬਜਾਇ ਮੈਂ ਆਦਮਪੁਰ ਕਸਬੇ ਨੂੰ ਆ ਗਿਆ। ਇਕ ਦੁਕਾਨ ’ਤੇ ਸਿੱਖ ਹਵਾਈ ਸੈਨਿਕ ਸਬਜ਼ੀ ਖਰੀਦ ਰਿਹਾ ਸੀ। ਮੈਂ ‘ਸਤਿ ਸ੍ਰੀ ਅਕਾਲ’ ਬੁਲਾ ਕੇ ਉਸਨੂੰ ਏਅਰ ਫੋਰਸ ਦੀ ਭਰਤੀ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਭਰਤੀ-ਦਫਤਰ ਅੰਬਾਲੇ ਹੈ ਤੇ ਭਰਤੀ ਕਰਨ ਵਾਲ਼ੇ, ਪੰਜਾਬ ਦੇ ਸ਼ਹਿਰਾਂ ’ਚ ਵੀ ਟੂਰ ਤੇ ਆਉਂਦੇ ਰਹਿੰਦੇ ਹਨ।
ਘਰ ਆ ਕੇ ਮੈਂ ਸਾਰੀ ਗੱਲ ਬਾਪੂ ਜੀ ਨੂੰ ਦੱਸੀ। ਉਨ੍ਹਾਂ ਸਾਰੇ ਰਿਸ਼ਤੇਦਾਰਾਂ ਤੇ ਸਾਂਝ ਵਾਲਿਆਂ ਨੂੰ ਆਖ ਦਿੱਤਾ, “ਜੈਲ ਨੂੰ ਏਅਰ ਫੋਰਸ ’ਚ ਕਰਵਾਉਣੈ, ਕੋਈ ਬੰਦਾ ਲੱਭੋ।”
ਆਦਮਪੁਰ ਹਵਾਈ ਅੱਡੇ ਤੋਂ ਲੋਕਲ ਫਲਾਈਟਾਂ ਕਰਦੇ ਜਹਾਜ਼ ਅਕਸਰ ਸਾਡੇ ਖੇਤਾਂ ਉੱਪਰੋਂ ਲੰਘਿਆ ਕਰਦੇ ਸਨ। ਪਹਿਲਾ ਮੈਂ ਉਨ੍ਹਾਂ ਵੱਲ ਕਦੀ ਧਿਆਨ ਨਹੀਂ ਸੀ ਦਿੱਤਾ ਪਰ ਹੁਣ ਮੈਂ ਉਨ੍ਹਾਂ ਨੂੰ ਨੀਝ ਤੇ ਰੀਝ ਨਾਲ਼ ਦੇਖਦਾ ਸਾਂ।
ਏਅਰ ਫੋਰਸ ਵਿਚ ਭਰਤੀ
ਆਖਰ ਰੀਝ ਪੂਰੀ ਹੋ ਗਈ। ਬਾਪੂ ਜੀ ਦੀ ਮਾਸੀ ਦੇ ਪੋਤਰੇ, ਬਿਆਸਪਿੰਡੀਏ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਫੌਜੀ ਸੋਹਣ ਸਿੰਘ ਦਾ ਕੋਈ ਦੋਸਤ ਅੰਬਾਲੇ ਭਰਤੀ-ਦਫਤਰ ’ਚ ਹੈ। ਉਸਨੇ ਸੋਹਣ ਸਿੰਘ ਨਾਲ਼ ਮੇਰੇ ਬਾਰੇ ਗੱਲ ਪੱਕੀ ਕਰ ਲਈ। ਮਹੀਨੇ ਕੁ ਬਾਅਦ ਗੁਰਦਾਸਪੁਰ ’ਚ ਭਰਤੀ ਦਾ ਪ੍ਰੋਗਰਾਮ ਸੀ। ਸੋਹਣ ਸਿੰਘ ਮੈਨੂੰ ਤੇ ਆਪਣੇ ਪਿੰਡ ਦੇ ਦੋ ਮੁੰਡਿਆਂ ਨੂੰ ਗੁਰਦਾਸਪੁਰ ਲੈ ਗਿਆ ਤੇ ਆਪਣੇ ਦੋਸਤ ਨਾਲ਼ ਮਿਲ਼ਾ ਦਿੱਤਾ। ਓਥੇ ਅਸੀਂ ਇਕ ਸਰਾਂ ’ਚ ਕਮਰਾ ਲੈ ਲਿਆ। ਭਰਤੀ ਵਾਲਿਆਂ ਪਹਿਲੇ ਦਿਨ ਮੁੰਡਿਆਂ ਦੇ ਕੱਦ, ਭਾਰ ਵਗੈਰਾ ਚੈੱਕ ਕੀਤੇ। ਅਗਲਾ ਸਾਰਾ ਦਿਨ ਟੈਸਟ ਹੁੰਦੇ ਰਹੇ। ਲਿਖਤੀ ਟੈਸਟ ਤਾਂ ਮੈਨੂੰ ਸੌਖੇ ਲੱਗੇ ਪਰ ਪ੍ਰੈਕਟੀਕਲਾਂ ਵਿਚ ਕੁਝ ਔਖੇ ਸਨ। ਖੈਰ ਸਿਫਾਰਸ਼ ਆਸਰੇ ਅਸੀਂ ਤਿੰਨੇ ਪਾਸ ਹੋ ਗਏ। ਮੈਨੂੰ ਹਵਾਈ ਜਹਾਜ਼ਾਂ ਦੇ ਇੰਜਣਾਂ ਦੇ ਮਕੈਨਿਕ ਦਾ ਟਰੇਡ ਮਿਲਿਆ।
ਤਿੰਨ ਕੁ ਹਫਤਿਆਂ ਬਾਅਦ ਭਰਤੀ-ਦਫਤਰ ਅੰਬਾਲਾ ਤੋਂ ਡਾਕਟਰੀ ਵਾਸਤੇ ਚਿੱਠੀ ਆ ਗਈ। ਡਾਕਟਰੀ ’ਚੋਂ ਪਾਸ ਹੋਣ ਬਾਅਦ ਓਥੋਂ ਹੀ ਟਰੇਨਿੰਗ ਸੈਂਟਰ ਨੂੰ ਰਵਾਨਾ ਹੋ ਜਾਣਾ ਸੀ। ਬਾਪੂ ਜੀ ਮੇਰੇ ਨਾਲ਼ ਗਏ। ਪਿਛਲੇ ਮਹੀਨਿਆਂ ’ਚ ਵੱਖ-ਵੱਖ ਥਾਵਾਂ ’ਤੋਂ ਭਰਤੀ ਕੀਤੇ ਸਾਰੇ ਰਕਰੂਟ ਬੁਲਾਏ ਹੋਏ ਸਨ। ਡਾਕਟਰੀ ਤੋਂ ਬਾਅਦ ਕੁਝ ਫਾਰਮ ਭਰਵਾਏ ਗਏ। ਵੱਖ-ਵੱਖ ਟਰੇਨਿੰਗ ਸੈਂਟਰਾਂ ਲਈ ਗਰੁੱਪ ਬਣਾਏ ਗਏ। ਸਾਡੇ ਗਰੁੱਪ ਨੇ ਮਦਰਾਸ ਲਾਗੇ ਪੈਂਦੇ ਟਰੇਨਿੰਗ ਸੈਂਟਰ ਤਾਂਬਰਮ ਪਹੁੰਚਣਾ ਸੀ।
ਬਾਪੂ ਜੀ ਜ਼ਿੰਦਗੀ ਦੇ ਅਸੂਲਾਂ ਬਾਰੇ ਪਹਿਲਾਂ ਵੀ ਸਿੱਖਿਆ ਦਿੰਦੇ ਰਹਿੰਦੇ ਸਨ। ਉਸ ਦਿਨ ਰੇਲਵੇ ਸਟੇਸ਼ਨ ਨੂੰ ਟੁਰਨ ਤੋਂ ਪਹਿਲਾਂ ਉਨ੍ਹਾਂ ਜਿਹੜੇ ਅਸੂਲ ਦੁਹਰਾਏ ਉਹ ਸਨ— ਸਾਫ ਨੀਅਤ, ਹਿੰਮਤ, ਮਿਹਨਤ ਅਤੇ ਠੋਸ ਬੰਦਿਆਂ ਨਾਲ਼ ਹੀ ਦੋਸਤੀ ਪਾਉਣੀ। ਜਦੋਂ ਰੇਲ ਗੱਡੀ ਪਲੇਟਫਾਰਮ ’ਤੇ ਆ ਖਲੋਈ ਬਾਪੂ ਜੀ ਨੇ ਮੈਨੂੰ ਛਾਤੀ ਨਾਲ਼ ਲਾ ਲਿਆ ਤੇ ਆਖਿਆ, “ਚਿੱਠੀ ਛੇਤੀ-ਛੇਤੀ ਪਾਉਂਦਾ ਰਹੀਂ, ਸਾਡਾ ਫਿਕਰ ਨਾ ਕਰੀਂ… ਆਪਣਾ ਖਿਆਲ ਰੱਖੀਂ”। ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਮੇਰੀਆਂ ਅੱਖਾਂ ਵੀ ਛਲਕ ਪਈਆਂ… ਗੱਡੀ ਦੀ ਕੂਕ ਸੁਣ ਕੇ ਮੈਂ ਆਪਣੇ ਗਰੁੱਪ ਵਾਲ਼ੇ ਡੱਬੇ ’ਚ ਸਵਾਰ ਹੋ ਗਿਆ। ਓਦਣ ਤਾਰੀਖ ਸੀ 21 ਮਾਰਚ 1962 ਤੇ ਮੇਰੀ ਉਮਰ ਸੀ 17 ਸਾਲ 9 ਮਹੀਨੇ।
ਪਹਿਲੀ-ਪਹਿਲੇਰੀ ਲੰਮੀ ਵਾਟ
ਮਦਰਾਸ ਹੁਸ਼ਿਆਰਪੁਰ ਤੋਂ ਤਕਰੀਬਨ 2600 ਕਿਲੋਮੀਟਰ ਹੈ। ਉਦੋਂ ਇਹ ਗੱਲ ਸੋਚ ਵਿਚ ਨਹੀਂ ਸੀ ਆਈ ਪਰ ਹੁਣ ਸੋਚਦਾ ਹਾਂ ਕਿ ਮੇਰੀ ਪਹਿਲੀ ਪਹਿਲੇਰੀ ਉਹ ਲੰਮੀ ਵਾਟ, ਮੇਰੇ ਜੀਵਨ ਦੇ ਦੂਰ-ਦੁਰਾਡੇ ਸਫਰਾਂ ਦੀ ਸੂਚਕ ਸੀ।
ਮਦਰਾਸ ਨੂੰ ਪਿਛਲੇ 25 ਸਾਲਾਂ ਤੋਂ ਚੇਨਈ ਆਖਿਆ ਜਾਂਦਾ ਹੈ। ਪਰ ਇਹ ਬਦਲਿਆ ਹੋਇਆ ਨਾਂ ਮੇਰੀ ਜ਼ੁਬਾਨ ਤੇ ਨਹੀਂ ਚੜ੍ਹਿਆ। ਜਦੋਂ ਵੀ ਬੀਤੇ ਦੀਆਂ ਗੱਲਾਂ ਕਰਦਾਂ, ਮੂਹ ’ਚੋਂ ਮਦਰਾਸ ਹੀ ਨਿੱਕਲਦੈ। ਦੱਖਣੀ ਭਾਰਤ ਦੀ ਨਾਭੀ ਵਜੋਂ ਜਾਣਿਆਂ ਜਾਂਦਾ ਇਹ ਮਹਾਂਨਗਰ ਦਰਾਵੜੀਅਨ ਸੱਭਿਅਤਾ ਦੀਆਂ ਵਿਸ਼ੇਸ਼ ਪਰੰਪਰਾਵਾਂ ਦਾ ਕੇਂਦਰ ਸੀ।
ਸਾਫ-ਸੁਥਰਾ ਇਹ ਸ਼ਹਿਰ ਮੈਨੂੰ ਚੰਗਾ ਲੱਗਾ ਸੀ। ਏਅਰ ਫੋਰਸ ਟਰੇਨਿੰਗ ਸੈਂਟਰ ਤਾਂਬਰਮ, ਚੇਨਈ ਤੋਂ 30 ਕਿੱਲੋਮੀਟਰ ਪੂਰਬ ਵੱਲ ਨੂੰ ਹੈ। ਇਸ ਸੈਂਟਰ ਵਿਚ ਹਵਾਈ ਜਹਾਜ਼ਾਂ ਦੇ ਤਕਨੀਕੀ ਟਰੇਡਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਸਾਡੀ ਟਰੇਨਿੰਗ ਇਕ ਸਾਲ ਦੀ ਸੀ। ਹਰੇਕ ਤਿੰਨ ਮਹੀਨਿਆਂ ਬਾਅਦ ਦੇਸ਼ ਦੇ ਸਾਰੇ ਭਰਤੀ ਦਫਤਰਾਂ ਤੋਂ ਨਵਾਂ ਪੂਰ ਪਹੁੰਚਦਾ ਸੀ, ਜਿਸ ਨੂੰ ‘ਇਨਟੇਕ’ ਆਖਦੇ ਸਨ। ਹਰੇਕ ਟਰੇਡ ਦੇ ਵੱਖਰੇ ਬੈਚ ਨੂੰ ‘ਐਂਟਰੀ’ ਕਿਹਾ ਜਾਂਦਾ ਸੀ।
ਏਅਰ ਫੋਰਸ ਸਾਰੇ ਭਾਰਤੀਆਂ ਦੀ ਰਲ਼ੀ-ਮਿਲ਼ੀ ਸੈਨਾ ਹੈ। ਸਾਡੀ ‘ਇਨਟੇਕ’ ਤੇ ‘ਐਂਟਰੀ’ ਵਿਚ ਬੰਗਾਲੀ, ਤਾਮਿਲ, ਤੈਲਗੂ, ਪੰਜਾਬੀ, ਮਰਾਠੀ, ਗੁਜਰਾਤੀ, ਮਲਿਆਲੀ— ਗੱਲ ਕੀ ਹਰ ਸੂਬੇ ਦੇ ਰਕਰੂਟ ਸਨ। ਟਰੇਨਿੰਗ ਸੈਂਟਰ ’ਚ ਪਹਿਲੇ ਦਿਨ ਸਾਰੇ ਇਕ-ਦੂਜੇ ਦਾ ਨਾਂ ਪੁੱਛ ਰਹੇ ਸਨ। ਸਾਡੇ ਨਾਲ਼ ਅੰਬਾਲੇ ਤੋਂ ਗਿਆ ਜਤਿੰਦਰ ਪੂਨੀਆਂ ਸ਼ਰਾਰਤੀ ਸੀ। ਤਾਮਿਲੀਅਨ ਮੁੰਡਿਆਂ ਨੇ ਉਸਦਾ ਨਾਂ ਪੁੱਛਿਆ। ਦਾਨਾ ਜਿਹਾ ਬਣ ਕੇ ਕਹਿਣ ਲੱਗਾ, “ਮਾਈ ਨੇਮ ਇਜ਼ ਜੀਜਾ ਜੀ।” ਪੰਜਾਬੀ-ਹਿੰਦੀ ਤੋਂ ਕੋਰੇ ਤਾਮਿਲਾਂ ਨੇ ਆਖਣਾ ਸ਼ੁਰੂ ਕਰ ਦਿੱਤਾ, “ਹੈਲੋ ਜੀਜਾ ਜੀ,” “ਹਾਓ ਆਰ ਯੂ ਜੀਜਾ ਜੀ।” ‘ਜੀਜਾ ਜੀ’ ਦੇ ਅਰਥ ਪਤਾ ਲੱਗਣ ’ਤੇ ਜਦੋਂ ਉਨ੍ਹਾਂ ਨੇ ਗੁੱਸਾ ਦਿਖਾਇਆ ਤਾਂ ਜਤਿੰਦਰ ਨੇ ਡਾਢਾ ਨਿਮਾਣਾ ਜਿਹਾ ਹੋ ਕੇ ਮੁਆਫੀ ਮੰਗ ਲਈ।
“ਮਾਫੀ ਮੰਗਣ ਵੇਲੇ ਥੋੜਾ ਕੁ ਲਿਫ ਜਾਂਦਾ ਪਰ ਤੂੰ ਤਾਂ ਲਿਫ ਕੇ ਦੂਹਰਾ ਹੀ ਹੋ ਗਿਆ।” ਮੈਂ ਉਸਨੂੰ ਛੇੜਿਆ।
“ਲਿਫਿਆ ਤਾਂ ਮੈਂ ਸਿਰਫ ਦੋ ਮਿੰਟ ਲਈ ਸੀ। ਪਰ ਉਨ੍ਹਾਂ ਨੂੰ ਪੂਰੇ ਚਾਰ ਦਿਨ ਸਾਲ਼ੇ ਬਣਾਈ ਰੱਖਿਆ। ਮੇਰਾ ਇਹ ਸੌਦਾ ਘਾਟੇ ਦਾ ਨਹੀਂ, ਵਾਧੇ ਦਾ ਹੀ ਆ।” ਛਾਤੀ ਫੁਲਾਉਂਦਾ ਜਤਿੰਦਰ ਬੋਲਿਆ।
ਸਾਡੀ ਰਿਹਾਇਸ਼ ਲੰਮੀਆਂ-ਲੰਮੀਆਂ ਬੈਰਕਾਂ ’ਚ ਸੀ। ਹਰ ਬੈਰਕ ’ਚ 60 ਕੁ ਬੈੱਡ ਹੁੰਦੇ ਸਨ, ਸਿਰਹਾਣੇ ਕੰਧਾਂ ਵੱਲ ਨੂੰ ਤੇ ਪੈਂਦਾਂ ਆਹਮੋ-ਸਾਹਮਣੇ। ਬੈਡਾਂ ਦੀਆਂ ਦੋਨਾਂ ਲਾਈਨਾਂ ਵਿਚਕਾਰ ਰਾਸਤੇ ਵਜੋਂ ਖੁੱਲ੍ਹੀ ਥਾਂ ਹੁੰਦੀ ਸੀ। ਨਿੱਜੀ ਚੀਜ਼ਾ ਰੱਖਣ ਵਾਸਤੇ ਦਰਾਜਾਂ ਵਾਲ਼ੀ ਅਲਮਾਰੀ ਹੁੰਦੀ ਸੀ। ਆਪਣਾ ਟਰੰਕ ਜਾਂ ਅਟੈੱਚੀ ਬੈੱਡ ਦੇ ਹੇਠਾਂ ਰੱਖਦੇ ਸਾਂ। ਬੈਰਕਾਂ ਤੋਂ ਥੋੜ੍ਹਾ ਹਟਵੇਂ, ਲਾਈਨਾਂ ਵਿਚ ਬਣੇ ਬਾਥਰੂਮ ਹੁੰਦੇ ਸਨ। ਬੈੱਡ ਲੋਹੇ ਦੇ ਜਾਂ ਲਕੜੀ ਦੇ ਹੁੰਦੇ ਸਨ।
ਮੇਰੇ ਨਾਲ਼ ਵਾਲ਼ਾ ਬੈੱਡ ਮਨਜੀਤ ਸਿੰਘ ਸੰਧੂ ਦਾ ਸੀ। ਉਸ ਤੋਂ ਅਗਲੇ ਤਿੰਨ ਬੈੱਡ ਬੰਤ ਸਿੰਘ ਟਿਵਾਣਾ, ਹਰਚਰਨ ਸਿੰਘ ਬੇਦੀ ਤੇ ਨਰਿੰਦਰ ਸਿੰਘ ਗਰੇਵਾਲ ਦੇ ਸਨ। ਸਾਡੀ ਚੌਹਾਂ ਦੀ ਆਪਸ ਵਿਚ ਵਾਹਵਾ ਬਣਦੀ ਸੀ। ਸਾਡੀ ਪਰੇਡ ਦੀ ਸਿਖਲਾਈ ਸ਼ੁਰੂ ਹੋ ਗਈ। ਉਸ ਪਰੇਡ ਤੋਂ ਵੱਖਰੀ ਭਾਂਤ ਦੀ ਇਕ ਹੋਰ ਪਰੇਡ ਹਰ ਦੋ-ਤਿੰਨ ਹਫਤਿਆਂ ਬਾਅਦ ਅਸੀਂ ਬੈਰਕਾਂ ਵਿਚ ਕਰਦੇ ਸਾਂ, ਮੰਜਿਆਂ ਅਤੇ ਨਾਰੀਅਲ ਦੇ ਗੱਦਿਆਂ ’ਚ ਛੁਪੇ ਖਟਮਲਾਂ ਨੂੰ ਮਾਰਨ ਵਾਲ਼ੀ ਖਟਮਲ-ਪਰੇਡ। ਜਿਹੜਾ ਇਹ ਪਰੇਡ ਨਹੀਂ ਸੀ ਕਰਦਾ ਖਟਮਲ ਰਾਤ ਨੂੰ ਉਸ ਦੀ ਪਰੇਡ ਕਰਵਾ ਦੇਂਦੇ।
ਹਰੇਕ ਬੈਰਕ ਦਾ ਇਕ ਧੋਬੀ ਹੁੰਦਾ ਸੀ। ਉਹ ਸਾਡੀਆਂ ਵਰਦੀਆਂ ਤੇ ਹੋਰ ਕਪੜੇ ਲੈ ਜਾਂਦਾ ਅਤੇ ਹਫਤੇ ਬਾਅਦ ਧੋ ਕੇ ਦੇ ਜਾਂਦਾ।
ਖਾਣ-ਪੀਣ ਮੈਸਾਂ ਵਿਚ ਸੀ। ਸਵੇਰੇ ਪੂਰੀਆਂ ਜਾਂ ਪਰੌਂਠੇ ਤੇ ਜਾਂ ਬਟਰ-ਜੈਮ ਲੱਗੀ ਬਰੈੱਡ ਤੇ ਚਾਹ। ਦੁਪਹਿਰ ਨੂੰ ਚਪਾਤੀ (ਰੋਟੀ) ਚਾਵਲ, ਦਾਲ਼, ਸਬਜ਼ੀ ਤੇ ਸਾਂਬਰ ਅਤੇ ਰਾਤ ਨੂੰ ਚਪਾਤੀ, ਚਾਵਲ, ਮੀਟ ਤੇ ਸਾਂਬਰ। ਐਤਵਾਰ ਦੇ ਲੰਚ ਵਿਚ ਮੁਰਗਾ ਹੁੰਦਾ ਸੀ। ਸ਼ਾਕਾਹਾਰੀਆਂ ਵਾਸਤੇ ਰਾਤ ਨੂੰ ਸਬਜ਼ੀਆਂ ਦੇ ਨਾਲ਼ ਦੁੱਧ ਦਾ ਮੱਗ ਹੁੰਦਾ ਸੀ ਤੇ ਅਰਧ-ਸ਼ਾਕਾਹਾਰੀਆਂ ਵਾਸਤੇ ਅੰਡਿਆਂ ਦੀ ਭੁਰਜੀ ਹੁੰਦੀ ਸੀ। ਲੌਢੇ ਵੇਲੇ ਚਾਹ ਜਾਂ ਕੌਫੀ ਬਣਦੀ ਸੀ। ਮੈੱਸ ਦੇ ਖਾਣਿਆਂ ਦਾ ਸਟੈਂਡਰਡ ਠੀਕ-ਠੀਕ ਹੀ ਸੀ।
ਗੱਲ-ਬਾਤ ਤੇ ਪੜ੍ਹਨ-ਲਿਖਣ ਦਾ ਮਾਧਿਅਮ ਅੰਗ੍ਰੇਜ਼ੀ ਸੀ। ਦੱਖਣੀ ਭਾਰਤੀ ਤੇ ਬੰਗਾਲੀ ਤਾਂ ਅੰਗ੍ਰੇਜ਼ੀ ਸੌਖ ਨਾਲ਼ ਬੋਲ ਲੈਂਦੇ ਸਨ। ਪਰ ਪੰਜਾਬ ਸਮੇਤ ਭਾਰਤ ਦੇ ਬਾਕੀ ਹਿੱਸਿਆਂ ਤੋਂ ਗਏ ਰਕਰੂਟਾਂ ਨੂੰ ਅੰਗੇਜ਼ੀ ਔਖੀ ਲਗਦੀ ਸੀ। ਖੈਰ ਹੌਲ਼ੀ-ਹੌਲ਼ੀ ਸਾਰੇ ਲਿਖਣ-ਬੋਲਣ ਲੱਗ ਪਏ। ਪਰੇਡ-ਪੀ.ਟੀ ਨਾਲ਼ ਸੰਬੰਧਿਤ ਕਮਾਂਡਜ਼ ਹਿੰਦੀ ’ਚ ਹੁੰਦੀਆਂ ਸਨ।
ਏਅਰ ਫੋਰਸ ਵਿਚ ਹਰ ਸੈਨਿਕ ਦੀ ਪਛਾਣ ਉਸਦਾ ਗੋਤਰ ਜਾਂ ਉਪਨਾਮ ਅਤੇ ਨਾਂ ਦੇ ਪਹਿਲੇ ਅੱਖਰ ਹੁੰਦੇ ਹਨ, ਜਿਵੇਂ ਮੈਂ ਓਥੇ ਜਰਨੈਲ ਸਿੰਘ ਨਹੀਂ ‘ਹੀਰ ਜੇ ਐਸ’ ਸਾਂ। ਮਾਧਿਅਮ ਅੰਗ੍ਰੇਜ਼ੀ ਹੋਣ ਕਰਕੇ ਸਾਡੇ ਪੰਜਾਬੀਆਂ ਦੇ ਕੁਝ ਗੋਤਰਾਂ ਦਾ ਉਚਾਰਣ, ਖਾਸ ਕਰਕੇ ਦੱਖਣੀ ਭਾਰਤੀ ਹੋਰ ਤਰ੍ਹਾਂ ਕਰਦੇ ਸਨ ਜਿਵੇਂ ਸੰਧੂ ਦਾ ਸੈਂਢੂ, ਢਿੱਲੋਂ ਦਾ ਢਿਲਨ, ਸਹੋਤਾ ਦਾ ਸਾਹੋਟਾ, ਮਲਹੋਤਰਾ ਦਾ ਮੈਲਹੋਟਰਾ ਆਦਿ।
ਪਹਿਲੇ ਤਿੰਨ ਮਹੀਨੇ ਪਰੇਡਾਂ, ਪੀ.ਟੀਆਂ ਦੀ ਸਿਖਲਾਈ ਦੇ ਸਨ। ਨਾਲ਼ ਅੰਗ੍ਰੇਜ਼ੀ, ਹਿਸਾਬ ਤੇ ਸਾਇੰਸ ਦੇ ਪੀਰੀਅਡ ਵੀ ਲਗਦੇ ਸਨ। ਪਰੇਡ ਖੁਰੀਆਂ ਲੱਗੇ ਭਾਰੇ ਐਂਕਲ-ਬੂਟ ਪਾ ਕੇ ਕਰਦੇ ਸਾਂ। ਸਰੀਰਾਂ ਨੂੰ ਪੂਰੀ ਤਰ੍ਹਾਂ ਤਾਣ ਕੇ, ਪੈਰਾਂ ਨੂੰ ਧਰਤੀ ’ਤੇ ਪੂਰੇ ਜ਼ੋਰ ਨਾਲ਼ ਧਰਦਿਆਂ ਦੂਜੇ ਰਕਰੂਟਾਂ ਸੰਗ ਕਦਮ ਨਾਲ਼ ਕਦਮ ਮਿਲ਼ਾ ਕੇ ਮਾਰਚ ਕਰਨ ਦੀ ਪ੍ਰੈਕਟਿਸ ਕਰਵਾਈ ਜਾਂਦੀ ਸੀ, ਸ਼ੁਰੂ ਵਿਚ ਖਾਲੀ ਹੱਥੀਂ ਤੇ ਬਾਅਦ ਵਿਚ ਖੱਬੇ ਹੱਥ ਵਿਚ ਰਾਈਫਲ ਉਠਾ ਕੇ। 30 ਕੁ ਰਕਰੂਟਾਂ ਦੀ ਟੁਕੜੀ ਦਾ ਇਕ ‘ਫਿਜ਼ੀਕਲ ਇੰਸਟਰਕਟਰ’ ਹੁੰਦਾ ਸੀ। ਟੁਕੜੀ ਨੂੰ ਫਲਾਈਟ (Flight) ਕਿਹਾ ਜਾਂਦਾ ਸੀ। ਫਲਾਈਟਾਂ ਕਈ ਹੁੰਦੀਆਂ ਸਨ। ਹਰ ਫਲਾਈਟ ਦਾ ਇਕ ਸੀਨੀਅਰਮੈਨ ਹੁੰਦਾ ਸੀ। ਪਰੇਡ ’ਚ ਢਿੱਲ-ਮੱਠ ਕਰਨ ਵਾਲ਼ੇ ਰਕਰੂਟ ਨੂੰ ਰਾਈਫਲ ਦੋਨਾਂ ਹੱਥਾਂ ਨਾਲ਼ ਫੜ ਕੇ ਤੇ ਬਾਹਾਂ ਸਿੱਧੀਆਂ ਉੱਪਰ ਉਠਾ ਕੇ ਦੌੜਨ ਜਾਂ ਪੱਬਾਂ ਭਾਰ ਬੈਠ ਕੇ ਡੱਡੂ-ਛਡੱਪਾ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਸੀ।
ਤਰਕਹੀਣ ਡਸਿਪਲਿਨ
ਇੰਸਟਰਕਟਰਾਂ ਦੀ ਕਮਾਂਡ ਅਨੁਸਾਰ ਤੇਜ਼ ਚੱਲ, ਦਾਇਨੇ ਮੁੜ, ਬਾਏਂ ਮੁੜ, ਦਾਇਨੇ ਦੇਖ, ਬਾਏਂ ਦੇਖ, ਸਾਮਨੇ ਦੇਖ, ਸਲਾਮੀ ਦੋ ਆਦਿ ਕ੍ਰਿਆਵਾਂ ਕਰਦਿਆਂ ਅਤੇ ਇੰਸਟਰਕਟਰਾਂ ਤੇ ਅਫਸਰਾਂ ਦੇ ਹਰ ਆਰਡਰ ਦੀ ਪਾਲਣਾ ਵਾਸਤੇ ਯੈਸ ਕਾਪਲ, ਯੈਸ ਸਰਜੈਂਟ, ਯੈਸ ਸਰ ਉਚਾਰਦਿਆਂ ਮੈਨੂੰ ਇੰਜ ਲਗਦਾ ਜਿਵੇਂ ਮੈਥੋਂ ਮੇਰਾ ਨਿੱਜ ਖੋਹਿਆ ਜਾ ਰਿਹਾ ਹੋਵੇ। ਡਸਿਪਲਿਨ ਦੇ ਨਾਂ ’ਤੇ ਕੁਝ ਕਾਰਜਾਂ ਦੀ ਤਰਕਹੀਣਤਾ ਵੀ ਦੁਖੀ ਕਰਦੀ ਸੀ— ਸਵੇਰੇ ਬੈਰਕ ਤੋਂ ਟੁਰਨ ਲੱਗਿਆਂ ‘ਕਿਟ ਲੇਅ ਆਉਟ’ ਕਰਨੀ ਜ਼ਰੂਰੀ ਸੀ। ਬੈੱਡ ਦੀ ਨੀਲੀ ਦਰੀ ਉੱਪਰ ਸਿਰਹਾਣੇ ਵੱਲ, ਤਹਿ ਕੀਤੀ ਚਿੱਟੀ ਬੈੱਡ-ਸ਼ੀਟ, ਉਸ ਉੱਪਰ ਕੰਬਲ ਤੇ ਮੱਛਰਦਾਨੀ, ਨਿਯਮ ਮੁਤਾਬਿਕ, ਤਹਿ ਲਾ ਕੇ ਰੱਖਦੇ ਸਾਂ। ਤਿੰਨਾ ਚੀਜ਼ਾ ਦੀ ਲੰਬਾਈ-ਚੌੜਾਈ ਐਨ੍ਹ ਬਰਾਬਰ ਕਰਕੇ ਰੱਖਣੀ ਹੁੰਦੀ ਸੀ। ਬੈੱਡ ਦੇ ਵਿਚਕਾਰ, ਬਾਹੀਆਂ ਵੱਲ ਨੂੰ ਚਿੱਟਾ ਤੌਲੀਆ ਵਿਛਾ ਕੇ ਉਸਦੇ ਸਿਰੇ ਦਰੀ ਹੇਠਾਂ ਛਪਾਉਂਣੇ ਹੁੰਦੇ ਸਨ। ਤੌਲੀਏ ਦੇ ਸੈਂਟਰ ਵਿਚ ਪਲੇਟ ਮੂਧੀ ਰੱਖ ਕੇ ਉਸ ਉੱਪਰ ਮੱਗ ਟਿਕਾਉਂਦੇ ਸਾਂ। ਮੱਗ-ਪਲੇਟ ਦੇ ਸੱਜੇ ਪਾਸੇ ਚਮਚ, ਖੱਬੇ ਪਾਸੇ ਫੋਰਕ ਤੇ ਪੈਂਦ ਵਲ ਦੇ ਪਾਸੇ ਛੁਰੀ ਰੱਖਦੇ ਸਾਂ। ਮੰਜੇ ਦੀ ਪੈਂਦ ਦੇ ਇਕ ਕੋਨੇ ਵਿਚ ਛੋਟੇ ਬੂਟਾਂ ਤੇ ਕੈਨਵਸ ਬੂਟਾਂ ਦਾ ਮੂਧਾ ਮਾਰਿਆ ਇਕ-ਇਕ ਪੈਰ ਤੇ ਦੂਜੇ ਕੋਨੇ ’ਚ ਇਸੇ ਤਰ੍ਹਾਂ ਬੂਟਾਂ ਦੇ ਦੂਜੇ ਪੈਰ।
ਚਾਹੀਦਾ ਤਾਂ ਇਹ ਸੀ ਕਿ ਬੈਰਕ ਛੱਡਣ ਤੋਂ ਪਹਿਲਾਂ ਬੈੱਡ ਸੁਆਰੇ ਹੋਏ ਹੋਣ। ਬੈੱਡ ਉੱਪਰ ਮੱਗ-ਪਲੇਟਾਂ ਤੇ ਬੂਟ ਰੱਖਣ ਦੇ ਨਿਯਮ ਤਰਕਹੀਣ ਸਨ।
ਵੱਡੀ ਸਿਰਦਰਦੀ ਉਦੋਂ ਹੁੰਦੀ ਸੀ ਜਦੋਂ ਟਰੇਨਿੰਗ ਕਮਾਂਡ ਜਾਂ ਏਅਰ ਹੈੱਡਕੁਆਟਰ ਤੋਂ ਕੋਈ ਵੱਡਾ ਅਫਸਰ ਇਨਸਪੈਕਸ਼ਨ ਕਰਨ ਆਉਂਦਾ। ਉਸਦੇ ਸਤਿਕਾਰ ਵਿਚ ਹੋਣ ਵਾਲ਼ੀ ਪਰੇਡ ਤੇ ਪੀ.ਟੀ ਦੀਆਂ ਰਿਹਰਸਲਾਂ ਕਰਦਿਆਂ ਸਰੀਰਾਂ ਦੀ ਬੱਸ ਹੋ ਜਾਂਦੀ ਸੀ। ਉਨ੍ਹਾਂ ਮੌਕਿਆਂ ’ਤੇ ਕੀਤੀ ਜਾਂਦੀ ‘ਸੈਰੀਮੋਨੀਅਲ ਕਿੱਟ ਲੇਅ-ਆਊਟ’ ਵਿਚ ਬੈੱਡ-ਸ਼ੀਟ, ਕੰਬਲ ਤੇ ਮੱਛਰਦਾਨੀ ਨਾਲ਼ ਸਾਨੂੰ ਇਸ਼ੂ ਹੋਈਆਂ 35-40 ਚੀਜ਼ਾ ਨਿਯਮਾਂ ਅਨੁਸਾਰ ਬੈੱਡ ’ਤੇ ਬਾਤਰਤੀਬ ਸਜਾਉਣੀਆਂ ਹੁੰਦੀਆਂ ਸਨ। ਜੇ ਕਿਸੇ ਦੀ ‘ਕਿਟ ਲੇਅ ਆਉਟ’ ਦੀ ਤਰਤੀਬ ਠੀਕ ਨਾ ਹੁੰਦੀ, ਉਸਨੂੰ ਸਜ਼ਾ ਦਿੱਤੀ ਜਾਂਦੀ।
ਡਸਿਪਲਿਨ ’ਚ ਸਾਨੂੰ ਇਹ ਵੀ ਦ੍ਰਿੜਾਇਆ ਗਿਆ ਕਿ ਤੁਹਾਨੂੰ ਦਿੱਤਾ ਆਰਡਰ ਜੇ ਅਣਉਚਿਤ ਜਾਂ ਗਲਤ ਜਾਪੇ ਤਾਂ ਕਿਸੇ ਦਲੀਲਬਾਜ਼ੀ ’ਚ ਪੈਣ ਦੀ ਬਜਾਇ ਉਸਦੀ ਤੁਰੰਤ ਪਾਲਣਾ ਕਰਨੀ ਹੈ। ਇਹ ਬਾਅਦ ’ਚ ਦੱਸਣੈ ਕਿ ਤੁਹਾਨੂੰ ਦਿੱਤਾ ਗਿਆ ਆਰਡਰ ਜਾਂ ਤੁਹਾਡੇ ’ਤੇ ਲੱਗਾ ਦੋਸ਼ ਸਹੀ ਨਹੀਂ ਸੀ।
ਸੰਵੇਦਨਸ਼ੀਲ ਬੰਦੇ ਲਈ ਇਸ ਤਰ੍ਹਾਂ ਦਾ ਅਧੀਨਗੀ ਵਾਲ਼ਾ ਮਾਹੌਲ ਸਹਿਣਾ ਮੁਸ਼ਕਲ ਹੁੰਦਾ ਹੈ। ਇਸ ਮਾਹੌਲ ਨੇ ਮੇਰੇ ਅੰਦਰ ਘੁਟਣ ਪੈਦਾ ਕਰ ਦਿੱਤੀ। ਪਿੱਛੇ ਪਰਿਵਾਰ ਦੀ ਕੋਈ ਝੂਠੀ-ਮੂਠੀ ਸਮੱਸਿਆ ਘੜ ਕੇ, ਮੈਂ ਡਿਸਚਾਰਜ ਵਾਸਤੇ ਦਰਖਾਸਤ ਲਿਖਣ ਲਈ ਸੋਚਣ ਲੱਗ ਜਾਂਦਾ। ਪਰ ਫਿਰ ਅੱਖਾਂ ਮੂਹਰੇ ਪਰਿਵਾਰ ਦੀ ਪੇਤਲ਼ੀ ਆਰਥਿਕਤਾ ਦੇ ਦ੍ਰਿਸ਼ ਘੁੰਮ ਜਾਂਦੇ। ਮਸਲਾ ਰੋਜ਼ੀ-ਰੋਟੀ ਦਾ ਸੀ, ਆਪਣੇ ਪੈਰਾਂ ’ਤੇ ਖਲੋਣ ਦਾ ਸੀ… ।
ਸਾਡੀ ਫਲਾਈਟ ਦੇ ਇਕ ਸਾਥੀ ਦਾ ਚਾਚਾ ਏਅਰਫੋਰਸ ’ਚ ਸੀ। ਮੈਂ ਉਸ ਨਾਲ਼ ਗੱਲ ਛੇੜੀ। ਉਸਨੇ ਦੱਸਿਆ ਕਿ ਸਖਤ ਡਸਿੱਪਲਿਨ ਟਰੇਨਿੰਗ ਸੈਂਟਰਾਂ ’ਚ ਹੀ ਹੁੰਦਾ ਹੈ। ਯੂਨਿਟਾਂ ਵਿਚ ਜ਼ਿੰਦਗੀ ਸੌਖੀ ਹੁੰਦੀ ਹੈ। ਦੇਸ਼ ਦੇ ਨਵੇਂ-ਨਵੇਂ ਇਲਾਕੇ ਤੇ ਸ਼ਹਿਰ ਦੇਖਣ ਦੇ ਮੌਕੇ ਮਿਲ਼ਦੇ ਹਨ। ਮੈਂ ਦੜ ਵੱਟ ਕੇ ਟ੍ਰੇਨਿੰਗ ਮੁਕਾਉਣ ਦਾ ਨਿਸ਼ਚਾ ਕਰ ਲਿਆ।
ਮੈਂ ਘਰ ਨੂੰ ਲੰਮੀਆਂ ਚਿੱਠੀਆਂ ਲਿਖਦਾ ਸਾਂ। ਜਵਾਬ ਬਾਪੂ ਜੀ ਲਿਖਿਆ ਕਰਦੇ ਸਨ। ਉਨ੍ਹਾਂ ਦੇ ਅੱਖਰ ਤਾਂ ਕੁਝ ਟੇਢੇ-ਮੇਢੇ ਹੁੰਦੇ ਪਰ ਉਨ੍ਹਾਂ ਵਿੱਚੋਂ ਮੋਹ ਝਰਦਾ ਸੀ।
ਤਿੰਨ ਮਹੀਨੇ ਬਾਅਦ ਟਰੇਡ-ਸਿੱਖਿਆ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਕਲਾਸਾਂ ਨੁੰ ਫਲਾਈਟਾਂ ਦੇ ਰੂਪ ਵਿਚ ਜਾਂਦੇ ਸਾਂ, ਮਾਰਚ ਕਰਕੇ। ਟਰੇਡ-ਸਿੱਖਿਆ ਦੇ ਤਿੰਨ-ਤਿੰਨ ਮਹੀਨਿਆਂ ਦੇ ਤਿੰਨ ਫੇਜ਼ (Phase) ਸਨ। ਹਫਤਾਵਰੀ ਟੈਸਟ ਲਗਾਤਾਰ ਚੱਲਦੇ ਸਨ। ਫੇਜ਼ ਦੇ ਅੰਤ ’ਤੇ ਫੇਜ਼-ਟੈਸਟ ਹੁੰਦਾ ਸੀ। ਇਸ ਟੈਸਟ ਵਿਚੋਂ ਫਿਹਲ ਹੋਏ ਟਰੇਨੀ ਨੂੰ ਬੈਕ-ਫੇਜ਼ ਯਾਨਿ ਤਿੰਨ ਮਹੀਨੇ ਜੂਨੀਅਰ ਐਂਟਰੀ ’ਚ ਭੇਜ ਦਿੱਤਾ ਜਾਂਦਾ ਸੀ। ਸੋ ਪੜ੍ਹਾਈ ਪੂਰੀ ਮਿਹਨਤ ਨਾਲ਼ ਕਰਨੀ ਹੁੰਦੀ ਸੀ। ਬੈਰਕਾਂ ਦੀ ਲਾਈਟ ਰਾਤ ਸਾਢੇ ਨੌਂ ਵਜੇ ਬੰਦ ਹੋ ਜਾਂਦੀ ਸੀ। ਟਰੇਨਿੰਗ ਸੈਂਟਰ ’ਚ ਘਾਹ ਤੇ ਫੁੱਲਾਂ ਦੇ ਕੁਝ ਪਾਰਕ ਸਨ। ਟਰੇਨੀ ਉਨ੍ਹਾਂ ਪਾਰਕਾਂ ਦੀਆਂ ਲਾੲਟਾਂ ਵਿਚ ਪੜ੍ਹਿਆ ਕਰਦੇ ਸਨ। ਟੈਸਟਾਂ ਦੇ ਦਿਨੀਂ ਤਾਂ ਸਾਡਾ ਐਤਵਾਰ ਦਾ ਦਿਨ ਵੀ ਕਿਤਾਬਾਂ ਸੰਗ ਹੀ ਬੀਤਦਾ।
ਚੇਨਈ ਸ਼ਹਿਰ ਸਮੁੰਦਰ ਦੇ ਕਿਨਾਰੇ ਹੈ। ਸਮੁੰਦਰ ਦੀ ਨੇੜਤਾ ਹੋਣ ਕਾਰਨ ਸਵੇਰੇ-ਸ਼ਾਮ ਤਾਂ ਮੌਸਮ ਸੁਹਾਵਣਾ ਹੁੰਦਾ ਸੀ ਪਰ ਦਿਨੇ ਖਾਸ ਕਰਕੇ ਦੁਪਹਿਰ ਨੂੰ ਕਾਫੀ ਗਰਮੀ ਹੁੰਦੀ ਸੀ। ਰਾਤ ਨੂੰ ਕੰਬਲ ਜਾਂ ਰਜਾਈ ਦੀ ਲੌੜ ਨਹੀਂ ਸੀ ਹੁੰਦੀ। ਚੇਨਈ ਵਿਚ ਮੁੱਖ ਤੌਰ ’ਤੇ ਦੋ ਹੀ ਮੌਸਮ ਹਨ— ਗਰਮੀ ਤੇ ਬਰਸਾਤ।
ਅਸੀਂ ਸ਼ਾਮ ਵੇਲੇ ਤੇ ਐਤਵਾਰ ਨੂੰ ਘੁੰਮਣ-ਫਿਰਨ ਲਈ ਟਰੇਨਿੰਗ ਸੈਂਟਰ ਤੋਂ ਬਾਹਰ ਜਾ ਸਕਦੇ ਸਾਂ ਪਰ ਵਰਦੀ ਵਿਚ। ਤਾਂਬਰਮ ਕਸਬਾ ਤੇ ਰੇਲਵੇ ਸਟੇਸ਼ਨ ਟ੍ਰੇਨਿੰਗ ਸੈਂਟਰ ਤੋਂ ਡੇਢ ਕਿਲੋਮੀਟਰ ਦੀ ਵਿੱਥ ’ਤੇ ਸੀ। ਕਸਬੇ ਤੋਂ ਟਰੇਨਿੰਗ ਸੈਂਟਰ ਵਾਲ਼ੀ ਸੜਕ ’ਤੇ ਕਾਫੀ ਦੁਕਾਨਾਂ ਸਨ। ਮੈਂ ਤੇ ਮਨਜੀਤ ਬਾਜ਼ਾਰ ਅਤੇ ਚੇਨਈ ਨੂੰ ਇਕੱਠੇ ਜਾਂਦੇ ਸਾਂ। ਸਾਡੀ ਫਲਾਈਟ ਵੀ ਇਕ ਸੀ। ਮੈੱਸ ਨੂੰ ਵੀ ਅਸੀਂ ਇਕੱਠੇ ਜਾਂਦੇ। ਦੋਸਤ ਬਣ ਗਏ ਸਾਂ ਅਸੀਂ। ਦੋਸਤੀ ਲਈ ਨਾ ਮੈਂ ਕੋਈ ਵਿਸ਼ੇਸ਼ ਪਹਿਲਕਦਮੀ ਕੀਤੀ ਸੀ ਤੇ ਨਾ ਹੀ ਉਸਨੇ। ਸਾਡੇ ਦਿਲਾਂ ਨੇ ਚੁੱਪ-ਚੁਪੀਤੇ ਪਰਸਪਰ ਸਮਾਨਤਾ ਲੱਭ ਲਈ ਸੀ। ਕਿਸੇ ਵੀ ਵਿਅਕਤੀ ਦਾ ਸੁਭਾਅ ਸਮੁੱਚੇ ਤੌਰ ’ਤੇ ਕਿਸੇ ਦੂਜੇ ਵਰਗਾ ਨਹੀਂ ਹੁੰਦਾ। ਕੁਝ ਮੁੱਖ ਸਮਾਨਤਾਵਾਂ ਹੀ ਦੋਸਤੀ ਦਾ ਆਧਾਰ ਬਣਦੀਆਂ ਹਨ। ਜਿਹੜੀਆਂ ਸਮਾਨਤਾਵਾਂ ਸਾਡੇ ਦਿਲਾਂ ਨੇ ਇਕ-ਦੂਜੇ ਵਿਚ ਪਛਾਣੀਆਂ, ਉਹ ਸਨ ਵਿਸ਼ਵਾਸਯੋਗਤਾ ਅਤੇ ਸੁਹਿਰਦਤਾ… ਚਾਲਾਂ ਖੇਡਣ ਵਾਲ਼ੇ ਨਹੀਂ ਸਾਂ ਅਸੀਂ।
ਸਾਡੇ ਸੁਭਾਵਾਂ ਵਿਚ ਵੱਖਰਤਾ ਵੀ ਸੀ। ਮੈਂ ਸੰਗਾਊ ਸਾਂ। ਮੇਰੀ ਬੋਲ-ਬਾਣੀ ਆਪਣੀ ਬੈਰਕ ਦੇ ਰਕਰੂਟਾਂ ਤੱਕ ਹੀ ਸੀਮਤ ਸੀ। ਮਨਜੀਤ ਰਲ਼ਮਿਲ਼ਾ ਤੇ ਹਸਮੁਖ ਸੀ। ਉਸਨੇ ਸਾਡੀ ਐਂਟਰੀ ਦੇ ਦੂਜੀਆਂ ਬੈਰਕਾਂ ਦੇ ਪੰਜਾਬੀ ਰਕਰੂਟਾਂ ਨਾਲ਼ ਵੀ ਜਾਣ-ਪਛਾਣ ਬਣਾ ਲਈ ਸੀ। ਜਦੋਂ ਉਹ ਉਨ੍ਹਾਂ ਨਾਲ਼ ਗੱਪ-ਸ਼ੱਪ ਮਾਰਨ ਜਾਂਦਾ, ਮੈਨੂੰ ਵੀ ਨਾਲ਼ ਚਲਣ ਲਈ ਆਖਦਾ। ਅਣਜਾਣ ਬੰਦਿਆ ’ਚ ਜਾਣ ਦੀ ਝਿਜਕ ਕਾਰਨ ਮੈਂ ਨਾਂਹ ਕਰ ਦੇਂਦਾ। ਪਰ ਨਾਂਹ ਕਰਨ ਬਾਅਦ ਮਨ ’ਚ ਮਹਿਸੂਸੀਅਤ ਉੱਭਰ ਪੈਂਦੀ ਕਿ ਮੈਂ ਦੋਸਤ ਦਾ ਮਾਣ ਨਹੀਂ ਰੱਖ ਰਿਹਾ। ਸੋ ਮੈਂ ਉਸ ਨਾਲ਼ ਜਾਣ ਲੱਗ ਪਿਆ। ਇਕੱਠੇ ਬੈਠੇ ਪੰਜ-ਸੱਤ ਜਣਿਆਂ ’ਚ ਇਕ-ਦੋ ਮੇਰੇ ਵਰਗੇ ਵੀ ਹੁੰਦੇ, ਬੋਲਣ ਨਹੀਂ ਸੁਣਨ ਵਾਲ਼ੇ।
ਟਰੇਡ ਦੀ ਪੜ੍ਹਾਈ ’ਚ ਮੇਰਾ ਨਾਂ ’ਚੰਗਿਆਂ’ ਵਿਚ ਸੀ। ਪੜ੍ਹਾਈ ਸੰਬੰਧੀ ਗੱਲ-ਬਾਤ ਦੌਰਾਨ ਮੈਂ ਵੀ ਆਪਣੇ ਵਿਚਾਰ ਪੇਸ਼ ਕਰਦਾ ਜੋ ਧਿਆਨ ਨਾਲ਼ ਸੁਣੇ ਜਾਂਦੇ ਸਨ… ਕੁਝ ਮਹੀਨਿਆਂ ਬਾਅਦ ਮਨਜੀਤ ਦੀ ਜਾਣ-ਪਛਾਣ ਵਾਲ਼ੇ ਮੈਨੂੰ ਵੀ ਜਾਣਨ ਲੱਗ ਪਏ। ਮੈੱਸ ਵਿਚ ਕਈ ਵਾਰ ਉਨ੍ਹਾਂ ਸੰਗ ਬੈਠ ਕੇ ਖਾਣ-ਪੀਣ ਅਤੇ ਨਵੀਆਂ-ਤਾਜ਼ੀਆਂ ਸਾਂਝੀਆਂ ਕਰਨ ਦੇ ਮੌਕੇ ਬਣ ਜਾਂਦੇ। ਤਾਂਬਰਮ ਬਾਜ਼ਾਰ ਤੇ ਚੇਨਈ ’ਚ ਘੁੰਮਦਿਆਂ, ਜਿਨ੍ਹਾਂ ਰਕਰੂਟਾਂ ਨੂੰ ਅਜ਼ਨਬੀਆਂ ਵਾਂਗ ਦੇਖਦਾ ਮੈਂ ਅਗਾਹ ਲੰਘ ਜਾਂਦਾ ਸਾਂ ਹੁਣ ਉਨ੍ਹਾਂ ਕੋਲ਼ ਖੜ੍ਹ ਕੇ ਹਾਲ-ਚਾਲ ਪੁੱਛਣ-ਦੱਸਣ ਲੱਗ ਪਿਆ। ਅਜਿਹੇ ਮੌਕਿਆਂ ਤੇ ਮੈਂਨੂੰ ਇੰਜ ਲਗਦਾ ਜਿਵੇਂ ਮੇਰਾ ਵਿਅਕਤੀਤਵ ਪਹਿਲਾਂ ਨਾਲ਼ੋਂ ਗੂੜ੍ਹਾ ਹੋ ਗਿਆ ਹੋਵੇ… ਆਪਣੇ ਸੰਗਾਊਪੁਣੇ ’ਚੋਂ ਮੈਂ ਕਾਫੀ ਹੱਦ ਤੱਕ ਬਾਹਰ ਆ ਗਿਆ ਸਾਂ। ਮਨਜੀਤ ਦੀ ਲੋਕਾਂ ਨਾਲ਼ ਮੇਲ-ਮਿਲਾਪ ਦੀ ਆਦਤ ਮੇਰੇ ਲਈ ਫਾਇਦੇਮੰਦ ਸਾਬਤ ਹੋਈ।
ਚੇਨਈ ਜਾਣ ਲਈ ਤਾਂਬਰਮ ਰੇਲਵੇ ਸਟੇਸ਼ਨ ਤੋਂ ਇਲੈਕਟ੍ਰਿਕ ਰੇਲ ਫੜਦੇ ਸਾਂ। ਸਵੇਰੇ ਸ਼ਾਮ ਰੇਲ ’ਚ ਭੀੜ ਹੁੰਦੀ ਸੀ ਪਰ ਕੋਈ ਧੱਕਮ-ਧੱਕਾ ਨਹੀਂ ਸੀ ਹੁੰਦਾ। ਖਲੋਤੇ ਔਰਤ-ਮਰਦ ਮੁਸਾਫਰਾਂ ਵਿਚ ਜੇ ਇਕ ਜਣਾ ਦੂਜੇ ਨੂੰ ਟੱਚ ਹੋ ਜਾਂਦਾ ਤਾਂ ਉਹ ਛਾਤੀ ਅਤੇ ਮੱਥੇ ਨੂੰ ਛੁਹ ਕੇ ਮੁਆਫੀ ਮੰਗਦਾ।
ਤਾਮਿਲਾਂ ਦੇ ਰੰਗ ਹਲਕੇ ਕਾਲ਼ੇ ਤੇ ਨੈਣ-ਨਕਸ਼ ਤਿੱਖੇ ਹੁੰਦੇ ਹਨ। ਆਮ ਮਰਦਾਂ ਦੇ ਗਲ਼ ਕਮੀਜ਼ ਅਤੇ ਤੇੜ ਧੋਤੀ ਜਾਂ ਲੂੰਗੀ ਹੁੰਦੀ ਹੈ। ਔਰਤਾਂ ਬਲਾਊਜ਼ ਨਾਲ਼ ਸਾੜ੍ਹੀ ਜਾਂ ਲੰਮੀ ਸਕੱਰਟ ਪਹਿਨਦੀਆਂ ਹਨ। ਆਪਣੇ ਲੰਮੇ ਕਾਲੇਸ਼ਾਹ ਵਾਲਾਂ ਵਿਚ ਉਹ ਫੁੱਲ, ਖਾਸ ਕਰਕੇ ਕਲੀਆਂ ਦੇ ਗੁੱਛੇ ਟੁੰਗਦੀਆਂ ਹਨ।
ਤਾਮਿਲਾਂ ਦਾ ਮੁੱਖ ਭੋਜਨ ਚਾਵਲ, ਮੱਛੀ, ਡੋਸਾ, ਇਡਲੀ ਤੇ ਸਾਂਬਰ ਹਨ। ਮਿਰਚ-ਮਸਾਲਿਆਂ ਦੀ ਵਰਤੋਂ ਉਹ ਪੰਜਾਬੀਆਂ ਵਾਂਗ ਹੀ ਕਰਦੇ ਹਨ।
ਈਸਾਈ ਨਾਂ ਜਿਵੇਂ ਜੌਹਨ, ਜੌਰਜ, ਜੋਸਿਫ, ਚਾਰਲਸ, ਕਰਿਸਟੋਫਰ ਆਦਿ ਪਹਿਲੀ ਵਾਰ ਟਰੇਨਿੰਗ ਸੈਂਟਰ ’ਚ ਹੀ ਸੁਣੇ। ਸੀਨੀਅਰ ਰਕਰੂਟਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਇਹ ਬਸਤੀਵਾਦੀ ਅੰਗ੍ਰੇਜ਼ਾਂ ਦੇ ਪ੍ਰਭਾਵ ਦਾ ਸਿੱਟਾ ਸੀ। ਉਹ ਦੱਖਣ ਦੇ ਰਸਤਿਓਂ ਭਾਰਤ ਵਿਚ ਦਾਖਲ ਹੋਏ ਸਨ। ਈਸਟ ਇੰਡੀਆ ਕੰਪਨੀ ਚੇਨਈ ਵਿਚ ਹੀ ਸਥਾਪਤ ਹੋਈ ਸੀ। ਉਸ ਸਮੇਂ ਦੱਖਣੀ ਪ੍ਰਾਂਤਾਂ ਦੇ ਬ੍ਰਾਹਮਣ ਏਨੇ ਕੱਟੜ ਸਨ ਕਿ ਉਹ ਅਛੂਤਾਂ ਨੂੰ ਮੰਦਰਾਂ ਦੇ ਅੰਦਰ ਤਾਂ ਕੀ, ਲਾਗੇ ਵੀ ਨਹੀਂ ਸੀ ਢੁੱਕਣ ਦੇਂਦੇ। ਈਸਾਈ ਮਿਸ਼ਨਰੀਆਂ ਨੇ ਜਾਤ-ਪਾਤ ਦੀ ਨਿਖੇਧੀ ਕਰਦਿਆਂ ਅਛੂਤਾਂ ਨੂੰ ਆਖਿਆ ਕਿ ਆਓ! ਅਸੀਂ ਤੁਹਾਨੂੰ ਛਾਤੀ ਨਾਲ਼ ਲਾਉਂਦੇ ਹਾਂ। ਸਾਡੇ ਚਰਚਾਂ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ। ਈਸਾ ਮਸੀਹ ਅੰਗ-ਸੰਗ ਹੋ ਕੇ ਤੁਹਾਡੀ ਰੱਖਿਆ ਕਰੇਗਾ। ਮਿਸ਼ਨਰੀਆਂ ਨੇ ਉਨ੍ਹਾਂ ਵਾਸਤੇ ਸਕੂਲ ਤੇ ਹਸਪਤਾਲ ਖੋਲ੍ਹ ਦਿੱਤੇ। ਉਨ੍ਹਾਂ ਦੀਆਂ ਲੜਕੀਆਂ ਨੂੰ ਹਸਪਤਾਲਾਂ ’ਚ ਨਰਸਾਂ ਤੇ ਸਕੂਲਾਂ ਵਿਚ ‘ਨਨਜ਼ ਟੀਚਰਾਂ’ ਦੀਆਂ ਨੌਕਰੀਆਂ ਦਿੱਤੀਆਂ। ਇਨ੍ਹਾਂ ਸਹੂਲਤਾਂ ਅਤੇ ਮਿਸ਼ਨਰੀਆਂ ਦੇ ਪ੍ਰਭਾਵ ਹੇਠ ਬਹੁਗਿਣਤੀ ਅਛੂਤ ਈਸਾਈ ਬਣ ਗਏ। ਪਰ ਉਨ੍ਹਾਂ ਨੇ ਆਪਣੀ ਮਾਂ ਬੋਲੀ ਤਾਮਿਲ ਨਾਲ਼ੋਂ ਨਾਤਾ ਨਹੀਂ ਸੀ ਤੋੜਿਆ।
ਚੇਨਈ ਬੰਦਰਗਾਹ ਹੈ। ਸ਼ਹਿਰ ਦੇ ਇਕ ਮੁਹੱਲੇ ਵਿਚ ਕੁਝ ਬੰਦੇ, ਦੂਜੇ ਦੇਸ਼ਾ ਤੋਂ ਸਮੱਗਲ ਹੋਈਆਂ ਚੀਜ਼ਾਂ ਜਿਵੇਂ ਘੜੀਆਂ, ਧੁੱਪ-ਐਨਕਾਂ, ਟ੍ਰਾਂਜ਼ਿਸਟਰ, ਪੈਂਟਾ-ਕਮੀਜ਼ਾਂ ਦੇ ਪੀਸ ਅਤੇ ਹੋਰ ਕਈ ਕੁਝ ਲੁਕਵੇਂ ਢੰਗ ਨਾਲ਼ ਵੇਚਦੇ ਸਨ। ਉਦੋਂ ਟੈਰਾਲੀਨ ਨਵੀਂ-ਨਵੀਂ ਆਈ ਸੀ। ਮੈਂ, ਮਨਜੀਤ ਤੇ ਹੋਰ ਸਾਥੀਆਂ ਨੇ ਪੀਸ ਖਰੀਦ ਕੇ ਬੜੇ ਚਾਵਾਂ ਨਾਲ਼ ਪੈਂਟਾਂ-ਕਮੀਜ਼ਾਂ ਸਿਲਵਾਈਆਂ। ਜ਼ਿੰਦਗੀ ਵਿਚ ਪਹਿਲੀ ਵਾਰ ਘੜੀ ਮੈਂ ਓਥੋਂ ਹੀ ਖਰੀਦੀ ਸੀ।
ਸਮੁੰਦਰ ਨਾਲ਼ ਦੋਸਤੀ
ਚੇਨਈ ਦਾ ਸਮੁੰਦਰ ਮੇਰੇ ਲਈ ਵਿਸ਼ੇਸ਼ ਆਕਰਸ਼ਣ ਸੀ। ਉਸ ਸਮੁੰਦਰ ਦੀ 12 ਕਿਲੋਮੀਟਰ ਲੰਮੀ ‘ਮਰੀਨਾ ਬੀਚ’ ਦੁਨੀਆਂ ਦੀਆਂ ਲੰਮੀਆਂ ਬੀਚਾਂ ਵਿਚ ਗਿਣੀ ਜਾਂਦੀ ਹੈ। ਮੈਂ ਤੇ ਮਨਜੀਤ ਮਹੀਨੇ ’ਚ ਇਕ-ਦੋ ਵਾਰ ਉਸ ਬੀਚ ’ਤੇ ਜ਼ਰੂਰ ਜਾਂਦੇ ਸਾਂ। ਸਾਡੇ ਨਾਲ਼ ਕਦੀ ਆਪਣੀ ਬੈਰਕ ਵਾਲ਼ੇ ਬੰਤ ਟਿਵਾਣਾ, ਹਰਚਰਨ ਬੇਦੀ, ਨਰਿੰਦਰ ਗਰੇਵਾਲ ਅਤੇ ਕਦੀ ਦੂਜੀਆਂ ਬੈਰਕਾਂ ਤੋਂ ਸਤੀਸ਼ ਗੋਇਲ, ਹਰਜੀਤ ਸਿੱਧੂ ’ਤੇ ਬਲਬੀਰ ਕੈਂਥ ਹੁੰਦੇ। ਓਥੇ ਸ਼ਾਮ ਨੂੰ ਬਹੁਤ ਰੌਣਕ ਹੁੰਦੀ ਸੀ। ਲਾਊਡ ਸਪੀਕਰਾਂ ’ਤੇ ਧੀਮੀ ਆਵਾਜ਼ ਵਿਚ ਤਾਮਿਲ ਗਾਣੇ ਵੱਜ ਰਹੇ ਹੁੰਦੇ। ਛਾਬੜੀਆਂ ਵਾਲ਼ੇ ਤੁਰ-ਫਿਰ ਕੇ ਸਨੈਕਸ ਵੇਚਦੇ। ਠੰਢੀ ਸੁਹਾਵਣੀ ਹਵਾ ’ਚ ਚੈਨ ਮਹਿਸੂਸਦੇ ਲੋਕ ਘੁੰਮ-ਫਿਰ ਕੇ ਜਾਂ ਇਕ ਥਾਂ ਕੇ ਬੈਠ ਮੀਲਾਂ ਤੱਕ ਪਸਰੇ ਅਥਾਹ ਪਾਣੀ ਦਾ ਨਜ਼ਾਰਾ ਮਾਣਦੇ। ਮਸਤੀ ’ਚ ਆਏ ਬੱਚੇ ਰੇਤ ਵਿਚ ਦੁੜੰਗੇ ਮਾਰਦੇ। ਕਿਸ਼ਤੀਆਂ ’ਚ ਸਵਾਰ ਮਛੇਰੇ ਜਾਲਾਂ ਨਾਲ਼ ਮੱਛੀਆਂ ਫੜ ਰਹੇ ਹੁੰਦੇ। ਅਚਾਨਕ ਹੀ ਬਾਹਰ ਨੂੰ ਆਈ ਕੋਈ ਜ਼ੋਰਦਾਰ ਛੱਲ ਕਿਨਾਰੇ ਬੈਠੇ ਤੇ ਘੁੰਮ-ਫਿਰ ਰਹੇ ਲੋਕਾਂ ਨੂੰ ਭਿਉਂ ਜਾਂਦੀ। ਰਾਤ ਦੇ ਨੌਂ-ਦਸ ਵੱਜੇ ਤੱਕ ਲੋਕਾਂ ਦੀ ਭੀੜ ਜੁੜੀ ਰਹਿੰਦੀ। ਸਾਨੂੰ ਇਸ ਤਰ੍ਹਾਂ ਲਗਣਾ ਜਿਵੇਂ ਕਿਸੇ ਮੇਲੇ ਵਿਚ ਘੁੰਮ ਰਹੇ ਹੋਈਏ। ਮੈਂ ਕੁਝ ਸਮਾਂ ਦੋਸਤਾਂ ਨਾਲ਼ ਟਹਿਲ ਕੇ ਇਕਲਵਾਂਜੇ ਥਾਂ ਜਾ ਬੈਠਦਾ। ਮੈਨੂੰ ਮੇਲਾ ਦੇਖਣ ਨਾਲ਼ੋਂ ਸਮੁੰਦਰ ਨੂੰ ਦੇਖਣਾ ਜ਼ਿਆਦਾ ਚੰਗਾ ਲਗਦਾ। ਸਮੁੰਦਰ ਮੇਰੀ ਰੂਹ ਨੂੰ ਭਾਉਂਦਾ ਸੀ। ਉਸਦੇ ਦੂਰ-ਦੁਮੇਲ ਤੱਕ ਪਸਰੇ ਪਾਣੀ ਨੂੰ ਨਿਹਾਰਦਿਆਂ ਮਨ ਦਾ ਤਣਾਅ ਦੂਰ ਹੋ ਜਾਂਦਾ। ਤਣਾਅ ਘਰ ਦੇ ਓਦਰੇਵੇਂ ਕਰਕੇ ਨਹੀਂ, ਟਰੇਨਿੰਗ ਸੈਂਟਰ ’ਚ ਵਾਪਰਦੀਆਂ ਅਣਉਚਿਤ ਗੱਲਾਂ ਕਰਕੇ ਪੈਦਾ ਹੁੰਦਾ ਸੀ। ਇਕ ਵੇਰਾਂ ਫਲਾਈਟ ਸਰਜੈਂਟ ਪਾਨੀਕਰ (ਕੇਰਲੀਅਨ) ਜੈੱਟ ਇੰਜਣ ਦਾ ‘ਲੁਬਰੀਕੇਸ਼ਨ ਸਿਸਟਮ’ ਪੜ੍ਹਾ ਰਿਹਾ ਸੀ। ਉਹ ਪੁਰਜਿਆਂ ਨੂੰ ਰੈਲ਼ਾ ਕਰਦੇ ਤੇਲ ਨੂੰ ਸਾਫ ਕਰਨ ਵਾਲ਼ੇ ਫਿਲਟਰਾਂ ਬਾਰੇ ਦੱਸਣਾ ਭੁੱਲ ਗਿਆ। ਮੈਂ ਉਹ ਚੈਪਟਰ ਅਗਾਊਂ ਪੜ੍ਹਿਆ ਹੋਇਆ ਸੀ। ਮੈਂ ਸੀਟ ਤੋਂ ਉੱਠ ਕੇ ਮਾਣ ਜਿਹੇ ਨਾਲ਼ ਫਿਲਟਰਾਂ ਦਾ ਜ਼ਿਕਰ ਕਰ ਦਿੱਤਾ। ਪਾਨੀਕਰ ਮੈਨੂੰ ਟੁੱਟ ਕੇ ਪਿਆ, “ਡੋਂਟ ਗੈੱਟ ਇਨਸਾਈਡ ਦਾ ਗੰਨ ਐਂਡ ਸ਼ੂਟ।”
ਪਾਨੀਕਰ ਦੇ ਵਿਹਾਰ ਦੀ ਕੁੜੱਤਣ ਅਜੇ ਮਿਟੀ ਨਹੀਂ ਸੀ ਕਿ ਇਕ ਹੋਰ ਘਟਨਾ ਵਾਪਰ ਗਈ। ਰੋਜ਼ ਵਾਂਗ ਅਸੀਂ ਆਪਣੇ ਟਰੇਡ ਦੀ ਕਲਾਸ ਵਾਸਤੇ ਜਾ ਰਹੇ ਸਾਂ। ਨਿਯਮ ਅਨੁਸਾਰ ਸਾਰੇ ਟਰੇਡਾਂ ਦੀਆਂ ਕਲਾਸਾਂ, ਫਲਾਈਟਾਂ ਦੇ ਰੂਪ ਵਿਚ ਮਾਰਚ ਕਰਕੇ ਜਾਂਦੀਆਂ ਸਨ। ਡਸਿਪਲਿਨ ਦਾ ਨਿਯਮ ਇਹ ਵੀ ਸੀ ਕਿ ਦੂਜੇ ਪਾਸਿਓਂ ਜੇਕਰ ਕੋਈ ਕਮਿਸ਼ੰਡ ਅਫਸਰ ਸਾਈਕਲ, ਸਕੂਟਰ ਜਾਂ ਕਾਰ ’ਤੇ ਲੰਘੇ ਤਾਂ ਫਲਾਈਟ ਦੇ ਸੀਨੀਅਰ ਮੈਨ ਨੇ ‘ਫਲਾਈਟ ਦਾਇਨੇ ਦੇਖ’ ਦੀ ਕਮਾਂਡ ਦੇਂਦਿਆਂ, ਮਾਰਚ ਕਰਦੇ-ਕਰਦੇ ਆਪ ਸਲਿਊਟ ਦੇਣਾ ਹੁੰਦਾ ਸੀ ਅਤੇ ਫਲਾਈਟ ਦੇ ਰਕਰੂਟਾਂ ਨੇ ਗਰਦਨਾਂ ਸੱਜੇ ਪਾਸੇ ਘੁਮਾ ਕੇ ਅਫਸਰ ਕੰਨੀ ਦੇਖਣਾ ਹੁੰਦਾ ਸੀ। ਉਸ ਦਿਨ ਬੇਧਿਆਨੀ ’ਚ ਸੀਨੀਅਰ ਮੈਨ ਨੂੰ ਸਾਹਮਣਿਓਂ ਆਉਂਦੇ ਅਫਸਰ ਦਾ ਸਮੇਂ ਸਿਰ ਪਤਾ ਨਾ ਲੱਗਾ। ਉਸ ਨੇ ‘ਦਾਇਨੇ ਦੇਖ’ ਆਖ ਤਾਂ ਦਿੱਤਾ ਅਤੇ ਅਸੀਂ ਸਾਰਿਆਂ ਨੇ ਗਰਦਨਾਂ ਵੀ ਘੁਮਾ ਲਈਆਂ ਪਰ ਫਲਾਈਟ ਦਾ ਮੂਹਰਲਾ ਚੌਥਾ ਕੁ ਹਿੱਸਾ ਅਫਸਰ ਤੋਂ ਅਗਾਂਹ ਲੰਘ ਚੁੱਕਾ ਸੀ। ਯਾਨਿ ਉਸਨੂੰ ਪੂਰੀ ਫਲਾਈਟ ਦਾ ਸਲਿਊਟ ਨਾ ਮਿਲ਼ਿਆ। ਉਸਨੇ ਸਕੂਟਰ ਮੋੜ ਕੇ ਫਲਾਈਟ ਰੋਕ ਲਈ ਤੇ ਸੀਨੀਅਰ ਮੈਨ ਨੂੰ ‘ਬਲੱਡੀ ਫੂਲ’ ਆਖਦਿਆਂ ਉਸ ’ਤੇ ਰੋਹਬ ਛਾਂਟਿਆ। ਸੀਨੀਅਰ ਮੈਨ ਨੇ ਸੌਰੀ ਮੰਗੀ ਪਰ ‘ਸਾਹਬ’ ਦਾ ਗੁੱਸਾ ਠੰਢਾ ਨਾ ਹੋਇਆ। ਫਲਾਈਟ ਨੂੰ ਕਲਾਸਰੂਮ ਤੱਕ ਦੌੜ ਕੇ ਜਾਣ ਦੀ ਸਜ਼ਾ ਸੁਣਾ ਦਿੱਤੀ। ਦਿਨ ਤਪਿਆ ਹੋਇਆ ਸੀ। ਭਾਰੇ ਬੂਟਾਂ ਨਾਲ਼ ਇਕ ਕਿਲੋਮੀਟਰ ਦੌੜਦਿਆਂ ਅਸੀਂ ਧੀਮੀਆਂ ਆਵਾਜ਼ਾ ਵਿਚ ਸਲਿਊਟ ਦੇ ਭੁੱਖੇ ਉਸ ਅਫਸਰ ਨੂੰ ਰੱਜ ਕੇ ਗਾਲ਼ਾਂ ਕੱਢੀਆਂ।
ਕੁਝ ਇੰਸਟਰਕਟਰ ਤੇ ਅਫਸਰ ਚੰਗੇ ਵੀ ਸਨ। ਪਰ ਜਿਆਦਾ ਗਿਣਤੀ ਆਕੜਖਾਨਾਂ ਦੀ ਸੀ। ਮਾੜੀ ਜਿਹੀ ਕੁਤਾਹੀ ਹੋਣ ’ਤੇ ਉਹ ਦਬਕੇ ਮਾਰਨ ਲੱਗ ਪੈਂਦੇ, “ਬਲੱਡੀ ਫੂਲ! ਡੂ ਯੁ ਵਾਂਟ ਟੂ ਗੋ ਔਨ ਚਾਰਜ?” ਚਾਰਜ ਸ਼ਬਦ ਸੁਣ ਕੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਸੋਚ ਵਿਚ ਘੁੰਮ ਜਾਂਦੀਆਂ। ‘ਸੌਰੀ’ ਮੰਗ ਕੇ ਪਿੱਛਾ ਛੁਡਾਉਣ ਦੀ ਕੋਸ਼ਿਸ਼ ਹੁੰਦੀ ਸੀ।
ਹਰ ਸੋਮਵਾਰ ਸਵੇਰੇ ਸਾਰੀਆਂ ਇਨਟੇਕਾਂ ਦੀ ਰਾਈਫਲ ਨਾਲ਼ ਪਰੇਡ ਹੁੰਦੀ ਸੀ। ‘ਸਾਵਧਾਨ’ ਪੁਜ਼ੀਸ਼ਨ ’ਚ ਖਲੋਤਿਆਂ, ਪਰੇਡ-ਕਮਾਂਡਰ ਵੱਲੋਂ ਗੜ੍ਹਕਵੀਂ ਆਵਾਜ਼ ਵਿਚ ਤਾੜਨਾ ਕੀਤੀ ਜਾਂਦੀ, “ਨੋ ਮੂਵਮੈਂਟ, ਐਵਰੀਵਨ ਸਟੈਂਡ ਲਾਈਕ ਏ ਸਟੈਚੂ।” ਅਜ਼ੀਬ ਆਰਡਰ ਸੀ। ਜਿਉਂਦੇ-ਜਾਗਦੇ ਡੇਢ ਹਜ਼ਾਰ ਬੰਦਿਆਂ ਨੂੰ, ਆਪਣੀ ਹੋਂਦ ਭੁਲਾ ਕੇ ਬੁੱਤ ਬਣ ਜਾਣ ਦਾ ਹੁਕਮ ਦਿੱਤਾ ਜਾਂਦਾ ਸੀ।
ਇਸ ਤਰ੍ਹਾਂ ਦੀਆਂ ਅਣਉਚਿਤ ਗੱਲਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ। ਸ਼ੁਰੂ-ਸ਼ੁਰੂ ’ਚ ਇਹ ਜ਼ਿਆਦਾ ਪ੍ਰੇਸ਼ਾਨ ਕਰਦੀਆਂ ਸਨ। ਸਮਾਂ ਬੀਤਣ ’ਤੇ ਮੈਂ ਉਨ੍ਹਾਂ ਨੂੰ ਗੰਭੀਰਤਾ ਨਾਲ਼ ਲੈਣਾ ਛੱਡ ਦਿੱਤਾ। ਇਕ ਦਿਨ ਅਸੀਂ ਪੰਜ-ਛੇ ਜਣੇ ਬੈਠੇ ਸਾਂ। ਉਲਟੇ-ਸਿੱਧੇ ਆਰਡਰਾਂ ਦੀਆਂ ਗੱਲਾਂ ਚਲ ਪਈਆਂ। “ਜਰਨੈਲ! ਹੁਣ ਤੂੰ ਆਰਡਰਾਂ ਦੀ ਨੁਕਤਾਚੀਨੀ ਘੱਟ ਕਰਦੈਂ।” ਬੰਤ ਟਿਵਾਣਾ ਦਾ ਸਵਾਲ ਸੀ।
“ਬੰਤ! ਮੈਂ ਇਹ ਸਿੱਟਾ ਕੱਢਿਆ ਪਈ ਆਰਡਰਾਂ ਦੀ ਪਾਲਣਾ ਤਾਂ ਮੈਨੂੰ ਕਰਨੀ ਹੀ ਪੈਣੀ ਆਂ ਪਰ ਮੈਂ ਵਰਦੀ ਦਾ ਖਾਕੀ ਰੰਗ ਆਪਣੇ ਦਿਮਾਗ ਨੂੰ ਨਹੀਂ ਚੜ੍ਹਨ ਦੇਣਾ।”
“ਲੈ ਬਈ ਐਹ ਈ ਕੰਮ ਦੀ ਗੱਲ, ਅਪਣੇ ਦਿਮਾਗ ਨਾ ਖਾਕੀ ਹੋਣ ਦਿਓ।” ਮਨਜੀਤ ਨੇ ਬੋਲ ਕੇ ਤੇ ਬਾਕੀਆਂ ਨੇ ਸਿਰ ਹਿਲਾ ਕੇ ਮੇਰੇ ਵਿਚਾਰ ਦੀ ਪੁਸ਼ਟੀ ਕਰ ਦਿੱਤੀ।
ਕਦੀ-ਕਦੀ ਸਾਥੀਆਂ ਸੰਗ ਬੈਠਿਆਂ ਹਾਸਾ-ਠੱਠਾ ਵੀ ਕਰ ਲਈਦਾ ਸੀ। ਹਰਚਰਨ ਬੇਦੀ ਸਾਂਗ ਲਾਉਣ ’ਚ ਮਾਹਰ ਸੀ। ਜਦੋਂ ਉਹ ਗਰਦਨ ਅਕੜਾ ਕੇ ਤੇ ਮੂੰਹ ਨੂੰ ਵਟਾ ਚਾੜ੍ਹ ਕੇ ‘ਡੋਂਟ ਗੈੱਟ ਇਨਸਾਈਡ ਦਾ ਗੰਨ ਐਂਡ ਸ਼ੂਟ’, ‘ਯੂ ਬਲੱਡੀ ਫੂਲ! ਡੋਂਟ ਇਨਵਾਈਟ ਟਰੱਬਲ’ ਵਰਗੇ ਵਾਕ ਗਰਜਵੀਂ ਆਵਾਜ਼ ’ਚ ਇੰਸਟਰਕਟਰਾਂ ਵਾਂਗ ਬੋਲਦਾ, ਅਸੀਂ ਖੂਬ ਹੱਸਦੇ। ਡੱਸਿਪਲਿਨ ਦੇ ਸ਼ਕੰਜੇ ਵਿੱਚੋਂ ਲੰਘ ਕੇ ਰੁਜ਼ਗਾਰ ਦੇ ਸਿਰ ਹੋਣ ਲਈ ਸਮੁੰਦਰ ਵੀ ਸਹਾਈ ਹੋਇਆ। ਉਸਦੇ ਵਿਰਾਟ ਪਾਣੀ ਨੂੰ ਤੱਕਦਿਆਂ ਮਨ ਦੀ ਥਕਾਵਟ ਲੱਥ ਜਾਂਦੀ ਸੀ।
ਸਮਾਂ ਆਪਣੀ ਤੋਰੇ ਤੁਰਦਾ ਰਿਹਾ… ਤੇ ਟਰੇਨਿੰਗ ਸਿਰੇ ਲੱਗ ਗਈ।
ਪਹਿਲੀ ਪੋਸਟਿੰਗ
ਟ੍ਰੇਨਿੰਗ ਤੋਂ ਬਾਅਦ ਮੈਂ ਬਦਲੀ ਬਾਰੇ ਜਾਣਨ ਲਈ ਉਤਸੁਕ ਸਾਂ। ਸਾਰੇ ਉਤਸੁਕ ਸਨ। ਬਦਲੀਆਂ ਇੰਡੀਅਨ ਏਅਰ ਫੋਰਸ ਦੇ ਹੈਡਕੁਆਟਰ ਦਿੱਲੀ ਤੋਂ ਹੁੰਦੀਆਂ ਹਨ। ਆਪਣੇ ਸੂਬੇ ਦਾ ਕੋਈ ਹਵਾਈ ਅੱਡਾ ਮਿਲਣ ਦੀ ਸੰਭਾਵਨਾ ਵੈਸੇ ਤਾਂ ਘੱਟ ਹੀ ਹੁੰਦੀ ਹੈ ਪਰ ਕਦੀ-ਕਦੀ ਚਾਂਸ ਲੱਗ ਵੀ ਜਾਂਦੈ। ਚਾਂਸ ਲੱਗਣ ਦੀ ਆਸ ਮੈਨੂੰ ਵੀ ਸੀ। ਪਰ ਮੇਰੇ ਲਈ ਪੰਜਾਬ ਤਾਂ ਕੀ, ਪੰਜਾਬ ਦੇ ਲਾਗੇ-ਚਾਗੇ ਦਾ ਵੀ ਕੋਈ ਢੋਅ-ਮੇਲਾ ਨਾ ਬਣਿਆਂ। ਬਦਲੀ ਹੋਈ ਆਸਾਮ ਦੇ ਸਿਰੇ ’ਤੇ ਸਥਿਤ ਹਵਾਈ ਅੱਡੇ ਛਬੂਆ ਦੀ, ਧੁਰ ਦੱਖਣ ਤੋਂ ਧੁਰ ਉੱਤਰ ਪੂਰਬ ਵਿਚ— 2930 ਕਿਲੋਮੀਟਰ ਦਾ ਸਫਰ, ਮੇਰੇ ਪਲੇਠੇ ਸਫਰ (ਜਨਮ ਭੋਇੰ ਤੋਂ ਚੇਨਈ) ਨਾਲ਼ੋਂ ਵੀ ਲੰਮੇਰਾ। ਮਸਲਾ ਸਿਰਫ ਦੂਰੀ ਦਾ ਹੀ ਨਹੀਂ ਸੀ, ਛਬੂਆ ‘ਹਾਰਡ-ਲਿਵਿੰਗ’ ਯਾਨਿ ਰੋਜ਼ਮਰਾ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਿਰਵਾ ਹਵਾਈ ਅੱਡਾ ਸੀ।
ਖੈਰ ਏਨਾ ਚੰਗਾ ਸੀ ਮੇਰੇ ਪਿਆਰੇ ਮਿੱਤਰ ਮਨਜੀਤ ਦਾ ਸਾਥ ਹੈਗਾ ਸੀ। ਚੇਨਈ ਤੋਂ ਰੇਲ ਗੱਡੀ ਰਾਹੀਂ ਚੱਲ ਕੇ ਅਸੀਂ ਯੂ.ਪੀ ਦੇ ਰੇਲਵੇ ਸਟੇਸ਼ਨਾਂ ਮੁਗਲਸਰਾਏ, ਕਾਂਸ਼ੀ, ਬਨਾਰਸ ਹੁੰਦੇ ਹੋਏ ਬਿਹਾਰ ਦੇ ਸਟੇਸ਼ਨ ਬਰੋਨੀ ਪਹੁੰਚੇ। ਓਥੋਂ ਛੋਟੀ ਪਟੜੀ ਦੀ ਰੇਲ ’ਤੇ ਸਵਾਰ ਹੋ ਗੁਹਾਟੀ ਅਤੇ ਗੁਹਾਟੀ ਤੋਂ ਗੱਡੀ ਬਦਲ ਕੇ ਚੌਥੇ ਦਿਨ ਛਬੂਆ ਪਹੁੰਚੇ। ਓਦੋਂ ਗੱਡੀਆਂ ਦੀ ਰਫਤਾਰ ਹੁਣ ਜਿੰਨੀ ਤੇਜ਼ ਨਹੀਂ ਸੀ ਹੁੰਦੀ। ਸੰਨ 1963 ਦਾ ਮਾਰਚ ਮਹੀਨਾ ਸੀ।
ਛਬੂਏ ਦਾ ਹਵਾਈ ਅੱਡਾ ਹਿੰਦ-ਚੀਨ ਦੀ 1962 ਦੀ ਜੰਗ ਸਮੇਂ ਹੋਂਦ ਵਿਚ ਆਇਆ ਸੀ। ਰਿਹਾਇਸ਼ਾਂ ਵਾਸਤੇ ਅਜੇ ਦੋ ਕੁ ਬੈਰਕਾਂ ਹੀ ਬਣੀਆਂ ਸਨ।
ਬਹੁਤੇ ਹਵਾਈ ਸੈਨਿਕਾਂ ਦਾ ਬਸੇਰਾ ਤੰਬੂਆਂ ’ਚ ਸੀ। ਆਸਾਮ ਦੇ ਤਕਰੀਬਨ ਸਾਰੇ ਹਵਾਈ ਅੱਡਿਆਂ ’ਤੇ ਟੈਂਟ-ਲਾਈਫ ਸੀ। ਨਹਾਉਣ-ਧੋਣ ਤੇ ਪੀਣ ਵਾਸਤੇ ਪਾਣੀ ਦੀਆਂ ਟੂਟੀਆਂ ਨਹੀਂ ਨਲ਼ਕੇ ਸਨ। ਨਲ਼ਕੇ ਤੇ ਬਾਲਟੀ ਭਰ ਕੇ ਨਹਾ ਲਈਦਾ ਸੀ। ਰਨਵੇਅ ਅਤੇ ਟੈਕਸੀ-ਟਰੈਕ ਬਣ ਚੁੱਕੇ ਸਨ ਪਰ ਅਜੇ ਕੋਈ ਸੁਕਆਡਰਨ ਨਹੀਂ ਸੀ। ਦੋ ਕੁ ਹਫਤੇ ਬਾਅਦ ਮੈਨੂੰ ਤੇ ਮਨਜੀਤ ਨੂੰ ਡਿੰਜਨ ਹਵਾਈ ਅੱਡੇ ਦੇ ਸੁਕਆਡਰਨ ਨਾਲ਼ ਅਟੈਚ ਕਰ ਦਿੱਤਾ ਗਿਆ।
ਛਬੂਆ ਤੋਂ ਡਿੰਜਨ ਪੌਣੇ ਘੰਟੇ ਦਾ ਸਫਰ ਸੀ। ਡਿੰਜਨ ’ਚ ਦੂਜੀ ਵਿਸ਼ਵ ਜੰਗ ਸਮੇਂ ਦੇ ਵਿਸ਼ਾਲ ਰੱਨਵੇਅ, ਟੈਕਸੀਟਰੈਕ ਤੇ ਟਾਰਮਿਕ ਬਣੇ ਹੋਏ ਸਨ, ਜਿਨ੍ਹਾਂ ਨੂੰ ਮੁਰੰਮਤ ਕਰਵਾ ਕੇ ਵਰਤਿਆ ਜਾ ਰਿਹਾ ਸੀ। ਹਵਾਈ ਅਡੇ ਤੋਂ ਥੋ੍ਹੜੀ ਕੁ ਦੂਰੀ ’ਤੇ ਡਿੰਜਨ ਨਾਂ ਦਾ ਬਸਤੀਨੁਮਾ ਪਿੰਡ ਸੀ। ਹਵਾਈ ਅੱਡੇ ਦੇ ਆਸੇ-ਪਾਸੇ ਜ਼ਮੀਨੀ ਫੌਜ ਦੀਆਂ ਯੂਨਿਟਾਂ ਸਨ।
ਸਾਡੇ ਸੁਕਆਡਰਨ ਵਿਚ ਪੱਖੇ ਵਾਲ਼ੇ ‘ਔਟਰ’ (Otter) ਨਾਂ ਦੇ ਛੋਟੇ ਟਰਾਂਸਪੋਰਟ ਜਹਾਜ਼ ਸਨ। ਕੌਕਪਿਟ ਵਿਚ ਪਾਇਲਟ ਦੀ ਸੀਟ ਨਾਲ਼ ਇਕ ਸੀਟ ਹੋਰ ਅਤੇ 10 ਸੀਟਾਂ ਪਿਛਾਂਹ ਕੈਬਿਨ ’ਚ ਸਨ। ਲੋੜ ਪੈਣ ’ਤੇ ਕੈਬਿਨ ਦੀਆਂ ਸੀਟਾਂ ਫੋਲਡ ਕਰਕੇ ਚਾਰ ਸਟਰੈਚਰਾਂ ਫਿੱਟ ਹੋ ਸਕਦੀਆਂ ਸਨ। ਔਟਰ ਛੋਟੇ ਜਿਹੇ ਰਨਵੇਅ ’ਤੇ ਚੜ੍ਹ-ਉੱਤਰ ਸਕਦਾ ਸੀ। ਅਜ਼ੀਬ ਇਤਫਾਕ ਸੀ, ਆਦਮਪੁਰ ਹਵਾਈ ਅੱਡੇ ਤੋਂ ਉੱਡਦੇ, ਸਾਡੇ ਖੇਤਾਂ ਉੱਤੋਂ ਲੰਘਦੇ ਜਿਨ੍ਹਾਂ ਜਹਾਜ਼ਾਂ ਨੂੰ ਤੱਕਦਿਆਂ ਮੇਰੇ ਅੰਦਰ ਏਅਰ ਫੋਰਸ ਦੀ ਨੌਕਰੀ ਦੀ ਖਾਹਸ਼ ਉੱਭਰੀ ਸੀ, ਉਹ ਜਹਾਜ਼ ਔਟਰ ਹੀ ਹੁੰਦੇ ਸਨ। ਤੇ ਹੁਣ ਨੌਕਰੀ ਦੀ ਸ਼ੁਰੂਆਤ ਵੀ ‘ਔਟਰ’ ਸੁਕਆਡਰਨ ਤੋਂ ਹੀ ਹੋਈ ਸੀ।
ਸਾਡੇ ਸੁਕਆਡਰਨ ਦਾ ਕਾਜ-ਵਿਹਾਰ ਫੌਜੀਆਂ ਨਾਲ਼ ਸੀ। ਚੀਨ ਦੇ ਬਾਰਡਰ ਵੱਲ ਦੀਆਂ ਪੋਸਟਾਂ ਤੇਜੂ, ਵਾਲੌਂਗ, ਤਵਾਂਗ ਆਦਿ ਤੱਕ ਅਜੇ ਸੜਕਾਂ ਨਹੀਂ ਬਣੀਆਂ ਸਨ। ਹਸਪਤਾਲ ਵਗੈਰਾ ਦੀਆਂ ਸਹੂਲਤਾਂ ਵੀ ਨਹੀਂ ਸਨ। ਇਸ ਕਰਕੇ ਉਨ੍ਹਾਂ ਪੋਸਟਾਂ ’ਤੇ ਫੌਜੀਆਂ ਦੀ ਨਫਰੀ ਥੋੜ੍ਹੀ ਕੁ ਹੀ ਹੁੰਦੀ ਸੀ। ਬਿਮਾਰੀ, ਛੁੱਟੀ ਤੇ ਬਦਲੀਆਂ ਸਮੇਂ ਉਨ੍ਹਾਂ ਨੂੰ ਪਿਛਾਂਹ ਲਿਆਉਣ, ਮੁੜ ਓਧਰ ਲਿਜਾਣ, ਚਿੱਠੀਆਂ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਅਤੇ ਵੱਡੇ ਫੌਜੀ ਅਫਸਰਾਂ ਨੂੰ ਉਨ੍ਹਾਂ ਦੇ ਦੌਰਿਆਂ ਸਮੇਂ ਸਵਾਰੀ ਦੇਣ ਦੇ ਕੰਮ ਸਾਡੇ ਸੁਕਆਡਰਨ ਦੇ ਜ਼ਿੰਮੇ ਸਨ। ਉਨ੍ਹਾਂ ਪੋਸਟਾਂ ਵਾਸਤੇ ਰਾਸ਼ਣ, ਦੋ ਇੰਜਣਾਂ ਵਾਲ਼ੇ ‘ਡਕੋਟਾ’ ਜਹਾਜ਼ ਪੈਰਾਸ਼ੂਟਾਂ ਰਾਹੀਂ ਡਰਾਪ ਕਰਿਆ ਕਰਦੇ ਸਨ।
ਧੁਰ ਬਾਰਡਰ ਦੀਆਂ ਪੋਸਟਾਂ ਤੱਕ ਸੜਕਾਂ ਅਤੇ ਪੁਲ਼ ਬਣਾਉਣ ਦਾ ਕੰਮ ‘ਟਸਕਰ’ ਨਾਂ ਦੀ ਵੱਡੀ ਕੰਪਨੀ ਨੇ ਵਿੱਢਿਆ ਹੋਇਆ ਸੀ। ਉਸ ਕੰਪਨੀ ਵਿਚ ਫੌਜੀ ਵੀ ਸਨ ਤੇ ਸਿਵਲੀਅਨ ਵੀ। ਮੇਰੇ ਪਿੰਡ ਦਾ ਦਿਲਬਾਗ ਸਿੰਘ ਵਿਰਦੀ-ਜੋ ਫਿਰੋਜ਼ਪੁਰ ਵਿਖੇ ਰੇਲਵੇ ’ਚ ਓਵਰਸੀਅਰ ਸੀ-ਹੁਣ ਡੈਪੂਟੇਸ਼ਨ ’ਤੇ ਟਸਕਰ ਵਿਚ ਨੌਕਰੀ ਕਰ ਰਿਹਾ ਸੀ। ਪਰ ਮੈਨੂੰ ਉਸਦੀ ਇਸ ਨੌਕਰੀ ਬਾਰੇ ਨਹੀਂ ਪਤਾ ਸੀ। ਦਿਲਬਾਗ ਸਿੰਘ ਮੇਰੇ ਬਾਪੂ ਜੀ ਨੂੰ ਤਾਂ ਜਾਣਦਾ ਸੀ ਪਰ ਮੈਨੂੰ ਨਹੀਂ। ਇਕ ਦਿਨ ਮਨਜੀਤ ਜਦੋਂ ਹਵਾਈ ਅੱਡੇ ਤੋਂ ਬਾਹਰ ਸੜਕ ’ਤੇ ਟਹਿਲ ਰਿਹਾ ਸੀ ਤਾਂ ਕੁਦਰਤੀ ਉਸ ਨਾਲ਼ ਟਾਕਰਾ ਹੋ ਗਿਆ। ਇਕ ਦੂਜੇ ਦੇ ਜ਼ਿਲ੍ਹਿਆਂ ਤੇ ਪਿੰਡਾਂ ਬਾਰੇ ਪੁੱਛ-ਗਿੱਛ ਕਰਨ ’ਤੇ ਮਨਜੀਤ ਨੇ ਉਸਨੂੰ ਮੇਰੇ ਬਾਰੇ ਦੱਸਿਆ। ਉਤਸਕ ਹੋਇਆ ਉਹ ਮਨਜੀਤ ਦੇ ਨਾਲ਼ ਹੀ ਸਾਡੀ ਬੈਰਕ ਵਿਚ ਆ ਗਿਆ।
“ਲਓ ਜੀ, ਐਹ ਆ ਤੁਹਾਡੇ ਪਿੰਡ ਦਾ ਮੁੰਡਾ ਜਰਨੈਲ।” ਮਨਜੀਤ ਨੇ ਮੇਰੇ ਵੱਲ ਇਸ਼ਾਰਾ ਕੀਤਾ। ਮੈਂ ਹੈਰਾਨ ਹੋਇਆ ਉਸ ਵੱਲ ਦੇਖੀ ਜਾ ਰਿਹਾ ਸਾਂ।
“ਤੇਰੇ ਫਾਦਰ ਦਾ ਕੀ ਨਾਂ ਐਂ।” ਦਿਲਬਾਗ ਸਿੰਘ ਨੇ ਹੱਥ ਮਿਲਾਉਂਦਿਆਂ ਪੁੱਛਿਆ।
“ਸਰਦਾਰ ਮਹਿੰਦਰ ਸਿੰਘ।”
“ਕਿਹੜਾ ਮਹਿੰਦਰ ਸਿੰਘ।” ਇਸ ਨਾਂ ਦੇ ਸਾਡੇ ਪਿੰਡ ਦੋ ਬੰਦੇ ਹੋਰ ਵੀ ਸਨ।
“ਮੈਂਬਰ ਪੰਚਾਇਤ।”
“ਮੈਂ ਸਮਝ ਗਿਆ।” ਉਹ ਬੋਲਿਆ।
“ਮੈਂ ਦਿਲਬਾਗ ਸਿੰਘ, ਪ੍ਰੀਤਮ ਸਿੰਘ ਭਾਖੜੇ ਵਾਲ਼ੇ ਦਾ ਲੜਕਾ।”
“ਮੈਂ ਤੁਹਾਡੇ ਟੱਬਰ ਬਾਰੇ ਸੁਣਿਆਂ ਤਾਂ ਹੋਇਐ ਪਰ ਆਪਾਂ ਕਦੇ ਮਿਲੇ ਨਹੀਂ।”
“ਹੁਣ ਦੇਖ ਲੈ ਕਿੰਨਾ ਵਧੀਆ ਮੇਲ਼ ਹੋਇਐ।”
“ਕਮਾਲ ਹੋ ਗਈ ਭਾ ਜੀ।” ਦਿਲਬਾਗ ਸਿੰਘ ਉਮਰ ’ਚ ਮੈਥੋਂ ਕਾਫੀ ਵੱਡਾ ਸੀ।
ਪੰਜਾਬ ਤੋਂ ਏਨੀ ਦੂਰ ਪਿੰਡ ਦੇ ਅਣਦੇਖੇ ਬੰਦੇ ਨਾਲ਼ ਅਚਾਨਕ ਮੇਲ਼ ਹੋ ਜਾਣਾ ਸਾਡੇ ਦੋਨਾਂ ਲਈ ਖੁਸ਼ਗਵਾਰ ਘਟਨਾ ਸੀ। ਮੇਰੇ ਮਿੱਤਰਾਂ ਨੇ ਗਿਟਮਿਟ ਕਰਕੇ ਬੋਤਲ ਖੋਲ੍ਹ ਲਈ।
ਅਗਲੀਆਂ ਮੁਲਾਕਾਤਾਂ ’ਚ ਉਸਨੇ ਸਾਡੇ ਜਹਾਜ਼ ’ਚ ਉਡਾਣ ਭਰਨ ਦੀ ਇੱਛਾ ਪ੍ਰਗਟਾਈ। “ਤੁਸੀਂ ਕਿਸੇ ਦਿਨ ਸੁਕਆਡਰਨ ’ਚ ਆ ਜਿਓ ਕੋਸ਼ਿਸ਼ ਕਰ ਕੇ ਦੇਖ ਲਾਂਗੇ।” ਮੈਂ ਆਖਿਆ।
ਇਕ ਸਵੇਰ ਉਹ ਡੈਪੂਟੇਸ਼ਨ ਵਾਲ਼ੀ ਫੌਜੀ ਵਰਦੀ ’ਚ ਪਹੁੰਚ ਗਿਆ। ਸਾਡਾ ਇਕ ਪਾਇਲਟ ਜਗਬੀਰ ਸਿੰਘ ਰਾਏ ਲੋਕਲ ਫਲਾਈਂਗ ਵਾਸਤੇ ਜਾ ਰਿਹਾ ਸੀ। ਮੈਂ ਉਸਨੂੰ ਬੇਨਤੀ ਕੀਤੀ, “ਸਰ ! ਇਹ ਮੇਰਾ ਭਰਾ ਹੈ। ਜਹਾਜ਼ ’ਚ ਝੂਟਾ ਲੈਣਾ ਚਾਹੁੰਦਾ। ਜੇ ਨਾਲ਼ ਲਿਜਾ ਸਕੋ ਤਾਂ ਬੜੀ ਮਿਹਰਬਾਨੀ ਹੋਵੇਗੀ।”
ਜ਼ਰਾ ਕੁ ਸੋਚਣ ਬਾਅਦ ਉਹ ਬੋਲਿਆ, “ਮੈਂ ਦੋ ਚੱਕਰ ਲਾ ਕੇ ਇਹਨੂੰ ਰੱਨਵੇਅ ਦੇ ਅਖੀਰ ’ਤੇ ਉਤਾਰ ਦਿਆਂਗਾ।”
“ਠੀਕ ਐ ਸਰ ! ਥੈਂਕ ਯੂ ਵੈਰੀ ਮਚ।” ਆਖਦਿਆਂ ਮੈਂ ਦਿਲਬਾਗ ਸਿੰਘ ਨੂੰ ਪਾਇਲਟ ਦੇ ਬਰਾਬਰ ਵਾਲ਼ੀ ਸੀਟ ’ਤੇ ਬਿਠਾ ਕੇ ਬੈਲਟਾਂ ਕੱਸ ਦਿੱਤੀਆਂ।
ਛੋਟੀ ਯੂਨਿਟ ਹੋਣ ਕਰਕੇ ਸਾਡਾ ਸੁਕਆਡਰਨ ਇਕ ਪਰਿਵਾਰ ਵਾਂਗ ਸੀ। 55 ਸਾਲ ਪਹਿਲਾਂ ਦਾ ਉਹ ਸਮਾਂ ਵੀ ਚੰਗਾ ਸੀ। ਆਪਣੇ ਇਰਦ-ਗਿਰਦ ਵਾਲਿਆਂ ਦਾ ਮਾਣ-ਤ੍ਰਾਣ ਰੱਖਣ ਲਈ ਨਿਯਮ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਸਨ।
ਸਾਡੇ ਸੁਕਆਡਰਨ ਦੇ ਕਮਿਸ਼ੰਡ ਅਫਸਰਾਂ, ਸੀਨੀਅਰ ਨੌਨ-ਕਮਿਸ਼ੰਡ ਅਫਸਰਾਂ ਅਤੇ ਹੇਠਲੇ ਰੈਂਕਾਂ ਵਾਸਤੇ ਤਿੰਨ ਵੱਖ-ਵੱਖ ਰਿਹਾਇਸ਼ੀ ਬਲਾਕ ਸਨ। ਮੈਸਾਂ ਵੀ ਵੱਖੋ-ਵੱਖਰੀਆਂ ਸਨ। ਹੇਠਲੇ ਰੈਂਕਾਂ ਵਾਸਤੇ ਕਮਰਿਆਂ ’ਚ ਵੰਡੀਆਂ ਦੋ ਬੈਰਕਾਂ ਸਨ। ਹਰ ਕਮਰੇ ’ਚ ਤਿੰਨ ਜਾਂ ਚਾਰ ਬੈੱਡ ਹੁੰਦੇ ਸਨ। ਨਹਾਉਣ-ਧੋਣ ਵਾਸਤੇ ਬਾਥਰੂਮ ਨਹੀਂ, ਬੱਸ ਦੋ ਨਲ਼ਕੇ ਸਨ। ਅਸੀਂ ਆਪਣੇ ਕਮਰੇ ’ਚ ਚਾਰ ਜਣੇ ਸਾਂ— ਮਨਜੀਤ ਸੰਧੂ ਪਿੰਡ ਸੈਦੂਪੁਰ ਦਾਤਾ (ਹੁਸ਼ਿਆਰਪੁਰ), ਰਾਜ ਢਿੱਲੋਂ ਪਿੰਡ ਗਾਜੀਆਣਾ (ਮੋਗਾ), ਅਜੀਤ ਸਿੰਘ ਪਿੰਡ ਨਿਹਾਲ ਸਿੰਘ ਵਾਲ਼ਾ (ਮੋਗਾ) ਅਤੇ ਮੈਂ। ਉਹ ਕਮਰਾ ਸਾਡੇ ਲਈ ਸੁਲੱਖਣਾ ਸਾਬਤ ਹੋਇਆ। 19-20 ਸਾਲਾਂ ਦੇ ਅਸੀਂ ਚਾਰੇ ਹਮਉਮਰ ਸਾਂ। ਕਮਰੇ ਦੀ ਨੇੜਤਾ ਆਪਸੀ ਮੋਹ ਵਿਚ ਬਦਲ ਗਈ। ਸਾਨੂੰ ਇਕ-ਦੂਜੇ ’ਤੇ ਮਾਣ ਸੀ। ਦੁੱਖ-ਸੁੱਖ ਫੋਲਦਿਆਂ ਅਸੀਂ ਆਪਣੇ ਘਰਾਂ-ਪਰਿਵਾਰਾਂ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਸਾਂ। ਆਪਸ ’ਚ ਹਾਸਾ-ਮਜ਼ਾਕ ਵੀ ਚਲਦਾ ਸੀ। ਡਿਨਰ ਵਾਸਤੇ ਮੈੱਸ ਨੂੰ ਇਕੱਠੇ ਜਾਇਆ ਕਰਦੇ ਸਾਂ।
ਦੂਜੇ ਕਮਰਿਆਂ ’ਚ ਰਹਿੰਦੇ ਗੈਰ ਪੰਜਾਬੀ ਸੈਨਿਕਾਂ ਨਾਲ਼ ਵੀ ਅਸੀਂ ਜੁੜੇ ਹੋਏ ਸਾਂ। ਕਾਰਪੋਰਲ ਸਿਨਹਾ (ਬੰਗਾਲੀ), ਐਲ ਏ ਸੀ ਸੁਕੂਮਾਰਨ (ਤਾਮਿਲੀਅਨ), ਕਾਰਪੋਰਲ ਧਰਮਵੀਰ (ਦਿੱਲੀ ਵਾਸੀ), ਨਾਇਰ (ਕੇਰਲੀਅਨ), ਐਲ ਏ ਸੀ ਸਾਵੰਤ, ਕਾਰਪੋਰਲ ਗੋਰਪੜੇ (ਮਰਾਠੀ), ਕਾਰਪੋਰਲ ਦਿਵੇਦੀ (ਯੂ ਪੀ ਵਾਸੀ), ਐਲ ਏ ਸੀ ਬਰਦਲੋਈ, ਐਲ ਏ ਸੀ ਦੱਤਾ (ਆਸਾਮੀ) ਤੇ ਕੁਝ ਹੋਰਨਾਂ ਨਾਲ਼ ਬਣਿਆਂ ਸਨੇਹ ਮੇਰੇ ਚੇਤਿਆਂ ਵਿਚ ਮਿਸ਼ਰੀ ਵਾਂਗ ਘੁਲ਼ਿਆ ਹੋਇਆ ਏ।
ਨਾਵਲ ਪੜ੍ਹਨ ਦੀ ਚੇਟਕ
ਸਾਡੇ ਰੈਕ੍ਰਿਏਸ਼ਨ ਰੂਮ (ਮਨੋਰੰਜਨ ਕਮਰਾ) ’ਚ ਅੰਗ੍ਰੇਜ਼ੀ ਅਖਬਾਰਾਂ ਆਉਂਦੀਆਂ ਸਨ। ਉਨ੍ਹਾਂ ਨੂੰ ਪੜ੍ਹਨ ਦਾ ਮੇਰਾ ਤੇ ਰਾਜ ਦਾ ਪੱਕਾ ਰੁਟੀਨ ਸੀ। ਰਾਜ ਜਸਵੰਤ ਸਿੰਘ ਕੰਵਲ ਦੇ ਇਲਾਕੇ ਦਾ ਸੀ। ਉਹ ਜਦੋਂ ਕਦੀ ਕੰਵਲ ਦੀਆਂ ਗੱਲਾਂ ਕਰਦਾ, ਮੈਂ ਗਹੁ ਨਾਲ਼ ਸੁਣਦਾ। ਉਹ ਛੁੱਟੀ ਗਿਆ ਤਾਂ ਮੈਂ ਉਸਨੂੰ ਕੰਵਲ ਦੇ ਨਾਵਲ ਲਿਆਉਣ ਲਈ ਕਿਹਾ। ਉਹ ‘ਪੂਰਨਮਾਸ਼ੀ’ ਤੇ ‘ਹਾਣੀ’ ਲੈ ਆਇਆ। ਮੈਂ ਨਾਨਕ ਸਿੰਘ ਦੇ ਤਾਂ ਦੋ ਨਾਵਲ ਪੜ੍ਹੇ ਹੋਏ ਸਨ ਪਰ ਕੰਵਲ ਨੂੰ ਪਹਿਲੀ ਵਾਰ ਪੜ੍ਹਿਆ। ‘ਪੂਰਨਮਾਸ਼ੀ’ ਨੇ ਮੈਨੂੰ ਬਹੁਤ ਟੁੰਬਿਆ… ਮੈਨੂੰ ਨਾਵਲ ਪੜ੍ਹਨ ਦੀ ਚੇਟਕ ਲੱਗ ਗਈ। ਲਾਗਲੇ ਸ਼ਹਿਰ ਤਿੰਨਸੁਕੀਆ ਦੇ ਗੁਰਦਵਾਰੇ ਦੀ ਲਾਇਬਰੇਰੀ ਬਾਰੇ ਪਤਾ ਲੱਗਣ ’ਤੇ ਮੈਂ ਓਥੇ ਜਾ ਪਹੁੰਚਿਆ। ਉਸ ਲਾਇਬਰੇਰੀ ਵਿਚ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਅੱਠ-ਨੌਂ ਨਾਵਲ ਸਨ। ਪਰ ਇਕ ਸਮੇਂ ਇਕ ਕਿਤਾਬ ਹੀ ਇਸ਼ੂ ਕੀਤੀ ਜਾਂਦੀ ਸੀ। ਖੈਰ ਮੈਂ ਇਕ-ਇਕ ਲਿਆ ਕੇ ਸਾਰੇ ਪੜ੍ਹ ਲਏੇ।
ਸਾਡੀਆਂ ਬੈਰਕਾਂ ਤੋਂ ਮੈੱਸ ਤਕਰੀਬਨ ਅੱਧਾ ਕਿੱਲੋਮੀਟਰ ਸੀ। ਮੈੱਸ ਤੋਂ ਏਨੀ ਕੁ ਦੂਰੀ ’ਤੇ ‘ਟਾਰਮਿਕ’ (ਜਹਾਜ਼ਾਂ ਦਾ ਪਾਰਕਿੰਗ ਤੇ ਸਰਵਿਸਿੰਗ ਸਥਾਨ) ਸੀ। ਸਵੇਰੇ ਤਿਆਰ ਹੋ ਕੇ ਅਸੀਂ ਡਾਂਗਰੀਆਂ ਪਹਿਨਦੇ ਤੇ ਮੈੱਸ ’ਚੋਂ ਨਾਸ਼ਤਾ ਕਰਕੇ ਕੰਮ ’ਤੇ ਪਹੁੰਚ ਜਾਂਦੇ। ਇਕ ਵਜੇ ਛੁੱਟੀ ਹੋਣ ’ਤੇ ਓਵੇਂ ਹੀ ਡਾਂਗਰੀਆਂ ’ਚ ਲੰਚ ਕਰਕੇ ਆਪਣੇ ਕਮਰਿਆਂ ’ਚ ਆ ਟਿਕਦੇ। ਵਧੀਆ ਰੁਟੀਨ ਸੀ ਇਹ। ਵਰਦੀਆਂ ’ਚ ਜਕੜੇ ਰਹਿਣ ਅਤੇ ਪਰੇਡਾਂ-ਪੀਟੀਆਂ ਦੇ ਜੱਭਖਾਨੇ ਤੋਂ ਬਚੇ ਹੋਏ ਸਾਂ। ਲਗਦਾ ਹੀ ਨਹੀਂ ਸੀ ਕਿ ਅਸੀਂ ਫੌਜੀ ਜ਼ਿੰਦਗੀ ਜਿਉਂ ਰਹੇ ਹਾਂ।
ਸਵੇਰੇ ਤੇ ਲੌਢੇ ਵੇਲੇ ਦੀ ਚਾਹ ਵਾਸਤੇ ਸਾਨੂੰ ਮੈੱਸ ’ਚ ਆਪ ਨਹੀਂ ਸੀ ਜਾਣਾ ਪੈਂਦਾ। ਸਕੁਆਡਰਨ ਦਾ ਨਿਪਾਲੀ ਚਪੜਾਸੀ ਚੰਦਰਕਾਂਤ ਮੈੱਸ ਵਿੱਚੋਂ ਚਾਹ ਦੀ ਵੱਡੀ ਕੇਤਲੀ ਲਿਆ ਕੇ, ਬੜੇ ਹੀ ਆਦਰ ਨਾਲ਼, ਕਮਰਿਆਂ ’ਚ ਵਰਤਾ ਦੇਂਦਾ। ਉਸਦੇ ਇਸ ਕੰਮ ਲਈ ਅਸੀਂ ਸਾਰੇ ਰਲ਼ ਕੇ ਉਸ ਨੂੰ ਹਰ ਮਹੀਨੇ ਕੁਝ ਪੈਸੇ ਦਿੰਦੇ ਸਾਂ।
ਸਾਡਾ ਏਰੀਆ ਧੁਰ ਪੂਰਬ ਵਿਚ ਹੋਣ ਕਰਕੇ, ਸੂਰਜ ਪੰਜ-ਸਾਢੇ ਪੰਜ ਵਜੇ ਚੜ੍ਹ ਜਾਂਦਾ ਸੀ। ਜਿਨ੍ਹਾਂ ਪਹਾੜੀ ਥਾਵਾਂ ’ਤੇ ਸਾਡੇ ਜਹਾਜ਼ ਜਾਂਦੇ ਸਨ, ਉਨ੍ਹਾਂ ਥਾਵਾਂ ’ਤੇ ਦੁਪਹਿਰ ਤੋਂ ਬਾਅਦ ਅਕਸਰ ਹੀ ਘਣੇ ਬੱਦਲ ਛਾ ਜਾਂਦੇ ਤੇ ਮੀਂਹ ਪੈਣ ਲੱਗ ਜਾਂਦਾ। ਮੌਸਮ ਖਰਾਬ ਹੋਣ ਤੋਂ ਪਹਿਲਾਂ-ਪਹਿਲਾਂ ਕੰਮ ਨਿਬੇੜਨ ਲਈ ਜਹਾਜ਼ਾਂ ਦੀਆਂ ਉਡਾਣਾਂ ਸਵੇਰੇ ਛੇ-ਸੱਤ ਵਜੇ ਸ਼ੁਰੂ ਹੋ ਜਾਂਦੀਆਂ। ਇੰਜਣ, ਏਅਰਫਰੇਮ, ਇਲੈਕਟ੍ਰੀਸ਼ਨ, ਇੰਸਟਰੂਮੈਂਟ ਰਿਪੇਅਰ, ਵਾਇਰਲੈਸ ਟਰੇਡਾਂ ਦੇ ਤਕਨੀਸ਼ਨ ਆਪੋ ਆਪਣੇ ਟਰੇਡਾਂ ਦੀ ਚੈਕਿੰਗ ਕਰਕੇ ਇਕ ਵਿਸ਼ੇਸ਼ ਫਾਰਮ ਤੇ ਦਸਤਖਤ ਕਰ ਦੇਂਦੇ। ਅਖੀਰ ਵਿਚ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ’ ਦਾ ਇੰਚਾਰਜ, ਜਿਸ ਦਾ ਰੈਂਕ ਫਲਾਈਟ ਸਾਰਜੈਂਟ ਹੁੰਦਾ ਸੀ, ਦਸਤਖਤ ਕਰ ਦੇਂਦਾ। ਜਹਾਜ਼ਾਂ ਵਿਚ ਨੁਕਸ ਵੀ ਪੈ ਜਾਂਦੇ ਸਨ। ਜੇਕਰ ਨੁਕਸ ਵੱਡਾ ਹੁੰਦਾ ਤਾਂ ਜਹਾਜ਼ ਨੂੰ, ਵੱਡੀਆਂ ਮੁਰੰਮਤਾਂ ਕਰਨ ਵਾਲ਼ੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ’ਚ ਭੇਜ ਦਿੱਤਾ ਜਾਂਦਾ। ਮਾਮੂਲੀ ਨੁਕਸ ‘ਰੋਜਾਨਾ ਸਰਵਿਸਿੰਗ ਸੈਕਸ਼ਨ’ ’ਚ ਹੀ ਠੀਕ ਕਰ ਦਿੱਤੇ ਜਾਂਦੇ।
ਸੈਕਸ਼ਨ ਇੰਚਾਰਜ, ਉਡਣ ਲਈ ਫਿੱਟ ਜਹਾਜ਼ਾਂ ਦੀ ਲਿਸਟ ਫਲਾਈਟ ਕਮਾਂਡਰ ਨੂੰ ਭੇਜ ਦੇਂਦਾ। ਫਲਾਈਟ ਕਮਾਂਡਰ, ਜੋ ਇਕ ਸੀਨੀਅਰ ਪਾਇਲਟ ਹੁੰਦਾ ਹੈ, ਪਾਇਲਟਾਂ ਦੀਆਂ ਡਿਊਟੀਆਂ ਲਾ ਦੇਂਦਾ। ਪਾਇਲਟ ਆਪੋ ਆਪਣੀਆਂ ਫਲਾਈਟਾਂ ਦੇ ਸਮੇਂ ਅਨੁਸਾਰ, ਤਕਨੀਸ਼ਨਾਂ ਦੇ ਦਸਤਖਤਾਂ ਵਾਲ਼ੇ ਫਾਰਮ ’ਤੇ ਦਸਤਖਤ ਕਰਕੇ ਕੌਕਪਿਟ ’ਚ ਬੈਠ ਬੈਲਟਾਂ ਕੱਸ ਲੈਂਦੇ। ਜਹਾਜ਼ਾ ਨੂੰ ਤੋਰਨ (See Off) ਵਾਸਤੇ ਤਕਨੀਸ਼ਨਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਸਨ, ਹਰ ਜਹਾਜ਼ ਲਈ ਦੋ ਤਕਨੀਸ਼ਨ। ਜਹਾਜ਼ ਨੂੰ ‘ਟਾਰਮਿਕ’ ਤੋਂ ਤੋਰਨ ਤੋਂ ਪਹਿਲਾਂ ਪਾਇਲਟ ਵਾਇਰਲੈੱਸ ਰਾਹੀਂ ‘ਏਅਰ ਟਰੈਫਿਕ ਕੰਟਰੋਲ ਟਾਵਰ’ ਨਾਲ਼ ਰਾਬਤਾ ਬਣਾਉਂਦਾ ਸੀ।
ਸੁਕਾਅਡਰਨ ’ਚ ਮੈਨੂੰ ਕੁਝ ਕੁ ਮਹੀਨੇ ਹੀ ਹੋਏ ਸਨ, ਜਦੋਂ ਚੀਨ ਨੇ ਅਕਤੂਬਰ-ਨਵੰਬਰ 1962 ਦੀ ਜੰਗ ਦੇ ਸਾਡੇ ਜੰਗੀ ਕੈਦੀ ਰਿਹਾਅ ਕੀਤੇ। ਉਸ ਜੰਗ ਵਿਚ ਭਾਰਤ ਨੂੰ ਚੀਨ ਤੋਂ ਨਮੋਸ਼ੀ ਭਰੀ ਹਾਰ ਖਾਣੀ ਪਈ ਸੀ। ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਿਸ਼ਵ ਅਮਨ ਦਾ ਆਲੰਬਰਦਾਰ ਸੀ। ਉਸਦੀ ਅਮਨ ਨੀਤੀ ਨੂੰ ਗਲਤ ਤਾਂ ਨਹੀਂ ਕਿਹਾ ਜਾ ਸਕਦਾ ਪਰ ਉਸ ਨੀਤੀ ਦੀ ਖੁਮਾਰੀ ਵਿਚ ਗੁਆਢੀ ਦੇਸ਼ਾਂ ਦੀ ਫੌਜੀ ਤਾਕਤ ’ਤੇ ਨਜ਼ਰ ਨਾ ਰੱਖਣਾ ਅਤੇ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਵੱਲੋਂ ਅਵੇਸਲੇ ਹੋ ਜਾਣਾ ਗਲਤ ਸੀ। ਓਧਰ ਚੀਨ ਆਪਣੀ ਫੌਜੀ ਸ਼ਕਤੀ ਦਾ ਵਿਸਤਾਰ ਕਰ ਰਿਹਾ ਸੀ, ਏਧਰ ਅਮਨ ਦੇ ਗੀਤ ਗਾਉਂਦੀ ਭਾਰਤ ਦੀ ਤਤਕਾਲੀ ਸਰਕਾਰ ਨੇ ਫੌਜ ਨੂੰ ਬਣਦਾ ਮਹੱਤਵ ਦੇਣ ਤੋਂ ਪਾਸਾ ਵੱਟਿਆ ਹੋਇਆ ਸੀ। ਜੰਗ ਲੜਨ ਲਈ ਦੋ ਪਹਿਲੂ ਬਹੁਤ ਅਹਿਮ ਹੁੰਦੇ ਹਨ। ਢੁੱਕਵੇਂ ਹਥਿਆਰ ਤੇ ਜੰਗ ਲੜਨ ਲਈ ਵਧੀਆ ਪਲਾਨ। ਪਰ ਭਾਰਤ ਦੋਨਾਂ ਪਹਿਲੂਆਂ ਪੱਖੋਂ ਊਣਾ ਸੀ, ਬਹੁਤ ਊਣਾ। ਫਿਰ ਵੀ ਭਾਰਤੀ ਫੌਜੀਆਂ ਨੇ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਡੇਢ ਹਜ਼ਾਰ ਸ਼ਹੀਦੀਆਂ ਪਾ ਗਏ ਤੇ ਹਜ਼ਾਰ ਤੋਂ ਵੱਧ ਜ਼ਖਮੀ ਹੋਏ। ਤੇ ਚੜ੍ਹ ਕੇ ਆਏ ਦੁਸ਼ਮਣ ਨੂੰ ਉਨ੍ਹਾਂ ਨੇ ਸੁੱਕਾ ਨਹੀਂ ਸੀ ਜਾਣ ਦਿੱਤਾ। ਸਾਧਨ ਵਿਹੂਣੇ ਹੁੰਦਿਆਂ ਵੀ ਉਨ੍ਹਾਂ ਚੀਨ ਦੇ 700 ਫੌਜੀ ਮੌਤ ਦੇ ਘਾਟ ਉਤਾਰੇ ਅਤੇ 1700 ਦੇ ਕਰੀਬ ਜ਼ਖਮੀ ਕੀਤੇ।
ਇਹ ਜੰਗ ਭਾਰਤ ਲਈ ਬਹੁਤ ਵੱਡਾ ਹਲੂਣਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਫੌਜੀ ਸ਼ਕਤੀ ਮਜ਼ਬੂਤ ਕਰਨ ਲਈ ਵੱਡੇ ਕਦਮ ਉਠਾਏ।
ਚੀਨ ਨੇ ਭਾਰਤ ਦੇ 4000 ਦੇ ਕਰੀਬ ਫੌਜੀ, ਜੰਗੀ ਕੈਦੀ ਬਣਾ ਲਏ ਸਨ। ਜਿਹੜੇ ਜੰਗੀ ਕੈਦੀ, ਚੀਨ ਨੇ ਸਾਡੇ ਵੱਲ ਦੀਆਂ ਪੋਸਟਾਂ ’ਤੇ ਪਹੁੰਚਾਏ, ਉਹ ਸਾਡੇ ਸੁਕਆਡਰਨ ਨੇ ਢੋਏ ਸਨ। ਜਹਾਜ਼ ਨੂੰ ਰਸੀਵ ਕਰਕੇ ਪਾਉੜੀ ਲਾਉਣ, ਜਹਾਜ਼ ਦੇ ਅੰਦਰ ਜਾ ਕੇ ਉਨ੍ਹਾਂ ਦੀਆਂ ਬੈਲਟਾਂ ਖੋਲ੍ਹਣ, ਹੇਠਾਂ ਉਤਾਰਨ, ਬੀਮਾਰ ਤੇ ਅੰਗਹੀਣ ਫੌਜੀਆਂ ਨੂੰ ਸਟਰੈਚਰਾਂ ’ਤੇ ਪਾ ਕੇ ਲਾਹੁਣ ਅਤੇ ‘ਟਾਰਮਿਕ’ ਤੋਂ ਬਾਹਰ ਉਨ੍ਹਾਂ ਨੂੰ ਲੈਣ ਆਏ ਫੌਜੀ ਅਧਿਕਾਰੀਆਂ ਤੱਕ ਲਿਜਾਣ ਦਾ ਕੰਮ ਸਾਡੇ ਜ਼ਿੰਮੇ ਸੀ। ਜੰਗੀ ਕੈਦੀਆਂ ਨੂੰ ਹਦਾਇਤਾਂ ਸਨ ਕਿ ਉਨ੍ਹਾਂ ਨੇ ਜੰਗ ਅਤੇ ਚੀਨ ਵਿਚ ਆਪਣੀ ਕੈਦ ਬਾਰੇ ਕਿਸੇ ਨਾਲ਼ ਕੋਈ ਗੱਲ ਨਹੀਂ ਕਰਨੀ।
ਪਰ ਮੇਰੇ ਅੰਦਰ ਉਨ੍ਹਾਂ ਮੂਹੋਂ ‘ਕੁਝ’ ਸੁਣਨ ਦੀ ਉਤਸੁਕਤਾ ਸੀ। ਕੱਲੇ- ਕੱਲੇ ਦੀਆਂ ਬੈਲਟਾਂ ਖੋਲ੍ਹਣ ਸਮੇਂ ਮੈਂ ਧੀਮੀ ਆਵਾਜ਼ ’ਚ ਉਨ੍ਹਾਂ ਦਾ ਹਾਲ ਪੁੱਛ ਲੈਂਦਾ। ਕੁਝ ਦਾ ਉੱਤਰ ਤਾਂ ਭਾਵੇਂ “ਠੀਕ ਐ” ਹੁੰਦਾ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਉੱਭਰੀ ਗਹਿਰੀ ਚੀਸ ਉਨ੍ਹਾਂ ਅੰਦਰਲੀ ਭੜਾਸ ਜ਼ਾਹਰ ਕਰ ਦਿੰਦੀ। ਕੁਝ ਭਰੇ-ਪੀਤੇ, ਜਹਾਜ਼ ਦੇ ਦਰਵਾਜ਼ੇ ਤੀਕ ਆਉਣ ਤੱਕ, ਇੱਕੋ ਸਾਹੇ ਅੱਧ-ਪਚੱਧੀ ਭੜਾਸ ਕੱਢ ਲੈਂਦੇ। ਉਨ੍ਹਾਂ ਦੇ ਸੁਣੇ ਸਾਰੇ ਕੁਝ ਦਾ ਸਾਰ-ਅੰਸ਼ ਇਹ ਸੀ:
ਹੱਲਾ ਬੋਲਣ ਜਾਂ ਦੁਸ਼ਮਣ ਨਾਲ਼ ਸਿੱਝਣ ਲਈ ਢੁੱਕਵੀਂ ਪਲਾਨਿੰਗ ਨਾ ਹੋਣ ਕਾਰਨ ਹਫੜਾ-ਦਫੜੀ ਤੇ ਭੰਬਲਭੂਸੇ ਵਾਲ਼ੀ ਸਥਿਤੀ ਸੀ… ਭਾਰਤੀ ਫੌਜੀਆਂ ਕੋਲ਼ ਤੋਪਾਂ ਨਹੀਂ ਸਨ। ਪੁਰਾਣੀਆਂ ਮਸ਼ੀਨ-ਗੰਨਾਂ ਅਤੇ ਥ੍ਰੀ-ਨਾਟ-ਥ੍ਰੀ ਦੀਆਂ ਰਾਈਫਲਾਂ ਸਨ। ਇਹ ਰਾਈਫਲਾਂ 20 ਗੋਲੀਆਂ ਫਾਇਰ ਕਰਨ ਬਾਅਦ ਗਰਮ ਹੋ ਜਾਂਦੀਆਂ ਸਨ… ਗੋਲੀ-ਸਿੱਕਾ ਮੁੱਕਣ ’ਤੇ ਨਵੀਂ ਸਪਲਾਈ ਘੱਟ ਹੀ ਹੁੰਦੀ ਸੀ। ਰਾਸ਼ਣ-ਪਾਣੀ ਦੀ ਸਪਲਾਈ ਦਾ ਹਾਲ ਵੀ ਮਾੜਾ ਸੀ… ਚੀਨਿਆਂ ਦੇ ਮੁਕਾਬਲੇ ਸਾਡੀ ਫੌਜ ਦੀ ਨਫਰੀ ਥੋੜ੍ਹੀ ਸੀ। ਚੀਨ ਨੇ ਫਰੰਟ ਪੋਸਟਾਂ ਤੱਕ ਸੜਕਾਂ ਬਣਾਈਆਂ ਹੋਈਆਂ ਸਨ। ਭਾਰਤ ਵੱਲ ਦੇ ਪਾਸੇ ਅਜਿਹੀਆਂ ਸੜਕਾਂ ਦੀ ਅਣਹੋਂਦ ਸੀ। ਬਰਫੀਲੀਆਂ ਪਹਾੜੀਆਂ ਦੀ ਨਕਸ਼ਾਕਸ਼ੀ ਵੀ ਅਧੂਰੀ ਸੀ।
ਜੰਗੀ ਕੈਦੀਆਂ ਦੀਆਂ ਮਾਨਸਿਕ ਤੇ ਸਰੀਰਕ ਚੀਸਾਂ ਮੇਰੇ ਅੰਦਰ ਡੂੰਘੀਆਂ ਉੱਤਰ ਗਈਆਂ। ਮਨ ’ਚ ਦੋ ਸਵਾਲ ਉੱਭਰੇ ਸਨ: ਇਹ ਜੰਗ ਹੋਈ ਕਿਉਂ? ਅਤੇ ਫੌਜੀ ਏਨਾ ਪਰ-ਵੱਸ ਕਿਉਂ ਹੈ? ਪਹਿਲੇ ਸਵਾਲ ਦਾ ਜੋ ਜਵਾਬ ਸੁੱਝਿਆ ਉਹ ਇਹ ਸੀ ਕਿ ਚੀਨ ਨੇ ਇਸ ਜੰਗ ਰਾਹੀਂ, ਏਸ਼ੀਆ ’ਚ ਆਪਣੀ ਸਰਬਉੱਚਤਾ ਦਾ ਧੱਕੜਸ਼ਾਹੀ ਦਿਖਾਵਾ ਕੀਤਾ ਸੀ। ਦੂਜੇ ਸਵਾਲ ਦਾ ਜਵਾਬ ਮੈਨੂੰ ਆਪਣੇ ਆਲ਼ੇ-ਦੁਆਲ਼ੇ ਵਿੱਚੋਂ ਮਿਲ ਗਿਆ ਸੀ— ਅਤਿ ਕਰੜੇ ਡਸਿੱਪਲਿਨ ਰਾਹੀਂ ਫੌਜੀ ਤੋਂ ਉਸਦਾ ਨਿੱਜ ਖੋਹ ਲਿਆ ਜਾਂਦਾ ਹੈ। ਸਿੱਟੇ ਵਜੋਂ ਉਹ ਕਠਪੁਤਲੀ ਬਣ ਜਾਂਦਾ ਹੈ। ਇਸ ਤੱਥ ਦਾ ਸਾਰੇ ਸੈਨਿਕਾਂ ਨੂੰ ਅਹਿਸਾਸ ਨਹੀਂ ਹੁੰਦਾ। ਜਿਨ੍ਹਾਂ ਨੂੰ ਹੁੰਦਾ ਹੈ ਉਹ ਰੋਟੀ-ਰੋਜ਼ੀ ਖਾਤਰ ਆਪਣੀ ਇਸ ਤਰ੍ਹਾਂ ਦੀ ਹੋਂਦ ਨੂੰ ਪ੍ਰਵਾਨ ਕਰ ਲੈਂਦੇ ਹਨ।
ਆਸਾਮ ਦੇ ਸਾਡੇ ਵਾਲ਼ੇ ਖਿੱਤੇ ਵਿਚ ਜ਼ਿਆਦਾ ਸਮਾਂ ਗਰਮੀ ਰਹਿੰਦੀ ਸੀ। ਅਕਤੂਬਰ ਤੋਂ ਫਰਵਰੀ ਤੱਕ ਠੰਢ ਪੈਂਦੀ ਸੀ ਪਰ ਹਲਕੀ-ਹਲਕੀ। ਜੂਨ ਤੋਂ ਸਤੰਬਰ ਤੱਕ ਭਾਰੀ ਬਾਰਸ਼ਾਂ ਹੁੰਦੀਆਂ ਸਨ।
ਆਸਾਮ ਦੀ ਧਰਤੀ ਹੇਠ ਤੇਲ ਹੈ। ਰਾਤ ਨੂੰ ਜੇ ਬਾਲਟੀ ’ਚ ਪਾਣੀ ਪਿਆ ਰਹਿ ਜਾਂਦਾ, ਸਵੇਰੇ ਉਸ ਉੱਪਰ ਤੇਲ ਦੀ ਪਤਲੀ ਜਿਹੀ ਪਰਤ ਨਜ਼ਰ ਆਉਂਦੀ ਸੀ। ਆਸਾਮ ’ਚ ਨਦੀਆਂ ਅਤੇ ਜੰਗਲ਼ ਬਹੁਤ ਸਨ। ਜੰਗਲਾਂ ਵਿਚ ਬਾਂਸ ਅਤੇ ਚੀਲ੍ਹ ਦੇ ਦਰਖਤਾਂ ਦੀ ਭਰਮਾਰ ਸੀ। ਮੀਲਾਂ ਤੱਕ ਪਸਰੇ ਚਾਹ ਦੇ ਬਾਗਾਂ ਦੇ ਦ੍ਰਿਸ਼ ਅੱਖਾਂ ਨੂੰ ਬਹੁਤ ਹੀ ਸੁਖਾਵੇਂ ਲਗਦੇ ਸਨ। ਪਰ ਬਾਗਾਂ ਦੇ ਮਜ਼ਦੂਰਾਂ-ਮਜ਼ਦੂਰਨਾਂ ਦੀ ਗੁਰਬਤ ਵੇਖ ਕੇ ਮਨ ਦੁਖੀ ਹੋ ਜਾਂਦਾ। ਗਰੀਬੀ ਦਾ ਕਾਰਨ ਚਾਹ-ਬਾਗਾਂ ਦੇ ਮਾਲਕਾਂ ਵਲੋਂ ਉਨ੍ਹਾਂ ਨਾਲ਼ ਹੁੰਦੀ ਬੇਇਨਸਾਫੀ ਸੀ। ਕੰਮਾਂ ਅਨੁਸਾਰ ਉਨ੍ਹਾਂ ਦੀ ਮਜ਼ਦੂਰੀ ਬਹੁਤ ਥੋੜ੍ਹੀ ਸੀ।
ਕਰੋੜਾਂ ’ਚ ਖੇਲ੍ਹਦੇ ਮਾਲਕ ਆਪ ਤਾਂ ਮਹਿਲਾਂ ਵਰਗੇ ਘਰਾਂ ’ਚ ਰਹਿੰਦੇ ਸਨ ਤੇ ਮਜ਼ਦੂਰ ਕੈਬਿਨਾਂ-ਝੌਂਪੜੀਆਂ ਵਿਚ ਮੰਦਹਾਲੀ ਹੰਢਾ ਰਹੇ ਸਨ।
ਮੇਰੀ ਪਹਿਲੀ ਛੁੱਟੀ ਮੇਰੀ ਦੋ ਮਹੀਨੇ ਦੀ ਛੁਟੀ ਮਨਜ਼ੂਰ ਹੋ ਚੁੱਕੀ ਸੀ। ਛੁੱਟੀ ਤਾਂ ਟ੍ਰੇਨਿੰਗ ਸੈਂਟਰ ਤੋਂ ਸੁਕਆਡਨ ’ਚ ਆਉਣ ਸਾਰ ਹੀ ਮਿਲ਼ ਸਕਦੀ ਸੀ ਪਰ ਮੈਂ ਦੀਵਾਲੀ ਘਰਦਿਆਂ ਨਾਲ਼ ਮਨਾਉਣੀ ਚਾਹੁੰਦਾ ਸਾਂ। ਸਤੰਬਰ ਦਾ ਅਖੀਰ ਸੀ। ਡੇਢ ਸਾਲ ਬਾਅਦ ਜਦੋਂ ਘਰ ਪਹੁੰਚਾ ਤਾਂ ਬੀਬੀ, ਬਾਪੂ ਜੀ ਤੇ ਭਰਾ ਉੱਡ ਕੇ ਮਿਲ਼ੇ। ਮੇਰੇ ਲਈ ਵੀ ਅਨੂਠੀ ਖੁਸ਼ੀ ਦੇ ਪਲ ਸਨ ਉਹ।
ਬਾਪੂ ਜੀ ਨੇ ਪਿੰਡ ਵਿਚਲਾ ਘਰ ਆਪਣੇ ਭਤੀਜੇ ਨਿਰਮਲ ਸਿੰਘ ਨੂੰ ਦੇ ਕੇ ਉਸਦੇ ਹਿੱਸੇ ਦੀ ਹਵੇਲੀ ਲੈ ਲਈ ਸੀ ਅਤੇ ਹਵੇਲੀ ਢਾਹ ਕੇ ਖੁੱਲ੍ਹਾ ਹਵਾਦਾਰ ਘਰ ਬਣਾ ਲਿਆ ਸੀ। ਨਵਾਂ ਘਰ ਸਾਡੇ ਸਾਹਾਂ ਵਿਚ ਸੁਖੈਨਤਾ ਭਰਦਾ ਸੀ। ਸਾਡੀਆਂ ਨਵੀਆਂ ਰੀਝਾਂ ਲਈ ਉਤਸ਼ਾਹੀ ਹੁਲਾਰਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੈਂ ਘਰ ਨੂੰ ਮਨੀਆਰਡਰ ਨਹੀਂ ਭੇਜੇ ਸਨ। ਇਕੱਠੀ ਰਕਮ, ਹੁਣ ਯਾਦ ਨਹੀਂ ਕਿੰਨੀ ਸੀ, ਜਦੋਂ ਬਾਪੂ ਜੀ ਦੇ ਹੱਥ ’ਤੇ ਧਰੀ ਤਾਂ ਉਨ੍ਹਾਂ ਹੁੱਬ ਕੇ ਸ਼ਾਬਾਸ਼ ਦਿੱਤੀ ਸੀ। ਪਿੰਡ ਦੇ ਲੋਕ ਖੁਸ਼ ਹੋ ਕੇ ਮਿਲ਼ੇ ਸਨ। ਦਿਲਬਾਗ ਸਿੰਘ ਮੈਥੋਂ ਮਹੀਨਾ ਕੁ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ। ਛੁੱਟੀ ਦੌਰਾਨ ਉਸਦਾ ਪਿੰਡ ਵੀ ਗੇੜਾ ਵੱਜਾ ਸੀ। ਮੇਰੇ ਘਰ ਦਿਆਂ ਕੋਲ਼ ਉਸਨੇ ਮੇਰੇ ਨਾਲ਼ ਹੋਈ ਮੁਲਾਕਾਤ ਤੇ ਜਹਾਜ਼ ਦੇ ਝੂਟਿਆਂ ਦੀਆਂ ਗੱਲਾਂ ਮਾਣ ਨਾਲ ਕੀਤੀਆਂ ਸਨ।
ਮੈਂ ਉਮਾਹੀ ਮੂਡ ’ਚ ਭੈਣਾਂ, ਨਾਨਕਿਆਂ ਤੇ ਮਾਸੀਆਂ ਨੂੰ ਮਿਲਣ ਗਿਆ। ਉਨ੍ਹਾਂ ਬੜੇ ਚਾਅ ਕੀਤੇ। ਬਖਸ਼ੀਸ਼ ਦਾ ਟਰੱਕ ਡਰਾਈਵਰ ਦਾ ਕੰਮ ਬਹੁਤਾ ਦੂਰ-ਪਾਰ ਵਾਲ਼ਾ ਨਹੀਂ ਸੀ। ਉਹ ਦੂਜੇ, ਤੀਜੇ ਦਿਨ ਘਰ ਆ ਜਾਂਦਾ। ਨਵੇਂ ਘਰ ਦੀ ਬੈਠਕ ਵਿਚ ਬਾਪੂ ਜੀ ਤੇ ਅਸੀਂ ਤਿੰਨੇ ਭਰਾ ਇਕੱਠੇ ਬੈਠ ਰੰਮ ਦੇ ਪੈੱਗ ਲਾਉਂਦੇ। ਇਕ ਸ਼ਾਮ ਜਦੋਂ ਬੀਬੀ ਵੀ ਕੋਲ਼ ਬੈਠੀ ਸੀ ਤਾਂ ਬਾਪੂ ਜੀ ਨੇ ਸਿੱਖ-ਮੱਤ ਦੇਂਦਿਆਂ ਆਖਿਆ ਸੀ, “ਮੈਂ ’ਕੱਲਾ-ਕਾਰਾ ਸੀ। ਸ਼ਰੀਕਾਂ ਨੇ ਬੁਰੀ ਤਰ੍ਹਾਂ ਰੋਲ਼ਿਆ। ਤੁਸੀਂ ਸੁੱਖ ਨਾਲ਼ ਤਿੰਨ ਜਣੇ ਆਂ, ਇਕ-ਦੂਜੇ ਦੇ ਸ਼ਰੀਕ ਨਾ ਬਣਿਓਂ। ਰਲ਼ਮਿਲ਼ ਕੇ ਰਿਹੋ। ਏਕੇ ਵਿਚ ਬੜੀ ਬਰਕਤ ਹੁੰਦੀ ਐ।” ਉਸ ਸਿੱਖ-ਮੱਤ ਨੂੰ ਅਸੀਂ ਅੱਜ ਤੱਕ ਨਿਭਾ ਰਹੇ ਆਂ। ਸਾਡਾ ਭਰਾਵਾਂ ਤੇ ਭੈਣਾਂ ਦਾ ਆਪਸੀ ਮੋਹ-ਪਿਆਰ ਪਹਿਲਾਂ ਵਾਂਗ ਹੀ ਬਰਕਰਾਰ ਹੈ। ਮੋਹ ਦਾ ਇਹ ਕਣ ਅਗਾਂਹ ਸਾਡੇ ਬੱਚਿਆਂ ਵਿਚ ਵੀ ਮੌਜੂਦ ਹੈ।
ਦੀਵਾਲੀ ਵਾਲ਼ੇ ਦਿਨ ਮੈਂ ਹੁਸ਼ਿਆਰਪੁਰ ਤੋਂ ਮਠਿਆਈ ਤੇ ਪਟਾਕੇ ਲੈ ਆਇਆ। ਰਾਤ ਨੂੰ ਅਸੀਂ ਨਵੇਂ ਘਰ ਦੇ ਬਨੇਰਿਆਂ ਅਤੇ ਵਗਲ਼ ਦੀਆਂ ਕੰਧਾ ’ਤੇ ਮਿੱਟੀ ਦੇ ਦੀਵੇ ਜਗਾਏ। ਫਿਰ ਚਾਰੇ ਜਣੇ ਪੀਣ ਬੈਠ ਗਏ। ਨਾਲ਼ ਦੀ ਨਾਲ਼ ਪਟਾਕੇ ਵੀ ਚਲਾਉਂਦੇ ਰਹੇ। ਦੀਵਾਲੀ ਦਾ ਮਜ਼ਾ ਰੱਜ ਕੇ ਮਾਣਿਆਂ।
ਦੋ ਕੁ ਵਾਰ ਸਕੂਲ ਟਾਈਮ ਦੇ ਹਾਣੀਆਂ ਰਾਜਿੰਦਰ ਅਤੇ ਸੋਹਣ ਨਾਲ਼ ਹੁਸ਼ਿਆਰਪੁਰ ਦੇ ਥੀਏਟਰਾਂ ਵਿਚ ਫਿਲਮਾਂ ਵੇਖੀਆਂ।
ਖੁਸ਼ਗਵਾਰ ਸਮੇਂ ਨੂੰ ਮਾਣਦਿਆਂ ਛੁੱਟੀ ਦੇ ਦੋ ਮਹੀਨੇ ਕਦੋਂ ਬੀਤ ਗਏ, ਪਤਾ ਹੀ ਨਾ ਲੱਗਾ। ਘਰੋਂ ਤੁਰਨ ਲੱਗਿਆਂ ਮਾਂ, ਬਾਪੂ ਜੀ ਤੇ ਭਰਾਵਾਂ ਨੂੰ ਗਲਵਕੜੀ ਪਾਉਂਦਿਆਂ ਅੱਖਾਂ ਛਲਕ ਪਈਆਂ। ਘਰ, ਘਰ ਹੀ ਹੁੰਦੈ।
ਡਿੰਜਨ ਪਹੁੰਚਾ ਤਾਂ ਮੇਰੀ ਸਿਹਤ ’ਚ ਆਏ ਨਿਖਾਰ ਨੂੰ ਤੱਕਦਿਆਂ ਗੈਰ-ਪੰਜਾਬੀ ਸੈਨਿਕਾਂ ਨੇ ਪੁੱਛਿਆ, “ਵ੍ਹਟ ਵਾਜ਼ ਯੁਅਰ ਸਪੈਸ਼ਲ ਡਾਈਟ ਇਨ ਪੰਜਾਬ?”
“ਮੁੱਖ ਖੁਰਾਕ ਉਹ ਖੁਸ਼ੀ ਸੀ ਜੋ ਘਰਦਿਆਂ ਦੇ ਅੰਗ-ਸੰਗ ਵਿਚਰਦਿਆਂ ਮਿਲ਼ੀ। ਬਾਕੀ ਘਰ ਦਾ ਦੁੱਧ, ਘਿਓ, ਦਹੀਂ, ਸਾਗ ਤੇ ਮੱਕੀ ਦੀ ਰੋਟੀ। ਪੰਜਾਬ ਦਾ ਤਾਂ ਪਾਣੀ ਹੀ ਟੌਨਿਕ ਵਰਗਾ ਹੈ।” ਮੈਂ ਮਾਣ ਨਾਲ਼ ਆਖਿਆ ਸੀ।
ਉਦੋਂ ਪੰਜਾਬ ’ਚ ਪ੍ਰਦੂਸ਼ਣ ਨਹੀਂ ਸੀ। ਹਰ ਚੀਜ਼ ਸ਼ੁੱਧ ਸੀ। ਪੰਜਾਬ ਦੇ ਪਾਣੀ, ਧਰਤ ਤੇ ਹਵਾ ਅਰੋਗ ਜੀਵਨ ਦੇ ਸੋਮੇ ਸਨ।
ਥੋੜ੍ਹੇ ਕੁ ਦਿਨਾਂ ਦੀ ਉਦਾਸੀ ਤੋਂ ਬਾਅਦ ਮੈਂ ਮੁੜ ਡਿੰਜਨ ਦੇ ਜੀਵਨ ਨਾਲ਼ ਇੱਕਸੁਰ ਹੋ ਗਿਆ ਸਾਂ।
ਡਿੰਜਨ ਨੂੰ ਦੋ ਸ਼ਹਿਰ ਪੈਂਦੇ ਹਨ— ਡਿਬਰੂਗੜ੍ਹ ਤੇ ਤਿੰਨਸੁਕੀਆ। ਡਿਬਰੂਗੜ੍ਹ ਡਿੰਜਨ ਤੋਂ 28 ਕਿੱਲੋਮੀਟਰ ਤੇ ਤਿੰਨਸੁਕੀਆ 20 ਕਿੱਲੋਮੀਟਰ ਹੈ। ਦੋਨਾਂ ਵਿੱਚੋਂ ਡਿਬਰੂਗੜ੍ਹ ਜ਼ਿਆਦਾ ਉੱਨਤ ਸੀ। ਘੁੰਮਣ-ਫਿਰਨ ਵਾਸਤੇ ਕੁਝ ਪਾਰਕ ਹੈਗੇ ਸਨ। ਸ਼ਹਿਰ ਦੀ ਵੱਖੀ ਨਾਲ਼ ਵਗਦਾ ਬ੍ਰਹਮਪੁੱਤਰ ਦਰਿਆ ਮੇਰੇ ਲਈ ਖਾਸ ਆਕ੍ਰਸ਼ਣ ਸੀ। ਚੇਨਈ ਵਿਚ ਸਮੁੰਦਰ ਦੇ ਵਿਸ਼ਾਲ ਦ੍ਰਿਸ਼ ਨੂੰ ਨਿਹਾਰਨ-ਮਾਣਨ ਦਾ ਜੋ ਸ਼ੌਂਕ ਪੈ ਚੁੱਕਾ ਸੀ, ਉਹ ਮੈਂ ਵਿਸ਼ਾਲ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਬੈਠ ਕੇ ਪੂਰਾ ਕਰ ਲੈਂਦਾ ਸਾਂ। ਸਮੁੰਦਰ ਦੇ ਮੁਕਾਬਲੇ ਬ੍ਰਹਮਪੁੱਤਰ ਦਾ ਪਾਣੀ ਨਿੱਤਰਵਾਂ ਤਾਂ ਨਹੀਂ ਸੀ ਪਰ ਪਾਣੀ ਦੀ ਵਿਸ਼ਾਲਤਾ ਨਾਲ਼ ਇਕਮਿਕ ਹੋਣ ਦੀ ਰੀਝ ਪੂਰੀ ਹੋ ਜਾਂਦੀ ਸੀ। ਉਸ ਦਰਿਆ ਵਿਚ ਡੁੱਬਦੇ ਸੂਰਜ ਦਾ ਦ੍ਰਿਸ਼ ਬਹੁਤ ਸੁਹਣਾ ਹੁੰਦਾ ਸੀ।
ਤਿੰਨਸੁਕੀਆ ਆਸਾਮ ਦਾ ਵੱਡਾ ਰੇਲਵੇ ਜੰਕਸ਼ਨ ਹੈ। ਇਕ ਸਦੀ ਤੋਂ ਵੱਧ ਉਮਰ ਵਾਲ਼ੀ ‘ਤੇਲ ਰਿਫਾਈਨਰੀ ਡਿਗਬੋਈ’ ਏਥੋਂ 27 ਕਿਲੋਮੀਟਰ ਹੈ। ਡਿੰਜਨ ਤੋਂ ਤਿਨਸੁਕੀਆ ਅਤੇ ਡਿਬਰੂਗੜ੍ਹ ਨੂੰ ਜਾਣ ਲਈ ਕੋਈ ਬੱਸ ਵਗੈਰਾ ਨਹੀਂ ਸੀ।
ਏਅਰਮੈਨਾਂ ਵਾਸਤੇ ਹਰ ਐਤਵਾਰ ਏਅਰਫੋਰਸ ਦਾ ਟਰੱਕ-ਜਿਸਨੂੰ ‘ਰੈਕ੍ਰਿਏਸ਼ਨ ਰੱਨ’ ਆਖਦੇ ਸਾਂ-ਸ਼ਹਿਰ ਜਾਂਦਾ ਸੀ। ਪਰ ਅਸੀਂ ਚਾਰੇ ਜੋਟੀਦਾਰ ਹਰ ਐਤਵਾਰ ਨਹੀਂ ਸਾਂ ਜਾਂਦੇ। ਉਦੋਂ ਹੀ ਜਾਂਦੇ ਸਾਂ, ਜਦੋਂ ਸ਼ਹਿਰ ’ਚ ਕੋਈ ਚੰਗੀ ਫਿਲਮ ਲੱਗੀ ਹੁੰਦੀ।
ਦਰਅਸਲ ਐਤਵਾਰਾਂ ਨੂੰ ਸ਼ਹਿਰ ’ਚ ਚਹਿਲ-ਪਹਿਲ ਘੱਟ ਹੁੰਦੀ ਸੀ। ਜਿਆਦਾਤਰ ਫੌਜੀ ਹੀ ਹੁੰਦੇ ਸਨ। ਏਅਰਫੋਰਸ ਵਾਲ਼ੇ ਸਿਵਲ ਕੱਪੜਿਆਂ ਵਿਚ ਤੇ ਮਿਲਟਰੀ ਵਾਲ਼ੇ ਵਰਦੀਆਂ ’ਚ। ਸ਼ਹਿਰ ਦੀਆਂ ਕੁੜੀਆਂ-ਔਰਤਾਂ ਘੱਟ ਹੀ ਨਜ਼ਰ ਆਉਂਦੀਆਂ। ਸਾਡੇ ਡਿੰਜਨ ਹਵਾਈ ਅੱਡੇ ’ਚ ਔਰਤ ਤਾਂ ਕੀ, ਔਰਤ ਦਾ ਪਰਛਾਵਾਂ ਵੀ ਕਦੀ ਨਜ਼ਰੀਂ ਨਹੀਂ ਸੀ ਪਿਆ। ਸੋ ਚਹਿਲ-ਪਹਿਲ ਦੇਖਣ ਲਈ ਅਸੀਂ ਹਫਤੇ ਦੇ ਦੂਜੇ ਦਿਨਾਂ ’ਚ ਜਾਂਦੇ ਸਾਂ। ਤਿੰਨਸੁਕੀਆ ਜਾਂ ਡਿਬਰੂਗੜ੍ਹ ਨੂੰ ਜਾਣ ਵਾਲ਼ੀ ਏਅਰਫੋਰਸ ਦੀ ਕੋਈ ਛੋਟੀ-ਵੱਡੀ ਗੱਡੀ ਦਾ ਫਇਦਾ ਉਠਾ ਲਈਦਾ ਸੀ। ਮਿਲਟਰੀ ਦੀਆਂ ਗੱਡੀਆਂ ਵਾਲ਼ੇ ਵੀ ਰਾਈਡ ਦੇ ਦੇਂਦੇ ਸਨ। ਸਕੂਲਾਂ-ਕਾਲਜਾਂ ਦੇ ਛੁੱਟੀ ਹੋਣ ਸਮੇਂ ਘਰਾਂ ਨੂੰ ਮੁੜ ਰਹੀਆਂ ਮੁਟਿਆਰਾਂ ਦੀਆਂ ਟੋਲੀਆਂ ਦੇ ਰੰਗ-ਰੂਪ ਵੇਖ ਕੇ ਅੱਖਾਂ ਤੱਤੀਆਂ ਕਰ ਲੈਂਦੇ ਸਾਂ। ਆਮ ਮੁਟਿਆਰਾਂ ਦੀ ਪੁਸ਼ਾਕ ਬਲਾਊਜ਼ ਤੇ ਪੇਟੀਕੋਟ ਵਰਗਾ ਮੇਖਲਾ ਸੀ।
ਮਰਦ ਧੋਤੀ ਅਤੇ ਝੱਗੀ ਜਿਹੀ ਪਹਿਨਦੇ ਸਨ। ਲੱਕ ਦੁਆਲੇ ਗਮੋਸ਼ਾ ਲਪੇਟਿਆ ਹੁੰਦਾ ਸੀ। ਪੰਜਾਬੀ ਪਰਨੇ ਵਰਗਾ ‘ਗਮੋਸ਼ਾ’ ਉਨ੍ਹਾਂ ਦੇ ਪਹਿਰਾਵੇ ਦੀ ਵਿਸ਼ੇਸ਼ ਆਈਟਮ ਮੰਨੀ ਜਾਂਦੀ ਏ।
ਡਿੰਜਨ ਪਿੰਡ ’ਚ ਐਤਵਾਰ ਨੂੰ ਬਾਜ਼ਾਰ ਲਗਦਾ ਸੀ। ਬਾਜ਼ਾਰ ਦੇ ਇਕ ਪਾਸੇ, ਸਥਾਨਕ ਲੋਕ ਕੁੱਕੜ ਲੜਾਇਆ ਕਰਦੇ ਸਨ। ਕੁੱਕੜਾਂ ਦੇ ਇਕ ਪੈਰ ’ਤੇ ਛੁਰੀ ਬੰਨ੍ਹੀ ਹੁੰਦੀ। ਲੜਾਈ ਵਿਚ ਉੱਤਰੇ ਦੋ ਕੁੱਕੜ ਛੁਰੀ ਅਤੇ ਚੁੰਝ ਨਾਲ਼ ਇਕ-ਦੂਜੇ ’ਤੇ ਵਾਰ ਕਰਦੇ। ਉਹ ਛੁਰੀ ਏਨੀ ਘਾਤਕ ਹੁੰਦੀ ਸੀ ਕਿ ਜੇਤੂ ਕੁੱਕੜ ਦੇ ਇਕ-ਦੋ ਵਾਰਾਂ ਨਾਲ਼ ਹੀ ਦੂਜਾ ਕੁੱਕੜ ਲਹੂ-ਲੁਹਾਣ ਹੋ ਜਾਂਦਾ। ਜੇਤੂ ਕੁੱਕੜ ਦਾ ਮਾਲਕ ਢੇਰੀ ਹੋਏ ਕੁੱਕੜ ਨੂੰ ਇਨਾਮ ਵਜੋਂ ਸਾਂਭ ਲੈਂਦਾ। ਪਿੜ ’ਚ ਖੜ੍ਹੇ-ਬੈਠੇ ਲੋਕ ਉਸ ਖੇਡ ਨੂੰ ਸ਼ੌਕ ਨਾਲ਼ ਵੇਖਦੇ। ਪਰ ਕੁੱਕੜਾਂ ਦੇ ਸਰੀਰਾਂ ’ਚੋਂ ਖੂਨ ਦੀਆਂ ਧਰਾਲਾਂ ਵਗਾਉਂਦੀ ਉਹ ਖੇਡ ਮੈਨੂੰ ਚੰਗੀ ਨਹੀਂ ਸੀ ਲਗਦੀ।
ਅਸੀਂ ਚਾਰੇ ਮਿੱਤਰ ਤੀਜੇ-ਚੌਥੇ ਐਤਵਾਰ ਬਾਜ਼ਾਰ ਜਾਂਦੇ ਸਾਂ। ਮੈੱਸ ਨਾਲ਼ੋਂ ਵੱਖਰੇ ਭੋਜਨ ਦਾ ਸੁਆਦ ਮਾਣਨ ਲਈ ਉੱਥੋਂ ਕੋਈ ਸਬਜ਼ੀ ਲੈ ਆਉਂਦੇ ਜਾਂ ਛਿੱਲਿਆ-ਕੱਟਿਆ ਮੁਰਗਾ। ਸੰਤਰੇ ਬੜੇ ਸਸਤੇ ਹੁੰਦੇ ਸਨ, ਇਕ ਟੋਕਰੀ ਉਹ ਚੁੱਕ ਲਿਆਉਂਦੇ। ਮਨਜੀਤ ਵਧੀਆ ਰਸੋਈਆ ਸੀ। ਉਸਨੇ ਆਪਣਾ ਸਟੋਵ ਰੱਖਿਆ ਹੋਇਆ ਸੀ। ਢਲ਼ੀ ਸ਼ਾਮ ਸਾਡੇ ’ਚੋਂ ਇਕ ਜਣਾ ਮੈੱਸ ’ਚੋਂ ਰੋਟੀਆਂ ਲੈ ਆਉਂਦਾ। ਫਰਸ਼ ’ਤੇ ਕੰਬਲ ਵਿਛਾ ਕੇ ਮਨਜੀਤ ਦੇ ਬਣਾਏ ਮੁਰਗੇ ਜਾਂ ਸਬਜ਼ੀ ਦਾ ਪਤੀਲਾ ਵਿਚਕਾਰ ਰੱਖ ਕੇ ਅਸੀਂ ਰੰਮ ਦੀ ਬੋਤਲ ਖੋਲ੍ਹ ਲੈਂਦੇ। ਸੈਨਿਕਾਂ ਵਾਸਤੇ ਰੰਮ ਬਹੁਤ ਸਸਤੀ ਸੀ। ਪੀਣ ਦਾ ਦੌਰ ਕਾਹਲੀ ਵਾਲ਼ਾ ਨਹੀਂ ਹੁੰਦਾ ਸੀ। ਪਹਿਲੇ ਦੋ ਪੈੱਗਾਂ ਨਾਲ਼ ਸੰਤਰੇ ਖਾਣੇ ਤੇ ਫਿਰ ਪਤੀਲੇ ਦਾ ਮਾਲ ਪਲੇਟਾਂ ਵਿਚ ਪਾਉਣ ਲੱਗ ਜਾਂਦੇ।
ਮੇਰਾ, ਮਨਜੀਤ ਤੇ ਰਾਜ ਦਾ ਇੱਕੋ ਟਰੇਡ ਸੀ— ਇੰਜਣ ਮਕੈਨਿਕ। ਰਾਜ ਪਹਿਲੇ ਗਰੁੱਪ ’ਚ ਸੀ, ਮੈਂ ਤੇ ਮਨਜੀਤ ਦੂਜੇ ਗਰੁੱਪ ’ਚ। ਅਜੀਤ ਦਾ ਟਰੇਡ ਸੀ ਮੈਡੀਕਲ ਅਸਿਸਟੈਂਟ ਯਾਨਿ ਨਰਸਿੰਗ ਦਾ ਕਿੱਤਾ।
ਮੈਂ ਤੇ ਮਨਜੀਤ ਆਪਣੀ ਟਰੇਡ ਦਾ ਸੰਬੰਧਿਤ ਟੈਸਟ ਪਾਸ ਕਰਕੇ ਦੂਜੇ ਗਰੁੱਪ ਤੋਂ ਪਹਿਲੇ ਗਰੁੱਪ ਵਿਚ ਤਬਦੀਲ ਹੋਣ ਵਾਸਤੇ ‘ਕਨਵਸ਼ਨ ਕੋਰਸ’ ਦੇ ਯੋਗ ਹੋ ਗਏ ਸਾਂ। ਉਸ ਕੋਰਸ ਵਾਸਤੇ ਸਾਡਾ ਨੰਬਰ ਅਕਤੂਬਰ ’ਚ ਲੱਗਣ ਦੀ ਸੰਭਾਵਨਾ ਸੀ। ਇਕ ਸਾਲ ਦੇ ਉਸ ਕੋਰਸ ਦੌਰਾਨ ਛੁੱਟੀ ਨਹੀਂ ਸੀ ਮਿਲਣੀ। ਬਿਹਤਰ ਇਹ ਸੀ ਕਿ ਉਸ ਸਾਲ ਦੀ ਛੁੱਟੀ ਪਹਿਲਾਂ ਹੀ ਕੱਟ ਲਈ ਜਾਵੇ। ਮੈਂ ਮਾਰਚ ਵਿਚ ਦੋ ਮਹੀਨੇ ਦੀ ਛੁੱਟੀ ਲੈ ਲਈ।
ਪਟਨਾ ਸਾਹਿਬ ਦੀ ਯਾਤਰਾ
ਪਟਨਾ ਸ਼ਹਿਰ ਰਾਹ ’ਚ ਪੈਂਦਾ ਸੀ। ਤਾਇਆ ਜੀ ਅਮਰ ਸਿੰਘ ਨੂੰ ਮਿਲਣ ਅਤੇ ਗੁਰਦਵਾਰਿਆਂ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਮੈਂ ਪਹਿਲਾਂ ਹੀ ਬਣਾਇਆ ਹੋਇਆ ਸੀ। ਪਟਨਾ ਰੇਲਵੇ ਸਟੇਸ਼ਨ ’ਤੇ ਉੱਤਰ ਮੈਂ ਤਾਇਆ ਜੀ ਕੋਲ਼ ਜਾ ਪਹੁੰਚਾ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਅਸਥਾਨ ’ਤੇ ਬਣੇ ਆਲੀਸ਼ਾਨ ਗੁਰਦਵਾਰੇ ਦੇ ਲਾਗੇ ਹੀ ਉਨ੍ਹਾਂ ਦੀ ਬਹੁਤ ਵੱਡੀ ਕੋਠੀ ਸੀ। ਤਾਇਆ ਜੀ ਦਾ ਟਰੱਕਾਂ ਦਾ ਕਾਰੋਬਾਰ ਸੀ। ਉਹ ਪਟਨਾ ਸਾਹਿਬ ਦੇ ਸਿੱਖ ਭਾਈਚਾਰੇ ਦੇ ਪਤਵੰਤੇ ਸੱਜਣ ਸਨ। ਉਨ੍ਹਾਂ ਦਾ ਰੋਹਬ ਵੀ ਬਹੁਤ ਸੀ। ਉੱਚਾ-ਲੰਮਾ ਕੱਦ, ਭਰਵਾਂ ਸਰੀਰ, ਪ੍ਰਕਾਸ਼ ਕੀਤਾ ਦਾਹੜਾ ਤੇ ਲਾਲ ਦਗਦਗ ਕਰਦਾ ਚਿਹਰਾ। ਉਨ੍ਹਾਂ ਮੈਨੂੰ ਸਾਰੇ ਗੁਰਦਵਾਰਿਆਂ ਦੇ ਦਰਸ਼ਨ ਕਰਵਾਏ। ਕੁਝ ਵਿਸ਼ੇਸ਼ ਲੋਕਾਂ ਨਾਲ਼ ਮੁਲਾਕਾਤ ਵੀ ਕਰਵਾਈ। ਤਾਇਆ ਜੀ ਦੇ ਪਰਿਵਾਰ ਵਿਚ ਪੰਜ ਦਿਨ ਵਧੀਆ ਬਿਤਾ ਕੇ ਮੈਂ ਪੰਜਾਬ ਵਾਲ਼ੀ ਰੇਲ ਫੜੀ ਤੇ ਘਰ ਜਾ ਪਹੁੰਚਾ। ਘਰਦਿਆਂ ਨੂੰ ਚਾਅ ਚੜ੍ਹ ਗਿਆ। ਸਾਡੇ ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਹੋ ਗਈ ਸੀ। ਬਾਪੂ ਜੀ ਤੇ ਕੁਲਦੀਪ ਦਿਲ ਲਾ ਕੇ ਖੇਤੀ ਕਰ ਰਹੇ ਸਨ। ਬਖਸ਼ੀਸ਼ ਨੂੰ ਇੰਡੀਅਨ ਆਇਲ ਦੇ ਟੈਂਕਰ ਦੀ ਨੌਕਰੀ ਮਿਲ ਗਈ ਸੀ। ਸਾਡੀ ਦੋਨਾਂ ਭਰਾਵਾਂ ਦੀ ਤਨਖਾਹ ਤਾਂ ਥੋੜ੍ਹੀ-ਥੋੜ੍ਹੀ ਹੀ ਸੀ ਪਰ ਉਦੋਂ ਘਰਾਂ ਦੇ ਖਰਚੇ ਵੀ ਥੋੜ੍ਹੇ ਹੁੰਦੇ ਸਨ। ਲੋਕੀਂ ਪਰਿਵਾਰਕ, ਭਾਈਚਾਰਕ ਤੇ ਸਮਾਜਕ ਕਾਜ-ਵਿਹਾਰ ਸੰਜਮ ਨਾਲ਼ ਨਿਭਾਉਂਦੇ ਸਨ। ਅਸੀਂ ਦੋਵੇਂ ਭਰਾ ਜਿੰਨੇ ਕੁ ਪੈਸੇ ਦਿੰਦੇ, ਓਨਿਆਂ ਨਾਲ਼ ਬਾਪੂ ਜੀ ਦਾ ਹੱਥ ਤਰ ਰਹਿੰਦਾ।
ਉਹ ਨਾਲ਼ ਦੀ ਨਾਲ਼ ਚਾਰ ਪੈਸੇ ਜੋੜੀ ਵੀ ਜਾਂਦੇ। ਬਾਪੂ ਜੀ ਤੇ ਅਸੀਂ ਤਿੰਨੇ ਭਰਾ ਜਦੋਂ ਗਲਾਸੀਆਂ ਖੜਕਾਉਂਦੇ ਅਤੇ ਇਕੱਠ ਦੀ ਬਰਕਤ ਦੀਆਂ ਗੱਲਾਂ ਕਰਦੇ ਤਾਂ ਮੈਨੂੰ ਬਹੁਤਾ ਚੰਗਾ ਲਗਦਾ।
ਛੁੱਟੀ ਤੋਂ ਵਾਪਸ ਪਰਤਦਿਆਂ ਮੈਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਕਈ ਸਾਰੇ ਨਾਵਲ ਲੈ ਆਇਆ ਅਤੇ ਉਨ੍ਹਾਂ ਨੂੰ ਪੜ੍ਹਨ ਵਿਚ ਰੁੱਝ ਗਿਆ। ਹੁਣ ਗੱਲ ਨਾਵਲ ਪੜ੍ਹਨ ’ਤੇ ਹੀ ਨਹੀਂ ਸੀ ਮੁੱਕਦੀ। ਨਾਵਲਾਂ ਦੇ ਪਾਤਰ ਤੇ ਪਲਾਟ ਮੇਰੀ ਸੋਚ ਵਿਚ ਘੁੰਮਦੇ ਰਹਿੰਦੇ। ਉਨ੍ਹਾਂ ਨਾਵਲਾਂ ਦੇ ਰਚਨਾਕਾਰ ਮੇਰੇ ਲਈ ਪੰਜਾਬੀ ਸਮਾਜ ਦੇ ਬੇਸ਼ਕੀਮਤੀ ਹੀਰੇ ਸਨ… ਪਤਾ ਨਹੀਂ ਕਿਵੇਂ ਹੋਇਆ ਕਿ ਮੈਂ ਵੀ ਉਨ੍ਹਾਂ ਵਾਂਗ ਸਾਹਿਤਕਾਰ ਬਣਨ ਦੇ ਸੁਪਨੇ ਲੈਣ ਲੱਗ ਪਿਆ। ਮੈਨੂੰ ਆਪਣੇ ਅੰਦਰੋਂ ਇਹ ਆਵਾਜ਼ ਸੁਣਨ ਲੱਗ ਪਈ, “ਮੈਂ ਵੀ ਨਾਵਲ ਲਿਖ ਸਕਦਾਂ।”
ਦਰਅਸਲ ਮੇਰੇ ਅੰਦਰ ਪਿਆ ਸਾਹਿਤ ਦਾ ਬੀਜ ਪੁੰਗਰ ਪਿਆ ਸੀ। ਇਹ ਬੀਜ ਮੇਰੇ ਸਾਹਿਤਕ ਵਿਰਸੇ ਦੀ ਦੇਣ ਸੀ… ਬਾਬਾ ਜੀ ਦੀਆਂ ਸੂਫੀ ਕਵੀਆਂ ਦੀਆਂ ਪੁਸਤਕਾਂ ਨੇ ਮੈਨੂੰ ਸਾਹਿਤ ਪੜ੍ਹਨ ਦੀ ਚੇਟਕ ਲਾਈ ਸੀ। ਬਾਪੂ ਜੀ ਦੀਆਂ ਲੰਮੀਆਂ ਬਾਤਾਂ ਦੇ ਗਲਪੀ ਤੱਤ ਵੀ ਮੇਰੇ ਅੰਦਰ ਵਸੇ ਹੋਏ ਸਨ। ਬਾਪੂ ਜੀ ਦੀਆਂ ਧਾਰਮਿਕ ਕਵਿਤਾਵਾਂ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਨੇ ਕੁਝ ਕਵਿਤਾਵਾਂ ਵੀ ਰਚੀਆਂ ਸਨ ਤੇ ਹੁਣ ਵੱਡੇ ਨਾਵਲਕਾਰਾਂ ਦੇ ਨਾਵਲਾਂ ਦਾ ਪਾਠ ਅਤੇ ਆਸਾਮ ਦੀ ਪ੍ਰਕ੍ਰਿਤਕ ਸੁੰਦਰਤਾ ਨੇ ਜ਼ਰਖੇਜ਼ੀ ਤੱਤਾਂ ਦਾ ਕੰਮ ਕੀਤਾ, ਸਾਹਿਤ ਦੇ ਬੀਜ ਨੂੰ ਪੁੰਗਰਨ ਲਈ। ਫਲਸਰੂਪ ਮੇਰੀ ਕਲਪਨਾ ਵਿਚ ਇਕ ਨਾਵਲ ਦੇ ਪਾਤਰਾਂ ਤੇ ਪਲਾਟ ਦੀ ਰੂਪ-ਰੇਖਾ ਚਲ ਪਈ। ਇਹ ਪ੍ਰਕਿਰਿਆ ਵੈਸੇ ਤਾਂ ਹਰ ਵੇਲੇ ਹੀ ਮਨ ’ਚ ਚੱਲਦੀ ਰਹਿੰਦੀ ਪਰ ਜਦੋਂ ਮੈਂ ਜੰਗਲਾਂ, ਦਰਿਆਵਾਂ ਅਤੇ ਚਾਹ-ਬਾਗਾਂ ’ਚ ਵਸਦੀ ਕੁਦਰਤ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਮਾਣ ਰਿਹਾ ਹੁੰਦਾ ਤਾਂ ਇਹ ਪ੍ਰਕਿਰਿਆ ਵਧੇਰੇ ਤੀਖਣ ਹੋ ਜਾਂਦੀ।
ਅਣਜਾਣਪੁਣੇ ਵਿਚ ਜਾਨਾਂ ਖਤਰੇ ’ਚ
ਮਨ ਇਕੱਲਤਾ ਚਾਹੁਣ ਲੱਗ ਪਿਆ ਸੀ… ਆਮ ਤੌਰ ’ਤੇ ਮੈਂ ਇਕੱਲਾ ਹੀ ਘੁੰਮਣ ਜਾਂਦਾ ਸਾਂ। ਇਕ ਐਤਵਾਰ ਦੋਸਤ ਵੀ ਨਾਲ਼ ਟੁਰ ਪਏ। ਜੰਗਲ਼ ਵਿੱਚੀਂ ਹੁੰਦੇ ਹੋਏ ਅਸੀਂ ਇਕ ਨਦੀ ਵੱਲ ਜਾ ਨਿੱਕਲ਼ੇ। ਨਦੀ ਕਿਨਾਰੇ ਇਕ ਆਸਾਮੀ, ਕਿਸ਼ਤੀ ਕੋਲ਼ ਬੈਠਾ, ਕਿਤੇ ਜਾਣ ਲਈ ਆਪਣੇ ਸਾਥੀ ਨੂੰ ਉਡੀਕ ਰਿਹਾ ਸੀ। ਅਸੀਂ ਉਸਨੂੰ ਕਿਹਾ ਕਿ ਅਸੀਂ ਅੱਧੇ ਕੁ ਘੰਟੇ ਵਾਸਤੇ ਨਦੀ ਦੀ ਸੈਰ ਕਰਨੀ ਚਾਹੁੰਦੇ ਹਾਂ। “ਆਪ ਕਿਸ਼ਤੀ ਚਲਾਨਾ ਜਾਨਤੇ ਹੋ?” ਉਸਨੇ ਪੁੱਛਿਆ। ਅਸੀਂ ਤਿੰਨਾਂ ਨੇ ‘ਹਾਂ’ ਵਿਚ ਸਿਰ ਹਿਲਾ ਦਿੱਤੇ ਪਰ ਅਸਲ ਵਿਚ ਅਸੀਂ ਨਾ ਤਾਂ ਕਦੀ ਕਿਸ਼ਤੀ ਚਲਾਈ ਸੀ ਤੇ ਨਾ ਹੀ ਸਾਨੂੰ ਤੈਰਨਾ ਆਉਂਦਾ ਸੀ।
ਕਿਸ਼ਤੀ-ਮਾਲਕ ਵੱਲੋਂ ਹਾਂ ਕਰਨ ’ਤੇ ਅਸੀਂ ਕਿਸ਼ਤੀ ਵਿਚ ਸਵਾਰ ਹੋ ਗਏ। ਵਾਰੋ-ਵਾਰੀ ਚੱਪੂ ਚਲਾਉਂਦਿਆਂ ਅਸੀਂ ਮਸਤੀ ਜਿਹੀ ’ਚ ਕਿਲਕਾਰੀਆਂ ਮਾਰ ਰਹੇ ਸਾਂ। ਨਦੀ ਦਾ ਸੁਹਾਵਣਾ ਸਫਰ ਮਾਣਦੇ ਅਸੀਂ ਦੂਰ ਨਿੱਕਲ਼ ਗਏ। ਕਿਸ਼ਤੀ ਦਾ ਮਾਲਕ ਅੱਖਾਂ ਤੋਂ ਓਝਲ ਹੋ ਗਿਆ ਸੀ… ਥੋੜ੍ਹੀ ਵਿੱਥ ’ਤੇ ਨਜ਼ਰ ਆ ਰਿਹਾ ਸਾਹਮਣਲਾ ਦ੍ਰਿਸ਼ ਵੇਖ ਕੇ ਸਾਡੇ ਸਾਹ ਸੂਤੇ ਗਏ। ਸਾਡੇ ਵਾਲ਼ੀ ਨਦੀ ਇਕ ਵੱਡੀ ਨਦੀ ’ਚ ਮਿਲ ਰਹੀ ਸੀ। ਨਦੀਆਂ ਦੇ ਮਿਲਣ ਵਾਲ਼ੀ ਥਾਂ ’ਤੇ ਉੱਚੀਆਂ-ਉੱਚੀਆਂ ਛੱਲਾਂ ਉੱਭਰ ਰਹੀਆਂ ਸਨ। ਸਾਡੀਆਂ ਕਿਲਕਾਰੀਆਂ ‘ਓ-ਹੋਅ’ ’ਚ ਬਦਲ ਗਈਆਂ। ਖੌਲ਼ਦੇ ਵਿਸ਼ਾਲ ਪਾਣੀ ’ਚ ਕਿਸ਼ਤੀ ਸਾਡੇ ਕੰਟਰੋਲ ਤੋਂ ਬਾਹਰ ਹੋ ਕੇ ਉਲਟ ਜਾਣੀ ਸੀ ਤੇ ਖੁੰਖਾਰ ਨਦੀ ਨੇ ਸਾਨੂੰ ਨਿਗਲ਼ ਲੈਣਾ ਸੀ। ਅਣਜਾਣੇ ਵਿਚ ਅਸੀਂ ਜਾਨਾਂ ਖਤਰੇ ’ਚ ਪਾ ਲਈਆਂ ਸਨ। ਸਮਾਂ ਬਹੁਤ ਥੋੜ੍ਹਾ ਸੀ। ਅਸੀਂ ਚੱਪੂਆਂ ਨਾਲ਼ ਕਿਸ਼ਤੀ ਨੂੰ ਕਿਨਾਰੇ ਵੱਲ ਲਿਜਾਣ ਲਈ ਤਾਣ ਲਾ ਰਹੇ ਸਾਂ ਪਰ ਪਾਣੀ ਦਾ ਤੇਜ਼ ਹੋ ਚੁੱਕਾ ਵਹਾਅ ਕਿਸ਼ਤੀ ਨੂੰ ਆਪਣੇ ਨਾਲ਼ ਖਿੱਚੀ ਜਾ ਰਿਹਾ ਸੀ। ਇਸੇ ਜੱਦੋ ਜਹਿਦ ’ਚ ਸਾਨੂੰ ਪਾਣੀ ’ਚ ਗੱਡਿਆ ਇਕ ਲੰਮਾ ਬਾਂਸ ਦਿਖਾਈ ਦਿੱਤਾ। ਅਸੀਂ ਹੌਲ਼ੀ-ਹੌਲ਼ੀ ਕਿਸ਼ਤੀ ਓਥੇ ਲੈ ਗਏ। ਮੈਂ ਤੇ ਮਨਜੀਤ ਨੇ ਬਾਂਸ ਨੂੰ ਹੱਥ ਪਾ ਕੇ ਤੁਲ਼ ਮਾਰੀ। ਕਿਸ਼ਤੀ ਕੁਝ ਕੁ ਇੰਚ ਕਿਨਾਰੇ ਵੱਲ ਨੂੰ ਖਿਸਕ ਗਈ। ਰਾਜ ਤੇ ਅਜੀਤ ਚੱਪੂਆਂ ’ਤੇ ਸਨ। ਅਸੀਂ ਜਿਉਂ-ਜਿਉਂ ਤੁਲ਼ਾਂ ਮਾਰ ਰਹੇ ਸਾਂ, ਸਿੱਧਾ ਗੱਡਿਆ ਬਾਂਸ ਸਾਡੇ ਵੱਲ ਨੂੰ ਟੇਢਾ ਹੋਈ ਜਾ ਰਿਹਾ ਸੀ। ਪੰਜਵੀਂ-ਛੇਵੀਂ ਤੁਲ਼ ’ਤੇ ਬਾਂਸ ਪੁੱਟਿਆ ਗਿਆ। ਸਾਡੇ ਗੁਣ ਆ ਗਈ, ਵੱਧ ਲੀਵਰੇਜ ਮਿਲਣ ਲੱਗ ਪਈ। ਬਾਂਸ ਨੂੰ ਪਾਣੀ ਹੇਠਲੀ ਧਰਤੀ ’ਤੇ ਟਿਕਾ ਕੇ ਅਸੀਂ ਤੁਲ਼ਾਂ ਮਾਰੀ ਗਏ। ਦੂਜੇ ਦੋਵੇਂ ਮਿੱਤਰ ਚੱਪੂ ਚਲਾਉਂਦੇ ਰਹੇ। ਆਖਰ ਅਸੀਂ ਕਿਸ਼ਤੀ ਨੂੰ ਕਿਨਾਰੇ ਲਾਉਣ ’ਚ ਸਫਲ ਹੋ ਗਏ… ਨਦੀ ਵਿੱਚੋਂ ਬਾਹਰ ਆਉਣ ਬਾਅਦ ਵੀ ਸਾਡੇ ਚਿਹਰਿਆਂ ’ਤੇ ਖੌਫ ਛਾਇਆ ਹੋਇਆ ਸੀ। “ਸ਼ੁਕਰ ਐ ਰੱਬ ਦਾ, ਬਚ ਗਏ ਆਂ। ਇਸ ਲੰਮੇ-ਚੌੜੇ ਵਹਾਅ ਵਿੱਚੋਂ ਸਾਡੀਆਂ ਲਾਸ਼ਾਂ ਵੀ ਨਹੀਂ ਸੀ ਥਿਆਉਣੀਆਂ” ਅਜੀਤ ਨੇ ਆਖਿਆ। “ਸਾਡੇ ਆਪਸੀ ਮੋਹ ਨੇ ਬਚਾ ਲਿਆ।” ਮੇਰੇ ਇਨ੍ਹਾਂ ਬੋਲਾਂ ਨਾਲ਼ ਭਾਵੁਕ ਹੋਏ ਅਸੀਂ ਅੱਠ ਬਾਹਾਂ ਦੀ ਗਲਵਕੜੀ ’ਚ ਬੱਝ ਗਏ ਸਾਂ।
ਸਿਆਣਿਆਂ ਨੇ ਠੀਕ ਹੀ ਕਿਹੈ, ਡੂੰਘੇ ਪਾਣੀ ’ਚ ਤਾਂ ਹੀ ਵੜੋ ਜੇ ਤੁਸੀਂ ਤੈਰਨਾ ਜਾਣਦੇ ਹੋ। ਅਨਾੜੀ ਬੰਦੇ ਨੂੰ ਵਗਦੇ ਪਾਣੀ ’ਚ ਕਿਸ਼ਤੀ ਨਹੀਂ ਚਲਾਉਣੀ ਚਾਹੀਦੀ।
ਇਸ ਘਟਨਾ ਤੋਂ ਬਾਅਦ ਮੈਂ ਕਦੀ ਵੀ ਡੂੰਘੇ ਪਾਣੀ ’ਚ ਨਹੀਂ ਵੜਿਆ। ਪਰ ਵਿਸ਼ਾਲ ਪਾਣੀਆਂ ਨਾਲ਼ ਮੇਰੀ ਗੂੜ੍ਹੀ ਸਾਂਝ ਹੈ। ਚੇਨਈ ਦੇ ਸਮੁੰਦਰ ਤੋਂ ਸ਼ੁਰੂ ਹੋਈ ਇਹ ਸਾਂਝ ਵਿਸ਼ਾਲ ਪਾਣੀਆਂ ਦੇ ਕੁਦਰਤੀ ਜਲੌਅ ਨੂੰ ਬਾਹਰੋਂ ਨਿਹਾਰਨ-ਮਾਣਨ ਦੀ ਹੈ।
ਹਵਾਈ ਸੈਰਾਂ
ਆਸਾਮ ਦੀ ਧਰਤ ’ਤੇ ਵਸੇ ਹੋਰ ਸ਼ਹਿਰ ਤੇ ਗਰਾਂ ਵੇਖਣ ਅਤੇ ਓਥੋਂ ਦੇ ਆਕਾਸ਼ ਵਿਚ ਦੂਰ-ਪਾਰ ਉਡਾਣਾਂ ਭਰਨ ਦੇ ਮੌਕੇ ਵੀ ਮਿਲ਼ਦੇ ਰਹੇ। ਜਦੋਂ ਸਾਡੇ ਜਹਾਜ਼ਾਂ ਨੇ ਬਾਰਡਰ ਦੀ ਇਕ ਪੋਸਟ ਤੋਂ ਦੂਜੀ ਪੋਸਟ ਨੂੰ ਉਡਾਣ ਭਰਨੀ ਹੁੰਦੀ ਤਾਂ ਜਹਾਜ਼ ਦਾ ਤੇਲ ਵਗੈਰਾ ਚੈੱਕ ਕਰਨ ਲਈ ਇੰਜਣ-ਤਕਨੀਸ਼ਨ ਨਾਲ਼ ਜਾਂਦਾ ਸੀ। ਅਜਿਹੀਆਂ ਉਡਾਣਾਂ ਵਾਸਤੇ ਨੰਬਰ ਲੱਗਣ ’ਤੇ ਮੈਨੂੰ ਖੁਸ਼ੀ ਚੜ੍ਹ ਜਾਂਦੀ। ਕੰਮ ਵੀ ਤੇ ਨਾਲ਼ ਸੈਰ ਵੀ। ਆਸਾਮ ਤੇ ਆਸਾਮ ਨਾਲ਼ ਲਗਦੇ ਬੰਗਾਲ ਦੇ ਏਅਰਫੋਰਸ ਸਟੇਸ਼ਨਾਂ ਵੱਲੋਂ ਵੀ ਸਾਡੇ ਜਹਾਜ਼ ਦੀ ਮੰਗ ਆਉਂਦੀ ਰਹਿੰਦੀ ਸੀ। ਜਹਾਜ਼ ਨਾਲ਼ ਤਿੰਨ ਜਣੇ ਜਾਂਦੇ ਸਨ— ਪਾਇਲਟ, ਇੰਜਣ ਅਤੇ ਏਅਰਫਰੇਮ ਦੇ ਤਕਨੀਸ਼ਨ। ਉਨ੍ਹਾਂ ਹਵਾਈ-ਅੱਡਿਆਂ ’ਤੇ ਜਹਾਜ਼ ਦੀਆਂ ਉਡਾਣਾਂ ਦਾ ਟਾਸਕ ਆਮ ਤੌਰ ’ਤੇ ਦੋ-ਤਿੰਨ ਹਫਤੇ ਦਾ ਹੁੰਦਾ ਸੀ। ਨਵੀਆਂ ਥਾਵਾਂ ਦੇਖਣ ਦੇ ਸ਼ੌਕ ਤਹਿਤ ਮੈਂ ਆਪਣੀ ਟਰੇਡ ਦੇ ਇੰਚਾਰਜ ਕਾਰਪੋਰਲ ਧਰਮਵੀਰ ਨੂੰ ਕਿਹਾ ਹੋਇਆ ਸੀ ਕਿ ਜਦੋਂ ਕੋਈ ਇੰਜਣ-ਤਕਨੀਸ਼ਨ ਆਪਣੀ ਵਾਰੀ ’ਤੇ ਨਾ ਜਾਣਾ ਚਾਹੇ, ਮੈਨੂੰ ਭੇਜ ਦਿਆ ਕਰੋ।
ਆਸਾਮ ਦੀ ਪੋਸਟਿੰਗ ਦੌਰਾਨ ਮੈਂ ਸੌ ਘੰਟੇ ਤੋਂ ਵੱਧ ਫਲਾਈਂਗ ਕਰ ਲਈ ਸੀ। ਓਥੋਂ ਦੇ ਗੁਹਾਟੀ, ਜੁਰਹਾਟ, ਤੇਜਪੁਰ ਅਤੇ ਬੰਗਾਲ ਦੇ ਹਾਸ਼ੀਮਾਰਾ ਤੇ ਵਾਗਡੋਗਰਾ (ਸਿਲੀਗੁਰੀ) ਹਵਾਈ ਅੱਡੇ ਅਤੇ ਸ਼ਹਿਰ ਮੈਂ ਕਈ-ਕਈ ਵਾਰ ਦੇਖ ਲਏ ਸਨ। ਤੇਜਪੁਰ ਹਵਾਈ ਅੱਡੇ ’ਤੇ ਮੇਰਾ ਗਰਾਈਂ ਕਰਮ ਸਿੰਘ ਮਿਲ਼ ਪਿਆ। ਮੈਨੂੰ ਉਹਦੇ ਓਥੇ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਸੀਂ ਹਰ ਰੋਜ਼ ਡਿਨਰ ਤੋਂ ਬਾਅਦ ਸੈਰ ਲਈ ਨਿੱਕਲ਼ ਜਾਂਦੇ। ਪਿੰਡ ਦੀਆਂ ਨਵੀਆਂ-ਪੁਰਾਣੀਆਂ ਗੱਲਾਂ ਕਰਦੇ। ਵਿਚ-ਵਿਚਾਲੇ ਉਹ ਆਪਣੇ ਸਾਥੀਆਂ ਸਮੇਤ ਪੈੱਗ ਲਾਉਣ ਦਾ ਪ੍ਰੋਗਰਾਮ ਬਣਾ ਲੈਂਦਾ। ਤੇਜਪੁਰ ਸ਼ਹਿਰ ਅਤੇ ਨਾਲ਼ ਵਗਦੇ ਬ੍ਰਹਮਪੁੱਤਰ ਕੰਨੀ ਵੀ ਗੇੜਾ ਲਗਦਾ ਰਿਹਾ।
ਨੇੜਿਓਂ ਤੱਕੀ ਮੌਤ
ਹਾਸ਼ੀਮਾਰਾ ਦੀਆਂ ਆਪਣੀਆਂ ਦੋ ਵਾਰੀਆਂ ਮੈਂ ਭੁਗਤਾ ਚੁੱਕਾ ਸਾਂ। ਤੀਜੀ ਦਫਾ ਕਿਸੇ ਦੀ ਵਾਰੀ ’ਤੇ ਚਲਾ ਗਿਆ। ਫਲਾਈਂਗ ਅਫਸਰ ਸ਼ਰਮਾ ਸਾਡਾ ਪਾਇਲਟ ਸੀ। ਏਅਰਫਰੇਮ ਦਾ ਤਕਨੀਸ਼ਨ ਦੱਤਾ ਸੀ। ਟਾਸਕ ਦੋ ਕੁ ਹਫਤੇ ਦਾ ਸੀ। ਸਾਡੇ ਸੁਕਆਡਰਨ ਦੀ ਐਨਿਵਰਸਰੀ ਨੇੜੇ ਸੀ। ਸ਼ਰਮੇ ਨੇ ਕੋਸ਼ਿਸ਼ ਕਰਕੇ ਟਾਸਕ ਐਨਿਵਰਸਰੀ ਤੋਂ ਇਕ ਦਿਨ ਪਹਿਲਾਂ ਨਿਬੇੜ ਲਿਆ। ਆਖਰੀ ਉਡਾਣ ਇਕ ਵਜੇ ਮੁੱਕੀ। ਮੈਂ ਫਟਾਫਟ ਜਹਾਜ਼ ’ਚ ਫਿਊਲ ਤੇ ਤੇਲ ਭਰ ਦਿੱਤਾ। ਬੋਰੀਏ-ਬਿਸਤਰੇ ਚੁੱਕ ਕੇ ਅਸੀਂ ਢਾਈ ਵਜੇ ਡਿੰਜਨ ਦੀ ਤਿਆਰੀ ਕਰ ਲਈ। ਜਹਾਜ਼ ਸਟਾਰਟ ਕਰਕੇ ਸ਼ਰਮੇ ਨੇ ਜਦੋਂ ‘ਫਲਾਈਂਗ ਕੰਟਰੋਲ ਟਾਵਰ’ ਤੋਂ ਇਜਾਜ਼ਤ ਮੰਗੀ ਤਾਂ ਰਾਹ ਵਿਚ ਖਰਾਬ ਮੌਸਮ ਦੀ ਸੂਚਨਾ ਮਿਲ਼ੀ। ਐਨਿਵਰਸਰੀ ਦਾ ਪ੍ਰੋਗਰਾਮ ਅਸੀਂ ਮਿੱਸ ਨਹੀਂ ਸੀ ਕਰਨਾ ਚਾਹੁੰਦੇ। ਸ਼ਰਮੇ ਨੇ ‘ਟੈਂਟੇਟਿਵ’ ਇਜਾਜ਼ਤ ਲੈ ਲਈ। ਯਾਨੀ ਜੇ ਸਥਿਤੀ ਖਤਰਨਾਕ ਹੋਈ, ਉਹ ਜਹਾਜ਼ ਵਾਪਸ ਲੈ ਆਏਗਾ। ਅੱਧੇ ਕੁ ਘੰਟੇ ਦੀ ਉਡਾਣ ਬਾਅਦ ਮੀਂਹ ਤੇ ਹਨ੍ਹੇਰੀ ਦਾ ਭਿਆਨਕ ਤੂਫਾਨ ਸ਼ੁਰੂ ਹੋ ਗਿਆ। ਕਾਲ਼ੇ ਬੱਦਲ਼ਾਂ ਨੇ ਅਸਮਾਨ ’ਚ ਹਨ੍ਹੇਰ ਪਾ ਦਿੱਤਾ… ਤੇਜ਼ ਹਵਾ ਦੇ ਫਰਾਟਿਆਂ ਨਾਲ ਸਾਡੇ ਛੋਟੇ ਤੇ ਹਲਕੇ ਜਹਾਜ਼ ਨੂੰ ਹੁਝਕੇ ਪੈਣ ਲੱਗ ਪਏ। ਕਾਕਪਿਟ ਅਤੇ ਕੈਬਿਨ ਵਿਚਕਾਰਲਾ ਦਰਵਾਜ਼ਾ ਖੁੱਲ੍ਹਾ ਸੀ। ਕੈਬਿਨ ’ਚ ਬੈਠਿਆਂ ਮੈਨੂੰ ਤੇ ਦੱਤਾ ਨੂੰ ਜਹਾਜ਼ ਦੀ ਸਪੀਡ, ਉਚਾਈ, ਦਿਸ਼ਾ ਆਦਿ ਦੇ ਗੇਜਾਂ ਦੀ ਰੀਡਿੰਗ ਤਾਂ ਨਹੀਂ, ਲਾਈਟਾਂ ਦੀ ਚਮਕ ਹੀ ਦਿਸ ਰਹੀ ਸੀ। ਸ਼ਰਮਾ ਵਿਸ਼ਵਾਸ ਨਾਲ਼ ਕੰਟਰੋਲ ਸਟਿੱਕ ਨੂੰ ਹੱਥਾਂ ’ਚ ਫੜੀ, ਆਕਾਸ਼ ਦੇ ਤੂਫਾਨੀ ਮੰਡਲ ਨੂੰ ਪਾਰ ਕਰਨ ਲਈ ਜੂਝ ਰਿਹਾ ਸੀ। ਪਰ ਖੁੰਖਾਰ ਤੂਫਾਨ ਦੀ ਮਾਰ ਹੇਠ ਜਹਾਜ਼ ਨੂੰ ਪੈ ਰਹੇ ਹੁਝਕਿਆਂ ਤੋਂ ਇੰਜ ਭਾਸਦਾ ਸੀ ਕਿ ਜਹਾਜ਼ ਦਾ ਸੰਤੁਲਨ ਹੁਣ ਵੀ ਵਿਗੜਿਆ, ਹੁਣ ਵੀ ਵਿਗੜਿਆ। ਸਹਿਮ ’ਚ ਗੋਤੇ ਖਾਂਦੇ ਮੈਂ ਤੇ ਦੱਤਾ ਅੱਖਾਂ ਤੇ ਹੱਥਾਂ ਦੀ ਭਾਸ਼ਾ ਰਾਹੀਂ ਆਪਸੀ ਤੌਖਲਾ ਪ੍ਰਗਟਾ ਰਹੇ ਸਾਂ ਕਿ ਸ਼ਰਮਾ ਜਹਾਜ਼ ਨੂੰ ਪਿਛਾਂਹ ਕਿਉਂ ਨਹੀਂ ਮੋੜ ਰਿਹਾ। ਆਪਣੇ ਨਾਲ਼ ਸਾਨੂੰ ਵੀ ਮੌਤ ਦੇ ਮੂੰਹ ’ਚ ਕਿਉਂ ਸੁੱਟ ਰਿਹੈ… ਅਚਾਨਕ ਹੀ ਬੱਦਲਾਂ ਦੀ ਖੌਫਨਾਕ ਗਰਜ ਨਾਲ਼ ਅਸਮਾਨੀ ਬਿਜਲੀ ਦੀ ਵਿੰਨ੍ਹਵੀਂ ਧਾਰੀ ਜਹਾਜ਼ ਦੇ ਅੰਦਰ ਤੱਕ ਆ ਕੇ ਏਨੀ ਜ਼ੋਰ ਦੀ ਲਿਸ਼ਕੀ ਕਿ ਮੇਰਾ ਤ੍ਰਾਹ ਨਿੱਕਲ਼ ਗਿਆ। ਬਿਜਲੀ ਸਾਡੇ ਜਹਾਜ਼ ’ਤੇ ਹੀ ਪਈ ਜਾਪੀ। ਇਹ। ਉਸਨੇ ਜਹਾਜ਼ ਪਿਛਾਂਹ ਮੋੜ ਲਿਆ। ਅਸੀਂ ਸ਼ੁਕਰ ਕੀਤਾ। ਪਾਰਟੀਆਂ ਦੇ ਰੌਣਕ-ਮੇਲਿਆਂ ’ਚ ਸ਼ਾਮਲ ਹੋਣ ਦੇ ਚਾਅ ਤਾਂ ਹੁੰਦੇ ਹਨ ਪਰ ਚਾਵਾਂ ਦੇ ਵੇਗ ਵਿਚ ਜਾਨ ਖਤਰੇ ’ਚ ਪਾ ਦੇਣੀ ਸਿਆਣਪ ਨਹੀਂ। ਮੇਰੇ ਲਈ, ਕਿਸ਼ਤੀ ਵਾਲ਼ੀ ਘਟਨਾ ਤੋਂ ਬਾਅਦ ਮੌਤ ਨਾਲ਼ ਸਾਹਮਣਾ ਹੋਣ ਦੀ ਇਹ ਦੂਜੀ ਘਟਨਾ ਸੀ।
ਵਾਪਸ ਹਾਸ਼ੀਮਾਰੇ ਪਹੁੰਚ ਕੇ ਸ਼ਰਮੇ ਨੇ ਗੱਡੀ ਮੰਗਾਈ ਅਤੇ ਆਪਣਾ ਬੈੱਡ-ਹੋਲਡਾਲ ਉਠਾਉਂਦਾ ਬੋਲਿਆ, “ਤੁਹਾਡੇ ਵਾਸਤੇ ਹੋਰ ਗੱਡੀ ਆ ਰਹੀ ਐ। ਤੁਸੀਂ ਆਪਣਾ ਸਾਮਾਨ ਜਹਾਜ਼ ’ਚ ਹੀ ਰਹਿਣ ਦਿਓ। ਡਿਨਰ ਕਰਕੇ ਜਹਾਜ਼ ’ਚ ਆ ਕੇ ਸੌਂ ਜਿਓ। ਸਵੇਰੇ ਛੇ ਵਜੇ ‘ਟੇਕ ਆਫ’ ਕਰਾਂਗੇ।”
ਅਸੀਂ ਮੈੱਸ ਤੋਂ ਮੁੜ ਕੇ ਜਹਾਜ਼ ਦੀਆਂ ਸੀਟਾਂ ਫੋਲਡ ਕੀਤੀਆਂ ਤੇ ਬਿਸਤਰੇ ਵਿਛਾ ਲਏ। ਦੱਤਾ ਕਿਤਾਬ ਪੜ੍ਹਨ ਲੱਗ ਪਿਆ। ਮੈਂ ਸੌਂ ਗਿਆ। ਰਾਤ ਵਾਲ਼ਾ ‘ਡਿਊਟੀਅਫਸਰ’ ਪੈਟਰੋਲਿੰਗ ਦੌਰਾਨ ਜਦੋਂ ਓਧਰ ਆਇਆ ਤਾਂ ਉਸਨੇ ਜਹਾਜ਼ ਅੰਦਰਲੀ ਲਾਈਟ ਜਗਦੀ ਵੇਖੀ। ਜਹਾਜ਼ ਦੇ ਕੋਲ਼ ਆ ਕੇ ਉਸਨੇ ਦਰਵਾਜ਼ੇ ਦੇ ਸ਼ੀਸ਼ੇ ਵਿੱਚੀਂ ਅੰਦਰ ਝਾਕਿਆ। ਦੱਤੇ ਨੂੰ ਕਿਤਾਬ ਪੜ੍ਹਦਾ ਦੇਖ ਉਸਨੇ ਦਰਵਾਜ਼ਾ ਖੁਲ੍ਹਵਾ ਲਿਆ। ਉਸਨੂੰ ਦੇਖਦਿਆਂ ਹੀ ਦੱਤਾ ਸੁੰਨ ਹੋ ਗਿਆ। ਭੁਚੱਕੇ ਵਿਚ ਉਸਨੂੰ ਇੰਜ ਜਾਪਿਆ ਜਿਵੇਂ ਉਸਦੇ ਸਾਹਮਣੇ ਫਲਾਈਂਗ ਅਫਸਰ ਸੱਤ ਪ੍ਰਕਾਸ਼ ਦਾ ਭੂਤ ਖੜ੍ਹਾ ਹੋਵੇ। ਸੱਤ ਪ੍ਰਕਾਸ਼ ਸਾਡੇ ਸੁਕਆਡਰਨ ਦਾ ਪਾਇਲਟ ਸੀ। ਕੁਝ ਮਹੀਨੇ ਪਹਿਲਾਂ ਜਹਾਜ਼-ਹਾਦਸੇ ਵਿਚ ਉਸਦੀ ਮੌਤ ਹੋ ਗਈ ਸੀ। “ਤੁਸੀਂ ਜਹਾਜ਼ ਦੇ ਅੰਦਰ ਕਿਉਂ ਹੋ? ਬੈਰਕ ’ਚ ਕਿਉਂ ਨਹੀਂ ਗਏ?” ਡਿਊਟੀ ਅਫਸਰ ਨੇ ਪੁੱਛਿਆ। ਪਰ ਦੱਤੇ ਦੀ ਜਿਵੇਂ ਜ਼ਬਾਨ ਠਾਕੀ ਗਈ ਹੋਵੇ। ਡਿਊਟੀ ਅਫਸਰ ਨੇ ਮੈਨੂੰ ਜਗਾ ਲਿਆ। ਪਹਿਲੀ ਨਜ਼ਰੇ ਤਾਂ ਮੈਨੂੰ ਵੀ ਅਚੰਭਾ ਲੱਗਾ ਪਰ ਅਗਲੇ ਹੀ ਪਲ ਚੇਤਾ ਆ ਗਿਆ। ਉਹ ਸੱਤ ਪ੍ਰਕਾਸ਼ ਦਾ ਛੋਟਾ ਭਰਾ ਸੀ। ਹਾਸ਼ੀਮਾਰਾ ਦੇ ਇਕ ਸੁਕਆਡਰਨ ’ਚ ਪਾਇਲਟ ਸੀ ਉਹ। ਸੱਤ ਪ੍ਰਕਾਸ਼ ਦੇ ਸਸਕਾਰ ਸਮੇਂ ਮੈਂ ਉਸਨੂੰ ਵੇਖਿਆ ਹੋਇਆ ਸੀ। ਦੋਨਾਂ ਦੀਆਂ ਸ਼ਕਲਾਂ ਬਿਲਕੁਲ ਮਿਲਦੀਆਂ ਸਨ। ਮੈਂ ਉਸਨੂੰ ਰਾਹ ’ਚੋਂ ਮੁੜ ਕੇ ਆਉਣ ਅਤੇ ਸਵੇਰੇ ਸਾਝਰੇ ‘ਟੇਕ ਆਫ’ ਕਰਨ ਬਾਰੇ ਦੱਸਿਆ। ਲਾਈਟ ਬੁਝਾਉਣ ਦਾ ਆਦੇਸ਼ ਦੇ ਕੇ ਉਹ ਚਲਾ ਗਿਆ। ਮੇਰੇ ਪੁੱਛਣ ਤੇ ਦੱਤਾ ਨੇ ਦੱਸਿਆ ਕਿ ਸੱਤ ਪ੍ਰਕਾਸ਼ ਦੇ ਜਹਾਜ਼-ਹਾਦਸੇ ਸਮੇਂ ਉਹ ਛੁੱਟੀ ’ਤੇ ਸੀ। ਉਸਨੇ ਉਸਦੇ ਭਰਾ ਨੂੰ ਦੇਖਿਆ ਨਹੀਂ ਸੀ ਹੋਇਆ। ਦੱਤਾ ਕਾਲ਼ੇ ਰੰਗ ਦਾ ਆਸਾਮੀ ਸੀ। ਮੈਨੂੰ ਮਜ਼ਾਕ ਸੁੱਝਿਆ। ਮੈਂ ਕਿਹਾ, “ਅਰੇ ਦੱਤਾ ਮੁਝੇ ਲਗਤਾ ਹੈ ਕਿ ਭੂਤ ਵਾਲ਼ੀ ਬਾਤ ਇਕਤਰਫੀ ਨਹੀਂ ਥੀ।” “ਵ੍ਹਾਟ ਡੂ ਯੂ ਮੀਨ?” ਦੱਤੇ ਨੇ ਹੈਰਾਨ ਹੋ ਕੇ ਪੁੱਛਿਆ। “ਤੇਰਾ ਕਾਲ਼ਾ ਰੰਗ ਦੇਖ ਕਰ ਡਿਊਟੀ ਅਫਸਰ ਨੇ ਤੁਝੇ ਭੀ ਭੂਤ ਸਮਝ ਲੀਆ ਹੋਗਾ।” ਦੱਤਾ ਕਿਸੇ ਫਿਲਮ ਦਾ ਗੀਤ ਗਾਉਣ ਲੱਗ ਪਿਆ, “ਕਾਲੇ ਹੈਂ ਤੋ ਕਿਆ ਹੂਆ, ਦਿਲ ਵਾਲ਼ੇ ਹੈਂ…।”
ਖੈਰ ਅਗਲੇ ਦਿਨ ਛਾਹ ਵੇਲੇ ਡਿੰਜਨ ਪਹੁੰਚ ਕੇ ਅਸੀਂ ਐਨਿਵਰਸਰੀ ਦੀਆਂ ਰੌਣਕਾਂ ਵਿਚ ਸ਼ਾਮਲ ਹੋ ਗਏ। ਐਨਿਵਰਸਰੀ ਤੋਂ ਇਲਾਵਾ ਸਾਡੇ ਸੁਕਆਡਰਨ ਦੀਆਂ ਸਾਲ ਵਿਚ ਦੋ ‘ਗੈੱਟ ਟੂਗੈਦਰ’ ਪਾਰਟੀਆਂ ਵੀ ਹੁੰਦੀਆਂ ਸਨ। ਸਾਡਾ ਆਫਿਸਰ-ਕਮਾਂਡਿੰਗ ਸੁਕਆਡਰਨ ਲੀਡਰ ਸਿੱਧੂ ਬਹੁਤ ਚੰਗਾ ਸੀ। ਉਹ ਉਨ੍ਹਾਂ ਵਰਗਾ ਨਹੀਂ ਸੀ ਜੋ ਬੇਲੋੜਾ ਡਸਿਪਲਿਨ ਠੋਸ ਕੇ ਸੈਨਿਕਾਂ ਨੂੰ ਪੱਬਾਂ ਭਾਰ ਕਰੀ ਰੱਖਦੇ ਹਨ। ਉਹ ਇਕੱਠੇ ਹੋ ਕੇ ਬੈਠਣ, ਖਾਣ-ਪੀਣ ਤੇ ਨੱਚਣ-ਟੱਪਣ ਦੇ ਪ੍ਰੋਗਰਾਮਾਂ ਦਾ ਚਾਹਵਾਨ ਸੀ। ਉਹ ਕਲੀਨ-ਸ਼ੇਵਨ ਸੀ। ਅੰਗ੍ਰੇਜ਼ੀ ਬਹੁਤ ਵਧੀਆ ਬੋਲਦਾ ਸੀ। ਏਅਰਫੋਰਸ ਵਿਚ ਗੱਲਬਾਤ ਅਤੇ ਲਿਖਣ ਦਾ ਮਾਧਿਅਮ ਅੰਗ੍ਰੇਜ਼ੀ ਹੋਣ ਕਰਕੇ ਏਅਰਮੈਨਾਂ ਨੂੰ ਆਪਣੇ ਸੂਬੇ ਦੇ ਅਫਸਰਾਂ ਨਾਲ਼ ਵੀ ਅੰਗ੍ਰੇਜ਼ੀ ਬੋਲਣੀ ਪੈਂਦੀ ਸੀ। ਮੈਂ ਜਦੋਂ ਸੁਕਆਡਰਨ ਵਿਚ ਗਿਆ ਤਾਂ ਸਿੱਧੂ ਸਾਹਿਬ ਦੀ ਟੁਣਕਵੀਂ ਅੰਗ੍ਰੇਜ਼ੀ ਸੁਣ ਕੇ ਇਹ ਅਨੁਮਾਨ ਲਾ ਬੈਠਾ ਕਿ ਉਹ ਪੰਜਾਬੀ ਤਾਂ ਟੁੱਟੀ-ਫੁੱਟੀ ਹੀ ਬੋਲਦਾ ਹੋਵੇਗਾ। ਪਰ ਜਦੋਂ ‘ਗੈੱਟ ਟੂਗੈਦਰ’ ਪਾਰਟੀ ’ਚ ਉਸਦੀਆਂ ਪੇਂਡੂ ਟਾਈਪ ਪੰਜਾਬੀ ਬੋਲੀਆਂ ਸੁਣੀਆਂ ਤਾਂ ਦੰਗ ਰਹਿ ਗਿਆ ਸਾਂ। ਉਸ ਕੋਲ਼ ਬੋਲੀਆਂ, ਖਾਸ ਕਰਕੇ ਚੋਂਦੀਆਂ-ਚੋਂਦੀਆਂ ਬੋਲੀਆਂ ਦਾ ਵੱਡਾ ਭੰਡਾਰ ਸੀ। ਪਾਰਟੀਆਂ ’ਚ ਦਾਰੂ ਪੀ ਕੇ ਜਦੋਂ ਪੰਜਾਬੀਆਂ ਤੇ ਨਾਲ਼ ਹੀ ਗੈਰ-ਪੰਜਾਬੀਆਂ ਨੇ ਭੰਗੜਾ ਪਾਉਣ ਲੱਗ ਪੈਣਾ ਤਾਂ ਸਿੱਧੂ ਸਾਹਿਬ ਨੇ ਬੋਲੀਆਂ ਦੀ ਲੰਮੀ ਲੜੀ ਸ਼ੁਰੂ ਕਰ ਦੇਣੀ।
ਸੁਕਆਡਰਨ ਦੇ ਨੱਚਣ-ਟੱਪਣ ਦੇ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਮੈਨੂੰ ਆਸਾਮੀਆਂ ਦੇ ਨੱਚਣ-ਟੱਪਣ ਤੇ ਗਾਉਣ ਵਾਲ਼ੇ ਤਿਉਹਾਰ ‘ਬਿਹੂ’ ਦੀ ਯਾਦ ਆ ਗਈ ਏ। ਅਪ੍ਰੈਲ ’ਚ ਮਨਾਏ ਜਾਂਦੇ ‘ਰਾਂਗਲੀ ਬਿਹੂ’ ਮੌਕੇ ਘਰਾਂ ਵਿਚ ਸਪੈਸ਼ਲ ਖਾਣੇ ਬਣਦੇ ਹਨ। ਨਵੀਆਂ ਪੁਸ਼ਾਕਾਂ ’ਚ ਸਜੇ ਜਵਾਨ ਮੁੰਡੇ-ਕੁੜੀਆਂ ਟੋਲੀਆਂ ਬਣਾ ਕੇ ‘ਬਿਹੂ’ ਦੇ ਗੀਤ ਗਾਉਂਦੇ ਤੇ ਨੱਚਦੇ ਹਨ। ਕੁੜੀਆਂ ਆਪਣੇ ਪਿੰਡਾਂ ਤੋਂ ਬਾਹਰ ਦਰਖਤਾਂ ਦੇ ਕਿਸੇ ਝੁੰਡ ਹੇਠ ਨੱਚਦੀਆਂ ਹਨ। ਮੈਂ ਤੇ ਮੇਰੇ ਸਾਥੀ ਓਹਲਾ ਜਿਹਾ ਬਣਾ ਕੇ ਫਾਸਲੇ ਤੋਂ ਹੀ ਨੱਚਦੀ-ਗਾਉਂਦੀ ਜਵਾਨੀ ਦੇ ਦ੍ਰਿਸ਼ ਵੇਖ ਲਿਆ ਕਰਦੇ ਸਾਂ।
ਆਸਾਮ ਦੀਆਂ ਤਿੰਨ ਮਸ਼ਹੂਰ ਚੀਜ਼ਾਂ:
(1) ਆਸਾਮ ਦੀ ਚਾਹ-ਪੱਤੀ ਨੂੰ ਸੰਸਾਰ-ਪ੍ਰਸਿੱਧੀ ਹਾਸਲ ਹੈ। ਡਿਬਰੂਗੜ੍ਹ ਨੂੰ ਭਾਰਤ ਦਾ ‘ਚਾਹ-ਪਤੀ ਸ਼ਹਿਰ’ ਕਿਹਾ ਜਾਂਦੈ।
(2) ਆਸਾਮੀਆਂ ਦੇ ਹੱਥਾਂ ਦੇ ਬਣਾਏ ਬੈਂਤ ਅਤੇ ਬਾਂਸ ਦੇ ਛਿੱਕੂ, ਟੋਕਰੀਆਂ, ਫਰਨੀਚਰ ਤੇ ਹੋਰ ਕਈ ਵਸਤਾਂ ਕਲਾਮਈ ਵੀ ਹੁੰਦੀਆਂ ਹਨ ਤੇ ਹੰਢਣਸਾਰ ਵੀ।
(3) ਆਸਾਮ ਦਾ ਖੱਡੀਆਂ ’ਤੇ ਬੁਣਿਆਂ ਤੇ ਕਸੀਦਿਆਂ ਸਿਲਕੀ ਤੇ ਸੂਤੀ ਕਪੱੜਾ ਬਹੁਤ ਮਸ਼ਹੂਰ ਹੈ। ਹੁਣ ਤਾਂ ਪਤਾ ਨਹੀਂ, ਸੱਠਵਿਆਂ ਵਿਚ ਓਥੇ ਆਮ ਘਰਾਂ ’ਚ ਹੱਥ-ਖੱਡੀਆਂ ਹੁੰਦੀਆਂ ਸਨ। ਆਸਾਮੀਆਂ ਦੀ ਕੱਪੜਾ ਬੁਣਨ-ਕਸੀਦਣ ਦੀ ਹੁਨਰਮੰਦੀ ਦੀ ਦਾਦ ਦੇਂਦਿਆਂ ਮਹਤਮਾਂ ਗਾਂਧੀ ਨੇ ਠੀਕ ਹੀ ਆਖਿਆ ਸੀ, “ਆਸਾਮ ਦੇ ਲੋਕ ਖੱਡੀਆਂ ’ਤੇ ਸੁਪਨੇ ਵੀ ਬੁਣ ਸਕਦੇ ਹਨ।”
ਮੈਂ ਵੀ ਆਪਣੇ ਨਾਵਲ ਦੀਆਂ ਤੰਦਾਂ ਬੁਣਨ ਦਾ ਕਾਰਜ ਆਸਾਮ ’ਚ ਹੀ ਸ਼ੁਰੂ ਕੀਤਾ ਸੀ। ਨਾਵਲ ਲਿਖਣ ਲਈ ਇਕਾਂਤ ਚਾਹੀਦਾ ਸੀ। ਮੇਰਾ ਜਦੋਂ ਮੂਡ ਬਣਦਾ ਮੈਂ ਕਾਪੀ-ਪੈੱਨ ਲੈ ਕੇ ਲਾਗਲੀ ਨਦੀ ਕਿਨਾਰੇ ਚਲਾ ਜਾਂਦਾ। ਦੋਸਤ ਮਖੌਲ ਕਰਨ ਲੱਗ ਪਏ। ਇਕ ਦਿਨ ਮਨਜੀਤ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਟੋਣਾ ਲਾ ਦਿੱਤਾ, “ਇਹ ਆਪਣੇ ਬੰਦੇ ਨੂੰ ਕੀ ਹੋ ਗਿਆ ਬਈ?”
“ਬਿਮਾਰੀ ਕੋਈ ਟੇਢੀ ਜਿਹੀ ਐ। ਚੁੱਪ-ਗੜੁੱਪ ਜਿਹਾ ਹੋ ਕੇ, ਕਾਪੀ-ਪੈੱਨ ਲੈ ਕੇ ਬਾਹਰ ਨੂੰ ਤੁਰ ਪੈਂਦੇ।” ਰਾਜ ਨੇ ਫਿਕਰਮੰਦੀ ਦੀ ਐਕਟਿੰਗ ਕੀਤੀ।
“ਇਹਦਾ ਇਲਾਜ ਕਰ ਬਈ”। ਮਨਜੀਤ ਨੇ ਅਜੀਤ ਨੂੰ ਸਿਫਾਰਿਸ਼ ਪਾਉਣ ਵਾਂਗ ਕਿਹਾ।
“ਜਰਨੈਲ ਨੂੰ ਓਪਰੀ ਹਵਾ ਐ। ਡਾਕਟਰੀ ਇਲਾਜ ਨਹੀਂ, ’ਕੇਰਾਂ ਇਹਦਾ ਹੱਥ ਹੌਲ਼ਾ ਕਰਾਉਣਾ ਪੈਣੈ।” ਅਜੀਤ ਨੇ ਗੰਭੀਰਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਬੁਲ਼੍ਹਾਂ ’ਤੇ ਉੱਭਰੇ ਹਾਸੇ ਨੇ ਨਾਕਾਮ ਕਰ ਦਿਤੀ।
“ਓਏ ਓਪਰੀ ਹਵਾ ਨਹੀਂ, ਮੈਂ ਉੱਪਰਲੀ ਹਵਾ ’ਚ ਆਂ।” ਗੁਮਾਨ ਦਾ ਦਿਖਾਵਾ ਕਰਦਿਆਂ ਮੈਂ ਤੋੜਾ ਝਾੜਿਆ।
“ਵੱਡਿਆ ਉਡਾਰੂਆ ਪਤਾ ਉਦੋਂ ਈ ਲਗਣੈ ਜਦੋਂ ਲੋਟਣੀਆਂ ਖਾਂਦਾ…।”
“ਤੁਸੀਂ ਕਾਹਦੇ ਵਾਸਤੇ ਆਂ? ਹੇਠਾਂ ਡਿਗਦੇ ਨੂੰ ਸਾਂਭੋਗੇ ਨਹੀਂ।” ਰਾਜ ਦੀ ਗੱਲ ਵਿੱਚੇ ਟੋਕਦਿਆਂ ਮੈਂ ਆਖਿਆ।
“ਤੇਰਾ ਪੱਕਾ ਈ ਇਲਾਜ ਕਰ ਦਿੰਨੇ ਆਂ।” ਮਨਜੀਤ ਮਚਲਾ ਜਿਹਾ ਹੋ ਕੇ ਬੋਲਿਆ।
“ਕੀ?”
“ਤੈਨੂੰ ਇਕ ਕਾਲ਼ੀ-ਕਲੂਟੀ ਆਸਾਮਣ ਲਿਆ ਦਿੰਨੇ ਆਂ। ਉਹਨੇ ਤੇਰੇ ਪਰ ਕੁਤਰ ਦੇਣੇ ਆਂ। ਨਾ ਪਰ ਹੋਣ ਨਾ ਉੱਪਰਲੀ ਹਵਾ ’ਚ ਜਾਵੇਂ।” ਸਾਡਾ ਚੌਹਾਂ ਦਾ ਹਾਸਾ ਨਿਕਲ਼ ਗਿਆ।
ਖੈਰ ਜਦੋਂ ਮੈਂ ਤਿੰਨਾਂ ਨੂੰ ਨਾਵਲ ਦੇ ਪਹਿਲੇ ਤਿੰਨ ਕੁ ਕਾਂਡ ਪੜ੍ਹਾਏ, ਉਨ੍ਹਾਂ ਨੂੰ ਚੰਗੇ ਲੱਗੇ। “ਆਪਣੇ ਬਾਈ ਜਰਨੈਲ ਨੂੰ ਗੱਲ ਬਣਾਉਣੀ ਆਉਂਦੀ ਐ।” ਰਾਜ ਨੇ ਰਾਇ ਦਿੱਤੀ ।
“ਸੱਜਣਾ ! ਅਸੀਂ ਰਾਜ ਦੀ ਗੱਲ ਨੂੰ ‘ਯੈਸ’ ਕਰਦੇ ਆਂ ਪਰ ਚਾਰ ਅੱਖਰ ਕਿਤੇ ਸਾਡੇ ਬਾਰੇ ਵੀ ਲਿਖੀਂ।” ਮਨਜੀਤ ਦੇ ਬੋਲਾਂ ਵਿਚ ਮਾਣ ਸੀ।
“ਜ਼ਰੂਰ।” ਮੇਰੇ ਅੰਦਰ ਲੇਖਕ ਬਣਨ ਦਾ ਜੋ ਚਾਅ ਉਮਡ ਰਿਹਾ ਸੀ, ਉਸ ਵਿੱਚੋਂ ਨਿਕਲਿਆ ਸੀ ਇਹ ਸ਼ਬਦ। ਪਰ ਉਦੋਂ ਮੈਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਮੇਰੀਆ ਰਚਨਾਵਾਂ ਬਾਰੇ ਪਾਠਕਾਂ ਦੇ ਪ੍ਰਤੀਕਰਮ ਕਿਹੋ ਜਿਹੇ ਹੋਣਗੇ। ਹੁਣ ਦੋਸਤਾਂ ਨਾਲ਼ ਕੀਤਾ ਵਾਅਦਾ ਪੂਰਾ ਕਰਦਿਆਂ ਮੈਂ ਆਪਣੀ ਕਲਮ ’ਤੇ ਮਾਣ ਮਹਿਸੂਸ ਕਰ ਰਿਹਾਂ ।ਪਾਠਕਾਂ ਤੇ ਵਿਦਵਾਨਾਂ ਵੱਲੋਂ ਮੇਰੀਆਂ ਕਹਾਣੀਆਂ ਨੂੰ ਮਿਲ ਰਹੀ ਪ੍ਰਸ਼ੰਸਾ ਦਾ ਮਾਣ।
ਨਾਵਲ ਦਾ ਅਜੇ ਤੀਜਾ ਕੁ ਹਿੱਸਾ ਹੀ ਨਿਬੇੜਿਆ ਸੀ ਕਿ ਮੇਰਾ ‘ਕਨਵਰਸ਼ਨ ਕੋਰਸ’ ਆ ਗਿਆ। ਨਾਲ਼ ਹੀ ਮਨਜੀਤ ਦਾ ਵੀ। ਇਸ ਕੋਰਸ ਦੀ ਪੜ੍ਹਾਈ ਪਹਿਲਾਂ ਵਾਲ਼ੇ ਟ੍ਰੇਨਿੰਗ ਸੈਂਟਰ ਤਾਂਬਰਮ ਵਿਖੇ ਹੀ ਹੋਣੀ ਸੀ। ਜਿਸ ਛਬੂਏ ਅਤੇ ਡਿੰਜਨ ਦੀ ਬਦਲੀ ਸੁਣ ਕੇ ਮੈਂ ਪ੍ਰੇਸ਼ਾਨ ਹੋ ਗਿਆ ਸਾਂ, ਹੁਣ ਓਥੋਂ ਰੁਖਸਤ ਹੋਣ ਨੂੰ ਦਿਲ ਨਹੀਂ ਸੀ ਕਰਦਾ। ਪਰ ਬਦਲੀਆਂ ਤੇ ਛੋਟੇ-ਵੱਡੇ ਕੋਰਸ ਏਅਰਫੋਰਸ ਦੀ ਜ਼ਿੰਦਗੀ ਦੇ ਅਨਿੱਖੜਵੇਂ ਪਹਿਲੂ ਹਨ। ਦੋਸਤਾਂ ਨਾਲ਼ੋਂ ਵਿਛੜਨਾ ਵੀ ਔਖਾ ਲੱਗ ਰਿਹਾ ਸੀ। ਪਰ ਹਾਲ ਦੀ ਘੜੀ ਮੈਂ ਤੇ ਮਨਜੀਤ ਇਕੱਠੇ ਸਾਂ। ਇਵੇਂ ਹੀ ਰਾਜ ਤੇ ਅਜੀਤ ਵੀ। ਉਹ ਸਾਨੂੰ ਰੇਲਵੇ ਸਟੇਸ਼ਨ ’ਤੇ ਛੱਡਣ ਆਏ।
ਚੇਨਈ ਤੋਂ ਛਬੂਆ ਆਉਣ ਸਮੇਂ ਅਸੀਂ ਵਾਇਆ ਬਰੋਨੀ ਆਏ ਸਾਂ। ਪਰ ਹੁਣ ਜਾਣ ਵਾਸਤੇ ਮਿਲਿਆ ਰੇਲਵੇ ਵਾਰੰਟ (ਰੇਲਵੇ ਟਿਕਟ) ਵਾਇਆ ਹਾਵੜਾ ਸੀ। ਹਾਵੜਾ ਜੰਕਸ਼ਨ ’ਤੇ 5 ਘੰਟੇ ਵੇਟਿੰਗ-ਟਾਈਮ ਸੀ। ਸਾਡੇ ਵਾਸਤੇ ਇਹ ਲਾਹੇਵੰਦ ਗੱਲ ਸੀ। ਕਲਕੱਤੇ ’ਚ ਕੁਝ ਦੇਖਿਆ ਜਾ ਸਕਦਾ ਸੀ। ਮੈਂ ਆਪਣੇ ਸੁਕਆਡਰਨ ਦੇ ਇਕ ਬੰਗਾਲੀ ਸਾਥੀ ਨੂੰ ਉੱਥੋਂ ਦੀਆਂ ਵੇਖਣ ਯੋਗ ਥਾਵਾਂ ਬਾਰੇ ਪੁੱਛਿਆ। ਉਸਦੇ ਦੱਸਣ ਅਨੁਸਾਰ ਏਨੇ ਕੁ ਸਮੇਂ ’ਚ ਅਸੀਂ ਹਾਵੜਾ ਬਰਿੱਜ ਤੇ ਭਾਰਤੀ ਮਿਊਜ਼ਿਅਮ ਵੇਖ ਸਕਦੇ ਸਾਂ।
ਅਸੀਂ ਤਿੰਨਸੁਕੀਆ ਤੋਂ ਗੋਹਾਟੀ ਅਤੇ ਉੱਥੋਂ ਰੇਲ ਬਦਲ ਕੇ ਹਾਵੜਾ ਪਹੁੰਚ ਗਏ। ਹਾਵੜਾ ਜੰਕਸ਼ਨ ’ਚ ਦੂਰ-ਦੂਰ ਤੱਕ ਕਈ ਪਾਸਿਆਂ ਨੂੰ ਵਿਛੀਆਂ ਰੇਲ-ਪਟੜੀਆਂ ਵੇਖ ਕੇ ਅਸੀ ਦੰਗ ਰਹਿ ਗਏ। ਭਾਰਤ ਦਾ ਸਭ ਤੋਂ ਵਿਸ਼ਾਲ ਰੇਲਵੇ ਜੰਕਸ਼ਨ ਹੈ ਇਹ। ਸਾਮਾਨ ਜਮ੍ਹਾਂ ਕਰਵਾ ਕੇ ਮੈਂ ਤੇ ਮਨਜੀਤ ਹਾਵੜਾ ਬਰਿੱਜ ਦੇਖਣ ਟੁਰ ਪਏ।
ਕਰੋੜਾਂ ਟਨ ਫੌਲਾਦ ਦੇ ਬਣੇ 2300 ਫੁੱਟ ਲੰਮੇ ਇਸ ਪੁਲ਼ ਦੀ ਸਟਰਕਚਰ ਉੱਪਰ ਵੱਲ ਨੂੰ ਹੀ ਹੈ। ਹੇਠਲੇ ਪਾਸੇ ਕੋਈ ਪਿੱਲਰ ਨਹੀਂ। ਪੁਲ਼ ਹੇਠ ਵਗਦੇ ਵਿਸ਼ਾਲ ਦਰਿਆ ਹੁਗਲੀ ਵਿਚ ਸਮੁੰਦਰੀ ਜਹਾਜ਼ਾਂ ਦੀ ਅਤੇ ਉੱਪਰ ਵਾਹਨਾਂ ਤੇ ਰਾਹਗੀਰਾਂ ਦੀ ਆਵਾਜਾਈ ਸੀ। ਪੁਲ਼ ’ਤੇ ਟੁਰਦਿਆਂ ਅਸੀਂ ਪੁਲ ਦੀ ਤਕਨਾਲੋਜੀ ਨੂੰ ਵੇਖ-ਘੋਖ ਰਹੇ ਸਾਂ। ਜੋੜਾਂ ’ਤੇ ਨਟ-ਬੋਲਟ ਨਹੀਂ ਸਨ। ਸਮੁੱਚੇ ਜੋੜ ਰਿਵਟਾਂ ਨਾਲ਼ ਜੋੜੇ-ਬੀੜੇ ਹੋਏ ਸਨ। ਅਸੀਂ ਜਾਣਦੇ ਸਾਂ ਕਿ ਰਿਵਟਾਂ ਵਾਲ਼ੀ ਸਟਕਚਰ ਜ਼ਿਆਦਾ ਚਿਰ-ਸਥਾਈ ਹੁੰਦੀ ਹੈ।
ਪੁਲ਼ ਵੇਖਣ ਬਾਅਦ, ਅਸੀਂ ਪਹਿਲਾਂ ਟਰਾਮ ਤੇ ਫਿਰ ਬੱਸ ਫੜ ਕੇ ਨੈਸ਼ਨਲ ਮਿਊਜ਼ਿਅਮ ਜਾ ਪਹੁੰਚੇ। ਭਾਰਤ ਦਾ ਸਭ ਤੋਂ ਪੁਰਾਣਾ ਤੇ ਵੱਡਾ ਇਹ ਮਿਊਜ਼ਿਅਮ ਪੂਰਵ-ਇਤਿਹਾਸਕ ਕਾਲ ਤੋਂ ਲੈ ਕੇ ਮੁਗਲਾਂ ਦੇ ਸਮੇਂ ਤੱਕ ਦੀਆਂ ਪੁਰਾਤਨ ਵਸਤਾਂ ਦਾ ਵੱਡਾ ਭੰਡਾਰ ਹੈ। ਅਨੇਕ ਤਰ੍ਹਾਂ ਦੇ ਸਿੱਕਿਆਂ, ਗਹਿਣਿਆਂ ਜ਼ੱਰਾਬਕਤਰਾਂ, ਹਥਿਆਰਾਂ, ਚਿੱਤਰਾਂ, ਮਿੱਟੀ ਤੇ ਚੀਨੀ ਦੇ ਬਰਤਨਾਂ, ਦਰੀਆਂ, ਗਲੀਚਿਆਂ ਆਦਿ ਨੂੰ ਵੇਖਦਿਆਂ ਮੈਨੂੰ ਭਾਰਤ ਦੀ ਪੁਰਾਤਨ ਕਲਾ-ਕੁਸ਼ਲਤਾ ਅਤੇ ਸ਼ਿਲਪਕਾਰੀ ਦੀ ਅਮੀਰੀ ’ਤੇ ਮਾਣ ਮਹਿਸੂਸ ਹੋ ਰਿਹਾ ਸੀ।
ਓਥੋਂ ਅਸੀਂ ਟਰਾਮ ਫੜੀ, ਇਕ ਜਗ੍ਹਾ ਉੱਤਰ ਕੇ ਪੰਜਾਬੀ ਰੈਸਟੋਰੈਂਟ ’ਚ ਸਾਗ ਤੇ ਮੱਕੀ ਦੀ ਰੋਟੀ ਦਾ ਸੁਆਦ ਮਾਣਿਆਂ ਅਤੇ ਸਟੇਸ਼ਨ ’ਤੇ ਪਹੁੰਚ ਗਏ। ਰੇਲ ’ਤੇ ਸਵਾਰ ਹੋ ਚੇਨਈ ਅਤੇ ਓਥੋਂ ਟਰੇਨਿੰਗ ਸੈਂਟਰ ਤਾਂਬਰਮ ਪਹੁੰਚ ਗਏ।
ਤਾਂਬਰਮ ਵਿਚ ਕਨਵਰਸ਼ਨ ਕੋਰਸ
ਟਰੇਨਿੰਗ ਲਈ ਆਏ ਬਹੁਤੇ ਹਵਾਈ ਸੈਨਿਕ ਗਰੁੱਪ-2 ਦੀ ਟ੍ਰੇਨਿੰਗ ਵੇਲੇ ਦੇ ਵਾਕਫ ਸਨ। ਉਨ੍ਹਾਂ ਵਿਚ ਪੁਰਾਣੇ ਜੋਟੀਦਾਰ ਹਰਚਰਨ ਬੇਦੀ, ਬੰਤ ਟਿਵਾਣਾ ਅਤੇ ਨਰਿੰਦਰ ਗਰੇਵਾਲ ਵੀ ਸਨ। ਪਹਿਲੀ ਟਰੇਨਿੰਗ ਵਾਂਗ ਅਸੀਂ ਪੰਜੇ ਜਣੇ ਐਤਕੀਂ ਵੀ ਇੱਕੋ ਫਲਾਈਟ ਤੇ ਇੱਕੋ ਬੈਰਕ ਵਿਚ ਸਾਂ।
ਬੈਰਕ ਵਿਚਲੇ ਦੂਜੇ ਸੂਬਿਆਂ ਦੇ ਸੈਨਿਕ ਵੀ ਸਾਡੇ ਲਈ ਪਰਾਏ ਨਹੀਂ, ਆਪਣੇ ਹੀ ਸਨ। ਉਨ੍ਹਾਂ ਨਾਲ਼ ਸਿਰਫ ਟਰੇਨਿੰਗ ਦੀ ਹੀ ਨਹੀਂ, ਖਾਣ-ਪੀਣ, ਕੰਮ-ਕਾਜ ਅਤੇ ਰਹਿਣ-ਬਹਿਣ ਦੀ ਨਿੱਤ-ਦਿਨ ਦੀ ਸਾਂਝ ਸੀ। ਇਹ ਸਾਂਝ ਸਾਡੇ ਸਾਰੇ ਟਰੇਨਿੰਗ ਸੈਂਟਰਾਂ ਅਤੇ ਹਵਾਈ-ਅੱਡਿਆਂ ’ਚ ਪ੍ਰਚਲਤ ਸੀ। ਵੱਖਰਤਾਵਾਂ ਵੀ ਹੈਗੀਆਂ ਸਨ ਪਰ ਸਦਭਾਵਨਾ ਦੇ ਮਾਹੌਲ ’ਚ ਵੱਖਰਤਾਵਾਂ ਵਿੱਚੋਂ ਵੀ ਅਪਣਾਪਨ ਹੀ ਝਲਕਦਾ ਸੀ।
ਸਾਡੀ 30 ਜਣਿਆਂ ਦੀ ਫਲਾਈਟ ਦਾ ਸੀਨੀਅਰਮੈਨ ਯੂ.ਪੀ ਦਾ ਵੀਰਭਾਨ ਸੀ। ਨਿਡਰ ਕਿਸਮ ਦਾ ਉਹ ਬੰਦਾ ਜ਼ਬਾਨ ਦਾ ਕੌੜਾ ਪਰ ਵਿਹਾਰ ਦਾ ਨਰਮ ਅਤੇ ਮੱਦਦਗਾਰ ਸੀ। ਨਿਡਰਤਾ ਦੇ ਆਵੇਸ਼ ’ਚ ਹੋਈਆਂ ਗਲਤੀਆਂ ਕਾਰਨ ਉਹ ਕੁਝ ਕੁ ਵਾਰ ਸੀਖਾਂ ਪਿੱਛੇ ਵੀ ਜਾ ਚੁੱਕਾ ਸੀ। ਟਰੇਨਿੰਗ ਦਾ ਰੁਟੀਨ ਮੁੱਖ ਤੌਰ ’ਤੇ ਗਰੁੱਪ-2 ਵਾਲ਼ਾ ਹੀ ਸੀ। ਸਾਰਾ ਕੋਰਸ ਤਿੰਨ-ਤਿੰਨ ਮਹੀਨਿਆਂ ਦੇ ਚਾਰ ਫੇਜ਼ਾਂ ਯਾਨਿ ਪੜਾਵਾਂ ਵਿਚ ਵੰਡਿਆ ਹੋਇਆ ਸੀ। ਹਰ ਫੇਜ਼ ਵਿੱਚੋਂ ਪਾਸ ਹੋਣਾ ਲਾਜ਼ਮੀ ਸੀ। ਪਹਿਲੇ ਫੇਜ਼ ਦੌਰਾਨ ਸਵੇਰੇ ਤਿੰਨ ਪੀਰੀਅਡ ਸਾਇੰਸ, ਐਡਵਾਂਸਡ ਅੰਗ੍ਰੇਜ਼ੀ ਤੇ ਹਵਾਬਾਜ਼ੀ ਬਾਰੇ ਸਨ ਅਤੇ ਬਾਅਦ ਦੇ ਪੀਰੀਅਡ ਸਾਡੀ ਟਰੇਡ ਬਾਰੇ। ਅਗਲੇ ਤਿੰਨ ਫੇਜ਼ਾਂ ’ਚ ਇੰਜਣ ਟਰੇਡ ਦੀ ਵਿਕਸਤ ਟੈਕਨਾਲੋਜੀ ਪੜ੍ਹਾਈ ਜਾਣੀ ਸੀ।
ਅੰਗ੍ਰੇਜ਼ੀ ਦਾ ਇੰਸਟਰਕਟਰ ਫਲਾਈਟ ਲੈਫਟੀਨੈਂਟ ਛਾਬੜਾ ਸੀ। ਫੂੰ-ਫਾਂ ਤੋਂ ਰਹਿਤ ਉਹ ਵਧੀਆ ਅਫਸਰ ਸੀ। ਉਸਦੀ ਸ਼ਕਲ-ਸੂਰਤ ਪ੍ਰਸਿੱਧ ਫਿਲਮ ਐਕਟਰ ਸੁਨੀਲ ਦੱਤ ਨਾਲ਼ ਮਿਲਦੀ ਸੀ। ਕਲਾਸ ਦੇ ਪਹਿਲੇ ਦਿਨ ਉਸਨੇ ਹਰ ਟਰੇਨੀ ਦਾ ਨਾਂ ਤੇ ਉਸਦੇ ਸ਼ੌਕ ਬਾਰੇ ਪੁੱਛਿਆ। ਮੈਂ ਪੰਜਾਬੀ ਨਾਵਲ ਪੜ੍ਹਨ ਦਾ ਸ਼ੌਕ ਦੱਸਿਆ। ਨਾਵਲਕਾਰਾਂ ਦੇ ਨਾਂ ਪੁੱਛਣ ’ਤੇ ਮੈਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਨਾਂ ਦੱਸੇ।
“ਨਾਨਕ ਸਿੰਘ ਦੇ ਕਿਹੜੇ ਨਾਵਲ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ?”
“ਕਿਸੇ ਨੂੰ ਵੀ ਨਹੀਂ।” ਮੈਂ ਜਵਾਬ ਦਿੱਤਾ।
“ਇਕ ਮਿਆਨ ਦੋ ਤਲਵਾਰਾਂ ਨੂੰ। ਪਰਸੋਂ ਦੀ ਖਬਰ ਹੈ ਇਹ।” ਛਾਬੜਾ ਸਾਹਿਬ ਦੇ ਇਹ ਸ਼ਬਦ ਸੁਣ ਕੇ ਮੈਨੂੰ ਦੋਹਰੀ ਖੁਸ਼ੀ ਹੋਈ। ਪਹਿਲੀ ਖੁਸ਼ੀ ਇਹ ਕਿ ਪੁਰਸਕਾਰ ਯੋਗ ਕਿਤਾਬ ਨੂੰ ਦਿੱਤਾ ਗਿਆ ਸੀ। ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਹਕੀਕਤ ਅਤੇ ਕਲਪਨਾ ਦੇ ਸੁਮੇਲ ਵਾਲ਼ਾ ਇਹ ਪੁਖਤਾ ਨਾਵਲ ਮੈਂ ਪੜ੍ਹਿਆ ਹੋਇਆ ਸੀ। ਦੂਜੀ ਇਹ ਕਿ ਟਰੇਨਿੰਗ ਸੈਂਟਰ ਦੇ ਜਕੜਬੰਧ ਮਾਹੌਲ ਵਿਚ ਇਕ ਸਾਹਿਤਕ ਰੁਚੀਆਂ ਵਾਲ਼ਾ ਇਨਸਾਨ ਮਿਲ਼ ਪਿਆ ਸੀ।
ਪੀਰੀਅਡ ਤੋਂ ਬਾਅਦ ਉਸ ਨਾਲ਼ ਗੱਲਾਂ ਕਰਨ ’ਤੇ ਪਤਾ ਲੱਗਾ ਕਿ ਉਸਨੇ ਨਾਨਕ ਸਿੰਘ ਦੇ ਕਈ ਨਾਵਲ ਪੜ੍ਹੇ ਹੋਏ ਸਨ। ਉਹ ਦਿੱਲੀ ਦਾ ਜੰਮਪਲ ਸੀ। ਉਸਦੀ ਪੰਜਾਬ ਦੇ ਪੇਂਡੂ ਜੀਵਨ ਬਾਰੇ ਜਾਣਨ ਦੀ ਇੱਛਾ ਭਾਂਪ ਕੇ ਮੈਂ ਉਸਨੂੰ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਦਿੱਤਾ। ਉਸਨੂੰ ਪਸੰਦ ਆਇਆ। ਡਿੰਜਨ ’ਚ ਜਮ੍ਹਾਂ ਕੀਤੇ ਨਾਵਲਾਂ ਦੇ ਸਟਾਕ ਵਿੱਚੋਂ ਬਹੁਤੇ ਮੈਂ ਉੱਥੋਂ ਦੇ ਕੁਝ ਸਾਹਿਤ ਪ੍ਰੇਮੀਆਂ ਨੂੰ ਦੇ ਆਇਆ ਸਾਂ। ਮੇਰੇ ਕੋਲ਼ ਕੰਵਲ ਦੇ ‘ਰਾਤ ਬਾਕੀ ਹੈ’ ‘ਪਾਲੀ’ ਤੇ ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਸਨ। ਛਾਬੜਾ ਨੇ ਸਾਰੇ ਪੜ੍ਹੇ। ‘ਰਾਤ ਬਾਕੀ ਹੈ’ ਤੇ ‘ਮੜ੍ਹੀ ਦਾ ਦੀਵਾ’ ਉਸਨੂੰ ਵਧੇਰੇ ਪਸੰਦ ਆਏ।
ਪਰੇਡ ਦਾ ਦਿਨ ਸੋਮਵਾਰ ਸੀ। ਪੀ.ਟੀ ਸ਼ਾਮ ਨੂੰ ਹਰ ਰੋਜ਼। ਪਰੇਡ ’ਚੋਂ ਗੈਰਹਾਜ਼ਰ ਹੋਣਾ ਮੁਸ਼ਕਲ ਸੀ। ਪੀ.ਟੀ ’ਚੋਂ ਟੁੱਭੀ ਮਾਰ ਜਾਂਦਾ ਸਾਂ। ਵੀਰਭਾਨ ਸਾਂਭ ਲੈਂਦਾ ਸੀ। ਕਿਟ ਲੇ-ਆਊਟ ਪਹਿਲੀ ਟਰੇਨਿੰਗ ਵਾਂਗ ਹੀ ਕਰਨੀ ਪੈਂਦੀ ਸੀ।
ਕਨਵਰਸ਼ਨ ਕੋਰਸ ਵਾਲ਼ੇ ਟਰੇਨੀ, ਟਰੇਨਿੰਗ ਸੈਂਟਰ ਤੋਂ ਬਾਹਰ ਸਿਵਲ ਕੱਪੜਿਆਂ ’ਚ ਜਾ ਸਕਦੇ ਸਨ। ਮੇਰੇ ਲਈ ਇਹ ਵੱਡੀ ਰਾਹਤ ਸੀ। ਵਰਦੀ ਦੀ ਅਹਿਮੀਅਤ ਮੈਂ ਸਮਝਦਾ ਸਾਂ। ਇਹਦੇ ਨਾਲ਼ ਮੇਰੀ ਰੋਟੀ-ਰੋਜ਼ੀ ਜੁੜੀ ਹੋਈ ਸੀ। ਇਹ ਮੇਰੀ ਨੌਕਰੀ ਦੀ ਪਛਾਣ ਵੀ ਸੀ। ਪਰ ਨੌਕਰੀ ਦੇ ਘੰਟਿਆਂ ਉਪ੍ਰੰਤ, ਸ਼ਹਿਰ ਵਿਚ ਘੁੰਮਦਿਆਂ-ਫਿਰਦਿਆਂ, ਤਨ ਉਤਲੀ ਵਰਦੀ ਮੇਰੇ ਮਨ ਵਿਚ ਬੇਗਾਨਗੀ ਦਾ ਅਹਿਸਾਸ ਪੈਦਾ ਕਰਦੀ ਸੀ। ਲੋਕਾਂ ਵਿਚ ਮੈਂ ਉਨ੍ਹਾਂ ਵਰਗਾ ਜੀਵ ਬਣ ਕੇ ਨਹੀਂ ਸੀ ਵਿਚਰ ਸਕਦਾ।
ਟਰੇਨਿੰਗ ਸੈਂਟਰ ਤੋਂ ਬਾਹਰ ਮੇਰਾ ਪਹਿਲਾ ਗੇੜਾ ਮਰੀਨਾ ਬੀਚ ’ਤੇ ਸੀ। ਮੈਨੂੰ ਇੰਜ ਲੱਗਾ ਜਿਵੇਂ ਸਮੁੰਦਰ ਮੈਨੂੰ ਉਡੀਕ ਰਿਹਾ ਹੋਵੇ। ਬੂਟ ਖੋਹਲ ਕੇ ਮੈਂ ਦੋ ਕਦਮ ਪਾਣੀ ਵਿਚ ਚਲਾ ਗਿਆ। ਹੱਥਾਂ ’ਤੇ ਪਾਣੀ ਲੈ ਕੇ ਮੂੰਹ ਧੋਤਾ। ਉੱਭਰ ਕੇ ਆਈ ਛੱਲ ਨੇ ਮੈਨੂੰ ਗੋਡਿਆਂ ਤੱਕ ਭਿਉਂ ਦਿੱਤਾ… ਜਿਵੇਂ ਸਮੁੰਦਰ ਨੇ ਮੈਨੂੰ ‘ਜੀ ਆਇਆਂ’ ਆਖਿਆ ਹੋਵੇ। ਸਮੁੰਦਰ ਮੇਰੇ ਲਈ ਜੀਵਨ ਦੀ ਗਤੀਸ਼ੀਲਤਾ ਦਾ ਪ੍ਰਤੀਕ ਸੀ। ਉਤਸ਼ਾਹ ਦਾ ਸੋਮਾ ਸੀ।
ਪਹਿਲੀ ਟਰੇਨਿੰਗ ਦੌਰਾਨ ਅਸੀਂ ‘ਅਡਿਆਰ ਬੀਚ’ ’ਤੇ ਨਹੀਂ ਸੀ ਜਾ ਸਕੇ। ਉਸ ਇਲਾਕੇ ਵਿਚ ਜ਼ਿਆਦਾ ਐਂਗਲੋ-ਇੰਡੀਅਨ ਵਸਦੇ ਸਨ। ਅੰਗ੍ਰੇਜ਼ਾਂ ਦੇ ਰਾਜ ਦੌਰਾਨ ਜਿਨ੍ਹਾਂ ਗੋਰੇ-ਗੋਰੀਆਂ ਨੇ ਤਾਮਿਲ ਔਰਤਾਂ-ਮਰਦਾਂ ਨਾਲ਼ ਵਿਆਹ ਕੀਤੇ ਸਨ, ਉਨ੍ਹਾਂ ਦੀ ਔਲਾਦ ਸਨ ਉਹ ਲੋਕ। ਤਾਮਿਲਾਂ ਦੇ ਮੁਕਾਬਲੇ ਉਨ੍ਹਾਂ ਦਾ ਰੰਗ ਗੋਰਾ ਸੀ। ਉਨ੍ਹਾਂ ਦੀ ਜੀਵਨ-ਸ਼ੈਲੀ ਵੀ ਮੁੱਖ ਤੌਰ ’ਤੇ ਗੋਰਿਆਂ ਵਾਲ਼ੀ ਸੀ। ਔਰਤਾਂ ਤੇ ਉਨ੍ਹਾਂ ਦੇ ਮਰਦ ਸਾਥੀ ਐਤਵਾਰਾਂ ਨੂੰ ‘ਅਡਿਆਰ ਬੀਚ’ ’ਤੇ ਤੈਰਨ ਆਇਆ ਕਰਦੇ ਸਨ। ਇਕ ਐਤਵਾਰ ਮੇਰਾ, ਮਨਜੀਤ, ਹਰਚਰਨ, ਬੰਤ ਅਤੇ ਨਰਿੰਦਰ ਦਾ ਪ੍ਰੋਗਰਾਮ ਬਣ ਗਿਆ। ਇਲੈਕਟ੍ਰਿਕ ਟਰੇਨ ਫੜ ਕੇ ਅਸੀਂ ਮਾਂਬਲਮ ਸਟੇਸ਼ਨ ’ਤੇ ਉੱਤਰ ਗਏ। ਓਥੋਂ ਥੋੜ੍ਹੀ ਕੁ ਵਾਟ ਪੈਦਲ ਚੱਲ ਕੇ ਬੀਚ ’ਤੇ ਜਾ ਪਹੁੰਚੇ। ਸਵਿਮ-ਸੂਟਾਂ ਤੇ ਬਿਕਨੀਆਂ ’ਚ ਤੈਰ ਰਹੀਆਂ ਅਤੇ ਰੇਤਾ ’ਚ ਲੇਟ ਕੇ ਧੁੱਪ-ਇਸ਼ਨਾਨ ਕਰ ਰਹੀਆਂ ਅੱਧਨੰਗੀਆਂ ਔਰਤਾਂ ਦਾ ਉਤੇਜਿਕ ਨਜ਼ਾਰਾ ਅਸੀਂ ਜ਼ਿੰਦਗੀ ’ਚ ਪਹਿਲੀ ਵਾਰ ਦੇਖ ਰਹੇ ਸਾਂ। ਔਰਤ ਦੇ ਅੰਗਾਂ ਵੱਲ ਝਾਕਣ ਦੀ ਫਿਤਰਤ ਮਰਦ ਜਾਤੀ ਅੰਦਰ ਮੁੱਢ ਕਦੀਮ ਤੋਂ ਚਲੀ ਆ ਰਹੀ ਹੈ। ਮੇਰੀ ਜਾਚੇ ਖੂਬਸੂਰਤੀ ਨੂੰ ਸਲੀਕੇ ਨਾਲ਼ ਵੇਖ ਲੈਣਾ ਮਾੜੀ ਗੱਲ ਨਹੀਂ। ਸੋ ਅਸੀਂ ਸਲੀਕੇ ਨਾਲ਼ ਬੀਚ ’ਤੇ ਗੇੜਾ ਕੱਢਿਆ ਤੇ ਵਾਪਸ ਟੁਰ ਪਏ। ਪਰ ਦੋਸਤਾਂ ਵਿਚ ਬੀਚ ਦੇ ਲੁਭਾਵਣੇ ਦ੍ਰਿਸ਼ ਨੂੰ ਮੁੜ ਵੇਖਣ ਦੀ ਲਾਲਸਾ ਪੈਦਾ ਹੋ ਗਈ। ਅਗਲੇ ਐਤਵਾਰ ਉਨ੍ਹਾਂ ਨੇ ਬੀਚ ’ਤੇ ਤੈਰਨ ਦਾ ਪ੍ਰੋਗਰਾਮ ਬਣਾ ਲਿਆ। ਨਰਿੰਦਰ ਤੈਰਨਾ ਜਾਣਦਾ ਸੀ। ਜ਼ਿਆਦਾ ਉਤਾਵਲਾ ਵੀ ਉਹੀ ਸੀ। ਮੈਂ ਤੇ ਮਨਜੀਤ ਨੇ ਨਾਂਹ ਕਰ ਦਿੱਤੀ। ਆਸਾਮ ਦੀ ਨਦੀ ਵਿਚ ਮੌਤ ਦੇ ਮੂੰਹ ’ਚੋਂ ਮੁੜਨ ਵਾਲ਼ੀ ਘਟਨਾ ਸਾਨੂੰ ਭੁੱਲੀ ਨਹੀਂ ਸੀ।
ਨਰਿੰਦਰ ਕਹਿਣ ਲੱਗਾ, “ਤੁਸੀਂ ਬਾਹਰ ਬੈਠੇ ਰਿਹੋ। ਬੰਤ ਤੇ ਹਰਚਰਨ ਦਾ ਮੂਡ ਹੈਗੈ ਪਰ ਇਹ ਡੂੰਘੇ ਪਾਣੀ ’ਚ ਨਹੀਂ ਜਾਣਗੇ। ਮੁੜ ਕੇ ਆਉਂਦਿਆਂ ਆਪਾਂ ਪੰਜਾਬੀ ਰੈਸਟੋਰੈਂਟ ’ਚ ਖਾਣਾ ਖਾਵਾਂਗੇ।” ਰੈਸਟੋਰੈਂਟ ਦਾ ਪ੍ਰੋਗਰਾਮ ਸੁਣ ਕੇ ਮੇਰਾ ਤੇ ਮਨਜੀਤ ਦਾ ਮੂਡ ਵੀ ਬਣ ਗਿਆ। ਅਸੀਂ ਮੈੱਸ ਦੇ ਖਾਣਿਆਂ ਤੋਂ ਅੱਕ ਕੇ ਕਦੀ-ਕਦੀ ਉਸ ਰੈਸਟੋਰੈਂਟ ’ਚ ਚਲੇ ਜਾਂਦੇ ਸਾਂ।
ਬੀਚ ’ਤੇ ਪਹੁੰਚ ਮੈਂ ਤੇ ਮਨਜੀਤ ਇਕ ਪਾਸੇ ਹੋ ਕੇ ਬੈਠ ਗਏ। ਉਹ ਤਿੰਨੇ ਤੌਲੀਏ-ਕਛਹਿਰੇ ਲੈ ਕੇ ਗਏ ਸਨ। ਕੱਪੜੇ ਉਤਾਰ ਕੇ ਉਹ ਸਮੁੰਦਰ ’ਚ ਜਾ ਵੜੇ। ਬੰਤ ਤੇ ਹਰਚਰਨ ਥੋੜ੍ਹੇ-ਥੋੜ੍ਹੇ ਪਾਣੀ ’ਚ ਲੱਤਾ-ਬਾਹਾਂ ਮਾਰਦੇ ਰਹੇ। ਉਹ ਤਰੀਕੇ ਨਾਲ਼ ਔਰਤਾਂ ਦੇ ਜਿਸਮਾਂ ਕੰਨੀ ਝਾਕ ਲੈਂਦੇ। ਨਿਗ੍ਹਾਂ ਸਾਡੀ ਵੀ ਕਦੀ-ਕਦੀ ਜਿਸਮਾਂ ਵੱਲ ਚਲੀ ਜਾਂਦੀ। ਨਰਿੰਦਰ ਡੂੰਘੇ ਪਾਣੀ ’ਚ ਸੀ। ਝਾਕਣ ਦੇ ਮਾਮਲੇ ਵਿਚ ਉਹ ਜ਼ਿਆਦਾ ਲਾਲਚੀ ਸੀ। ਤਾਰੀਆਂ ਲਾਉਂਦਾ ਉਹ ਔਰਤਾਂ-ਮਰਦਾਂ ਦੇ ਨੇੜੇ ਚਲਾ ਜਾਂਦਾ।
ਮੁੜ-ਮੁੜ ਝਾਕਣਾ ਚੰਗਾ ਨਹੀਂ ਸੀ ਲੱਗ ਰਿਹਾ। ਮੈਂ ਮਨਜੀਤ ਨੂੰ ਕਿਹਾ ਕਿ ਆਪਾਂ ਲੋਕਾਂ ਤੋਂ ਦੂਜੇ ਪਾਸੇ ਤੁਰ-ਫਿਰ ਲੈਨੇ ਹਾਂ। ਅਸੀਂ ਉੱਠੇ ਹੀ ਸਾਂ ਕਿ ਨਰਿੰਦਰ ਨੇ ਹੋਰ ਹੀ ਕਾਰਾ ਕਰ ਦਿੱਤਾ। ਬਿਕਨੀ ਵਾਲ਼ੀ ਇਕ ਸੁਹਣੀ ਔਰਤ ਬੀਚ ਦੀ ਰੇਤ ’ਤੇ ਲੇਟੀ ਧੁੱਪ-ਇਸ਼ਨਾਨ ਕਰ ਰਹੀ ਸੀ। ਨਰਿੰਦਰ ਪਾਣੀ ’ਚੋਂ ਨਿੱਕਲ਼ ਉਸਦੇ ਬਰਾਬਰ ਜਾ ਲੇਟਿਆ। “ਬੀਹੇਵ ਯੁਅਰਸੈਲਫ” ਆਖ ਨਜ਼ਰਾਂ ਨਾਲ਼ ਝਾੜ ਜਿਹੀ ਪਾਉਂਦਿਆਂ ਉਹ ਉੱਠ ਕੇ ਪਾਣੀ ’ਚ ਜਾ ਵੜੀ। ਅਸੀਂ ਹੈਰਾਨ-ਪ੍ਰੇਸ਼ਾਨ। ਉਸਦਾ ਪਤੀ ਨਾਲ਼ ਨਹੀਂ ਸੀ। ਵਰਨਾ ਗੱਲ ਵਧ ਜਾਣੀ ਸੀ। ਨਿੰਮੋਝੂਣਾ ਹੋਇਆ ਨਰਿੰਦਰ ਸਾਡੇ ਕੋਲ਼ ਆ ਗਿਆ। ਬੰਤ ਤੇ ਹਰਚਰਨ ਵੀ ਫਟਾਫਟ ਆ ਗਏ। “ਕੱਪੜੇ ਪਾਓ, ਆਪਾਂ ਕੂਚ ਕਰੀਏ।” ਮੈਂ ਆਖਿਆ। ਕਪੜੇ ਪਹਿਨ ਕੇ ਉਨ੍ਹਾਂ ਬੈਗ ਉਠਾਏ ਤੇ ਅਸੀਂ ਚੱਲ ਪਏ।
“ਨਰਿੰਦਰ ਤੂੰ ਬਹੁਤ ਵੱਡੀ ਗਲਤੀ ਕੀਤੀ ਐ।” ਮਨਜੀਤ ਨੇ ਉਸ ਨੂੰ ਕੋਸਿਆ।
“ਸ਼ੂਕਰ ਐ ਕਿਤੇ ਹੱਥ ਨ੍ਹੀਂ ਫੇਰਨ ਲੱਗ ਪਿਆ।” ਹਰਚਰਨ ਨੇ ਚੋਭ ਲਾਈ।
“ਓਏ ਮੈਂ ਏਨਾ ਸ਼ੁਦਾਈ ਆਂ।” ਨਰਿੰਦਰ ਨੇ ਸਫਾਈ ਦਿੱਤੀ।
“ਏਨਾ ਨਹੀਂ ਥੋੜ੍ਹਾ ਤਾਂ ਹੈਗਾ ਈ ਐਂ।” ਬੰਤ ਦੇ ਵਿਅੰਗ ਨੇ ਸਾਨੂੰ ਹਸਾ ਦਿੱਤਾ।
“ਸ਼ੁਦਾਈ ਅਸੀਂ ਸਾਰੇ ਈ ਆਂ। ਦੇਖੋ ! ਇਹ ਬੀਚ ਤੈਰਨ ਵਾਸਤੇ ਐ। ਐਂਗਲੋ ਤੈਰਨ ਆਉਂਦੇ ਆ। ਉਨ੍ਹਾਂ ਦੀ ਕਲਚਰ ਆ ਇਹ। ਤੈਰਨ ਵਾਸਤੇ ਸਾਨੂੰ ਵੀ ਮਨਾਹੀ ਨਹੀਂ ਪਰ ਅਸੀਂ ਤੈਰਨ ਲਈ ਨਹੀਂ ਆਉਂਦੇ। ਜਿਹੜੇ ਕੰਮ ਲਈ ਆਉਨੇ ਆਂ, ਇਹ ਆਪਾਂ ਨੂੰ ਸੋਭਾ ਨਹੀਂ ਦਿੰਦਾ। ਸਾਡੇ ਸਿਰਾਂ ’ਤੇ ਪੱਗਾਂ ਆਂ। ਸਾਨੂੰ ਇਨ੍ਹਾਂ ਦਾ ਖਿਆਲ ਰੱਖਣਾ ਚਾਹੀਦੈ।”
“ਓਏ ਜਰਨੈਲ ! ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਿਐਂ।” ਬੰਤ ਬੋਲਿਆ।
“ਆਸਾਮ ’ਚ ਇਹ ਗੱਡਾ ਨਾਵਲਾਂ ਦਾ ਪੜ੍ਹ ਕੇ ਆਇਐ।” ਮਨਜੀਤ ਨੇ ਦੱਸਿਆ।
“ਅੱਖਾਂ ਤਾਂ ਤੂੰ ਵੀ ਤੱਤੀਆ ਕਰਦਾ ਰਿਹਾਂ, ਵੱਡਿਆ ਅਕਲਮੰਦਾ।” ਨਰਿੰਦਰ ਦੀ ਮੈਨੂੰ ਆਖੀ ਗੱਲ ਠੀਕ ਹੀ ਤਾਂ ਸੀ। ਸਾਰੀ ਗਲਤੀ ਉਸਦੀ ’ਕੱਲੇ ਦੀ ਨਹੀਂ, ਥੋੜ੍ਹੀ-ਥੋੜ੍ਹੀ ਸਾਡੀ ਵੀ ਸੀ।
ਮੈਨੂੰ ਬਾਪੂ ਜੀ ਦੀ ਗੱਲ ਯਾਦ ਆ ਗਈ। ਮੈਂ ਉਹ ਦੱਸਣ ਲੱਗ ਪਿਆ, “ਗਲਤੀਆਂ ਦੇ ਮਾਮਲੇ ’ਚ ਮੇਰੇ ਬਾਪੂ ਜੀ ਨੇ ਦੱਸਿਆ ਸੀ ਪਈ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ।”
“ਕਿਹੜੇ-ਕਿਹੜੇ।” ਹਰਚਰਨ ਨੇ ਹੁੰਗਾਰਾ ਭਰਿਆ।
“ਇਕ ਉਹ, ਜਿਹੜੇ ਦੂਜਿਆਂ ਦੀਆਂ ਗਲਤੀਆਂ ਦੇਖ ਕੇ ਹੀ ਸਾਵਧਾਨ ਹੋ ਜਾਂਦੇ ਆ। ਦੂਜੇ ਉਹ, ਜਿਹੜੇ ਆਪਣੀ ਗਲਤੀ ਤੋਂ, ਅਗਾਂਹ ਵਾਸਤੇ ਸਬਕ ਸਿੱਖ ਲੈਂਦੇ ਆ। ਤੀਜੇ ਉਹ ਜਿਹੜੇ ਮੁੜ-ਮੁੜ ਗਲਤੀਆਂ ਕਰੀ ਜਾਂਦੇ ਆ, ਸੁਧਰਨ ਦੀ ਕੋਸ਼ਿਸ਼ ਹੀ ਨ੍ਹੀਂ ਕਰਦੇ। ਆਪਾਂ ਕਿਹੜੇ ਬਣਨੈ, ਸੋਚ ਲਓ ਸੱਜਣੋ।”
ਮਾਂਬਲਮ ਰੇਲਵੇ ਸਟੇਸ਼ਨ ਤੋਂ ਰੇਲ ’ਚ ਬੈਠਦਿਆਂ ਹਰਚਰਨ ਨੇ ਮੱਠੀ ਪੈ ਚੁੱਕੀ ਗੱਲ ’ਤੇ ਫਿਰ ਚੰਗਿਆੜੀ ਸੁੱਟ ਦਿੱਤੀ, “ਨਰਿੰਦਰ ਦੀ ਗੱਲ ਤਾਂ ਬਣ ਜਾਣੀ ਸੀ ਕਮਲ਼ਾ ਕਾਹਲੀ ਕਰ ਗਿਐ।”
“ਗੱਲ ਅੱਖ-ਮਟੱਕੇ ਨਾਲ਼ ਸ਼ੁਰੂ ਹੋਣੀ ਚਾਹੀਦੀ ਸੀ।” ਮੀਸਣੀ ਜਿਹੀ ਮੁਸਕਰਾਹਟ ਵਿੱਚੀਂ ਬੰਤ ਬੋਲਿਆ।”
“ਸਾਡੇ ਭਰਾ ਦੀਆਂ ਅੱਖਾਂ ਮੀਚਵੀਆਂ ਜਿਹੀਆਂ ਆਂ। ਅੱਖ ਮਾਰੀ ਦਾ ਅਗਲੀ ਨੂੰ ਪਤਾ ਨਹੀਂ ਸੀ ਲੱਗਣਾ।” ਮਨਜੀਤ ਨੇ ਅੱਖਾਂ ‘ਚੁੰਨ੍ਹੀਆਂ’ ਕਹਿਣ ਦੀ ਬਜਾਇ ਮੀਚਵੀਆਂ ਕਹਿ ਕੇ ਵਿਅੰਗ ਦੀ ਚੋਭ ਮੱਠੀ ਕਰ ਦਿੱਤੀ ਸੀ। ਅਸੀਂ ਆਪਣਾ ਹਾਸਾ ਵੀ ਮਿਨ੍ਹਾਂ-ਮਿਨ੍ਹਾਂ ਹੀ ਰੱਖਿਆ।
“ਇਹਦਾ ਇਲਾਜ ਤਾਂ ਹੋ ਸਕਦਾ ਸੀ।” ਮੈਂ ਆਖਿਆ।
“ਉਹ ਕਿਵੇਂ?” ਹਰਚਰਨ ਨੇ ਪੁੱਛਿਆ।
“ਅੱਖ ਦੇ ਨਾਲ਼ ਸੀਟੀ ਮਾਰ ਦਿਆ ਕਰਦਾ। ਇਹਦੀ ਸੀਟੀ ਬੜੀ ਖਿੱਚਵੀਂ ਐ।” ਸਾਰੇ ਹੱਸ ਪਏ।
“ਕਿੰਨਾ ਵਧੀਆ ਤਰੀਕਾ ਸੀ। ਕਮਲ਼ੇ ਨੇ ਵਰਤਿਆ ਨਹੀਂ। ਜੇ ਕਿਤੇ ਅੱਖ ਦੇ ਨਾਲ਼ ਖਿੱਚਵੀਂ ਸੀਟੀ ਮਾਰੀਓ ਹੁੰਦੀ ਤਾਂ ਹੁਣ ਤੱਕ ਕਦੋਂ ਦਾ ਪੇਚਾ ਲੜ ਗਿਆ ਹੁੰਦਾ।” ਮਨਜੀਤ ਦੀ ਗੱਲ ’ਤੇ ਫਿਰ ਹਾਸੜ ਮੱਚ ਗਈ। ਨਰਿੰਦਰ ਵੀ ਆਪਣਾ ਹਾਸਾ ਰੋਕ ਨਾ ਸਕਿਆ। ਫਿਰ ਅਪਣਤ ਅਤੇ ਗੁੱਸੇ ਦੇ ਰਲਵੇਂ ਅੰਦਾਜ਼ ’ਚ ਬੋਲਿਆ, “ਹੁਣ ਬੱਸ ਵੀ ਕਰੋ ਪਤੰਦਰੋ।”
ਐਗਮੋਰ ਸਟੇਸ਼ਨ ’ਤੇ ਉੱਤਰ ਕੇ ਅਸੀਂ ਪੰਜਾਬੀ ਰੈਸਟੋਰੈਂਟ ’ਚ ਜਾ ਵੜੇ। ਤਰੀ ਵਾਲ਼ਾ ਚਿਕਨ, ਦਹੀਂ-ਭੱਲੇ ਤੇ ਚਪਾਤੀਆਂ ਦੇ ਜ਼ਾਇਕੇਦਾਰ ਭੋਜਨ ਦਾ ਅਨੰਦ ਮਾਣ ਕੇ ਮੁੜ ਰੇਲ ’ਚ ਬੈਠ ਗਏ।
ਸਮੁੰਦਰ ਨੂੰ ਦੇਖਣ ਲਈ ਮੈਂ ਮਰੀਨਾ ਬੀਚ ’ਤੇ ਵੀ ਜਾਂਦਾ ਰਹਿੰਦਾ ਸਾਂ। ਸਮੁੰਦਰ ਮੇਰੇ ਲਈ ਇਕ ਵੱਖਰੀ ਦੁਨੀਆਂ ਸੀ।
ਆਪਣੇ ਨਾਲ਼ ਦੇ ਤਾਮਿਲ ਸਾਥੀਆਂ ਕੋਲੋਂ ਚੇਨਈ ਦੇ ਸਰਕਾਰੀ ਮਿਊਜ਼ਿਅਮ ਦੀਆਂ ਸਿਫਤਾਂ ਸੁਣ ਕੇ ਅਸੀਂ ਇਕ ਐਤਵਾਰ ਓਥੇ ਚਲੇ ਗਏ। ਭਾਰਤ ਦੇ ਸਭ ਤੋਂ ਪੁਰਾਣੇ ਮਿਊਜ਼ਿਅਮਾਂ ਵਿੱਚੋਂ ਇਹ ਮਿਊਜ਼ਿਅਮ ਦੂਜੇ ਨੰਬਰ ’ਤੇ ਹੈ। 19ਵੀਂ ਸਦੀ ਦੇ ਅੱਧ ਵਿਚ ਬਣੇ ਇਸ ਮਿਊਜ਼ਿਅਮ ਦੀਆਂ 40 ਗੈਲਰੀਆਂ ਹਨ। ਮਾਨਵ ਇਤਿਹਾਸ, ਜੀਵਨ ਵਿਗਿਆਨ, ਨਾਰੀਅਲ ਦੇ ਪੱਤਰਾਂ ’ਤੇ ਲਿਖੇ ਪੁਰਾਣੇ ਖਰੜੇ, ਅਮਰਾਵਤੀ ਸ਼ੈਲੀ ਦੇ ਚਿੱਤਰ ਆਦਿ ਚੀਜ਼ਾਂ ਨਾਲ਼ ਭਰਿਆ ਉਹ ਮਿਊਜ਼ਿਅਮ ਅਸੀਂ ਪੂਰਾ ਦਿਨ ਲਾ ਕੇ ਤਸੱਲੀ ਨਾਲ਼ ਵੇਖਿਆ। ਜਦੋਂ ਅਸੀਂ ਪੁਰਾਤਨ ਕਲਾ ਤੇ ਵਿਗਿਆਨ ਦੀਆਂ ਵਸਤਾਂ ਦੀ ਪ੍ਰਸ਼ੰਸਾ ਕਰ ਰਹੇ ਸਾਂ ਤਾਂ ਬੰਤ ਟਿਵਾਣਾ ਨੇ ਬੜੀ ਸਾਰਥਕ ਗੱਲ ਆਖੀ ਸੀ, “ਨਵੀਆਂ-ਨਵੀਆਂ ਥਾਵਾਂ ਅਤੇ ਇਸ ਤਰ੍ਹਾਂ ਦੀਆਂ ਕਮਾਲ-ਕਮਾਲ ਚੀਜ਼ਾਂ ਏਅਰ ਫੋਰਸ ਦੇ ਸਿਰ ’ਤੇ ਹੀ ਦੇਖ ਰਹੇ ਆਂ। ਪੱਲਿਓਂ ਖਰਚ ਕੇ ਕਿੱਥੇਂ ਦੇਖ ਹੋਣੀਆਂ ਸੀ।”
ਛੋਟੇ ਭਰਾ ਕੁਲਦੀਪ ਦਾ ਵਿਆਹ
ਟਰੇਨਿੰਗ ਅਜੇ ਅੱਧੀ ਕੁ ਹੀ ਮੁੱਕੀ ਸੀ ਕਿ ਘਰਦਿਆਂ ਨੇ ਕੁਲਦੀਪ ਦਾ ਵਿਆਹ ਰੱਖ ਲਿਆ। ਦੋ ਕੁ ਮਹੀਨੇ ਪਹਿਲਾਂ ਜਦੋਂ ਗੱਲ ਚਲੀ ਸੀ ਤਾਂ ਮੈਂ ਚਿੱਠੀ ’ਚ ਤਾਕੀਦ ਕੀਤੀ ਸੀ ਕਿ ਸਾਨੂੰ ਏਨੀ ਕਾਹਲ਼ ਨਹੀਂ ਕਰਨੀ ਚਾਹੀਦੀ।
ਕੁਲਦੀਪ ਦੀ ਕਿਹੜੀ ਉਮਰ ਲੰਘਦੀ ਜਾਂਦੀ ਸੀ। ਤਿੰਨ ਚਾਰ ਸਾਲ ਅਟਕ ਕੇ ਵਿਆਹ ਕੀਤਾ ਜਾ ਸਕਦਾ ਸੀ। ਇਹ ਵੀ ਲਿਖ ਦਿੱਤਾ ਸੀ ਕਿ ਜੇ ਲੜਕੀ ਵਾਲ਼ੇ ਨਹੀਂ ਮੰਨਦੇ ਤਾਂ ਜਵਾਬ ਦੇ ਦਿਓ। ਬਾਪੂ ਜੀ ਨੇ ਜਵਾਬ ’ਚ ਲਿਖਿਆ ਸੀ, “ਜੇ ਵਿਚੋਲਾ ਕੋਈ ਹੋਰ ਹੁੰਦਾ ਤਾਂ ਮੈਂ ਜਵਾਬ ਦੇ ਦੇਂਦਾ। ਪਰ ਕੁੜਮ ਦੀ ਵਿਚੋਲਗੀ ਵਾਲ਼ੇ ਰਿਸ਼ਤੇ ਨੂੰ ਤੋੜਨਾ ਸਿਆਣਪ ਨਹੀਂ।” ਵਿਚੋਲਾ ਸਾਡੀ ਭੈਣ ਗੁਰਦੀਸ਼ ਕੌਰ ਦਾ ਸਹੁਰਾ ਸਾਹਿਬ ਸੀ। ਕੁੜਮਾਈ ਸਮੇਂ ਲੜਕੀ ਦੇ ਬਾਪ ਨੇ ਛੇਤੀ ਵਿਆਹ ਕਰਨ ਬਾਰੇ ਕੋਈ ਗੱਲ ਨਹੀਂ ਸੀ ਕੀਤੀ। ਹੁਣ ਉਹਦੇ ਪੁੱਤਾਂ-ਨੂੰਹਾਂ ਨੇ ਅਲੱਗ ਹੋਣ ਦਾ ਬਖੇੜਾ ਪਾ ਦਿੱਤਾ ਸੀ। ਉਨ੍ਹਾਂ ਨੂੰ ਅਲੱਗ ਕਰਨ ਤੋਂ ਪਹਿਲਾਂ ਉਹ ਆਪਣੀ ਧੀ-ਜੋ ਭਰਾਵਾਂ ਤੋਂ ਛੋਟੀ ਸੀ-ਦੇ ਹੱਥ ਪੀਲ਼ੇ ਕਰਨੇ ਚਾਹੁੰਦਾ ਸੀ।
ਸੋ ਵਿਆਹ ਬੰਨ੍ਹੀ ਹੋਈ ਤਾਰੀਖ ’ਤੇ ਹੋਣਾ ਹੀ ਹੋਣਾ ਸੀ। ਮੈਂ ਦੁਚਿੱਤੀ ’ਚ ਸਾਂ। ਭਰਾ ਦਾ ਵਿਆਹ ਦੇਖਣ ਦੀ ਇਛਾ ਵੀ ਸੀ ਤੇ ਟਰੇਨਿੰਗ ’ਚ ਪਛੜ ਜਾਣ ਦਾ ਡਰ ਵੀ। ਮਨਜੀਤ ਨਾਲ਼ ਸਲਾਹ ਕੀਤੀ। ਉਹ ਕਹਿਣ ਲੱਗਾ, “ਤੂੰ ਬੇਫਿਕਰ ਹੋ ਕੇ ਚਲਾ ਜਾਹ। ਮੈਂ ਹਰੇਕ ਦਿਨ ਦੀ ਪੜ੍ਹਾਈ ਦੇ ਡੀਟੇਲਡ ਨੋਟਸ ਬਣਾਈ ਜਾਊਂਗਾ। ਤੂੰ ਆ ਕੇ ਚਾਰ ਦਿਨ ਗੱਡਵੇਂ ਲਾ ਲਈਂ।” ਮੈਨੂੰ ਸਲਾਹ ਜਚ ਗਈ। ਭਰਾ ਦਾ ਵਿਆਹ ਦੇਖਣ ਲਈ ਛੁੱਟੀ ਨਹੀਂ ਸੀ ਮਿਲਣੀ। ਮੈਂ ਮਾਂ ਦੀ ਗੰਭੀਰ ਬੀਮਾਰੀ ਦੀ ਤਾਰ ਮੰਗਵਾਈ ਤੇ 10 ਦਿਨ ਦੀ ਕੈਯੂਅਲ ਛੁੱਟੀ ਲੈ ਕੇ ਘਰ ਪਹੁੰਚ ਗਿਆ।
ਬਾਹਰਲੇ ਦਰਵਾਜ਼ੇ ’ਤੇ ਸਾਡੇ ਪਿੰਡ ਦੀਆਂ ਸਿਆਣੀ ਉਮਰ ਦੀਆਂ ਦੋ ਮਰਾਸਣਾਂ “ਵੇ ਮੇਰਾ ਬੰਨੜਾ” ਦੀ ਪੰਕਤੀ ਦੁਹਰਾਉਂਦੀਆਂ ਢੋਲਕੀ ਦੀ ਤਾਲ ’ਤੇ ਘੋੜੀਆਂ ਗਾ ਰਹੀਆਂ ਸਨ। ਉਹ ਦੋਵੇਂ ਬੁੜ੍ਹੀਆਂ ਪਿੰਡ ਦੇ ਵਿਆਹ ਵਾਲ਼ੇ ਘਰੀਂ ਇਸੇ ਤਰ੍ਹਾਂ ਹੀ ਘੋੜੀਆਂ-ਸੁਹਾਗ ਗਾਇਆ ਕਰਦੀਆਂ ਸਨ। “ਵੇ ਮਾਂ ਸਦਕੇ ! ਐਹ ਤਾਂ ਤੂੰ ਬਹੁਤ ਚੰਗਾ ਕੀਤਾ, ਜੁ ਹਿੰਮਤ ਕਰ ਕੇ ਆ ਗਿਆ।” ਆਖਦਿਆਂ ਬੀਬੀ ਨੇ ਮੈਨੂੰ ਛਾਤੀ ਨਾਲ਼ ਲਾ ਲਿਆ। ਬਾਪੂ ਜੀ ਤੇ ਭਰਾਵਾਂ ਦੇ ਚਿਹਰੇ ਵੀ ਖਿੜ ਗਏ। ਵਿਹੜੇ ਦੇ ਇਕ ਪਾਸੇ ਭੱਠੀ ਪੁੱਟੀ ਹੋਈ ਸੀ। ਲੱਕੜਾਂ ਦੀ ਅੱਗ ਉੱਤੇ ਵੱਡੀ ਸਾਰੀ ਕੜਾਹੀ ਵਿਚ, ਸਾਡੇ ਪਿੰਡ ਦਾ ਹਲਵਾਈ ਬਾਬੂ ਰਾਮ ਬਾਹਮਣ ਮੱਠੀਆਂ ਤਲ਼ ਰਿਹਾ ਸੀ। ਸਾਡੇ ਪਿੰਡਾਂ ਵਿਚ ਉਹਦੇ ਮੁਕਾਬਲੇ ਦਾ ਹੋਰ ਕੋਈ ਹਲਵਾਈ ਹੈ ਨ੍ਹੀਂ ਸੀ। ਦਲਾਨ ਵਿਚ ਲੱਡੂਆਂ, ਗੋਗਲਿਆਂ, ਪਕੌੜਿਆਂ ਤੇ ਮਿੱਠੀ ਸੀਰਨੀ ਦੀਆਂ ਪਰਾਤਾਂ ਭਰੀਆਂ ਪਈਆਂ ਸਨ।
ਸ਼ਾਮ ਨੂੰ ਮਾਈਂਏਂ ਦੀ ਰਸਮ ਸੀ। ਸਾਡੀਆਂ ਭੈਣਾਂ, ਭਰਜਾਈ ਤੇ ਸ਼ਰੀਕੇ ਦੀਆਂ ਔਰਤਾਂ ਨੇ ਗੀਤ ਗਾਉਣ ਦੇ ਨਾਲ਼-ਨਾਲ਼ ਭਰਾ ਦੇ ਬਟਣਾ ਲਾਉਣਾ ਸ਼ੁਰੂ ਕਰ ਦਿੱਤਾ। ਸਾਡੀ ਭਰਜਾਈ ਤਾਂ ਸਾਊ ਸੀ ਪਰ ਗਲ਼ੀ ’ਚੋਂ ਲਗਦੀਆਂ ਭਰਜਾਈਆਂ ਨੇ ਹਾਸਾ-ਠੱਠਾ ਕਰਦਿਆਂ ਪਹਿਲਾਂ ਕੁਲਦੀਪ ਦੇ ਮੁੰਹ ਉੱਤੇ ਅਤੇ ਬਾਅਦ ਵਿਚ ਗੁੱਝੇ ਵਾਰ ਕਰਦਿਆਂ ਇਕ-ਦੂਜੀ ਦੇ ਮੂੰਹਾਂ ਉੱਤੇ ਬਟਣਾ ਥੋਪਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਅਜ਼ੀਬੋ-ਗਰੀਬ ਚਿਹਰਿਆਂ ਨੂੰ ਵੇਖ ਕੇ ਖੂਬ ਹਾਸਾ ਪਿਆ।
ਅਗਲੇ ਦਿਨ ਗੁਰੂ ਗ੍ਰੰਥ ਸਾਹਿਬ ਦੇ ਸਾਧਾਰਨ-ਪਾਠ ਦਾ ਭੋਗ ਸੀ। ਬਾਅਦ ’ਚ ਪਿੰਡ ਵਾਲਿਆਂ ਨੂੰ ਰੋਟੀ ਸੀ। ਉਦੋਂ ਕਾਰਡ ਛਪਵਾਉਣ-ਵੰਡਣ ਦਾ ਰਿਵਾਜ਼ ਨਹੀਂ ਸੀ। ਲਾਗੀ ਰਾਹੀਂ ਸੱਦਾ ਦਿੱਤਾ ਜਾਂਦਾ ਸੀ। ਭੋਗ ਦੇ ਸੱਦੇ ਦੇ ਨਾਲ਼ ਹੀ ਰੋਟੀ ਦਾ ਸੱਦਾ ਵੀ ਦਿੱਤਾ ਜਾਣਾ ਸੀ। ਬੀਬੀ ਤੇ ਬਾਪੂ ਜੀ ਨੇ ਰਹਿਮੇ ਮਰਾਸੀ ਨੂੰ ਸਮਝਾ ਦਿੱਤਾ ਕਿ ਇਕ-ਇਕ ਨਿਉਂਦਾ ਕਿਹੜੇ ਘਰੀਂ ਤੇ ‘ਚੁੱਲ੍ਹੇ ਨਿਉਂਦਾ’ ਕਿਹੜੇ ਘਰੀਂ ਦੇਣਾ ਹੈ। ‘ਚੁੱਲ੍ਹੇ ਨਿਉਂਦਾ’ ਦਾ ਮਤਲਬ ਸਾਰੇ ਟੱਬਰ ਨੂੰ ਨਿਉਂਦਾ ਹੁੰਦਾ ਸੀ। ਇਸ ਨਿਉਂਦੇ ਤਹਿਤ ਸ਼ਰੀਕੇ ਦੇ ਨੇੜਲੇ ਪਰਿਵਾਰਾਂ ਦਾ ਦੋ-ਤਿੰਨ ਦਿਨ ਦਾ ਸਮੁੱਚਾ ਖਾਣ-ਪੀਣ ਵਿਆਹ ਵਾਲ਼ੇ ਘਰ ਹੁੰਦਾ ਸੀ। ਦਾਲਾਂ, ਸਬਜ਼ੀਆਂ ਤੇ ਹੋਰ ਚੀਜ਼ਾਂ ਬਣਾਉਣ ’ਚ ਰੁੱਝੇ ਹੋਏ ਬਾਬੂ ਰਾਮ ਹਲਵਾਈ ਨਾਲ਼ ਸਾਡੀ ਬੀਹੀ ਦੇ ਪੰਜ-ਛੇ ਗੱਭਰੂ ਮੱਦਦ ਕਰਵਾ ਰਹੇ ਸਨ। ਉਹ ਐਵੇਂ ਹਾਜ਼ਰੀ ਲਵਾਉਣ ਨਹੀਂ ਸਨ ਆਏ, ਆਪਣੇ ਘਰ ਦਾ ਕੰਮ ਸਮਝ ਕੇ ਜੁਟੇ ਹੋਏ ਸਨ।
ਵਿਹੜੇ ਵਿਚ ਇਕ ਹੀ ਚਾਨਣੀ ਸੀ। ਅੱਜ ਵਾਂਗ ਚੋਖੀਆਂ ਕਨਾਤਾਂ ਤੇ ਪਰਦੇ ਲਾ ਕੇ ਪੰਡਾਲ ਨਹੀਂ ਸੀ ਬਣਾਇਆ ਹੋਇਆ। ਦਿਨ ਗਰਮੀਆਂ ਦੇ ਸਨ। ਸਾਡੇ ਘਰ ਬਿਜਲੀ ਤਾਂ ਸੀ ਪਰ ਅੱਜ ਵਾਂਗ ਸਟੈਂਡ ਵਾਲ਼ੇ ਬਿਜਲੀ ਦੇ ਵੱਡੇ ਪੱਖੇ ਪ੍ਰਚਲਿਤ ਨਹੀਂ ਸਨ ਹੋਏ। ਭੋਗ ਸਮੇਂ ਦੋ ਨੌਜਵਾਨਾਂ ਨੇ ਪੱਖੇ ਝੱਲਣੇ ਸ਼ੁਰੂ ਕਰ ਦਿੱਤੇ। ਪੱਖੀ ਦੀ ਸ਼ਕਲ ਦੇ ਉਹ ਵੱਡੇ ਪੱਖੇ ਖੜ੍ਹ ਕੇ ਝੱਲੇ ਜਾਂਦੇ ਸਨ। ਗੁਰਦਵਾਰੇ ਜਾਂ ਖੁਸ਼ੀ-ਗਮੀ ਦੇ ਮੌਕੇ ਘਰਾਂ ’ਚ ਇਕੱਠੇ ਹੋਏ ਲੋਕਾਂ ਵਾਸਤੇ ਪੱਖਾ ਝੱਲਣ ਦੇ ਕੰਮ ਲਈ ਕਿਸੇ ਦੀ ਡਿਊਟੀ ਲਾਉਣ ਦੀ ਲੋੜ ਨਹੀਂ ਹੁੰਦੀ ਸੀ। ਕੋਈ ਜਣਾ ਆਪਣੇ ਆਪ ਹੀ ਇਹ ਉੱਦਮ ਸ਼ੁਰੂ ਕਰ ਲੈਂਦਾ। ਉਸਦਾ ਹੱਥ ਵਟਾਉਣ ਲਈ ਕੋਈ ਹੋਰ ਜਣਾ ਉੱਠ ਪੈਂਦਾ। ਪੱਖਾ ਝਲਣਾ ਸੇਵਾ ਸਮਝੀ ਜਾਂਦੀ ਸੀ।
ਭੋਗ ਤੋਂ ਬਾਅਦ ਚਾਨਣੀ ਥੱਲੇ ਚਿੱਟੇ ਖੱਦਰ ਦੇ ‘ਕੋਰੇ’ ਵਿਛਾ ਦਿੱਤੇ ਗਏ। ਪੰਗਤਾਂ ’ਚ ਬੈਠ ਲੋਕੀਂ ਲੰਗਰ ਛਕਣ ਲੱਗ ਪਏ। ਸਾਡੇ ਆਪਣੇ ਹੀ ਘਰਾਂ ਦੇ ਨੌਜਵਾਨ ਲੰਗਰ ਵਰਤਾ ਰਹੇ ਸਨ। ਝਿਉਰ, ਜੂਠੇ ਥਾਲੀਆਂ-ਗਲਾਸ ਨਾਲ਼ ਦੀ ਨਾਲ਼ ਸਾਫ ਕਰੀ ਜਾ ਰਹੇ ਸਨ।
ਲੌਢੇ ਵੇਲੇ ਨਾਨਕਾ-ਮੇਲ਼ ਆ ਧਮਕਿਆ। ਨਿਆਣੇ ਤੇ ਬਜ਼ੁਰਗ ਮਾਮੇ ਦੇ ਗੱਡੇ ’ਤੇ ਬਾਕੀ ਤੁਰ ਕੇ ਆ ਗਏ। ਕਿਹੜਾ ਦੂਰ ਸੀ। ਸਿੱਧੇ ਰਾਹੀਂ ਛੇ ਕਿੱਲੋਮੀਟਰ ਦੀ ਤਾਂ ਵਾਟ ਸੀ। ਸਾਡਾ ਘਰ ਪਿੰਡ ਦੇ ਬਾਹਰਵਾਰ ਸੀ। ਘਰ ਨੂੰ ਆ ਰਹੀਆਂ ਮੇਲਣਾਂ ਨੇ ਲਾਗਲੀਆਂ ਹਵੇਲੀਆਂ ’ਤੇ ਧਾਵਾ ਬੋਲ ਦਿੱਤਾ। ਡੰਗਰਾਂ ਦੇ ਰੱਸੇ ਖੋਲ੍ਹ ਕੇ ਲੱਕੜ ਦੀਆਂ ਖੁਰਲੀਆਂ ਮੂਧੀਆਂ ਮਾਰ ਦਿੱਤੀਆਂ। ਹਲ਼-ਪੰਜਾਲੀਆਂ ਤੇ ਹੋਰ ਸੰਦ-ਬੇਟ ਖਿਲਾਰ ਦਿੱਤੇ। ਘਰ ਦੇ ਨੇੜੇ ਢੁਕ ਕੇ ਪਹਿਲਾਂ ਮਿਠਾਸ ਵਾਲ਼ਾ ਗੀਤ ਛੋਹਿਆ:
ਉਠ ਵੇ ਦੀਪ ਸੁੱਤੜਿਆ, ਮਾਮੇ ਤੇਰੇ ਆਏ,
ਬਣ ਬਣੇਦੀਆਂ ਮਾਮੀਆਂ, ਮਾਮੇ ਅੰਮਾਂ ਜਾਏ।
ਤੇ ਫਿਰ ਸ਼ੁਰੂ ਕਰ ਦਿੱਤੀਆਂ ਕਰਾਰੀਆਂ ਸਿੱਠਣੀਆਂ:
ਖਾਧੀਆਂ ਸੀ ਖਿੱਲਾਂ, ਜੰਮੀਆਂ ਸੀ ਇੱਲਾਂ;
ਦੋ ਅੰਬਰੀਂ ਭਉਂਦੀਆਂ ਵੇ, ਦੀਪ ਸਿਆਂ ਚਾਚੀਆਂ ਤੇਰੀਆਂ।
ਮੂਹਰਿਓਂ ਦਾਦਕੀਆਂ ਵੀ ਮੈਦਾਨ ਮੱਲੀ ਖਲੋਤੀਆਂ ਸਨ। ਉਨ੍ਹਾਂ ਦੀ ‘ਸਵਾਗਤੀ ਸਿੱਠਣੀ’ ਕੁਝ ਇਸ ਤਰ੍ਹਾਂ ਸੀ:
ਛੱਜ ਓਹਲੇ ਛਾਨਣੀ, ਪਰਾਤ ਓਹਲੇ ਲੱਜ ਵੇ,
ਨਾਨਕਿਆਂ ਦਾ ਮੇਲ਼ ਆਇਆ, ਗਾਉਣੇ ਦਾ ਨਾ ਚੱਜ ਵੇ।
ਨਾਨਕੀਆਂ: ਖਾਧੀ ਸੀ ਪਿੱਛ, ਜੰਮੇ ਸੀ ਰਿੱਛ,
ਦਊਮੌਲਾ-ਦਊਮੌਲਾ ਕਰਦੇ ਵੇ, ਦੀਪ ਸਿਆਂ ਚਾਚੇ-ਤਾਏ ਤੇਰੇ।
ਦਾਦਕੀਆਂ: ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਗੜੈਂ-ਗੜੈਂ ਕਰਦੇ ਵੇ, ਦੀਪ ਸਿਆਂ ਮਾਮੇ ਤੇਰੇ।
ਨਾਨਕੀਆਂ-ਦਾਦਕੀਆਂ ਦਾ ਸਿੱਠਣੀਆਂ ਦਾ ਭੇੜ ਕਾਫੀ ਦੇਰ ਚਲਦਾ ਰਿਹਾ। ਰਾਤ ਨੂੰ ਜਾਗੋ ਕੱਢੀ ਗਈ। ਬੀਬੀ ਨੇ ਸਕਿਆਂ ’ਚੋਂ ਲਗਦੀਆਂ ਆਪਣੀਆਂ ਭਤੀਜੀਆਂ ਦੇ ਰਿਸ਼ਤੇ ਪਿੰਡ ’ਚ ਕਰਵਾਏ ਹੋਏ ਸਨ। ਪਿੰਡ ਦੀਆਂ ਗਲ਼ੀਆਂ ਦੇ ਗੇੜੇ ਦੌਰਾਨ ਜਾਗੋ ਵਾਲੀਆਂ ਉਨ੍ਹੀਂ ਘਰੀਂ ਵੀ ਗਈਆਂ ਤੇ ਗਾਉਣ-ਨੱਚਣ ਦਾ ਖੂਬ ਧਮੱਚੜ ਪਾਇਆ। ਘਰ ਨੂੰ ਮੁੜਦੀਆਂ ਮੇਲਣਾਂ ਨੇ ਜਦੋਂ ਹਵੇਲੀਆਂ ’ਚ ਸੁੱਤੇ ਪਏ ਦੋ ਕੁ ਜਾਣਿਆਂ ਦੇ ਮੰਜੇ ਮੂਧੇ ਮਾਰੇ ਤਾਂ ਦੂਜੀਆਂ ਹਵੇਲੀਆਂ ਵਾਲਿਆਂ ਨੇ ਬਿਸਤਰੇ ਗੋਲ਼ ਕੀਤੇ ਅਤੇ ਆਸੇ-ਪਾਸੇ ਹੋ ਕੇ ਆਪਣਾ ਬਚਾ ਕਰ ਲਿਆ।
ਅਗਲੀ ਸਵੇਰ ਭਰਾ ਦੀ ਜੰਞ ਚੜ੍ਹੀ। ਫੋਟੋਗਰਾਫੀ ਬਲੈਕ ਐਂਡ ਵ੍ਹਾਈਟ ਹੀ ਹੁੰਦੀ ਸੀ। ਐਲਬਮ ਸਰਦੇ-ਪੁੱਜਦੇ ਪਰਿਵਾਰ ਹੀ ਬਣਵਾਉਂਦੇ ਸਨ। ਮੇਰੇ ਕੋਲ਼ ਕੈਂਟੀਨ ਤੋਂ 20 ਰੁਪਏ ’ਚ ਖਰੀਦਿਆ ਬਾਕਸ-ਟਾਈਪ ਕੈਮਰਾ ਸੀ। ਮੈਂ ਉਸ ਨਾਲ਼ ਹੀ ਫੋਟੋ ਖਿੱਚਦਾ ਰਿਹਾ। ਜੰਞ ਕਾਰਾਂ ’ਚ ਨਹੀਂ ਸੀ ਗਈ। ਬਾਪੂ ਜੀ ਨੇ ਬੱਸ ਕਰਨੀ ਚਾਹੀ ਸੀ। ਪਰ ਸਾਡਾ ਮਾਮਾ ਬਿੱਕਰ ਸਿੰਘ ਕਹਿਣ ਲੱਗਾ, “ਛੱਡ ਮਹਿੰਦਰ ਸਿਆਂ, ਹਾਅ ਤਾਂ ਕੋਟਲੀ ਐ। ਮਸਾਂ ਚੌਦਾਂ-ਪੰਦਰਾਂ ਮੀਲ। ਕੀ ਲੋੜ ਐ ਬੱਸ ’ਤੇ ਖਰਚਾ ਕਰਨ ਦੀ। ਗੱਡਾ ਮੈਂ ਲੈ ਚੱਲੂੰਗਾ ਦੋ ਗੱਡੀਆਂ ਆਪਣੇ ਪਿੰਡ ਦੇ ਸੁਹਣੇ ਬਲ਼ਦਾਂ ਆਲ਼ਿਆਂ ਨੂੰ ਕਹਿ ਦੇ।”
ਮਾਮੇ ਤੇ ਗੱਡੀਆਂ ਵਾਲ਼ਿਆਂ ਨੇ ਆਪੋ-ਆਪਣੇ ਬਲ਼ਦ ਪੂਰੀ ਤਰ੍ਹਾਂ ਸ਼ਿੰਗਾਰੇ ਹੋਏ ਸਨ। ਬਲ਼ਦਾਂ ਦੇ ਗਲ਼ਾਂ ਵਿਚ ਘੁੰਗਰੂਆਂ ਦੇ ਹਾਰ ਸਨ ਅਤੇ ਮੱਥਿਆਂ ’ਤੇ ਚਮਕਦੇ ਕੋਕਿਆਂ ’ਤੇ ਮੇਖਾਂ ਨਾਲ਼ ਮੜ੍ਹੇ ਹੋਏ ਚਮੜੇ ਦੇ ਪਟੇ। ਸਵੇਰੇ ਵੇਲੇ ਸਿਰ ਚੱਲ ਕੇ 10 ਕੁ ਵਜੇ ਕੋਟਲੀ ਜਾ ਢੁੱਕੇ। ਕੁਝ ਬਰਾਤੀ ਸਾਈਕਲਾਂ ’ਤੇ ਵੀ ਗਏ ਸਨ। ਵਾਜਾ ਸਾਡੇ ਪਿੰਡ ਦੇ ਮਰਾਸੀਆਂ ਦਾ ਸੀ। ਮਿਲਣੀ ਤੋਂ ਬਾਅਦ ਚਾਹ-ਪਾਣੀ ਪੀ ਕੇ 12 ਵਜੇ ਤੋਂ ਪਹਲਿਾਂ ਆਨੰਦ ਕਾਰਜ ਦੀ ਰਸਮ ਸੰਪੰਨ ਹੋ ਗਈ। ਪਿੰਡ ਬਹੁਤ ਛੋਟਾ ਸੀ। ਵਸੋਂ ਥੋੜ੍ਹੀ ਹੋਣ ਕਾਰਨ ਗੀਤਾਂ-ਸਿੱਠਣੀਆਂ ਦਾ ਕੰਮ ਠੰਢਾ ਹੀ ਰਿਹਾ। ਬਖਸ਼ੀਸ਼ ਨੇ ਪੁੱਛ-ਗਿੱਛ ਕਰਕੇ ਲਾਗਲੇ ਪਿੰਡੋਂ ਘਰ ਦੀ ਕੱਢੀ ਸ਼ਰਾਬ ਦੇ ਦੋ ਬਲੈਡਰ ਮੰਗਵਾ ਲਏ। ਦੁਪਹਿਰ ਦੀ ਰੋਟੀ ਲਈ ਜਾਂਦਿਆਂ ਵਾਜੇ ਦੀਆਂ ਧੁਨਾਂ ’ਤੇ ਖੂਬ ਭੰਗੜਾ ਪਿਆ। ਰੋਟੀ ਤੋਂ ਬਾਅਦ ਅਸੀਂ ਕੁਝ ਦੇਰ ਆਰਾਮ ਕੀਤਾ। ਲੌਢੇ ਕੁ ਵੇਲੇ ਖੰਡ ਤੇ ਦੁੱਧ ਰਲ਼ਿਆ ਬਰਫ ਵਾਲ਼ਾ ਠੰਢਾ ਪਾਣੀ ਪਿਲਾ ਕੇ ਲੜਕੀ ਵਾਲ਼ਿਆਂ ਡੋਲ਼ੀ ਤੋਰ ਦਿੱਤੀ। ਕੁਲਦੀਪ ਨੇ ਸੰਤਰੇ ਅਤੇ ਹੋਰ ਉਰਾ-ਪਰਾ ਪਾ ਕੇ ਆਪਣੀ ਸ਼ਰਾਬ ਕੱਢੀ ਹੋਈ ਸੀ। ਘਰ ਪਹੁੰਚ ਕੇ ਪ੍ਰਾਹੁਣਿਆਂ ਨੂੰ ਉਹ ਵਰਤਾ ਦਿੱਤੀ।
ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸੰਗ-ਸਾਥ ਵਿਆਹ ਦੀਆਂ ਰੌਣਕਾਂ ਮਾਣਦਿਆਂ 10 ਦਿਨ ਦੀ ਛੁੱਟੀ ਅੱਖ-ਪਲਕਾਰੇ ’ਚ ਬੀਤ ਗਈ। ਵਾਪਸੀ ’ਤੇ ਬੀਬੀ ਨੇ ਲੱਡੂਆਂ, ਗੋਗਲਿਆਂ ਅਤੇ ਮਿੱਠੀਆਂ ਤੇ ਨਮਕੀਮ ਪਕੌੜੀਆਂ ਦਾ ਝੋਲਾ ਭਰ ਦਿੱਤਾ। ਮੈਂ ਉਹ ਚੀਜ਼ਾਂ ਆਪਣੀ ਫਲਾਈਟ ਦੇ ਸਾਰੇ ਸੈਨਿਕਾਂ ਨੂੰ ਵੰਡੀਆਂ। ਦੋਸਤਾਂ ਨੇ ਵਧਾਈਆਂ ਦੇ ਨਾਲ਼-ਨਾਲ਼ ਮਖੌਲ ਵੀ ਕੀਤੇ, “ਤੇਰੇ ਮਾਪਿਆਂ ਨੇ ਤੇਰਾ ਨੰਬਰ ਕੱਟ ਕੇ ਛੋਟਾ ਵਿਆਹ ਲਿਆ। ਤੈਨੂੰ ਛੜਾ ਰੱਖਣਗੇ।”
“ਕੋਈ ਗੱਲ ਨ੍ਹੀਂ ਮੈਂ ਤੁਹਾਡੀਆਂ ਰੰਨਾਂ ’ਚ ਧੰਨਾ ਬਣ ਕੇ ਸਾਰ ਲਊਂਗਾ।” ਮੈਂ ਖਟਮਿੱਠੀ ਟਕੋਰ ਲਾ ਦੇਂਦਾ।
“ਮੂੰਹ ਧੋ ਰੱਖੀਂ, ਵੱਡਿਆ ਕਾਹਨਾ।” ਦੋਸਤ ਟੀਟਣਾ ਦਿਖਾ ਦੇਂਦੇ।
ਮਨਜੀਤ ਨੇ ਮੇਰੀ ਛੁੱਟੀ ਦੌਰਾਨ ਪੜ੍ਹਾਏ ਲੈਸਨਾਂ ਦੇ ਨੋਟਸ ਲੈ ਰੱਖੇ ਸਨ। ਦੋ ਕੁ ਝੁੱਟ ਲਾ ਕੇ ਮੈਂ ਉਹ ਦਿਮਾਗ ’ਚ ਬਿਠਾ ਲਏ।
ਕਦੀ-ਕਦੀ ਟਰੇਨਿੰਗ ਸੈਂਟਰ ਦੇ ਥੀਏਟਰ ਵਿਚ ਫਿਲਮ ਦੇਖ ਲੈਂਦਾ ਸਾਂ। ਮਦਰ ਇੰਡੀਆ, ਜਾਗਤੇ ਰਹੋ, ਮਧੂਮਤੀ, ਦੋ ਆਂਖੇਂ ਬਾਰਾਂ ਹਾਥ, ਬਰਸਾਤ ਆਦਿ ਪੁਰਾਣੀਆਂ ਫਿਲਮਾਂ ਬਹੁਤ ਪਸੰਦ ਆਈਆਂ।
ਚੇਨਈ ਦੀਆਂ ਸਾਰੀਆਂ ਮਸ਼ਹੂਰ ਥਾਵਾਂ ਦੇਖ ਚੁੱਕੇ ਸਾਂ, ਸਿਵਾਇ ਕਪਲੀਸ਼ਵਰ ਮੰਦਰ ਦੇ। ਇਹ ਮੰਦਰ ਤਾਂਬਰਮ ਤੋਂ 22 ਕਿਲੋਮੀਟਰ ਦੂਰ, ਮਿਲਪੋਰ ਵਿਖੇ ਸਥਿਤ ਹੈ। ਟਰੇਨਿੰਗ ਦੇ ਤੀਜੇ ਫੇਜ਼ ਦੇ ਟੈਸਟਾਂ ਬਾਅਦ ਅਸੀਂ ਪੰਜੇ ਜੋਟੀਦਾਰ, ਆਪਣੀ ਬੈਰਕ ਦੇ ਤਾਮਿਲ ਸਾਥੀ ਰੰਗਾਨਾਥਨ ਨੂੰ ਲੈ ਕੇ ਜਾ ਪਹੁੰਚੇ। ਦਰਾਵੜੀਅਨ ਸ਼ੈਲੀ ’ਚ ਬਣਿਆ ਇਹ ਸ਼ਿਵ ਮੰਦਰ ਤਾਮਿਲਾਂ ਦਾ ਮਹਤੱਵਪੂਰਨ ਤੀਰਥ ਅਸਥਾਨ ਹੈ। ਜ਼ਿਆਦਾ ਮੂਰਤੀਆਂ ਸ਼ਿਵ ਤੇ ਪਾਰਬਤੀ ਦੀਆਂ ਹਨ। ਸਰੋਵਰ ਵੀ ਹੈ।
ਸਾਡੀ ਇੰਟੇਕ ਦੀਆਂ ਸਾਰੀਆਂ ਟਰੇਡਾਂ ਦੀ ਟਰੇਨਿੰਗ 1965 ਦੇ ਅਕਤੂਬਰ ਮਹੀਨੇ ’ਚ ਮੁੱਕਣੀ ਸੀ। ਅਗਸਤ ਵਿਚ ਭਾਰਤ-ਪਾਕਿਸਤਾਨ ਦੀਆਂ ਫੌਜੀ ਝੜਪਾਂ ਸ਼ੁਰੂ ਹੋ ਗਈਆਂ। ਟਰੇਨਿੰਗ ਛੇਤੀ ਨਿਬੇੜਨ ਦੀ ਸਕੀਮ ਤਹਿਤ ਕਲਾਸਾਂ ਦਾ ਓਵਰਟਾਈਮ ਆਰੰਭ ਹੋ ਗਿਆ।
ਆਸਾਮ ’ਚ ਸ਼ੁਰੂ ਕੀਤੇ ਨਾਵਲ ਨੂੰ ਮੈਂ ਅਗਾਂਹ ਨਹੀਂ ਸੀ ਤੋਰ ਸਕਿਆ। ਟਰੇਨਿੰਗ ਸੈਂਟਰ ਦੇ ਰੁਝੇਵਿਆਂ ਭਰੇ ਰੁਟੀਨ ਕਾਰਨ ਲਿਖਣ ਦਾ ਮੂਡ ਨਹੀਂ ਸੀ ਬਣਿਆਂ।

