ਅਕਤੂਬਰ 27, 2009

writingDetail.created_by
By: ਸੰਦੀਪ ਧਨੋਆ

ਬੇਨਾਮ

ਬੰਦ ਹੋਠਾਂ ਦੇ ਬੂਹੇ ਪਿੱਛੇ‎,‎ ਖਾਮੋਸ਼ ਤੇ ਗੁੰਮਨਾਮ ਬੋਲ
ਆਵਾਜ਼ ਦੇ ਦੇ ਮਾਲਕਾ‎,‎ ਨਹੀਂ ਸਹਿਕਦੇ ਰਹਿ ਜਾਣਗੇ।

ਸੁਪਨੇ ਵਿੱਚ ਵੀ ਕਿੰਝ ਕਹਾਂ‎,‎ “ਰਹਿਨੁਮਾ ਮੇਰੇ ਨਾਲ ਚੱਲ”‎,
‎  ਜੋ ਮੇਰੇ ਪਿੱਛੋਂ ਆਉਣਗੇ‎,‎ ਰਾਹ ਭਟਕਦੇ ਰਹਿ ਜਾਣਗੇ।

ਮੇਰੀ ਸੋਚ ਜੇਕਰ ਮੇਰਿਆਂ ਨੈਣਾਂ `ਤੇ ਆ ਕੇ ਮੁੱਕ ਗਈ
ਲਹਿਰਾਂ ਦੇ ਖ਼ਾਬ ਕੰਢੇ ਉੱਤੇ‎,‎ ਡੁੱਬ ਕੇ ਮਰ ਜਾਣਗੇ।

ਆ‎,‎ ਅੱਗ ਬਣਕੇ ਚੀਰਦੇ‎,‎ ਤੂੰ ਚਿਣਗ ਦੀ ਇਸ ਚੀਕ ਨੂੰ
ਦਿਨ-ਦਿਹਾੜੇ ਮਾਸੂਮ ਵੀ‎,‎ ਜੁਗਨੂੰ ਤੋਂ ਡਰਦੇ ਰਹਿਣਗੇ।

ਸੰਨ੍ਹ ਲਾ ਕੇ ਹੱਥੀਂ ਲੁੱਟੀ‎,‎ ਧਰਤੀ ਪਹਿਰੇਦਾਰਾਂ ਨੇ‎,‎
ਉਹ ਜੋ ਸ਼ਹਿਨਸ਼ਾਹ ਸੁੱਤੇ ਪਏ‎,‎ ਸੁੱਤੇ ਹੀ ਸੁੱਤੇ ਰਹਿਣਗੇ।

ਭੀੜੀ ਜਿਹੀ ਇਸ ਭੀੜ ਨੂੰ‎,‎ ਪੱਬਾਂ `ਤੇ ਪਾਰ ਕਰ ਲਵੀਂ‎,‎
ਨਾ ਤੱਕੀਂ ਸੱਜੇ-ਖੱਬੇ ਤੂੰ‎,‎ ਧੱਕੇ ਹੀ ਪੈਂਦੇ ਰਹਿਣਗੇ।

ਨਾ ਦੋਸਤਾਂ ਦੀ ਥੋੜ ਦਿਲ `ਚ‎,‎ ਨਾ ਦੁਸ਼ਮਣਾਂ ਦੀ ਲੋੱੜ ਹੈ‎,‎
ਬੇਨਾਮ ਜਿਹੇ ਕੁੱਝ ਹਾਦਸੇ‎,‎ ਸਭ ਤੋਂ ਕਰੀਬ ਰਹਿਣਗੇ।